“ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ”
“ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’”—ਮੱਤੀ 22:39.
1, 2. (ੳ) ਯਿਸੂ ਨੇ ਮੂਸਾ ਦੇ ਕਾਨੂੰਨ ਵਿਚ ਦੂਸਰਾ ਸਭ ਤੋਂ ਵੱਡਾ ਹੁਕਮ ਕਿਹੜਾ ਦੱਸਿਆ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਚਰਚਾ ਕਰਾਂਗੇ?
ਇਕ ਵਾਰ ਇਕ ਫ਼ਰੀਸੀ ਨੇ ਯਿਸੂ ਨੂੰ ਪਰਖਦੇ ਹੋਏ ਪੁੱਛਿਆ: “ਗੁਰੂ ਜੀ, ਮੂਸਾ ਦੇ ਕਾਨੂੰਨ ਵਿਚ ਸਭ ਤੋਂ ਵੱਡਾ ਹੁਕਮ ਕਿਹੜਾ ਹੈ?” ਜਿੱਦਾਂ ਕਿ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਯਿਸੂ ਨੇ ਜਵਾਬ ਦਿੱਤਾ ਕਿ “ਪਹਿਲਾ ਅਤੇ ਸਭ ਤੋਂ ਵੱਡਾ ਹੁਕਮ” ਹੈ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।” ਯਿਸੂ ਨੇ ਅੱਗੇ ਕਿਹਾ ਕਿ “ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’”—ਮੱਤੀ 22:34-39.
2 ਯਿਸੂ ਨੇ ਕਿਹਾ ਸੀ ਕਿ ਸਾਨੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਆਪਣੇ ਆਪ ਨੂੰ ਕਰਦੇ ਹਾਂ। ਇਸ ਲਈ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ਸਾਡਾ ਗੁਆਂਢੀ ਕੌਣ ਹੈ? ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਿੱਦਾਂ ਦਿਖਾ ਸਕਦੇ ਹਾਂ?
ਅਸਲ ਵਿਚ ਸਾਡਾ ਗੁਆਂਢੀ ਕੌਣ ਹੈ?
3, 4. (ੳ) ਕਿਹੜੀ ਮਿਸਾਲ ਵਰਤਦੇ ਹੋਏ ਯਿਸੂ ਨੇ ਇਸ ਸਵਾਲ ਦਾ ਜਵਾਬ ਦਿੱਤਾ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” (ਅ) ਇਕ ਸਾਮਰੀ ਨੇ ਉਸ ਬੰਦੇ ਦੀ ਕਿੱਦਾਂ ਮਦਦ ਕੀਤੀ ਸੀ ਜਿਸ ਨੂੰ ਲੁੱਟਣ ਤੋਂ ਬਾਅਦ ਮਾਰ-ਕੁੱਟ ਕੇ ਅਧਮੋਇਆ ਛੱਡ ਦਿੱਤਾ ਗਿਆ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
3 ਅਸੀਂ ਉਸ ਇਨਸਾਨ ਨੂੰ ਆਪਣਾ ਗੁਆਂਢੀ ਸਮਝਦੇ ਹਾਂ ਜੋ ਸਾਡੇ ਨੇੜੇ ਰਹਿੰਦਾ ਹੈ, ਜਿਸ ਨਾਲ ਸਾਡੀ ਬਣਦੀ ਹੈ ਅਤੇ ਜੋ ਲੋੜ ਪੈਣ ਤੇ ਸਾਡੀ ਮਦਦ ਕਰਦਾ ਹੈ। (ਕਹਾ. 27:10) ਪਰ ਗੌਰ ਕਰੋ ਕਿ ਯਿਸੂ ਨੇ ਕੀ ਕਿਹਾ ਜਦ ਧਰਮੀ ਹੋਣ ਦਾ ਦਿਖਾਵਾ ਕਰਨ ਵਾਲੇ ਇਕ ਬੰਦੇ ਨੇ ਉਸ ਨੂੰ ਪੁੱਛਿਆ: “ਅਸਲ ਵਿਚ ਮੇਰਾ ਗੁਆਂਢੀ ਹੈ ਕੌਣ?” ਜਵਾਬ ਵਿਚ ਯਿਸੂ ਨੇ ਇਕ ਸਾਮਰੀ ਬੰਦੇ ਦੀ ਮਿਸਾਲ ਦਿੱਤੀ। (ਲੂਕਾ 10:29-37 ਪੜ੍ਹੋ।) ਇਕ ਪੁਜਾਰੀ ਅਤੇ ਲੇਵੀ ਨੇ ਉਸ ਬੰਦੇ ਨੂੰ ਦੇਖਿਆ ਜਿਸ ਦਾ ਸਭ ਕੁਝ ਲੁੱਟ ਲਿਆ ਗਿਆ ਸੀ ਅਤੇ ਉਸ ਨੂੰ ਮਾਰ-ਕੁੱਟ ਕੇ ਅਧਮੋਇਆ ਛੱਡ ਦਿੱਤਾ ਗਿਆ ਸੀ। ਉਨ੍ਹਾਂ ਨੂੰ ਉਸ ਆਦਮੀ ਨਾਲ ਚੰਗੇ ਗੁਆਂਢੀਆਂ ਵਾਂਗ ਪੇਸ਼ ਆਉਣਾ ਚਾਹੀਦਾ ਸੀ। ਪਰ ਉਹ ਉਸ ਆਦਮੀ ਲਈ ਬਿਨਾਂ ਕੁਝ ਕੀਤਿਆਂ ਦੂਜੇ ਪਾਸੇ ਦੀ ਲੰਘ ਗਏ। ਇਕ ਸਾਮਰੀ ਬੰਦੇ ਨੇ ਉਸ ਦੀ ਮਦਦ ਕੀਤੀ ਜੋ ਉਨ੍ਹਾਂ ਲੋਕਾਂ ਵਿੱਚੋਂ ਸੀ ਜਿਹੜੇ ਮੂਸਾ ਦੇ ਕਾਨੂੰਨ ਨੂੰ ਮੰਨਦੇ ਸਨ, ਪਰ ਯਹੂਦੀ ਲੋਕ ਸਾਮਰੀ ਲੋਕਾਂ ਨਾਲ ਨਫ਼ਰਤ ਕਰਦੇ ਸਨ।—ਯੂਹੰ. 4:9.
4 ਸਾਮਰੀ ਬੰਦੇ ਨੇ ਉਸ ਦੇ ਜ਼ਖ਼ਮਾਂ ਉੱਤੇ ਤੇਲ ਤੇ ਦਾਖਰਸ ਲਾ ਕੇ ਪੱਟੀਆਂ ਕੀਤੀਆਂ। ਉਸ ਨੇ ਮੁਸਾਫਰਖ਼ਾਨੇ ਦੇ ਮਾਲਕ ਨੂੰ ਉਸ ਬੰਦੇ ਦੀ ਦੇਖ-ਭਾਲ ਕਰਨ ਲਈ ਦੋ ਦੀਨਾਰ ਵੀ ਦਿੱਤੇ ਜੋ ਕਿ ਦੋ ਦਿਨਾਂ ਦੀ ਮਜ਼ਦੂਰੀ ਸੀ। (ਮੱਤੀ 20:2) ਸੋ ਸਾਡੇ ਲਈ ਇਹ ਦੇਖਣਾ ਕਿੰਨਾ ਆਸਾਨ ਹੈ ਕਿ ਉਸ ਜ਼ਖ਼ਮੀ ਬੰਦੇ ਦਾ ਅਸਲ ਵਿਚ ਗੁਆਂਢੀ ਕੌਣ ਸਾਬਤ ਹੋਇਆ। ਯਿਸੂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਆਪਣੇ ਗੁਆਂਢੀ ਲਈ ਦਇਆ ਅਤੇ ਪਿਆਰ ਦਿਖਾਉਣਾ ਚਾਹੀਦਾ ਹੈ।
5. ਹਾਲ ਹੀ ਵਿਚ ਆਈ ਇਕ ਕੁਦਰਤੀ ਆਫ਼ਤ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣੇ ਗੁਆਂਢੀ ਲਈ ਪਿਆਰ ਕਿਵੇਂ ਦਿਖਾਇਆ?
5 ਅੱਜ ਉਸ ਸਾਮਰੀ ਬੰਦੇ ਵਰਗੇ ਦਿਆਲੂ ਲੋਕ ਲੱਭਣੇ ਬਹੁਤ ਔਖੇ ਹਨ। ਇਹ ਗੱਲ ਖ਼ਾਸ ਕਰਕੇ ਇਨ੍ਹਾਂ ‘ਆਖ਼ਰੀ ਦਿਨਾਂ’ ਵਿਚ ਸੱਚ ਹੈ ਕਿਉਂਕਿ ਜ਼ਿਆਦਾਤਰ ਲੋਕ ਨਿਰਮੋਹੀ ਤੇ ਵਹਿਸ਼ੀ ਹਨ ਅਤੇ ਭਲਾਈ ਨਾਲ ਪਿਆਰ ਨਹੀਂ ਕਰਦੇ। (2 ਤਿਮੋ. 3:1-3) ਮਿਸਾਲ ਲਈ, ਕੁਦਰਤੀ ਆਫ਼ਤਾਂ ਦੌਰਾਨ ਔਖੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਗੌਰ ਕਰੋ ਕਿ ਅਕਤੂਬਰ 2012 ਨੂੰ ਸੈਂਡੀ ਨਾਂ ਦੇ ਤੂਫ਼ਾਨ ਨਾਲ ਨਿਊਯਾਰਕ ਸ਼ਹਿਰ ਦਾ ਇਕ ਹਿੱਸਾ ਬਹੁਤ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਰ ਲੁਟੇਰਿਆਂ ਨੇ ਉਸ ਇਲਾਕੇ ਵਿਚ ਰਹਿ ਰਹੇ ਲੋਕਾਂ ਨੂੰ ਲੁੱਟਿਆ ਜੋ ਕਿ ਪਹਿਲਾਂ ਹੀ ਦੁੱਖਾਂ ਦੇ ਮਾਰੇ ਹੋਏ ਸਨ ਕਿਉਂਕਿ ਉੱਥੇ ਬਿਜਲੀ ਨਹੀਂ ਸੀ, ਠੰਢ ਵਿਚ ਰਹਿ ਰਹੇ ਸਨ ਤੇ ਹੋਰ ਜ਼ਰੂਰੀ ਚੀਜ਼ਾਂ ਤੋਂ ਵਾਂਝੇ ਸਨ। ਉਸ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੇ ਨਾਲ-ਨਾਲ ਦੂਜੇ ਲੋਕਾਂ ਦੀ ਵੀ ਮਦਦ ਕੀਤੀ। ਇਹ ਕਰਕੇ ਮਸੀਹੀਆਂ ਨੇ ਦਿਖਾਇਆ ਕਿ ਉਹ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਨ। ਅਸੀਂ ਹੋਰ ਕਿਹੜੇ ਤਰੀਕਿਆਂ ਰਾਹੀਂ ਆਪਣੇ ਗੁਆਂਢੀ ਲਈ ਪਿਆਰ ਦਿਖਾ ਸਕਦੇ ਹਾਂ?
ਗੁਆਂਢੀ ਨੂੰ ਪਿਆਰ ਦਿਖਾਉਣ ਦੇ ਕੁਝ ਤਰੀਕੇ
6. ਪ੍ਰਚਾਰ ਵਿਚ ਅਸੀਂ ਲੋਕਾਂ ਦੇ ਗੁਆਂਢੀ ਕਿਵੇਂ ਬਣਦੇ ਹਾਂ?
6 ਬਾਈਬਲ ਤੋਂ ਮਦਦ ਦਿਓ। ਪ੍ਰਚਾਰ ਵਿਚ ਅਸੀਂ ਆਪਣੇ ਗੁਆਂਢੀ ਨੂੰ “ਧਰਮ-ਗ੍ਰੰਥ ਤੋਂ ਦਿਲਾਸਾ” ਦਿੰਦੇ ਹਾਂ। (ਰੋਮੀ. 15:4) ਬਿਨਾਂ ਸ਼ੱਕ ਅਸੀਂ ਪ੍ਰਚਾਰ ਵਿਚ ਲੋਕਾਂ ਨਾਲ ਬਾਈਬਲ ਦੀ ਸੱਚਾਈ ਸਾਂਝੀ ਕਰ ਕੇ ਉਨ੍ਹਾਂ ਦੇ ਗੁਆਂਢੀ ਬਣਦੇ ਹਾਂ। (ਮੱਤੀ 24:14) ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਨੂੰ ‘ਉਮੀਦ ਦੇਣ ਵਾਲੇ ਪਰਮੇਸ਼ੁਰ’ ਦੇ ਰਾਜ ਦਾ ਸੰਦੇਸ਼ ਸੁਣਾਉਂਦੇ ਹਾਂ।—ਰੋਮੀ. 15:13.
7. ਉੱਤਮ ਅਸੂਲ ਕੀ ਹੈ ਅਤੇ ਇਸ ਨੂੰ ਲਾਗੂ ਕਰਨ ਕਰਕੇ ਸਾਨੂੰ ਕਿਹੜੀ ਬਰਕਤ ਮਿਲੇਗੀ?
7 ਉੱਤਮ ਅਸੂਲ ʼਤੇ ਚੱਲੋ। ਪਹਾੜੀ ਉਪਦੇਸ਼ ਦਿੰਦੇ ਹੋਏ ਯਿਸੂ ਨੇ ਇਹ ਅਸੂਲ ਦਿੱਤਾ ਸੀ: “ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ। ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀ ਸਿੱਖਿਆ ਦਾ ਇਹੋ ਨਿਚੋੜ ਹੈ।” (ਮੱਤੀ 7:12) ਜਦ ਅਸੀਂ ਦੂਜਿਆਂ ਨਾਲ ਯਿਸੂ ਦੀ ਸਲਾਹ ਮੁਤਾਬਕ ਪੇਸ਼ ਆਉਂਦੇ ਹਾਂ, ਤਾਂ ਅਸੀਂ ਉਨ੍ਹਾਂ ਅਸੂਲਾਂ ʼਤੇ ਚੱਲਦੇ ਹਾਂ ਜਿਨ੍ਹਾਂ ʼਤੇ ‘ਮੂਸਾ ਦਾ ਕਾਨੂੰਨ’ (ਉਤਪਤ ਤੋਂ ਬਿਵਸਥਾ ਸਾਰ) ਅਤੇ “ਨਬੀਆਂ ਦੀ ਸਿੱਖਿਆ” (ਇਬਰਾਨੀ ਲਿਖਤਾਂ ਵਿਚ ਭਵਿੱਖਬਾਣੀਆਂ ਦੀਆਂ ਕਿਤਾਬਾਂ) ਆਧਾਰਿਤ ਹੈ। ਇਨ੍ਹਾਂ ਲਿਖਤਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ। ਮਿਸਾਲ ਲਈ, ਯਹੋਵਾਹ ਨੇ ਯਸਾਯਾਹ ਦੁਆਰਾ ਲਿਖਵਾਇਆ: “ਇਨਸਾਫ਼ ਦੀ ਪਾਲਨਾ ਕਰੋ ਅਤੇ ਧਰਮ ਵਰਤੋ . . . ਧੰਨ [“ਖ਼ੁਸ਼,” NW] ਹੈ ਉਹ ਮਨੁੱਖ ਜੋ ਏਹ ਕਰਦਾ ਹੈ।” (ਯਸਾ. 56:1, 2) ਜਦ ਅਸੀਂ ਆਪਣੇ ਗੁਆਂਢੀ ਨਾਲ ਪਿਆਰ ਅਤੇ ਧਾਰਮਿਕਤਾ ਨਾਲ ਪੇਸ਼ ਆਉਂਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲਦੀ ਹੈ।
8. ਸਾਨੂੰ ਆਪਣੇ ਦੁਸ਼ਮਣਾਂ ਲਈ ਪਿਆਰ ਕਿਉਂ ਦਿਖਾਉਣਾ ਚਾਹੀਦਾ ਹੈ ਅਤੇ ਇੱਦਾਂ ਕਰਨ ਨਾਲ ਕੀ ਹੋ ਸਕਦਾ ਹੈ?
8 ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ। ਯਿਸੂ ਨੇ ਕਿਹਾ: “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ, ਤਾਂਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਪੁੱਤਰ ਬਣੋ।” (ਮੱਤੀ 5:43-45) ਇਸੇ ਤਰ੍ਹਾਂ ਦੀ ਗੱਲ ਪੌਲੁਸ ਰਸੂਲ ਨੇ ਵੀ ਲਿਖੀ: “ਜੇ ਤੇਰਾ ਦੁਸ਼ਮਣ ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਕੁਝ ਦੇ; ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਕੁਝ ਦੇ।” (ਰੋਮੀ. 12:20; ਕਹਾ. 25:21) ਮੂਸਾ ਦੇ ਕਾਨੂੰਨ ਵਿਚ ਕਿਹਾ ਗਿਆ ਸੀ ਕਿ ਜੇ ਕੋਈ ਇਨਸਾਨ ਆਪਣੇ ਦੁਸ਼ਮਣ ਦੇ ਜਾਨਵਰ ਨੂੰ ਭਾਰ ਹੇਠ ਦੱਬਿਆ ਹੋਇਆ ਦੇਖਦਾ ਸੀ, ਤਾਂ ਉਸ ਨੂੰ ਜਾਨਵਰ ਨੂੰ ਭਾਰ ਹੇਠੋਂ ਕੱਢਣ ਵਿਚ ਮਦਦ ਕਰਨੀ ਚਾਹੀਦੀ ਸੀ। (ਕੂਚ 23:5) ਇਸ ਤਰ੍ਹਾਂ ਇਕੱਠੇ ਮਿਲ ਕੇ ਕੰਮ ਕਰਨ ਨਾਲ ਸ਼ਾਇਦ ਕਈ ਦੁਸ਼ਮਣ ਵੀ ਦੋਸਤ ਬਣ ਗਏ ਹੋਣੇ। ਮਸੀਹੀਆਂ ਦੇ ਪਿਆਰ ਦਿਖਾਉਣ ਨਾਲ ਬਹੁਤ ਸਾਰੇ ਦੁਸ਼ਮਣਾਂ ਦਾ ਰਵੱਈਆ ਉਨ੍ਹਾਂ ਪ੍ਰਤੀ ਬਦਲ ਗਿਆ ਹੈ। ਜੇਕਰ ਅਸੀਂ ਆਪਣੇ ਦੁਸ਼ਮਣਾਂ ਇੱਥੋਂ ਤਕ ਕਿ ਅਤਿਆਚਾਰ ਕਰਨ ਵਾਲਿਆਂ ਲਈ ਵੀ ਪਿਆਰ ਦਿਖਾਉਂਦੇ ਹਾਂ, ਤਾਂ ਸ਼ਾਇਦ ਉਨ੍ਹਾਂ ਵਿੱਚੋਂ ਕੁਝ ਮਸੀਹੀ ਬਣ ਜਾਣ। ਇਹ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ!
9. ਯਿਸੂ ਨੇ ਆਪਣੇ ਭੈਣਾਂ-ਭਰਾਵਾਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਕੀ ਕਿਹਾ?
9 “ਸਾਰਿਆਂ ਨਾਲ ਬਣਾ ਕੇ ਰੱਖੋ।” (ਇਬ. 12:14) ਇਹ ਗੱਲ ਸਾਡੇ ਭੈਣਾਂ-ਭਰਾਵਾਂ ʼਤੇ ਵੀ ਲਾਗੂ ਹੁੰਦੀ ਹੈ। ਯਿਸੂ ਨੇ ਕਿਹਾ: “ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ, ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ।” (ਮੱਤੀ 5:23, 24) ਜਦ ਅਸੀਂ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦਿਖਾਉਂਦੇ ਹਾਂ ਅਤੇ ਉਨ੍ਹਾਂ ਨਾਲ ਸ਼ਾਂਤੀ ਬਣਾਈ ਰੱਖਣ ਲਈ ਕਦਮ ਚੁੱਕਦੇ ਹਾਂ, ਤਾਂ ਪਰਮੇਸ਼ੁਰ ਸਾਡੇ ਤੋਂ ਖ਼ੁਸ਼ ਹੋਵੇਗਾ।
10. ਸਾਨੂੰ ਦੂਸਰਿਆਂ ਵਿਚ ਨੁਕਸ ਕਿਉਂ ਨਹੀਂ ਕੱਢਣੇ ਚਾਹੀਦੇ?
10 ਦੂਸਰਿਆਂ ਵਿਚ ਨੁਕਸ ਨਾ ਕੱਢੋ। ਯਿਸੂ ਨੇ ਕਿਹਾ: “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ; ਕਿਉਂਕਿ ਜਿਸ ਆਧਾਰ ʼਤੇ ਤੁਸੀਂ ਦੂਸਰਿਆਂ ʼਤੇ ਦੋਸ਼ ਲਾਉਂਦੇ ਹੋ, ਉਸੇ ਆਧਾਰ ʼਤੇ ਤੁਹਾਡੇ ʼਤੇ ਵੀ ਦੋਸ਼ ਲਾਇਆ ਜਾਵੇਗਾ; ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਵੀ ਮਾਪ ਕੇ ਦੇਣਗੇ। ਤਾਂ ਫਿਰ, ਤੂੰ ਆਪਣੇ ਭਰਾ ਦੀ ਅੱਖ ਵਿਚ ਪਏ ਕੱਖ ਨੂੰ ਕਿਉਂ ਦੇਖਦਾ ਹੈਂ, ਪਰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਦੇਖਦਾ? ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦ ਕਿ ਦੇਖ! ਤੇਰੀ ਆਪਣੀ ਅੱਖ ਵਿਚ ਸ਼ਤੀਰ ਹੈ? ਪਖੰਡੀਆ, ਪਹਿਲਾਂ ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਕੱਢ, ਅਤੇ ਫਿਰ ਤੂੰ ਸਾਫ਼ ਦੇਖ ਸਕੇਂਗਾ ਕਿ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕਿਵੇਂ ਕੱਢਣਾ ਹੈ।” (ਮੱਤੀ 7:1-5) ਸਾਨੂੰ ਕਿੰਨੇ ਹੀ ਵਧੀਆ ਢੰਗ ਨਾਲ ਸਮਝਾਇਆ ਗਿਆ ਹੈ ਕਿ ਅਸੀਂ ਦੂਸਰਿਆਂ ਦੀਆਂ ਛੋਟੀਆਂ-ਮੋਟੀਆਂ ਕਮੀਆਂ-ਕਮਜ਼ੋਰੀਆਂ ਨਾ ਦੇਖੀਏ ਜਦ ਕਿ ਸ਼ਾਇਦ ਸਾਡੇ ਆਪਣੇ ਵਿਚ ਬਹੁਤ ਵੱਡੀਆਂ ਕਮੀਆਂ-ਕਮਜ਼ੋਰੀਆਂ ਹੋਣ।
ਪਿਆਰ ਦਿਖਾਉਣ ਦਾ ਖ਼ਾਸ ਤਰੀਕਾ
11, 12. ਆਪਣੇ ਗੁਆਂਢੀ ਨੂੰ ਪਿਆਰ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?
11 ਅਸੀਂ ਆਪਣੇ ਗੁਆਂਢੀ ਨੂੰ ਖ਼ਾਸ ਤਰੀਕੇ ਨਾਲ ਪਿਆਰ ਦਿਖਾਉਣਾ ਚਾਹੁੰਦੇ ਹਾਂ। ਯਿਸੂ ਦੀ ਤਰ੍ਹਾਂ ਅਸੀਂ ਵੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ। (ਲੂਕਾ 8:1) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ “ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” (ਮੱਤੀ 28:19, 20) ਇਸ ਹੁਕਮ ਨੂੰ ਮੰਨ ਕੇ ਅਸੀਂ ਆਪਣੇ ਗੁਆਂਢੀ ਦੀ ਨਾਸ਼ ਵੱਲ ਜਾਂਦੇ ਖੁੱਲ੍ਹੇ ਰਾਹ ਨੂੰ ਛੱਡਣ ਅਤੇ ਜ਼ਿੰਦਗੀ ਵੱਲ ਜਾਂਦੇ ਤੰਗ ਰਾਹ ʼਤੇ ਚੱਲਣ ਵਿਚ ਮਦਦ ਕਰਦੇ ਹਾਂ। (ਮੱਤੀ 7:13, 14) ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਸਾਡੇ ਮਿਹਨਤ ʼਤੇ ਬਰਕਤ ਪਾਉਂਦਾ ਹੈ।
12 ਯਿਸੂ ਨੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਨ੍ਹਾਂ ਨੂੰ ਯਹੋਵਾਹ ਦੀ ਅਗਵਾਈ ਦੀ ਲੋੜ ਹੈ। (ਮੱਤੀ 5:3) ਲੋਕਾਂ ਨੂੰ “ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ” ਬਾਰੇ ਦੱਸ ਕੇ ਅਸੀਂ ਯਿਸੂ ਦੀ ਨਕਲ ਕਰਦੇ ਹਾਂ। (ਰੋਮੀ. 1:1) ਜਿਹੜੇ ਲੋਕ ਰਾਜ ਦੇ ਸੰਦੇਸ਼ ਨੂੰ ਕਬੂਲ ਕਰਦੇ ਹਨ, ਉਹ ਯਿਸੂ ਮਸੀਹ ਰਾਹੀਂ ਯਹੋਵਾਹ ਨਾਲ ਸੁਲ੍ਹਾ ਕਰਦੇ ਹਨ। (2 ਕੁਰਿੰ. 5:18, 19) ਇਸ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਸੀਂ ਆਪਣੇ ਗੁਆਂਢੀ ਨੂੰ ਅਹਿਮ ਤਰੀਕੇ ਨਾਲ ਪਿਆਰ ਦਿਖਾਉਂਦੇ ਹਾਂ।
13. ਜਦ ਅਸੀਂ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਂਦੇ ਹਾਂ, ਤਾਂ ਅਸੀਂ ਕਿੱਦਾਂ ਮਹਿਸੂਸ ਕਰਦੇ ਹਾਂ?
13 ਵਧੀਆ ਢੰਗ ਨਾਲ ਰਿਟਰਨ ਵਿਜ਼ਿਟਾਂ ਅਤੇ ਬਾਈਬਲ ਸਟੱਡੀਆਂ ਕਰਾ ਕੇ ਅਸੀਂ ਲੋਕਾਂ ਨੂੰ ਯਹੋਵਾਹ ਦਾ ਕਹਿਣਾ ਮੰਨਣਾ ਸਿਖਾ ਸਕਦੇ ਹਾਂ। ਕੁਝ ਆਪਣੀਆਂ ਜ਼ਿੰਦਗੀਆਂ ਵਿਚ ਬਹੁਤ ਸਾਰੇ ਬਦਲਾਅ ਕਰਦੇ ਹਨ। (1 ਕੁਰਿੰ. 6:9-11) ਜਦ ਅਸੀਂ ਦੇਖਦੇ ਹਾਂ ਕਿ ਯਹੋਵਾਹ ਨੇਕਦਿਲ ਲੋਕਾਂ ਦੀ ਤਰੱਕੀ ਕਰਨ ਅਤੇ ਉਸ ਦੇ ਦੋਸਤ ਬਣਨ ਵਿਚ ਮਦਦ ਕਰ ਰਿਹਾ ਹੈ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਰਸੂ. 13:48) ਬਾਈਬਲ ਦੀ ਸਟੱਡੀ ਕਰ ਕੇ ਬਹੁਤ ਸਾਰੇ ਲੋਕਾਂ ਦੀ ਨਿਰਾਸ਼ਾ ਖ਼ੁਸ਼ੀ ਵਿਚ ਬਦਲ ਜਾਂਦੀ ਹੈ। ਉਹ ਚਿੰਤਾ ਕਰਨ ਦੀ ਬਜਾਇ ਯਹੋਵਾਹ ʼਤੇ ਭਰੋਸਾ ਰੱਖਣਾ ਸਿੱਖਦੇ ਹਨ। ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਇਸ ਕੰਮ ਦੇ ਜ਼ਰੀਏ ਆਪਣੇ ਗੁਆਂਢੀ ਲਈ ਪਿਆਰ ਦਿਖਾਉਂਦੇ ਹਾਂ।
ਪਿਆਰ ਕਰਨ ਦਾ ਮਤਲਬ
14. ਆਪਣੇ ਸ਼ਬਦਾਂ ਵਿਚ ਸਮਝਾਓ ਕਿ ਪੌਲੁਸ ਨੇ 1 ਕੁਰਿੰਥੀਆਂ 13:4-8 ਵਿਚ ਪਿਆਰ ਬਾਰੇ ਕੀ ਦੱਸਿਆ ਸੀ।
14 ਪੌਲੁਸ ਨੇ ਪਿਆਰ ਬਾਰੇ ਜੋ ਲਿਖਿਆ, ਉਸ ਮੁਤਾਬਕ ਚੱਲ ਕੇ ਅਸੀਂ ਆਪਣੇ ਗੁਆਂਢੀ ਨਾਲ ਚੰਗੀ ਤਰ੍ਹਾਂ ਪੇਸ਼ ਆ ਸਕਦੇ ਹਾਂ। ਇਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਅਤੇ ਸਾਨੂੰ ਖ਼ੁਸ਼ੀਆਂ ਤੇ ਬਰਕਤਾਂ ਮਿਲ ਸਕਦੀਆਂ ਹਨ। (1 ਕੁਰਿੰਥੀਆਂ 13:4-8 ਪੜ੍ਹੋ।) ਆਓ ਅਸੀਂ ਪੌਲੁਸ ਦੀਆਂ ਪਿਆਰ ਬਾਰੇ ਲਿਖੀਆਂ ਗੱਲਾਂ ʼਤੇ ਚਰਚਾ ਕਰੀਏ ਅਤੇ ਦੇਖੀਏ ਕਿ ਆਪਣੇ ਗੁਆਂਢੀ ਨਾਲ ਪੇਸ਼ ਆਉਂਦੇ ਵੇਲੇ ਅਸੀਂ ਉਸ ਦੀ ਸਲਾਹ ਨੂੰ ਕਿੱਦਾਂ ਲਾਗੂ ਕਰ ਸਕਦੇ ਹਾਂ।
15. (ੳ) ਸਾਨੂੰ ਧੀਰਜ ਅਤੇ ਦਿਆਲਤਾ ਨਾਲ ਪੇਸ਼ ਕਿਉਂ ਆਉਣਾ ਚਾਹੀਦਾ ਹੈ? (ਅ) ਕਿਨ੍ਹਾਂ ਕਾਰਨਾਂ ਕਰਕੇ ਸਾਨੂੰ ਈਰਖਾ ਨਹੀਂ ਕਰਨੀ ਚਾਹੀਦੀ ਅਤੇ ਸ਼ੇਖ਼ੀ ਨਹੀਂ ਮਾਰਨੀ ਚਾਹੀਦੀ?
15 “ਪਿਆਰ ਧੀਰਜਵਾਨ ਅਤੇ ਦਿਆਲੂ ਹੈ।” ਜਿੱਦਾਂ ਪਰਮੇਸ਼ੁਰ ਨਾਮੁਕੰਮਲ ਇਨਸਾਨਾਂ ਨਾਲ ਧੀਰਜ ਅਤੇ ਦਿਆਲਤਾ ਨਾਲ ਪੇਸ਼ ਆਉਂਦਾ ਹੈ, ਉਸੇ ਤਰ੍ਹਾਂ ਜਦ ਦੂਜੇ ਗ਼ਲਤੀਆਂ ਕਰਦੇ ਹਨ ਜਾਂ ਸਾਡੇ ਨਾਲ ਬੁਰੇ ਢੰਗ ਨਾਲ ਪੇਸ਼ ਆਉਂਦੇ ਹਨ, ਤਾਂ ਸਾਨੂੰ ਵੀ ਉਸ ਵੇਲੇ ਧੀਰਜ ਅਤੇ ਦਿਆਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ। “ਪਿਆਰ ਈਰਖਾ ਨਹੀਂ ਕਰਦਾ।” ਸੱਚਾ ਪਿਆਰ ਹੋਣ ਕਰਕੇ ਅਸੀਂ ਮੰਡਲੀ ਵਿਚ ਦੂਜਿਆਂ ਦੀਆਂ ਜ਼ਿੰਮੇਵਾਰੀਆਂ ਜਾਂ ਚੀਜ਼ਾਂ ਲੈਣ ਦਾ ਲਾਲਚ ਨਹੀਂ ਕਰਾਂਗੇ। ਇਸ ਤੋਂ ਇਲਾਵਾ, ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਸ਼ੇਖ਼ੀ ਨਹੀਂ ਮਾਰਾਂਗੇ ਜਾਂ ਘਮੰਡ ਨਾਲ ਫੁੱਲ ਨਹੀਂ ਜਾਵਾਂਗੇ। ਅਸਲ ਵਿਚ “ਘੁਮੰਡੀ ਅੱਖਾਂ ਅਤੇ ਹੰਕਾਰੀ ਮਨ . . . ਪਾਪ ਹਨ।”—ਕਹਾ. 21:4.
16, 17. ਪਹਿਲਾ ਕੁਰਿੰਥੀਆਂ 13:5, 6 ਦੇ ਮੁਤਾਬਕ ਅਸੀਂ ਆਪਣੇ ਗੁਆਂਢੀ ਨਾਲ ਕਿੱਦਾਂ ਪੇਸ਼ ਆਵਾਂਗੇ?
16 ਪਿਆਰ ਕਰਕੇ ਅਸੀਂ ਆਪਣੇ ਗੁਆਂਢੀ ਨਾਲ ਬਦਤਮੀਜ਼ੀ ਨਾਲ ਪੇਸ਼ ਨਹੀਂ ਆਵਾਂਗੇ। ਅਸੀਂ ਉਸ ਨਾਲ ਝੂਠ ਨਹੀਂ ਬੋਲਾਂਗੇ, ਉਸ ਦੀ ਕੋਈ ਚੀਜ਼ ਚੋਰੀ ਨਹੀਂ ਕਰਾਂਗੇ ਜਾਂ ਇੱਦਾਂ ਦਾ ਕੁਝ ਨਹੀਂ ਕਰਾਂਗੇ ਜੋ ਯਹੋਵਾਹ ਦੇ ਕਾਨੂੰਨਾਂ ਤੇ ਅਸੂਲਾਂ ਦੇ ਖ਼ਿਲਾਫ਼ ਹੋਵੇ। ਪਿਆਰ ਕਰਕੇ ਅਸੀਂ ਆਪਣੇ ਬਾਰੇ ਸੋਚਣ ਦੀ ਬਜਾਇ ਦੂਜਿਆਂ ਦੇ ਭਲੇ ਬਾਰੇ ਸੋਚਾਂਗੇ।—ਫ਼ਿਲਿ. 2:4.
17 ਸੱਚਾ ਪਿਆਰ ਜਲਦੀ ਖਿਝਦਾ ਨਹੀਂ ਅਤੇ “ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ।” ਸਾਨੂੰ ਇਸ ਗੱਲ ਦਾ ਹਿਸਾਬ-ਕਿਤਾਬ ਨਹੀਂ ਰੱਖਣਾ ਚਾਹੀਦਾ ਕਿ ਕਿਸੇ ਭੈਣ ਜਾਂ ਭਰਾ ਨੇ ਸਾਨੂੰ ਕਿੰਨੀ ਵਾਰੀ ਦੁੱਖ ਪਹੁੰਚਾਇਆ ਹੈ। (1 ਥੱਸ. 5:15) ਜੇ ਅਸੀਂ ਕਿਸੇ ਲਈ ਆਪਣੇ ਮਨ ਵਿਚ ਗੁੱਸਾ ਰੱਖਦੇ ਹਾਂ, ਤਾਂ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰ ਸਕਦੇ ਹਾਂ। ਇਹ ਗੁੱਸਾ ਅੱਗ ਦੀ ਤਰ੍ਹਾਂ ਭੜਕ ਸਕਦਾ ਹੈ ਜਿਸ ਤੋਂ ਸਾਨੂੰ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। (ਲੇਵੀ. 19:18) ਪਿਆਰ ਕਰਕੇ ਅਸੀਂ ਸੱਚਾਈ ਤੋਂ ਖ਼ੁਸ਼ ਹੁੰਦੇ ਹਾਂ, ਪਰ “ਬੁਰਾਈ ਤੋਂ ਖ਼ੁਸ਼ ਨਹੀਂ” ਹੋਵਾਂਗੇ ਭਾਵੇਂ ਕਿ ਸਾਡੇ ਨਾਲ ਨਫ਼ਰਤ ਕਰਨ ਵਾਲੇ ਕਿਸੇ ਇਨਸਾਨ ʼਤੇ ਦੁੱਖ ਆਉਣ।—ਕਹਾਉਤਾਂ 24:17, 18 ਪੜ੍ਹੋ।
18. ਅਸੀਂ 1 ਕੁਰਿੰਥੀਆਂ 13:7, 8 ਤੋਂ ਪਿਆਰ ਬਾਰੇ ਕੀ ਸਿੱਖਦੇ ਹਾਂ?
18 ਗੌਰ ਕਰੋ ਕਿ ਪੌਲੁਸ ਨੇ ਪਿਆਰ ਬਾਰੇ ਅੱਗੇ ਕੀ ਲਿਖਿਆ। ਉਸ ਨੇ ਕਿਹਾ ਕਿ ਪਿਆਰ “ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ।” ਜੇ ਕੋਈ ਸਾਨੂੰ ਠੇਸ ਪਹੁੰਚਾਉਂਦਾ ਹੈ, ਪਰ ਮਾਫ਼ੀ ਮੰਗ ਲੈਂਦਾ ਹੈ, ਤਾਂ ਪਿਆਰ ਕਰਕੇ ਅਸੀਂ ਉਸ ਨੂੰ ਮਾਫ਼ ਕਰਾਂਗੇ। ਪਿਆਰ ਪਰਮੇਸ਼ੁਰ ਦੇ ਬਚਨ ਦੀਆਂ “ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ” ਅਤੇ ਸਾਨੂੰ ਪਰਮੇਸ਼ੁਰ ਦੇ ਸੰਗਠਨ ਤੋਂ ਜੋ ਗਿਆਨ ਮਿਲਦਾ ਹੈ ਉਸ ਲਈ ਅਸੀਂ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ। ਪਿਆਰ ਬਾਈਬਲ ਵਿਚ ਲਿਖੀਆਂ “ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ” ਅਤੇ ਪਿਆਰ ਕਰਕੇ ਅਸੀਂ ਦੱਸਦੇ ਹਾਂ ਕਿ ਅਸੀਂ ਉਮੀਦ ਕਿਉਂ ਰੱਖਦੇ ਹਾਂ। (1 ਪਤ. 3:15) ਨਾਲੇ ਔਖੇ ਹਾਲਾਤਾਂ ਵਿਚ ਅਸੀਂ ਪ੍ਰਾਰਥਨਾ ਕਰਦੇ ਹਾਂ ਅਤੇ ਹਾਲਾਤਾਂ ਦੇ ਬਦਲਣ ਦੀ ਆਸ ਰੱਖਦੇ ਹਾਂ। ਪਿਆਰ “ਹਿੰਮਤ ਨਹੀਂ ਹਾਰਦਾ” ਭਾਵੇਂ ਕਿ ਸਾਡੇ ʼਤੇ ਅਤਿਆਚਾਰ ਹੋਣ ਜਾਂ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਹੋਵੇ ਜਾਂ ਸਾਡੇ ʼਤੇ ਹੋਰ ਅਜ਼ਮਾਇਸ਼ਾਂ ਆਉਣ। ਇਸ ਤੋਂ ਇਲਾਵਾ, “ਪਿਆਰ ਕਦੇ ਖ਼ਤਮ ਨਹੀਂ ਹੁੰਦਾ।” ਯਹੋਵਾਹ ਦਾ ਕਹਿਣਾ ਮੰਨਣ ਵਾਲੇ ਲੋਕ ਹਮੇਸ਼ਾ-ਹਮੇਸ਼ਾ ਲਈ ਆਪਣੇ ਗੁਆਂਢੀ ਲਈ ਪਿਆਰ ਦਿਖਾਉਂਦੇ ਰਹਿਣਗੇ।
ਆਪਣੇ ਗੁਆਂਢੀ ਨੂੰ ਪਿਆਰ ਕਰਦੇ ਰਹੋ
19, 20. ਕਿਹੜੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ ਹੈ?
19 ਬਾਈਬਲ ਦੇ ਅਸੂਲਾਂ ʼਤੇ ਚੱਲ ਕੇ ਅਸੀਂ ਹਮੇਸ਼ਾ ਆਪਣੇ ਗੁਆਂਢੀ ਲਈ ਪਿਆਰ ਦਿਖਾ ਸਕਦੇ ਹਾਂ। ਪਿਆਰ ਕਰਕੇ ਅਸੀਂ ਸਿਰਫ਼ ਆਪਣੇ ਪਿਛੋਕੜ ਦੇ ਲੋਕਾਂ ਨਾਲ ਹੀ ਨਹੀਂ, ਸਗੋਂ ਸਾਰੇ ਲੋਕਾਂ ਨਾਲ ਮਿਲਾਂ-ਵਰਤਾਂਗੇ। ਅਸੀਂ ਯਿਸੂ ਦੀ ਇਹ ਗੱਲ ਵੀ ਯਾਦ ਰੱਖਾਂਗੇ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮੱਤੀ 22:39) ਪਰਮੇਸ਼ੁਰ ਅਤੇ ਯਿਸੂ ਦੋਨੋਂ ਸਾਡੇ ਤੋਂ ਆਪਣੇ ਗੁਆਂਢੀ ਨੂੰ ਪਿਆਰ ਕਰਨ ਦੀ ਉਮੀਦ ਰੱਖਦੇ ਹਨ। ਜਦੋਂ ਕਿਸੇ ਗੱਲ ਕਰਕੇ ਸਾਨੂੰ ਆਪਣੇ ਗੁਆਂਢੀ ਨੂੰ ਪਿਆਰ ਦਿਖਾਉਣਾ ਮੁਸ਼ਕਲ ਲੱਗਦਾ ਹੈ, ਤਾਂ ਅਸੀਂ ਪਰਮੇਸ਼ੁਰ ਨੂੰ ਪਵਿੱਤਰ ਸ਼ਕਤੀ ਦੀ ਸੇਧ ਲਈ ਪ੍ਰਾਰਥਨਾ ਕਰ ਸਕਦੇ ਹਾਂ। ਸਾਨੂੰ ਪਤਾ ਹੈ ਕਿ ਇਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ ਤੇ ਉਹ ਪਿਆਰ ਨਾਲ ਪੇਸ਼ ਆਉਣ ਵਿਚ ਸਾਡੀ ਮਦਦ ਕਰੇਗਾ।—ਰੋਮੀ. 8:26, 27.
20 ਆਪਣੇ ਗੁਆਂਢੀ ਨੂੰ ਪਿਆਰ ਕਰਨ ਦੇ ਹੁਕਮ ਨੂੰ ਬਾਈਬਲ ਵਿਚ “ਉੱਤਮ ਕਾਨੂੰਨ” ਵੀ ਕਿਹਾ ਗਿਆ ਹੈ। (ਯਾਕੂ. 2:8) ਮੂਸਾ ਦੇ ਕਾਨੂੰਨ ਦੇ ਕੁਝ ਹੁਕਮਾਂ ʼਤੇ ਗੱਲ ਕਰਦੇ ਹੋਏ ਪੌਲੁਸ ਨੇ ਕਿਹਾ: “ਉਨ੍ਹਾਂ ਸਾਰੇ ਹੁਕਮਾਂ ਦਾ ਸਾਰ ਇਨ੍ਹਾਂ ਸ਼ਬਦਾਂ ਵਿਚ ਦਿੱਤਾ ਜਾ ਸਕਦਾ ਹੈ, ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ, ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’ ਪਿਆਰ ਕਰਨ ਵਾਲਾ ਇਨਸਾਨ ਆਪਣੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ; ਇਸ ਤਰ੍ਹਾਂ ਪਿਆਰ ਕਰਨ ਵਾਲਾ ਇਨਸਾਨ ਕਾਨੂੰਨ ਦੀ ਪਾਲਣਾ ਕਰਦਾ ਹੈ।” (ਰੋਮੀ. 13:8-10) ਸੋ ਸਾਨੂੰ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਰਹਿਣਾ ਚਾਹੀਦਾ ਹੈ।
21, 22. ਸਾਨੂੰ ਪਰਮੇਸ਼ੁਰ ਅਤੇ ਗੁਆਂਢੀ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ?
21 ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਸਾਨੂੰ ਆਪਣੇ ਗੁਆਂਢੀ ਨੂੰ ਪਿਆਰ ਕਿਉਂ ਕਰਨਾ ਚਾਹੀਦਾ ਹੈ, ਤਾਂ ਸਾਨੂੰ ਯਿਸੂ ਦੀ ਇਸ ਗੱਲ ʼਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਉਸ ਦਾ ਪਿਤਾ “ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ʼਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਲੋਕਾਂ ʼਤੇ ਮੀਂਹ ਵਰ੍ਹਾਉਂਦਾ ਹੈ।” (ਮੱਤੀ 5:43-45) ਸਾਨੂੰ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਰਹਿਣ ਦੀ ਲੋੜ ਹੈ ਭਾਵੇਂ ਉਹ ਚੰਗਾ ਹੈ ਜਾਂ ਬੁਰਾ। ਜਿੱਦਾਂ ਅਸੀਂ ਪਹਿਲਾਂ ਦੇਖਿਆ ਸੀ, ਆਪਣੇ ਗੁਆਂਢੀ ਨੂੰ ਪਿਆਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਪ੍ਰਚਾਰ ਕਰਨਾ। ਜੇ ਉਹ ਖ਼ੁਸ਼ ਖ਼ਬਰੀ ਨੂੰ ਸੁਣਦਾ ਹੈ, ਤਾਂ ਉਸ ਨੂੰ ਕਿੰਨੀਆਂ ਬਰਕਤਾਂ ਮਿਲਣਗੀਆਂ!
22 ਸਾਡੇ ਕੋਲ ਯਹੋਵਾਹ ਨੂੰ ਪੂਰੇ ਦਿਲ, ਜਾਨ ਤੇ ਸਮਝ ਨਾਲ ਪਿਆਰ ਕਰਨ ਦੇ ਬਹੁਤ ਸਾਰੇ ਕਾਰਨ ਹਨ। ਅਸੀਂ ਆਪਣੇ ਗੁਆਂਢੀ ਨੂੰ ਬਹੁਤ ਸਾਰੇ ਤਰੀਕਿਆਂ ਨਾਲ ਪਿਆਰ ਕਰ ਸਕਦੇ ਹਾਂ। ਪਰਮੇਸ਼ੁਰ ਅਤੇ ਗੁਆਂਢੀ ਨੂੰ ਪਿਆਰ ਕਰ ਕੇ ਅਸੀਂ ਦੋ ਸਭ ਤੋਂ ਵੱਡੇ ਹੁਕਮਾਂ ਨੂੰ ਮੰਨ ਰਹੇ ਹੋਵਾਂਗੇ। ਨਾਲੇ ਅਸੀਂ ਆਪਣੇ ਪਿਆਰੇ ਸਵਰਗੀ ਪਿਤਾ ਯਹੋਵਾਹ ਨੂੰ ਖ਼ੁਸ਼ ਕਰ ਰਹੇ ਹੋਵਾਂਗੇ।