ਨੌ ਜਵਾਨ ਪੁੱਛਦੇ ਹਨ . . .
ਉਦੋਂ ਕੀ ਜੇਕਰ ਮੇਰੇ ਮਾਪੇ ਮੇਰੇ ਵਿਆਹ ਦਾ ਵਿਰੋਧ ਕਰਨ?
ਲਾਕੀਸ਼ਾ ਅਤੇ ਉਸ ਦਾ ਬੁਆਏ-ਫ੍ਰੈਂਡ ਵਿਆਹ ਕਰਾਉਣ ਬਾਰੇ ਸੋਚ ਰਹੇ ਹਨ, ਲੇਕਿਨ ਲਾਕੀਸ਼ਾ ਦੀ ਮਾਂ ਆਪਣੀ ਮਨਜ਼ੂਰੀ ਨਹੀਂ ਦਿੰਦੀ ਹੈ। “ਇਸ ਸਾਲ ਮੈਂ 19 ਸਾਲਾਂ ਦੀ ਹੋ ਜਾਵਾਂਗੀ,” ਲਾਕੀਸ਼ਾ ਕਹਿੰਦੀ ਹੈ, “ਲੇਕਿਨ ਮੇਰੀ ਮੰਮੀ, ਮੇਰੇ 21 ਸਾਲ ਦੀ ਹੋ ਜਾਣ ਤਕ ਸਾਨੂੰ ਉਡੀਕ ਕਰਨ ਲਈ ਜ਼ੋਰ ਪਾਉਂਦੀ ਹੈ।”
ਜੇਕਰ ਤੁਸੀਂ ਵਿਆਹ ਕਰਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸੁਭਾਵਕ ਤੌਰ ਤੇ ਤੁਸੀਂ ਆਪਣੇ ਮਾਪਿਆਂ ਦਾ ਆਸ਼ੀਰਵਾਦ ਚਾਹੁੰਦੇ ਹੋ। ਜਦੋਂ ਤੁਹਾਡੇ ਮਾਪੇ ਤੁਹਾਡੇ ਸਾਥੀ ਦੀ ਚੋਣ ਨੂੰ ਪਸੰਦ ਨਾ ਕਰਨ, ਤਾਂ ਬਹੁਤ ਦੁੱਖ ਲੱਗ ਸਕਦਾ ਹੈ। ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਉਨ੍ਹਾਂ ਦੀਆਂ ਖ਼ਾਹਸ਼ਾਂ ਤੇ ਪਾਣੀ ਫੇਰ ਕੇ ਆਪਣੇ ਵਿਆਹ ਦੇ ਬੰਦੋਬਸਤ ਨੂੰ ਜਾਰੀ ਰੱਖਣਾ ਚਾਹੀਦਾ ਹੈ?a
ਤੁਸੀਂ ਸ਼ਾਇਦ ਇੰਜ ਕਰਨਾ ਚਾਹੋ ਜੇਕਰ ਤੁਸੀਂ ਸਹੀ ਉਮਰ ਦੇ ਹੋਣ ਕਰਕੇ ਆਪਣੇ ਮਾਪਿਆਂ ਦੀ ਇਜਾਜ਼ਤ ਤੋਂ ਬਿਨਾਂ ਕਾਨੂੰਨੀ ਤੌਰ ਤੇ ਵਿਆਹ ਕਰ ਸਕਦੇ ਹੋ। ਫਿਰ ਵੀ ਬਾਈਬਲ, ਆਪਣੇ ਮਾਪਿਆਂ ਨੂੰ ਮਾਣ ਅਤੇ ਆਦਰ ਦੇਣ ਉੱਤੇ ਉਮਰ ਦੀ ਕੋਈ ਸੀਮਾ ਨਹੀਂ ਲਾਉਂਦੀ ਹੈ। (ਕਹਾਉਤਾਂ 1:8) ਅਤੇ ਜੇ ਤੁਸੀਂ ਉਨ੍ਹਾਂ ਦਿਆਂ ਜਜ਼ਬਾਤਾਂ ਦੀ ਕਦਰ ਨਹੀਂ ਕਰਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਹਮੇਸ਼ਾ ਲਈ ਨੁਕਸਾਨ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ, ਇਹ ਵੀ ਸੰਭਵ ਹੋ ਸਕਦਾ ਹੈ ਕਿ ਤੁਹਾਡੇ ਮਾਪਿਆਂ ਕੋਲ ਤੁਹਾਡੇ ਵਿਆਹ ਦਾ ਵਿਰੋਧ ਕਰਨ ਦੇ ਠੋਸ ਕਾਰਨ ਹੋਣ।
ਕਿੰਨੀ ਉਮਰ ਕੱਚੀ ਉਮਰ ਹੈ?
ਉਦਾਹਰਣ ਲਈ, ਕੀ ਤੁਹਾਡੇ ਮਾਪੇ ਤੁਹਾਨੂੰ ਇਹ ਕਹਿ ਰਹੇ ਹਨ ਕਿ ਵਿਆਹ ਕਰਨ ਲਈ ਤੁਹਾਡੀ ਉਮਰ ਕੱਚੀ ਹੈ? ਲੇਕਿਨ, ਬਾਈਬਲ ਵਿਆਹ ਕਰਾਉਣ ਲਈ ਕੋਈ ਉਮਰ ਨਿਸ਼ਚਿਤ ਨਹੀਂ ਕਰਦੀ ਹੈ। ਪਰ ਉਹ ਇਹ ਸਲਾਹ ਦਿੰਦੀ ਹੈ ਕਿ ਵਿਆਹ ਕਰਨ ਤੋਂ ਪਹਿਲਾਂ ਇਕ ਮੁੰਡੇ ਜਾਂ ਕੁੜੀ ਦਾ “ਜੋਬਨ ਲੰਘ ਚੁੱਕਾ” ਹੋਣਾ ਚਾਹੀਦਾ ਹੈ। ਜੋਬਨ ਉਹ ਚੜ੍ਹਦੀ ਜਵਾਨੀ ਦੀ ਅਵਸਥਾ ਹੈ ਜਦੋਂ ਲਿੰਗੀ ਇੱਛਾਵਾਂ ਆਪਣੇ ਸਿਖਰ ਤੇ ਹੁੰਦੀਆਂ ਹਨ। (1 ਕੁਰਿੰਥੀਆਂ 7:36, ਨਿ ਵ) ਕਿਉਂ? ਕਿਉਂਕਿ ਅਜਿਹੇ ਨੌਜਵਾਨ ਲੋਕ ਭਾਵਾਤਮਕ ਪ੍ਰੌੜ੍ਹਤਾ, ਆਤਮ-ਸੰਜਮ, ਅਤੇ ਅਧਿਆਤਮਿਕ ਗੁਣ ਹਾਲੇ ਪ੍ਰਗਟ ਕਰਨੇ ਸ਼ੁਰੂ ਹੀ ਕਰ ਰਹੇ ਹੁੰਦੇ ਹਨ ਜੋ ਵਿਆਹੁਤਾ ਜੀਵਨ ਵਿਚ ਸਫ਼ਲ ਹੋਣ ਲਈ ਜ਼ਰੂਰੀ ਹਨ।—ਤੁਲਨਾ ਕਰੋ 1 ਕੁਰਿੰਥੀਆਂ 13:11; ਗਲਾਤੀਆਂ 5:22, 23.
ਜਦੋਂ 20-ਸਾਲਾ ਡੇਲ ਨੇ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ, ਤਾਂ ਉਹ ਆਪਣੇ ਮਾਪਿਆਂ ਦੀ ਵਿਰੋਧਤਾ ਦੇਖ ਕੇ ਬਹੁਤ ਦੁਖੀ ਹੋਇਆ। “ਉਨ੍ਹਾਂ ਨੇ ਕਿਹਾ ਕਿ ਮੈਂ ਕੱਚੀ ਉਮਰ ਦਾ ਹਾਂ ਅਤੇ ਮੇਰੇ ਵਿਚ ਤਜਰਬੇ ਦੀ ਕਮੀ ਸੀ,” ਉਹ ਕਹਿੰਦਾ ਹੈ। “ਮੇਰੇ ਖ਼ਿਆਲ ਵਿਚ ਅਸੀਂ ਤਿਆਰ ਸੀ ਅਤੇ ਅੱਗੇ ਜਾ ਕੇ ਸਿੱਖ ਸਕਦੇ ਸਨ, ਪਰ ਮੇਰੇ ਮਾਪੇ ਨਿਸ਼ਚਿਤ ਹੋਣਾ ਚਾਹੁੰਦੇ ਸਨ ਕਿ ਮੈਂ ਕੇਵਲ ਜਜ਼ਬਾਤਾਂ ਵਿਚ ਆ ਕੇ ਕਦਮ ਨਹੀਂ ਚੁੱਕ ਰਿਹਾ ਸੀ। ਉਨ੍ਹਾਂ ਨੇ ਕਈ ਸਵਾਲ ਪੁੱਛੇ। ਕੀ ਮੈਂ ਰੋਜ਼ਾਨਾ ਦੇ ਜੀਵਨ ਦੇ ਫ਼ੈਸਲੇ ਕਰਨ ਲਈ, ਪੈਸਿਆਂ ਦਾ ਇੰਤਜ਼ਾਮ ਕਰਨ ਲਈ, ਪਰਿਵਾਰ ਵਾਸਤੇ ਭੌਤਿਕ, ਭਾਵਾਤਮਕ, ਅਤੇ ਅਧਿਆਤਮਿਕ ਤੌਰ ਤੇ ਪ੍ਰਬੰਧ ਕਰਨ ਦੀ ਹਕੀਕੀ ਜ਼ਿੰਮੇਵਾਰੀ ਨੂੰ ਚੁੱਕਣ ਲਈ ਤਿਆਰ ਸੀ? ਕੀ ਮੈਂ ਬਾਪ ਬਣਨ ਲਈ ਤਿਆਰ ਸੀ? ਕੀ ਮੈਂ ਸੱਚ-ਮੁੱਚ ਸੰਚਾਰ ਕਰਨਾ ਸਿੱਖ ਲਿਆ ਸੀ? ਕੀ ਮੈਂ ਸੱਚ-ਮੁੱਚ ਇਕ ਸਾਥੀ ਦੀਆਂ ਜ਼ਰੂਰਤਾਂ ਨੂੰ ਸਮਝ ਸਕਦਾ ਸੀ? ਉਨ੍ਹਾਂ ਦੇ ਖ਼ਿਆਲ ਵਿਚ ਮੈਨੂੰ ਕਿਸੇ ਹੋਰ ਬਾਲਗ ਦੀ ਦੇਖ-ਭਾਲ ਸ਼ੁਰੂ ਕਰਨ ਤੋਂ ਪਹਿਲਾਂ, ਆਪਣੇ ਆਪ ਨੂੰ ਇਕ ਬਾਲਗ ਵਜੋਂ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ।
“ਭਾਵੇਂ ਕਿ ਅਸੀਂ ਉਡੀਕ ਨਹੀਂ ਸੀ ਕਰਨੀ ਚਾਹੁੰਦੇ, ਫਿਰ ਵੀ ਆਪਣੇ ਆਪ ਨੂੰ ਪ੍ਰੌੜ੍ਹ ਹੋਣ ਲਈ ਸਮਾਂ ਦੇਣ ਵਾਸਤੇ ਅਸੀਂ ਆਪਣਾ ਵਿਆਹ ਟਾਲਿਆ। ਆਖ਼ਰਕਾਰ ਜਦੋਂ ਸਾਡਾ ਵਿਆਹ ਹੋਇਆ, ਤਾਂ ਅਸੀਂ ਇਕ ਬਿਹਤਰ ਬੁਨਿਆਦ ਦੇ ਨਾਲ ਰਿਸ਼ਤਾ ਆਰੰਭ ਕੀਤਾ ਅਤੇ ਇਕ ਦੂਜੇ ਨੂੰ ਹੋਰ ਜ਼ਿਆਦਾ ਸਮਰਥਨ ਦੇਣ ਦੇ ਯੋਗ ਹੋਏ।”
ਜਦੋਂ ਧਾਰਮਿਕ ਭਿੰਨਤਾਵਾਂ ਚਿੰਤਾ ਦਾ ਕਾਰਨ ਹੁੰਦੀਆਂ ਹਨ
ਜਦੋਂ ਟੈਰੀ ਅਜਿਹੇ ਆਦਮੀ ਨੂੰ ਪਿਆਰ ਕਰਨ ਲੱਗੀ ਜੋ ਉਸ ਦੇ ਚੁਣੇ ਹੋਏ ਧਰਮ ਦਾ ਨਹੀਂ ਸੀ, ਤਾਂ ਉਹ ਉਸ ਨੂੰ ਚੋਰੀ-ਚੋਰੀ ਮਿਲਣ ਲੱਗ ਪਈ। ਜਦੋਂ ਟੈਰੀ ਨੇ ਵਿਆਹ ਕਰਾਉਣ ਦੇ ਇਰਾਦੇ ਬਾਰੇ ਦੱਸਿਆ, ਤਾਂ ਵਿਆਹ ਪ੍ਰਤੀ ਆਪਣੀ ਮਾਂ ਦੀ ਵਿਰੋਧਤਾ ਨੂੰ ਦੇਖ ਕੇ ਉਹ ਬਹੁਤ ਪਰੇਸ਼ਾਨ ਹੋਈ। “ਮੈਂ ਨਹੀਂ ਚਾਹੁੰਦੀ ਕਿ ਮੇਰੀ ਮਾਂ ਮੇਰੇ ਬਾਰੇ ਇਸ ਤਰ੍ਹਾਂ ਸੋਚੇ,” ਟੈਰੀ ਨੇ ਅਫ਼ਸੋਸ ਕੀਤਾ। “ਮੈਂ ਅਜੇ ਵੀ ਚਾਹੁੰਦੀ ਹਾਂ ਕਿ ਸਾਡਾ ਮਾਂ-ਧੀ ਦਾ ਰਿਸ਼ਤਾ ਕਾਇਮ ਰਹੇ।”
ਲੇਕਿਨ ਉਸ ਰਿਸ਼ਤੇ ਵਿਚ ਕੌਣ ਅੜਿੱਕਾ ਪਾ ਰਿਹਾ ਸੀ? ਕੀ ਟੈਰੀ ਦੀ ਮਾਂ ਕਮੀਨ ਜਾਂ ਨਾਵਾਜਬ ਹੋ ਰਹੀ ਸੀ? ਨਹੀਂ, ਉਹ ਤਾਂ ਮਸੀਹੀਆਂ ਨੂੰ “ਕੇਵਲ ਪ੍ਰਭੁ ਵਿੱਚ” ਵਿਆਹ ਕਰਾਉਣ ਬਾਰੇ ਬਾਈਬਲ ਦੀ ਸਲਾਹ ਉੱਤੇ ਚੱਲ ਰਹੀ ਸੀ। (1 ਕੁਰਿੰਥੀਆਂ 7:39) ਦਰਅਸਲ, ਬਾਈਬਲ ਹੁਕਮ ਦਿੰਦੀ ਹੈ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ।” (2 ਕੁਰਿੰਥੀਆਂ 6:14, 15) ਇੰਜ ਕਿਉਂ?
ਇਕ ਕਾਰਨ ਇਹ ਹੈ ਕਿ ਇਕ ਖ਼ੁਸ਼ ਅਤੇ ਸਫ਼ਲ ਵਿਆਹੁਤਾ ਜੀਵਨ ਲਈ ਧਾਰਮਿਕ ਏਕਤਾ ਇਕ ਬਹੁਤ ਹੀ ਮਹੱਤਵਪੂਰਣ ਤੱਤ ਹੈ। ਮਾਹਰ ਕਹਿੰਦੇ ਹਨ ਕਿ ਅੰਤਰਵਿਸ਼ਵਾਸ ਵਾਲੇ ਵਿਆਹਾਂ ਵਿਚ ਆਮ ਆਉਣ ਵਾਲੇ ਦਬਾਅ ਅਤੇ ਤਣਾਅ, ਅਕਸਰ ਤਲਾਕ ਵੱਲ ਲੈ ਜਾਂਦੇ ਹਨ। ਖ਼ੈਰ, ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਕਾਰਨ ਇਹ ਹੈ ਕਿ ਇਕ ਵਿਅਕਤੀ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਨਾਲ ਸਮਝੌਤਾ ਕਰਨ ਲਈ—ਜਾਂ ਉਨ੍ਹਾਂ ਨੂੰ ਬਿਲਕੁਲ ਛੱਡਣ ਲਈ—ਮਜਬੂਰ ਕੀਤਾ ਜਾ ਸਕਦਾ ਹੈ। ਭਾਵੇਂ ਇਕ ਅਵਿਸ਼ਵਾਸੀ ਸਾਥੀ ਤੁਹਾਡੀ ਉਪਾਸਨਾ ਵਿਚ ਦਖ਼ਲ ਨਾ ਵੀ ਦਿੰਦਾ ਹੋਵੇ, ਫਿਰ ਵੀ ਤੁਹਾਨੂੰ ਇਹ ਦੁੱਖ ਭੋਗਣਾ ਪਵੇਗਾ ਕਿ ਤੁਸੀਂ ਆਪਣੇ ਸਾਥੀ ਨਾਲ ਆਪਣੇ ਡੂੰਘੇ ਵਿਸ਼ਵਾਸ ਸਾਂਝੇ ਨਹੀਂ ਕਰ ਸਕਦੇ ਹੋ। ਕੀ ਇਹ ਵਿਆਹੁਤਾ ਜੀਵਨ ਨੂੰ ਸੁਖੀ ਬਣਾਉਣ ਦਾ ਤਰੀਕਾ ਜਾਪਦਾ ਹੈ?
ਇਸ ਕਰਕੇ ਟੈਰੀ ਸਾਮ੍ਹਣੇ ਇਕ ਔਖਾ ਫ਼ੈਸਲਾ ਸੀ। “ਮੈਂ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਦੀ ਹਾਂ,” ਟੈਰੀ ਨੇ ਕਿਹਾ, “ਲੇਕਿਨ ਮੈਂ ਆਪਣੇ ਬੁਆਏ-ਫ੍ਰੈਂਡ ਨੂੰ ਖੋਹਣਾ ਨਹੀਂ ਚਾਹੁੰਦੀ।” ਤੁਸੀਂ ਦੋਹਾਂ ਰਾਹਾਂ ਤੇ ਨਹੀਂ ਚੱਲ ਸਕਦੇ। ਤੁਸੀਂ ਪਰਮੇਸ਼ੁਰ ਦੇ ਮਿਆਰਾਂ ਨਾਲ ਸਮਝੌਤਾ ਕਰ ਕੇ ਉਸ ਦੀ ਮਿਹਰ ਅਤੇ ਬਰਕਤ ਦਾ ਆਨੰਦ ਨਹੀਂ ਮਾਣ ਸਕਦੇ ਹੋ।
ਪਰੰਤੂ ਸ਼ਾਇਦ, ਤੁਹਾਡੇ ਮਾਪੇ ਕਿਸੇ ਖ਼ਾਸ ਸੰਗੀ ਮਸੀਹੀ ਦੇ ਨਾਲ ਤੁਹਾਡੇ ਵਿਆਹ ਦਾ ਵਿਰੋਧ ਕਰਦੇ ਹਨ। ਕੀ ਇਕ ਵਿਸ਼ਵਾਸੀ ਨਾਲ ਅਣਸਾਵੇਂ ਜੁੱਤਣਾ, ਜਾਂ ਜੋੜ ਰੱਖਣਾ ਸੰਭਵ ਹੈ? ਜੀ ਹਾਂ, ਜੇਕਰ ਉਹ ਵਿਅਕਤੀ ਤੁਹਾਡੇ ਜਿਹੇ ਅਧਿਆਤਮਿਕ ਟੀਚੇ ਨਾ ਰੱਖਦਾ ਹੋਵੇ ਜਾਂ ਤੁਹਾਡੇ ਵਾਂਗ ਪਰਮੇਸ਼ੁਰ ਦੀ ਭਗਤੀ ਨਾ ਕਰਦਾ ਹੋਵੇ। ਜੇ ਇੰਜ ਹੈ ਜਾਂ ਜੇ ਉਸ ਵਿਅਕਤੀ ਦਾ ਆਪਣੀ ਕਲੀਸਿਯਾ ਦੇ ਭਰਾਵਾਂ ਵਿਚ “ਨੇਕਨਾਮ” ਨਾ ਹੋਵੇ, ਤਾਂ ਤੁਹਾਡੇ ਮਾਪਿਆਂ ਕੋਲ ਉਸ ਵਿਅਕਤੀ ਨਾਲ ਤੁਹਾਡਾ ਵਿਆਹ ਕਰਨ ਬਾਰੇ ਚਿੰਤਾ ਕਰਨ ਦੇ ਉਚਿਤ ਕਾਰਨ ਹੋ ਸਕਦੇ ਹਨ।—ਰਸੂਲਾਂ ਦੇ ਕਰਤੱਬ 16:2.
ਜਾਤੀਗਤ ਜਾਂ ਸਭਿਆਚਾਰਕ ਭਿੰਨਤਾਵਾਂ ਬਾਰੇ ਕੀ?
ਲਿਨ ਦੇ ਮਾਪਿਆਂ ਨੇ ਕਿਸੇ ਹੋਰ ਕਾਰਨ ਕਰਕੇ ਇਤਰਾਜ਼ ਕੀਤਾ: ਉਹ ਇਕ ਵੱਖਰੀ ਜਾਤ ਦੇ ਆਦਮੀ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਇਸ ਦੇ ਸੰਬੰਧ ਵਿਚ ਬਾਈਬਲ ਕੀ ਸਿਖਾਉਂਦੀ ਹੈ? ਇਹ ਸਾਨੂੰ ਦੱਸਦੀ ਹੈ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ” ਅਤੇ ਕਿ “ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ . . . ਇੱਕ ਤੋਂ ਰਚਿਆ।” (ਰਸੂਲਾਂ ਦੇ ਕਰਤੱਬ 10:34, 35; 17:26) ਮਨੁੱਖਾਂ ਦਾ ਇਕ ਸਾਂਝਾ ਮੁੱਢ ਹੈ ਅਤੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਰਾਬਰ ਹਨ।
ਫਿਰ ਵੀ, ਜਦ ਕਿ ਸਾਰੇ ਵਿਆਹੁਤਾ ਜੋੜੇ “ਸਰੀਰ ਵਿੱਚ ਦੁਖ” ਭੋਗਦੇ ਹਨ, ਅੰਤਰਜਾਤੀ ਜੋੜੇ ਸ਼ਾਇਦ ਵਧੀਕ ਚੁਣੌਤੀਆਂ ਦਾ ਸਾਮ੍ਹਣਾ ਕਰਨ। (1 ਕੁਰਿੰਥੀਆਂ 7:28) ਕਿਉਂ? ਕਿਉਂਕਿ ਅੱਜ ਦੇ ਨਫ਼ਰਤ-ਭਰੇ ਸੰਸਾਰ ਵਿਚ ਅਨੇਕ ਲੋਕ ਜਾਤ ਬਾਰੇ ਪਰਮੇਸ਼ੁਰ ਦਾ ਦ੍ਰਿਸ਼ਟੀਕੋਣ ਸਵੀਕਾਰ ਨਹੀਂ ਕਰਦੇ ਹਨ। ਭਾਵੇਂ ਕਿ ਕੁਝ ਪੱਛਮੀ ਦੇਸ਼ਾਂ ਵਿਚ ਵਧਦੀ ਗਿਣਤੀ ਵਿਚ ਅੰਤਰਜਾਤੀ ਵਿਆਹ ਆਮ ਹੋ ਗਏ ਹਨ, ਫਿਰ ਵੀ ਅਜਿਹੇ ਇਲਾਕੇ ਅਜੇ ਵੀ ਹਨ ਜਿੱਥੇ ਵੱਖਰੀ ਜਾਤ ਦੇ ਜੋੜੇ ਸਖ਼ਤ ਪੱਖਪਾਤ ਦਾ ਸਾਮ੍ਹਣਾ ਕਰਦੇ ਹਨ। ਤੁਹਾਡੇ ਮਾਪਿਆਂ ਨੂੰ ਸ਼ਾਇਦ ਇਹ ਡਰ ਹੋਵੇ ਕਿ ਤੁਸੀਂ ਅਜਿਹੇ ਦਬਾਵਾਂ ਨਾਲ ਨਿਪਟਣ ਲਈ ਤਿਆਰ ਨਹੀਂ ਹੋ।
“ਮੇਰੇ ਮਾਪੇ ਸੋਚਦੇ ਸਨ ਕਿ ਇਹ ਸਾਡੇ ਲਈ ਬਹੁਤ ਕਠਿਨ ਹੋਵੇਗਾ,” ਲਿਨ ਸਵੀਕਾਰ ਕਰਦੀ ਹੈ। ਬੁੱਧੀਮਤਾ ਨਾਲ, ਲਿਨ ਨੇ ਉਨ੍ਹਾਂ ਦਿਆਂ ਜਜ਼ਬਾਤਾਂ ਦੀ ਕਦਰ ਕੀਤੀ ਅਤੇ ਵਿਆਹ ਕਰਨ ਵਿਚ ਕਾਹਲੀ ਨਹੀਂ ਕੀਤੀ। ਜਿਉਂ-ਜਿਉਂ ਉਸ ਦੇ ਮਾਪਿਆਂ ਨੇ ਲਿਨ ਦੀ ਪ੍ਰੌੜ੍ਹਤਾ ਦੇਖੀ ਅਤੇ ਉਸ ਆਦਮੀ ਨਾਲ ਜ਼ਿਆਦਾ ਚੰਗੀ ਤਰ੍ਹਾਂ ਨਾਲ ਪਰਿਚਿਤ ਹੋਏ ਜਿਸ ਨੂੰ ਉਹ ਪਿਆਰ ਕਰਦੀ ਸੀ, ਤਾਂ ਉਨ੍ਹਾਂ ਨੂੰ ਹੌਲੀ-ਹੌਲੀ ਕਾਫ਼ੀ ਹੱਦ ਤਕ ਵਿਸ਼ਵਾਸ ਹੋਣ ਲੱਗ ਪਿਆ ਕਿ ਉਹ ਇਸ ਵਿਆਹ ਦੇ ਦਬਾਵਾਂ ਦਾ ਸਾਮ੍ਹਣਾ ਕਰ ਸਕਦੀ ਹੈ। ਲਿਨ ਕਹਿੰਦੀ ਹੈ: “ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਸੀਂ ਇਕੱਠੇ ਸੱਚ-ਮੁੱਚ ਖ਼ੁਸ਼ ਰਹਿ ਸਕਦੇ ਹਾਂ, ਤਾਂ ਉਹ ਵੀ ਸਾਡੇ ਲਈ ਖ਼ੁਸ਼ ਸਨ।”
ਲੇਕਿਨ, ਕਦੇ-ਕਦੇ ਗੱਲ ਜਾਤ ਦੀ ਨਹੀਂ ਪਰ ਸਭਿਆਚਾਰ ਦੀ ਹੁੰਦੀ ਹੈ। ਤੁਹਾਡੇ ਮਾਪੇ ਸ਼ਾਇਦ ਚਿੰਤਾ ਕਰਨ ਕਿ ਬਾਅਦ ਵਿਚ ਤੁਸੀਂ ਅਜਿਹੇ ਵਿਅਕਤੀ ਨਾਲ ਜੀਉਣਾ ਮੁਸ਼ਕਲ ਪਾਓਗੇ ਜਿਸ ਦਾ ਜੀਵਨ-ਢੰਗ, ਉਮੀਦਾਂ, ਅਤੇ ਖਾਣੇ, ਸੰਗੀਤ, ਤੇ ਮਨੋਰੰਜਨ ਦੀਆਂ ਪਸੰਦਾਂ ਤੁਹਾਡੇ ਨਾਲੋਂ ਬਹੁਤ ਭਿੰਨ ਹਨ। ਜੋ ਵੀ ਹੋਵੇ, ਇਕ ਵੱਖਰੀ ਜਾਤ ਜਾਂ ਇਕ ਵੱਖਰੇ ਸਭਿਆਚਾਰ ਵਾਲੇ ਵਿਅਕਤੀ ਨਾਲ ਵਿਆਹ ਕਰਨਾ ਵੱਡੀਆਂ ਚੁਣੌਤੀਆਂ ਪੇਸ਼ ਕਰ ਸਕਦਾ ਹੈ। ਕੀ ਤੁਸੀਂ ਸੱਚ-ਮੁੱਚ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ?
ਜਦੋਂ ਮਾਤਾ ਜਾਂ ਪਿਤਾ ਦੀ ਵਿਰੋਧਤਾ ਨਾਵਾਜਬ ਜਾਪੇ
ਪਰ ਉਦੋਂ ਕੀ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਮਾਪਿਆਂ ਦੀ ਵਿਰੋਧਤਾ ਬਿਲਕੁਲ ਨਾਵਾਜਬ ਹੈ? ਫ਼ੇਥ ਨਾਮਕ ਇਕ ਮੁਟਿਆਰ ਆਪਣੀ ਮਾਂ ਬਾਰੇ ਕਹਿੰਦੀ ਹੈ: “ਮੰਮੀ ਦਾ ਕਈ ਵਾਰ ਤਲਾਕ ਹੋ ਚੁੱਕਾ ਹੈ। ਉਹ ਕਹਿੰਦੀ ਹੈ ਕਿ ਤੁਸੀਂ ਵਿਆਹੇ ਜਾਣ ਤਕ ਉਸ ਵਿਅਕਤੀ ਨੂੰ ਕਦੇ ਵੀ ਪੂਰੀ ਤਰ੍ਹਾਂ ਨਹੀਂ ਜਾਣ ਸਕਦੇ ਹੋ। ਉਸ ਨੂੰ ਯਕੀਨ ਹੈ ਕਿ ਮੈਂ ਵਿਆਹ ਕਰ ਕੇ ਖ਼ੁਸ਼ ਨਹੀਂ ਰਹਾਂਗੀ।” ਆਮ ਤੌਰ ਤੇ ਅਸਫ਼ਲ ਵਿਆਹੁਤਾ ਜੀਵਨ ਵਾਲੇ ਮਾਪੇ ਆਪਣੇ ਬੱਚਿਆਂ ਦੇ ਵਿਆਹ ਨੂੰ ਨਿਰਪੱਖ ਦ੍ਰਿਸ਼ਟੀ ਤੋਂ ਦੇਖਣ ਦੇ ਯੋਗ ਨਹੀਂ ਹੁੰਦੇ ਹਨ। ਕਈ ਵਾਰ, ਆਪਣੇ ਬੱਚੇ ਦੇ ਵਿਆਹ ਦਾ ਵਿਰੋਧ ਕਰਨ ਦੇ ਪਿੱਛੇ ਮਾਪਿਆਂ ਦੇ ਇਤਰਾਜ਼ਯੋਗ ਮਨੋਰਥ ਹੁੰਦੇ ਹਨ, ਜਿਵੇਂ ਕਿ ਬੱਚੇ ਦੇ ਜੀਵਨ ਉੱਤੇ ਕੰਟ੍ਰੋਲ ਬਣਾਈ ਰੱਖਣ ਦੀ ਇੱਛਾ।
ਜੇਕਰ ਤੁਹਾਡੇ ਮਾਪੇ ਗੱਲ ਸੁਣਨ ਲਈ ਤਿਆਰ ਨਾ ਹੋਣ, ਤਾਂ ਤੁਸੀਂ ਕੀ ਕਰ ਸਕਦੇ ਹੋ? ਯਹੋਵਾਹ ਦੇ ਗਵਾਹਾਂ ਵਿਚ, ਪਰਿਵਾਰਕ ਸਮੱਸਿਆਵਾਂ ਸੁਲਝਾਉਣ ਲਈ ਕਲੀਸਿਯਾ ਦੇ ਬਜ਼ੁਰਗਾਂ ਤੋਂ ਮਦਦ ਮੰਗੀ ਜਾ ਸਕਦੀ ਹੈ। ਪੱਖ ਲਏ ਬਿਨਾਂ, ਉਹ ਪਰਿਵਾਰ ਦੇ ਜੀਆਂ ਨੂੰ ਇਕ ਠੰਢੇ ਸੁਭਾਅ ਨਾਲ, ਸ਼ਾਂਤਮਈ, ਅਤੇ ਲਾਭਦਾਇਕ ਢੰਗ ਨਾਲ ਮਾਮਲਿਆਂ ਬਾਰੇ ਗੱਲ-ਬਾਤ ਕਰਨ ਵਿਚ ਮਦਦ ਦੇ ਸਕਦੇ ਹਨ।—ਯਾਕੂਬ 3:18.
ਸ਼ਾਂਤੀ ਭਾਲਣਾ
ਫਿਰ ਵੀ, ਤੁਹਾਡੇ ਵਿਆਹ ਕਰਾਉਣ ਪ੍ਰਤੀ ਤੁਹਾਡੇ ਮਾਪਿਆਂ ਦੀ ਵਿਰੋਧਤਾ ਦੇ ਕਈ ਹੋਰ ਕਾਰਨ ਹੋ ਸਕਦੇ ਹਨ, ਜਿਵੇਂ ਕਿ ਪੈਸਿਆਂ ਦੀਆਂ ਚਿੰਤਾਵਾਂ ਜਾਂ ਇਕ ਸੰਭਾਵੀ ਸਾਥੀ ਦਾ ਸੁਭਾਅ। ਨਾਲੇ ਏਡਜ਼ ਅਤੇ ਹੋਰ ਲਿੰਗੀ ਤੌਰ ਤੇ ਸੰਚਾਰਿਤ ਰੋਗਾਂ ਦੇ ਇਸ ਯੁਗ ਵਿਚ, ਤੁਹਾਡੇ ਮਾਪੇ ਜਾਇਜ਼ ਤੌਰ ਤੇ ਤੁਹਾਡੀ ਸਿਹਤ ਲਈ ਵੀ ਚਿੰਤਾਤੁਰ ਹੋ ਸਕਦੇ ਹਨ ਜੇ ਤੁਹਾਡਾ ਪਸੰਦ ਕੀਤਾ ਹੋਇਆ ਸਾਥੀ ਮਸੀਹੀ ਬਣਨ ਤੋਂ ਪਹਿਲਾਂ ਇਕ ਖੁੱਲ੍ਹੇ ਜਿਨਸੀ ਸੰਬੰਧਾਂ ਵਾਲਾ ਜੀਵਨ ਬਿਤਾਉਂਦਾ ਸੀ।b
ਜਦ ਤਕ ਤੁਸੀਂ ਆਪਣੇ ਮਾਪਿਆਂ ਦੇ ਘਰ ਵਿਚ ਰਹਿੰਦੇ ਹੋ, ਤੁਹਾਨੂੰ ਉਨ੍ਹਾਂ ਦੀ ਆਗਿਆ ਮੰਨਣੀ ਪਵੇਗੀ। (ਕੁਲੁੱਸੀਆਂ 3:20) ਲੇਕਿਨ ਜੇ ਤੁਸੀਂ ਅਲੱਗ ਵੀ ਰਹਿੰਦੇ ਹੋ ਅਤੇ ਆਪਣੇ ਆਪ ਲਈ ਫ਼ੈਸਲੇ ਕਰਨ ਦੇ ਯੋਗ ਹੋ, ਤਦ ਵੀ ਆਪਣੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਰੱਦਣ ਦੀ ਕਾਹਲੀ ਨਾ ਕਰੋ। ਸੁਣਨ ਲਈ ਤਿਆਰ ਹੋਵੋ। (ਕਹਾਉਤਾਂ 23:22) ਵਿਆਹ ਕਰਾਉਣ ਦੇ ਸੰਭਾਵੀ ਨਤੀਜਿਆਂ ਉੱਤੇ ਧਿਆਨ ਨਾਲ ਵਿਚਾਰ ਕਰੋ।—ਤੁਲਨਾ ਕਰੋ ਲੂਕਾ 14:28.
ਇੰਜ ਕਰਨ ਤੋਂ ਬਾਅਦ, ਤੁਸੀਂ ਸ਼ਾਇਦ ਫਿਰ ਵੀ ਵਿਆਹ ਕਰਾਉਣ ਦਾ ਫ਼ੈਸਲਾ ਕਰੋ। ਨਿਰਸੰਦੇਹ, ਅਜਿਹੇ ਕਿਸੇ ਵੀ ਫ਼ੈਸਲੇ ਲਈ ਤੁਹਾਨੂੰ ਪੂਰੀ ਜ਼ਿੰਮੇਵਾਰੀ ਚੁੱਕਣੀ ਪਵੇਗੀ। (ਗਲਾਤੀਆਂ 6:5) ਜੇ ਤੁਸੀਂ ਆਪਣੇ ਮਾਪਿਆਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਤਾਂ ਉਹ ਸ਼ਾਇਦ, ਭਾਵੇਂ ਕਿ ਝਿਜਕਦੇ ਹੋਏ, ਤੁਹਾਡੇ ਫ਼ੈਸਲੇ ਨੂੰ ਸਮਰਥਨ ਦੇਣ ਲਈ ਮੰਨ ਜਾਣ। ਲੇਕਿਨ ਜੇਕਰ ਉਹ ਵਿਰੋਧ ਕਰਦੇ ਰਹਿਣ, ਤਾਂ ਰੁੱਖੇ ਅਤੇ ਕ੍ਰੋਧੀ ਨਾ ਬਣਨ ਦੀ ਕੋਸ਼ਿਸ਼ ਕਰੋ। ਯਾਦ ਰੱਖੋ: ਤੁਹਾਡੇ ਮਾਪੇ ਤੁਹਾਨੂੰ ਪਿਆਰ ਕਰਦੇ ਹਨ ਅਤੇ ਤੁਹਾਡੀ ਭਾਵੀ ਖ਼ੁਸ਼ੀ ਬਾਰੇ ਚਿੰਤਾਤੁਰ ਹਨ। ਉਨ੍ਹਾਂ ਦੇ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਕਰਦੇ ਰਹੋ। ਜਿਉਂ-ਜਿਉਂ ਤੁਸੀਂ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਂਦੇ ਹੋ, ਉਨ੍ਹਾਂ ਦਾ ਰਵੱਈਆ ਸ਼ਾਇਦ ਨਰਮ ਪੈ ਜਾਵੇ।
ਦੂਜੇ ਪਾਸੇ, ਜੇ ਤੁਸੀਂ ਸੱਚ-ਮੁੱਚ ਹੀ ਆਪਣੇ ਮਾਪਿਆਂ ਦੀ ਹਰ ਗੱਲ ਉੱਤੇ ਵਿਚਾਰ ਕਰੋ ਅਤੇ ਆਪਣੇ ਆਪ ਨੂੰ ਅਤੇ ਉਸ ਵਿਅਕਤੀ ਨੂੰ ਪਰਖੋ ਜਿਸ ਨਾਲ ਤੁਸੀਂ ਵਿਆਹ ਕਰਾਉਣ ਲਈ ਇੰਨੇ ਉਤਸੁਕ ਹੋ, ਤਾਂ ਹੈਰਾਨ ਨਾ ਹੋਵੋ ਜੇ ਤੁਸੀਂ ਇਸ ਚੌਂਕਾ ਦੇਣ ਵਾਲੇ ਨਤੀਜੇ ਤੇ ਪਹੁੰਚੋ ਕਿ ਸ਼ਾਇਦ ਤੁਹਾਡੇ ਮਾਪੇ ਠੀਕ ਹੀ ਕਹਿੰਦੇ ਸਨ।
[ਫੁਟਨੋਟ]
a ਇਹ ਲੇਖ ਉਨ੍ਹਾਂ ਦੇਸ਼ਾਂ ਦੇ ਨੌਜਵਾਨਾਂ ਲਈ ਲਿਖਿਆ ਗਿਆ ਹੈ ਜਿੱਥੇ ਆਪਣੇ ਵਿਆਹੁਤਾ ਸਾਥੀ ਦੀ ਚੋਣ ਕਰਨ ਦਾ ਰਿਵਾਜ ਹੈ।
b ਮਾਰਚ 22, 1994, ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਏਡਜ਼ ਦੇ ਰੋਗੀਆਂ ਦੀ ਮਦਦ ਕਰਨਾ,” ਲੇਖ ਦੇਖੋ।
[ਸਫ਼ੇ 21 ਉੱਤੇ ਤਸਵੀਰ]
ਤੁਹਾਡੇ ਮਾਪਿਆਂ ਨੂੰ ਸ਼ਾਇਦ ਲੱਗੇ ਕਿ ਤੁਹਾਡੀ ਉਮਰ ਵਿਆਹ ਕਰਾਉਣ ਲਈ ਕੱਚੀ ਹੈ