ਇਸਰਾਏਲ ਦੇ ਇਤਿਹਾਸ ਵਿਚ ਖ਼ਾਸ ਪਰਬ
“ਵਰ੍ਹੇ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਨਰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਵਿੱਚ ਜਿਹੜਾ ਉਹ ਚੁਣੇਗਾ ਹਾਜ਼ਰ ਹੋਣ . . . ਅਤੇ ਓਹ ਯਹੋਵਾਹ ਦੇ ਸਨਮੁਖ ਸੱਖਣੇ ਹੱਥ ਨਾ ਹਾਜ਼ਰ ਹੋਣ।”—ਬਿਵਸਥਾ ਸਾਰ 16:16.
1. ਬਾਈਬਲ ਸਮਿਆਂ ਵਿਚ ਪਰਬ ਦੇ ਮੌਕਿਆਂ ਬਾਰੇ ਕੀ ਕਿਹਾ ਜਾ ਸਕਦਾ ਹੈ?
ਜਦੋਂ ਤੁਸੀਂ ਪਰਬ ਬਾਰੇ ਸੋਚਦੇ ਹੋ ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਪ੍ਰਾਚੀਨ ਸਮਿਆਂ ਵਿਚ ਅਤਿਸੇਵਨ ਅਤੇ ਅਨੈਤਿਕਤਾ ਕੁਝ ਪਰਬਾਂ ਦੀ ਵਿਸ਼ੇਸ਼ਤਾ ਸੀ। ਇਹ ਆਧੁਨਿਕ ਦਿਨ ਦੇ ਕੁਝ ਪਰਬਾਂ ਬਾਰੇ ਵੀ ਸੱਚ ਹੈ। ਪਰੰਤੂ ਪਰਮੇਸ਼ੁਰ ਦੀ ਬਿਵਸਥਾ ਵਿਚ ਇਸਰਾਏਲ ਨੂੰ ਦਿੱਤੇ ਗਏ ਪਰਬ ਭਿੰਨ ਸਨ। ਜਦ ਕਿ ਉਹ ਆਨੰਦ ਮਨਾਉਣ ਦੇ ਮੌਕੇ ਸਨ, ਉਨ੍ਹਾਂ ਨੂੰ “ਪਵਿੱਤ੍ਰ ਮੇਲੇ” ਵੀ ਕਿਹਾ ਜਾ ਸਕਦਾ ਹੈ।—ਲੇਵੀਆਂ 23:2.
2. (ੳ) ਇਸਰਾਏਲੀ ਆਦਮੀਆਂ ਤੋਂ ਸਾਲ ਵਿਚ ਤਿੰਨ ਵਾਰੀ ਕੀ ਕਰਨ ਦੀ ਮੰਗ ਕੀਤੀ ਜਾਂਦੀ ਸੀ? (ਅ) ਜਿਵੇਂ ਬਿਵਸਥਾ ਸਾਰ 16:16 ਵਿਚ ਸ਼ਬਦ “ਪਰਬ” ਵਰਤਿਆ ਗਿਆ ਹੈ, ਇਹ ਕੀ ਹੈ?
2 ਵਫ਼ਾਦਾਰ ਇਸਰਾਏਲੀ ਆਦਮੀਆਂ ਨੇ—ਅਕਸਰ ਆਪਣੇ ਪਰਿਵਾਰਾਂ ਸਹਿਤ—ਯਰੂਸ਼ਲਮ, ਅਰਥਾਤ ‘ਉਸ ਅਸਥਾਨ ਵਿੱਚ ਜਿਹੜਾ ਯਹੋਵਾਹ ਨੇ ਚੁਣਿਆ ਸੀ,’ ਨੂੰ ਜਾਣ ਵਿਚ ਤਾਜ਼ਗੀਦਾਇਕ ਖ਼ੁਸ਼ੀ ਪ੍ਰਾਪਤ ਕੀਤੀ, ਅਤੇ ਉਨ੍ਹਾਂ ਨੇ ਇਨ੍ਹਾਂ ਤਿੰਨ ਵੱਡੇ ਪਰਬਾਂ ਵਿਚ ਉਦਾਰਤਾ ਨਾਲ ਚੰਦਾ ਦਿੱਤਾ। (ਬਿਵਸਥਾ ਸਾਰ 16:16) ਓਲਡ ਟੈਸਟਾਮੈਂਟ ਵਰਡ ਸਟੱਡੀਜ਼ ਪੁਸਤਕ, ਬਿਵਸਥਾ ਸਾਰ 16:16 ਵਿਚ “ਪਰਬ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੰਦੀ ਹੈ, “ਵੱਡੀ ਖ਼ੁਸ਼ੀ ਦਾ ਮੌਕਾ . . . ਜਿਸ ਤੇ ਪਰਮੇਸ਼ੁਰ ਦੀ ਕਿਰਪਾ ਦੀਆਂ ਕੁਝ ਮਾਅਰਕੇ ਵਾਲੀਆਂ ਘਟਨਾਵਾਂ ਨੂੰ ਬਲੀਆਂ ਚੜ੍ਹਾ ਕੇ ਅਤੇ ਭੋਜਨ ਕਰ ਕੇ ਮਨਾਇਆ ਜਾਂਦਾ ਸੀ।”a
ਵੱਡੇ ਪਰਬਾਂ ਦਾ ਮਹੱਤਵ
3. ਤਿੰਨ ਸਾਲਾਨਾ ਪਰਬ ਕਿਹੜੀਆਂ ਬਰਕਤਾਂ ਦੀ ਯਾਦ ਦਿਵਾਉਂਦੇ ਹਨ?
3 ਕਿਉਂਕਿ ਇਸਰਾਏਲੀਆਂ ਦਾ ਸਮਾਜ ਇਕ ਖੇਤੀਬਾੜੀ ਕਰਨ ਵਾਲਾ ਸਮਾਜ ਸੀ, ਇਸ ਲਈ ਉਹ ਮੀਂਹ ਦੇ ਰੂਪ ਵਿਚ ਪਰਮੇਸ਼ੁਰ ਦੀ ਬਰਕਤ ਉੱਤੇ ਨਿਰਭਰ ਸਨ। ਮੂਸਾ ਦੀ ਬਿਵਸਥਾ ਵਿਚ ਤਿੰਨ ਵੱਡੇ ਪਰਬ ਬਸੰਤ ਦੀ ਸ਼ੁਰੂਆਤ ਵਿਚ ਜੌਆਂ ਦੀ ਫ਼ਸਲ ਕੱਟਣ ਵੇਲੇ, ਬਸੰਤ ਦੇ ਅੰਤ ਵਿਚ ਕਣਕ ਦੀ ਵਾਢੀ ਸਮੇਂ, ਅਤੇ ਗਰਮੀਆਂ ਦੇ ਅੰਤ ਵਿਚ ਬਾਕੀ ਦੀ ਵਾਢੀ ਸਮੇਂ ਮਨਾਏ ਜਾਂਦੇ ਸਨ। ਇਹ ਮੌਕੇ ਵੱਡੇ ਆਨੰਦ ਵਾਲੇ ਹੁੰਦੇ ਸਨ ਅਤੇ ਵਰਖਾ-ਚੱਕਰ ਨੂੰ ਕਾਇਮ ਰੱਖਣ ਵਾਲੇ ਅਤੇ ਉਪਜਾਊ ਭੂਮੀ ਨੂੰ ਬਣਾਉਣ ਵਾਲੇ ਪ੍ਰਤੀ ਸ਼ੁਕਰਗੁਜ਼ਾਰੀ ਦੇ ਮੌਕੇ ਹੁੰਦੇ ਸਨ। ਪਰੰਤੂ ਇਨ੍ਹਾਂ ਪਰਬਾਂ ਵਿਚ ਇਸ ਤੋਂ ਵੀ ਕੁਝ ਜ਼ਿਆਦਾ ਸ਼ਾਮਲ ਸੀ।—ਬਿਵਸਥਾ ਸਾਰ 11:11-14.
4. ਪਹਿਲੇ ਪਰਬ ਦੁਆਰਾ ਕਿਹੜੀ ਇਤਿਹਾਸਕ ਘਟਨਾ ਦਾ ਜਸ਼ਨ ਮਨਾਇਆ ਗਿਆ?
4 ਪਹਿਲਾ ਪਰਬ ਪ੍ਰਾਚੀਨ ਬਾਈਬਲ ਕਲੰਡਰ ਦੇ ਪਹਿਲੇ ਮਹੀਨੇ, ਨੀਸਾਨ 15 ਤੋਂ 21 ਤਕ ਮਨਾਇਆ ਜਾਂਦਾ ਸੀ, ਜੋ ਸਾਡੇ ਕਲੰਡਰ ਮੁਤਾਬਕ ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਸ਼ੁਰੂ ਦਾ ਸਮਾਂ ਹੈ। ਇਹ ਪਤੀਰੀ ਰੋਟੀ ਦਾ ਪਰਬ ਕਹਾਉਂਦਾ ਸੀ, ਅਤੇ ਨੀਸਾਨ 14 ਦੇ ਪਸਾਹ ਤੋਂ ਇਕਦਮ ਬਾਅਦ ਆਉਣ ਦੇ ਕਾਰਨ ਇਸ ਨੂੰ ‘ਪਸਾਹ ਦਾ ਤਿਉਹਾਰ’ ਵੀ ਕਿਹਾ ਜਾਂਦਾ ਸੀ। (ਲੂਕਾ 2:41; ਲੇਵੀਆਂ 23:5, 6) ਇਹ ਪਰਬ ਇਸਰਾਏਲੀਆਂ ਨੂੰ ਮਿਸਰ ਵਿਚ ਦੁੱਖਾਂ ਤੋਂ ਉਨ੍ਹਾਂ ਦੀ ਮੁਕਤੀ ਦੀ ਯਾਦ ਦਿਵਾਉਂਦਾ ਸੀ, ਪਤੀਰੀ ਰੋਟੀ ਨੂੰ “ਦੁਖ ਦੀ ਰੋਟੀ” ਕਿਹਾ ਜਾਂਦਾ ਸੀ। (ਬਿਵਸਥਾ ਸਾਰ 16:3) ਇਹ ਉਨ੍ਹਾਂ ਨੂੰ ਯਾਦ ਦਿਵਾਉਂਦਾ ਸੀ ਕਿ ਮਿਸਰ ਤੋਂ ਭੱਜ ਨਿਕਲਣ ਸਮੇਂ ਇੰਨੀ ਕਾਹਲੀ ਸੀ ਕਿ ਉਨ੍ਹਾਂ ਕੋਲ ਆਪਣੇ ਗੁੰਨ੍ਹੇ ਆਟੇ ਵਿਚ ਖ਼ਮੀਰ ਰਲਾਉਣ ਤੇ ਇਸ ਦੇ ਫੁੱਲਣ ਦੀ ਉਡੀਕ ਕਰਨ ਦਾ ਸਮਾਂ ਨਹੀਂ ਸੀ। (ਕੂਚ 12:34) ਇਸ ਪਰਬ ਦੌਰਾਨ ਕਿਸੇ ਵੀ ਇਸਰਾਏਲੀ ਦੇ ਘਰ ਵਿਚ ਖ਼ਮੀਰੀ ਰੋਟੀ ਨਹੀਂ ਪਾਈ ਜਾਣੀ ਚਾਹੀਦੀ ਸੀ। ਪਰਬ ਮਨਾਉਣ ਵਾਲਾ ਕੋਈ ਵੀ ਵਿਅਕਤੀ, ਭਾਵੇਂ ਉਹ ਪਰਦੇਸੀ ਵੀ ਹੁੰਦਾ, ਜੋ ਖ਼ਮੀਰੀ ਰੋਟੀ ਖਾਂਦਾ ਸੀ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।—ਕੂਚ 12:19.
5. ਦੂਸਰੇ ਪਰਬ ਤੇ ਸ਼ਾਇਦ ਕਿਹੜੇ ਵਿਸ਼ੇਸ਼-ਸਨਮਾਨ ਨੂੰ ਯਾਦ ਕੀਤਾ ਜਾਂਦਾ ਸੀ, ਅਤੇ ਆਨੰਦ ਮਨਾਉਣ ਵਿਚ ਕਿਨ੍ਹਾਂ ਨੂੰ ਸ਼ਾਮਲ ਕੀਤਾ ਜਾਣਾ ਸੀ?
5 ਦੂਸਰਾ ਪਰਬ ਨੀਸਾਨ 16 ਤੋਂ ਸੱਤ ਹਫ਼ਤਿਆਂ (49 ਦਿਨਾਂ) ਬਾਅਦ ਮਨਾਇਆ ਜਾਂਦਾ ਸੀ ਅਤੇ ਇਹ ਤੀਜੇ ਮਹੀਨੇ, ਸੀਵਾਨ ਦੇ 6ਵੇਂ ਦਿਨ ਤੇ ਆਉਂਦਾ ਸੀ, ਜੋ ਸਾਡੇ ਮਈ ਮਹੀਨੇ ਦੇ ਅੰਤ ਦੇ ਸਮੇਂ ਨਾਲ ਮੇਲ ਖਾਂਦਾ ਹੈ। (ਲੇਵੀਆਂ 23:15, 16) ਇਸ ਨੂੰ ਹਫ਼ਤਿਆਂ ਦਾ ਪਰਬ ਕਿਹਾ ਜਾਂਦਾ ਸੀ (ਯਿਸੂ ਦੇ ਦਿਨਾਂ ਵਿਚ, ਇਸ ਨੂੰ ਪੰਤੇਕੁਸਤ ਵੀ ਕਿਹਾ ਜਾਂਦਾ ਸੀ, ਜਿਸ ਦਾ ਯੂਨਾਨੀ ਵਿਚ ਅਰਥ ਹੈ “ਪੰਜਾਹਵਾਂ”), ਅਤੇ ਇਹ ਸਾਲ ਦੇ ਉਸ ਸਮੇਂ ਦੇ ਆਸ-ਪਾਸ ਮਨਾਇਆ ਜਾਂਦਾ ਸੀ ਜਿਸ ਸਮੇਂ ਸੀਨਈ ਪਹਾੜ ਵਿਖੇ ਇਸਰਾਏਲ ਨਾਲ ਬਿਵਸਥਾ ਨੇਮ ਬੰਨ੍ਹਿਆ ਗਿਆ ਸੀ। (ਕੂਚ 19:1, 2) ਇਸ ਪਰਬ ਦੌਰਾਨ ਵਫ਼ਾਦਾਰ ਇਸਰਾਏਲੀਆਂ ਨੇ ਸ਼ਾਇਦ ਪਰਮੇਸ਼ੁਰ ਦੀ ਪਵਿੱਤਰ ਕੌਮ ਵਜੋਂ ਵੱਖਰੇ ਕੀਤੇ ਜਾਣ ਦੇ ਆਪਣੇ ਵਿਸ਼ੇਸ਼-ਸਨਮਾਨ ਉੱਤੇ ਮਨਨ ਕੀਤਾ ਹੋਵੇਗਾ। ਪਰਮੇਸ਼ੁਰ ਦੇ ਖ਼ਾਸ ਲੋਕ ਹੋਣਾ ਪਰਮੇਸ਼ੁਰ ਦੀ ਬਿਵਸਥਾ ਪ੍ਰਤੀ ਆਗਿਆਕਾਰਤਾ ਦੀ ਮੰਗ ਕਰਦਾ ਸੀ, ਜਿਵੇਂ ਕਿ ਕੰਗਾਲਾਂ ਲਈ ਪ੍ਰੇਮਮਈ ਚਿੰਤਾ ਦਿਖਾਉਣ ਦਾ ਹੁਕਮ ਤਾਂਕਿ ਉਹ ਵੀ ਪਰਬ ਦਾ ਆਨੰਦ ਲੈ ਸਕਣ।—ਲੇਵੀਆਂ 23:22; ਬਿਵਸਥਾ ਸਾਰ 16:10-12.
6. ਤੀਜੇ ਪਰਬ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਕਿਹੜੇ ਅਨੁਭਵ ਦੀ ਯਾਦ ਦਿਵਾਈ?
6 ਤਿੰਨ ਵੱਡੇ ਸਾਲਾਨਾ ਪਰਬਾਂ ਵਿੱਚੋਂ ਅਖ਼ੀਰਲਾ ਸੀ ਇਕੱਠਾ ਕਰਨ ਦਾ ਪਰਬ, ਜਾਂ ਡੇਰਿਆਂ ਦਾ ਪਰਬ। ਇਹ ਸੱਤਵੇਂ ਮਹੀਨੇ, ਤਿਸ਼ਰੀ, ਜਾਂ ਏਥਾਨੀਮ ਵਿਚ, 15ਵੇਂ ਤੋਂ 21ਵੇਂ ਦਿਨ ਤਕ ਮਨਾਇਆ ਜਾਂਦਾ ਸੀ, ਜੋ ਸਾਡੇ ਅਕਤੂਬਰ ਦੇ ਸ਼ੁਰੂ ਦੇ ਸਮੇਂ ਨਾਲ ਮੇਲ ਖਾਂਦਾ ਹੈ। (ਲੇਵੀਆਂ 23:34) ਇਸ ਸਮੇਂ ਦੌਰਾਨ, ਪਰਮੇਸ਼ੁਰ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਜਾਂ ਆਪਣੀਆਂ ਛੱਤਾਂ ਉੱਤੇ ਦਰਖ਼ਤਾਂ ਦੀਆਂ ਟਾਹਣੀਆਂ ਅਤੇ ਪੱਤਿਆਂ ਤੋਂ ਬਣੇ ਅਸਥਾਈ ਛੱਪਰਾਂ (ਡੇਰਿਆਂ) ਵਿਚ ਰਹਿੰਦੇ ਸਨ। ਇਹ ਉਨ੍ਹਾਂ ਨੂੰ ਮਿਸਰ ਤੋਂ ਵਾਅਦਾ ਕੀਤੇ ਹੋਏ ਦੇਸ਼ ਤਕ ਉਨ੍ਹਾਂ ਦੇ 40-ਸਾਲਾ ਸਫ਼ਰ ਦੀ ਯਾਦ ਦਿਲਾਉਂਦਾ ਸੀ, ਜਦੋਂ ਕੌਮ ਨੂੰ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਲਈ ਪਰਮੇਸ਼ੁਰ ਉੱਤੇ ਨਿਰਭਰ ਹੋਣ ਲਈ ਸਿੱਖਣਾ ਪਿਆ।—ਲੇਵੀਆਂ 23:42, 43; ਬਿਵਸਥਾ ਸਾਰ 8:15, 16.
7. ਪ੍ਰਾਚੀਨ ਇਸਰਾਏਲ ਵਿਚ ਪਰਬਾਂ ਦੇ ਜਸ਼ਨਾਂ ਉੱਤੇ ਪੁਨਰ-ਵਿਚਾਰ ਕਰਨ ਤੋਂ ਅਸੀਂ ਕਿਵੇਂ ਲਾਭ ਪ੍ਰਾਪਤ ਕਰਦੇ ਹਾਂ?
7 ਆਓ ਅਸੀਂ ਕੁਝ ਪਰਬਾਂ ਉੱਤੇ ਪੁਨਰ-ਵਿਚਾਰ ਕਰੀਏ ਜੋ ਪਰਮੇਸ਼ੁਰ ਦੇ ਪ੍ਰਾਚੀਨ ਲੋਕਾਂ ਦੇ ਇਤਿਹਾਸ ਵਿਚ ਖ਼ਾਸ ਸਾਬਤ ਹੋਏ। ਇਹ ਅੱਜ ਸਾਡੇ ਲਈ ਉਤਸ਼ਾਹਜਨਕ ਹੋਣਾ ਚਾਹੀਦਾ ਹੈ, ਕਿਉਂਕਿ ਸਾਨੂੰ ਵੀ ਹਰ ਹਫ਼ਤੇ ਅਤੇ ਸਾਲ ਵਿਚ ਤਿੰਨ ਵਾਰੀ ਵੱਡੇ ਸੰਮੇਲਨਾਂ ਅਤੇ ਮਹਾਂ-ਸੰਮੇਲਨਾਂ ਵਿਚ ਨਿਯਮਿਤ ਤੌਰ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।—ਇਬਰਾਨੀਆਂ 10:24, 25.
ਦਾਊਦਵੰਸੀ ਰਾਜਿਆਂ ਦੇ ਸਮੇਂ ਵਿਚ
8. (ੳ) ਰਾਜਾ ਸੁਲੇਮਾਨ ਦੇ ਦਿਨਾਂ ਵਿਚ ਕਿਹੜਾ ਇਤਿਹਾਸਕ ਜਸ਼ਨ ਮਨਾਇਆ ਗਿਆ ਸੀ? (ਅ) ਡੇਰਿਆਂ ਦੇ ਪ੍ਰਤਿਰੂਪੀ ਪਰਬ ਦੇ ਕਿਹੜੇ ਮਹਾਨ ਸਿਖਰ ਦੀ ਅਸੀਂ ਉਤਸ਼ਾਹ ਨਾਲ ਉਡੀਕ ਕਰ ਸਕਦੇ ਹਾਂ?
8 ਦਾਊਦ ਦੇ ਪੁੱਤਰ, ਰਾਜਾ ਸੁਲੇਮਾਨ ਦੇ ਖ਼ੁਸ਼ਹਾਲ ਰਾਜ ਦੇ ਦੌਰਾਨ ਡੇਰਿਆਂ ਦੇ ਪਰਬ ਸਮੇਂ ਇਕ ਇਤਿਹਾਸਕ ਜਸ਼ਨ ਮਨਾਇਆ ਗਿਆ ਸੀ। ਡੇਰਿਆਂ ਦੇ ਪਰਬ ਅਤੇ ਹੈਕਲ ਦੇ ਸਮਰਪਣ ਲਈ ਵਾਅਦਾ ਕੀਤੇ ਗਏ ਦੇਸ਼ ਦੇ ਕੋਨੇ-ਕੋਨੇ ਤੋਂ “ਇੱਕ ਬਹੁਤ ਵੱਡੀ ਸਭਾ” ਇਕੱਠੀ ਹੋਈ। (2 ਇਤਹਾਸ 7:8) ਜਦੋਂ ਇਹ ਖ਼ਤਮ ਹੋਇਆ, ਤਾਂ ਰਾਜਾ ਸੁਲੇਮਾਨ ਨੇ ਪਰਬ ਮਨਾਉਣ ਵਾਲਿਆਂ ਨੂੰ ਵਿਦਿਆ ਕੀਤਾ, ਜਿਨ੍ਹਾਂ ਨੇ “ਪਾਤਸ਼ਾਹ ਨੂੰ ਅਸੀਸ ਦਿੱਤੀ ਅਤੇ ਆਪਣੇ ਤੰਬੂਆਂ ਨੂੰ ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਆਪਣੇ ਦਾਸ ਦਾਊਦ ਤੇ ਆਪਣੀ ਪਰਜਾ ਇਸਰਾਏਲ ਦੇ ਨਾਲ ਕੀਤੀ ਸੀ ਓਹ ਖੁਸ਼ੀ ਤੇ ਮਨ ਦੀ ਅਨੰਦਤਾਈ ਨਾਲ ਚਲੇ ਗਏ।” (1 ਰਾਜਿਆਂ 8:66) ਇਹ ਸੱਚ-ਮੁੱਚ ਇਕ ਖ਼ਾਸ ਪਰਬ ਸੀ। ਅੱਜ, ਪਰਮੇਸ਼ੁਰ ਦੇ ਸੇਵਕ ਵੱਡੇ ਸੁਲੇਮਾਨ, ਯਿਸੂ ਮਸੀਹ, ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਤੇ ਡੇਰਿਆਂ ਦੇ ਪ੍ਰਤਿਰੂਪੀ ਪਰਬ ਦੇ ਮਹਾਨ ਸਿਖਰ ਦੀ ਉਤਸ਼ਾਹ ਨਾਲ ਉਡੀਕ ਕਰਦੇ ਹਨ। (ਪਰਕਾਸ਼ ਦੀ ਪੋਥੀ 20:3, 7-10, 14, 15) ਉਸ ਸਮੇਂ ਤੇ, ਧਰਤੀ ਦੇ ਹਰ ਕੋਨੇ ਵਿਚ ਰਹਿਣ ਵਾਲੇ ਲੋਕ, ਜਿਨ੍ਹਾਂ ਵਿਚ ਪੁਨਰ-ਉਥਿਤ ਕੀਤੇ ਗਏ ਅਤੇ ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੇ ਵਿਅਕਤੀ ਹੋਣਗੇ, ਯਹੋਵਾਹ ਪਰਮੇਸ਼ੁਰ ਦੀ ਆਨੰਦਮਈ ਉਪਾਸਨਾ ਕਰਨ ਲਈ ਇਕਮੁੱਠ ਹੋਣਗੇ।—ਜ਼ਕਰਯਾਹ 14:16.
9-11. (ੳ) ਰਾਜਾ ਹਿਜ਼ਕੀਯਾਹ ਦੇ ਦਿਨਾਂ ਵਿਚ ਖ਼ਾਸ ਪਰਬ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰੀਆਂ? (ਅ) ਉੱਤਰੀ ਦਸ-ਗੋਤ ਰਾਜ ਦੇ ਬਹੁਤ ਸਾਰੇ ਵਿਅਕਤੀਆਂ ਨੇ ਕਿਹੜੀ ਉਦਾਹਰਣ ਕਾਇਮ ਕੀਤੀ, ਅਤੇ ਇਹ ਅੱਜ ਸਾਨੂੰ ਕਿਸ ਚੀਜ਼ ਦੀ ਯਾਦ ਦਿਵਾਉਂਦਾ ਹੈ?
9 ਬਾਈਬਲ ਵਿਚ ਦੱਸਿਆ ਗਿਆ ਅਗਲਾ ਵਿਲੱਖਣ ਪਰਬ ਦੁਸ਼ਟ ਰਾਜਾ ਆਹਾਜ਼, ਜਿਸ ਨੇ ਹੈਕਲ ਨੂੰ ਬੰਦ ਕਰਵਾਇਆ ਸੀ ਅਤੇ ਯਹੂਦਾਹ ਦੇ ਰਾਜ ਨੂੰ ਧਰਮ-ਤਿਆਗ ਵੱਲ ਲੈ ਗਿਆ ਸੀ, ਦੇ ਸ਼ਾਸਨ ਤੋਂ ਬਾਅਦ ਮਨਾਇਆ ਗਿਆ। ਆਹਾਜ਼ ਦਾ ਵਾਰਸ ਹਿਜ਼ਕੀਯਾਹ ਸੀ ਜੋ ਇਕ ਚੰਗਾ ਰਾਜਾ ਸੀ। ਆਪਣੇ ਰਾਜ ਦੇ ਪਹਿਲੇ ਸਾਲ ਵਿਚ, 25 ਸਾਲ ਦੀ ਉਮਰ ਤੇ, ਹਿਜ਼ਕੀਯਾਹ ਨੇ ਮੁੜ-ਬਹਾਲੀ ਅਤੇ ਸੁਧਾਰ ਦਾ ਇਕ ਵੱਡਾ ਪ੍ਰੋਗ੍ਰਾਮ ਆਰੰਭ ਕੀਤਾ। ਉਸ ਨੇ ਤੁਰੰਤ ਹੈਕਲ ਨੂੰ ਖੁੱਲ੍ਹਵਾਇਆ ਅਤੇ ਉਸ ਦੀ ਮੁਰੰਮਤ ਦਾ ਪ੍ਰਬੰਧ ਕੀਤਾ। ਫਿਰ ਰਾਜੇ ਨੇ ਉੱਤਰ ਵਿਚ ਇਸਰਾਏਲ ਦੇ ਵੈਰਭਾਵੀ ਦਸ-ਗੋਤ ਰਾਜ ਵਿਚ ਰਹਿੰਦੇ ਇਸਰਾਏਲੀਆਂ ਨੂੰ ਚਿੱਠੀਆਂ ਘੱਲ ਕੇ ਉਨ੍ਹਾਂ ਨੂੰ ਪਸਾਹ ਅਤੇ ਪਤੀਰੀ ਰੋਟੀ ਦੇ ਪਰਬ ਨੂੰ ਮਨਾਉਣ ਲਈ ਆਉਣ ਦਾ ਸੱਦਾ ਦਿੱਤਾ। ਆਪਣੇ ਸਾਥੀਆਂ ਦੇ ਠੱਠੇ ਦੇ ਬਾਵਜੂਦ ਬਹੁਤ ਸਾਰੇ ਇਸਰਾਏਲੀ ਆਏ।—2 ਇਤਹਾਸ 30:1, 10, 11, 18.
10 ਕੀ ਪਰਬ ਸਫ਼ਲ ਹੋਇਆ? ਬਾਈਬਲ ਦੱਸਦੀ ਹੈ: “ਜਿਹੜੇ ਇਸਰਾਏਲੀ ਯਰੂਸ਼ਲਮ ਵਿੱਚ ਮਜੂਦ ਸਨ ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ ਅਤੇ ਲੇਵੀ ਅਰ ਜਾਜਕ ਉੱਚੀ ਸੁਰ ਦੇ ਵਾਜਿਆਂ ਨਾਲ ਯਹੋਵਾਹ ਦੇ ਦਰਬਾਰ ਵਿੱਚ ਗਾ ਗਾ ਕੇ ਨਿੱਤ ਨਿੱਤ ਯਹੋਵਾਹ ਦੀ ਉਸਤਤ ਕਰਦੇ ਰਹੇ।” (2 ਇਤਹਾਸ 30:21) ਇਨ੍ਹਾਂ ਇਸਰਾਏਲੀਆਂ ਨੇ ਅੱਜ ਪਰਮੇਸ਼ੁਰ ਦੇ ਲੋਕਾਂ ਲਈ ਕਿੰਨੀ ਵਧੀਆ ਉਦਾਹਰਣ ਕਾਇਮ ਕੀਤੀ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੋਣ ਲਈ ਵਿਰੋਧ ਦਾ ਸਾਮ੍ਹਣਾ ਕਰਦੇ ਹਨ ਅਤੇ ਲੰਬਾ ਸਫ਼ਰ ਕਰਦੇ ਹਨ!
11 ਉਦਾਹਰਣ ਲਈ, 1989 ਵਿਚ ਪੋਲੈਂਡ ਵਿਚ ਹੋਏ “ਈਸ਼ਵਰੀ ਭਗਤੀ” ਨਾਮਕ ਤਿੰਨ ਜ਼ਿਲ੍ਹਾ ਮਹਾਂ-ਸੰਮੇਲਨਾਂ ਉੱਤੇ ਵਿਚਾਰ ਕਰੋ। ਹਾਜ਼ਰ 1,66,518 ਵਿਅਕਤੀਆਂ ਦੀ ਵੱਡੀ ਗਿਣਤੀ ਸਾਬਕਾ ਸੋਵੀਅਤ ਸੰਘ ਅਤੇ ਦੂਸਰੇ ਪੂਰਬੀ ਯੂਰਪੀ ਦੇਸ਼ਾਂ ਤੋਂ ਆਈ ਸੀ ਜਿੱਥੇ ਉਸ ਸਮੇਂ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕb (ਅੰਗ੍ਰੇਜ਼ੀ) ਪੁਸਤਕ ਦੱਸਦੀ ਹੈ: “ਇਨ੍ਹਾਂ ਮਹਾਂ-ਸੰਮੇਲਨਾਂ ਵਿਚ ਹਾਜ਼ਰ ਹੋਏ ਕਈ ਵਿਅਕਤੀ ਪਹਿਲੀ ਵਾਰੀ 15 ਜਾਂ 20 ਤੋਂ ਜ਼ਿਆਦਾ ਯਹੋਵਾਹ ਦੇ ਲੋਕਾਂ ਦੇ ਵੱਡੇ ਇਕੱਠ ਵਿਚ ਹਾਜ਼ਰ ਹੋਏ ਸਨ। ਉਨ੍ਹਾਂ ਦੇ ਦਿਲ ਕਦਰਦਾਨੀ ਨਾਲ ਭਰ ਗਏ ਜਿਉਂ-ਜਿਉਂ ਉਨ੍ਹਾਂ ਨੇ ਸਟੇਡੀਅਮ ਵਿਚ ਹਜ਼ਾਰਾਂ ਲੋਕਾਂ ਨੂੰ ਦੇਖਿਆ, ਉਨ੍ਹਾਂ ਨਾਲ ਮਿਲ ਕੇ ਪ੍ਰਾਰਥਨਾ ਕੀਤੀ, ਅਤੇ ਉਨ੍ਹਾਂ ਦੀ ਸੁਰ ਵਿਚ ਸੁਰ ਮਿਲਾ ਕੇ ਯਹੋਵਾਹ ਦੀ ਪ੍ਰਸ਼ੰਸਾ ਦੇ ਗੀਤ ਗਾਏ।”—ਸਫ਼ਾ 279.
12. ਰਾਜਾ ਯੋਸੀਯਾਹ ਦੇ ਰਾਜ ਵਿਚ ਖ਼ਾਸ ਪਰਬ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰੀਆਂ?
12 ਹਿਜ਼ਕੀਯਾਹ ਦੀ ਮੌਤ ਤੋਂ ਬਾਅਦ, ਯਹੂਦੀ ਲੋਕ ਰਾਜੇ ਮਨੱਸ਼ਹ ਅਤੇ ਆਮੋਨ ਅਧੀਨ ਦੁਬਾਰਾ ਝੂਠੀ ਉਪਾਸਨਾ ਵਿਚ ਪੈ ਗਏ। ਫਿਰ ਇਕ ਦੂਸਰੇ ਚੰਗੇ ਰਾਜੇ, ਜਵਾਨ ਯੋਸੀਯਾਹ ਦਾ ਰਾਜ ਆਇਆ, ਜਿਸ ਨੇ ਸੱਚੀ ਉਪਾਸਨਾ ਨੂੰ ਮੁੜ-ਬਹਾਲ ਕਰਨ ਲਈ ਦਲੇਰੀ ਨਾਲ ਕੰਮ ਕੀਤਾ। 25 ਸਾਲ ਦੀ ਉਮਰ ਤੇ, ਯੋਸੀਯਾਹ ਨੇ ਹੈਕਲ ਦੀ ਮੁਰੰਮਤ ਕਰਨ ਦਾ ਹੁਕਮ ਦਿੱਤਾ। (2 ਇਤਹਾਸ 34:8) ਜਦੋਂ ਮੁਰੰਮਤ ਕੀਤੀ ਜਾ ਰਹੀ ਸੀ, ਉਦੋਂ ਮੂਸਾ ਦੁਆਰਾ ਲਿਖੀ ਗਈ ਬਿਵਸਥਾ ਹੈਕਲ ਵਿੱਚੋਂ ਲੱਭੀ। ਰਾਜਾ ਯੋਸੀਯਾਹ ਪਰਮੇਸ਼ੁਰ ਦੀ ਬਿਵਸਥਾ ਦੀਆਂ ਗੱਲਾਂ ਨੂੰ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਇਸ ਨੂੰ ਸਾਰੇ ਲੋਕਾਂ ਲਈ ਪੜ੍ਹੇ ਜਾਣ ਦਾ ਪ੍ਰਬੰਧ ਕੀਤਾ। (2 ਇਤਹਾਸ 34:14, 30) ਫਿਰ, ਲਿਖੀਆਂ ਗੱਲਾਂ ਅਨੁਸਾਰ, ਉਸ ਨੇ ਪਸਾਹ ਨੂੰ ਮਨਾਉਣ ਦਾ ਪ੍ਰਬੰਧ ਕੀਤਾ। ਰਾਜੇ ਨੇ ਇਸ ਮੌਕੇ ਲਈ ਉਦਾਰਤਾ ਨਾਲ ਚੰਦਾ ਦੇਣ ਦੁਆਰਾ ਵੀ ਵਧੀਆ ਉਦਾਹਰਣ ਕਾਇਮ ਕੀਤੀ। ਨਤੀਜੇ ਵਜੋਂ, ਬਾਈਬਲ ਦੱਸਦੀ ਹੈ: “ਏਹੋ ਜੇਹੀ ਪਸਹ ਇਸਰਾਏਲ ਵਿੱਚ ਸਮੂਏਲ ਨਬੀ ਦੇ ਦਿਨਾਂ ਤੋਂ ਨਹੀਂ ਮਨਾਈ ਗਈ।”—2 ਇਤਹਾਸ 35:7, 17, 18.
13. ਹਿਜ਼ਕੀਯਾਹ ਅਤੇ ਯੋਸੀਯਾਹ ਦੇ ਦਿਨਾਂ ਦਿਆਂ ਪਰਬਾਂ ਦੇ ਜਸ਼ਨ ਸਾਨੂੰ ਅੱਜ ਕਿਹੜੀ ਗੱਲ ਦੀ ਯਾਦ ਦਿਵਾਉਂਦੇ ਹਨ?
13 ਹਿਜ਼ਕੀਯਾਹ ਅਤੇ ਯੋਸੀਯਾਹ ਵੱਲੋਂ ਕੀਤੇ ਗਏ ਸੁਧਾਰ ਸੱਚੀ ਉਪਾਸਨਾ ਦੀ ਉਸ ਅਦਭੁਤ ਮੁੜ-ਬਹਾਲੀ ਦੇ ਸਮਾਨ ਹਨ ਜੋ 1914 ਵਿਚ ਯਿਸੂ ਮਸੀਹ ਦੇ ਰਾਜਾ ਬਣਨ ਤੋਂ ਬਾਅਦ ਸੱਚੇ ਮਸੀਹੀਆਂ ਵਿਚ ਹੋਈ ਹੈ। ਜਿਵੇਂ ਕਿ ਖ਼ਾਸ ਤੌਰ ਤੇ ਯੋਸੀਯਾਹ ਦੇ ਸੁਧਾਰਾਂ ਦੇ ਸੰਬੰਧ ਵਿਚ ਸੱਚ ਸੀ, ਇਹ ਆਧੁਨਿਕ ਦਿਨ ਦੀ ਮੁੜ-ਬਹਾਲੀ ਪਰਮੇਸ਼ੁਰ ਦੇ ਬਚਨ ਵਿਚ ਲਿਖੀਆਂ ਗੱਲਾਂ ਉੱਤੇ ਆਧਾਰਿਤ ਹੈ। ਅਤੇ, ਹਿਜ਼ਕੀਯਾਹ ਅਤੇ ਯੋਸੀਯਾਹ ਦੇ ਦਿਨਾਂ ਦੇ ਸਮਾਨ, ਆਧੁਨਿਕ ਦਿਨ ਦੀ ਮੁੜ-ਬਹਾਲੀ ਸੰਮੇਲਨਾਂ ਅਤੇ ਮਹਾਂ-ਸੰਮੇਲਨਾਂ ਦੁਆਰਾ ਚਿੰਨ੍ਹਿਤ ਰਹੀ ਹੈ ਜਿੱਥੇ ਬਾਈਬਲ ਭਵਿੱਖਬਾਣੀਆਂ ਦੀ ਰੁਮਾਂਚਕ ਵਿਆਖਿਆ ਕੀਤੀ ਗਈ ਹੈ ਅਤੇ ਬਾਈਬਲ ਦੇ ਸਿਧਾਂਤਾਂ ਦੀ ਸਮੇਂ-ਅਨੁਕੂਲ ਵਰਤੋਂ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਸਿੱਖਿਆਦਾਇਕ ਮੌਕਿਆਂ ਦੇ ਆਨੰਦ ਨੂੰ ਵੱਡੀ ਗਿਣਤੀ ਵਿਚ ਬਪਤਿਸਮਾ ਲੈਣ ਵਾਲੇ ਵਿਅਕਤੀਆਂ ਨੇ ਹੋਰ ਜ਼ਿਆਦਾ ਵਧਾਇਆ ਹੈ। ਹਿਜ਼ਕੀਯਾਹ ਅਤੇ ਯੋਸੀਯਾਹ ਦੇ ਦਿਨਾਂ ਵਿਚ ਪਸ਼ਚਾਤਾਪੀ ਇਸਰਾਏਲੀਆਂ ਦੀ ਤਰ੍ਹਾਂ, ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀਆਂ ਨੇ ਈਸਾਈ-ਜਗਤ ਦੇ ਦੁਸ਼ਟ ਅਭਿਆਸਾਂ ਤੋਂ ਅਤੇ ਸ਼ਤਾਨ ਦੇ ਬਾਕੀ ਸੰਸਾਰ ਤੋਂ ਮੂੰਹ ਫੇਰ ਲਿਆ ਹੈ। 1997 ਵਿਚ, ਪਵਿੱਤਰ ਪਰਮੇਸ਼ੁਰ, ਯਹੋਵਾਹ ਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ 3,75,000 ਤੋਂ ਵੱਧ ਵਿਅਕਤੀਆਂ ਨੇ ਬਪਤਿਸਮਾ ਲਿਆ—ਔਸਤ ਹਰ ਦਿਨ 1,000 ਤੋਂ ਉੱਪਰ।
ਜਲਾਵਤਨੀ ਤੋਂ ਬਾਅਦ
14. ਸਾਲ 537 ਸਾ.ਯੁ.ਪੂ. ਵਿਚ ਖ਼ਾਸ ਪਰਬ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰੀਆਂ?
14 ਯੋਸੀਯਾਹ ਦੀ ਮੌਤ ਤੋਂ ਬਾਅਦ, ਕੌਮ ਫਿਰ ਤੋਂ ਘਟੀਆ ਝੂਠੀ ਉਪਾਸਨਾ ਵਿਚ ਪੈ ਗਈ। ਆਖ਼ਰਕਾਰ, 607 ਸਾ.ਯੁ.ਪੂ. ਵਿਚ, ਯਹੋਵਾਹ ਨੇ ਯਰੂਸ਼ਲਮ ਵਿਰੁੱਧ ਬਾਬਲੀ ਫ਼ੌਜਾਂ ਨੂੰ ਲਿਆ ਕੇ ਆਪਣੇ ਲੋਕਾਂ ਨੂੰ ਸਜ਼ਾ ਦਿੱਤੀ। ਸ਼ਹਿਰ ਅਤੇ ਉਸ ਦੀ ਹੈਕਲ ਨਾਸ਼ ਕੀਤੇ ਗਏ, ਅਤੇ ਦੇਸ਼ ਵਿਰਾਨ ਹੋ ਗਿਆ। ਇਸ ਤੋਂ ਬਾਅਦ ਯਹੂਦੀ 70 ਸਾਲ ਲਈ ਬਾਬਲ ਦੀ ਕੈਦ ਵਿਚ ਰਹੇ। ਫਿਰ ਪਰਮੇਸ਼ੁਰ ਨੇ ਇਕ ਪਸ਼ਚਾਤਾਪੀ ਯਹੂਦੀ ਬਕੀਏ ਨੂੰ ਤਕੜਾ ਕੀਤਾ, ਜੋ ਸੱਚੀ ਉਪਾਸਨਾ ਨੂੰ ਮੁੜ-ਬਹਾਲ ਕਰਨ ਲਈ ਵਾਅਦਾ ਕੀਤੇ ਹੋਏ ਦੇਸ਼ ਨੂੰ ਮੁੜਿਆ। ਉਹ ਵਿਰਾਨ ਯਰੂਸ਼ਲਮ ਸ਼ਹਿਰ ਵਿਚ ਸਾਲ 537 ਸਾ.ਯੁ.ਪੂ. ਦੇ ਸੱਤਵੇਂ ਮਹੀਨੇ ਵਿਚ ਪਹੁੰਚੇ। ਸਭ ਤੋਂ ਪਹਿਲਾ ਉਨ੍ਹਾਂ ਨੇ ਵੇਦੀ ਬਣਾਈ, ਤਾਂਕਿ ਉਹ ਬਿਵਸਥਾ ਨੇਮ ਦੇ ਅਨੁਸਾਰ ਰੋਜ਼ਾਨਾ ਨਿਯਮਿਤ ਬਲੀਆਂ ਚੜ੍ਹਾ ਸਕਣ। ਇਹ ਕੰਮ ਇਕ ਹੋਰ ਇਤਿਹਾਸਕ ਜਸ਼ਨ ਮਨਾਉਣ ਲਈ ਸਮੇਂ ਸਿਰ ਪੂਰਾ ਹੋਇਆ। “ਅਤੇ ਉਨ੍ਹਾਂ ਨੇ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ।”—ਅਜ਼ਰਾ 3:1-4.
15. ਸਾਲ 537 ਸਾ.ਯੁ.ਪੂ. ਵਿਚ ਮੁੜ-ਬਹਾਲ ਕੀਤੇ ਗਏ ਬਕੀਏ ਅੱਗੇ ਕਿਹੜਾ ਕੰਮ ਪਿਆ ਹੋਇਆ ਸੀ, ਅਤੇ 1919 ਵਿਚ ਸਥਿਤੀ ਕਿਵੇਂ ਸਮਾਨ ਸੀ?
15 ਵਾਪਸ ਮੁੜਨ ਵਾਲੇ ਇਨ੍ਹਾਂ ਜਲਾਵਤਨ ਯਹੂਦੀਆਂ ਦੇ ਅੱਗੇ ਬਹੁਤ ਕੰਮ ਪਿਆ ਸੀ—ਪਰਮੇਸ਼ੁਰ ਦੀ ਹੈਕਲ ਨੂੰ ਅਤੇ ਯਰੂਸ਼ਲਮ ਨੂੰ ਉਸ ਦੀਆਂ ਕੰਧਾਂ ਸਮੇਤ ਮੁੜ-ਉਸਾਰਨ ਦਾ ਕੰਮ। ਈਰਖਾਲੂ ਗੁਆਂਢੀਆਂ ਨੇ ਬਹੁਤ ਵਿਰੋਧ ਕੀਤਾ। ਜਦੋਂ ਹੈਕਲ ਦੀ ਉਸਾਰੀ ਹੋ ਰਹੀ ਸੀ, ਉਦੋਂ ਇਹ ‘ਛੋਟੀਆਂ ਗੱਲਾਂ ਦਾ ਦਿਨ’ ਸੀ। (ਜ਼ਕਰਯਾਹ 4:10) ਇਹ ਸਥਿਤੀ 1919 ਵਿਚ ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਦੀ ਹਾਲਤ ਦੇ ਸਮਾਨ ਸੀ। ਉਸ ਯਾਦਗਾਰੀ ਸਾਲ ਵਿਚ, ਉਹ ਵੱਡੀ ਬਾਬੁਲ, ਅਰਥਾਤ ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ, ਦੀ ਅਧਿਆਤਮਿਕ ਕੈਦ ਤੋਂ ਛੁਡਾਏ ਗਏ ਸਨ। ਉਨ੍ਹਾਂ ਦੀ ਗਿਣਤੀ ਕੇਵਲ ਕੁਝ ਹਜ਼ਾਰ ਸੀ ਅਤੇ ਉਨ੍ਹਾਂ ਨੂੰ ਵੈਰਭਾਵੀ ਸੰਸਾਰ ਦਾ ਸਾਮ੍ਹਣਾ ਕਰਨਾ ਸੀ। ਕੀ ਪਰਮੇਸ਼ੁਰ ਦੇ ਵੈਰੀ ਸੱਚੀ ਉਪਾਸਨਾ ਨੂੰ ਅੱਗੇ ਵਧਣ ਤੋਂ ਰੋਕ ਸਕਣਗੇ? ਇਸ ਸਵਾਲ ਦਾ ਜਵਾਬ ਇਬਰਾਨੀ ਸ਼ਾਸਤਰ ਵਿਚ ਦਰਜ ਆਖ਼ਰੀ ਦੋ ਪਰਬਾਂ ਦੇ ਜਸ਼ਨਾਂ ਦੀ ਯਾਦ ਦਿਲਾਉਂਦਾ ਹੈ।
16. ਸਾਲ 515 ਸਾ.ਯੁ.ਪੂ. ਵਿਚ ਪਰਬ ਦੇ ਬਾਰੇ ਕਿਹੜੀ ਗੱਲ ਖ਼ਾਸ ਸੀ?
16 ਅਖ਼ੀਰ ਵਿਚ, ਹੈਕਲ 515 ਸਾ.ਯੁ.ਪੂ. ਦੇ ਅਦਾਰ ਮਹੀਨੇ ਵਿਚ ਮੁੜ-ਉਸਾਰੀ ਗਈ ਸੀ। ਇਹ ਉਸਾਰੀ ਨੀਸਾਨ ਦੇ ਬਸੰਤ ਪਰਬ ਨੂੰ ਮਨਾਉਣ ਲਈ ਸਮੇਂ ਸਿਰ ਪੂਰੀ ਹੋਈ ਸੀ। ਬਾਈਬਲ ਦੱਸਦੀ ਹੈ: “ਅਤੇ ਅਨੰਦ ਨਾਲ ਸੱਤਾਂ ਦਿਨਾਂ ਤਾਈਂ ਪਤੀਰੀ ਰੋਟੀ ਦਾ ਪਰਬ ਮਨਾਇਆ ਕਿਉਂ ਜੋ ਯਹੋਵਾਹ ਨੇ ਓਹਨਾਂ ਨੂੰ ਪਰਸਿੰਨ ਕੀਤਾ ਸੀ ਅਤੇ ਅੱਸੂਰ ਦੇ ਪਾਤਸ਼ਾਹ ਦਾ ਮਨ ਓਹਨਾਂ ਵੱਲ ਫੇਰਿਆ ਸੀ ਤਾਂ ਜੋ ਉਹ ਪਰਮੇਸ਼ੁਰ, ਇਸਰਾਏਲ ਦੇ ਪਰਮੇਸ਼ੁਰ ਦਾ ਭਵਨ ਬਣਾਉਣ ਵਿੱਚ ਓਹਨਾਂ ਦੀ ਸਹਾਇਤਾ ਕਰੇ।”—ਅਜ਼ਰਾ 6:22.
17, 18. (ੳ) ਸਾਲ 455 ਸਾ.ਯੁ.ਪੂ. ਵਿਚ ਕਿਹੜਾ ਖ਼ਾਸ ਪਰਬ ਮਨਾਇਆ ਗਿਆ? (ਅ) ਅੱਜ ਅਸੀਂ ਵੀ ਕਿਵੇਂ ਇਕ ਸਮਾਨ ਸਥਿਤੀ ਵਿਚ ਹਾਂ?
17 ਸੱਠ ਸਾਲ ਬਾਅਦ, 455 ਸਾ.ਯੁ.ਪੂ. ਵਿਚ, ਇਕ ਹੋਰ ਖ਼ਾਸ ਘਟਨਾ ਵਾਪਰੀ। ਉਸ ਸਾਲ ਡੇਰਿਆਂ ਦੇ ਪਰਬ ਨੇ ਯਰੂਸ਼ਲਮ ਦੀਆਂ ਕੰਧਾਂ ਦੀ ਉਸਾਰੀ ਦੇ ਪੂਰਾ ਹੋਣ ਨੂੰ ਚਿੰਨ੍ਹਿਤ ਕੀਤਾ। ਬਾਈਬਲ ਦੱਸਦੀ ਹੈ: “ਸਾਰੀ ਸਭਾ ਨੇ ਜਿਹੜੀ ਅਸੀਰੀ ਵਿੱਚੋਂ ਮੁੜ ਆਈ ਸੀ ਡੇਰੇ ਬਣਾਏ ਅਤੇ ਡੇਰਿਆਂ ਵਿੱਚ ਵੱਸ ਗਏ ਕਿਉਂ ਜੋ ਨੂਨ ਦੇ ਪੁੱਤ੍ਰ ਯੇਸ਼ੂਆ ਦੇ ਦਿਨਾਂ ਤੋਂ ਇਸਰਾਏਲੀਆਂ ਨੇ ਅੱਜ ਦੇ ਦਿਨ ਤੀਕ ਏਦਾਂ ਨਹੀਂ ਕੀਤਾ ਸੀ ਤਾਂ ਬਹੁਤ ਵੱਡਾ ਅਨੰਦ ਹੋਇਆ।”—ਨਹਮਯਾਹ 8:17.
18 ਸਖ਼ਤ ਵਿਰੋਧ ਦੇ ਬਾਵਜੂਦ ਪਰਮੇਸ਼ੁਰ ਦੀ ਸੱਚੀ ਉਪਾਸਨਾ ਦੀ ਕਿੰਨੀ ਅਭੁੱਲ ਮੁੜ-ਬਹਾਲੀ! ਅੱਜ ਸਥਿਤੀ ਸਮਾਨ ਹੈ। ਸਤਾਹਟ ਅਤੇ ਵਿਰੋਧ ਦੀਆਂ ਲਹਿਰਾਂ ਦੇ ਬਾਵਜੂਦ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕਰਨ ਦਾ ਮਹਾਨ ਕੰਮ ਧਰਤੀ ਦੇ ਬੰਨਿਆਂ ਤੀਕ ਕੀਤਾ ਗਿਆ ਹੈ, ਅਤੇ ਪਰਮੇਸ਼ੁਰ ਦੇ ਨਿਆਉਂ ਦਾ ਸੰਦੇਸ਼ ਦੂਰ-ਦੂਰ ਤਕ ਸੁਣਾਇਆ ਜਾ ਚੁੱਕਾ ਹੈ। (ਮੱਤੀ 24:14) ਮਸਹ ਕੀਤੇ ਹੋਏ 1,44,000 ਵਿੱਚੋਂ ਬਾਕੀ ਬਚੇ ਵਿਅਕਤੀਆਂ ਉੱਤੇ ਆਖ਼ਰੀ ਮੋਹਰ ਲਗਾਈ ਜਾਣੀ ਨੇੜੇ ਹੈ। ਉਨ੍ਹਾਂ ਦਾ ਸਾਥ ਦੇਣ ਲਈ 50 ਲੱਖ ਤੋਂ ਜ਼ਿਆਦਾ ‘ਹੋਰ ਭੇਡਾਂ’ ਸਾਰੀਆਂ ਕੌਮਾਂ ਵਿੱਚੋਂ ਮਸਹ ਕੀਤੇ ਹੋਏ ਬਕੀਏ ਨਾਲ “ਇੱਕੋ ਇੱਜੜ” ਵਿਚ ਇਕੱਠੀਆਂ ਕੀਤੀਆਂ ਗਈਆਂ ਹਨ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:3, 9, 10) ਡੇਰਿਆਂ ਦੇ ਪਰਬ ਦੇ ਭਵਿੱਖ-ਸੂਚਕ ਨਮੂਨੇ ਦੀ ਕਿੰਨੀ ਅਦਭੁਤ ਪੂਰਤੀ! ਅਤੇ ਇਕੱਠੇ ਕੀਤੇ ਜਾਣ ਦਾ ਇਹ ਮਹਾਨ ਕੰਮ ਨਵੇਂ ਸੰਸਾਰ ਵਿਚ ਵੀ ਜਾਰੀ ਰਹੇਗਾ ਜਦੋਂ ਪੁਨਰ-ਉਥਿਤ ਅਰਬਾਂ ਲੋਕਾਂ ਨੂੰ ਡੇਰਿਆਂ ਦੇ ਪ੍ਰਤਿਰੂਪੀ ਪਰਬ ਨੂੰ ਮਨਾਉਣ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ।—ਜ਼ਕਰਯਾਹ 14:16-19.
ਪਹਿਲੀ ਸਦੀ ਸਾ.ਯੁ. ਵਿਚ
19. ਕਿਹੜੀ ਗੱਲ ਨੇ 32 ਸਾ.ਯੁ. ਵਿਚ ਡੇਰਿਆਂ ਦੇ ਪਰਬ ਨੂੰ ਵਿਲੱਖਣ ਬਣਾਇਆ?
19 ਬਾਈਬਲ ਵਿਚ ਦਰਜ ਕੀਤੇ ਗਏ ਪਰਬਾਂ ਦੇ ਸਭ ਤੋਂ ਵਿਲੱਖਣ ਜਸ਼ਨਾਂ ਵਿੱਚੋਂ ਬਿਨਾਂ ਸ਼ੱਕ ਉਹ ਜਸ਼ਨ ਸਨ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਪੁੱਤਰ, ਯਿਸੂ ਮਸੀਹ ਹਾਜ਼ਰ ਸੀ। ਉਦਾਹਰਣ ਲਈ, ਸਾਲ 32 ਸਾ.ਯੁ. ਵਿਚ ਡੇਰਿਆਂ ਦੇ ਪਰਬ ਵਿਚ ਯਿਸੂ ਦੀ ਹਾਜ਼ਰੀ ਉੱਤੇ ਵਿਚਾਰ ਕਰੋ। ਉਸ ਨੇ ਉਸ ਮੌਕੇ ਨੂੰ ਮਹੱਤਵਪੂਰਣ ਸੱਚਾਈਆਂ ਸਿਖਾਉਣ ਲਈ ਇਸਤੇਮਾਲ ਕੀਤਾ ਅਤੇ ਇਬਰਾਨੀ ਸ਼ਾਸਤਰ ਵਿੱਚੋਂ ਹਵਾਲੇ ਦਿੰਦੇ ਹੋਏ ਆਪਣੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ। (ਯੂਹੰਨਾ 7:2, 14, 37-39) ਇਸ ਪਰਬ ਦੀ ਇਕ ਨਿਯਮਿਤ ਵਿਸ਼ੇਸ਼ਤਾ ਸੀ, ਹੈਕਲ ਦੇ ਅੰਦਰਲੇ ਵਿਹੜੇ ਵਿਚ ਚਾਰ ਵੱਡੇ ਸ਼ਮਾਦਾਨਾਂ ਨੂੰ ਜਗਾਉਣ ਦਾ ਰਿਵਾਜ। ਇਸ ਨੇ ਪਰਬ ਦੀਆਂ ਸਰਗਰਮੀਆਂ ਦੇ ਆਨੰਦ ਨੂੰ ਵਧਾਇਆ ਜੋ ਦੇਰ ਰਾਤ ਤਕ ਜਾਰੀ ਰਹਿੰਦੀਆਂ ਸਨ। ਸਪੱਸ਼ਟ ਤੌਰ ਤੇ, ਯਿਸੂ ਨੇ ਇਨ੍ਹਾਂ ਵੱਡੇ ਚਾਨਣਾਂ ਵੱਲ ਇਸ਼ਾਰਾ ਕੀਤਾ ਜਦੋਂ ਉਸ ਨੇ ਕਿਹਾ: “ਜਗਤ ਦਾ ਚਾਨਣ ਮੈਂ ਹਾਂ। ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨ੍ਹੇਰੇ ਵਿੱਚ ਕਦੇ ਨਾ ਚੱਲੇਗਾ ਸਗੋਂ ਉਹ ਦੇ ਕੋਲ ਜੀਉਣ ਦਾ ਚਾਨਣ ਹੋਵੇਗਾ।”—ਯੂਹੰਨਾ 8:12.
20. ਸਾਲ 33 ਸਾ.ਯੁ. ਵਿਚ ਪਸਾਹ ਕਿਉਂ ਵਿਲੱਖਣ ਸੀ?
20 ਫਿਰ ਮਹੱਤਵਪੂਰਣ ਸਾਲ 33 ਸਾ.ਯੁ. ਦਾ ਪਸਾਹ ਅਤੇ ਪਤੀਰੀ ਰੋਟੀ ਦਾ ਪਰਬ ਆਇਆ। ਉਸ ਪਸਾਹ ਦੇ ਦਿਨ, ਯਿਸੂ ਆਪਣੇ ਵੈਰੀਆਂ ਦੁਆਰਾ ਘਾਤ ਕੀਤਾ ਗਿਆ ਅਤੇ ਪਸਾਹ ਦਾ ਪ੍ਰਤਿਰੂਪੀ ਲੇਲਾ ਬਣਿਆ, ਜੋ “ਜਗਤ ਦਾ ਪਾਪ” ਚੁੱਕ ਕੇ ਲੈ ਜਾਣ ਲਈ ਮਰਿਆ। (ਯੂਹੰਨਾ 1:29; 1 ਕੁਰਿੰਥੀਆਂ 5:7) ਤਿੰਨ ਦਿਨ ਬਾਅਦ, ਨੀਸਾਨ 16 ਨੂੰ, ਪਰਮੇਸ਼ੁਰ ਨੇ ਯਿਸੂ ਨੂੰ ਇਕ ਅਮਰ ਆਤਮਿਕ ਸਰੀਰ ਵਿਚ ਪੁਨਰ-ਉਥਿਤ ਕੀਤਾ। ਇਹ ਅਤੇ ਬਿਵਸਥਾ ਦੁਆਰਾ ਨਿਯਤ ਕੀਤੀ ਗਈ ਜੌਆਂ ਦੀ ਫ਼ਸਲ ਦੇ ਪਹਿਲੇ ਫਲ ਦਾ ਚੜ੍ਹਾਵਾ ਚੜ੍ਹਾਇਆ ਜਾਣਾ ਇੱਕੋ ਸਮੇਂ ਤੇ ਵਾਪਰਿਆ। ਇਸ ਤਰ੍ਹਾਂ, ਪੁਨਰ-ਉਥਿਤ ਪ੍ਰਭੂ ਯਿਸੂ ਮਸੀਹ “ਮੌਤ ਵਿਚ ਸੁੱਤੇ ਹੋਇਆਂ ਦਾ ਪਹਿਲਾ ਫਲ” ਬਣਿਆ।—1 ਕੁਰਿੰਥੀਆਂ 15:20, ਨਿ ਵ.
21. ਸਾਲ 33 ਸਾ.ਯੁ. ਦੇ ਪੰਤੇਕੁਸਤ ਤੇ ਕੀ ਵਾਪਰਿਆ?
21 ਇਕ ਸੱਚ-ਮੁੱਚ ਵਿਲੱਖਣ ਪਰਬ, 33 ਸਾ.ਯੁ. ਦਾ ਪੰਤੇਕੁਸਤ ਸੀ। ਇਸ ਦਿਨ ਬਹੁਤ ਸਾਰੇ ਯਹੂਦੀ ਅਤੇ ਨਵ-ਧਰਮੀ ਯਰੂਸ਼ਲਮ ਵਿਚ ਇਕੱਠੇ ਹੋਏ ਸਨ, ਜਿਨ੍ਹਾਂ ਵਿਚ ਯਿਸੂ ਦੇ 120 ਚੇਲੇ ਵੀ ਸਨ। ਜਦੋਂ ਪਰਬ ਮਨਾਇਆ ਜਾ ਰਿਹਾ ਸੀ, ਉਦੋਂ ਪੁਨਰ-ਉਥਿਤ ਪ੍ਰਭੂ ਯਿਸੂ ਮਸੀਹ ਨੇ 120 ਚੇਲਿਆਂ ਉੱਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਵਹਾਈ। (ਰਸੂਲਾਂ ਦੇ ਕਰਤੱਬ 1:15; 2:1-4, 33) ਇਸ ਤਰ੍ਹਾਂ ਉਹ ਮਸਹ ਕੀਤੇ ਗਏ ਅਤੇ ਯਿਸੂ ਮਸੀਹ ਦੇ ਵਸੀਲੇ ਨਵੇਂ ਨੇਮ ਦੁਆਰਾ ਪਰਮੇਸ਼ੁਰ ਦੀ ਨਵੀਂ ਚੁਣੀ ਹੋਈ ਕੌਮ ਬਣੇ। ਉਸ ਪਰਬ ਦੌਰਾਨ, ਯਹੂਦੀ ਪ੍ਰਧਾਨ ਜਾਜਕ ਕਣਕ ਦੀ ਫ਼ਸਲ ਦੇ ਪਹਿਲੇ ਫਲ ਤੋਂ ਬਣੀਆਂ ਦੋ ਖ਼ਮੀਰੀ ਰੋਟੀਆਂ ਪਰਮੇਸ਼ੁਰ ਨੂੰ ਚੜ੍ਹਾਉਂਦਾ ਸੀ। (ਲੇਵੀਆਂ 23:15-17) ਇਹ ਖ਼ਮੀਰੀ ਰੋਟੀਆਂ 1,44,000 ਅਪੂਰਣ ਮਨੁੱਖਾਂ ਨੂੰ ਚਿਤ੍ਰਿਤ ਕਰਦੀਆਂ ਹਨ ਜਿਨ੍ਹਾਂ ਨੂੰ ਯਿਸੂ ਨੇ ‘ਪਰਮੇਸ਼ੁਰ ਦੇ ਲਈ ਮੁੱਲ ਲਿਆ’ ਤਾਂਕਿ ਉਹ “ਇੱਕ ਪਾਤਸ਼ਾਹੀ ਅਤੇ ਜਾਜਕ” ਵਜੋਂ ਸੇਵਾ ਕਰਨ ‘ਅਤੇ ਧਰਤੀ ਉੱਤੇ ਰਾਜ ਕਰਨ।’ (ਪਰਕਾਸ਼ ਦੀ ਪੋਥੀ 5:9, 10; 14:1, 3) ਇਹ ਸਵਰਗੀ ਸ਼ਾਸਕ ਪਾਪਮਈ ਮਨੁੱਖਜਾਤੀ ਦੇ ਦੋ ਸਮੂਹਾਂ, ਯਹੂਦੀਆਂ ਅਤੇ ਗ਼ੈਰ-ਯਹੂਦੀਆਂ, ਤੋਂ ਆਉਂਦੇ ਹਨ। ਇਸ ਤੱਥ ਨੂੰ ਦੋ ਖ਼ਮੀਰੀ ਰੋਟੀਆਂ ਦੁਆਰਾ ਦਰਸਾਇਆ ਜਾ ਸਕਦਾ ਹੈ।
22. (ੳ) ਮਸੀਹੀ ਬਿਵਸਥਾ ਨੇਮ ਦੇ ਪਰਬਾਂ ਨੂੰ ਕਿਉਂ ਨਹੀਂ ਮਨਾਉਂਦੇ ਹਨ? (ਅ) ਅਸੀਂ ਅਗਲੇ ਲੇਖ ਵਿਚ ਕਿਹੜੀ ਗੱਲ ਉੱਤੇ ਵਿਚਾਰ ਕਰਾਂਗੇ?
22 ਪੰਤੇਕੁਸਤ 33 ਸਾ.ਯੁ. ਤੇ ਜਦੋਂ ਨਵਾਂ ਨੇਮ ਲਾਗੂ ਹੋਣਾ ਲੱਗਾ, ਤਾਂ ਇਸ ਦਾ ਅਰਥ ਸੀ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪੁਰਾਣੇ ਬਿਵਸਥਾ ਨੇਮ ਦੀ ਹੋਰ ਕੋਈ ਮਹੱਤਤਾ ਨਹੀਂ ਰਹੀ। (2 ਕੁਰਿੰਥੀਆਂ 3:14; ਇਬਰਾਨੀਆਂ 9:15; 10:16) ਇਸ ਦਾ ਮਤਲਬ ਇਹ ਨਹੀਂ ਹੈ ਕਿ ਮਸਹ ਕੀਤੇ ਹੋਏ ਮਸੀਹੀ ਬਿਨਾਂ ਕਿਸੇ ਬਿਵਸਥਾ ਦੇ ਹਨ। ਉਹ ਯਿਸੂ ਮਸੀਹ ਦੁਆਰਾ ਸਿਖਾਈ ਗਈ ਈਸ਼ਵਰੀ ਬਿਵਸਥਾ ਅਧੀਨ ਹਨ ਜੋ ਉਨ੍ਹਾਂ ਦੇ ਦਿਲਾਂ ਤੇ ਲਿਖੀ ਹੋਈ ਹੈ। (ਗਲਾਤੀਆਂ 6:2) ਇਸ ਲਈ, ਇਹ ਤਿੰਨ ਸਾਲਾਨਾ ਪਰਬ, ਪੁਰਾਣੇ ਬਿਵਸਥਾ ਨੇਮ ਦੇ ਹਿੱਸੇ ਵਜੋਂ, ਮਸੀਹੀਆਂ ਦੁਆਰਾ ਨਹੀਂ ਮਨਾਏ ਜਾਂਦੇ ਹਨ। (ਕੁਲੁੱਸੀਆਂ 2:16, 17) ਫਿਰ ਵੀ, ਅਸੀਂ ਪਰਬਾਂ ਅਤੇ ਉਪਾਸਨਾ ਦੀਆਂ ਦੂਸਰੀਆਂ ਸਭਾਵਾਂ ਪ੍ਰਤੀ ਪਰਮੇਸ਼ੁਰ ਦੇ ਮਸੀਹ-ਪੂਰਵ ਸੇਵਕਾਂ ਦੇ ਰਵੱਈਏ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਸਾਡੇ ਅਗਲੇ ਲੇਖ ਵਿਚ, ਅਸੀਂ ਉਨ੍ਹਾਂ ਉਦਾਹਰਣਾਂ ਉੱਤੇ ਵਿਚਾਰ ਕਰਾਂਗੇ ਜੋ ਸਾਰਿਆਂ ਨੂੰ ਮਸੀਹੀ ਇਕੱਠਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਦੀ ਜ਼ਰੂਰਤ ਦੀ ਕਦਰ ਕਰਨ ਲਈ ਪ੍ਰੇਰਿਤ ਕਰਨਗੀਆਂ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ਾ 820, ਸਿਰਲੇਖ “ਪਰਬ” ਹੇਠ ਕਾਲਮ 1, ਪੈਰੇ 1 ਅਤੇ 3 ਦੇਖੋ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
ਪੁਨਰ-ਵਿਚਾਰ ਲਈ ਸਵਾਲ
◻ ਇਸਰਾਏਲ ਦੇ ਤਿੰਨ ਵੱਡੇ ਪਰਬ ਕਿਹੜੇ ਮਕਸਦ ਲਈ ਸਨ?
◻ ਹਿਜ਼ਕੀਯਾਹ ਅਤੇ ਯੋਸੀਯਾਹ ਦੇ ਦਿਨਾਂ ਦਿਆਂ ਪਰਬਾਂ ਦੀ ਕੀ ਵਿਸ਼ੇਸ਼ਤਾ ਸੀ?
◻ ਸਾਲ 455 ਸਾ.ਯੁ.ਪੂ. ਵਿਚ ਕਿਹੜੀ ਖ਼ਾਸ ਘਟਨਾ ਵਾਪਰੀ, ਅਤੇ ਇਹ ਸਾਡੇ ਲਈ ਉਤਸ਼ਾਹਦਾਇਕ ਕਿਉਂ ਹੈ?
◻ ਸਾਲ 33 ਸਾ.ਯੁ. ਵਿਚ ਪਸਾਹ ਅਤੇ ਪੰਤੇਕੁਸਤ ਬਾਰੇ ਕਿਹੜੀ ਗੱਲ ਮਹੱਤਵਪੂਰਣ ਸੀ?
[ਸਫ਼ੇ 13 ਉੱਤੇ ਡੱਬੀ]
ਅੱਜ ਸਾਡੇ ਲਈ ਪਰਬ ਤੋਂ ਸਬਕ
ਉਨ੍ਹਾਂ ਸਾਰਿਆਂ ਲਈ ਜੋ ਯਿਸੂ ਦੇ ਪਾਪ-ਪ੍ਰਾਸਚਿਤ ਬਲੀਦਾਨ ਤੋਂ ਸਦੀਵੀ ਲਾਭ ਉਠਾਉਣਗੇ, ਇਹ ਜ਼ਰੂਰੀ ਹੈ ਕਿ ਉਹ ਪਤੀਰੀ ਰੋਟੀ ਦੇ ਪਰਬ ਦੁਆਰਾ ਚਿਤ੍ਰਿਤ ਗੱਲਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨ। ਇਹ ਪ੍ਰਤਿਰੂਪੀ ਪਰਬ ਮਸਹ ਕੀਤੇ ਹੋਏ ਮਸੀਹੀਆਂ ਦਾ ਆਨੰਦਮਈ ਜਸ਼ਨ ਹੈ, ਜੋ ਇਸ ਦੁਸ਼ਟ ਸੰਸਾਰ ਤੋਂ ਛੁਟਕਾਰਾ ਅਤੇ ਯਿਸੂ ਦੀ ਰਿਹਾਈ-ਕੀਮਤ ਦੁਆਰਾ ਪਾਪ ਦੇ ਦੋਸ਼ ਤੋਂ ਮੁਕਤੀ ਮਿਲਣ ਤੇ ਉਹ ਮਨਾਉਂਦੇ ਹਨ। (ਗਲਾਤੀਆਂ 1:4; ਕੁਲੁੱਸੀਆਂ 1:13, 14) ਪੁਰਾਣਾ ਪਰਬ ਸੱਤ ਦਿਨਾਂ ਦਾ ਹੁੰਦਾ ਸੀ। ਅੰਕ ਸੱਤ, ਬਾਈਬਲ ਵਿਚ ਅਧਿਆਤਮਿਕ ਪੂਰਣਤਾ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ। ਇਹ ਪ੍ਰਤਿਰੂਪੀ ਪਰਬ ਮਸਹ ਕੀਤੀ ਹੋਈ ਮਸੀਹੀ ਕਲੀਸਿਯਾ ਦੇ ਧਰਤੀ ਉੱਤੇ ਪੂਰੇ ਸਮੇਂ ਰਹਿਣ ਦੌਰਾਨ ਚਲੇਗਾ ਅਤੇ ਇਸ ਨੂੰ “ਨਿਸ਼ਕਪਟਤਾ ਅਤੇ ਸਚਿਆਈ” ਨਾਲ ਮਨਾਇਆ ਜਾਣਾ ਚਾਹੀਦਾ ਹੈ। ਇਸ ਦਾ ਅਰਥ ਹੈ ਕਿ ਲਾਖਣਿਕ ਖ਼ਮੀਰ ਤੋਂ ਲਗਾਤਾਰ ਸਾਵਧਾਨ ਰਹਿਣਾ। ਬਾਈਬਲ ਵਿਚ ਖ਼ਮੀਰ ਭ੍ਰਿਸ਼ਟ ਸਿੱਖਿਆਵਾਂ, ਪਖੰਡ, ਅਤੇ ਬੁਰਾਈ ਨੂੰ ਚਿਤ੍ਰਿਤ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ। ਯਹੋਵਾਹ ਦੇ ਸੱਚੇ ਉਪਾਸਕਾਂ ਨੂੰ ਅਜਿਹੇ ਖ਼ਮੀਰ ਪ੍ਰਤੀ ਨਫ਼ਰਤ ਦਿਖਾਉਣੀ ਚਾਹੀਦੀ ਹੈ, ਇਸ ਨੂੰ ਨਾ ਹੀ ਆਪਣੀਆਂ ਜ਼ਿੰਦਗੀਆਂ ਨੂੰ ਭ੍ਰਿਸ਼ਟ ਕਰਨ ਦੇਣਾ ਚਾਹੀਦਾ ਹੈ ਅਤੇ ਨਾ ਹੀ ਮਸੀਹੀ ਕਲੀਸਿਯਾ ਦੀ ਸ਼ੁੱਧਤਾ ਨੂੰ ਖ਼ਰਾਬ ਕਰਨ ਦੇਣਾ ਚਾਹੀਦਾ ਹੈ।—1 ਕੁਰਿੰਥੀਆਂ 5:6-8; ਮੱਤੀ 16:6, 12.
[ਸਫ਼ੇ 9 ਉੱਤੇ ਤਸਵੀਰ]
ਹਰ ਸਾਲ ਨੀਸਾਨ 16 ਨੂੰ, ਜਿਸ ਦਿਨ ਯਿਸੂ ਪੁਨਰ-ਉਥਿਤ ਕੀਤਾ ਗਿਆ ਸੀ, ਜੌਆਂ ਦੀ ਨਵੀਂ ਫ਼ਸਲ ਦਾ ਇਕ ਪੂਲਾ ਚੜ੍ਹਾਇਆ ਜਾਂਦਾ ਸੀ
[ਸਫ਼ੇ 10 ਉੱਤੇ ਤਸਵੀਰ]
ਯਿਸੂ ਨੇ ਸ਼ਾਇਦ ਪਰਬ ਦੇ ਵੱਡੇ ਚਾਨਣਾਂ ਵੱਲ ਇਸ਼ਾਰਾ ਕੀਤਾ ਹੋਵੇਗਾ ਜਦੋਂ ਉਸ ਨੇ ਆਪਣੇ ਆਪ ਨੂੰ “ਜਗਤ ਦਾ ਚਾਨਣ” ਕਿਹਾ