ਪਾਠਕਾਂ ਵੱਲੋਂ ਸਵਾਲ
ਕੀ ਮੱਤੀ 19:10-12 ਵਿਚ ਯਿਸੂ ਦੇ ਸ਼ਬਦਾਂ ਦਾ ਇਹ ਮਤਲਬ ਹੈ ਕਿ ਜਿਹੜੇ ਆਪਣੀ ਮਰਜ਼ੀ ਨਾਲ ਕੁਆਰੇ ਰਹਿੰਦੇ ਹਨ, ਉਨ੍ਹਾਂ ਨੂੰ ਚਮਤਕਾਰੀ ਢੰਗ ਨਾਲ ਪਰਮੇਸ਼ੁਰ ਤੋਂ ਕੁਆਰੇ ਰਹਿਣ ਦੀ ਦਾਤ ਮਿਲੀ ਹੈ?
▪ ਜ਼ਰਾ ਧਿਆਨ ਦਿਓ ਕਿ ਯਿਸੂ ਨੇ ਕੁਆਰੇ ਰਹਿਣ ਬਾਰੇ ਗੱਲ ਕਦੋਂ ਕੀਤੀ ਸੀ। ਜਦ ਫ਼ਰੀਸੀ ਉਸ ਕੋਲ ਆਣ ਕੇ ਤਲਾਕ ਬਾਰੇ ਪੁੱਛਣ ਲੱਗੇ, ਤਾਂ ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਵਿਆਹ ਲਈ ਪਰਮੇਸ਼ੁਰ ਦੇ ਮਿਆਰ ਕੀ ਹਨ। ਭਾਵੇਂ ਕਿ ਮੂਸਾ ਦੇ ਕਾਨੂੰਨ ਮੁਤਾਬਕ ਕੋਈ ਆਦਮੀ ਆਪਣੀ ਪਤਨੀ ਵਿਚ “ਕੋਈ ਬੇਸ਼ਰਮੀ ਦੀ ਗੱਲ” ਦੇਖ ਕੇ ਤਲਾਕ ਲੈ ਸਕਦਾ ਸੀ, ਪਰ ਸ਼ੁਰੂ ਤੋਂ ਇਸ ਤਰ੍ਹਾਂ ਨਹੀਂ ਸੀ। (ਬਿਵ. 24:1, 2) ਫਿਰ ਯਿਸੂ ਨੇ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਤਾਂ ਉਹ ਹਰਾਮਕਾਰੀ ਕਰਦਾ ਹੈ।”—ਮੱਤੀ 19:3-9.
ਇਹ ਗੱਲ ਸੁਣ ਕੇ ਯਿਸੂ ਦੇ ਚੇਲਿਆਂ ਨੇ ਕਿਹਾ: “ਜੇ ਵਿਆਹ ਦਾ ਇਹੀ ਮਤਲਬ ਹੈ, ਤਾਂ ਵਿਆਹ ਕਰਾਉਣਾ ਹੀ ਨਹੀਂ ਚਾਹੀਦਾ।” ਯਿਸੂ ਨੇ ਜਵਾਬ ਦਿੱਤਾ: “ਹਰ ਕੋਈ ਇਸ ਗੱਲ ਨੂੰ ਨਹੀਂ ਮੰਨਦਾ, ਪਰ ਸਿਰਫ਼ ਉਹੀ ਇਨਸਾਨ ਮੰਨਦਾ ਹੈ ਜਿਸ ਦੀ ਪਰਮੇਸ਼ੁਰ ਮਦਦ ਕਰਦਾ ਹੈ [“ਜਿਸ ਨੂੰ ਇਹ ਦਾਤ ਬਖ਼ਸ਼ੀ ਗਈ ਹੈ,” ਫੁਟਨੋਟ]। ਕਿਉਂਕਿ ਕਈ ਲੋਕ ਜਮਾਂਦਰੂ ਨੁਕਸ ਹੋਣ ਕਰਕੇ ਵਿਆਹ ਨਹੀਂ ਕਰਾਉਂਦੇ, ਕਈਆਂ ਨੂੰ ਹੋਰ ਲੋਕ ਨਾਮਰਦ ਬਣਾ ਦਿੰਦੇ ਹਨ, ਅਤੇ ਕਈ ਸਵਰਗ ਦੇ ਰਾਜ ਦੀ ਖ਼ਾਤਰ ਕੁਆਰੇ ਰਹਿੰਦੇ ਹਨ। ਸੋ ਜਿਹੜਾ ਕੁਆਰਾ ਰਹਿ ਸਕਦਾ ਹੈ, ਉਹ ਕੁਆਰਾ ਰਹੇ।”—ਮੱਤੀ 19:10-12.
ਜਨਮ ਤੋਂ ਜਣਨ ਅੰਗਾਂ ਵਿਚ ਨੁਕਸ ਹੋਣ ਕਰਕੇ ਜਾਂ ਕਿਸੇ ਹਾਦਸੇ ਜਾਂ ਕੱਟ-ਵੱਢ ਕਰਕੇ ਜਣਨ ਅੰਗਾਂ ਨੂੰ ਨੁਕਸਾਨ ਪਹੁੰਚਣ ਕਾਰਨ ਕਈ ਲੋਕ ਵਿਆਹ ਨਹੀਂ ਕਰਾਉਂਦੇ। ਪਰ ਅਜਿਹੇ ਵੀ ਹਨ ਜਿਹੜੇ ਆਪਣੀ ਮਰਜ਼ੀ ਨਾਲ ਕੁਆਰੇ ਰਹਿੰਦੇ ਹਨ। ਭਾਵੇਂ ਉਨ੍ਹਾਂ ਦਾ ਵਿਆਹ ਹੋ ਸਕਦਾ ਹੈ, ਪਰ ਉਹ ਆਪਣੀਆਂ ਇੱਛਾਵਾਂ ʼਤੇ ਕਾਬੂ ਰੱਖਦੇ ਹਨ ਅਤੇ “ਸਵਰਗ ਦੇ ਰਾਜ ਦੀ ਖ਼ਾਤਰ” ਕੁਆਰੇ ਰਹਿੰਦੇ ਹਨ। ਯਿਸੂ ਵਾਂਗ ਉਨ੍ਹਾਂ ਨੇ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ ਤਾਂਕਿ ਉਹ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਵਿਚ ਜ਼ਿਆਦਾ ਹਿੱਸਾ ਲੈ ਸਕਣ। ਉਹ ਕੁਆਰੇ ਰਹਿਣ ਦੀ ਦਾਤ ਨਾਲ ਨਾ ਤਾਂ ਪੈਦਾ ਹੋਏ ਹਨ ਤੇ ਨਾ ਹੀ ਉਨ੍ਹਾਂ ਨੂੰ ਇਹ ਦਾਤ ਚਮਤਕਾਰੀ ਢੰਗ ਨਾਲ ਪਰਮੇਸ਼ੁਰ ਤੋਂ ਮਿਲੀ ਹੈ। ਇਸ ਦੀ ਬਜਾਇ, ਉਨ੍ਹਾਂ ਨੇ ਆਪ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ।
ਯਿਸੂ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਪੌਲੁਸ ਰਸੂਲ ਨੇ ਸਮਝਾਇਆ ਕਿ ਸਾਰੇ ਮਸੀਹੀ, ਚਾਹੇ ਉਹ ਕੁਆਰੇ ਹੋਣ ਜਾਂ ਵਿਆਹੇ, ਪਰਮੇਸ਼ੁਰ ਦੀ ਭਗਤੀ ਕਰ ਸਕਦੇ ਹਨ। ਪਰ ਜਿਨ੍ਹਾਂ ਨੇ ਕੁਆਰੇ ਰਹਿਣ ਲਈ “ਆਪਣੇ ਮਨ ਵਿਚ ਪੱਕਾ ਧਾਰ ਲਿਆ ਹੈ,” ਇਹ ਉਨ੍ਹਾਂ ਲਈ “ਹੋਰ ਵੀ ਚੰਗੀ ਗੱਲ” ਹੈ। ਉਹ ਕਿਵੇਂ? ਵਿਆਹੇ ਲੋਕਾਂ ਦਾ ਧਿਆਨ ਦੋ ਪਾਸੀਂ ਹੁੰਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਸਮਾਂ ਤੇ ਆਪਣੀ ਤਾਕਤ ਆਪਣੇ ਜੀਵਨ ਸਾਥੀ ਦਾ ਧਿਆਨ ਰੱਖਣ ਤੇ ਉਸ ਨੂੰ ਖ਼ੁਸ਼ ਕਰਨ ਵਿਚ ਵੀ ਲਾਉਣੀ ਪੈਂਦੀ ਹੈ। ਦੂਜੇ ਪਾਸੇ, ਕੁਆਰੇ ਮਸੀਹੀ ਪੂਰਾ ਧਿਆਨ ਲਾ ਕੇ ਲਗਨ ਨਾਲ ਪ੍ਰਭੂ ਦੀ ਸੇਵਾ ਕਰ ਸਕਦੇ ਹਨ। ਉਹ ਕੁਆਰੇ ਰਹਿਣ ਨੂੰ ਪਰਮੇਸ਼ੁਰ ਵੱਲੋਂ ਦਾਤ ਸਮਝਦੇ ਹਨ।—1 ਕੁਰਿੰ. 7:7, 32-38.
ਇਸ ਲਈ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਕਿਸੇ ਮਸੀਹੀ ਨੂੰ ਚਮਤਕਾਰੀ ਢੰਗ ਨਾਲ ਪਰਮੇਸ਼ੁਰ ਤੋਂ ਕੁਆਰੇ ਰਹਿਣ ਦੀ ਦਾਤ ਨਹੀਂ ਮਿਲਦੀ ਹੈ। ਇਸ ਦੀ ਬਜਾਇ, ਉਹ ਅਣਵਿਆਹਿਆ ਰਹਿਣ ਦਾ ਫ਼ੈਸਲਾ ਕਰਦਾ ਹੈ ਤਾਂਕਿ ਉਹ ਪੂਰੀ ਲਗਨ ਨਾਲ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇ ਸਕੇ। ਅੱਜ ਕਈਆਂ ਨੇ ਇਸੇ ਕਾਰਨ ਕੁਆਰੇ ਰਹਿਣ ਦਾ ਫ਼ੈਸਲਾ ਕੀਤਾ ਹੈ ਤੇ ਦੂਜਿਆਂ ਨੂੰ ਉਨ੍ਹਾਂ ਦੇ ਫ਼ੈਸਲੇ ਦੀ ਕਦਰ ਕਰਨੀ ਚਾਹੀਦੀ ਹੈ।