ਸਾਰਿਆਂ ਨੇ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ
“ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।”—ਰੋਮੀਆਂ 14:12.
1. ਆਦਮ ਅਤੇ ਹੱਵਾਹ ਦੀ ਆਜ਼ਾਦੀ ਉੱਤੇ ਕਿਹੜੀਆਂ ਹੱਦਾਂ ਬੰਨ੍ਹੀਆਂ ਗਈਆਂ ਸਨ?
ਯਹੋਵਾਹ ਪਰਮੇਸ਼ੁਰ ਨੇ ਸਾਡੇ ਪ੍ਰਥਮ ਮਾਤਾ-ਪਿਤਾ, ਆਦਮ ਅਤੇ ਹੱਵਾਹ, ਨੂੰ ਆਜ਼ਾਦ ਨੈਤਿਕ ਕਾਰਜਕਰਤਾ ਵਜੋਂ ਸ੍ਰਿਸ਼ਟ ਕੀਤਾ ਸੀ। ਹਾਲਾਂਕਿ ਉਹ ਦੂਤਾਂ ਤੋਂ ਨੀਵੇਂ ਸਨ, ਉਹ ਬੁੱਧੀਮਾਨ ਪ੍ਰਾਣੀ ਸਨ ਜੋ ਸਿਆਣੇ ਨਿਰਣੇ ਕਰਨ ਦੇ ਯੋਗ ਸਨ। (ਜ਼ਬੂਰ 8:4, 5) ਫਿਰ ਵੀ, ਉਹ ਪਰਮੇਸ਼ੁਰ-ਦਿੱਤ ਆਜ਼ਾਦੀ ਸਵੈ-ਨਿਰਧਾਰਣ ਕਰਨ ਦੇ ਲਈ ਇਕ ਲਸੰਸ ਨਹੀਂ ਸੀ। ਉਹ ਆਪਣੇ ਸ੍ਰਿਸ਼ਟੀਕਰਤਾ ਦੇ ਪ੍ਰਤੀ ਜਵਾਬਦੇਹ ਸਨ, ਅਤੇ ਇਹ ਜਵਾਬਦੇਹੀ ਉਨ੍ਹਾਂ ਦੀ ਸਭ ਔਲਾਦ ਨੂੰ ਵੀ ਲਾਗੂ ਹੁੰਦੀ ਹੈ।
2. ਯਹੋਵਾਹ ਛੇਤੀ ਹੀ ਕਿਹੜਾ ਲੇਖਾ ਲਵੇਗਾ, ਅਤੇ ਕਿਉਂ?
2 ਹੁਣ ਜਦ ਕਿ ਅਸੀਂ ਇਸ ਦੁਸ਼ਟ ਰੀਤੀ-ਵਿਵਸਥਾ ਦੇ ਸਿਖਰ ਦੇ ਨੇੜੇ ਅੱਪੜ ਰਹੇ ਹਾਂ, ਯਹੋਵਾਹ ਧਰਤੀ ਉੱਤੇ ਲੇਖਾ ਲਵੇਗਾ। (ਤੁਲਨਾ ਕਰੋ ਰੋਮੀਆਂ 9:28, ਨਿ ਵ.) ਛੇਤੀ ਹੀ, ਕੁਧਰਮੀ ਮਨੁੱਖਾਂ ਨੂੰ ਧਰਤੀ ਦੀ ਸੰਪਤੀ ਦੀ ਲੁੱਟ-ਖਸੁੱਟ, ਮਾਨਵ ਜੀਵਨ ਦੇ ਵਿਨਾਸ਼, ਅਤੇ ਖ਼ਾਸ ਕਰਕੇ ਉਸ ਦੇ ਸੇਵਕਾਂ ਉੱਤੇ ਸਤਾਹਟ ਦੇ ਲਈ ਯਹੋਵਾਹ ਪਰਮੇਸ਼ੁਰ ਨੂੰ ਲੇਖਾ ਦੇਣਾ ਪਵੇਗਾ।—ਪਰਕਾਸ਼ ਦੀ ਪੋਥੀ 6:10; 11:18.
3. ਅਸੀਂ ਕਿਹੜੇ ਸਵਾਲਾਂ ਉੱਤੇ ਵਿਚਾਰ ਕਰਾਂਗੇ?
3 ਇਸ ਗੰਭੀਰ ਮਨੋ-ਦ੍ਰਿਸ਼ ਦਾ ਸਾਮ੍ਹਣਾ ਕਰਦੇ ਹੋਏ, ਸਾਡੇ ਲਈ ਇਹ ਲਾਹੇਵੰਦ ਹੈ ਕਿ ਅਸੀਂ ਯਹੋਵਾਹ ਦੇ ਆਪਣੇ ਪ੍ਰਾਣੀਆਂ ਦੇ ਨਾਲ ਅਤੀਤ ਦੇ ਸਮਿਆਂ ਵਿਚ ਧਾਰਮਿਕ ਵਰਤਾਉ ਉੱਤੇ ਵਿਚਾਰ ਕਰੀਏ। ਆਪਣੇ ਸ੍ਰਿਸ਼ਟੀਕਰਤਾ ਨੂੰ ਨਿੱਜੀ ਤੌਰ ਤੇ ਇਕ ਪ੍ਰਵਾਨਣਯੋਗ ਲੇਖਾ ਦੇਣ ਦੇ ਲਈ, ਸ਼ਾਸਤਰ ਸਾਨੂੰ ਕਿਵੇਂ ਮਦਦ ਕਰ ਸਕਦਾ ਹੈ? ਕਿਹੜੇ ਉਦਾਹਰਣ ਸ਼ਾਇਦ ਸਹਾਇਕ ਹੋਣ, ਅਤੇ ਕਿਨ੍ਹਾਂ ਦਾ ਅਨੁਕਰਣ ਕਰਨ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ?
ਦੂਤ ਜਵਾਬਦੇਹ ਹਨ
4. ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਦੂਤਾਂ ਨੂੰ ਉਨ੍ਹਾਂ ਦੇ ਕਾਰਜਾਂ ਲਈ ਜਵਾਬਦੇਹ ਠਹਿਰਾਉਂਦਾ ਹੈ?
4 ਸਵਰਗ ਵਿਚ ਯਹੋਵਾਹ ਦੇ ਦੂਤਮਈ ਪ੍ਰਾਣੀ ਵੀ ਉਸ ਦੇ ਪ੍ਰਤੀ ਉੱਨੇ ਹੀ ਜਵਾਬਦੇਹ ਹਨ ਜਿੰਨੇ ਕਿ ਅਸੀਂ ਹਾਂ। ਨੂਹ ਦੇ ਦਿਨ ਦੀ ਜਲ-ਪਰਲੋ ਤੋਂ ਅਗਾਹਾਂ, ਕੁਝ ਦੂਤਾਂ ਨੇ ਔਰਤਾਂ ਦੇ ਨਾਲ ਲਿੰਗੀ ਸੰਬੰਧ ਰੱਖਣ ਦੇ ਲਈ ਅਵੱਗਿਆਪੂਰਵਕ ਭੌਤਿਕ ਸਰੀਰ ਧਾਰਨ ਕੀਤੇ। ਆਜ਼ਾਦ ਨੈਤਿਕ ਕਾਰਜਕਰਤਾ ਵਜੋਂ, ਇਹ ਆਤਮਿਕ ਪ੍ਰਾਣੀ ਇਹ ਨਿਰਣਾ ਕਰ ਸਕਦੇ ਸਨ, ਲੇਕਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ। ਜਦੋਂ ਅਵੱਗਿਆਕਾਰ ਦੂਤ ਆਤਮਿਕ ਲੋਕ ਨੂੰ ਵਾਪਸ ਪਰਤੇ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਮੁਢਲੀ ਪਦਵੀ ਮੁੜ ਸੰਭਾਲਣ ਦੀ ਇਜਾਜ਼ਤ ਨਹੀਂ ਦਿੱਤੀ। ਚੇਲਾ ਯਹੂਦਾਹ ਸਾਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ “ਅਨ੍ਹੇਰੇ ਘੁੱਪ ਵਿੱਚ ਓਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ” ਗਿਆ ਹੈ।—ਯਹੂਦਾਹ 6.
5. ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੇ ਕਿਹੜਾ ਪਤਨ ਅਨੁਭਵ ਕੀਤਾ ਹੈ, ਅਤੇ ਉਨ੍ਹਾਂ ਦੀ ਬਗਾਵਤ ਦੇ ਲਈ ਲੇਖਾ ਕਿਵੇਂ ਚੁਕਾਇਆ ਜਾਵੇਗਾ?
5 ਇਨ੍ਹਾਂ ਅਵੱਗਿਆਕਾਰ ਦੂਤਾਂ, ਜਾਂ ਪਿਸ਼ਾਚਾਂ, ਦਾ ਸਰਦਾਰ ਸ਼ਤਾਨ ਅਰਥਾਤ ਇਬਲੀਸ ਹੈ। (ਮੱਤੀ 12:24-26) ਇਸ ਦੁਸ਼ਟ ਦੂਤ ਨੇ ਆਪਣੇ ਸ੍ਰਿਸ਼ਟੀਕਰਤਾ ਦੇ ਵਿਰੁੱਧ ਬਗਾਵਤ ਕੀਤੀ ਅਤੇ ਯਹੋਵਾਹ ਦੀ ਸਰਬਸੱਤਾ ਦੀ ਹੱਕਦਾਰੀ ਨੂੰ ਚੁਣੌਤੀ ਦਿੱਤੀ। ਸ਼ਤਾਨ ਸਾਡੇ ਪ੍ਰਥਮ ਮਾਪਿਆਂ ਨੂੰ ਪਾਪ ਵਿਚ ਲੈ ਗਿਆ, ਅਤੇ ਇਹ ਆਖ਼ਰਕਾਰ ਉਨ੍ਹਾਂ ਦੀ ਮੌਤ ਵਿਚ ਪਰਿਣਿਤ ਹੋਇਆ। (ਉਤਪਤ 3:1-7, 17-19) ਹਾਲਾਂਕਿ ਯਹੋਵਾਹ ਨੇ ਇਸ ਮਗਰੋਂ ਇਕ ਅਵਧੀ ਦੇ ਲਈ ਸ਼ਤਾਨ ਨੂੰ ਸਵਰਗੀ ਦਰਬਾਰ ਵਿਚ ਆਉਣ ਦੀ ਇਜਾਜ਼ਤ ਦਿੱਤੀ, ਬਾਈਬਲ ਦੀ ਪਰਕਾਸ਼ ਦੀ ਪੋਥੀ ਨੇ ਪੂਰਵ-ਸੂਚਿਤ ਕੀਤਾ ਕਿ ਪਰਮੇਸ਼ੁਰ ਦੇ ਨਿਯਤ ਸਮੇਂ ਤੇ, ਇਸ ਦੁਸ਼ਟ ਵਿਅਕਤੀ ਨੂੰ ਧਰਤੀ ਉੱਤੇ ਸੁੱਟਿਆ ਜਾਵੇਗਾ। ਸਬੂਤ ਸੰਕੇਤ ਕਰਦੇ ਹਨ ਕਿ ਇਹ 1914 ਵਿਚ ਯਿਸੂ ਮਸੀਹ ਨੂੰ ਰਾਜ ਸੱਤਾ ਹਾਸਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਵਾਪਰਿਆ। ਅਖ਼ੀਰ ਵਿਚ, ਇਬਲੀਸ ਅਤੇ ਉਸ ਦੇ ਪਿਸ਼ਾਚ ਸਦੀਪਕ ਵਿਨਾਸ਼ ਵਿਚ ਚਲੇ ਜਾਣਗੇ। ਸਰਬਸੱਤਾ ਦੇ ਵਾਦ-ਵਿਸ਼ੇ ਦੇ ਆਖ਼ਰਕਾਰ ਸੁਲਝਾਏ ਜਾਣ ਨਾਲ, ਬਗਾਵਤ ਦੇ ਲਈ ਲੇਖਾ ਉਦੋਂ ਉਚਿਤ ਤੌਰ ਤੇ ਚੁਕਾਇਆ ਜਾ ਚੁੱਕਾ ਹੋਵੇਗਾ।—ਅੱਯੂਬ 1:6-12; 2:1-7; ਪਰਕਾਸ਼ ਦੀ ਪੋਥੀ 12:7-9; 20:10.
ਪਰਮੇਸ਼ੁਰ ਦਾ ਪੁੱਤਰ ਜਵਾਬਦੇਹ ਹੈ
6. ਯਿਸੂ ਆਪਣੇ ਪਿਤਾ ਦੇ ਪ੍ਰਤੀ ਆਪਣੀ ਖ਼ੁਦ ਦੀ ਜਵਾਬਦੇਹੀ ਨੂੰ ਕਿਵੇਂ ਵਿਚਾਰਦਾ ਹੈ?
6 ਪਰਮੇਸ਼ੁਰ ਦੇ ਪੁੱਤਰ, ਯਿਸੂ ਮਸੀਹ ਦੇ ਦੁਆਰਾ ਕਿੰਨਾ ਹੀ ਵਧੀਆ ਉਦਾਹਰਣ ਕਾਇਮ ਕੀਤਾ ਗਿਆ ਹੈ! ਆਦਮ ਦੇ ਸਮਾਨ ਇਕ ਸੰਪੂਰਣ ਆਦਮੀ ਦੇ ਤੌਰ ਤੇ, ਯਿਸੂ ਈਸ਼ਵਰੀ ਇੱਛਾ ਪੂਰੀ ਕਰਨ ਵਿਚ ਆਨੰਦਿਤ ਸੀ। ਉਹ ਯਹੋਵਾਹ ਦੇ ਨਿਯਮ ਦੀ ਪਾਲਣਾ ਲਈ ਜਵਾਬਦੇਹ ਠਹਿਰਾਏ ਜਾਣ ਵਿਚ ਵੀ ਖ਼ੁਸ਼ ਸੀ। ਉਸ ਦੇ ਸੰਬੰਧ ਵਿਚ, ਜ਼ਬੂਰਾਂ ਦੇ ਲਿਖਾਰੀ ਨੇ ਉਚਿਤ ਹੀ ਭਵਿੱਖਬਾਣੀ ਕੀਤੀ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।”—ਜ਼ਬੂਰ 40:8; ਇਬਰਾਨੀਆਂ 10:6-9.
7. ਆਪਣੀ ਮੌਤ ਦੀ ਪੂਰਬ-ਸੰਧਿਆ ਨੂੰ ਪ੍ਰਾਰਥਨਾ ਕਰਦੇ ਸਮੇਂ, ਯਿਸੂ ਯੂਹੰਨਾ 17:4, 5 ਵਿਚ ਦਰਜ ਕੀਤੇ ਗਏ ਸ਼ਬਦਾਂ ਨੂੰ ਕਿਉਂ ਕਹਿ ਸਕਿਆ?
7 ਯਿਸੂ ਨੇ ਜੋ ਘਿਰਣਾਜਨਕ ਵਿਰੋਧ ਦਾ ਅਨੁਭਵ ਕੀਤਾ, ਉਸ ਦੇ ਬਾਵਜੂਦ ਉਸ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਤਸੀਹੇ ਦੀ ਸੂਲੀ ਉੱਤੇ ਮੌਤ ਤਕ ਖਰਿਆਈ ਕਾਇਮ ਰੱਖੀ। ਫਲਸਰੂਪ ਉਸ ਨੇ ਮਨੁੱਖਜਾਤੀ ਨੂੰ ਆਦਮ ਦੇ ਪਾਪ ਦੇ ਘਾਤਕ ਨਤੀਜਿਆਂ ਤੋਂ ਛੁਡਾਉਣ ਦੇ ਲਈ ਰਿਹਾਈ-ਕੀਮਤ ਅਦਾ ਕੀਤੀ। (ਮੱਤੀ 20:28) ਇਸ ਤਰ੍ਹਾਂ, ਆਪਣੀ ਮੌਤ ਦੀ ਪੂਰਬ-ਸੰਧਿਆ ਨੂੰ, ਯਿਸੂ ਵਿਸ਼ਵਾਸਪੂਰਵਕ ਪ੍ਰਾਰਥਨਾ ਕਰ ਸਕਿਆ: “ਜਿਹੜਾ ਕੰਮ ਤੈਂ ਮੈਨੂੰ ਕਰਨ ਲਈ ਦਿੱਤਾ ਸੀ ਉਹ ਪੂਰਾ ਕਰ ਕੇ ਮੈਂ ਧਰਤੀ ਉੱਤੇ ਤੇਰੀ ਵਡਿਆਈ ਕੀਤੀ। ਹੁਣ ਹੇ ਪਿਤਾ ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪਰਗਟ ਕਰ।” (ਯੂਹੰਨਾ 17:4, 5) ਯਿਸੂ ਆਪਣੇ ਸਵਰਗੀ ਪਿਤਾ ਨੂੰ ਇਹ ਸ਼ਬਦ ਕਹਿ ਸਕਿਆ ਕਿਉਂਕਿ ਉਹ ਜਵਾਬਦੇਹੀ ਦੀ ਪਰੀਖਿਆ ਦਾ ਸਫ਼ਲਤਾਪੂਰਵਕ ਸਾਮ੍ਹਣਾ ਕਰ ਰਿਹਾ ਸੀ ਅਤੇ ਪਰਮੇਸ਼ੁਰ ਨੂੰ ਪ੍ਰਵਾਨਣਯੋਗ ਸੀ।
8. (ੳ) ਪੌਲੁਸ ਨੇ ਕਿਵੇਂ ਦਿਖਾਇਆ ਕਿ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਲੇਖਾ ਦੇਣਾ ਹੈ? (ਅ) ਕਿਹੜੀ ਗੱਲ ਪਰਮੇਸ਼ੁਰ ਦੇ ਨਾਲ ਪ੍ਰਵਾਨਤਾ ਹਾਸਲ ਕਰਨ ਦੇ ਲਈ ਸਾਡੀ ਮਦਦ ਕਰੇਗੀ?
8 ਸੰਪੂਰਣ ਆਦਮੀ ਯਿਸੂ ਮਸੀਹ ਤੋਂ ਭਿੰਨ, ਅਸੀਂ ਅਪੂਰਣ ਹਾਂ। ਫਿਰ ਵੀ, ਅਸੀਂ ਪਰਮੇਸ਼ੁਰ ਦੇ ਪ੍ਰਤੀ ਜਵਾਬਦੇਹ ਹਾਂ। ਰਸੂਲ ਪੌਲੁਸ ਨੇ ਕਿਹਾ: “ਤੂੰ ਆਪਣੇ ਭਰਾ ਉੱਤੇ ਕਾਹਨੂੰ ਦੋਸ਼ ਲਾਉਂਦਾ ਹੈਂ ਅਥਵਾ ਫੇਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਕਿਉਂ ਜੋ ਅਸੀਂ ਸੱਭੇ ਪਰਮੇਸ਼ੁਰ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਖੜੇ ਹੋਵਾਂਗੇ। ਕਿਉਂ ਜੋ ਇਹ ਲਿਖਿਆ ਹੋਇਆ ਹੈ,—ਪ੍ਰਭੁ ਆਖਦਾ ਹੈ, ਆਪਣੀ ਜਿੰਦ ਦੀ ਸੌਂਹ, ਹਰ ਇੱਕ ਗੋਡਾ ਮੇਰੇ ਅੱਗੇ ਨਿਵੇਗਾ, ਅਤੇ ਹਰ ਇੱਕ ਜੀਭ ਪਰਮੇਸ਼ੁਰ ਦੇ ਅੱਗੇ ਇਕਰਾਰ ਕਰੇਗੀ। ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:10-12) ਤਾਂ ਜੋ ਅਸੀਂ ਇੰਜ ਕਰ ਸਕੀਏ ਅਤੇ ਯਹੋਵਾਹ ਦੇ ਨਾਲ ਪ੍ਰਵਾਨਤਾ ਹਾਸਲ ਕਰੀਏ, ਉਸ ਨੇ ਸਾਨੂੰ ਉਸ ਵਿਚ ਮਾਰਗ-ਦਰਸ਼ਿਤ ਕਰਨ ਦੇ ਲਈ ਜੋ ਅਸੀਂ ਕਹਿੰਦੇ ਅਤੇ ਕਰਦੇ ਹਾਂ, ਪ੍ਰੇਮਮਈ ਤਰੀਕੇ ਨਾਲ ਸਾਨੂੰ ਇਕ ਅੰਤਹਕਰਣ ਅਤੇ ਆਪਣਾ ਪ੍ਰੇਰਿਤ ਬਚਨ, ਬਾਈਬਲ, ਦੋਵੇਂ ਦਿੱਤੇ ਹਨ। (ਰੋਮੀਆਂ 2:14, 15; 2 ਤਿਮੋਥਿਉਸ 3:16, 17) ਯਹੋਵਾਹ ਦੇ ਅਧਿਆਤਮਿਕ ਪ੍ਰਬੰਧਾਂ ਦਾ ਪੂਰਾ ਲਾਭ ਉਠਾਉਣਾ ਅਤੇ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਦੀ ਪੈਰਵੀ ਕਰਨਾ ਸਾਨੂੰ ਪਰਮੇਸ਼ੁਰ ਦੇ ਨਾਲ ਪ੍ਰਵਾਨਤਾ ਹਾਸਲ ਕਰਨ ਵਿਚ ਮਦਦ ਕਰੇਗਾ। (ਮੱਤੀ 24:45-47) ਯਹੋਵਾਹ ਦੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ, ਬਲ ਅਤੇ ਮਾਰਗ-ਦਰਸ਼ਨ ਦਾ ਇਕ ਅਤਿਰਿਕਤ ਸ੍ਰੋਤ ਹੈ। ਜੇਕਰ ਅਸੀਂ ਆਤਮਾ ਦੇ ਨਿਰਦੇਸ਼ਨ ਅਤੇ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਦੀ ਰਹਿਨੁਮਾਈ ਅਨੁਸਾਰ ਕੰਮ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ‘ਪਰਮੇਸ਼ੁਰ ਨੂੰ ਰੱਦਦੇ’ ਨਹੀਂ, ਜਿਸ ਨੂੰ ਅਸੀਂ ਆਪਣੇ ਸਭ ਕੰਮਾਂ ਲਈ ਲੇਖਾ ਦੇਣਾ ਹੈ।—1 ਥੱਸਲੁਨੀਕੀਆਂ 4:3-8; 1 ਪਤਰਸ 3:16, 21.
ਕੌਮਾਂ ਦੇ ਤੌਰ ਤੇ ਜਵਾਬਦੇਹ
9. ਅਦੋਮੀ ਕੌਣ ਸਨ, ਅਤੇ ਇਸਰਾਏਲ ਦੇ ਨਾਲ ਉਨ੍ਹਾਂ ਦੇ ਵਰਤਾਉ ਦੇ ਕਾਰਨ ਉਨ੍ਹਾਂ ਨਾਲ ਕੀ ਵਾਪਰਿਆ?
9 ਯਹੋਵਾਹ ਕੌਮਾਂ ਤੋਂ ਲੇਖਾ ਲੈਂਦਾ ਹੈ। (ਯਿਰਮਿਯਾਹ 25:12-14; ਸਫ਼ਨਯਾਹ 3:6, 7) ਅਦੋਮ ਦੇ ਪ੍ਰਾਚੀਨ ਰਾਜ ਬਾਰੇ ਵਿਚਾਰ ਕਰੋ, ਜੋ ਮ੍ਰਿਤ ਸਾਗਰ ਦੇ ਦੱਖਣ ਵਿਚ ਅਤੇ ਆਕਾਬਾ ਦੀ ਖਾੜੀ ਦੇ ਉੱਤਰ ਵਿਚ ਸਥਿਤ ਸੀ। ਅਦੋਮੀ ਸਾਮੀ ਲੋਕ ਸਨ, ਜੋ ਇਸਰਾਏਲੀਆਂ ਦੇ ਨਜ਼ਦੀਕੀ ਰਿਸ਼ਤੇਦਾਰ ਸਨ। ਹਾਲਾਂਕਿ ਅਦੋਮੀਆਂ ਦਾ ਪੂਰਵਜ ਅਬਰਾਹਾਮ ਦਾ ਪੋਤਾ ਏਸਾਓ ਸੀ, ਇਸਰਾਏਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਨੂੰ ਜਾਂਦੇ ਸਮੇਂ ਅਦੋਮ ਵਿੱਚੋਂ “ਪਾਤਸ਼ਾਹੀ ਸੜਕੇ ਸੜਕ” ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। (ਗਿਣਤੀ 20:14-21) ਸਦੀਆਂ ਦੇ ਦੌਰਾਨ, ਅਦੋਮ ਦਾ ਵੈਰ-ਭਾਵ ਵੱਧ ਕੇ ਇਸਰਾਏਲ ਦੇ ਲਈ ਇਕ ਸਖ਼ਤ ਨਫ਼ਰਤ ਬਣ ਗਿਆ। ਅੰਤ ਵਿਚ, ਅਦੋਮੀਆਂ ਨੂੰ ਯਰੂਸ਼ਲਮ ਨੂੰ 607 ਸਾ.ਯੁ.ਪੂ. ਵਿਚ ਨਾਸ਼ ਕਰਨ ਦੇ ਲਈ ਬਾਬਲੀਆਂ ਨੂੰ ਉਕਸਾਉਣ ਦੇ ਲਈ ਲੇਖਾ ਦੇਣਾ ਪਿਆ। (ਜ਼ਬੂਰ 137:7) ਛੇਵੀਂ ਸਦੀ ਸਾ.ਯੁ.ਪੂ. ਵਿਚ, ਰਾਜਾ ਨਿਬੌਨਿਡਸ ਦੇ ਅਧੀਨ ਬਾਬਲੀ ਫ਼ੌਜਾਂ ਨੇ ਅਦੋਮ ਉੱਤੇ ਜਿੱਤ ਹਾਸਲ ਕੀਤੀ, ਅਤੇ ਇਹ ਵਿਰਾਨ ਹੋ ਗਿਆ, ਜਿਵੇਂ ਯਹੋਵਾਹ ਨੇ ਠਾਣਿਆ ਸੀ।—ਯਿਰਮਿਯਾਹ 49:20; ਓਬਦਯਾਹ 9-11.
10. ਮੋਆਬੀਆਂ ਨੇ ਇਸਰਾਏਲੀਆਂ ਦੇ ਪ੍ਰਤੀ ਕਿਵੇਂ ਵਰਤਾਉ ਕੀਤਾ, ਅਤੇ ਪਰਮੇਸ਼ੁਰ ਨੇ ਕਿਵੇਂ ਮੋਆਬ ਦਾ ਲੇਖਾ ਲਿਆ?
10 ਮੋਆਬ ਦਾ ਵੀ ਇਹੋ ਹੀ ਨਤੀਜਾ ਹੋਇਆ। ਮੋਆਬੀ ਰਾਜ ਅਦੋਮ ਦੇ ਉੱਤਰ ਵਿਚ ਅਤੇ ਮ੍ਰਿਤ ਸਾਗਰ ਦੇ ਪੂਰਬ ਵਿਚ ਸੀ। ਇਸਰਾਏਲੀਆਂ ਵੱਲੋਂ ਵਾਅਦਾ ਕੀਤੇ ਹੋਏ ਦੇਸ਼ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਮੋਆਬੀਆਂ ਨੇ ਉਨ੍ਹਾਂ ਦੇ ਪ੍ਰਤੀ ਪਰਾਹੁਣਚਾਰੀ ਨਹੀਂ ਦਿਖਾਈ, ਅਤੇ ਸਪੱਸ਼ਟ ਤੌਰ ਤੇ ਉਨ੍ਹਾਂ ਨੇ ਕੇਵਲ ਮਾਲੀ ਲਾਭ ਲਈ ਹੀ ਉਨ੍ਹਾਂ ਨੂੰ ਰੋਟੀ ਤੇ ਪਾਣੀ ਮੁਹੱਈਆ ਕੀਤਾ ਸੀ। (ਬਿਵਸਥਾ ਸਾਰ 23:3, 4) ਮੋਆਬ ਦੇ ਰਾਜਾ ਬਾਲਾਕ ਨੇ ਇਸਰਾਏਲ ਨੂੰ ਸਰਾਪਣ ਲਈ ਨਬੀ ਬਿਲਆਮ ਨੂੰ ਭਾੜੇ ਤੇ ਲਿਆ, ਅਤੇ ਮੋਆਬੀ ਔਰਤਾਂ ਨੂੰ, ਇਸਰਾਏਲੀ ਆਦਮੀਆਂ ਨਾਲ ਅਨੈਤਿਕਤਾ ਅਤੇ ਮੂਰਤੀ-ਪੂਜਾ ਵਿਚ ਲੁਭਾਉਣ ਲਈ, ਇਸਤੇਮਾਲ ਕੀਤਾ ਗਿਆ। (ਗਿਣਤੀ 22:2-8; 25:1-9) ਪਰੰਤੂ, ਯਹੋਵਾਹ ਨੇ ਇਸਰਾਏਲ ਦੇ ਪ੍ਰਤੀ ਮੋਆਬ ਦੀ ਨਫ਼ਰਤ ਨੂੰ ਅਣਗੌਲਿਆ ਨਹੀਂ ਕੀਤਾ। ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ, ਮੋਆਬ ਨੂੰ ਬਾਬਲੀਆਂ ਦੇ ਹੱਥੋਂ ਤਬਾਹ ਕੀਤਾ ਗਿਆ। (ਯਿਰਮਿਯਾਹ 9:25, 26; ਸਫ਼ਨਯਾਹ 2:8-11) ਜੀ ਹਾਂ, ਪਰਮੇਸ਼ੁਰ ਨੇ ਮੋਆਬ ਦਾ ਲੇਖਾ ਲਿਆ।
11. ਮੋਆਬ ਅਤੇ ਅੰਮੋਨ ਕਿਹੜੇ ਸ਼ਹਿਰਾਂ ਵਾਂਗ ਬਣ ਗਏ, ਅਤੇ ਬਾਈਬਲ ਭਵਿੱਖਬਾਣੀਆਂ ਵਰਤਮਾਨ ਦੁਸ਼ਟ ਰੀਤੀ-ਵਿਵਸਥਾ ਦੇ ਸੰਬੰਧ ਵਿਚ ਕੀ ਸੰਕੇਤ ਕਰਦੀਆਂ ਹਨ?
11 ਕੇਵਲ ਮੋਆਬ ਹੀ ਨਹੀਂ, ਬਲਕਿ ਅੰਮੋਨ ਨੂੰ ਵੀ ਪਰਮੇਸ਼ੁਰ ਨੂੰ ਲੇਖਾ ਦੇਣਾ ਪਿਆ ਸੀ। ਯਹੋਵਾਹ ਨੇ ਪੂਰਵ-ਸੂਚਿਤ ਕੀਤਾ ਸੀ: “ਮੋਆਬ ਜ਼ਰੂਰ ਸਦੋਮ ਵਾਂਙੁ ਹੋ ਜਾਵੇਗਾ, ਅਤੇ ਅੰਮੋਨੀ ਅਮੂਰਾਹ ਵਾਂਙੁ, ਬਿੱਛੂ ਬੂਟੀਆਂ ਅਤੇ ਲੂਣ ਦੇ ਟੋਇਆਂ ਦੀ ਰਾਸ, ਸਦਾ ਦੀ ਵਿਰਾਨੀ।” (ਸਫ਼ਨਯਾਹ 2:9) ਮੋਆਬ ਅਤੇ ਅੰਮੋਨ ਦੇ ਦੇਸ਼ ਤਬਾਹ ਕੀਤੇ ਗਏ, ਠੀਕ ਜਿਵੇਂ ਪਰਮੇਸ਼ੁਰ ਨੇ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਨਾਸ਼ ਕੀਤਾ ਸੀ। ਲੰਡਨ ਦੀ ਭੂ-ਵਿਗਿਆਨਕ ਸੰਸਥਾ ਦੇ ਅਨੁਸਾਰ, ਖੋਜਕਾਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਮ੍ਰਿਤ ਸਾਗਰ ਦੇ ਪੂਰਬੀ ਕੰਢੇ ਉੱਤੇ ਮਲੀਆਮੇਟ ਸਦੂਮ ਅਤੇ ਅਮੂਰਾਹ ਦੀਆਂ ਠੀਕ ਥਾਵਾਂ ਦਾ ਪਤਾ ਲਗਾ ਲਿਆ ਹੈ। ਇਸ ਸੰਬੰਧ ਵਿਚ ਅਜੇ ਜੋ ਵੀ ਭਰੋਸੇਯੋਗ ਸਬੂਤ ਲੱਭਣਗੇ, ਉਹ ਉਨ੍ਹਾਂ ਬਾਈਬਲ ਭਵਿੱਖਬਾਣੀਆਂ ਦੀ ਕੇਵਲ ਪੁਸ਼ਟੀ ਹੀ ਕਰ ਸਕਦੇ ਹਨ, ਜੋ ਸੰਕੇਤ ਕਰਦੀਆਂ ਹਨ ਕਿ ਯਹੋਵਾਹ ਪਰਮੇਸ਼ੁਰ ਵਰਤਮਾਨ ਦੁਸ਼ਟ ਰੀਤੀ-ਵਿਵਸਥਾ ਦਾ ਵੀ ਲੇਖਾ ਲਵੇਗਾ।—2 ਪਤਰਸ 3:6-12.
12. ਹਾਲਾਂਕਿ ਇਸਰਾਏਲ ਨੂੰ ਆਪਣੇ ਪਾਪਾਂ ਦੇ ਲਈ ਪਰਮੇਸ਼ੁਰ ਨੂੰ ਲੇਖਾ ਦੇਣਾ ਪਿਆ, ਇਕ ਯਹੂਦੀ ਬਕੀਏ ਦੇ ਸੰਬੰਧ ਵਿਚ ਕੀ ਪੂਰਵ-ਸੂਚਿਤ ਕੀਤਾ ਗਿਆ ਸੀ?
12 ਭਾਵੇਂ ਕਿ ਇਸਰਾਏਲ ਨੂੰ ਯਹੋਵਾਹ ਵੱਲੋਂ ਵੱਡੀ ਕਿਰਪਾ ਹਾਸਲ ਹੋਈ ਸੀ, ਉਸ ਨੂੰ ਵੀ ਆਪਣੇ ਪਾਪਾਂ ਲਈ ਪਰਮੇਸ਼ੁਰ ਨੂੰ ਲੇਖਾ ਦੇਣਾ ਪਿਆ। ਜਦੋਂ ਯਿਸੂ ਮਸੀਹ ਇਸਰਾਏਲ ਦੀ ਕੌਮ ਵਿਚ ਆਇਆ, ਤਾਂ ਅਧਿਕਤਰ ਲੋਕਾਂ ਨੇ ਉਸ ਨੂੰ ਠੁਕਰਾ ਦਿੱਤਾ। ਕੇਵਲ ਇਕ ਬਕੀਏ ਨੇ ਹੀ ਨਿਹਚਾ ਕੀਤੀ ਅਤੇ ਉਸ ਦੇ ਅਨੁਯਾਈ ਬਣੇ। ਪੌਲੁਸ ਨੇ ਖ਼ਾਸ ਭਵਿੱਖਬਾਣੀਆਂ ਨੂੰ ਇਸ ਯਹੂਦੀ ਬਕੀਏ ਉੱਤੇ ਲਾਗੂ ਕੀਤਾ ਜਦੋਂ ਉਸ ਨੇ ਲਿਖਿਆ: “ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰਦਾ ਹੈ ਭਈ ਇਸਰਾਏਲ ਦਾ ਵੰਸ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਬਕੀਆ ਹੀ ਬਚਾਇਆ ਜਾਵੇਗਾ। ਕਿਉਂ ਜੋ ਪ੍ਰਭੁ ਆਪਣੇ ਬਚਨ ਨੂੰ ਤਮਾਮ ਅਤੇ ਛੇਤੀ ਕਰ ਕੇ ਧਰਤੀ ਉੱਤੇ ਪੂਰਾ ਕਰੇਗਾ। ਜਿਵੇਂ ਯਸਾਯਾਹ ਨੇ ਅੱਗੇ ਭੀ ਕਿਹਾ ਹੈ—ਜੇ ਸੈਨਾਂ ਦੇ ਪ੍ਰਭੁ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਵਰਗੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ।” (ਰੋਮੀਆਂ 9:27-29; ਯਸਾਯਾਹ 1:9; 10:22, 23) ਰਸੂਲ ਨੇ ਏਲੀਯਾਹ ਦੇ ਸਮੇਂ ਦੇ 7,000 ਦੀ ਮਿਸਾਲ ਦਿੱਤੀ ਜਿਨ੍ਹਾਂ ਨੇ ਬਆਲ ਅੱਗੇ ਮੱਥਾ ਨਹੀਂ ਟੇਕਿਆ ਸੀ, ਅਤੇ ਫਿਰ ਉਸ ਨੇ ਕਿਹਾ: “ਇਸੇ ਤਰਾਂ ਹੁਣ ਭੀ ਕਿਰਪਾ ਦੀ ਚੋਣ ਅਨੁਸਾਰ ਇੱਕ ਬਕੀਆ ਹੈ।” (ਰੋਮੀਆਂ 11:5) ਉਹ ਬਕੀਆ ਉਨ੍ਹਾਂ ਵਿਅਕਤੀਆਂ ਦਾ ਬਣਿਆ ਹੋਇਆ ਸੀ ਜੋ ਵਿਅਕਤੀਗਤ ਤੌਰ ਤੇ ਪਰਮੇਸ਼ੁਰ ਦੇ ਪ੍ਰਤੀ ਜਵਾਬਦੇਹ ਸਨ।
ਵਿਅਕਤੀਗਤ ਜਵਾਬਦੇਹੀ ਦੇ ਉਦਾਹਰਣ
13. ਕਇਨ ਨਾਲ ਕੀ ਹੋਇਆ ਜਦੋਂ ਪਰਮੇਸ਼ੁਰ ਨੇ ਉਸ ਤੋਂ ਆਪਣੇ ਭਰਾ ਹਾਬਲ ਦੇ ਕਤਲ ਕਰਨ ਦਾ ਲੇਖਾ ਲਿਆ?
13 ਬਾਈਬਲ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਵਿਅਕਤੀਗਤ ਜਵਾਬਦੇਹੀ ਦੇ ਅਨੇਕ ਮਾਮਲਿਆਂ ਦਾ ਹਵਾਲਾ ਦਿੰਦੀ ਹੈ। ਆਦਮ ਦੇ ਜੇਠੇ ਪੁੱਤਰ, ਕਇਨ ਨੂੰ ਇਕ ਮਿਸਾਲ ਦੇ ਤੌਰ ਤੇ ਲਵੋ। ਉਸ ਨੇ ਅਤੇ ਉਸ ਦੇ ਭਰਾ ਹਾਬਲ ਦੋਹਾਂ ਨੇ ਯਹੋਵਾਹ ਲਈ ਬਲੀ ਚੜ੍ਹਾਈ। ਹਾਬਲ ਦੀ ਬਲੀ ਪਰਮੇਸ਼ੁਰ ਨੂੰ ਪ੍ਰਵਾਨਣਯੋਗ ਸੀ, ਪਰੰਤੂ ਕਇਨ ਦੀ ਨਹੀਂ। ਜਦੋਂ ਆਪਣੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਲਈ ਉਸ ਦਾ ਲੇਖਾ ਲਿਆ ਗਿਆ, ਤਾਂ ਕਇਨ ਨੇ ਬੇਦਰਦੀ ਨਾਲ ਪਰਮੇਸ਼ੁਰ ਨੂੰ ਆਖਿਆ: “ਭਲਾ, ਮੈਂ ਆਪਣੇ ਭਰਾ ਦਾ ਰਾਖਾ ਹਾਂ?” ਉਸ ਦੇ ਪਾਪ ਲਈ, ਕਇਨ ਨੂੰ “ਅਦਨ ਦੇ ਚੜ੍ਹਦੇ ਪਾਸੇ ਨੋਦ ਦੇਸ” ਨੂੰ ਦੇਸ਼-ਨਿਕਾਲਾ ਦਿੱਤਾ ਗਿਆ। ਉਸ ਨੇ ਆਪਣੇ ਅਪਰਾਧ ਦੇ ਲਈ ਕੋਈ ਸੁਹਿਰਦ ਪਸ਼ਚਾਤਾਪ ਨਹੀਂ ਦਿਖਾਇਆ, ਕੇਵਲ ਆਪਣੇ ਵਾਜਬ ਸਜ਼ਾ ਉੱਤੇ ਹੀ ਪਛਤਾਵਾ ਕੀਤਾ।—ਉਤਪਤ 4:3-16.
14. ਪ੍ਰਧਾਨ ਜਾਜਕ ਏਲੀ ਅਤੇ ਉਸ ਦੇ ਪੁੱਤਰਾਂ ਦੇ ਮਾਮਲੇ ਵਿਚ ਪਰਮੇਸ਼ੁਰ ਦੇ ਪ੍ਰਤੀ ਵਿਅਕਤੀਗਤ ਜਵਾਬਦੇਹੀ ਕਿਵੇਂ ਦਰਸਾਈ ਗਈ?
14 ਇਸਰਾਏਲ ਦੇ ਪ੍ਰਧਾਨ ਜਾਜਕ ਏਲੀ ਦੇ ਮਾਮਲੇ ਵਿਚ ਵੀ ਪਰਮੇਸ਼ੁਰ ਦੇ ਪ੍ਰਤੀ ਇਕ ਜਣੇ ਦੀ ਵਿਅਕਤੀਗਤ ਜਵਾਬਦੇਹੀ ਦਰਸਾਈ ਜਾਂਦੀ ਹੈ। ਉਸ ਦੇ ਪੁੱਤਰ, ਹਾਫ਼ਨੀ ਅਤੇ ਫ਼ੀਨਹਾਸ, ਕਾਇਮਮੁਕਾਮ ਜਾਜਕਾਂ ਵਜੋਂ ਸੇਵਾ ਕਰਦੇ ਸਨ, ਪਰੰਤੂ ਉਹ “ਮਨੁੱਖਾਂ ਦੇ ਪ੍ਰਤੀ ਅਨਿਆਂ, ਅਤੇ ਪਰਮੇਸ਼ੁਰ ਦੇ ਪ੍ਰਤੀ ਅਪਵਿੱਤਰਤਾ ਦੇ ਦੋਸ਼ੀ ਸਨ, ਅਤੇ ਕਿਸੇ ਵੀ ਪ੍ਰਕਾਰ ਦੀ ਦੁਸ਼ਟਤਾ ਤੋਂ ਪਰਹੇਜ਼ ਨਹੀਂ ਕਰਦੇ ਸਨ,” ਇਤਿਹਾਸਕਾਰ ਜੋਸੀਫ਼ਸ ਕਹਿੰਦਾ ਹੈ। ਇਨ੍ਹਾਂ ‘ਸ਼ਤਾਨੀ ਪੁੱਤ੍ਰਾਂ’ ਨੇ ਯਹੋਵਾਹ ਨੂੰ ਪ੍ਰਵਾਨ ਨਹੀਂ ਕੀਤਾ, ਅਪਮਾਨਜਨਕ ਆਚਰਣ ਵਿਚ ਹਿੱਸਾ ਲਿਆ, ਅਤੇ ਘੋਰ ਅਨੈਤਿਕਤਾ ਦੇ ਦੋਸ਼ੀ ਸਨ। (1 ਸਮੂਏਲ 1:3; 2:12-17, 22-25) ਉਨ੍ਹਾਂ ਦਾ ਪਿਤਾ ਅਤੇ ਇਸਰਾਏਲ ਦਾ ਪ੍ਰਧਾਨ ਜਾਜਕ ਹੋਣ ਦੇ ਨਾਤੇ, ਏਲੀ ਦਾ ਉਨ੍ਹਾਂ ਨੂੰ ਅਨੁਸ਼ਾਸਿਤ ਕਰਨ ਦਾ ਫ਼ਰਜ਼ ਬਣਦਾ ਸੀ, ਲੇਕਨ ਉਸ ਨੇ ਉਨ੍ਹਾਂ ਨੂੰ ਕੇਵਲ ਪੋਲੇ ਜਿਹਾ ਹੀ ਝਿੜਕਿਆ। ਏਲੀ ‘ਆਪਣੇ ਪੁੱਤ੍ਰਾਂ ਦਾ ਯਹੋਵਾਹ ਨਾਲੋਂ ਵਧੀਕ ਆਦਰ ਕਰਦਾ’ ਰਿਹਾ। (1 ਸਮੂਏਲ 2:29) ਏਲੀ ਦੇ ਘਰਾਣੇ ਨੂੰ ਸਜ਼ਾ ਭੁਗਤਣੀ ਪਈ। ਦੋਵੇਂ ਪੁੱਤਰ ਅਤੇ ਪਿਤਾ ਇੱਕੋ ਹੀ ਦਿਨ ਤੇ ਮਰੇ, ਅਤੇ ਉਨ੍ਹਾਂ ਦੀ ਜਾਜਕੀ ਵੰਸ਼ਾਵਲੀ ਆਖ਼ਰਕਾਰ ਪੂਰੀ ਤਰ੍ਹਾਂ ਖ਼ਤਮ ਹੋ ਗਈ। ਇਸ ਤਰ੍ਹਾਂ ਲੇਖਾ ਚੁਕਾਇਆ ਗਿਆ।—1 ਸਮੂਏਲ 3:13, 14; 4:11, 17, 18.
15. ਰਾਜਾ ਸ਼ਾਊਲ ਦੇ ਪੁੱਤਰ ਯੋਨਾਥਾਨ ਨੂੰ ਕਿਉਂ ਪ੍ਰਤਿਫਲ ਦਿੱਤਾ ਗਿਆ?
15 ਰਾਜਾ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਇਕ ਬਿਲਕੁਲ ਹੀ ਵੱਖਰੀ ਮਿਸਾਲ ਕਾਇਮ ਕੀਤੀ। ਦਾਊਦ ਵੱਲੋਂ ਗੋਲਿਅਥ ਨੂੰ ਮਾਰਨ ਦੇ ਥੋੜ੍ਹੇ ਸਮੇਂ ਬਾਅਦ, “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ,” ਅਤੇ ਉਨ੍ਹਾਂ ਨੇ ਆਪੋ ਵਿੱਚ ਮਿੱਤਰਤਾ ਦਾ ਨੇਮ ਬੰਨ੍ਹਿਆ। (1 ਸਮੂਏਲ 18:1, 3) ਸੰਭਵ ਹੈ ਕਿ ਯੋਨਾਥਾਨ ਨੇ ਭਾਂਪ ਲਿਆ ਸੀ ਕਿ ਪਰਮੇਸ਼ੁਰ ਦੀ ਆਤਮਾ ਸ਼ਾਊਲ ਤੋਂ ਹੱਟ ਚੁੱਕੀ ਸੀ, ਪਰੰਤੂ ਸੱਚੀ ਉਪਾਸਨਾ ਦੇ ਲਈ ਉਸ ਦਾ ਆਪਣਾ ਜੋਸ਼ ਨਹੀਂ ਘਟਿਆ। (1 ਸਮੂਏਲ 16:14) ਦਾਊਦ ਦੇ ਪਰਮੇਸ਼ੁਰ-ਦਿੱਤ ਅਧਿਕਾਰ ਦੇ ਲਈ ਯੋਨਾਥਾਨ ਦੀ ਕਦਰ ਕਦੇ ਵੀ ਡਗਮਗਾਈ ਨਹੀਂ। ਯੋਨਾਥਾਨ ਨੇ ਪਰਮੇਸ਼ੁਰ ਦੇ ਪ੍ਰਤੀ ਆਪਣੀ ਜਵਾਬਦੇਹੀ ਨੂੰ ਪਛਾਣਿਆ, ਅਤੇ ਯਹੋਵਾਹ ਨੇ ਇਹ ਨਿਸ਼ਚਿਤ ਕਰਨ ਦੇ ਦੁਆਰਾ ਕਿ ਉਸ ਦੀ ਵੰਸ਼ਾਵਲੀ ਪੀੜ੍ਹੀਆਂ ਤਕ ਜਾਰੀ ਰਹੇ, ਉਸ ਨੂੰ ਉਸ ਦੇ ਆਦਰਯੋਗ ਜੀਵਨ-ਵਿਧੀ ਲਈ ਪ੍ਰਤਿਫਲ ਦਿੱਤਾ।—1 ਇਤਹਾਸ 8:33-40.
ਮਸੀਹੀ ਕਲੀਸਿਯਾ ਵਿਚ ਜਵਾਬਦੇਹੀ
16. ਤੀਤੁਸ ਕੌਣ ਸੀ, ਅਤੇ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਉਸ ਨੇ ਪਰਮੇਸ਼ੁਰ ਨੂੰ ਆਪਣਾ ਇਕ ਚੰਗਾ ਲੇਖਾ ਦਿੱਤਾ?
16 ਮਸੀਹੀ ਯੂਨਾਨੀ ਸ਼ਾਸਤਰ ਅਨੇਕ ਆਦਮੀ ਅਤੇ ਔਰਤਾਂ ਦੀ ਪ੍ਰਸ਼ੰਸਾ ਕਰਦਾ ਹੈ ਜਿਨ੍ਹਾਂ ਨੇ ਆਪੋ ਆਪਣਾ ਇਕ ਚੰਗਾ ਲੇਖਾ ਦਿੱਤਾ। ਮਿਸਾਲ ਵਜੋਂ, ਤੀਤੁਸ ਨਾਮਕ ਯੂਨਾਨੀ ਮਸੀਹੀ ਸੀ। ਇਹ ਕਿਹਾ ਗਿਆ ਹੈ ਕਿ ਉਹ ਪੌਲੁਸ ਦੀ ਕੁਪਰੁਸ ਨੂੰ ਪਹਿਲੀ ਮਿਸ਼ਨਰੀ ਯਾਤਰਾ ਦੇ ਦੌਰਾਨ ਇਕ ਮਸੀਹੀ ਬਣਿਆ ਸੀ। ਕਿਉਂ ਜੋ 33 ਸਾ.ਯੁ. ਦੇ ਪੰਤੇਕੁਸਤ ਦੌਰਾਨ ਸ਼ਾਇਦ ਕੁਪਰੁਸ ਤੋਂ ਆਏ ਯਹੂਦੀ ਅਤੇ ਨਵ-ਧਰਮੀ ਵੀ ਯਰੂਸ਼ਲਮ ਵਿਚ ਮੌਜੂਦ ਸਨ, ਮਸੀਹੀਅਤ ਸ਼ਾਇਦ ਇਸ ਦੇ ਕੁਝ ਸਮੇਂ ਮਗਰੋਂ ਹੀ ਉਸ ਟਾਪੂ ਤਕ ਪਹੁੰਚ ਗਈ ਹੋਵੇ। (ਰਸੂਲਾਂ ਦੇ ਕਰਤੱਬ 11:19) ਫਿਰ ਵੀ, ਤੀਤੁਸ ਪੌਲੁਸ ਦੇ ਵਫ਼ਾਦਾਰ ਸੰਗੀ ਕਾਮਿਆਂ ਵਿੱਚੋਂ ਇਕ ਸਾਬਤ ਹੋਇਆ। ਉਹ ਲਗਭਗ 49 ਸਾ.ਯੁ. ਵਿਚ ਪੌਲੁਸ ਅਤੇ ਬਰਨਬਾਸ ਦੇ ਨਾਲ ਯਰੂਸ਼ਲਮ ਦੀ ਯਾਤਰਾ ਤੇ ਗਿਆ, ਜਦੋਂ ਸੁੰਨਤ ਦਾ ਅਤਿ-ਮਹੱਤਵਪੂਰਣ ਵਾਦ-ਵਿਸ਼ਾ ਸੁਲਝਾਇਆ ਗਿਆ ਸੀ। ਇਹ ਤੱਥ ਕਿ ਤੀਤੁਸ ਬੇਸੁੰਨਤ ਸੀ, ਨੇ ਪੌਲੁਸ ਦੇ ਤਰਕ ਨੂੰ ਬਲ ਦਿੱਤਾ ਕਿ ਮਸੀਹੀਅਤ ਵਿਚ ਨਵ-ਧਰਮੀਆਂ ਨੂੰ ਮੂਸਾ ਦੀ ਬਿਵਸਥਾ ਅਧੀਨ ਨਹੀਂ ਹੋਣਾ ਚਾਹੀਦਾ ਹੈ। (ਗਲਾਤੀਆਂ 2:1-3) ਤੀਤੁਸ ਦੀ ਉੱਤਮ ਸੇਵਕਾਈ ਦਾ ਪ੍ਰਮਾਣ ਸ਼ਾਸਤਰ ਵਿਚ ਮਿਲਦਾ ਹੈ, ਅਤੇ ਪੌਲੁਸ ਨੇ ਉਸ ਦੇ ਨਾਂ ਇਕ ਈਸ਼ਵਰੀ ਰੂਪ ਵਿਚ ਪ੍ਰੇਰਿਤ ਪੱਤਰੀ ਵੀ ਲਿਖੀ। (2 ਕੁਰਿੰਥੀਆਂ 7:6; ਤੀਤੁਸ 1:1-4) ਸਪੱਸ਼ਟ ਤੌਰ ਤੇ, ਤੀਤੁਸ ਆਪਣੇ ਪਾਰਥਿਵ ਜੀਵਨ ਦੇ ਅੰਤ ਤਕ ਪਰਮੇਸ਼ੁਰ ਨੂੰ ਆਪਣਾ ਇਕ ਵਧੀਆ ਲੇਖਾ ਦਿੰਦਾ ਰਿਹਾ।
17. ਤਿਮੋਥਿਉਸ ਨੇ ਕਿਸ ਤਰ੍ਹਾਂ ਦਾ ਲੇਖਾ ਦਿੱਤਾ, ਅਤੇ ਇਹ ਮਿਸਾਲ ਸਾਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ?
17 ਤਿਮੋਥਿਉਸ ਇਕ ਹੋਰ ਸਰਗਰਮ ਵਿਅਕਤੀ ਸੀ ਜਿਸ ਨੇ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਇਕ ਪ੍ਰਵਾਨਣਯੋਗ ਲੇਖਾ ਦਿੱਤਾ। ਹਾਲਾਂਕਿ ਤਿਮੋਥਿਉਸ ਨੂੰ ਕੁਝ ਸਿਹਤ ਦੀਆਂ ਸਮੱਸਿਆਵਾਂ ਸਨ, ਉਸ ਨੇ “ਨਿਸ਼ਕਪਟ ਨਿਹਚਾ” ਪ੍ਰਦਰਸ਼ਿਤ ਕੀਤੀ ਅਤੇ ‘ਪੌਲੁਸ ਨਾਲ ਇੰਜੀਲੀ ਸੇਵਾ ਕੀਤੀ।’ ਇਸ ਲਈ ਰਸੂਲ ਫ਼ਿਲਿੱਪੈ ਵਿਚ ਸੰਗੀ ਮਸੀਹੀਆਂ ਨੂੰ ਕਹਿ ਸਕਿਆ: “[ਤਿਮੋਥਿਉਸ] ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।” (2 ਤਿਮੋਥਿਉਸ 1:5; ਫ਼ਿਲਿੱਪੀਆਂ 2:20, 22; 1 ਤਿਮੋਥਿਉਸ 5:23) ਮਾਨਵੀ ਕਮਜ਼ੋਰੀਆਂ ਅਤੇ ਦੂਜੀਆਂ ਅਜ਼ਮਾਇਸ਼ਾਂ ਦੇ ਬਾਵਜੂਦ, ਅਸੀਂ ਵੀ ਨਿਸ਼ਕਪਟ ਨਿਹਚਾ ਰੱਖ ਸਕਦੇ ਹਾਂ ਅਤੇ ਪਰਮੇਸ਼ੁਰ ਨੂੰ ਆਪੋ ਆਪਣਾ ਇਕ ਪ੍ਰਵਾਨਣਯੋਗ ਲੇਖਾ ਦੇ ਸਕਦੇ ਹਾਂ।
18. ਲੁਦਿਯਾ ਕੌਣ ਸੀ, ਅਤੇ ਉਸ ਨੇ ਕਿਹੜੀ ਮਨੋਬਿਰਤੀ ਪ੍ਰਦਰਸ਼ਿਤ ਕੀਤੀ?
18 ਲੁਦਿਯਾ ਇਕ ਧਰਮੀ ਔਰਤ ਸੀ ਜਿਸ ਨੇ ਸਪੱਸ਼ਟ ਤੌਰ ਤੇ ਪਰਮੇਸ਼ੁਰ ਨੂੰ ਆਪਣਾ ਇਕ ਵਧੀਆ ਲੇਖਾ ਦਿੱਤਾ। ਉਹ ਅਤੇ ਉਸ ਦਾ ਘਰਾਣਾ ਯੂਰਪ ਵਿਚ ਉਨ੍ਹਾਂ ਪ੍ਰਥਮ ਵਿਅਕਤੀਆਂ ਵਿੱਚੋਂ ਸਨ ਜਿਨ੍ਹਾਂ ਨੇ ਪੌਲੁਸ ਦੀ ਲਗਭਗ 50 ਸਾ.ਯੁ. ਵਿਚ ਫ਼ਿਲਿੱਪੈ ਵਿਖੇ ਗਤੀਵਿਧੀ ਦੇ ਕਾਰਨ ਮਸੀਹੀਅਤ ਨੂੰ ਅਪਣਾਇਆ ਸੀ। ਥੁਆਤੀਰਾ ਦੀ ਵਸਨੀਕ, ਲੁਦਿਯਾ ਸੰਭਵ ਤੌਰ ਤੇ ਇਕ ਯਹੂਦੀ ਨਵ-ਧਰਮੀ ਸੀ, ਪਰੰਤੂ ਸ਼ਾਇਦ ਫ਼ਿਲਿੱਪੈ ਵਿਚ ਥੋੜ੍ਹੇ ਹੀ ਯਹੂਦੀ ਸਨ ਅਤੇ ਕੋਈ ਵੀ ਯਹੂਦੀ ਸਭਾ-ਘਰ ਨਹੀਂ ਸੀ। ਉਹ ਅਤੇ ਦੂਜੀਆਂ ਧਰਮੀ ਔਰਤਾਂ ਇਕ ਦਰਿਆ ਦੇ ਕੰਢੇ ਇਕੱਠੀਆਂ ਹੋਈਆਂ ਸਨ ਜਦੋਂ ਪੌਲੁਸ ਨੇ ਉਨ੍ਹਾਂ ਨਾਲ ਗੱਲ ਕੀਤੀ। ਸਿੱਟੇ ਵਜੋਂ, ਲੁਦਿਯਾ ਇਕ ਮਸੀਹੀ ਬਣ ਗਈ ਅਤੇ ਪੌਲੁਸ ਤੇ ਉਸ ਦੇ ਸਾਥੀਆਂ ਨੂੰ ਆਪਣੇ ਨਾਲ ਠਹਿਰਨ ਦੇ ਲਈ ਮਨਾ ਲਿਆ। (ਰਸੂਲਾਂ ਦੇ ਕਰਤੱਬ 16:12-15) ਲੁਦਿਯਾ ਨੇ ਜੋ ਪਰਾਹੁਣਚਾਰੀ ਦਿਖਾਈ, ਉਹ ਅਜੇ ਵੀ ਸੱਚੇ ਮਸੀਹੀਆਂ ਦੀ ਪ੍ਰਮਾਣਕਤਾ ਦਾ ਚਿੰਨ੍ਹ ਹੈ।
19. ਦੋਰਕਸ ਨੇ ਕਿਹੜੇ ਚੰਗੇ ਕਰਮਾਂ ਦੇ ਦੁਆਰਾ ਪਰਮੇਸ਼ੁਰ ਨੂੰ ਆਪਣਾ ਇਕ ਵਧੀਆ ਲੇਖਾ ਦਿੱਤਾ?
19 ਦੋਰਕਸ ਇਕ ਹੋਰ ਔਰਤ ਸੀ ਜਿਸ ਨੇ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਇਕ ਵਧੀਆ ਲੇਖਾ ਦਿੱਤਾ। ਜਦੋਂ ਉਹ ਮਰੀ, ਤਾਂ ਪਤਰਸ ਯਾੱਪਾ ਵਿਚ ਰਹਿਣ ਵਾਲੇ ਚੇਲਿਆਂ ਵੱਲੋਂ ਨਿਵੇਦਨ ਕੀਤੇ ਜਾਣ ਤੇ ਉੱਥੇ ਗਿਆ। ਪਤਰਸ ਨੂੰ ਸੁਆਗਤ ਕਰਨ ਵਾਲੇ ਦੋ ਮਨੁੱਖ “ਉਹ ਨੂੰ ਉਸ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਂ ਉਹ ਦੇ ਕੋਲ ਖੜੀਆਂ ਰੋਂਦੀਆਂ ਸਨ ਅਤੇ ਓਹ ਕੁੜਤੇ ਅਤੇ ਬਸਤਰ ਜੋ ਦੋਰਕਸ ਨੇ ਓਹਨਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ।” ਦੋਰਕਸ ਨੂੰ ਮੁੜ ਜੀਵਿਤ ਕੀਤਾ ਗਿਆ। ਲੇਕਨ ਕੀ ਉਸ ਨੂੰ ਕੇਵਲ ਉਸ ਦੀ ਉਦਾਰ-ਚਿੱਤ ਮਨੋਬਿਰਤੀ ਦੇ ਲਈ ਹੀ ਯਾਦ ਰੱਖਿਆ ਜਾਣਾ ਚਾਹੀਦਾ ਹੈ? ਨਹੀਂ। ਉਹ ਇਕ “ਚੇਲੀ” ਸੀ ਅਤੇ ਨਿਸ਼ਚੇ ਹੀ ਚੇਲੇ ਬਣਾਉਣ ਦੇ ਕੰਮ ਵਿਚ ਖ਼ੁਦ ਹਿੱਸਾ ਲੈਂਦੀ ਸੀ। ਮਸੀਹੀ ਔਰਤਾਂ ਅੱਜ ਸਮਾਨ ਰੂਪ ਵਿਚ ‘ਸ਼ੁਭ ਕਰਮਾਂ ਅਤੇ ਪੁੰਨ ਦਾਨ ਕਰਨ ਵਿੱਚ ਰੁੱਝੀਆਂ ਰਹਿੰਦੀਆਂ ਹਨ।’ ਉਹ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰਨ ਅਤੇ ਚੇਲੇ ਬਣਾਉਣ ਵਿਚ ਇਕ ਕ੍ਰਿਆਸ਼ੀਲ ਹਿੱਸਾ ਲੈਣ ਲਈ ਵੀ ਆਨੰਦਿਤ ਹਨ।—ਰਸੂਲਾਂ ਦੇ ਕਰਤੱਬ 9:36-42; ਮੱਤੀ 24:14; 28:19, 20.
20. ਅਸੀਂ ਆਪਣੇ ਆਪ ਨੂੰ ਕਿਹੜੇ ਸਵਾਲ ਪੁੱਛ ਸਕਦੇ ਹਾਂ?
20 ਬਾਈਬਲ ਸਪੱਸ਼ਟ ਤੌਰ ਤੇ ਦਿਖਾਉਂਦੀ ਹੈ ਕਿ ਕੌਮਾਂ ਅਤੇ ਵਿਅਕਤੀਆਂ ਨੇ ਸਰਬਸੱਤਾਵਾਨ ਪ੍ਰਭੂ ਯਹੋਵਾਹ ਨੂੰ ਲੇਖਾ ਦੇਣਾ ਹੈ। (ਸਫ਼ਨਯਾਹ 1:7) ਜੇਕਰ ਅਸੀਂ ਪਰਮੇਸ਼ੁਰ ਨੂੰ ਸਮਰਪਿਤ ਹਾਂ, ਤਾਂ ਅਸੀਂ ਇਸ ਕਾਰਨ ਆਪਣੇ ਆਪ ਨੂੰ ਪੁੱਛ ਸਕਦੇ ਹਾਂ, ‘ਮੈਂ ਆਪਣੇ ਪਰਮੇਸ਼ੁਰ-ਦਿੱਤ ਵਿਸ਼ੇਸ਼-ਸਨਮਾਨਾਂ ਅਤੇ ਜ਼ਿੰਮੇਵਾਰੀਆਂ ਨੂੰ ਕਿਵੇਂ ਵਿਚਾਰਦਾ ਹਾਂ? ਮੈਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਆਪਣਾ ਕਿਸ ਤਰ੍ਹਾਂ ਦਾ ਲੇਖਾ ਦੇ ਰਿਹਾ ਹਾਂ?’ (w96 9/15)
ਤੁਹਾਡੇ ਕੀ ਜਵਾਬ ਹਨ?
◻ ਤੁਸੀਂ ਕਿਵੇਂ ਸਾਬਤ ਕਰੋਗੇ ਕਿ ਦੂਤ ਅਤੇ ਪਰਮੇਸ਼ੁਰ ਦਾ ਪੁੱਤਰ ਯਹੋਵਾਹ ਦੇ ਪ੍ਰਤੀ ਜਵਾਬਦੇਹ ਹਨ?
◻ ਕਿਹੜੇ ਬਾਈਬਲ ਉਦਾਹਰਣ ਹਨ ਜੋ ਦਿਖਾਉਂਦੇ ਹਨ ਕਿ ਪਰਮੇਸ਼ੁਰ ਕੌਮਾਂ ਨੂੰ ਜਵਾਬਦੇਹ ਠਹਿਰਾਉਂਦਾ ਹੈ?
◻ ਪਰਮੇਸ਼ੁਰ ਦੇ ਪ੍ਰਤੀ ਵਿਅਕਤੀਗਤ ਜਵਾਬਦੇਹੀ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?
◻ ਬਾਈਬਲ ਰਿਕਾਰਡ ਦੇ ਕਿਹੜੇ ਕੁਝ ਵਿਅਕਤੀ ਸਨ ਜਿਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਇਕ ਵਧੀਆ ਲੇਖਾ ਦਿੱਤਾ?
[ਸਫ਼ੇ 20 ਉੱਤੇ ਤਸਵੀਰ]
ਯਿਸੂ ਮਸੀਹ ਨੇ ਆਪਣੇ ਸਵਰਗੀ ਪਿਤਾ ਨੂੰ ਆਪਣਾ ਇਕ ਵਧੀਆ ਲੇਖਾ ਦਿੱਤਾ
[ਸਫ਼ੇ 25 ਉੱਤੇ ਤਸਵੀਰ]
ਦੋਰਕਸ ਦੇ ਸਮਾਨ, ਅੱਜ ਮਸੀਹੀ ਔਰਤਾਂ ਯਹੋਵਾਹ ਪਰਮੇਸ਼ੁਰ ਨੂੰ ਆਪੋ ਆਪਣਾ ਇਕ ਚੰਗਾ ਲੇਖਾ ਦਿੰਦੀਆਂ ਹਨ
[ਸਫ਼ੇ 23 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਹਾਬਲ ਦੀ ਮੌਤ/The Doré Bible Illustrations/Dover Publications, Inc.