ਕੀ ਤੁਸੀਂ ਪਿਆਰ ਦੇ “ਸ਼ਰੇਸ਼ਟ ਮਾਰਗ” ʼਤੇ ਚੱਲਦੇ ਹੋ?
ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਪ੍ਰੇਮ ਹੈ।” ਯੂਹੰਨਾ ਦੇ ਇਨ੍ਹਾਂ ਸ਼ਬਦਾਂ ਤੋਂ ਪਰਮੇਸ਼ੁਰ ਦੇ ਸਭ ਤੋਂ ਮੁੱਖ ਗੁਣ ਬਾਰੇ ਪਤਾ ਲੱਗਦਾ ਹੈ। (1 ਯੂਹੰ. 4:8) ਸਾਡੇ ਨਾਲ ਪਰਮੇਸ਼ੁਰ ਦੇ ਇਸ ਪਿਆਰ ਕਰਕੇ ਅਸੀਂ ਉਸ ਦੇ ਨੇੜੇ ਜਾ ਸਕਦੇ ਹਾਂ ਅਤੇ ਉਸ ਨਾਲ ਕਰੀਬੀ ਰਿਸ਼ਤਾ ਕਾਇਮ ਕਰ ਸਕਦੇ ਹਾਂ। ਹੋਰ ਕਿਸ ਤਰੀਕੇ ਨਾਲ ਪਰਮੇਸ਼ੁਰ ਦਾ ਪਿਆਰ ਸਾਡੇ ʼਤੇ ਅਸਰ ਕਰਦਾ ਹੈ? ਕਿਹਾ ਜਾਂਦਾ ਹੈ: “ਅਸੀਂ ਜਿਸ ਚੀਜ਼ ਨੂੰ ਪਿਆਰ ਕਰਦੇ ਹਾਂ, ਅਸੀਂ ਉਸੇ ਅਨੁਸਾਰ ਢਲ਼ ਜਾਂਦੇ ਹਾਂ।” ਇਹ ਗੱਲ ਸੱਚੀ ਹੈ। ਇਹ ਵੀ ਗੱਲ ਸਹੀ ਹੈ ਕਿ ਅਸੀਂ ਜਿਸ ਸ਼ਖ਼ਸ ਨੂੰ ਪਿਆਰ ਕਰਦੇ ਹਾਂ ਤੇ ਜਿਹੜਾ ਸ਼ਖ਼ਸ ਸਾਨੂੰ ਪਿਆਰ ਕਰਦਾ ਹੈ, ਅਸੀਂ ਉਸ ਵਰਗੇ ਬਣ ਜਾਂਦੇ ਹਾਂ। ਅਸੀਂ ਪਰਮੇਸ਼ੁਰ ਦੇ ਸਰੂਪ ʼਤੇ ਸਿਰਜੇ ਗਏ ਹਾਂ, ਇਸ ਲਈ ਅਸੀਂ ਜ਼ਿੰਦਗੀ ਵਿਚ ਉਸ ਵਰਗਾ ਪਿਆਰ ਜ਼ਾਹਰ ਕਰ ਸਕਦੇ ਹਾਂ। (ਉਤ. 1:27) ਇਸ ਕਰਕੇ ਯੂਹੰਨਾ ਰਸੂਲ ਨੇ ਲਿਖਿਆ ਕਿ ਅਸੀਂ ਪਰਮੇਸ਼ੁਰ ਨੂੰ ਤਾਂ ਹੀ ਪਿਆਰ ਕਰਦੇ ਹਾਂ ਕਿਉਂਜੋ “ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।”—1 ਯੂਹੰ. 4:19.
ਚਾਰ ਤਰ੍ਹਾਂ ਦਾ ਪਿਆਰ
ਪੌਲੁਸ ਰਸੂਲ ਨੇ ਪਿਆਰ ਨੂੰ “ਸਰੇਸ਼ਟ ਮਾਰਗ” ਕਿਹਾ। (1 ਕੁਰਿੰ. 12:31) ਪੌਲੁਸ ਨੇ ਪਿਆਰ ਨੂੰ ਇਹ ਮਾਰਗ ਕਿਉਂ ਕਿਹਾ? ਪੌਲੁਸ ਕਿਸ ਤਰ੍ਹਾਂ ਦੇ ਪਿਆਰ ਦੀ ਗੱਲ ਕਰ ਰਿਹਾ ਸੀ? ਇਹ ਜਾਣਨ ਲਈ ਆਓ ਆਪਾਂ “ਪਿਆਰ” ਲਫ਼ਜ਼ ʼਤੇ ਗੌਰ ਕਰੀਏ।
ਪੁਰਾਣੇ ਜ਼ਮਾਨੇ ਦੇ ਯੂਨਾਨੀ ਲੋਕ ਵੱਖੋ-ਵੱਖਰੀ ਕਿਸਮ ਦੇ ਪਿਆਰ ਨੂੰ ਦਰਸਾਉਣ ਲਈ ਚਾਰ ਸ਼ਬਦ ਵਰਤਦੇ ਸਨ। ਇਹ ਸ਼ਬਦ ਹਨ: ਸਟੋਰਗੇ, ਏਰੋਸ, ਫ਼ਿਲਿਆ, ਅਗਾਪੇ। ਇਨ੍ਹਾਂ ਵਿੱਚੋਂ ਅਗਾਪੇ ਸ਼ਬਦ ਪਰਮੇਸ਼ੁਰ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਜੋ “ਪ੍ਰੇਮ ਹੈ।”a ਇਸ ਪਿਆਰ ਬਾਰੇ ਪ੍ਰੋਫ਼ੈਸਰ ਵਿਲੀਅਮ ਬਾਰਕਲੇ ਨੇ ਆਪਣੀ ਕਿਤਾਬ (New Testament Word) ਵਿਚ ਕਿਹਾ: “ਅਗਾਪੇ ਦਾ ਸੰਬੰਧ ਦਿਮਾਗ਼ ਨਾਲ ਹੈ: ਇਹ ਸਿਰਫ਼ ਜਜ਼ਬਾਤ ਹੀ ਨਹੀਂ ਹੈ ਜੋ ਆਪਣੇ ਆਪ ਹੀ ਦਿਲਾਂ ਵਿਚ ਉਮੜ ਆਉਂਦਾ ਹੈ; ਇਹ ਸਿਧਾਂਤ ਹੈ ਜਿਸ ਦੁਆਰਾ ਅਸੀਂ ਆਪਣੀ ਜ਼ਿੰਦਗੀ ਜੀਉਂਦੇ ਹਾਂ। ਅਗਾਪੇ ਸਾਡੀ ਮਰਜ਼ੀ ਨਾਲ ਗਹਿਰਾ ਤਅੱਲਕ ਰੱਖਦਾ ਹੈ।” ਇਸ ਦਾ ਮਤਲਬ ਹੈ ਕਿ ਅਗਾਪੇ ਉਹ ਪਿਆਰ ਹੈ ਜੋ ਸਿਧਾਂਤਾਂ ʼਤੇ ਆਧਾਰਿਤ ਹੈ ਅਤੇ ਜੋ ਅਸੀਂ ਦਿਲੋਂ ਦਿਖਾਉਂਦੇ ਹਾਂ। ਸਾਨੂੰ ਚੰਗੇ ਤੇ ਮਾੜੇ ਸਿਧਾਂਤਾਂ ਦਾ ਪਤਾ ਹੈ। ਇਸ ਲਈ ਅਸੀਂ ਜਾਣਦੇ ਹਾਂ ਕਿ ਮਸੀਹੀਆਂ ਨੂੰ ਚੰਗੇ ਸਿਧਾਂਤਾਂ ʼਤੇ ਚੱਲਣਾ ਚਾਹੀਦਾ ਹੈ ਜੋ ਯਹੋਵਾਹ ਪਰਮੇਸ਼ੁਰ ਨੇ ਖ਼ੁਦ ਬਾਈਬਲ ਵਿਚ ਲਿਖਵਾਏ ਹਨ। ਜਦੋਂ ਅਸੀਂ ਬਾਈਬਲ ਵਿਚ ਅਗਾਪੇ ਪਿਆਰ ਲਈ ਵਰਤੇ ਸ਼ਬਦਾਂ ਦੀ ਤੁਲਨਾ ਬਾਈਬਲ ਵਿਚ ਪਿਆਰ ਲਈ ਵਰਤੇ ਹੋਰਨਾਂ ਸ਼ਬਦਾਂ ਨਾਲ ਕਰਾਂਗੇ, ਤਾਂ ਅਸੀਂ ਚੰਗੀ ਤਰ੍ਹਾਂ ਸਮਝ ਪਾਵਾਂਗੇ ਕਿ ਸਾਨੂੰ ਕਿਸ ਤਰ੍ਹਾਂ ਦਾ ਪਿਆਰ ਦਿਖਾਉਣਾ ਚਾਹੀਦਾ ਹੈ।
ਪਰਿਵਾਰ ਵਿਚ ਪਿਆਰ
ਅਜਿਹੇ ਪਰਿਵਾਰ ਦੇ ਮੈਂਬਰ ਹੋਣਾ ਕਿੰਨੀ ਖ਼ੁਸ਼ੀ ਦੀ ਗੱਲ ਹੈ ਜੋ ਸਾਨੂੰ ਬਹੁਤ ਪਿਆਰ ਕਰਦਾ ਹੈ! ਸਟੋਰਗੇ ਉਹ ਯੂਨਾਨੀ ਸ਼ਬਦ ਸੀ ਜੋ ਅਕਸਰ ਕੁਦਰਤੀ ਪਿਆਰ ਜਾਂ ਮੋਹ ਲਈ ਵਰਤਿਆ ਜਾਂਦਾ ਸੀ। ਇਹ ਪਿਆਰ ਪਰਿਵਾਰ ਦੇ ਮੈਂਬਰਾਂ ਵਿਚ ਹੁੰਦਾ ਹੈ। ਮਸੀਹੀ ਆਪਣੇ ਘਰਦਿਆਂ ਨੂੰ ਇਹ ਪਿਆਰ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਨ। ਪੌਲੁਸ ਨੇ ਭਵਿੱਖਬਾਣੀ ਕੀਤੀ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ “ਨਿਰਮੋਹ” ਹੋਣਗੇ।b—2 ਤਿਮੋ. 3:1, 3.
ਦੁੱਖ ਦੀ ਗੱਲ ਹੈ ਕਿ ਅੱਜ ਪਰਿਵਾਰ ਦੇ ਮੈਂਬਰਾਂ ਵਿਚ ਕੁਦਰਤੀ ਪਿਆਰ ਨਹੀਂ ਰਿਹਾ। ਉਦਾਹਰਣ ਲਈ ਅੱਜ ਕਿਉਂ ਇੰਨੀਆਂ ਸਾਰੀਆਂ ਗਰਭਵਤੀ ਤੀਵੀਆਂ ਗਰਭਪਾਤ ਕਰਵਾ ਰਹੀਆਂ ਹਨ? ਕਿਉਂ ਕਈ ਪਰਿਵਾਰ ਬਿਰਧ ਮਾਪਿਆਂ ਨਾਲ ਕੋਈ ਵਾਸਤਾ ਨਹੀਂ ਰੱਖਦੇ? ਕਿਉਂ ਤਲਾਕ ਦੀ ਦਰ ਵਧਦੀ ਜਾ ਰਹੀ ਹੈ? ਇਨ੍ਹਾਂ ਸਵਾਲਾਂ ਦਾ ਇੱਕੋ ਹੀ ਜਵਾਬ ਹੈ, ਕੁਦਰਤੀ ਪਿਆਰ ਦੀ ਘਾਟ।
ਇਸ ਤੋਂ ਇਲਾਵਾ, ਬਾਈਬਲ ਸਿਖਾਉਂਦੀ ਹੈ ਕਿ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ।” (ਯਿਰ. 17:9) ਪਰਿਵਾਰ ਵਿਚਲੇ ਪਿਆਰ ਦਾ ਸੰਬੰਧ ਦਿਲ ਨਾਲ ਹੈ ਜਿਸ ਵਿਚ ਭਾਵਨਾਵਾਂ ਉਮੜਦੀਆਂ ਹਨ। ਦਿਲਚਸਪੀ ਦੀ ਗੱਲ ਹੈ ਕਿ ਪੌਲੁਸ ਨੇ ਅਗਾਪੇ ਸ਼ਬਦ ਉਸ ਪਿਆਰ ਲਈ ਵਰਤਿਆ ਜੋ ਪਤੀ ਨੂੰ ਪਤਨੀ ਨਾਲ ਕਰਨਾ ਚਾਹੀਦਾ ਹੈ। ਪੌਲੁਸ ਨੇ ਇਸ ਪਿਆਰ ਦੀ ਤੁਲਨਾ ਉਸ ਪਿਆਰ ਨਾਲ ਕੀਤੀ ਜੋ ਮਸੀਹ ਕਲੀਸਿਯਾ ਨੂੰ ਕਰਦਾ ਹੈ। (ਅਫ਼. 5:28, 29) ਇਹ ਪਿਆਰ ਉਨ੍ਹਾਂ ਸਿਧਾਂਤਾਂ ʼਤੇ ਆਧਾਰਿਤ ਹੈ ਜੋ ਪਰਿਵਾਰ ਦੀ ਸ਼ੁਰੂਆਤ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਨੇ ਲਿਖਵਾਏ ਹਨ।
ਪਰਿਵਾਰ ਦੇ ਮੈਂਬਰਾਂ ਲਈ ਸੱਚਾ ਪਿਆਰ ਸਾਨੂੰ ਆਪਣੇ ਬਿਰਧ ਮਾਪਿਆਂ ਵਿਚ ਰੁਚੀ ਲੈਣ ਜਾਂ ਬੱਚਿਆਂ ਪ੍ਰਤਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਦਾ ਹੈ। ਇਸ ਪਿਆਰ ਸਦਕਾ ਮਾਪੇ ਲੋੜ ਪੈਣ ਤੇ ਆਪਣੇ ਬੱਚਿਆਂ ਨੂੰ ਤਾੜਦੇ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਖੁੱਲ੍ਹ ਨਹੀਂ ਦਿੰਦੇ।—ਅਫ਼. 6:1-4.
ਰੋਮਾਂਟਿਕ ਪਿਆਰ ਅਤੇ ਬਾਈਬਲ ਸਿਧਾਂਤ
ਵਿਆਹੇ ਮਰਦ ਅਤੇ ਔਰਤ ਵਿਚ ਜੋ ਪਿਆਰ ਹੁੰਦਾ ਹੈ, ਉਹ ਸੱਚ-ਮੁੱਚ ਪਰਮੇਸ਼ੁਰ ਵੱਲੋਂ ਇਕ ਦਾਤ ਹੈ। (ਕਹਾ. 5:15-17) ਪਰ ਰੋਮਾਂਟਿਕ ਪਿਆਰ ਦਾ ਭਾਵ ਰੱਖਦਾ ਸ਼ਬਦ ਏਰੋਸ ਬਾਈਬਲ ਦੇ ਲਿਖਾਰੀਆਂ ਨੇ ਵਰਤਿਆ ਨਹੀਂ। ਭਲਾ ਕਿਉਂ? ਕੁਝ ਸਾਲ ਪਹਿਲਾਂ ਪਹਿਰਾਬੁਰਜ ਨੇ ਲਿਖਿਆ: “ਅੱਜ ਦੁਨੀਆਂ ਉਹੀ ਗ਼ਲਤੀ ਦੁਹਰਾ ਰਹੀ ਹੈ ਜੋ ਪੁਰਾਣੇ ਜ਼ਮਾਨੇ ਦੇ ਯੂਨਾਨੀਆਂ ਨੇ ਕੀਤੀ ਸੀ। ਉਹ ਏਰੋਸ ਦੇਵਤੇ ਦੀ ਪੂਜਾ ਕਰਦੇ ਸਨ, ਉਸ ਦੀ ਜਗਵੇਦੀ ʼਤੇ ਮੱਥਾ ਟੇਕਦੇ ਸਨ ਅਤੇ ਚੜ੍ਹਾਵੇ ਚੜ੍ਹਾਉਂਦੇ ਸਨ। . . . ਪਰ ਇਤਿਹਾਸ ਗਵਾਹ ਹੈ ਕਿ ਜਿਨਸੀ ਪਿਆਰ ਦੀ ਇਹੋ ਜਿਹੀ ਪੂਜਾ ਕਰਕੇ ਕਦਰਾਂ-ਕੀਮਤਾਂ ਡਿੱਗ ਜਾਂਦੀਆਂ ਹਨ ਅਤੇ ਲੋਕ ਬਦਚਲਣ ਤੇ ਲੁੱਚਪੁਣੇ ਦੇ ਕੰਮ ਕਰਦੇ ਹਨ। ਇਸੇ ਲਈ ਸ਼ਾਇਦ ਬਾਈਬਲ ਲਿਖਾਰੀਆਂ ਨੇ ਇਹ ਸ਼ਬਦ ਨਹੀਂ ਵਰਤਿਆ।” ਜੇ ਅਸੀਂ ਉਸ ਪਿਆਰ ਤੋਂ ਦੂਰ ਰਹਿਣਾ ਹੈ ਜੋ ਸਿਰਫ਼ ਸਰੀਰਕ ਖਿੱਚ ਦੇ ਕਾਰਨ ਕੀਤਾ ਜਾਂਦਾ ਹੈ, ਤਾਂ ਸਾਨੂੰ ਆਪਣੀਆਂ ਰੋਮਾਂਟਿਕ ਭਾਵਨਾਵਾਂ ਨੂੰ ਬਾਈਬਲ ਦੇ ਸਿਧਾਂਤਾਂ ਅਨੁਸਾਰ ਚੱਲ ਕੇ ਕਾਬੂ ਵਿਚ ਰੱਖਣਾ ਚਾਹੀਦਾ ਹੈ। ਹੁਣ ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਆਪਣੇ ਜੀਵਨ-ਸਾਥੀ ਪ੍ਰਤਿ ਰੋਮਾਂਟਿਕ ਭਾਵਨਾਵਾਂ ਰੱਖਣ ਦੇ ਨਾਲ-ਨਾਲ ਸੱਚਾ ਪਿਆਰ ਵੀ ਕਰਦਾ ਹਾਂ?’
‘ਜੁਆਨੀ ਦੀ ਉਮਰ’ ਵਿਚ ਜਿਨਸੀ ਇੱਛਾਵਾਂ ਅਕਸਰ ਸਿਖਰਾਂ ʼਤੇ ਹੁੰਦੀਆਂ ਹਨ। ਪਰ ਜਿਹੜੇ ਨੌਜਵਾਨ ਬਾਈਬਲ ਦੇ ਅਸੂਲਾਂ ʼਤੇ ਚੱਲਦੇ ਹਨ, ਉਹ ਨੈਤਿਕ ਤੌਰ ਤੇ ਸ਼ੁੱਧ ਰਹਿਣਗੇ। (1 ਕੁਰਿੰ. 7:36; ਕੁਲੁ. 3:5) ਵਿਆਹ ਪਰਮੇਸ਼ੁਰ ਵੱਲੋਂ ਦਾਤ ਹੈ ਜਿਸ ਦੀ ਸਾਨੂੰ ਬਹੁਤ ਕਦਰ ਕਰਨੀ ਚਾਹੀਦੀ ਹੈ। ਯਿਸੂ ਨੇ ਵਿਆਹੇ ਲੋਕਾਂ ਬਾਰੇ ਕਿਹਾ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:6) ਵਿਆਹੇ ਲੋਕ ਉੱਨੀ ਦੇਰ ਇਕੱਠੇ ਨਹੀਂ ਰਹਿੰਦੇ ਜਿੰਨੀ ਦੇਰ ਉਨ੍ਹਾਂ ਵਿਚ ਜਿਨਸੀ ਖਿੱਚ ਹੁੰਦੀ ਹੈ, ਸਗੋਂ ਉਹ ਹਮੇਸ਼ਾ ਇਕੱਠੇ ਰਹਿੰਦੇ ਹਨ ਕਿਉਂਕਿ ਉਹ ਵਿਆਹੁਤਾ-ਬੰਧਨ ਨੂੰ ਗੰਭੀਰਤਾ ਨਾਲ ਲੈਂਦੇ ਹਨ। ਜਦੋਂ ਵਿਆਹੁਤਾ ਜੀਵਨ ਵਿਚ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਅਸੀਂ ਇਨ੍ਹਾਂ ਵਿੱਚੋਂ ਨਿਕਲਣ ਦਾ ਆਸਾਨ ਤਰੀਕਾ ਨਹੀਂ ਲੱਭਦੇ, ਸਗੋਂ ਆਪਣੇ ਵਿਆਹੁਤਾ ਜੀਵਨ ਨੂੰ ਖ਼ੁਸ਼ਹਾਲ ਬਣਾਉਣ ਲਈ ਪਰਮੇਸ਼ੁਰੀ ਗੁਣ ਜ਼ਾਹਰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਇਨ੍ਹਾਂ ਕੋਸ਼ਿਸ਼ਾਂ ਕਰਕੇ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ।—ਅਫ਼. 5:33; ਇਬ. 13:4.
ਮਿੱਤਰਾਂ ਵਿਚ ਪਿਆਰ
ਜੇ ਦੋਸਤ ਨਾ ਹੁੰਦੇ, ਤਾਂ ਜ਼ਿੰਦਗੀ ਬੋਰਿੰਗ ਹੁੰਦੀ! ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਕੁਝ ਮਿੱਤਰ ਭਰਾਵਾਂ ਤੋਂ ਵੱਧ ਕੰਮ ਆਉਂਦੇ ਹਨ।” (ਕਹਾ. 18:24, CL) ਯਹੋਵਾਹ ਚਾਹੁੰਦਾ ਹੈ ਕਿ ਸਾਡੇ ਸੱਚੇ ਦੋਸਤ ਹੋਣ। ਅਸੀਂ ਜਾਣਦੇ ਹਾਂ ਕਿ ਦਾਊਦ ਅਤੇ ਯੋਨਾਥਾਨ ਵਿਚ ਗੂੜ੍ਹੀ ਮਿੱਤਰਤਾ ਸੀ। (1 ਸਮੂ. 18:1) ਬਾਈਬਲ ਕਹਿੰਦੀ ਹੈ ਕਿ ਯਿਸੂ ਯੂਹੰਨਾ ਰਸੂਲ ਨੂੰ “ਤੇਹ” ਕਰਦਾ ਸੀ। (ਯੂਹੰ. 20:2) ਤੇਹ ਜਾਂ ਦੋਸਤੀ ਲਈ ਵਰਤਿਆ ਯੂਨਾਨੀ ਸ਼ਬਦ ਫ਼ਿਲਿਆ ਹੈ। ਕਲੀਸਿਯਾ ਵਿਚ ਕਿਸੇ ਨੂੰ ਗੂੜ੍ਹਾ ਮਿੱਤਰ ਬਣਾਉਣਾ ਗ਼ਲਤ ਨਹੀਂ ਹੈ। ਪਰ 2 ਪਤਰਸ 1:7 ਵਿਚ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ ‘ਭਰੱਪਣ ਦੇ ਪ੍ਰੇਮ’ (ਫਿਲਾਡੈਲਫ਼ੀਆ) ਨਾਲ ਪਿਆਰ (ਅਗਾਪੇ) ਨੂੰ ਵਧਾਈ ਜਾਈਏ। ਫਿਲਾਡੈਲਫ਼ੀਆ ਦੋ ਸ਼ਬਦਾਂ ਫੀਲੋਸ (“ਮਿੱਤਰ” ਲਈ ਵਰਤਿਆ ਯੂਨਾਨੀ ਸ਼ਬਦ) ਅਤੇ ਅਡੈੱਲਫ਼ੋਸ (“ਭਰਾ” ਲਈ ਵਰਤਿਆ ਯੂਨਾਨੀ ਸ਼ਬਦ) ਦਾ ਸੁਮੇਲ ਹੈ। ਆਪਣੀ ਦੋਸਤੀ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਇਸ ਸਲਾਹ ʼਤੇ ਚੱਲੀਏ। ਚੰਗਾ ਹੋਵੇਗਾ ਜੇ ਅਸੀਂ ਆਪਣੇ ਤੋਂ ਪੁੱਛੀਏ, ‘ਕੀ ਦੋਸਤੀ ਦੀਆਂ ਮੇਰੀਆਂ ਭਾਵਨਾਵਾਂ ਬਾਈਬਲ ਦੇ ਸਿਧਾਂਤਾਂ ਦੇ ਅਨੁਸਾਰ ਹਨ?’
ਬਾਈਬਲ ਦੇ ਸਿਧਾਂਤਾਂ ʼਤੇ ਚੱਲ ਕੇ ਅਸੀਂ ਆਪਣੇ ਦੋਸਤਾਂ ਨਾਲ ਪੇਸ਼ ਆਉਂਦੇ ਵੇਲੇ ਪੱਖਪਾਤ ਨਹੀਂ ਕਰਾਂਗੇ। ਅਸੀਂ ਦੂਹਰੇ ਮਿਆਰ ਕਾਇਮ ਨਹੀਂ ਕਰਾਂਗੇ। ਕਹਿਣ ਦਾ ਮਤਲਬ ਕਿ ਅਸੀਂ ਦੋਸਤਾਂ ਨਾਲ ਨਰਮਾਈ ਨਾਲ ਪੇਸ਼ ਆਵਾਂਗੇ, ਪਰ ਦੂਸਰਿਆਂ ਨਾਲ ਸਖ਼ਤੀ ਨਾਲ ਪੇਸ਼ ਆਵਾਂਗੇ ਜੋ ਸਾਡੇ ਦੋਸਤ ਨਹੀਂ ਹਨ। ਨਾਲੇ ਅਸੀਂ ਚਾਪਲੂਸੀ ਕਰ ਕੇ ਦੋਸਤ ਨਹੀਂ ਬਣਾਉਂਦੇ। ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਅਸੀਂ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਦਿਆਂ ਸੋਚ-ਸਮਝ ਕੇ ਦੋਸਤ ਬਣਾਉਂਦੇ ਹਾਂ ਤੇ “ਬੁਰੀਆਂ ਸੰਗਤਾਂ” ਤੋਂ ਬਚਦੇ ਹਾਂ ਜੋ “ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।”—1 ਕੁਰਿੰ. 15:33.
ਪਿਆਰ ਦਾ ਅਨੋਖਾ ਬੰਧਨ
ਜੋ ਬੰਧਨ ਮਸੀਹੀਆਂ ਨੂੰ ਏਕਤਾ ਵਿਚ ਬੰਨ੍ਹਦਾ ਹੈ, ਉਹ ਸੱਚ-ਮੁੱਚ ਅਨੋਖਾ ਹੈ। ਪੌਲੁਸ ਰਸੂਲ ਨੇ ਲਿਖਿਆ: “ਪ੍ਰੇਮ ਨਿਸ਼ਕਪਟ ਹੋਵੇ, . . . ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ।” (ਰੋਮੀ. 12:9, 10) ਮਸੀਹੀਆਂ ਦਾ ‘ਪ੍ਰੇਮ (ਅਗਾਪੇ) ਨਿਸ਼ਕਪਟ ਹੁੰਦਾ ਹੈ।’ ਇਹ ਪਿਆਰ ਦਿਲ ਵਿਚ ਉੱਠਦੀ ਭਾਵਨਾ ਹੀ ਨਹੀਂ ਹੈ, ਬਲਕਿ ਇਹ ਪਿਆਰ ਪੂਰੀ ਤਰ੍ਹਾਂ ਬਾਈਬਲ ਦੇ ਅਸੂਲਾਂ ʼਤੇ ਆਧਾਰਿਤ ਹੈ। ਪਰ ਪੌਲੁਸ “ਭਰੱਪਣ ਦੇ ਪ੍ਰੇਮ” (ਫਿਲਾਡੈਲਫ਼ੀਆ) ਅਤੇ ‘ਗੂੜ੍ਹੇ ਹਿਤ’ (ਫਿਲੋਸਟੋਰਗੋਸ ਜੋ ਕਿ ਫੀਲੋਸ ਤੇ ਸਟੋਰਗੇ ਦਾ ਸੁਮੇਲ ਹੈ) ਦੀ ਵੀ ਗੱਲ ਕਰਦਾ ਹੈ। ਇਕ ਵਿਦਵਾਨ ਦੇ ਮੁਤਾਬਕ “ਭਰੱਪਣ ਦੇ ਪ੍ਰੇਮ” ਦਾ ਮਤਲਬ ਹੈ “ਮੋਹ, ਕੋਮਲਤਾ ਨਾਲ ਪੇਸ਼ ਆਉਣਾ, ਦਇਆ ਤੇ ਮਦਦ ਕਰਨੀ।” ਜਦੋਂ ਇਸ ਪਿਆਰ ਦੇ ਨਾਲ-ਨਾਲ ਅਗਾਪੇ ਪਿਆਰ ਵੀ ਕੀਤਾ ਜਾਂਦਾ ਹੈ, ਤਾਂ ਯਹੋਵਾਹ ਦੇ ਲੋਕਾਂ ਵਿਚ ਗੂੜ੍ਹੀ ਦੋਸਤੀ ਕਾਇਮ ਹੁੰਦੀ ਹੈ। (1 ਥੱਸ. 4:9, 10) ਫਿਲੋਸਟੋਰਗੋਸ ਤੋਂ ਅਨੁਵਾਦ ਕੀਤਾ ਗਿਆ ਸ਼ਬਦ “ਗੂੜ੍ਹਾ ਹਿਤ” ਬਾਈਬਲ ਵਿਚ ਇਕ ਵਾਰ ਆਉਂਦਾ ਹੈ ਅਤੇ ਪਰਿਵਾਰ ਵਿਚਲੇ ਪਿਆਰ ਨੂੰ ਦਰਸਾਉਂਦਾ ਹੈ।
ਜੋ ਬੰਧਨ ਮਸੀਹੀਆਂ ਵਿਚ ਏਕਤਾ ਪੈਦਾ ਕਰਦਾ ਹੈ, ਉਹ ਪਰਿਵਾਰ ਅਤੇ ਸੱਚੇ ਦੋਸਤਾਂ ਲਈ ਪਿਆਰ ਦਾ ਸੁਮੇਲ ਹੈ। ਇਹ ਸਾਰੇ ਰਿਸ਼ਤੇ ਬਾਈਬਲ ਦੇ ਸਿਧਾਂਤਾਂ ਉੱਤੇ ਆਧਾਰਿਤ ਪਿਆਰ ʼਤੇ ਟਿਕੇ ਹੋਏ ਹਨ। ਮਸੀਹੀ ਕਲੀਸਿਯਾ ਕੋਈ ਸੋਸ਼ਲ ਕਲੱਬ ਜਾਂ ਕੋਈ ਦੁਨਿਆਵੀ ਸੰਸਥਾ ਨਹੀਂ ਹੈ, ਸਗੋਂ ਪਰਿਵਾਰ ਦੀ ਤਰ੍ਹਾਂ ਕਲੀਸਿਯਾ ਵਿਚ ਇਕੱਠੇ ਹੋ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। ਅਸੀਂ ਆਪਣੇ ਨਾਲ ਭਗਤੀ ਕਰਨ ਵਾਲਿਆਂ ਨੂੰ ਭੈਣ-ਭਰਾ ਕਹਿੰਦੇ ਹਾਂ ਅਤੇ ਉਨ੍ਹਾਂ ਨਾਲ ਭੈਣਾਂ-ਭਰਾਵਾਂ ਵਾਂਗ ਹੀ ਪੇਸ਼ ਆਉਂਦੇ ਹਾਂ। ਉਹ ਸਾਡੇ ਦੋਸਤ ਹਨ ਜਿਨ੍ਹਾਂ ਨੂੰ ਅਸੀਂ ਦਿਲੋਂ ਪਿਆਰ ਕਰਦੇ ਹਾਂ ਅਤੇ ਅਸੀਂ ਉਨ੍ਹਾਂ ਨਾਲ ਹਮੇਸ਼ਾ ਉਸੇ ਤਰ੍ਹਾਂ ਪੇਸ਼ ਆਉਂਦੇ ਹਾਂ ਜਿਸ ਤਰ੍ਹਾਂ ਬਾਈਬਲ ਦੇ ਅਸੂਲਾਂ ਅਨੁਸਾਰ ਪੇਸ਼ ਆਉਣਾ ਚਾਹੀਦਾ ਹੈ। ਇਸ ਲਈ ਆਓ ਆਪਾਂ ਪਿਆਰ ਦੇ ਇਸ ਬੰਧਨ ਨੂੰ ਮਜ਼ਬੂਤ ਕਰੀਏ ਕਿਉਂਕਿ ਇਹ ਸੱਚੀ ਮਸੀਹੀ ਕਲੀਸਿਯਾ ਦੀ ਪਛਾਣ ਹੈ।—ਯੂਹੰ. 13:35.
[ਫੁਟਨੋਟ]
a ਬਾਈਬਲ ਵਿਚ ਕਿਤੇ-ਕਿਤੇ ਮਾੜੀਆਂ ਚੀਜ਼ਾਂ ਨਾਲ ਮੋਹ ਜਾਂ ਪਿਆਰ ਨੂੰ ਵੀ ਅਗਾਪੇ ਕਿਹਾ ਗਿਆ ਹੈ।—ਯੂਹੰ. 3:19; 12:43; 2 ਤਿਮੋ. 4:10; 1 ਯੂਹੰ. 2:15-17.
b ਜੇ ਸਟੋਰਗੇ ਦੇ ਨਾਲ ਅਗੇਤਰ “ਏ” ਲਾ ਦੇਈਏ, ਤਾਂ ਅਸਟੋਰਗੇ ਬਣ ਜਾਂਦਾ ਹੈ ਜਿਸ ਦਾ ਮਤਲਬ ਹੈ ਪਿਆਰ ਤੋਂ ਬਿਨਾਂ ਯਾਨੀ ਨਿਰਮੋਹ।—ਰੋਮੀਆਂ 1:31 ਵੀ ਦੇਖੋ।
[ਸਫ਼ਾ 12 ਉੱਤੇ ਸੁਰਖੀ]
ਤੁਸੀਂ ਪਿਆਰ ਦੇ ਉਸ ਬੰਧਨ ਨੂੰ ਮਜ਼ਬੂਤ ਕਰਨ ਵਿਚ ਕਿਵੇਂ ਯੋਗਦਾਨ ਪਾਉਂਦੇ ਹੋ ਜੋ ਸਾਨੂੰ ਏਕਤਾ ਵਿਚ ਬੰਨ੍ਹਦਾ ਹੈ?