ਪਰਮੇਸ਼ੁਰ ਦੇ ਬਚਨ ਨੂੰ ਆਪਣਾ ਰਾਹ ਰੌਸ਼ਨ ਕਰਨ ਦਿਓ
“ਤੇਰਾ ਬਚਨ . . . ਮੇਰੇ ਰਾਹ ਦਾ ਚਾਨਣ ਹੈ।”—ਜ਼ਬੂਰਾਂ ਦੀ ਪੋਥੀ 119:105.
1, 2. ਜੇ ਅਸੀਂ ਯਹੋਵਾਹ ਦੇ ਬਚਨ ਤੋਂ ਰੌਸ਼ਨੀ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
ਯਹੋਵਾਹ ਦਾ ਬਚਨ ਸਾਡੇ ਰਾਹ ਨੂੰ ਰੌਸ਼ਨ ਕਰ ਸਕਦਾ ਹੈ ਜੇ ਅਸੀਂ ਉਸ ਨੂੰ ਕਰ ਲੈਣ ਦੇਈਏ। ਜੇ ਅਸੀਂ ਆਪਣੀ ਜ਼ਿੰਦਗੀ ਵਿਚ ਇਸ ਦੀ ਰੌਸ਼ਨੀ ਚਾਹੁੰਦੇ ਹਾਂ, ਤਾਂ ਸਾਨੂੰ ਧਿਆਨ ਨਾਲ ਬਾਈਬਲ ਦੀ ਸਟੱਡੀ ਕਰਨ ਦੇ ਨਾਲ-ਨਾਲ ਇਸ ਦੀ ਸਲਾਹ ਤੇ ਅਮਲ ਕਰਨ ਦੀ ਲੋੜ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਜ਼ਬੂਰ ਦੇ ਲਿਖਾਰੀ ਵਾਂਗ ਕਹਿ ਸਕਾਂਗੇ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।”—ਜ਼ਬੂਰਾਂ ਦੀ ਪੋਥੀ 119:105.
2 ਆਓ ਹੁਣ ਆਪਾਂ ਜ਼ਬੂਰ 119:89-176 ਉੱਤੇ ਗੌਰ ਕਰੀਏ। ਇਨ੍ਹਾਂ 11 ਪਉੜੀਆਂ ਵਿਚ ਕਿੰਨੀ ਭਰਪੂਰ ਜਾਣਕਾਰੀ ਹੈ! ਇਸ ਜਾਣਕਾਰੀ ਦੀ ਮਦਦ ਨਾਲ ਅਸੀਂ ਜ਼ਿੰਦਗੀ ਨੂੰ ਜਾਂਦੇ ਰਾਹ ਤੇ ਰਹਿ ਸਕਦੇ ਹਾਂ।—ਮੱਤੀ 7:13, 14.
ਪਰਮੇਸ਼ੁਰ ਦੇ ਬਚਨ ਨੂੰ ਆਪਣੀ ਖ਼ੁਸ਼ੀ ਬਣਾਓ
3. ਜ਼ਬੂਰ 119:89, 90 ਤੋਂ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
3 ਜੇ ਪਰਮੇਸ਼ੁਰ ਦਾ ਬਚਨ ਸਾਡੀ ਖ਼ੁਸ਼ੀ ਦਾ ਕਾਰਨ ਹੋਵੇ, ਤਾਂ ਅਸੀਂ ਡਾਵਾਂ-ਡੋਲ ਹੋਣ ਤੋਂ ਬਚ ਕੇ ਸੱਚਾਈ ਵਿਚ ਹਮੇਸ਼ਾ ਸਥਿਰ ਰਹਾਂਗੇ। (ਜ਼ਬੂਰਾਂ ਦੀ ਪੋਥੀ 119:89-96) ਇਸ ਜ਼ਬੂਰ ਦੇ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਸਦਾ ਤੀਕ ਤੇਰਾ ਬਚਨ ਅਕਾਸ਼ ਉੱਤੇ ਇਸਥਿਰ ਹੈ! . . . ਤੈਂ ਧਰਤੀ ਨੂੰ ਕਾਇਮ ਕੀਤਾ ਅਤੇ ਉਹ ਬਣੀ ਰਹਿੰਦੀ ਹੈ।” (ਜ਼ਬੂਰਾਂ ਦੀ ਪੋਥੀ 119:89, 90) ਪਰਮੇਸ਼ੁਰ ਦੇ ਬਚਨ ਯਾਨੀ “ਅਕਾਸ਼ ਦੀਆਂ ਬਿਧੀਆਂ” ਮੁਤਾਬਕ ਸਾਰੇ ਆਕਾਸ਼ੀ ਪਿੰਡ ਤਰਤੀਬ ਵਿਚ ਘੁੰਮਦੇ ਹਨ ਅਤੇ ਧਰਤੀ ਕਾਇਮ ਰਹਿੰਦੀ ਹੈ। (ਅੱਯੂਬ 38:31-33; ਜ਼ਬੂਰਾਂ ਦੀ ਪੋਥੀ 104:5) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਮੂੰਹੋਂ ਨਿਕਲਿਆ ਹਰ ਬਚਨ ਪੂਰਾ ਹੋਵੇਗਾ। ਆਪਣੇ ਮਕਸਦ ਦੇ ਸੰਬੰਧ ਵਿਚ ਜੋ ਉਸ ਨੇ ਕਿਹਾ, ਉਹ ਜ਼ਰੂਰ “ਸਫ਼ਲ ਹੋਏਗਾ।”—ਯਸਾਯਾਹ 55:8-11.
4. ਜੇ ਦੁੱਖਾਂ ਦੇ ਬਾਵਜੂਦ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਖ਼ੁਸ਼ੀ ਬਣਾਈ ਰੱਖੀਏ, ਤਾਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ?
4 ਇਸ ਜ਼ਬੂਰ ਦੇ ਲਿਖਾਰੀ ਨੇ ‘ਆਪਣੇ ਦੁਖ ਵਿੱਚ ਨਾਸ ਹੋ ਜਾਣਾ ਸੀ ਜੇ ਪਰਮੇਸ਼ੁਰ ਦੀ ਬਿਵਸਥਾ ਉਸ ਦੀ ਖੁਸ਼ੀ ਨਾ ਹੁੰਦੀ।’ (ਜ਼ਬੂਰਾਂ ਦੀ ਪੋਥੀ 119:92) ਉਸ ਤੇ ਜ਼ੁਲਮ ਢਾਹੁਣ ਵਾਲੇ ਬਾਹਰਲੇ ਲੋਕ ਨਹੀਂ ਸਨ, ਸਗੋਂ ਉਸ ਦੇ ਆਪਣੇ ਮੁਲਕ ਦੇ ਲੋਕ ਸਨ ਜੋ ਬਿਵਸਥਾ ਦੇ ਕਹੇ ਤੋਂ ਉਲਟ ਉਸ ਨਾਲ ਵੈਰ ਕਰ ਰਹੇ ਸਨ। (ਲੇਵੀਆਂ 19:17) ਪਰ ਉਹ ਇਸ ਲਿਖਾਰੀ ਨੂੰ ਕੁਚਲ ਨਹੀਂ ਸਕੇ ਕਿਉਂਕਿ ਪਰਮੇਸ਼ੁਰ ਦਾ ਬਚਨ ਉਸ ਦੀ ਖ਼ੁਸ਼ੀ ਦਾ ਕਾਰਨ ਸੀ। ਕੁਰਿੰਥੁਸ ਵਿਚ ਪੌਲੁਸ ਰਸੂਲ “ਖੋਟੇ ਭਰਾਵਾਂ ਦਿਆਂ ਭੌਜਲਾਂ ਵਿੱਚ” ਸੀ ਜਿਨ੍ਹਾਂ ਵਿਚ ਸ਼ਾਇਦ ‘ਮਹਾਨ ਰਸੂਲ’ ਵੀ ਸਨ ਜੋ ਉਸ ਤੇ ਆਰੋਪ ਲਾਉਣਾ ਚਾਹੁੰਦੇ ਸਨ। (2 ਕੁਰਿੰਥੀਆਂ 11:5, 12-14, 26) ਇਸ ਦੇ ਬਾਵਜੂਦ ਪੌਲੁਸ ਦੀ ਨਿਹਚਾ ਦਾ ਬੇੜਾ ਗਰਕ ਨਹੀਂ ਹੋਇਆ ਕਿਉਂਕਿ ਉਹ ਵੀ ਪਰਮੇਸ਼ੁਰ ਦੇ ਬਚਨ ਵਿਚ ਮਗਨ ਸੀ। ਅਸੀਂ ਬਾਈਬਲ ਵਿਚ ਯਹੋਵਾਹ ਦੇ ਬਚਨ ਨੂੰ ਆਪਣੀ ਖ਼ੁਸ਼ੀ ਬਣਾਉਂਦੇ ਹਾਂ, ਇਸ ਲਈ ਅਸੀਂ ਆਪਣੇ ਭੈਣ-ਭਾਈਆਂ ਨਾਲ ਪਿਆਰ ਕਰਦੇ ਹਾਂ। (1 ਯੂਹੰਨਾ 3:15) ਭਾਵੇਂ ਦੁਨੀਆਂ ਸਾਡੇ ਨਾਲ ਵੈਰ ਕਰਦੀ ਹੈ, ਪਰ ਅਸੀਂ ਪਰਮੇਸ਼ੁਰ ਦੀਆਂ ਹਿਦਾਇਤਾਂ ਨੂੰ ਭੁੱਲਦੇ ਨਹੀਂ ਹਾਂ। ਅਸੀਂ ਆਪਣੇ ਭੈਣ-ਭਾਈਆਂ ਨਾਲ ਮਿਲ ਕੇ ਉਸ ਦੀ ਮਰਜ਼ੀ ਪੂਰੀ ਕਰਦੇ ਹਾਂ ਅਤੇ ਹਮੇਸ਼ਾ ਵਾਸਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦੀ ਉਮੀਦ ਰੱਖਦੇ ਹਾਂ।—ਜ਼ਬੂਰਾਂ ਦੀ ਪੋਥੀ 119:93.
5. ਆਸਾ ਪਾਤਸ਼ਾਹ ਨੇ ਯਹੋਵਾਹ ਨੂੰ ਕਿਵੇਂ ਭਾਲਿਆ ਸੀ?
5 ਯਹੋਵਾਹ ਲਈ ਆਪਣੀ ਸ਼ਰਧਾ ਦਿਖਾਉਂਦੇ ਹੋਏ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ: “ਮੈਂ ਤੇਰਾ ਹੀ ਹਾਂ, ਮੈਨੂੰ ਬਚਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ!” (ਜ਼ਬੂਰਾਂ ਦੀ ਪੋਥੀ 119:94) ਜ਼ਰਾ ਆਸਾ ਪਾਤਸ਼ਾਹ ਬਾਰੇ ਸੋਚੋ ਜਿਸ ਨੇ ਯਹੋਵਾਹ ਨੂੰ ਭਾਲਿਆ ਸੀ ਅਤੇ ਯਹੂਦਾਹ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਖ਼ਤਮ ਕਰ ਦਿੱਤਾ ਸੀ ਜੋ ਯਹੋਵਾਹ ਦੇ ਸ਼ਰਧਾਲੂ ਨਹੀਂ ਸਨ। ਆਸਾ ਦੀ ਪਾਤਸ਼ਾਹੀ ਦੇ 15ਵੇਂ ਸਾਲ (963 ਸਾ.ਯੁ.ਪੂ.) ਵਿਚ ਯਹੂਦਾਹ ਦੇ ਵਾਸੀ ਇਕ ਵੱਡੇ ਸੰਮੇਲਨ ਵਿਚ ਇਕੱਠੇ ਹੋ ਕੇ ‘ਇੱਕ ਨੇਮ ਵਿੱਚ ਸ਼ਾਮਲ ਹੋ ਗਏ ਕਿ ਯਹੋਵਾਹ ਪਰਮੇਸ਼ੁਰ ਨੂੰ ਭਾਲਣ।’ ਨਤੀਜੇ ਵਜੋਂ ਯਹੋਵਾਹ “ਓਹਨਾਂ ਨੂੰ ਮਿਲ ਗਿਆ” ਅਤੇ ਉਸ ਨੇ “ਓਹਨਾਂ ਨੂੰ ਚੁਫੇਰਿਓਂ ਅਰਾਮ ਦਿੱਤਾ।” (2 ਇਤਹਾਸ 15:10-15) ਇਸ ਉਦਾਹਰਣ ਤੋਂ ਹਰ ਕਿਸੇ ਨੂੰ ਯਹੋਵਾਹ ਨੂੰ ਭਾਲਣ ਦਾ ਹੌਸਲਾ ਮਿਲਣਾ ਚਾਹੀਦਾ ਹੈ ਅਤੇ ਖ਼ਾਸਕਰ ਉਨ੍ਹਾਂ ਭੈਣ-ਭਾਈਆਂ ਨੂੰ ਜੋ ਸੱਚਾਈ ਵਿਚ ਠੰਢੇ ਪੈ ਗਏ ਹਨ। ਯਹੋਵਾਹ ਉਨ੍ਹਾਂ ਤੇ ਮਿਹਰਬਾਨ ਹੁੰਦਾ ਤੇ ਉਨ੍ਹਾਂ ਦੀ ਰਾਖੀ ਕਰਦਾ ਹੈ ਜੋ ਮੁੜ ਕੇ ਜ਼ੋਰਾਂ-ਸ਼ੋਰਾਂ ਨਾਲ ਉਸ ਦੇ ਲੋਕਾਂ ਨਾਲ ਸੰਗਤ ਕਰਨ ਲੱਗਦੇ ਹਨ।
6. ਅਸੀਂ ਗ਼ਲਤ ਕੰਮ ਕਰਨ ਤੋਂ ਬਚੇ ਕਿਵੇਂ ਰਹਿ ਸਕਦੇ ਹਾਂ?
6 ਯਹੋਵਾਹ ਦੇ ਬਚਨ ਤੋਂ ਬੁੱਧ ਹਾਸਲ ਕਰ ਕੇ ਅਸੀਂ ਗ਼ਲਤ ਰਾਹ ਤੁਰਨ ਤੋਂ ਬਚਾਂਗੇ। (ਜ਼ਬੂਰਾਂ ਦੀ ਪੋਥੀ 119:97-104) ਪਰਮੇਸ਼ੁਰ ਦੇ ਹੁਕਮਨਾਮੇ ਸਾਨੂੰ ਆਪਣੇ ਵੈਰੀਆਂ ਤੋਂ ਜ਼ਿਆਦਾ ਬੁੱਧਵਾਨ ਬਣਾਉਂਦੇ ਹਨ। ਯਹੋਵਾਹ ਦੀਆਂ ਯਾਦ-ਦਹਾਨੀਆਂ ਨਾਲ ਸਾਨੂੰ ਅਕਲ ਮਿਲਦੀ ਹੈ ਅਤੇ ਅਸੀਂ ‘ਬਜ਼ੁਰਗਾਂ ਨਾਲੋਂ ਜ਼ਿਆਦਾ ਸਮਝਦਾਰ ਬਣਦੇ ਹਾਂ, ਕਿਉਂਕਿ ਪਰਮੇਸ਼ੁਰ ਦੇ ਫ਼ਰਮਾਨਾਂ ਨੂੰ ਅਸੀਂ ਸਾਂਭਿਆ ਹੈ।’ (ਜ਼ਬੂਰਾਂ ਦੀ ਪੋਥੀ 119:98-100) ਜੇ ਯਹੋਵਾਹ ਦੇ ਫ਼ਰਮਾਨ ਸਾਨੂੰ ‘ਸ਼ਹਿਤ ਨਾਲੋਂ ਵੀ ਵੱਧ ਮਿੱਠੇ ਲੱਗਦੇ ਹਨ,’ ਤਾਂ ਅਸੀਂ “ਹਰ ਝੂਠੇ ਮਾਰਗ” ਤੋਂ ਵੈਰ ਰੱਖਾਂਗੇ। (ਜ਼ਬੂਰਾਂ ਦੀ ਪੋਥੀ 119:103, 104) ਤਾਂ ਫਿਰ ਜਦ ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਡਾ ਹੰਕਾਰੀ, ਕਰੜੇ ਅਤੇ ਪਰਮੇਸ਼ੁਰ ਨਾਲ ਵੈਰ ਰੱਖਣ ਵਾਲੇ ਲੋਕਾਂ ਨਾਲ ਵਾਸਤਾ ਪਵੇਗਾ, ਤਾਂ ਅਸੀਂ ਗ਼ਲਤ ਕੰਮ ਕਰਨ ਤੋਂ ਬਚੇ ਰਹਾਂਗੇ।—2 ਤਿਮੋਥਿਉਸ 3:1-5.
ਸਾਡੇ ਪੈਰਾਂ ਲਈ ਦੀਪਕ
7, 8. ਜ਼ਬੂਰ 119:105 ਬਾਰੇ ਸੋਚਦੇ ਹੋਏ ਸਾਨੂੰ ਕੀ ਕਰਨ ਦੀ ਲੋੜ ਹੈ?
7 ਪਰਮੇਸ਼ੁਰ ਦੇ ਬਚਨ ਦੀ ਰੌਸ਼ਨੀ ਕਦੇ ਨਹੀਂ ਘੱਟਦੀ। (ਜ਼ਬੂਰਾਂ ਦੀ ਪੋਥੀ 119:105-112) ਚਾਹੇ ਅਸੀਂ ਸਵਰਗ ਵਿਚ ਰਹਿਣ ਦੀ ਆਸ ਰੱਖਦੇ ਹਾਂ ਜਾਂ ‘ਹੋਰ ਭੇਡਾਂ’ ਦੀ ਗਿਣਤੀ ਵਿਚ ਗਿਣੇ ਜਾਣ ਵਾਲੇ ਹਾਂ, ਪਰ ਅਸੀਂ ਸਾਰੇ ਯਹੋਵਾਹ ਨੂੰ ਕਹਿੰਦੇ ਹਾਂ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” (ਯੂਹੰਨਾ 10:16; ਜ਼ਬੂਰਾਂ ਦੀ ਪੋਥੀ 119:105) ਪਰਮੇਸ਼ੁਰ ਦਾ ਬਚਨ ਇਕ ਦੀਵੇ ਵਾਂਗ ਸਾਡੇ ਰਾਹ ਨੂੰ ਰੌਸ਼ਨ ਕਰਦਾ ਹੈ ਤਾਂਕਿ ਅਸੀਂ ਸੱਚਾਈ ਦੇ ਰਾਹ ਤੋਂ ਭਟਕ ਨਾ ਜਾਈਏ। (ਕਹਾਉਤਾਂ 6:23) ਪਰ ਸਾਨੂੰ ਨਿੱਜੀ ਤੌਰ ਤੇ ਯਹੋਵਾਹ ਦੇ ਬਚਨ ਨੂੰ ਆਪਣਾ ਰਾਹ ਰੌਸ਼ਨ ਕਰਨ ਦੇਣਾ ਚਾਹੀਦਾ ਹੈ।
8 ਸਾਨੂੰ 119ਵੇਂ ਜ਼ਬੂਰ ਦੇ ਲੇਖਕ ਵਾਂਗ ਦ੍ਰਿੜ੍ਹ ਹੋਣ ਦੀ ਲੋੜ ਹੈ। ਉਸ ਨੇ ਆਪਣਾ ਮਨ ਪੱਕਾ ਬਣਾ ਲਿਆ ਸੀ ਕਿ ਉਹ ਪਰਮੇਸ਼ੁਰ ਦੇ ਹੁਕਮਾਂ ਖ਼ਿਲਾਫ਼ ਕਦੇ ਨਹੀਂ ਜਾਵੇਗਾ। ਉਸ ਨੇ ਕਿਹਾ: “ਮੈਂ ਸੌਂਹ ਖਾਧੀ ਅਤੇ ਉਹ ਨੂੰ ਪੱਕਾ ਵੀ ਕੀਤਾ, ਭਈ ਮੈਂ [ਯਹੋਵਾਹ ਦੇ] ਧਰਮ ਦੇ ਨਿਆਵਾਂ ਦੀ ਪਾਲਨਾ ਕਰਾਂਗਾ।” (ਜ਼ਬੂਰਾਂ ਦੀ ਪੋਥੀ 119:106) ਆਓ ਆਪਾਂ ਕਦੇ ਵੀ ਬਾਕਾਇਦਾ ਬਾਈਬਲ ਦੀ ਸਟੱਡੀ ਕਰਨ ਅਤੇ ਆਪਣੀਆਂ ਮੀਟਿੰਗਾਂ ਵਿਚ ਜਾਣ ਦੀ ਮਹੱਤਤਾ ਨੂੰ ਘੱਟ ਨਾ ਸਮਝੀਏ।
9, 10. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਦੀ ਭਗਤੀ ਕਰਨ ਵਾਲੇ ਵੀ ਉਸ ਦੇ ‘ਫ਼ਰਮਾਨਾਂ ਤੋਂ ਅਵਾਰਾ ਹੋ’ ਸਕਦੇ ਹਨ, ਪਰ ਅਸੀਂ ਇਸ ਤੋਂ ਬਚਣ ਲਈ ਕੀ ਕਰ ਸਕਦੇ ਹਾਂ?
9 ਭਾਵੇਂ ਇਸ ਜ਼ਬੂਰ ਦਾ ਲਿਖਾਰੀ ‘ਪਰਮੇਸ਼ੁਰ ਦੇ ਫ਼ਰਮਾਨਾਂ ਤੋਂ ਅਵਾਰਾ ਨਹੀਂ ਹੋਇਆ ਸੀ,’ ਪਰ ਯਹੋਵਾਹ ਦੇ ਭਗਤ ਉਸ ਦੇ ਰਾਹ ਤੋਂ ਭਟਕ ਸਕਦੇ ਹਨ। (ਜ਼ਬੂਰਾਂ ਦੀ ਪੋਥੀ 119:110) ਸੁਲੇਮਾਨ ਪਾਤਸ਼ਾਹ ਦੀ ਉਦਾਹਰਣ ਉੱਤੇ ਗੌਰ ਕਰੋ। ਭਾਵੇਂ ਉਸ ਦੀ ਕੌਮ ਯਹੋਵਾਹ ਦੀ ਭਗਤੀ ਕਰਦੀ ਸੀ ਅਤੇ ਉਸ ਨੇ ਆਪਣੀ ਪਾਤਸ਼ਾਹੀ ਦੇ ਸ਼ੁਰੂ ਵਿਚ ਯਹੋਵਾਹ ਤੋਂ ਬੁੱਧ ਮੰਗੀ ਸੀ, ਫਿਰ ਵੀ ਉਹ ਭਟਕ ਗਿਆ ਸੀ। ਉਸ ਦੀਆਂ “ਓਪਰੀਆਂ ਤੀਵੀਆਂ ਨੇ ਉਸ ਕੋਲੋਂ ਪਾਪ ਕਰਵਾਇਆ” ਅਤੇ ਉਸ ਨੂੰ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲਈ ਮਨਾਇਆ।—ਨਹਮਯਾਹ 13:26; 1 ਰਾਜਿਆਂ 11:1-6.
10 ਸ਼ਤਾਨ ਇਕ ਚਿੜੀਮਾਰ ਵਾਂਗ ਸਾਨੂੰ ਆਪਣੀ ਫਾਹੀ ਵਿਚ ਫਸਾਉਣ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। (ਜ਼ਬੂਰਾਂ ਦੀ ਪੋਥੀ 91:3) ਉਹ ਇਹ ਕਿਸ ਤਰ੍ਹਾਂ ਕਰਦਾ ਹੈ? ਉਹ ਸ਼ਾਇਦ ਕਿਸੇ ਅਜਿਹੇ ਇਨਸਾਨ ਨੂੰ ਵਰਤੇ ਜਿਸ ਨੇ ਸੱਚਾਈ ਵੱਲੋਂ ਆਪਣਾ ਮੂੰਹ ਮੋੜ ਲਿਆ ਹੋਵੇ ਅਤੇ ਜੋ ਸਾਨੂੰ ਰੌਸ਼ਨੀ ਦੇ ਰਾਹ ਤੋਂ ਭਟਕਾ ਕੇ ਹਨੇਰੇ ਰਾਹ ਪਾਉਣ ਦੀ ਕੋਸ਼ਿਸ਼ ਕਰੇ। ਪਹਿਲੀ ਸਦੀ ਦੀ ਥੂਆਤੀਰੇ ਦੀ ਕਲੀਸਿਯਾ ਵਿਚ “ਤੀਵੀਂ ਈਜ਼ਬਲ” ਦੀ ਗੱਲ ਕੀਤੀ ਗਈ ਹੈ। ਇਹ ਸ਼ਾਇਦ ਕੁਝ ਅਜਿਹੀਆਂ ਔਰਤਾਂ ਸਨ ਜੋ ਮੂਰਤੀ ਪੂਜਾ ਅਤੇ ਵਿਭਚਾਰ ਕਰਨ ਤੇ ਜ਼ੋਰ ਦਿੰਦੀਆਂ ਸਨ। ਯਿਸੂ ਨੇ ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਸੀ ਤੇ ਸਾਨੂੰ ਵੀ ਅਜਿਹੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ। (ਪਰਕਾਸ਼ ਦੀ ਪੋਥੀ 2:18-22; ਯਹੂਦਾਹ 3, 4) ਤਾਂ ਫਿਰ, ਆਓ ਆਪਾਂ ਯਹੋਵਾਹ ਅੱਗੇ ਤਰਲੇ ਕਰੀਏ ਕਿ ਅਸੀਂ ਕਦੇ ਵੀ ਉਸ ਦੇ ਹੁਕਮਾਂ ਦੇ ਖ਼ਿਲਾਫ਼ ਨਾ ਜਾਈਏ ਅਤੇ ਹਮੇਸ਼ਾ ਉਸ ਦੇ ਚਾਨਣ ਵਿਚ ਰਹੀਏ।—ਜ਼ਬੂਰਾਂ ਦੀ ਪੋਥੀ 119:111, 112.
ਪਰਮੇਸ਼ੁਰ ਦਾ ਬਚਨ ਸਾਨੂੰ ਸਾਂਭ ਕੇ ਰੱਖਦਾ ਹੈ
11. ਜ਼ਬੂਰ 119:119 ਦੇ ਮੁਤਾਬਕ ਪਰਮੇਸ਼ੁਰ ਦੁਸ਼ਟਾਂ ਨੂੰ ਕੀ ਸਮਝਦਾ ਹੈ?
11 ਜੇ ਅਸੀਂ ਹਮੇਸ਼ਾ ਪਰਮੇਸ਼ੁਰ ਦੇ ਕਾਇਦੇ-ਕਾਨੂੰਨਾਂ ਤੇ ਚਿੱਤ ਲਾਈ ਰੱਖਾਂਗੇ, ਤਾਂ ਉਹ ਸਾਨੂੰ ਸਾਂਭ ਲਵੇਗਾ। (ਜ਼ਬੂਰਾਂ ਦੀ ਪੋਥੀ 119:113-120) ਅਸੀਂ “ਦੁਚਿੱਤਿਆਂ” ਇਨਸਾਨਾਂ ਨੂੰ ਪਸੰਦ ਨਹੀਂ ਕਰਦੇ ਹਾਂ ਤੇ ਨਾ ਹੀ ਯਿਸੂ ਅਜਿਹੇ ਲੋਕਾਂ ਤੋਂ ਖ਼ੁਸ਼ ਹੈ ਜੋ ਮਸੀਹੀ ਕਹਿਲਾਉਣ ਦੇ ਬਾਵਜੂਦ ਸੀਲਗਰਮ ਹਨ। (ਜ਼ਬੂਰਾਂ ਦੀ ਪੋਥੀ 119:113; ਪਰਕਾਸ਼ ਦੀ ਪੋਥੀ 3:16) ਅਸੀਂ ਪੂਰੇ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ, ਇਸ ਲਈ ਉਹ ਸਾਡੀ “ਪਨਾਹਗਾਹ” ਬਣਦਾ ਹੈ ਅਤੇ ਸਾਨੂੰ ਸਾਂਭਦਾ ਹੈ। ਪਰ ਜੋ ਲੋਕ ਚਲਾਕੀ ਅਤੇ ਫ਼ਰੇਬ ਨਾਲ ‘ਉਸ ਦੀਆਂ ਬਿਧੀਆਂ ਤੋਂ ਬੇਮੁਖ ਹੋ ਜਾਂਦੇ ਹਨ ਉਨ੍ਹਾਂ ਨੂੰ ਉਹ ਸੁੱਟ ਦਿੰਦਾ ਹੈ।’ (ਜ਼ਬੂਰਾਂ ਦੀ ਪੋਥੀ 119:114, 117, 118; ਕਹਾਉਤਾਂ 3:32) ਅਜਿਹੇ ਦੁਸ਼ਟ ਇਨਸਾਨਾਂ ਨੂੰ ਯਹੋਵਾਹ “ਖੋਟ ਵਾਂਙੁ ਦੂਰ ਸੁੱਟਦਾ” ਜਿਵੇਂ ਕਿਤੇ ਉਹ ਸੋਨੇ-ਚਾਂਦੀ ਵਿੱਚੋਂ ਨਿਕਲੀ ਧਾਤ-ਮੈਲ ਨੂੰ ਪਰੇ ਸੁੱਟਦਾ ਹੋਵੇ। (ਜ਼ਬੂਰਾਂ ਦੀ ਪੋਥੀ 119:119; ਕਹਾਉਤਾਂ 17:3) ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਦੁਸ਼ਟ ਲੋਕਾਂ ਸਣੇ ਕੂੜੇ ਵਾਂਗ ਨਾਸ਼ ਹੋਣ ਲਈ ਸੁੱਟਿਆ ਜਾਵੇ। ਇਸ ਲਈ ਆਓ ਆਪਾਂ ਪਰਮੇਸ਼ੁਰ ਦੀਆਂ ਯਾਦ-ਦਹਾਨੀਆਂ ਨਾਲ ਪ੍ਰੀਤ ਲਾਈ ਰੱਖੀਏ।
12. ਯਹੋਵਾਹ ਦਾ ਡਰ ਜ਼ਰੂਰੀ ਕਿਉਂ ਹੈ?
12 ਇਸ ਜ਼ਬੂਰ ਦੇ ਲਿਖਾਰੀ ਨੇ ਯਹੋਵਾਹ ਨੂੰ ਕਿਹਾ: “ਤੇਰੇ ਭੈ ਦੇ ਮਾਰੇ ਮੇਰਾ ਸਰੀਰ ਕੰਬਦਾ ਹੈ।” (ਜ਼ਬੂਰਾਂ ਦੀ ਪੋਥੀ 119:120) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਆਪਣੇ ਸੇਵਕਾਂ ਵਜੋਂ ਸਾਂਭ ਕੇ ਰੱਖੇ, ਤਾਂ ਜ਼ਰੂਰੀ ਹੈ ਕਿ ਸਾਡੇ ਦਿਲ ਵਿਚ ਉਸ ਦਾ ਡਰ ਹੋਵੇ ਤੇ ਅਸੀਂ ਅਜਿਹੀ ਹਰ ਚੀਜ਼ ਤੋਂ ਆਪਣਾ ਮੂੰਹ ਮੋੜੀਏ ਜਿਸ ਤੋਂ ਉਸ ਨੂੰ ਨਫ਼ਰਤ ਹੈ। ਅੱਯੂਬ ਯਹੋਵਾਹ ਤੋਂ ਡਰਦਾ ਸੀ, ਇਸ ਲਈ ਉਸ ਨੇ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਗੁਜ਼ਾਰੀ ਸੀ। (ਅੱਯੂਬ 1:1; 23:15) ਜੇ ਅਸੀਂ ਪਰਮੇਸ਼ੁਰ ਨੂੰ ਨਾਰਾਜ਼ ਕਰਨ ਤੋਂ ਡਰਦੇ ਹਾਂ, ਤਾਂ ਅਸੀਂ ਹਰ ਦੁੱਖ ਸਹਿੰਦੇ ਹੋਏ ਸਹੀ ਚਾਲ ਚੱਲਦੇ ਰਹਾਂਗੇ। ਪਰ ਸਹਿਣ ਸ਼ਕਤੀ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੀਏ।—ਯਾਕੂਬ 5:15.
ਪੂਰੇ ਵਿਸ਼ਵਾਸ ਨਾਲ ਪ੍ਰਾਰਥਨਾ ਕਰੋ
13-15. (ੳ) ਅਸੀਂ ਯਕੀਨ ਕਿਉਂ ਕਰ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਅਰਜ਼ੀਆਂ ਸੁਣਦਾ ਹੈ? (ਅ) ਜੇ ਅਸੀਂ ਕਿਸੇ ਗੱਲ ਬਾਰੇ ਪ੍ਰਾਰਥਨਾ ਕਰਨੀ ਨਹੀਂ ਜਾਣਦੇ, ਤਾਂ ਕੀ ਹੋ ਸਕਦਾ ਹੈ? (ੲ) ਜ਼ਬੂਰ 119:121-128 ਦੀ ਮਿਸਾਲ ਦੇ ਕੇ ਸਮਝਾਓ ਕਿ ਇਹ ਸਾਡੀਆਂ ਮੁਸ਼ਕਲਾਂ ਲਈ ਕਿਵੇਂ ਲਿਖੀਆਂ ਗਈਆਂ ਹੋਣ।
13 ਪ੍ਰਾਰਥਨਾ ਕਰਦੇ ਸਮੇਂ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਚੇਤੇ ਰੱਖੇਗਾ। (ਜ਼ਬੂਰਾਂ ਦੀ ਪੋਥੀ 119:121-128) ਇਸ ਜ਼ਬੂਰ ਦੇ ਲਿਖਾਰੀ ਵਾਂਗ ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਸਾਡੀਆਂ ਅਰਜ਼ੀਆਂ ਸੁਣਦਾ ਹੈ। ਕਿਉਂ? ਕਿਉਂਕਿ ਅਸੀਂ ਪਰਮੇਸ਼ੁਰ ਦੇ ਹੁਕਮਾਂ ਨਾਲ “ਸੋਨੇ, ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ” ਰੱਖਦੇ ਹਾਂ। ਇਸ ਤੋਂ ਇਲਾਵਾ ਅਸੀਂ ਪਰਮੇਸ਼ੁਰ ਦੇ ‘ਸਾਰੇ ਦੇ ਸਾਰੇ ਫ਼ਰਮਾਨਾਂ ਨੂੰ ਠੀਕ ਸਮਝਦੇ ਹਾਂ।’—ਜ਼ਬੂਰਾਂ ਦੀ ਪੋਥੀ 119:127, 128.
14 ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਕਿਉਂਕਿ ਅਸੀਂ ਨਿਹਚਾ ਨਾਲ ਦੁਆ ਕਰਦੇ ਹਾਂ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਵੱਲ ਧਿਆਨ ਦਿੰਦੇ ਹਾਂ। (ਜ਼ਬੂਰਾਂ ਦੀ ਪੋਥੀ 65:2) ਪਰ ਅਜਿਹੇ ਸਮੇਂ ਵੀ ਹੁੰਦੇ ਹਨ ਜਦ ਸਾਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਬਾਰੇ ਸਾਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ। ਉਸ ਸਮੇਂ “ਆਤਮਾ ਆਪ ਅਕੱਥ ਹਾਹੁਕੇ ਭਰ ਕੇ ਸਾਡੇ ਲਈ ਸਫ਼ਾਰਸ਼ ਕਰਦਾ ਹੈ।” (ਰੋਮੀਆਂ 8:26, 27) ਇਨ੍ਹਾਂ ਮੌਕਿਆਂ ਤੇ ਪਰਮੇਸ਼ੁਰ ਬਾਈਬਲ ਵਿੱਚੋਂ ਅਜਿਹੀਆਂ ਪ੍ਰਾਰਥਨਾਵਾਂ ਸੁਣ ਲੈਂਦਾ ਹੈ ਜੋ ਸਾਡੀਆਂ ਲੋੜਾਂ ਮੁਤਾਬਕ ਹੋਣ।
15 ਬਾਈਬਲ ਵਿਚ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਅਤੇ ਅਰਦਾਸਾਂ ਹਨ ਜੋ ਮਾਨੋ ਸਾਡੀਆਂ ਮੁਸ਼ਕਲਾਂ ਲਈ ਲਿਖੀਆਂ ਗਈਆਂ ਹੋਣ। ਮਿਸਾਲ ਲਈ ਜ਼ਬੂਰ 119:121-128 ਵੱਲ ਧਿਆਨ ਦਿਓ। ਇਨ੍ਹਾਂ ਆਇਤਾਂ ਦੀਆਂ ਗੱਲਾਂ ਸ਼ਾਇਦ ਸਾਡੇ ਹਾਲਾਤਾਂ ਨੂੰ ਦਰਸਾਉਣ। ਜੇ ਅਸੀਂ ਦਬਾਉਣ ਵਾਲਿਆਂ ਦੇ ਹੱਥੋਂ ਦੁਖੀ ਹਾਂ, ਤਾਂ ਅਸੀਂ ਜ਼ਬੂਰ ਦੇ ਲਿਖਾਰੀ ਵਾਂਗ ਪਰਮੇਸ਼ੁਰ ਅੱਗੇ ਹੱਥ ਅੱਡ ਸਕਦੇ ਹਾਂ। (121-123ਵੀਂ ਆਇਤ) ਜੇ ਕਿਸੇ ਗੱਲ ਬਾਰੇ ਸਾਡੇ ਲਈ ਫ਼ੈਸਲਾ ਕਰਨਾ ਔਖਾ ਹੈ, ਤਾਂ ਅਸੀਂ ਯਹੋਵਾਹ ਤੋਂ ਉਸ ਦੀ ਆਤਮਾ ਮੰਗ ਸਕਦੇ ਹਾਂ ਤਾਂਕਿ ਅਸੀਂ ਉਸ ਦੀਆਂ ਯਾਦ-ਦਹਾਨੀਆਂ ਉੱਤੇ ਅਮਲ ਕਰ ਸਕੀਏ। (124-125ਵੀਂ ਆਇਤ) ਭਾਵੇਂ ਅਸੀਂ ‘ਹਰ ਝੂਠੇ ਮਾਰਗ ਤੋਂ ਘਿਣ ਕਰਦੇ ਹਾਂ,’ ਫਿਰ ਵੀ ਸਾਨੂੰ ਪਰਮੇਸ਼ੁਰ ਤੋਂ ਮਦਦ ਦੀ ਲੋੜ ਹੈ ਤਾਂਕਿ ਅਸੀਂ ਉਸ ਅੱਗੇ ਕੋਈ ਪਾਪ ਕਰਨ ਲਈ ਲੁਭਾਏ ਨਾ ਜਾਈਏ। (126-128ਵੀਂ ਆਇਤ) ਜੇ ਅਸੀਂ ਰੋਜ਼ਾਨਾ ਬਾਈਬਲ ਪੜ੍ਹਾਂਗੇ, ਤਾਂ ਪ੍ਰਾਰਥਨਾ ਕਰਦੇ ਸਮੇਂ ਸਾਡੇ ਮਨ ਵਿਚ ਅਜਿਹੀਆਂ ਆਇਤਾਂ ਆਉਣਗੀਆਂ।
ਸਾਡੀ ਮਦਦ ਲਈ ਯਹੋਵਾਹ ਦੀਆਂ ਯਾਦ-ਦਹਾਨੀਆਂ
16, 17. (ੳ) ਸਾਨੂੰ ਯਹੋਵਾਹ ਦੀਆਂ ਯਾਦ-ਦਹਾਨੀਆਂ ਦੀ ਲੋੜ ਕਿਉਂ ਹੈ ਅਤੇ ਸਾਨੂੰ ਉਨ੍ਹਾਂ ਬਾਰੇ ਮਹਿਸੂਸ ਕਿਵੇਂ ਕਰਨਾ ਚਾਹੀਦਾ ਹੈ? (ਅ) ਲੋਕ ਸ਼ਾਇਦ ਸਾਡੀ ਵੱਲ ਕਿਹੋ ਜਿਹੀ ਨਜ਼ਰ ਨਾਲ ਦੇਖਣ, ਪਰ ਵੱਡੀ ਗੱਲ ਕੀ ਹੈ?
16 ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਦੁਆਵਾਂ ਸੁਣੇ ਅਤੇ ਸਾਡੇ ਤੇ ਮਿਹਰਬਾਨ ਹੋਵੇ, ਤਾਂ ਜ਼ਰੂਰੀ ਹੈ ਕਿ ਅਸੀਂ ਉਸ ਦੀਆਂ ਯਾਦ-ਦਹਾਨੀਆਂ ਵੱਲ ਧਿਆਨ ਦੇਈਏ। (ਜ਼ਬੂਰਾਂ ਦੀ ਪੋਥੀ 119:129-136) ਅਸੀਂ ਭੁੱਲਣਹਾਰ ਹਾਂ। ਇਸ ਲਈ ਜ਼ਰੂਰੀ ਹੈ ਕਿ ਯਹੋਵਾਹ ਦੀਆਂ ਅਸਚਰਜ ਸਾਖੀਆਂ ਵਿੱਚੋਂ ਸਾਨੂੰ ਉਸ ਦੀਆਂ ਹਿਦਾਇਤਾਂ ਅਤੇ ਉਸ ਦੇ ਹੁਕਮ ਯਾਦ ਆਉਣ। ਅਸੀਂ ਪਰਮੇਸ਼ੁਰ ਦੇ ਬਚਨ ਤੋਂ ਨਵੀਆਂ ਗੱਲਾਂ ਸਿੱਖ ਕੇ ਖ਼ੁਸ਼ ਹੁੰਦੇ ਹਾਂ ਤੇ ਅਸੀਂ ਹਰ ਸਮਝ ਦੀ ਕਦਰ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 119:129, 130) ਭਾਵੇਂ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਾਰਨ ‘ਸਾਡੀਆਂ ਅੱਖਾਂ ਤੋਂ ਪਾਣੀ ਦੀਆਂ ਧਾਰਾਂ ਵਗਦੀਆਂ ਹਨ,’ ਫਿਰ ਵੀ ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਨੇ ਸਾਡੇ ਤੇ ਮਿਹਰਬਾਨ ਹੋ ਕੇ ਸਾਨੂੰ ‘ਆਪਣੇ ਮੁਖੜੇ ਦੀ ਚਮਕ’ ਵਿਖਾਈ ਹੈ।—ਜ਼ਬੂਰਾਂ ਦੀ ਪੋਥੀ 119:135, 136; ਗਿਣਤੀ 6:25.
17 ਜੇ ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਮੁਤਾਬਕ ਚੱਲਾਂਗੇ, ਤਾਂ ਉਸ ਦੀ ਕਿਰਪਾ ਸਾਡੇ ਉੱਤੇ ਜ਼ਰੂਰ ਹੋਵੇਗੀ। (ਜ਼ਬੂਰਾਂ ਦੀ ਪੋਥੀ 119:137-144) ਯਹੋਵਾਹ ਦੇ ਸੇਵਕਾਂ ਦੇ ਨਾਤੇ ਅਸੀਂ ਇਹ ਗੱਲ ਸਵੀਕਾਰ ਕਰਦੇ ਹਾਂ ਕਿ ਯਹੋਵਾਹ ਕੋਲ ਸਾਨੂੰ ਹੁਕਮ ਦੇਣ ਦਾ ਅਤੇ ਉਨ੍ਹਾਂ ਬਾਰੇ ਵਾਰ-ਵਾਰ ਯਾਦ ਦਿਲਾਉਣ ਦਾ ਹਰ ਹੱਕ ਹੈ। ਅਸੀਂ ਇਨ੍ਹਾਂ ਦੀ ਪਾਲਣਾ ਕਰਨ ਲਈ ਤਿਆਰ ਹਾਂ। (ਜ਼ਬੂਰਾਂ ਦੀ ਪੋਥੀ 119:138) ਇਕ ਸਵਾਲ ਉੱਠਦਾ ਹੈ ਕਿ ਇਸ ਜ਼ਬੂਰ ਦਾ ਲਿਖਾਰੀ ਭਾਵੇਂ ਪਰਮੇਸ਼ੁਰ ਦੇ ਕਹੇ ਮੁਤਾਬਕ ਚੱਲਦਾ ਸੀ, ਪਰ ਫਿਰ ਉਸ ਨੇ ਕਿਉਂ ਕਿਹਾ: “ਮੈਂ ਨਿੱਕਾ ਜਿਹਾ ਤੇ ਤੁੱਛ ਹਾਂ”? (ਜ਼ਬੂਰਾਂ ਦੀ ਪੋਥੀ 119:141) ਕਿਉਂਕਿ ਉਸ ਦੇ ਵੈਰੀ ਉਸ ਨੂੰ ਮਾਮੂਲੀ ਸਮਝਦੇ ਸਨ। ਜੇ ਅਸੀਂ ਸਮਝੌਤਾ ਕਰਨ ਤੋਂ ਬਗੈਰ ਸਹੀ ਚਾਲ ਚੱਲਦੇ ਰਹੀਏ, ਤਾਂ ਲੋਕ ਸਾਨੂੰ ਵੀ ਨਫ਼ਰਤ ਦੀ ਨਜ਼ਰ ਨਾਲ ਦੇਖ ਸਕਦੇ ਹਨ। ਪਰ ਸਾਨੂੰ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਵੱਡੀ ਗੱਲ ਇਹ ਹੈ ਕਿ ਜੇ ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਤੇ ਚੱਲਾਂਗੇ, ਤਾਂ ਉਹ ਮਿਹਰਬਾਨ ਹੋ ਕੇ ਸਾਡੇ ਵੱਲ ਦੇਖੇਗਾ।
ਸੁਖ-ਚੈਨ ਵਿਚ ਰਹੋ
18, 19. ਪਰਮੇਸ਼ੁਰ ਦੇ ਕਹੇ ਤੇ ਚੱਲਣ ਦਾ ਕੀ ਨਤੀਜਾ ਨਿਕਲਦਾ ਹੈ?
18 ਪਰਮੇਸ਼ੁਰ ਦੇ ਕਹੇ ਤੇ ਚੱਲ ਕੇ ਅਸੀਂ ਉਸ ਦੇ ਨੇੜੇ ਮਹਿਸੂਸ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 119:145-152) ਅਸੀਂ ਬਿਨਾਂ ਝਿਜਕੇ ਆਪਣੇ ਪੂਰੇ ਦਿਲ ਨਾਲ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਤੇ ਸਾਨੂੰ ਪੂਰੀ ਆਸ ਹੈ ਕਿ ਉਹ ਸਾਡੀ ਸੁਣੇਗਾ ਕਿਉਂਕਿ ਅਸੀਂ ਉਸ ਦੀਆਂ ਯਾਦ-ਦਹਾਨੀਆਂ ਨੂੰ ਭੁੱਲਦੇ ਨਹੀਂ ਹਾਂ। ਅਸੀਂ ਸ਼ਾਇਦ “ਪੌਹ ਫੁੱਟਣ ਤੋਂ ਪਹਿਲਾਂ” ਉਸ ਨੂੰ ਦੁਹਾਈ ਦੇਈਏ। ਦੁਆ ਕਰਨ ਲਈ ਇਹ ਕਿੰਨਾ ਵਧੀਆ ਸਮਾਂ ਹੈ! (ਜ਼ਬੂਰਾਂ ਦੀ ਪੋਥੀ 119:145-147) ਪਰਮੇਸ਼ੁਰ ਵੀ ਸਾਡੇ ਨੇੜੇ ਹੈ ਕਿਉਂਕਿ ਅਸੀਂ ਖੋਟ ਤੋਂ ਦੂਰ ਰਹਿੰਦੇ ਹਾਂ ਅਤੇ ਯਿਸੂ ਵਾਂਗ ਪਰਮੇਸ਼ੁਰ ਦੇ ਬਚਨ ਨੂੰ ਸੱਚ ਮੰਨਦੇ ਹਾਂ। (ਜ਼ਬੂਰਾਂ ਦੀ ਪੋਥੀ 119:150, 151; ਯੂਹੰਨਾ 17:17) ਅੱਜ ਦੇ ਮੁਸ਼ਕਲ ਸਮਿਆਂ ਦੌਰਾਨ ਯਹੋਵਾਹ ਦੇ ਨੇੜੇ ਰਹਿ ਕੇ ਸਾਡੀ ਮਦਦ ਹੁੰਦੀ ਹੈ ਅਤੇ ਸਾਡੇ ਕੋਲ ਆਰਮਾਗੇਡਨ ਦੀ ਜੰਗ ਵਿੱਚੋਂ ਬਚ ਨਿਕਲਣ ਦੀ ਆਸ ਹੈ।—ਪਰਕਾਸ਼ ਦੀ ਪੋਥੀ 7:9, 14; 16:13-16.
19 ਅਸੀਂ ਪਰਮੇਸ਼ੁਰ ਦੇ ਬਚਨ ਨੂੰ ਮੰਨਦੇ ਹਾਂ, ਇਸ ਲਈ ਅਸੀਂ ਸੁਖ-ਚੈਨ ਮਾਣਦੇ ਹਾਂ। (ਜ਼ਬੂਰਾਂ ਦੀ ਪੋਥੀ 119:153-160) ਦੁਸ਼ਟ ਲੋਕਾਂ ਤੋਂ ਉਲਟ ਅਸੀਂ ‘ਯਹੋਵਾਹ ਦੀਆਂ ਸਾਖੀਆਂ ਤੋਂ ਨਹੀਂ ਮੁੜੇ ਹਾਂ।’ ਅਸੀਂ ਉਸ ਦੇ ਫ਼ਰਮਾਨਾਂ ਨਾਲ ਪ੍ਰੀਤ ਰੱਖਦੇ ਹਾਂ ਤੇ ਨਤੀਜੇ ਵਜੋਂ ਉਸ ਦੀ ਦਇਆ ਸਾਡੇ ਤੇ ਰਹਿੰਦੀ ਹੈ। (ਜ਼ਬੂਰਾਂ ਦੀ ਪੋਥੀ 119:157-159) ਯਹੋਵਾਹ ਦੀਆਂ ਯਾਦ-ਦਹਾਨੀਆਂ ਸਦਕਾ ਸਾਨੂੰ ਖ਼ਾਸ ਮੌਕਿਆਂ ਤੇ ਉਸ ਦੀਆਂ ਮੰਗਾਂ ਯਾਦ ਰਹਿੰਦੀਆਂ ਹਨ। ਦੂਜੇ ਪਾਸੇ ਯਹੋਵਾਹ ਆਪਣੇ ਫ਼ਰਮਾਨਾਂ ਦੇ ਜ਼ਰੀਏ ਸਾਡੀ ਅਗਵਾਈ ਕਰਦਾ ਹੈ ਅਤੇ ਅਸੀਂ ਕਬੂਲ ਕਰਦੇ ਹਾਂ ਕਿ ਉਸ ਕੋਲ ਸਾਡੀ ਅਗਵਾਈ ਕਰਨ ਦਾ ਹੱਕ ਹੈ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੇ “ਬਚਨ ਦਾ ਤਾਤ ਪਰਜ ਸਚਿਆਈ ਹੈ” ਅਤੇ ਅਸੀਂ ਆਪਣੇ ਕਦਮਾਂ ਨੂੰ ਆਪ ਕਾਇਮ ਨਹੀਂ ਕਰ ਸਕਦੇ, ਇਸ ਲਈ ਅਸੀਂ ਪਰਮੇਸ਼ੁਰ ਦੀ ਸੇਧ ਸਵੀਕਾਰ ਕਰ ਕੇ ਖ਼ੁਸ਼ ਹਾਂ।—ਜ਼ਬੂਰਾਂ ਦੀ ਪੋਥੀ 119:160; ਯਿਰਮਿਯਾਹ 10:23.
20. ਸਾਨੂੰ “ਵੱਡਾ ਚੈਨ” ਕਿਉਂ ਹੈ?
20 ਯਹੋਵਾਹ ਦੇ ਬਚਨ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਮਿਲਦਾ ਹੈ। (ਜ਼ਬੂਰਾਂ ਦੀ ਪੋਥੀ 119:161-168) ਭਾਵੇਂ ਸਾਡੇ ਤੇ ਸਿਤਮ ਢਾਏ ਜਾਣ, ਪਰ “ਪਰਮੇਸ਼ੁਰ ਦੀ ਸ਼ਾਂਤੀ” ਸਾਡੇ ਤੇ ਰਹਿੰਦੀ ਹੈ। (ਫ਼ਿਲਿੱਪੀਆਂ 4:6, 7) ਸਾਨੂੰ ਯਹੋਵਾਹ ਦੇ ਨਿਆਵਾਂ ਦੀ ਇੰਨੀ ਕਦਰ ਹੈ ਕਿ ਅਸੀਂ ਅਕਸਰ ਯਾਨੀ “ਦਿਨ ਵਿੱਚ ਸੱਤ ਵਾਰ” ਉਸ ਦੀ ਉਸਤਤ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 119:161-164) ਇਸ ਜ਼ਬੂਰ ਦੇ ਲਿਖਾਰੀ ਨੇ ਕਿਹਾ: “ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।” (ਜ਼ਬੂਰਾਂ ਦੀ ਪੋਥੀ 119:165) ਜੇ ਅਸੀਂ ਨਿੱਜੀ ਤੌਰ ਤੇ ਯਹੋਵਾਹ ਦੇ ਹੁਕਮਾਂ ਨਾਲ ਪਿਆਰ ਕਰਾਂਗੇ, ਤਾਂ ਅਸੀਂ ਕਿਸੇ ਦੇ ਕੁਝ ਕਹੇ ਤੇ ਜਾਂ ਕਰਨ ਤੇ ਸੱਚਾਈ ਦੇ ਰਾਹ ਤੋਂ ਭਟਕਾਂਗੇ ਨਹੀਂ।
21. ਬਾਈਬਲ ਤੋਂ ਕਿਹੜੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਕਲੀਸਿਯਾ ਵਿਚ ਕਿਸੇ ਮੁਸ਼ਕਲ ਖੜ੍ਹੀ ਹੋਣ ਤੇ ਸਾਨੂੰ ਠੋਕਰ ਖਾਣ ਦੀ ਲੋੜ ਨਹੀਂ ਹੈ?
21 ਬਾਈਬਲ ਵਿਚ ਕਈ ਇਨਸਾਨਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਕਿਸੇ ਗੱਲ ਕਾਰਨ ਬਹੁਤੇ ਚਿਰ ਲਈ ਠੋਕਰ ਨਹੀਂ ਖਾਧੀ ਸੀ। ਮਿਸਾਲ ਲਈ ਦਿਯੁਤ੍ਰਿਫੇਸ ਦੇ ਭੈੜੇ ਸਲੂਕ ਦੇ ਬਾਵਜੂਦ ਗਾਯੁਸ ਨੇ ਉਸ ਨੂੰ ਠੋਕਰ ਦਾ ਕਾਰਨ ਨਹੀਂ ਬਣਨ ਦਿੱਤਾ, ਪਰ ਉਹ “ਸਚਿਆਈ ਉੱਤੇ ਚੱਲਦਾ” ਰਿਹਾ। (3 ਯੂਹੰਨਾ 1-3, 9, 10) ਯੂਓਦੀਆ ਅਤੇ ਸੁੰਤੁਖੇ ਦੋ ਭੈਣਾਂ ਸਨ ਜਿਨ੍ਹਾਂ ਦਰਮਿਆਨ ਅਣਬਣ ਹੋਈ ਸੀ। ਪੌਲੁਸ ਨੇ ਉਨ੍ਹਾਂ ਦੇ ਅੱਗੇ ਬੇਨਤੀ ਕੀਤੀ ਭਈ ਓਹ “ਪ੍ਰਭੁ ਵਿੱਚ ਇੱਕ ਮਨ ਹੋਣ।” ਲੱਗਦਾ ਹੈ ਕਿ ਉਨ੍ਹਾਂ ਨੂੰ ਆਪਸ ਵਿਚ ਸੁਲ੍ਹਾ ਕਰਨ ਦੀ ਮਦਦ ਮਿਲੀ ਤੇ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀਆਂ ਰਹੀਆਂ ਸਨ। (ਫ਼ਿਲਿੱਪੀਆਂ 4:2, 3) ਤਾਂ ਫਿਰ, ਇਸ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਕਲੀਸਿਯਾ ਵਿਚ ਕਿਸੇ ਕਿਸਮ ਦੀ ਮੁਸ਼ਕਲ ਖੜ੍ਹੀ ਹੋਵੇ, ਤਾਂ ਸਾਨੂੰ ਠੋਕਰ ਖਾਣ ਦੀ ਕੋਈ ਲੋੜ ਨਹੀਂ ਹੈ। ਆਓ ਆਪਾਂ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਨ ਵੱਲ ਧਿਆਨ ਲਾਈਏ ਅਤੇ ਯਾਦ ਰੱਖੀਏ ਕਿ ‘ਸਾਡੀਆਂ ਸਾਰੀਆਂ ਚਾਲਾਂ ਉਸ ਦੇ ਸਾਹਮਣੇ ਹਨ।’ (ਜ਼ਬੂਰਾਂ ਦੀ ਪੋਥੀ 119:168; ਕਹਾਉਤਾਂ 15:3) ਇਸ ਤਰ੍ਹਾਂ ਕੋਈ ਵੀ ਸਾਡਾ “ਵੱਡਾ ਚੈਨ” ਸਾਡੇ ਤੋਂ ਹਮੇਸ਼ਾ ਲਈ ਖੋਹ ਨਹੀਂ ਸਕੇਗਾ।
22. (ੳ) ਜੇ ਅਸੀਂ ਯਹੋਵਾਹ ਦੀ ਆਗਿਆ ਦੀ ਪਾਲਣਾ ਕਰਾਂਗੇ, ਤਾਂ ਸਾਡੇ ਕੋਲ ਕਿਹੜਾ ਸਨਮਾਨ ਹੋਵੇਗਾ? (ਅ) ਸਾਨੂੰ ਉਨ੍ਹਾਂ ਭੈਣ-ਭਾਈਆਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ ਜੋ ਕਲੀਸਿਯਾ ਤੋਂ ਜੁਦਾ ਹੋ ਗਏ ਹਨ?
22 ਜੇ ਅਸੀਂ ਹਮੇਸ਼ਾ ਯਹੋਵਾਹ ਦੀ ਆਗਿਆ ਦੀ ਪਾਲਣਾ ਕਰਾਂਗੇ, ਤਾਂ ਸਾਡੇ ਕੋਲ ਉਸ ਦੀ ਵਡਿਆਈ ਕਰਦੇ ਰਹਿਣ ਦਾ ਸਨਮਾਨ ਹੋਵੇਗਾ। (ਜ਼ਬੂਰਾਂ ਦੀ ਪੋਥੀ 119:169-176) ਯਹੋਵਾਹ ਦੇ ਕਾਇਦੇ-ਕਾਨੂੰਨਾਂ ਮੁਤਾਬਕ ਚੱਲ ਕੇ ਅਸੀਂ ਉਸ ਦੇ ਰਾਹ ਤੋਂ ਭਟਕਣ ਦੀ ਬਜਾਇ ਸੁਖ-ਚੈਨ ਵਿਚ ਰਹਿੰਦੇ ਹਾਂ ਅਤੇ ‘ਸਾਡੇ ਬੁੱਲ੍ਹ ਉਸ ਦੀ ਉਸਤਤ ਉਚਰਦੇ ਹਨ।’ (ਜ਼ਬੂਰਾਂ ਦੀ ਪੋਥੀ 119:169-171, 174) ਇਨ੍ਹਾਂ ਆਖ਼ਰੀ ਦਿਨਾਂ ਵਿਚ ਇਸ ਤੋਂ ਵੱਡਾ ਹੋਰ ਕੋਈ ਸਨਮਾਨ ਨਹੀਂ ਹੈ। ਇਸ ਜ਼ਬੂਰ ਦਾ ਲਿਖਾਰੀ ਜੀਉਂਦਾ ਰਹਿਣਾ ਚਾਹੁੰਦਾ ਸੀ ਤਾਂਕਿ ਉਹ ਯਹੋਵਾਹ ਦੀ ਉਸਤਤ ਕਰਦਾ ਰਹਿ ਸਕੇ, ਪਰ ਕਿਸੇ ਕਾਰਨ ਕਰਕੇ ਉਹ ਇਕ “ਗੁਆਚੀ ਹੋਈ ਭੇਡ ਵਾਂਙੁ ਭਟਕ ਗਿਆ” ਸੀ। (ਜ਼ਬੂਰਾਂ ਦੀ ਪੋਥੀ 119:175, 176) ਇਸੇ ਤਰ੍ਹਾਂ ਕੁਝ ਭੈਣ-ਭਾਈ ਜੋ ਕਲੀਸਿਯਾ ਤੋਂ ਜੁਦਾ ਹੋ ਗਏ ਹਨ ਸ਼ਾਇਦ ਅਜੇ ਵੀ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਉਸਤਤ ਕਰਨੀ ਚਾਹੁੰਦੇ ਹਨ। ਤਾਂ ਫਿਰ, ਆਓ ਆਪਾਂ ਆਪਣੀ ਪੂਰੀ ਵਾਹ ਲਾ ਕੇ ਉਨ੍ਹਾਂ ਦੀ ਮਦਦ ਕਰੀਏ ਤਾਂਕਿ ਉਹ ਮੁੜ ਕੇ ਆਪਣਾ ਸੁੱਖ-ਚੈਨ ਪਾ ਸਕਣ ਅਤੇ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਉਸ ਦੀ ਵਡਿਆਈ ਕਰ ਸਕਣ।—ਇਬਰਾਨੀਆਂ 13:15; 1 ਪਤਰਸ 5:6, 7.
ਹਮੇਸ਼ਾ ਲਈ ਸਾਡੇ ਰਾਹ ਦਾ ਚਾਨਣ
23, 24. ਤੁਹਾਨੂੰ 119ਵੇਂ ਜ਼ਬੂਰ ਦੀ ਸਟੱਡੀ ਕਰਨ ਤੋਂ ਕੀ ਲਾਭ ਹੋਏ ਹਨ?
23 ਸਾਨੂੰ 119ਵੇਂ ਜ਼ਬੂਰ ਤੋਂ ਕਈ ਤਰੀਕਿਆਂ ਨਾਲ ਲਾਭ ਹੋ ਸਕਦਾ ਹੈ। ਮਿਸਾਲ ਲਈ ਅਸੀਂ ਪਰਮੇਸ਼ੁਰ ਤੇ ਹੋਰ ਭਰੋਸਾ ਰੱਖਣਾ ਸਿੱਖ ਸਕਦੇ ਹਾਂ ਕਿਉਂਕਿ ਇਸ ਜ਼ਬੂਰ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸਲੀ ਖ਼ੁਸ਼ੀ ‘ਯਹੋਵਾਹ ਦੀ ਬਿਵਸਥਾ ਉੱਤੇ ਚੱਲ’ ਕੇ ਹੀ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 119:1) ਇਸ ਜ਼ਬੂਰ ਦਾ ਲਿਖਾਰੀ ਸਾਨੂੰ ਯਾਦ ਕਰਾਉਂਦਾ ਹੈ ਕਿ ਪਰਮੇਸ਼ੁਰ ਦੇ “ਬਚਨ ਦਾ ਤਾਤ ਪਰਜ ਸਚਿਆਈ ਹੈ।” (ਜ਼ਬੂਰਾਂ ਦੀ ਪੋਥੀ 119:160) ਇਹ ਗੱਲ ਸਮਝ ਕੇ ਪਰਮੇਸ਼ੁਰ ਦੇ ਬਚਨ ਲਈ ਸਾਡੀ ਕਦਰ ਹੋਰ ਵੀ ਵਧਣੀ ਚਾਹੀਦੀ ਹੈ। ਇਸ ਜ਼ਬੂਰ ਤੇ ਮਨਨ ਕਰ ਕੇ ਅਸੀਂ ਬਾਈਬਲ ਦੀ ਸਟੱਡੀ ਕਰਨ ਲਈ ਅੱਗੇ ਨਾਲੋਂ ਜ਼ਿਆਦਾ ਤਿਆਰ ਹੁੰਦੇ ਹਾਂ। ਇਸ ਦੇ ਲੇਖਕ ਨੇ ਵਾਰ-ਵਾਰ ਯਹੋਵਾਹ ਨੂੰ ਕਿਹਾ: “ਆਪਣੀਆਂ ਬਿਧੀਆਂ ਮੈਨੂੰ ਸਿਖਲਾ।” (ਜ਼ਬੂਰਾਂ ਦੀ ਪੋਥੀ 119:12, 68, 135) ਉਸ ਨੇ ਇਹ ਵੀ ਬੇਨਤੀ ਕੀਤੀ: “ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ।” (ਜ਼ਬੂਰਾਂ ਦੀ ਪੋਥੀ 119:66) ਸਾਨੂੰ ਉਸ ਵਾਂਗ ਪ੍ਰਾਰਥਨਾ ਕਰਨੀ ਚਾਹੀਦੀ ਹੈ।
24 ਯਹੋਵਾਹ ਦੀ ਸਿੱਖਿਆ ਸਾਨੂੰ ਉਸ ਦੇ ਨੇੜੇ ਲੈ ਜਾ ਸਕਦੀ ਹੈ। ਇਸ ਜ਼ਬੂਰ ਦੇ ਲਿਖਾਰੀ ਨੇ ਵਾਰ-ਵਾਰ ਆਪਣੇ ਆਪ ਨੂੰ ਪਰਮੇਸ਼ੁਰ ਦਾ ਸੇਵਕ ਸੱਦਿਆ। ਦਰਅਸਲ ਉਸ ਨੇ ਇੰਨੀ ਸੋਹਣੀ ਤਰ੍ਹਾਂ ਯਹੋਵਾਹ ਨੂੰ ਕਿਹਾ: “ਮੈਂ ਤੇਰਾ ਹੀ ਹਾਂ।” (ਜ਼ਬੂਰਾਂ ਦੀ ਪੋਥੀ 119:17, 65, 94, 122, 125; ਰੋਮੀਆਂ 14:8) ਯਹੋਵਾਹ ਦੇ ਗਵਾਹ ਦੇ ਨਾਤੇ ਉਸ ਦੀ ਸੇਵਾ ਕਰਨੀ ਕਿੰਨਾ ਵੱਡਾ ਸਨਮਾਨ ਹੈ! (ਜ਼ਬੂਰਾਂ ਦੀ ਪੋਥੀ 119:7) ਕੀ ਤੁਸੀਂ ਖਿੜੇ-ਮੱਥੇ ਉਸ ਦੇ ਰਾਜ ਦਾ ਪ੍ਰਚਾਰ ਕਰਦੇ ਹੋ? ਤਾਂ ਫਿਰ, ਯਕੀਨ ਕਰੋ ਕਿ ਇਹ ਕੰਮ ਪੂਰਾ ਕਰਨ ਲਈ ਯਹੋਵਾਹ ਤੁਹਾਨੂੰ ਸਹਾਰਾ ਦਿੰਦਾ ਰਹੇਗਾ ਜੇ ਤੁਸੀਂ ਉਸ ਦੇ ਬਚਨ ਨੂੰ ਆਪਣਾ ਰਾਹ ਰੌਸ਼ਨ ਕਰਨ ਦੇਵੋਗੇ।
ਤੁਸੀਂ ਕੀ ਕਹੋਗੇ?
• ਪਰਮੇਸ਼ੁਰ ਦੇ ਬਚਨ ਨੂੰ ਆਪਣੀ ਖ਼ੁਸ਼ੀ ਕਿਉਂ ਬਣਾਈਏ?
• ਪਰਮੇਸ਼ੁਰ ਦਾ ਬਚਨ ਸਾਡੇ ਪੈਰਾਂ ਲਈ ਦੀਪਕ ਕਿਵੇਂ ਹੈ?
• ਯਹੋਵਾਹ ਦੀਆਂ ਯਾਦ-ਦਹਾਨੀਆਂ ਸਾਡੀ ਮਦਦ ਕਿਵੇਂ ਕਰਦੀਆਂ ਹਨ?
• ਯਹੋਵਾਹ ਦੇ ਲੋਕ ਸੁਖ-ਚੈਨ ਵਿਚ ਕਿਉਂ ਹਨ?
[ਸਫ਼ੇ 16 ਉੱਤੇ ਤਸਵੀਰ]
ਪਰਮੇਸ਼ੁਰ ਦੇ ਬਚਨ ਵਿੱਚੋਂ ਸਾਨੂੰ ਸੱਚਾਈ ਦੀ ਰੌਸ਼ਨੀ ਮਿਲਦੀ ਹੈ
[ਸਫ਼ੇ 17 ਉੱਤੇ ਤਸਵੀਰ]
ਜੇ ਅਸੀਂ ਯਹੋਵਾਹ ਦੀਆਂ ਯਾਦ-ਦਹਾਨੀਆਂ ਨਾਲ ਪ੍ਰੀਤ ਰੱਖਾਂਗੇ, ਤਾਂ ਉਹ ਕਦੇ ਵੀ ਸਾਨੂੰ ਖੋਟ ਸਮਝ ਕੇ ਦੂਰ ਨਹੀਂ ਸੁੱਟ ਦੇਵੇਗਾ
[ਸਫ਼ੇ 18 ਉੱਤੇ ਤਸਵੀਰ]
ਜੇ ਅਸੀਂ ਰੋਜ਼ਾਨਾ ਬਾਈਬਲ ਪੜ੍ਹਾਂਗੇ, ਤਾਂ ਪ੍ਰਾਰਥਨਾ ਕਰਦੇ ਸਮੇਂ ਸਾਡੇ ਮਨ ਵਿਚ ਅਜਿਹੀਆਂ ਆਇਤਾਂ ਆਉਣਗੀਆਂ ਜਿਨ੍ਹਾਂ ਨਾਲ ਸਾਡੀ ਮਦਦ ਹੋਵੇਗੀ