ਸਾਰਿਆਂ ਨਾਲ ਵਧੀਆ ਰਿਸ਼ਤਾ ਕਿਵੇਂ ਬਣਾਈਏ?
ਰੱਬ ਨੇ ਸਾਨੂੰ ਵਧੀਆ ਸਲਾਹ ਦਿੱਤੀ ਹੈ ਜਿਸ ਨੂੰ ਮੰਨ ਕੇ ਅਸੀਂ ਸਾਰਿਆਂ ਨਾਲ ਵਧੀਆ ਰਿਸ਼ਤਾ ਬਣਾ ਸਕਦੇ ਹਾਂ। ਬਹੁਤ ਸਾਰੇ ਲੋਕਾਂ ਨੂੰ ਉਸ ਦੀ ਸਲਾਹ ਮੰਨ ਕੇ ਫ਼ਾਇਦਾ ਹੋਇਆ ਹੈ। ਉਹ ਘਰ ਵਿਚ, ਕੰਮ ʼਤੇ ਅਤੇ ਆਪਣੇ ਦੋਸਤਾਂ ਨਾਲ ਵਧੀਆ ਰਿਸ਼ਤਾ ਬਣਾ ਸਕੇ ਹਨ। ਆਓ ਦੇਖੀਏ ਕਿ ਉਸ ਨੇ ਸਾਨੂੰ ਕੀ ਸਲਾਹ ਦਿੱਤੀ ਹੈ।
ਇਕ-ਦੂਜੇ ਨੂੰ ਮਾਫ਼ ਕਰੋ
‘ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।’—ਕੁਲੁੱਸੀਆਂ 3:13.
ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਕਦੀ ਅਸੀਂ ਦੂਜਿਆਂ ਨੂੰ ਠੇਸ ਪਹੁੰਚਾਉਂਦੇ ਹਾਂ ਜਾਂ ਕਦੀ ਉਹ ਸਾਨੂੰ। ਇਸ ਲਈ ਸਾਨੂੰ ਇਕ-ਦੂਜੇ ਨੂੰ ਮਾਫ਼ ਕਰਨਾ ਚਾਹੀਦਾ ਹੈ। ਜਦੋਂ ਅਸੀਂ ਦੂਜਿਆਂ ਨੂੰ ਮਾਫ਼ ਕਰ ਦਿੰਦੇ ਹਾਂ, ਤਾਂ ਅਸੀਂ ਆਪਣੇ ਮਨ ਵਿਚ ਗੁੱਸਾ ਨਹੀਂ ਰੱਖਦੇ। ਅਸੀਂ “ਬੁਰਾਈ ਦੇ ਵੱਟੇ ਬੁਰਾਈ” ਨਹੀਂ ਕਰਦੇ ਤੇ ਨਾ ਹੀ ਉਨ੍ਹਾਂ ਨੂੰ ਵਾਰ-ਵਾਰ ਉਨ੍ਹਾਂ ਦੀਆਂ ਗ਼ਲਤੀਆਂ ਯਾਦ ਕਰਾਉਂਦੇ ਹਾਂ। (ਰੋਮੀਆਂ 12:17) ਪਰ ਕਈ ਵਾਰ ਸਾਨੂੰ ਕਿਸੇ ਦੀ ਗੱਲ ਦਾ ਇੰਨਾ ਬੁਰਾ ਲੱਗਦਾ ਹੈ ਕਿ ਅਸੀਂ ਉਸ ਬਾਰੇ ਹੀ ਸੋਚਦੇ ਰਹਿੰਦੇ ਹਾਂ ਅਤੇ ਸਾਨੂੰ ਉਸ ਨੂੰ ਮਾਫ਼ ਕਰਨਾ ਔਖਾ ਲੱਗਦਾ ਹੈ। ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਸ ਵਿਅਕਤੀ ਨਾਲ ਇਕੱਲੇ ਵਿਚ ਗੱਲ ਕਰਨੀ ਚਾਹੀਦੀ ਹੈ ਤਾਂਕਿ ਸਾਡੇ ਵਿਚ ਸਭ ਕੁਝ ਪਹਿਲਾਂ ਵਾਂਗ ਹੋ ਜਾਵੇ। ਸਾਨੂੰ ਆਪਣੇ ਆਪ ਨੂੰ ਸਹੀ ਤੇ ਉਸ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।—ਰੋਮੀਆਂ 12:18.
ਨਿਮਰ ਬਣੋ ਅਤੇ ਇਕ-ਦੂਜੇ ਦਾ ਆਦਰ ਕਰੋ
“ਨਿਮਰ ਬਣ ਕੇ ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝੋ।”—ਫ਼ਿਲਿੱਪੀਆਂ 2:3.
ਅਸੀਂ ਸਾਰੇ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ ਜੋ ਨਿਮਰ ਹੁੰਦੇ ਹਨ, ਦੂਜਿਆਂ ਦਾ ਆਦਰ ਕਰਦੇ ਹਨ ਅਤੇ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ। ਇਸ ਤਰ੍ਹਾਂ ਦੇ ਲੋਕ ਜਾਣ-ਬੁੱਝ ਕੇ ਕਿਸੇ ਨੂੰ ਠੇਸ ਨਹੀਂ ਪਹੁੰਚਾਉਂਦੇ। ਜਿਹੜੇ ਲੋਕ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਸਮਝਦੇ ਹਨ ਅਤੇ ਆਪਣੀ ਹੀ ਮਰਜ਼ੀ ਚਲਾਉਂਦੇ ਹਨ, ਉਨ੍ਹਾਂ ਦੇ ਦੋਸਤ ਨਹੀਂ ਹੁੰਦੇ ਤੇ ਜੇ ਹੁੰਦੇ ਵੀ ਹਨ, ਤਾਂ ਬਹੁਤ ਘੱਟ।
ਪੱਖਪਾਤ ਨਾ ਕਰੋ
“ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂਲਾਂ ਦੇ ਕੰਮ 10:34, 35.
ਰੱਬ ਦੀਆਂ ਨਜ਼ਰਾਂ ਵਿਚ ਸਾਰੇ ਲੋਕ ਬਰਾਬਰ ਹਨ ਭਾਵੇਂ ਉਹ ਕਿਸੇ ਵੀ ਦੇਸ਼ ਜਾਂ ਭਾਸ਼ਾ ਦੇ ਹੋਣ, ਅਮੀਰ ਹੋਣ ਜਾਂ ਗ਼ਰੀਬ ਜਾਂ ਉਨ੍ਹਾਂ ਦਾ ਰੰਗ ਜੋ ਮਰਜ਼ੀ ਹੋਵੇ। “ਉਸ ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ,” ਇਸ ਲਈ ਅਸੀਂ ਸਾਰੇ ਭੈਣ-ਭਰਾ ਹਾਂ। (ਰਸੂਲਾਂ ਦੇ ਕੰਮ 17:26) ਜਦੋਂ ਅਸੀਂ ਦੂਜਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਾਂ, ਤਾਂ ਇਸ ਨਾਲ ਉਨ੍ਹਾਂ ਨੂੰ ਵੀ ਖ਼ੁਸ਼ੀ ਹੁੰਦੀ ਹੈ ਤੇ ਸਾਨੂੰ ਵੀ। ਸਭ ਤੋਂ ਜ਼ਿਆਦਾ ਅਸੀਂ ਆਪਣੇ ਸਿਰਜਣਹਾਰ ਦੇ ਦਿਲ ਨੂੰ ਖ਼ੁਸ਼ ਕਰਦੇ ਹਾਂ।
ਨਰਮ ਸੁਭਾਅ ਦੇ ਬਣੋ
‘ਨਰਮਾਈ ਨੂੰ ਪਹਿਨ ਲਓ।’—ਕੁਲੁੱਸੀਆਂ 3:12.
ਜੇ ਅਸੀਂ ਨਰਮ ਸੁਭਾਅ ਦੇ ਹੋਵਾਂਗੇ, ਤਾਂ ਲੋਕ ਸਾਡੇ ਨਾਲ ਬਿਨਾਂ ਝਿਜਕੇ ਗੱਲ ਕਰ ਸਕਣਗੇ। ਨਾਲੇ ਜੇ ਸਾਡੇ ਤੋਂ ਕੋਈ ਗ਼ਲਤੀ ਹੋ ਜਾਵੇ, ਤਾਂ ਉਹ ਸਾਨੂੰ ਝੱਟ ਦੱਸ ਦੇਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਸ਼ਾਂਤ ਰਹਾਂਗੇ। ਜੇ ਕੋਈ ਸਾਨੂੰ ਬੁਰਾ-ਭਲਾ ਕਹੇ, ਤਾਂ ਗੁੱਸੇ ਵਿਚ ਭੜਕਣ ਦੀ ਬਜਾਇ ਅਸੀਂ ਉਸ ਨੂੰ ਸ਼ਾਂਤੀ ਨਾਲ ਜਵਾਬ ਦੇਵਾਂਗੇ। ਇਸ ਤਰ੍ਹਾਂ ਉਸ ਦਾ ਗੁੱਸਾ ਠੰਢਾ ਹੋ ਜਾਵੇਗਾ। ਇਕ ਬੁੱਧੀਮਾਨ ਵਿਅਕਤੀ ਨੇ ਲਿਖਿਆ ਹੈ: “ਨਰਮ ਜਵਾਬ ਗੁੱਸੇ ਨੂੰ ਠੰਢਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।”—ਕਹਾਉਤਾਂ 15:1.
ਖੁੱਲ੍ਹ-ਦਿਲੇ ਬਣੋ ਤੇ ਸ਼ੁਕਰਗੁਜ਼ਾਰ ਹੋਵੋ
“ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂਲਾਂ ਦੇ ਕੰਮ 20:35.
ਅੱਜ ਬਹੁਤ ਸਾਰੇ ਲੋਕ ਸਿਰਫ਼ ਇਹੀ ਸੋਚਦੇ ਹਨ ਕਿ ਉਨ੍ਹਾਂ ਨੂੰ ਦੂਜਿਆਂ ਤੋਂ ਕੀ ਮਿਲ ਸਕਦਾ ਹੈ। ਪਰ ਜੇ ਅਸੀਂ ਖੁੱਲ੍ਹੇ ਦਿਲ ਵਾਲੇ ਹਾਂ ਅਤੇ ਦੂਜਿਆਂ ਨਾਲ ਆਪਣੀਆਂ ਚੀਜ਼ਾਂ ਸਾਂਝੀਆਂ ਕਰਦੇ ਹਾਂ, ਤਾਂ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ। (ਲੂਕਾ 6:38) ਖੁੱਲ੍ਹੇ ਦਿਲ ਵਾਲੇ ਲੋਕ ਚੀਜ਼ਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਪਿਆਰ ਕਰਦੇ ਹਨ। ਇਸ ਲਈ ਉਹ ਖ਼ੁਸ਼ ਰਹਿੰਦੇ ਹਨ। ਜਦੋਂ ਕੋਈ ਉਨ੍ਹਾਂ ਨੂੰ ਕੁਝ ਦਿੰਦਾ ਹੈ, ਤਾਂ ਉਹ ਉਸ ਦਾ ਅਹਿਸਾਨ ਮੰਨਦੇ ਹਨ ਅਤੇ ਦਿਲੋਂ ਉਸ ਦਾ ਸ਼ੁਕਰੀਆ ਕਰਦੇ ਹਨ। (ਕੁਲੁੱਸੀਆਂ 3:15) ਜ਼ਰਾ ਸੋਚੋ, ਤੁਹਾਨੂੰ ਕਿਹੋ ਜਿਹੇ ਲੋਕ ਪਸੰਦ ਹਨ, ਕੰਜੂਸ ਜਾਂ ਖੁੱਲ੍ਹ-ਦਿਲੇ? ਨਾਸ਼ੁਕਰੇ ਜਾਂ ਸ਼ੁਕਰਗੁਜ਼ਾਰੀ ਦਿਖਾਉਣ ਵਾਲੇ? ਤਾਂ ਕਿਉਂ ਨਾ ਤੁਸੀਂ ਵੀ ਖੁੱਲ੍ਹ-ਦਿਲੇ ਬਣੋ ਅਤੇ ਦੂਜਿਆਂ ਦਾ ਦਿਲੋਂ ਸ਼ੁਕਰੀਆ ਕਰੋ।—ਮੱਤੀ 7:12.