ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਂਦੇ ਹਾਂ?
“ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”—1 ਕੁਰਿੰ. 11:24.
1, 2. 14 ਨੀਸਾਨ 33 ਈਸਵੀ ਦੀ ਸ਼ਾਮ ਨੂੰ ਯਿਸੂ ਨੇ ਕੀ ਕੀਤਾ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਰਾਤ ਦਾ ਵੇਲਾ ਸੀ ਤੇ ਪੂਰਨਮਾਸ਼ੀ ਦਾ ਚੰਦ ਯਰੂਸ਼ਲਮ ਵਿਚ ਆਪਣੀ ਹਲਕੀ-ਹਲਕੀ ਰੌਸ਼ਨੀ ਬਿਖੇਰ ਰਿਹਾ ਸੀ। ਇਹ 14 ਨੀਸਾਨ 33 ਈਸਵੀ ਦੀ ਸ਼ਾਮ ਸੀ। ਯਿਸੂ ਅਤੇ ਉਸ ਦੇ ਰਸੂਲ ਪਸਾਹ ਦਾ ਤਿਉਹਾਰ ਮਨਾ ਕੇ ਹਟੇ ਸਨ। ਇਹ ਇਸ ਯਾਦ ਵਿਚ ਮਨਾਇਆ ਜਾਂਦਾ ਸੀ ਕਿ ਯਹੋਵਾਹ ਨੇ ਕਿਵੇਂ 1500 ਸਾਲ ਪਹਿਲਾਂ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰਾ ਦਿਵਾਇਆ ਸੀ। ਯਿਸੂ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨਾਲ ਖ਼ਾਸ ਖਾਣਾ ਖਾਧਾ ਤੇ ਇਕ ਨਵੀਂ ਰੀਤ ਸ਼ੁਰੂ ਕੀਤੀ। ਇਸ ਰੀਤ ਅਨੁਸਾਰ ਹਰ ਸਾਲ ਉਸ ਦੀ ਮੌਤ ਦੀ ਯਾਦਗਾਰ ਮਨਾਈ ਜਾਣੀ ਸੀ ਜੋ ਇਹ ਦਿਨ ਬੀਤਣ ਤੋਂ ਪਹਿਲਾਂ ਹੀ ਹੋ ਜਾਣੀ ਸੀ।a—ਮੱਤੀ 26:1, 2.
2 ਯਿਸੂ ਨੇ ਬੇਖਮੀਰੀ ਰੋਟੀ ʼਤੇ ਬਰਕਤ ਮੰਗ ਕੇ ਆਪਣੇ ਚੇਲਿਆਂ ਨੂੰ ਦਿੱਤੀ ਤੇ ਕਿਹਾ: “ਲਓ ਖਾਓ।” ਉਸ ਨੇ ਦਾਖਰਸ ਦਾ ਪਿਆਲਾ ਲੈ ਕੇ ਫਿਰ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਕਿਹਾ: “ਲਓ ਤੁਸੀਂ ਸਾਰੇ ਇਸ ਵਿੱਚੋਂ ਪੀਓ।” (ਮੱਤੀ 26:26, 27) ਯਿਸੂ ਨੇ ਉਨ੍ਹਾਂ ਨੂੰ ਹੋਰ ਖਾਣ ਦੀਆਂ ਚੀਜ਼ਾਂ ਨਹੀਂ ਦਿੱਤੀਆਂ, ਪਰ ਉਸ ਖ਼ਾਸ ਰਾਤ ਉਸ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਸਨ।
3. ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ʼਤੇ ਚਰਚਾ ਕੀਤੀ ਜਾਵੇਗੀ?
3 ਸੋ ਇਸ ਤਰ੍ਹਾਂ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਦੀ ਰੀਤ ਸ਼ੁਰੂ ਕੀਤੀ ਜਿਸ ਨੂੰ “ਪ੍ਰਭੂ ਦਾ ਭੋਜਨ” ਵੀ ਕਿਹਾ ਜਾਂਦਾ ਹੈ। (1 ਕੁਰਿੰ. 11:20) ਇਸ ਸੰਬੰਧ ਵਿਚ ਸ਼ਾਇਦ ਕੁਝ ਲੋਕ ਪੁੱਛਣ: ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਕਿਉਂ ਮਨਾਈਏ? ਰੋਟੀ ਤੇ ਦਾਖਰਸ ਕਿਸ ਚੀਜ਼ ਨੂੰ ਦਰਸਾਉਂਦੇ ਹਨ? ਅਸੀਂ ਮੈਮੋਰੀਅਲ ਲਈ ਤਿਆਰੀ ਕਿਵੇਂ ਕਰ ਸਕਦੇ ਹਾਂ? ਕੌਣ ਰੋਟੀ ਖਾਣਗੇ ਤੇ ਦਾਖਰਸ ਪੀਣਗੇ? ਬਾਈਬਲ ਵਿਚ ਦੱਸੀ ਆਸ ਬਾਰੇ ਮਸੀਹੀ ਕਿਵੇਂ ਮਹਿਸੂਸ ਕਰਦੇ ਹਨ?
ਯਿਸੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਈਏ?
4. ਯਿਸੂ ਦੀ ਮੌਤ ਨਾਲ ਸਾਡੇ ਲਈ ਕੀ ਮੁਮਕਿਨ ਹੋਇਆ?
4 ਆਦਮ ਦੀ ਔਲਾਦ ਹੋਣ ਕਰਕੇ ਸਾਨੂੰ ਵਿਰਸੇ ਵਿਚ ਪਾਪ ਤੇ ਮੌਤ ਮਿਲੀ ਹੈ। (ਰੋਮੀ. 5:12) ਕੋਈ ਵੀ ਨਾਮੁਕੰਮਲ ਇਨਸਾਨ ਆਪਣੀ ਜਾਂ ਕਿਸੇ ਹੋਰ ਦੀ ਜਾਨ ਲਈ ਪਰਮੇਸ਼ੁਰ ਨੂੰ ਰਿਹਾਈ ਦੀ ਕੀਮਤ ਨਹੀਂ ਦੇ ਸਕਦਾ ਸੀ। (ਜ਼ਬੂ. 49:6-9) ਪਰ ਯਿਸੂ ਨੇ ਉਹ ਰਿਹਾਈ ਦੀ ਕੀਮਤ ਦਿੱਤੀ ਜੋ ਪਰਮੇਸ਼ੁਰ ਨੂੰ ਮਨਜ਼ੂਰ ਸੀ। ਉਸ ਨੇ ਆਪਣਾ ਮੁਕੰਮਲ ਸਰੀਰ ਤੇ ਪਵਿੱਤਰ ਲਹੂ ਵਹਾ ਕੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਆਪਣੇ ਵਹਾਏ ਗਏ ਲਹੂ ਦੀ ਕੀਮਤ ਨੂੰ ਪਰਮੇਸ਼ੁਰ ਅੱਗੇ ਪੇਸ਼ ਕਰ ਕੇ ਯਿਸੂ ਨੇ ਮੁਮਕਿਨ ਕੀਤਾ ਕਿ ਅਸੀਂ ਪਾਪ ਤੇ ਮੌਤ ਦੇ ਚੁੰਗਲ ਤੋਂ ਆਜ਼ਾਦ ਹੋ ਜਾਈਏ ਤੇ ਹਮੇਸ਼ਾ ਦੀ ਜ਼ਿੰਦਗੀ ਪਾਈਏ।—ਰੋਮੀ. 6:23; 1 ਕੁਰਿੰ. 15:21, 22.
5. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਤੇ ਯਿਸੂ ਸਾਨੂੰ ਪਿਆਰ ਕਰਦੇ ਹਨ? (ਅ) ਸਾਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਵਾਸਤੇ ਹਾਜ਼ਰ ਕਿਉਂ ਹੋਣਾ ਚਾਹੀਦਾ ਹੈ?
5 ਰਿਹਾਈ ਦੀ ਕੀਮਤ ਦੇ ਪ੍ਰਬੰਧ ਨੇ ਸਾਬਤ ਕੀਤਾ ਕਿ ਪਰਮੇਸ਼ੁਰ ਸਾਰੀ ਮਨੁੱਖਜਾਤੀ ਨੂੰ ਪਿਆਰ ਕਰਦਾ ਹੈ। (ਯੂਹੰ. 3:16) ਯਿਸੂ ਦੀ ਕੁਰਬਾਨੀ ਵੀ ਇਸ ਗੱਲ ਦਾ ਸਬੂਤ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ। ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਨੇ ਪਰਮੇਸ਼ੁਰ ਦੇ “ਰਾਜ ਮਿਸਤਰੀ” ਵਜੋਂ ਕੰਮ ਕੀਤਾ ਤੇ ਉਹ “ਆਦਮ ਵੰਸੀਆਂ ਨਾਲ ਪਰਸੰਨ” ਹੁੰਦਾ ਸੀ ਯਾਨੀ ਇਨਸਾਨਾਂ ਨੂੰ ਪਿਆਰ ਕਰਦਾ ਸੀ। (ਕਹਾ. 8:30, 31) ਪਰਮੇਸ਼ੁਰ ਤੇ ਉਸ ਦੇ ਪੁੱਤਰ ਦੇ ਸ਼ੁਕਰਗੁਜ਼ਾਰ ਹੋਣ ਕਰਕੇ ਸਾਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਣ ਵਾਸਤੇ ਪ੍ਰੇਰਿਤ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਕੇ ਅਸੀਂ ਯਿਸੂ ਦਾ ਇਹ ਹੁਕਮ ਮੰਨਾਂਗੇ: “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।”—1 ਕੁਰਿੰ. 11:23-25.
ਰੋਟੀ ਅਤੇ ਦਾਖਰਸ ਕਿਸ ਚੀਜ਼ ਨੂੰ ਦਰਸਾਉਂਦੇ ਹਨ?
6. ਸਾਨੂੰ ਮੈਮੋਰੀਅਲ ਵਿਚ ਵਰਤੀ ਜਾਂਦੀ ਰੋਟੀ ਤੇ ਦਾਖਰਸ ਬਾਰੇ ਕੀ ਪਤਾ ਲੱਗਦਾ ਹੈ?
6 ਮੈਮੋਰੀਅਲ ਦੀ ਰੀਤ ਸ਼ੁਰੂ ਕਰਨ ਵੇਲੇ ਯਿਸੂ ਨੇ ਚਮਤਕਾਰੀ ਢੰਗ ਨਾਲ ਰੋਟੀ ਤੇ ਦਾਖਰਸ ਨੂੰ ਆਪਣੇ ਸਰੀਰ ਤੇ ਲਹੂ ਵਿਚ ਨਹੀਂ ਬਦਲਿਆ ਸੀ। ਇਸ ਦੀ ਬਜਾਇ, ਉਸ ਨੇ ਰੋਟੀ ਬਾਰੇ ਕਿਹਾ: “ਇਹ ਰੋਟੀ ਮੇਰੇ ਸਰੀਰ ਨੂੰ ਦਰਸਾਉਂਦੀ ਹੈ।” ਦਾਖਰਸ ਬਾਰੇ ਉਸ ਨੇ ਕਿਹਾ: “ਇਹ ਦਾਖਰਸ ਮੇਰੇ ਲਹੂ ਨੂੰ ਅਰਥਾਤ ‘ਇਕਰਾਰ ਦੇ ਲਹੂ’ ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੀ ਖ਼ਾਤਰ ਵਹਾਇਆ ਜਾਵੇਗਾ।” (ਮਰ. 14:22-24) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੋਟੀ ਤੇ ਦਾਖਰਸ ਸਿਰਫ਼ ਪ੍ਰਤੀਕਾਂ ਵਜੋਂ ਵਰਤੇ ਗਏ ਸਨ।
7. ਮੈਮੋਰੀਅਲ ਵਿਚ ਵਰਤੀ ਜਾਂਦੀ ਰੋਟੀ ਕਿਸ ਚੀਜ਼ ਨੂੰ ਦਰਸਾਉਂਦੀ ਹੈ?
7 33 ਈਸਵੀ ਦੇ ਉਸ ਅਹਿਮ ਮੌਕੇ ʼਤੇ ਯਿਸੂ ਨੇ ਪਸਾਹ ਦੇ ਭੋਜਨ ਵਿੱਚੋਂ ਬਚੀ ਹੋਈ ਬੇਖਮੀਰੀ ਰੋਟੀ ਵਰਤੀ ਸੀ। (ਕੂਚ 12:8) ਬਾਈਬਲ ਵਿਚ ਕਈ ਵਾਰ ਖਮੀਰ ਨੂੰ ਪਖੰਡ ਜਾਂ ਪਾਪ ਨਾਲ ਦਰਸਾਇਆ ਗਿਆ ਹੈ। (ਮੱਤੀ 16:6, 11, 12; ਲੂਕਾ 12:1) ਇਸ ਲਈ ਯਿਸੂ ਦਾ ਬੇਖਮੀਰੀ ਰੋਟੀ ਵਰਤਣਾ ਸਹੀ ਸੀ ਕਿਉਂਕਿ ਇਹ ਉਸ ਦੇ ਪਾਪ ਰਹਿਤ ਸਰੀਰ ਨੂੰ ਦਰਸਾਉਂਦੀ ਸੀ। (ਇਬ. 7:26) ਸੋ ਇਸ ਤਰ੍ਹਾਂ ਦੀ ਰੋਟੀ ਮੈਮੋਰੀਅਲ ਵਿਚ ਵਰਤੀ ਜਾਂਦੀ ਹੈ।
8. ਮੈਮੋਰੀਅਲ ਵਿਚ ਵਰਤਿਆ ਜਾਣ ਵਾਲਾ ਦਾਖਰਸ ਕਿਸ ਚੀਜ਼ ਨੂੰ ਦਰਸਾਉਂਦਾ ਹੈ?
8 14 ਨੀਸਾਨ 33 ਈਸਵੀ ਨੂੰ ਯਿਸੂ ਨੇ ਜਿਹੜਾ ਦਾਖਰਸ ਵਰਤਿਆ, ਉਹ ਯਿਸੂ ਦੇ ਲਹੂ ਨੂੰ ਦਰਸਾਉਂਦਾ ਸੀ ਜਿਵੇਂ ਕਿ ਅੱਜ ਮੈਮੋਰੀਅਲ ਵਿਚ ਵਰਤਿਆ ਜਾਂਦਾ ਦਾਖਰਸ ਦਰਸਾਉਂਦਾ ਹੈ। ਯਰੂਸ਼ਲਮ ਦੇ ਬਾਹਰ ਗਲਗਥਾ ਨਾਂ ਦੀ ਜਗ੍ਹਾ ʼਤੇ ਉਸ ਦਾ ਲਹੂ “ਪਾਪਾਂ ਦੀ ਮਾਫ਼ੀ ਲਈ” ਵਹਾਇਆ ਗਿਆ ਸੀ। (ਮੱਤੀ 26:28; 27:33) ਮੈਮੋਰੀਅਲ ਵਿਚ ਵਰਤੀ ਜਾਣ ਵਾਲੀ ਰੋਟੀ ਤੇ ਦਾਖਰਸ ਯਿਸੂ ਦੀ ਅਨਮੋਲ ਕੁਰਬਾਨੀ ਨੂੰ ਦਰਸਾਉਂਦੇ ਹਨ ਜੋ ਆਗਿਆਕਾਰ ਮਨੁੱਖਜਾਤੀ ਲਈ ਦਿੱਤੀ ਗਈ। ਜੇ ਅਸੀਂ ਇਸ ਪਿਆਰ ਭਰੇ ਪ੍ਰਬੰਧ ਦੀ ਕਦਰ ਕਰਦੇ ਹਾਂ, ਤਾਂ ਸਾਡੇ ਲਈ ਕਿੰਨਾ ਢੁਕਵਾਂ ਹੋਵੇਗਾ ਕਿ ਅਸੀਂ ਹਰ ਸਾਲ ਪ੍ਰਭੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਤਿਆਰੀ ਕਰੀਏ।
ਤਿਆਰੀ ਕਰਨ ਦੇ ਕੁਝ ਤਰੀਕੇ
9. (ੳ) ਮੈਮੋਰੀਅਲ ਲਈ ਦਿੱਤੀ ਬਾਈਬਲ ਰੀਡਿੰਗ ਕਰਨੀ ਕਿਉਂ ਜ਼ਰੂਰੀ ਹੈ? (ਅ) ਤੁਸੀਂ ਰਿਹਾਈ ਦੀ ਕੀਮਤ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
9 ਅਸੀਂ ਰੋਜ਼ ਬਾਈਬਲ ਦੀ ਜਾਂਚ ਕਰੋ ਵਿਚ ਦਿੱਤੇ ਜਾਂਦੇ ਮੈਮੋਰੀਅਲ ਬਾਈਬਲ ਰੀਡਿੰਗ ਦੇ ਪ੍ਰੋਗ੍ਰਾਮ ਅਨੁਸਾਰ ਬਾਈਬਲ ਪੜ੍ਹ ਕੇ ਅਸੀਂ ਸੋਚ-ਵਿਚਾਰ ਕਰ ਸਕਦੇ ਹਾਂ ਕਿ ਯਿਸੂ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਕੀ-ਕੀ ਕੀਤਾ ਸੀ। ਇਸ ਤਰ੍ਹਾਂ ਸਾਡਾ ਦਿਲ ਪ੍ਰਭੂ ਦੀ ਮੌਤ ਦੇ ਯਾਦਗਾਰ ਦਿਨ ਨੂੰ ਮਨਾਉਣ ਲਈ ਤਿਆਰ ਹੋਵੇਗਾ। ਇਕ ਭੈਣ ਨੇ ਲਿਖਿਆ: “ਅਸੀਂ ਮੈਮੋਰੀਅਲ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ। ਹਰ ਸਾਲ ਸਾਡੇ ਲਈ ਇਸ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਮੈਨੂੰ ਯਾਦ ਹੈ ਕਿ . . . ਜਦੋਂ ਮੈਂ ਆਪਣੇ ਪਿਤਾ ਜੀ ਦੀ ਲਾਸ਼ ਨੂੰ ਦੇਖ ਰਹੀ ਸੀ, ਤਾਂ ਉਸ ਵੇਲੇ ਮੇਰੇ ਅੰਦਰ ਯਿਸੂ ਦੀ ਕੁਰਬਾਨੀ ਲਈ ਸੱਚੀ ਕਦਰ ਪੈਦਾ ਹੋਈ। . . . ਮੈਂ ਰਿਹਾਈ ਦੀ ਕੀਮਤ ਬਾਰੇ ਬਾਈਬਲ ਦੇ ਸਾਰੇ ਹਵਾਲੇ ਜਾਣਦੀ ਸੀ ਤੇ ਉਨ੍ਹਾਂ ਹਵਾਲਿਆਂ ਨੂੰ ਸਮਝਾ ਸਕਦੀ ਸੀ! ਪਰ ਜਦੋਂ ਪਿਤਾ ਜੀ ਦੇ ਗੁਜ਼ਰ ਜਾਣ ਤੇ ਮੈਨੂੰ ਮੌਤ ਦੀ ਅਸਲੀਅਤ ਦਾ ਅਹਿਸਾਸ ਹੋਇਆ, ਤਦ ਰਿਹਾਈ ਦੀ ਕੀਮਤ ਦੇ ਬਹੁਮੁੱਲੇ ਇੰਤਜ਼ਾਮ ਬਾਰੇ ਸੋਚ ਕੇ ਮੇਰਾ ਦਿਲ ਖ਼ੁਸ਼ੀ ਨਾਲ ਝੂਮ ਉੱਠਿਆ।” ਦਰਅਸਲ ਮੈਮੋਰੀਅਲ ਦੀਆਂ ਤਿਆਰੀਆਂ ਕਰਦਿਆਂ ਸਾਡੇ ਲਈ ਚੰਗਾ ਹੋਵੇਗਾ ਕਿ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰੀਏ ਕਿ ਯਿਸੂ ਦੀ ਕੁਰਬਾਨੀ ਨੇ ਕਿਵੇਂ ਸਾਨੂੰ ਪਾਪ ਤੇ ਮੌਤ ਦੇ ਚੁੰਗਲ ਤੋਂ ਆਜ਼ਾਦ ਕੀਤਾ ਹੈ।
10. ਮੈਮੋਰੀਅਲ ਦੀ ਤਿਆਰੀ ਕਰਦਿਆਂ ਅਸੀਂ ਹੋਰ ਕੀ ਕਰ ਸਕਦੇ ਹਾਂ?
10 ਮੈਮੋਰੀਅਲ ਦੀ ਤਿਆਰੀ ਕਰਦਿਆਂ ਸ਼ਾਇਦ ਅਸੀਂ ਕੁਝ ਤਰੀਕਿਆਂ ਨਾਲ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹਾਂ। ਸ਼ਾਇਦ ਅਸੀਂ ਮੈਮੋਰੀਅਲ ਦੇ ਮਹੀਨਿਆਂ ਦੌਰਾਨ ਔਗਜ਼ੀਲਰੀ ਪਾਇਨੀਅਰਿੰਗ ਕਰ ਸਕੀਏ। ਜਦੋਂ ਅਸੀਂ ਆਪਣੀਆਂ ਸਟੱਡੀਆਂ ਅਤੇ ਹੋਰ ਲੋਕਾਂ ਨੂੰ ਮੈਮੋਰੀਅਲ ʼਤੇ ਆਉਣ ਦਾ ਸੱਦਾ ਦਿੰਦੇ ਹਾਂ, ਤਾਂ ਸਾਨੂੰ ਉਨ੍ਹਾਂ ਨੂੰ ਪਰਮੇਸ਼ੁਰ, ਉਸ ਦੇ ਪੁੱਤਰ ਤੇ ਬਰਕਤਾਂ ਬਾਰੇ ਦੱਸ ਕੇ ਖ਼ੁਸ਼ੀ ਹੋਵੇਗੀ ਜੋ ਆਉਣ ਵਾਲੇ ਸਮੇਂ ਵਿਚ ਮਿਲਣਗੀਆਂ। ਇਹ ਬਰਕਤਾਂ ਉਨ੍ਹਾਂ ਲੋਕਾਂ ਨੂੰ ਮਿਲਣਗੀਆਂ ਜੋ ਯਹੋਵਾਹ ਨੂੰ ਖ਼ੁਸ਼ ਕਰਦੇ ਹਨ ਤੇ ਉਸ ਦੀ ਮਹਿਮਾ ਕਰਦੇ ਹਨ।—ਜ਼ਬੂ. 148:12, 13.
11. ਪੌਲੁਸ ਨੇ ਕਿਉਂ ਕਿਹਾ ਕਿ ਕੁਝ ਮਸੀਹੀਆਂ ਨੇ ਯੋਗ ਨਾ ਹੁੰਦੇ ਹੋਏ ਵੀ ਮੈਮੋਰੀਅਲ ʼਤੇ ਰੋਟੀ ਖਾਧੀ ਅਤੇ ਦਾਖਰਸ ਪੀਤਾ?
11 ਮੈਮੋਰੀਅਲ ਦੀ ਤਿਆਰੀ ਕਰਦਿਆਂ ਗੌਰ ਕਰੋ ਕਿ ਪੌਲੁਸ ਰਸੂਲ ਨੇ ਕੁਰਿੰਥੁਸ ਦੀ ਮਸੀਹੀ ਮੰਡਲੀ ਨੂੰ ਕੀ ਲਿਖਿਆ ਸੀ। (1 ਕੁਰਿੰਥੀਆਂ 11:27-34 ਪੜ੍ਹੋ।) ਪੌਲੁਸ ਰਸੂਲ ਨੇ ਕਿਹਾ ਕਿ ਜਿਹੜਾ ਯੋਗ ਨਾ ਹੁੰਦੇ ਹੋਏ ਵੀ ਮੈਮੋਰੀਅਲ ʼਤੇ ਰੋਟੀ ਖਾਂਦਾ ਅਤੇ ਦਾਖਰਸ ਪੀਂਦਾ ਹੈ, ਉਹ ਯਿਸੂ ਮਸੀਹ “ਪ੍ਰਭੂ ਦੇ ਸਰੀਰ ਅਤੇ ਲਹੂ ਦੇ ਖ਼ਿਲਾਫ਼ ਪਾਪ ਕਰਦਾ ਹੈ।” ਸੋ ਚੁਣਿਆ ਹੋਇਆ ਮਸੀਹੀ “ਪਹਿਲਾਂ ਆਪਣੇ ਆਪ ਨੂੰ ਪਰਖੇ ਕਿ ਉਹ ਯੋਗ ਹੈ” ਤੇ ਫਿਰ ਹੀ ਮੈਮੋਰੀਅਲ ʼਤੇ ਰੋਟੀ ਖਾਵੇ ਅਤੇ ਦਾਖਰਸ ਪੀਵੇ। ਨਹੀਂ ਤਾਂ, “ਉਸ ਨੂੰ ਸਜ਼ਾ ਮਿਲੇਗੀ।” ਗ਼ਲਤ ਚਾਲ-ਚਲਣ ਕਰਕੇ ਬਹੁਤ ਸਾਰੇ ਕੁਰਿੰਥੁਸ ਦੇ ਮਸੀਹੀ ‘ਕਮਜ਼ੋਰ ਅਤੇ ਬੀਮਾਰ ਸਨ ਅਤੇ ਕਈ ਤਾਂ ਮਰੇ ਹੋਏ ਸਨ।’ ਕਹਿਣ ਦਾ ਮਤਲਬ ਕਿ ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਖ਼ਤਮ ਹੋ ਗਿਆ ਸੀ। ਮੁਮਕਿਨ ਹੈ ਕਿ ਕਈ ਮਸੀਹੀਆਂ ਨੇ ਮੈਮੋਰੀਅਲ ਤੋਂ ਪਹਿਲਾਂ ਜਾਂ ਦੌਰਾਨ ਇੰਨਾ ਖਾ-ਪੀ ਲਿਆ ਸੀ ਕਿ ਉਨ੍ਹਾਂ ਦੇ ਦਿਮਾਗ਼ ਵਿਚ ਕੁਝ ਨਹੀਂ ਪੈਂਦਾ ਸੀ ਤੇ ਨਾ ਹੀ ਉਨ੍ਹਾਂ ਦਾ ਪਰਮੇਸ਼ੁਰ ਦੀਆਂ ਗੱਲਾਂ ਵੱਲ ਧਿਆਨ ਹੁੰਦਾ ਸੀ। ਇਸ ਤਰ੍ਹਾਂ ਯੋਗ ਨਾ ਹੁੰਦੇ ਹੋਏ ਉਨ੍ਹਾਂ ਨੇ ਮੈਮੋਰੀਅਲ ʼਤੇ ਰੋਟੀ ਖਾਧੀ ਅਤੇ ਦਾਖਰਸ ਪੀਤਾ ਜਿਸ ਕਰਕੇ ਉਨ੍ਹਾਂ ʼਤੇ ਪਰਮੇਸ਼ੁਰ ਦੀ ਮਿਹਰ ਨਹੀਂ ਰਹੀ।
12. (ੳ) ਪੌਲੁਸ ਨੇ ਮੈਮੋਰੀਅਲ ਦੀ ਤੁਲਨਾ ਕਿਸ ਚੀਜ਼ ਨਾਲ ਕੀਤੀ ਤੇ ਉਸ ਨੇ ਰੋਟੀ ਖਾਣ ਅਤੇ ਦਾਖਰਸ ਪੀਣ ਵਾਲਿਆਂ ਨੂੰ ਕੀ ਚੇਤਾਵਨੀ ਦਿੱਤੀ? (ਅ) ਜੇ ਮੈਮੋਰੀਅਲ ਵਿਚ ਰੋਟੀ ਖਾਣ ਅਤੇ ਦਾਖਰਸ ਪੀਣ ਵਾਲੇ ਨੇ ਗੰਭੀਰ ਗ਼ਲਤੀ ਕੀਤੀ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ?
12 ਪੌਲੁਸ ਨੇ ਮੈਮੋਰੀਅਲ ਦੀ ਤੁਲਨਾ ਉਸ ਭੋਜਨ ਨਾਲ ਕੀਤੀ ਜੋ ਦੂਜਿਆਂ ਨਾਲ ਮਿਲ ਕੇ ਖਾਧਾ ਜਾਂਦਾ ਹੈ। ਉਸ ਨੇ ਰੋਟੀ ਖਾਣ ਅਤੇ ਦਾਖਰਸ ਪੀਣ ਵਾਲਿਆਂ ਨੂੰ ਚੇਤਾਵਨੀ ਦਿੱਤੀ: “ਇਹ ਨਹੀਂ ਹੋ ਸਕਦਾ ਕਿ ਤੁਸੀਂ ਯਹੋਵਾਹ ਦਾ ਪਿਆਲਾ ਵੀ ਪੀਓ ਤੇ ਦੁਸ਼ਟ ਦੂਤਾਂ ਦਾ ਪਿਆਲਾ ਵੀ ਪੀਓ; ਅਤੇ ਤੁਸੀਂ ‘ਯਹੋਵਾਹ ਦੇ ਮੇਜ਼’ ਤੋਂ ਵੀ ਖਾਓ ਅਤੇ ਦੁਸ਼ਟ ਦੂਤਾਂ ਦੇ ਮੇਜ਼ ਤੋਂ ਵੀ ਖਾਓ।” (1 ਕੁਰਿੰ. 10:16-21) ਜੇ ਮੈਮੋਰੀਅਲ ਵਿਚ ਰੋਟੀ ਖਾਣ ਅਤੇ ਦਾਖਰਸ ਪੀਣ ਵਾਲੇ ਕਿਸੇ ਮਸੀਹੀ ਨੇ ਗੰਭੀਰ ਪਾਪ ਕੀਤਾ ਹੈ, ਤਾਂ ਉਸ ਨੂੰ ਬਜ਼ੁਰਗਾਂ ਤੋਂ ਮਦਦ ਮੰਗਣੀ ਚਾਹੀਦੀ ਹੈ। (ਯਾਕੂਬ 5:13-16 ਪੜ੍ਹੋ।) ਜੇ ਚੁਣਿਆ ਹੋਇਆ ਮਸੀਹੀ “ਆਪਣੇ ਕੰਮਾਂ ਰਾਹੀਂ ਆਪਣੀ ਤੋਬਾ ਦਾ ਸਬੂਤ” ਦਿੰਦਾ ਹੈ, ਤਾਂ ਉਹ ਮੈਮੋਰੀਅਲ ਵਿਚ ਰੋਟੀ ਖਾ ਕੇ ਅਤੇ ਦਾਖਰਸ ਪੀ ਕੇ ਯਿਸੂ ਦੀ ਕੁਰਬਾਨੀ ਦਾ ਨਿਰਾਦਰ ਨਹੀਂ ਕਰ ਰਿਹਾ ਹੁੰਦਾ।—ਲੂਕਾ 3:8.
13. ਪਰਮੇਸ਼ੁਰ ਤੋਂ ਮਿਲੀ ਉਮੀਦ ਬਾਰੇ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰਨਾ ਕਿਉਂ ਫ਼ਾਇਦੇਮੰਦ ਹੈ?
13 ਮੈਮੋਰੀਅਲ ਲਈ ਤਿਆਰੀ ਕਰਦਿਆਂ ਸਾਡੇ ਲਈ ਫ਼ਾਇਦੇਮੰਦ ਹੋਵੇਗਾ ਕਿ ਅਸੀਂ ਪਰਮੇਸ਼ੁਰ ਤੋਂ ਮਿਲੀ ਉਮੀਦ ਬਾਰੇ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰੀਏ। ਯਹੋਵਾਹ ਦਾ ਕੋਈ ਵੀ ਸਮਰਪਿਤ ਸੇਵਕ ਤੇ ਉਸ ਦੇ ਪੁੱਤਰ ਦਾ ਕੋਈ ਵੀ ਵਫ਼ਾਦਾਰ ਚੇਲਾ ਮੈਮੋਰੀਅਲ ਵਿਚ ਰੋਟੀ ਖਾ ਕੇ ਅਤੇ ਦਾਖਰਸ ਪੀ ਕੇ ਯਿਸੂ ਦੀ ਕੁਰਬਾਨੀ ਦਾ ਨਿਰਾਦਰ ਨਹੀਂ ਕਰਨਾ ਚਾਹੇਗਾ ਜੇ ਉਸ ਨੂੰ ਸਾਫ਼-ਸਾਫ਼ ਨਹੀਂ ਪਤਾ ਕਿ ਉਸ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ ਜਾਂ ਨਹੀਂ। ਇਸ ਲਈ ਇਕ ਮਸੀਹੀ ਕਿਵੇਂ ਪੱਕਾ ਕਰ ਸਕਦਾ ਹੈ ਕਿ ਉਸ ਨੂੰ ਮੈਮੋਰੀਅਲ ਵਿਚ ਰੋਟੀ ਖਾਣੀ ਅਤੇ ਦਾਖਰਸ ਪੀਣਾ ਚਾਹੀਦਾ ਹੈ ਜਾਂ ਨਹੀਂ?
ਕਿਨ੍ਹਾਂ ਨੂੰ ਰੋਟੀ ਖਾਣੀ ਅਤੇ ਦਾਖਰਸ ਪੀਣਾ ਚਾਹੀਦਾ ਹੈ?
14. ਚੁਣੇ ਹੋਏ ਮਸੀਹੀ ਨਵੇਂ ਇਕਰਾਰ ਦਾ ਹਿੱਸਾ ਹੋਣ ਕਰਕੇ ਮੈਮੋਰੀਅਲ ਵਿਚ ਕੀ ਕਰਦੇ ਹਨ?
14 ਜਿਹੜੇ ਮੈਮੋਰੀਅਲ ਵਿਚ ਯੋਗ ਹੋਣ ਕਰਕੇ ਰੋਟੀ ਖਾਂਦੇ ਅਤੇ ਦਾਖਰਸ ਪੀਂਦੇ ਹਨ, ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਉਹ ਨਵੇਂ ਇਕਰਾਰ ਦਾ ਹਿੱਸਾ ਹਨ। ਦਾਖਰਸ ਬਾਰੇ ਯਿਸੂ ਨੇ ਕਿਹਾ: “ਇਹ ਦਾਖਰਸ ਦਾ ਪਿਆਲਾ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ।” (1 ਕੁਰਿੰ. 11:25) ਨਬੀ ਯਿਰਮਿਯਾਹ ਰਾਹੀਂ ਪਰਮੇਸ਼ੁਰ ਨੇ ਪਹਿਲਾਂ ਹੀ ਦੱਸਿਆ ਸੀ ਕਿ ਉਹ ਇਕ ਨਵਾਂ ਇਕਰਾਰ ਕਰੇਗਾ ਜੋ ਮੂਸਾ ਰਾਹੀਂ ਇਜ਼ਰਾਈਲੀ ਕੌਮ ਨਾਲ ਕੀਤੇ ਇਕਰਾਰ ਤੋਂ ਵੱਖਰਾ ਹੋਵੇਗਾ। (ਯਿਰਮਿਯਾਹ 31:31-34) ਪਰਮੇਸ਼ੁਰ ਨੇ ਚੁਣੇ ਹੋਏ ਮਸੀਹੀਆਂ ਨਾਲ ਨਵਾਂ ਇਕਰਾਰ ਕੀਤਾ। (ਗਲਾ. 6:15, 16) ਇਸ ਇਕਰਾਰ ਉੱਤੇ ਉਦੋਂ ਮੋਹਰ ਲੱਗੀ ਜਦੋਂ ਯਿਸੂ ਨੇ ਆਪਣਾ ਲਹੂ ਵਹਾ ਕੇ ਆਪਣੀ ਜਾਨ ਕੁਰਬਾਨ ਕੀਤੀ। (ਲੂਕਾ 22:20) ਯਿਸੂ ਨਵੇਂ ਇਕਰਾਰ ਦਾ ਵਿਚੋਲਾ ਹੈ ਤੇ ਜਿਹੜੇ ਵਫ਼ਾਦਾਰ ਚੁਣੇ ਹੋਏ ਮਸੀਹੀ ਇਸ ਨਵੇਂ ਇਕਰਾਰ ਦਾ ਹਿੱਸਾ ਹਨ, ਉਹ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ।—ਇਬ. 8:6; 9:15.
15. ਕਿਹੜੇ ਮਸੀਹੀਆਂ ਨਾਲ ਨਵਾਂ ਇਕਰਾਰ ਕੀਤਾ ਗਿਆ ਹੈ ਤੇ ਜੇ ਉਹ ਵਫ਼ਾਦਾਰ ਰਹਿੰਦੇ ਹਨ, ਤਾਂ ਉਨ੍ਹਾਂ ਨੂੰ ਕਿਹੜਾ ਸਨਮਾਨ ਮਿਲੇਗਾ?
15 ਮੈਮੋਰੀਅਲ ਵਿਚ ਰੋਟੀ ਖਾਣ ਤੇ ਦਾਖਰਸ ਪੀਣ ਦੇ ਯੋਗ ਚੁਣੇ ਹੋਏ ਮਸੀਹੀ ਜਾਣਦੇ ਹਨ ਕਿ ਉਨ੍ਹਾਂ ਨਾਲ ਨਵਾਂ ਇਕਰਾਰ ਕੀਤਾ ਗਿਆ ਹੈ। (ਲੂਕਾ 12:32 ਪੜ੍ਹੋ।) ਜਿਹੜੇ ਯਿਸੂ ਦੇ ਚੁਣੇ ਹੋਏ ਚੇਲੇ ਬਣੇ ਤੇ ਵਫ਼ਾਦਾਰੀ ਨਾਲ ਉਸ ਦੇ ਨਾਲ ਚੱਲਦੇ ਰਹੇ ਤੇ ਉਸ ਵਾਂਗ ਦੁੱਖ ਝੱਲੇ, ਉਨ੍ਹਾਂ ਨੇ ਯਿਸੂ ਨਾਲ ਸਵਰਗ ਵਿਚ ਰਾਜ ਕਰਨਾ ਸੀ। (ਫ਼ਿਲਿ. 3:10) ਅੱਜ ਵੀ ਵਫ਼ਾਦਾਰ ਚੁਣੇ ਹੋਏ ਮਸੀਹੀ ਇਸ ਇਕਰਾਰ ਦਾ ਹਿੱਸਾ ਹਨ ਤੇ ਉਹ ਵੀ ਹਮੇਸ਼ਾ ਲਈ ਮਸੀਹ ਨਾਲ ਸਵਰਗ ਵਿਚ ਰਾਜਿਆਂ ਵਜੋਂ ਰਾਜ ਕਰਨਗੇ। (ਪ੍ਰਕਾ. 22:5) ਇਹ ਮਸੀਹੀ ਮੈਮੋਰੀਅਲ ਦੌਰਾਨ ਰੋਟੀ ਖਾਣ ਤੇ ਦਾਖਰਸ ਪੀਣ ਦੇ ਯੋਗ ਹਨ।
16. ਰੋਮੀਆਂ 8:15-17 ਦੇ ਮਤਲਬ ਨੂੰ ਥੋੜ੍ਹੇ ਸ਼ਬਦਾਂ ਵਿਚ ਸਮਝਾਓ।
16 ਸਿਰਫ਼ ਉਨ੍ਹਾਂ ਮਸੀਹੀਆਂ ਨੂੰ ਹੀ ਰੋਟੀ ਖਾਣੀ ਤੇ ਦਾਖਰਸ ਪੀਣਾ ਚਾਹੀਦਾ ਹੈ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਗਵਾਹੀ ਦਿੰਦੀ ਹੈ ਕਿ ਉਹ ਪਰਮੇਸ਼ੁਰ ਦੇ ਬੱਚੇ ਹਨ। (ਰੋਮੀਆਂ 8:15-17 ਪੜ੍ਹੋ।) ਗੌਰ ਕਰੋ ਕਿ ਪੌਲੁਸ ਨੇ ਅਰਾਮੀ ਸ਼ਬਦ “ਅੱਬਾ” ਵਰਤਿਆ ਜਿਸ ਦਾ ਮਤਲਬ ਹੈ “ਹੇ ਪਿਤਾ।” ਇਕ ਬੱਚਾ ਆਪਣੇ ਪਿਤਾ ਨੂੰ ਬੁਲਾਉਣ ਲਈ ਸ਼ਾਇਦ ਇਹ ਸ਼ਬਦ ਵਰਤੇ ਕਿਉਂਕਿ ਇਹ ਸ਼ਬਦ ਲਾਡ ਨਾਲ ਕਹੇ ਸ਼ਬਦ “ਪਾਪਾ” ਅਤੇ ਆਦਰ ਨਾਲ ਕਹੇ ਸ਼ਬਦ “ਪਿਤਾ” ਨਾਲ ਮਿਲਦਾ-ਜੁਲਦਾ ਹੈ। ਜਿਨ੍ਹਾਂ ਨੂੰ ‘ਸ਼ਕਤੀ ਦੇ ਜ਼ਰੀਏ ਪੁੱਤਰਾਂ ਵਜੋਂ ਅਪਣਾਇਆ’ ਗਿਆ ਹੈ, ਉਹ ਪਰਮੇਸ਼ੁਰ ਦੇ ਬੱਚੇ ਬਣ ਗਏ ਹਨ। ਪਰਮੇਸ਼ੁਰ ਦੀ ਸ਼ਕਤੀ ਉਨ੍ਹਾਂ ਦੇ ਮਨ ਨਾਲ ਮਿਲ ਕੇ ਗਵਾਹੀ ਦਿੰਦੀ ਹੈ ਤੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਯਹੋਵਾਹ ਦੇ ਚੁਣੇ ਹੋਏ ਪੁੱਤਰ ਹਨ। ਇਸ ਦਾ ਇਹ ਮਤਲਬ ਨਹੀਂ ਕਿ ਉਹ ਧਰਤੀ ʼਤੇ ਰਹਿਣਾ ਨਹੀਂ ਚਾਹੁੰਦੇ। ਉਨ੍ਹਾਂ ਨੂੰ ਯਕੀਨ ਹੈ ਕਿ ਉਹ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ ਜੇ ਉਹ ਮੌਤ ਤਕ ਵਫ਼ਾਦਾਰ ਰਹਿੰਦੇ ਹਨ। ਮਸੀਹ ਦੇ ਨਕਸ਼ੇ-ਕਦਮਾਂ ʼਤੇ ਚੱਲਣ ਵਾਲੇ 1,44,000 ਵਿੱਚੋਂ ਕੁਝ ਹੀ ਮਸੀਹੀ ਅੱਜ ਧਰਤੀ ʼਤੇ ਰਹਿ ਗਏ ਹਨ ਜਿਨ੍ਹਾਂ ਨੂੰ “ਪਵਿੱਤਰ ਪਰਮੇਸ਼ੁਰ [ਯਹੋਵਾਹ] ਨੇ ਚੁਣਿਆ ਹੈ।” (1 ਯੂਹੰ. 2:20; ਪ੍ਰਕਾ. 14:1) ਉਹ ਪਰਮੇਸ਼ੁਰ ਦੀ ਸ਼ਕਤੀ ਨਾਲ ਪਰਮੇਸ਼ੁਰ ਨੂੰ “ਅੱਬਾ, ਹੇ ਪਿਤਾ” ਪੁਕਾਰਦੇ ਹਨ। ਪਰਮੇਸ਼ੁਰ ਨਾਲ ਕਿੰਨਾ ਹੀ ਵਧੀਆ ਰਿਸ਼ਤਾ!
ਬਾਈਬਲ ਵਿਚ ਦਿੱਤੀ ਆਪਣੀ ਉਮੀਦ ਲਈ ਕਦਰ ਦਿਖਾਉਣੀ
17. ਚੁਣੇ ਹੋਏ ਮਸੀਹੀਆਂ ਕੋਲ ਕਿਹੜੀ ਉਮੀਦ ਹੈ ਤੇ ਉਨ੍ਹਾਂ ਦਾ ਇਸ ਉਮੀਦ ਪ੍ਰਤੀ ਕੀ ਨਜ਼ਰੀਆ ਹੈ?
17 ਜੇ ਤੁਸੀਂ ਚੁਣੇ ਹੋਏ ਮਸੀਹੀ ਹੋ, ਤਾਂ ਤੁਹਾਡੀਆਂ ਪ੍ਰਾਰਥਨਾਵਾਂ ਵਿਚ ਸਵਰਗੀ ਉਮੀਦ ਇਕ ਅਹਿਮ ਵਿਸ਼ਾ ਹੈ। ਜਦੋਂ ਬਾਈਬਲ ਸਵਰਗੀ ਲਾੜੇ ਯਿਸੂ ਮਸੀਹ ਨਾਲ “ਕੁੜਮਾਈ” ਬਾਰੇ ਗੱਲ ਕਰਦੀ ਹੈ, ਤਾਂ ਤੁਹਾਨੂੰ ਪਤਾ ਹੈ ਕਿ ਇਹ ਗੱਲ ਤੁਹਾਡੇ ʼਤੇ ਲਾਗੂ ਹੁੰਦੀ ਹੈ ਤੇ ਤੁਸੀਂ ਬੇਸਬਰੀ ਨਾਲ ਮਸੀਹ ਦੀ “ਲਾੜੀ” ਦਾ ਹਿੱਸਾ ਬਣਨ ਦਾ ਇੰਤਜ਼ਾਰ ਕਰਦੇ ਹੋ। (2 ਕੁਰਿੰ. 11:2; ਯੂਹੰ. 3:27-29; ਪ੍ਰਕਾ. 21:2, 9-14) ਜਦੋਂ ਪਰਮੇਸ਼ੁਰ ਆਪਣੇ ਬਚਨ ਵਿਚ ਆਪਣੇ ਚੁਣੇ ਹੋਏ ਪੁੱਤਰਾਂ ਨਾਲ ਪਿਆਰ ਦਾ ਇਜ਼ਹਾਰ ਕਰਦਾ ਹੈ, ਤਾਂ ਤੁਸੀਂ ਕਹਿੰਦੇ ਹੋ, “ਇਹ ਮੇਰੇ ਲਈ ਹੈ।” ਨਾਲੇ ਜਦੋਂ ਯਹੋਵਾਹ ਆਪਣੇ ਬਚਨ ਵਿਚ ਆਪਣੇ ਚੁਣੇ ਹੋਏ ਪੁੱਤਰਾਂ ਨੂੰ ਹਿਦਾਇਤਾਂ ਦਿੰਦਾ ਹੈ, ਤਾਂ ਪਵਿੱਤਰ ਸ਼ਕਤੀ ਤੁਹਾਨੂੰ ਪ੍ਰੇਰਿਤ ਕਰਦੀ ਹੈ ਕਿ ਤੁਸੀਂ ਉਨ੍ਹਾਂ ਹਿਦਾਇਤਾਂ ਨੂੰ ਮੰਨੋ ਤੇ ਤੁਸੀਂ ਆਪਣੇ ਦਿਲ ਵਿਚ ਕਹੋ, “ਇਹ ਗੱਲਾਂ ਮੇਰੇ ʼਤੇ ਲਾਗੂ ਹੁੰਦੀਆਂ ਹਨ।” ਪਰਮੇਸ਼ੁਰ ਦੀ ਸ਼ਕਤੀ ਤੇ ਤੁਹਾਡਾ ਮਨ ਦੋਵੇਂ ਗਵਾਹੀ ਦਿੰਦੇ ਹਨ ਕਿ ਤੁਹਾਨੂੰ ਸਵਰਗ ਜਾਣ ਦੀ ਉਮੀਦ ਹੈ।
18. “ਹੋਰ ਭੇਡਾਂ” ਨੂੰ ਕਿਹੜੀ ਉਮੀਦ ਹੈ ਤੇ ਤੁਸੀਂ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
18 ਦੂਜੇ ਪਾਸੇ, ਜੇ ਤੁਸੀਂ “ਹੋਰ ਭੇਡਾਂ” ਦੀ “ਵੱਡੀ ਭੀੜ” ਦਾ ਹਿੱਸਾ ਹੋ, ਤਾਂ ਪਰਮੇਸ਼ੁਰ ਨੇ ਤੁਹਾਨੂੰ ਧਰਤੀ ʼਤੇ ਰਹਿਣ ਦੀ ਉਮੀਦ ਦਿੱਤੀ ਹੈ। (ਪ੍ਰਕਾ. 7:9; ਯੂਹੰ. 10:16) ਤੁਸੀਂ ਹਮੇਸ਼ਾ ਲਈ ਬਾਗ਼ ਵਰਗੀ ਸੋਹਣੀ ਧਰਤੀ ʼਤੇ ਰਹਿਣਾ ਚਾਹੁੰਦੇ ਹੋ ਅਤੇ ਤੁਹਾਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਤੁਸੀਂ ਬਾਈਬਲ ਵਿਚ ਦੱਸੀਆਂ ਗੱਲਾਂ ʼਤੇ ਸੋਚ-ਵਿਚਾਰ ਕਰਦੇ ਹੋ ਕਿ ਭਵਿੱਖ ਵਿਚ ਧਰਤੀ ʼਤੇ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਤੁਸੀਂ ਸ਼ਾਂਤ ਮਾਹੌਲ ਵਿਚ ਆਪਣੇ ਪਰਿਵਾਰ ਤੇ ਹੋਰ ਧਰਮੀ ਲੋਕਾਂ ਨਾਲ ਰਹਿਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ। ਤੁਸੀਂ ਉਸ ਸਮੇਂ ਦਾ ਵੀ ਇੰਤਜ਼ਾਰ ਕਰ ਰਹੇ ਹੋ ਜਦੋਂ ਭੁੱਖਮਰੀ, ਗ਼ਰੀਬੀ, ਦੁੱਖ, ਬੀਮਾਰੀਆਂ ਤੇ ਮੌਤ ਨਹੀਂ ਰਹੇਗੀ। (ਜ਼ਬੂ. 37:10, 11, 29; 67:6; 72:7, 16; ਯਸਾ. 33:24) ਤੁਸੀਂ ਦੁਬਾਰਾ ਜੀਉਂਦੇ ਹੋਣ ਵਾਲੇ ਲੋਕਾਂ ਦਾ ਸੁਆਗਤ ਕਰਨ ਲਈ ਤਰਸ ਰਹੇ ਹੋ ਜਿਨ੍ਹਾਂ ਨੂੰ ਧਰਤੀ ʼਤੇ ਹਮੇਸ਼ਾ ਰਹਿਣ ਦੀ ਉਮੀਦ ਹੋਵੇਗੀ। (ਯੂਹੰ. 5:28, 29) ਤੁਸੀਂ ਇਸ ਗੱਲ ਲਈ ਯਹੋਵਾਹ ਦੇ ਕਿੰਨੇ ਹੀ ਧੰਨਵਾਦੀ ਹੋ ਕਿ ਯਹੋਵਾਹ ਨੇ ਤੁਹਾਨੂੰ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੱਤੀ ਹੈ! ਭਾਵੇਂ ਕਿ ਤੁਸੀਂ ਮੈਮੋਰੀਅਲ ਵਿਚ ਰੋਟੀ ਨਹੀਂ ਖਾਂਦੇ ਤੇ ਦਾਖਰਸ ਨਹੀਂ ਪੀਂਦੇ, ਪਰ ਤੁਸੀਂ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਯਿਸੂ ਦੀ ਕੁਰਬਾਨੀ ਲਈ ਆਪਣੀ ਕਦਰ ਦਿਖਾਉਂਦੇ ਹੋ।
ਕੀ ਤੁਸੀਂ ਹਾਜ਼ਰ ਹੋਵੋਗੇ?
19, 20. (ੳ) ਤੁਹਾਨੂੰ ਪਰਮੇਸ਼ੁਰ ਤੋਂ ਮਿਲੀ ਉਮੀਦ ਹਕੀਕਤ ਵਿਚ ਕਿਵੇਂ ਬਦਲ ਸਕਦੀ ਹੈ? (ਅ) ਤੁਹਾਨੂੰ ਮੈਮੋਰੀਅਲ ਵਿਚ ਹਾਜ਼ਰ ਕਿਉਂ ਹੋਣਾ ਚਾਹੀਦਾ ਹੈ?
19 ਚਾਹੇ ਤੁਹਾਡੀ ਉਮੀਦ ਧਰਤੀ ʼਤੇ ਹਮੇਸ਼ਾ ਰਹਿਣ ਦੀ ਹੋਵੇ ਜਾਂ ਸਵਰਗ ਜਾਣ ਦੀ, ਇਹ ਹਕੀਕਤ ਵਿਚ ਬਦਲ ਸਕਦੀ ਹੈ ਜੇ ਤੁਸੀਂ ਯਹੋਵਾਹ, ਯਿਸੂ ਮਸੀਹ ਅਤੇ ਉਸ ਦੀ ਕੁਰਬਾਨੀ ਉੱਤੇ ਨਿਹਚਾ ਕਰੋ। ਮੈਮੋਰੀਅਲ ਵਿਚ ਹਾਜ਼ਰ ਹੋ ਕੇ ਤੁਹਾਡੇ ਕੋਲ ਆਪਣੀ ਉਮੀਦ ਅਤੇ ਯਿਸੂ ਦੀ ਮੌਤ ਦੀ ਅਹਿਮੀਅਤ ʼਤੇ ਸੋਚ-ਵਿਚਾਰ ਕਰਨ ਦਾ ਮੌਕਾ ਹੋਵੇਗਾ। ਇਸ ਲਈ ਟੀਚਾ ਰੱਖੋ ਕਿ ਤੁਸੀਂ ਸ਼ੁੱਕਰਵਾਰ, 3 ਅਪ੍ਰੈਲ 2015 ਨੂੰ ਸੂਰਜ ਡੁੱਬਣ ਤੋਂ ਬਾਅਦ ਮੈਮੋਰੀਅਲ ਮਨਾਉਣ ਵਾਲੇ ਲੱਖਾਂ ਲੋਕਾਂ ਨਾਲ ਹਾਜ਼ਰ ਹੋਵੋਗੇ। ਇਹ ਮੈਮੋਰੀਅਲ ਦੁਨੀਆਂ ਭਰ ਵਿਚ ਕਿੰਗਡਮ ਹਾਲਾਂ ਜਾਂ ਕਿਸੇ ਹੋਰ ਜਗ੍ਹਾ ʼਤੇ ਹੋਵੇਗਾ।
20 ਸਾਡੀ ਦੁਆ ਹੈ ਕਿ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਯਿਸੂ ਦੀ ਕੁਰਬਾਨੀ ਲਈ ਤੁਹਾਡੀ ਕਦਰ ਹੋਰ ਵਧੇ। ਭਾਸ਼ਣ ਨੂੰ ਧਿਆਨ ਨਾਲ ਸੁਣ ਕੇ ਤੁਸੀਂ ਆਪਣੇ ਗੁਆਂਢੀਆਂ ਨੂੰ ਪਿਆਰ ਦਿਖਾਉਣ ਲਈ ਪ੍ਰੇਰਿਤ ਹੋਵੋਗੇ। ਤੁਸੀਂ ਉਨ੍ਹਾਂ ਨੂੰ ਯਹੋਵਾਹ ਦੇ ਪਿਆਰ ਤੇ ਮਨੁੱਖਜਾਤੀ ਲਈ ਰੱਖੇ ਉਸ ਦੇ ਸ਼ਾਨਦਾਰ ਮਕਸਦ ਬਾਰੇ ਦੱਸੋਗੇ ਜਿਸ ਬਾਰੇ ਤੁਸੀਂ ਭਾਸ਼ਣ ਵਿਚ ਸਿੱਖੋਗੇ। (ਮੱਤੀ 22:34-40) ਇਸ ਲਈ ਮੈਮੋਰੀਅਲ ਵਿਚ ਹਾਜ਼ਰ ਹੋਣ ਦਾ ਪੱਕਾ ਇਰਾਦਾ ਕਰੋ।
a ਇਬਰਾਨੀ ਲੋਕਾਂ ਲਈ ਦਿਨ ਸੂਰਜ ਛਿਪਣ ਤੋਂ ਲੈ ਕੇ ਅਗਲੇ ਸੂਰਜ ਛਿਪਣ ਤਕ ਹੁੰਦਾ ਸੀ।