ਯਿਸੂ ਦੀ ਕੁਰਬਾਨੀ ਯਹੋਵਾਹ ਦੇ ਇਨਸਾਫ਼ ਦਾ ਸਬੂਤ
ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਯਹੋਵਾਹ ਨੇ ਇਕ ਸੰਤਾਨ ਬਾਰੇ ਭਵਿੱਖਬਾਣੀ ਕੀਤੀ ਸੀ ਜਿਸ ਦੀ ਅੱਡੀ ਨੂੰ ਡੰਗਿਆ ਜਾਣਾ ਸੀ। (ਉਤਪਤ 3:15) ਇਹ ਗੱਲ ਉਸ ਸਮੇਂ ਪੂਰੀ ਹੋਈ ਸੀ ਜਦ ਪਰਮੇਸ਼ੁਰ ਦੇ ਦੁਸ਼ਮਣਾਂ ਨੇ ਯਿਸੂ ਮਸੀਹ ਨੂੰ ਇਕ ਰੁੱਖ ਉੱਤੇ ਟੰਗ ਕੇ ਮਾਰ ਦਿੱਤਾ ਸੀ। (ਗਲਾਤੀਆਂ 3:13, 16) ਦੂਸਰੇ ਇਨਸਾਨਾਂ ਤੋਂ ਉਲਟ ਯਿਸੂ ਪਾਪ ਤੋਂ ਰਹਿਤ ਸੀ ਕਿਉਂਕਿ ਉਸ ਦਾ ਜਨਮ ਕਰਾਮਾਤੀ ਢੰਗ ਨਾਲ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਇਕ ਕੁਆਰੀ ਦੀ ਕੁੱਖੋਂ ਹੋਇਆ ਸੀ। ਇਸ ਲਈ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਤੋਂ ਪੈਦਾ ਹੋਏ ਇਨਸਾਨਾਂ ਨੂੰ ਪਾਪ ਤੇ ਮੌਤ ਦੇ ਪੰਜੇ ਤੋਂ ਛੁਡਾਉਣ ਲਈ ਯਿਸੂ ਦੀ ਕੁਰਬਾਨੀ ਦਾ ਪ੍ਰਬੰਧ ਕੀਤਾ।—ਰੋਮੀਆਂ 5:12, 19.
ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਮਕਸਦ ਪੂਰੇ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਲਈ ਕਿਹਾ ਜਾ ਸਕਦਾ ਹੈ ਕਿ ਆਦਮ ਦੇ ਪਾਪ ਤੋਂ ਬਾਅਦ ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਕੁਰਬਾਨੀ ਦਿੱਤੀ ਜਾ ਚੁੱਕੀ ਸੀ ਅਤੇ ਉਸ ਦੇ ਵਾਅਦਿਆਂ ਤੇ ਇਤਬਾਰ ਕਰਨ ਵਾਲੇ ਹਰ ਇਨਸਾਨ ਨਾਲ ਉਹ ਸੰਬੰਧ ਰੱਖ ਸਕਦਾ ਸੀ। ਇਸ ਦੇ ਆਧਾਰ ਤੇ ਉਹ ਇਨਸਾਫ਼ ਦੇ ਮਿਆਰਾਂ ਨੂੰ ਬਰਕਰਾਰ ਰੱਖਦੇ ਹੋਏ ਹਨੋਕ, ਨੂਹ ਅਤੇ ਅਬਰਾਹਾਮ ਵਰਗੀ ਆਦਮ ਦੀ ਪਾਪੀ ਔਲਾਦ ਨਾਲ ਚੱਲ ਸਕਦਾ ਸੀ ਤੇ ਦੋਸਤੀ ਕਰ ਸਕਦਾ ਸੀ।—ਉਤਪਤ 5:24; 6:9; ਯਾਕੂਬ 2:23.
ਕੁਝ ਇਨਸਾਨਾਂ ਨੇ ਪਰਮੇਸ਼ੁਰ ਤੇ ਇਤਬਾਰ ਕਰਨ ਦੇ ਬਾਵਜੂਦ ਗੰਭੀਰ ਪਾਪ ਕੀਤੇ ਸਨ। ਰਾਜਾ ਦਾਊਦ ਦੀ ਉਦਾਹਰਣ ਤੇ ਗੌਰ ਕਰੋ। ਤੁਸੀਂ ਸ਼ਾਇਦ ਸੋਚੋ ਕਿ ‘ਯਹੋਵਾਹ ਦਾਊਦ ਨੂੰ ਬਥ-ਸ਼ਬਾ ਨਾਲ ਵਿਭਚਾਰ ਕਰਨ ਅਤੇ ਫਿਰ ਉਸ ਦੇ ਪਤੀ ਊਰਿੱਯਾਹ ਦੀ ਜਾਨ ਲੈਣ ਤੋਂ ਬਾਅਦ ਬਰਕਤ ਕਿਵੇਂ ਦੇ ਸਕਦਾ ਸੀ?’ ਸਭ ਤੋਂ ਜ਼ਰੂਰੀ ਗੱਲ ਸੀ ਕਿ ਦਾਊਦ ਨੇ ਦਿਲੋਂ ਪਸ਼ਚਾਤਾਪ ਤੇ ਨਿਹਚਾ ਕੀਤੀ ਸੀ। (2 ਸਮੂਏਲ 11:1-17; 12:1-14) ਯਿਸੂ ਮਸੀਹ ਦੀ ਦਿੱਤੀ ਜਾਣ ਵਾਲੀ ਕੁਰਬਾਨੀ ਦੇ ਆਧਾਰ ਤੇ ਪਰਮੇਸ਼ੁਰ ਦਾਊਦ ਦੇ ਪਾਪ ਮਾਫ਼ ਕਰਨ ਦੇ ਨਾਲ-ਨਾਲ ਇਨਸਾਫ਼ ਤੇ ਧਾਰਮਿਕਤਾ ਨੂੰ ਵੀ ਬਰਕਰਾਰ ਰੱਖ ਸਕਦਾ ਸੀ। (ਜ਼ਬੂਰਾਂ ਦੀ ਪੋਥੀ 32:1, 2) ਇਸ ਦੇ ਸਬੂਤ ਵਿਚ ਬਾਈਬਲ ਦੱਸਦੀ ਹੈ ਕਿ ਯਿਸੂ ਦੀ ਕੁਰਬਾਨੀ ਦੇ ਕੇ ‘ਪਰਮੇਸ਼ੁਰ ਨੇ ਇਹ ਵਿਖਾਇਆ ਕਿ ਉਹ ਅਤੀਤ ਵਿੱਚ ਨਿਆਂਈ ਸੀ ਅਤੇ ਵਰਮਤਾਨ ਕਾਲ ਵਿੱਚ ਲੋਕਾਂ ਦੇ ਪਾਪਾਂ ਨੂੰ ਮੁਆਫ਼ੀ ਦਿੱਤੀ।’—ਰੋਮੀਆਂ 3:25, 26, ਈਜ਼ੀ ਟੂ ਰੀਡ ਵਰਯਨ।
ਜੀ ਹਾਂ, ਯਿਸੂ ਦੀ ਕੁਰਬਾਨੀ ਸਦਕਾ ਇਨਸਾਨਜਾਤ ਨੂੰ ਬਹੁਤ ਲਾਭ ਹੁੰਦੇ ਹਨ। ਉਸ ਕੁਰਬਾਨੀ ਸਦਕਾ ਪਾਪੀ ਹੋਣ ਦੇ ਬਾਵਜੂਦ ਪਸ਼ਚਾਤਾਪੀ ਇਨਸਾਨ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹਨ। ਇਸ ਤੋਂ ਇਲਾਵਾ, ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਉਹ ਲੋਕ ਮੁੜ ਜ਼ਿੰਦਾ ਕੀਤੇ ਜਾਣਗੇ ਜੋ ਮੌਤ ਦੀ ਨੀਂਦ ਸੁੱਤੇ ਪਏ ਹਨ, ਭਾਵੇਂ ਉਨ੍ਹਾਂ ਦੀ ਮੌਤ ਯਿਸੂ ਦੀ ਕੁਰਬਾਨੀ ਦਿੱਤੇ ਜਾਣ ਤੋਂ ਪਹਿਲਾਂ ਹੋਈ ਸੀ। ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਯਿਸੂ ਦੇ ਬਲੀਦਾਨ ਦਾ ਫ਼ਾਇਦਾ ਹੋਵੇਗਾ ਜਿਨ੍ਹਾਂ ਨੂੰ ਪਰਮੇਸ਼ੁਰ ਬਾਰੇ ਜਾਣਨ ਤੇ ਉਸ ਦੀ ਭਗਤੀ ਕਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਬਾਈਬਲ ਕਹਿੰਦੀ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਉਸ ਸਮੇਂ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਯਹੋਵਾਹ ਆਗਿਆਕਾਰ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। (ਯੂਹੰਨਾ 3:36) ਇਸ ਬਾਰੇ ਯਿਸੂ ਮਸੀਹ ਨੇ ਖ਼ੁਦ ਕਿਹਾ ਸੀ: ‘ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।’ (ਯੂਹੰਨਾ 3:16) ਇਨਸਾਨਜਾਤ ਨੂੰ ਇਹ ਸਾਰੇ ਲਾਭ ਪਰਮੇਸ਼ੁਰ ਦੁਆਰਾ ਦਿੱਤੀ ਯਿਸੂ ਦੀ ਕੁਰਬਾਨੀ ਤੋਂ ਹੁੰਦੇ ਹਨ।
ਇਸ ਕੁਰਬਾਨੀ ਦੀ ਸਭ ਤੋਂ ਉੱਤਮ ਗੱਲ ਇਹ ਨਹੀਂ ਕਿ ਇਸ ਤੋਂ ਸਾਨੂੰ ਲਾਭ ਹੁੰਦਾ ਹੈ, ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਯਿਸੂ ਦੀ ਕੁਰਬਾਨੀ ਨੇ ਯਹੋਵਾਹ ਦੇ ਨਾਂ ਨੂੰ ਵਡਿਆਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਇਨਸਾਫ਼ ਕਰਨ ਵਾਲਾ ਪਰਮੇਸ਼ੁਰ ਹੈ ਜੋ ਪਾਪੀ ਇਨਸਾਨਾਂ ਨਾਲ ਵਾਸਤਾ ਰੱਖਦੇ ਹੋਏ ਵੀ ਪਵਿੱਤਰ ਰਹਿ ਸਕਦਾ ਹੈ। ਜੇ ਪਰਮੇਸ਼ੁਰ ਨੇ ਕੁਰਬਾਨੀ ਦਾ ਪ੍ਰਬੰਧ ਨਾ ਕੀਤਾ ਹੁੰਦਾ, ਤਾਂ ਆਦਮ ਦੀ ਔਲਾਦ ਵਿੱਚੋਂ ਕੋਈ ਵੀ ਇਨਸਾਨ, ਇੱਥੋਂ ਤਕ ਕਿ ਹਨੋਕ, ਨੂਹ ਅਤੇ ਅਬਰਾਹਾਮ ਵੀ ਯਹੋਵਾਹ ਨਾਲ ਨਹੀਂ ਚੱਲ ਸਕਦੇ ਸਨ ਤੇ ਨਾ ਹੀ ਉਸ ਦੇ ਦੋਸਤ ਬਣ ਸਕਦੇ ਸਨ। ਜ਼ਬੂਰਾਂ ਦਾ ਇਕ ਲਿਖਾਰੀ ਇਹ ਗੱਲ ਸਮਝ ਗਿਆ ਸੀ ਤੇ ਉਸ ਨੇ ਲਿਖਿਆ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂਰਾਂ ਦੀ ਪੋਥੀ 130:3) ਸਾਨੂੰ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਯਿਸੂ ਨੂੰ ਧਰਤੀ ਤੇ ਭੇਜਿਆ ਅਤੇ ਸਾਨੂੰ ਯਿਸੂ ਦੇ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਨੂੰ ਛੁਡਾਉਣ ਲਈ ਉਸ ਨੇ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਕੁਰਬਾਨ ਕਰ ਦਿੱਤੀ।—ਮਰਕੁਸ 10:45.