‘ਮੁਰਦੇ ਜੀ ਉੱਠਣਗੇ’
“ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ।”—1 ਕੁਰਿੰਥੀਆਂ 15:52.
1, 2. (ੳ) ਨਬੀ ਹੋਸ਼ੇਆ ਰਾਹੀਂ ਕਿਹੜਾ ਦਿਲਾਸੇ ਭਰਿਆ ਵਾਅਦਾ ਕੀਤਾ ਗਿਆ ਸੀ? (ਅ) ਅਸੀਂ ਕਿਵੇਂ ਜਾਣਦੇ ਹਾਂ ਕਿ ਪਰਮੇਸ਼ੁਰ ਮਰੇ ਹੋਇਆਂ ਨੂੰ ਦੁਬਾਰਾ ਜੀ ਉਠਾਉਣਾ ਚਾਹੁੰਦਾ ਹੈ?
ਕੀ ਤੁਸੀਂ ਕਦੀ ਆਪਣੇ ਕਿਸੇ ਪਿਆਰੇ ਨੂੰ ਮੌਤ ਵਿਚ ਖੋਹਿਆ ਹੈ? ਤਾਂ ਫਿਰ ਤੁਸੀਂ ਉਸ ਦੁੱਖ ਨੂੰ ਜਾਣਦੇ ਹੋ ਜੋ ਮੌਤ ਕਾਰਨ ਆਉਂਦਾ ਹੈ। ਫਿਰ ਵੀ, ਮਸੀਹੀ ਇਸ ਵਾਅਦੇ ਤੋਂ ਦਿਲਾਸਾ ਪ੍ਰਾਪਤ ਕਰਦੇ ਹਨ ਜੋ ਪਰਮੇਸ਼ੁਰ ਨੇ ਆਪਣੇ ਨਬੀ ਹੋਸ਼ੇਆ ਰਾਹੀਂ ਕੀਤਾ ਸੀ: “ਸ਼ੀਓਲ ਦੇ ਹੱਥੋਂ ਮੈਂ ਉਨ੍ਹਾਂ ਨੂੰ ਛੁਡਾਵਾਂਗਾ; ਮੌਤ ਤੋਂ ਮੈਂ ਉਨ੍ਹਾਂ ਨੂੰ ਬਚਾਵਾਂਗਾ। ਹੇ ਮੌਤ, ਤੇਰਾ ਡੰਗ ਕਿੱਥੇ ਹੈ? ਹੇ ਸ਼ੀਓਲ, ਤੇਰੀ ਤਬਾਹੀ ਕਿੱਥੇ ਹੈ?”—ਹੋਸ਼ੇਆ 13:14, ਨਿ ਵ.
2 ਮਰੇ ਹੋਇਆਂ ਦਾ ਦੁਬਾਰਾ ਜੀਉਂਦੇ ਹੋਣ ਦਾ ਵਿਚਾਰ ਸੰਦੇਹਵਾਦੀਆਂ ਨੂੰ ਬੇਤੁਕਾ ਜਾਪਦਾ ਹੈ। ਪਰੰਤੂ ਸਰਬਸ਼ਕਤੀਮਾਨ ਪਰਮੇਸ਼ੁਰ ਕੋਲ ਅਜਿਹਾ ਚਮਤਕਾਰ ਕਰਨ ਦੀ ਯਕੀਨਨ ਸ਼ਕਤੀ ਹੈ! ਅਸਲੀ ਵਿਸ਼ਾ ਇਹ ਹੈ ਕਿ ਯਹੋਵਾਹ ਮਰੇ ਹੋਇਆਂ ਨੂੰ ਦੁਬਾਰਾ ਜੀ ਉਠਾਉਣਾ ਚਾਹੁੰਦਾ ਹੈ ਜਾਂ ਨਹੀਂ। ਧਰਮੀ ਆਦਮੀ ਅੱਯੂਬ ਨੇ ਪੁੱਛਿਆ: “ਜੇ ਪੁਰਖ ਮਰ ਜਾਵੇਂ ਤਾਂ ਉਹ ਫੇਰ ਜੀਵੇਗਾ?” ਫਿਰ, ਉਸ ਨੇ ਇਹ ਭਰੋਸਾ-ਦਿਵਾਊ ਜਵਾਬ ਦਿੱਤਾ: “ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:14, 15) ਸ਼ਬਦ “ਚਾਹਵੇਂਗਾ” ਤੀਬਰ ਲੋਚ ਜਾਂ ਇੱਛਾ ਵੱਲ ਸੰਕੇਤ ਕਰਦਾ ਹੈ। (ਤੁਲਨਾ ਕਰੋ ਜ਼ਬੂਰ 84:2.) ਜੀ ਹਾਂ, ਯਹੋਵਾਹ ਪੁਨਰ-ਉਥਾਨ ਨੂੰ ਉਤਸੁਕਤਾ ਨਾਲ ਉਡੀਕਦਾ ਹੈ—ਉਹ ਮਰੇ ਹੋਏ ਵਫ਼ਾਦਾਰ ਵਿਅਕਤੀਆਂ ਨੂੰ ਦੁਬਾਰਾ ਦੇਖਣ ਨੂੰ ਤਰਸਦਾ ਹੈ, ਜੋ ਉਸ ਦੀ ਯਾਦਾਸ਼ਤ ਵਿਚ ਜੀਉਂਦੇ ਹਨ।—ਮੱਤੀ 22:31, 32.
ਯਿਸੂ ਪੁਨਰ-ਉਥਾਨ ਉੱਤੇ ਚਾਨਣ ਪਾਉਂਦਾ ਹੈ
3, 4. (ੳ) ਯਿਸੂ ਨੇ ਪੁਨਰ-ਉਥਾਨ ਦੀ ਉਮੀਦ ਉੱਤੇ ਕਿਹੜਾ ਚਾਨਣ ਪਾਇਆ? (ਅ) ਯਿਸੂ ਨੂੰ ਇਕ ਇਨਸਾਨ ਦੀ ਬਜਾਇ ਇਕ ਸਵਰਗੀ ਪ੍ਰਾਣੀ ਵਜੋਂ ਕਿਉਂ ਜੀ ਉਠਾਇਆ ਗਿਆ ਸੀ?
3 ਅੱਯੂਬ ਵਰਗੇ ਨਿਹਚਾਵਾਨ ਵਿਅਕਤੀਆਂ ਨੂੰ ਪੁਨਰ-ਉਥਾਨ ਦੀ ਅਧੂਰੀ ਸਮਝ ਸੀ। ਯਿਸੂ ਮਸੀਹ ਨੇ ਇਸ ਅਦਭੁਤ ਉਮੀਦ ਉੱਤੇ ਪੂਰੀ ਤਰ੍ਹਾਂ ਚਾਨਣ ਪਾਇਆ। ਉਸ ਨੇ ਆਪਣੀ ਮੁੱਖ ਭੂਮਿਕਾ ਬਾਰੇ ਦੱਸਿਆ ਜਦੋਂ ਉਸ ਨੇ ਕਿਹਾ: “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ।” (ਯੂਹੰਨਾ 3:36) ਉਸ ਜੀਵਨ ਦਾ ਆਨੰਦ ਕਿੱਥੇ ਮਾਣਿਆ ਜਾਵੇਗਾ? ਨਿਹਚਾ ਰੱਖਣ ਵਾਲੇ ਵਿਅਕਤੀਆਂ ਵਿੱਚੋਂ ਜ਼ਿਆਦਾਤਰ ਲੋਕ ਇਸ ਦਾ ਆਨੰਦ ਧਰਤੀ ਉੱਤੇ ਮਾਣਨਗੇ। (ਜ਼ਬੂਰ 37:11) ਪਰੰਤੂ, ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ: “ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।” (ਲੂਕਾ 12:32) ਪਰਮੇਸ਼ੁਰ ਦਾ ਰਾਜ ਸਵਰਗੀ ਹੈ। ਇਸ ਲਈ, ਇਸ ਵਾਅਦੇ ਦਾ ਅਰਥ ਹੈ ਕਿ “ਛੋਟੇ ਝੁੰਡ” ਨੂੰ ਮਹਿਮਾਵਾਨ ਪ੍ਰਾਣੀਆਂ ਵਜੋਂ ਯਿਸੂ ਨਾਲ ਸਵਰਗ ਵਿਚ ਹੋਣਾ ਪਵੇਗਾ। (ਯੂਹੰਨਾ 14:2, 3; 1 ਪਤਰਸ 1:3, 4) ਕਿੰਨੀ ਸ਼ਾਨਦਾਰ ਆਸ਼ਾ! ਫਿਰ ਯਿਸੂ ਨੇ ਯੂਹੰਨਾ ਰਸੂਲ ਨੂੰ ਦਰਸ਼ਣ ਰਾਹੀਂ ਦਿਖਾਇਆ ਕਿ ਇਸ “ਛੋਟੇ ਝੁੰਡ” ਦੀ ਗਿਣਤੀ ਸਿਰਫ਼ 1,44,000 ਹੋਵੇਗੀ।—ਪਰਕਾਸ਼ ਦੀ ਪੋਥੀ 14:1.
4 ਪਰੰਤੂ, 1,44,000 ਕਿਵੇਂ ਸਵਰਗੀ ਮਹਿਮਾ ਵਿਚ ਦਾਖ਼ਲ ਹੋਣਗੇ? ਯਿਸੂ ਨੇ “ਜੀਵਨ ਅਤੇ ਅਬਨਾਸ ਨੂੰ ਖੁਸ਼ ਖਬਰੀ ਦੇ ਰਾਹੀਂ ਪਰਕਾਸ਼ ਕੀਤਾ।” ਆਪਣੇ ਲਹੂ ਦੁਆਰਾ, ਉਸ ਨੇ ਸਵਰਗ ਨੂੰ ਜਾਣ ਦਾ ‘ਨਵਾਂ ਅਤੇ ਜੀਉਂਦਾ ਰਾਹ’ ਖੋਲ੍ਹਿਆ। (2 ਤਿਮੋਥਿਉਸ 1:10; ਇਬਰਾਨੀਆਂ 10:19, 20) ਪਹਿਲਾਂ ਉਹ ਮਰ ਗਿਆ, ਜਿਵੇਂ ਕਿ ਬਾਈਬਲ ਨੇ ਪਹਿਲਾਂ ਦੱਸਿਆ ਸੀ। (ਯਸਾਯਾਹ 53:12) ਫਿਰ, ਜਿਵੇਂ ਪਤਰਸ ਰਸੂਲ ਨੇ ਬਾਅਦ ਵਿਚ ਐਲਾਨ ਕੀਤਾ, “ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ।” (ਰਸੂਲਾਂ ਦੇ ਕਰਤੱਬ 2:32) ਪਰੰਤੂ ਯਿਸੂ ਨੂੰ ਇਕ ਇਨਸਾਨ ਵਜੋਂ ਨਹੀਂ ਜੀ ਉਠਾਇਆ ਗਿਆ ਸੀ। ਉਸ ਨੇ ਕਿਹਾ ਸੀ: “ਜੋ ਰੋਟੀ ਮੈਂ ਦਿਆਂਗਾ ਸੋ ਮੇਰਾ ਮਾਸ ਹੈ ਜਿਹੜਾ ਜਗਤ ਦੇ ਜੀਉਣ ਲਈ ਮੈਂ ਦਿਆਂਗਾ।” (ਯੂਹੰਨਾ 6:51) ਆਪਣੇ ਸਰੀਰ ਨੂੰ ਵਾਪਸ ਲੈਣ ਨਾਲ ਉਸ ਨੇ ਆਪਣੀ ਕੁਰਬਾਨੀ ਨੂੰ ਰੱਦ ਕਰ ਦੇਣਾ ਸੀ। ਇਸ ਲਈ ਯਿਸੂ “ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਵਾਲਿਆ ਗਿਆ।” (1 ਪਤਰਸ 3:18) ਇਸ ਤਰ੍ਹਾਂ ਯਿਸੂ ਨੇ “ਸਾਡੇ ਲਈ,” ਅਰਥਾਤ “ਛੋਟੇ ਝੁੰਡ” ਲਈ “ਅਨੰਤ ਛੁਟਕਾਰਾ ਪ੍ਰਾਪਤ ਕਰ ਲਿਆ।” (ਇਬਰਾਨੀਆਂ 9:12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਨੇ ਪਾਪੀ ਮਨੁੱਖਜਾਤੀ ਲਈ ਰਿਹਾਈ-ਕੀਮਤ ਵਜੋਂ ਪਰਮੇਸ਼ੁਰ ਨੂੰ ਆਪਣਾ ਸੰਪੂਰਣ ਮਾਨਵ ਜੀਵਨ ਦਾ ਮੁੱਲ ਪੇਸ਼ ਕੀਤਾ, ਅਤੇ ਸਭ ਤੋਂ ਪਹਿਲਾਂ 1,44,000 ਨੂੰ ਇਸ ਤੋਂ ਲਾਭ ਪ੍ਰਾਪਤ ਹੋਇਆ।
5. ਯਿਸੂ ਦੇ ਪਹਿਲੀ ਸਦੀ ਦੇ ਪੈਰੋਕਾਰਾਂ ਨੂੰ ਕਿਹੜੀ ਉਮੀਦ ਦਿੱਤੀ ਗਈ ਸੀ?
5 ਯਿਸੂ ਇਕੱਲੇ ਨੂੰ ਹੀ ਸਵਰਗੀ ਜੀਵਨ ਲਈ ਪੁਨਰ-ਉਥਿਤ ਨਹੀਂ ਕੀਤਾ ਜਾਣਾ ਸੀ। ਪੌਲੁਸ ਨੇ ਰੋਮ ਦੇ ਸੰਗੀ ਮਸੀਹੀਆਂ ਨੂੰ ਦੱਸਿਆ ਸੀ ਕਿ ਉਹ ਪਰਮੇਸ਼ੁਰ ਦੇ ਪੁੱਤਰ ਅਤੇ ਮਸੀਹ ਦੇ ਸੰਗੀ ਵਾਰਸ ਬਣਨ ਲਈ ਪਵਿੱਤਰ ਆਤਮਾ ਦੁਆਰਾ ਮਸਹ ਕੀਤੇ ਗਏ ਸਨ ਜੇਕਰ ਉਹ ਅੰਤ ਤਕ ਸਹਿਣ ਕਰਨ ਦੁਆਰਾ ਆਪਣੇ ਮਸਹ ਕੀਤੇ ਜਾਣ ਨੂੰ ਪੱਕਾ ਕਰਦੇ ਹਨ। (ਰੋਮੀਆਂ 8:16, 17) ਪੌਲੁਸ ਨੇ ਇਹ ਵੀ ਵਿਆਖਿਆ ਕੀਤੀ: “ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਹ ਦੇ ਨਾਲ ਜੋੜੇ ਗਏ ਤਾਂ ਉਹ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ।”—ਰੋਮੀਆਂ 6:5.
ਪੁਨਰ-ਉਥਾਨ ਦੀ ਉਮੀਦ ਦਾ ਪੱਖ ਪੂਰਨਾ
6. ਕੁਰਿੰਥੁਸ ਵਿਚ ਪੁਨਰ-ਉਥਾਨ ਦੇ ਵਿਸ਼ਵਾਸ ਉੱਤੇ ਕਿਉਂ ਹਮਲਾ ਕੀਤਾ ਜਾ ਰਿਹਾ ਸੀ, ਅਤੇ ਪੌਲੁਸ ਰਸੂਲ ਨੇ ਇਸ ਬਾਰੇ ਕੀ ਕੀਤਾ?
6 ਪੁਨਰ-ਉਥਾਨ ਮਸੀਹੀਅਤ ਦੀ “ਸਿੱਖਿਆ ਦੀਆਂ ਆਦ ਗੱਲਾਂ” ਦਾ ਹਿੱਸਾ ਹੈ। (ਇਬਰਾਨੀਆਂ 6:1, 2) ਫਿਰ ਵੀ, ਕੁਰਿੰਥੁਸ ਵਿਚ ਇਸ ਸਿੱਖਿਆ ਉੱਤੇ ਹਮਲਾ ਕੀਤਾ ਜਾ ਰਿਹਾ ਸੀ। ਕਲੀਸਿਯਾ ਵਿਚ ਕੁਝ ਵਿਅਕਤੀ, ਜੋ ਸਪੱਸ਼ਟ ਤੌਰ ਤੇ ਯੂਨਾਨੀ ਫ਼ਲਸਫ਼ੇ ਤੋਂ ਪ੍ਰਭਾਵਿਤ ਹੋਏ ਸਨ, ਕਹਿ ਰਹੇ ਸਨ: “ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ।” (1 ਕੁਰਿੰਥੀਆਂ 15:12) ਜਦੋਂ ਪੌਲੁਸ ਰਸੂਲ ਕੋਲ ਇਸ ਦੀ ਖ਼ਬਰ ਪਹੁੰਚੀ, ਤਾਂ ਉਸ ਨੇ ਪੁਨਰ-ਉਥਾਨ ਦੀ ਉਮੀਦ ਦਾ, ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀਆਂ ਦੀ ਉਮੀਦ ਦਾ ਪੱਖ ਪੂਰਿਆ। ਆਓ ਅਸੀਂ 1 ਕੁਰਿੰਥੀਆਂ ਦੇ 15 ਅਧਿਆਇ ਵਿਚ ਦਰਜ ਪੌਲੁਸ ਦੇ ਸ਼ਬਦਾਂ ਦੀ ਜਾਂਚ ਕਰੀਏ। ਇਹ ਤੁਹਾਡੇ ਲਈ ਲਾਭਦਾਇਕ ਹੋਵੇਗਾ ਜੇ ਤੁਸੀਂ ਇਸ ਪੂਰੇ ਅਧਿਆਇ ਨੂੰ ਪੜ੍ਹਿਆ ਹੈ, ਜਿਵੇਂ ਕਿ ਪਿਛਲੇ ਲੇਖ ਵਿਚ ਸਲਾਹ ਦਿੱਤੀ ਗਈ ਸੀ।
7. (ੳ) ਪੌਲੁਸ ਨੇ ਕਿਸ ਮੁੱਖ ਵਿਸ਼ੇ ਉੱਤੇ ਧਿਆਨ ਖਿੱਚਿਆ? (ਅ) ਪੁਨਰ-ਉਥਿਤ ਯਿਸੂ ਨੂੰ ਕਿਨ੍ਹਾਂ ਨੇ ਦੇਖਿਆ ਸੀ?
7 ਪਹਿਲੇ ਕੁਰਿੰਥੀਆਂ ਦੇ 15 ਅਧਿਆਇ ਦੀਆਂ ਪਹਿਲੀਆਂ ਦੋ ਆਇਤਾਂ ਵਿਚ, ਪੌਲੁਸ ਆਪਣੀ ਚਰਚਾ ਦਾ ਵਿਸ਼ਾ ਦੱਸਦਾ ਹੈ: “ਹੇ ਭਰਾਵੋ, ਮੈਂ ਤੁਹਾਨੂੰ ਉਹ ਖੁਸ਼ ਖਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ ਜਿਹ ਨੂੰ ਤੁਸਾਂ ਕਬੂਲ ਵੀ ਕੀਤਾ ਅਰ ਜਿਹ ਦੇ ਉੱਤੇ ਤੁਸੀਂ ਖਲੋਤੇ ਵੀ ਹੋ। ਅਤੇ ਜਿਹ ਦੇ ਰਾਹੀਂ ਤੁਸੀਂ ਬਚ ਵੀ ਜਾਂਦੇ ਹੋ, . . . ਨਹੀਂ ਤਾਂ ਤੁਹਾਡਾ ਪਤੀਜਣਾ ਐਵੇਂ ਗਿਆ।” ਜੇਕਰ ਕੁਰਿੰਥੀ ਖ਼ੁਸ਼ ਖ਼ਬਰੀ ਵਿਚ ਦ੍ਰਿੜ੍ਹ ਰਹਿਣ ਤੋਂ ਅਸਫ਼ਲ ਹੋ ਜਾਂਦੇ, ਤਾਂ ਉਨ੍ਹਾਂ ਦਾ ਸੱਚਾਈ ਨੂੰ ਸਵੀਕਾਰ ਕਰਨਾ ਵਿਅਰਥ ਸੀ। ਪੌਲੁਸ ਨੇ ਅੱਗੇ ਕਿਹਾ: “ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ। ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ। ਅਤੇ ਇਹ ਜੋ ਕੇਫ਼ਾਸ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ। ਅਤੇ ਮਗਰੋਂ ਕੁਝ ਉੱਪਰ ਪੰਜ ਸੌ ਭਾਈਆਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ ਅਤੇ ਓਹਨਾਂ ਵਿੱਚੋਂ ਬਹੁਤੇ ਅਜੇ ਜੀਉਂਦੇ ਹਨ ਪਰ ਕਈ ਸੌਂ ਗਏ। ਪਿੱਛੋਂ ਯਾਕੂਬ ਨੂੰ ਦਰਸ਼ਣ ਦਿੱਤਾ ਅਤੇ ਫੇਰ ਸਭਨਾਂ ਰਸੂਲਾਂ ਨੂੰ। ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮ ਨੂੰ।”—1 ਕੁਰਿੰਥੀਆਂ 15:3-8.
8, 9. (ੳ) ਪੁਨਰ-ਉਥਾਨ ਵਿਚ ਵਿਸ਼ਵਾਸ ਕਿੰਨਾ ਮਹੱਤਵਪੂਰਣ ਹੈ? (ਅ) ਯਿਸੂ ਨੇ “ਕੁਝ ਉੱਪਰ ਪੰਜ ਸੌ ਭਾਈਆਂ” ਨੂੰ ਸ਼ਾਇਦ ਕਿਸ ਮੌਕੇ ਤੇ ਦਰਸ਼ਣ ਦਿੱਤਾ ਸੀ?
8 ਜਿਨ੍ਹਾਂ ਨੇ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕੀਤਾ ਸੀ ਉਨ੍ਹਾਂ ਲਈ ਯਿਸੂ ਦੇ ਪੁਨਰ-ਉਥਾਨ ਵਿਚ ਵਿਸ਼ਵਾਸ ਕਰਨਾ ਲਾਜ਼ਮੀ ਸੀ। ਇਸ ਗੱਲ ਦੀ ਪੁਸ਼ਟੀ ਕਰਨ ਲਈ ਬਹੁਤ ਸਾਰੇ ਮੌਕੇ ਦੇ ਗਵਾਹ ਸਨ ਕਿ ‘ਮਸੀਹ ਸਾਡਿਆਂ ਪਾਪਾਂ ਦੇ ਕਾਰਨ ਮੋਇਆ,’ ਅਤੇ ਕਿ ਉਹ ਪੁਨਰ-ਉਥਿਤ ਕੀਤਾ ਗਿਆ ਸੀ। ਇਕ ਗਵਾਹ ਕੇਫ਼ਾਸ ਸੀ ਜੋ ਪਤਰਸ ਦੇ ਨਾਂ ਤੋਂ ਜ਼ਿਆਦਾ ਜਾਣਿਆ ਜਾਂਦਾ ਸੀ। ਜਿਸ ਰਾਤ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਗਿਆ ਅਤੇ ਉਸ ਨੂੰ ਗਿਰਫ਼ਤਾਰ ਕੀਤਾ ਗਿਆ, ਉਸ ਰਾਤ ਯਿਸੂ ਦਾ ਇਨਕਾਰ ਕਰਨ ਤੋਂ ਬਾਅਦ, ਪਤਰਸ ਨੂੰ ਯਿਸੂ ਦੇ ਦਰਸ਼ਣ ਤੋਂ ਜ਼ਰੂਰ ਬਹੁਤ ਦਿਲਾਸਾ ਮਿਲਿਆ ਹੋਣਾ। ਇਕੱਠੇ “ਬਾਰਾਂ” ਰਸੂਲਾਂ ਨਾਲ ਵੀ ਪੁਨਰ-ਉਥਿਤ ਯਿਸੂ ਨੇ ਮੁਲਾਕਾਤ ਕੀਤੀ—ਇਕ ਅਜਿਹਾ ਅਨੁਭਵ ਜਿਸ ਨੇ ਬਿਨਾਂ ਸ਼ੱਕ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਵਿਚ ਅਤੇ ਯਿਸੂ ਦੇ ਪੁਨਰ-ਉਥਾਨ ਦੇ ਨਿਡਰ ਗਵਾਹ ਬਣਨ ਵਿਚ ਮਦਦ ਕੀਤੀ ਸੀ।—ਯੂਹੰਨਾ 20:19-23; ਰਸੂਲਾਂ ਦੇ ਕਰਤੱਬ 2:32.
9 ਮਸੀਹ ਨੇ ਇਕ ਵੱਡੇ ਇਕੱਠ, “ਕੁਝ ਉੱਪਰ ਪੰਜ ਸੌ ਭਾਈਆਂ” ਨੂੰ ਵੀ ਦਰਸ਼ਣ ਦਿੱਤਾ। ਕਿਉਂਕਿ ਸਿਰਫ਼ ਗਲੀਲ ਵਿਚ ਹੀ ਇੰਨੀ ਵੱਡੀ ਗਿਣਤੀ ਵਿਚ ਉਸ ਦੇ ਪੈਰੋਕਾਰ ਸਨ, ਤਾਂ ਇਹ ਦਰਸ਼ਣ ਸ਼ਾਇਦ ਉਹੀ ਮੌਕੇ ਤੇ ਦਿੱਤਾ ਗਿਆ ਸੀ ਜਿਸ ਦਾ ਮੱਤੀ 28:16-20 ਵਿਚ ਵਰਣਨ ਕੀਤਾ ਗਿਆ ਹੈ, ਜਦੋਂ ਯਿਸੂ ਨੇ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ। ਇਹ ਵਿਅਕਤੀ ਕਿੰਨੀ ਸ਼ਕਤੀਸ਼ਾਲੀ ਗਵਾਹੀ ਦੇ ਸਕਦੇ ਸਨ! ਕੁਝ 55 ਸਾ.ਯੁ. ਵਿਚ ਵੀ ਜੀਉਂਦੇ ਸਨ, ਜਦੋਂ ਪੌਲੁਸ ਨੇ ਕੁਰਿੰਥੀਆਂ ਦੇ ਨਾਂ ਇਹ ਪਹਿਲੀ ਪੱਤਰੀ ਲਿਖੀ ਸੀ। ਪਰੰਤੂ ਧਿਆਨ ਦਿਓ ਕਿ ਜੋ ਮਰ ਗਏ ਸਨ ਉਨ੍ਹਾਂ ਨੂੰ “ਸੌਂ ਗਏ” ਕਿਹਾ ਗਿਆ ਸੀ। ਉਨ੍ਹਾਂ ਨੂੰ ਆਪਣਾ ਸਵਰਗੀ ਇਨਾਮ ਪ੍ਰਾਪਤ ਕਰਨ ਲਈ ਅਜੇ ਪੁਨਰ-ਉਥਿਤ ਨਹੀਂ ਕੀਤਾ ਗਿਆ ਸੀ।
10. (ੳ) ਆਪਣੇ ਚੇਲਿਆਂ ਨਾਲ ਯਿਸੂ ਦੀ ਆਖ਼ਰੀ ਮਿਲਣੀ ਦਾ ਕੀ ਪ੍ਰਭਾਵ ਪਿਆ? (ਅ) ਯਿਸੂ ਨੇ ਪੌਲੁਸ ਨੂੰ “ਜਿਵੇਂ ਇੱਕ ਅਧੂਰੇ ਜੰਮ ਨੂੰ” ਕਿਵੇਂ ਦਰਸ਼ਣ ਦਿੱਤਾ?
10 ਯਿਸੂ ਦੇ ਪੁਨਰ-ਉਥਾਨ ਦਾ ਇਕ ਹੋਰ ਮੁੱਖ ਗਵਾਹ ਯਾਕੂਬ ਸੀ, ਜੋ ਯਿਸੂ ਦੀ ਮਾਤਾ ਮਰਿਯਮ ਅਤੇ ਯੂਸੁਫ਼ ਦਾ ਪੁੱਤਰ ਸੀ। ਯਿਸੂ ਦੇ ਪੁਨਰ-ਉਥਾਨ ਤੋਂ ਪਹਿਲਾਂ, ਸਪੱਸ਼ਟ ਹੈ ਕਿ ਯਾਕੂਬ ਵਿਸ਼ਵਾਸੀ ਨਹੀਂ ਸੀ। (ਯੂਹੰਨਾ 7:5) ਪਰੰਤੂ ਯਿਸੂ ਦੁਆਰਾ ਉਸ ਨੂੰ ਦਰਸ਼ਣ ਦੇਣ ਤੋਂ ਬਾਅਦ, ਯਾਕੂਬ ਵਿਸ਼ਵਾਸੀ ਬਣ ਗਿਆ ਅਤੇ ਸ਼ਾਇਦ ਉਸ ਨੇ ਆਪਣੇ ਦੂਸਰੇ ਭਰਾਵਾਂ ਨੂੰ ਵਿਸ਼ਵਾਸੀ ਬਣਾਉਣ ਵਿਚ ਹੱਥ ਵਟਾਇਆ ਹੋਵੇ। (ਰਸੂਲਾਂ ਦੇ ਕਰਤੱਬ 1:13, 14) ਸਵਰਗ ਨੂੰ ਚੜ੍ਹਨ ਦੇ ਮੌਕੇ ਤੇ, ਆਪਣੇ ਚੇਲਿਆਂ ਨਾਲ ਆਖ਼ਰੀ ਮਿਲਣੀ ਦੌਰਾਨ ਯਿਸੂ ਨੇ ਉਨ੍ਹਾਂ ਨੂੰ ‘ਧਰਤੀ ਦੇ ਬੰਨੇ ਤੀਕੁਰ ਗਵਾਹ ਹੋਣ’ ਦਾ ਹੁਕਮ ਦਿੱਤਾ। (ਰਸੂਲਾਂ ਦੇ ਕਰਤੱਬ 1:6-11) ਬਾਅਦ ਵਿਚ, ਉਸ ਨੇ ਤਰਸੁਸ ਦੇ ਰਹਿਣ ਵਾਲੇ ਸੌਲੁਸ ਨੂੰ ਦਰਸ਼ਣ ਦਿੱਤਾ ਜੋ ਮਸੀਹੀਆਂ ਨੂੰ ਸਤਾਉਂਦਾ ਸੀ। (ਰਸੂਲਾਂ ਦੇ ਕਰਤੱਬ 22:6-8) ਯਿਸੂ ਨੇ ਸੌਲੁਸ ਨੂੰ ਦਰਸ਼ਣ ਦਿੱਤਾ “ਜਿਵੇਂ ਇੱਕ ਅਧੂਰੇ ਜੰਮ ਨੂੰ।” ਇਹ ਇਸ ਤਰ੍ਹਾਂ ਸੀ ਜਿਵੇਂ ਕਿ ਸੌਲੁਸ ਨੂੰ ਸਵਰਗੀ ਜੀਵਨ ਲਈ ਪੁਨਰ-ਉਥਿਤ ਕੀਤਾ ਜਾ ਚੁੱਕਾ ਸੀ ਅਤੇ ਉਹ ਪੁਨਰ-ਉਥਾਨ ਹੋਣ ਤੋਂ ਸਦੀਆਂ ਪਹਿਲਾਂ ਮਹਿਮਾਵਾਨ ਪ੍ਰਭੂ ਨੂੰ ਦੇਖਣ ਦੇ ਯੋਗ ਹੋਇਆ ਸੀ। ਇਸ ਤਜਰਬੇ ਕਾਰਨ ਸੌਲੁਸ ਨੇ ਮਸੀਹੀ ਕਲੀਸਿਯਾ ਦਾ ਘਾਤਕ ਵਿਰੋਧ ਕਰਨਾ ਇਕਦਮ ਛੱਡ ਦਿੱਤਾ ਅਤੇ ਉਸ ਵਿਚ ਮਾਅਰਕੇ ਦੀ ਤਬਦੀਲੀ ਆਈ। (ਰਸੂਲਾਂ ਦੇ ਕਰਤੱਬ 9:3-9, 17-19) ਸੌਲੁਸ ਹੀ ਬਾਅਦ ਵਿਚ ਪੌਲੁਸ ਰਸੂਲ ਬਣਿਆ, ਜੋ ਮਸੀਹੀ ਨਿਹਚਾ ਦੇ ਪੱਖ ਪੂਰਨ ਵਾਲਿਆਂ ਵਿੱਚੋਂ ਪ੍ਰਮੁੱਖ ਸੀ।—1 ਕੁਰਿੰਥੀਆਂ 15:9, 10.
ਪੁਨਰ-ਉਥਾਨ ਵਿਚ ਨਿਹਚਾ ਜ਼ਰੂਰੀ ਹੈ
11. ਪੌਲੁਸ ਨੇ ਇਸ ਗ਼ਲਤ ਤਰਕ ਕਿ “ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ,” ਦਾ ਕਿਵੇਂ ਭੇਤ ਖੋਲ੍ਹਿਆ?
11 ਇਸ ਤਰ੍ਹਾਂ ਯਿਸੂ ਦੇ ਪੁਨਰ-ਉਥਾਨ ਦੀ ਸਾਖੀ ਭਰਨ ਵਾਲੇ ਬਹੁਤ ਸਾਰੇ ਲੋਕ ਸਨ। “ਹੁਣ ਜੇ ਮਸੀਹ ਦਾ ਇਹ ਪਰਚਾਰ ਕਰੀਦਾ ਹੈ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ,” ਪੌਲੁਸ ਤਰਕ ਕਰਦਾ ਹੈ, “ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ?” (1 ਕੁਰਿੰਥੀਆਂ 15:12) ਅਜਿਹੇ ਵਿਅਕਤੀਆਂ ਨੂੰ ਪੁਨਰ-ਉਥਾਨ ਬਾਰੇ ਸਿਰਫ਼ ਨਿੱਜੀ ਤੌਰ ਤੇ ਸ਼ੱਕ ਜਾਂ ਸੰਦੇਹ ਹੀ ਨਹੀਂ ਸੀ, ਪਰੰਤੂ ਉਹ ਖੁੱਲ੍ਹੇ-ਆਮ ਇਸ ਵਿਚ ਅਵਿਸ਼ਵਾਸ ਜ਼ਾਹਰ ਕਰ ਰਹੇ ਸਨ। ਇਸ ਲਈ, ਪੌਲੁਸ ਉਨ੍ਹਾਂ ਦੇ ਗ਼ਲਤ ਤਰਕ ਦਾ ਭੇਤ ਖੋਲ੍ਹਦਾ ਹੈ। ਉਹ ਕਹਿੰਦਾ ਹੈ ਕਿ ਜੇਕਰ ਮਸੀਹ ਜੀ ਉਠਾਇਆ ਨਹੀਂ ਗਿਆ ਸੀ, ਤਾਂ ਮਸੀਹੀ ਸੰਦੇਸ਼ ਝੂਠਾ ਸੀ, ਅਤੇ ਜਿਨ੍ਹਾਂ ਨੇ ਮਸੀਹ ਦੇ ਪੁਨਰ-ਉਥਾਨ ਦੀ ਸਾਖੀ ਭਰੀ ਉਹ “ਪਰਮੇਸ਼ੁਰ ਦੇ ਝੂਠੇ ਗਵਾਹ” ਸਨ। ਜੇਕਰ ਮਸੀਹ ਪੁਨਰ-ਉਥਿਤ ਨਹੀਂ ਕੀਤਾ ਗਿਆ ਸੀ, ਤਾਂ ਪਰਮੇਸ਼ੁਰ ਨੂੰ ਕੋਈ ਰਿਹਾਈ-ਕੀਮਤ ਨਹੀਂ ਦਿੱਤੀ ਗਈ ਸੀ; ਮਸੀਹੀ “ਅਜੇ ਆਪਣੇ ਪਾਪਾਂ ਵਿੱਚ” ਸਨ। (1 ਕੁਰਿੰਥੀਆਂ 15:13-19; ਰੋਮੀਆਂ 3:23, 24; ਇਬਰਾਨੀਆਂ 9:11-14) ਅਤੇ ਮਸੀਹੀ ਜੋ “[ਮੌਤ ਵਿਚ] ਸੌਂ ਗਏ” ਸਨ, ਅਤੇ ਕੁਝ ਸ਼ਹੀਦ ਕੀਤੇ ਗਏ ਸਨ, ਬਿਨਾਂ ਕਿਸੇ ਸੱਚੀ ਉਮੀਦ ਤੋਂ ਮਰੇ। ਇਨ੍ਹਾਂ ਮਸੀਹੀਆਂ ਦੀ ਕਿੰਨੀ ਤਰਸਯੋਗ ਹਾਲਤ ਹੁੰਦੀ ਜੇ ਉਹ ਨਿਰਾ ਇਸੇ ਜੀਵਨ ਦੀ ਆਸ ਰੱਖ ਸਕਦੇ ਸਨ! ਉਨ੍ਹਾਂ ਦੇ ਕਸ਼ਟ ਵਿਅਰਥ ਹੁੰਦੇ।
12. (ੳ) ਯਿਸੂ ਨੂੰ “[ਮੌਤ ਵਿਚ] ਸੁੱਤਿਆਂ ਹੋਇਆਂ ਦਾ ਪਹਿਲਾ ਫਲ” ਕਹਿਣਾ ਕਿਸ ਗੱਲ ਦਾ ਸੰਕੇਤ ਕਰਦਾ ਹੈ? (ਅ) ਮਸੀਹ ਨੇ ਪੁਨਰ-ਉਥਾਨ ਨੂੰ ਕਿਵੇਂ ਸੰਭਵ ਬਣਾਇਆ?
12 ਪਰੰਤੂ ਇਸ ਤਰ੍ਹਾਂ ਨਹੀਂ ਸੀ। ਪੌਲੁਸ ਅੱਗੇ ਕਹਿੰਦਾ ਹੈ: “ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ।” ਇਸ ਤੋਂ ਇਲਾਵਾ, ਉਹ “[ਮੌਤ ਵਿਚ] ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ।” (1 ਕੁਰਿੰਥੀਆਂ 15:20) ਜਦੋਂ ਇਸਰਾਏਲੀਆਂ ਨੇ ਆਗਿਆਕਾਰਤਾ ਨਾਲ ਆਪਣੀ ਪੈਦਾਵਾਰ ਦਾ ਪਹਿਲਾ ਫਲ ਯਹੋਵਾਹ ਨੂੰ ਦਿੱਤਾ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਜ਼ਿਆਦਾ ਪੈਦਾਵਾਰ ਦੀ ਬਰਕਤ ਦਿੱਤੀ। (ਕੂਚ 22:29, 30; 23:19; ਕਹਾਉਤਾਂ 3:9, 10) ਯਿਸੂ ਨੂੰ “ਪਹਿਲਾ ਫਲ” ਸੱਦਣ ਦੁਆਰਾ, ਪੌਲੁਸ ਸੰਕੇਤ ਕਰਦਾ ਹੈ ਕਿ ਹੋਰ ਵਿਅਕਤੀਆਂ ਨੂੰ ਵੀ ਮੌਤ ਤੋਂ ਸਵਰਗੀ ਜੀਵਨ ਲਈ ਪੁਨਰ-ਉਥਿਤ ਕੀਤਾ ਜਾਵੇਗਾ। “ਜਾਂ ਮਨੁੱਖ ਦੇ ਰਾਹੀਂ ਮੌਤ ਹੋਈ,” ਪੌਲੁਸ ਕਹਿੰਦਾ ਹੈ, “ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ [“ਪੁਨਰ-ਉਥਾਨ,” ਨਿ ਵ] ਵੀ ਹੋਈ। ਜਿਸ ਤਰਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰਾਂ ਮਸੀਹ ਵਿੱਚ ਸੱਭੇ ਜੁਆਏ ਜਾਣਗੇ।” (1 ਕੁਰਿੰਥੀਆਂ 15:21, 22) ਯਿਸੂ ਨੇ ਆਪਣਾ ਸੰਪੂਰਣ ਮਾਨਵ ਜੀਵਨ ਰਿਹਾਈ-ਕੀਮਤ ਵਜੋਂ ਦੇ ਕੇ ਪੁਨਰ-ਉਥਾਨ ਨੂੰ ਸੰਭਵ ਬਣਾਇਆ, ਅਤੇ ਮਨੁੱਖਜਾਤੀ ਲਈ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦਾ ਰਾਹ ਖੋਲ੍ਹਿਆ।—ਗਲਾਤੀਆਂ 1:4; 1 ਪਤਰਸ 1:18, 19.a
13. (ੳ) ਸਵਰਗੀ ਪੁਨਰ-ਉਥਾਨ ਕਦੋਂ ਹੁੰਦਾ ਹੈ? (ਅ) ਕੁਝ ਮਸਹ ਕੀਤੇ ਹੋਏ ਮਸੀਹੀ ਕਿਸ ਤਰ੍ਹਾਂ ‘ਸੌਂਦੇ’ ਨਹੀਂ ਹਨ?
13 ਪੌਲੁਸ ਅੱਗੇ ਕਹਿੰਦਾ ਹੈ: “ਪਰ ਹਰੇਕ ਆਪੋ ਆਪਣੀ ਵਾਰੀ ਸਿਰ। ਪਹਿਲਾ ਫਲ ਮਸੀਹ, ਫੇਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ [“ਮੌਜੂਦਗੀ,” ਨਿ ਵ] ਦੇ ਵੇਲੇ।” (1 ਕੁਰਿੰਥੀਆਂ 15:23) ਮਸੀਹ ਨੂੰ 33 ਸਾ.ਯੁ. ਵਿਚ ਪੁਨਰ-ਉਥਿਤ ਕੀਤਾ ਗਿਆ ਸੀ। ਪਰੰਤੂ, “ਜਿਹੜੇ ਮਸੀਹ ਦੇ ਹਨ,” ਯਾਨੀ ਕਿ ਉਸ ਦੇ ਮਸਹ ਕੀਤੇ ਹੋਏ ਪੈਰੋਕਾਰਾਂ ਨੂੰ ਮਸੀਹ ਦੀ ਸ਼ਾਹੀ ਮੌਜੂਦਗੀ ਦੇ ਸ਼ੁਰੂ ਹੋਣ ਤੋਂ ਥੋੜ੍ਹੇ ਸਮੇਂ ਬਾਅਦ ਤਕ ਉਡੀਕ ਕਰਨੀ ਪਈ, ਜੋ ਮੌਜੂਦਗੀ ਬਾਈਬਲ ਦੀ ਭਵਿੱਖਬਾਣੀ ਅਨੁਸਾਰ 1914 ਵਿਚ ਸ਼ੁਰੂ ਹੋਈ। (1 ਥੱਸਲੁਨੀਕੀਆਂ 4:14-16; ਪਰਕਾਸ਼ ਦੀ ਪੋਥੀ 11:18) ਉਨ੍ਹਾਂ ਬਾਰੇ ਕੀ ਜੋ ਉਸ ਦੀ ਮੌਜੂਦਗੀ ਦੌਰਾਨ ਜੀਉਣਗੇ? ਪੌਲੁਸ ਨੇ ਕਿਹਾ: “ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸੱਭੇ ਨਹੀਂ ਸੌਂਵਾਂਗੇ। ਪਰ ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜਲੀ ਤੁਰ੍ਹੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ।” (1 ਕੁਰਿੰਥੀਆਂ 15:51, 52) ਸਪੱਸ਼ਟ ਤੌਰ ਤੇ, ਸਾਰੇ ਮਸਹ ਕੀਤੇ ਹੋਏ ਮਸੀਹੀ ਪੁਨਰ-ਉਥਾਨ ਦੀ ਉਡੀਕ ਵਿਚ ਕਬਰ ਵਿਚ ਨਹੀਂ ਸੌਂਦੇ ਹਨ। ਜਿਹੜੇ ਮਸੀਹ ਦੀ ਮੌਜੂਦਗੀ ਦੌਰਾਨ ਮਰਦੇ ਹਨ ਉਹ ਉਸੇ ਵੇਲੇ ਬਦਲਾਏ ਜਾਂਦੇ ਹਨ।—ਪਰਕਾਸ਼ ਦੀ ਪੋਥੀ 14:13.
14. ਮਸਹ ਕੀਤੇ ਹੋਏ ਮਸੀਹੀ ਕਿਵੇਂ “ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ”?
14 “ਨਹੀਂ ਤਾਂ,” ਪੌਲੁਸ ਕਹਿੰਦਾ ਹੈ, “ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਓਹ ਕੀ ਕਰਨਗੇ? ਜੇ ਮੁਰਦੇ ਮੂਲੋਂ ਜੀ ਨਹੀਂ ਉੱਠਦੇ ਤਾਂ ਉਨ੍ਹਾਂ ਦੇ ਲਈ ਓਹ ਕਾਹਨੂੰ ਬਪਤਿਸਮਾ ਲੈਂਦੇ ਹਨ? ਅਸੀਂ ਭੀ ਹਰ ਘੜੀ ਜੋਖੋਂ ਵਿੱਚ ਕਿਉਂ ਪਏ ਰਹਿੰਦੇ ਹਾਂ?” (1 ਕੁਰਿੰਥੀਆਂ 15:29, 30) ਪੌਲੁਸ ਦਾ ਇਹ ਅਰਥ ਨਹੀਂ ਸੀ ਕਿ ਜੀਉਂਦੇ ਵਿਅਕਤੀ ਮਰੇ ਹੋਇਆਂ ਲਈ ਬਪਤਿਸਮਾ ਲੈਂਦੇ ਹਨ, ਜਿਵੇਂ ਕਿ ਕੁਝ ਬਾਈਬਲ ਅਨੁਵਾਦ ਕਹਿੰਦੇ ਹਨ। ਆਖ਼ਰਕਾਰ, ਬਪਤਿਸਮੇ ਦਾ ਸੰਬੰਧ ਮਸੀਹੀ ਸ਼ਾਗਿਰਦੀ ਨਾਲ ਹੈ, ਅਤੇ ਮਰੇ ਲੋਕ ਚੇਲੇ ਨਹੀਂ ਬਣ ਸਕਦੇ ਹਨ। (ਯੂਹੰਨਾ 4:1) ਇਸ ਦੀ ਬਜਾਇ, ਪੌਲੁਸ ਜੀਉਂਦੇ ਮਸੀਹੀਆਂ ਬਾਰੇ ਚਰਚਾ ਕਰ ਰਿਹਾ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ, ਪੌਲੁਸ ਵਾਂਗ, ‘ਹਰ ਘੜੀ ਜੋਖੋਂ ਵਿੱਚ ਪਏ ਰਹਿੰਦੇ ਸਨ।’ ਮਸਹ ਕੀਤੇ ਹੋਏ ਮਸੀਹੀਆਂ ਨੇ ‘ਮਸੀਹ ਦੀ ਮੌਤ ਦਾ ਬਪਤਿਸਮਾ ਲਿਆ’ ਸੀ। (ਰੋਮੀਆਂ 6:3) ਉਨ੍ਹਾਂ ਦੇ ਮਸਹ ਕੀਤੇ ਜਾਣ ਦੇ ਸਮੇਂ ਤੋਂ, ਉਨ੍ਹਾਂ ਨੂੰ ਉਸ ਰਾਹ ਦਾ “ਬਪਤਿਸਮਾ” ਦਿੱਤਾ ਜਾ ਰਿਹਾ ਸੀ ਜੋ ਉਨ੍ਹਾਂ ਨੂੰ ਮਸੀਹ ਦੀ ਮੌਤ ਵਰਗੀ ਮੌਤ ਵੱਲ ਲੈ ਜਾਂਦਾ। (ਮਰਕੁਸ 10:35-40) ਉਹ ਸ਼ਾਨਦਾਰ ਸਵਰਗੀ ਪੁਨਰ-ਉਥਾਨ ਦੀ ਉਮੀਦ ਨਾਲ ਮਰਦੇ ਹਨ।—1 ਕੁਰਿੰਥੀਆਂ 6:14; ਫ਼ਿਲਿੱਪੀਆਂ 3:10, 11.
15. ਪੌਲੁਸ ਨੇ ਸ਼ਾਇਦ ਕਿਹੜੇ ਖ਼ਤਰਿਆਂ ਦਾ ਸਾਮ੍ਹਣਾ ਕੀਤਾ ਸੀ, ਅਤੇ ਉਨ੍ਹਾਂ ਨੂੰ ਸਹਿਣ ਲਈ ਪੁਨਰ-ਉਥਾਨ ਦੀ ਉਮੀਦ ਨੇ ਕਿਵੇਂ ਮਦਦ ਕੀਤੀ?
15 ਪੌਲੁਸ ਹੁਣ ਵਿਆਖਿਆ ਕਰਦਾ ਹੈ ਕਿ ਉਸ ਨੇ ਵੀ ਇਸ ਹੱਦ ਤਕ ਖ਼ਤਰੇ ਦਾ ਸਾਮ੍ਹਣਾ ਕੀਤਾ ਸੀ ਕਿ ਉਹ ਕਹਿ ਸਕਿਆ: “ਮੈਂ ਹਰ ਰੋਜ ਮਰਦਾ ਹਾਂ।” ਮਤੇ ਕੁਝ ਲੋਕ ਉਸ ਉੱਤੇ ਵਧਾ-ਚੜ੍ਹਾ ਕੇ ਗੱਲ ਦੱਸਣ ਦਾ ਦੋਸ਼ ਲਗਾਉਣ, ਪੌਲੁਸ ਕਹਿੰਦਾ ਹੈ: “ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਅਭਮਾਨ ਮੈਂ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਕਰਦਾ ਹਾਂ ਉਹ ਦੀ ਸੌਂਹ ਹੈ।” ਉਸ ਨੇ ਜਿਨ੍ਹਾਂ ਖ਼ਤਰਿਆਂ ਦਾ ਸਾਮ੍ਹਣਾ ਕੀਤਾ ਉਨ੍ਹਾਂ ਦੀ ਇਕ ਉਦਾਹਰਣ ਵਜੋਂ, ਪੌਲੁਸ 32 ਆਇਤ ਤੇ, ‘ਅਫ਼ਸੁਸ ਵਿੱਚ ਦਰਿੰਦਿਆਂ ਨਾਲ ਲੜਨ’ ਬਾਰੇ ਦੱਸਦਾ ਹੈ। ਰੋਮੀ ਲੋਕ ਅਕਸਰ ਅਪਰਾਧੀਆਂ ਨੂੰ ਅਖਾੜਿਆਂ ਵਿਚ ਜੰਗਲੀ ਜਾਨਵਰਾਂ ਦੇ ਸਾਮ੍ਹਣੇ ਸੁੱਟ ਕੇ ਮੌਤ ਦੀ ਸਜ਼ਾ ਦਿੰਦੇ ਸਨ। ਜੇ ਪੌਲੁਸ ਸੱਚ-ਮੁੱਚ ਜੰਗਲੀ ਜਾਨਵਰਾਂ ਨਾਲ ਲੜਿਆ ਸੀ, ਤਾਂ ਉਹ ਸਿਰਫ਼ ਯਹੋਵਾਹ ਦੀ ਮਦਦ ਨਾਲ ਹੀ ਬਚ ਸਕਦਾ ਸੀ। ਪੁਨਰ-ਉਥਾਨ ਦੀ ਉਮੀਦ ਤੋਂ ਬਿਨਾਂ, ਇਕ ਅਜਿਹੇ ਜੀਵਨ-ਮਾਰਗ ਨੂੰ ਚੁਣਨਾ ਜੋ ਉਸ ਨੂੰ ਇਸ ਤਰ੍ਹਾਂ ਦੇ ਖ਼ਤਰੇ ਵਿਚ ਪਾ ਦਿੰਦਾ, ਸੱਚ-ਮੁੱਚ ਬੇਵਕੂਫ਼ੀ ਹੁੰਦੀ। ਭਵਿੱਖ ਵਿਚ ਜੀਵਨ ਦੀ ਉਮੀਦ ਤੋਂ ਬਿਨਾਂ, ਪਰਮੇਸ਼ੁਰ ਦੀ ਸੇਵਾ ਕਰਨ ਲਈ ਸਤਾਹਟਾਂ ਦਾ ਸਹਿਣਾ ਅਤੇ ਕੁਰਬਾਨੀਆਂ ਦਾ ਕੋਈ ਫ਼ਾਇਦਾ ਨਾ ਹੁੰਦਾ। “ਜੇ ਮੁਰਦੇ ਨਹੀਂ ਜੀ ਉੱਠਦੇ,” ਪੌਲੁਸ ਕਹਿੰਦਾ ਹੈ, “ਤਾਂ ‘ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।’”—1 ਕੁਰਿੰਥੀਆਂ 15:31, 32; ਦੇਖੋ 2 ਕੁਰਿੰਥੀਆਂ 1:8, 9; 11:23-27.
16. (ੳ) ਇਹ ਕਹਾਵਤ “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ” ਸ਼ਾਇਦ ਕਿੱਥੋਂ ਸ਼ੁਰੂ ਹੋਈ? (ਅ) ਇਸ ਰਵੱਈਏ ਨੂੰ ਅਪਣਾਉਣ ਵਿਚ ਕਿਹੜੇ ਖ਼ਤਰੇ ਸਨ?
16 ਪੌਲੁਸ ਨੇ ਸ਼ਾਇਦ ਯਸਾਯਾਹ 22:13 ਦਾ ਹਵਾਲਾ ਦਿੱਤਾ ਹੋਵੇ, ਜੋ ਯਰੂਸ਼ਲਮ ਦੇ ਅਵੱਗਿਆਕਾਰੀ ਨਿਵਾਸੀਆਂ ਦੇ ਤਕਦੀਰੀ ਰਵੱਈਏ ਦਾ ਵਰਣਨ ਕਰਦਾ ਹੈ। ਜਾਂ ਸ਼ਾਇਦ ਉਸ ਦੇ ਮਨ ਵਿਚ ਐਪੀਕਿਊਰੀਆਂ ਦੇ ਵਿਸ਼ਵਾਸ ਸਨ, ਜੋ ਮੌਤ ਮਗਰੋਂ ਜੀਵਨ ਦੀ ਕਿਸੇ ਵੀ ਉਮੀਦ ਨੂੰ ਤੁੱਛ ਸਮਝਦੇ ਸਨ ਅਤੇ ਵਿਸ਼ਵਾਸ ਕਰਦੇ ਸਨ ਕਿ ਜੀਵਨ ਵਿਚ ਐਸ਼ੋ-ਆਰਾਮ ਹੀ ਸਭ ਕੁਝ ਹੈ। ਜੋ ਵੀ ਸੀ, ‘ਖਾਣ ਪੀਣ’ ਦਾ ਫ਼ਲਸਫ਼ਾ ਅਧਰਮੀ ਸੀ। ਇਸ ਲਈ, ਪੌਲੁਸ ਚੇਤਾਵਨੀ ਦਿੰਦਾ ਹੈ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਉਨ੍ਹਾਂ ਨਾਲ ਸੰਗਤ ਕਰਨੀ ਘਾਤਕ ਹੋ ਸਕਦੀ ਸੀ ਜੋ ਪੁਨਰ-ਉਥਾਨ ਨੂੰ ਰੱਦ ਕਰਦੇ ਸਨ। ਸ਼ਾਇਦ ਅਜਿਹੀ ਸੰਗਤ ਦੇ ਕਾਰਨ ਹੀ ਉਹ ਸਮੱਸਿਆਵਾਂ ਪੈਦਾ ਹੋਈਆਂ ਸਨ ਜਿਨ੍ਹਾਂ ਨਾਲ ਕੁਰਿੰਥੁਸ ਦੀ ਕਲੀਸਿਯਾ ਵਿਚ ਪੌਲੁਸ ਨੂੰ ਨਜਿੱਠਣਾ ਪਿਆ ਸੀ, ਜਿਵੇਂ ਕਿ ਹਰਾਮਕਾਰੀ, ਫੁੱਟਾਂ, ਮੁਕੱਦਮੇ, ਅਤੇ ਪ੍ਰਭੂ ਦੇ ਸੰਧਿਆ ਭੋਜਨ ਲਈ ਅਨਾਦਰ।—1 ਕੁਰਿੰਥੀਆਂ 1:11; 5:1; 6:1; 11:20-22.
17. (ੳ) ਪੌਲੁਸ ਕੁਰਿੰਥੀਆਂ ਨੂੰ ਕਿਹੜਾ ਉਪਦੇਸ਼ ਦਿੰਦਾ ਹੈ? (ਅ) ਕਿਹੜੇ ਸਵਾਲਾਂ ਦੇ ਜਵਾਬ ਦੇਣੇ ਅਜੇ ਬਾਕੀ ਹਨ?
17 ਇਸ ਤਰ੍ਹਾਂ ਪੌਲੁਸ ਕੁਰਿੰਥੀਆਂ ਨੂੰ ਇਹ ਖ਼ਾਸ ਉਪਦੇਸ਼ ਦਿੰਦਾ ਹੈ: “ਤੁਸੀਂ ਧਰਮ ਲਈ ਸੁਰਤ ਸਮ੍ਹਾਲੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ। ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ।” (1 ਕੁਰਿੰਥੀਆਂ 15:34) ਪੁਨਰ-ਉਥਾਨ ਪ੍ਰਤੀ ਗ਼ਲਤ ਦ੍ਰਿਸ਼ਟੀਕੋਣ ਰੱਖਣ ਕਰਕੇ ਕੁਝ ਵਿਅਕਤੀ ਅਧਿਆਤਮਿਕ ਤੌਰ ਤੇ ਬੇਸੁਰਤ ਹੋ ਗਏ ਸਨ, ਜਿਵੇਂ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੋਵੇ। ਉਨ੍ਹਾਂ ਨੂੰ ਜਾਗਣ ਦੀ ਅਤੇ ਸੁਰਤ ਸੰਭਾਲਣ ਦੀ ਜ਼ਰੂਰਤ ਸੀ। ਇਸੇ ਤਰ੍ਹਾਂ ਅੱਜ ਮਸਹ ਕੀਤੇ ਹੋਇਆਂ ਨੂੰ ਵੀ ਅਧਿਆਤਮਿਕ ਤੌਰ ਤੇ ਜਾਗਦੇ ਰਹਿਣ ਅਤੇ ਆਪਣੇ ਆਪ ਨੂੰ ਸੰਸਾਰ ਦੇ ਸੰਦੇਹਵਾਦੀ ਦ੍ਰਿਸ਼ਟੀਕੋਣ ਦੇ ਪ੍ਰਭਾਵ ਤੋਂ ਬਚਾਈ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਸਵਰਗੀ ਪੁਨਰ-ਉਥਾਨ ਦੀ ਉਮੀਦ ਨੂੰ ਕੱਸ ਕੇ ਫੜੀ ਰੱਖਣ ਦੀ ਜ਼ਰੂਰਤ ਹੈ। ਪਰੰਤੂ ਉਸ ਵੇਲੇ ਦੇ ਕੁਰਿੰਥੀਆਂ ਦੇ ਅਤੇ ਹੁਣ ਸਾਡੇ ਕੁਝ ਸਵਾਲਾਂ ਦੇ ਜਵਾਬ ਦੇਣੇ ਅਜੇ ਵੀ ਬਾਕੀ ਹਨ। ਉਦਾਹਰਣ ਲਈ, 1,44,000 ਕਿਸ ਰੂਪ ਵਿਚ ਸਵਰਗ ਨੂੰ ਉਠਾਏ ਜਾਂਦੇ ਹਨ? ਅਤੇ ਉਨ੍ਹਾਂ ਲੱਖਾਂ ਲੋਕਾਂ ਬਾਰੇ ਕੀ ਜੋ ਅਜੇ ਵੀ ਕਬਰ ਵਿਚ ਹਨ ਅਤੇ ਜਿਨ੍ਹਾਂ ਦੀ ਸਵਰਗੀ ਉਮੀਦ ਨਹੀਂ ਹੈ? ਅਜਿਹਿਆਂ ਲਈ ਪੁਨਰ-ਉਥਾਨ ਦਾ ਕੀ ਅਰਥ ਹੋਵੇਗਾ? ਸਾਡੇ ਅਗਲੇ ਲੇਖ ਵਿਚ, ਅਸੀਂ ਪੁਨਰ-ਉਥਾਨ ਉੱਤੇ ਪੌਲੁਸ ਦੀ ਚਰਚਾ ਦੇ ਬਾਕੀ ਹਿੱਸੇ ਦੀ ਜਾਂਚ ਕਰਾਂਗੇ।
[ਫੁਟਨੋਟ]
a ਰਿਹਾਈ-ਕੀਮਤ ਦੀ ਚਰਚਾ ਲਈ ਫਰਵਰੀ 15, 1991, ਦਾ ਪਹਿਰਾਬੁਰਜ (ਅੰਗ੍ਰੇਜ਼ੀ) ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਯਿਸੂ ਨੇ ਪੁਨਰ-ਉਥਾਨ ਉੱਤੇ ਕਿਹੜਾ ਚਾਨਣ ਪਾਇਆ?
◻ ਕਿਹੜੇ ਕੁਝ ਵਿਅਕਤੀ ਮਸੀਹ ਦੇ ਪੁਨਰ-ਉਥਾਨ ਦੇ ਗਵਾਹ ਸਨ?
◻ ਪੁਨਰ-ਉਥਾਨ ਦੀ ਸਿੱਖਿਆ ਬਾਰੇ ਬਹਿਸ ਕਿਉਂ ਹੋ ਰਹੀ ਸੀ, ਅਤੇ ਪੌਲੁਸ ਨੇ ਇਸ ਬਾਰੇ ਕੀ ਕੀਤਾ?
◻ ਮਸਹ ਕੀਤੇ ਹੋਏ ਮਸੀਹੀਆਂ ਲਈ ਪੁਨਰ-ਉਥਾਨ ਵਿਚ ਨਿਹਚਾ ਕਰਨੀ ਕਿਉਂ ਜ਼ਰੂਰੀ ਸੀ?
[ਸਫ਼ੇ 14 ਉੱਤੇ ਤਸਵੀਰ]
ਜੈਰੁਸ ਦੀ ਧੀ ਪੁਨਰ-ਉਥਾਨ ਦਾ ਸਬੂਤ ਸੀ
[ਸਫ਼ੇ 16, 17 ਉੱਤੇ ਤਸਵੀਰ]
ਪੁਨਰ-ਉਥਾਨ ਦੀ ਉਮੀਦ ਤੋਂ ਬਿਨਾਂ, ਵਫ਼ਾਦਾਰ ਮਸੀਹੀਆਂ ਦੀ ਸ਼ਹੀਦੀ ਵਿਅਰਥ ਹੁੰਦੀ