ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:
• ਵਿਆਹ ਕਰਾਉਣ ਤੋਂ ਬਾਅਦ ਕੁਝ ਮਸੀਹੀਆਂ ਨੂੰ ਕਿਸ ਮੁਸ਼ਕਲ ਦਾ ਸਾਮ੍ਹਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਨੂੰ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
ਕਈਆਂ ਮਸੀਹੀਆਂ ਨੂੰ ਸ਼ਾਇਦ ਅਹਿਸਾਸ ਹੋਣ ਲੱਗੇ ਕਿ ਉਨ੍ਹਾਂ ਦੀ ਆਪਸ ਵਿਚ ਬਿਲਕੁਲ ਨਹੀਂ ਬਣਦੀ। ਇਹ ਜਾਣਦੇ ਹੋਏ ਕਿ ਮਸਲੇ ਦਾ ਹੱਲ ਤਲਾਕ ਲੈਣਾ ਨਹੀਂ ਹੈ, ਉਨ੍ਹਾਂ ਨੂੰ ਸਖ਼ਤ ਮਿਹਨਤ ਕਰ ਕੇ ਆਪਣੇ ਜੀਵਨ-ਸਾਥੀ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ।—4/15, ਸਫ਼ਾ 17.
• ਬਿਰਧ ਆਸ਼ਰਮ ਵਿਚ ਰਹਿੰਦੇ ਭੈਣਾਂ-ਭਰਾਵਾਂ ਨੂੰ ਸ਼ਾਇਦ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ?
ਹੋ ਸਕਦਾ ਹੈ ਕਿ ਬਿਰਧ ਭੈਣ-ਭਰਾ ਹੋਰ ਕਲੀਸਿਯਾ ਦੇ ਇਲਾਕੇ ਵਿਚ ਪੈਂਦੇ ਬਿਰਧ ਆਸ਼ਰਮ ਵਿਚ ਚਲੇ ਗਏ ਹੋਣ ਜਿੱਥੇ ਉਹ ਕਿਸੇ ਗਵਾਹ ਨੂੰ ਨਹੀਂ ਜਾਣਦੇ। ਇਨ੍ਹਾਂ ਆਸ਼ਰਮਾਂ ਵਿਚ ਜ਼ਿਆਦਾਤਰ ਹੋਰਨਾਂ ਧਰਮਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਲਈ ਪੂਜਾ-ਪਾਠ ਦੇ ਇੰਤਜ਼ਾਮ ਵੀ ਕੀਤੇ ਜਾਂਦੇ ਹਨ। ਇਸ ਕਰਕੇ ਬਿਰਧ ਭੈਣ-ਭਰਾ ਸ਼ਾਇਦ ਮੁਸ਼ਕਲ ਵਿਚ ਪੈ ਜਾਣ। ਮਸੀਹੀ ਰਿਸ਼ਤੇਦਾਰਾਂ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਪੈਂਦੇ ਆਸ਼ਰਮਾਂ ਵਿਚ ਰਹਿੰਦੇ ਬਿਰਧ ਭੈਣਾਂ-ਭਰਾਵਾਂ ਦੀ ਚੰਗੀ ਦੇਖ-ਰੇਖ ਹੋ ਰਹੀ ਹੈ।—4/15, ਸਫ਼ੇ 25-27.
• ਪਤੀ-ਪਤਨੀ ਲਈ ਵਿਆਹ ਵਿਚ ਸਮੱਸਿਆਵਾਂ ਨਾਲ ਨਜਿੱਠਣ ਦੇ ਚਾਰ ਸੁਝਾਅ ਕੀ ਹਨ?
ਸਮੱਸਿਆ ਬਾਰੇ ਚਰਚਾ ਕਰਨ ਲਈ ਸਮਾਂ ਮਿੱਥੋ। (ਉਪ. 3:1, 7) ਦਿਲ ਖੋਲ੍ਹ ਕੇ ਆਦਰ ਨਾਲ ਆਪਣੀ ਰਾਇ ਦੱਸੋ। (ਅਫ਼. 4:25) ਆਪਣੇ ਸਾਥੀ ਦੀਆਂ ਗੱਲਾਂ ਧਿਆਨ ਨਾਲ ਸੁਣੋ ਤੇ ਉਸ ਦੀ ਪਰੇਸ਼ਾਨੀ ਸਮਝੋ। (ਮੱਤੀ 7:12) ਕਿਸੇ ਇਕ ਹੱਲ ਤੇ ਸਹਿਮਤ ਹੋਵੋ। (ਉਪ. 4:9, 10)—ਜੁਲਾਈ-ਸਤੰਬਰ, ਸਫ਼ੇ 10-12.
• ਜਦੋਂ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ ਕਿ ਸਾਡੇ ਕਰਜ਼ ਸਾਨੂੰ ਮਾਫ਼ ਕਰ, ਤਾਂ ਉਹ ਕਿਹੜੇ ਕਰਜ਼ ਦੀ ਗੱਲ ਕਰ ਰਿਹਾ ਸੀ?
ਮੱਤੀ 6:12 ਦੀ ਤੁਲਨਾ ਲੂਕਾ 11:4 ਨਾਲ ਕਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਯਿਸੂ ਪੈਸੇ ਉਧਾਰ ਲੈਣ ਕਰਕੇ ਸਿਰ ਚੜ੍ਹੇ ਕਰਜ਼ੇ ਦੀ ਗੱਲ ਨਹੀਂ ਕਰ ਰਿਹਾ ਸੀ। ਸਾਨੂੰ ਪਰਮੇਸ਼ੁਰ ਦੀ ਰੀਸ ਕਰਨ ਦੀ ਲੋੜ ਹੈ ਜੋ ਤੋਬਾ ਕਰਨ ਵਾਲੇ ਪਾਪੀਆਂ ਨੂੰ ਬਿਨਾਂ ਝਿਜਕੇ ਮਾਫ਼ ਕਰ ਦਿੰਦਾ ਹੈ।—5/15, ਸਫ਼ਾ 9.
• ਪ੍ਰਬੰਧਕ ਸਭਾ ਦੇ ਮੈਂਬਰ ਕਿਨ੍ਹਾਂ ਵੱਖ-ਵੱਖ ਕਮੇਟੀਆਂ ਵਿਚ ਜ਼ਿੰਮੇਵਾਰੀਆਂ ਰੱਖਦੇ ਹਨ?
ਕੋਆਰਡੀਨੇਟਰਾਂ ਦੀ ਕਮੇਟੀ, ਪ੍ਰਸਨੈੱਲ ਕਮੇਟੀ, ਪਬਲਿਸ਼ਿੰਗ ਕਮੇਟੀ, ਸਰਵਿਸ ਕਮੇਟੀ, ਟੀਚਿੰਗ ਕਮੇਟੀ ਅਤੇ ਰਾਇਟਿੰਗ ਕਮੇਟੀ।—5/15, ਸਫ਼ਾ 29.
• ਕੀ ਨੂਹ ਦੇ ਜ਼ਮਾਨੇ ਵਿਚ ਵਾਕਈ ਸਾਰੀ ਧਰਤੀ ਉੱਤੇ ਜਲ-ਪਰਲੋ ਆਈ ਸੀ?
ਯਿਸੂ ਨੂੰ ਪੱਕਾ ਵਿਸ਼ਵਾਸ ਸੀ ਕਿ ਜਲ-ਪਰਲੋ ਸਾਰੀ ਧਰਤੀ ਉੱਤੇ ਆਈ ਸੀ। ਬਾਈਬਲ ਦੀਆਂ ਚੇਤਾਵਨੀਆਂ ਜਲ-ਪਰਲੋ ਦੀ ਹਕੀਕਤ ਉੱਤੇ ਆਧਾਰਿਤ ਹਨ।—ਜੁਲਾਈ-ਸਤੰਬਰ‚ ਸਫ਼ਾ 24.
• ਰੋਮੀਆਂ 1:24-32 ਵਿਚ ਕਿਨ੍ਹਾਂ ਦੀ ਗੱਲ ਕੀਤੀ ਗਈ ਹੈ ਜੋ ਬੁਰੇ ਕੰਮ ਕਰ ਰਹੇ ਸਨ, ਯਹੂਦੀਆਂ ਦੀ ਜਾਂ ਗ਼ੈਰ-ਯਹੂਦੀਆਂ ਦੀ?
ਇਹ ਗੱਲ ਇਨ੍ਹਾਂ ਦੋਹਾਂ ਸਮੂਹਾਂ ਤੇ ਲਾਗੂ ਹੋ ਸਕਦੀ ਸੀ, ਪਰ ਪੌਲੁਸ ਖ਼ਾਸ ਕਰਕੇ ਉਨ੍ਹਾਂ ਯਹੂਦੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਸੀ। ਭਾਵੇਂ ਉਹ ਪਰਮੇਸ਼ੁਰ ਦੇ ਉੱਚੇ-ਸੁੱਚੇ ਅਸੂਲਾਂ ਨੂੰ ਜਾਣਦੇ ਸਨ, ਪਰ ਫਿਰ ਵੀ ਉਹ ਇਨ੍ਹਾਂ ਦੇ ਮੁਤਾਬਕ ਨਹੀਂ ਚੱਲੇ ਸਨ।—6/15, ਸਫ਼ਾ 29.
• ਅਸੀਂ ਉੱਨਾ ਹੀ ਕਰ ਕੇ ਖ਼ੁਸ਼ ਕਿਉਂ ਹੋ ਸਕਦੇ ਹਾਂ ਜਿੰਨਾ ਅਸੀਂ ਕਰ ਸਕਦੇ ਹਾਂ?
ਜੇ ਅਸੀਂ ਹੱਦੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਆਪਣਾ ਹੀ ਨੁਕਸਾਨ ਕਰਾਂਗੇ। ਪਰ ਇੱਦਾਂ ਵੀ ਨਾ ਹੋਵੇ ਕਿ ਅਸੀਂ ਹੱਥ ਤੇ ਹੱਥ ਧਰ ਕੇ ਬੈਠ ਜਾਈਏ ਤੇ ਆਪਣੀ ਕਿਸੇ ਕਮਜ਼ੋਰੀ ਨੂੰ ਬਹਾਨਾ ਬਣਾ ਕੇ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਜਾਈਏ।—7/15, ਸਫ਼ਾ 29.