ਜੀ ਉਠਾਏ ਜਾਣ ਦੀ ਉਮੀਦ ਰਾਹੀਂ ਹਿੰਮਤ
‘ਮੈਂ ਸਭਨਾਂ ਗੱਲਾਂ ਦੀ ਹਾਨ ਝੱਲੀ ਤਾਂ ਜੋ ਮੈਂ ਯਿਸੂ ਮਸੀਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸ਼ਕਤੀ ਨੂੰ ਜਾਣ ਲਵਾਂ।’—ਫ਼ਿਲਿੱਪੀਆਂ 3:8-10.
1, 2. (ੳ) ਕਈ ਸਾਲ ਪਹਿਲਾਂ ਇਕ ਪਾਦਰੀ ਨੇ ਮੁਰਦਿਆਂ ਦੇ ਜੀ ਉੱਠਣ ਬਾਰੇ ਕੀ ਕਿਹਾ ਸੀ? (ਅ) ਅਸਲੀ ਜੀ ਉੱਠਣਾ ਕਿਸ ਤਰ੍ਹਾਂ ਹੋਵੇਗਾ?
ਅਠਾਰਾਂ ਸੌ ਨੱਬੇ ਦੇ ਦਹਾਕੇ ਦੇ ਮੁਢਲਿਆਂ ਸਾਲਾਂ ਵਿਚ ਅਖ਼ਬਾਰਾਂ ਵਿਚ ਇਕ ਅਨੋਖੇ ਭਾਸ਼ਣ ਦੀ ਰਿਪੋਰਟ ਦਿੱਤੀ ਗਈ ਸੀ। ਇਹ ਭਾਸ਼ਣ ਇਕ ਪਾਦਰੀ ਨੇ ਬਰੁਕਲਿਨ, ਨਿਊਯਾਰਕ, ਅਮਰੀਕਾ ਵਿਚ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਮਨੁੱਖੀ ਸਰੀਰ ਦੀਆਂ ਸਾਰੀਆਂ ਹੱਡੀਆਂ ਅਤੇ ਮਾਸ ਫਿਰ ਤੋਂ ਇਕੱਠਾ ਕਰ ਕੇ ਇਨਸਾਨਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਚਾਹੇ ਇਨਸਾਨ ਅੱਗ ਵਿਚ ਜਾਂ ਕਿਸੇ ਹਾਦਸੇ ਦੌਰਾਨ ਮਰੇ ਹੋਣ, ਕਿਸੇ ਜਾਨਵਰ ਦੁਆਰਾ ਖਾਧੇ ਗਏ ਜਾਂ ਖਾਦ ਬਣ ਗਏ ਹੋਣ, ਉਹ ਜੀ ਉੱਠਣਗੇ। ਉਸ ਪਾਦਰੀ ਨੇ ਇਹ ਵਿਸ਼ਵਾਸ ਪ੍ਰਗਟ ਕੀਤਾ ਕਿ ਇਕ ਖ਼ਾਸ ਦਿਨ ਤੇ 24 ਘੰਟਿਆਂ ਦੇ ਅੰਦਰ-ਅੰਦਰ ਕਰੋੜਾਂ ਮੁਰਦਿਆਂ ਦੇ ਹੱਥ, ਪੈਰ, ਉਂਗਲੀਆਂ, ਹੱਡੀਆਂ, ਨਸਾਂ, ਅਤੇ ਮਾਸ ਕਾਰਨ ਆਕਾਸ਼ ਵਿਚ ਹਨੇਰਾ ਹੋ ਜਾਵੇਗਾ। ਇਹ ਸਾਰੇ ਹਿੱਸੇ ਆਪਣੇ-ਆਪਣੇ ਸਰੀਰ ਦੇ ਦੂਸਰਿਆਂ ਹਿੱਸਿਆਂ ਨੂੰ ਲੱਭਣਗੇ। ਅਤੇ ਰੂਹਾਂ ਸਵਰਗ ਅਤੇ ਨਰਕ ਤੋਂ ਆ ਕੇ ਇਨ੍ਹਾਂ ਜੀ ਉੱਠੇ ਸਰੀਰਾਂ ਵਿਚ ਵਸ ਜਾਣਗੀਆਂ।
2 ਪਰ, ਜੀ ਉੱਠਣਾ ਇਸ ਤਰ੍ਹਾਂ ਸਰੀਰ ਦੇ ਪਹਿਲੇ ਹਿੱਸਿਆਂ ਨੂੰ ਇਕੱਠੇ ਕਰਨ ਦੁਆਰਾ ਨਹੀਂ ਹੋਵੇਗਾ ਅਤੇ ਨਾ ਹੀ ਇਨਸਾਨਾਂ ਦੇ ਅੰਦਰ ਕੋਈ ਅਮਰ ਚੀਜ਼ ਹੈ। (ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4) ਯਹੋਵਾਹ ਪਰਮੇਸ਼ੁਰ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਅਤੇ ਉਸ ਨੂੰ ਇਨਸਾਨ ਦੇ ਸਰੀਰ ਦੇ ਹਿੱਸਿਆਂ ਨੂੰ ਮੁੜ ਕੇ ਇਕੱਠਾ ਕਰਨ ਦੀ ਕੋਈ ਲੋੜ ਨਹੀਂ। ਉਹ ਜੀ ਉਠਾਏ ਗਏ ਲੋਕਾਂ ਲਈ ਨਵੇਂ ਸਰੀਰ ਬਣਾ ਸਕਦਾ ਹੈ। ਯਹੋਵਾਹ ਨੇ ਆਪਣੇ ਪੁੱਤਰ, ਯਿਸੂ ਮਸੀਹ, ਨੂੰ ਮੁਰਦਿਆਂ ਨੂੰ ਜੀ ਉਠਾਉਣ ਦੀ ਸ਼ਕਤੀ ਦਿੱਤੀ ਹੈ ਅਤੇ ਉਹ ਸਦਾ ਦੇ ਜੀਵਨ ਦੀ ਆਸ ਰੱਖ ਸਕਦੇ ਹਨ। (ਯੂਹੰਨਾ 5:26) ਇਸ ਲਈ ਯਿਸੂ ਨੇ ਕਿਹਾ ਕਿ “ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।” (ਯੂਹੰਨਾ 11:25, 26) ਇਹ ਵਾਅਦਾ ਸਾਡੇ ਦਿਲ ਨੂੰ ਕਿੰਨਾ ਖ਼ੁਸ਼ ਕਰਦਾ ਹੈ! ਇਹ ਸਾਨੂੰ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਵਜੋਂ ਅਜ਼ਮਾਇਸ਼ਾਂ ਅਤੇ ਮੌਤ ਦਾ ਵੀ ਸਾਮ੍ਹਣਾ ਕਰਨ ਲਈ ਹਿੰਮਤ ਦਿੰਦਾ ਹੈ।
3. ਪੌਲੁਸ ਨੂੰ ਜੀ ਉਠਾਏ ਜਾਣ ਦੀ ਸਿੱਖਿਆ ਦੀ ਸਫ਼ਾਈ ਕਿਉਂ ਪੇਸ਼ ਕਰਨ ਦੀ ਲੋੜ ਸੀ?
3 ਯੂਨਾਨੀ ਫ਼ਿਲਾਸਫ਼ਰ ਅਫਲਾਤੂਨ ਵਿਸ਼ਵਾਸ ਕਰਦਾ ਸੀ ਕਿ ਇਨਸਾਨਾਂ ਦੇ ਅੰਦਰ ਕੋਈ ਚੀਜ਼ ਹੈ ਜੋ ਸਰੀਰ ਦੀ ਮੌਤ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਪਰ ਇਹ ਵਿਚਾਰ ਜੀ ਉਠਾਏ ਜਾਣ ਦੀ ਸਿੱਖਿਆ ਨਾਲ ਸਹਿਮਤ ਨਹੀਂ ਹੈ। ਤਾਂ ਫਿਰ, ਉਦੋਂ ਕੀ ਹੋਇਆ ਸੀ ਜਦੋਂ ਪੌਲੁਸ ਰਸੂਲ ਨੇ ਐਥਿਨਜ਼ ਵਿਚ ਅਰਿਯੁਪਗੁਸ ਦੇ ਮੁੱਖ ਯੂਨਾਨੀ ਲੋਕਾਂ ਨਾਲ ਯਿਸੂ ਬਾਰੇ ਗੱਲ ਕਰ ਕੇ ਕਿਹਾ ਸੀ ਕਿ ਪਰਮੇਸ਼ੁਰ ਨੇ ਉਸ ਨੂੰ ਜੀ ਉਠਾਇਆ ਸੀ? ਬਾਈਬਲ ਦੱਸਦੀ ਹੈ ਕਿ “ਜਾਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ।” (ਰਸੂਲਾਂ ਦੇ ਕਰਤੱਬ 17:29-34) ਕਈ ਵਿਅਕਤੀ ਜਿਨ੍ਹਾਂ ਨੇ ਜੀ ਉਠਾਏ ਗਏ ਯਿਸੂ ਨੂੰ ਦੇਖਿਆ ਸੀ ਹਾਲੇ ਆਪ ਜੀਉਂਦੇ ਸਨ ਅਤੇ ਉਨ੍ਹਾਂ ਨੇ ਮਖੌਲ ਉਡਾਏ ਜਾਣ ਦੇ ਬਾਵਜੂਦ ਗਵਾਹੀ ਦਿੱਤੀ ਕਿ ਉਹ ਮੁਰਦਿਆਂ ਤੋਂ ਜੀ ਉਠਾਇਆ ਗਿਆ ਸੀ। ਪਰ ਕੁਰਿੰਥੁਸ ਦੀ ਕਲੀਸਿਯਾ ਨਾਲ ਸੰਗਤ ਰੱਖਣ ਵਾਲੇ ਝੂਠੇ ਮਸੀਹੀਆਂ ਨੇ ਜੀ ਉਠਾਏ ਜਾਣ ਦੀ ਸਿੱਖਿਆ ਦਾ ਇਨਕਾਰ ਕੀਤਾ। ਇਸ ਲਈ ਪੌਲੁਸ ਨੇ ਕੁਰਿੰਥੀਆਂ ਦੀ ਪਹਿਲੀ ਪੱਤਰੀ ਦੇ 15ਵੇਂ ਅਧਿਆਇ ਵਿਚ ਇਸ ਮਸੀਹੀ ਸਿੱਖਿਆ ਦੀ ਵਧੀਆ ਸਫ਼ਾਈ ਪੇਸ਼ ਕੀਤੀ। ਧਿਆਨ ਨਾਲ ਉਸ ਦੀਆਂ ਗੱਲਾਂ ਦੀ ਜਾਂਚ ਕਰਨ ਦੁਆਰਾ ਅਸੀਂ ਦੇਖ ਸਕਦੇ ਹਾਂ ਕਿ ਜੀ ਉਠਾਏ ਜਾਣ ਦੀ ਉਮੀਦ ਸੱਚ-ਮੁੱਚ ਪੱਕੀ ਅਤੇ ਪ੍ਰਭਾਵਸ਼ਾਲੀ ਹੈ।
ਯਿਸੂ ਦੇ ਜੀ ਉਠਾਏ ਜਾਣ ਦਾ ਪੱਕਾ ਸਬੂਤ
4. ਪੌਲੁਸ ਨੇ ਯਿਸੂ ਦੇ ਜੀ ਉਠਾਏ ਜਾਣ ਦਾ ਕਿਹੜਾ ਅੱਖੀਂ ਦੇਖਿਆ ਸਬੂਤ ਦਿੱਤਾ ਸੀ?
4 ਗੌਰ ਕਰੋ ਕਿ ਪੌਲੁਸ ਨੇ ਆਪਣੀ ਸਫ਼ਾਈ ਪੇਸ਼ ਕਰਨੀ ਕਿੱਦਾਂ ਸ਼ੁਰੂ ਕੀਤੀ ਸੀ। (1 ਕੁਰਿੰਥੀਆਂ 15:1-11) ਜੇਕਰ ਕੁਰਿੰਥੀ ਲੋਕਾਂ ਨੇ ਖ਼ੁਸ਼ ਖ਼ਬਰੀ ਵਿਚ ਵਿਸ਼ਵਾਸ ਰੱਖਣਾ ਸੀ ਤਾਂ ਉਨ੍ਹਾਂ ਕੋਲ ਮਸੀਹੀ ਬਣਨ ਦਾ ਚੰਗਾ ਕਾਰਨ ਹੋਣਾ ਚਾਹੀਦਾ ਸੀ। ਮਸੀਹ ਸਾਡਿਆਂ ਪਾਪਾਂ ਲਈ ਮਰਿਆ, ਦਫ਼ਨਾਇਆ ਗਿਆ, ਅਤੇ ਜੀ ਉਠਾਇਆ ਗਿਆ ਸੀ। ਦਰਅਸਲ, ਜੀ ਉਠਾਏ ਗਏ ਯਿਸੂ ਨੇ ਕੇਫ਼ਾਸ, ਯਾਨੀ ਪਤਰਸ ਨੂੰ ਅਤੇ “ਫੇਰ ਉਨ੍ਹਾਂ ਬਾਰਾਂ ਨੂੰ” ਦਰਸ਼ਣ ਦਿੱਤਾ ਸੀ। (ਯੂਹੰਨਾ 20:19-23) ਫਿਰ ਕੁਝ 500 ਵਿਅਕਤੀਆਂ ਨੇ ਉਸ ਨੂੰ ਸ਼ਾਇਦ ਉਸ ਵੇਲੇ ਦੇਖਿਆ ਸੀ ਜਦੋਂ ਉਸ ਨੇ ਹੁਕਮ ਦਿੱਤਾ ਸੀ ਕਿ ‘ਜਾ ਕੇ ਚੇਲੇ ਬਣਾਓ।’ (ਮੱਤੀ 28:19, 20) ਯਾਕੂਬ ਅਤੇ ਬਾਕੀ ਦੇ ਵਫ਼ਾਦਾਰ ਰਸੂਲਾਂ ਨੇ ਵੀ ਉਸ ਨੂੰ ਦੇਖਿਆ ਸੀ। (ਰਸੂਲਾਂ ਦੇ ਕਰਤੱਬ 1:6-11) ਦੰਮਿਸਕ ਦੇ ਲਾਗੇ ਯਿਸੂ ਨੇ ਸੌਲੁਸ ਨੂੰ ਦਰਸ਼ਣ ਦਿੱਤਾ। ਉਸ ਵੇਲੇ ਸੌਲੁਸ ‘ਇੱਕ ਅਧੂਰੇ ਜੰਮੇ’ ਆਦਮੀ ਵਰਗਾ ਸੀ, ਜਿਵੇਂ ਕਿ ਉਹ ਇਕ ਆਤਮਿਕ ਪ੍ਰਾਣੀ ਵਜੋਂ ਪਹਿਲਾਂ ਹੀ ਜੀ ਉਠਾਇਆ ਗਿਆ ਹੋਵੇ। (ਰਸੂਲਾਂ ਦੇ ਕਰਤੱਬ 9:1-9) ਕੁਰਿੰਥੀ ਲੋਕ ਇਸ ਲਈ ਮਸੀਹੀ ਬਣੇ ਕਿਉਂਕਿ ਪੌਲੁਸ ਨੇ ਉਨ੍ਹਾਂ ਨੂੰ ਪ੍ਰਚਾਰ ਕੀਤਾ ਸੀ ਅਤੇ ਉਨ੍ਹਾਂ ਨੇ ਖ਼ੁਸ਼ ਖ਼ਬਰੀ ਕਬੂਲ ਕੀਤੀ ਸੀ।
5. ਪੌਲੁਸ ਨੇ 1 ਕੁਰਿੰਥੀਆਂ 15:12-19 ਵਿਚ ਕੀ ਕਿਹਾ ਸੀ?
5 ਪੌਲੁਸ ਦੀਆਂ ਗੱਲਾਂ ਉੱਤੇ ਗੌਰ ਕਰੋ। (1 ਕੁਰਿੰਥੀਆਂ 15:12-19) ਉਸ ਨੇ ਪੁੱਛਿਆ ਕਿ ਜੇ ਚਸ਼ਮਦੀਦ ਗਵਾਹ ਮਸੀਹ ਦੇ ਜੀ ਉਠਾਏ ਜਾਣ ਬਾਰੇ ਪ੍ਰਚਾਰ ਕਰ ਰਹੇ ਹਨ, ਤਾਂ ਫਿਰ ਇਹ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜੀ ਉਠਾਉਣ ਦੀ ਸਿੱਖਿਆ ਗ਼ਲਤ ਹੈ? ਜੇਕਰ ਯਿਸੂ ਮੁਰਦਿਆਂ ਤੋਂ ਨਹੀਂ ਜੀ ਉਠਾਇਆ ਗਿਆ ਤਾਂ ਸਾਡਾ ਪ੍ਰਚਾਰ ਅਤੇ ਸਾਡੀ ਨਿਹਚਾ ਬੇਕਾਰ ਹਨ; ਅਸੀਂ ਪਰਮੇਸ਼ੁਰ ਬਾਰੇ ਝੂਠੀ ਗਵਾਹੀ ਦਿੰਦੇ ਹਾਂ ਕਿ ਉਸ ਨੇ ਮਸੀਹ ਨੂੰ ਜੀ ਉਠਾਇਆ ਹੈ। ਜੇਕਰ ਮਰੇ ਹੋਏ ਨਹੀਂ ਜੀ ਉਠਾਏ ਗਏ ਤਾਂ ‘ਅਸੀਂ ਅਜੇ ਆਪਣੇ ਪਾਪਾਂ ਵਿੱਚ ਹਾਂ,’ ਅਤੇ ਜਿਹੜੇ ਮਸੀਹ ਵਿਚ ਵਿਸ਼ਵਾਸ ਕਰ ਕੇ ਮਰ ਗਏ ਹਨ ਉਹ ਨਾਸ਼ ਹੋ ਗਏ ਹਨ। ਇਸ ਤੋਂ ਇਲਾਵਾ, “ਜੇ ਨਿਰੇ ਇਸੇ ਜੀਵਨ ਵਿੱਚ ਅਸਾਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਜੋਗ ਹਾਂ।”
6. (ੳ) ਪੌਲੁਸ ਨੇ ਯਿਸੂ ਦੇ ਜੀ ਉੱਠਣ ਬਾਰੇ ਵਿਸ਼ਵਾਸ ਦਿਲਾਉਣ ਲਈ ਕੀ ਕਿਹਾ ਸੀ? (ਅ) “ਛੇਕੜਲਾ ਵੈਰੀ” ਕੀ ਹੈ ਅਤੇ ਉਸ ਦਾ ਨਾਸ਼ ਕਿਸ ਤਰ੍ਹਾਂ ਕੀਤਾ ਜਾਵੇਗਾ?
6 ਪੌਲੁਸ ਨੇ ਯਿਸੂ ਦੇ ਜੀ ਉੱਠਣ ਬਾਰੇ ਵਿਸ਼ਵਾਸ ਦਿਲਾਇਆ ਸੀ। (1 ਕੁਰਿੰਥੀਆਂ 15:20-28) ਉਸ ਨੇ ਕਿਹਾ ਸੀ ਕਿ ਜਿਵੇਂ ਯਿਸੂ ਮਰੇ ਹੋਇਆਂ ਦਾ “ਪਹਿਲਾ ਫਲ” ਹੈ ਇਸੇ ਤਰ੍ਹਾਂ ਦੂਸਰੇ ਵੀ ਜੀ ਉਠਾਏ ਜਾਣਗੇ। ਜਿਵੇਂ ਮੌਤ ਇਕ ਮਨੁੱਖ, ਆਦਮ, ਦੀ ਅਣਆਗਿਆਕਾਰੀ ਦਾ ਨਤੀਜਾ ਹੈ, ਜੀ ਉੱਠਣਾ ਵੀ ਇਕ ਮਨੁੱਖ, ਯਿਸੂ ਰਾਹੀਂ ਮੁਮਕਿਨ ਹੈ। ਜਿਹੜੇ ਮਸੀਹ ਦੇ ਹਨ ਉਹ ਉਸ ਦੀ ਮੌਜੂਦਗੀ ਦੌਰਾਨ ਜੀ ਉਠਾਏ ਜਾਣਗੇ। ਮਸੀਹ ਪਰਮੇਸ਼ੁਰ ਦੇ ਉੱਤਮ ਅਧਿਕਾਰ ਦਾ ਵਿਰੋਧ ਕਰਨ ਵਾਲੀ ‘ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ ਨੂੰ ਨਾਸ ਕਰ ਦੇਵੇਗਾ,’ ਅਤੇ ਉੱਨਾ ਚਿਰ ਉਹ ਰਾਜ ਕਰੇਗਾ ਜਿੰਨਾ ਚਿਰ ਯਹੋਵਾਹ ਉਸ ਦੇ ਸਾਰੇ ਵੈਰੀਆਂ ਨੂੰ ਉਸ ਦੇ ਪੈਰਾਂ ਹੇਠ ਨਾ ਕਰ ਦੇਵੇ। ਯਿਸੂ ਦੇ ਬਲੀਦਾਨ ਰਾਹੀਂ ‘ਛੇਕੜਲੇ ਵੈਰੀ’ ਦਾ ਵੀ ਨਾਸ਼ ਕੀਤਾ ਜਾਵੇਗਾ, ਯਾਨੀ ਆਦਮ ਤੋਂ ਮਿਲੀ ਮੌਤ ਦਾ ਨਾਸ਼ ਕੀਤਾ ਜਾਵੇਗਾ। ਫਿਰ ਮਸੀਹ ਆਪਣੇ ਪਰਮੇਸ਼ੁਰ ਅਤੇ ਪਿਤਾ ਨੂੰ ਰਾਜ ਸੌਂਪ ਦੇਵੇਗਾ, ਅਤੇ ਆਪਣੇ ਆਪ ਨੂੰ ਉਸ ਦੇ ਅਧੀਨ ਕਰੇਗਾ “ਜਿਹ ਨੇ ਸੱਭੋ ਕੁਝ ਉਹ ਦੇ ਅਧੀਨ ਕਰ ਦਿੱਤਾ ਭਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁਝ ਹੋਵੇ।”
ਮੁਰਦਿਆਂ ਲਈ ਬਪਤਿਸਮਾ ਲੈਣਾ?
7. ਕੌਣ ‘ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ’ ਅਤੇ ਉਨ੍ਹਾਂ ਲਈ ਇਸ ਦਾ ਕੀ ਮਤਲਬ ਹੈ?
7 ਜੀ ਉਠਾਉਣ ਦੀ ਸਿੱਖਿਆ ਦੇ ਵਿਰੋਧੀਆਂ ਨੂੰ ਪੁੱਛਿਆ ਗਿਆ ਸੀ ਕਿ “ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਓਹ ਕੀ ਕਰਨਗੇ?” (1 ਕੁਰਿੰਥੀਆਂ 15:29) ਪੌਲੁਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਜੀਉਂਦਿਆਂ ਨੂੰ ਮੁਰਦਿਆਂ ਲਈ ਬਪਤਿਸਮਾ ਲੈਣ ਦੀ ਲੋੜ ਸੀ ਕਿਉਂਕਿ ਯਿਸੂ ਦੇ ਚੇਲਿਆਂ ਨੂੰ ਖ਼ੁਦ ਸਿੱਖਣ, ਵਿਸ਼ਵਾਸ ਕਰਨ, ਅਤੇ ਬਪਤਿਸਮਾ ਲੈਣ ਦੀ ਲੋੜ ਸੀ। (ਮੱਤੀ 28:19, 20; ਰਸੂਲਾਂ ਦੇ ਕਰਤੱਬ 2:41) ਮਸਹ ਕੀਤੇ ਹੋਏ ਮਸੀਹੀਆਂ ਦਾ ‘ਮੁਰਦਿਆਂ ਦੇ ਲਈ ਬਪਤਿਸਮਾ ਲੈਣ’ ਦਾ ਮਤਲਬ ਇਹ ਹੈ ਕਿ ਉਹ ਅਜਿਹਾ ਜੀਵਨ ਸਵੀਕਾਰ ਕਰਦੇ ਹਨ ਜਿਸ ਦੇ ਅੰਤ ਵਿਚ ਉਹ ਮਰਨਗੇ ਅਤੇ ਜੀ ਉਠਾਏ ਜਾਣਗੇ। ਅਜਿਹਾ ਬਪਤਿਸਮਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਉਨ੍ਹਾਂ ਨੂੰ ਸਵਰਗੀ ਜੀਵਨ ਦੀ ਉਮੀਦ ਦਿੰਦੀ ਹੈ ਅਤੇ ਉਦੋਂ ਖ਼ਤਮ ਹੁੰਦਾ ਹੈ ਜਦੋਂ ਉਹ ਮੌਤ ਤੋਂ ਬਾਅਦ ਸਵਰਗ ਵਿਚ ਅਮਰ ਆਤਮਿਕ ਪ੍ਰਾਣੀਆਂ ਵਜੋਂ ਜੀ ਉਠਾਏ ਜਾਂਦੇ ਹਨ।—ਰੋਮੀਆਂ 6:3-5; 8:16, 17; 1 ਕੁਰਿੰਥੀਆਂ 6:14.
8. ਮਸੀਹੀ ਕਿਸ ਚੀਜ਼ ਦੀ ਉਮੀਦ ਰੱਖ ਸਕਦੇ ਹਨ ਭਾਵੇਂ ਕਿ ਸ਼ਤਾਨ ਅਤੇ ਉਸ ਦੇ ਸੇਵਕ ਉਨ੍ਹਾਂ ਦੀ ਜਾਨ ਲੈ ਲੈਣ?
8 ਪੌਲੁਸ ਦੇ ਸ਼ਬਦ ਦਿਖਾਉਂਦੇ ਹਨ ਕਿ ਜੀ ਉਠਾਏ ਜਾਣ ਦੀ ਉਮੀਦ ਮਸੀਹੀਆਂ ਨੂੰ ਹਿੰਮਤ ਦਿੰਦੀ ਹੈ ਤਾਂਕਿ ਉਹ ਰਾਜ ਪ੍ਰਚਾਰ ਦਾ ਕੰਮ ਕਰਦੇ ਹੋਏ ਲਗਾਤਾਰ ਅਤੇ ਹਰ ਰੋਜ਼ ਖ਼ਤਰਿਆਂ ਅਤੇ ਮੌਤ ਦਾ ਸਾਮ੍ਹਣਾ ਕਰ ਸਕਣ। (1 ਕੁਰਿੰਥੀਆਂ 15:30, 31) ਉਹ ਜਾਣਦੇ ਹਨ ਕਿ ਜੇ ਯਹੋਵਾਹ ਸ਼ਤਾਨ ਅਤੇ ਉਸ ਦੇ ਸੇਵਕਾਂ ਨੂੰ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਇਜਾਜ਼ਤ ਦਿੰਦਾ ਹੈ, ਤਾਂ ਉਹ ਉਨ੍ਹਾਂ ਨੂੰ ਦੁਬਾਰਾ ਜੀਵਨ ਬਖ਼ਸ਼ ਸਕਦਾ ਹੈ। ਸਿਰਫ਼ ਪਰਮੇਸ਼ੁਰ ਹੀ ਗ਼ਹੈਨਾ ਵਿਚ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਸਕਦਾ ਹੈ।—ਲੂਕਾ 12:5, ਨਿ ਵ.
ਚੌਕਸ ਰਹੋ
9. ਜੇਕਰ ਅਸੀਂ ਜੀ ਉਠਾਏ ਜਾਣ ਦੀ ਉਮੀਦ ਤੋਂ ਹਿੰਮਤ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਕਿਨ੍ਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ?
9 ਜੀ ਉਠਾਏ ਜਾਣ ਦੀ ਉਮੀਦ ਨੇ ਪੌਲੁਸ ਨੂੰ ਹਿੰਮਤ ਦਿੱਤੀ ਸੀ। ਜਦੋਂ ਉਹ ਅਫ਼ਸੁਸ ਵਿਚ ਸੀ, ਹੋ ਸਕਦਾ ਹੈ ਕਿ ਉਸ ਦੇ ਦੁਸ਼ਮਣਾਂ ਨੇ ਉਸ ਨੂੰ ਦਰਿੰਦਿਆਂ ਸਾਮ੍ਹਣੇ ਲੜਨ ਲਈ ਸੁੱਟਿਆ ਹੋਵੇ। (1 ਕੁਰਿੰਥੀਆਂ 15:32) ਜੇ ਇਸ ਤਰ੍ਹਾਂ ਹੋਇਆ ਸੀ ਤਾਂ ਜਿਵੇਂ ਦਾਨੀਏਲ ਸ਼ੇਰਾਂ ਤੋਂ ਬਚਾਇਆ ਗਿਆ ਸੀ ਉਸੇ ਤਰ੍ਹਾਂ ਪੌਲੁਸ ਵੀ ਬਚਾਇਆ ਗਿਆ ਸੀ। (ਦਾਨੀਏਲ 6:16-22; ਇਬਰਾਨੀਆਂ 11:32, 33) ਜੀ ਉਠਾਏ ਜਾਣ ਦੀ ਉਮੀਦ ਵਿਚ ਭਰੋਸਾ ਰੱਖ ਕੇ ਪੌਲੁਸ ਨੇ ਯਸਾਯਾਹ ਦੇ ਦਿਨ ਵਿਚ ਰਹਿਣ ਵਾਲਿਆਂ ਧਰਮ-ਤਿਆਗੀਆਂ ਵਰਗਾ ਰਵੱਈਆ ਨਹੀਂ ਅਪਣਾਇਆ ਸੀ। ਉਨ੍ਹਾਂ ਨੇ ਇਹ ਕਿਹਾ ਸੀ ਕਿ ਆਓ “ਅਸੀਂ ਖਾਈਏ ਪੀਵੀਏ, ਕਿਉਂ ਜੋ ਕੱਲ ਅਸੀਂ ਮਰਾਂਗੇ।” (ਯਸਾਯਾਹ 22:13) ਜੇਕਰ ਅਸੀਂ ਪੌਲੁਸ ਵਾਂਗ ਜੀ ਉਠਾਏ ਜਾਣ ਦੀ ਉਮੀਦ ਤੋਂ ਹਿੰਮਤ ਹਾਸਲ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਇਸ ਬਾਰੇ ਗ਼ਲਤ ਨਜ਼ਰੀਆ ਦਿਖਾਉਂਦੇ ਹਨ। ਪੌਲੁਸ ਨੇ ਚੇਤਾਵਨੀ ਦਿੱਤੀ ਸੀ ਕਿ “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਇਹ ਗੱਲ ਸੱਚ ਹੈ ਕਿ ਇਹ ਸਿਧਾਂਤ ਜ਼ਿੰਦਗੀ ਦੇ ਕਈਆਂ ਪਹਿਲੂਆਂ ਉੱਤੇ ਲਾਗੂ ਕੀਤਾ ਜਾ ਸਕਦਾ ਹੈ।
10. ਅਸੀਂ ਜੀ ਉਠਾਏ ਜਾਣ ਦੀ ਉਮੀਦ ਨੂੰ ਹਮੇਸ਼ਾ ਆਪਣੇ ਮਨ ਵਿਚ ਕਿਸ ਤਰ੍ਹਾਂ ਰੱਖ ਸਕਦੇ ਹਾਂ?
10 ਜੀ ਉਠਾਏ ਜਾਣ ਉੱਤੇ ਸ਼ੱਕ ਕਰਨ ਵਾਲਿਆਂ ਨੂੰ ਪੌਲੁਸ ਨੇ ਕਿਹਾ: “ਤੁਸੀਂ ਧਰਮ ਲਈ ਸੁਰਤ ਸਮ੍ਹਾਲੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ। ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ।” (1 ਕੁਰਿੰਥੀਆਂ 15:34) ਇਸ “ਓੜਕ ਦੇ ਸਮੇਂ” ਵਿਚ ਇਹ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਅਤੇ ਮਸੀਹ ਦੇ ਸਹੀ ਗਿਆਨ ਦੇ ਅਨੁਸਾਰ ਚੱਲੀਏ। (ਦਾਨੀਏਲ 12:4; ਯੂਹੰਨਾ 17:3) ਇਹ ਜੀ ਉਠਾਏ ਜਾਣ ਦੀ ਉਮੀਦ ਨੂੰ ਹਮੇਸ਼ਾ ਸਾਡੇ ਮਨ ਵਿਚ ਰੱਖੇਗਾ।
ਕਿਸ ਦੇਹੀ ਨਾਲ ਜੀ ਉਠਾਏ ਜਾਣਗੇ?
11. ਪੌਲੁਸ ਨੇ ਮਸਹ ਕੀਤੇ ਹੋਏ ਮਸੀਹੀਆਂ ਦੇ ਜੀ ਉਠਾਏ ਜਾਣ ਨੂੰ ਕਿਸ ਦ੍ਰਿਸ਼ਟਾਂਤ ਨਾਲ ਸਮਝਾਇਆ ਸੀ?
11 ਪੌਲੁਸ ਨੇ ਅੱਗੇ ਕੁਝ ਖ਼ਾਸ ਸਵਾਲਾਂ ਦਾ ਜਵਾਬ ਦਿੱਤਾ। (1 ਕੁਰਿੰਥੀਆਂ 15:35-41) ਜੀ ਉਠਾਏ ਜਾਣ ਉੱਤੇ ਸ਼ੱਕ ਪੈਦਾ ਕਰਨ ਲਈ ਸ਼ਾਇਦ ਕਿਸੇ ਨੇ ਪੁੱਛਿਆ ਹੋਵੇ ਕਿ “ਮੁਰਦੇ ਕਿੱਕੁਰ ਜੀ ਉੱਠਦੇ ਅਤੇ ਕਿਹੋ ਜਿਹੀ ਦੇਹੀ ਨਾਲ ਆਉਂਦੇ ਹਨ?” ਪੌਲੁਸ ਨੇ ਜਵਾਬ ਦਿੱਤਾ ਕਿ ਜਿਵੇਂ ਮਿੱਟੀ ਵਿਚ ਬੀਜਿਆ ਗਿਆ ਇਕ ਬੀ ਮਰ ਕੇ ਪੌਦਾ ਬਣਦਾ ਹੈ, ਉਸੇ ਤਰ੍ਹਾਂ ਆਤਮਾ ਤੋਂ ਜੰਮਿਆ ਇਕ ਵਿਅਕਤੀ ਵੀ ਮਰ ਜਾਂਦਾ ਹੈ। ਜਿਵੇਂ ਇਕ ਪੌਦਾ ਬੀ ਤੋਂ ਨਵੇਂ ਰੂਪ ਵਿਚ ਉੱਗਦਾ ਹੈ ਉਸੇ ਤਰ੍ਹਾਂ ਮਸਹ ਕੀਤੇ ਗਏ ਮਸੀਹੀਆਂ ਦੀ ਜੀ-ਉੱਠੀ ਦੇਹੀ ਮਾਸ ਦੀ ਨਹੀਂ ਹੁੰਦੀ ਸਗੋਂ ਆਤਮਿਕ ਹੁੰਦੀ ਹੈ। ਭਾਵੇਂ ਉਹ ਉਹੀ ਇਨਸਾਨ ਹੋਣਗੇ ਜੋ ਉਹ ਮਰਨ ਤੋਂ ਪਹਿਲਾ ਸਨ, ਸਵਰਗ ਨੂੰ ਜਾਣ ਲਈ ਉਹ ਆਤਮਿਕ ਦੇਹੀਆਂ ਨਾਲ ਨਵੇਂ ਜੀਵਾਂ ਵਜੋਂ ਜੀ ਉਠਾਏ ਜਾਣਗੇ। ਤਾਂ ਫਿਰ ਇਹ ਗੱਲ ਸਪੱਸ਼ਟ ਹੈ ਕਿ ਧਰਤੀ ਉੱਤੇ ਜੀਉਣ ਲਈ ਜੀ ਉਠਾਏ ਗਏ ਲੋਕਾਂ ਨੂੰ ਮਨੁੱਖੀ ਦੇਹੀਆਂ ਦਿੱਤੀਆਂ ਜਾਣਗੀਆਂ।
12. ‘ਸੁਰਗੀ ਸਰੀਰਾਂ’ ਅਤੇ ‘ਜਮੀਨੀ ਸਰੀਰਾਂ’ ਦਾ ਕੀ ਅਰਥ ਹੈ?
12 ਪੌਲੁਸ ਨੇ ਕਿਹਾ ਸੀ ਕਿ ਮਨੁੱਖੀ ਮਾਸ ਪਸ਼ੂਆਂ ਦੇ ਮਾਸ ਤੋਂ ਵੱਖਰਾ ਹੈ। ਅਤੇ ਪਸ਼ੂਆਂ ਦਾ ਮਾਸ ਵੀ ਇਕ ਦੂਸਰੇ ਤੋਂ ਵੱਖਰਾ ਹੁੰਦਾ ਹੈ। (ਉਤਪਤ 1:20-25) ਇਸੇ ਤਰ੍ਹਾਂ ਆਤਮਿਕ ਪ੍ਰਾਣੀਆਂ ਦੇ “ਸੁਰਗੀ ਸਰੀਰ” ਦਾ ਪਰਤਾਪ “ਜਮੀਨੀ ਸਰੀਰ” ਦੇ ਪਰਤਾਪ ਤੋਂ ਵੱਖਰਾ ਹੈ। ਸੂਰਜ, ਚੰਦ, ਅਤੇ ਤਾਰਿਆਂ ਦਾ ਤੇਜ ਵੀ ਵੱਖਰਾ-ਵੱਖਰਾ ਹੈ। ਪਰ ਮਸਹ ਕੀਤੇ ਗਏ ਜਦੋਂ ਉਠਾਏ ਜਾਣਗੇ ਉਨ੍ਹਾਂ ਦਾ ਤੇਜ ਵਡੇਰਾ ਹੋਵੇਗਾ।
13. ਕੁਰਿੰਥੀਆਂ ਦੀ ਪਹਿਲੀ ਪੱਤਰੀ 15:42-44 ਦੇ ਅਨੁਸਾਰ ਕੀ ਬੀਜਿਆ ਜਾਂਦਾ ਹੈ ਅਤੇ ਕੀ ਉਠਾਇਆ ਜਾਂਦਾ ਹੈ?
13 ਇਨ੍ਹਾਂ ਵਿਚ ਫ਼ਰਕ ਦੱਸਣ ਤੋਂ ਬਾਅਦ, ਪੌਲੁਸ ਨੇ ਅੱਗੇ ਕਿਹਾ: “ਇਸੇ ਤਰਾਂ ਮੁਰਦਿਆਂ ਦੀ ਕਿਆਮਤ ਵੀ ਹੈ।” (1 ਕੁਰਿੰਥੀਆਂ 15:42-44) ਉਸ ਨੇ ਕਿਹਾ: “ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸੀ ਜੀ ਉੱਠਦਾ ਹੈ।” ਇੱਥੇ ਸ਼ਾਇਦ ਪੌਲੁਸ ਮਸਹ ਕੀਤੇ ਹੋਇਆਂ ਬਾਰੇ ਗੱਲ ਕਰ ਰਿਹਾ ਸੀ। ਮੌਤ ਦੇ ਵੇਲੇ ਉਹ ਨਾਸ਼ ਲਈ ਬੀਜੇ ਜਾਂਦੇ ਹਨ ਅਤੇ ਪਾਪ ਤੋਂ ਮੁਕਤ ਅਵਿਨਾਸੀ ਜੀ ਉਠਾਏ ਜਾਂਦੇ ਹਨ। ਭਾਵੇਂ ਕਿ ਸੰਸਾਰ ਵਿਚ ਉਨ੍ਹਾਂ ਦੀ ਇੱਜ਼ਤ ਨਹੀਂ ਕੀਤੀ ਗਈ ਸੀ, ਉਹ ਸਵਰਗ ਵਿਚ ਜੀਉਂਦੇ ਕੀਤੇ ਜਾਂਦੇ ਹਨ ਅਤੇ ਮਸੀਹ ਨਾਲ ਤੇਜ ਵਿਚ ਪ੍ਰਗਟ ਕੀਤੇ ਜਾਂਦੇ ਹਨ। (ਰਸੂਲਾਂ ਦੇ ਕਰਤੱਬ 5:41; ਕੁਲੁੱਸੀਆਂ 3:4) ਮੌਤ ਦੇ ਵੇਲੇ ਇਹ ‘ਪ੍ਰਾਣਕ ਸਰੀਰਾਂ’ ਵਜੋਂ ਬੀਜੇ ਜਾਂਦੇ ਹਨ ਅਤੇ ‘ਆਤਮਕ ਸਰੀਰਾਂ’ ਵਜੋਂ ਜੀ ਉਠਾਏ ਜਾਂਦੇ ਹਨ। ਜੇਕਰ ਆਤਮਾ ਤੋਂ ਜੰਮੇ ਮਸੀਹੀਆਂ ਲਈ ਇਹ ਮੁਮਕਿਨ ਹੈ, ਤਾਂ ਅਸੀਂ ਪੱਕਾ ਵਿਸ਼ਵਾਸ ਕਰ ਸਕਦੇ ਹਾਂ ਕਿ ਬਾਕੀ ਦੇ ਲੋਕ ਵੀ ਧਰਤੀ ਉੱਤੇ ਰਹਿਣ ਲਈ ਜੀ ਉਠਾਏ ਜਾ ਸਕਦੇ ਹਨ।
14. ਪੌਲੁਸ ਨੇ ਮਸੀਹ ਦੀ ਤੁਲਨਾ ਆਦਮ ਨਾਲ ਕਿਸ ਤਰ੍ਹਾਂ ਕੀਤੀ ਸੀ?
14 ਪੌਲੁਸ ਨੇ ਅੱਗੇ ਮਸੀਹ ਦੀ ਤੁਲਨਾ ਆਦਮ ਨਾਲ ਕੀਤੀ। (1 ਕੁਰਿੰਥੀਆਂ 15:45-49) ਪਹਿਲਾ ਮਨੁੱਖ, ਆਦਮ, “ਜੀਉਂਦੀ ਜਾਨ ਹੋਇਆ।” (ਉਤਪਤ 2:7) “ਛੇਕੜਲਾ ਆਦਮ,” ਯਾਨੀ ਯਿਸੂ ਮਸੀਹ, “ਜੀਵਨ ਦਾਤਾ ਆਤਮਾ ਹੋਇਆ।” ਉਸ ਨੇ ਆਪਣੀ ਜਾਨ ਨਿਸਤਾਰੇ ਵਜੋਂ ਦਿੱਤੀ ਅਤੇ ਸਭ ਤੋਂ ਪਹਿਲਾਂ ਉਸ ਦੇ ਮਸਹ ਕੀਤੇ ਹੋਏ ਪੈਰੋਕਾਰਾਂ ਨੂੰ ਇਸ ਦਾ ਫ਼ਾਇਦਾ ਹੋਇਆ ਸੀ। (ਮਰਕੁਸ 10:45) ਇਨਸਾਨਾਂ ਵਜੋਂ, ਉਹ ‘ਮਿੱਟੀ ਵਾਲੇ ਦਾ ਸਰੂਪ ਧਾਰਦੇ ਹਨ’ ਪਰ ਜਦੋਂ ਉਹ ਜੀ ਉਠਾਏ ਜਾਂਦੇ ਹਨ ਤਾਂ ਉਹ ਛੇਕੜਲੇ ਆਦਮ ਵਰਗੇ ਬਣ ਜਾਂਦੇ ਹਨ। ਲੇਕਿਨ, ਯਿਸੂ ਦਾ ਬਲੀਦਾਨ ਸਾਰੀ ਵਫ਼ਾਦਾਰ ਮਨੁੱਖਜਾਤੀ ਨੂੰ ਲਾਭ ਪਹੁੰਚਾਵੇਗਾ, ਜਿਨ੍ਹਾਂ ਵਿਚ ਉਹ ਵੀ ਸ਼ਾਮਲ ਹੋਣਗੇ ਜੋ ਧਰਤੀ ਉੱਤੇ ਜੀਉਣ ਲਈ ਜੀ ਉਠਾਏ ਜਾਣਗੇ।—1 ਯੂਹੰਨਾ 2:1, 2.
15. ਮਸਹ ਕੀਤੇ ਹੋਏ ਮਸੀਹੀ ਮਾਸ ਦੀ ਦੇਹੀ ਨਾਲ ਕਿਉਂ ਨਹੀਂ ਜੀ ਉਠਾਏ ਜਾਂਦੇ, ਅਤੇ ਯਿਸੂ ਦੀ ਮੌਜੂਦਗੀ ਦੌਰਾਨ ਉਹ ਕਿਸ ਤਰ੍ਹਾਂ ਉਠਾਏ ਜਾਂਦੇ ਹਨ?
15 ਜਦੋਂ ਮਸਹ ਕੀਤੇ ਹੋਏ ਮਰਦੇ ਹਨ ਤਾਂ ਉਹ ਮਾਸ ਦੀ ਦੇਹੀ ਨਾਲ ਨਹੀਂ ਜੀ ਉਠਾਏ ਜਾਂਦੇ। (1 ਕੁਰਿੰਥੀਆਂ 15:50-53) ਮਾਸ ਅਤੇ ਲਹੂ ਦਾ ਵਿਨਾਸੀ ਸਰੀਰ ਅਵਿਨਾਸ ਨਹੀਂ ਬਣ ਸਕਦਾ ਅਤੇ ਨਾ ਹੀ ਸਵਰਗੀ ਰਾਜ ਦਾ ਅਧਿਕਾਰੀ ਹੋ ਸਕਦਾ ਹੈ। ਕੁਝ ਮਸਹ ਕੀਤੇ ਹੋਇਆਂ ਨੂੰ ਮੌਤ ਵਿਚ ਜ਼ਿਆਦਾ ਚਿਰ ਨਹੀਂ ਸੌਣਾ ਪਵੇਗਾ। ਯਿਸੂ ਦੀ ਮੌਜੂਦਗੀ ਦੌਰਾਨ ਵਫ਼ਾਦਾਰੀ ਨਾਲ ਧਰਤੀ ਉੱਤੇ ਆਪਣੀ ਜ਼ਿੰਦਗੀ ਪੂਰੀ ਕਰਦੇ ਹੋਏ ਉਹ ‘ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਹੋਰ ਦੇ ਹੋਰ ਹੋ ਜਾਣਗੇ।’ ਉਹ ਇਕਦਮ ਅਵਿਨਾਸ ਅਤੇ ਤੇਜ ਦੇ ਆਤਮਿਕ ਜੀਵਨ ਲਈ ਜੀ ਉਠਾਏ ਜਾਣਗੇ। ਆਖ਼ਰਕਾਰ, ਮਸੀਹ ਦੀ ਸਵਰਗੀ “ਲਾੜੀ” ਦੀ ਗਿਣਤੀ 1,44,000 ਹੋਵੇਗੀ।—ਪਰਕਾਸ਼ ਦੀ ਪੋਥੀ 14:1; 19:7-9; 21:9; 1 ਥੱਸਲੁਨੀਕੀਆਂ 4:15-17.
ਮੌਤ ਉੱਤੇ ਜਿੱਤ!
16. ਪੌਲੁਸ ਅਤੇ ਮੁੱਢਲੇ ਨਬੀਆਂ ਦੇ ਅਨੁਸਾਰ ਪਾਪੀ ਆਦਮ ਤੋਂ ਮਿਲੀ ਮੌਤ ਨੂੰ ਕੀ ਹੋਵੇਗਾ?
16 ਪੌਲੁਸ ਨੇ ਐਲਾਨ ਕੀਤਾ ਕਿ ਮੌਤ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤੀ ਜਾਵੇਗੀ। (1 ਕੁਰਿੰਥੀਆਂ 15:54-57) ਜਦੋਂ ਨਾਸਵਾਨ ਅਤੇ ਮਰਨਹਾਰ, ਅਵਿਨਾਸ ਅਤੇ ਅਮਰਤਾ ਨੂੰ ਪਾਉਣਗੇ ਇਹ ਸ਼ਬਦ ਪੂਰੇ ਹੋਣਗੇ ਕਿ “ਮੌਤ ਫਤਹ ਦੀ ਬੁਰਕੀ ਹੋ ਗਈ। ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?” (ਯਸਾਯਾਹ 25:8; ਹੋਸ਼ੇਆ 13:14) ਮੌਤ ਲਿਆਉਣ ਵਾਲਾ ਡੰਗ ਪਾਪ ਹੈ, ਅਤੇ ਪਾਪ ਦੀ ਤਾਕਤ ਸ਼ਰਾ ਸੀ ਜੋ ਕਿ ਪਾਪੀਆਂ ਨੂੰ ਮੌਤ ਦੀ ਸਜ਼ਾ ਦਿੰਦੀ ਸੀ। ਪਰ ਯਿਸੂ ਦੇ ਬਲੀਦਾਨ ਅਤੇ ਜੀ ਉਠਾਏ ਜਾਣ ਦੇ ਕਾਰਨ ਪਾਪੀ ਆਦਮ ਤੋਂ ਮਿਲੀ ਮੌਤ ਸਾਨੂੰ ਫਿਰ ਕਦੀ ਹਰਾਏਗੀ ਨਹੀਂ।—ਰੋਮੀਆਂ 5:12; 6:23.
17. ਕੁਰਿੰਥੀਆਂ ਦੀ ਪਹਿਲੀ ਪੱਤਰੀ 15:58 ਦੇ ਸ਼ਬਦ ਅੱਜ ਕਿਸ ਤਰ੍ਹਾਂ ਲਾਗੂ ਹੁੰਦੇ ਹਨ?
17 ਪੌਲੁਸ ਨੇ ਕਿਹਾ ਕਿ “ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।” (1 ਕੁਰਿੰਥੀਆਂ 15:58) ਇਹ ਸ਼ਬਦ ਅੱਜ ਦੇ ਮਸਹ ਕੀਤੇ ਹੋਇਆਂ ਉੱਤੇ ਅਤੇ ਯਿਸੂ ਦੀਆਂ ‘ਹੋਰ ਭੇਡਾਂ’ ਉੱਤੇ ਵੀ ਲਾਗੂ ਹੁੰਦੇ ਹਨ, ਚਾਹੇ ਉਹ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਆਪਣੀ ਜਾਨ ਗੁਆ ਬੈਠਣ। (ਯੂਹੰਨਾ 10:16) ਰਾਜ ਪ੍ਰਚਾਰ ਵਿਚ ਉਨ੍ਹਾਂ ਦੀ ਮਿਹਨਤ ਥੋਥੀ ਜਾਂ ਬੇਕਾਰ ਨਹੀਂ ਕਿਉਂਕਿ ਜੀ ਉਠਾਏ ਜਾਣ ਦੀ ਉਮੀਦ ਉਨ੍ਹਾਂ ਦੇ ਸਾਮ੍ਹਣੇ ਹੈ। ਤਾਂ ਫਿਰ, ਯਹੋਵਾਹ ਦੇ ਸੇਵਕਾਂ ਵਜੋਂ ਆਓ ਆਪਾਂ ਪ੍ਰਭੂ ਦੇ ਕੰਮ ਵਿਚ ਮਿਹਨਤ ਕਰਦੇ ਰਹੀਏ ਜਿਉਂ-ਜਿਉਂ ਅਸੀਂ ਉਸ ਦਿਨ ਦੀ ਉਡੀਕ ਕਰਦੇ ਹਾਂ ਜਦੋਂ ਅਸੀਂ ਖ਼ੁਸ਼ੀ ਨਾਲ ਕਹਿ ਸਕਾਂਗੇ ਕਿ “ਹੇ ਮੌਤ, ਤੇਰੀ ਫਤਹ ਕਿੱਥੇ ਹੈ?”
ਜੀ ਉਠਾਏ ਜਾਣ ਦੀ ਉਮੀਦ ਪੂਰੀ ਕੀਤੀ ਗਈ!
18. ਜੀ ਉਠਾਏ ਜਾਣ ਬਾਰੇ ਪੌਲੁਸ ਦੀ ਉਮੀਦ ਕਿੰਨੀ ਪੱਕੀ ਸੀ?
18 ਕੁਰਿੰਥੀਆਂ ਦੀ ਪਹਿਲੀ ਪੱਤਰੀ ਦੇ 15ਵੇਂ ਅਧਿਆਇ ਵਿਚ ਪੌਲੁਸ ਦੇ ਸ਼ਬਦ ਸਾਬਤ ਕਰਦੇ ਹਨ ਕਿ ਜੀ ਉਠਾਏ ਜਾਣ ਦੀ ਉਮੀਦ ਨੇ ਉਸ ਨੂੰ ਹਿੰਮਤ ਦਿੱਤੀ ਸੀ। ਉਹ ਨੂੰ ਪੂਰਾ ਯਕੀਨ ਸੀ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ ਅਤੇ ਕਿ ਦੂਸਰਿਆਂ ਨੂੰ ਵੀ ਦੁਬਾਰਾ ਜੀਵਨ ਬਖ਼ਸ਼ਿਆ ਜਾਵੇਗਾ। ਕੀ ਤੁਹਾਡਾ ਯਕੀਨ ਵੀ ਇੰਨਾ ਪੱਕਾ ਹੈ? ਪੌਲੁਸ ਦੇ ਭਾਣੇ ਕੋਈ ਵੀ ਲਾਹਾ “ਕੂੜਾ” ਹੀ ਸੀ। ਉਸ ਨੇ ਸਭ ਕੁਝ ਤਿਆਗ ਦਿੱਤਾ ਸੀ ਤਾਂਕਿ ਉਹ ‘ਮਸੀਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸ਼ਕਤੀ ਨੂੰ ਜਾਣ ਸਕੇ।’ ਪੌਲੁਸ ਰਸੂਲ “ਜੀ ਉੱਠਣ ਦੀ” ਉਮੀਦ ਰੱਖਦਾ ਹੋਇਆ ਮਸੀਹ ਵਾਂਗ ਮੌਤ ਦਾ ਵੀ ਸਾਮ੍ਹਣਾ ਕਰਨ ਲਈ ਤਿਆਰ ਸੀ। ਇਸ ਨੂੰ “ਪਹਿਲੀ ਕਿਆਮਤ” ਵੀ ਸੱਦਿਆ ਜਾਂਦਾ ਹੈ ਅਤੇ ਇਹ ਯਿਸੂ ਦੇ 1,44,000 ਮਸਹ ਕੀਤੇ ਹੋਏ ਪੈਰੋਕਾਰਾਂ ਦੁਆਰਾ ਅਨੁਭਵ ਕੀਤੀ ਜਾਂਦੀ ਹੈ। ਜੀ ਹਾਂ, ਉਹ ਸਵਰਗ ਵਿਚ ਆਤਮਿਕ ਪ੍ਰਾਣੀਆਂ ਵਜੋਂ ਉਠਾਏ ਜਾਂਦੇ ਹਨ, ਜਦ ਕਿ “ਬਾਕੀ ਦੇ ਮੁਰਦੇ” ਧਰਤੀ ਉੱਤੇ ਜੀਉਣ ਲਈ ਜੀ ਉਠਾਏ ਜਾਣਗੇ।—ਫ਼ਿਲਿੱਪੀਆਂ 3:8-11; ਪਰਕਾਸ਼ ਦੀ ਪੋਥੀ 7:4; 20:5, 6.
19, 20. (ੳ) ਬਾਈਬਲ ਵਿਚ ਦੱਸੇ ਗਏ ਕਿਨ੍ਹਾਂ ਵਿਅਕਤੀਆਂ ਨੂੰ ਧਰਤੀ ਉੱਤੇ ਜੀ ਉਠਾਇਆ ਜਾਵੇਗਾ? (ਅ) ਤੁਸੀਂ ਕਿਸ ਨੂੰ ਦੇਖਣਾ ਚਾਹੁੰਦੇ ਹੋ?
19 ਜੀ ਉਠਾਏ ਜਾਣ ਦੀ ਉਮੀਦ ਉਨ੍ਹਾਂ ਮਸਹ ਕੀਤੇ ਹੋਇਆਂ ਲਈ ਇਕ ਸ਼ਾਨਦਾਰ ਅਸਲੀਅਤ ਹੈ ਜੋ ਮੌਤ ਤਕ ਵਫ਼ਾਦਾਰ ਰਹੇ ਹਨ। (ਰੋਮੀਆਂ 8:18; 1 ਥੱਸਲੁਨੀਕੀਆਂ 4:15-18; ਪਰਕਾਸ਼ ਦੀ ਪੋਥੀ 2:10) “ਵੱਡੀ ਬਿਪਤਾ” ਤੋਂ ਬਚਣ ਵਾਲੇ ਲੋਕ ਦੂਸਰਿਆਂ ਨੂੰ ਧਰਤੀ ਉੱਤੇ ਜੀ ਉੱਠਦੇ ਦੇਖਣਗੇ ਜਿਵੇਂ ਬਾਈਬਲ ਕਹਿੰਦੀ ਹੈ ਕਿ ‘ਸਮੁੰਦਰ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਹਨ ਮੋੜ ਦਿੰਦਾ ਹੈ, ਅਤੇ ਕਾਲ ਅਤੇ ਪਤਾਲ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਹਨ ਮੋੜ ਦਿੰਦੇ ਹਨ।’ (ਪਰਕਾਸ਼ ਦੀ ਪੋਥੀ 7:9, 13, 14; 20:13) ਧਰਤੀ ਉੱਤੇ ਜੀ ਉਠਾਏ ਜਾਣ ਵਾਲਿਆਂ ਵਿਚ ਅੱਯੂਬ ਹੋਵੇਗਾ, ਜਿਸ ਨੇ ਆਪਣੇ ਸੱਤ ਪੁੱਤਰਾਂ ਅਤੇ ਤਿੰਨ ਧੀਆਂ ਨੂੰ ਮੌਤ ਵਿਚ ਖੋਇਆ ਸੀ। ਅਸੀਂ ਉਸ ਦੀ ਖ਼ੁਸ਼ੀ ਦਾ ਅੰਦਾਜ਼ਾ ਵੀ ਨਹੀਂ ਲੱਗਾ ਸਕਦੇ ਜਦੋਂ ਉਹ ਉਨ੍ਹਾਂ ਦਾ ਸਵਾਗਤ ਕਰੇਗਾ। ਅਤੇ ਉਹ ਵੀ ਇਹ ਦੇਖ ਕੇ ਕਿੰਨੇ ਖ਼ੁਸ਼ ਹੋਣਗੇ ਕਿ ਉਨ੍ਹਾਂ ਦੇ ਸੱਤ ਹੋਰ ਭਰਾ ਅਤੇ ਤਿੰਨ ਖ਼ੂਬਸੂਰਤ ਭੈਣਾਂ ਹਨ।—ਅੱਯੂਬ 1:1, 2, 18, 19; 42:12-15.
20 ਸਾਰਿਆਂ ਨੂੰ ਕਿੰਨੀ ਵੱਡੀ ਖ਼ੁਸ਼ੀ ਹੋਵੇਗੀ ਜਦੋਂ ਅਬਰਾਹਾਮ ਅਤੇ ਸਾਰਾਹ, ਇਸਹਾਕ ਅਤੇ ਰਿਬਕਾਹ ਅਤੇ ਹੋਰ ਕਈ ਜਿਨ੍ਹਾਂ ਵਿਚ ਸਾਰੇ ‘ਨਬੀ’ ਵੀ ਹੋਣਗੇ, ਧਰਤੀ ਉੱਤੇ ਜੀ ਉਠਾਏ ਜਾਣਗੇ! (ਲੂਕਾ 13:28) ਨਬੀਆਂ ਵਿਚ ਇਕ ਦਾਨੀਏਲ ਸੀ ਜਿਸ ਨਾਲ ਵਾਅਦਾ ਕੀਤਾ ਗਿਆ ਸੀ ਕਿ ਮਸੀਹਾਈ ਰਾਜ ਵਿਚ ਉਹ ਜੀ ਉਠਾਇਆ ਜਾਵੇਗਾ। ਦਾਨੀਏਲ ਨੂੰ ਮਰੇ ਹੋਏ ਨੂੰ ਕੁਝ 2,500 ਸਾਲ ਹੋ ਚੁੱਕੇ ਹਨ, ਪਰ ਜਲਦੀ ਹੀ ਉਹ ਜੀ ਉਠਾਇਆ ਜਾਵੇਗਾ। ਉਹ ‘ਸਾਰੀ ਧਰਤੀ ਉੱਤੇ ਇਕ ਸਰਦਾਰ’ ਵਜੋਂ ‘ਆਪਣੀ ਵੰਡ ਉੱਤੇ ਉੱਠ ਖਲੋਵੇਂਗਾ।’ (ਜ਼ਬੂਰ 45:16; ਦਾਨੀਏਲ 12:13) ਸਿਰਫ਼ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਵਿਅਕਤੀਆਂ ਦਾ ਹੀ ਸੁਆਗਤ ਨਹੀਂ ਕੀਤਾ ਜਾਵੇਗਾ ਪਰ ਆਪਣੇ ਮਾਤਾ-ਪਿਤਾ, ਧੀ-ਪੁੱਤਰ ਜਾਂ ਹੋਰ ਕਿਸੇ ਅਜ਼ੀਜ਼ ਦਾ ਮੁਰਦਿਆਂ ਵਿੱਚੋਂ ਵੀ ਸਵਾਗਤ ਕੀਤਾ ਜਾਵੇਗਾ। ਇਹ ਕਿੰਨਾ ਖ਼ੁਸ਼ੀ ਦਾ ਸਮਾਂ ਹੋਵੇਗਾ!
21. ਸਾਨੂੰ ਬਿਨਾਂ ਦੇਰ ਕਿਤੇ ਦੂਸਰਿਆਂ ਲਈ ਚੰਗੇ ਕੰਮ ਕਿਉਂ ਕਰਨੇ ਚਾਹੀਦੇ ਹਨ?
21 ਸਾਡੇ ਕੁਝ ਮਿੱਤਰਾਂ ਅਤੇ ਅਜ਼ੀਜ਼ਾਂ ਨੇ ਸ਼ਾਇਦ ਕਈਆਂ ਸਾਲਾਂ ਤੋਂ ਯਹੋਵਾਹ ਦੀ ਸੇਵਾ ਕੀਤੀ ਹੋਵੇ ਅਤੇ ਹੋ ਸਕਦਾ ਹੈ ਕਿ ਉਹ ਹੁਣ ਕਾਫ਼ੀ ਸਿਆਣੇ ਹੋਣ। ਵਧਦੀ ਉਮਰ ਸ਼ਾਇਦ ਉਨ੍ਹਾਂ ਲਈ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਔਖਾ ਬਣਾ ਦੇਵੇ। ਉਨ੍ਹਾਂ ਦੀ ਹੁਣ ਮਦਦ ਕਰਨੀ ਕਿੰਨੀ ਚੰਗੀ ਗੱਲ ਹੋਵੇਗੀ! ਤਾਂ ਫਿਰ ਜੇ ਕਿਸੇ ਕਾਰਨ ਉਹ ਮੌਤ ਦੇ ਸ਼ਿਕਾਰ ਵੀ ਹੋ ਜਾਣ ਤਾਂ ਸਾਨੂੰ ਕੋਈ ਪਛਤਾਵਾ ਨਾ ਹੋਵੇਗਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਚੱਜ ਨਾਲ ਨਹੀਂ ਨਿਭਾਈ ਸੀ। (ਉਪਦੇਸ਼ਕ ਦੀ ਪੋਥੀ 9:11; 12:1-7; 1 ਤਿਮੋਥਿਉਸ 5:3, 8) ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਚੰਗੇ ਕੰਮਾਂ ਨੂੰ ਨਹੀਂ ਭੁੱਲੇਗਾ ਜੋ ਅਸੀਂ ਦੂਸਰਿਆਂ ਲਈ ਕਰਦੇ ਹਾਂ, ਚਾਹੇ ਉਨ੍ਹਾਂ ਦੀ ਉਮਰ ਜਾਂ ਹਾਲਤ ਜੋ ਮਰਜ਼ੀ ਹੋਵੇ। ਪੌਲੁਸ ਨੇ ਲਿਖਿਆ ਕਿ “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।”—ਗਲਾਤੀਆਂ 6:10; ਇਬਰਾਨੀਆਂ 6:10.
22. ਜੀ ਉਠਾਏ ਜਾਣ ਦੀ ਉਮੀਦ ਦੀ ਪੂਰਤੀ ਤਕ ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਬਣਾਉਣਾ ਚਾਹੀਦਾ ਹੈ?
22 ਯਹੋਵਾਹ “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ।” (2 ਕੁਰਿੰਥੀਆਂ 1:3, 4) ਉਸ ਦਾ ਬਚਨ ਸਾਨੂੰ ਦਿਲਾਸਾ ਦਿੰਦਾ ਹੈ ਅਤੇ ਸਾਨੂੰ ਜੀ ਉਠਾਏ ਜਾਣ ਦੀ ਪ੍ਰਭਾਵਸ਼ਾਲੀ ਉਮੀਦ ਨਾਲ ਦੂਸਰਿਆਂ ਨੂੰ ਦਿਲਾਸਾ ਦੇਣ ਵਿਚ ਮਦਦ ਦਿੰਦਾ ਹੈ। ਜਿੰਨਾ ਚਿਰ ਅਸੀਂ ਮੁਰਦਿਆਂ ਨੂੰ ਧਰਤੀ ਉੱਤੇ ਨਾ ਦੇਖੀਏ, ਆਓ ਆਪਾਂ ਪੌਲੁਸ ਵਾਂਗ ਜੀ ਉਠਾਏ ਜਾਣ ਦੀ ਉਮੀਦ ਵਿਚ ਨਿਹਚਾ ਰੱਖੀਏ। ਆਓ ਆਪਾਂ ਖ਼ਾਸ ਕਰਕੇ ਯਿਸੂ ਦੀ ਰੀਸ ਕਰੀਏ ਜਿਸ ਨੇ ਪਰਮੇਸ਼ੁਰ ਉੱਤੇ ਨਿਹਚਾ ਰੱਖੀ ਸੀ ਕਿ ਉਹ ਉਸ ਨੂੰ ਜੀ ਉਠਾਵੇਗਾ ਅਤੇ ਉਸ ਦੀ ਇਹ ਉਮੀਦ ਪੂਰੀ ਹੋਈ ਸੀ। ਉਹ ਜੋ ਮੁਰਦੇ ਹਨ ਜਲਦੀ ਮਸੀਹ ਦੀ ਆਵਾਜ਼ ਸੁਣਨਗੇ ਅਤੇ ਜੀਉਂਦੇ ਹੋ ਜਾਣਗੇ। ਇਸ ਤੋਂ ਸਾਨੂੰ ਦਿਲਾਸਾ ਅਤੇ ਖ਼ੁਸ਼ੀ ਮਿਲ ਸਕਦੀ ਹੈ। ਲੇਕਿਨ, ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਯਹੋਵਾਹ ਦਾ ਸ਼ੁਕਰ ਕਰੀਏ ਜਿਸ ਨੇ ਪ੍ਰਭੂ ਯਿਸੂ ਮਸੀਹ ਰਾਹੀਂ ਮੌਤ ਉੱਤੇ ਜਿੱਤ ਪ੍ਰਾਪਤ ਕਰਨੀ ਮੁਮਕਿਨ ਬਣਾਈ ਹੈ!
ਤੁਹਾਡਾ ਜਵਾਬ ਕੀ ਹੈ?
• ਪੌਲੁਸ ਨੇ ਯਿਸੂ ਦੇ ਜੀ ਉਠਾਏ ਜਾਣ ਦਾ ਕਿਹੜਾ ਅੱਖੀਂ ਦੇਖਿਆ ਸਬੂਤ ਪੇਸ਼ ਕੀਤਾ ਸੀ?
• “ਛੇਕੜਲਾ ਵੈਰੀ” ਕੀ ਹੈ ਅਤੇ ਉਸ ਦਾ ਨਾਸ਼ ਕਿਸ ਤਰ੍ਹਾਂ ਕੀਤਾ ਜਾਵੇਗਾ?
• ਮਸਹ ਕੀਤੇ ਹੋਏ ਮਸੀਹੀਆਂ ਦੇ ਸੰਬੰਧ ਵਿਚ ਬੀਜਿਆ ਕੀ ਜਾਂਦਾ ਹੈ ਅਤੇ ਉਠਾਇਆ ਕੀ ਜਾਂਦਾ ਹੈ?
• ਤੁਸੀਂ ਬਾਈਬਲ ਦੇ ਕਿਨ੍ਹਾਂ ਵਿਅਕਤੀਆਂ ਨੂੰ ਮਿਲਣਾ ਚਾਹੁੰਦੇ ਹੋ ਜਦੋਂ ਉਹ ਧਰਤੀ ਉੱਤੇ ਜੀ ਉਠਾਏ ਜਾਣਗੇ?
[ਸਫ਼ੇ 16 ਉੱਤੇ ਤਸਵੀਰ]
ਪੌਲੁਸ ਰਸੂਲ ਨੇ ਜੀ ਉਠਾਏ ਜਾਣ ਦੀ ਸਿੱਖਿਆ ਦੀ ਵਧੀਆ ਸਫ਼ਾਈ ਪੇਸ਼ ਕੀਤੀ ਸੀ
[ਸਫ਼ੇ 20 ਉੱਤੇ ਤਸਵੀਰਾਂ]
ਅੱਯੂਬ, ਉਸ ਦੇ ਪਰਿਵਾਰ, ਅਤੇ ਕਈਆਂ ਹੋਰਨਾਂ ਦੇ ਜੀ ਉਠਾਏ ਜਾਣ ਦੇ ਕਾਰਨ ਬੇਹੱਦ ਖ਼ੁਸ਼ੀ ਹੋਵੇਗੀ!