ਤੇਰ੍ਹਵਾਂ ਅਧਿਆਇ
“ਖੁਲ੍ਹ ਕੇ ਇਕੱਠੇ ਜੈਕਾਰੇ ਗਜਾਓ”!
1. ਯਸਾਯਾਹ ਦੇ 52ਵੇਂ ਅਧਿਆਏ ਦੀ ਭਵਿੱਖਬਾਣੀ ਖ਼ੁਸ਼ੀ ਦਾ ਕਾਰਨ ਕਿਉਂ ਸੀ, ਅਤੇ ਇਸ ਦੀਆਂ ਕਿਹੜੀਆਂ ਦੋ ਪੂਰਤੀਆਂ ਹੋਈਆਂ ਹਨ?
ਆਜ਼ਾਦੀ! ਕੀ ਗ਼ੁਲਾਮ ਲੋਕਾਂ ਲਈ ਇਸ ਤੋਂ ਕੋਈ ਚੰਗੀ ਗੱਲ ਹੋ ਸਕਦੀ ਸੀ? ਯਸਾਯਾਹ ਦੀ ਪੁਸਤਕ ਦਾ ਇਕ ਖ਼ਾਸ ਵਿਸ਼ਾ ਆਜ਼ਾਦੀ ਅਤੇ ਬਹਾਲੀ ਸੀ, ਇਸ ਲਈ ਇਸ ਵਿਚ ਕੋਈ ਹੈਰਾਨੀ ਨਹੀਂ ਹੈ ਕਿ ਜ਼ਬੂਰਾਂ ਦੀ ਪੋਥੀ ਤੋਂ ਇਲਾਵਾ ਬਾਈਬਲ ਦੀ ਇਸ ਪੁਸਤਕ ਵਿਚ ਖ਼ੁਸ਼ੀ ਬਾਰੇ ਸਭ ਤੋਂ ਜ਼ਿਆਦਾ ਗੱਲਾਂ ਕੀਤੀਆਂ ਗਈਆਂ ਹਨ। ਖ਼ਾਸ ਤੌਰ ਤੇ ਯਸਾਯਾਹ ਦੇ 52ਵੇਂ ਅਧਿਆਏ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਖ਼ੁਸ਼ ਹੋਣ ਦੇ ਕਾਰਨ ਦਿੱਤੇ ਸਨ। ਇਸ ਦੀ ਭਵਿੱਖਬਾਣੀ ਯਰੂਸ਼ਲਮ ਉੱਤੇ 537 ਸਾ.ਯੁ.ਪੂ. ਵਿਚ ਪੂਰੀ ਹੋਈ ਸੀ। ਅਤੇ ਇਸ ਦੀ ਵੱਡੀ ਪੂਰਤੀ ‘ਉਤਾਹਾਂ ਦੇ ਯਰੂਸ਼ਲਮ’ ਉੱਤੇ ਹੁੰਦੀ ਹੈ, ਜੋ ਦੂਤਾਂ ਦਾ ਬਣਿਆ ਹੋਇਆ ਯਹੋਵਾਹ ਦਾ ਸਵਰਗੀ ਸੰਗਠਨ ਹੈ। ਬਾਈਬਲ ਵਿਚ ਇਸ ਸੰਗਠਨ ਨੂੰ ਮਾਤਾ ਅਤੇ ਤੀਵੀਂ ਵੀ ਸੱਦਿਆ ਗਿਆ ਹੈ।—ਗਲਾਤੀਆਂ 4:26; ਪਰਕਾਸ਼ ਦੀ ਪੋਥੀ 12:1.
“ਆਪਣਾ ਬਲ ਪਹਿਨ ਲੈ, ਹੇ ਸੀਯੋਨ!”
2. ਸੀਯੋਨ ਕਦੋਂ ਜਾਗਿਆ ਸੀ, ਅਤੇ ਇਹ ਕਿਵੇਂ ਹੋਇਆ ਸੀ?
2 ਯਸਾਯਾਹ ਰਾਹੀਂ ਯਹੋਵਾਹ ਨੇ ਆਪਣੇ ਪਿਆਰੇ ਸ਼ਹਿਰ, ਸੀਯੋਨ ਨੂੰ ਪੁਕਾਰਿਆ: “ਜਾਗ, ਜਾਗ, ਆਪਣਾ ਬਲ ਪਹਿਨ ਲੈ, ਹੇ ਸੀਯੋਨ! ਹੇ ਯਰੂਸ਼ਲਮ, ਪਵਿੱਤ੍ਰ ਸ਼ਹਿਰ, ਆਪਣੇ ਸੋਹਣੇ ਬਸਤਰ ਪਹਿਨ ਲੈ, ਫੇਰ ਤਾਂ ਕਦੀ ਕੋਈ ਅਸੁੰਨਤਾ ਯਾ ਪਲੀਤ ਤੇਰੇ ਵਿੱਚ ਨਾ ਆਵੇਗਾ। ਆਪਣੇ ਆਪ ਤੋਂ ਖ਼ਾਕ ਝਾੜ ਤੇ ਉੱਠ ਬੈਠ, ਹੇ ਯਰੂਸ਼ਲਮ! ਆਪਣੀ ਗਰਦਨ ਦੇ ਬੰਨ੍ਹ ਆਪ ਤੋਂ ਖੋਲ੍ਹ ਸੁੱਟ, ਹੇ ਸੀਯੋਨ ਦੀਏ ਬੱਧੀਏ ਧੀਏ!” (ਯਸਾਯਾਹ 52:1, 2) ਯਰੂਸ਼ਲਮ ਦੇ ਵਾਸੀਆਂ ਨੇ ਯਹੋਵਾਹ ਦਾ ਗੁੱਸਾ ਭੜਕਾਇਆ ਸੀ, ਜਿਸ ਲਈ ਯਰੂਸ਼ਲਮ 70 ਸਾਲਾਂ ਲਈ ਵਿਰਾਨ ਪਿਆ ਰਿਹਾ ਸੀ। (2 ਰਾਜਿਆਂ 24:4; 2 ਇਤਹਾਸ 36:15-21; ਯਿਰਮਿਯਾਹ 25:8-11; ਦਾਨੀਏਲ 9:2) ਪਰ ਫਿਰ ਉਹ ਸਮਾਂ ਆਇਆ ਸੀ ਜਦੋਂ ਉਸ ਨੇ ਆਪਣੀ ਵਿਰਾਨੀ ਵਿੱਚੋਂ ਨਿਕਲ ਕੇ ਆਜ਼ਾਦੀ ਦੇ ਸੋਹਣੇ ਬਸਤਰ ਪਹਿਨੇ ਸਨ। ਯਹੋਵਾਹ ਨੇ ਖੋਰਸ ਦੇ ਦਿਲ ਨੂੰ ਪ੍ਰੇਰਿਆ ਸੀ ਕਿ ਉਹ ‘ਸੀਯੋਨ ਦੀ ਬੱਧੀ ਧੀ’ ਨੂੰ ਆਜ਼ਾਦ ਕਰ ਦੇਵੇ ਤਾਂਕਿ ਯਰੂਸ਼ਲਮ ਦੇ ਸਾਬਕਾ ਵਾਸੀ ਅਤੇ ਉਨ੍ਹਾਂ ਦੇ ਬੱਚੇ ਬਾਬਲ ਛੱਡ ਕੇ ਯਰੂਸ਼ਲਮ ਵਿਚ ਸੱਚੀ ਉਪਾਸਨਾ ਦੁਬਾਰਾ ਸ਼ੁਰੂ ਕਰਨ। ਯਰੂਸ਼ਲਮ ਦੇ ਕਿਸੇ ਵੀ ਵਾਸੀ ਨੇ ਬੇਸੁੰਨਤ ਅਤੇ ਅਸ਼ੁੱਧ ਨਹੀਂ ਹੋਣਾ ਸੀ।—ਅਜ਼ਰਾ 1:1-4.
3. ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨੂੰ ‘ਸੀਯੋਨ ਦੀ ਧੀ’ ਕਿਉਂ ਸੱਦਿਆ ਜਾ ਸਕਦਾ ਹੈ, ਅਤੇ ਉਹ ਆਜ਼ਾਦ ਕਿਵੇਂ ਕੀਤੇ ਗਏ ਹਨ?
3 ਯਸਾਯਾਹ ਦੇ ਇਹ ਸ਼ਬਦ ਮਸੀਹੀ ਕਲੀਸਿਯਾ ਉੱਤੇ ਵੀ ਲਾਗੂ ਹੁੰਦੇ ਹਨ। ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਅੱਜ ‘ਸੀਯੋਨ ਦੀ ਧੀ’ ਸੱਦੀ ਜਾ ਸਕਦੀ ਹੈ, ਕਿਉਂਕਿ ‘ਉਤਾਹਾਂ ਦਾ ਯਰੂਸ਼ਲਮ’ ਉਨ੍ਹਾਂ ਮਸੀਹੀਆਂ ਦੀ ਮਾਤਾ ਹੈ।a ਮਸਹ ਕੀਤੇ ਹੋਏ ਮਸੀਹੀ ਝੂਠੀ ਸਿੱਖਿਆ ਅਤੇ ਧਰਮ-ਤਿਆਗੀ ਸਿਧਾਂਤਾਂ ਤੋਂ ਆਜ਼ਾਦ ਕੀਤੇ ਗਏ ਹਨ। ਉਨ੍ਹਾਂ ਨੂੰ ਯਹੋਵਾਹ ਅੱਗੇ ਸ਼ੁੱਧ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੁੰਨਤ ਸਰੀਰ ਦੀ ਨਹੀਂ ਪਰ ਮਨ ਦੀ ਹੋਣੀ ਚਾਹੀਦੀ ਹੈ। (ਯਿਰਮਿਯਾਹ 31:33; ਰੋਮੀਆਂ 2:25-29) ਇਸ ਦਾ ਮਤਲਬ ਹੈ ਕਿ ਯਹੋਵਾਹ ਅੱਗੇ ਉਨ੍ਹਾਂ ਨੂੰ ਰੂਹਾਨੀ, ਮਾਨਸਿਕ, ਅਤੇ ਨੈਤਿਕ ਤੌਰ ਤੇ ਸ਼ੁੱਧ ਰਹਿਣਾ ਚਾਹੀਦਾ ਹੈ।—1 ਕੁਰਿੰਥੀਆਂ 7:19; ਅਫ਼ਸੀਆਂ 2:3.
4. ਭਾਵੇਂ ਕਿ ‘ਉਤਾਹਾਂ ਦਾ ਯਰੂਸ਼ਲਮ’ ਯਹੋਵਾਹ ਦੇ ਹਮੇਸ਼ਾ ਆਗਿਆਕਾਰ ਰਿਹਾ ਹੈ, ਧਰਤੀ ਉੱਤੇ ਉਸ ਦੇ ਪ੍ਰਤਿਨਿਧਾਂ ਨਾਲ ਕੀ-ਕੀ ਹੋਇਆ ਹੈ ਜੋ ਯਰੂਸ਼ਲਮ ਦੇ ਵਾਸੀਆਂ ਨਾਲ ਵੀ ਹੋਇਆ ਸੀ?
4 ਇਹ ਸੱਚ ਹੈ ਕਿ ‘ਉਤਾਹਾਂ ਦਾ ਯਰੂਸ਼ਲਮ’ ਯਹੋਵਾਹ ਦੇ ਹਮੇਸ਼ਾ ਆਗਿਆਕਾਰ ਰਿਹਾ ਹੈ। ਪਰ ਪਹਿਲੇ ਵਿਸ਼ਵ ਯੁੱਧ ਦੌਰਾਨ ਧਰਤੀ ਉੱਤੇ ਉਸ ਦੇ ਪ੍ਰਤਿਨਿਧਾਂ, ਯਾਨੀ ਮਸਹ ਕੀਤੇ ਹੋਏ ਮਸੀਹੀਆਂ ਨੇ ਨਿਰਪੱਖਤਾ ਦਾ ਵਿਸ਼ਾ ਨਾ ਸਮਝਣ ਕਰਕੇ ਯਹੋਵਾਹ ਦਾ ਹੁਕਮ ਅਣਜਾਣੇ ਵਿਚ ਤੋੜਿਆ ਸੀ। ਉਹ ਪਰਮੇਸ਼ੁਰ ਦੀ ਕਿਰਪਾ ਖੋਹ ਬੈਠੇ ਸਨ ਅਤੇ ‘ਵੱਡੀ ਬਾਬੁਲ,’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਗ਼ੁਲਾਮ ਬਣ ਗਏ ਸਨ। (ਪਰਕਾਸ਼ ਦੀ ਪੋਥੀ 17:5) ਜੂਨ 1918 ਵਿਚ ਉਨ੍ਹਾਂ ਦੀ ਗ਼ੁਲਾਮੀ ਦੀ ਹਾਲਤ ਬਹੁਤ ਹੀ ਖ਼ਰਾਬ ਹੋ ਗਈ ਜਦੋਂ ਵਾਚ ਟਾਵਰ ਸੋਸਾਇਟੀ ਦੇ ਅੱਠ ਮੈਂਬਰ ਕੈਦ ਕੀਤੇ ਗਏ ਸਨ। ਉਨ੍ਹਾਂ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਸਨ ਜਿਨ੍ਹਾਂ ਵਿਚ ਇਕ ਇਲਜ਼ਾਮ ਰਾਜਧਰੋਹ ਦਾ ਸੀ। ਉਸ ਸਮੇਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਤਕਰੀਬਨ ਰੁਕ ਹੀ ਗਿਆ ਸੀ। ਪਰ 1919 ਵਿਚ ਰੂਹਾਨੀ ਤੌਰ ਤੇ ਜਾਗਣ ਦਾ ਜੋਸ਼ੀਲਾ ਸੱਦਾ ਦਿੱਤਾ ਗਿਆ ਸੀ। ਮਸਹ ਕੀਤੇ ਹੋਏ ਮਸੀਹੀ ਆਪਣੇ ਆਪ ਨੂੰ ਵੱਡੀ ਬਾਬੁਲ ਦੀ ਅਨੈਤਿਕਤਾ ਅਤੇ ਰੂਹਾਨੀ ਅਸ਼ੁੱਧਤਾ ਤੋਂ ਪੂਰੀ ਤਰ੍ਹਾਂ ਦੂਰ ਕਰਨ ਲੱਗ ਪਏ ਸਨ। ਉਹ ਗ਼ੁਲਾਮੀ ਦੀ ਮਿੱਟੀ ਝਾੜ ਕੇ ਉੱਠੇ ਅਤੇ ਇਸ ਤਰ੍ਹਾਂ ‘ਉਤਾਹਾਂ ਦਾ ਯਰੂਸ਼ਲਮ’ ਇਕ ਸ਼ਾਨਦਾਰ “ਪਵਿੱਤ੍ਰ ਸ਼ਹਿਰ” ਬਣਿਆ ਜਿੱਥੇ ਰੂਹਾਨੀ ਅਸ਼ੁੱਧਤਾ ਸਵੀਕਾਰ ਨਹੀਂ ਕੀਤੀ ਜਾਂਦੀ।
5. ਯਹੋਵਾਹ ਦਾ ਹੱਕ ਕਿਉਂ ਬਣਦਾ ਸੀ ਕਿ ਉਹ ਕੈਦਕਾਰਾਂ ਨੂੰ ਬਿਨਾਂ ਕੁਝ ਦਿੱਤੇ ਆਪਣੇ ਉਪਾਸਕਾਂ ਨੂੰ ਛੁਡਾਵੇ?
5 ਸੰਨ 537 ਸਾ.ਯੁ.ਪੂ. ਵਿਚ ਅਤੇ 1919 ਸਾ.ਯੁ. ਵਿਚ ਵੀ ਯਹੋਵਾਹ ਦਾ ਹੱਕ ਬਣਦਾ ਸੀ ਕਿ ਉਹ ਆਪਣੇ ਲੋਕਾਂ ਨੂੰ ਆਜ਼ਾਦ ਕਰੇ। ਯਸਾਯਾਹ ਨੇ ਸਮਝਾਇਆ: “ਯਹੋਵਾਹ ਤਾਂ ਇਉਂ ਆਖਦਾ ਹੈ, ਤੁਸੀਂ ਮੁਖਤ ਵੇਚੇ ਗਏ ਅਤੇ ਬਿਨਾ ਚਾਂਦੀ ਦੇ ਕੇ ਛੁਡਾਏ ਜਾਓਗੇ।” (ਯਸਾਯਾਹ 52:3) ਪ੍ਰਾਚੀਨ ਬਾਬਲ ਅਤੇ ਵੱਡੀ ਬਾਬੁਲ ਨੇ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਨੂੰ ਗ਼ੁਲਾਮ ਬਣਾਉਣ ਲਈ ਕੋਈ ਮੁੱਲ ਨਹੀਂ ਦਿੱਤਾ ਸੀ। ਪੈਸਾ ਦੇ ਕੇ ਕੋਈ ਸੌਦਾ ਨਹੀਂ ਕੀਤਾ ਗਿਆ ਸੀ, ਇਸ ਲਈ ਯਹੋਵਾਹ ਕਾਨੂੰਨੀ ਤੌਰ ਤੇ ਅਜੇ ਵੀ ਆਪਣੇ ਲੋਕਾਂ ਦਾ ਮਾਲਕ ਸੀ। ਕੀ ਉਹ ਕਿਸੇ ਦਾ ਕਰਜ਼ਾਈ ਸੀ? ਬਿਲਕੁਲ ਨਹੀਂ। ਦੋਹਾਂ ਮਾਮਲਿਆਂ ਵਿਚ ਯਹੋਵਾਹ ਦਾ ਹੱਕ ਬਣਦਾ ਸੀ ਕਿ ਉਹ ਕੈਦਕਾਰਾਂ ਨੂੰ ਬਿਨਾਂ ਕੁਝ ਦਿੱਤੇ ਆਪਣੇ ਉਪਾਸਕਾਂ ਨੂੰ ਛੁਡਾਵੇ।—ਯਸਾਯਾਹ 45:13.
6. ਯਹੋਵਾਹ ਦੇ ਵੈਰੀਆਂ ਨੇ ਇਤਿਹਾਸ ਤੋਂ ਕਿਹੜਾ ਸਬਕ ਨਹੀਂ ਸਿੱਖਿਆ ਸੀ?
6 ਯਹੋਵਾਹ ਦੇ ਵੈਰੀਆਂ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ ਸੀ। ਅਸੀਂ ਪੜ੍ਹਦੇ ਹਾਂ: “ਪ੍ਰਭੁ ਯਹੋਵਾਹ ਤਾਂ ਐਉਂ ਫ਼ਰਮਾਉਂਦਾ ਹੈ, ਮੇਰੀ ਪਰਜਾ ਪਹਿਲਾਂ ਮਿਸਰ ਵਿੱਚ ਗਈ ਭਈ ਉੱਥੇ ਟਿਕੇ ਅਤੇ ਅੱਸ਼ੂਰ ਨੇ ਉਹ ਨੂੰ ਬਿਨਾ ਕਾਰਨ ਦਬਾਇਆ।” (ਯਸਾਯਾਹ 52:4) ਮਿਸਰ ਦੇ ਫ਼ਿਰਊਨ ਨੇ ਇਸਰਾਏਲੀਆਂ ਨੂੰ ਆਪਣੇ ਦੇਸ਼ ਵਿਚ ਮਹਿਮਾਨਾਂ ਵਜੋਂ ਬੁਲਾ ਕੇ ਗ਼ੁਲਾਮ ਬਣਾਇਆ ਸੀ। ਪਰ ਯਹੋਵਾਹ ਨੇ ਫ਼ਿਰਊਨ ਅਤੇ ਉਸ ਦੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਡਬੋ ਦਿੱਤਾ ਸੀ। (ਕੂਚ 1:11-14; 14:27, 28) ਜਦੋਂ ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਯਰੂਸ਼ਲਮ ਉੱਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ ਤਾਂ ਯਹੋਵਾਹ ਦੇ ਦੂਤ ਨੇ ਰਾਜੇ ਦੇ 1,85,000 ਫ਼ੌਜੀਆਂ ਨੂੰ ਮਾਰ ਦਿੱਤਾ ਸੀ। (ਯਸਾਯਾਹ 37:33-37) ਇਸੇ ਤਰ੍ਹਾਂ ਪ੍ਰਾਚੀਨ ਬਾਬਲ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਜ਼ੁਲਮ ਕਰਨ ਲਈ ਸਜ਼ਾ ਭੋਗੀ ਸੀ ਅਤੇ ਵੱਡੀ ਬਾਬੁਲ ਵੀ ਸਜ਼ਾ ਭੋਗੇਗੀ।
“ਮੇਰੀ ਪਰਜਾ ਮੇਰਾ ਨਾਮ ਜਾਣੇਗੀ”
7. ਯਹੋਵਾਹ ਦੇ ਲੋਕਾਂ ਦੀ ਗ਼ੁਲਾਮੀ ਕਰਕੇ ਉਸ ਦੇ ਨਾਂ ਉੱਤੇ ਕੀ ਅਸਰ ਪਿਆ ਸੀ?
7 ਭਵਿੱਖਬਾਣੀ ਦਿਖਾਉਂਦੀ ਹੈ ਕਿ ਯਹੋਵਾਹ ਦੇ ਲੋਕਾਂ ਦੀ ਗ਼ੁਲਾਮ ਹਾਲਤ ਕਰਕੇ ਉਸ ਦੇ ਨਾਂ ਉੱਤੇ ਵੀ ਅਸਰ ਪਿਆ ਸੀ: “ਹੁਣ ਐਥੇ ਮੇਰੇ ਲਈ ਕੀ ਹੈ? ਯਹੋਵਾਹ ਦਾ ਵਾਕ ਹੈ, ਮੇਰੀ ਪਰਜਾ ਜੋ ਮੁਖਤ ਲਈ ਗਈ, ਉਹ ਦੇ ਹਾਕਮ ਰੌਲਾ ਪਾਉਂਦੇ ਹਨ, ਯਹੋਵਾਹ ਦਾ ਵਾਕ ਹੈ, ਸਾਰਾ ਦਿਨ ਨਿੱਤ ਮੇਰਾ ਨਾਮ ਤੁੱਛ ਕੀਤਾ ਜਾਂਦਾ ਹੈ। ਸੋ ਮੇਰੀ ਪਰਜਾ ਮੇਰਾ ਨਾਮ ਜਾਣੇਗੀ, ਅਤੇ ਓਸ ਦਿਨ ਉਹ ਜਾਣੇਗੀ ਕਿ ਮੈਂ ਉਹੋ ਹਾਂ ਜੋ ਬੋਲਦਾ ਹਾਂ, ਵੇਖ, ਮੈਂ ਹੈਗਾ!” (ਯਸਾਯਾਹ 52:5, 6) ਯਹੋਵਾਹ ਨੇ ਆਪਣੇ ਲੋਕਾਂ ਦੀ ਹਾਲਤ ਵਿਚ ਦਿਲਚਸਪੀ ਕਿਉਂ ਲਈ ਸੀ? ਬਾਬਲ ਵਿਚ ਗ਼ੁਲਾਮ ਇਸਰਾਏਲੀਆਂ ਨਾਲ ਉਸ ਦਾ ਕੀ ਵਾਸਤਾ ਸੀ? ਬਾਬਲੀ ਲੋਕ ਯਹੋਵਾਹ ਦੀ ਪਰਜਾ ਨੂੰ ਗ਼ੁਲਾਮ ਬਣਾ ਕੇ ਆਪਣੀ ਜਿੱਤ ਬਾਰੇ ਰੌਲਾ ਪਾ ਰਹੇ ਸਨ। ਅਜਿਹੀ ਸ਼ੇਖ਼ੀ ਮਾਰ ਕੇ ਬਾਬਲੀਆਂ ਨੇ ਯਹੋਵਾਹ ਦਾ ਨਾਂ ਤੁੱਛ ਕੀਤਾ ਸੀ ਜਿਸ ਲਈ ਯਹੋਵਾਹ ਨੂੰ ਕੁਝ ਕਰਨਾ ਪਿਆ ਸੀ। (ਹਿਜ਼ਕੀਏਲ 36:20, 21) ਉਹ ਇਹ ਨਹੀਂ ਜਾਣਦੇ ਸਨ ਕਿ ਯਰੂਸ਼ਲਮ ਦੀ ਹਾਲਤ ਇਸ ਲਈ ਵਿਰਾਨ ਸੀ ਕਿਉਂਕਿ ਯਹੋਵਾਹ ਆਪਣੇ ਲੋਕਾਂ ਨਾਲ ਨਾਰਾਜ਼ ਸੀ। ਸਗੋਂ ਬਾਬਲੀ ਲੋਕ ਯਹੂਦੀਆਂ ਦੀ ਗ਼ੁਲਾਮੀ ਨੂੰ ਉਨ੍ਹਾਂ ਦੇ ਪਰਮੇਸ਼ੁਰ ਦੀ ਕਮਜ਼ੋਰੀ ਸਮਝ ਬੈਠੇ ਸਨ। ਬਾਬਲ ਦੇ ਇਕ ਸ਼ਾਸਕ, ਬੇਲਸ਼ੱਸਰ ਨੇ ਯਹੋਵਾਹ ਦਾ ਮਖੌਲ ਵੀ ਉਡਾਇਆ ਸੀ ਜਦੋਂ ਉਸ ਨੇ ਇਕ ਦਾਅਵਤ ਵਿਚ ਯਹੋਵਾਹ ਦੀ ਹੈਕਲ ਦੇ ਭਾਂਡੇ ਵਰਤ ਕੇ ਬਾਬਲੀ ਦੇਵਤਿਆਂ ਦੀ ਵਡਿਆਈ ਕੀਤੀ ਸੀ।—ਦਾਨੀਏਲ 5:1-4.
8. ਰਸੂਲਾਂ ਦੀ ਮੌਤ ਤੋਂ ਬਾਅਦ ਯਹੋਵਾਹ ਦੇ ਨਾਂ ਨਾਲ ਕੀ ਹੋਇਆ ਸੀ?
8 ਇਹ ਗੱਲਾਂ ‘ਉਤਾਹਾਂ ਦੇ ਯਰੂਸ਼ਲਮ’ ਉੱਤੇ ਕਿਵੇਂ ਲਾਗੂ ਹੁੰਦੀਆਂ ਹਨ? ਜਦ ਤੋਂ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਵਿਚ ਧਰਮ-ਤਿਆਗ ਕਾਇਮ ਹੋਇਆ, ਇਹ ਕਿਹਾ ਜਾ ਸਕਦਾ ਹੈ ਕਿ ‘ਪਰਾਈਆਂ ਕੌਮਾਂ ਦੇ ਵਿੱਚ ਉਨ੍ਹਾਂ ਦੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੋਈ ਹੈ।’ (ਰੋਮੀਆਂ 2:24; ਰਸੂਲਾਂ ਦੇ ਕਰਤੱਬ 20:29, 30) ਦਰਅਸਲ ਯਹੂਦੀਆਂ ਦੇ ਇਕ ਵਹਿਮ ਕਰਕੇ ਉਹ ਅਖ਼ੀਰ ਵਿਚ ਪਰਮੇਸ਼ੁਰ ਦਾ ਨਾਂ ਲੈਣ ਤੋਂ ਹਟ ਗਏ ਸਨ। ਰਸੂਲਾਂ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ, ਧਰਮ-ਤਿਆਗੀ ਮਸੀਹੀ ਵੀ ਉਨ੍ਹਾਂ ਦੀ ਰੀਸ ਕਰਨ ਲੱਗ ਪਏ ਅਤੇ ਉਹ ਵੀ ਪਰਮੇਸ਼ੁਰ ਦਾ ਨਾਂ ਲੈਣ ਤੋਂ ਹਟ ਗਏ ਸਨ। ਇਸ ਧਰਮ-ਤਿਆਗ ਤੋਂ ਵੱਡੀ ਬਾਬੁਲ ਦਾ ਮੁੱਖ ਹਿੱਸਾ ਈਸਾਈ-ਜਗਤ ਪੈਦਾ ਹੋਇਆ। (2 ਥੱਸਲੁਨੀਕੀਆਂ 2:3, 7; ਪਰਕਾਸ਼ ਦੀ ਪੋਥੀ 17:5) ਈਸਾਈ-ਜਗਤ ਨੇ ਬੇਹੱਦ ਅਨੈਤਿਕਤਾ ਕੀਤੀ ਹੈ ਅਤੇ ਉਸ ਉੱਤੇ ਖ਼ੂਨ ਦਾ ਵੱਡਾ ਦੋਸ਼ ਹੈ ਜਿਸ ਕਰਕੇ ਯਹੋਵਾਹ ਬਦਨਾਮ ਕੀਤਾ ਗਿਆ ਹੈ।—2 ਪਤਰਸ 2:1, 2.
9, 10. ਪਰਮੇਸ਼ੁਰ ਦੇ ਆਧੁਨਿਕ ਨੇਮ-ਬੱਧ ਲੋਕ ਯਹੋਵਾਹ ਦੇ ਅਸੂਲਾਂ ਅਤੇ ਨਾਂ ਦੀ ਡੂੰਘੀ ਸਮਝ ਕਿਵੇਂ ਪ੍ਰਾਪਤ ਕਰਨ ਲੱਗ ਪਏ ਸਨ?
9 ਜਦੋਂ ਮਹਾਨ ਖੋਰਸ, ਯਿਸੂ ਮਸੀਹ ਨੇ 1919 ਵਿਚ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਨੂੰ ਵੱਡੀ ਬਾਬੁਲ ਦੀ ਗ਼ੁਲਾਮੀ ਤੋਂ ਛੁਡਾਇਆ ਸੀ, ਉਹ ਯਹੋਵਾਹ ਦੀਆਂ ਮੰਗਾਂ ਬਾਰੇ ਹੋਰ ਸਮਝਣ ਲੱਗ ਪਏ ਸਨ। ਉਨ੍ਹਾਂ ਨੇ ਪਹਿਲਾਂ ਤੋਂ ਹੀ ਤ੍ਰਿਏਕ, ਅਮਰ ਆਤਮਾ, ਅਤੇ ਨਰਕ ਦੀ ਅੱਗ ਵਰਗੀਆਂ ਈਸਾਈ-ਜਗਤ ਦੀਆਂ ਸਿੱਖਿਆਵਾਂ ਨੂੰ ਛੱਡ ਦਿੱਤਾ ਸੀ ਜਿਨ੍ਹਾਂ ਦੀ ਨੀਂਹ ਝੂਠੇ ਧਰਮਾਂ ਵਿਚ ਪਾਈ ਜਾਂਦੀ ਹੈ। ਉਹ ਬਾਬਲੀ ਧਰਮ ਦੇ ਹਰ ਅਸਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ। ਉਹ ਇਹ ਵੀ ਜਾਣ ਗਏ ਸਨ ਕਿ ਇਸ ਦੁਨੀਆਂ ਦੇ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਹੋਣਾ ਕਿੰਨਾ ਜ਼ਰੂਰੀ ਹੈ। ਉਹ ਖ਼ੂਨ ਦੇ ਵੀ ਹਰ ਦੋਸ਼ ਤੋਂ ਆਪਣੇ ਆਪ ਨੂੰ ਸਾਫ਼ ਕਰਨਾ ਚਾਹੁੰਦੇ ਸਨ।
10 ਯਹੋਵਾਹ ਦੇ ਆਧੁਨਿਕ ਸੇਵਕ ਯਹੋਵਾਹ ਦੇ ਨਾਂ ਦੀ ਮਹੱਤਤਾ ਬਾਰੇ ਵੀ ਹੋਰ ਡੂੰਘੀ ਸਮਝ ਪ੍ਰਾਪਤ ਕਰਨ ਲੱਗ ਪਏ। ਸੰਨ 1931 ਵਿਚ ਉਹ ਆਪਣੇ ਆਪ ਨੂੰ ਯਹੋਵਾਹ ਦੇ ਗਵਾਹ ਸੱਦਣ ਲੱਗ ਪਏ। ਇਸ ਤਰ੍ਹਾਂ ਉਨ੍ਹਾਂ ਨੇ ਖੁੱਲ੍ਹੇ-ਆਮ ਦਿਖਾਇਆ ਕਿ ਯਹੋਵਾਹ ਅਤੇ ਉਸ ਦਾ ਨਾਂ ਉਨ੍ਹਾਂ ਲਈ ਕਿੰਨੇ ਮਹੱਤਵਪੂਰਣ ਸਨ। ਇਸ ਤੋਂ ਇਲਾਵਾ 1950 ਵਿਚ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦੇ ਨਿਊ ਵਰਲਡ ਟ੍ਰਾਂਸਲੇਸ਼ਨ ਦੇ ਤਰਜਮੇ ਵਿਚ ਪਰਮੇਸ਼ੁਰ ਦੇ ਨਾਂ ਨੂੰ ਉਸ ਦੀ ਸਹੀ ਜਗ੍ਹਾ ਤੇ ਦੁਬਾਰਾ ਲਾਇਆ। ਜੀ ਹਾਂ, ਉਨ੍ਹਾਂ ਨੇ ਯਹੋਵਾਹ ਦੇ ਨਾਂ ਦੀ ਕਦਰ ਕਰ ਕੇ ਸਾਰੀ ਧਰਤੀ ਉੱਤੇ ਉਸ ਨੂੰ ਫੈਲਾਇਆ ਹੈ।
“ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ”
11. ਸੰਨ 537 ਸਾ.ਯੁ.ਪੂ. ਦੀਆਂ ਘਟਨਾਵਾਂ ਦੇ ਸੰਬੰਧ ਵਿਚ ਇਹ ਕਹਿਣਾ ਢੁਕਵਾਂ ਕਿਉਂ ਸੀ ਕਿ “ਤੇਰਾ ਪਰਮੇਸ਼ੁਰ ਰਾਜ ਕਰਦਾ ਹੈ”?
11 ਅੱਗੇ ਸਾਡਾ ਧਿਆਨ ਸੀਯੋਨ ਦੀ ਵਿਰਾਨ ਹਾਲਤ ਵੱਲ ਦੁਬਾਰਾ ਖਿੱਚਿਆ ਜਾਂਦਾ ਹੈ। ਖ਼ੁਸ਼ ਖ਼ਬਰੀ ਸੁਣਾਉਣ ਵਾਲੇ ਬਾਰੇ ਕਿਹਾ ਗਿਆ ਸੀ ਕਿ “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।” (ਯਸਾਯਾਹ 52:7) ਸੰਨ 537 ਸਾ.ਯੁ.ਪੂ. ਵਿਚ ਇਹ ਕਿਵੇਂ ਕਿਹਾ ਜਾ ਸਕਦਾ ਸੀ ਕਿ ਪਰਮੇਸ਼ੁਰ ਰਾਜ ਕਰਦਾ ਹੈ? ਕੀ ਯਹੋਵਾਹ ਨੇ ਹਮੇਸ਼ਾ ਰਾਜ ਨਹੀਂ ਕੀਤਾ? ਜੀ ਹਾਂ, ਉਹ ਤਾਂ ‘ਜੁੱਗਾਂ ਦਾ ਮਹਾਰਾਜ’ ਹੈ! (1 ਤਿਮੋਥਿਉਸ 1:17) ਪਰ ਇਹ ਕਹਿਣਾ ਕਿ “ਤੇਰਾ ਪਰਮੇਸ਼ੁਰ ਰਾਜ ਕਰਦਾ ਹੈ” ਢੁਕਵਾਂ ਸੀ ਕਿਉਂਕਿ ਬਾਬਲ ਦੇ ਡਿੱਗਣ ਨਾਲ ਅਤੇ ਯਰੂਸ਼ਲਮ ਵਿਚ ਹੈਕਲ ਦੁਬਾਰਾ ਬਣਾਉਣ ਅਤੇ ਸ਼ੁੱਧ ਉਪਾਸਨਾ ਦੁਬਾਰਾ ਸ਼ੁਰੂ ਕਰਨ ਦੇ ਸ਼ਾਹੀ ਐਲਾਨ ਨਾਲ, ਯਹੋਵਾਹ ਨੇ ਇਕ ਨਵੇਂ ਤਰੀਕੇ ਵਿਚ ਦਿਖਾਇਆ ਕਿ ਉਹ ਵਾਕਈ ਰਾਜਾ ਹੈ।—ਜ਼ਬੂਰ 97:1.
12. ‘ਖੁਸ਼ ਖਬਰੀ ਲਿਆਉਣ’ ਵਿਚ ਕਿਸ ਨੇ ਪਹਿਲ ਕੀਤੀ ਸੀ ਅਤੇ ਕਿਵੇਂ?
12 ਯਸਾਯਾਹ ਦੇ ਜ਼ਮਾਨੇ ਵਿਚ ਕਿਸੇ ਵਿਅਕਤੀ ਜਾਂ ਸਮੂਹ ਦੀ ਪਛਾਣ ‘ਖੁਸ਼ ਖਬਰੀ ਲੈ ਆਉਣ’ ਵਾਲੇ ਵਜੋਂ ਨਹੀਂ ਕੀਤੀ ਗਈ ਸੀ। ਪਰ ਅੱਜ ਅਸੀਂ ਜਾਣਦੇ ਹਾਂ ਕਿ ਖ਼ੁਸ਼ ਖ਼ਬਰੀ ਲਿਆਉਣ ਵਾਲਾ ਯਹੋਵਾਹ ਦਾ ਪ੍ਰਚਾਰਕ ਕੌਣ ਸੀ। ਯਿਸੂ ਮਸੀਹ ਸ਼ਾਂਤੀ ਦਾ ਮੁੱਖ ਪ੍ਰਚਾਰਕ ਸੀ। ਜਦੋਂ ਉਹ ਧਰਤੀ ਉੱਤੇ ਸੀ ਉਸ ਨੇ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਕਿ ਆਦਮ ਤੋਂ ਵਿਰਾਸਤ ਵਿਚ ਮਿਲੇ ਪਾਪ ਦੇ ਸਾਰੇ ਅਸਰ ਮਿਟਾਏ ਜਾਣਗੇ, ਜਿਸ ਵਿਚ ਬੀਮਾਰੀ ਅਤੇ ਮੌਤ ਵੀ ਸ਼ਾਮਲ ਹਨ। (ਮੱਤੀ 9:35) ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਦੇ ਹਰ ਮੌਕੇ ਦਾ ਫ਼ਾਇਦਾ ਉਠਾ ਕੇ ਭਲਾਈ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਇਕ ਜੋਸ਼ੀਲੀ ਮਿਸਾਲ ਕਾਇਮ ਕੀਤੀ। (ਮੱਤੀ 5:1, 2; ਮਰਕੁਸ 6:34; ਲੂਕਾ 19:1-10; ਯੂਹੰਨਾ 4:5-26) ਅਤੇ ਉਸ ਦੇ ਚੇਲੇ ਉਸ ਦੀ ਮਿਸਾਲ ਉੱਤੇ ਚੱਲੇ ਸਨ।
13. (ੳ) ਪੌਲੁਸ ਰਸੂਲ ਨੇ ਇਹ ਗੱਲ ਕਈਆਂ ਉੱਤੇ ਕਿਵੇਂ ਲਾਗੂ ਕੀਤੀ ਕਿ “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ”? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪ੍ਰਚਾਰਕਾਂ ਦੇ ਪੈਰ “ਫੱਬਦੇ” ਹਨ?
13 ਪੌਲੁਸ ਰਸੂਲ ਨੇ ਰੋਮੀਆਂ ਨੂੰ ਆਪਣੀ ਚਿੱਠੀ ਵਿਚ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੀ ਮਹੱਤਤਾ ਉੱਤੇ ਜ਼ੋਰ ਦੇਣ ਲਈ ਯਸਾਯਾਹ 52:7 ਦਾ ਹਵਾਲਾ ਦਿੱਤਾ ਸੀ। ਉਸ ਨੇ ਸੋਚ-ਵਿਚਾਰ ਕਰਾਉਣ ਵਾਲੇ ਕਈ ਸਵਾਲ ਪੁੱਛੇ ਜਿਵੇਂ ਕਿ ‘ਪਰਚਾਰਕ ਬਾਝੋਂ ਲੋਕ ਕਿੱਕੁਰ ਸੁਣਨ?’ ਫਿਰ ਉਸ ਨੇ ਕਿਹਾ: “ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” (ਰੋਮੀਆਂ 10:14, 15) ਇਸ ਤਰ੍ਹਾਂ ਪੌਲੁਸ ਨੇ ਯਸਾਯਾਹ ਦੀ ਪੁਸਤਕ ਦਾ ਇਕਵਚਨ ਸ਼ਬਦ “ਜਿਹੜਾ” ਦੀ ਥਾਂ ਬਹੁਵਚਨੀ ਰੂਪ “ਜਿਹੜੇ” ਇਸਤੇਮਾਲ ਕਰ ਕੇ ਯਸਾਯਾਹ 52:7 ਨੂੰ ਕਈਆਂ ਉੱਤੇ ਲਾਗੂ ਕੀਤਾ। ਯਿਸੂ ਮਸੀਹ ਦੀ ਰੀਸ ਕਰ ਕੇ ਸਾਰੇ ਮਸੀਹੀ ਸ਼ਾਂਤੀ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਹਨ। ਉਨ੍ਹਾਂ ਦੇ ਪੈਰ ਕਿਵੇਂ “ਫੱਬਦੇ” ਹਨ? ਯਸਾਯਾਹ ਨੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਖ਼ੁਸ਼ ਖ਼ਬਰੀ ਲਿਆਉਣ ਵਾਲਾ ਯਹੂਦਾਹ ਦੇ ਨੇੜਲੇ ਪਹਾੜਾਂ ਤੋਂ ਯਰੂਸ਼ਲਮ ਵੱਲ ਆ ਰਿਹਾ ਸੀ। ਪਰ ਐਨੀ ਦੂਰੋਂ ਉਸ ਦੇ ਪੈਰ ਨਹੀਂ ਦਿਸ ਸਕਦੇ ਸਨ। ਦਰਅਸਲ ਇੱਥੇ ਪ੍ਰਚਾਰਕ ਵੱਲ ਧਿਆਨ ਦਿੱਤਾ ਗਿਆ ਹੈ ਅਤੇ ਪੈਰ ਖ਼ੁਦ ਪ੍ਰਚਾਰਕ ਨੂੰ ਦਰਸਾਉਂਦੇ ਸਨ। ਠੀਕ ਜਿਵੇਂ ਯਿਸੂ ਅਤੇ ਉਸ ਦੇ ਚੇਲੇ ਪਹਿਲੀ ਸਦੀ ਦੇ ਮਸਕੀਨ ਲੋਕਾਂ ਲਈ ਸੁੰਦਰ ਸਨ, ਅੱਜ ਯਹੋਵਾਹ ਦੇ ਗਵਾਹ ਉਨ੍ਹਾਂ ਨਿਮਰ ਲੋਕਾਂ ਲਈ ਸੁੰਦਰ ਹਨ ਜੋ ਜਾਨ ਬਚਾਉਣ ਵਾਲੀ ਖ਼ੁਸ਼ ਖ਼ਬਰੀ ਦੇ ਸੁਨੇਹੇ ਵੱਲ ਧਿਆਨ ਦਿੰਦੇ ਹਨ।
14. ਸਾਡੇ ਜ਼ਮਾਨੇ ਵਿਚ ਯਹੋਵਾਹ ਰਾਜਾ ਕਿਵੇਂ ਬਣਿਆ ਹੈ, ਅਤੇ ਮਨੁੱਖਜਾਤੀ ਨੂੰ ਇਸ ਬਾਰੇ ਕਿਸ ਸਮੇਂ ਤੋਂ ਦੱਸਿਆ ਗਿਆ ਹੈ?
14 ਸਾਡੇ ਜ਼ਮਾਨੇ ਵਿਚ ਇਹ ਗੱਲ ਕਿ “ਤੇਰਾ ਪਰਮੇਸ਼ੁਰ ਰਾਜ ਕਰਦਾ ਹੈ” ਕਿਸ ਸਮੇਂ ਤੋਂ ਸੁਣੀ ਗਈ ਹੈ? ਇਹ 1919 ਤੋਂ ਸੁਣੀ ਗਈ ਹੈ। ਉਸ ਸਾਲ ਸੀਡਰ ਪਾਇੰਟ ਓਹੀਓ ਵਿਚ ਇਕ ਸੰਮੇਲਨ ਤੇ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ, ਭਰਾ ਰਦਰਫ਼ਰਡ ਨੇ “ਸਾਥ ਕੰਮ ਕਰਨ ਵਾਲਿਆਂ ਲਈ ਸੱਦਾ” ਦੇ ਵਿਸ਼ੇ ਉੱਤੇ ਇਕ ਭਾਸ਼ਣ ਦੇ ਕੇ ਆਪਣੇ ਸੁਣਨ ਵਾਲਿਆਂ ਨੂੰ ਉਤੇਜਿਤ ਕੀਤਾ ਸੀ। ਇਹ ਭਾਸ਼ਣ ਯਸਾਯਾਹ 52:7 ਅਤੇ ਪਰਕਾਸ਼ ਦੀ ਪੋਥੀ 15:2 ਉੱਤੇ ਆਧਾਰਿਤ ਸੀ। ਉਸ ਨੇ ਸਾਰਿਆਂ ਨੂੰ ਪ੍ਰਚਾਰ ਦਾ ਕੰਮ ਕਰਨ ਲਈ ਉਤਸ਼ਾਹ ਦਿੱਤਾ ਸੀ। ਇਸ ਤਰ੍ਹਾਂ “ਪਹਾੜਾਂ” ਉੱਤੇ ‘ਫਬੀਲੇ ਪੈਰ’ ਨਜ਼ਰ ਆਉਣ ਲੱਗ ਪਏ। ਪਹਿਲਾਂ ਮਸਹ ਕੀਤੇ ਹੋਏ ਮਸੀਹੀਆਂ ਨੇ ਅਤੇ ਬਾਅਦ ਵਿਚ ਉਨ੍ਹਾਂ ਦੇ ਸਾਥੀਆਂ, ਯਾਨੀ ‘ਹੋਰ ਭੇਡਾਂ’ ਨੇ ਜੋਸ਼ ਨਾਲ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਕਿ ਯਹੋਵਾਹ ਰਾਜ ਕਰਦਾ ਹੈ। (ਯੂਹੰਨਾ 10:16) ਯਹੋਵਾਹ ਰਾਜਾ ਕਿਵੇਂ ਬਣਿਆ ਸੀ? ਸੰਨ 1914 ਵਿਚ ਆਪਣੇ ਪੁੱਤਰ, ਯਿਸੂ ਮਸੀਹ ਨੂੰ ਨਵੇਂ ਸਵਰਗੀ ਰਾਜ ਦਾ ਰਾਜਾ ਬਣਾ ਕੇ ਉਸ ਨੇ ਫਿਰ ਦਿਖਾਇਆ ਕਿ ਉਹ ਰਾਜ ਕਰਦਾ ਹੈ। ਅਤੇ ਯਹੋਵਾਹ ਨੇ 1919 ਵਿਚ “ਪਰਮੇਸ਼ੁਰ ਦੇ ਇਸਰਾਏਲ” ਨੂੰ ਵੱਡੀ ਬਾਬੁਲ ਤੋਂ ਆਜ਼ਾਦ ਕਰ ਕੇ ਇਕ ਹੋਰ ਤਰੀਕੇ ਵਿਚ ਦਿਖਾਇਆ ਸੀ ਕਿ ਉਹ ਰਾਜਾ ਹੈ।—ਗਲਾਤੀਆਂ 6:16; ਜ਼ਬੂਰ 47:8; ਪਰਕਾਸ਼ ਦੀ ਪੋਥੀ 11:15, 17; 19:6.
‘ਤੇਰੇ ਰਾਖਿਆਂ ਨੇ ਅਵਾਜ਼ ਚੁੱਕੀ’
15. ਉਹ ‘ਰਾਖੇ’ ਕੌਣ ਸਨ ਜਿਨ੍ਹਾਂ ਨੇ 537 ਸਾ.ਯੁ.ਪੂ. ਵਿਚ ਆਪਣੀ ਆਵਾਜ਼ ਚੁੱਕੀ ਸੀ?
15 ਕੀ ਇਹ ਗੱਲ ਸੁਣ ਕੇ ਕਿ “ਤੇਰਾ ਪਰਮੇਸ਼ੁਰ ਰਾਜ ਕਰਦਾ ਹੈ” ਕਿਸੇ ਨੇ ਕੁਝ ਕੀਤਾ ਵੀ ਸੀ? ਜੀ ਹਾਂ। ਯਸਾਯਾਹ ਨੇ ਲਿਖਿਆ: “ਤੇਰੇ ਰਾਖਿਆਂ ਦੀ ਅਵਾਜ਼! ਓਹ ਅਵਾਜ਼ ਚੁੱਕਦੇ, ਇਕੱਠੇ ਓਹ ਜੈਕਾਰੇ ਗਜਾਉਂਦੇ ਹਨ, ਓਹ ਅੱਖੋਂ ਅੱਖੀਂ ਵੇਖਣਗੇ ਜਦ ਯਹੋਵਾਹ ਸੀਯੋਨ ਨੂੰ ਮੁੜੇਗਾ।” (ਯਸਾਯਾਹ 52:8) ਸੰਨ 537 ਸਾ.ਯੁ.ਪੂ. ਵਿਚ ਮੁੜ ਰਹੇ ਗ਼ੁਲਾਮਾਂ ਦਾ ਸੁਆਗਤ ਕਰਨ ਲਈ ਯਰੂਸ਼ਲਮ ਵਿਚ ਕੋਈ ਰਾਖੇ ਨਹੀਂ ਸਨ। ਇਹ ਸ਼ਹਿਰ ਤਾਂ 70 ਸਾਲਾਂ ਲਈ ਵਿਰਾਨ ਪਿਆ ਹੋਇਆ ਸੀ। (ਯਿਰਮਿਯਾਹ 25:11, 12) ਤਾਂ ਫਿਰ ਇਹ ‘ਰਾਖੇ’ ਜਿਨ੍ਹਾਂ ਨੇ ਆਪਣੀ ਆਵਾਜ਼ ਚੁੱਕੀ ਸੀ ਉਹ ਇਸਰਾਏਲੀ ਸਨ ਜਿਨ੍ਹਾਂ ਨੂੰ ਸੀਯੋਨ ਦੀ ਬਹਾਲੀ ਬਾਰੇ ਪਹਿਲਾਂ ਹੀ ਖ਼ਬਰ ਮਿਲ ਗਈ ਸੀ ਅਤੇ ਜੋ ਸੀਯੋਨ ਦੇ ਬਾਕੀ ਦੇ ਬੱਚਿਆਂ ਨੂੰ ਇਹ ਖ਼ਬਰ ਦੱਸਣ ਲਈ ਜ਼ਿੰਮੇਵਾਰ ਸਨ। ਜਦੋਂ ਇਨ੍ਹਾਂ ਰਾਖਿਆਂ ਨੇ ਦੇਖਿਆ ਕਿ ਯਹੋਵਾਹ ਨੇ 539 ਸਾ.ਯੁ.ਪੂ. ਵਿਚ ਬਾਬਲ ਨੂੰ ਖੋਰਸ ਦੇ ਹੱਥ ਵਿਚ ਦੇ ਦਿੱਤਾ ਸੀ, ਤਾਂ ਇਨ੍ਹਾਂ ਦੇ ਮਨਾਂ ਵਿਚ ਕੋਈ ਸ਼ੱਕ ਨਹੀਂ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਛੁਡਾਉਣ ਹੀ ਵਾਲਾ ਸੀ। ਰਾਖਿਆਂ ਨੇ ਉਨ੍ਹਾਂ ਦੀ ਗੱਲ ਸੁਣਨ ਵਾਲਿਆਂ ਦੇ ਨਾਲ ਇਕੱਠਿਆਂ ਜੈਕਾਰੇ ਗਜਾ ਕੇ ਦੂਸਰਿਆਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾਈ।
16. ਰਾਖਿਆਂ ਨੇ ਕਿਸ ਨੂੰ “ਅੱਖੋਂ ਅੱਖੀਂ” ਦੇਖਿਆ ਸੀ ਅਤੇ ਇਸ ਦਾ ਮਤਲਬ ਕੀ ਸੀ?
16 ਇਨ੍ਹਾਂ ਰਾਖਿਆਂ ਨੇ ਯਹੋਵਾਹ ਨਾਲ ਇਕ ਨਿੱਜੀ ਅਤੇ ਨਜ਼ਦੀਕੀ ਰਿਸ਼ਤਾ ਕਾਇਮ ਕੀਤਾ ਜਿਵੇਂ ਕਿ ਉਹ ਉਸ ਨੂੰ “ਅੱਖੋਂ ਅੱਖੀਂ” ਜਾਂ ਆਮ੍ਹੋ-ਸਾਮ੍ਹਣੇ ਦੇਖ ਰਹੇ ਹੋਣ। (ਗਿਣਤੀ 14:14) ਯਹੋਵਾਹ ਅਤੇ ਉਨ੍ਹਾਂ ਦੇ ਆਪਸੀ ਗੂੜ੍ਹੇ ਸੰਬੰਧ ਨੇ ਉਨ੍ਹਾਂ ਦੀ ਏਕਤਾ ਦਿਖਾਈ ਅਤੇ ਇਹ ਵੀ ਦਿਖਾਇਆ ਕਿ ਉਨ੍ਹਾਂ ਦਾ ਸੁਨੇਹਾ ਖ਼ੁਸ਼ੀ ਦਾ ਸੀ।—1 ਕੁਰਿੰਥੀਆਂ 1:10.
17, 18. (ੳ) ਆਧੁਨਿਕ ਰਾਖੇ ਨੇ ਆਪਣੀ ਆਵਾਜ਼ ਕਿਵੇਂ ਚੁੱਕੀ ਹੈ? (ਅ) ਰਾਖੇ ਵਰਗ ਨੇ ਏਕਤਾ ਨਾਲ ਕਿਵੇਂ ਸੱਦਾ ਦਿੱਤਾ ਹੈ?
17 ਇਸ ਭਵਿੱਖਬਾਣੀ ਦੀ ਆਧੁਨਿਕ ਪੂਰਤੀ ਵਿਚ ਰਾਖਾ ਵਰਗ “ਮਾਤਬਰ ਅਤੇ ਬੁੱਧਵਾਨ ਨੌਕਰ” ਹੈ। (ਮੱਤੀ 24:45-47) ਉਹ ਆਪਣੀ ਆਵਾਜ਼ ਸਿਰਫ਼ ਪਰਮੇਸ਼ੁਰ ਦੇ ਸੰਗਠਨ ਦੇ ਲੋਕਾਂ ਲਈ ਹੀ ਨਹੀਂ ਪਰ ਬਾਹਰਲਿਆਂ ਲੋਕਾਂ ਲਈ ਵੀ ਚੁੱਕਦਾ ਹੈ। ਸੰਨ 1919 ਵਿਚ ਮਸਹ ਕੀਤੇ ਹੋਏ ਬਕੀਏ ਨੂੰ ਇਕੱਠਾ ਕਰਨ ਦਾ ਸੱਦਾ ਨਿਕਲਿਆ ਸੀ ਅਤੇ 1922 ਵਿਚ ਇਹ ਸੱਦਾ ਹੋਰ ਵੀ ਪੱਕਾ ਕੀਤਾ ਗਿਆ ਜਦੋਂ ਸੀਡਰ ਪਾਇੰਟ ਓਹੀਓ ਦੇ ਸੰਮੇਲਨ ਤੇ ਇਹ ਅਰਜ਼ ਕੀਤੀ ਗਈ ਸੀ ਕਿ “ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ।” ਸੰਨ 1935 ਤੋਂ ਲੈ ਕੇ ਭੇਡਾਂ ਵਰਗੇ ਲੋਕਾਂ ਦੀ ਇਕ ਵੱਡੀ ਭੀੜ ਨੂੰ ਇਕੱਠਾ ਕਰਨ ਵੱਲ ਧਿਆਨ ਦਿੱਤਾ ਗਿਆ ਹੈ। (ਪਰਕਾਸ਼ ਦੀ ਪੋਥੀ 7:9, 10) ਪਿੱਛਲੇ ਕੁਝ ਸਾਲਾਂ ਵਿਚ ਯਹੋਵਾਹ ਦੇ ਰਾਜ ਕਰਨ ਦਾ ਐਲਾਨ ਹੋਰ ਵੀ ਜੋਸ਼ ਨਾਲ ਕੀਤਾ ਗਿਆ ਹੈ। ਉਹ ਕਿਵੇਂ? ਸਾਲ 2000 ਵਿਚ ਕੁਝ 60 ਲੱਖ ਲੋਕ 230 ਤੋਂ ਜ਼ਿਆਦਾ ਦੇਸ਼ਾਂ ਅਤੇ ਇਲਾਕਿਆਂ ਵਿਚ ਦੱਸ ਰਹੇ ਸਨ ਕਿ ਯਹੋਵਾਹ ਰਾਜ ਕਰਦਾ ਹੈ। ਇਸ ਤੋਂ ਇਲਾਵਾ ਰਾਖੇ ਵਰਗ ਦੇ ਸਭ ਤੋਂ ਮੁੱਖ ਸਾਧਨ ਪਹਿਰਾਬੁਰਜ ਰਾਹੀਂ, 130 ਭਾਸ਼ਾਵਾਂ ਵਿਚ ਇਹ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ।
18 ਇਕੱਠਾ ਕਰਨ ਦੇ ਇਸ ਕੰਮ ਵਿਚ ਹਿੱਸਾ ਲੈਣ ਲਈ ਨਿਮਰਤਾ ਅਤੇ ਭਰਾਵਾਂ ਵਿਚਕਾਰ ਪਿਆਰ ਦੀ ਜ਼ਰੂਰਤ ਹੁੰਦੀ ਹੈ। ਇਸ ਸੱਦੇ ਨੂੰ ਕਾਮਯਾਬ ਹੋਣ ਲਈ ਇਹ ਜ਼ਰੂਰੀ ਹੈ ਕਿ ਸਾਰੇ ਜਣੇ ਇੱਕੋ ਸੁਨੇਹੇ ਦਾ ਪ੍ਰਚਾਰ ਕਰਨ ਜਿਸ ਵਿਚ ਯਹੋਵਾਹ ਦਾ ਨਾਂ, ਰਿਹਾਈ ਦਾ ਪ੍ਰਬੰਧ, ਯਹੋਵਾਹ ਦੀ ਬੁੱਧ, ਉਸ ਦਾ ਪਿਆਰ, ਅਤੇ ਉਸ ਦਾ ਰਾਜ ਸ਼ਾਮਲ ਹਨ। ਜਿਉਂ ਹੀ ਸਾਰੀ ਦੁਨੀਆਂ ਵਿਚ ਮਸੀਹੀ ਇਹ ਕੰਮ ਇਕੱਠੇ ਕਰਦੇ ਹਨ, ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਹੈ ਅਤੇ ਉਹ ਏਕਤਾ ਨਾਲ ਇਹ ਖ਼ੁਸ਼ ਖ਼ਬਰੀ ਸੁਣਾਉਂਦੇ ਹਨ।
19. (ੳ) ‘ਯਰੂਸ਼ਲਮ ਦੇ ਵਿਰਾਨ’ ਥਾਂਵਾਂ ਵਿਚ ਰੌਣਕ ਕਿਵੇਂ ਲੱਗੀ ਸੀ? (ਅ) ਯਹੋਵਾਹ ਨੇ ‘ਆਪਣੀ ਪਵਿੱਤ੍ਰ ਬਾਂਹ ਕਿਵੇਂ ਚੜ੍ਹਾਈ’ ਸੀ?
19 ਪਰਮੇਸ਼ੁਰ ਦੇ ਲੋਕ ਖ਼ੁਸ਼ੀ ਨਾਲ ਪੁਕਾਰ ਰਹੇ ਸਨ ਇਸ ਲਈ ਉਨ੍ਹਾਂ ਦੀਆਂ ਥਾਵਾਂ ਵਿਚ ਰੌਣਕ ਲੱਗੀ ਸੀ। ਭਵਿੱਖਬਾਣੀ ਨੇ ਅੱਗੇ ਕਿਹਾ: “ਖੁਲ੍ਹ ਕੇ ਇਕੱਠੇ ਜੈਕਾਰੇ ਗਜਾਓ, ਹੇ ਯਰੂਸ਼ਲਮ ਦੇ ਵਿਰਾਨਿਓ! ਕਿਉਂ ਜੋ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਓਸ ਯਰੂਸ਼ਲਮ ਨੂੰ ਛੁਡਾਇਆ ਹੈ। ਯਹੋਵਾਹ ਨੇ ਆਪਣੀ ਪਵਿੱਤ੍ਰ ਬਾਂਹ ਸਾਰੀਆਂ ਕੌਮਾਂ ਦੇ ਵੇਖਦਿਆਂ ਤੇ ਚੜ੍ਹਾਈ, ਅਤੇ ਧਰਤੀ ਦੇ ਸਾਰੇ ਬੰਨੇ ਸਾਡੇ ਪਰਮੇਸ਼ੁਰ ਦੇ ਬਚਾਓ ਨੂੰ ਵੇਖਣਗੇ।” (ਯਸਾਯਾਹ 52:9, 10) ਬਾਬਲ ਤੋਂ ਪਰਤੇ ਯਹੂਦੀਆਂ ਦੇ ਆਉਣ ਨਾਲ ਯਰੂਸ਼ਲਮ ਦੀਆਂ ਵਿਰਾਨ ਅਤੇ ਉਦਾਸ ਥਾਵਾਂ ਵਿਚ ਰੌਣਕ ਲੱਗੀ ਸੀ ਅਤੇ ਯਹੋਵਾਹ ਦੀ ਸ਼ੁੱਧ ਉਪਾਸਨਾ ਦੁਬਾਰਾ ਕੀਤੀ ਜਾ ਸਕਦੀ ਸੀ। (ਯਸਾਯਾਹ 35:1, 2) ਇਸ ਵਿਚ ਯਹੋਵਾਹ ਦਾ ਹੱਥ ਨਜ਼ਰ ਆਉਂਦਾ ਸੀ। ਉਸ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਮਾਨੋ ‘ਆਪਣੀ ਪਵਿੱਤ੍ਰ ਬਾਂਹ ਚੜ੍ਹਾਈ’ ਸੀ।—ਅਜ਼ਰਾ 1:2, 3.
20. ਸਾਡੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੀ ਪਵਿੱਤਰ ਬਾਂਹ ਕਿਵੇਂ ਚੜ੍ਹਾਈ ਹੈ ਅਤੇ ਅਗਾਹਾਂ ਨੂੰ ਉਹ ਉਸ ਨੂੰ ਕਿਵੇਂ ਚੜ੍ਹਾਵੇਗਾ?
20 ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਯਹੋਵਾਹ ਨੇ ਪਰਕਾਸ਼ ਦੀ ਪੋਥੀ ਦੇ ‘ਦੋ ਗਵਾਹਾਂ’ ਯਾਨੀ ਮਸਹ ਕੀਤੇ ਹੋਏ ਬਕੀਏ ਨੂੰ ਮੁੜ ਜ਼ਿੰਦਾ ਕਰ ਕੇ ਆਪਣਾ ਕੰਮ ਫਿਰ ਜਾਰੀ ਕਰਨ ਲਈ ਆਪਣੀ ਬਾਂਹ ਚੜ੍ਹਾਈ ਹੈ। (2 ਤਿਮੋਥਿਉਸ 3:1; ਪਰਕਾਸ਼ ਦੀ ਪੋਥੀ 11:3, 7-13) ਸੰਨ 1919 ਤੋਂ ਲੈ ਕੇ ਇਹ ਇਕ ਰੂਹਾਨੀ ਫਿਰਦੌਸ ਵਿਚ ਲਿਆਏ ਗਏ ਹਨ, ਅਤੇ ਉਨ੍ਹਾਂ ਦੇ ਨਾਲ ਲੱਖਾਂ ਹੀ ਹੋਰ ਭੇਡਾਂ ਵਰਗੇ ਲੋਕ ਹਨ। ਅਖ਼ੀਰ ਵਿਚ ਯਹੋਵਾਹ ਆਪਣੀ ਪਵਿੱਤਰ ਬਾਂਹ ਚੜ੍ਹਾ ਕੇ “ਹਰਮਗਿੱਦੋਨ” ਤੇ ਆਪਣੇ ਲੋਕਾਂ ਨੂੰ ਮੁਕਤੀ ਦੇਵੇਗਾ। (ਪਰਕਾਸ਼ ਦੀ ਪੋਥੀ 16:14, 16) ਫਿਰ “ਧਰਤੀ ਦੇ ਸਾਰੇ ਬੰਨੇ ਸਾਡੇ ਪਰਮੇਸ਼ੁਰ ਦੇ ਬਚਾਓ ਨੂੰ ਵੇਖਣਗੇ।”
ਇਕ ਜ਼ਰੂਰੀ ਮੰਗ
21. (ੳ) ‘ਯਹੋਵਾਹ ਦੇ ਭਾਂਡੇ ਚੁੱਕਣ’ ਵਾਲਿਆਂ ਤੋਂ ਕੀ ਮੰਗਿਆ ਗਿਆ ਸੀ? (ਅ) ਬਾਬਲ ਵਿੱਚੋਂ ਨਿਕਲਣ ਵਾਲੇ ਯਹੂਦੀਆਂ ਨੂੰ ਡਰਨ ਦੀ ਲੋੜ ਕਿਉਂ ਨਹੀਂ ਸੀ?
21 ਬਾਬਲ ਵਿੱਚੋਂ ਨਿਕਲ ਕੇ ਯਰੂਸ਼ਲਮ ਨੂੰ ਮੁੜਨ ਵਾਲਿਆਂ ਲਈ ਇਕ ਜ਼ਰੂਰੀ ਮੰਗ ਸੀ। ਯਸਾਯਾਹ ਨੇ ਲਿਖਿਆ: “ਤੁਰਦੇ ਹੋਵੋ, ਤੁਰਦੇ ਹੋਵੋ, ਉੱਥੋਂ ਨਿੱਕਲ ਜਾਓ! ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ, ਉਹ ਦੇ ਵਿਚਕਾਰੋਂ ਨਿੱਕਲ ਜਾਓ! ਆਪ ਨੂੰ ਸਾਫ਼ ਕਰੋ, ਤੁਸੀਂ ਜੋ ਯਹੋਵਾਹ ਦੇ ਭਾਂਡੇ ਚੁੱਕਦੇ ਹੋ। ਨਾ ਤਾਂ ਤੁਸੀਂ ਕਾਹਲੀ ਨਾਲ ਨਿੱਕਲ ਜਾਓਗੇ, ਨਾ ਨੱਠ ਕੇ ਚੱਲੇ ਜਾਓਗੇ, ਯਹੋਵਾਹ ਜੋ ਤੁਹਾਡੇ ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ੁਰ ਪਿੱਛੋਂ ਤੁਹਾਡੀ ਰਾਖੀ ਕਰੇਗਾ।” (ਯਸਾਯਾਹ 52:11, 12) ਵਾਪਸ ਜਾ ਰਹੇ ਇਸਰਾਏਲੀਆਂ ਨੂੰ ਬਾਬਲ ਵਿਚ ਉਸ ਦੇਸ਼ ਦੀ ਝੂਠੀ ਪੂਜਾ ਦਾ ਹਰ ਨਾਮੋ-ਨਿਸ਼ਾਨ ਪਿੱਛੇ ਛੱਡਣਾ ਪੈਣਾ ਸੀ। ਉਹ ਯਰੂਸ਼ਲਮ ਦੀ ਹੈਕਲ ਤੋਂ ਲਏ ਗਏ ਯਹੋਵਾਹ ਦੇ ਭਾਂਡੇ ਚੁੱਕ ਰਹੇ ਸਨ, ਇਸ ਲਈ ਉਨ੍ਹਾਂ ਨੂੰ ਬਾਹਰੋਂ ਹੀ ਸਾਫ਼ ਨਹੀਂ, ਬਲਕਿ ਅੰਦਰੋਂ ਵੀ ਸਾਫ਼ ਹੋਣ ਦੀ ਲੋੜ ਸੀ, ਯਾਨੀ ਉਨ੍ਹਾਂ ਦੇ ਦਿਲ ਸਾਫ਼ ਹੋਣੇ ਚਾਹੀਦੇ ਸਨ। (2 ਰਾਜਿਆਂ 24:11-13; ਅਜ਼ਰਾ 1:7) ਇਸ ਤੋਂ ਇਲਾਵਾ ਯਹੋਵਾਹ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ, ਇਸ ਲਈ ਉਨ੍ਹਾਂ ਨੂੰ ਡਰਨ ਜਾਂ ਕਾਹਲੀ ਕਰਨ ਦੀ ਲੋੜ ਨਹੀਂ ਸੀ ਜਿਵੇਂ ਕਿਤੇ ਡਾਕੂ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਇਸਰਾਏਲ ਦਾ ਪਰਮੇਸ਼ੁਰ ਪਿੱਛੋਂ ਉਨ੍ਹਾਂ ਦੀ ਰਾਖੀ ਕਰ ਰਿਹਾ ਸੀ।—ਅਜ਼ਰਾ 8:21-23.
22. ਪੌਲੁਸ ਨੇ ਮਸਹ ਕੀਤੇ ਹੋਏ ਮਸੀਹੀਆਂ ਦੇ ਸਾਫ਼ ਰਹਿਣ ਬਾਰੇ ਕੀ ਕਿਹਾ ਸੀ?
22 ਸਾਫ਼ ਰਹਿਣ ਬਾਰੇ ਯਸਾਯਾਹ ਦੇ ਸ਼ਬਦਾਂ ਦੀ ਵੱਡੀ ਪੂਰਤੀ ‘ਉਤਾਹਾਂ ਦੇ ਯਰੂਸ਼ਲਮ’ ਦੀ ਸੰਤਾਨ ਉੱਤੇ ਹੁੰਦੀ ਹੈ। ਜਦੋਂ ਪੌਲੁਸ ਨੇ ਕੁਰਿੰਥੀ ਮਸੀਹੀਆਂ ਨੂੰ ਅਵਿਸ਼ਵਾਸੀਆਂ ਨਾਲ ਨਾ ਮਿਲਣ-ਵਰਤਣ ਬਾਰੇ ਸਲਾਹ ਦਿੱਤੀ ਸੀ, ਤਾਂ ਉਸ ਨੇ ਯਸਾਯਾਹ 52:11 ਦਾ ਹਵਾਲਾ ਦਿੱਤਾ ਸੀ: “ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ।” (2 ਕੁਰਿੰਥੀਆਂ 6:14-17) ਬਾਬਲ ਤੋਂ ਘਰ ਵਾਪਸ ਜਾ ਰਹੇ ਇਸਰਾਏਲੀਆਂ ਵਾਂਗ, ਮਸੀਹੀਆਂ ਨੂੰ ਵੀ ਬਾਬੁਲ ਦੀ ਝੂਠੀ ਪੂਜਾ ਤੋਂ ਦੂਰ ਰਹਿਣਾ ਚਾਹੀਦਾ ਹੈ।
23. ਅੱਜ ਯਹੋਵਾਹ ਦੇ ਸੇਵਕ ਆਪਣੇ ਆਪ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਿਵੇਂ ਕਰਦੇ ਹਨ?
23 ਇਹ ਖ਼ਾਸ ਕਰਕੇ ਮਸੀਹ ਦੇ ਉਨ੍ਹਾਂ ਮਸਹ ਕੀਤੇ ਹੋਏ ਚੇਲਿਆਂ ਲਈ ਸੱਚ ਸੀ ਜੋ 1919 ਵਿਚ ਵੱਡੀ ਬਾਬੁਲ ਵਿੱਚੋਂ ਨਿਕਲੇ ਸਨ। ਉਹ ਸਹਿਜੇ-ਸਹਿਜੇ ਝੂਠੀ ਪੂਜਾ ਦੇ ਸਾਰੇ ਅਸਰਾਂ ਤੋਂ ਦੂਰ ਹੋਏ ਸਨ। (ਯਸਾਯਾਹ 8:19, 20; ਰੋਮੀਆਂ 15:4) ਉਹ ਨੈਤਿਕ ਸ਼ੁੱਧਤਾ ਦੀ ਮਹੱਤਤਾ ਬਾਰੇ ਵੀ ਹੋਰ ਜਾਣੂ ਹੋਏ ਸਨ। ਭਾਵੇਂ ਕਿ ਯਹੋਵਾਹ ਦੇ ਗਵਾਹਾਂ ਦਾ ਚਾਲ-ਚਲਣ ਹਮੇਸ਼ਾ ਬਾਈਬਲ ਦੇ ਉੱਚੇ ਅਸੂਲਾਂ ਦੇ ਅਨੁਸਾਰ ਰਿਹਾ ਹੈ, 1952 ਵਿਚ ਅੰਗ੍ਰੇਜ਼ੀ ਦੇ ਪਹਿਰਾਬੁਰਜ ਵਿਚ ਅਜਿਹੇ ਲੇਖ ਛਾਪੇ ਗਏ ਸਨ ਜਿਨ੍ਹਾਂ ਨੇ ਕਲੀਸਿਯਾ ਨੂੰ ਸਾਫ਼ ਰੱਖਣ ਲਈ, ਅਸ਼ੁੱਧ ਲੋਕਾਂ ਨੂੰ ਸਜ਼ਾ ਦੇਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਸੀ। ਅਜਿਹੀ ਸਜ਼ਾ ਗੁਨਾਹਗਾਰ ਵਿਅਕਤੀਆਂ ਨੂੰ ਵੀ ਦਿਲੋਂ ਤੋਬਾ ਕਰਨ ਦੀ ਲੋੜ ਦਾ ਅਹਿਸਾਸ ਕਰਾਉਂਦੀ ਹੈ।—1 ਕੁਰਿੰਥੀਆਂ 5:6, 7, 9-13; 2 ਕੁਰਿੰਥੀਆਂ 7:8-10; 2 ਯੂਹੰਨਾ 10, 11.
24. (ੳ) ਸਾਡੇ ਜ਼ਮਾਨੇ ਵਿਚ “ਯਹੋਵਾਹ ਦੇ ਭਾਂਡੇ” ਕੀ ਹਨ? (ਅ) ਅੱਜ ਮਸੀਹੀ ਭਰੋਸਾ ਕਿਉਂ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਅੱਗੇ ਚੱਲੇਗਾ ਅਤੇ ਪਿੱਛੋਂ ਉਨ੍ਹਾਂ ਦੀ ਰਾਖੀ ਕਰੇਗਾ?
24 ਮਸਹ ਕੀਤੇ ਹੋਏ ਮਸੀਹੀਆਂ ਅਤੇ ਹੋਰ ਭੇਡਾਂ ਦੀ ਵੱਡੀ ਭੀੜ ਦਾ ਪੱਕਾ ਇਰਾਦਾ ਹੈ ਕਿ ਉਹ ਕਿਸੇ ਵੀ ਚੀਜ਼ ਨੂੰ, ਜੋ ਰੂਹਾਨੀ ਤੌਰ ਤੇ ਅਸ਼ੁੱਧ ਹੈ, ਹੱਥ ਨਾ ਲਾਉਣ। ਉਨ੍ਹਾਂ ਦੀ ਪਵਿੱਤਰ ਅਤੇ ਸ਼ੁੱਧ ਹਾਲਤ ਕਰਕੇ ਹੀ ਉਹ “ਯਹੋਵਾਹ ਦੇ ਭਾਂਡੇ” ਚੁੱਕਣ ਦੇ ਯੋਗ ਬਣਦੇ ਹਨ। ਇਹ ਭਾਂਡੇ ਪਵਿੱਤਰ ਸੇਵਾ ਕਰਨ ਲਈ ਪਰਮੇਸ਼ੁਰ ਦੇ ਮਹੱਤਵਪੂਰਣ ਪ੍ਰਬੰਧ ਹਨ ਜਿਨ੍ਹਾਂ ਵਿਚ ਘਰ-ਘਰ ਪ੍ਰਚਾਰ ਕਰਨਾ, ਬਾਈਬਲ ਸਟੱਡੀ ਕਰਾਉਣੀ, ਅਤੇ ਹੋਰ ਮਸੀਹੀ ਕੰਮਾਂ ਵਿਚ ਹਿੱਸਾ ਲੈਣਾ ਸ਼ਾਮਲ ਹੈ। ਸ਼ੁੱਧ ਰਹਿਣ ਨਾਲ ਅੱਜ ਪਰਮੇਸ਼ੁਰ ਦੇ ਲੋਕ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਅੱਗੇ ਚੱਲੇਗਾ ਅਤੇ ਪਿੱਛੋਂ ਉਨ੍ਹਾਂ ਦੀ ਰਾਖੀ ਕਰੇਗਾ। ਪਰਮੇਸ਼ੁਰ ਦੇ ਸ਼ੁੱਧ ਲੋਕਾਂ ਵਜੋਂ ਉਨ੍ਹਾਂ ਕੋਲ ‘ਖੁਲ੍ਹ ਕੇ ਇਕੱਠੇ ਜੈਕਾਰੇ ਗਜਾਉਣ’ ਦੇ ਬਹੁਤ ਸਾਰੇ ਕਾਰਨ ਹਨ!
[ਫੁਟਨੋਟ]
a ‘ਉਤਾਹਾਂ ਦੇ ਯਰੂਸ਼ਲਮ’ ਅਤੇ ਧਰਤੀ ਉੱਤੇ ਉਸ ਦੇ ਮਸਹ ਕੀਤੇ ਹੋਏ ਬੱਚਿਆਂ ਦੇ ਆਪਸੀ ਰਿਸ਼ਤੇ ਬਾਰੇ ਹੋਰ ਜਾਣਕਾਰੀ ਲਈ ਇਸ ਪੁਸਤਕ ਦਾ 15ਵਾਂ ਅਧਿਆਇ ਦੇਖੋ।
[ਸਫ਼ਾ 183 ਉੱਤੇ ਤਸਵੀਰ]
ਸੀਯੋਨ ਨੂੰ ਗ਼ੁਲਾਮੀ ਵਿੱਚੋਂ ਛੁਡਾਇਆ ਗਿਆ ਸੀ
[ਸਫ਼ਾ 186 ਉੱਤੇ ਤਸਵੀਰ]
ਸੰਨ 1919 ਤੋਂ ਲੈ ਕੇ “ਪਹਾੜਾਂ” ਉੱਤੇ ‘ਫਬੀਲੇ ਪੈਰ’ ਨਜ਼ਰ ਆਉਣ ਲੱਗ ਪਏ ਸਨ
[ਸਫ਼ਾ 189 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਏਕਤਾ ਨਾਲ ਬੋਲਦੇ ਹਨ
[ਸਫ਼ਾ 192 ਉੱਤੇ ਤਸਵੀਰ]
‘ਯਹੋਵਾਹ ਦੇ ਭਾਂਡੇ ਚੁੱਕਣ’ ਵਾਲਿਆਂ ਨੂੰ ਨੈਤਿਕ ਅਤੇ ਰੂਹਾਨੀ ਤੌਰ ਤੇ ਸ਼ੁੱਧ ਹੋਣਾ ਚਾਹੀਦਾ ਸੀ