ਰਿਹਾਈ-ਕੀਮਤ ਸਾਨੂੰ ਕਿਵੇਂ ਬਚਾਉਂਦੀ ਹੈ?
“ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ।”—ਯੂਹੰ. 3:36.
1, 2. ਕਿਹੜੇ ਇਕ ਕਾਰਨ ਕਰਕੇ ਜ਼ਾਯੰਸ ਵਾਚ ਟਾਵਰ ਪਹਿਲਾਂ-ਪਹਿਲਾਂ ਛਾਪਿਆ ਗਿਆ ਸੀ?
ਅਕਤੂਬਰ 1879 ਵਿਚ ਇਸ ਰਸਾਲੇ ਦੇ ਚੌਥੇ ਅੰਕ ਵਿਚ ਦੱਸਿਆ ਗਿਆ ਸੀ: “ਜੇ ਕੋਈ ਵਿਅਕਤੀ ਧਿਆਨ ਨਾਲ ਬਾਈਬਲ ਦਾ ਅਧਿਐਨ ਕਰਦਾ ਹੈ, ਤਾਂ ਉਹ ਮਸੀਹ ਦੀ ਮੌਤ ਦੀ ਅਹਿਮੀਅਤ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ।” ਉਸ ਲੇਖ ਦੇ ਅੰਤ ਵਿਚ ਇਹ ਗੰਭੀਰ ਟਿੱਪਣੀ ਕੀਤੀ ਗਈ ਸੀ: “ਆਓ ਅਸੀਂ ਉਸ ਹਰ ਚੀਜ਼ ਤੋਂ ਖ਼ਬਰਦਾਰ ਰਹੀਏ ਜੋ ਸਾਡੀ ਕਦਰ ਨੂੰ ਘਟਾਉਂਦੀ ਹੈ ਕਿ ਮਸੀਹ ਦੀ ਮੌਤ ਪਾਪ ਲਈ ਭੇਟ ਅਤੇ ਪ੍ਰਾਸਚਿਤ ਸੀ।”—1 ਯੂਹੰਨਾ 2:1, 2 ਪੜ੍ਹੋ।
2 ਜੁਲਾਈ 1879 ਵਿਚ ਜ਼ਾਯੰਸ ਵਾਚ ਟਾਵਰ ਪਹਿਲਾਂ-ਪਹਿਲਾਂ ਇਹ ਸਬੂਤ ਦੇਣ ਲਈ ਛਾਪਿਆ ਜਾਣ ਲੱਗਾ ਕਿ ਬਾਈਬਲ ਵਿਚ ਪਾਈ ਜਾਂਦੀ ਰਿਹਾਈ-ਕੀਮਤ ਦੀ ਸਿੱਖਿਆ ਸਹੀ ਸੀ। ਇਸ ਰਸਾਲੇ ਵਿਚਲੀ ਜਾਣਕਾਰੀ “ਵੇਲੇ ਸਿਰ” ਦਿੱਤੀ ਗਈ “ਰਸਤ” ਸੀ ਕਿਉਂਕਿ 1800 ਦੇ ਦਹਾਕੇ ਦੇ ਅਖ਼ੀਰ ਵਿਚ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਲੋਕ ਸ਼ੱਕ ਕਰਨ ਲੱਗ ਪਏ ਸਨ ਕਿ ਮਸੀਹ ਦੀ ਮੌਤ ਸਾਡੇ ਪਾਪਾਂ ਲਈ ਕੁਰਬਾਨੀ ਕਿਵੇਂ ਹੋ ਸਕਦੀ ਹੈ। (ਮੱਤੀ 24:45) ਉਸ ਵੇਲੇ ਕਈ ਵਿਕਾਸਵਾਦ ਦੀ ਥਿਊਰੀ ਵਿਚ ਵਿਸ਼ਵਾਸ ਕਰਨ ਲੱਗ ਪਏ ਸਨ। ਇਸ ਥਿਊਰੀ ਅਨੁਸਾਰ ਮਨੁੱਖ ਨੇ ਕਦੇ ਮੁਕੰਮਲ ਜ਼ਿੰਦਗੀ ਨਹੀਂ ਗੁਆਈ। ਵਿਕਾਸਵਾਦੀ ਸਿਖਾਉਂਦੇ ਹਨ ਕਿ ਇਨਸਾਨ ਆਪਣੇ ਆਪ ਸੁਧਰ ਰਹੇ ਹਨ ਤੇ ਉਨ੍ਹਾਂ ਨੂੰ ਰਿਹਾਈ-ਕੀਮਤ ਦੀ ਕੋਈ ਲੋੜ ਨਹੀਂ। ਤਾਂ ਫਿਰ ਤਿਮੋਥਿਉਸ ਨੂੰ ਦਿੱਤੀ ਪੌਲੁਸ ਰਸੂਲ ਦੀ ਸਲਾਹ ਖ਼ਾਸ ਕਰਕੇ ਢੁਕਵੀਂ ਹੈ: “ਉਸ ਅਮਾਨਤ ਦੀ ਰਖਵਾਲੀ ਕਰ ਅਤੇ ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲੈ। ਕਈ ਲੋਕ ਉਸ ਗਿਆਨ ਨੂੰ ਮੰਨ ਕੇ ਨਿਹਚਾ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ।”—1 ਤਿਮੋ. 6:20, 21.
3. ਅਸੀਂ ਹੁਣ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
3 ਕੋਈ ਸ਼ੱਕ ਨਹੀਂ ਕਿ ਤੁਸੀਂ ਠਾਣਿਆ ਹੈ ਕਿ ਤੁਸੀਂ ‘ਨਿਹਚਾ ਤੋਂ ਨਹੀਂ ਖੁੰਝੋਗੇ।’ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਇਨ੍ਹਾਂ ਸਵਾਲਾਂ ʼਤੇ ਗੌਰ ਕਰਨਾ ਚੰਗਾ ਹੋਵੇਗਾ: ਮੈਨੂੰ ਰਿਹਾਈ-ਕੀਮਤ ਦੀ ਕਿਉਂ ਲੋੜ ਹੈ? ਰਿਹਾਈ-ਕੀਮਤ ਦੇਣੀ ਕਿੰਨੀ ਮਹਿੰਗੀ ਪਈ? ਮੈਂ ਇਸ ਵਧੀਆ ਪ੍ਰਬੰਧ ਤੋਂ ਕਿਵੇਂ ਫ਼ਾਇਦਾ ਉਠਾ ਸਕਦਾ ਹਾਂ ਜਿਸ ਸਦਕਾ ਮੈਂ ਪਰਮੇਸ਼ੁਰ ਦੇ ਕ੍ਰੋਧ ਤੋਂ ਬਚ ਸਕਦਾ ਹਾਂ?
ਪਰਮੇਸ਼ੁਰ ਦੇ ਕ੍ਰੋਧ ਤੋਂ ਬਚਣਾ
4, 5. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਇਸ ਬੁਰੀ ਦੁਨੀਆਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਹੈ?
4 ਬਾਈਬਲ ਅਤੇ ਮਨੁੱਖੀ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਤੋਂ ਆਦਮ ਪਾਪ ਦਾ ਗ਼ੁਲਾਮ ਬਣਿਆ ਹੈ, ਤਦ ਤੋਂ ਪਰਮੇਸ਼ੁਰ ਦਾ ਕ੍ਰੋਧ ਮਨੁੱਖਜਾਤੀ ʼਤੇ ‘ਰਿਹਾ ਹੈ।’ (ਯੂਹੰ. 3:36) ਇਹ ਹਕੀਕਤ ਅਸੀਂ ਇਸ ਗੱਲ ਤੋਂ ਦੇਖ ਸਕਦੇ ਹਾਂ ਕਿ ਹਰ ਇਨਸਾਨ ਨੂੰ ਆਖ਼ਰ ਵਿਚ ਮਰਨਾ ਹੀ ਪੈਂਦਾ ਹੈ। ਸ਼ਤਾਨ ਦੀ ਹਕੂਮਤ ਇਨਸਾਨਾਂ ਨੂੰ ਬਿਪਤਾਵਾਂ ਤੋਂ ਬਚਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਕੋਈ ਵੀ ਇਨਸਾਨੀ ਸਰਕਾਰ ਆਪਣੇ ਨਾਗਰਿਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੀ। (1 ਯੂਹੰ. 5:19) ਇਸ ਲਈ ਮਨੁੱਖਜਾਤੀ ਯੁੱਧ, ਅਪਰਾਧ ਅਤੇ ਗ਼ਰੀਬੀ ਦੀ ਮਾਰ ਸਹਿ ਰਹੀ ਹੈ।
5 ਇਸ ਤੋਂ ਸਪੱਸ਼ਟ ਹੈ ਕਿ ਯਹੋਵਾਹ ਦੀ ਬਰਕਤ ਇਸ ਬੁਰੀ ਦੁਨੀਆਂ ਉੱਤੇ ਨਹੀਂ ਹੈ। ਪੌਲੁਸ ਨੇ ਦੱਸਿਆ ਕਿ ਹਰ ਤਰ੍ਹਾਂ ਦੀ ਬੁਰਾਈ ਉੱਤੇ “ਪਰਮੇਸ਼ੁਰ ਦਾ ਕ੍ਰੋਧ ਤਾਂ ਅਕਾਸ਼ੋਂ ਪਰਗਟ ਹੋਇਆ” ਹੈ। (ਰੋਮੀ. 1:18-20) ਇਸ ਲਈ ਜਿਹੜੇ ਬਿਨਾਂ ਪਛਤਾਏ ਗੰਦੀ ਜ਼ਿੰਦਗੀ ਜੀਉਂਦੇ ਹਨ, ਉਨ੍ਹਾਂ ਨੂੰ ਆਪਣੀ ਕਰਨੀ ਦੇ ਨਤੀਜੇ ਭੁਗਤਣੇ ਪੈਣਗੇ। ਅੱਜ ਪਰਮੇਸ਼ੁਰ ਦੇ ਕ੍ਰੋਧ ਬਾਰੇ ਐਲਾਨ ਕੀਤੇ ਜਾ ਰਹੇ ਨਿਆਂ ਦੇ ਸੰਦੇਸ਼ ਸ਼ਤਾਨ ਦੀ ਦੁਨੀਆਂ ਉੱਤੇ ਬਵਾਂ ਦੀ ਤਰ੍ਹਾਂ ਹਨ। ਇਹ ਸੰਦੇਸ਼ ਸਾਡੇ ਬਹੁਤ ਸਾਰੇ ਬਾਈਬਲ ʼਤੇ ਆਧਾਰਿਤ ਪ੍ਰਕਾਸ਼ਨਾਂ ਵਿਚ ਪਾਏ ਜਾਂਦੇ ਹਨ।—ਪਰ. 16:1.
6, 7. ਮਸਹ ਕੀਤੇ ਹੋਏ ਮਸੀਹੀ ਕਿਹੜੇ ਕੰਮ ਵਿਚ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਲੋਕਾਂ ਕੋਲ ਕਿਹੜਾ ਮੌਕਾ ਹੈ ਜਿਹੜੇ ਸ਼ਤਾਨ ਦੀ ਦੁਨੀਆਂ ਦਾ ਹਿੱਸਾ ਹਨ?
6 ਕੀ ਇਸ ਦਾ ਇਹ ਮਤਲਬ ਹੈ ਕਿ ਲੋਕ ਹੁਣ ਸ਼ਤਾਨ ਦੇ ਵੱਸ ਵਿਚ ਹੀ ਰਹਿਣਗੇ ਤੇ ਪਰਮੇਸ਼ੁਰ ਦੀ ਮਿਹਰ ਨਹੀਂ ਪਾ ਸਕਦੇ? ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਲੋਕਾਂ ਕੋਲ ਹਾਲੇ ਵੀ ਪਰਮੇਸ਼ੁਰ ਨਾਲ ਮੇਲ ਕਰਨ ਦਾ ਮੌਕਾ ਹੈ। ਮਸਹ ਕੀਤੇ ਹੋਏ ਮਸੀਹੀ, ਜੋ “ਮਸੀਹ ਦੇ ਏਲਚੀ” ਹਨ, ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰ ਰਹੇ ਹਨ ਅਤੇ ਇਸ ਕੰਮ ਦੇ ਜ਼ਰੀਏ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸੱਦਾ ਦੇ ਰਹੇ ਹਨ: “ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ।”—2 ਕੁਰਿੰ. 5:20, 21.
7 ਪੌਲੁਸ ਰਸੂਲ ਨੇ ਕਿਹਾ ਕਿ ਯਿਸੂ “ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾ ਲੈਂਦਾ ਹੈ।” (1 ਥੱਸ. 1:10) ਅਖ਼ੀਰ ਵਿਚ ਯਹੋਵਾਹ ਦੇ ਕ੍ਰੋਧ ਸਦਕਾ ਪਛਤਾਵਾ ਨਾ ਕਰਨ ਵਾਲੇ ਪਾਪੀਆਂ ਦਾ ਹਮੇਸ਼ਾ ਲਈ ਨਾਸ਼ ਹੋ ਜਾਵੇਗਾ। (2 ਥੱਸ. 1:6-9) ਕੌਣ ਬਚੇਗਾ? ਬਾਈਬਲ ਦੱਸਦੀ ਹੈ: “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ ਸਗੋਂ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਰਹਿੰਦਾ ਹੈ।” (ਯੂਹੰ. 3:36) ਜੀ ਹਾਂ, ਹੁਣ ਜੀਉਂਦੇ ਉਹ ਸਾਰੇ ਲੋਕ ਦੁਨੀਆਂ ਦੇ ਅੰਤ ਵੇਲੇ ਪਰਮੇਸ਼ੁਰ ਦੇ ਕ੍ਰੋਧ ਦੇ ਆਖ਼ਰੀ ਦਿਨ ਬਚ ਜਾਣਗੇ ਜੋ ਯਿਸੂ ਉੱਤੇ ਅਤੇ ਉਸ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਨ।
ਰਿਹਾਈ-ਕੀਮਤ ਦੇਣ ਵਿਚ ਕੀ ਕੁਝ ਸ਼ਾਮਲ ਸੀ?
8. (ੳ) ਆਦਮ ਅਤੇ ਹੱਵਾਹ ਅੱਗੇ ਕਿਹੋ ਜਿਹਾ ਸ਼ਾਨਦਾਰ ਭਵਿੱਖ ਪਿਆ ਸੀ? (ਅ) ਯਹੋਵਾਹ ਨੇ ਕਿਵੇਂ ਸਾਬਤ ਕੀਤਾ ਕਿ ਉਹ ਇਨਸਾਫ਼ ਦਾ ਪਰਮੇਸ਼ੁਰ ਹੈ?
8 ਆਦਮ ਅਤੇ ਹੱਵਾਹ ਨੂੰ ਮੁਕੰਮਲ ਬਣਾਇਆ ਗਿਆ ਸੀ। ਜੇ ਉਹ ਪਰਮੇਸ਼ੁਰ ਦੇ ਵਫ਼ਾਦਾਰ ਰਹਿੰਦੇ, ਤਾਂ ਧਰਤੀ ਹੁਣ ਉਨ੍ਹਾਂ ਦੀ ਖ਼ੁਸ਼ ਔਲਾਦ ਨਾਲ ਭਰੀ ਹੋਈ ਹੁੰਦੀ ਤੇ ਸਾਰੇ ਇਕੱਠੇ ਸੋਹਣੀ ਧਰਤੀ ਉੱਤੇ ਰਹਿੰਦੇ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਮੁਢਲੇ ਮਾਪਿਆਂ ਨੇ ਜਾਣ-ਬੁੱਝ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ। ਨਤੀਜੇ ਵਜੋਂ, ਉਨ੍ਹਾਂ ਨੂੰ ਸਜ਼ਾ-ਏ-ਮੌਤ ਦਿੱਤੀ ਗਈ ਤੇ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਗਿਆ। ਸੋ ਜਦ ਤਕ ਆਦਮ ਅਤੇ ਹੱਵਾਹ ਦੇ ਬੱਚੇ ਹੋਏ, ਤਦ ਤਕ ਮਨੁੱਖਜਾਤੀ ਨੂੰ ਪਾਪ ਦਾ ਘੁਣ ਲੱਗ ਚੁੱਕਾ ਸੀ ਅਤੇ ਪਹਿਲਾ ਆਦਮੀ ਅਤੇ ਔਰਤ ਬੁੱਢੇ ਹੋ ਕੇ ਅਖ਼ੀਰ ਮਰ ਗਏ। ਇਸ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਆਪਣੇ ਵਚਨ ਦਾ ਪੱਕਾ ਹੈ। ਇਸ ਤੋਂ ਇਲਾਵਾ, ਉਹ ਇਨਸਾਫ਼ ਦਾ ਪਰਮੇਸ਼ੁਰ ਹੈ। ਯਹੋਵਾਹ ਨੇ ਆਦਮ ਨੂੰ ਚੇਤਾਵਨੀ ਦਿੱਤੀ ਸੀ ਕਿ ਮਨ੍ਹਾ ਕੀਤਾ ਗਿਆ ਫਲ ਖਾਣ ਦਾ ਅੰਜਾਮ ਮੌਤ ਹੋਵੇਗਾ ਤੇ ਇੱਦਾਂ ਹੀ ਹੋਇਆ।
9, 10. (ੳ) ਆਦਮ ਦੀ ਔਲਾਦ ਕਿਉਂ ਮਰਦੀ ਹੈ? (ਅ) ਅਸੀਂ ਮੌਤ ਦੀ ਸਜ਼ਾ ਤੋਂ ਕਿਵੇਂ ਬਚ ਸਕਦੇ ਹਾਂ?
9 ਆਦਮ ਦੀ ਔਲਾਦ ਹੋਣ ਕਰਕੇ ਸਾਨੂੰ ਅਜਿਹਾ ਸਰੀਰ ਮਿਲਿਆ ਹੈ ਜੋ ਪਾਪ ਅੱਗੇ ਝੁਕ ਜਾਂਦਾ ਹੈ ਅਤੇ ਅਖ਼ੀਰ ਮਰ ਜਾਂਦਾ ਹੈ। ਜਦੋਂ ਆਦਮ ਨੇ ਪਾਪ ਕੀਤਾ ਉਦੋਂ ਅਸੀਂ ਹਾਲੇ ਜੰਮੇ ਵੀ ਨਹੀਂ ਸੀ, ਇਸ ਲਈ ਮੌਤ ਦੀ ਸਜ਼ਾ ਸਾਨੂੰ ਵੀ ਮਿਲੀ ਹੈ। ਜੇ ਯਹੋਵਾਹ ਰਿਹਾਈ-ਕੀਮਤ ਦਿੱਤੇ ਬਿਨਾਂ ਮੌਤ ਦੀ ਸਜ਼ਾ ਰੱਦ ਕਰ ਦਿੰਦਾ, ਤਾਂ ਆਦਮ ਨੂੰ ਕਹੀ ਉਸ ਦੀ ਗੱਲ ਝੂਠੀ ਹੋਣੀ ਸੀ। ਅਸਲ ਵਿਚ ਪੌਲੁਸ ਨੇ ਸਾਡੇ ਬਾਰੇ ਗੱਲ ਕਰਦੇ ਹੋਏ ਕਿਹਾ: ‘ਅਸੀਂ ਜਾਣਦੇ ਤਾਂ ਹਾਂ ਜੋ ਸ਼ਰਾ ਆਤਮਕ ਹੈ ਪਰ ਮੈਂ ਸਰੀਰਕ ਅਤੇ ਪਾਪ ਦੇ ਹੱਥ ਵਿਕਿਆ ਹੋਇਆ ਹਾਂ। ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ! ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ?’—ਰੋਮੀ. 7:14, 24.
10 ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਕਾਨੂੰਨੀ ਆਧਾਰ ਤੇ ਸਾਡੇ ਪਾਪ ਮਾਫ਼ ਕਰ ਸਕਦਾ ਸੀ ਅਤੇ ਮੌਤ ਦੀ ਸਜ਼ਾ ਤੋਂ ਛੁਡਾ ਸਕਦਾ ਸੀ। ਇਸ ਤਰ੍ਹਾਂ ਕਰਨ ਲਈ ਉਸ ਨੇ ਸਵਰਗ ਤੋਂ ਆਪਣੇ ਪਿਆਰੇ ਪੁੱਤਰ ਨੂੰ ਮੁਕੰਮਲ ਇਨਸਾਨ ਦੇ ਰੂਪ ਵਿਚ ਪੈਦਾ ਹੋਣ ਲਈ ਧਰਤੀ ʼਤੇ ਭੇਜਿਆ ਤਾਂਕਿ ਉਹ ਸਾਡੇ ਲਈ ਕੁਰਬਾਨੀ ਦੇ ਸਕੇ। ਆਦਮ ਦੇ ਉਲਟ ਯਿਸੂ ਮੁਕੰਮਲ ਰਿਹਾ ਅਤੇ “ਉਹ ਨੇ ਕੋਈ ਪਾਪ ਨਹੀਂ ਕੀਤਾ।” (1 ਪਤ. 2:22) ਇਸ ਤਰ੍ਹਾਂ ਯਿਸੂ ਵਿਚ ਮੁਕੰਮਲ ਬੱਚੇ ਪੈਦਾ ਕਰਨ ਦੀ ਕਾਬਲੀਅਤ ਸੀ। ਪਰੰਤੂ ਉਸ ਨੇ ਪਰਮੇਸ਼ੁਰ ਦੇ ਦੁਸ਼ਮਣਾਂ ਦੇ ਹੱਥੋਂ ਆਪਣੇ ਆਪ ਨੂੰ ਮਰਨ ਦਿੱਤਾ ਤਾਂਕਿ ਉਹ ਆਦਮ ਦੀ ਪਾਪੀ ਔਲਾਦ ਨੂੰ ਗੋਦ ਲੈ ਸਕੇ ਅਤੇ ਉਸ ਉੱਤੇ ਨਿਹਚਾ ਕਰਨ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕੇ। ਬਾਈਬਲ ਸਮਝਾਉਂਦੀ ਹੈ: “ਪਰਮੇਸ਼ੁਰ ਇੱਕੋ ਹੈ ਅਰ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ। ਜਿਹ ਨੇ ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ।”—1 ਤਿਮੋ. 2:5, 6.
11. (ੳ) ਰਿਹਾਈ-ਕੀਮਤ ਦੇ ਫ਼ਾਇਦਿਆਂ ਬਾਰੇ ਕਿਵੇਂ ਸਮਝਾਇਆ ਜਾ ਸਕਦਾ ਹੈ? (ਅ) ਰਿਹਾਈ-ਕੀਮਤ ਦੇ ਫ਼ਾਇਦੇ ਕਿਨ੍ਹਾਂ ਨੂੰ ਹੋਣਗੇ?
11 ਰਿਹਾਈ-ਕੀਮਤ ਦੇਣ ਵਿਚ ਕੀ ਕੁਝ ਸ਼ਾਮਲ ਸੀ, ਉਸ ਨੂੰ ਇਕ ਮਿਸਾਲ ਨਾਲ ਸਮਝਾਇਆ ਜਾ ਸਕਦਾ ਹੈ। ਫ਼ਰਜ਼ ਕਰੋ ਕਿ ਭ੍ਰਿਸ਼ਟ ਬੈਂਕ ਨੇ ਲੋਕਾਂ ਦਾ ਜਮ੍ਹਾ ਕੀਤਾ ਹੋਇਆ ਸਾਰਾ ਪੈਸਾ ਠੱਗ ਲਿਆ ਅਤੇ ਲੋਕ ਕਰਜ਼ੇ ਦੇ ਬੋਝ ਥੱਲੇ ਆ ਗਏ। ਬੈਂਕ ਦੇ ਮਾਲਕਾਂ ਨੂੰ ਜਾਇਜ਼ ਤੌਰ ਤੇ ਕਈ ਸਾਲਾਂ ਲਈ ਜੇਲ੍ਹ ਦੀ ਸਜ਼ਾ ਹੋ ਜਾਂਦੀ ਹੈ। ਪਰ ਉਨ੍ਹਾਂ ਬੇਕਸੂਰ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਦੀ ਪੂੰਜੀ ਲੁੱਟੀ ਗਈ? ਇਹ ਲੋਕ ਗ਼ਰੀਬੀ ਵਿੱਚੋਂ ਤਾਹੀਓਂ ਬਾਹਰ ਨਿਕਲ ਸਕਦੇ ਹਨ ਜੇ ਕੋਈ ਅਮੀਰ ਬੰਦਾ ਬੈਂਕ ਨੂੰ ਦੁਬਾਰਾ ਖੋਲ੍ਹੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਸਾਰੇ ਪੈਸੇ ਮੋੜੇ ਤਾਂਕਿ ਉਨ੍ਹਾਂ ਦਾ ਕਰਜ਼ਾ ਲਹਿ ਸਕੇ। ਇਸੇ ਤਰ੍ਹਾਂ, ਯਹੋਵਾਹ ਅਤੇ ਉਸ ਦੇ ਪਿਆਰੇ ਪੁੱਤਰ ਨੇ ਆਦਮ ਦੀ ਔਲਾਦ ਨੂੰ ਖ਼ਰੀਦ ਲਿਆ ਅਤੇ ਯਿਸੂ ਦੇ ਵਹਾਏ ਗਏ ਲਹੂ ਦੇ ਆਧਾਰ ਤੇ ਉਨ੍ਹਾਂ ਦੇ ਪਾਪ ਦਾ ਕਰਜ਼ਾ ਮਾਫ਼ ਕਰ ਦਿੱਤਾ। ਇਸੇ ਲਈ ਯੂਹੰਨਾ ਬਪਤਿਸਮਾ ਦੇਣ ਵਾਲਾ ਯਿਸੂ ਬਾਰੇ ਕਹਿ ਸਕਿਆ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!” (ਯੂਹੰ. 1:29) ਇੱਥੇ ਜਿਸ ਜਗਤ ਦੇ ਪਾਪ ਚੁੱਕੇ ਗਏ ਹਨ, ਉਸ ਵਿਚ ਜੀਉਂਦੇ ਤੇ ਮਰੇ ਦੋਹਾਂ ਤਰ੍ਹਾਂ ਦੇ ਲੋਕ ਸ਼ਾਮਲ ਹਨ।
ਰਿਹਾਈ-ਕੀਮਤ ਦੇਣੀ ਕਿੰਨੀ ਮਹਿੰਗੀ ਪਈ?
12, 13. ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਕਿ ਅਬਰਾਹਾਮ ਇਸਹਾਕ ਦੀ ਕੁਰਬਾਨੀ ਦੇਣ ਲਈ ਤਿਆਰ ਸੀ?
12 ਅਸੀਂ ਸਮਝ ਵੀ ਨਹੀਂ ਸਕਦੇ ਕਿ ਕੁਰਬਾਨੀ ਦੇਣ ਲਈ ਸਾਡੇ ਸਵਰਗੀ ਪਿਤਾ ਯਹੋਵਾਹ ਅਤੇ ਉਸ ਦੇ ਪਿਆਰੇ ਪੁੱਤਰ ਨੂੰ ਕਿੰਨੀ ਵੱਡੀ ਕੀਮਤ ਚੁਕਾਉਣੀ ਪਈ। ਪਰ ਬਾਈਬਲ ਵਿਚ ਪਾਏ ਜਾਂਦੇ ਤਜਰਬਿਆਂ ਦੀ ਮਦਦ ਨਾਲ ਅਸੀਂ ਇਸ ਮਾਮਲੇ ਉੱਤੇ ਗੌਰ ਕਰ ਸਕਦੇ ਹਾਂ। ਮਿਸਾਲ ਲਈ ਜ਼ਰਾ ਸੋਚੋ ਕਿ ਅਬਰਾਹਾਮ ਨੂੰ ਕਿਵੇਂ ਲੱਗਾ ਹੋਣਾ ਜਦੋਂ ਉਸ ਨੇ ਪਰਮੇਸ਼ੁਰ ਦੇ ਹੁਕਮ ਅਨੁਸਾਰ ਮੋਰੀਆਹ ਜਾਣ ਲਈ ਤਿੰਨ ਦਿਨ ਦਾ ਸਫ਼ਰ ਕੀਤਾ। ਪਰਮੇਸ਼ੁਰ ਨੇ ਹੁਕਮ ਦਿੱਤਾ ਸੀ: “ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ ਮੋਰੀਆਹ ਦੀ ਧਰਤੀ ਨੂੰ ਜਾਹ ਅਤੇ ਪਹਾੜਾਂ ਵਿੱਚੋਂ ਇੱਕ ਉੱਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬਲੀ ਕਰਕੇ ਚੜ੍ਹਾ।”—ਉਤ. 22:2-4.
13 ਅਬਰਾਹਾਮ ਦੱਸੀ ਥਾਂ ਤੇ ਪਹੁੰਚ ਗਿਆ। ਜ਼ਰਾ ਸੋਚੋ ਕਿ ਅਬਰਾਹਾਮ ਦਾ ਦਿਲ ਤੜਫ ਉੱਠਿਆ ਹੋਣਾ ਜਦ ਉਸ ਨੇ ਇਸਹਾਕ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਜਗਵੇਦੀ ਉੱਤੇ ਲਿਟਾਇਆ ਜੋ ਅਬਰਾਹਾਮ ਨੇ ਆਪਣੇ ਹੱਥੀਂ ਬਣਾਈ ਸੀ। ਆਪਣੇ ਪੁੱਤਰ ਨੂੰ ਮਾਰਨ ਲਈ ਅਬਰਾਹਾਮ ਨੂੰ ਚਾਕੂ ਚੁੱਕਣ ਲੱਗਿਆਂ ਕਿੰਨਾ ਦੁੱਖ ਹੋਇਆ ਹੋਣਾ! ਜਗਵੇਦੀ ਉੱਤੇ ਪਏ ਇਸਹਾਕ ਦੇ ਜਜ਼ਬਾਤਾਂ ਦੀ ਕਲਪਨਾ ਕਰੋ ਜੋ ਤਿੱਖਾ ਚਾਕੂ ਲੱਗਣ ਤੇ ਤੜਫ-ਤੜਫ ਕੇ ਮਰਨ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਯਹੋਵਾਹ ਦੇ ਦੂਤ ਨੇ ਐਨ ਮੌਕੇ ਤੇ ਆ ਕੇ ਅਬਰਾਹਾਮ ਨੂੰ ਰੋਕ ਦਿੱਤਾ। ਸੋ ਅਬਰਾਹਾਮ ਅਤੇ ਇਸਹਾਕ ਨੇ ਉਸ ਮੌਕੇ ਉੱਤੇ ਜੋ ਕੁਝ ਕੀਤਾ, ਉਸ ਦੀ ਮਦਦ ਨਾਲ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੂੰ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਉਸ ਨੇ ਸ਼ਤਾਨ ਪਿੱਛੇ ਲੱਗੇ ਲੋਕਾਂ ਦੇ ਹੱਥੋਂ ਆਪਣੇ ਪੁੱਤਰ ਦਾ ਕਤਲ ਹੋਣ ਦਿੱਤਾ। ਇਸਹਾਕ ਨੇ ਅਬਰਾਹਾਮ ਦਾ ਜਿਵੇਂ ਸਾਥ ਦਿੱਤਾ, ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਖ਼ੁਸ਼ੀ-ਖ਼ੁਸ਼ੀ ਸਾਡੀ ਖ਼ਾਤਰ ਦੁੱਖ ਝੱਲਣ ਅਤੇ ਜਾਨ ਦੇਣ ਲਈ ਤਿਆਰ ਸੀ।—ਇਬ. 11:17-19.
14. ਯਾਕੂਬ ਦੀ ਜ਼ਿੰਦਗੀ ਵਿਚ ਹੋਈ ਕਿਹੜੀ ਘਟਨਾ ਦੀ ਮਦਦ ਨਾਲ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੂੰ ਰਿਹਾਈ-ਕੀਮਤ ਕਿੰਨੀ ਮਹਿੰਗੀ ਪਈ?
14 ਯਾਕੂਬ ਦੀ ਜ਼ਿੰਦਗੀ ਵਿਚ ਹੋਈ ਇਕ ਘਟਨਾ ਦੀ ਮਦਦ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਰਿਹਾਈ-ਕੀਮਤ ਦੇਣੀ ਕਿੰਨੀ ਮਹਿੰਗੀ ਪਈ। ਆਪਣੇ ਸਾਰੇ ਪੁੱਤਰਾਂ ਵਿੱਚੋਂ ਯਾਕੂਬ ਯੂਸੁਫ਼ ਨੂੰ ਜ਼ਿਆਦਾ ਪਿਆਰ ਕਰਦਾ ਸੀ। ਅਫ਼ਸੋਸ ਦੀ ਗੱਲ ਹੈ ਕਿ ਯੂਸੁਫ਼ ਦੇ ਭਰਾ ਉਸ ਤੋਂ ਜਲ਼ਦੇ ਸਨ ਤੇ ਉਸ ਨੂੰ ਨਫ਼ਰਤ ਕਰਨ ਲੱਗ ਪਏ। ਫਿਰ ਵੀ ਯੂਸੁਫ਼ ਆਪਣੇ ਪਿਤਾ ਦੇ ਕਹਿਣ ਤੇ ਇਕ ਦਿਨ ਆਪਣੇ ਭਰਾਵਾਂ ਨੂੰ ਦੇਖਣ ਗਿਆ ਕਿ ਉਹ ਠੀਕ-ਠਾਕ ਸਨ ਜਾਂ ਨਹੀਂ। ਉਸ ਵੇਲੇ ਉਹ ਹਬਰੋਨ ਵਿਚ ਆਪਣੇ ਘਰ ਤੋਂ 100 ਕਿਲੋਮੀਟਰ ਦੂਰ ਉੱਤਰ ਵੱਲ ਯਾਕੂਬ ਦੇ ਇੱਜੜ ਨੂੰ ਚਾਰ ਰਹੇ ਸਨ। ਕਲਪਨਾ ਕਰੋ ਕਿ ਯਾਕੂਬ ਨੇ ਕਿਵੇਂ ਮਹਿਸੂਸ ਕੀਤਾ ਹੋਣਾ ਜਦੋਂ ਉਸ ਦੇ ਪੁੱਤਰ ਲਹੂ ਨਾਲ ਭਿੱਜੇ ਯੂਸੁਫ਼ ਦੇ ਚੋਗੇ ਨੂੰ ਲੈ ਕੇ ਵਾਪਸ ਆਏ! ਦੇਖਦਿਆਂ ਹੀ ਯਾਕੂਬ ਕਹਿ ਉੱਠਿਆ: “ਏਹ ਮੇਰੇ ਪੁੱਤ੍ਰ ਦਾ ਚੋਲਾ ਹੈ। ਕੋਈ ਬੁਰਾ ਜਾਨਵਰ ਉਹ ਨੂੰ ਭੱਛ ਗਿਆ। ਯੂਸੁਫ਼ ਜ਼ਰੂਰ ਹੀ ਪਾੜਿਆ ਗਿਆ ਹੈ।” ਇਸ ਸਭ ਤੋਂ ਯਾਕੂਬ ਨੂੰ ਬਹੁਤ ਸਦਮਾ ਲੱਗਾ ਤੇ ਉਹ ਕਈ ਦਿਨਾਂ ਤਾਈਂ ਸੋਗ ਕਰਦਾ ਰਿਹਾ। (ਉਤ. 37:33, 34) ਪਰ ਯਹੋਵਾਹ ਕਿਸੇ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਤੇ ਇਨਸਾਨਾਂ ਵਾਂਗ ਨਹੀਂ ਕਰਦਾ। ਫਿਰ ਵੀ ਯਾਕੂਬ ਦੀ ਜ਼ਿੰਦਗੀ ਵਿਚ ਹੋਈ ਇਸ ਘਟਨਾ ਦੀ ਮਦਦ ਨਾਲ ਅਸੀਂ ਕੁਝ ਹੱਦ ਤਕ ਸਮਝ ਸਕਦੇ ਹਾਂ ਕਿ ਪਰਮੇਸ਼ੁਰ ਨੂੰ ਕਿਵੇਂ ਲੱਗਾ ਹੋਣਾ ਜਦੋਂ ਧਰਤੀ ਉੱਤੇ ਉਸ ਦੇ ਪਿਆਰੇ ਪੁੱਤਰ ਨਾਲ ਮਾੜਾ ਸਲੂਕ ਕੀਤਾ ਗਿਆ ਤੇ ਬੇਰਹਿਮ ਮੌਤ ਮਾਰਿਆ ਗਿਆ।
ਰਿਹਾਈ-ਕੀਮਤ ਦੇ ਫ਼ਾਇਦੇ
15, 16. (ੳ) ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਸ ਨੇ ਰਿਹਾਈ-ਕੀਮਤ ਨੂੰ ਸਵੀਕਾਰ ਕੀਤਾ ਸੀ? (ਅ) ਤੁਸੀਂ ਕਿਵੇਂ ਰਿਹਾਈ-ਕੀਮਤ ਤੋਂ ਫ਼ਾਇਦਾ ਉਠਾਇਆ ਹੈ?
15 ਯਹੋਵਾਹ ਪਰਮੇਸ਼ੁਰ ਨੇ ਆਪਣੇ ਵਫ਼ਾਦਾਰ ਪੁੱਤਰ ਨੂੰ ਜ਼ਿੰਦਾ ਕਰ ਕੇ ਉਸ ਨੂੰ ਆਪਣੇ ਵਰਗਾ ਸ਼ਾਨਦਾਰ ਸਰੀਰ ਦਿੱਤਾ। (1 ਪਤ. 3:18) ਜੀਉਂਦਾ ਹੋਣ ਤੋਂ ਬਾਅਦ ਯਿਸੂ 40 ਦਿਨਾਂ ਤਾਈਂ ਆਪਣੇ ਚੇਲਿਆਂ ਨੂੰ ਦਰਸ਼ਣ ਦਿੰਦਾ ਰਿਹਾ, ਉਨ੍ਹਾਂ ਦੇ ਵਿਸ਼ਵਾਸ ਨੂੰ ਪੱਕਾ ਕਰਦਾ ਰਿਹਾ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਪ੍ਰਚਾਰ ਦੇ ਵੱਡੇ ਕੰਮ ਲਈ ਤਿਆਰ ਕਰਦਾ ਰਿਹਾ। ਫਿਰ ਉਹ ਸਵਰਗ ਚਲਾ ਗਿਆ। ਉੱਥੇ ਉਸ ਨੇ ਪਰਮੇਸ਼ੁਰ ਅੱਗੇ ਆਪਣੇ ਲਹੂ ਦੀ ਕੀਮਤ ਅਦਾ ਕੀਤੀ। ਉਸ ਦੀ ਕੁਰਬਾਨੀ ਵਿਚ ਨਿਹਚਾ ਕਰਨ ਵਾਲੇ ਸੱਚੇ ਚੇਲਿਆਂ ਨੂੰ ਇਸ ਦੇ ਫ਼ਾਇਦੇ ਹੋਣੇ ਸਨ। ਯਹੋਵਾਹ ਪਰਮੇਸ਼ੁਰ ਨੇ ਮਸੀਹ ਦੀ ਕੁਰਬਾਨੀ ਨੂੰ ਕਬੂਲ ਕਰ ਲਿਆ। ਇਸ ਦੇ ਸਬੂਤ ਵਜੋਂ ਉਸ ਨੇ ਯਿਸੂ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ਪੰਤੇਕੁਸਤ 33 ਈਸਵੀ ਦੇ ਦਿਨ ਯਰੂਸ਼ਲਮ ਵਿਚ ਇਕੱਠੇ ਹੋਏ ਆਪਣੇ ਚੇਲਿਆਂ ਉੱਤੇ ਪਵਿੱਤਰ ਸ਼ਕਤੀ ਪਾਵੇ।—ਰਸੂ. 2:33.
16 ਮਸੀਹ ਦੇ ਇਹ ਮਸਹ ਕੀਤੇ ਹੋਏ ਮਸੀਹੀ ਤੁਰੰਤ ਲੋਕਾਂ ਨੂੰ ਤਾਕੀਦ ਕਰਨ ਲੱਗੇ ਕਿ ਪਰਮੇਸ਼ੁਰ ਦੇ ਕ੍ਰੋਧ ਤੋਂ ਬਚਣ ਵਾਸਤੇ ਉਹ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਂ ʼਤੇ ਬਪਤਿਸਮਾ ਲੈਣ। (ਰਸੂਲਾਂ ਦੇ ਕਰਤੱਬ 2:38-40 ਪੜ੍ਹੋ।) ਉਸ ਇਤਿਹਾਸਕ ਦਿਨ ਤੋਂ ਲੈ ਕੇ ਹੁਣ ਤਾਈਂ ਸਾਰੀਆਂ ਕੌਮਾਂ ਦੇ ਲੱਖਾਂ ਹੀ ਲੋਕਾਂ ਨੇ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਪਰਮੇਸ਼ੁਰ ਨਾਲ ਰਿਸ਼ਤਾ ਜੋੜਿਆ ਹੈ। (ਯੂਹੰ. 6:44) ਹੁਣ ਤਕ ਅਸੀਂ ਜੋ ਚਰਚਾ ਕੀਤੀ ਹੈ, ਉਸ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਦੋ ਹੋਰ ਸਵਾਲਾਂ ਉੱਤੇ ਗੌਰ ਕਰਨ ਦੀ ਲੋੜ ਹੈ: ਕੀ ਸਾਨੂੰ ਸਦਾ ਦੀ ਜ਼ਿੰਦਗੀ ਦੀ ਉਮੀਦ ਆਪਣੇ ਹੀ ਭਲੇ ਕੰਮਾਂ ਕਾਰਨ ਮਿਲੀ ਹੈ? ਕੀ ਅਸੀਂ ਇਸ ਸ਼ਾਨਦਾਰ ਉਮੀਦ ਨੂੰ ਗੁਆ ਵੀ ਸਕਦੇ ਹਾਂ?
17. ਤੁਹਾਨੂੰ ਪਰਮੇਸ਼ੁਰ ਦੇ ਦੋਸਤ ਬਣਨ ਦੀ ਸ਼ਾਨਦਾਰ ਬਰਕਤ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
17 ਅਸੀਂ ਇਸ ਕੁਰਬਾਨੀ ਦੇ ਲਾਇਕ ਨਹੀਂ ਸਾਂ। ਪਰ ਇਸ ਵਿਚ ਨਿਹਚਾ ਕਰ ਕੇ ਲੱਖਾਂ ਹੀ ਲੋਕ ਪਰਮੇਸ਼ੁਰ ਦੇ ਦੋਸਤ ਬਣੇ ਹਨ ਤੇ ਉਨ੍ਹਾਂ ਨੂੰ ਸੋਹਣੀ ਧਰਤੀ ਉੱਤੇ ਹਮੇਸ਼ਾ ਜੀਣ ਦੀ ਉਮੀਦ ਮਿਲੀ ਹੈ। ਪਰ ਇਹ ਇਸ ਗੱਲ ਦੀ ਗਾਰੰਟੀ ਨਹੀਂ ਕਿ ਅਸੀਂ ਯਹੋਵਾਹ ਦੇ ਦੋਸਤ ਬਣੇ ਰਹਾਂਗੇ। ਜੇ ਅਸੀਂ ਪਰਮੇਸ਼ੁਰ ਦੇ ਕ੍ਰੋਧ ਦੇ ਆਉਣ ਵਾਲੇ ਦਿਨ ਤੋਂ ਬਚਣਾ ਹੈ, ਤਾਂ ਜ਼ਰੂਰੀ ਹੈ ਕਿ ਅਸੀਂ ਮਸੀਹ ਯਿਸੂ ਦੀ ਦਿੱਤੀ ਕੁਰਬਾਨੀ ਲਈ ਕਦਰ ਦਿਖਾਉਂਦੇ ਰਹੀਏ।—ਰੋਮੀ. 3:24; ਫ਼ਿਲਿੱਪੀਆਂ 2:12 ਪੜ੍ਹੋ।
ਰਿਹਾਈ-ਕੀਮਤ ਵਿਚ ਨਿਹਚਾ ਕਰਦੇ ਰਹੋ
18. ਰਿਹਾਈ-ਕੀਮਤ ਵਿਚ ਨਿਹਚਾ ਕਰਨ ਦੇ ਨਾਲ-ਨਾਲ ਹੋਰ ਕੀ ਕਰਨ ਦੀ ਲੋੜ ਹੈ?
18 ਇਸ ਲੇਖ ਦੇ ਮੁੱਖ ਹਵਾਲੇ ਯੂਹੰਨਾ 3:36 ਤੋਂ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਉੱਤੇ ਨਿਹਚਾ ਕਰਨ ਦੇ ਨਾਲ-ਨਾਲ ਸਾਨੂੰ ਉਸ ਦਾ ਕਹਿਣਾ ਵੀ ਮੰਨਣਾ ਚਾਹੀਦਾ ਹੈ। ਰਿਹਾਈ-ਕੀਮਤ ਲਈ ਕਦਰ ਹੋਣ ਕਾਰਨ ਅਸੀਂ ਯਿਸੂ ਦੀਆਂ ਸਿੱਖਿਆਵਾਂ ਅਨੁਸਾਰ ਜੀਵਾਂਗੇ ਅਤੇ ਉਸ ਦੇ ਸਿਖਾਏ ਨੈਤਿਕ ਮਿਆਰਾਂ ਉੱਤੇ ਚੱਲਾਂਗੇ। (ਮਰ. 7:21-23) “ਪਰਮੇਸ਼ੁਰ ਦਾ ਕੋਪ” ਉਨ੍ਹਾਂ ਸਾਰਿਆਂ ਉੱਤੇ ਹੋਵੇਗਾ ਜਿਹੜੇ ਬਿਨਾਂ ਪਛਤਾਏ ਅਜਿਹੇ ਕੰਮ ਕਰਦੇ ਹਨ ਜਿਵੇਂ ਹਰਾਮਕਾਰੀ, ਠੱਠੇਬਾਜ਼ੀ ਅਤੇ ‘ਹਰ ਭਾਂਤ ਦੇ ਗੰਦੇ ਮੰਦੇ’ ਕੰਮ ਜਿਨ੍ਹਾਂ ਵਿਚ ਪੋਰਨੋਗ੍ਰਾਫੀ ਦੇਖਦੇ ਰਹਿਣਾ ਸ਼ਾਮਲ ਹੈ।—ਅਫ਼. 5:3-6.
19. ਕਿਹੜੇ ਵਧੀਆ ਤਰੀਕਿਆਂ ਨਾਲ ਅਸੀਂ ਰਿਹਾਈ-ਕੀਮਤ ਵਿਚ ਨਿਹਚਾ ਦਿਖਾ ਸਕਦੇ ਹਾਂ?
19 ਰਿਹਾਈ-ਕੀਮਤ ਲਈ ਕਦਰ ਸਦਕਾ ਸਾਨੂੰ “ਭਗਤੀ” ਦੇ ਕੰਮਾਂ ਵਿਚ ਰੁੱਝੇ ਰਹਿਣਾ ਚਾਹੀਦਾ ਹੈ। (2 ਪਤ. 3:11) ਆਓ ਆਪਾਂ ਬਾਕਾਇਦਾ ਦਿਲੋਂ ਪ੍ਰਾਰਥਨਾ ਕਰਨ, ਬਾਈਬਲ ਦਾ ਅਧਿਐਨ ਕਰਨ, ਮੀਟਿੰਗਾਂ ਵਿਚ ਹਾਜ਼ਰ ਹੋਣ, ਪਰਿਵਾਰਕ ਸਟੱਡੀ ਅਤੇ ਜੋਸ਼ ਨਾਲ ਰਾਜ ਦਾ ਪ੍ਰਚਾਰ ਕਰਨ ਲਈ ਕਾਫ਼ੀ ਸਮਾਂ ਵੱਖ ਰੱਖੀਏ। ਆਓ ਆਪਾਂ ‘ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲੀਏ ਕਿਉਂਕਿ ਅਜੇਹਿਆਂ ਬਲੀਦਾਨਾਂ ਤੋਂ ਪਰਮੇਸ਼ੁਰ ਪਰਸੰਨ ਹੁੰਦਾ ਹੈ।’—ਇਬ. 13:15, 16.
20. ਰਿਹਾਈ-ਕੀਮਤ ਵਿਚ ਨਿਹਚਾ ਕਰਦੇ ਰਹਿਣ ਵਾਲੇ ਭਵਿੱਖ ਵਿਚ ਕਿਹੜੀ ਬਰਕਤ ਦੀ ਆਸ ਰੱਖ ਸਕਦੇ ਹਨ?
20 ਜਦੋਂ ਇਸ ਬੁਰੀ ਦੁਨੀਆਂ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ, ਉਸ ਵੇਲੇ ਅਸੀਂ ਖ਼ੁਸ਼ ਹੋਵਾਂਗੇ ਕਿ ਅਸੀਂ ਰਿਹਾਈ-ਕੀਮਤ ਵਿਚ ਨਿਹਚਾ ਅਤੇ ਇਸ ਦੀ ਕਦਰ ਕਰਦੇ ਰਹੇ! ਪਰਮੇਸ਼ੁਰ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ਵਿਚ ਅਸੀਂ ਇਸ ਸ਼ਾਨਦਾਰ ਪ੍ਰਬੰਧ ਲਈ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੇ ਜਿਸ ਕਾਰਨ ਅਸੀਂ ਪਰਮੇਸ਼ੁਰ ਦੇ ਕ੍ਰੋਧ ਤੋਂ ਬਚ ਸਕੇ।—ਯੂਹੰਨਾ 3:16; ਪਰਕਾਸ਼ ਦੀ ਪੋਥੀ 7:9, 10, 13, 14 ਪੜ੍ਹੋ।
ਤੁਸੀਂ ਕਿਵੇਂ ਜਵਾਬ ਦਿਓਗੇ?
• ਸਾਨੂੰ ਰਿਹਾਈ-ਕੀਮਤ ਦੀ ਕਿਉਂ ਲੋੜ ਹੈ?
• ਰਿਹਾਈ-ਕੀਮਤ ਕਿੰਨੀ ਕੁ ਮਹਿੰਗੀ ਪਈ?
• ਰਿਹਾਈ-ਕੀਮਤ ਦੇ ਕਿਹੜੇ ਫ਼ਾਇਦੇ ਹੁੰਦੇ ਹਨ?
• ਅਸੀਂ ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਿਵੇਂ ਦਿਖਾਉਂਦੇ ਹਾਂ?
[ਸਫ਼ਾ 13 ਉੱਤੇ ਤਸਵੀਰ]
ਯਹੋਵਾਹ ਨਾਲ ਮੇਲ ਕਰਨ ਦਾ ਹਾਲੇ ਵੀ ਮੌਕਾ ਹੈ
[ਸਫ਼ਾ 15 ਉੱਤੇ ਤਸਵੀਰਾਂ]
ਅਬਰਾਹਾਮ, ਇਸਹਾਕ ਅਤੇ ਯਾਕੂਬ ਦੀ ਜ਼ਿੰਦਗੀ ਵਿਚ ਹੋਈਆਂ ਘਟਨਾਵਾਂ ਉੱਤੇ ਸੋਚ-ਵਿਚਾਰ ਕਰਨ ਨਾਲ ਅਸੀਂ ਸਮਝ ਸਕਾਂਗੇ ਕਿ ਰਿਹਾਈ-ਕੀਮਤ ਕਿੰਨੀ ਮਹਿੰਗੀ ਪਈ