ਪਰਮੇਸ਼ੁਰ-ਸ਼ਾਸਨ ਦੇ ਨੇੜੇ ਰਹੋ
“ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਪਾਤਸ਼ਾਹ ਹੈ।”—ਯਸਾਯਾਹ 33:22.
1. ਸਰਕਾਰ ਦੇ ਵਿਸ਼ੇ ਬਾਰੇ ਜ਼ਿਆਦਾਤਰ ਲੋਕ ਕਿਉਂ ਚਿੰਤਾ ਕਰਦੇ ਹਨ?
ਸਰਕਾਰ ਇਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਸਾਰੇ ਬਹੁਤ ਚਿੰਤਾ ਕਰਦੇ ਹਨ। ਚੰਗੀ ਸਰਕਾਰ ਸ਼ਾਂਤੀ ਅਤੇ ਖ਼ੁਸ਼ਹਾਲੀ ਲਿਆਉਂਦੀ ਹੈ। ਬਾਈਬਲ ਕਹਿੰਦੀ ਹੈ: “ਨਿਆਉਂ ਨਾਲ ਪਾਤਸ਼ਾਹ ਦੇਸ ਨੂੰ ਦ੍ਰਿੜ੍ਹ ਕਰਦਾ ਹੈ।” (ਕਹਾਉਤਾਂ 29:4) ਦੂਸਰੇ ਪਾਸੇ, ਘਟੀਆ ਸਰਕਾਰ ਕਰਕੇ ਅਨਿਆਉਂ, ਭ੍ਰਿਸ਼ਟਾਚਾਰ, ਅਤੇ ਅਤਿਆਚਾਰ ਫੈਲਦੇ ਹਨ। “ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ ਮਾਰਦੇ ਹਨ।” (ਕਹਾਉਤਾਂ 29:2) ਪੂਰੇ ਇਤਿਹਾਸ ਦੇ ਦੌਰਾਨ, ਮਨੁੱਖ ਨੇ ਬਹੁਤ ਕਿਸਮਾਂ ਦੀਆਂ ਸਰਕਾਰਾਂ ਨੂੰ ਅਜ਼ਮਾਇਆ ਹੈ, ਅਤੇ ਦੁੱਖ ਦੀ ਗੱਲ ਹੈ ਕਿ ਉਹ ਆਪਣੇ ਸ਼ਾਸਕਾਂ ਦੇ ਅਤਿਆਚਾਰ ਕਰਕੇ ਅਕਸਰ “ਢਾਹਾਂ ਮਾਰਦੇ ਹਨ।” (ਉਪਦੇਸ਼ਕ ਦੀ ਪੋਥੀ 8:9) ਕੀ ਕਿਸੇ ਕਿਸਮ ਦੀ ਸਰਕਾਰ ਆਪਣੀ ਪਰਜਾ ਨੂੰ ਅਨੰਤ ਸੰਤੁਸ਼ਟੀ ਦੇਣ ਵਿਚ ਕਾਮਯਾਬ ਹੋਵੇਗੀ?
2. “ਪਰਮੇਸ਼ੁਰ-ਸ਼ਾਸਨ” ਪ੍ਰਾਚੀਨ ਇਸਰਾਏਲ ਦੀ ਸਰਕਾਰ ਦਾ ਢੁਕਵਾਂ ਵਰਣਨ ਕਿਉਂ ਹੈ?
2 ਇਤਿਹਾਸਕਾਰ ਜੋਸੀਫ਼ਸ ਨੇ ਇਕ ਅਨੋਖੀ ਕਿਸਮ ਦੀ ਸਰਕਾਰ ਦਾ ਜ਼ਿਕਰ ਕੀਤਾ ਜਦੋਂ ਉਸ ਨੇ ਲਿਖਿਆ: “ਕੁਝ ਲੋਕਾਂ ਨੇ ਸਾਰੀ ਸੱਤਾ ਰਾਜਿਆਂ ਦੇ ਹਵਾਲੇ ਕਰ ਦਿੱਤੀ ਹੈ, ਕੁਝ ਨੇ ਕਿਸੇ ਦਲ ਦੇ ਹਵਾਲੇ ਕੀਤੀ ਹੈ, ਅਤੇ ਕੁਝ ਲੋਕਾਂ ਨੇ ਇਹ ਸੱਤਾ ਜਨਤਾ ਨੂੰ ਦਿੱਤੀ ਹੈ। ਪਰੰਤੂ, ਸਾਨੂੰ ਬਿਵਸਥਾ ਦੇਣ ਵਾਲੇ [ਮੂਸਾ] ਨੂੰ ਇਨ੍ਹਾਂ ਵਿੱਚੋਂ ਕੋਈ ਵੀ ਰਾਜ-ਪ੍ਰਬੰਧ ਪਸੰਦ ਨਹੀਂ ਸੀ, ਪਰ ਉਸ ਨੇ ਆਪਣੇ ਸੰਵਿਧਾਨ ਨੂੰ ਅਜਿਹਾ ਰੂਪ ਦਿੱਤਾ—ਜੇ ਅਸਾਧਾਰਣ ਸ਼ਬਦ ਵਰਤਿਆ ਜਾਵੇ—ਜਿਸ ਨੂੰ ‘ਪਰਮੇਸ਼ੁਰ-ਸ਼ਾਸਨ’ ਕਿਹਾ ਜਾ ਸਕਦਾ ਹੈ, ਅਰਥਾਤ ਸਾਰੀ ਸਰਬਸੱਤਾ ਅਤੇ ਅਧਿਕਾਰ ਨੂੰ ਪਰਮੇਸ਼ੁਰ ਦੇ ਹੱਥਾਂ ਵਿਚ ਸੌਂਪ ਦੇਣਾ।” (ਏਪੀਅਨ ਵਿਰੁੱਧ [ਅੰਗ੍ਰੇਜ਼ੀ], II, 164-5) ਕਨਸਾਈਜ਼ ਆਕਸਫ਼ੋਰਡ ਡਿਕਸ਼ਨਰੀ ਦੇ ਅਨੁਸਾਰ, ਪਰਮੇਸ਼ੁਰ-ਸ਼ਾਸਨ ਦਾ ਅਰਥ ਹੈ “ਪਰਮੇਸ਼ੁਰ ਦੁਆਰਾ ਸਰਕਾਰ।” ਇਹ ਸ਼ਬਦ ਬਾਈਬਲ ਵਿਚ ਨਹੀਂ ਪਾਇਆ ਜਾਂਦਾ, ਪਰੰਤੂ ਇਹ ਪ੍ਰਾਚੀਨ ਇਸਰਾਏਲ ਦੀ ਸਰਕਾਰ ਦਾ ਚੰਗੀ ਤਰ੍ਹਾਂ ਵਰਣਨ ਕਰਦਾ ਹੈ। ਭਾਵੇਂ ਕਿ ਬਾਅਦ ਵਿਚ ਇਸਰਾਏਲੀਆਂ ਦਾ ਇਕ ਮਨੁੱਖੀ ਰਾਜਾ ਹੁੰਦਾ ਸੀ, ਪਰੰਤੂ ਉਨ੍ਹਾਂ ਦਾ ਅਸਲੀ ਸ਼ਾਸਕ ਯਹੋਵਾਹ ਸੀ। ਇਸਰਾਏਲੀ ਨਬੀ ਯਸਾਯਾਹ ਨੇ ਕਿਹਾ: “ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਪਾਤਸ਼ਾਹ ਹੈ।”—ਯਸਾਯਾਹ 33:22.
ਅਸਲੀ ਪਰਮੇਸ਼ੁਰ-ਸ਼ਾਸਨ ਕੀ ਹੈ?
3, 4. (ੳ) ਅਸਲੀ ਪਰਮੇਸ਼ੁਰ-ਸ਼ਾਸਨ ਕੀ ਹੈ? (ਅ) ਜਲਦੀ ਹੀ ਇਕ ਦਿਨ, ਪਰਮੇਸ਼ੁਰ-ਸ਼ਾਸਨ ਮਨੁੱਖਜਾਤੀ ਲਈ ਕਿਹੜੀਆਂ ਬਰਕਤਾਂ ਲਿਆਵੇਗਾ?
3 ਜਦੋਂ ਤੋਂ ਜੋਸੀਫ਼ਸ ਨੇ ਇਹ ਸ਼ਬਦ ਘੜਿਆ ਹੈ, ਬਹੁਤ ਸਾਰੀਆਂ ਬਰਾਦਰੀਆਂ ਨੂੰ ਪਰਮੇਸ਼ੁਰ-ਸ਼ਾਸਨ ਦੇ ਤੌਰ ਤੇ ਦੱਸਿਆ ਗਿਆ ਹੈ। ਉਨ੍ਹਾਂ ਵਿੱਚੋਂ ਕੁਝ ਕੱਟੜ, ਹੱਠ-ਧਰਮੀ, ਅਤੇ ਬੇਰਹਿਮ ਅਤਿਆਚਾਰੀ ਜਾਪੀਆਂ ਹਨ। ਕੀ ਉਹ ਅਸਲੀ ਪਰਮੇਸ਼ੁਰ-ਸ਼ਾਸਨ ਸਨ? ਉਸ ਭਾਵ ਵਿਚ ਨਹੀਂ ਜਿਸ ਭਾਵ ਵਿਚ ਜੋਸੀਫ਼ਸ ਨੇ ਇਹ ਸ਼ਬਦ ਵਰਤਿਆ ਸੀ। ਸਮੱਸਿਆ ਇਹ ਹੈ ਕਿ “ਪਰਮੇਸ਼ੁਰ-ਸ਼ਾਸਨ” ਦੇ ਅਰਥ ਨੂੰ ਵਧਾਇਆ ਗਿਆ ਹੈ। ਵਰਲਡ ਬੁੱਕ ਐਨਸਾਈਕਲੋਪੀਡੀਆ ਇਸ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੰਦਾ ਹੈ: “ਇਕ ਕਿਸਮ ਦੀ ਸਰਕਾਰ ਜਿਸ ਵਿਚ ਪਾਦਰੀ ਜਾਂ ਪਾਦਰੀਆਂ ਦੁਆਰਾ ਦੇਸ਼ ਉੱਤੇ ਸ਼ਾਸਨ ਕੀਤਾ ਜਾਂਦਾ ਹੈ, ਅਤੇ ਇਸ ਵਿਚ ਪਾਦਰੀ ਵਰਗ ਦੇ ਮੈਂਬਰਾਂ ਕੋਲ ਸਮਾਜਕ ਅਤੇ ਧਾਰਮਿਕ ਮਾਮਲਿਆਂ ਵਿਚ ਇਖ਼ਤਿਆਰ ਹੁੰਦਾ ਹੈ।” ਪਰੰਤੂ, ਅਸਲੀ ਪਰਮੇਸ਼ੁਰ-ਸ਼ਾਸਨ ਪਾਦਰੀਆਂ ਦੁਆਰਾ ਸਰਕਾਰ ਨਹੀਂ ਹੈ। ਇਹ ਅਸਲ ਵਿਚ ਪਰਮੇਸ਼ੁਰ ਦਾ ਸ਼ਾਸਨ ਹੈ, ਬ੍ਰਹਿਮੰਡ ਦੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ, ਦੁਆਰਾ ਸਰਕਾਰ।
4 ਜਲਦੀ ਹੀ ਇਕ ਦਿਨ, ਪੂਰੀ ਧਰਤੀ ਪਰਮੇਸ਼ੁਰ-ਸ਼ਾਸਨ ਦੇ ਅਧੀਨ ਹੋਵੇਗੀ, ਅਤੇ ਇਹ ਕਿੰਨੀ ਵੱਡੀ ਬਰਕਤ ਹੋਵੇਗੀ! ‘ਪਰਮੇਸ਼ੁਰ ਮਨੁੱਖਜਾਤੀ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।’ (ਪਰਕਾਸ਼ ਦੀ ਪੋਥੀ 21:3, 4) ਅਪੂਰਣ ਪਾਦਰੀ ਵਰਗ ਦੁਆਰਾ ਕੋਈ ਵੀ ਮਨੁੱਖੀ ਰਾਜ ਅਜਿਹੀ ਖ਼ੁਸ਼ੀ ਨਹੀਂ ਲਿਆ ਸਕਦਾ ਹੈ। ਸਿਰਫ਼ ਪਰਮੇਸ਼ੁਰ ਦਾ ਸ਼ਾਸਨ ਲਿਆ ਸਕਦਾ ਹੈ। ਇਸ ਲਈ, ਸੱਚੇ ਮਸੀਹੀ ਰਾਜਨੀਤਿਕ ਸਰਗਰਮੀਆਂ ਦੁਆਰਾ ਪਰਮੇਸ਼ੁਰ-ਸ਼ਾਸਨ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ ਹਨ। ਉਹ ਧੀਰਜ ਨਾਲ ਪਰਮੇਸ਼ੁਰ ਦੀ ਉਡੀਕ ਕਰਦੇ ਹਨ ਕਿ ਉਹ ਆਪਣੇ ਸਮੇਂ ਅਨੁਸਾਰ ਅਤੇ ਆਪਣੇ ਤਰੀਕੇ ਨਾਲ ਪੂਰੀ ਧਰਤੀ ਉੱਤੇ ਪਰਮੇਸ਼ੁਰ-ਸ਼ਾਸਨ ਸਥਾਪਿਤ ਕਰੇ।—ਦਾਨੀਏਲ 2:44.
5. ਅੱਜ ਅਸਲੀ ਪਰਮੇਸ਼ੁਰ-ਸ਼ਾਸਨ ਕਿੱਥੇ ਰਾਜ ਕਰਦਾ ਹੈ, ਅਤੇ ਇਸ ਬਾਰੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
5 ਪਰੰਤੂ, ਇਸ ਸਮੇਂ ਵੀ ਪਰਮੇਸ਼ੁਰ-ਸ਼ਾਸਨ ਮੌਜੂਦ ਹੈ। ਕਿੱਥੇ? ਉਨ੍ਹਾਂ ਵਿਚਕਾਰ ਜੋ ਆਪਣੀ ਇੱਛਾ ਨਾਲ ਪਰਮੇਸ਼ੁਰ ਦੇ ਸ਼ਾਸਨ ਦੇ ਅਧੀਨ ਰਹਿੰਦੇ ਹਨ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਮਿਲ ਕੇ ਕੰਮ ਕਰਦੇ ਹਨ। ਅਜਿਹੇ ਵਫ਼ਾਦਾਰ ਲੋਕ ਅਧਿਆਤਮਿਕ “ਦੇਸ਼” ਵਿਚ ਇਕ ਵਿਸ਼ਵ-ਵਿਆਪੀ ਅਧਿਆਤਮਿਕ “ਕੌਮ” ਵਜੋਂ ਇਕੱਠੇ ਕੀਤੇ ਗਏ ਹਨ। ਇਹ ‘ਪਰਮੇਸ਼ੁਰ ਦੇ ਇਸਰਾਏਲ’ ਦਾ ਬਕੀਆ ਅਤੇ ਉਸ ਦੇ 55 ਲੱਖ ਤੋਂ ਜ਼ਿਆਦਾ ਸਾਥੀ ਹਨ। (ਯਸਾਯਾਹ 66:8; ਗਲਾਤੀਆਂ 6:16) ਇਹ ਯਿਸੂ ਮਸੀਹ ਦੇ ਅਧੀਨ ਹਨ ਜਿਸ ਨੂੰ ਯਹੋਵਾਹ ਪਰਮੇਸ਼ੁਰ, “ਜੁੱਗਾਂ ਦੇ ਮਹਾਰਾਜ,” ਨੇ ਸਵਰਗੀ ਰਾਜਾ ਨਿਯੁਕਤ ਕੀਤਾ ਹੈ। (1 ਤਿਮੋਥਿਉਸ 1:17; ਪਰਕਾਸ਼ ਦੀ ਪੋਥੀ 11:15) ਇਹ ਸੰਗਠਨ ਪਰਮੇਸ਼ੁਰੀ ਕਿਵੇਂ ਹੈ? ਇਸ ਦੇ ਮੈਂਬਰ ਦੁਨਿਆਵੀ ਸਰਕਾਰਾਂ ਦੇ ਇਖ਼ਤਿਆਰ ਨੂੰ ਕਿਵੇਂ ਵਿਚਾਰਦੇ ਹਨ? ਅਤੇ ਉਨ੍ਹਾਂ ਮਨੁੱਖਾਂ ਨੇ ਪਰਮੇਸ਼ੁਰ-ਸ਼ਾਸਨ ਦੇ ਸਿਧਾਂਤ ਨੂੰ ਕਿਵੇਂ ਕਾਇਮ ਰੱਖਿਆ ਹੈ ਜੋ ਇਸ ਅਧਿਆਤਮਿਕ ਕੌਮ ਵਿਚ ਇਖ਼ਤਿਆਰ ਵਰਤਦੇ ਹਨ?
ਇਕ ਪਰਮੇਸ਼ੁਰੀ ਸੰਗਠਨ
6. ਇਕ ਦ੍ਰਿਸ਼ਟ, ਮਨੁੱਖੀ ਸੰਗਠਨ ਉੱਤੇ ਪਰਮੇਸ਼ੁਰ ਦਾ ਸ਼ਾਸਨ ਕਿਵੇਂ ਹੋ ਸਕਦਾ ਹੈ?
6 ਯਹੋਵਾਹ, ਜੋ ਅਦ੍ਰਿਸ਼ਟ ਸਵਰਗ ਵਿਚ ਵੱਸਦਾ ਹੈ, ਕਿਵੇਂ ਇਕ ਮਨੁੱਖੀ ਸੰਗਠਨ ਉੱਤੇ ਸ਼ਾਸਨ ਕਰ ਸਕਦਾ ਹੈ? (ਜ਼ਬੂਰ 103:19) ਇਹ ਸੰਭਵ ਹੈ ਕਿਉਂਕਿ ਜਿਹੜੇ ਲੋਕ ਇਸ ਸੰਗਠਨ ਵਿਚ ਹਨ, ਉਹ ਪ੍ਰੇਰਿਤ ਸਲਾਹ ਦੀ ਪੈਰਵੀ ਕਰਦੇ ਹਨ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ।” (ਕਹਾਉਤਾਂ 2:6; 3:5) ਉਹ ਪਰਮੇਸ਼ੁਰ ਨੂੰ ਆਪਣੇ ਉੱਤੇ ਸ਼ਾਸਨ ਕਰਨ ਦਿੰਦੇ ਹਨ ਜਿਉਂ-ਜਿਉਂ ਉਹ “ਮਸੀਹ ਦੀ ਸ਼ਰਾ” ਨੂੰ ਮੰਨਦੇ ਹਨ ਅਤੇ ਆਪਣੀਆਂ ਰੋਜ਼ਾਨਾ ਜ਼ਿੰਦਗੀਆਂ ਵਿਚ ਪ੍ਰੇਰਿਤ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਦੇ ਹਨ। (ਗਲਾਤੀਆਂ 6:2; 1 ਕੁਰਿੰਥੀਆਂ 9:21; 2 ਤਿਮੋਥਿਉਸ 3:16. ਮੱਤੀ 5:22, 28, 39; 6:24, 33; 7:12, 21 ਦੇਖੋ।) ਇਹ ਕਰਨ ਲਈ, ਉਨ੍ਹਾਂ ਲਈ ਬਾਈਬਲ ਦੇ ਸਿੱਖਿਆਰਥੀ ਬਣਨਾ ਜ਼ਰੂਰੀ ਹੈ। (ਜ਼ਬੂਰ 1:1-3) ਪ੍ਰਾਚੀਨ ਬਰਿਯਾ ਦੇ “ਬਹੁਤ ਚੰਗੇ” ਲੋਕਾਂ ਵਾਂਗ, ਉਹ ਮਨੁੱਖਾਂ ਦੇ ਪੈਰੋਕਾਰ ਨਹੀਂ ਹਨ ਪਰੰਤੂ ਜੋ ਉਹ ਸਿੱਖਦੇ ਹਨ ਉਸ ਦੀ ਉਹ ਲਗਾਤਾਰ ਬਾਈਬਲ ਵਿਚ ਪੁਸ਼ਟੀ ਕਰਦੇ ਹਨ। (ਰਸੂਲਾਂ ਦੇ ਕਰਤੱਬ 17:10, 11; ਜ਼ਬੂਰ 119:33-36) ਉਹ ਜ਼ਬੂਰਾਂ ਦੇ ਲਿਖਾਰੀ ਵਾਂਗ ਪ੍ਰਾਰਥਨਾ ਕਰਦੇ ਹਨ: “ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ।”—ਜ਼ਬੂਰ 119:66.
7. ਪਰਮੇਸ਼ੁਰ-ਸ਼ਾਸਨ ਵਿਚ ਇਖ਼ਤਿਆਰ ਦਾ ਕਿਹੜਾ ਢਾਂਚਾ ਹੈ?
7 ਹਰੇਕ ਸੰਗਠਨ ਵਿਚ, ਕੁਝ ਵਿਅਕਤੀਆਂ ਦਾ ਹੋਣਾ ਜ਼ਰੂਰੀ ਹੈ ਜਿਹੜੇ ਇਖ਼ਤਿਆਰ ਰੱਖਦੇ ਜਾਂ ਨਿਰਦੇਸ਼ਨ ਦਿੰਦੇ ਹਨ। ਯਹੋਵਾਹ ਦੇ ਗਵਾਹ ਇਸ ਤੋਂ ਵੱਖਰੇ ਨਹੀਂ ਹਨ, ਅਤੇ ਉਹ ਪੌਲੁਸ ਰਸੂਲ ਦੁਆਰਾ ਦੱਸੇ ਇਖ਼ਤਿਆਰ ਦੇ ਢਾਂਚੇ ਅਨੁਸਾਰ ਚੱਲਦੇ ਹਨ: “ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰਥੀਆਂ 11:3) ਇਸ ਦੀ ਇਕਸੁਰਤਾ ਵਿਚ, ਕਲੀਸਿਯਾਵਾਂ ਵਿਚ ਸਿਰਫ਼ ਯੋਗ ਆਦਮੀ ਹੀ ਬਜ਼ੁਰਗਾਂ ਵਜੋਂ ਸੇਵਾ ਕਰਦੇ ਹਨ। ਅਤੇ ਭਾਵੇਂ ਯਿਸੂ—“ਹਰੇਕ ਪੁਰਖ ਦਾ ਸਿਰ”—ਸਵਰਗ ਵਿਚ ਹੈ, ਪਰ ਉਸ ਦੇ ਮਸਹ ਕੀਤੇ ਹੋਏ ਭਰਾਵਾਂ ਦਾ ਬਕੀਆ ਅਜੇ ਵੀ ਧਰਤੀ ਉੱਤੇ ਹੈ, ਜਿਨ੍ਹਾਂ ਦੀ ਆਸ਼ਾ ਉਸ ਨਾਲ ਸਵਰਗ ਵਿਚ ਰਾਜ ਕਰਨ ਦੀ ਹੈ। (ਪਰਕਾਸ਼ ਦੀ ਪੋਥੀ 12:17; 20:6) ਇਹ ਇਕ ਸਮੂਹ ਵਜੋਂ “ਮਾਤਬਰ ਅਤੇ ਬੁੱਧਵਾਨ ਨੌਕਰ” ਬਣਦੇ ਹਨ। ਮਸੀਹੀ ਇਸ “ਨੌਕਰ” ਦੀ ਨਿਗਰਾਨੀ ਨੂੰ ਸਵੀਕਾਰ ਕਰ ਕੇ ਯਿਸੂ ਪ੍ਰਤੀ, ਅਤੇ ਇਸ ਤਰ੍ਹਾਂ ਯਿਸੂ ਦੇ ਸਿਰ, ਯਹੋਵਾਹ, ਪ੍ਰਤੀ ਆਪਣੀ ਅਧੀਨਗੀ ਦਿਖਾਉਂਦੇ ਹਨ। (ਮੱਤੀ 24:45-47; 25:40) ਇਸ ਤਰ੍ਹਾਂ, ਪਰਮੇਸ਼ੁਰ-ਸ਼ਾਸਨ ਵਿਵਸਥਿਤ ਹੈ। “ਪਰਮੇਸ਼ੁਰ ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ।”—1 ਕੁਰਿੰਥੀਆਂ 14:33.
8. ਮਸੀਹੀ ਬਜ਼ੁਰਗ ਪਰਮੇਸ਼ੁਰ-ਸ਼ਾਸਨ ਦੇ ਸਿਧਾਂਤ ਦਾ ਕਿਵੇਂ ਸਮਰਥਨ ਕਰਦੇ ਹਨ?
8 ਮਸੀਹੀ ਬਜ਼ੁਰਗ ਪਰਮੇਸ਼ੁਰ-ਸ਼ਾਸਨ ਦੇ ਸਿਧਾਂਤ ਦਾ ਸਮਰਥਨ ਕਰਦੇ ਹਨ ਕਿਉਂਕਿ ਉਹ ਪਛਾਣਦੇ ਹਨ ਕਿ ਉਹ ਜਿਸ ਤਰੀਕੇ ਨਾਲ ਆਪਣੇ ਸੀਮਿਤ ਇਖ਼ਤਿਆਰ ਨੂੰ ਵਰਤਦੇ ਹਨ, ਉਸ ਲਈ ਉਹ ਯਹੋਵਾਹ ਨੂੰ ਜਵਾਬਦੇਹ ਹਨ। (ਇਬਰਾਨੀਆਂ 13:17) ਅਤੇ ਫ਼ੈਸਲੇ ਕਰਨ ਵਿਚ, ਉਹ ਆਪਣੀ ਬੁੱਧ ਦੀ ਬਜਾਇ ਪਰਮੇਸ਼ੁਰ ਦੀ ਬੁੱਧ ਉੱਤੇ ਭਰੋਸਾ ਰੱਖਦੇ ਹਨ। ਇਸ ਮਾਮਲੇ ਵਿਚ, ਉਹ ਯਿਸੂ ਦੀ ਉਦਾਹਰਣ ਉੱਤੇ ਚੱਲਦੇ ਹਨ। ਉਸ ਨਾਲੋਂ ਜ਼ਿਆਦਾ ਬੁੱਧੀਮਾਨ ਮਨੁੱਖ ਇਸ ਧਰਤੀ ਉੱਤੇ ਕਦੀ ਪੈਦਾ ਨਹੀਂ ਹੋਇਆ ਹੈ। (ਮੱਤੀ 12:42) ਫਿਰ ਵੀ, ਉਸ ਨੇ ਯਹੂਦੀਆਂ ਨੂੰ ਦੱਸਿਆ: “ਪੁੱਤ੍ਰ ਆਪ ਤੋਂ ਕੁਝ ਨਹੀਂ ਕਰ ਸੱਕਦਾ ਪਰ ਜੋ ਕੁਝ ਉਹ ਪਿਤਾ ਨੂੰ ਕਰਦਿਆਂ ਵੇਖਦਾ ਹੈ।” (ਯੂਹੰਨਾ 5:19) ਬਜ਼ੁਰਗ ਵੀ ਰਾਜਾ ਦਾਊਦ ਵਰਗਾ ਰਵੱਈਆ ਦਿਖਾਉਂਦੇ ਹਨ। ਉਸ ਦਾ ਪਰਮੇਸ਼ੁਰ-ਸ਼ਾਸਨ ਵਿਚ ਵੱਡਾ ਇਖ਼ਤਿਆਰ ਸੀ। ਫਿਰ ਵੀ, ਉਹ ਯਹੋਵਾਹ ਦੇ ਤਰੀਕੇ ਅਨੁਸਾਰ ਕੰਮ ਕਰਨਾ ਚਾਹੁੰਦਾ ਸੀ, ਨਾ ਕਿ ਆਪਣੇ ਤਰੀਕੇ ਅਨੁਸਾਰ। ਉਸ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਆਪਣਾ ਰਾਹ ਮੈਨੂੰ ਸਿਖਲਾ, ਅਤੇ . . . ਪੱਧਰੇ ਰਾਹ ਉੱਤੇ ਮੇਰੀ ਅਗਵਾਈ ਕਰ।”—ਜ਼ਬੂਰ 27:11.
9. ਪਰਮੇਸ਼ੁਰ-ਸ਼ਾਸਨ ਵਿਚ ਵੱਖਰੀ-ਵੱਖਰੀ ਆਸ਼ਾ ਅਤੇ ਸੇਵਾ ਕਰਨ ਦੇ ਵੱਖਰੇ-ਵੱਖਰੇ ਵਿਸ਼ੇਸ਼-ਸਨਮਾਨ ਦੇ ਸੰਬੰਧ ਵਿਚ, ਸਮਰਪਿਤ ਮਸੀਹੀਆਂ ਦਾ ਕਿਹੜਾ ਸੰਤੁਲਿਤ ਦ੍ਰਿਸ਼ਟੀਕੋਣ ਹੈ?
9 ਕੁਝ ਲੋਕ ਪੁੱਛਦੇ ਹਨ ਕਿ ਕੀ ਕਲੀਸਿਯਾ ਵਿਚ ਸਿਰਫ਼ ਯੋਗ ਆਦਮੀਆਂ ਦੁਆਰਾ ਹੀ ਇਖ਼ਤਿਆਰ ਵਰਤਿਆ ਜਾਣਾ ਠੀਕ ਹੈ, ਜਾਂ ਕੀ ਕੁਝ ਵਿਅਕਤੀਆਂ ਦੀ ਸਵਰਗੀ ਆਸ਼ਾ ਹੋਣੀ ਅਤੇ ਦੂਸਰਿਆਂ ਦੀ ਜ਼ਮੀਨੀ ਆਸ਼ਾ ਹੋਣੀ ਠੀਕ ਹੈ। (ਜ਼ਬੂਰ 37:29; ਫ਼ਿਲਿੱਪੀਆਂ 3:20) ਪਰੰਤੂ, ਸਮਰਪਿਤ ਮਸੀਹੀ ਇਸ ਗੱਲ ਦੀ ਕਦਰ ਕਰਦੇ ਹਨ ਕਿ ਇਨ੍ਹਾਂ ਪ੍ਰਬੰਧਾਂ ਨੂੰ ਪਰਮੇਸ਼ੁਰ ਦੇ ਵਚਨ ਵਿਚ ਲਿਖਿਆ ਗਿਆ ਹੈ। ਇਹ ਪ੍ਰਬੰਧ ਪਰਮੇਸ਼ੁਰ ਦੁਆਰਾ ਕੀਤੇ ਗਏ ਹਨ। ਜੇ ਇਨ੍ਹਾਂ ਉੱਤੇ ਸ਼ੱਕ ਕੀਤਾ ਜਾਂਦਾ ਹੈ, ਤਾਂ ਅਕਸਰ ਉਨ੍ਹਾਂ ਦੁਆਰਾ ਕੀਤਾ ਜਾਂਦਾ ਹੈ ਜੋ ਬਾਈਬਲ ਦੇ ਸਿਧਾਂਤਾਂ ਨੂੰ ਨਹੀਂ ਮੰਨਦੇ ਹਨ। ਇਸ ਤੋਂ ਇਲਾਵਾ, ਮਸੀਹੀ ਜਾਣਦੇ ਹਨ ਕਿ ਜਿੱਥੋਂ ਤਕ ਮੁਕਤੀ ਦਾ ਸੰਬੰਧ ਹੈ, ਯਹੋਵਾਹ ਦੀਆਂ ਨਜ਼ਰਾਂ ਵਿਚ ਆਦਮੀ ਅਤੇ ਤੀਵੀਆਂ ਬਰਾਬਰ ਹਨ। (ਗਲਾਤੀਆਂ 3:28) ਸੱਚੇ ਮਸੀਹੀਆਂ ਲਈ, ਵਿਸ਼ਵ ਦੇ ਸਰਬ-ਸੱਤਾਧਾਰੀ ਦੇ ਉਪਾਸਕ ਬਣਨਾ ਇਕ ਸਭ ਤੋਂ ਵੱਡਾ ਵਿਸ਼ੇਸ਼-ਸਨਮਾਨ ਹੈ, ਅਤੇ ਯਹੋਵਾਹ ਉਨ੍ਹਾਂ ਨੂੰ ਜਿਸ ਹੈਸੀਅਤ ਵਿਚ ਵਰਤਦਾ ਹੈ, ਉਸ ਵਿਚ ਕੰਮ ਕਰ ਕੇ ਉਹ ਬਹੁਤ ਖ਼ੁਸ਼ ਹਨ। (ਜ਼ਬੂਰ 31:23; 84:10; 1 ਕੁਰਿੰਥੀਆਂ 12:12, 13, 18) ਇਸ ਤੋਂ ਇਲਾਵਾ, ਸਦੀਪਕ ਜੀਵਨ, ਚਾਹੇ ਉਹ ਸਵਰਗ ਵਿਚ ਹੋਵੇ ਜਾਂ ਪਰਾਦੀਸੀ ਧਰਤੀ ਉੱਤੇ, ਸੱਚ-ਮੁੱਚ ਇਕ ਅਦਭੁਤ ਆਸ਼ਾ ਹੈ।
10. (ੳ) ਯੋਨਾਥਾਨ ਨੇ ਕਿਹੜਾ ਵਧੀਆ ਰਵੱਈਆ ਦਿਖਾਇਆ? (ਅ) ਅੱਜ ਮਸੀਹੀ ਕਿਸ ਤਰ੍ਹਾਂ ਯੋਨਾਥਾਨ ਵਰਗਾ ਰਵੱਈਆ ਦਿਖਾਉਂਦੇ ਹਨ?
10 ਇਸ ਤਰ੍ਹਾਂ, ਯਹੋਵਾਹ ਦੇ ਗਵਾਹ ਰਾਜਾ ਸ਼ਾਊਲ ਦੇ ਪੁੱਤਰ ਯੋਨਾਥਾਨ ਦੇ ਸਮਾਨ ਹਨ ਜੋ ਪਰਮੇਸ਼ੁਰ ਤੋਂ ਡਰਦਾ ਸੀ। ਯੋਨਾਥਾਨ ਨੇ ਸੰਭਵ ਤੌਰ ਤੇ ਇਕ ਚੰਗਾ ਰਾਜਾ ਹੋਣਾ ਸੀ। ਪਰੰਤੂ, ਸ਼ਾਊਲ ਦੀ ਬੇਵਫ਼ਾਈ ਕਰਕੇ, ਯਹੋਵਾਹ ਨੇ ਦਾਊਦ ਨੂੰ ਇਸਰਾਏਲ ਦਾ ਦੂਸਰਾ ਰਾਜਾ ਬਣਨ ਲਈ ਚੁਣਿਆ। ਕੀ ਯੋਨਾਥਾਨ ਇਸ ਕਾਰਨ ਗੁੱਸੇ ਹੋਇਆ? ਨਹੀਂ। ਉਹ ਦਾਊਦ ਦਾ ਇਕ ਚੰਗਾ ਮਿੱਤਰ ਬਣਿਆ ਅਤੇ ਉਸ ਨੇ ਦਾਊਦ ਨੂੰ ਸ਼ਾਊਲ ਤੋਂ ਵੀ ਬਚਾਇਆ। (1 ਸਮੂਏਲ 18:1; 20:1-42) ਇਸੇ ਤਰ੍ਹਾਂ, ਜ਼ਮੀਨੀ ਆਸ਼ਾ ਰੱਖਣ ਵਾਲੇ ਭੈਣ-ਭਰਾ ਉਨ੍ਹਾਂ ਭੈਣ-ਭਰਾਵਾਂ ਨਾਲ ਈਰਖਾ ਨਹੀਂ ਕਰਦੇ ਹਨ ਜਿਨ੍ਹਾਂ ਦੀ ਸਵਰਗੀ ਆਸ਼ਾ ਹੈ। ਅਤੇ ਸੱਚੇ ਮਸੀਹੀ ਉਨ੍ਹਾਂ ਨਾਲ ਈਰਖਾ ਨਹੀਂ ਕਰਦੇ ਹਨ ਜਿਨ੍ਹਾਂ ਕੋਲ ਕਲੀਸਿਯਾ ਵਿਚ ਪਰਮੇਸ਼ੁਰੀ ਇਖ਼ਤਿਆਰ ਹੈ। ਇਸ ਦੀ ਬਜਾਇ, ਉਹ ‘ਪ੍ਰੇਮ ਨਾਲ ਓਹਨਾਂ ਦਾ ਬਹੁਤਾ ਹੀ ਆਦਰ ਕਰਦੇ ਹਨ,’ ਅਤੇ ਆਪਣੇ ਅਧਿਆਤਮਿਕ ਭੈਣ-ਭਰਾਵਾਂ ਲਈ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਕਦਰ ਕਰਦੇ ਹਨ।—1 ਥੱਸਲੁਨੀਕੀਆਂ 5:12, 13.
ਦੁਨਿਆਵੀ ਸਰਕਾਰਾਂ ਪ੍ਰਤੀ ਪਰਮੇਸ਼ੁਰੀ ਨਜ਼ਰੀਆ
11. ਪਰਮੇਸ਼ੁਰ-ਸ਼ਾਸਨ ਅਧੀਨ ਰਹਿਣ ਵਾਲੇ ਮਸੀਹੀ, ਦੁਨਿਆਵੀ ਸਰਕਾਰਾਂ ਨੂੰ ਕਿਵੇਂ ਵਿਚਾਰਦੇ ਹਨ?
11 ਜੇ ਯਹੋਵਾਹ ਦੇ ਗਵਾਹ ਪਰਮੇਸ਼ੁਰ-ਸ਼ਾਸਨ ਦੇ ਅਧੀਨ ਹਨ, ਤਾਂ ਉਹ ਕੌਮੀ ਸ਼ਾਸਕਾਂ ਨੂੰ ਕਿਵੇਂ ਵਿਚਾਰਦੇ ਹਨ? ਯਿਸੂ ਨੇ ਕਿਹਾ ਸੀ ਕਿ ਉਸ ਦੇ ਪੈਰੋਕਾਰ “ਜਗਤ ਦੇ ਨਹੀਂ” ਹੋਣਗੇ। (ਯੂਹੰਨਾ 17:16) ਪਰੰਤੂ, ਉਸ ਦੇ ਪੈਰੋਕਾਰ “ਕੈਸਰ,” ਅਰਥਾਤ ਦੁਨਿਆਵੀ ਸਰਕਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੇ ਹਨ। ਯਿਸੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ” ਦੇਣੀਆਂ ਚਾਹੀਦੀਆਂ ਹਨ। (ਮੱਤੀ 22:21) ਬਾਈਬਲ ਦੇ ਅਨੁਸਾਰ, ਮਨੁੱਖੀ ਸਰਕਾਰਾਂ “ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।” ਯਹੋਵਾਹ, ਜੋ ਸਾਰੇ ਇਖ਼ਤਿਆਰ ਦਾ ਮਾਲਕ ਹੈ, ਸਰਕਾਰਾਂ ਨੂੰ ਸ਼ਾਸਨ ਕਰਨ ਦਿੰਦਾ ਹੈ, ਅਤੇ ਉਹ ਉਨ੍ਹਾਂ ਤੋਂ ਆਸ ਰੱਖਦਾ ਹੈ ਕਿ ਉਹ ਆਪਣੇ ਪ੍ਰਸ਼ਾਸਨ ਅਧੀਨ ਲੋਕਾਂ ਲਈ ਚੰਗੇ ਕੰਮ ਕਰਨ। ਜਦੋਂ ਉਹ ਇਸ ਤਰ੍ਹਾਂ ਕਰਦੇ ਹਨ, ਤਾਂ ਉਹ ‘ਪਰਮੇਸ਼ੁਰ ਦੇ ਸੇਵਕ’ ਹੁੰਦੇ ਹਨ। ਮਸੀਹੀ “[ਆਪਣੇ] ਅੰਤਹਕਰਨ” ਦੇ ਕਾਰਨ ਉਸ ਦੇਸ਼ ਦੀ ਸਰਕਾਰ ਦੇ ਅਧੀਨ ਹਨ ਜਿੱਥੇ ਉਹ ਰਹਿੰਦੇ ਹਨ। (ਰੋਮੀਆਂ 13:1-7) ਨਿਰਸੰਦੇਹ, ਜਦੋਂ ਸਰਕਾਰ ਉਨ੍ਹਾਂ ਤੋਂ ਉਸ ਚੀਜ਼ ਦੀ ਮੰਗ ਕਰਦੀ ਹੈ ਜੋ ਪਰਮੇਸ਼ੁਰ ਦੇ ਨਿਯਮ ਦੇ ਵਿਰੁੱਧ ਹੈ, ਤਾਂ ਮਸੀਹੀ ‘ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਗੇ।’—ਰਸੂਲਾਂ ਦੇ ਕਰਤੱਬ 5:29.
12. ਜਦੋਂ ਮਸੀਹੀਆਂ ਨੂੰ ਸਰਕਾਰਾਂ ਦੁਆਰਾ ਸਤਾਇਆ ਜਾਂਦਾ ਹੈ, ਤਾਂ ਉਹ ਕਿਸ ਦੀ ਉਦਾਹਰਣ ਤੇ ਚੱਲਦੇ ਹਨ?
12 ਉਦੋਂ ਕੀ ਜਦੋਂ ਸੱਚੇ ਮਸੀਹੀ ਸਰਕਾਰੀ ਅਧਿਕਾਰੀਆਂ ਦੁਆਰਾ ਸਤਾਏ ਜਾਂਦੇ ਹਨ? ਉਦੋਂ ਉਹ ਮੁਢਲੇ ਮਸੀਹੀਆਂ ਦੀ ਉਦਾਹਰਣ ਉੱਤੇ ਚੱਲਦੇ ਹਨ, ਜਿਨ੍ਹਾਂ ਨੇ ਸਖ਼ਤ ਸਤਾਹਟ ਨੂੰ ਸਹਾਰਿਆ ਸੀ। (ਰਸੂਲਾਂ ਦੇ ਕਰਤੱਬ 8:1; 13:50) ਨਿਹਚਾ ਕਾਰਨ ਆਏ ਇਨ੍ਹਾਂ ਪਰਤਾਵਿਆਂ ਦੀ ਆਸ ਕੀਤੀ ਗਈ ਸੀ, ਕਿਉਂਕਿ ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਸਤਾਹਟ ਆਵੇਗੀ। (ਮੱਤੀ 5:10-12; ਮਰਕੁਸ 4:17) ਪਰੰਤੂ, ਉਨ੍ਹਾਂ ਮੁਢਲੇ ਮਸੀਹੀਆਂ ਨੇ ਸਤਾਉਣ ਵਾਲਿਆਂ ਤੋਂ ਬਦਲਾ ਨਹੀਂ ਲਿਆ ਸੀ; ਨਾ ਹੀ ਦਬਾਅ ਅਧੀਨ ਉਨ੍ਹਾਂ ਦੀ ਨਿਹਚਾ ਕਮਜ਼ੋਰ ਹੋਈ। ਇਸ ਦੀ ਬਜਾਇ, ਉਹ ਯਿਸੂ ਦੀ ਉਦਾਹਰਣ ਉੱਤੇ ਚੱਲੇ: “ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।” (1 ਪਤਰਸ 2:21-23) ਜੀ ਹਾਂ, ਮਸੀਹੀ ਸਿਧਾਂਤਾਂ ਨੇ ਸ਼ਤਾਨ ਦੀ ਭੜਕਾਹਟ ਉੱਤੇ ਜਿੱਤ ਪ੍ਰਾਪਤ ਕੀਤੀ।—ਰੋਮੀਆਂ 12:21.
13. ਯਹੋਵਾਹ ਦੇ ਗਵਾਹਾਂ ਨੇ ਆਪਣੇ ਵਿਰੁੱਧ ਚਲਾਈਆਂ ਗਈਆਂ ਸਤਾਹਟ ਅਤੇ ਬਦਨਾਮੀ ਵਾਲੀਆਂ ਮੁਹਿੰਮਾਂ ਪ੍ਰਤੀ ਕੀ ਕੀਤਾ?
13 ਅੱਜ ਵੀ ਇਹ ਗੱਲ ਸੱਚ ਹੈ। ਇਸ ਸਦੀ ਦੌਰਾਨ, ਯਹੋਵਾਹ ਦੇ ਗਵਾਹਾਂ ਨੇ ਅਤਿਆਚਾਰੀ ਸ਼ਾਸਕਾਂ ਦੇ ਹੱਥੋਂ ਬਹੁਤ ਦੁੱਖ ਝੱਲੇ ਹਨ—ਜਿਵੇਂ ਕਿ ਯਿਸੂ ਨੇ ਪਹਿਲਾਂ ਹੀ ਦੱਸਿਆ ਸੀ। (ਮੱਤੀ 24:9, 13) ਕੁਝ ਦੇਸ਼ਾਂ ਵਿਚ, ਅਧਿਕਾਰੀਆਂ ਨੂੰ ਇਨ੍ਹਾਂ ਸੱਚੇ ਮਸੀਹੀਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਵਿਚ ਝੂਠੀਆਂ ਗੱਲਾਂ ਅਤੇ ਗ਼ਲਤ ਬਿਆਨ ਫੈਲਾਏ ਜਾਂਦੇ ਹਨ। ਫਿਰ ਵੀ, ਅਜਿਹੇ “ਅਪਜਸ” ਦੇ ਬਾਵਜੂਦ ਵੀ, ਗਵਾਹਾਂ ਨੇ ਆਪਣੇ ਚੰਗੇ ਆਚਰਣ ਦੁਆਰਾ ਆਪਣੇ ਆਪ ਨੂੰ ਪਰਮੇਸ਼ੁਰ ਦੇ ਸੇਵਕ ਸਾਬਤ ਕੀਤਾ ਹੈ। (2 ਕੁਰਿੰਥੀਆਂ 6:4, 8) ਜਦੋਂ ਵੀ ਸੰਭਵ ਹੁੰਦਾ ਹੈ, ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਆਪਣਾ ਕੇਸ ਦੇਸ਼ ਦੇ ਅਧਿਕਾਰੀਆਂ ਅਤੇ ਅਦਾਲਤਾਂ ਦੇ ਸਾਮ੍ਹਣੇ ਪੇਸ਼ ਕਰਦੇ ਹਨ। ਜਨਤਕ ਤੌਰ ਤੇ ਖ਼ੁਸ਼ ਖ਼ਬਰੀ ਦਾ ਪੱਖ ਪੂਰਨ ਲਈ ਜੋ ਵੀ ਵਸੀਲੇ ਪ੍ਰਾਪਤ ਹਨ ਉਨ੍ਹਾਂ ਨੂੰ ਉਹ ਪ੍ਰਯੋਗ ਕਰਦੇ ਹਨ। (ਫ਼ਿਲਿੱਪੀਆਂ 1:7) ਪਰੰਤੂ, ਉਹ ਕਾਨੂੰਨੀ ਤੌਰ ਤੇ ਜੋ ਕੁਝ ਕਰ ਸਕਦੇ ਹਨ, ਉਸ ਨੂੰ ਕਰਨ ਤੋਂ ਬਾਅਦ, ਉਹ ਮਾਮਲੇ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੰਦੇ ਹਨ। (ਜ਼ਬੂਰ 5:8-12; ਕਹਾਉਤਾਂ 20:22) ਜੇ ਜ਼ਰੂਰਤ ਪਵੇ, ਤਾਂ ਉਹ ਮੁਢਲੇ ਮਸੀਹੀਆਂ ਵਾਂਗ ਧਾਰਮਿਕਤਾ ਦੀ ਖ਼ਾਤਰ ਦੁੱਖ ਝੱਲਣ ਤੋਂ ਡਰਦੇ ਨਹੀਂ ਹਨ।—1 ਪਤਰਸ 3:14-17; 4:12-14, 16.
ਪਰਮੇਸ਼ੁਰ ਦੀ ਮਹਿਮਾ ਨੂੰ ਪਹਿਲੀ ਥਾਂ ਦਿਓ
14, 15. (ੳ) ਪਰਮੇਸ਼ੁਰ-ਸ਼ਾਸਨ ਦੇ ਸਿਧਾਂਤ ਦਾ ਸਮਰਥਨ ਕਰਨ ਵਾਲਿਆਂ ਲਈ ਸਭ ਤੋਂ ਜ਼ਰੂਰੀ ਗੱਲ ਕੀ ਹੈ? (ਅ) ਸੁਲੇਮਾਨ ਨੇ ਨਿਗਰਾਨੀ ਦੀ ਆਪਣੀ ਪਦਵੀ ਵਿਚ ਕਿਸ ਮੌਕੇ ਤੇ ਨਿਮਰਤਾ ਦੀ ਇਕ ਉੱਤਮ ਉਦਾਹਰਣ ਕਾਇਮ ਕੀਤੀ?
14 ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਤਾਂ ਉਸ ਨੇ ਸਭ ਤੋਂ ਪਹਿਲਾਂ ਯਹੋਵਾਹ ਦੇ ਨਾਂ ਦੇ ਪਾਕ-ਪਵਿੱਤਰ ਹੋਣ ਬਾਰੇ ਜ਼ਿਕਰ ਕੀਤਾ। (ਮੱਤੀ 6:9) ਇਸ ਦੀ ਇਕਸੁਰਤਾ ਵਿਚ, ਜਿਹੜੇ ਲੋਕ ਪਰਮੇਸ਼ੁਰ-ਸ਼ਾਸਨ ਅਧੀਨ ਰਹਿੰਦੇ ਹਨ, ਉਹ ਆਪਣੀ ਮਹਿਮਾ ਕਰਨ ਦੀ ਬਜਾਇ ਪਰਮੇਸ਼ੁਰ ਦੀ ਮਹਿਮਾ ਕਰਦੇ ਹਨ। (ਜ਼ਬੂਰ 29:1, 2) ਬਾਈਬਲ ਦੱਸਦੀ ਹੈ ਕਿ ਪਹਿਲੀ ਸਦੀ ਵਿਚ, ਕੁਝ ਲੋਕਾਂ ਲਈ ਇਹ ਠੋਕਰ ਦਾ ਕਾਰਨ ਸੀ ਜਿਨ੍ਹਾਂ ਨੇ ਯਿਸੂ ਦੇ ਪਿੱਛੇ ਚੱਲਣ ਤੋਂ ਇਨਕਾਰ ਕੀਤਾ “ਕਿਉਂਕਿ ਓਹ ਪਰਮੇਸ਼ੁਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਦੇ ਬਹੁਤੇ ਭੁੱਖੇ ਸਨ।” (ਯੂਹੰਨਾ 12:42, 43) ਸੱਚ-ਮੁੱਚ, ਆਪਣੇ ਆਪ ਨੂੰ ਮਹਿਮਾ ਦੇਣ ਦੀ ਬਜਾਇ ਯਹੋਵਾਹ ਨੂੰ ਮਹਿਮਾ ਦੇਣ ਲਈ ਨਿਮਰਤਾ ਦੀ ਜ਼ਰੂਰਤ ਹੈ।
15 ਸੁਲੇਮਾਨ ਨੇ ਇਸ ਸੰਬੰਧ ਵਿਚ ਚੰਗਾ ਰਵੱਈਆ ਪ੍ਰਗਟ ਕੀਤਾ। ਉਸ ਦੁਆਰਾ ਬਣਾਈ ਗਈ ਸ਼ਾਨਦਾਰ ਹੈਕਲ ਦੇ ਸਮਰਪਣ ਵੇਲੇ ਉਸ ਦੇ ਕਹੇ ਸ਼ਬਦਾਂ ਦੀ ਤੁਲਨਾ ਨਬੂਕਦਨੱਸਰ ਦੁਆਰਾ ਆਪਣੇ ਇਮਾਰਤੀ ਕਾਰਨਾਮਿਆਂ ਸੰਬੰਧੀ ਕਹੇ ਗਏ ਸ਼ਬਦਾਂ ਨਾਲ ਕਰੋ। ਘਮੰਡ ਨਾਲ ਫੁੱਲ ਕੇ, ਨਬੂਕਦਨੱਸਰ ਨੇ ਸ਼ੇਖੀ ਮਾਰੀ: “ਕੀ ਏਹ ਉਹ ਵੱਡਾ ਬਾਬਲ ਨਹੀਂ ਜਿਹ ਨੂੰ ਮੈਂ ਆਪਣੀ ਸ਼ਕਤੀ ਦੇ ਬਲ ਨਾਲ ਮਹਾਰਾਜੇ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵੱਡਿਆਈ ਹੋਵੇ?” (ਦਾਨੀਏਲ 4:30) ਇਸ ਦੇ ਉਲਟ, ਸੁਲੇਮਾਨ ਨੇ ਆਪਣੀ ਪ੍ਰਾਪਤੀ ਨੂੰ ਨਿਮਰਤਾ ਨਾਲ ਤੁੱਛ ਦੱਸਦੇ ਹੋਏ ਕਿਹਾ: “ਕੀ ਪਰਮੇਸ਼ੁਰ ਸੱਚ ਮੁੱਚ ਆਦਮੀਆਂ ਦੇ ਨਾਲ ਧਰਤੀ ਉੱਤੇ ਵਾਸ ਕਰੇਗਾ? ਵੇਖ, ਸੁਰਗ, ਸਗੋਂ ਸੁਰਗਾਂ ਦੇ ਸੁਰਗ ਤੈਨੂੰ ਨਹੀਂ ਸੰਭਾਲ ਸੱਕੇ, ਫਿਰ ਕਿਵੇਂ ਏਹ ਭਵਨ ਜੋ ਮੈਂ ਬਣਾਇਆ?” (2 ਇਤਹਾਸ 6:14, 15, 18; ਜ਼ਬੂਰ 127:1) ਸੁਲੇਮਾਨ ਨੇ ਆਪਣੀ ਵਡਿਆਈ ਨਹੀਂ ਕੀਤੀ। ਉਹ ਜਾਣਦਾ ਸੀ ਕਿ ਉਹ ਸਿਰਫ਼ ਯਹੋਵਾਹ ਦਾ ਪ੍ਰਤਿਨਿਧ ਸੀ ਅਤੇ ਉਸ ਨੇ ਲਿਖਿਆ: “ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ, ਪਰ ਦੀਨਾਂ ਦੇ ਨਾਲ ਬੁੱਧ ਹੈ।”—ਕਹਾਉਤਾਂ 11:2.
16. ਬਜ਼ੁਰਗ ਆਪਣੇ ਆਪ ਨੂੰ ਮਹਿਮਾ ਨਾ ਦੇਣ ਦੁਆਰਾ ਕਿਵੇਂ ਇਕ ਵੱਡੀ ਬਰਕਤ ਸਾਬਤ ਹੋਏ ਹਨ?
16 ਇਸ ਹੀ ਤਰ੍ਹਾਂ ਮਸੀਹੀ ਬਜ਼ੁਰਗ ਵੀ ਯਹੋਵਾਹ ਨੂੰ ਵਡਿਆਉਂਦੇ ਹਨ ਅਤੇ ਆਪਣੇ ਆਪ ਨੂੰ ਨਹੀਂ। ਉਹ ਪਤਰਸ ਦੀ ਸਲਾਹ ਉੱਤੇ ਚੱਲਦੇ ਹਨ: “ਜੇ ਕੋਈ ਟਹਿਲ ਕਰੇ ਤਾਂ ਓਸ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ੁਰ ਦਿੰਦਾ ਹੈ ਭਈ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾ ਕੀਤੀ ਜਾਵੇ।” (1 ਪਤਰਸ 4:11) ਪੌਲੁਸ ਰਸੂਲ ਨੇ “ਨਿਗਾਹਬਾਨ ਦੇ ਹੁੱਦੇ” ਨੂੰ ਇਕ ਉੱਚੀ ਪਦਵੀ ਨਹੀਂ ਕਿਹਾ, ਪਰੰਤੂ ਇਕ ‘ਚੰਗਾ ਕੰਮ’ ਕਿਹਾ। (1 ਤਿਮੋਥਿਉਸ 3:1) ਬਜ਼ੁਰਗਾਂ ਨੂੰ ਸੇਵਾ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ, ਨਾ ਕਿ ਸ਼ਾਸਨ ਕਰਨ ਲਈ। ਉਹ ਪਰਮੇਸ਼ੁਰ ਦੇ ਝੁੰਡ ਦੇ ਉਪਦੇਸ਼ਕ ਅਤੇ ਚਰਵਾਹੇ ਹਨ। (ਰਸੂਲਾਂ ਦੇ ਕਰਤੱਬ 20:28; ਯਾਕੂਬ 3:1) ਨਿਮਰ, ਸਵੈ-ਤਿਆਗੀ ਬਜ਼ੁਰਗ ਕਲੀਸਿਯਾ ਲਈ ਇਕ ਵੱਡੀ ਬਰਕਤ ਹਨ। (1 ਪਤਰਸ 5:2, 3) “ਏਹੋ ਜੇਹਿਆਂ ਦਾ ਆਦਰ ਕਰੋ,” ਅਤੇ ਯਹੋਵਾਹ ਦਾ ਸ਼ੁਕਰਗੁਜ਼ਾਰ ਕਰੋ ਕਿ ਉਸ ਨੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਪਰਮੇਸ਼ੁਰ-ਸ਼ਾਸਨ ਨੂੰ ਕਾਇਮ ਰੱਖਣ ਲਈ ਇੰਨੇ ਸਾਰੇ ਯੋਗ ਬਜ਼ੁਰਗ ਮੁਹੱਈਆ ਕੀਤੇ ਹਨ।—ਫ਼ਿਲਿੱਪੀਆਂ 2:29; 2 ਤਿਮੋਥਿਉਸ 3:1.
“ਪਰਮੇਸ਼ੁਰ ਦੀ ਰੀਸ ਕਰੋ”
17. ਜਿਹੜੇ ਵਿਅਕਤੀ ਪਰਮੇਸ਼ੁਰ-ਸ਼ਾਸਨ ਦੇ ਅਧੀਨ ਹਨ, ਉਹ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਰੀਸ ਕਰਦੇ ਹਨ?
17 ਪੌਲੁਸ ਰਸੂਲ ਨੇ ਤਾਕੀਦ ਕੀਤੀ: “ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” (ਅਫ਼ਸੀਆਂ 5:1) ਜਿਹੜੇ ਵਿਅਕਤੀ ਆਪਣੇ ਆਪ ਨੂੰ ਪਰਮੇਸ਼ੁਰ-ਸ਼ਾਸਨ ਦੇ ਅਧੀਨ ਕਰਦੇ ਹਨ ਉਹ ਉਸ ਹੱਦ ਤਕ ਪਰਮੇਸ਼ੁਰ ਵਾਂਗ ਬਣਨ ਦੀ ਕੋਸ਼ਿਸ਼ ਕਰਦੇ ਹਨ ਜਿੰਨਾ ਅਪੂਰਣ ਮਨੁੱਖਾਂ ਲਈ ਸੰਭਵ ਹੈ। ਉਦਾਹਰਣ ਲਈ, ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:3, 4) ਇਸ ਸੰਬੰਧ ਵਿਚ ਪਰਮੇਸ਼ੁਰ ਦੀ ਰੀਸ ਕਰਨ ਲਈ, ਮਸੀਹੀ ਵਫ਼ਾਦਾਰੀ, ਧਾਰਮਿਕਤਾ, ਅਤੇ ਇਨਸਾਫ਼ ਦੀ ਸੰਤੁਲਿਤ ਸੂਝ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। (ਮੀਕਾਹ 6:8; 1 ਥੱਸਲੁਨੀਕੀਆਂ 3:6; 1 ਯੂਹੰਨਾ 3:7) ਉਹ ਉਨ੍ਹਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਬਚਦੇ ਹਨ ਜੋ ਸੰਸਾਰ ਵਿਚ ਸਵੀਕਾਰਯੋਗ ਬਣ ਗਈਆਂ ਹਨ, ਜਿਵੇਂ ਕਿ ਅਨੈਤਿਕਤਾ ਅਤੇ ਲਾਲਚ। (ਅਫ਼ਸੀਆਂ 5:5) ਕਿਉਂਕਿ ਯਹੋਵਾਹ ਦੇ ਸੇਵਕ ਮਨੁੱਖਾਂ ਦੇ ਮਿਆਰਾਂ ਉੱਤੇ ਚੱਲਣ ਦੀ ਬਜਾਇ ਪਰਮੇਸ਼ੁਰੀ ਮਿਆਰਾਂ ਉੱਤੇ ਚੱਲਦੇ ਹਨ, ਇਸ ਲਈ ਉਸ ਦਾ ਸੰਗਠਨ ਸਾਫ਼, ਹਿਤਕਾਰੀ ਅਤੇ ਉਸ ਦੇ ਸ਼ਾਸਨ ਅਧੀਨ ਹੈ।
18. ਪਰਮੇਸ਼ੁਰ ਦਾ ਸਰਬੋਤਮ ਗੁਣ ਕੀ ਹੈ, ਅਤੇ ਮਸੀਹੀ ਕਿਵੇਂ ਇਸ ਗੁਣ ਨੂੰ ਪ੍ਰਦਰਸ਼ਿਤ ਕਰਦੇ ਹਨ?
18 ਯਹੋਵਾਹ ਪਰਮੇਸ਼ੁਰ ਦਾ ਸਰਬੋਤਮ ਗੁਣ ਪ੍ਰੇਮ ਹੈ। “ਪਰਮੇਸ਼ੁਰ ਪ੍ਰੇਮ ਹੈ,” ਯੂਹੰਨਾ ਰਸੂਲ ਕਹਿੰਦਾ ਹੈ। (1 ਯੂਹੰਨਾ 4:8) ਕਿਉਂਕਿ ਪਰਮੇਸ਼ੁਰ-ਸ਼ਾਸਨ ਦਾ ਅਰਥ ਹੈ ਪਰਮੇਸ਼ੁਰ ਦੁਆਰਾ ਸ਼ਾਸਨ, ਇਹ ਪ੍ਰੇਮ ਦੇ ਸ਼ਾਸਨ ਨੂੰ ਦਰਸਾਉਂਦਾ ਹੈ। ਯਿਸੂ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਨ੍ਹਾਂ ਅੰਤ ਦੇ ਮੁਸ਼ਕਲ ਦਿਨਾਂ ਵਿਚ ਪਰਮੇਸ਼ੁਰੀ ਸੰਗਠਨ ਨੇ ਬੇਹੱਦ ਪ੍ਰੇਮ ਦਿਖਾਇਆ ਹੈ। ਅਫ਼ਰੀਕਾ ਵਿਚ ਕੁਲ-ਨਾਸ਼ੀ ਲੜਾਈ ਦੇ ਦੌਰਾਨ, ਯਹੋਵਾਹ ਦੇ ਗਵਾਹਾਂ ਨੇ ਸਾਰਿਆਂ ਪ੍ਰਤੀ ਪ੍ਰੇਮ ਪ੍ਰਦਰਸ਼ਿਤ ਕੀਤਾ, ਚਾਹੇ ਉਹ ਕਿਸੇ ਵੀ ਨਸਲੀ ਸਮੂਹ ਦੇ ਸਨ। ਸਾਬਕਾ ਯੁਗੋਸਲਾਵੀਆ ਵਿਚ ਹੋਈ ਲੜਾਈ ਦੌਰਾਨ, ਸਾਰੇ ਖੇਤਰਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਇਕ ਦੂਸਰੇ ਦੀ ਮਦਦ ਕੀਤੀ, ਜਦ ਕਿ ਦੂਸਰੇ ਧਾਰਮਿਕ ਸਮੂਹਾਂ ਨੇ ਅਖਾਉਤੀ ਨਸਲੀ ਸ਼ੁੱਧੀਕਰਣ ਵਿਚ ਹਿੱਸਾ ਲਿਆ। ਵਿਅਕਤੀਗਤ ਤੌਰ ਤੇ, ਯਹੋਵਾਹ ਦੇ ਗਵਾਹ ਪੌਲੁਸ ਦੀ ਸਲਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ। ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।”—ਅਫ਼ਸੀਆਂ 4:31, 32.
19. ਜਿਹੜੇ ਵਿਅਕਤੀ ਪਰਮੇਸ਼ੁਰ-ਸ਼ਾਸਨ ਦੇ ਅਧੀਨ ਰਹਿੰਦੇ ਹਨ, ਉਹ ਹੁਣ ਅਤੇ ਭਵਿੱਖ ਵਿਚ ਕਿਹੜੀਆਂ ਬਰਕਤਾਂ ਪ੍ਰਾਪਤ ਕਰਨਗੇ?
19 ਜਿਹੜੇ ਵਿਅਕਤੀ ਪਰਮੇਸ਼ੁਰ-ਸ਼ਾਸਨ ਦੇ ਅਧੀਨ ਰਹਿੰਦੇ ਹਨ, ਉਹ ਵੱਡੀਆਂ ਬਰਕਤਾਂ ਦਾ ਆਨੰਦ ਮਾਣਦੇ ਹਨ। ਉਨ੍ਹਾਂ ਦਾ ਪਰਮੇਸ਼ੁਰ ਨਾਲ ਅਤੇ ਆਪਣੇ ਸੰਗੀ ਮਸੀਹੀਆਂ ਨਾਲ ਸ਼ਾਂਤਮਈ ਰਿਸ਼ਤਾ ਹੈ। (ਇਬਰਾਨੀਆਂ 12:14; ਯਾਕੂਬ 3:17) ਉਨ੍ਹਾਂ ਦੇ ਜੀਵਨ ਵਿਚ ਮਕਸਦ ਹੈ। (ਉਪਦੇਸ਼ਕ ਦੀ ਪੋਥੀ 12:13) ਉਨ੍ਹਾਂ ਨੂੰ ਅਧਿਆਤਮਿਕ ਸੁਰੱਖਿਆ ਪ੍ਰਾਪਤ ਹੈ ਅਤੇ ਉਨ੍ਹਾਂ ਕੋਲ ਭਵਿੱਖ ਲਈ ਇਕ ਪੱਕੀ ਆਸ਼ਾ ਹੈ। (ਜ਼ਬੂਰ 59:9) ਸੱਚ-ਮੁੱਚ, ਉਹ ਹੁਣ ਤੋਂ ਹੀ ਅਨੁਭਵ ਕਰ ਰਹੇ ਹਨ ਕਿ ਉਦੋਂ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਜਦੋਂ ਸਾਰੀ ਮਨੁੱਖਜਾਤੀ ਪਰਮੇਸ਼ੁਰ-ਸ਼ਾਸਨ ਦੇ ਅਧੀਨ ਹੋਵੇਗੀ। ਬਾਈਬਲ ਕਹਿੰਦੀ ਹੈ ਕਿ ਉਦੋਂ “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” (ਯਸਾਯਾਹ 11:9) ਉਹ ਕਿੰਨਾ ਸ਼ਾਨਦਾਰ ਸਮਾਂ ਹੋਵੇਗਾ! ਆਓ ਅਸੀਂ ਹੁਣ ਪਰਮੇਸ਼ੁਰ-ਸ਼ਾਸਨ ਦੇ ਨੇੜੇ ਰਹਿ ਕੇ ਉਸ ਭਾਵੀ ਪਰਾਦੀਸ ਵਿਚ ਆਪਣੀ ਥਾਂ ਨੂੰ ਯਕੀਨੀ ਬਣਾਈਏ।
ਕੀ ਤੁਸੀਂ ਸਮਝਾ ਸਕਦੇ ਹੋ?
◻ ਅਸਲੀ ਪਰਮੇਸ਼ੁਰ-ਸ਼ਾਸਨ ਕੀ ਹੈ ਅਤੇ ਇਹ ਅੱਜ ਕਿੱਥੇ ਪਾਇਆ ਜਾਂਦਾ ਹੈ?
◻ ਮਾਨਵ ਆਪਣੀਆਂ ਜ਼ਿੰਦਗੀਆਂ ਵਿਚ ਆਪਣੇ ਆਪ ਨੂੰ ਕਿਵੇਂ ਪਰਮੇਸ਼ੁਰ-ਸ਼ਾਸਨ ਦੇ ਅਧੀਨ ਕਰਦੇ ਹਨ?
◻ ਪਰਮੇਸ਼ੁਰ-ਸ਼ਾਸਨ ਦੇ ਅਧੀਨ ਸਾਰੇ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਮਾ ਦੇਣ ਦੀ ਬਜਾਇ ਪਰਮੇਸ਼ੁਰ ਨੂੰ ਮਹਿਮਾ ਦੇਣ ਦੀ ਕੋਸ਼ਿਸ਼ ਕਰਦੇ ਹਨ?
◻ ਜੋ ਲੋਕ ਪਰਮੇਸ਼ੁਰ-ਸ਼ਾਸਨ ਦਾ ਸਮਰਥਨ ਕਰਦੇ ਹਨ, ਉਹ ਕਿਹੜੇ ਕੁਝ ਪਰਮੇਸ਼ੁਰੀ ਗੁਣਾਂ ਦੀ ਰੀਸ ਕਰਦੇ ਹਨ?
[ਸਫ਼ੇ 17 ਉੱਤੇ ਤਸਵੀਰ]
ਸੁਲੇਮਾਨ ਨੇ ਆਪਣੇ ਆਪ ਨੂੰ ਮਹਿਮਾ ਦੇਣ ਦੀ ਬਜਾਇ ਪਰਮੇਸ਼ੁਰ ਨੂੰ ਮਹਿਮਾ ਦਿੱਤੀ