ਪਾਠ 47
ਕੀ ਤੁਸੀਂ ਬਪਤਿਸਮਾ ਲੈਣ ਲਈ ਤਿਆਰ ਹੋ?
ਹੁਣ ਤਕ ਤੁਸੀਂ ਬਾਈਬਲ ਤੋਂ ਯਹੋਵਾਹ ਬਾਰੇ ਬਹੁਤ ਕੁਝ ਸਿੱਖਿਆ ਹੈ। ਤੁਸੀਂ ਸਿੱਖੀਆਂ ਗੱਲਾਂ ਮੁਤਾਬਕ ਬਦਲਾਅ ਵੀ ਜ਼ਰੂਰ ਕੀਤੇ ਹੋਣੇ। ਫਿਰ ਵੀ ਸ਼ਾਇਦ ਕੋਈ ਗੱਲ ਤੁਹਾਨੂੰ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਤੋਂ ਰੋਕ ਰਹੀ ਹੋਵੇ। ਇਸ ਪਾਠ ਵਿਚ ਕੁਝ ਰੁਕਾਵਟਾਂ ਬਾਰੇ ਦੱਸਿਆ ਗਿਆ ਹੈ। ਨਾਲੇ ਇਹ ਵੀ ਦੱਸਿਆ ਗਿਆ ਹੈ ਕਿ ਤੁਸੀਂ ਉਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹੋ।
1. ਬਪਤਿਸਮਾ ਲੈਣ ਲਈ ਤੁਹਾਨੂੰ ਬਾਈਬਲ ਦਾ ਕਿੰਨਾ ਕੁ ਗਿਆਨ ਹੋਣਾ ਚਾਹੀਦਾ ਹੈ?
ਬਪਤਿਸਮਾ ਲੈਣ ਲਈ “ਸੱਚਾਈ ਦਾ ਸਹੀ ਗਿਆਨ” ਹੋਣਾ ਜ਼ਰੂਰੀ ਹੈ। (1 ਤਿਮੋਥਿਉਸ 2:4) ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਬਾਈਬਲ ਬਾਰੇ ਹਰ ਸਵਾਲ ਦਾ ਜਵਾਬ ਪਤਾ ਹੋਵੇ। ਸੱਚ ਤਾਂ ਇਹ ਹੈ ਕਿ ਬਪਤਿਸਮੇ ਤੋਂ ਬਾਅਦ ਵੀ ਮਸੀਹੀ ਲਗਾਤਾਰ ਸਿੱਖਦੇ ਰਹਿੰਦੇ ਹਨ। (ਕੁਲੁੱਸੀਆਂ 1:9, 10) ਪਰ ਹਾਂ, ਬਪਤਿਸਮਾ ਲੈਣ ਲਈ ਤੁਹਾਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਸਮਝ ਹੋਣੀ ਚਾਹੀਦੀ ਹੈ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬਪਤਿਸਮਾ ਲੈਣ ਲਈ ਤੁਹਾਡੇ ਕੋਲ ਕਾਫ਼ੀ ਗਿਆਨ ਹੈ ਜਾਂ ਨਹੀਂ, ਤਾਂ ਤੁਸੀਂ ਮੰਡਲੀ ਦੇ ਬਜ਼ੁਰਗਾਂ ਨਾਲ ਗੱਲ ਕਰ ਸਕਦੇ ਹੋ।
2. ਬਪਤਿਸਮਾ ਲੈਣ ਲਈ ਤੁਹਾਨੂੰ ਕਿਹੜੇ ਕਦਮ ਚੁੱਕਣ ਦੀ ਲੋੜ ਹੈ?
ਬਪਤਿਸਮਾ ਲੈਣ ਲਈ ਕੁਝ ਕਦਮ ਚੁੱਕਣੇ ਜ਼ਰੂਰੀ ਹਨ। ਬਾਈਬਲ ਵਿਚ ਲਿਖਿਆ ਹੈ: “ਤੋਬਾ ਕਰੋ ਅਤੇ . . . ਮੁੜ ਆਓ।” (ਰਸੂਲਾਂ ਦੇ ਕੰਮ 3:19 ਪੜ੍ਹੋ।) ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਪਾਪਾਂ ਦਾ ਦਿਲੋਂ ਪਛਤਾਵਾ ਕਰਨ ਅਤੇ ਯਹੋਵਾਹ ਤੋਂ ਮਾਫ਼ੀ ਮੰਗਣ ਦੀ ਲੋੜ ਹੈ। ਨਾਲੇ ਠਾਣ ਲਓ ਕਿ ਹੁਣ ਤੋਂ ਤੁਸੀਂ ਕੋਈ ਬੁਰਾ ਕੰਮ ਨਹੀਂ ਕਰੋਗੇ ਅਤੇ ਯਹੋਵਾਹ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਜੀ ਕੇ ਉਸ ਨੂੰ ਖ਼ੁਸ਼ ਕਰੋਗੇ। ਇਸ ਤੋਂ ਇਲਾਵਾ, ਤੁਹਾਡੇ ਲਈ ਸਭਾਵਾਂ ʼਤੇ ਜਾਣਾ ਅਤੇ ਪ੍ਰਚਾਰਕ ਬਣਨਾ ਵੀ ਜ਼ਰੂਰੀ ਹੈ।
3. ਤੁਹਾਨੂੰ ਬਪਤਿਸਮਾ ਲੈਣ ਤੋਂ ਕਿਉਂ ਨਹੀਂ ਡਰਨਾ ਚਾਹੀਦਾ?
ਕਈ ਲੋਕਾਂ ਨੂੰ ਡਰ ਹੈ ਕਿ ਜੇ ਉਹ ਯਹੋਵਾਹ ਦੀ ਸੇਵਾ ਕਰਨ ਦਾ ਵਾਅਦਾ ਕਰਨਗੇ, ਤਾਂ ਉਹ ਉਸ ਵਾਅਦੇ ਨੂੰ ਨਿਭਾ ਨਹੀਂ ਸਕਣਗੇ। ਇਹ ਸੱਚ ਹੈ ਕਿ ਤੁਹਾਡੇ ਤੋਂ ਗ਼ਲਤੀਆਂ ਹੋਣਗੀਆਂ। ਬਾਈਬਲ ਵਿਚ ਦੱਸੇ ਵਫ਼ਾਦਾਰ ਸੇਵਕਾਂ ਤੋਂ ਵੀ ਗ਼ਲਤੀਆਂ ਹੋਈਆਂ ਸਨ। ਯਹੋਵਾਹ ਇਹ ਉਮੀਦ ਨਹੀਂ ਰੱਖਦਾ ਕਿ ਤੁਸੀਂ ਕਦੇ ਗ਼ਲਤੀ ਨਹੀਂ ਕਰੋਗੇ। (ਜ਼ਬੂਰ 103:13, 14 ਪੜ੍ਹੋ।) ਪਰ ਜਦੋਂ ਤੁਸੀਂ ਜੀ-ਜਾਨ ਲਾ ਕੇ ਉਸ ਦੇ ਮਿਆਰਾਂ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਸ ਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ। ਨਾਲੇ ਉਹ ਇੱਦਾਂ ਕਰਨ ਵਿਚ ਤੁਹਾਡੀ ਮਦਦ ਕਰੇਗਾ। ਇੰਨਾ ਹੀ ਨਹੀਂ, ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਕੋਈ ਵੀ ਚੀਜ਼ ‘ਉਸ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ ਨਹੀਂ ਸਕੇਗੀ।’—ਰੋਮੀਆਂ 8:38, 39 ਪੜ੍ਹੋ।
ਹੋਰ ਸਿੱਖੋ
ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣ ਕੇ ਅਤੇ ਉਸ ਦੀ ਮਦਦ ਲੈ ਕੇ ਤੁਸੀਂ ਬਪਤਿਸਮਾ ਲੈਣ ਵਿਚ ਆਉਂਦੀ ਕੋਈ ਵੀ ਰੁਕਾਵਟ ਪਾਰ ਕਰ ਸਕਦੇ ਹੋ। ਆਓ ਜਾਣੀਏ ਕਿਵੇਂ।
4. ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣੋ
ਬਪਤਿਸਮਾ ਲੈਣ ਲਈ ਤੁਹਾਨੂੰ ਯਹੋਵਾਹ ਨੂੰ ਕਿੰਨਾ ਕੁ ਜਾਣਨ ਦੀ ਲੋੜ ਹੈ? ਤੁਹਾਨੂੰ ਯਹੋਵਾਹ ਨੂੰ ਇੰਨਾ ਕੁ ਜਾਣਨ ਦੀ ਲੋੜ ਹੈ ਕਿ ਤੁਹਾਡੇ ਦਿਲ ਵਿਚ ਉਸ ਲਈ ਪਿਆਰ ਹੋਵੇ ਅਤੇ ਤੁਸੀਂ ਉਸ ਨੂੰ ਖ਼ੁਸ਼ ਕਰਨਾ ਚਾਹੋ। ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਵਾਲੇ ਲੋਕਾਂ ਨੇ ਇੱਦਾਂ ਹੀ ਕੀਤਾ ਹੈ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਜਿੱਦਾਂ ਵੀਡੀਓ ਵਿਚ ਦਿਖਾਇਆ ਗਿਆ, ਬਪਤਿਸਮੇ ਦੇ ਯੋਗ ਬਣਨ ਲਈ ਕੁਝ ਲੋਕਾਂ ਨੇ ਕੀ ਕੀਤਾ?
ਰੋਮੀਆਂ 12:2 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕੀ ਤੁਹਾਨੂੰ ਬਾਈਬਲ ਦੀਆਂ ਸਿੱਖਿਆਵਾਂ ʼਤੇ ਕੋਈ ਸ਼ੱਕ ਹੈ? ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਦੇ ਗਵਾਹ ਸੱਚਾਈ ਸਿਖਾਉਂਦੇ ਹਨ?
ਜੇ ਤੁਹਾਡੇ ਮਨ ਵਿਚ ਕੋਈ ਸ਼ੱਕ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
5. ਬਪਤਿਸਮਾ ਲੈਣ ਵਿਚ ਆਉਂਦੀਆਂ ਰੁਕਾਵਟਾਂ ਪਾਰ ਕਰੋ
ਜਦੋਂ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕਰਦੇ ਹਾਂ, ਤਾਂ ਸਾਨੂੰ ਸਾਰਿਆਂ ਨੂੰ ਰੁਕਾਵਟਾਂ ਆਉਂਦੀਆਂ ਹਨ। ਆਓ ਦੇਖੀਏ ਕਿ ਇਕ ਭੈਣ ਨੂੰ ਕਿਹੜੀਆਂ ਰੁਕਾਵਟਾਂ ਆਈਆਂ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਯਹੋਵਾਹ ਦੀ ਸੇਵਾ ਕਰਨ ਲਈ ਨਰਾਂਗੇਰਲ ਦੇ ਰਾਹ ਵਿਚ ਕਿਹੜੀਆਂ ਰੁਕਾਵਟਾਂ ਆਈਆਂ?
ਯਹੋਵਾਹ ਲਈ ਪਿਆਰ ਹੋਣ ਕਰਕੇ ਉਹ ਉਨ੍ਹਾਂ ਰੁਕਾਵਟਾਂ ਨੂੰ ਕਿੱਦਾਂ ਪਾਰ ਕਰ ਸਕੀ?
ਕਹਾਉਤਾਂ 29:25 ਅਤੇ 2 ਤਿਮੋਥਿਉਸ 1:7 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਰੁਕਾਵਟਾਂ ਪਾਰ ਕਰਨ ਲਈ ਸਾਨੂੰ ਕਿਹੜੀ ਗੱਲ ਤੋਂ ਹਿੰਮਤ ਮਿਲਦੀ ਹੈ?
6. ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ ਜ਼ਰੂਰ ਮਦਦ ਕਰੇਗਾ
ਯਹੋਵਾਹ ਸਫ਼ਲ ਹੋਣ ਵਿਚ ਤੁਹਾਡੀ ਮਦਦ ਕਰੇਗਾ ਤਾਂਕਿ ਤੁਸੀਂ ਉਸ ਨੂੰ ਖ਼ੁਸ਼ ਕਰ ਸਕੋ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਵੀਡੀਓ ਵਿਚ ਬਾਈਬਲ ਵਿਦਿਆਰਥੀ ਬਪਤਿਸਮਾ ਲੈਣ ਤੋਂ ਪਿੱਛੇ ਕਿਉਂ ਹਟ ਰਿਹਾ ਸੀ?
ਉਸ ਨੇ ਯਹੋਵਾਹ ਬਾਰੇ ਕੀ ਜਾਣਿਆ ਜਿਸ ਕਰਕੇ ਯਹੋਵਾਹ ʼਤੇ ਉਸ ਦਾ ਭਰੋਸਾ ਵਧਿਆ?
ਯਸਾਯਾਹ 41:10, 13 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਤੁਸੀਂ ਕਿਉਂ ਯਕੀਨ ਰੱਖ ਸਕਦੇ ਹੋ ਕਿ ਤੁਸੀਂ ਸਮਰਪਣ ਦਾ ਆਪਣਾ ਵਾਅਦਾ ਜ਼ਰੂਰ ਨਿਭਾ ਪਾਓਗੇ?
7. ਯਹੋਵਾਹ ਦੇ ਪਿਆਰ ਲਈ ਕਦਰ ਵਧਾਓ
ਤੁਸੀਂ ਯਹੋਵਾਹ ਦੇ ਪਿਆਰ ʼਤੇ ਜਿੰਨਾ ਜ਼ਿਆਦਾ ਮਨਨ ਕਰੋਗੇ, ਤੁਸੀਂ ਉੱਨਾ ਜ਼ਿਆਦਾ ਉਸ ਦਾ ਅਹਿਸਾਨ ਮੰਨੋਗੇ ਅਤੇ ਤੁਹਾਡੇ ਅੰਦਰ ਹਮੇਸ਼ਾ ਉਸ ਦੀ ਸੇਵਾ ਕਰਨ ਦੀ ਇੱਛਾ ਵਧੇਗੀ। ਜ਼ਬੂਰ 40:5 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਤੁਸੀਂ ਖ਼ਾਸ ਕਰਕੇ ਕਿਨ੍ਹਾਂ ਬਰਕਤਾਂ ਲਈ ਯਹੋਵਾਹ ਦੇ ਅਹਿਸਾਨਮੰਦ ਹੋ?
ਯਿਰਮਿਯਾਹ ਨਬੀ ਯਹੋਵਾਹ ਅਤੇ ਉਸ ਦੇ ਬਚਨ ਨਾਲ ਬਹੁਤ ਪਿਆਰ ਕਰਦਾ ਸੀ। ਉਸ ਨੂੰ ਇਸ ਗੱਲ ʼਤੇ ਮਾਣ ਸੀ ਕਿ ਉਹ ਯਹੋਵਾਹ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਉਸ ਨੇ ਕਿਹਾ: “ਤੇਰੇ ਸੰਦੇਸ਼ ਨੇ ਮੈਨੂੰ ਖ਼ੁਸ਼ੀ ਦਿੱਤੀ ਅਤੇ ਮੇਰਾ ਦਿਲ ਬਾਗ਼-ਬਾਗ਼ ਹੋ ਗਿਆ ਕਿਉਂਕਿ ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਮੈਂ ਤੇਰੇ ਨਾਂ ਤੋਂ ਜਾਣਿਆ ਜਾਂਦਾ ਹਾਂ।” (ਯਿਰਮਿਯਾਹ 15:16) ਤੁਸੀਂ ਅੱਗੇ ਦਿੱਤੇ ਸਵਾਲਾਂ ਦੇ ਕੀ ਜਵਾਬ ਦਿਓਗੇ?
ਯਹੋਵਾਹ ਦਾ ਗਵਾਹ ਹੋਣਾ ਕਿਉਂ ਵੱਡੇ ਸਨਮਾਨ ਦੀ ਗੱਲ ਹੈ?
ਕੀ ਤੁਸੀਂ ਬਪਤਿਸਮਾ ਲੈ ਕੇ ਯਹੋਵਾਹ ਦਾ ਇਕ ਗਵਾਹ ਬਣਨਾ ਚਾਹੁੰਦੇ ਹੋ?
ਕੀ ਕੋਈ ਗੱਲ ਇੱਦਾਂ ਕਰਨ ਤੋਂ ਤੁਹਾਨੂੰ ਰੋਕ ਰਹੀ ਹੈ?
ਤੁਹਾਡੇ ਖ਼ਿਆਲ ਵਿਚ ਬਪਤਿਸਮਾ ਲੈਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਮੈਨੂੰ ਨਹੀਂ ਲੱਗਦਾ ਕਿ ਬਪਤਿਸਮੇ ਤੋਂ ਬਾਅਦ ਮੈਂ ਯਹੋਵਾਹ ਦੀਆਂ ਸਾਰੀਆਂ ਮੰਗਾਂ ʼਤੇ ਖਰਾ ਉੱਤਰ ਪਾਵਾਂਗਾ।”
ਕੀ ਤੁਹਾਨੂੰ ਵੀ ਇੱਦਾਂ ਹੀ ਲੱਗਦਾ?
ਹੁਣ ਤਕ ਅਸੀਂ ਸਿੱਖਿਆ
ਚਾਹੇ ਬਪਤਿਸਮਾ ਲੈਣ ਵਿਚ ਤੁਹਾਨੂੰ ਜਿਹੜੀ ਮਰਜ਼ੀ ਰੁਕਾਵਟ ਆਵੇ, ਯਹੋਵਾਹ ਦੀ ਮਦਦ ਨਾਲ ਤੁਸੀਂ ਉਸ ਨੂੰ ਪਾਰ ਕਰ ਸਕਦੇ ਹੋ।
ਤੁਸੀਂ ਕੀ ਕਹੋਗੇ?
ਬਪਤਿਸਮਾ ਲੈਣ ਲਈ ਤੁਹਾਨੂੰ ਬਾਈਬਲ ਦਾ ਕਿੰਨਾ ਕੁ ਗਿਆਨ ਹੋਣਾ ਜ਼ਰੂਰੀ ਹੈ?
ਬਪਤਿਸਮਾ ਲੈਣ ਲਈ ਸ਼ਾਇਦ ਤੁਹਾਨੂੰ ਕਿਹੜੇ ਬਦਲਾਅ ਕਰਨੇ ਪੈਣ?
ਤੁਹਾਨੂੰ ਬਪਤਿਸਮਾ ਲੈਣ ਤੋਂ ਕਿਉਂ ਨਹੀਂ ਡਰਨਾ ਚਾਹੀਦਾ?
ਇਹ ਵੀ ਦੇਖੋ
ਜਾਣੋ ਕਿ ਬਪਤਿਸਮਾ ਲੈਣ ਦੇ ਕੁਝ ਕਾਰਨ ਕੀ ਹਨ।
ਜਾਣੋ ਕਿ ਤੁਸੀਂ ਉਨ੍ਹਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰ ਸਕਦੇ ਹੋ ਜੋ ਬਪਤਿਸਮਾ ਲੈਣ ਤੋਂ ਤੁਹਾਨੂੰ ਰੋਕ ਰਹੀਆਂ ਹਨ।
“ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?” (ਪਹਿਰਾਬੁਰਜ, ਮਾਰਚ 2019)
ਆਓ ਦੇਖੀਏ ਕਿ ਇਕ ਆਦਮੀ ਨੇ ਕਿਵੇਂ ਵੱਡੀਆਂ-ਵੱਡੀਆਂ ਰੁਕਾਵਟਾਂ ਪਾਰ ਕਰ ਕੇ ਬਪਤਿਸਮਾ ਲਿਆ।
ਅਤਾ ਬਪਤਿਸਮਾ ਲੈਣ ਤੋਂ ਝਿਜਕ ਰਿਹਾ ਸੀ। ਦੇਖੋ ਕਿ ਕਿਹੜੀ ਗੱਲ ਤੋਂ ਉਸ ਨੂੰ ਯਕੀਨ ਹੋਇਆ ਕਿ ਉਸ ਨੂੰ ਇਹ ਅਹਿਮ ਕਦਮ ਚੁੱਕਣਾ ਚਾਹੀਦਾ ਹੈ।