ਕੀ ਪਰਮੇਸ਼ੁਰ ਦਾ ਕੋਈ ਸੰਗਠਨ ਹੈ?
ਸਾਰੀ ਸ੍ਰਿਸ਼ਟੀ ਵਿਚ ਚੀਜ਼ਾਂ ਤਰਤੀਬਵਾਰ ਅਤੇ ਸਹੀ ਢੰਗ ਨਾਲ ਕੰਮ ਕਰਦੀਆਂ ਹਨ। ਅਸੀਂ ਇਸ ਦਾ ਸਬੂਤ ਸਿਰਫ਼ ਸ੍ਰਿਸ਼ਟੀ ਵਿਚ ਹੀ ਨਹੀਂ ਦੇਖਦੇ। ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਇਕ ਸਵਰਗੀ ਸੰਗਠਨ ਹੈ ਜੋ ਉਸ ਦਾ ਮਕਸਦ ਪੂਰਾ ਕਰਦਾ ਹੈ। ਇਕ ਦਰਸ਼ਨ ਵਿਚ ਦਾਨੀਏਲ ਨਬੀ ਨੇ ਪਰਮੇਸ਼ੁਰ ਦੇ ਸਵਰਗੀ ਦਰਬਾਰ ਵਿਚ ਬਹੁਤ ਸਾਰੇ ਦੂਤਾਂ ਨੂੰ ਦੇਖਿਆ: “ਹਜ਼ਾਰਾਂ ਹੀ ਹਜ਼ਾਰ ਉਹ ਦੀ ਟਹਿਲ ਕਰਦੇ ਸਨ, ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਸਨ!” (ਦਾਨੀਏਲ 7:9, 10) ਜ਼ਰਾ ਸੋਚੋ ਕਿ ਲੱਖਾਂ ਹੀ ਦੂਤ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਅਤੇ ਧਰਤੀ ʼਤੇ ਉਸ ਦੇ ਸੇਵਕਾਂ ਦੀ ਮਦਦ ਕਰਨ ਲਈ ਤਿਆਰ ਹਨ। ਸਵਰਗ ਵਿਚ ਪਰਮੇਸ਼ੁਰ ਦਾ ਕਿੰਨਾ ਹੀ ਵਧੀਆ ਸੰਗਠਨ!—ਜ਼ਬੂਰਾਂ ਦੀ ਪੋਥੀ 91:11.
ਭਾਵੇਂ ਕਿ ਸਾਡਾ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਚੰਗਾ ਪ੍ਰਬੰਧ ਕਰਨ ਵਾਲਾ ਹੈ, ਪਰ ਉਹ ਰੁੱਖਾ ਜਾਂ ਅਧਿਕਾਰ ਜਮਾਉਣ ਵਾਲਾ ਨਹੀਂ ਹੈ। ਇਸ ਦੀ ਬਜਾਇ ਉਹ ਖ਼ੁਸ਼ਦਿਲ ਪਰਮੇਸ਼ੁਰ ਹੈ ਜੋ ਸਾਨੂੰ ਪਿਆਰ ਕਰਦਾ ਹੈ। (1 ਪਤਰਸ 5:7) ਅਸੀਂ ਇਸ ਗੱਲ ਦਾ ਸਬੂਤ ਇਸ ਤੋਂ ਦੇਖ ਸਕਦੇ ਹਾਂ ਕਿ ਉਹ ਪ੍ਰਾਚੀਨ ਇਸਰਾਏਲੀ ਕੌਮ ਅਤੇ ਪਹਿਲੀ ਸਦੀ ਦੇ ਮਸੀਹੀਆਂ ਨਾਲ ਕਿਵੇਂ ਪੇਸ਼ ਆਇਆ ਸੀ।
ਪ੍ਰਾਚੀਨ ਇਸਰਾਏਲੀ ਕੌਮ
ਯਹੋਵਾਹ ਪਰਮੇਸ਼ੁਰ ਨੇ ਮੂਸਾ ਦੇ ਜ਼ਰੀਏ ਇਸਰਾਏਲੀ ਕੌਮ ਨੂੰ ਸੱਚੀ ਭਗਤੀ ਕਰਨ ਲਈ ਇਕੱਠਾ ਕੀਤਾ ਸੀ। ਸੀਨਈ ਦੀ ਉਜਾੜ ਵਿਚ ਸਫ਼ਰ ਦੌਰਾਨ ਉਨ੍ਹਾਂ ਦੇ ਤੰਬੂ ਲਾਉਣ ਦੇ ਪ੍ਰਬੰਧ ਵੱਲ ਜ਼ਰਾ ਗੌਰ ਕਰੋ। ਜੇ ਹਰ ਪਰਿਵਾਰ ਨੂੰ ਇਹ ਇਜਾਜ਼ਤ ਦਿੱਤੀ ਜਾਂਦੀ ਕਿ ਉਹ ਕਿਤੇ ਵੀ ਆਪਣਾ ਤੰਬੂ ਲਾ ਸਕਦੇ ਹਨ, ਤਾਂ ਬਹੁਤ ਗੜਬੜ ਪੈਦਾ ਹੋਣੀ ਸੀ। ਪਰ ਯਹੋਵਾਹ ਪਰਮੇਸ਼ੁਰ ਨੇ ਹਰ ਗੋਤ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਆਪਣਾ ਤੰਬੂ ਕਿੱਥੇ ਲਾਉਣ। (ਗਿਣਤੀ 2:1-34) ਮੂਸਾ ਦੀ ਬਿਵਸਥਾ ਵਿਚ ਸਿਹਤ ਅਤੇ ਸਫ਼ਾਈ ਲਈ ਵੀ ਹੁਕਮ ਦਿੱਤੇ ਗਏ ਸਨ। ਮਿਸਾਲ ਲਈ, ਇਕ ਹੁਕਮ ਇਹ ਸੀ ਕਿ ਟੱਟੀ ਬੈਠਣ ਤੋਂ ਬਾਅਦ ਉਸ ਨੂੰ ਦੱਬਿਆ ਜਾਵੇ।—ਬਿਵਸਥਾ ਸਾਰ 23:12, 13.
ਜਦੋਂ ਇਸਰਾਏਲੀ ਕੌਮ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚੀ, ਤਾਂ ਉਸ ਲਈ ਕਈ ਪ੍ਰਬੰਧ ਕੀਤੇ ਗਏ ਸਨ। ਕੌਮ ਨੂੰ 12 ਗੋਤਾਂ ਵਿਚ ਵੰਡਿਆ ਗਿਆ ਤੇ ਹਰ ਗੋਤ ਨੂੰ ਜ਼ਮੀਨ ਦਿੱਤੀ ਗਈ ਸੀ। ਜੋ ਬਿਵਸਥਾ ਇਸ ਕੌਮ ਨੂੰ ਮੂਸਾ ਰਾਹੀਂ ਦਿੱਤੀ ਗਈ ਸੀ ਉਸ ਵਿਚ ਲੋਕਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਵਾਸਤੇ ਹੁਕਮ ਦਿੱਤੇ ਗਏ ਸਨ। ਮਿਸਾਲ ਲਈ, ਭਗਤੀ, ਵਿਆਹ, ਪਰਿਵਾਰ, ਪੜ੍ਹਾਈ-ਲਿਖਾਈ, ਕੰਮ-ਧੰਦਾ, ਖਾਣਾ-ਪੀਣਾ, ਖੇਤੀਬਾੜੀ, ਜਾਨਵਰਾਂ ਦੀ ਸਾਂਭ-ਸੰਭਾਲ ਵਗੈਰਾ। ਕਈ ਗੱਲਾਂ ਸਾਫ਼-ਸਾਫ਼ ਦੱਸੀਆਂ ਗਈਆਂ ਸਨ ਤੇ ਇਹ ਲੋਕਾਂ ਲਈ ਯਹੋਵਾਹ ਦੇ ਪਿਆਰ ਦਾ ਸਬੂਤ ਦਿੰਦੀਆਂ ਸਨ। ਇਨ੍ਹਾਂ ਨੂੰ ਮੰਨ ਕੇ ਉਹ ਖ਼ੁਸ਼ ਰਹਿ ਸਕਦੇ ਸਨ। ਜਿੰਨਾ ਚਿਰ ਇਸਰਾਏਲੀ ਇਨ੍ਹਾਂ ਪ੍ਰਬੰਧਾਂ ਅਨੁਸਾਰ ਚੱਲਦੇ ਰਹੇ ਉੱਨਾ ਚਿਰ ਉਨ੍ਹਾਂ ʼਤੇ ਯਹੋਵਾਹ ਦੀ ਮਿਹਰ ਰਹੀ।—ਜ਼ਬੂਰਾਂ ਦੀ ਪੋਥੀ 147:19, 20.
ਇਹ ਸੱਚ ਹੈ ਕਿ ਮੂਸਾ ਇਕ ਕਾਬਲ ਲੀਡਰ ਸੀ, ਪਰ ਸਫ਼ਲਤਾ ਉਸ ਦੀ ਕਾਬਲੀਅਤ ʼਤੇ ਨਿਰਭਰ ਨਹੀਂ ਕਰਦੀ ਸੀ। ਸਫ਼ਲ ਹੋਣ ਲਈ ਜ਼ਰੂਰੀ ਸੀ ਕਿ ਉਹ ਯਹੋਵਾਹ ਦੇ ਸੰਗਠਨ ਦੇ ਵਫ਼ਾਦਾਰ ਰਹੇ। ਮਿਸਾਲ ਲਈ, ਮੂਸਾ ਨੇ ਕਿਵੇਂ ਫ਼ੈਸਲਾ ਕੀਤਾ ਕਿ ਉਜਾੜ ਵਿੱਚੋਂ ਲੰਘਣ ਲਈ ਉਨ੍ਹਾਂ ਨੇ ਕਿਸ ਰਾਹ ਜਾਣਾ ਸੀ? ਯਹੋਵਾਹ ਨੇ ਦਿਨ ਨੂੰ ਬੱਦਲ ਦੇ ਥੰਮ੍ਹ ਤੇ ਰਾਤ ਨੂੰ ਅੱਗ ਦੇ ਥੰਮ੍ਹ ਰਾਹੀਂ ਉਸ ਨੂੰ ਸੇਧ ਦਿੱਤੀ। (ਕੂਚ 13:21, 22) ਭਾਵੇਂ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਵਰਤਿਆ, ਪਰ ਯਹੋਵਾਹ ਖ਼ੁਦ ਆਪਣੇ ਲੋਕਾਂ ਨੂੰ ਸੇਧ ਦਿੰਦਾ ਸੀ। ਇਹੀ ਗੱਲ ਪਹਿਲੀ ਸਦੀ ਵਿਚ ਵੀ ਸੱਚ ਸੀ।
ਮੁਢਲੇ ਮਸੀਹੀਆਂ ਲਈ ਇੱਕੋ ਪ੍ਰਬੰਧ
ਪਹਿਲੀ ਸਦੀ ਵਿਚ ਯਿਸੂ ਦੇ ਰਸੂਲਾਂ ਤੇ ਚੇਲਿਆਂ ਨੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਿਸ ਕਰਕੇ ਏਸ਼ੀਆ ਤੇ ਯੂਰਪ ਦੇ ਕਈ ਇਲਾਕਿਆਂ ਵਿਚ ਕਲੀਸਿਯਾਵਾਂ ਸਥਾਪਿਤ ਹੋਈਆਂ। ਭਾਵੇਂ ਕਿ ਇਹ ਕਲੀਸਿਯਾਵਾਂ ਥਾਂ-ਥਾਂ ਸਨ, ਪਰ ਇਹ ਆਪਣੀ ਮਰਜ਼ੀ ਨਾਲ ਨਹੀਂ ਚੱਲਦੀਆਂ ਸਨ। ਇਸ ਦੀ ਬਜਾਇ ਇਨ੍ਹਾਂ ਸਾਰੀਆਂ ਲਈ ਇੱਕੋ ਪ੍ਰਬੰਧ ਕੀਤਾ ਗਿਆ ਸੀ ਤੇ ਇਹ ਰਸੂਲਾਂ ਦੀ ਨਿਗਰਾਨੀ ਹੇਠ ਕੰਮ ਕਰਦੀਆਂ ਸਨ। ਮਿਸਾਲ ਲਈ, ਪੌਲੁਸ ਰਸੂਲ ਨੇ ਤੀਤੁਸ ਨੂੰ ਕਰੇਤ ਵਿਚ ਛੱਡਿਆ ਤਾਂਕਿ “ਜਿਹੜੀਆਂ ਗੱਲਾਂ ਰਹਿ ਗਈਆਂ ਸਨ [ਉਹ] ਓਹਨਾਂ ਨੂੰ ਸੁਆਰੇਂ।” (ਤੀਤੁਸ 1:5) ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖਿਆ ਕਿ ਕੁਝ ਭਰਾ ‘ਮਦਦਗਾਰ ਅਤੇ ਪ੍ਰਬੰਧਕ’ ਸਨ। (1 ਕੁਰਿੰਥੀਆਂ 12:28, CL) ਪਰ ਅਜਿਹੇ ਪ੍ਰਬੰਧਾਂ ਲਈ ਕੌਣ ਜ਼ਿੰਮੇਵਾਰ ਸੀ? ਪਰਮੇਸ਼ੁਰ ਕਿਉਂਕਿ ਪੌਲੁਸ ਨੇ ਕਿਹਾ ਕਿ ਉਸ ਨੇ ਹੀ ਕਲੀਸਿਯਾ ਜਾਂ “ਸਰੀਰ ਨੂੰ ਜੋੜਿਆ” ਸੀ।—1 ਕੁਰਿੰਥੀਆਂ 12:24.
ਕਲੀਸਿਯਾ ਦੇ ਓਵਰਸੀਅਰ ਭੈਣਾਂ-ਭਰਾਵਾਂ ʼਤੇ ਹੁਕਮ ਨਹੀਂ ਚਲਾਉਂਦੇ ਸਨ ਬਲਕਿ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਦੇ ਸਨ। ਉਹ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਅਨੁਸਾਰ ਚੱਲਦੇ ਸਨ ਤੇ ਉਨ੍ਹਾਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ “ਇੱਜੜ ਦੇ ਲਈ ਨਮੂਨਾ” ਬਣਨ। (2 ਕੁਰਿੰਥੀਆਂ 1:24; 1 ਪਤਰਸ 5:2, 3) ਸਵਰਗੋਂ ਯਿਸੂ ਮਸੀਹ ਹੀ “ਕਲੀਸਿਯਾ ਦਾ ਸਿਰ ਹੈ” ਨਾ ਕਿ ਕੋਈ ਇਨਸਾਨ ਜਾਂ ਇਨਸਾਨਾਂ ਦਾ ਸਮੂਹ।—ਅਫ਼ਸੀਆਂ 5:23.
ਜਦ ਕੁਰਿੰਥੁਸ ਦੀ ਕਲੀਸਿਯਾ ਦੇ ਭੈਣ-ਭਰਾ ਬਾਕੀ ਕਲੀਸਿਯਾਵਾਂ ਤੋਂ ਅਲੱਗ ਤਰੀਕੇ ਨਾਲ ਕੰਮ ਕਰਨ ਲੱਗੇ, ਤਾਂ ਪੌਲੁਸ ਨੇ ਲਿਖਿਆ: “ਭਲਾ, ਪਰਮੇਸ਼ੁਰ ਦਾ ਬਚਨ ਤੁਸਾਂ ਹੀ ਤੋਂ ਨਿੱਕਲਿਆ ਅਥਵਾ ਨਿਰਾ ਤੁਹਾਡੇ ਹੀ ਤੀਕ ਪਹੁੰਚਿਆ?” (1 ਕੁਰਿੰਥੀਆਂ 14:36) ਇਹ ਸਵਾਲ ਪੁੱਛ ਕੇ ਪੌਲੁਸ ਨੇ ਉਨ੍ਹਾਂ ਦੀ ਸੋਚਣੀ ਸੁਧਾਰੀ ਤੇ ਇਹ ਸਮਝਾਇਆ ਕਿ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਕੰਮ ਨਹੀਂ ਕਰਨਾ ਚਾਹੀਦਾ। ਰਸੂਲਾਂ ਦੀ ਸੇਧ ਅਨੁਸਾਰ ਚੱਲ ਕੇ ਸਾਰੀਆਂ ਕਲੀਸਿਯਾਵਾਂ ਵਧੀਆਂ-ਫੁੱਲੀਆਂ।—ਰਸੂਲਾਂ ਦੇ ਕਰਤੱਬ 16:4, 5.
ਪਰਮੇਸ਼ੁਰ ਦੇ ਪਿਆਰ ਦਾ ਸਬੂਤ
ਅੱਜ ਬਾਰੇ ਕੀ? ਕਈ ਲੋਕ ਸ਼ਾਇਦ ਕਿਸੇ ਧਾਰਮਿਕ ਸੰਸਥਾ ਦਾ ਹਿੱਸਾ ਬਣਨਾ ਨਾ ਚਾਹੁਣ। ਪਰ ਬਾਈਬਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਹਮੇਸ਼ਾ ਆਪਣੇ ਸੰਗਠਨ ਰਾਹੀਂ ਆਪਣਾ ਮਕਸਦ ਪੂਰਾ ਕੀਤਾ ਹੈ। ਉਸ ਨੇ ਪ੍ਰਾਚੀਨ ਇਸਰਾਏਲ ਤੇ ਪਹਿਲੀ ਸਦੀ ਵਿਚ ਆਪਣੇ ਭਗਤਾਂ ਲਈ ਪ੍ਰਬੰਧ ਕੀਤੇ।
ਇਸ ਲਈ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਪੁਰਾਣੇ ਜ਼ਮਾਨੇ ਵਾਂਗ ਅੱਜ ਵੀ ਆਪਣੇ ਲੋਕਾਂ ਨੂੰ ਸੇਧ ਦਿੰਦਾ ਹੈ। ਆਪਣੇ ਭਗਤਾਂ ਲਈ ਕੀਤੇ ਗਏ ਪ੍ਰਬੰਧ ਉਸ ਦੇ ਪਿਆਰ ਦਾ ਸਬੂਤ ਹਨ। ਨਾਲੇ ਉਨ੍ਹਾਂ ਦੀ ਏਕਤਾ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਬਰਕਤ ਉਨ੍ਹਾਂ ʼਤੇ ਹੈ। ਅੱਜ ਯਹੋਵਾਹ ਆਪਣੇ ਸੰਗਠਨ ਰਾਹੀਂ ਮਨੁੱਖਜਾਤੀ ਲਈ ਆਪਣਾ ਮਕਸਦ ਪੂਰਾ ਕਰ ਰਿਹਾ ਹੈ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਦਾ ਸੰਗਠਨ ਕਿਹੜਾ ਹੈ? ਹੇਠਾਂ ਦਿੱਤੀਆਂ ਕੁਝ ਗੱਲਾਂ ਵੱਲ ਧਿਆਨ ਦਿਓ।
▪ ਸੱਚੇ ਮਸੀਹੀ ਇਕ ਖ਼ਾਸ ਕੰਮ ਪੂਰਾ ਕਰਦੇ ਹਨ। (ਮੱਤੀ 24:14; 1 ਤਿਮੋਥਿਉਸ 2:3, 4) ਯਿਸੂ ਨੇ ਆਪਣੇ ਚੇਲਿਆਂ ਨੂੰ ਸਾਰੀਆਂ ਕੌਮਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ। ਸੰਗਠਨ ਤੋਂ ਬਿਨਾਂ ਇਹ ਕੰਮ ਹੋ ਹੀ ਨਹੀਂ ਸਕਦਾ। ਮਿਸਾਲ ਲਈ, ਇਕ ਇਨਸਾਨ ਨੂੰ ਖਾਣਾ ਖਿਲਾਉਣਾ ਆਸਾਨ ਹੈ, ਪਰ ਜੇ ਹਜ਼ਾਰਾਂ ਜਾਂ ਲੱਖਾਂ ਨੂੰ ਖਾਣਾ ਖਿਲਾਉਣਾ ਹੋਵੇ, ਤਾਂ ਤੁਹਾਨੂੰ ਇਕ ਸੰਗਠਨ ਦੀ ਲੋੜ ਪਵੇਗੀ ਜਿਸ ਵਿਚ ਲੋਕ ਮਿਲ-ਜੁਲ ਕੇ ਕੰਮ ਕਰਨ। ਪ੍ਰਚਾਰ ਦਾ ਕੰਮ ਪੂਰਾ ਕਰਨ ਲਈ ਸੱਚੇ ਮਸੀਹੀ “ਇੱਕ ਮਨ ਹੋ ਕੇ” ਪਰਮੇਸ਼ੁਰ ਦੀ ਸੇਵਾ ਕਰਦੇ ਹਨ। (ਸਫ਼ਨਯਾਹ 3:9) ਬਿਨਾਂ ਕਿਸੇ ਵਧੀਆ ਸੰਗਠਨ ਤੋਂ ਕੀ ਇਹ ਕੰਮ ਹਰ ਕੌਮ, ਹਰ ਭਾਸ਼ਾ ਤੇ ਹਰ ਨਸਲ ਵਿਚ ਕੀਤਾ ਜਾ ਸਕਦਾ ਹੈ? ਬਿਲਕੁਲ ਨਹੀਂ!
▪ ਸੱਚੇ ਮਸੀਹੀ ਦੂਸਰਿਆਂ ਨੂੰ ਮਦਦ ਤੇ ਹੌਸਲਾ ਦਿੰਦੇ ਹਨ। ਫ਼ਰਜ਼ ਕਰੋ ਕਿ ਕੋਈ ਪਹਾੜ ʼਤੇ ਇਕੱਲਾ ਚੜ੍ਹਨਾ ਚਾਹੁੰਦਾ ਹੈ। ਉਹ ਖ਼ੁਦ ਫ਼ੈਸਲਾ ਕਰ ਸਕਦਾ ਹੈ ਕਿ ਉਹ ਕਿੱਥੇ ਚੜ੍ਹੇਗਾ ਤੇ ਉਸ ਨੂੰ ਕਿਸੇ ਹੋਰ ਦੀ ਵੀ ਦੇਖ-ਭਾਲ ਨਹੀਂ ਕਰਨੀ ਪੈਣੀ। ਪਰ ਜੇ ਉਹ ਡਿੱਗ ਪਵੇ ਜਾਂ ਉਸ ਦੀ ਜਾਨ ਖ਼ਤਰੇ ਵਿਚ ਪੈ ਜਾਵੇ, ਤਾਂ ਉਸ ਦੀ ਮਦਦ ਕਰਨ ਵਾਲਾ ਕੋਈ ਵੀ ਨਹੀਂ ਹੋਵੇਗਾ। ਦੂਸਰਿਆਂ ਤੋਂ ਦੂਰ ਰਹਿਣਾ ਅਕਲਮੰਦੀ ਦੀ ਗੱਲ ਨਹੀਂ ਹੈ। (ਕਹਾਉਤਾਂ 18:1) ਪ੍ਰਚਾਰ ਕਰਨ ਲਈ ਮਸੀਹੀਆਂ ਨੂੰ ਇਕ-ਦੂਜੇ ਦੀ ਮਦਦ ਤੇ ਸਹਾਰੇ ਦੀ ਲੋੜ ਹੈ। (ਮੱਤੀ 28:19, 20) ਕਲੀਸਿਯਾ ਵਿਚ ਭੈਣ-ਭਰਾਵਾਂ ਨੂੰ ਬਾਈਬਲ ਤੋਂ ਸਿੱਖਿਆ, ਟ੍ਰੇਨਿੰਗ ਤੇ ਹੌਸਲਾ ਦਿੱਤਾ ਜਾਂਦਾ ਹੈ ਤਾਂਕਿ ਉਹ ਹਿੰਮਤ ਨਾ ਹਾਰਨ, ਪਰ ਪ੍ਰਚਾਰ ਕਰਦੇ ਰਹਿਣ। ਜੇ ਮੀਟਿੰਗਾਂ ਦਾ ਪ੍ਰਬੰਧ ਨਾ ਹੋਵੇ, ਤਾਂ ਮਸੀਹੀ ਯਹੋਵਾਹ ਦੇ ਰਾਹਾਂ ਨੂੰ ਸਿੱਖਣ ਲਈ ਤੇ ਉਸ ਦੀ ਭਗਤੀ ਕਰਨ ਲਈ ਕਿੱਥੇ ਜਾਣਗੇ?—ਇਬਰਾਨੀਆਂ 10:24, 25.
▪ ਸੱਚੇ ਮਸੀਹੀ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਯਿਸੂ ਦੀਆਂ ਭੇਡਾਂ ਯਾਨੀ ਉਸ ਦੀ ਆਵਾਜ਼ ਸੁਣਨ ਵਾਲੇ ਲੋਕ ਉਸ ਦੀ ਅਗਵਾਈ ਅਧੀਨ “ਇੱਕੋ ਇੱਜੜ” ਹਨ। (ਯੂਹੰਨਾ 10:16) ਉਹ ਵੱਖ-ਵੱਖ ਚਰਚਾਂ ਤੇ ਸਮੂਹਾਂ ਵਿਚ ਵੰਡੇ ਹੋਏ ਨਹੀਂ ਹਨ ਤੇ ਨਾ ਹੀ ਉਨ੍ਹਾਂ ਦੀਆਂ ਸਿੱਖਿਆਵਾਂ ਵੱਖ-ਵੱਖ ਹਨ। ਇਸ ਦੀ ਬਜਾਇ ਉਹ “ਸੱਭੇ ਇੱਕੋ ਗੱਲ” ਬੋਲਦੇ ਹਨ। (1 ਕੁਰਿੰਥੀਆਂ 1:10) ਏਕਤਾ ਵਾਸਤੇ ਸਾਰਿਆਂ ਲਈ ਇੱਕੋ ਜਿਹਾ ਪ੍ਰਬੰਧ ਹੋਣਾ ਜ਼ਰੂਰੀ ਹੈ ਤੇ ਇਸੇ ਕਰਕੇ ਪਰਮੇਸ਼ੁਰ ਦਾ ਸੰਗਠਨ ਜ਼ਰੂਰੀ ਹੈ। ਏਕਤਾ ਵਿਚ ਰਹਿਣ ਨਾਲ ਹੀ ਪਰਮੇਸ਼ੁਰ ਦੀ ਬਰਕਤ ਮਿਲ ਸਕਦੀ ਹੈ।—ਜ਼ਬੂਰਾਂ ਦੀ ਪੋਥੀ 133:1, 3.
ਇਕ ਸੰਗਠਨ ਹੈ ਜੋ ਇਨ੍ਹਾਂ ਅਤੇ ਬਾਈਬਲ ਦੀਆਂ ਹੋਰ ਗੱਲਾਂ ʼਤੇ ਪੂਰਾ ਉਤਰਦਾ ਹੈ। ਪਰਮੇਸ਼ੁਰ ਤੇ ਬਾਈਬਲ ਦੀਆਂ ਸੱਚਾਈਆਂ ਨੂੰ ਪਿਆਰ ਕਰਨ ਵਾਲੇ ਲੱਖਾਂ ਹੀ ਲੋਕ ਇਸ ਸੰਗਠਨ ਵਿਚ ਆ ਰਹੇ ਹਨ। ਏਕਤਾ ਵਿਚ ਰਹਿ ਕੇ ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨਾਲ ਵਾਅਦਾ ਕਰਦਾ ਹੈ: “ਮੈਂ ਓਹਨਾਂ ਵਿੱਚ ਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ, ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਓਹ ਮੇਰੀ ਪਰਜਾ ਹੋਣਗੇ।” (2 ਕੁਰਿੰਥੀਆਂ 6:16) ਤੁਹਾਨੂੰ ਵੀ ਇਹ ਬਰਕਤ ਮਿਲ ਸਕਦੀ ਹੈ ਜੇ ਤੁਸੀਂ ਉਸ ਦੇ ਸੰਗਠਨ ਨਾਲ ਮਿਲ ਕੇ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰੋ। (w11-E 06/01)
[ਸਫ਼ਾ 13 ਉੱਤੇ ਤਸਵੀਰ]
ਇਸਰਾਏਲੀਆਂ ਦੇ ਤੰਬੂ ਲਾਉਣ ਦਾ ਵਧੀਆ ਪ੍ਰਬੰਧ
[ਸਫ਼ੇ 14, 15 ਉੱਤੇ ਤਸਵੀਰਾਂ]
ਦੁਨੀਆਂ ਭਰ ਵਿਚ ਪ੍ਰਚਾਰ ਕਰਨ ਲਈ ਇਕ ਸੰਗਠਨ ਹੋਣਾ ਜ਼ਰੂਰੀ ਹੈ
ਘਰ-ਘਰ ਪ੍ਰਚਾਰ ਕਰਨਾ
ਬਿਪਤਾ ਵੇਲੇ ਰਾਹਤ ਸਾਮੱਗਰੀ
ਅਸੈਂਬਲੀਆਂ
ਉਸਾਰੀ ਦਾ ਕੰਮ