“ਨੀਂਦ ਤੋਂ ਜਾਗਣ” ਵਿਚ ਲੋਕਾਂ ਦੀ ਮਦਦ ਕਰੋ
“ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹੋ ਜਿਹੇ ਸਮੇਂ ਵਿਚ ਜੀ ਰਹੇ ਹੋ। ਹੁਣ ਨੀਂਦ ਤੋਂ ਜਾਗਣ ਦਾ ਵੇਲਾ ਹੋ ਗਿਆ ਹੈ।”—ਰੋਮੀ. 13:11.
ਕੀ ਤੁਸੀਂ ਸਮਝਾ ਸਕਦੇ ਹੋ?
ਮਸੀਹੀਆਂ ਲਈ ਜਾਗਦੇ ਰਹਿਣਾ ਕਿਉਂ ਜ਼ਰੂਰੀ ਹੈ?
ਮਸੀਹੀਆਂ ਨੂੰ ਪ੍ਰਚਾਰ ਵਿਚ ਚੁਕੰਨੇ ਰਹਿ ਕੇ ਦੂਸਰਿਆਂ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ?
ਪ੍ਰਚਾਰ ਵਿਚ ਲੋਕਾਂ ਨਾਲ ਪਿਆਰ ਤੇ ਨਰਮਾਈ ਨਾਲ ਗੱਲ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ?
1, 2. ਅੱਜ ਲੋਕਾਂ ਨੂੰ ਕਿਸ ਨੀਂਦ ਤੋਂ ਜਗਾਉਣ ਦੀ ਲੋੜ ਹੈ?
ਹਰ ਸਾਲ ਹਜ਼ਾਰਾਂ ਲੋਕਾਂ ਦੀ ਮੌਤ ਹੁੰਦੀ ਹੈ ਕਿਉਂਕਿ ਕਾਰ ਵਗੈਰਾ ਚਲਾਉਂਦੇ-ਚਲਾਉਂਦੇ ਉਨ੍ਹਾਂ ਨੂੰ ਨੀਂਦ ਆ ਜਾਂਦੀ ਹੈ। ਕਈਆਂ ਦੀ ਨੌਕਰੀ ਇਸ ਕਰਕੇ ਚਲੀ ਜਾਂਦੀ ਹੈ ਕਿਉਂਕਿ ਉਹ ਕੰਮ ʼਤੇ ਜਾਣ ਲਈ ਸਮੇਂ ਸਿਰ ਨਹੀਂ ਉੱਠਦੇ ਜਾਂ ਕੰਮ ʼਤੇ ਹੀ ਸੌਂ ਜਾਂਦੇ ਹਨ। ਪਰ ਇਕ ਹੋਰ ਅਰਥ ਵਿਚ ਲੋਕਾਂ ਦੀ ਹਾਲਤ ਸੁੱਤਿਆਂ ਵਰਗੀ ਹੈ। ਉਹ ਪਰਮੇਸ਼ੁਰ ਦੀ ਇੱਛਾ ਤੋਂ ਅੱਖਾਂ ਮੀਟੀ ਬੈਠੇ ਹਨ। ਬਾਈਬਲ ਸਾਨੂੰ ਇਸ ਬਾਰੇ ਚੇਤਾਵਨੀ ਦਿੰਦੀ ਹੋਈ ਕਹਿੰਦੀ ਹੈ: “ਖ਼ੁਸ਼ ਹੈ ਉਹ ਇਨਸਾਨ ਜਿਹੜਾ ਜਾਗਦਾ ਰਹਿੰਦਾ ਹੈ।”—ਪ੍ਰਕਾ. 16:14-16.
2 ਜਿਉਂ-ਜਿਉਂ ਯਹੋਵਾਹ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਲੋਕਾਂ ਉੱਤੇ ਇਸ ਨੀਂਦ ਦਾ ਜ਼ਿਆਦਾ ਅਸਰ ਹੋ ਰਿਹਾ ਹੈ। ਇੱਥੋਂ ਤਕ ਕਿ ਕੁਝ ਧਾਰਮਿਕ ਆਗੂ ਵੀ ਕਹਿੰਦੇ ਹਨ ਕਿ ਧਰਮਾਂ ਨੂੰ ਮੰਨਣ ਵਾਲੇ ਲੋਕ ‘ਕੁੰਭਕਰਨੀ ਨੀਂਦ’ ਸੁੱਤੇ ਪਏ ਹਨ। ਅੱਜ ਸੁੱਤੇ ਪਏ ਲੋਕਾਂ ਦੀ ਹਾਲਤ ਕੀ ਹੈ? ਸੱਚੇ ਮਸੀਹੀਆਂ ਲਈ ਜਾਗਦੇ ਰਹਿਣਾ ਕਿਉਂ ਜ਼ਰੂਰੀ ਹੈ? ਅਸੀਂ ਇਸ ਨੀਂਦ ਤੋਂ ਜਾਗਣ ਵਿਚ ਦੂਸਰਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
ਸੁੱਤੇ ਪਏ ਲੋਕਾਂ ਦੀ ਹਾਲਤ
3. ਅੱਜ ਲੋਕ ਕਿਹੜੀ ਨੀਂਦ ਸੁੱਤੇ ਪਏ ਹਨ ਅਤੇ ਕਿਹੋ ਜਿਹੇ ਕੰਮਾਂ ਵਿਚ ਲੱਗੇ ਹੋਏ ਹਨ?
3 ਸੁੱਤੇ ਪਏ ਲੋਕ ਅਕਸਰ ਕੁਝ ਨਹੀਂ ਕਰਦੇ। ਪਰ ਜਿਹੜੇ ਲੋਕ ਇਹ ਨੀਂਦ ਸੁੱਤੇ ਪਏ ਹਨ, ਉਹ ਬਹੁਤ ਰੁੱਝੇ ਹੁੰਦੇ ਹਨ। ਉਹ ਪਰਮੇਸ਼ੁਰੀ ਕੰਮਾਂ ਵਿਚ ਨਹੀਂ, ਸਗੋਂ ਜ਼ਿੰਦਗੀ ਦੀਆਂ ਚਿੰਤਾਵਾਂ ਜਾਂ ਮੌਜ-ਮਸਤੀ ਜਾਂ ਨਾਂ ਤੇ ਪੈਸਾ ਕਮਾਉਣ ਦੇ ਚੱਕਰਾਂ ਵਿਚ ਪਏ ਰਹਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿਚ ਪਰਮੇਸ਼ੁਰ ਲਈ ਕੋਈ ਥਾਂ ਨਹੀਂ ਹੁੰਦੀ। ਪਰ ਪਰਮੇਸ਼ੁਰ ਨੂੰ ਮੰਨਣ ਵਾਲੇ ਲੋਕਾਂ ਨੂੰ ਅਹਿਸਾਸ ਹੈ ਕਿ ਅਸੀਂ “ਅੰਤ ਦੇ ਦਿਨਾਂ ਵਿਚ” ਜੀ ਰਹੇ ਹਾਂ, ਇਸ ਕਰਕੇ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਰੁੱਝੇ ਰਹਿੰਦੇ ਹਾਂ।—2 ਪਤ. 3:3, 4; ਲੂਕਾ 21:34-36.
4. ਇਸ ਸਲਾਹ ਦਾ ਮਤਲਬ ਕੀ ਹੈ: “ਆਓ ਆਪਾਂ ਬਾਕੀ ਲੋਕਾਂ ਵਾਂਗ ਸੁੱਤੇ ਨਾ ਰਹੀਏ”?
4 ਪਹਿਲਾ ਥੱਸਲੁਨੀਕੀਆਂ 5:4-8 ਪੜ੍ਹੋ। ਇੱਥੇ ਪੌਲੁਸ ਰਸੂਲ ਨੇ ਮਸੀਹੀਆਂ ਨੂੰ ਤਾਕੀਦ ਕੀਤੀ ਕਿ ਉਹ ‘ਬਾਕੀ ਲੋਕਾਂ ਵਾਂਗ ਸੁੱਤੇ ਨਾ ਰਹਿਣ।’ ਉਸ ਦੇ ਕਹਿਣ ਦਾ ਕੀ ਮਤਲਬ ਸੀ? ਪਰਮੇਸ਼ੁਰ ਦੇ ਨੈਤਿਕ ਮਿਆਰਾਂ ਨੂੰ ਨਜ਼ਰਅੰਦਾਜ਼ ਕਰਨਾ ‘ਸੌਂ’ ਜਾਣ ਦੇ ਬਰਾਬਰ ਹੈ। ਇਸ ਗੱਲ ਨੂੰ ਨਜ਼ਰਅੰਦਾਜ਼ ਕਰਨਾ ਵੀ ‘ਸੌਂ’ ਜਾਣ ਦੇ ਬਰਾਬਰ ਹੈ ਕਿ ਯਹੋਵਾਹ ਦੁਆਰਾ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਸਾਨੂੰ ਇਸ ਗੱਲ ਦਾ ਵੀ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਬੁਰੇ ਲੋਕਾਂ ਦੇ ਪ੍ਰਭਾਵ ਹੇਠ ਆ ਕੇ ਅਸੀਂ ਉਨ੍ਹਾਂ ਵਰਗੇ ਕੰਮ ਨਾ ਕਰੀਏ ਜਾਂ ਆਪਣੇ ਅੰਦਰ ਉਨ੍ਹਾਂ ਵਰਗਾ ਰਵੱਈਆ ਪੈਦਾ ਨਾ ਕਰੀਏ।
5. ਜਿਨ੍ਹਾਂ ਲੋਕਾਂ ਦੀ ਹਾਲਤ ਸੁੱਤਿਆਂ ਵਰਗੀ ਹੈ, ਉਹ ਕੀ ਸੋਚਦੇ ਹਨ?
5 ਕੁਝ ਲੋਕ ਸੋਚਦੇ ਹਨ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੈ ਜਿਹੜਾ ਉਨ੍ਹਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਲੇਖਾ ਲਵੇਗਾ। (ਜ਼ਬੂ. 53:1) ਕਈ ਸੋਚਦੇ ਹਨ ਕਿ ਰੱਬ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ ਸੋ ਅਸੀਂ ਉਸ ਦੀ ਪਰਵਾਹ ਕਿਉਂ ਕਰੀਏ। ਕਈ ਹੋਰ ਸੋਚਦੇ ਹਨ ਕਿ ਕਿਸੇ ਧਾਰਮਿਕ ਸੰਸਥਾ ਦਾ ਮੈਂਬਰ ਬਣ ਕੇ ਅਸੀਂ ਪਰਮੇਸ਼ੁਰ ਨਾਲ ਰਿਸ਼ਤਾ ਬਣਾ ਸਕਦੇ ਹਾਂ। ਇਨ੍ਹਾਂ ਲੋਕਾਂ ਦੀ ਹਾਲਤ ਸੁੱਤਿਆਂ ਵਰਗੀ ਹੈ। ਇਨ੍ਹਾਂ ਨੂੰ ਨੀਂਦ ਤੋਂ ਜਾਗਣ ਦੀ ਲੋੜ ਹੈ। ਅਸੀਂ ਇਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
ਸਾਨੂੰ ਜਾਗਦੇ ਰਹਿਣ ਦੀ ਲੋੜ ਹੈ
6. ਮਸੀਹੀਆਂ ਲਈ ਜਾਗਦੇ ਰਹਿਣਾ ਕਿਉਂ ਜ਼ਰੂਰੀ ਹੈ?
6 ਦੂਸਰਿਆਂ ਨੂੰ ਜਗਾਉਣ ਲਈ ਸਾਨੂੰ ਆਪ ਨੂੰ ਵੀ ਜਾਗਦੇ ਰਹਿਣ ਦੀ ਲੋੜ ਹੈ। ਜਾਗਦੇ ਰਹਿਣ ਲਈ ਕੀ ਕਰਨਾ ਜ਼ਰੂਰੀ ਹੈ? ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਹੈ ਕਿ ਜਿਹੜੇ ਲੋਕ ਸੁੱਤੇ ਪਏ ਹਨ, ਉਹ “ਹਨੇਰੇ ਦੇ ਕੰਮ” ਕਰਦੇ ਹਨ ਜਿਵੇਂ ਕਿ ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ, ਸ਼ਰਾਬੀ ਹੋਣਾ, ਦੂਜਿਆਂ ਨਾਲ ਨਾਜਾਇਜ਼ ਸਰੀਰਕ ਸੰਬੰਧ ਰੱਖਣੇ, ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ, ਲੜਾਈ-ਝਗੜਾ ਕਰਨਾ ਤੇ ਈਰਖਾ ਕਰਨੀ। (ਰੋਮੀਆਂ 13:11-14 ਪੜ੍ਹੋ।) ਅਜਿਹੇ ਕੰਮਾਂ ਤੋਂ ਦੂਰ ਰਹਿਣਾ ਔਖਾ ਹੋ ਸਕਦਾ ਹੈ। ਇਸ ਲਈ ਚੁਕੰਨੇ ਰਹਿਣਾ ਬਹੁਤ ਜ਼ਰੂਰੀ ਹੈ। ਜੇ ਕਾਰ ਚਲਾਉਂਦੇ-ਚਲਾਉਂਦੇ ਡ੍ਰਾਈਵਰ ਸੌਂ ਜਾਣ ਦੇ ਖ਼ਤਰੇ ਨੂੰ ਨਜ਼ਰਅੰਦਾਜ਼ ਕਰਦਾ ਹੈ, ਤਾਂ ਉਹ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਂਦਾ ਹੈ। ਇਸੇ ਤਰ੍ਹਾਂ ਮਸੀਹੀਆਂ ਲਈ ਇਹ ਜਾਣਨਾ ਕਿੰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਜਾਣਾ ਘਾਤਕ ਸਾਬਤ ਹੋਵੇਗਾ!
7. ਲੋਕਾਂ ਬਾਰੇ ਇਕ ਮਸੀਹੀ ਦੇ ਮਨ ਵਿਚ ਕਿਹੜੀ ਗ਼ਲਤਫ਼ਹਿਮੀ ਪੈਦਾ ਹੋ ਸਕਦੀ ਹੈ ਤੇ ਇਸ ਦਾ ਉਸ ʼਤੇ ਕੀ ਅਸਰ ਪੈ ਸਕਦਾ ਹੈ?
7 ਮਿਸਾਲ ਲਈ, ਕੋਈ ਮਸੀਹੀ ਸ਼ਾਇਦ ਸੋਚਣ ਲੱਗ ਪਵੇ ਕਿ ਉਸ ਦੇ ਇਲਾਕੇ ਵਿਚ ਲੋਕਾਂ ਨੇ ਖ਼ੁਸ਼ ਖ਼ਬਰੀ ਸੁਣਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ। (ਕਹਾ. 6:10, 11) ਉਹ ਸ਼ਾਇਦ ਦਲੀਲ ਦੇਵੇ, ‘ਜੇ ਕਿਸੇ ਨੇ ਗੱਲ ਸੁਣਨੀ ਹੀ ਨਹੀਂ, ਤਾਂ ਫਿਰ ਲੋਕਾਂ ਨਾਲ ਗੱਲ ਕਰਨ ਜਾਂ ਉਨ੍ਹਾਂ ਦੀ ਮਦਦ ਕਰਨ ਲਈ ਆਪਣੀ ਤਾਕਤ ਵਰਤਣ ਦਾ ਕੀ ਫ਼ਾਇਦਾ?’ ਇਹ ਸੱਚ ਹੈ ਕਿ ਅੱਜ ਬਹੁਤ ਸਾਰੇ ਲੋਕ ਸੌਂ ਰਹੇ ਹਨ, ਪਰ ਉਨ੍ਹਾਂ ਦਾ ਰਵੱਈਆ ਅਤੇ ਹਾਲਾਤ ਬਦਲ ਸਕਦੇ ਹਨ। ਕੁਝ ਲੋਕ ਸ਼ਾਇਦ ਜਾਗ ਪੈਣ ਅਤੇ ਸਾਡੀ ਗੱਲ ਸੁਣਨ। ਅਤੇ ਜੇ ਅਸੀਂ ਆਪ ਜਾਗ ਰਹੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਰਾਜ ਦਾ ਸੰਦੇਸ਼ ਸੁਣਾਉਣ ਲਈ ਨਵੇਂ-ਨਵੇਂ ਤਰੀਕੇ ਵਰਤ ਸਕਦੇ ਹਾਂ। ਜਾਗਦੇ ਰਹਿਣ ਲਈ ਸਾਨੂੰ ਆਪਣੇ ਆਪ ਨੂੰ ਇਹ ਯਾਦ ਕਰਾਉਣ ਦੀ ਲੋੜ ਹੈ ਕਿ ਪ੍ਰਚਾਰ ਕਰਨਾ ਕਿਉਂ ਜ਼ਰੂਰੀ ਹੈ।
ਪ੍ਰਚਾਰ ਕਰਨਾ ਕਿਉਂ ਜ਼ਰੂਰੀ ਹੈ?
8. ਸਾਡੇ ਲਈ ਪ੍ਰਚਾਰ ਕਰਨਾ ਕਿਉਂ ਜ਼ਰੂਰੀ ਹੈ?
8 ਇਹ ਯਾਦ ਰੱਖੋ ਕਿ ਭਾਵੇਂ ਲੋਕ ਸਾਡੀ ਗੱਲ ਨਾ ਵੀ ਸੁਣਨ, ਪਰ ਪ੍ਰਚਾਰ ਕਰ ਕੇ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ ਅਤੇ ਉਸ ਦੇ ਮਕਸਦ ਦੇ ਪੂਰਾ ਹੋਣ ਵਿਚ ਯੋਗਦਾਨ ਪਾਉਂਦੇ ਹਾਂ। ਜਿਹੜੇ ਲੋਕ ਖ਼ੁਸ਼ ਖ਼ਬਰੀ ਅਨੁਸਾਰ ਨਹੀਂ ਚੱਲਦੇ, ਉਨ੍ਹਾਂ ਨੂੰ ਜਲਦੀ ਖ਼ਤਮ ਕਰ ਦਿੱਤਾ ਜਾਵੇਗਾ। ਲੋਕਾਂ ਦਾ ਨਿਆਂ ਇਸ ਆਧਾਰ ʼਤੇ ਕੀਤਾ ਜਾਵੇਗਾ ਕਿ ਉਹ ਸਾਡੀ ਗੱਲ ਸੁਣਦੇ ਹਨ ਜਾਂ ਨਹੀਂ। (2 ਥੱਸ. 1:8, 9) ਇਸ ਤੋਂ ਇਲਾਵਾ, ਮਸੀਹੀਆਂ ਲਈ ਇਹ ਸੋਚਣਾ ਗ਼ਲਤ ਹੋਵੇਗਾ ਕਿ ਜੇ ਭਵਿੱਖ ਵਿਚ “ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ” ਕੀਤਾ ਜਾਵੇਗਾ, ਤਾਂ ਫਿਰ ਅੱਜ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਦੀ ਕੀ ਲੋੜ ਹੈ। (ਰਸੂ. 24:15) ਪਰ ਸਾਨੂੰ ਪਰਮੇਸ਼ੁਰ ਦੇ ਬਚਨ ਵਿਚ ਦੱਸੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਨਿਆਂ ਕਰ ਕੇ ਜਿਨ੍ਹਾਂ ਲੋਕਾਂ ਨੂੰ “ਬੱਕਰੀਆਂ” ਕਰਾਰ ਦਿੱਤਾ ਜਾਵੇਗਾ, ਉਹ “ਹਮੇਸ਼ਾ ਲਈ ਖ਼ਤਮ ਹੋ ਜਾਣਗੇ।” ਸਾਡਾ ਪ੍ਰਚਾਰ ਪਰਮੇਸ਼ੁਰ ਦੀ ਦਇਆ ਦਾ ਸਬੂਤ ਹੈ ਅਤੇ ਇਸ ਰਾਹੀਂ ਲੋਕਾਂ ਨੂੰ ਆਪਣੇ ਆਪ ਨੂੰ ਬਦਲਣ ਅਤੇ “ਹਮੇਸ਼ਾ ਦੀ ਜ਼ਿੰਦਗੀ” ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ। (ਮੱਤੀ 25:32, 41, 46; ਰੋਮੀ. 10:13-15) ਜੇ ਅਸੀਂ ਪ੍ਰਚਾਰ ਨਹੀਂ ਕਰਦੇ, ਤਾਂ ਲੋਕਾਂ ਨੂੰ ਸੰਦੇਸ਼ ਸੁਣ ਕੇ ਆਪਣੀ ਜਾਨ ਬਚਾਉਣ ਦਾ ਮੌਕਾ ਕਿਵੇਂ ਮਿਲੇਗਾ?
9. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਤੁਹਾਨੂੰ ਅਤੇ ਦੂਸਰਿਆਂ ਨੂੰ ਕੀ ਫ਼ਾਇਦਾ ਹੋਇਆ ਹੈ?
9 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਸਾਨੂੰ ਵੀ ਫ਼ਾਇਦਾ ਹੁੰਦਾ ਹੈ। (1 ਤਿਮੋਥਿਉਸ 4:16 ਪੜ੍ਹੋ।) ਤੁਸੀਂ ਦੇਖਿਆ ਹੋਣਾ ਕਿ ਯਹੋਵਾਹ ਅਤੇ ਉਸ ਦੇ ਰਾਜ ਬਾਰੇ ਦੂਸਰਿਆਂ ਨਾਲ ਗੱਲ ਕਰਨ ਨਾਲ ਪਰਮੇਸ਼ੁਰ ਉੱਤੇ ਤੁਹਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਉਸ ਲਈ ਪਿਆਰ ਵਧਦਾ ਹੈ। ਇਸ ਨਾਲ ਤੁਹਾਡੇ ਵਿਚ ਮਸੀਹੀ ਗੁਣ ਪੈਦਾ ਹੋਏ ਹਨ। ਪ੍ਰਚਾਰ ਵਿਚ ਹਿੱਸਾ ਲੈ ਕੇ ਅਸੀਂ ਪਰਮੇਸ਼ੁਰ ਲਈ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੇ ਹਾਂ। ਜਿਨ੍ਹਾਂ ਮਸੀਹੀਆਂ ਨੇ ਦੂਸਰਿਆਂ ਨੂੰ ਸੱਚਾਈ ਸਿਖਾਈ ਹੈ, ਉਨ੍ਹਾਂ ਨੇ ਦੇਖਿਆ ਹੈ ਕਿ ਪਵਿੱਤਰ ਸ਼ਕਤੀ ਅਜਿਹੇ ਲੋਕਾਂ ਦੀ ਆਪਣੀ ਜ਼ਿੰਦਗੀ ਸੁਧਾਰਨ ਵਿਚ ਮਦਦ ਕਰਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ।
ਚੁਕੰਨੇ ਰਹੋ
10, 11. (ੳ) ਯਿਸੂ ਅਤੇ ਪੌਲੁਸ ਕਿਵੇਂ ਚੁਕੰਨੇ ਰਹੇ? (ਅ) ਮਿਸਾਲ ਦੇ ਕੇ ਸਮਝਾਓ ਕਿ ਪ੍ਰਚਾਰ ਵਧੀਆ ਤਰੀਕੇ ਨਾਲ ਕਰਨ ਲਈ ਅਸੀਂ ਕਿਵੇਂ ਚੁਕੰਨੇ ਰਹਿ ਸਕਦੇ ਹਾਂ?
10 ਕਈ ਤਰੀਕਿਆਂ ਨਾਲ ਲੋਕਾਂ ਦੀ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਪੈਦਾ ਕੀਤੀ ਜਾ ਸਕਦੀ ਹੈ। ਇਸ ਲਈ ਮਸੀਹੀਆਂ ਨੂੰ ਚੁਕੰਨੇ ਰਹਿਣਾ ਚਾਹੀਦਾ ਹੈ। ਯਿਸੂ ਸਾਡੇ ਲਈ ਮਿਸਾਲ ਹੈ। ਮੁਕੰਮਲ ਹੋਣ ਕਰਕੇ ਉਹ ਦੇਖ ਸਕਿਆ ਕਿ ਇਕ ਫ਼ਰੀਸੀ ਦੇ ਦਿਲ ਵਿਚ ਨਫ਼ਰਤ ਸੀ, ਇਕ ਪਾਪੀ ਤੀਵੀਂ ਨੇ ਦਿਲੋਂ ਤੋਬਾ ਕੀਤੀ ਸੀ ਅਤੇ ਇਕ ਵਿਧਵਾ ਨੇ ਆਪਣਾ ਸਾਰਾ ਕੁਝ ਦਾਨ ਕਰ ਦਿੱਤਾ ਸੀ। (ਲੂਕਾ 7:37-50; 21:1-4) ਯਿਸੂ ਲੋਕਾਂ ਦੀ ਮਦਦ ਕਰ ਸਕਿਆ ਕਿਉਂਕਿ ਉਹ ਉਨ੍ਹਾਂ ਦੀਆਂ ਲੋੜਾਂ ਜਾਣਦਾ ਸੀ। ਪਰ ਧਿਆਨ ਦੇਣ ਲਈ ਪਰਮੇਸ਼ੁਰ ਦੇ ਸੇਵਕਾਂ ਨੂੰ ਮੁਕੰਮਲ ਹੋਣ ਦੀ ਲੋੜ ਨਹੀਂ ਹੈ। ਪੌਲੁਸ ਰਸੂਲ ਦੀ ਮਿਸਾਲ ਤੋਂ ਸਾਨੂੰ ਇਹ ਗੱਲ ਪਤਾ ਲੱਗਦੀ ਹੈ। ਉਸ ਨੇ ਲੋਕਾਂ ਦੇ ਰਵੱਈਏ ਤੇ ਵੱਖੋ-ਵੱਖਰੇ ਪਿਛੋਕੜਾਂ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨਾਲ ਗੱਲ ਕਰਨ ਦੇ ਵੱਖੋ-ਵੱਖਰੇ ਤਰੀਕੇ ਵਰਤੇ।—ਰਸੂ. 17:22, 23, 34; 1 ਕੁਰਿੰ. 9:19-23.
11 ਯਿਸੂ ਮਸੀਹ ਅਤੇ ਪੌਲੁਸ ਵਾਂਗ ਚੁਕੰਨੇ ਰਹਿ ਕੇ ਅਸੀਂ ਪ੍ਰਚਾਰ ਦੌਰਾਨ ਮਿਲਣ ਵਾਲੇ ਲੋਕਾਂ ਬਾਰੇ ਕਈ ਗੱਲਾਂ ਜਾਣ ਸਕਦੇ ਹਾਂ। ਮਿਸਾਲ ਲਈ, ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ, ਤਾਂ ਦੇਖੋ ਕਿ ਉਸ ਦੇ ਘਰ ਦੀ ਹਾਲਤ ਕਿਹੋ ਜਿਹੀ ਹੈ, ਪਰਿਵਾਰ ਵਿਚ ਕੌਣ-ਕੌਣ ਹੈ ਤੇ ਉਹ ਕਿਹੜੇ ਧਰਮ ਨੂੰ ਮੰਨਦਾ ਹੈ। ਜੇ ਤੁਸੀਂ ਦੇਖਦੇ ਹੋ ਕਿ ਉਹ ਉਸ ਵੇਲੇ ਕੁਝ ਕਰ ਰਿਹਾ ਹੈ, ਤਾਂ ਤੁਸੀਂ ਉਸ ਬਾਰੇ ਕੁਝ ਕਹਿ ਕੇ ਗੱਲ ਸ਼ੁਰੂ ਕਰ ਸਕਦੇ ਹੋ।
12. ਪ੍ਰਚਾਰ ਕਰਦੇ ਵੇਲੇ ਸਾਨੂੰ ਗੱਲਬਾਤ ਕਰਨ ਦੇ ਸੰਬੰਧ ਵਿਚ ਕੀ ਧਿਆਨ ਰੱਖਣਾ ਚਾਹੀਦਾ ਹੈ?
12 ਚੁਕੰਨੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਆਪਣਾ ਧਿਆਨ ਨਾ ਭਟਕਣ ਦੇਈਏ। ਇਹ ਠੀਕ ਹੈ ਕਿ ਪ੍ਰਚਾਰ ਕਰਦੇ ਵੇਲੇ ਆਪਣੇ ਸਾਥੀ ਨਾਲ ਗੱਲ ਕਰਨ ਨਾਲ ਹੌਸਲਾ ਮਿਲਦਾ ਹੈ। ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰਚਾਰ ਵਿਚ ਜਾਣ ਦਾ ਮਕਸਦ ਹੈ ਲੋਕਾਂ ਨਾਲ ਗੱਲ ਕਰਨੀ। (ਉਪ. 3:1, 7) ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ-ਘਰ ਜਾਂਦੇ ਵੇਲੇ ਅਸੀਂ ਆਪਸ ਵਿਚ ਹੀ ਗੱਲਬਾਤ ਕਰਨ ਵਿਚ ਨਾ ਲੱਗੇ ਰਹੀਏ। ਜੇ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਕਿ ਅਸੀਂ ਦਿਲਚਸਪੀ ਰੱਖਣ ਵਾਲਿਆਂ ਨਾਲ ਕਿਹੜੇ ਵਿਸ਼ੇ ʼਤੇ ਗੱਲ ਕਰ ਸਕਦੇ ਹਾਂ, ਤਾਂ ਸਾਡਾ ਧਿਆਨ ਪ੍ਰਚਾਰ ਕਰਨ ਵਿਚ ਲੱਗਾ ਰਹੇਗਾ। ਇਸੇ ਤਰ੍ਹਾਂ ਪ੍ਰਚਾਰ ਵਿਚ ਮੋਬਾਇਲ ਫ਼ੋਨ ਤੋਂ ਫ਼ਾਇਦਾ ਹੋ ਸਕਦਾ ਹੈ, ਪਰ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਨਾਲ ਗੱਲ ਕਰਦੇ ਵੇਲੇ ਮੋਬਾਇਲ ਫ਼ੋਨ ਵਿਘਨ ਨਾ ਪਾਵੇ।
ਦੂਸਰਿਆਂ ਵਿਚ ਦਿਲਚਸਪੀ ਦਿਖਾਓ
13, 14. (ੳ) ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਕਿਸ ਚੀਜ਼ ਵੱਲ ਲੋਕਾਂ ਦਾ ਧਿਆਨ ਹੈ? (ਅ) ਅਸੀਂ ਲੋਕਾਂ ਵਿਚ ਪਰਮੇਸ਼ੁਰ ਬਾਰੇ ਜਾਣਨ ਦੀ ਦਿਲਚਸਪੀ ਕਿਵੇਂ ਪੈਦਾ ਕਰ ਸਕਦੇ ਹਾਂ?
13 ਮਸੀਹੀਆਂ ਨੂੰ ਪ੍ਰਚਾਰ ਵਿਚ ਲੋਕਾਂ ਦੀ ਗੱਲ ਵੀ ਧਿਆਨ ਨਾਲ ਸੁਣਨੀ ਚਾਹੀਦੀ ਹੈ। ਤੁਸੀਂ ਲੋਕਾਂ ਨੂੰ ਕਿਹੜੇ ਸਵਾਲ ਪੁੱਛ ਸਕਦੇ ਹੋ ਜਿਨ੍ਹਾਂ ਕਰਕੇ ਉਹ ਦੱਸਣ ਕਿ ਉਹ ਕੀ ਸੋਚਦੇ ਹਨ? ਕੀ ਉਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਧਰਮ ਦੇ ਨਾਂ ʼਤੇ ਕਿੰਨੇ ਗ਼ਲਤ ਕੰਮ ਹੁੰਦੇ ਹਨ ਜਾਂ ਉਸ ਦੇ ਇਲਾਕੇ ਵਿਚ ਦੰਗੇ-ਫ਼ਸਾਦ ਹੁੰਦੇ ਹਨ ਜਾਂ ਸਰਕਾਰਾਂ ਲੋਕਾਂ ਲਈ ਕੁਝ ਨਹੀਂ ਕਰ ਰਹੀਆਂ? ਕੀ ਤੁਸੀਂ ਪਰਮੇਸ਼ੁਰ ਬਾਰੇ ਲੋਕਾਂ ਨਾਲ ਗੱਲ ਕਰਦੇ ਵੇਲੇ ਪੁੱਛ ਸਕਦੇ ਹੋ ਕਿ ਉਸ ਦੀ ਸਲਾਹ ਤੋਂ ਅੱਜ ਸਾਨੂੰ ਕਿਹੜੇ ਫ਼ਾਇਦੇ ਹੋ ਸਕਦੇ ਹਨ? ਹਰ ਤਰ੍ਹਾਂ ਦੇ ਲੋਕਾਂ ਨੂੰ, ਜਿਹੜੇ ਕਿਸੇ ਧਰਮ ਨੂੰ ਨਹੀਂ ਵੀ ਮੰਨਦੇ, ਪ੍ਰਾਰਥਨਾ ਦੇ ਵਿਸ਼ੇ ਵਿਚ ਦਿਲਚਸਪੀ ਹੁੰਦੀ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਵੀ ਜਾਂਦੀਆਂ ਹਨ ਜਾਂ ਨਹੀਂ। ਕਈ ਇਹ ਸੋਚਦੇ ਹਨ: ਕੀ ਰੱਬ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ? ਜੇ ਨਹੀਂ, ਤਾਂ ਅਸੀਂ ਪ੍ਰਾਰਥਨਾ ਕਿੱਦਾਂ ਕਰ ਸਕਦੇ ਹਾਂ ਤਾਂਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ?
14 ਗੱਲ ਸ਼ੁਰੂ ਕਰਨ ਦਾ ਢੰਗ ਸਿੱਖਣ ਲਈ ਅਸੀਂ ਦੇਖ ਸਕਦੇ ਹਾਂ ਕਿ ਤਜਰਬੇਕਾਰ ਪ੍ਰਚਾਰਕ ਕਿਵੇਂ ਗੱਲ ਸ਼ੁਰੂ ਕਰਦੇ ਹਨ। ਧਿਆਨ ਦਿਓ ਕਿ ਉਹ ਪੁਲਸ ਵਾਂਗ ਲੋਕਾਂ ਤੋਂ ਪੁੱਛ-ਗਿੱਛ ਨਹੀਂ ਕਰਦੇ ਜਾਂ ਉਨ੍ਹਾਂ ਦੇ ਨਿੱਜੀ ਮਾਮਲਿਆਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਉਨ੍ਹਾਂ ਦੀ ਆਵਾਜ਼ ਅਤੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਲੋਕਾਂ ਦੀਆਂ ਗੱਲਾਂ ਵਿਚ ਦਿਲਚਸਪੀ ਹੈ?—ਕਹਾ. 15:13.
ਪਿਆਰ ਅਤੇ ਹੁਨਰ
15. ਸਾਨੂੰ ਪ੍ਰਚਾਰ ਦੌਰਾਨ ਪਿਆਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
15 ਕੀ ਤੁਹਾਨੂੰ ਚੰਗਾ ਲੱਗਦਾ ਜਦੋਂ ਤੁਹਾਨੂੰ ਘੂਕ ਸੁੱਤੇ ਪਿਆਂ ਨੂੰ ਜਗਾਇਆ ਜਾਂਦਾ ਹੈ? ਬਹੁਤ ਲੋਕ ਖਿੱਝ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਇਕਦਮ ਜਗਾਇਆ ਜਾਂਦਾ ਹੈ। ਇਸ ਲਈ ਹੌਲੇ ਜਿਹੇ ਜਗਾਉਣਾ ਚੰਗਾ ਹੁੰਦਾ ਹੈ। ਪਰਮੇਸ਼ੁਰ ਨੂੰ ਨਾ ਮੰਨਣ ਵਾਲੇ ਲੋਕਾਂ ਨਾਲ ਵੀ ਇਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ। ਮਿਸਾਲ ਲਈ, ਜੇ ਕੋਈ ਪ੍ਰਚਾਰ ਦੌਰਾਨ ਸਾਨੂੰ ਗੁੱਸੇ ਹੁੰਦਾ ਹੈ, ਤਾਂ ਉਸ ਵੇਲੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਗੁੱਸੇ ਨਾਲ ਜਵਾਬ ਦੇਣ ਦੀ ਬਜਾਇ ਚੁੱਪ-ਚਾਪ ਉੱਥੋਂ ਚਲੇ ਜਾਣਾ ਚਾਹੀਦਾ ਹੈ। (ਕਹਾ. 15:1; 17:14; 2 ਤਿਮੋ. 2:24) ਇਸ ਤਰ੍ਹਾਂ ਕਰਨ ਨਾਲ ਸ਼ਾਇਦ ਉਹ ਅਗਲੀ ਵਾਰ ਗੱਲ ਸੁਣਨ ਲਈ ਤਿਆਰ ਹੋ ਜਾਵੇ।
16, 17. ਅਸੀਂ ਪ੍ਰਚਾਰ ਵਿਚ ਸਮਝ ਤੋਂ ਕਿਵੇਂ ਕੰਮ ਲੈ ਸਕਦੇ ਹਾਂ?
16 ਕਈ ਵਾਰ ਤੁਸੀਂ ਉਦੋਂ ਵੀ ਗੱਲ ਕਰ ਸਕਦੇ ਹੋ ਜਦੋਂ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੁੰਦਾ। ਸ਼ਾਇਦ ਕੋਈ ਕਹੇ, “ਮੇਰਾ ਆਪਣਾ ਧਰਮ ਹੈ” ਜਾਂ “ਬਾਈਬਲ ਤਾਂ ਗੋਰਿਆਂ ਦੀ ਕਿਤਾਬ ਹੈ।” ਉਹ ਸ਼ਾਇਦ ਇਹ ਗੱਲ ਇਸੇ ਲਈ ਕਹਿੰਦੇ ਹਨ ਕਿਉਂਕਿ ਇਹ ਗੱਲ ਖ਼ਤਮ ਕਰਨ ਦਾ ਆਸਾਨ ਤਰੀਕਾ ਹੈ। ਪਰ ਤੁਸੀਂ ਗੱਲ ਕਰਨ ਦੀ ਕਲਾ ਵਰਤਦੇ ਹੋਏ ਕੋਈ ਸਵਾਲ ਪੁੱਛ ਸਕਦੇ ਹੋ ਜਿਸ ਨਾਲ ਉਹ ਪਰਮੇਸ਼ੁਰ ਬਾਰੇ ਗੱਲ ਕਰਨ ਲਈ ਤਿਆਰ ਹੋ ਜਾਵੇ।—ਕੁਲੁੱਸੀਆਂ 4:6 ਪੜ੍ਹੋ।
17 ਕਈ ਵਾਰ ਅਸੀਂ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜਿਹੜੇ ਸੋਚਦੇ ਹਨ ਕਿ ਉਨ੍ਹਾਂ ਕੋਲ ਗੱਲ ਕਰਨ ਦਾ ਸਮਾਂ ਨਹੀਂ ਹੈ। ਇਸ ਲਈ ਉਨ੍ਹਾਂ ਦਾ ਧੰਨਵਾਦ ਕਰ ਕੇ ਉੱਥੋਂ ਚਲੇ ਜਾਣਾ ਚਾਹੀਦਾ ਹੈ। ਪਰ ਕੁਝ ਮੌਕਿਆਂ ਤੇ ਤੁਹਾਨੂੰ ਸ਼ਾਇਦ ਲੱਗੇ ਕਿ ਤੁਸੀਂ ਥੋੜ੍ਹੇ ਸ਼ਬਦਾਂ ਵਿਚ ਕੋਈ ਗੱਲ ਕਹਿ ਸਕਦੇ ਹੋ। ਕੁਝ ਭਰਾ ਜਾਣ ਤੋਂ ਪਹਿਲਾਂ ਇਕ ਮਿੰਟ ਦੇ ਅੰਦਰ-ਅੰਦਰ ਬਾਈਬਲ ਦਾ ਕੋਈ ਹਵਾਲਾ ਪੜ੍ਹ ਕੇ ਘਰ-ਮਾਲਕ ਨੂੰ ਕੋਈ ਸਵਾਲ ਪੁੱਛਦੇ ਹਨ। ਇੱਦਾਂ ਕਰਨ ਨਾਲ ਕੁਝ ਲੋਕਾਂ ਵਿਚ ਦਿਲਚਸਪੀ ਪੈਦਾ ਹੋ ਗਈ ਅਤੇ ਉਹ ਗੱਲ ਕਰਨ ਲਈ ਤਿਆਰ ਹੋ ਗਏ। ਹਾਲਾਤ ਨੂੰ ਦੇਖਦੇ ਹੋਏ ਕਿਉਂ ਨਾ ਤੁਸੀਂ ਵੀ ਅਗਲੀ ਵਾਰ ਇੱਦਾਂ ਹੀ ਕਰੋ?
18. ਹਰ ਮੌਕੇ ਤੇ ਵਧੀਆ ਢੰਗ ਨਾਲ ਗਵਾਹੀ ਦੇਣ ਲਈ ਅਸੀਂ ਕੀ ਕਰ ਸਕਦੇ ਹਾਂ?
18 ਅਸੀਂ ਹਰ ਰੋਜ਼ ਕਿਤੇ-ਨਾ-ਕਿਤੇ ਲੋਕਾਂ ਨੂੰ ਮਿਲਦੇ ਹਾਂ। ਅਸੀਂ ਉਨ੍ਹਾਂ ਨੂੰ ਗਵਾਹੀ ਦੇਣ ਲਈ ਤਿਆਰੀ ਕਰ ਕੇ ਉਨ੍ਹਾਂ ਵਿਚ ਦਿਲਚਸਪੀ ਪੈਦਾ ਕਰ ਸਕਦੇ ਹਾਂ। ਬਹੁਤ ਸਾਰੇ ਭੈਣ-ਭਰਾ ਆਪਣੀਆਂ ਜੇਬਾਂ ਜਾਂ ਪਰਸਾਂ ਵਿਚ ਕੁਝ ਟ੍ਰੈਕਟ ਜਾਂ ਰਸਾਲੇ ਵਗੈਰਾ ਰੱਖਦੇ ਹਨ। ਉਨ੍ਹਾਂ ਨੇ ਸ਼ਾਇਦ ਪਹਿਲਾਂ ਹੀ ਕੋਈ ਆਇਤ ਸੋਚ ਰੱਖੀ ਹੋਵੇ ਜੋ ਉਹ ਕਿਸੇ ਨਾਲ ਗੱਲ ਕਰਨ ਵੇਲੇ ਪੜ੍ਹਨਗੇ। ਤੁਸੀਂ ਆਪਣੀ ਮੰਡਲੀ ਦੇ ਸੇਵਾ ਨਿਗਾਹਬਾਨ ਜਾਂ ਪਾਇਨੀਅਰਾਂ ਨਾਲ ਗੱਲ ਕਰ ਸਕਦੇ ਹੋ ਕਿ ਤੁਸੀਂ ਹਰ ਮੌਕੇ ਤੇ ਗਵਾਹੀ ਦੇਣ ਦੀ ਕਿਵੇਂ ਤਿਆਰੀ ਕਰ ਸਕਦੇ ਹੋ।
ਆਪਣੇ ਰਿਸ਼ਤੇਦਾਰਾਂ ਨੂੰ ਪਿਆਰ ਨਾਲ ਜਗਾਓ
19. ਸਾਨੂੰ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਕਿਉਂ ਨਹੀਂ ਛੱਡਣੀ ਚਾਹੀਦੀ?
19 ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਰਿਸ਼ਤੇਦਾਰ ਵੀ ਖ਼ੁਸ਼ ਖ਼ਬਰੀ ਸੁਣਨ। (ਯਹੋ. 2:13; ਰਸੂ. 10:24, 48; 16:31, 32) ਪਹਿਲਾਂ-ਪਹਿਲ ਉਹ ਸ਼ਾਇਦ ਸਾਡੀ ਗੱਲ ਨਾ ਸੁਣਨ ਅਤੇ ਇਸ ਕਰਕੇ ਅਸੀਂ ਸ਼ਾਇਦ ਉਨ੍ਹਾਂ ਨਾਲ ਗੱਲ ਕਰਨ ਦੀ ਦੁਬਾਰਾ ਕੋਸ਼ਿਸ਼ ਨਾ ਕਰੀਏ। ਅਸੀਂ ਸ਼ਾਇਦ ਸੋਚੀਏ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਦੇ ਰਵੱਈਏ ਨੂੰ ਬਦਲ ਨਹੀਂ ਸਕਦੇ। ਫਿਰ ਵੀ ਸ਼ਾਇਦ ਕੋਈ ਘਟਨਾ ਕਰਕੇ ਤੁਹਾਡੇ ਰਿਸ਼ਤੇਦਾਰਾਂ ਦੀ ਜ਼ਿੰਦਗੀ ਬਦਲ ਜਾਵੇ ਜਾਂ ਉਨ੍ਹਾਂ ਦਾ ਰਵੱਈਆ ਬਦਲ ਜਾਵੇ। ਜਾਂ ਤੁਸੀਂ ਸੱਚਾਈ ਬਾਰੇ ਹੋਰ ਵਧੀਆ ਤਰੀਕੇ ਨਾਲ ਗੱਲ ਕਰਨੀ ਸਿੱਖ ਜਾਓ ਜਿਸ ਕਰਕੇ ਤੁਹਾਡੇ ਰਿਸ਼ਤੇਦਾਰ ਸ਼ਾਇਦ ਤੁਹਾਡੀ ਗੱਲ ਸੁਣਨ।
20. ਆਪਣੇ ਰਿਸ਼ਤੇਦਾਰਾਂ ਨਾਲ ਸਮਝਦਾਰੀ ਨਾਲ ਗੱਲ ਕਰਨੀ ਕਿਉਂ ਜ਼ਰੂਰੀ ਹੈ?
20 ਸਾਨੂੰ ਆਪਣੇ ਰਿਸ਼ਤੇਦਾਰਾਂ ਦੀ ਗੱਲ ਸਮਝਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਰੋਮੀ. 2:4) ਕੀ ਸਾਨੂੰ ਉਨ੍ਹਾਂ ਨਾਲ ਵੀ ਪਿਆਰ ਨਾਲ ਗੱਲ ਨਹੀਂ ਕਰਨੀ ਚਾਹੀਦੀ ਜਿਵੇਂ ਅਸੀਂ ਪ੍ਰਚਾਰ ਵਿਚ ਦੂਸਰਿਆਂ ਨਾਲ ਕਰਦੇ ਹਾਂ? ਨਰਮਾਈ ਤੇ ਆਦਰ ਨਾਲ ਗੱਲ ਕਰੋ। ਉਨ੍ਹਾਂ ਨੂੰ ਭਾਸ਼ਣ ਦੇਣ ਦੀ ਬਜਾਇ ਦਿਖਾਓ ਕਿ ਸੱਚਾਈ ਦਾ ਤੁਹਾਡੀ ਜ਼ਿੰਦਗੀ ਉੱਤੇ ਕਿੰਨਾ ਚੰਗਾ ਅਸਰ ਪਿਆ ਹੈ। (ਅਫ਼. 4:23, 24) ਉਨ੍ਹਾਂ ਨੂੰ ਸਮਝਾਓ ਕਿ ਯਹੋਵਾਹ ਨੇ ‘ਤੁਹਾਨੂੰ ਲਾਭ ਉਠਾਉਣ ਦੀ ਸਿੱਖਿਆ ਦਿੱਤੀ ਹੈ’ ਜਿਸ ਦਾ ਤੁਹਾਨੂੰ ਕਿੰਨਾ ਫ਼ਾਇਦਾ ਹੋਇਆ ਹੈ। (ਯਸਾ. 48:17) ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਡੀ ਮਿਸਾਲ ਤੋਂ ਸਾਫ਼ ਨਜ਼ਰ ਆਉਣਾ ਚਾਹੀਦਾ ਹੈ ਕਿ ਯਹੋਵਾਹ ਦੇ ਗਵਾਹ ਕਿਹੋ ਜਿਹੇ ਲੋਕ ਹੁੰਦੇ ਹਨ।
21, 22. ਇਕ ਤਜਰਬਾ ਦੱਸੋ ਜਿਸ ਤੋਂ ਸਾਨੂੰ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਰਦੇ ਰਹਿਣ ਦੇ ਫ਼ਾਇਦੇ ਬਾਰੇ ਪਤਾ ਲੱਗਦਾ ਹੈ।
21 ਹਾਲ ਹੀ ਵਿਚ ਇਕ ਭੈਣ ਨੇ ਲਿਖਿਆ: “ਮੈਂ ਹਮੇਸ਼ਾ ਆਪਣੀ ਬੋਲੀ ਅਤੇ ਚਾਲ-ਚਲਣ ਰਾਹੀਂ ਆਪਣੇ 13 ਭੈਣ-ਭਰਾਵਾਂ ਨੂੰ ਗਵਾਹੀ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਕਦੀ ਕੋਈ ਸਾਲ ਨਹੀਂ ਜਾਣ ਦਿੱਤਾ ਜਦੋਂ ਮੈਂ ਉਨ੍ਹਾਂ ਨੂੰ ਚਿੱਠੀ ਵਗੈਰਾ ਨਾ ਲਿਖੀ ਹੋਵੇ। ਪਰ ਪਿਛਲੇ 30 ਸਾਲਾਂ ਤਕ ਮੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਸੱਚਾਈ ਵਿਚ ਨਹੀਂ ਆਇਆ।”
22 ਇਸ ਭੈਣ ਨੇ ਅੱਗੇ ਕਿਹਾ: “ਇਕ ਦਿਨ ਮੈਂ ਆਪਣੀ ਇਕ ਭੈਣ ਨੂੰ ਫ਼ੋਨ ਕੀਤਾ ਜੋ ਕਈ ਸੌ ਕਿਲੋਮੀਟਰ ਦੂਰ ਰਹਿੰਦੀ ਹੈ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਆਪਣੇ ਪਾਦਰੀ ਨੂੰ ਉਸ ਨਾਲ ਬਾਈਬਲ ਦਾ ਅਧਿਐਨ ਕਰਨ ਲਈ ਕਿਹਾ, ਪਰ ਪਾਦਰੀ ਨੇ ਉਸ ਨਾਲ ਅਧਿਐਨ ਨਹੀਂ ਕੀਤਾ। ਜਦੋਂ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨਾਲ ਅਧਿਐਨ ਕਰ ਸਕਦੀ ਹਾਂ, ਤਾਂ ਉਸ ਨੇ ਕਿਹਾ: ‘ਠੀਕ ਹੈ, ਪਰ ਮੈਂ ਤੈਨੂੰ ਹੁਣੇ ਦੱਸ ਦਿੰਦੀ ਹਾਂ: ਮੈਂ ਕਦੀ ਵੀ ਯਹੋਵਾਹ ਦੀ ਗਵਾਹ ਨਹੀਂ ਬਣਾਂਗੀ।’ ਮੈਂ ਉਸ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਘੱਲ ਦਿੱਤੀ। ਮੈਂ ਉਸ ਨੂੰ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਫ਼ੋਨ ਕਰਦੀ ਰਹੀ। ਉਸ ਨੇ ਅਜੇ ਤਕ ਕਿਤਾਬ ਖੋਲ੍ਹੀ ਵੀ ਨਹੀਂ ਸੀ। ਇਕ ਦਿਨ ਮੈਂ ਉਸ ਨੂੰ ਕਿਤਾਬ ਲਿਆਉਣ ਲਈ ਕਿਹਾ ਅਤੇ ਅਸੀਂ ਫ਼ੋਨ ਉੱਤੇ 15 ਕੁ ਮਿੰਟ ਕਿਤਾਬ ਵਿਚ ਦਿੱਤੀਆਂ ਕੁਝ ਆਇਤਾਂ ਪੜ੍ਹ ਕੇ ਉਨ੍ਹਾਂ ਬਾਰੇ ਗੱਲ ਕੀਤੀ। ਅਸੀਂ ਫ਼ੋਨ ʼਤੇ ਕਈ ਵਾਰ ਇਸ ਤਰ੍ਹਾਂ ਕੀਤਾ। ਫਿਰ ਉਹ 15 ਮਿੰਟਾਂ ਤੋਂ ਜ਼ਿਆਦਾ ਸਟੱਡੀ ਕਰਨੀ ਚਾਹੁੰਦੀ ਸੀ। ਇਸ ਤੋਂ ਬਾਅਦ ਉਹ ਆਪ ਮੈਨੂੰ ਸਟੱਡੀ ਲਈ ਫ਼ੋਨ ਕਰਨ ਲੱਗ ਪਈ। ਕਈ ਵਾਰ ਤਾਂ ਮੈਂ ਸਵੇਰੇ ਅਜੇ ਉੱਠੀ ਵੀ ਨਹੀਂ ਹੁੰਦੀ ਸੀ ਕਿ ਉਸ ਦਾ ਫ਼ੋਨ ਆ ਜਾਂਦਾ ਸੀ ਤੇ ਕਈ ਵਾਰ ਉਹ ਦਿਹਾੜੀ ਵਿਚ ਦੋ ਵਾਰ ਫ਼ੋਨ ਕਰਦੀ ਸੀ। ਸਟੱਡੀ ਸ਼ੁਰੂ ਕਰਨ ਤੋਂ ਅਗਲੇ ਸਾਲ ਉਸ ਨੇ ਬਪਤਿਸਮਾ ਲੈ ਲਿਆ ਅਤੇ ਇਕ ਸਾਲ ਬਾਅਦ ਉਹ ਪਾਇਨੀਅਰਿੰਗ ਕਰਨ ਲੱਗ ਪਈ।”
23. ਪਰਮੇਸ਼ੁਰ ਬਾਰੇ ਸਿੱਖਣ ਵਿਚ ਸਾਨੂੰ ਲੋਕਾਂ ਦੀ ਮਦਦ ਕਿਉਂ ਕਰਦੇ ਰਹਿਣਾ ਚਾਹੀਦਾ ਹੈ?
23 ਲੋਕਾਂ ਵਿਚ ਪਰਮੇਸ਼ੁਰ ਬਾਰੇ ਜਾਣਨ ਦੀ ਦਿਲਚਸਪੀ ਪੈਦਾ ਕਰਨ ਲਈ ਸਾਨੂੰ ਗੱਲਬਾਤ ਕਰਨ ਦੀ ਕਲਾ ਸਿੱਖਣ ਅਤੇ ਲਗਾਤਾਰ ਕੋਸ਼ਿਸ਼ ਕਰਦੇ ਰਹਿਣ ਦੀ ਲੋੜ ਹੈ। ਪਰ ਸਾਡੀਆਂ ਕੋਸ਼ਿਸ਼ਾਂ ਦੇ ਚੰਗੇ ਨਤੀਜੇ ਨਿਕਲ ਰਹੇ ਹਨ। ਨਿਮਰ ਲੋਕ ਪਰਮੇਸ਼ੁਰ ਬਾਰੇ ਸਿੱਖ ਰਹੇ ਹਨ। ਹਰ ਮਹੀਨੇ 20,000 ਤੋਂ ਜ਼ਿਆਦਾ ਲੋਕ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਬਪਤਿਸਮਾ ਲੈਂਦੇ ਹਨ। ਇਸ ਲਈ ਆਓ ਆਪਾਂ ਪਹਿਲੀ ਸਦੀ ਦੇ ਆਪਣੇ ਮਸੀਹੀ ਭਰਾ ਅਰਖਿਪੁੱਸ ਨੂੰ ਦਿੱਤੀ ਪੌਲੁਸ ਦੀ ਸਲਾਹ ਉੱਤੇ ਚੱਲੀਏ: “ਧਿਆਨ ਰੱਖ ਕਿ ਪ੍ਰਭੂ ਦਾ ਚੇਲਾ ਹੋਣ ਦੇ ਨਾਤੇ ਤੂੰ ਜਿਸ ਸੇਵਾ ਦੀ ਜ਼ਿੰਮੇਵਾਰੀ ਲਈ ਹੈ, ਉਸ ਜ਼ਿੰਮੇਵਾਰੀ ਨੂੰ ਪੂਰਾ ਵੀ ਕਰੀਂ।” (ਕੁਲੁ. 4:17) ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਖ਼ਾਸ ਕਰਕੇ ਅੱਜ ਜੋਸ਼ ਨਾਲ ਪ੍ਰਚਾਰ ਕਰਨ ਦੀ ਕਿਉਂ ਲੋੜ ਹੈ।
[ਸਫ਼ਾ 13 ਉੱਤੇ ਡੱਬੀ]
ਜਾਗਦੇ ਰਹਿਣ ਦੇ ਤਰੀਕੇ
▪ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਲੱਗੇ ਰਹੋ
▪ ਹਨੇਰੇ ਦੇ ਕੰਮਾਂ ਤੋਂ ਦੂਰ ਰਹੋ
▪ ਸੌਂ ਜਾਣ ਦੇ ਖ਼ਤਰਿਆਂ ਤੋਂ ਖ਼ਬਰਦਾਰ ਰਹੋ
▪ ਆਪਣੇ ਇਲਾਕੇ ਵਿਚ ਲੋਕਾਂ ਪ੍ਰਤੀ ਸਹੀ ਨਜ਼ਰੀਆ ਰੱਖੋ
▪ ਪ੍ਰਚਾਰ ਕਰਨ ਦੇ ਨਵੇਂ-ਨਵੇਂ ਤਰੀਕੇ ਵਰਤੋ
▪ ਪ੍ਰਚਾਰ ਕਰਨ ਦੀ ਅਹਿਮੀਅਤ ਨੂੰ ਯਾਦ ਰੱਖੋ