ਅਧਿਐਨ ਲੇਖ 50
“ਮਰੇ ਹੋਏ ਲੋਕਾਂ ਨੂੰ ਕਿਵੇਂ ਜੀਉਂਦਾ ਕੀਤਾ ਜਾਵੇਗਾ?”
“ਮੌਤ, ਕਿੱਥੇ ਹੈ ਤੇਰੀ ਜਿੱਤ? ਮੌਤ, ਕਿੱਥੇ ਹੈ ਤੇਰਾ ਡੰਗ?”—1 ਕੁਰਿੰ. 15:55.
ਗੀਤ 1 ਯਹੋਵਾਹ ਦੇ ਗੁਣ
ਖ਼ਾਸ ਗੱਲਾਂa
1-2. ਸਾਰੇ ਮਸੀਹੀਆਂ ਨੂੰ ਸਵਰਗ ਵਿਚ ਜੀ ਉਠਾਏ ਜਾਣ ਬਾਰੇ ਕਿਉਂ ਜਾਣਨਾ ਚਾਹੀਦਾ ਹੈ?
ਅੱਜ ਯਹੋਵਾਹ ਦੇ ਜ਼ਿਆਦਾਤਰ ਸੇਵਕ ਹਮੇਸ਼ਾ ਲਈ ਧਰਤੀ ʼਤੇ ਰਹਿਣ ਦੀ ਉਮੀਦ ਰੱਖਦੇ ਹਨ। ਪਰ ਸਾਡੇ ਵਿੱਚੋਂ ਕੁਝ ਮਸੀਹੀ ਸਵਰਗ ਵਿਚ ਜੀਵਨ ਪਾਉਣ ਦੀ ਉਮੀਦ ਰੱਖਦੇ ਹਨ। ਚੁਣੇ ਹੋਏ ਮਸੀਹੀ ਇਸ ਗੱਲ ਵਿਚ ਖ਼ਾਸ ਦਿਲਚਸਪੀ ਰੱਖਦੇ ਹਨ ਕਿ ਸਵਰਗ ਵਿਚ ਉਨ੍ਹਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ। ਪਰ ਕੀ ਧਰਤੀ ʼਤੇ ਰਹਿਣ ਵਾਲਿਆਂ ਨੂੰ ਵੀ ਇਸ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ? ਬਿਲਕੁਲ। ਜਦੋਂ ਸਵਰਗ ਵਿਚ ਚੁਣੇ ਹੋਏ ਮਸੀਹੀਆਂ ਨੂੰ ਜੀਉਂਦਾ ਕੀਤਾ ਜਾਵੇਗਾ, ਤਾਂ ਧਰਤੀ ʼਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਵੀ ਬਰਕਤਾਂ ਮਿਲਣਗੀਆਂ। ਸੋ ਚਾਹੇ ਸਾਡੀ ਉਮੀਦ ਸਵਰਗ ਵਿਚ ਜੀਉਣ ਦੀ ਹੈ ਜਾਂ ਧਰਤੀ ਉੱਤੇ, ਪਰ ਸਾਨੂੰ ਸਾਰਿਆਂ ਨੂੰ ਇਸ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ।
2 ਪਰਮੇਸ਼ੁਰ ਨੇ ਪਹਿਲੀ ਸਦੀ ਵਿਚ ਯਿਸੂ ਦੇ ਕੁਝ ਚੇਲਿਆਂ ਨੂੰ ਸਵਰਗੀ ਉਮੀਦ ਬਾਰੇ ਲਿਖਣ ਲਈ ਪ੍ਰੇਰਿਆ। ਮਿਸਾਲ ਲਈ, ਯੂਹੰਨਾ ਰਸੂਲ ਨੇ ਲਿਖਿਆ: “ਅਸੀਂ ਪਰਮੇਸ਼ੁਰ ਦੇ ਬੱਚੇ ਹਾਂ, ਪਰ ਅਜੇ ਇਹ ਗੱਲ ਜ਼ਾਹਰ ਨਹੀਂ ਹੋਈ ਹੈ ਕਿ ਅਸੀਂ ਭਵਿੱਖ ਵਿਚ ਕਿਹੋ ਜਿਹੇ ਹੋਵਾਂਗੇ। ਅਸੀਂ ਇੰਨਾ ਤਾਂ ਜਾਣਦੇ ਹਾਂ ਕਿ ਜਦੋਂ ਪਰਮੇਸ਼ੁਰ ਆਪਣੇ ਆਪ ਨੂੰ ਜ਼ਾਹਰ ਕਰੇਗਾ, ਤਾਂ ਅਸੀਂ ਉਸ ਵਰਗੇ ਬਣ ਜਾਵਾਂਗੇ।” (1 ਯੂਹੰ. 3:2) ਚੁਣੇ ਹੋਏ ਮਸੀਹੀਆਂ ਨੂੰ ਇਹ ਨਹੀਂ ਪਤਾ ਕਿ ਸਵਰਗ ਵਿਚ ਅਦਿੱਖ ਸਰੀਰ ਮਿਲਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ। ਪਰ ਸਵਰਗ ਜਾਣ ਤੋਂ ਬਾਅਦ ਉਹ ਯਹੋਵਾਹ ਨੂੰ ਸੱਚ-ਮੁੱਚ ਦੇਖਣਗੇ। ਬਾਈਬਲ ਸਵਰਗ ਵਿਚ ਜੀ ਉਠਾਏ ਜਾਣ ਬਾਰੇ ਸਾਰਾ ਕੁਝ ਨਹੀਂ ਦੱਸਦੀ, ਪਰ ਪੌਲੁਸ ਰਸੂਲ ਨੇ ਇਸ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦਿੱਤੀ। ਚੁਣੇ ਹੋਏ ਮਸੀਹੀ ਉਦੋਂ ਯਿਸੂ ਨਾਲ ਹੋਣਗੇ ਜਦੋਂ ਉਹ “ਸਾਰੀਆਂ ਸਰਕਾਰਾਂ ਅਤੇ ਅਧਿਕਾਰ ਤੇ ਤਾਕਤ ਰੱਖਣ ਵਾਲਿਆਂ ਨੂੰ ਖ਼ਤਮ ਕਰ ਦੇਵੇਗਾ।” ਨਾਲੇ ਉਹ “ਆਖ਼ਰੀ ਦੁਸ਼ਮਣ ਮੌਤ” ਨੂੰ ਵੀ ਖ਼ਤਮ ਕਰੇਗਾ। ਅਖ਼ੀਰ ਵਿਚ ਯਿਸੂ ਅਤੇ ਉਸ ਨਾਲ ਰਾਜ ਕਰਨ ਵਾਲੇ ਸਭ ਕੁਝ ਯਹੋਵਾਹ ਦੇ ਅਧੀਨ ਕਰ ਦੇਣਗੇ ਅਤੇ ਆਪ ਵੀ ਉਸ ਦੇ ਅਧੀਨ ਹੋ ਜਾਣਗੇ। (1 ਕੁਰਿੰ. 15:24-28) ਉਹ ਕਿੰਨਾ ਹੀ ਸ਼ਾਨਦਾਰ ਸਮਾਂ ਹੋਵੇਗਾ!b
3. ਪਹਿਲਾ ਕੁਰਿੰਥੀਆਂ 15:30-32 ਮੁਤਾਬਕ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ਨੇ ਪੌਲੁਸ ਦੀ ਕਿਵੇਂ ਮਦਦ ਕੀਤੀ?
3 ਪੌਲੁਸ ਨੂੰ ਦੁਬਾਰਾ ਜੀ ਉਠਾਏ ਜਾਣ ਦੀ ਪੱਕੀ ਉਮੀਦ ਸੀ ਜਿਸ ਕਰਕੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਸਹਿ ਸਕਿਆ। (1 ਕੁਰਿੰਥੀਆਂ 15:30-32 ਪੜ੍ਹੋ।) ਪੌਲੁਸ ਨੇ ਕੁਰਿੰਥੀਆਂ ਨੂੰ ਚਿੱਠੀ ਵਿਚ ਲਿਖਿਆ: “ਹਰ ਰੋਜ਼ ਮੈਂ ਮੌਤ ਦਾ ਸਾਮ੍ਹਣਾ ਕਰਦਾ ਹਾਂ।” ਪੌਲੁਸ ਨੇ ਇਹ ਵੀ ਲਿਖਿਆ: ‘ਮੈਂ ਅਫ਼ਸੁਸ ਵਿਚ ਜੰਗਲੀ ਜਾਨਵਰਾਂ ਨਾਲ ਲੜਿਆ।’ ਸ਼ਾਇਦ ਪੌਲੁਸ ਅਫ਼ਸੁਸ ਦੇ ਕਿਸੇ ਅਖਾੜੇ ਵਿਚ ਸੱਚ-ਮੁੱਚ ਦੇ ਜਾਨਵਰਾਂ ਨਾਲ ਲੜਨ ਬਾਰੇ ਗੱਲ ਰਿਹਾ ਸੀ। (2 ਕੁਰਿੰ. 1:8; 4:10; 11:23) ਜਾਂ ਸ਼ਾਇਦ ਉਹ ਯਹੂਦੀ ਜਾਂ ਹੋਰ ਲੋਕਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਨਾਲ “ਜੰਗਲੀ ਜਾਨਵਰਾਂ” ਵਾਂਗ ਵਰਤਾਅ ਕੀਤਾ। (ਰਸੂ. 19:26-34; 1 ਕੁਰਿੰ. 16:9) ਚਾਹੇ ਪੌਲੁਸ ਨੇ ਜਿੰਨੀਆਂ ਮਰਜ਼ੀ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ, ਪਰ ਫਿਰ ਵੀ ਉਸ ਨੇ ਭਵਿੱਖ ਬਾਰੇ ਸਹੀ ਨਜ਼ਰੀਆ ਬਣਾਈ ਰੱਖਿਆ।—2 ਕੁਰਿੰ. 4:16-18.
4. ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ਕਰਕੇ ਸਾਡੇ ਭੈਣ-ਭਰਾ ਅੱਜ ਕਿਵੇਂ ਹਿੰਮਤ ਦਿਖਾ ਰਹੇ ਹਨ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
4 ਅੱਜ ਅਸੀਂ ਕਈ ਤਰ੍ਹਾਂ ਦੇ ਖ਼ਤਰਿਆਂ ਦਾ ਸਾਮ੍ਹਣਾ ਕਰਦੇ ਹਾਂ। ਸਾਡੇ ਕੁਝ ਭੈਣ-ਭਰਾ ਅਪਰਾਧ ਦੇ ਸ਼ਿਕਾਰ ਹੋਏ ਹਨ। ਕਈ ਭੈਣ-ਭਰਾ ਉੱਥੇ ਰਹਿੰਦੇ ਹਨ ਜਿੱਥੇ ਯੁੱਧ ਲੱਗੇ ਹੋਏ ਹਨ ਜਿਸ ਕਰਕੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਰਹਿੰਦਾ ਹੈ। ਕਈ ਜਣੇ ਆਪਣੀ ਜ਼ਿੰਦਗੀ ਅਤੇ ਆਜ਼ਾਦੀ ਦਾਅ ʼਤੇ ਲਾ ਕੇ ਉੱਥੇ ਯਹੋਵਾਹ ਦੀ ਸੇਵਾ ਕਰਦੇ ਹਨ ਜਿੱਥੇ ਸਾਡੇ ਪ੍ਰਚਾਰ ਕੰਮ ʼਤੇ ਥੋੜ੍ਹੀ-ਬਹੁਤੀ ਜਾਂ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਪਰ ਇਹ ਸਾਰੇ ਭੈਣ-ਭਰਾ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿ ਕੇ ਸਾਡੇ ਸਾਰਿਆਂ ਲਈ ਵਧੀਆ ਮਿਸਾਲ ਕਾਇਮ ਕਰ ਰਹੇ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਜੇ ਉਹ ਮਰ ਵੀ ਗਏ, ਤਾਂ ਯਹੋਵਾਹ ਉਨ੍ਹਾਂ ਨੂੰ ਫਿਰ ਤੋਂ ਜੀਉਂਦਾ ਕਰ ਕੇ ਇਕ ਕਮਾਲ ਦਾ ਭਵਿੱਖ ਦੇਵੇਗਾ।
5. ਕਿਹੜੀ ਗ਼ਲਤ ਸੋਚ ਸਾਡੀ ਉਮੀਦ ਨੂੰ ਧੁੰਦਲਾ ਕਰ ਸਕਦੀ ਹੈ?
5 ਪੌਲੁਸ ਨੇ ਮਸੀਹੀਆਂ ਨੂੰ ਇਸ ਗ਼ਲਤ ਸੋਚ ਤੋਂ ਦੂਰ ਰਹਿਣ ਲਈ ਕਿਹਾ ਜੋ ਉਨ੍ਹਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਸੀ: “ਜੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਨਹੀਂ ਕੀਤਾ ਜਾਵੇਗਾ, ਤਾਂ ‘ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।’” ਇਹ ਸੋਚ ਪੌਲੁਸ ਦੇ ਜ਼ਮਾਨੇ ਤੋਂ ਪਹਿਲਾਂ ਦੀ ਚੱਲਦੀ ਆ ਰਹੀ ਸੀ। ਉਸ ਨੇ ਸ਼ਾਇਦ ਯਸਾਯਾਹ 22:13 ਦਾ ਜ਼ਿਕਰ ਕੀਤਾ ਜਿਸ ਵਿਚ ਇਜ਼ਰਾਈਲੀਆਂ ਦੇ ਰਵੱਈਏ ਦੀ ਗੱਲ ਕੀਤੀ ਗਈ ਸੀ। ਇਜ਼ਰਾਈਲੀ ਲੋਕ ਪਰਮੇਸ਼ੁਰ ਦੇ ਨੇੜੇ ਜਾਣ ਦੀ ਬਜਾਇ ਜ਼ਿੰਦਗੀ ਦੀਆਂ ਸੁੱਖ-ਸਹੂਲਤਾਂ ਪਿੱਛੇ ਭੱਜਦੇ ਰਹੇ। ਇਜ਼ਰਾਈਲੀਆਂ ਵਾਂਗ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ: “ਖਾਓ-ਪੀਓ ਐਸ਼ ਕਰੋ, ਕੱਲ੍ਹ ਕਿਹਨੇ ਦੇਖਿਆ।” ਪਰ ਬਾਈਬਲ ਦੱਸਦੀ ਹੈ ਕਿ ਇਜ਼ਰਾਈਲੀਆਂ ਨੂੰ ਇਸ ਗ਼ਲਤ ਸੋਚ ਦੇ ਮਾੜੇ ਨਤੀਜੇ ਭੁਗਤਣੇ ਪਏ।—2 ਇਤ. 36:15-20.
6. ਸਾਨੂੰ ਉਨ੍ਹਾਂ ਲੋਕਾਂ ਨਾਲ ਦੋਸਤੀ ਕਿਉਂ ਨਹੀਂ ਕਰਨੀ ਚਾਹੀਦੀ ਜੋ ਸਿਰਫ਼ ਅੱਜ ਲਈ ਜੀਉਂਦੇ ਹਨ?
6 ਸਾਨੂੰ ਪੱਕਾ ਵਿਸ਼ਵਾਸ ਹੈ ਕਿ ਯਹੋਵਾਹ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰੇਗਾ। ਇਸ ਲਈ ਸਾਨੂੰ ਉਨ੍ਹਾਂ ਲੋਕਾਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਜੋ ਸਿਰਫ਼ ਅੱਜ ਲਈ ਜੀਉਂਦੇ ਹਨ। ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣ ਦੀ ਲੋੜ ਸੀ ਜੋ ਦੁਬਾਰਾ ਜੀ ਉਠਾਏ ਜਾਣ ʼਤੇ ਯਕੀਨ ਨਹੀਂ ਕਰਦੇ ਸਨ। ਸੋ ਇਸ ਤੋਂ ਅਸੀਂ ਇਹ ਸਿੱਖਦੇ ਹਾਂ: ਸਾਨੂੰ ਉਨ੍ਹਾਂ ਲੋਕਾਂ ਨੂੰ ਆਪਣੇ ਦੋਸਤ ਬਣਾ ਕੇ ਕਦੇ ਕੋਈ ਫ਼ਾਇਦਾ ਨਹੀਂ ਹੋਵੇਗਾ ਜੋ ਸਿਰਫ਼ ਅੱਜ ਲਈ ਜੀਉਂਦੇ ਹਨ। ਇੱਦਾਂ ਦੇ ਲੋਕਾਂ ਨਾਲ ਰਹਿ ਕੇ ਇਕ ਮਸੀਹੀ ਦੀ ਸੋਚ ਅਤੇ ਆਦਤਾਂ ਵਿਗੜ ਸਕਦੀਆਂ ਹਨ। ਉਹ ਸ਼ਾਇਦ ਇੱਦਾਂ ਦੀ ਜ਼ਿੰਦਗੀ ਜੀਉਣ ਲੱਗ ਪਵੇ ਜਿਸ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਹੈ। ਇਸ ਕਰਕੇ ਪੌਲੁਸ ਨੇ ਸਲਾਹ ਦਿੱਤੀ: “ਹੋਸ਼ ਵਿਚ ਆ ਕੇ ਸਹੀ ਕੰਮ ਕਰੋ ਅਤੇ ਪਾਪ ਕਰਨ ਵਿਚ ਨਾ ਲੱਗੇ ਰਹੋ।”—1 ਕੁਰਿੰ. 15:33, 34.
ਉਨ੍ਹਾਂ ਨੂੰ ਕਿਹੋ ਜਿਹਾ ਸਰੀਰ ਦਿੱਤਾ ਜਾਂਦਾ ਹੈ?
7. ਪਹਿਲਾ ਕੁਰਿੰਥੀਆਂ 15:35-38 ਮੁਤਾਬਕ ਕੁਝ ਲੋਕਾਂ ਨੇ ਕਿਹੜਾ ਸਵਾਲ ਖੜ੍ਹਾ ਕੀਤਾ ਹੋਣਾ?
7 ਪਹਿਲਾ ਕੁਰਿੰਥੀਆਂ 15:35-38 ਪੜ੍ਹੋ। ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ʼਤੇ ਸ਼ੱਕ ਪੈਦਾ ਕਰਨ ਲਈ ਕਿਸੇ ਵਿਅਕਤੀ ਨੇ ਸ਼ਾਇਦ ਪੁੱਛਿਆ ਹੋਵੇ: “ਮਰੇ ਹੋਏ ਲੋਕਾਂ ਨੂੰ ਕਿਵੇਂ ਜੀਉਂਦਾ ਕੀਤਾ ਜਾਵੇਗਾ?” ਵਧੀਆ ਹੋਵੇਗਾ ਕਿ ਅਸੀਂ ਪੌਲੁਸ ਦੇ ਜਵਾਬ ʼਤੇ ਸੋਚ-ਵਿਚਾਰ ਕਰੀਏ। ਕਿਉਂ? ਕਿਉਂਕਿ ਅੱਜ ਬਹੁਤ ਸਾਰੇ ਲੋਕ ਇਸ ਬਾਰੇ ਅਲੱਗ-ਅਲੱਗ ਵਿਚਾਰ ਰੱਖਦੇ ਹਨ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਪਰ ਬਾਈਬਲ ਇਸ ਬਾਰੇ ਕੀ ਸਿਖਾਉਂਦੀ ਹੈ?
8. ਪੌਲੁਸ ਨੇ ਕਿਹੜੀ ਮਿਸਾਲ ਰਾਹੀਂ ਸਵਰਗ ਵਿਚ ਜੀ ਉਠਾਏ ਜਾਣ ਬਾਰੇ ਸਮਝਾਇਆ?
8 ਜਦੋਂ ਕੋਈ ਮਰ ਜਾਂਦਾ ਹੈ, ਤਾਂ ਉਸ ਦਾ ਸਰੀਰ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਪਰ ਜਿਸ ਨੇ ਸਾਡੇ ਵਿਸ਼ਾਲ ਬ੍ਰਹਿਮੰਡ ਨੂੰ ਰਚਿਆ, ਉਸ ਲਈ ਇਕ ਇਨਸਾਨ ਨੂੰ ਨਵਾਂ ਸਰੀਰ ਦੇ ਕੇ ਜੀਉਂਦਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ। (ਉਤ. 1:1; 2:7) ਪੌਲੁਸ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਇਹ ਜ਼ਰੂਰੀ ਨਹੀਂ ਹੈ ਕਿ ਪਰਮੇਸ਼ੁਰ ਇਕ ਇਨਸਾਨ ਨੂੰ ਉਸ ਦੇ ਪੁਰਾਣੇ ਸਰੀਰ ਵਿਚ ਹੀ ਦੁਬਾਰਾ ਜੀਉਂਦਾ ਕਰੇ। ਜ਼ਰਾ ਇਕ “ਬੀ” ਬਾਰੇ ਸੋਚੋ। ਜਦੋਂ ਇਕ ਬੀ ਨੂੰ ਬੀਜਿਆ ਜਾਂਦਾ ਹੈ, ਤਾਂ ਥੋੜ੍ਹੀ ਦੇਰ ਬਾਅਦ ਉਸ ਤੋਂ ਇਕ ਪੌਦਾ ਉੱਗਦਾ ਹੈ। ਉਹ ਨਵਾਂ ਪੌਦਾ ਉਸ ਛੋਟੇ ਜਿਹੇ ਬੀ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਪੌਲੁਸ ਨੇ ਇਹ ਮਿਸਾਲ ਵਰਤ ਕੇ ਸਮਝਾਇਆ ਕਿ ਸਾਡੇ ਸ੍ਰਿਸ਼ਟੀਕਰਤਾ ਨੂੰ “ਜਿਵੇਂ ਚੰਗਾ ਲੱਗਦਾ ਹੈ, ਉਹ . . . ਸਰੀਰ” ਦੇ ਸਕਦਾ ਹੈ।
9. ਪਹਿਲਾ ਕੁਰਿੰਥੀਆਂ 15:39-41 ਵਿਚ ਅਲੱਗ-ਅਲੱਗ ਸਰੀਰਾਂ ਬਾਰੇ ਕੀ ਦੱਸਿਆ ਗਿਆ ਹੈ?
9 ਪਹਿਲਾ ਕੁਰਿੰਥੀਆਂ 15:39-41 ਪੜ੍ਹੋ। ਪੌਲੁਸ ਨੇ ਦੱਸਿਆ ਕਿ ਪਰਮੇਸ਼ੁਰ ਨੇ ਸਾਰਿਆਂ ਨੂੰ ਇੱਕੋ ਜਿਹਾ ਸਰੀਰ ਨਹੀਂ ਦਿੱਤਾ। ਮਿਸਾਲ ਲਈ, ਜਾਨਵਰਾਂ, ਪੰਛੀਆਂ ਅਤੇ ਮੱਛੀਆਂ ਦੇ ਸਰੀਰ ਇਕ-ਦੂਸਰੇ ਤੋਂ ਅਲੱਗ ਹੁੰਦੇ ਹਨ। ਉਸ ਨੇ ਕਿਹਾ ਕਿ ਆਸਮਾਨ ਵਿਚ ਸੂਰਜ ਅਤੇ ਚੰਦ ਵਿਚ ਵੀ ਫ਼ਰਕ ਹੈ। ਨਾਲੇ ਉਸ ਨੇ ਕਿਹਾ ਕਿ “ਇਕ ਤਾਰੇ ਦੀ ਚਮਕ ਦੂਸਰੇ ਤਾਰੇ ਨਾਲੋਂ ਵੱਖਰੀ ਹੁੰਦੀ ਹੈ।” ਭਾਵੇਂ ਕਿ ਅਸੀਂ ਆਪਣੀਆਂ ਅੱਖਾਂ ਨਾਲ ਤਾਰਿਆਂ ਵਿਚ ਫ਼ਰਕ ਨਹੀਂ ਦੇਖ ਸਕਦੇ, ਪਰ ਵਿਗਿਆਨੀ ਕਹਿੰਦੇ ਹਨ ਕਿ ਕੁਝ ਤਾਰੇ ਛੋਟੇ, ਕੁਝ ਵੱਡੇ, ਕੁਝ ਲਾਲ, ਚਿੱਟੇ ਅਤੇ ਪੀਲੇ ਹੁੰਦੇ ਹਨ, ਜਿਵੇਂ ਕਿ ਸਾਡਾ ਸੂਰਜ। ਪੌਲੁਸ ਨੇ ਇਹ ਵੀ ਕਿਹਾ ਕਿ “ਸਵਰਗੀ ਸਰੀਰ ਵੀ ਹੁੰਦੇ ਹਨ ਅਤੇ ਇਨਸਾਨੀ ਸਰੀਰ ਵੀ ਹੁੰਦੇ ਹਨ।” ਉਹ ਕਿਵੇਂ? ਧਰਤੀ ʼਤੇ ਰਹਿਣ ਵਾਲਿਆਂ ਦੇ ਸਰੀਰ ਹੱਡ-ਮਾਸ ਦੇ ਬਣੇ ਹਨ, ਪਰ ਸਵਰਗ ਵਿਚ ਰਹਿਣ ਵਾਲਿਆਂ ਦੇ ਸਰੀਰ ਅਦਿੱਖ ਹਨ, ਜਿਵੇਂ ਕਿ ਦੂਤਾਂ ਦੇ।
10. ਸਵਰਗ ਜਾਣ ਵਾਲਿਆਂ ਨੂੰ ਕਿੱਦਾਂ ਦੇ ਸਰੀਰ ਵਿਚ ਜੀਉਂਦਾ ਕੀਤਾ ਜਾਂਦਾ ਹੈ?
10 ਗੌਰ ਕਰੋ ਕਿ ਪੌਲੁਸ ਨੇ ਅੱਗੇ ਕੀ ਕਿਹਾ: “ਜਿਹੜੇ ਮਰੇ ਹੋਏ ਲੋਕ ਜੀਉਂਦੇ ਹੋਣਗੇ, ਉਨ੍ਹਾਂ ਨਾਲ ਵੀ ਇਸੇ ਤਰ੍ਹਾਂ ਹੋਵੇਗਾ। ਜਿਹੜਾ ਸਰੀਰ ਦੱਬਿਆ ਜਾਂਦਾ ਹੈ, ਉਹ ਗਲ਼ ਜਾਂਦਾ ਹੈ, ਪਰ ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ, ਉਹ ਕਦੀ ਨਹੀਂ ਗਲ਼ਦਾ।” ਅਸੀਂ ਜਾਣਦੇ ਹਾਂ ਕਿ ਮਰਨ ਤੋਂ ਬਾਅਦ ਇਕ ਇਨਸਾਨ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ ਅਤੇ ਮਿੱਟੀ ਵਿਚ ਮਿਲ ਜਾਂਦਾ ਹੈ। (ਉਤ. 3:19) ਸੋ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ “ਜਿਹੜੇ ਸਰੀਰ ਨੂੰ ਜੀਉਂਦਾ ਕੀਤਾ ਜਾਂਦਾ ਹੈ ਉਹ ਕਦੇ ਨਹੀਂ ਗਲ਼ਦਾ”? ਇੱਥੇ ਪੌਲੁਸ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਸੀ ਜਿਨ੍ਹਾਂ ਨੂੰ ਏਲੀਯਾਹ, ਅਲੀਸ਼ਾ ਅਤੇ ਯਿਸੂ ਨੇ ਧਰਤੀ ʼਤੇ ਜੀਉਂਦਾ ਕੀਤਾ ਸੀ। ਪੌਲੁਸ ਇੱਥੇ ਉਨ੍ਹਾਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ “ਸਵਰਗੀ ਸਰੀਰ” ਵਿਚ ਜੀਉਂਦਾ ਕੀਤਾ ਜਾਣਾ ਸੀ।—1 ਕੁਰਿੰ. 15:42-44.
11-12. ਯਿਸੂ ਨੂੰ ਦੁਬਾਰਾ ਜੀਉਂਦਾ ਕਰਨ ਤੋਂ ਬਾਅਦ ਕਿੱਦਾਂ ਦਾ ਸਰੀਰ ਦਿੱਤਾ ਗਿਆ ਅਤੇ ਚੁਣੇ ਹੋਏ ਮਸੀਹੀਆਂ ਨੂੰ ਕਿੱਦਾਂ ਦਾ ਸਰੀਰ ਦਿੱਤਾ ਜਾਂਦਾ ਹੈ?
11 ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਦਾ ਸਰੀਰ ਹੱਡ-ਮਾਸ ਦਾ ਸੀ। ਪਰ ਜਦੋਂ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ, ਤਾਂ ਉਹ “ਸਵਰਗੀ ਸਰੀਰ ਧਾਰ ਕੇ ਜੀਵਨ ਦੇਣ ਵਾਲਾ ਬਣਿਆ” ਅਤੇ ਵਾਪਸ ਸਵਰਗ ਗਿਆ। ਉਸੇ ਤਰ੍ਹਾਂ ਚੁਣੇ ਹੋਏ ਮਸੀਹੀਆਂ ਨੂੰ ਵੀ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ ਜਾਣਾ ਸੀ। ਪੌਲੁਸ ਨੇ ਇਹੀ ਗੱਲ ਸਮਝਾਉਂਦੇ ਹੋਏ ਕਿਹਾ: “ਜਿਵੇਂ ਸਾਡਾ ਰੂਪ ਉਸ ਵਰਗਾ ਹੈ ਜਿਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ, ਇਸੇ ਤਰ੍ਹਾਂ ਸਾਡਾ ਰੂਪ ਉਸ ਵਰਗਾ ਹੋਵੇਗਾ ਜਿਹੜਾ ਸਵਰਗ ਨੂੰ ਗਿਆ ਸੀ।”—1 ਕੁਰਿੰ. 15:45-49.
12 ਸਾਨੂੰ ਇਹ ਜ਼ਰੂਰੀ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਿਸੂ ਨੂੰ ਇਨਸਾਨੀ ਸਰੀਰ ਵਿਚ ਦੁਬਾਰਾ ਜੀਉਂਦਾ ਨਹੀਂ ਕੀਤਾ ਗਿਆ ਸੀ। ਪੌਲੁਸ ਨੇ ਆਪਣੀ ਗੱਲਬਾਤ ਦੇ ਅਖ਼ੀਰ ਵਿਚ ਇਸ ਦਾ ਕਾਰਨ ਦੱਸਿਆ: “ਹੱਡ-ਮਾਸ ਦੇ ਸਰੀਰ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” (1 ਕੁਰਿੰ. 15:50) ਰਸੂਲਾਂ ਅਤੇ ਹੋਰ ਚੁਣੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਵਿਚ ਹੱਡ-ਮਾਸ ਦੇ ਅਤੇ ਨਾਸ਼ਵਾਨ ਸਰੀਰ ਨਹੀਂ ਦਿੱਤੇ ਜਾਣੇ ਸਨ। ਉਨ੍ਹਾਂ ਨੂੰ ਕਦੋਂ ਜੀਉਂਦਾ ਕੀਤਾ ਜਾਣਾ ਸੀ? ਪੌਲੁਸ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਮਰਨ ਤੋਂ ਇਕਦਮ ਬਾਅਦ ਨਹੀਂ, ਸਗੋਂ ਭਵਿੱਖ ਵਿਚ ਜੀਉਂਦਾ ਕੀਤਾ ਜਾਣਾ ਸੀ। ਜਦੋਂ ਪੌਲੁਸ ਨੇ ਪਹਿਲਾ ਕੁਰਿੰਥੀਆਂ ਦੀ ਚਿੱਠੀ ਲਿਖੀ ਸੀ, ਤਾਂ ਉਸ ਸਮੇਂ ਕੁਝ ਰਸੂਲ ਪਹਿਲਾਂ ਹੀ “ਮੌਤ ਦੀ ਨੀਂਦ ਸੌਂ ਚੁੱਕੇ ਸਨ,” ਜਿਵੇਂ ਕਿ ਯਾਕੂਬ। (ਰਸੂ. 12:1, 2) ਬਾਕੀ ਰਸੂਲਾਂ ਅਤੇ ਹੋਰ ਚੁਣੇ ਹੋਇਆਂ ਨੇ ਅਜੇ ‘ਮੌਤ ਦੀ ਨੀਂਦ ਸੌਣਾ’ ਸੀ।—1 ਕੁਰਿੰ. 15:6.
ਮੌਤ ʼਤੇ ਜਿੱਤ
13. ਯਿਸੂ ਦੀ ਮੌਜੂਦਗੀ ਦੌਰਾਨ ਕੀ-ਕੀ ਹੋਣਾ ਸੀ?
13 ਪਹਿਲਾਂ ਯਿਸੂ ਅਤੇ ਫਿਰ ਪੌਲੁਸ ਨੇ ਇਕ ਖ਼ਾਸ ਸਮੇਂ ਯਾਨੀ ਮਸੀਹ ਦੀ ਮੌਜੂਦਗੀ ਵੱਲ ਇਸ਼ਾਰਾ ਕੀਤਾ ਸੀ। ਇਸ ਮੌਜੂਦਗੀ ਦੌਰਾਨ ਪੂਰੀ ਦੁਨੀਆਂ ਵਿਚ ਯੁੱਧ, ਭੁਚਾਲ਼, ਬੀਮਾਰੀਆਂ ਅਤੇ ਇੱਦਾਂ ਦੇ ਹੋਰ ਮਾੜੇ ਹਾਲਾਤ ਪੈਦਾ ਹੋਣੇ ਸਨ। ਅਸੀਂ 1914 ਤੋਂ ਬਾਈਬਲ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਦੇਖ ਰਹੇ ਹਾਂ। ਪਰ ਯਿਸੂ ਨੇ ਭਵਿੱਖਬਾਣੀ ਵਿਚ ਇਹ ਵੀ ਕਿਹਾ ਕਿ ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣਾ ਸੀ ਅਤੇ ਇਸ ਦੀ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਣਾ ਸੀ ਅਤੇ ਫਿਰ ਅੰਤ ਆਉਣਾ ਸੀ।’ (ਮੱਤੀ 24:3, 7-14) ਪੌਲੁਸ ਨੇ ਕਿਹਾ ਕਿ “ਪ੍ਰਭੂ ਦੀ ਮੌਜੂਦਗੀ ਦੌਰਾਨ” ਚੁਣੇ ਹੋਏ ਮਸੀਹੀਆਂ ਨੂੰ ਵੀ ਜੀਉਂਦਾ ਕੀਤਾ ਜਾਣਾ ਸੀ ਜੋ “ਮੌਤ ਦੀ ਨੀਂਦ ਸੌਂ ਗਏ” ਸਨ।—1 ਥੱਸ. 4:14-16; 1 ਕੁਰਿੰ. 15:23.
14. ਉਨ੍ਹਾਂ ਚੁਣੇ ਹੋਏ ਮਸੀਹੀਆਂ ਨੂੰ ਕਦੋਂ ਜੀਉਂਦਾ ਕੀਤਾ ਜਾਂਦਾ ਹੈ ਜੋ ਮਸੀਹ ਦੀ ਮੌਜੂਦਗੀ ਦੌਰਾਨ ਮੌਤ ਦੀ ਨੀਂਦ ਸੌਂ ਜਾਂਦੇ ਹਨ?
14 ਅੱਜ ਜਿਹੜੇ ਚੁਣੇ ਹੋਏ ਮਸੀਹੀ ਮੌਤ ਦੀ ਨੀਂਦ ਸੌਂ ਜਾਂਦੇ ਹਨ, ਉਨ੍ਹਾਂ ਨੂੰ ਉਸੇ ਵੇਲੇ ਸਵਰਗ ਜਾਣ ਲਈ ਦੁਬਾਰਾ ਜੀਉਂਦਾ ਕੀਤਾ ਜਾਂਦਾ ਹੈ। ਇਸ ਗੱਲ ਦਾ ਸਬੂਤ ਪਹਿਲਾ ਕੁਰਿੰਥੀਆਂ 15:51, 52 ਤੋਂ ਮਿਲਦਾ ਹੈ, ਜਿੱਥੇ ਪੌਲੁਸ ਨੇ ਲਿਖਿਆ: “ਸਾਡੇ ਵਿੱਚੋਂ ਸਾਰੇ ਮੌਤ ਦੀ ਨੀਂਦ ਨਹੀਂ ਸੌਣਗੇ, ਪਰ ਅਸੀਂ ਸਾਰੇ ਬਦਲ ਜਾਵਾਂਗੇ। ਅਸੀਂ ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ ਜਾਵਾਂਗੇ।” ਪੌਲੁਸ ਦੇ ਇਹ ਸ਼ਬਦ ਅੱਜ ਪੂਰੇ ਹੋ ਰਹੇ ਹਨ! ਜਦੋਂ ਮਸੀਹ ਦੇ ਭਰਾਵਾਂ ਨੂੰ ਜੀਉਂਦਾ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿਉਂਕਿ ਉਹ “ਹਮੇਸ਼ਾ ਪ੍ਰਭੂ ਦੇ ਨਾਲ” ਰਹਿਣਗੇ।—1 ਥੱਸ. 4:17.
15. “ਅੱਖ ਝਮਕਦਿਆਂ ਹੀ” ਸਵਰਗ ਵਿਚ ਜੀਉਂਦਾ ਕੀਤੇ ਜਾਣ ਵਾਲੇ ਮਸੀਹੀ ਕੀ ਕਰਨਗੇ?
15 ਬਾਈਬਲ ਦੱਸਦੀ ਹੈ ਕਿ ਉਹ ਮਸੀਹੀ ਸਵਰਗ ਵਿਚ ਕੀ ਕਰਨਗੇ ਜਿਨ੍ਹਾਂ ਨੂੰ “ਅੱਖ ਝਮਕਦਿਆਂ ਹੀ” ਜੀਉਂਦਾ ਕੀਤਾ ਜਾਂਦਾ ਹੈ। ਯਿਸੂ ਉਨ੍ਹਾਂ ਨੂੰ ਕਹਿੰਦਾ ਹੈ: “ਜਿਹੜਾ ਜਿੱਤੇਗਾ ਅਤੇ ਜਿਹੜਾ ਅੰਤ ਤਕ ਉਹ ਕੰਮ ਕਰਦਾ ਰਹੇਗਾ ਜਿਨ੍ਹਾਂ ਦਾ ਮੈਂ ਹੁਕਮ ਦਿੱਤਾ ਹੈ, ਉਸ ਇਨਸਾਨ ਨੂੰ ਮੈਂ ਦੁਨੀਆਂ ਦੇ ਲੋਕਾਂ ਉੱਤੇ ਅਧਿਕਾਰ ਦਿਆਂਗਾ, ਜਿਵੇਂ ਪਿਤਾ ਨੇ ਮੈਨੂੰ ਅਧਿਕਾਰ ਦਿੱਤਾ ਹੈ। ਉਹ ਇਨਸਾਨ ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਅਧਿਕਾਰ ਚਲਾ ਕੇ ਉਨ੍ਹਾਂ ਨੂੰ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ-ਟੋਟੇ ਕਰ ਦੇਵੇਗਾ।” (ਪ੍ਰਕਾ. 2:26, 27) ਉਹ ਆਪਣੇ ਸੈਨਾਪਤੀ ਯਿਸੂ ਦੇ ਪਿੱਛੇ-ਪਿੱਛੇ ਚੱਲ ਕੇ ਲੋਹੇ ਦੇ ਡੰਡੇ ਨਾਲ ਕੌਮਾਂ ʼਤੇ ਅਧਿਕਾਰ ਚਲਾਉਣਗੇ।—ਪ੍ਰਕਾ. 19: 11-15.
16. ਬਹੁਤ ਸਾਰੇ ਇਨਸਾਨ ਮੌਤ ʼਤੇ ਕਿਵੇਂ ਜਿੱਤ ਹਾਸਲ ਕਰਨਗੇ?
16 ਇਹ ਗੱਲ ਸਾਫ਼ ਹੈ ਕਿ ਚੁਣੇ ਹੋਏ ਮਸੀਹੀ ਮੌਤ ʼਤੇ ਜਿੱਤ ਹਾਸਲ ਕਰਨਗੇ। (1 ਕੁਰਿੰ. 15:54-57) ਸਵਰਗ ਵਿਚ ਦੁਬਾਰਾ ਜੀਉਂਦੇ ਹੋਣ ਕਰਕੇ ਉਹ ਆਰਮਾਗੇਡਨ ਦੀ ਲੜਾਈ ਦੌਰਾਨ ਸਾਰੀ ਧਰਤੀ ʼਤੇ ਦੁਸ਼ਟਤਾ ਨੂੰ ਖ਼ਤਮ ਕਰਨ ਵਿਚ ਵੀ ਹਿੱਸਾ ਲੈਣਗੇ। ਧਰਤੀ ʼਤੇ ਲੱਖਾਂ-ਕਰੋੜਾਂ ਸੱਚੇ ਮਸੀਹੀ ‘ਮਹਾਂਕਸ਼ਟ ਵਿੱਚੋਂ ਬਚ ਨਿਕਲਣਗੇ’ ਅਤੇ ਨਵੀਂ ਦੁਨੀਆਂ ਵਿਚ ਰਹਿਣਗੇ। (ਪ੍ਰਕਾ. 7:14) ਇਹ ਲੋਕ ਆਪਣੀ ਅੱਖੀਂ ਮੌਤ ʼਤੇ ਜਿੱਤ ਦੇਖਣਗੇ ਜਦੋਂ ਮਰ ਚੁੱਕੇ ਅਰਬਾਂ-ਖਰਬਾਂ ਲੋਕਾਂ ਨੂੰ ਧਰਤੀ ʼਤੇ ਜੀ ਉਠਾਇਆ ਜਾਵੇਗਾ। ਜ਼ਰਾ ਸੋਚੋ, ਇਹ ਸਮਾਂ ਕਿੰਨਾ ਖ਼ੁਸ਼ੀਆਂ ਭਰਿਆ ਹੋਵੇਗਾ! (ਰਸੂ. 24:15) ਨਾਲੇ ਜੋ ਲੋਕ ਯਹੋਵਾਹ ਦੇ ਪੂਰੀ ਤਰ੍ਹਾਂ ਵਫ਼ਾਦਾਰ ਰਹਿਣਗੇ, ਉਹ ਆਦਮ ਤੋਂ ਵਿਰਾਸਤ ਵਿਚ ਮਿਲੀ ਮੌਤ ʼਤੇ ਵੀ ਜਿੱਤ ਹਾਸਲ ਕਰਨਗੇ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ।
17. ਪਹਿਲਾ ਕੁਰਿੰਥੀਆਂ 15:58 ਵਿਚ ਸਾਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ?
17 ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਦੁਬਾਰਾ ਜੀਉਂਦੇ ਹੋਣ ਬਾਰੇ ਜੋ ਲਿਖਿਆ, ਉਸ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ। ਸੋ ਆਓ ਅਸੀਂ ਪੌਲੁਸ ਦੀ ਸਲਾਹ ਮੰਨਦੇ ਹੋਏ “ਪ੍ਰਭੂ ਦੇ ਕੰਮ ਵਿਚ” ਹਮੇਸ਼ਾ ਰੁੱਝੇ ਰਹੀਏ। (1 ਕੁਰਿੰਥੀਆਂ 15:58 ਪੜ੍ਹੋ।) ਜੇ ਅਸੀਂ ਵਫ਼ਾਦਾਰੀ ਅਤੇ ਪੂਰੇ ਜੋਸ਼ ਨਾਲ ਇਸ ਕੰਮ ਵਿਚ ਹਿੱਸਾ ਲੈਂਦੇ ਰਹਾਂਗੇ, ਤਾਂ ਅਸੀਂ ਖ਼ੁਸ਼ੀਆਂ ਭਰੀ ਜ਼ਿੰਦਗੀ ਦੀ ਉਮੀਦ ਰੱਖ ਸਕਦੇ ਹਾਂ। ਉਹ ਜ਼ਿੰਦਗੀ ਸਾਡੀ ਕਲਪਨਾ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ। ਉਸ ਵੇਲੇ ਇਹ ਸਾਬਤ ਹੋ ਜਾਵੇਗਾ ਕਿ ਅਸੀਂ ਪ੍ਰਭੂ ਦੇ ਕੰਮ ਵਿਚ ਜੋ ਮਿਹਨਤ ਕੀਤੀ ਸੀ, ਉਹ ਬੇਕਾਰ ਨਹੀਂ ਗਈ।
ਗੀਤ 55 ਸਦਾ ਦੀ ਜ਼ਿੰਦਗੀ
a ਪਹਿਲਾ ਕੁਰਿੰਥੀਆਂ ਦੇ 15ਵੇਂ ਅਧਿਆਇ ਦੀਆਂ ਬਾਕੀ ਆਇਤਾਂ ਖ਼ਾਸ ਕਰਕੇ ਚੁਣੇ ਹੋਏ ਮਸੀਹੀਆਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਬਾਰੇ ਦੱਸਦੀਆਂ ਹਨ। ਪਰ ਇਸ ਅਧਿਆਇ ਵਿਚ ਲਿਖੀਆਂ ਗੱਲਾਂ ਹੋਰ ਭੇਡਾਂ ਲਈ ਵੀ ਅਹਿਮੀਅਤ ਰੱਖਦੀਆਂ ਹਨ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਦੁਬਾਰਾ ਜੀ ਉਠਾਏ ਜਾਣ ਦੀ ਉਮੀਦ ਦਾ ਅੱਜ ਸਾਡੇ ਜੀਵਨ ਢੰਗ ʼਤੇ ਕੀ ਅਸਰ ਪੈਣਾ ਚਾਹੀਦਾ ਹੈ ਅਤੇ ਇਸ ਕਰਕੇ ਅਸੀਂ ਖ਼ੁਸ਼ੀਆਂ ਭਰੀ ਜ਼ਿੰਦਗੀ ਦੀ ਉਡੀਕ ਕਿਉਂ ਕਰ ਸਕਦੇ ਹਾਂ।
b ਇਸ ਅੰਕ ਦੇ “ਪਾਠਕਾਂ ਵੱਲੋਂ ਸਵਾਲ” ਨਾਂ ਦੇ ਲੇਖ ਵਿਚ 1 ਕੁਰਿੰਥੀਆਂ 15:29 ਬਾਰੇ ਸਮਝਾਇਆ ਗਿਆ ਹੈ।