ਅਵਿਵਾਹਿਤ ਸਥਿਤੀ—ਨਿਰਵਿਘਨ ਸਰਗਰਮੀ ਦਾ ਇਕ ਦੁਆਰ
“ਤੁਸੀਂ ਬਿਨਾਂ ਘਾਬਰੇ [“ਬਿਨਾਂ ਧਿਆਨ-ਭੰਗ,” “ਨਿ ਵ”] ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹੋ।” —1 ਕੁਰਿੰਥੀਆਂ 7:35.
1. ਕੁਰਿੰਥੁਸ ਦੇ ਵਿਚ ਮਸੀਹੀਆਂ ਬਾਰੇ ਕਿਹੜੀ ਚਿੰਤਾਜਨਕ ਖ਼ਬਰ ਪੌਲੁਸ ਤਕ ਪਹੁੰਚੀ?
ਰਸੂਲ ਪੌਲੁਸ ਕੁਰਿੰਥੁਸ, ਯੂਨਾਨ, ਵਿਚ ਦੇ ਆਪਣੇ ਮਸੀਹੀ ਭਰਾਵਾਂ ਦੇ ਬਾਰੇ ਚਿੰਤਿਤ ਸੀ। ਕੁਝ ਪੰਜ ਸਾਲ ਪਹਿਲਾਂ, ਉਸ ਨੇ ਉਸ ਖ਼ੁਸ਼ਹਾਲ ਸ਼ਹਿਰ ਵਿਚ ਜੋ ਅਨੈਤਿਕਤਾ ਦੇ ਲਈ ਬਦਨਾਮ ਸੀ, ਕਲੀਸਿਯਾ ਸਥਾਪਿਤ ਕੀਤੀ ਸੀ। ਹੁਣ, 55 ਸਾ.ਯੁ. ਦੇ ਲਗਭਗ, ਜਦੋਂ ਉਹ ਏਸ਼ੀਆ ਮਾਈਨਰ ਵਿਚ ਅਫ਼ਸੁਸ ਵਿਖੇ ਸੀ, ਉਸ ਨੂੰ ਕੁਰਿੰਥੁਸ ਤੋਂ ਪੱਖਪਾਤੀ ਵਿਭਾਜਨਾਂ ਅਤੇ ਅਨੈਤਿਕਤਾ ਦੀ ਇਕ ਗੰਭੀਰ ਸਮੱਸਿਆ ਨੂੰ ਬਰਦਾਸ਼ਤ ਕਰਨ ਦੇ ਬਾਰੇ ਚਿੰਤਾਜਨਕ ਰਿਪੋਰਟਾਂ ਮਿਲੀਆਂ। ਇਸ ਤੋਂ ਇਲਾਵਾ, ਪੌਲੁਸ ਨੂੰ ਕੁਰਿੰਥੀ ਮਸੀਹੀਆਂ ਤੋਂ ਇਕ ਪੱਤਰੀ ਹਾਸਲ ਹੋਈ, ਜਿਸ ਵਿਚ ਉਨ੍ਹਾਂ ਨੇ ਲਿੰਗੀ ਸੰਬੰਧਾਂ, ਜਤ-ਸਤ, ਵਿਆਹ, ਤੋੜ-ਵਿਛੋੜੇ, ਅਤੇ ਪੁਨਰ-ਵਿਆਹ ਦੇ ਉੱਤੇ ਮਾਰਗ-ਦਰਸ਼ਨ ਮੰਗਿਆ।
2. ਕੁਰਿੰਥੁਸ ਵਿਚ ਪ੍ਰਚਲਿਤ ਅਨੈਤਿਕਤਾ ਪ੍ਰਤੱਖ ਤੌਰ ਤੇ ਉਸ ਸ਼ਹਿਰ ਦੇ ਮਸੀਹੀਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਸੀ?
2 ਕੁਰਿੰਥੁਸ ਵਿਚ ਪ੍ਰਚਲਿਤ ਘੋਰ ਅਨੈਤਿਕਤਾ ਉਸ ਸਥਾਨਕ ਕਲੀਸਿਯਾ ਨੂੰ ਦੋ ਤਰੀਕਿਆਂ ਵਿਚ ਪ੍ਰਭਾਵਿਤ ਕਰਦੀ ਜਾਪਦੀ ਸੀ। ਨੈਤਿਕ ਢਿੱਲ ਦੇ ਵਾਤਾਵਰਣ ਅੱਗੇ ਕੁਝ ਮਸੀਹੀ ਝੁਕ ਰਹੇ ਸਨ ਅਤੇ ਅਨੈਤਿਕਤਾ ਨੂੰ ਬਰਦਾਸ਼ਤ ਕਰ ਰਹੇ ਸਨ। (1 ਕੁਰਿੰਥੀਆਂ 5:1; 6:15-17) ਪ੍ਰਤੱਖ ਰੂਪ ਵਿਚ ਦੂਜੇ ਵਿਅਕਤੀ, ਉਸ ਸ਼ਹਿਰ ਵਿਚ ਸਰਬਵਿਆਪਕ ਕਾਮੁਕ ਵਿਲਾਸਾਂ ਨੂੰ ਪ੍ਰਤਿਕ੍ਰਿਆ ਦਿਖਾਉਂਦੇ ਹੋਏ, ਇਸ ਇੰਤਹਾਈ ਹੱਦ ਤਕ ਗਏ ਕਿ ਉਨ੍ਹਾਂ ਨੇ ਸੰਭੋਗ ਤੋਂ ਪੂਰਣ ਤੌਰ ਤੇ ਪਰਹੇਜ਼ ਕਰਨ ਦੀ ਸਲਾਹ ਦਿੱਤੀ, ਇੱਥੋਂ ਤਕ ਕਿ ਵਿਆਹੁਤਾ ਜੋੜਿਆਂ ਦੇ ਲਈ ਵੀ।—1 ਕੁਰਿੰਥੀਆਂ 7:5.
3. ਪੌਲੁਸ ਨੇ ਕੁਰਿੰਥੀਆਂ ਨੂੰ ਲਿਖੀ ਆਪਣੀ ਪਹਿਲੀ ਪੱਤਰੀ ਵਿਚ ਪਹਿਲਾਂ ਕਿਹੜੇ ਮਸਲਿਆਂ ਵੱਲ ਧਿਆਨ ਦਿੱਤਾ?
3 ਪੌਲੁਸ ਵੱਲੋਂ ਕੁਰਿੰਥੀਆਂ ਨੂੰ ਲਿਖੀ ਗਈ ਲੰਬੀ ਪੱਤਰੀ ਵਿਚ, ਉਸ ਨੇ ਫੁੱਟ ਦੀ ਸਮੱਸਿਆ ਨੂੰ ਪਹਿਲਾਂ ਸੰਬੋਧਿਤ ਕੀਤਾ। (1 ਕੁਰਿੰਥੀਆਂ, ਅਧਿਆਇ 1-4) ਉਸ ਨੇ ਉਨ੍ਹਾਂ ਨੂੰ ਮਨੁੱਖਾਂ ਦੇ ਪਿੱਛੇ ਚੱਲਣ ਤੋਂ ਪਰਹੇਜ਼ ਕਰਨ ਲਈ ਤਾਕੀਦ ਕੀਤੀ, ਜੋ ਕਿ ਕੇਵਲ ਹਾਨੀਕਾਰਕ ਸੰਪ੍ਰਦਾਇਕ ਫੁੱਟਾਂ ਵੱਲ ਹੀ ਲੈ ਜਾ ਸਕਦਾ ਹੈ। ਉਨ੍ਹਾਂ ਨੂੰ ਪਰਮੇਸ਼ੁਰ ਦੇ ‘ਸਹਿਕਰਮੀਆਂ’ (ਨਿ ਵ) ਵਜੋਂ ਸੰਯੁਕਤ ਹੋਣਾ ਚਾਹੀਦਾ ਸੀ। ਫਿਰ ਉਸ ਨੇ ਕਲੀਸਿਯਾ ਨੂੰ ਨੈਤਿਕ ਤੌਰ ਤੇ ਸ਼ੁੱਧ ਰੱਖਣ ਦੇ ਬਾਰੇ ਉਨ੍ਹਾਂ ਨੂੰ ਵਿਸ਼ਿਸ਼ਟ ਹਿਦਾਇਤਾਂ ਦਿੱਤੀਆਂ। (ਅਧਿਆਇ 5, 6) ਇਸ ਮਗਰੋਂ ਰਸੂਲ ਨੇ ਉਨ੍ਹਾਂ ਦੀ ਪੱਤਰੀ ਵੱਲ ਧਿਆਨ ਦਿੱਤਾ।
ਅਵਿਵਾਹਿਤ ਸਥਿਤੀ ਦੀ ਸਲਾਹ
4. ਪੌਲੁਸ ਦਾ ਕੀ ਅਰਥ ਸੀ ਜਦੋਂ ਉਸ ਨੇ ਕਿਹਾ ਕਿ “ਪੁਰਖ ਦੇ ਲਈ ਤਾਂ ਇਹ ਚੰਗਾ ਹੈ ਜੋ ਇਸਤ੍ਰੀ ਨੂੰ ਨਾ ਛੋਹੇ”?
4 ਉਸ ਨੇ ਆਰੰਭ ਕੀਤਾ: “ਹੁਣ ਜਿਨ੍ਹਾਂ ਗੱਲਾਂ ਦੇ ਵਿਖੇ ਤੁਸਾਂ ਲਿਖਿਆ ਸੀ ਮੈਂ ਇਹ ਕਹਿੰਦਾ ਹਾਂ ਭਈ ਪੁਰਖ ਦੇ ਲਈ ਤਾਂ ਇਹ ਚੰਗਾ ਹੈ ਜੋ ਇਸਤ੍ਰੀ ਨੂੰ ਨਾ ਛੋਹੇ।” (1 ਕੁਰਿੰਥੀਆਂ 7:1) ਇੱਥੇ ਇਹ ਪ੍ਰਗਟਾਉ “ਇਸਤ੍ਰੀ ਨੂੰ ਨਾ ਛੋਹੇ” ਦਾ ਅਰਥ ਹੈ, ਲਿੰਗੀ ਸੰਤੁਸ਼ਟੀ ਦੇ ਲਈ ਇਕ ਇਸਤਰੀ ਨਾਲ ਸਰੀਰਕ ਮੇਲ ਤੋਂ ਪਰਹੇਜ਼ ਕਰਨਾ। ਕਿਉਂ ਜੋ ਪੌਲੁਸ ਪਹਿਲਾਂ ਹੀ ਵਿਭਚਾਰ ਦੀ ਨਿਖੇਦੀ ਕਰ ਚੁੱਕਾ ਸੀ, ਉਹ ਹੁਣ ਵਿਆਹ ਪ੍ਰਬੰਧ ਦੇ ਵਿਚ ਲਿੰਗੀ ਸੰਬੰਧਾਂ ਵੱਲ ਸੰਕੇਤ ਕਰ ਰਿਹਾ ਸੀ। ਇਸ ਲਈ, ਪੌਲੁਸ ਹੁਣ ਅਵਿਵਾਹਿਤ ਸਥਿਤੀ ਦੀ ਸਲਾਹ ਦੇ ਰਿਹਾ ਸੀ। (1 ਕੁਰਿੰਥੀਆਂ 6:9, 16, 18; ਤੁਲਨਾ ਕਰੋ ਉਤਪਤ 20:6; ਕਹਾਉਤਾਂ 6:29.) ਥੋੜ੍ਹਾ ਅੱਗੇ ਜਾ ਕੇ, ਉਸ ਨੇ ਲਿਖਿਆ: “ਮੈਂ ਅਣਵਿਆਹਿਆਂ ਨੂੰ ਅਤੇ ਵਿਧਵਾਂ ਨੂੰ ਇਹ ਆਖਦਾ ਹਾਂ ਜੋ ਓਹਨਾਂ ਲਈ ਚੰਗਾ ਹੈ ਭਈ ਇਹੋ ਜਿਹੇ ਰਹਿਣ ਜਿਹੋ ਜਿਹਾ ਮੈਂ ਹਾਂ।” (1 ਕੁਰਿੰਥੀਆਂ 7:8) ਪੌਲੁਸ ਅਵਿਵਾਹਿਤ ਸੀ, ਸ਼ਾਇਦ ਇਕ ਰੰਡਾ ਸੀ।—1 ਕੁਰਿੰਥੀਆਂ 9:5.
5, 6. (ੳ) ਇਹ ਕਿਉਂ ਸਪੱਸ਼ਟ ਹੈ ਕਿ ਪੌਲੁਸ ਮੱਠਵਾਸੀਆਂ ਦੀ ਇਕ ਜੀਵਨ-ਸ਼ੈਲੀ ਦੀ ਸਲਾਹ ਨਹੀਂ ਦੇ ਰਿਹਾ ਸੀ? (ਅ) ਪੌਲੁਸ ਨੇ ਅਵਿਵਾਹਿਤ ਸਥਿਤੀ ਦੀ ਸਲਾਹ ਕਿਉਂ ਦਿੱਤੀ ਸੀ?
5 ਸੰਭਵ ਹੈ ਕਿ ਕੁਰਿੰਥੁਸ ਵਿਚ ਦੇ ਮਸੀਹੀ ਲੋਕ ਯੂਨਾਨੀ ਫ਼ਲਸਫ਼ੇ ਨਾਲ ਸੰਪਰਕ ਵਿਚ ਆਏ ਸਨ, ਜਿਸ ਦੇ ਕੁਝ ਸ਼ਾਗਿਰਦ ਅਤਿਅੰਤ ਵੈਰਾਗ, ਜਾਂ ਆਤਮ-ਤਿਆਗ ਦੀ ਸਲਾਹੁਣਾ ਕਰਦੇ ਸਨ। ਕਿਤੇ ਇਹੋ ਤਾਂ ਕਾਰਨ ਨਹੀਂ ਸੀ ਕਿ ਕੁਰਿੰਥੀਆਂ ਨੇ ਪੌਲੁਸ ਤੋਂ ਕਿਉਂ ਇਹ ਪੁੱਛਿਆ ਸੀ ਕਿ ਕੀ ਮਸੀਹੀਆਂ ਦੇ ਲਈ ਸੰਭੋਗ ਤੋਂ ਪੂਰਣ ਤੌਰ ਤੇ ਪਰਹੇਜ਼ ਕਰਨਾ ਹੀ “ਚੰਗਾ” ਨਹੀਂ ਹੋਵੇਗਾ? ਪੌਲੁਸ ਦੇ ਜਵਾਬ ਨੇ ਯੂਨਾਨੀ ਫ਼ਲਸਫ਼ੇ ਨੂੰ ਪ੍ਰਤਿਬਿੰਬਤ ਨਹੀਂ ਕੀਤਾ। (ਕੁਲੁੱਸੀਆਂ 2:8) ਕੈਥੋਲਿਕ ਧਰਮ-ਸ਼ਾਸਤਰੀਆਂ ਦੇ ਉਲਟ, ਉਸ ਨੇ ਕਿਤੇ ਵੀ ਇਕ ਈਸਾਈ ਮੱਠ ਜਾਂ ਆਸ਼ਰਮ ਵਿਚ ਇਕ ਜਤੀ-ਸਤੀ ਵੈਰਾਗੀ ਜੀਵਨ ਦੀ ਸਲਾਹ ਨਹੀਂ ਦਿੱਤੀ, ਮਾਨੋ ਅਵਿਵਾਹਿਤ ਵਿਅਕਤੀ ਖ਼ਾਸ ਕਰਕੇ ਪਾਕ ਸਨ ਅਤੇ ਆਪਣੀ ਜੀਵਨ-ਸ਼ੈਲੀ ਤੇ ਪ੍ਰਾਰਥਨਾਵਾਂ ਦੇ ਦੁਆਰਾ ਆਪਣੀ ਖ਼ੁਦ ਦੀ ਮੁਕਤੀ ਵੱਲ ਯੋਗਦਾਨ ਦੇ ਸਕਦੇ ਸਨ।
6 ਪੌਲੁਸ ਨੇ “ਵਰਤਮਾਨ ਕਸ਼ਟ ਦੇ ਕਾਰਨ” ਅਵਿਵਾਹਿਤ ਸਥਿਤੀ ਦੀ ਸਲਾਹ ਦਿੱਤੀ ਸੀ। (1 ਕੁਰਿੰਥੀਆਂ 7:26) ਉਹ ਸ਼ਾਇਦ ਉਨ੍ਹਾਂ ਔਖੇ ਸਮਿਆਂ ਦਾ ਜ਼ਿਕਰ ਕਰ ਰਿਹਾ ਸੀ ਜਿਨ੍ਹਾਂ ਦੇ ਵਿੱਚੋਂ ਮਸੀਹੀ ਲੰਘ ਰਹੇ ਸਨ, ਜੋ ਕਿ ਵਿਆਹ ਦੁਆਰਾ ਹੋਰ ਵੀ ਔਖੇ ਹੋ ਸਕਦੇ ਸਨ। (1 ਕੁਰਿੰਥੀਆਂ 7:28) ਅਵਿਵਾਹਿਤ ਮਸੀਹੀਆਂ ਨੂੰ ਉਸ ਦੀ ਸਲਾਹ ਸੀ: “ਓਹਨਾਂ ਲਈ ਚੰਗਾ ਹੈ ਭਈ ਇਹੋ ਜਿਹੇ ਰਹਿਣ ਜਿਹੋ ਜਿਹਾ ਮੈਂ ਹਾਂ।” ਰੰਡਿਆਂ ਨੂੰ, ਉਸ ਨੇ ਕਿਹਾ: “ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈਂ? ਤਾਂ ਪਤਨੀ ਨਾ ਢੂੰਡ।” ਇਕ ਮਸੀਹੀ ਵਿਧਵਾ ਦੇ ਸੰਬੰਧੀ, ਉਸ ਨੇ ਲਿਖਿਆ: “ਜੇਕਰ ਉਹ ਐਵੇਂ ਹੀ ਰਹੇ ਤਾਂ ਮੇਰੀ ਜਾਚ ਵਿੱਚ ਏਦੋਂ ਭੀ ਭਾਗਵਾਨ ਹੈ ਅਤੇ ਮੈਂ ਸਮਝਦਾ ਹਾਂ ਜੋ ਪਰਮੇਸ਼ੁਰ ਦਾ ਆਤਮਾ ਮੇਰੇ ਵਿੱਚ ਭੀ ਹੈ।”—1 ਕੁਰਿੰਥੀਆਂ 7:8, 27, 40.
ਅਵਿਵਾਹਿਤ ਰਹਿਣ ਲਈ ਕੋਈ ਜ਼ਬਰਦਸਤੀ ਨਹੀਂ
7, 8. ਕੀ ਦਿਖਾਉਂਦਾ ਹੈ ਕਿ ਪੌਲੁਸ ਕਿਸੇ ਵੀ ਮਸੀਹੀ ਨੂੰ ਅਵਿਵਾਹਿਤ ਰਹਿਣ ਦੇ ਲਈ ਮਜਬੂਰ ਨਹੀਂ ਕਰ ਰਿਹਾ ਸੀ?
7 ਯਹੋਵਾਹ ਦੀ ਪਵਿੱਤਰ ਆਤਮਾ ਨਿਰਸੰਦੇਹ ਪੌਲੁਸ ਦੀ ਅਗਵਾਈ ਕਰ ਰਹੀ ਸੀ ਜਦੋਂ ਉਸ ਨੇ ਇਹ ਸਲਾਹ ਦਿੱਤੀ। ਅਵਿਵਾਹਿਤ ਸਥਿਤੀ ਅਤੇ ਵਿਆਹ ਦੇ ਬਾਰੇ ਉਸ ਦੀ ਪੂਰੀ ਪੇਸ਼ਕਾਰੀ ਸੰਤੁਲਨ ਅਤੇ ਸੰਜਮ ਨੂੰ ਪ੍ਰਦਰਸ਼ਿਤ ਕਰਦੀ ਹੈ। ਉਹ ਇਸ ਨੂੰ ਵਫ਼ਾਦਾਰੀ ਜਾਂ ਬੇਵਫ਼ਾਈ ਦਾ ਮਾਮਲਾ ਨਹੀਂ ਬਣਾਉਂਦਾ ਹੈ। ਇਸ ਦੀ ਬਜਾਇ, ਇਹ ਸੁਤੰਤਰ ਚੁਣਾਉ ਦੀ ਗੱਲ ਹੈ, ਜਿਸ ਵਿਚ ਉਨ੍ਹਾਂ ਲਈ, ਅਵਿਵਾਹਿਤ ਸਥਿਤੀ ਦੇ ਪੱਖ ਵਿਚ ਪਲੜਾ ਭਾਰਾ ਹੈ, ਜੋ ਇਸ ਸਥਿਤੀ ਵਿਚ ਪਵਿੱਤਰ ਰਹਿਣ ਦਾ ਸਮਰਥ ਰੱਖਦੇ ਹਨ।
8 ਇਹ ਕਹਿਣ ਦੇ ਤੁਰੰਤ ਬਾਅਦ ਕਿ “ਪੁਰਖ ਦੇ ਲਈ ਤਾਂ ਇਹ ਚੰਗਾ ਹੈ ਜੋ ਇਸਤ੍ਰੀ ਨੂੰ ਨਾ ਛੋਹੇ,” ਪੌਲੁਸ ਨੇ ਅੱਗੇ ਕਿਹਾ: “ਪਰੰਤੂ ਹਰਾਮਕਾਰੀਆਂ ਦੇ ਕਾਰਨ ਹਰੇਕ ਪੁਰਖ ਆਪਣੀ ਹੀ ਇਸਤ੍ਰੀ ਨੂੰ ਅਤੇ ਹਰੇਕ ਇਸਤ੍ਰੀ ਆਪਣੇ ਹੀ ਪੁਰਖ ਨੂੰ ਰੱਖੇ।” (1 ਕੁਰਿੰਥੀਆਂ 7:1, 2) ਅਵਿਵਾਹਿਤ ਵਿਅਕਤੀਆਂ ਅਤੇ ਵਿਧਵਾਵਾਂ ਨੂੰ “ਇਹੋ ਜਿਹੇ ਰਹਿਣ ਜਿਹੋ ਜਿਹਾ ਮੈਂ ਹਾਂ” ਦੇ ਲਈ ਨਸੀਹਤ ਦੇਣ ਮਗਰੋਂ, ਉਸ ਨੇ ਛੇਤੀ ਹੀ ਅੱਗੇ ਇਹ ਕਿਹਾ: “ਪਰ ਜੇਕਰ ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸੱਕਣ, ਤਾਂ ਉਹਨਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਹ ਕਾਮ ਦੀ ਅੱਗ ਵਿਚ ਸੜਨ ਨਾਲੋਂ ਚੰਗਾ ਹੈ।” (1 ਕੁਰਿੰਥੀਆਂ 7:8; 7:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਦੇ ਅਤਿਰਿਕਤ, ਰੰਡਿਆਂ ਦੇ ਲਈ ਉਸ ਦੀ ਸਲਾਹ ਸੀ: “ਪਤਨੀ ਨਾ ਢੂੰਡ। ਪਰ ਜੇ ਤੂੰ ਵਿਆਹ ਕਰ ਲਵੇਂ ਤਾਂ ਪਾਪ ਨਹੀਂ ਕਰਦਾ।” (1 ਕੁਰਿੰਥੀਆਂ 7:27, 28) ਇਹ ਸੰਤੁਲਿਤ ਸਲਾਹ ਚੁਣਾਉ ਦੀ ਸੁਤੰਤਰਤਾ ਨੂੰ ਪ੍ਰਤਿਬਿੰਬਤ ਕਰਦੀ ਹੈ।
9. ਯਿਸੂ ਅਤੇ ਪੌਲੁਸ ਦੇ ਅਨੁਸਾਰ, ਵਿਆਹ ਅਤੇ ਅਵਿਵਾਹਿਤ ਸਥਿਤੀ ਦੋਵੇਂ ਹੀ ਕਿਵੇਂ ਪਰਮੇਸ਼ੁਰ ਵੱਲੋਂ ਦਾਨ ਹਨ?
9 ਪੌਲੁਸ ਨੇ ਦਿਖਾਇਆ ਕਿ ਵਿਆਹ ਅਤੇ ਅਵਿਵਾਹਿਤ ਸਥਿਤੀ ਦੋਵੇਂ ਹੀ ਪਰਮੇਸ਼ੁਰ ਵੱਲੋਂ ਦਾਨ ਹਨ। “ਮੈਂ ਚਾਹੁੰਦਾ ਹਾਂ ਭਈ ਸਾਰੇ ਮਨੁੱਖ ਇਹੋ ਜਿਹੇ ਹੋਣ ਜਿਹੋ ਜਿਹਾ ਮੈਂ ਆਪ ਹਾਂ ਪਰ ਹਰੇਕ ਨੇ ਆਪੋ ਆਪਣਾ ਦਾਨ ਪਰਮੇਸ਼ੁਰ ਤੋਂ ਪਾਇਆ ਹੈ, ਕਿਨੇ ਇਸ ਪਰਕਾਰ ਦਾ ਕਿਨੇ ਉਸ ਪਰਕਾਰ ਦਾ।” (1 ਕੁਰਿੰਥੀਆਂ 7:7) ਨਿਰਸੰਦੇਹ ਉਹ ਯਿਸੂ ਦੀ ਕਹੀ ਹੋਈ ਗੱਲ ਨੂੰ ਚੇਤੇ ਕਰ ਰਿਹਾ ਸੀ। ਇਹ ਸਿੱਧ ਕਰਨ ਮਗਰੋਂ ਕਿ ਵਿਆਹ ਪਰਮੇਸ਼ੁਰ ਵੱਲੋਂ ਹੈ, ਯਿਸੂ ਨੇ ਦਿਖਾਇਆ ਕਿ ਰਾਜ ਹਿਤਾਂ ਲਈ ਸੇਵਾ ਕਰਨ ਦੀ ਖ਼ਾਤਰ ਸਵੈ-ਇੱਛਿਤ ਕੁਆਰਾਪਣ ਇਕ ਵਿਸ਼ੇਸ਼ ਦਾਨ ਹੈ: “ਇਸ ਗੱਲ ਨੂੰ ਸਭ ਲੋਕ ਕਬੂਲ ਨਹੀਂ ਕਰਦੇ ਪਰ ਓਹ ਜਿਨ੍ਹਾਂ ਨੂੰ ਬਖ਼ਸ਼ਿਆ ਗਿਆ। ਕਿਉਂਕਿ ਅਜੇਹੇ ਖੁਸਰੇ ਹਨ ਜਿਹੜੇ ਮਾਂ ਦੀ ਕੁੱਖੋਂ ਇਸੇ ਤਰਾਂ ਜੰਮੇ ਅਤੇ ਅਜੇਹੇ ਖੁਸਰੇ ਹਨ ਜਿਹੜੇ ਮਨੁੱਖਾਂ ਦੇ ਖੁਸਰੇ ਕੀਤੇ ਹੋਏ ਹਨ ਅਤੇ ਅਜੇਹੇ ਖੁਸਰੇ ਹਨ ਕਿ ਜਿਨ੍ਹਾਂ ਨੇ ਸੁਰਗ ਦੇ ਰਾਜ ਦੇ ਕਾਰਨ ਆਪਣੇ ਆਪ ਨੂੰ ਖੁਸਰੇ ਕੀਤਾ ਹੈ। ਜਿਹੜਾ ਕਬੂਲ ਕਰ ਸੱਕਦਾ ਹੈ ਉਹ ਕਬੂਲ ਕਰੇ।”—ਮੱਤੀ 19:4-6, 11, 12.
ਅਵਿਵਾਹਿਤ ਸਥਿਤੀ ਦਾ ਦਾਨ ਕਬੂਲ ਕਰਨਾ
10. ਇਕ ਵਿਅਕਤੀ ਅਵਿਵਾਹਿਤ ਸਥਿਤੀ ਦੇ ਦਾਨ ਨੂੰ ਕਿਵੇਂ “ਕਬੂਲ” ਕਰ ਸਕਦਾ ਹੈ?
10 ਹਾਲਾਂਕਿ ਯਿਸੂ ਅਤੇ ਪੌਲੁਸ ਦੋਹਾਂ ਨੇ ਅਵਿਵਾਹਿਤ ਸਥਿਤੀ ਨੂੰ ਇਕ ‘ਦਾਨ’ ਆਖਿਆ, ਦੋਹਾਂ ਵਿੱਚੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਇਕ ਚਮਤਕਾਰੀ ਦਾਨ ਹੈ ਜੋ ਕੇਵਲ ਕੁਝ ਹੀ ਵਿਅਕਤੀਆਂ ਨੂੰ ਹਾਸਲ ਹੈ। ਯਿਸੂ ਨੇ ਕਿਹਾ ਕਿ ਉਸ ਦਾਨ ਨੂੰ “ਸਭ ਲੋਕ ਕਬੂਲ ਨਹੀਂ ਕਰਦੇ,” ਅਤੇ ਉਸ ਨੇ ਉਨ੍ਹਾਂ ਨੂੰ ਜਿਹੜੇ ਕਰ ਸਕਦੇ ਸਨ, ਇਸ ਨੂੰ ‘ਕਬੂਲ ਕਰਨ’ ਦੇ ਲਈ ਪ੍ਰੇਰਿਤ ਕੀਤਾ, ਜੋ ਕਿ ਯਿਸੂ ਅਤੇ ਪੌਲੁਸ ਨੇ ਕਬੂਲ ਕੀਤਾ। ਸੱਚ ਹੈ ਕਿ ਪੌਲੁਸ ਨੇ ਲਿਖਿਆ: “ਵਿਆਹ ਕਰ ਲੈਣਾ . . . ਕਾਮ ਦੀ ਅੱਗ ਵਿਚ ਸੜਨ ਨਾਲੋਂ ਚੰਗਾ ਹੈ,” ਲੇਕਨ ਉਹ ਉਨ੍ਹਾਂ ਦੀ ਗੱਲ ਕਰ ਰਿਹਾ ਸੀ ਜੋ ‘ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੇ ਹਨ।’ (1 ਕੁਰਿੰਥੀਆਂ 7:9) ਪਹਿਲੀਆਂ ਲਿਖਤਾਂ ਵਿਚ, ਪੌਲੁਸ ਨੇ ਦਿਖਾਇਆ ਕਿ ਮਸੀਹੀ ਕਾਮ ਦੀ ਅੱਗ ਵਿਚ ਸੜਨ ਤੋਂ ਬਚੇ ਰਹਿ ਸਕਦੇ ਹਨ। (ਗਲਾਤੀਆਂ 5:16, 22-24) ਆਤਮਾ ਦੁਆਰਾ ਚੱਲਣ ਦਾ ਭਾਵ ਹੈ ਯਹੋਵਾਹ ਦੀ ਆਤਮਾ ਨੂੰ ਸਾਡੇ ਹਰ ਕਦਮ ਨਿਯੰਤ੍ਰਿਤ ਕਰਨ ਦੇਣਾ। ਕੀ ਨੌਜਵਾਨ ਮਸੀਹੀ ਇਹ ਕਰ ਸਕਦੇ ਹਨ? ਜੀ ਹਾਂ, ਜੇਕਰ ਉਹ ਯਹੋਵਾਹ ਦੇ ਬਚਨ ਦੀ ਨਜ਼ਦੀਕੀ ਨਾਲ ਪੈਰਵੀ ਕਰਨ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਜੁਆਨ [ਜਾਂ ਮੁਟਿਆਰ] ਕਿਦਾਂ ਆਪਣੀ ਚਾਲ ਨੂੰ ਸੁੱਧ ਰੱਖੇ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।”—ਜ਼ਬੂਰ 119:9.
11. ‘ਆਤਮਾ ਦੇ ਅਨੁਸਾਰ ਚੱਲਣ’ ਦਾ ਕੀ ਅਰਥ ਹੈ?
11 ਇਸ ਵਿਚ ਉਨ੍ਹਾਂ ਇਜਾਜ਼ਤੀ ਵਿਚਾਰਾਂ ਦੇ ਵਿਰੁੱਧ ਸਾਵਧਾਨ ਰਹਿਣਾ ਸ਼ਾਮਲ ਹੈ, ਜੋ ਅਨੇਕ ਟੀ. ਵੀ. ਕਾਰਜਕ੍ਰਮਾਂ, ਫ਼ਿਲਮਾਂ, ਰਸਾਲਿਆਂ ਦੇ ਲੇਖਾਂ, ਪੁਸਤਕਾਂ, ਅਤੇ ਗੀਤਾਂ ਦੇ ਬੋਲਾਂ ਦੁਆਰਾ ਪ੍ਰਸਾਰਿਤ ਕੀਤੇ ਜਾਂਦੇ ਹਨ। ਅਜਿਹੇ ਵਿਚਾਰ ਕਾਮ-ਪੱਖੀ ਹੁੰਦੇ ਹਨ। ਇਕ ਮਸੀਹੀ ਨੌਜਵਾਨ ਜਾਂ ਮੁਟਿਆਰ, ਜੋ ਅਵਿਵਾਹਿਤ ਸਥਿਤੀ ਨੂੰ ਕਬੂਲ ਕਰਨ ਦੇ ਲਈ ਇਛੁੱਕ ਹੈ, ਨੂੰ ‘ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਣਾ’ ਚਾਹੀਦਾ ਹੈ। “ਜਿਹੜੇ ਸਰੀਰਕ ਹਨ ਓਹ ਸਰੀਰ ਦੀਆਂ ਵਸਤਾਂ ਉੱਤੇ [ਮਨ ਲਾਉਂਦੇ ਹਨ] ਪਰ ਜਿਹੜੇ ਆਤਮਕ ਹਨ ਓਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ।” (ਟੇਢੇ ਟਾਈਪ ਸਾਡੇ।) (ਰੋਮੀਆਂ 8:4, 5) ਆਤਮਾ ਦੀਆਂ ਵਸਤਾਂ ਧਰਮੀ, ਸ਼ੁੱਧ, ਸਹਾਉਣੀਆਂ, ਨੇਕ ਹਨ। ਮਸੀਹੀ, ਭਾਵੇਂ ਜਵਾਨ ਹੋਣ ਜਾਂ ਬਿਰਧ, ਲਗਾਤਾਰ ‘ਇਨ੍ਹਾਂ ਗੱਲਾਂ ਦੀ ਵਿਚਾਰ ਕਰ ਕੇ’ ਚੰਗਾ ਕਰਦੇ ਹਨ।—ਫ਼ਿਲਿੱਪੀਆਂ 4:8, 9.
12. ਅਵਿਵਾਹਿਤ ਸਥਿਤੀ ਦੇ ਦਾਨ ਨੂੰ ਕਬੂਲ ਕਰਨ ਵਿਚ ਬਹੁਤ ਹੱਦ ਤਕ ਕੀ ਸ਼ਾਮਲ ਹੈ?
12 ਅਵਿਵਾਹਿਤ ਸਥਿਤੀ ਦੇ ਦਾਨ ਨੂੰ ਕਬੂਲ ਕਰਨ ਵਿਚ ਬਹੁਤ ਹੱਦ ਤਕ ਉਸ ਟੀਚੇ ਬਾਰੇ ਆਪਣੇ ਦਿਲ ਵਿਚ ਠਾਣ ਲੈਣਾ ਅਤੇ ਇਸ ਦੀ ਭਾਲ ਵਿਚ ਯਹੋਵਾਹ ਤੋਂ ਮਦਦ ਲਈ ਪ੍ਰਾਰਥਨਾ ਕਰਨਾ ਸ਼ਾਮਲ ਹੈ। (ਫ਼ਿਲਿੱਪੀਆਂ 4:6, 7) ਪੌਲੁਸ ਨੇ ਲਿਖਿਆ: “ਜੇ ਕੋਈ ਆਪਣੇ ਦਿਲ ਵਿਚ ਦ੍ਰਿੜ੍ਹ ਹੈ, ਜਿਸ ਨੂੰ ਕੋਈ ਲੋੜ ਨਹੀਂ, ਬਲਕਿ ਆਪਣੀ ਇੱਛਾ ਉੱਤੇ ਇਖ਼ਤਿਆਰ ਰੱਖਦਾ ਹੈ ਅਤੇ ਜਿਸ ਨੇ ਆਪਣੇ ਕੁਆਰੇਪਣ ਨੂੰ ਕਾਇਮ ਰੱਖਣ ਦਾ ਇਹ ਨਿਰਣਾ ਆਪਣੇ ਦਿਲ ਵਿਚ ਕਰ ਲਿਆ ਹੈ, ਉਹ ਚੰਗਾ ਕਰੇਗਾ। ਫਲਸਰੂਪ ਉਹ ਵੀ ਚੰਗਾ ਕਰਦਾ ਹੈ ਜੋ ਵਿਆਹ ਵਿਚ ਆਪਣਾ ਕੁਆਰਾਪਣ ਦੇ ਦਿੰਦਾ ਹੈ, ਲੇਕਨ ਜੋ ਇਸ ਨੂੰ ਵਿਆਹ ਵਿਚ ਨਹੀਂ ਦਿੰਦਾ ਹੈ, ਉਹ ਜ਼ਿਆਦਾ ਚੰਗਾ ਕਰੇਗਾ।”—1 ਕੁਰਿੰਥੀਆਂ 7:37, 38, ਨਿ ਵ.
ਇਕ ਮਕਸਦ ਵਾਲੀ ਅਵਿਵਾਹਿਤ ਸਥਿਤੀ
13, 14. (ੳ) ਰਸੂਲ ਪੌਲੁਸ ਨੇ ਅਵਿਵਾਹਿਤ ਅਤੇ ਵਿਵਾਹਿਤ ਮਸੀਹੀਆਂ ਦੇ ਵਿਚਕਾਰ ਕਿਹੜੀ ਤੁਲਨਾ ਕੀਤੀ? (ਅ) ਵਿਵਾਹਿਤ ਵਿਅਕਤੀਆਂ ਨਾਲੋਂ, ਇਕ ਅਵਿਵਾਹਿਤ ਮਸੀਹੀ, ਕੇਵਲ ਕਿਵੇਂ ਹੀ ‘ਜ਼ਿਆਦਾ ਚੰਗਾ ਕਰ’ ਸਕਦਾ ਹੈ?
13 ਅਵਿਵਾਹਿਤ ਸਥਿਤੀ ਆਪਣੇ ਆਪ ਵਿਚ ਸਲਾਹੁਣਯੋਗ ਨਹੀਂ ਹੈ। ਤਾਂ ਫਿਰ, ਇਹ ਕਿਸ ਭਾਵ ਵਿਚ “ਜ਼ਿਆਦਾ ਚੰਗਾ” ਰੁਤਬਾ ਹੋ ਸਕਦਾ ਹੈ? ਇਹ ਅਸਲ ਵਿਚ ਇਸ ਉੱਤੇ ਨਿਰਭਰ ਕਰਦਾ ਹੈ ਕਿ ਇਸ ਦੇ ਨਾਲ ਮਿਲਣ ਵਾਲੀ ਆਜ਼ਾਦੀ ਨੂੰ ਇਕ ਵਿਅਕਤੀ ਕਿਵੇਂ ਵਰਤਦਾ ਹੈ। ਪੌਲੁਸ ਨੇ ਲਿਖਿਆ: “ਮੈਂ ਇਹ ਚਾਹੁੰਦਾ ਹਾਂ ਜੋ ਤੁਸੀਂ ਨਿਚਿੰਤ ਰਹੋ। ਅਣਵਿਆਹਿਆ ਪੁਰਖ ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਉਹ ਪ੍ਰਭੁ ਨੂੰ ਕਿਵੇਂ ਪਰਸੰਨ ਕਰੇ। ਪਰ ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਆਪਣੀ ਪਤਨੀ ਨੂੰ ਕਿਵੇਂ ਪਰਸੰਨ ਕਰੇ। ਅਤੇ ਉਹ ਦੁਬਧਾ ਵਿੱਚ ਪਿਆ ਰਹਿੰਦਾ ਹੈ। ਅਣਵਿਆਹੀ ਇਸਤ੍ਰੀ ਯਾ ਕੁਆਰੀ ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਭਈ ਉਹ ਦੇਹੀ ਅਤੇ ਆਤਮਾ ਵਿੱਚ ਪਵਿੱਤਰ ਹੋਵੇ ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਪਰਸੰਨ ਕਰੇ। ਅਤੇ ਮੈਂ ਤੁਹਾਡੇ ਆਪਣੇ ਹੀ ਭਲੇ ਲਈ ਇਹ ਆਖਦਾ ਹਾਂ, ਨਾ ਇਸ ਲਈ ਜੋ ਤੁਹਾਡੇ ਉੱਤੇ ਬੰਦਿਸ਼ ਪਾਵਾਂ ਸਗੋਂ ਇਸ ਲਈ ਜੋ ਮੁਨਾਸਬ ਕੰਮ ਕੀਤਾ ਜਾਵੇ, ਨਾਲੇ ਤੁਸੀਂ ਬਿਨਾਂ ਘਾਬਰੇ [“ਬਿਨਾਂ ਧਿਆਨ-ਭੰਗ,” ਨਿ ਵ] ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹੋ।”—1 ਕੁਰਿੰਥੀਆਂ 7:32-35.
14 ਇਕ ਅਵਿਵਾਹਿਤ ਮਸੀਹੀ ਜੋ ਆਪਣੀ ਅਵਿਵਾਹਿਤ ਸਥਿਤੀ ਨੂੰ ਸੁਆਰਥੀ ਟੀਚਿਆਂ ਦੀ ਭਾਲ ਲਈ ਵਰਤਦਾ ਹੈ, ਵਿਵਾਹਿਤ ਮਸੀਹੀਆਂ ਨਾਲੋਂ “ਜ਼ਿਆਦਾ ਚੰਗਾ” ਨਹੀਂ ਕਰਦਾ ਹੈ। ਉਹ “ਰਾਜ ਦੇ ਕਾਰਨ” ਨਹੀਂ, ਬਲਕਿ ਨਿੱਜੀ ਕਾਰਨਾਂ ਕਰਕੇ ਅਵਿਵਾਹਿਤ ਰਹਿ ਰਿਹਾ ਹੈ। (ਮੱਤੀ 19:12) ਅਵਿਵਾਹਿਤ ਪੁਰਸ਼ ਜਾਂ ਇਸਤਰੀ ਨੂੰ “ਪ੍ਰਭੁ ਦੀਆਂ ਗੱਲਾਂ ਦੀ ਚਿੰਤਾ” ਕਰਨਾ, ‘ਪ੍ਰਭੁ ਨੂੰ ਪਰਸੰਨ ਕਰਨ’ ਲਈ ਉਤਸੁਕ ਹੋਣਾ, ਅਤੇ ‘ਬਿਨਾਂ ਧਿਆਨ-ਭੰਗ ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹਿਣਾ’ ਚਾਹੀਦਾ ਹੈ। ਇਸ ਦਾ ਅਰਥ ਯਹੋਵਾਹ ਅਤੇ ਯਿਸੂ ਮਸੀਹ ਦੀ ਸੇਵਾ ਕਰਨ ਵਿਚ ਅਵਿਭਾਜਿਤ ਧਿਆਨ ਲਗਾਉਣਾ ਹੈ। ਕੇਵਲ ਇੰਜ ਕਰਨ ਦੇ ਦੁਆਰਾ ਹੀ ਅਵਿਵਾਹਿਤ ਮਸੀਹੀ ਪੁਰਸ਼ ਅਤੇ ਇਸਤਰੀ, ਵਿਵਾਹਿਤ ਮਸੀਹੀਆਂ ਨਾਲੋਂ “ਜ਼ਿਆਦਾ ਚੰਗਾ” ਕਰਦੇ ਹਨ।
ਨਿਰਵਿਘਨ ਸਰਗਰਮੀ
15. ਪਹਿਲਾ ਕੁਰਿੰਥੀਆਂ ਅਧਿਆਇ 7 ਵਿਚ ਪੌਲੁਸ ਦੇ ਤਰਕ ਦੀ ਮੁੱਖ ਗੱਲ ਕੀ ਹੈ?
15 ਇਸ ਅਧਿਆਇ ਵਿਚ ਪੌਲੁਸ ਦੀ ਸਮੁੱਚੀ ਤਰਕ ਇਹ ਹੈ: ਹਾਲਾਂਕਿ ਵਿਆਹ ਵਾਜਬ ਹੈ ਅਤੇ, ਖ਼ਾਸ ਹਾਲਤਾਂ ਅਧੀਨ, ਕਈਆਂ ਦੇ ਲਈ ਸਲਾਹਯੋਗ ਵੀ ਹੈ, ਫਿਰ ਵੀ ਅਵਿਵਾਹਿਤ ਸਥਿਤੀ ਉਸ ਮਸੀਹੀ ਪੁਰਸ਼ ਜਾਂ ਇਸਤਰੀ ਦੇ ਲਈ ਨਿਰਸੰਦੇਹ ਹੀ ਲਾਹੇਵੰਦ ਹੈ ਜੋ ਘੱਟ ਤੋਂ ਘੱਟ ਧਿਆਨ-ਭੰਗ ਦੇ ਨਾਲ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। ਜਿੱਥੇ ਵਿਵਾਹਿਤ ਵਿਅਕਤੀ “ਦੁਬਧਾ ਵਿੱਚ ਪਿਆ” ਹੁੰਦਾ ਹੈ, ਉੱਥੇ ਅਵਿਵਾਹਿਤ ਮਸੀਹੀ “ਪ੍ਰਭੁ ਦੀਆਂ ਗੱਲਾਂ” ਉੱਤੇ ਧਿਆਨ ਇਕਾਗਰ ਕਰਨ ਦੇ ਲਈ ਆਜ਼ਾਦ ਹੁੰਦਾ ਹੈ।
16, 17. ਇਕ ਅਵਿਵਾਹਿਤ ਮਸੀਹੀ ਕਿਵੇਂ “ਪ੍ਰਭੁ ਦੀਆਂ ਗੱਲਾਂ” ਉੱਤੇ ਹੋਰ ਚੰਗੇ ਤਰੀਕੇ ਨਾਲ ਧਿਆਨ ਇਕਾਗਰ ਕਰ ਸਕਦਾ ਹੈ?
16 ਪ੍ਰਭੂ ਦੀਆਂ ਕਿਹੜੀਆਂ ਗੱਲਾਂ ਹਨ ਜਿਨ੍ਹਾਂ ਵੱਲ ਇਕ ਅਵਿਵਾਹਿਤ ਮਸੀਹੀ ਵਿਵਾਹਿਤ ਵਿਅਕਤੀਆਂ ਨਾਲੋਂ ਜ਼ਿਆਦਾ ਆਜ਼ਾਦੀ ਨਾਲ ਧਿਆਨ ਦੇ ਸਕਦਾ ਹੈ? ਇਕ ਹੋਰ ਪ੍ਰਸੰਗ ਵਿਚ, ਯਿਸੂ ਨੇ ‘ਪਰਮੇਸ਼ੁਰ ਦੀਆਂ ਚੀਜ਼ਾਂ’ ਦਾ ਜ਼ਿਕਰ ਕੀਤਾ—ਚੀਜ਼ਾਂ ਜੋ ਇਕ ਮਸੀਹੀ ਕੈਸਰ ਨੂੰ ਨਹੀਂ ਦੇ ਸਕਦਾ ਹੈ। (ਮੱਤੀ 22:21) ਇਹ ਚੀਜ਼ਾਂ ਮੂਲ ਰੂਪ ਵਿਚ ਇਕ ਮਸੀਹੀ ਦੇ ਜੀਵਨ, ਉਪਾਸਨਾ, ਅਤੇ ਸੇਵਕਾਈ ਨਾਲ ਸੰਬੰਧ ਰੱਖਦੀਆਂ ਹਨ।—ਮੱਤੀ 4:10; ਰੋਮੀਆਂ 14:8; 2 ਕੁਰਿੰਥੀਆਂ 2:17; 3:5, 6; 4:1.
17 ਅਵਿਵਾਹਿਤ ਵਿਅਕਤੀਆਂ ਨੂੰ ਵਧੇਰੇ ਕਰਕੇ ਯਹੋਵਾਹ ਦੀ ਸੇਵਾ ਲਈ ਸਮਾਂ ਲਗਾਉਣ ਵਿਚ ਜ਼ਿਆਦਾ ਆਜ਼ਾਦੀ ਹੁੰਦੀ ਹੈ, ਜੋ ਉਨ੍ਹਾਂ ਦੀ ਅਧਿਆਤਮਿਕਤਾ ਨੂੰ ਅਤੇ ਉਨ੍ਹਾਂ ਦੀ ਸੇਵਕਾਈ ਦੇ ਵਿਸਤਾਰ ਨੂੰ ਲਾਭ ਪਹੁੰਚਾ ਸਕਦੀ ਹੈ। ਉਹ ਵਿਅਕਤੀਗਤ ਅਧਿਐਨ ਅਤੇ ਮਨਨ ਉੱਤੇ ਜ਼ਿਆਦਾ ਸਮਾਂ ਬਿਤਾ ਸਕਦੇ ਹਨ। ਅਵਿਵਾਹਿਤ ਮਸੀਹੀ ਅਕਸਰ ਵਿਵਾਹਿਤ ਮਸੀਹੀਆਂ ਨਾਲੋਂ ਜ਼ਿਆਦਾ ਆਸਾਨੀ ਨਾਲ ਆਪਣੇ ਬਾਈਬਲ ਪਠਨ ਨੂੰ ਆਪਣੇ ਕਾਰਜਕ੍ਰਮ ਵਿਚ ਸ਼ਾਮਲ ਕਰ ਸਕਦੇ ਹਨ। ਉਹ ਸ਼ਾਇਦ ਸਭਾਵਾਂ ਅਤੇ ਖੇਤਰ ਸੇਵਾ ਦੇ ਲਈ ਬਿਹਤਰ ਤਿਆਰੀ ਕਰਨ। ਇਹ ਸਭ ਕੁਝ ਉਨ੍ਹਾਂ ਦੇ “ਆਪਣੇ ਹੀ ਭਲੇ” ਦੇ ਲਈ ਹੈ।—1 ਕੁਰਿੰਥੀਆਂ 7:35.
18. ਅਨੇਕ ਅਵਿਵਾਹਿਤ ਭਰਾ ਕਿਵੇਂ ਦਿਖਾ ਸਕਦੇ ਹਨ ਕਿ ਉਹ “ਬਿਨਾਂ ਧਿਆਨ-ਭੰਗ” ਯਹੋਵਾਹ ਦੀ ਸੇਵਾ ਕਰਨਾ ਚਾਹੁੰਦੇ ਹਨ?
18 ਅਨੇਕ ਅਵਿਵਾਹਿਤ ਭਰਾ ਜੋ ਪਹਿਲਾਂ ਹੀ ਸਹਾਇਕ ਸੇਵਕਾਂ ਵਜੋਂ ਸੇਵਾ ਕਰ ਰਹੇ ਹਨ, ਯਹੋਵਾਹ ਨੂੰ ਇਹ ਕਹਿਣ ਲਈ ਆਜ਼ਾਦ ਹਨ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।” (ਯਸਾਯਾਹ 6:8) ਉਹ ਸੇਵਕਾਈ ਸਿਖਲਾਈ ਸਕੂਲ ਵਿਚ ਹਾਜ਼ਰ ਹੋਣ ਦੇ ਲਈ ਅਰਜ਼ੀ ਭਰ ਸਕਦੇ ਹਨ, ਜੋ ਕੇਵਲ ਉਨ੍ਹਾਂ ਅਵਿਵਾਹਿਤ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਦੇ ਲਈ ਰਾਖਵਾਂ ਹੈ, ਜਿਹੜੇ ਕਿ ਉੱਥੇ ਸੇਵਾ ਕਰਨ ਦੇ ਲਈ ਆਜ਼ਾਦ ਹਨ ਜਿੱਥੇ ਜ਼ਰੂਰਤ ਜ਼ਿਆਦਾ ਹੈ। ਜਿਹੜੇ ਭਰਾ ਆਪਣੀ ਕਲੀਸਿਯਾ ਨੂੰ ਛੱਡਣ ਲਈ ਆਜ਼ਾਦ ਨਹੀਂ ਹਨ, ਉਹ ਵੀ ਸਹਾਇਕ ਸੇਵਕਾਂ ਜਾਂ ਬਜ਼ੁਰਗਾਂ ਦੇ ਤੌਰ ਤੇ ਆਪਣੇ ਭਰਾਵਾਂ ਦੀ ਸੇਵਾ ਕਰਨ ਦੇ ਲਈ ਆਪਣੇ ਆਪ ਨੂੰ ਉਪਲਬਧ ਕਰਾ ਸਕਦੇ ਹਨ।—ਫ਼ਿਲਿੱਪੀਆਂ 2:20-23.
19. ਅਨੇਕ ਅਵਿਵਾਹਿਤ ਭੈਣਾਂ ਕਿਵੇਂ ਵਰੋਸਾਈਆਂ ਜਾਂਦੀਆਂ ਹਨ, ਅਤੇ ਕਿਹੜਾ ਇਕ ਤਰੀਕਾ ਹੈ ਜਿਸ ਵਿਚ ਉਹ ਕਲੀਸਿਯਾ ਦੇ ਲਈ ਇਕ ਬਰਕਤ ਸਾਬਤ ਹੋ ਸਕਦੀਆਂ ਹਨ?
19 ਅਵਿਵਾਹਿਤ ਭੈਣਾਂ, ਸਲਾਹ ਕਰਨ ਅਤੇ ਭੇਦ ਸਾਂਝਾ ਕਰਨ ਦੇ ਲਈ ਇਕ ਮਨੁੱਖੀ ਸਿਰ ਨਾ ਹੋਣ ਕਾਰਨ, ਸ਼ਾਇਦ ‘ਆਪਣਾ ਭਾਰ ਯਹੋਵਾਹ ਉੱਤੇ ਸੁੱਟਣ’ ਦੇ ਲਈ ਜ਼ਿਆਦਾ ਝੁਕਾਉ ਰੱਖਣ। (ਜ਼ਬੂਰ 55:22; 1 ਕੁਰਿੰਥੀਆਂ 11:3) ਇਹ ਖ਼ਾਸ ਕਰਕੇ ਉਨ੍ਹਾਂ ਭੈਣਾਂ ਦੇ ਲਈ ਜ਼ਰੂਰੀ ਹੈ ਜੋ ਯਹੋਵਾਹ ਦੇ ਪ੍ਰਤੀ ਪ੍ਰੇਮ ਦੀ ਖ਼ਾਤਰ ਅਵਿਵਾਹਿਤ ਹਨ। ਜੇ ਉਹ ਬਾਅਦ ਵਿਚ ਵਿਆਹ ਕਰ ਵੀ ਲੈਂਦੀਆਂ ਹਨ, ਤਾਂ ਇਹ “ਕੇਵਲ ਪ੍ਰਭੁ ਵਿੱਚ” ਹੀ ਹੋਵੇਗਾ, ਯਾਨੀ, ਅਜਿਹੇ ਇਕ ਵਿਅਕਤੀ ਨਾਲ ਜੋ ਯਹੋਵਾਹ ਨੂੰ ਸਮਰਪਿਤ ਹੈ। (1 ਕੁਰਿੰਥੀਆਂ 7:39) ਬਜ਼ੁਰਗ ਆਪਣੀਆਂ ਕਲੀਸਿਯਾਵਾਂ ਵਿਚ ਅਵਿਵਾਹਿਤ ਭੈਣਾਂ ਦੀ ਮੌਜੂਦਗੀ ਦੇ ਲਈ ਧੰਨਵਾਦੀ ਹਨ; ਇਹ ਅਕਸਰ ਬੀਮਾਰ ਅਤੇ ਬਿਰਧ ਵਿਅਕਤੀਆਂ ਨੂੰ ਮਿਲਣ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਮਦਦ ਕਰਦੀਆਂ ਹਨ। ਇਸ ਤੋਂ ਸਭ ਸੰਬੰਧਿਤ ਵਿਅਕਤੀਆਂ ਨੂੰ ਖ਼ੁਸ਼ੀ ਹਾਸਲ ਹੁੰਦੀ ਹੈ।—ਰਸੂਲਾਂ ਦੇ ਕਰਤੱਬ 20:35.
20. ਅਨੇਕ ਮਸੀਹੀ ਕਿਵੇਂ ਦਿਖਾ ਰਹੇ ਹਨ ਕਿ ਉਹ “ਬਿਨਾਂ ਧਿਆਨ-ਭੰਗ ਪ੍ਰਭੁ ਦੀ ਸੇਵਾ ਵਿੱਚ ਲੱਗੇ” ਹੋਏ ਹਨ?
20 ਅਨੇਕ ਨੌਜਵਾਨ ਮਸੀਹੀਆਂ ਨੇ ‘ਬਿਨਾਂ ਧਿਆਨ-ਭੰਗ ਪ੍ਰਭੁ ਦੀ ਸੇਵਾ ਵਿੱਚ ਲੱਗੇ ਰਹਿਣ’ ਦੇ ਲਈ ਆਪਣੇ ਮਾਮਲਿਆਂ ਨੂੰ ਵਿਵਸਥਿਤ ਕੀਤਾ ਹੈ। (1 ਕੁਰਿੰਥੀਆਂ 7:35) ਉਹ ਪੂਰਣ-ਕਾਲੀ ਪਾਇਨੀਅਰ ਸੇਵਕਾਂ, ਮਿਸ਼ਨਰੀਆਂ ਵਜੋਂ, ਜਾਂ ਵਾਚ ਟਾਵਰ ਸੋਸਾਇਟੀ ਦੇ ਇਕ ਸ਼ਾਖਾ ਦਫ਼ਤਰ ਵਿਖੇ ਯਹੋਵਾਹ ਦੀ ਸੇਵਾ ਕਰ ਰਹੇ ਹਨ। ਅਤੇ ਉਹ ਕਿੰਨਾ ਹੀ ਇਕ ਖ਼ੁਸ਼ ਸਮੂਹ ਹਨ! ਉਨ੍ਹਾਂ ਦੀ ਮੌਜੂਦਗੀ ਕਿੰਨੀ ਹੀ ਤਾਜ਼ਗੀਦਾਇਕ ਹੈ! ਕਿਉਂ, ਯਹੋਵਾਹ ਅਤੇ ਯਿਸੂ ਦੀਆਂ ਨਜ਼ਰਾਂ ਵਿਚ, ਉਹ ਬਿਲਕੁਲ “ਤ੍ਰੇਲ ਵਰਗੇ ਹਨ।”—ਜ਼ਬੂਰ 110:3.
ਸਦੀਵੀ ਜਤ-ਸਤ ਦਾ ਕੋਈ ਪ੍ਰਣ ਨਹੀਂ
21. (ੳ) ਇਹ ਕਿਉਂ ਸਪੱਸ਼ਟ ਹੈ ਕਿ ਪੌਲੁਸ ਨੇ ਜਤ-ਸਤ ਦਾ ਪ੍ਰਣ ਲੈਣ ਲਈ ਉਤਸ਼ਾਹਿਤ ਨਹੀਂ ਕੀਤਾ ਸੀ? (ਅ) ਉਸ ਦਾ ਕੀ ਭਾਵ ਸੀ ਜਦੋਂ ਉਸ ਨੇ “ਜਵਾਨੀ ਦੀ ਜੋਬਨ ਲੰਘ” ਚੁੱਕਣ ਦੀ ਗੱਲ ਕੀਤੀ?
21 ਪੌਲੁਸ ਦੀ ਸਲਾਹ ਵਿਚ ਇਕ ਮੁੱਖ ਨੁਕਤਾ ਇਹ ਹੈ ਕਿ ਮਸੀਹੀ ਆਪਣੇ ਜੀਵਨ ਵਿਚ ਅਵਿਵਾਹਿਤ ਸਥਿਤੀ ਨੂੰ ਕਬੂਲ ਕਰ ਕੇ “ਚੰਗਾ” ਕਰਨਗੇ। (1 ਕੁਰਿੰਥੀਆਂ 7:1, 8, 26, 37) ਪਰੰਤੂ, ਉਹ ਉਨ੍ਹਾਂ ਨੂੰ ਜਤ-ਸਤ ਦਾ ਪ੍ਰਣ ਲੈਣ ਦੇ ਲਈ ਉੱਕਾ ਹੀ ਨਹੀਂ ਆਖਦਾ ਹੈ। ਇਸ ਦੇ ਉਲਟ, ਉਸ ਨੇ ਲਿਖਿਆ: “ਜੇਕਰ ਕੋਈ ਸੋਚੇ ਕਿ ਉਹ ਆਪਣੇ ਕੁਆਰੇਪਣ ਦੇ ਪ੍ਰਤੀ ਅਨੁਚਿਤ ਤੌਰ ਤੇ ਵਰਤਾਉ ਕਰ ਰਿਹਾ ਹੈ, ਜੇਕਰ ਇਹ ਜਵਾਨੀ ਦੀ ਜੋਬਨ ਲੰਘ ਚੁੱਕਾ ਹੈ, ਤਾਂ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਉਸ ਨੂੰ ਉਹ ਕਰ ਲੈਣ ਦਿਓ ਜੋ ਉਹ ਚਾਹੁੰਦਾ ਹੈ; ਉਹ ਪਾਪ ਨਹੀਂ ਕਰਦਾ। ਉਨ੍ਹਾਂ ਨੂੰ ਵਿਆਹ ਰਚਾਉਣ ਦਿਓ।” (1 ਕੁਰਿੰਥੀਆਂ 7:36, ਨਿ ਵ) ਉਹ ਇਕ ਯੂਨਾਨੀ ਸ਼ਬਦ (ਹਾਈਪਰਏਕਮੌਸ) ਜਿਸ ਨੂੰ “ਜਵਾਨੀ ਦੀ ਜੋਬਨ ਲੰਘ ਚੁੱਕਾ” ਅਨੁਵਾਦ ਕੀਤਾ ਗਿਆ ਹੈ, ਦਾ ਸ਼ਾਬਦਿਕ ਅਰਥ “ਚਰਮਸੀਮਾ ਤੋਂ ਪਾਰ” ਹੈ ਅਤੇ ਇਹ ਕਾਮ-ਵਾਸ਼ਨਾ ਦੇ ਸਿਖਰ ਤਰੰਗ ਨੂੰ ਪਾਰ ਕਰ ਚੁੱਕਣ ਦੇ ਵੱਲ ਸੰਕੇਤ ਕਰਦਾ ਹੈ। ਇਸ ਲਈ, ਉਹ ਜੋ ਅਵਿਵਾਹਿਤ ਸਥਿਤੀ ਵਿਚ ਕਈ ਸਾਲ ਬਿਤਾ ਚੁੱਕੇ ਹਨ ਅਤੇ ਜੋ ਆਖ਼ਰਕਾਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਵਿਆਹ ਕਰਾ ਲੈਣਾ ਚਾਹੀਦਾ ਹੈ, ਉਹ ਇਕ ਸੰਗੀ ਵਿਸ਼ਵਾਸੀ ਨਾਲ ਵਿਆਹ ਰਚਾਉਣ ਲਈ ਬਿਲਕੁਲ ਆਜ਼ਾਦ ਹਨ।—2 ਕੁਰਿੰਥੀਆਂ 6:14.
22. ਇਕ ਮਸੀਹੀ ਦੇ ਲਈ ਘੱਟ ਉਮਰ ਵਿਚ ਵਿਆਹ ਨਾ ਰਚਾਉਣਾ ਹਰ ਲਿਹਾਜ਼ ਤੋਂ ਫ਼ਾਇਦੇਮੰਦ ਕਿਉਂ ਹੈ?
22 ਉਹ ਸਾਲ ਜੋ ਇਕ ਨੌਜਵਾਨ ਮਸੀਹੀ, ਬਿਨਾਂ ਧਿਆਨ-ਭੰਗ ਯਹੋਵਾਹ ਦੀ ਸੇਵਾ ਕਰਨ ਵਿਚ ਬਿਤਾਉਂਦਾ ਹੈ, ਉਹ ਸਿਆਣਪ ਨਾਲ ਲਗਾਈ ਗਈ ਇਕ ਪੂੰਜੀ ਹਨ। ਇਹ ਉਸ ਨੂੰ ਵਿਵਹਾਰਕ ਬੁੱਧੀ, ਤਜਰਬਾ, ਅਤੇ ਅੰਤਰਦ੍ਰਿਸ਼ਟੀ ਹਾਸਲ ਕਰਨ ਲਈ ਮੌਕਾ ਦਿੰਦੇ ਹਨ। (ਕਹਾਉਤਾਂ 1:3, 4) ਰਾਜ ਦੀ ਖ਼ਾਤਰ ਅਵਿਵਾਹਿਤ ਰਿਹਾ ਇਕ ਵਿਅਕਤੀ ਬਾਅਦ ਵਿਚ, ਜੇਕਰ ਉਹ ਇੰਜ ਕਰਨ ਦਾ ਨਿਰਣਾ ਕਰੇ, ਵਿਆਹੁਤਾ ਜੀਵਨ ਅਤੇ ਸ਼ਾਇਦ ਮਾਂ-ਪਿਉਪਣ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਲਈ ਕਿਤੇ ਹੀ ਬਿਹਤਰ ਸਥਿਤੀ ਵਿਚ ਹੋਵੇਗਾ।
23. ਵਿਆਹ ਬਾਰੇ ਵਿਚਾਰ ਕਰਨ ਵਾਲੇ ਕੁਝ ਵਿਅਕਤੀ ਸ਼ਾਇਦ ਕੀ ਸੋਚਣ, ਲੇਕਨ ਅਗਲੇ ਲੇਖਾਂ ਵਿਚ ਕਿਹੜੇ ਸਵਾਲ ਉੱਤੇ ਗੌਰ ਕੀਤਾ ਜਾਵੇਗਾ?
23 ਕੁਝ ਮਸੀਹੀ ਜਿਨ੍ਹਾਂ ਨੇ ਅਵਿਵਾਹਿਤ ਸਥਿਤੀ ਵਿਚ ਯਹੋਵਾਹ ਦੀ ਪੂਰਣ-ਕਾਲੀ ਸੇਵਾ ਕਰਨ ਵਿਚ ਕਈ ਸਾਲ ਬਿਤਾਏ ਹਨ, ਆਪਣੇ ਭਾਵੀ ਸਾਥੀ ਨੂੰ ਇਸ ਉਦੇਸ਼ ਨਾਲ ਧਿਆਨਪੂਰਵਕ ਚੁਣਦੇ ਹਨ ਕਿ ਉਹ ਕਿਸੇ-ਨ-ਕਿਸੇ ਪ੍ਰਕਾਰ ਦੀ ਪੂਰਣ-ਕਾਲੀ ਸੇਵਾ ਵਿਚ ਲੱਗੇ ਰਹਿਣ। ਇਹ ਨਿਸ਼ਚੇ ਹੀ ਅਤਿ ਸ਼ਲਾਘਾਯੋਗ ਹੈ। ਕੁਝ ਤਾਂ ਸ਼ਾਇਦ ਇਸ ਖ਼ਿਆਲ ਦੇ ਨਾਲ ਹੀ ਵਿਆਹ ਕਰਾਉਣ ਬਾਰੇ ਵਿਚਾਰ ਕਰਨ ਕਿ ਉਹ ਆਪਣੇ ਵਿਆਹ ਨੂੰ ਕਿਸੇ ਵੀ ਤਰ੍ਹਾਂ ਆਪਣੀ ਸੇਵਾ ਵਿਚ ਅੜਿੱਕਾ ਡਾਹੁਣ ਨਹੀਂ ਦੇਣਗੇ। ਲੇਕਨ ਕੀ ਇਕ ਵਿਵਾਹਿਤ ਮਸੀਹੀ ਨੂੰ ਯਹੋਵਾਹ ਦੀ ਸੇਵਾ ਉੱਤੇ ਧਿਆਨ ਇਕਾਗਰ ਕਰਨ ਦੇ ਲਈ ਉੱਨਾ ਹੀ ਆਜ਼ਾਦ ਮਹਿਸੂਸ ਕਰਨਾ ਚਾਹੀਦਾ ਹੈ ਜਿੰਨਾ ਕਿ ਜਦੋਂ ਉਹ ਅਵਿਵਾਹਿਤ ਸੀ? ਅਗਲੇ ਲੇਖਾਂ ਵਿਚ ਇਸ ਸਵਾਲ ਉੱਤੇ ਗੌਰ ਕੀਤਾ ਜਾਵੇਗਾ। (w96 10/15)
ਪੁਨਰ-ਵਿਚਾਰ ਵਜੋਂ
◻ ਰਸੂਲ ਪੌਲੁਸ ਨੇ ਕੁਰਿੰਥੁਸ ਵਿਚ ਕਲੀਸਿਯਾ ਨੂੰ ਲਿਖਣ ਦੀ ਲੋੜ ਕਿਉਂ ਮਹਿਸੂਸ ਕੀਤੀ?
◻ ਅਸੀਂ ਕਿਉਂ ਜਾਣਦੇ ਹਾਂ ਕਿ ਪੌਲੁਸ ਮੱਠਵਾਸੀਆਂ ਦੀ ਇਕ ਜੀਵਨ-ਸ਼ੈਲੀ ਦੀ ਸਲਾਹ ਨਹੀਂ ਦੇ ਰਿਹਾ ਸੀ?
◻ ਇਕ ਵਿਅਕਤੀ ਅਵਿਵਾਹਿਤ ਸਥਿਤੀ ਨੂੰ ਕਿਵੇਂ “ਕਬੂਲ” ਕਰ ਸਕਦਾ ਹੈ?
◻ ਅਵਿਵਾਹਿਤ ਭੈਣਾਂ ਆਪਣੀ ਅਵਿਵਾਹਿਤ ਸਥਿਤੀ ਤੋਂ ਕਿਵੇਂ ਲਾਭ ਹਾਸਲ ਕਰ ਸਕਦੀਆਂ ਹਨ?
◻ ਅਵਿਵਾਹਿਤ ਭਰਾ “ਬਿਨਾਂ ਧਿਆਨ-ਭੰਗ” ਯਹੋਵਾਹ ਦੀ ਸੇਵਾ ਕਰਨ ਦੇ ਲਈ ਆਪਣੀ ਆਜ਼ਾਦੀ ਦਾ ਕਿਨ੍ਹਾਂ ਤਰੀਕਿਆਂ ਵਿਚ ਲਾਭ ਉਠਾ ਸਕਦੇ ਹਨ?