ਤੁਸੀਂ “ਇੱਕ ਤਮਾਸ਼ਾ” ਹੋ!
1 ਪੌਲੁਸ ਰਸੂਲ ਨੇ ਲਿਖਿਆ: “ਅਸੀਂ ਜਗਤ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ।” (1 ਕੁਰਿੰ. 4:9) ਇਸ ਦਾ ਕੀ ਮਤਲਬ ਹੈ ਅਤੇ ਅੱਜ ਸੇਵਕਾਈ ਵਿਚ ਇਸ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਣਾ ਚਾਹੀਦਾ ਹੈ?
2 ਸ਼ਬਦ “ਇੱਕ ਤਮਾਸ਼ਾ” ਕੁਰਿੰਥੀਆਂ ਨੂੰ ਰੋਮੀ ਤਲਵਾਰਬਾਜ਼ੀ ਮੁਕਾਬਲੇ ਦੀ ਅਖ਼ੀਰਲੀ ਝਾਕੀ ਦੀ ਯਾਦ ਕਰਾਉਂਦੇ ਸਨ ਜਿਸ ਵਿਚ ਦੋਸ਼ੀ ਕਰਾਰ ਕੀਤੇ ਗਏ ਲੋਕਾਂ ਨੂੰ ਵਹਿਸ਼ੀ ਤਰੀਕੇ ਨਾਲ ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਹਜ਼ਾਰਾਂ ਦਰਸ਼ਕਾਂ ਸਾਮ੍ਹਣੇ ਜਲੂਸ ਕੱਢਿਆ ਜਾਂਦਾ ਸੀ। ਇਸੇ ਤਰ੍ਹਾਂ, ਬਹੁਤ ਸਾਰੇ ਦਰਸ਼ਕਾਂ—ਇਨਸਾਨ ਅਤੇ ਦੂਤਾਂ ਦੋਹਾਂ—ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਰਾਜ ਦੀ ਗਵਾਹੀ ਦੇਣ ਦੀ ਖ਼ਾਤਰ ਦੁੱਖ ਝੱਲਦੇ ਹੋਏ ਦੇਖਿਆ ਸੀ। (ਇਬ. 10:32, 33) ਉਨ੍ਹਾਂ ਮਸੀਹੀਆਂ ਦੀ ਵਫ਼ਾਦਾਰੀ ਨੂੰ ਦੇਖ ਕੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਸਨ, ਜਿੱਦਾਂ ਅੱਜ ਵੀ ਸਾਡੀ ਸਹਿਣਸ਼ੀਲਤਾ ਨੂੰ ਦੇਖ ਕੇ ਲੋਕ ਪ੍ਰਭਾਵਿਤ ਹੁੰਦੇ ਹਨ। ਪਰ ਅਸੀਂ ਕਿਨ੍ਹਾਂ ਲਈ ਤਮਾਸ਼ਾ ਬਣੇ ਹੋਏ ਹਾਂ?
3 ਜਗਤ ਅਤੇ ਮਨੁੱਖਾਂ ਲਈ: ਕਈ ਵਾਰੀ ਅਖ਼ਬਾਰਾਂ ਵਿਚ ਯਹੋਵਾਹ ਦੇ ਲੋਕਾਂ ਦੇ ਕੰਮਾਂ ਬਾਰੇ ਰਿਪੋਰਟਾਂ ਛਪਦੀਆਂ ਹਨ। ਸਾਡੇ ਕੰਮਾਂ ਨਾਲ ਸੰਬੰਧਿਤ ਚੰਗੀਆਂ ਰਿਪੋਰਟਾਂ ਦੀ ਅਸੀਂ ਕਦਰ ਕਰਦੇ ਹਾਂ, ਪਰ ਸਾਨੂੰ ਇਹ ਵੀ ਪਤਾ ਹੈ ਕਿ ਸਮੇਂ-ਸਮੇਂ ਤੇ ਸਾਡੇ ਵਿਰੋਧੀ ਬੁਰੀਆਂ ਰਿਪੋਰਟਾਂ ਵੀ ਛਾਪਦੇ ਹਨ। ਫਿਰ ਵੀ ਸਾਨੂੰ “ਅਪਜਸ ਅਤੇ ਜਸ ਨਾਲ” ਪਰਮੇਸ਼ੁਰ ਦੇ ਸੇਵਕ ਹੋਣ ਦਾ ਪ੍ਰਮਾਣ ਦਿੰਦੇ ਰਹਿਣਾ ਚਾਹੀਦਾ ਹੈ। (2 ਕੁਰਿੰ. 6:4, 8) ਇਸ ਤਰ੍ਹਾਂ ਨੇਕਦਿਲ ਲੋਕ ਸਾਫ਼-ਸਾਫ਼ ਦੇਖ ਸਕਣਗੇ ਕਿ ਅਸੀਂ ਯਿਸੂ ਮਸੀਹ ਦੇ ਸੱਚੇ ਚੇਲੇ ਹਾਂ।
4 ਦੂਤਾਂ ਲਈ: ਆਤਮਿਕ ਪ੍ਰਾਣੀ ਵੀ ਸਾਨੂੰ ਦੇਖਦੇ ਹਨ। ਸ਼ਤਾਨ ਅਤੇ ਉਸ ਦੇ ਪਿਸ਼ਾਚ ‘ਵੱਡੇ ਕ੍ਰੋਧ’ ਨਾਲ ਸਾਨੂੰ ਦੇਖਦੇ ਹਨ ਕਿਉਂਕਿ ਉਹ “ਯਿਸੂ ਦੀ ਸਾਖੀ” ਦੇਣ ਦੇ ਕੰਮ ਨੂੰ ਰੋਕਣਾ ਚਾਹੁੰਦੇ ਹਨ। (ਪਰ. 12:9, 12, 17) ਪਰਮੇਸ਼ੁਰ ਦੇ ਵਫ਼ਾਦਾਰ ਦੂਤ ਵੀ ਦੇਖਦੇ ਹਨ ਤੇ ਉਨ੍ਹਾਂ ਨੂੰ ਇਕ ਪਾਪੀ ਦੇ ਤੋਬਾ ਕਰਨ ਤੇ ਵੀ ਬੜੀ ਖ਼ੁਸ਼ੀ ਹੁੰਦੀ ਹੈ। (ਲੂਕਾ 15:10) ਇਹ ਜਾਣ ਕੇ ਸਾਡਾ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਦੂਤ ਸਾਡੀ ਸੇਵਕਾਈ ਨੂੰ ਧਰਤੀ ਉੱਤੇ ਅੱਜ ਕੀਤਾ ਜਾ ਰਿਹਾ ਸਭ ਤੋਂ ਮਹੱਤਵਪੂਰਣ ਅਤੇ ਫ਼ਾਇਦੇਮੰਦ ਕੰਮ ਸਮਝਦੇ ਹਨ!—ਪਰ. 14:6, 7.
5 ਜਦੋਂ ਤੁਹਾਨੂੰ ਸਤਾਹਟ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਾਂ ਤੁਸੀਂ ਸੋਚਦੇ ਹੋ ਕਿ ਤੁਹਾਡੇ ਪ੍ਰਚਾਰ ਕੰਮ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ ਹੈ, ਤਾਂ ਯਾਦ ਰੱਖੋ ਕਿ ਤੁਹਾਨੂੰ ਮਨੁੱਖ ਅਤੇ ਦੂਤ ਦੋਵੇਂ ਹੀ ਦੇਖ ਰਹੇ ਹਨ। ਤੁਹਾਡੀ ਵਫ਼ਾਦਾਰੀ ਅਤੇ ਧੀਰਜ ਤੋਂ ਤੁਹਾਡੀ ਖਰਿਆਈ ਬਾਰੇ ਕਾਫ਼ੀ ਕੁਝ ਪਤਾ ਚੱਲਦਾ ਹੈ। ਆਖ਼ਰਕਾਰ “ਨਿਹਚਾ ਦੀ ਚੰਗੀ ਲੜਾਈ” ਲੜਨ ਨਾਲ ਤੁਸੀਂ ‘ਸਦੀਪਕ ਜੀਵਨ ਨੂੰ ਫੜਨ’ ਦੇ ਕਾਬਲ ਹੋ ਜਾਵੋਗੇ।—1 ਤਿਮੋ. 6:12.