ਕੀ ਤੁਸੀਂ ਪਰਮੇਸ਼ੁਰ ਦੇ ਰਾਜ ਲਈ ਕੁਰਬਾਨੀਆਂ ਕਰੋਗੇ?
“ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰ. 9:7.
1. ਕਈ ਲੋਕ ਕਿਹੋ ਜਿਹੀਆਂ ਕੁਰਬਾਨੀਆਂ ਕਰਦੇ ਹਨ ਅਤੇ ਕਿਉਂ?
ਲੋਕ ਉਨ੍ਹਾਂ ਚੀਜ਼ਾਂ ਲਈ ਕੁਰਬਾਨੀਆਂ ਕਰਨ ਲਈ ਤਿਆਰ ਹੁੰਦੇ ਹਨ ਜੋ ਉਨ੍ਹਾਂ ਲਈ ਖ਼ਾਸ ਹਨ। ਮਾਪੇ ਆਪਣੇ ਬੱਚਿਆਂ ਖ਼ਾਤਰ ਦਿਨ-ਰਾਤ ਮਿਹਨਤ ਕਰਦੇ ਹਨ। ਜਿਹੜੇ ਨੌਜਵਾਨ ਖਿਡਾਰੀ ਓਲੰਪਕ ਖੇਡਾਂ ਵਿਚ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੁੰਦੇ ਹਨ, ਉਹ ਹਰ ਰੋਜ਼ ਘੰਟਿਆਂ-ਬੱਧੀ ਟ੍ਰੇਨਿੰਗ ਕਰਦੇ ਹਨ, ਜਦ ਕਿ ਉਨ੍ਹਾਂ ਦੇ ਸਾਥੀ ਮੌਜ-ਮਸਤੀ ਕਰਦੇ ਹਨ। ਯਿਸੂ ਨੇ ਵੀ ਜ਼ਰੂਰੀ ਚੀਜ਼ਾਂ ਲਈ ਕੁਰਬਾਨੀਆਂ ਕੀਤੀਆਂ ਸਨ। ਉਸ ਨੇ ਨਾ ਹੀ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰੀ ਅਤੇ ਨਾ ਹੀ ਆਪਣਾ ਘਰ ਵਸਾਇਆ। ਇਸ ਦੀ ਬਜਾਇ, ਉਸ ਨੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਵਿਚ ਆਪਣੀ ਪੂਰੀ ਵਾਹ ਲਾਈ। (ਮੱਤੀ 4:17; ਲੂਕਾ 9:58) ਯਿਸੂ ਦੇ ਚੇਲਿਆਂ ਨੇ ਵੀ ਪਰਮੇਸ਼ੁਰ ਦੇ ਰਾਜ ਲਈ ਕਈ ਕੁਰਬਾਨੀਆਂ ਕੀਤੀਆਂ। ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣਾ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਸੀ, ਇਸ ਕਰਕੇ ਉਨ੍ਹਾਂ ਨੇ ਇਨ੍ਹਾਂ ਕੰਮਾਂ ਵਿਚ ਹਿੱਸਾ ਲੈਣ ਲਈ ਕੁਰਬਾਨੀਆਂ ਕੀਤੀਆਂ। (ਮੱਤੀ 4:18-22; 19:27) ਸੋ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਮੇਰੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ?’
2. (ੳ) ਸਾਰੇ ਮਸੀਹੀਆਂ ਲਈ ਕਿਹੜੀਆਂ ਕੁਰਬਾਨੀਆਂ ਕਰਨੀਆਂ ਜ਼ਰੂਰੀ ਹਨ? (ਅ) ਕੁਝ ਭੈਣ-ਭਰਾ ਹੋਰ ਕਿਹੜੀਆਂ ਕੁਰਬਾਨੀਆਂ ਦਿੰਦੇ ਹਨ?
2 ਕੁਝ ਕੁਰਬਾਨੀਆਂ ਦੇਣੀਆਂ ਸਾਰੇ ਮਸੀਹੀਆਂ ਲਈ ਜ਼ਰੂਰੀ ਹੁੰਦੀਆਂ ਹਨ ਤੇ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਲਾਜ਼ਮੀ ਹਨ। ਮਿਸਾਲ ਲਈ, ਸਾਰੇ ਮਸੀਹੀ ਪ੍ਰਾਰਥਨਾ ਕਰਨ, ਬਾਈਬਲ ਪੜ੍ਹਨ, ਪਰਿਵਾਰ ਨਾਲ ਸਟੱਡੀ ਕਰਨ, ਮੀਟਿੰਗਾਂ ਵਿਚ ਜਾਣ ਅਤੇ ਪ੍ਰਚਾਰ ਕਰਨ ਲਈ ਸਮਾਂ ਤੇ ਤਾਕਤ ਲਾਉਂਦੇ ਹਨ।a (ਯਹੋ. 1:8; ਮੱਤੀ 28:19, 20; ਇਬ. 10:24, 25) ਸਾਡੀ ਮਿਹਨਤ ਅਤੇ ਯਹੋਵਾਹ ਦੀ ਬਰਕਤ ਨਾਲ ਪ੍ਰਚਾਰ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਅੱਗੇ ਵਧ ਰਿਹਾ ਹੈ ਅਤੇ ਭੀੜਾਂ ਦੀਆਂ ਭੀੜਾਂ ‘ਯਹੋਵਾਹ ਦੇ ਭਵਨ ਦੇ ਪਰਬਤ’ ਉੱਤੇ ਚੜ੍ਹ ਰਹੀਆਂ ਹਨ। (ਯਸਾ. 2:2) ਪਰਮੇਸ਼ੁਰ ਦੇ ਰਾਜ ਦੇ ਕੰਮਾਂ ਵਿਚ ਹਿੱਸਾ ਲੈਣ ਲਈ ਕਈ ਭੈਣ-ਭਰਾ ਹੋਰ ਕੁਰਬਾਨੀਆਂ ਵੀ ਕਰਦੇ ਹਨ। ਮਿਸਾਲ ਲਈ, ਕਈ ਬੈਥਲ ਵਿਚ ਸੇਵਾ ਕਰਦੇ ਹਨ, ਕਈ ਕਿੰਗਡਮ ਹਾਲ ਤੇ ਅਸੈਂਬਲੀ ਹਾਲ ਬਣਾਉਂਦੇ ਹਨ, ਕਈ ਜ਼ਿਲ੍ਹਾ ਸੰਮੇਲਨਾਂ ਦਾ ਪ੍ਰਬੰਧ ਕਰਦੇ ਹਨ ਜਾਂ ਕੁਦਰਤੀ ਆਫ਼ਤਾਂ ਤੋਂ ਬਾਅਦ ਦੂਜਿਆਂ ਦੀ ਮਦਦ ਕਰਦੇ ਹਨ। ਭਾਵੇਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਇਹ ਸਭ ਕੁਝ ਕਰਨਾ ਜ਼ਰੂਰੀ ਨਹੀਂ ਹੈ, ਪਰ ਰਾਜ ਦੇ ਕੰਮ ਨੂੰ ਅੱਗੇ ਵਧਾਉਣ ਲਈ ਇਹ ਕੰਮ ਲੋੜੀਂਦੇ ਹਨ।
3. (ੳ) ਜਦ ਅਸੀਂ ਰਾਜ ਲਈ ਕੁਰਬਾਨੀਆਂ ਕਰਦੇ ਹਾਂ, ਤਾਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ? (ਅ) ਸਾਨੂੰ ਕਿਨ੍ਹਾਂ ਸਵਾਲਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?
3 ਪਹਿਲਾਂ ਨਾਲੋਂ ਅੱਜ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਵਿਚ ਹਿੱਸਾ ਲੈਣਾ ਜ਼ਿਆਦਾ ਜ਼ਰੂਰੀ ਹੈ। ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਭੈਣ-ਭਰਾ ਆਪਣੀ ਇੱਛਾ ਨਾਲ ਯਹੋਵਾਹ ਲਈ ਕੁਰਬਾਨੀਆਂ ਕਰ ਰਹੇ ਹਨ। (ਜ਼ਬੂਰਾਂ ਦੀ ਪੋਥੀ 54:6 ਪੜ੍ਹੋ।) ਪਰਮੇਸ਼ੁਰ ਦੇ ਰਾਜ ਨੂੰ ਉਡੀਕਦੇ ਹੋਏ ਕੁਰਬਾਨੀਆਂ ਕਰਨ ਨਾਲ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। (ਬਿਵ. 16:15; ਰਸੂ. 20:35) ਪਰ ਇਸ ਸੰਬੰਧ ਵਿਚ ਸਾਨੂੰ ਸਾਰਿਆਂ ਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ। ਕੀ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਹੋਰ ਕੁਰਬਾਨੀਆਂ ਦੇ ਸਕਦੇ ਹਾਂ? ਅਸੀਂ ਆਪਣਾ ਸਮਾਂ, ਪੈਸਾ, ਤਾਕਤ ਅਤੇ ਕਾਬਲੀਅਤਾਂ ਨੂੰ ਕਿਵੇਂ ਵਰਤ ਰਹੇ ਹਾਂ? ਕੁਰਬਾਨੀਆਂ ਦਿੰਦੇ ਹੋਏ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? ਆਓ ਆਪਾਂ ਦੇਖੀਏ ਕਿ ਆਪਣੀ ਇੱਛਾ ਨਾਲ ਭੇਟਾਂ ਚੜ੍ਹਾਉਣ ਦੇ ਸੰਬੰਧ ਵਿਚ ਅਸੀਂ ਇਜ਼ਰਾਈਲੀਆਂ ਤੋਂ ਕੀ ਸਿੱਖ ਸਕਦੇ ਹਾਂ। ਇਸ ਤਰ੍ਹਾਂ ਪਰਮੇਸ਼ੁਰ ਦੀ ਸੇਵਾ ਵਿਚ ਸਾਡੀ ਖ਼ੁਸ਼ੀ ਹੋਰ ਵਧੇਗੀ।
ਇਜ਼ਰਾਈਲ ਵਿਚ ਬਲ਼ੀਆਂ ਚੜ੍ਹਾਉਣ ਦਾ ਪ੍ਰਬੰਧ
4. ਬਲ਼ੀਆਂ ਚੜ੍ਹਾਉਣ ਦੇ ਇਜ਼ਰਾਈਲੀਆਂ ਨੂੰ ਕੀ ਫ਼ਾਇਦੇ ਹੁੰਦੇ ਸਨ?
4 ਇਜ਼ਰਾਈਲੀ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣ ਤੇ ਯਹੋਵਾਹ ਦੀ ਮਿਹਰ ਉਨ੍ਹਾਂ ਉੱਤੇ ਰਹੇ। ਕੁਝ ਬਲ਼ੀਆਂ ਦੇਣੀਆਂ ਹੀ ਪੈਂਦੀਆਂ ਸਨ, ਪਰ ਦੂਸਰੀਆਂ ਆਪਣੀ ਇੱਛਾ ਨਾਲ ਦਿੱਤੀਆਂ ਜਾਂਦੀਆਂ ਸਨ। (ਲੇਵੀ. 23:37, 38) ਇਜ਼ਰਾਈਲੀ ਯਹੋਵਾਹ ਅੱਗੇ ਹੋਮ ਬਲ਼ੀਆਂ ਆਪਣੀ ਇੱਛਾ ਨਾਲ ਵੀ ਚੜ੍ਹਾ ਸਕਦੇ ਸਨ। ਇਸ ਦੀ ਵਧੀਆ ਮਿਸਾਲ ਸੁਲੇਮਾਨ ਦੇ ਜ਼ਮਾਨੇ ਤੋਂ ਮਿਲਦੀ ਹੈ ਜਦੋਂ ਉਸ ਨੇ ਅਤੇ ਲੋਕਾਂ ਨੇ ਯਹੋਵਾਹ ਦੇ ਮੰਦਰ ਦੇ ਉਦਘਾਟਨ ਸਮੇਂ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਈਆਂ ਸਨ।—2 ਇਤ. 7:4-6.
5. ਯਹੋਵਾਹ ਨੇ ਗ਼ਰੀਬ ਲੋਕਾਂ ਲਈ ਕਿਹੜਾ ਇੰਤਜ਼ਾਮ ਕੀਤਾ ਸੀ?
5 ਯਹੋਵਾਹ ਜਾਣਦਾ ਸੀ ਕਿ ਸਾਰੇ ਜਣੇ ਇੱਕੋ ਜਿਹੀਆਂ ਬਲ਼ੀਆਂ ਨਹੀਂ ਚੜ੍ਹਾ ਸਕਦੇ ਸਨ। ਉਹ ਇਜ਼ਰਾਈਲੀਆਂ ਤੋਂ ਉਹੀ ਚਾਹੁੰਦਾ ਸੀ ਜੋ ਉਹ ਦੇ ਸਕਦੇ ਸਨ। ਯਹੋਵਾਹ ਦੇ ਕਾਨੂੰਨ ਵਿਚ ਹੁਕਮ ਦਿੱਤਾ ਗਿਆ ਸੀ ਕਿ ਜਾਨਵਰਾਂ ਦੀਆਂ ਬਲ਼ੀਆਂ ਦਿੱਤੀਆਂ ਜਾਣ ਅਤੇ ਉਨ੍ਹਾਂ ਦਾ ਖ਼ੂਨ ਧਰਤੀ ʼਤੇ ਡੋਲ੍ਹਿਆ ਜਾਵੇ। ਇਹ ਬਲ਼ੀਆਂ ਯਿਸੂ ਰਾਹੀਂ “ਆਉਣ ਵਾਲੀਆਂ ਚੰਗੀਆਂ ਚੀਜ਼ਾਂ ਦਾ ਪਰਛਾਵਾਂ” ਸਨ। (ਇਬ. 10:1-4) ਪਰ ਯਹੋਵਾਹ ਨੇ ਲੋਕਾਂ ਲਈ ਇੰਤਜ਼ਾਮ ਕੀਤਾ ਕਿ ਜੇ ਉਹ ਕਿਸੇ ਜਾਨਵਰ ਦੀ ਬਲ਼ੀ ਨਹੀਂ ਦੇ ਸਕਦੇ ਸਨ, ਤਾਂ ਉਹ ਘੁੱਗੀਆਂ ਚੜ੍ਹਾ ਸਕਦੇ ਸਨ। ਇਸ ਤਰ੍ਹਾਂ ਗ਼ਰੀਬ ਲੋਕ ਵੀ ਯਹੋਵਾਹ ਨੂੰ ਖ਼ੁਸ਼ੀ-ਖ਼ੁਸ਼ੀ ਬਲ਼ੀਆਂ ਚੜ੍ਹਾ ਸਕਦੇ ਸਨ। (ਲੇਵੀ. 1:3, 10, 14; 5:7) ਭਾਵੇਂ ਵੱਖ-ਵੱਖ ਜਾਨਵਰਾਂ ਦੀਆਂ ਬਲ਼ੀਆਂ ਦਿੱਤੀਆਂ ਜਾਂਦੀਆਂ ਸਨ, ਪਰ ਆਪਣੀ ਇੱਛਾ ਨਾਲ ਬਲ਼ੀਆਂ ਚੜ੍ਹਾਉਣ ਵਾਲੇ ਹਰ ਵਿਅਕਤੀ ਤੋਂ ਯਹੋਵਾਹ ਦੋ ਖ਼ਾਸ ਚੀਜ਼ਾਂ ਚਾਹੁੰਦਾ ਸੀ।
6. ਆਪਣੀ ਇੱਛਾ ਨਾਲ ਬਲ਼ੀਆਂ ਦੇਣ ਵਾਲੇ ਤੋਂ ਯਹੋਵਾਹ ਕੀ ਚਾਹੁੰਦਾ ਸੀ ਤੇ ਇਹ ਬਹੁਤ ਗੰਭੀਰ ਗੱਲ ਕਿਉਂ ਸੀ?
6 ਪਹਿਲੀ ਚੀਜ਼ ਸੀ ਕਿ ਵਿਅਕਤੀ ਜੋ ਵੀ ਦਿੰਦਾ ਸੀ, ਉਹ ਉਸ ਦੀ ਹੈਸੀਅਤ ਮੁਤਾਬਕ ਸਭ ਤੋਂ ਵਧੀਆ ਹੋਵੇ। ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਕਿਹਾ ਕਿ ਕਿਸੇ ਵੀ ਬਲ਼ੀ ਵਿਚ ਨੁਕਸ ਨਹੀਂ ਹੋਣਾ ਚਾਹੀਦਾ ਤਾਂਕਿ ਉਹ ‘ਕਬੂਲ ਹੋਵੇ।’ (ਲੇਵੀ. 22:18-20) ਜੇ ਕਿਸੇ ਜਾਨਵਰ ਵਿਚ ਨੁਕਸ ਹੁੰਦਾ ਸੀ, ਤਾਂ ਯਹੋਵਾਹ ਉਸ ਬਲ਼ੀ ਨੂੰ ਕਬੂਲ ਨਹੀਂ ਕਰਦਾ ਸੀ। ਦੂਜੀ ਚੀਜ਼ ਸੀ ਕਿ ਬਲ਼ੀ ਚੜ੍ਹਾਉਣ ਵਾਲੇ ਵਿਅਕਤੀ ਨੂੰ ਸ਼ੁੱਧ ਹੋਣਾ ਚਾਹੀਦਾ ਸੀ। ਜੇ ਉਹ ਅਸ਼ੁੱਧ ਹੁੰਦਾ ਸੀ, ਤਾਂ ਪਹਿਲਾਂ ਉਸ ਨੂੰ ਪਾਪ ਜਾਂ ਦੋਸ਼ ਦੀ ਭੇਟ ਦੇਣੀ ਪੈਂਦੀ ਸੀ ਤਾਂਕਿ ਯਹੋਵਾਹ ਦੀ ਮਿਹਰ ਉਸ ʼਤੇ ਦੁਬਾਰਾ ਹੋਵੇ। (ਲੇਵੀ. 5:5, 6, 15) ਇਹ ਬਹੁਤ ਗੰਭੀਰ ਗੱਲ ਸੀ। ਯਹੋਵਾਹ ਨੇ ਕਿਹਾ ਕਿ ਜੇ ਕੋਈ ਅਸ਼ੁੱਧ ਵਿਅਕਤੀ ਸੁਖ ਸਾਂਦ ਦੀ ਬਲ਼ੀ ਵਿੱਚੋਂ ਖਾਂਦਾ ਸੀ, ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। (ਲੇਵੀ. 7:20, 21) ਦੂਜੇ ਪਾਸੇ, ਜੇ ਵਿਅਕਤੀ ਸ਼ੁੱਧ ਹੁੰਦਾ ਸੀ ਤੇ ਉਸ ਵੱਲੋਂ ਦਿੱਤੀ ਬਲ਼ੀ ਵਿਚ ਕੋਈ ਨੁਕਸ ਨਹੀਂ ਹੁੰਦਾ ਸੀ, ਤਾਂ ਉਸ ਦੀ ਜ਼ਮੀਰ ਸਾਫ਼ ਹੁੰਦੀ ਸੀ ਤੇ ਉਸ ਨੂੰ ਖ਼ੁਸ਼ੀ ਹੁੰਦੀ ਸੀ।—1 ਇਤਹਾਸ 29:9 ਪੜ੍ਹੋ।
ਅੱਜ ਬਲੀਦਾਨ ਦੇਣ ਦਾ ਪ੍ਰਬੰਧ
7, 8. (ੳ) ਰਾਜ ਲਈ ਕੁਰਬਾਨੀਆਂ ਕਰ ਕੇ ਭੈਣਾਂ-ਭਰਾਵਾਂ ਨੂੰ ਕੀ ਮਿਲਦਾ ਹੈ? (ਅ) ਸਾਡੇ ਕੋਲ ਕੀ ਹੈ ਜੋ ਅਸੀਂ ਯਹੋਵਾਹ ਦੀ ਸੇਵਾ ਵਿਚ ਲਾ ਸਕਦੇ ਹਾਂ?
7 ਅੱਜ ਕਈ ਭੈਣ-ਭਰਾ ਯਹੋਵਾਹ ਦੀ ਸੇਵਾ ਵਿਚ ਸਖ਼ਤ ਮਿਹਨਤ ਕਰਦੇ ਹਨ ਤੇ ਯਹੋਵਾਹ ਇਸ ਤੋਂ ਖ਼ੁਸ਼ ਹੁੰਦਾ ਹੈ। ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਨਾਲ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ। ਇਕ ਭਰਾ ਕਿੰਗਡਮ ਹਾਲ ਬਣਾਉਣ ਵਿਚ ਹੱਥ ਵਟਾਉਂਦਾ ਹੈ ਅਤੇ ਕੁਦਰਤੀ ਆਫ਼ਤਾਂ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਰਦਾ ਹੈ। ਉਹ ਕਹਿੰਦਾ ਹੈ: “ਆਪਣੇ ਨਵੇਂ ਕਿੰਗਡਮ ਹਾਲ ਵਿਚ ਆ ਕੇ ਭੈਣਾਂ-ਭਰਾਵਾਂ ਦੇ ਚਿਹਰੇ ਖਿੜੇ ਹੁੰਦੇ ਹਨ ਜਾਂ ਕਿਸੇ ਆਫ਼ਤ ਤੋਂ ਬਾਅਦ ਮਦਦ ਹਾਸਲ ਕਰ ਕੇ ਭੈਣਾਂ-ਭਰਾਵਾਂ ਦੇ ਚਿਹਰਿਆਂ ʼਤੇ ਸਕੂਨ ਹੁੰਦਾ ਹੈ। ਇਹ ਦੇਖ ਕੇ ਮੈਨੂੰ ਜੋ ਖ਼ੁਸ਼ੀ ਮਿਲਦੀ ਹੈ, ਉਸ ਨੂੰ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ।”
8 ਸਾਡੇ ਜ਼ਮਾਨੇ ਵਿਚ ਯਹੋਵਾਹ ਦੇ ਲੋਕਾਂ ਨੇ ਹਮੇਸ਼ਾ ਉਸ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈਣ ਦੇ ਮੌਕੇ ਲੱਭੇ ਹਨ। ਸਾਲ 1904 ਵਿਚ ਭਰਾ ਰਸਲ ਨੇ ਕਿਹਾ ਸੀ ਕਿ ਸਾਨੂੰ ਆਪਣਾ ਸਮਾਂ, ਹੈਸੀਅਤ, ਪੈਸਾ ਵਗੈਰਾ ਯਹੋਵਾਹ ਦੀ ਵਡਿਆਈ ਲਈ ਵਰਤਣਾ ਚਾਹੀਦਾ ਹੈ। ਭਾਵੇਂ ਸਾਨੂੰ ਕਈ ਬਰਕਤਾਂ ਮਿਲਦੀਆਂ ਹਨ, ਪਰ ਯਹੋਵਾਹ ਵਾਸਤੇ ਕੁਰਬਾਨੀਆਂ ਕਰਨ ਲਈ ਸਾਨੂੰ ਆਪਣਾ ਕੁਝ-ਨਾ-ਕੁਝ ਕੁਰਬਾਨ ਕਰਨਾ ਪਵੇਗਾ। (2 ਸਮੂ. 24:21-24) ਕੀ ਅਸੀਂ ਆਪਣੀਆਂ ਚੀਜ਼ਾਂ ਨੂੰ ਹੋਰ ਵਧੀਆ ਤਰੀਕੇ ਨਾਲ ਵਰਤ ਸਕਦੇ ਹਾਂ?
9. ਆਪਣੇ ਸਮੇਂ ਨੂੰ ਵਰਤਣ ਦੇ ਸੰਬੰਧ ਵਿਚ ਅਸੀਂ ਲੂਕਾ 10:2-4 ਵਿਚ ਦਿੱਤਾ ਯਿਸੂ ਦਾ ਕਿਹੜਾ ਅਸੂਲ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਾਂ?
9 ਸਾਡਾ ਸਮਾਂ। ਸਾਡੇ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਤੇ ਛਾਪਣ, ਕਿੰਗਡਮ ਹਾਲ ਤੇ ਅਸੈਂਬਲੀ ਹਾਲ ਬਣਾਉਣ, ਜ਼ਿਲ੍ਹਾ ਸੰਮੇਲਨਾਂ ਦਾ ਪ੍ਰਬੰਧ ਕਰਨ, ਕੁਦਰਤੀ ਆਫ਼ਤਾਂ ਤੋਂ ਬਾਅਦ ਮਦਦ ਕਰਨ ਤੇ ਹੋਰ ਕਈ ਕੰਮ ਕਰਨ ਵਿਚ ਕਾਫ਼ੀ ਸਮਾਂ ਤੇ ਮਿਹਨਤ ਲੱਗਦੀ ਹੈ। ਸਾਡੇ ਕੋਲ ਦਿਨ ਵਿਚ 24 ਘੰਟੇ ਹੀ ਹੁੰਦੇ ਹਨ। ਯਿਸੂ ਨੇ ਇਕ ਅਸੂਲ ਦਿੱਤਾ ਜੋ ਸਮੇਂ ਨੂੰ ਚੰਗੀ ਤਰ੍ਹਾਂ ਵਰਤਣ ਵਿਚ ਸਾਡੀ ਮਦਦ ਕਰ ਸਕਦਾ ਹੈ। ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਿਆ ਸੀ, ਤਾਂ ਉਸ ਨੇ ਕਿਹਾ, ‘ਰਾਹ ਵਿਚ ਕਿਸੇ ਨਾਲ ਗਲ਼ੇ ਮਿਲਣ ਵਿਚ ਸਮਾਂ ਨਾ ਗੁਆਓ।’ (ਲੂਕਾ 10:2-4) ਯਿਸੂ ਨੇ ਇਹ ਸਲਾਹ ਕਿਉਂ ਦਿੱਤੀ ਸੀ? ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ: “ਪੂਰਬੀ ਦੇਸ਼ਾਂ ਦੇ ਲੋਕ ਇਕ-ਦੂਜੇ ਨੂੰ ਸਲਾਮ-ਦੁਆ ਕਰਦਿਆਂ ਸਾਡੇ ਵਾਂਗ ਸਿਰਫ਼ ਹੱਥ ਨਹੀਂ ਮਿਲਾਉਂਦੇ ਸਨ, ਸਗੋਂ ਉਹ ਗਲ਼ੇ ਮਿਲਦੇ ਸਨ ਅਤੇ ਜ਼ਮੀਨ ʼਤੇ ਝੁਕ ਕੇ ਇਕ-ਦੂਜੇ ਨੂੰ ਨਮਸਕਾਰ ਕਰਦੇ ਸਨ। ਇਸ ਵਿਚ ਬਹੁਤ ਸਮਾਂ ਲੱਗ ਜਾਂਦਾ ਸੀ।” ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਦੇ ਚੇਲੇ ਲੋਕਾਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣ। ਇਸ ਦੀ ਬਜਾਇ, ਉਹ ਇਹ ਸਮਝਾ ਰਿਹਾ ਸੀ ਕਿ ਉਨ੍ਹਾਂ ਕੋਲ ਬਹੁਤਾ ਸਮਾਂ ਨਹੀਂ ਸੀ, ਜਿਸ ਕਰਕੇ ਉਨ੍ਹਾਂ ਨੂੰ ਜ਼ਿਆਦਾ ਜ਼ਰੂਰੀ ਕੰਮਾਂ ਨੂੰ ਪਹਿਲ ਦੇਣ ਦੀ ਲੋੜ ਸੀ। (ਅਫ਼. 5:16) ਕੀ ਅਸੀਂ ਇਹ ਅਸੂਲ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਕੇ ਰਾਜ ਦੇ ਕੰਮਾਂ ਲਈ ਜ਼ਿਆਦਾ ਸਮਾਂ ਕੱਢ ਸਕਦੇ ਹਾਂ?
10, 11. (ੳ) ਅਸੀਂ ਯਹੋਵਾਹ ਦੇ ਕੰਮਾਂ ਲਈ ਜੋ ਪੈਸਾ ਦਾਨ ਕਰਦੇ ਹਾਂ, ਉਹ ਕਿੱਦਾਂ ਵਰਤਿਆ ਜਾਂਦਾ ਹੈ? (ਅ) ਆਪਣੇ ਪੈਸੇ ਵਰਤਣ ਦੇ ਸੰਬੰਧ ਵਿਚ 1 ਕੁਰਿੰਥੀਆਂ 16:1, 2 ਵਿਚ ਕਿਹੜਾ ਅਸੂਲ ਸਾਡੀ ਮਦਦ ਕਰਦਾ ਹੈ?
10 ਸਾਡਾ ਪੈਸਾ। ਪਰਮੇਸ਼ੁਰ ਦੇ ਰਾਜ ਦੇ ਕੰਮਾਂ ਵਿਚ ਕਾਫ਼ੀ ਪੈਸਾ ਲੱਗਦਾ ਹੈ। ਹਰ ਸਾਲ ਸਫ਼ਰੀ ਨਿਗਾਹਬਾਨਾਂ, ਸਪੈਸ਼ਲ ਪਾਇਨੀਅਰਾਂ ਅਤੇ ਮਿਸ਼ਨਰੀਆਂ ਦੀ ਦੇਖ-ਭਾਲ ਕਰਨ ਉੱਤੇ ਅਰਬਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਗ਼ਰੀਬ ਦੇਸ਼ਾਂ ਵਿਚ 1999 ਤੋਂ ਲੈ ਕੇ ਹੁਣ ਤਕ 24,500 ਤੋਂ ਜ਼ਿਆਦਾ ਕਿੰਗਡਮ ਹਾਲ ਬਣਾਏ ਗਏ ਹਨ। ਫਿਰ ਵੀ ਲਗਭਗ 6,400 ਹੋਰ ਕਿੰਗਡਮ ਹਾਲਾਂ ਦੀ ਲੋੜ ਹੈ। ਹਰ ਮਹੀਨੇ ਪਹਿਰਾਬੁਰਜ ਤੇ ਜਾਗਰੂਕ ਬਣੋ! ਮੈਗਜ਼ੀਨਾਂ ਦੀਆਂ ਤਕਰੀਬਨ 10 ਕਰੋੜ ਕਾਪੀਆਂ ਛਾਪੀਆਂ ਜਾਂਦੀਆਂ ਹਨ। ਇਹ ਸਭ ਖ਼ਰਚਾ ਤੁਹਾਡੇ ਦਿਲੋਂ ਦਿੱਤੇ ਦਾਨ ਨਾਲ ਚਲਾਇਆ ਜਾਂਦਾ ਹੈ।
11 ਦਾਨ ਦੇ ਸੰਬੰਧ ਵਿਚ ਪੌਲੁਸ ਰਸੂਲ ਨੇ ਇਕ ਵਧੀਆ ਅਸੂਲ ਦਿੱਤਾ। (1 ਕੁਰਿੰਥੀਆਂ 16:1, 2 ਪੜ੍ਹੋ।) ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਉਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਕਿਹਾ ਕਿ ਉਹ ਹਫ਼ਤੇ ਦੇ ਅਖ਼ੀਰ ਵਿਚ ਨਹੀਂ, ਸਗੋਂ ਸ਼ੁਰੂ ਵਿਚ ਆਪਣੀ ਹੈਸੀਅਤ ਮੁਤਾਬਕ ਪੈਸੇ ਦਾਨ ਕਰਨ ਲਈ ਜੁਦੇ ਕੱਢ ਲੈਣ। ਪਹਿਲੀ ਸਦੀ ਵਾਂਗ ਅੱਜ ਵੀ ਭੈਣ-ਭਰਾ ਪਹਿਲਾਂ ਹੀ ਠਾਣ ਲੈਂਦੇ ਹਨ ਕਿ ਉਹ ਕਿੰਨੇ ਪੈਸੇ ਦਾਨ ਕਰਨਗੇ। (ਲੂਕਾ 21:1-4; ਰਸੂ. 4:32-35) ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲਿਆਂ ਨੂੰ ਪਿਆਰ ਕਰਦਾ ਹੈ।
12, 13. ਕੁਝ ਭੈਣ-ਭਰਾ ਕਿਉਂ ਸੋਚਦੇ ਹਨ ਕਿ ਉਹ ਯਹੋਵਾਹ ਦੀ ਸੇਵਾ ਵਿਚ ਹੋਰ ਕੰਮ ਨਹੀਂ ਕਰ ਸਕਦੇ, ਪਰ ਯਹੋਵਾਹ ਉਨ੍ਹਾਂ ਦੀ ਮਦਦ ਕਿਵੇਂ ਕਰੇਗਾ?
12 ਸਾਡੀ ਤਾਕਤ ਤੇ ਕਾਬਲੀਅਤ। ਜਦ ਅਸੀਂ ਰਾਜ ਦੇ ਕੰਮਾਂ ਲਈ ਆਪਣੀ ਤਾਕਤ ਤੇ ਕਾਬਲੀਅਤ ਵਰਤਦੇ ਹਾਂ, ਤਾਂ ਯਹੋਵਾਹ ਸਾਡੀ ਮਦਦ ਕਰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਥੱਕ ਜਾਈਏ, ਤਾਂ ਉਹ ਸਾਡਾ ਸਹਾਰਾ ਬਣੇਗਾ। (ਯਸਾ. 40:29-31) ਕੀ ਸਾਨੂੰ ਲੱਗਦਾ ਹੈ ਕਿ ਸਾਡੇ ਵਿਚ ਕੰਮ ਕਰਨ ਦੀ ਕਾਬਲੀਅਤ ਨਹੀਂ ਹੈ? ਕੀ ਅਸੀਂ ਸੋਚਦੇ ਹਾਂ ਕਿ ਦੂਸਰੇ ਸਾਡੇ ਨਾਲੋਂ ਜ਼ਿਆਦਾ ਕਾਬਲ ਹਨ? ਯਾਦ ਰੱਖੋ ਕਿ ਯਹੋਵਾਹ ਕਿਸੇ ਦੀ ਵੀ ਕਾਬਲੀਅਤ ਨੂੰ ਨਿਖਾਰ ਸਕਦਾ ਹੈ ਜਿਵੇਂ ਉਸ ਨੇ ਬਸਲਏਲ ਅਤੇ ਆਹਾਲੀਆਬ ਲਈ ਕੀਤਾ ਸੀ।—ਕੂਚ 31:1-6; ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।
13 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਵਾ ਵਿਚ ਆਪਣੀ ਪੂਰੀ ਵਾਹ ਲਾਈਏ ਤੇ ਪਿੱਛੇ ਨਾ ਹਟੀਏ। (ਕਹਾ. 3:27) ਯਰੂਸ਼ਲਮ ਵਿਚ ਜਦ ਯਹੋਵਾਹ ਦੇ ਮੰਦਰ ਨੂੰ ਦੁਬਾਰਾ ਬਣਾਉਣ ਦਾ ਕੰਮ ਰੁਕਿਆ ਹੋਇਆ ਸੀ, ਤਾਂ ਯਹੋਵਾਹ ਨੇ ਯਹੂਦੀਆਂ ਨੂੰ ਕਿਹਾ ਕਿ ਉਹ ਇਸ ਬਾਰੇ ਚੰਗੀ ਤਰ੍ਹਾਂ ਸੋਚਣ ਕਿ ਮੰਦਰ ਦੇ ਕੰਮ ਨੂੰ ਪੂਰਾ ਕਰਨ ਲਈ ਉਹ ਕੀ ਕਰ ਰਹੇ ਸਨ। (ਹੱਜ. 1:2-5) ਉਹ ਯਹੋਵਾਹ ਦੇ ਕੰਮ ਨੂੰ ਪਹਿਲ ਦੇਣ ਦੀ ਬਜਾਇ ਆਪਣੇ ਕੰਮਾਂ ਵਿਚ ਲੱਗੇ ਹੋਏ ਸਨ। ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਅਸੀਂ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਰਹੇ ਹਾਂ ਜਾਂ ਨਹੀਂ? ਕੀ ਇਨ੍ਹਾਂ ਆਖ਼ਰੀ ਦਿਨਾਂ ਵਿਚ ਅਸੀਂ ਪਰਮੇਸ਼ੁਰ ਦੇ ਕੰਮਾਂ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਬਾਰੇ ਗੰਭੀਰਤਾ ਨਾਲ ਸੋਚ ਸਕਦੇ ਹਾਂ?’
ਆਪਣੀ ਹੈਸੀਅਤ ਮੁਤਾਬਕ ਦੇਣਾ
14, 15. (ੳ) ਅਸੀਂ ਗ਼ਰੀਬ ਭੈਣਾਂ-ਭਰਾਵਾਂ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (ਅ) ਸਾਡੀ ਇੱਛਾ ਕੀ ਹੋਣੀ ਚਾਹੀਦੀ ਹੈ?
14 ਕਈ ਲੋਕ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਤੰਗੀਆਂ ਤੇ ਗ਼ਰੀਬੀ ਆਮ ਹੈ। ਯਹੋਵਾਹ ਦੀ ਸੰਸਥਾ ਇਨ੍ਹਾਂ ਦੇਸ਼ਾਂ ਵਿਚ ਰਹਿੰਦੇ ਭੈਣਾਂ-ਭਰਾਵਾਂ ਦੀ ਮਦਦ ਕਰਦੀ ਹੈ। (2 ਕੁਰਿੰ. 8:14) ਪਰ ਗ਼ਰੀਬ ਭੈਣ-ਭਰਾ ਵੀ ਦਾਨ ਦੇਣਾ ਚਾਹੁੰਦੇ ਹਨ। ਯਹੋਵਾਹ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ ਜਦ ਗ਼ਰੀਬ ਲੋਕ ਵੀ ਦਿਲੋਂ ਦਿੰਦੇ ਹਨ।—2 ਕੁਰਿੰ. 9:7.
15 ਅਫ਼ਰੀਕਾ ਦੇ ਇਕ ਗ਼ਰੀਬ ਦੇਸ਼ ਵਿਚ ਕੁਝ ਭੈਣ-ਭਰਾ ਆਪਣੀ ਥੋੜ੍ਹੀ ਜਿਹੀ ਜ਼ਮੀਨ ਵਿੱਚੋਂ ਇਕ ਛੋਟਾ ਜਿਹਾ ਹਿੱਸਾ ਜੁਦਾ ਕਰ ਲੈਂਦੇ ਹਨ। ਉਸ ਵਿਚ ਉਹ ਜੋ ਵੀ ਉਗਾਉਂਦੇ ਹਨ, ਉਸ ਨੂੰ ਵੇਚ ਕੇ ਪਰਮੇਸ਼ੁਰ ਦੇ ਰਾਜ ਦੇ ਕੰਮਾਂ ਲਈ ਦਾਨ ਦਿੰਦੇ ਹਨ। ਉਸੇ ਦੇਸ਼ ਵਿਚ ਇਕ ਕਿੰਗਡਮ ਹਾਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਉੱਥੇ ਦੇ ਭੈਣ-ਭਰਾ ਵੀ ਇਸ ਕੰਮ ਵਿਚ ਹੱਥ ਵਟਾਉਣਾ ਚਾਹੁੰਦੇ ਸਨ। ਪਰ ਇਹ ਕੰਮ ਫ਼ਸਲ ਬੀਜਣ ਦੇ ਸਮੇਂ ਦੌਰਾਨ ਕੀਤਾ ਜਾਣਾ ਸੀ। ਫਿਰ ਵੀ ਭੈਣਾਂ-ਭਰਾਵਾਂ ਨੇ ਮਦਦ ਕੀਤੀ। ਉਨ੍ਹਾਂ ਨੇ ਦਿਨ ਨੂੰ ਕਿੰਗਡਮ ਹਾਲ ਬਣਾਉਣ ਦੇ ਕੰਮ ਵਿਚ ਹਿੱਸਾ ਲਿਆ ਤੇ ਸ਼ਾਮ ਨੂੰ ਆਪਣੀ ਫ਼ਸਲ ਬੀਜੀ। ਕਿੰਨੀ ਵਧੀਆ ਮਿਸਾਲ! ਇਹ ਮਿਸਾਲ ਸਾਨੂੰ ਪਹਿਲੀ ਸਦੀ ਵਿਚ ਮਕਦੂਨੀਆ ਦੇ ਭੈਣਾਂ-ਭਰਾਵਾਂ ਦੀ ਯਾਦ ਕਰਾਉਂਦੀ ਹੈ। ਉਨ੍ਹਾਂ ਨੇ “ਇੰਨੇ ਗ਼ਰੀਬ ਹੁੰਦੇ ਹੋਏ ਵੀ” ਮਿੰਨਤਾਂ ਕੀਤੀਆਂ ਕਿ ਉਨ੍ਹਾਂ ਨੂੰ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ। (2 ਕੁਰਿੰ. 8:1-4) ਆਓ ਆਪਾਂ ਵੀ ‘ਆਪਣੇ ਵਿਤ ਅਨੁਸਾਰ ਦੇਈਏ ਜਿਵੇਂ ਯਹੋਵਾਹ ਨੇ ਸਾਨੂੰ ਬਰਕਤ ਦਿੱਤੀ ਹੈ।’—ਬਿਵਸਥਾ ਸਾਰ 16:17 ਪੜ੍ਹੋ।
16. ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਕੁਰਬਾਨੀਆਂ ਨੂੰ ਕਬੂਲ ਕਰੇਗਾ?
16 ਪਰ ਕੁਰਬਾਨੀਆਂ ਦਿੰਦੇ ਹੋਏ ਸਾਨੂੰ ਕੁਝ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ। ਇਜ਼ਰਾਈਲੀਆਂ ਵਾਂਗ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਇੱਛਾ ਨਾਲ ਜੋ ਵੀ ਦਿੰਦੇ ਹਾਂ, ਯਹੋਵਾਹ ਉਸ ਨੂੰ ਕਬੂਲ ਕਰੇ। ਯਹੋਵਾਹ ਕਿਸ ਵਜ੍ਹਾ ਕਰਕੇ ਸਾਡੀਆਂ ਕੁਰਬਾਨੀਆਂ ਨੂੰ ਕਬੂਲ ਨਹੀਂ ਕਰੇਗਾ? ਸਾਨੂੰ ਆਪਣੇ ਪਰਿਵਾਰ ਅਤੇ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣੀ ਚਾਹੀਦੀ ਹੈ। ਸ਼ਾਇਦ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਸਾਨੂੰ ਆਪਣਾ ਸਮਾਂ ਜਾਂ ਚੀਜ਼ਾਂ ਵਰਤਣ ਦਾ ਮੌਕਾ ਮਿਲੇ। ਪਰ ਜੇ ਅਸੀਂ ਇਨ੍ਹਾਂ ਕੰਮਾਂ ਕਰਕੇ ਯਹੋਵਾਹ ਨਾਲ ਆਪਣੇ ਪਰਿਵਾਰ ਦੇ ਰਿਸ਼ਤੇ ਨੂੰ ਮਜ਼ਬੂਤ ਨਹੀਂ ਰੱਖ ਪਾਉਂਦੇ ਜਾਂ ਉਨ੍ਹਾਂ ਦੀ ਦੇਖ-ਭਾਲ ਨਹੀਂ ਕਰਦੇ, ਤਾਂ ਯਹੋਵਾਹ ਸਾਡੀ ਕੁਰਬਾਨੀ ਨੂੰ ਕਬੂਲ ਨਹੀਂ ਕਰੇਗਾ। (2 ਕੁਰਿੰਥੀਆਂ 8:12 ਪੜ੍ਹੋ।) ਇਸ ਦੇ ਨਾਲ-ਨਾਲ ਸਾਨੂੰ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਦੀ ਲੋੜ ਹੈ। (1 ਕੁਰਿੰ. 9:26, 27) ਪਰ ਜੇ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਚੱਲਦੇ ਹਾਂ, ਤਾਂ ਸਾਨੂੰ ਖ਼ੁਸ਼ੀ ਮਿਲੇਗੀ ਤੇ ਯਹੋਵਾਹ ਵੀ ਸਾਡੇ ਤੋਂ ਖ਼ੁਸ਼ ਹੋਵੇਗਾ।
ਸਾਡੀਆਂ ਕੁਰਬਾਨੀਆਂ ਦੀ ਕਦਰ ਕੀਤੀ ਜਾਂਦੀ ਹੈ
17, 18. ਰਾਜ ਦੀ ਖ਼ਾਤਰ ਕੁਰਬਾਨੀਆਂ ਕਰਨ ਵਾਲੇ ਭੈਣਾਂ-ਭਰਾਵਾਂ ਪ੍ਰਤੀ ਸਾਡਾ ਕੀ ਨਜ਼ਰੀਆ ਹੈ ਤੇ ਸਾਨੂੰ ਕਿਸ ਗੱਲ ਬਾਰੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?
17 ਕਈ ਭੈਣ-ਭਰਾ ਰਾਜ ਦੀ ਖ਼ਾਤਰ “ਪੀਣ ਦੀ ਭੇਟ” ਵਾਂਗ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੁੰਦੇ ਹਨ। (ਫ਼ਿਲਿ. 2:17) ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਦੀਆਂ ਕੁਰਬਾਨੀਆਂ ਲਈ ਦਿਲੋਂ ਧੰਨਵਾਦੀ ਹਾਂ। ਜਿਹੜੇ ਭਰਾ ਰਾਜ ਦੇ ਕੰਮਾਂ ਵਿਚ ਅਗਵਾਈ ਕਰਦੇ ਹਨ ਅਸੀਂ ਉਨ੍ਹਾਂ ਦੀਆਂ ਪਤਨੀਆਂ ਤੇ ਬੱਚਿਆਂ ਦੀਆਂ ਕੁਰਬਾਨੀਆਂ ਦੀ ਵੀ ਦਿਲੋਂ ਕਦਰ ਕਰਦੇ ਹਾਂ।
18 ਪਰਮੇਸ਼ੁਰ ਦੇ ਰਾਜ ਦੇ ਕੰਮ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਆਓ ਆਪਾਂ ਪ੍ਰਾਰਥਨਾ ਕਰੀਏ ਅਤੇ ਇਸ ਬਾਰੇ ਸੋਚ-ਵਿਚਾਰ ਕਰੀਏ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਹੋਰ ਕਿੰਨਾ ਕੁ ਕਰ ਸਕਦੇ ਹਾਂ। ਜੇ ਅਸੀਂ ਰਾਜ ਦੀ ਖ਼ਾਤਰ ਕੁਰਬਾਨੀਆਂ ਕਰਾਂਗੇ, ਤਾਂ ਸਾਨੂੰ ਨਾ ਸਿਰਫ਼ ਹੁਣ, ਬਲਕਿ “ਆਉਣ ਵਾਲੇ ਸਮੇਂ ਵਿਚ” ਵੀ ਬਰਕਤਾਂ ਮਿਲਣਗੀਆਂ।—ਮਰ. 10:28-30.
a ਪਹਿਰਾਬੁਰਜ, 15 ਜਨਵਰੀ 2012, ਸਫ਼ੇ 21-25 ʼਤੇ “ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰੋ” ਨਾਂ ਦਾ ਲੇਖ ਦੇਖੋ।