ਯਹੋਵਾਹ ਦੁਆਰਾ ਮੁਹੱਈਆ ਕੀਤੇ ਗਏ ਦਿਲਾਸੇ ਨੂੰ ਸਾਂਝਿਆਂ ਕਰਨਾ
“ਤੁਹਾਡੇ ਲਈ ਸਾਡੀ ਆਸ ਪੱਕੀ ਹੈ ਕਿਉਂ ਜੋ ਅਸੀਂ ਜਾਣਦੇ ਹਾਂ ਭਈ ਜਿਵੇਂ ਤੁਸੀਂ ਦੁਖਾਂ ਵਿੱਚ ਸਾਂਝੀ ਹੋ ਤਿਵੇਂ ਦਿਲਾਸੇ ਵਿੱਚ ਭੀ ਹੋ।”—2 ਕੁਰਿੰਥੀਆਂ 1:7.
1, 2. ਅਨੇਕਾਂ ਦਾ ਕੀ ਅਨੁਭਵ ਰਿਹਾ ਹੈ ਜੋ ਅੱਜ ਮਸੀਹੀ ਬਣ ਗਏ ਹਨ?
ਪਹਿਰਾਬੁਰਜ ਦੇ ਅਨੇਕ ਵਰਤਮਾਨ ਪਾਠਕ ਪਰਮੇਸ਼ੁਰ ਦੀ ਸੱਚਾਈ ਦਾ ਗਿਆਨ ਜਾਣੇ ਬਿਨਾਂ ਹੀ ਵੱਡੇ ਹੋਏ ਹਨ। ਸ਼ਾਇਦ ਇਹ ਤੁਹਾਡੇ ਬਾਰੇ ਵੀ ਸੱਚ ਹੈ। ਜੇਕਰ ਹਾਂ, ਤਾਂ ਯਾਦ ਕਰੋ ਕਿ ਜਿਉਂ ਹੀ ਤੁਹਾਡੀਆਂ ਸਮਝ ਦੀਆਂ ਅੱਖਾਂ ਖੁੱਲ੍ਹਣ ਲੱਗੀਆਂ, ਉਦੋਂ ਤੁਸੀਂ ਕਿਵੇਂ ਮਹਿਸੂਸ ਕੀਤਾ ਸੀ। ਮਿਸਾਲ ਲਈ, ਜਦੋਂ ਤੁਸੀਂ ਪਹਿਲੀ ਵਾਰ ਸਮਝਿਆ ਕਿ ਮਿਰਤਕ ਕਸ਼ਟ ਨਹੀਂ ਭੋਗ ਰਹੇ ਹਨ ਬਲਕਿ ਅਚੇਤ ਹਨ, ਤਾਂ ਕੀ ਤੁਸੀਂ ਰਾਹਤ ਮਹਿਸੂਸ ਨਹੀਂ ਕੀਤੀ ਸੀ? ਅਤੇ ਜਦੋਂ ਤੁਸੀਂ ਮਿਰਤਕਾਂ ਦੇ ਲਈ ਉਮੀਦ ਦੇ ਬਾਰੇ ਸਿੱਖਿਆ ਕਿ ਅਰਬਾਂ ਹੀ ਲੋਕ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀਵਨ ਲਈ ਪੁਨਰ-ਉਥਿਤ ਕੀਤੇ ਜਾਣਗੇ, ਤਾਂ ਕੀ ਤੁਹਾਨੂੰ ਦਿਲਾਸਾ ਨਹੀਂ ਮਿਲਿਆ?—ਉਪਦੇਸ਼ਕ ਦੀ ਪੋਥੀ 9:5, 10; ਯੂਹੰਨਾ 5:28, 29.
2 ਦੁਸ਼ਟਤਾ ਦਾ ਅੰਤ ਕਰਨ ਅਤੇ ਇਸ ਧਰਤੀ ਨੂੰ ਇਕ ਪਰਾਦੀਸ ਵਿਚ ਬਦਲ ਦੇਣ ਦੇ ਪਰਮੇਸ਼ੁਰ ਦੇ ਵਾਅਦੇ ਦੇ ਬਾਰੇ ਕੀ? ਜਦੋਂ ਤੁਸੀਂ ਇਸ ਬਾਰੇ ਸਿੱਖਿਆ, ਤਾਂ ਕੀ ਇਸ ਤੋਂ ਤੁਹਾਨੂੰ ਦਿਲਾਸਾ ਨਹੀਂ ਮਿਲਿਆ ਅਤੇ ਤੁਹਾਡਾ ਮਨ ਉਤਸੁਕ ਆਸ ਨਾਲ ਨਹੀਂ ਭਰਿਆ? ਤੁਸੀਂ ਕਿਵੇਂ ਮਹਿਸੂਸ ਕੀਤਾ ਜਦੋਂ ਪਹਿਲੀ ਵਾਰ ਤੁਸੀਂ ਕਦੇ ਨਾ ਮਰਨ, ਬਲਕਿ ਬਚ ਕੇ ਉਸ ਆਉਣ ਵਾਲੇ ਪਾਰਥਿਵ ਪਰਾਦੀਸ ਵਿਚ ਪ੍ਰਵੇਸ਼ ਕਰਨ ਦੀ ਸੰਭਾਵਨਾ ਦੇ ਬਾਰੇ ਸਿੱਖਿਆ? ਨਿਰਸੰਦੇਹ ਤੁਸੀਂ ਰੋਮਾਂਚਿਤ ਹੋਏ ਸਨ। ਜੀ ਹਾਂ, ਤੁਸੀਂ ਪਰਮੇਸ਼ੁਰ ਦੇ ਦਿਲਾਸੇ ਭਰੇ ਸੰਦੇਸ਼ ਦੇ ਪ੍ਰਾਪਤ ਕਰਤਾ ਬਣੇ ਸਨ ਜਿਸ ਦਾ ਹੁਣ ਯਹੋਵਾਹ ਦੇ ਗਵਾਹਾਂ ਦੇ ਦੁਆਰਾ ਪੂਰੇ ਵਿਸ਼ਵ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ।—ਜ਼ਬੂਰ 37:9-11, 29; ਯੂਹੰਨਾ 11:26; ਪਰਕਾਸ਼ ਦੀ ਪੋਥੀ 21:3-5.
3. ਪਰਮੇਸ਼ੁਰ ਦੇ ਦਿਲਾਸਾ ਭਰੇ ਸੰਦੇਸ਼ ਨੂੰ ਦੂਜਿਆਂ ਦੇ ਨਾਲ ਸਾਂਝਿਆਂ ਕਰਨ ਵਾਲੇ ਵਿਅਕਤੀ ਵੀ ਕਿਉਂ ਬਿਪਤਾ ਭੋਗਦੇ ਹਨ?
3 ਪਰੰਤੂ, ਜਦੋਂ ਤੁਸੀਂ ਦੂਜਿਆਂ ਦੇ ਨਾਲ ਬਾਈਬਲ ਦਾ ਸੰਦੇਸ਼ ਸਾਂਝਿਆਂ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਤੁਹਾਨੂੰ ਇਹ ਵੀ ਅਹਿਸਾਸ ਹੋਇਆ ਕਿ “ਸਭਨਾਂ ਨੂੰ ਨਿਹਚਾ ਨਹੀਂ ਹੈ।” (2 ਥੱਸਲੁਨੀਕੀਆਂ 3:2) ਸ਼ਾਇਦ ਤੁਹਾਡੇ ਕੁਝ ਸਾਬਕਾ ਦੋਸਤਾਂ-ਮਿੱਤਰਾਂ ਨੇ ਬਾਈਬਲ ਦੇ ਵਾਅਦਿਆਂ ਵਿਚ ਨਿਹਚਾ ਪ੍ਰਗਟ ਕਰਨ ਦੇ ਲਈ ਤੁਹਾਡੀ ਖਿੱਲੀ ਉਡਾਈ ਹੋਵੇ। ਤੁਸੀਂ ਸ਼ਾਇਦ ਯਹੋਵਾਹ ਦੇ ਗਵਾਹਾਂ ਦੀ ਸੰਗਤ ਵਿਚ ਬਾਈਬਲ ਦਾ ਅਧਿਐਨ ਜਾਰੀ ਰੱਖਣ ਦੇ ਲਈ ਸਤਾਹਟ ਦਾ ਵੀ ਦੁੱਖ ਭੋਗਿਆ ਹੋਵੇ। ਜਿਉਂ ਹੀ ਤੁਸੀਂ ਆਪਣੇ ਜੀਵਨ ਨੂੰ ਬਾਈਬਲ ਸਿਧਾਂਤਾਂ ਦੇ ਇਕਸਾਰ ਬਣਾਉਣ ਦੇ ਲਈ ਤਬਦੀਲੀਆਂ ਲਿਆਉਣੀਆਂ ਆਰੰਭ ਕੀਤਾ, ਤਾਂ ਵਿਰੋਧ ਸ਼ਾਇਦ ਹੋਰ ਵੀ ਪ੍ਰਚੰਡ ਹੋ ਗਿਆ ਹੋਵੇ। ਤੁਹਾਨੂੰ ਉਸ ਬਿਪਤਾ ਦਾ ਅਨੁਭਵ ਹੋਣ ਲੱਗਾ ਜੋ ਸ਼ਤਾਨ ਅਤੇ ਉਸ ਦਾ ਸੰਸਾਰ ਉਨ੍ਹਾਂ ਸਾਰਿਆਂ ਉੱਤੇ ਲਿਆਉਂਦਾ ਹੈ ਜੋ ਪਰਮੇਸ਼ੁਰ ਦਾ ਦਿਲਾਸਾ ਸਵੀਕਾਰ ਕਰਦੇ ਹਨ।
4. ਰੁਚੀ ਰੱਖਣ ਵਾਲੇ ਨਵੇਂ ਵਿਅਕਤੀ ਸ਼ਾਇਦ ਬਿਪਤਾ ਨੂੰ ਕਿਨ੍ਹਾਂ ਵਿਭਿੰਨ ਤਰੀਕਿਆਂ ਤੋਂ ਪ੍ਰਤਿਕ੍ਰਿਆ ਦਿਖਾਉਣ?
4 ਦੁੱਖ ਦੀ ਗੱਲ ਹੈ ਕਿ, ਜਿਵੇਂ ਯਿਸੂ ਨੇ ਪੂਰਵ-ਸੂਚਿਤ ਕੀਤਾ ਸੀ, ਬਿਪਤਾ ਕਈਆਂ ਲਈ ਠੋਕਰ ਖਾਣ ਅਤੇ ਮਸੀਹੀ ਕਲੀਸਿਯਾ ਦੇ ਨਾਲ ਸੰਗਤ ਕਰਨੀ ਛੱਡ ਦੇਣ ਦਾ ਕਾਰਨ ਬਣਦਾ ਹੈ। (ਮੱਤੀ 13:5, 6, 20, 21) ਦੂਜੇ ਵਿਅਕਤੀ ਉਨ੍ਹਾਂ ਦਿਲਾਸੇ ਭਰੇ ਵਾਅਦਿਆਂ ਦੇ ਉੱਪਰ, ਜੋ ਉਹ ਸਿੱਖ ਰਹੇ ਹਨ, ਆਪਣੇ ਮਨਾਂ ਨੂੰ ਲਗਾਏ ਰੱਖਣ ਦੇ ਦੁਆਰਾ ਬਿਪਤਾ ਨੂੰ ਸਹਿ ਲੈਂਦੇ ਹਨ। ਅਖ਼ੀਰ ਵਿਚ ਉਹ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰਦੇ ਹਨ ਅਤੇ ਉਸ ਦੇ ਪੁੱਤਰ, ਯਿਸੂ ਮਸੀਹ, ਦੇ ਚੇਲੇ ਵਜੋਂ ਬਪਤਿਸਮਾ ਪ੍ਰਾਪਤ ਕਰਦੇ ਹਨ। (ਮੱਤੀ 28:19, 20; ਮਰਕੁਸ 8:34) ਬੇਸ਼ੱਕ, ਜਦੋਂ ਇਕ ਮਸੀਹੀ ਬਪਤਿਸਮਾ ਲੈ ਲੈਂਦਾ ਹੈ, ਤਾਂ ਬਿਪਤਾ ਰੁਕ ਨਹੀਂ ਜਾਂਦੀ ਹੈ। ਉਦਾਹਰਣ ਲਈ, ਇਕ ਅਨੈਤਿਕ ਪਿਛੋਕੜ ਵਾਲੇ ਵਿਅਕਤੀ ਦੇ ਲਈ ਪਵਿੱਤਰ ਰਹਿਣਾ ਇਕ ਸਖ਼ਤ ਸੰਘਰਸ਼ ਹੋ ਸਕਦਾ ਹੈ। ਦੂਜਿਆਂ ਨੂੰ ਅਵਿਸ਼ਵਾਸੀ ਪਰਿਵਾਰਕ ਸਦੱਸਾਂ ਕੋਲੋਂ ਨਿਰੰਤਰ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬਿਪਤਾ ਭਾਵੇਂ ਜੋ ਵੀ ਹੋਵੇ, ਸਾਰੇ ਜੋ ਵਫ਼ਾਦਾਰੀ ਦੇ ਨਾਲ ਪਰਮੇਸ਼ੁਰ ਦੇ ਪ੍ਰਤੀ ਸਮਰਪਣ ਦਾ ਜੀਵਨ ਬਤੀਤ ਕਰਦੇ ਹਨ, ਇਕ ਗੱਲ ਬਾਰੇ ਯਕੀਨੀ ਹੋ ਸਕਦੇ ਹਨ। ਇਕ ਬਹੁਤ ਹੀ ਨਿੱਜੀ ਤਰੀਕੇ ਵਿਚ, ਉਹ ਪਰਮੇਸ਼ੁਰ ਦੇ ਦਿਲਾਸੇ ਅਤੇ ਮਦਦ ਨੂੰ ਅਨੁਭਵ ਕਰਨਗੇ।
“ਸਰਬ ਦਿਲਾਸੇ ਦਾ ਪਰਮੇਸ਼ੁਰ”
5. ਅਨੇਕ ਅਜ਼ਮਾਇਸ਼ ਸਹਿਣ ਦੇ ਨਾਲ-ਨਾਲ, ਪੌਲੁਸ ਨੇ ਹੋਰ ਕਿਸ ਚੀਜ਼ ਨੂੰ ਵੀ ਅਨੁਭਵ ਕੀਤਾ?
5 ਪਰਮੇਸ਼ੁਰ ਦੁਆਰਾ ਦਿੱਤੇ ਗਏ ਦਿਲਾਸੇ ਦੀ ਗਹਿਰੀ ਕਦਰ ਕਰਨ ਵਾਲਾ ਇਕ ਵਿਅਕਤੀ ਰਸੂਲ ਪੌਲੁਸ ਸੀ। ਏਸ਼ੀਆ ਅਤੇ ਮਕਦੂਨਿਯਾ ਵਿਚ ਇਕ ਖ਼ਾਸ ਕਰਕੇ ਅਜ਼ਮਾਇਸ਼ੀ ਸਮੇਂ ਮਗਰੋਂ, ਉਸ ਨੇ ਵੱਡੀ ਰਾਹਤ ਅਨੁਭਵ ਕੀਤੀ ਜਦੋਂ ਉਸ ਨੇ ਸੁਣਿਆ ਕਿ ਕੁਰਿੰਥੀ ਕਲੀਸਿਯਾ ਨੇ ਉਸ ਦੀ ਤਾੜਨਾ ਦੀ ਪੱਤਰੀ ਨੂੰ ਚੰਗੀ ਪ੍ਰਤਿਕ੍ਰਿਆ ਦਿਖਾਈ ਹੈ। ਇਸ ਗੱਲ ਨੇ ਉਸ ਨੂੰ ਉਨ੍ਹਾਂ ਦੇ ਨਾਂ ਇਕ ਦੂਜੀ ਪੱਤਰੀ ਲਿਖਣ ਦੇ ਲਈ ਪ੍ਰੇਰਿਤ ਕੀਤਾ, ਜਿਸ ਵਿਚ ਹੇਠ ਲਿਖਿਆ ਪ੍ਰਸ਼ੰਸਾ ਦਾ ਪ੍ਰਗਟਾਉ ਸ਼ਾਮਲ ਹੈ: “ਮੁਬਾਰਕ ਹੈ ਸਾਡੇ ਪ੍ਰਭੁ ਯਿਸੂ ਮਸੀਹ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਦਿਆਲਗੀਆਂ [“ਕੋਮਲ ਦਇਆ,” ਨਿ ਵ] ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ ਹੈ। ਜੋ ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ।”—2 ਕੁਰਿੰਥੀਆਂ 1:3, 4.
6. ਅਸੀਂ 2 ਕੁਰਿੰਥੀਆਂ 1:3, 4 ਵਿਚ ਪਾਏ ਗਏ ਪੌਲੁਸ ਦੇ ਸ਼ਬਦਾਂ ਤੋਂ ਕੀ ਸਿੱਖਦੇ ਹਾਂ?
6 ਇਹ ਪ੍ਰੇਰਿਤ ਸ਼ਬਦ ਸਾਨੂੰ ਕਾਫ਼ੀ ਕੁਝ ਦੱਸਦੇ ਹਨ। ਆਓ ਅਸੀਂ ਇਨ੍ਹਾਂ ਦੀ ਜਾਂਚ ਕਰੀਏ। ਜਦੋਂ ਪੌਲੁਸ ਆਪਣੀਆਂ ਪੱਤਰੀਆਂ ਵਿਚ ਪਰਮੇਸ਼ੁਰ ਲਈ ਉਸਤਤ ਜਾਂ ਧੰਨਵਾਦ ਪ੍ਰਗਟਾਉਂਦਾ ਹੈ ਜਾਂ ਉਸ ਤੋਂ ਕੋਈ ਬੇਨਤੀ ਕਰਦਾ ਹੈ, ਤਾਂ ਅਸੀਂ ਅਕਸਰ ਪਾਉਂਦੇ ਹਾਂ ਕਿ ਉਹ ਮਸੀਹੀ ਕਲੀਸਿਯਾ ਦੇ ਸਿਰ, ਯਿਸੂ ਲਈ ਗਹਿਰੀ ਕਦਰ ਵੀ ਸ਼ਾਮਲ ਕਰਦਾ ਹੈ। (ਰੋਮੀਆਂ 1:8; 7:25; ਅਫ਼ਸੀਆਂ 1:3; ਇਬਰਾਨੀਆਂ 13:20, 21) ਇਸ ਲਈ, ਪੌਲੁਸ ਇਸ ਉਸਤਤ ਦੇ ਪ੍ਰਗਟਾਉ ਨੂੰ ‘ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ’ ਨੂੰ ਸੰਬੋਧਿਤ ਕਰਦਾ ਹੈ। ਫਿਰ, ਆਪਣੀਆਂ ਲਿਖਤਾਂ ਵਿਚ ਪਹਿਲੀ ਵਾਰ, ਉਹ ਇਕ ਯੂਨਾਨੀ ਨਾਂਵ ਇਸਤੇਮਾਲ ਕਰਦਾ ਹੈ ਜਿਸ ਨੂੰ “ਕੋਮਲ ਦਇਆ” ਅਨੁਵਾਦਿਤ ਕੀਤਾ ਗਿਆ ਹੈ। ਇਹ ਨਾਂਵ ਅਜਿਹੇ ਇਕ ਸ਼ਬਦ ਤੋਂ ਆਉਂਦਾ ਹੈ ਜੋ ਅਗਲੇ ਦੇ ਦੁੱਖ ਨੂੰ ਦੇਖ ਕੇ ਸੋਗ ਨੂੰ ਪ੍ਰਗਟਾਉਣ ਦੇ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਪੌਲੁਸ ਪਰਮੇਸ਼ੁਰ ਦੀਆਂ ਉਨ੍ਹਾਂ ਕੋਮਲ ਭਾਵਨਾਵਾਂ ਨੂੰ ਵਰਣਿਤ ਕਰਦਾ ਹੈ ਜੋ ਉਹ ਬਿਪਤਾ ਭੋਗ ਰਹੇ ਆਪਣੇ ਕਿਸੇ ਵੀ ਵਫ਼ਾਦਾਰ ਸੇਵਕ ਦੇ ਲਈ ਮਹਿਸੂਸ ਕਰਦਾ ਹੈ—ਅਜਿਹੀਆਂ ਕੋਮਲ ਭਾਵਨਾਵਾਂ ਜੋ ਪਰਮੇਸ਼ੁਰ ਨੂੰ ਉਨ੍ਹਾਂ ਦੇ ਨਿਮਿੱਤ ਦਇਆਪੂਰਵਕ ਕੰਮ ਕਰਨ ਦੇ ਲਈ ਪ੍ਰੇਰਿਤ ਕਰਦੀਆਂ ਹਨ। ਅਖ਼ੀਰ ਵਿਚ, ਪੌਲੁਸ ਨੇ ਯਹੋਵਾਹ ਨੂੰ “ਕੋਮਲ ਦਇਆ ਦਾ ਪਿਤਾ” ਸੱਦਣ ਦੁਆਰਾ, ਇਸ ਮਨਭਾਉਂਦੇ ਗੁਣ ਦੇ ਸ੍ਰੋਤ ਵਜੋਂ ਯਹੋਵਾਹ ਦਾ ਆਸਰਾ ਰੱਖਿਆ।
7. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ “ਸਰਬ ਦਿਲਾਸੇ ਦਾ ਪਰਮੇਸ਼ੁਰ” ਹੈ?
7 ਪਰਮੇਸ਼ੁਰ ਦੀ “ਕੋਮਲ ਦਇਆ” ਬਿਪਤਾ ਭੋਗ ਰਹੇ ਵਿਅਕਤੀ ਨੂੰ ਰਾਹਤ ਪਹੁੰਚਾਉਂਦੀ ਹੈ। ਇਸ ਲਈ ਪੌਲੁਸ ਅੱਗੇ ਜਾ ਕੇ ਯਹੋਵਾਹ ਨੂੰ “ਸਰਬ ਦਿਲਾਸੇ ਦਾ ਪਰਮੇਸ਼ੁਰ” ਵਰਣਨ ਕਰਦਾ ਹੈ। ਇਸ ਤਰ੍ਹਾਂ, ਅਸੀਂ ਸੰਗੀ ਵਿਸ਼ਵਾਸੀਆਂ ਦੀ ਦਿਆਲਗੀ ਦੇ ਕਾਰਨ ਭਾਵੇਂ ਜਿਹੜਾ ਵੀ ਦਿਲਾਸਾ ਸ਼ਾਇਦ ਅਨੁਭਵ ਕਰੀਏ, ਅਸੀਂ ਸ੍ਰੋਤ ਵਜੋਂ ਯਹੋਵਾਹ ਦਾ ਆਸਰਾ ਰੱਖ ਸਕਦੇ ਹਾਂ। ਅਜਿਹਾ ਕੋਈ ਅਸਲੀ, ਸਥਾਈ ਦਿਲਾਸਾ ਨਹੀਂ ਹੈ ਜੋ ਪਰਮੇਸ਼ੁਰ ਤੋਂ ਉਤਪੰਨ ਨਹੀਂ ਹੁੰਦਾ। ਇਸ ਤੋਂ ਇਲਾਵਾ, ਉਹੋ ਹੀ ਹੈ ਜਿਸ ਨੇ ਮਨੁੱਖ ਨੂੰ ਆਪਣੇ ਸਰੂਪ ਵਿਚ ਸ੍ਰਿਸ਼ਟ ਕੀਤਾ, ਅਤੇ ਇਸ ਤਰ੍ਹਾਂ ਸਾਨੂੰ ਵੀ ਦਿਲਾਸਾ ਦੇਣ ਵਾਲੇ ਹੋਣ ਦੇ ਕਾਬਲ ਬਣਾਇਆ ਹੈ। ਅਤੇ ਇਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਹੀ ਹੈ ਜੋ ਉਸ ਦੇ ਸੇਵਕਾਂ ਨੂੰ ਉਨ੍ਹਾਂ ਵਿਅਕਤੀਆਂ ਦੇ ਪ੍ਰਤੀ ਕੋਮਲ ਦਇਆ ਦਿਖਾਉਣ ਦੇ ਲਈ ਪ੍ਰੇਰਿਤ ਕਰਦੀ ਹੈ ਜਿਨ੍ਹਾਂ ਨੂੰ ਦਿਲਾਸੇ ਦੀ ਲੋੜ ਹੈ।
ਦਿਲਾਸਾ ਦੇਣ ਵਾਲੇ ਬਣਨ ਦੇ ਲਈ ਸਿੱਖਿਅਤ
8. ਹਾਲਾਂਕਿ ਪਰਮੇਸ਼ੁਰ ਸਾਡੀਆਂ ਅਜ਼ਮਾਇਸ਼ਾਂ ਦਾ ਸ੍ਰੋਤ ਨਹੀਂ ਹੈ, ਤਾਂ ਵੀ ਬਿਪਤਾ ਨੂੰ ਸਹਿਣ ਕਰਨ ਨਾਲ ਸਾਡੇ ਉੱਤੇ ਕਿਹੜਾ ਲਾਭਕਾਰੀ ਅਸਰ ਪੈ ਸਕਦਾ ਹੈ?
8 ਹਾਲਾਂਕਿ ਯਹੋਵਾਹ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਦੇ ਉੱਤੇ ਵਿਭਿੰਨ ਅਜ਼ਮਾਇਸ਼ਾਂ ਨੂੰ ਆਉਣ ਦਿੰਦਾ ਹੈ, ਉਹ ਕਦੇ ਵੀ ਅਜਿਹੀਆਂ ਅਜ਼ਮਾਇਸ਼ਾਂ ਦਾ ਸ੍ਰੋਤ ਨਹੀਂ ਹੁੰਦਾ ਹੈ। (ਯਾਕੂਬ 1:13) ਪਰੰਤੂ, ਅਸੀਂ ਜਦੋਂ ਬਿਪਤਾ ਸਹਿਣ ਕਰਦੇ ਹਾਂ, ਉਦੋਂ ਉਸ ਦੁਆਰਾ ਮੁਹੱਈਆ ਕੀਤਾ ਗਿਆ ਦਿਲਾਸਾ ਸਾਨੂੰ ਦੂਜਿਆਂ ਦੀਆਂ ਲੋੜਾਂ ਦੇ ਪ੍ਰਤੀ ਹੋਰ ਸੰਵੇਦਨਸ਼ੀਲ ਹੋਣ ਦੇ ਲਈ ਸਿਖਲਾਈ ਦੇ ਸਕਦਾ ਹੈ। ਕਿਸ ਨਤੀਜੇ ਦੇ ਨਾਲ? “ਭਈ ਅਸੀਂ ਉਸੇ ਦਿਲਾਸੇ ਤੋਂ ਜਿਹ ਨੂੰ ਅਸਾਂ ਪਰਮੇਸ਼ੁਰ ਵੱਲੋਂ ਪਾਇਆ ਹੈ ਓਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਜੋਗੇ ਹੋਈਏ।” (2 ਕੁਰਿੰਥੀਆਂ 1:4) ਇਸ ਤਰ੍ਹਾਂ ਯਹੋਵਾਹ ਸਾਨੂੰ ਸੰਗੀ ਵਿਸ਼ਵਾਸੀਆਂ ਦੇ ਨਾਲ ਅਤੇ ਉਨ੍ਹਾਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਆਪਣੀ ਸੇਵਕਾਈ ਵਿਚ ਮਿਲਦੇ ਹਾਂ, ਉਸ ਦੇ ਦਿਲਾਸੇ ਦੇ ਪ੍ਰਭਾਵਕਾਰੀ ਸਾਂਝ-ਕਰਤਾ ਹੋਣ ਦੇ ਲਈ ਸਿਖਲਾਈ ਦਿੰਦਾ ਹੈ, ਜਿਉਂ-ਜਿਉਂ ਅਸੀਂ ਮਸੀਹ ਦੀ ਰੀਸ ਕਰਦੇ ਹੋਏ ‘ਸਾਰੇ ਸੋਗੀਆਂ ਨੂੰ ਦਿਲਾਸਾ ਦਿੰਦੇ ਹਾਂ।’—ਯਸਾਯਾਹ 61:2; ਮੱਤੀ 5:4.
9. (ੳ) ਕਿਹੜੀ ਚੀਜ਼ ਸਾਨੂੰ ਦੁੱਖ ਨੂੰ ਸਹਿਣ ਕਰਨ ਵਿਚ ਮਦਦ ਕਰੇਗੀ? (ਅ) ਜਦੋਂ ਅਸੀਂ ਵਫ਼ਾਦਾਰੀ ਨਾਲ ਬਿਪਤਾ ਨੂੰ ਸਹਿਣ ਕਰਦੇ ਹਾਂ, ਤਾਂ ਦੂਜਿਆਂ ਨੂੰ ਕਿਵੇਂ ਦਿਲਾਸਾ ਮਿਲਦਾ ਹੈ?
9 ਪੌਲੁਸ ਨੇ ਮਸੀਹ ਦੇ ਰਾਹੀਂ ਪਰਮੇਸ਼ੁਰ ਵੱਲੋਂ ਹਾਸਲ ਹੋਏ ਭਰਪੂਰ ਦਿਲਾਸੇ ਸਦਕਾ ਆਪਣੇ ਅਨੇਕ ਦੁੱਖਾਂ ਨੂੰ ਸਹਿ ਲਿਆ। (2 ਕੁਰਿੰਥੀਆਂ 1:5) ਅਸੀਂ ਵੀ ਪਰਮੇਸ਼ੁਰ ਦੇ ਬਹੁਮੁੱਲ ਵਾਅਦਿਆਂ ਉੱਤੇ ਮਨਨ ਕਰਨ, ਉਸ ਦੀ ਪਵਿੱਤਰ ਆਤਮਾ ਦੇ ਸਮਰਥਨ ਦੇ ਲਈ ਪ੍ਰਾਰਥਨਾ ਕਰਨ, ਅਤੇ ਆਪਣੀਆਂ ਪ੍ਰਾਰਥਨਾਵਾਂ ਦੇ ਪ੍ਰਤੀ ਪਰਮੇਸ਼ੁਰ ਦੇ ਜਵਾਬ ਨੂੰ ਅਨੁਭਵ ਕਰਨ ਦੇ ਦੁਆਰਾ ਭਰਪੂਰ ਦਿਲਾਸਾ ਅਨੁਭਵ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਲਗਾਤਾਰ ਯਹੋਵਾਹ ਦੀ ਸਰਬਸੱਤਾ ਦਾ ਸਮਰਥਨ ਕਰਨ ਅਤੇ ਇਬਲੀਸ ਨੂੰ ਇਕ ਝੂਠਾ ਸਾਬਤ ਕਰਨ ਦੇ ਲਈ ਮਜ਼ਬੂਤ ਕੀਤੇ ਜਾਵਾਂਗੇ। (ਅੱਯੂਬ 2:4; ਕਹਾਉਤਾਂ 27:11) ਜਦੋਂ ਅਸੀਂ ਵਫ਼ਾਦਾਰੀ ਨਾਲ ਕਿਸੇ ਵੀ ਪ੍ਰਕਾਰ ਦੀ ਬਿਪਤਾ ਨੂੰ ਸਹਿ ਲੈਂਦੇ ਹਾਂ, ਉਦੋਂ ਸਾਨੂੰ, ਪੌਲੁਸ ਦੇ ਵਾਂਗ, ਸਾਰਾ ਮਾਣ ਯਹੋਵਾਹ ਨੂੰ ਦੇਣਾ ਚਾਹੀਦਾ ਹੈ, ਜਿਸ ਦੇ ਦਿਲਾਸੇ ਦੇ ਕਾਰਨ ਮਸੀਹੀ ਲੋਕ ਅਜ਼ਮਾਇਸ਼ ਹੇਠ ਵਫ਼ਾਦਾਰ ਰਹਿਣ ਦੇ ਕਾਬਲ ਹੁੰਦੇ ਹਨ। ਵਫ਼ਾਦਾਰ ਮਸੀਹੀਆਂ ਦੀ ਸਹਿਣ-ਸ਼ਕਤੀ ਦਾ ਭਾਈਚਾਰੇ ਉੱਤੇ ਇਕ ਦਿਲਾਸਾ ਭਰਿਆ ਅਸਰ ਪੈਂਦਾ ਹੈ, ਜੋ ਦੂਜਿਆਂ ਨੂੰ ਵੀ ‘ਉਨ੍ਹਾਂ ਦੁਖਾਂ ਨੂੰ ਧੀਰਜ ਨਾਲ ਝੱਲਣ’ ਦੇ ਲਈ ਦ੍ਰਿੜ੍ਹ ਬਣਾਉਂਦਾ ਹੈ।—2 ਕੁਰਿੰਥੀਆਂ 1:6.
10, 11. (ੳ) ਕਿਹੜੀਆਂ ਕੁਝ ਚੀਜ਼ਾਂ ਹਨ ਜਿਸ ਦੇ ਕਾਰਨ ਪ੍ਰਾਚੀਨ ਕੁਰਿੰਥੀ ਕਲੀਸਿਯਾ ਨੂੰ ਦੁੱਖ ਭੋਗਣਾ ਪਿਆ? (ਅ) ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਕਿਵੇਂ ਦਿਲਾਸਾ ਦਿੱਤਾ, ਅਤੇ ਉਸ ਨੇ ਕਿਹੜੀ ਆਸ ਵਿਅਕਤ ਕੀਤੀ?
10 ਕੁਰਿੰਥੀਆਂ ਨੇ ਵੀ ਉਨ੍ਹਾਂ ਦੁੱਖਾਂ ਦਾ ਸਾਮ੍ਹਣਾ ਕੀਤਾ ਜੋ ਸਾਰੇ ਸੱਚੇ ਮਸੀਹੀਆਂ ਦੇ ਉੱਤੇ ਆਉਂਦੇ ਹਨ। ਇਸ ਦੇ ਅਤਿਰਿਕਤ, ਉਨ੍ਹਾਂ ਨੂੰ ਇਕ ਅਪਸ਼ਚਾਤਾਪੀ ਵਿਭਚਾਰੀ ਨੂੰ ਛੇਕਣ ਦੀ ਸਲਾਹ ਦੇਣ ਦੀ ਲੋੜ ਪਈ। (1 ਕੁਰਿੰਥੀਆਂ 5:1, 2, 11, 13) ਇਹ ਕਾਰਵਾਈ ਕਰਨ ਵਿਚ ਅਤੇ ਝਗੜੇ ਤੇ ਫੁੱਟਾਂ ਨੂੰ ਮੁਕਾਉਣ ਵਿਚ ਅਸਫ਼ਲਤਾ ਨੇ ਕਲੀਸਿਯਾ ਉੱਤੇ ਬਦਨਾਮੀ ਲਿਆਂਦੀ ਸੀ। ਲੇਕਿਨ ਉਨ੍ਹਾਂ ਨੇ ਆਖ਼ਰਕਾਰ ਪੌਲੁਸ ਦੀ ਸਲਾਹ ਨੂੰ ਲਾਗੂ ਕੀਤਾ ਅਤੇ ਅਸਲੀ ਪਸ਼ਚਾਤਾਪ ਪ੍ਰਦਰਸ਼ਿਤ ਕੀਤਾ। ਇਸ ਲਈ, ਉਸ ਨੇ ਉਨ੍ਹਾਂ ਦੀ ਨਿੱਘ ਨਾਲ ਸ਼ਲਾਘਾ ਕੀਤੀ ਅਤੇ ਆਖਿਆ ਕਿ ਉਸ ਦੀ ਪੱਤਰੀ ਦੇ ਪ੍ਰਤੀ ਉਨ੍ਹਾਂ ਦੀ ਵਧੀਆ ਪ੍ਰਤਿਕ੍ਰਿਆ ਤੋਂ ਉਸ ਨੂੰ ਦਿਲਾਸਾ ਮਿਲਿਆ। (2 ਕੁਰਿੰਥੀਆਂ 7:8, 10, 11, 13) ਪ੍ਰਤੱਖ ਤੌਰ ਤੇ, ਛੇਕੇ ਗਏ ਵਿਅਕਤੀ ਨੇ ਵੀ ਪਸ਼ਚਾਤਾਪ ਕਰ ਲਿਆ ਸੀ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ “ਉਹ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ ਮਤੇ ਬਹੁਤਾ ਗ਼ਮ ਏਹੋ ਜੇਹੇ ਮਨੁੱਖ ਨੂੰ ਖਾ ਜਾਵੇ।”—2 ਕੁਰਿੰਥੀਆਂ 2:7.
11 ਪੌਲੁਸ ਦੀ ਦੂਜੀ ਪੱਤਰੀ ਨੇ ਨਿਸ਼ਚੇ ਹੀ ਕੁਰਿੰਥੀ ਕਲੀਸਿਯਾ ਨੂੰ ਦਿਲਾਸਾ ਦਿੱਤਾ ਹੋਵੇਗਾ। ਅਤੇ ਇਹ ਉਸ ਦੇ ਉਦੇਸ਼ਾਂ ਵਿੱਚੋਂ ਇਕ ਸੀ। ਉਸ ਨੇ ਸਮਝਾਇਆ: “ਤੁਹਾਡੇ ਲਈ ਸਾਡੀ ਆਸ ਪੱਕੀ ਹੈ ਕਿਉਂ ਜੋ ਅਸੀਂ ਜਾਣਦੇ ਹਾਂ ਭਈ ਜਿਵੇਂ ਤੁਸੀਂ ਦੁਖਾਂ ਵਿੱਚ ਸਾਂਝੀ ਹੋ ਤਿਵੇਂ ਦਿਲਾਸੇ ਵਿੱਚ ਭੀ ਹੋ।” (2 ਕੁਰਿੰਥੀਆਂ 1:7) ਆਪਣੀ ਪੱਤਰੀ ਦੀ ਸਮਾਪਤੀ ਵਿਚ, ਪੌਲੁਸ ਨੇ ਜ਼ੋਰ ਦਿੱਤਾ: “ਸ਼ਾਂਤ ਰਹੋ, . . . ਅਤੇ ਪਰਮਸ਼ੁਰ ਜੋ ਪ੍ਰੇਮ ਅਤੇ ਸ਼ਾਂਤੀ ਦਾ ਦਾਤਾ ਹੈ ਤੁਹਾਡੇ ਅੰਗ ਸੰਗ ਹੋਵੇਗਾ।”—2 ਕੁਰਿੰਥੀਆਂ 13:11.
12. ਸਾਰੇ ਮਸੀਹੀਆਂ ਨੂੰ ਕਿਸ ਚੀਜ਼ ਦੀ ਲੋੜ ਹੈ?
12 ਅਸੀਂ ਇਸ ਤੋਂ ਇਕ ਕਿੰਨਾ ਹੀ ਮਹੱਤਵਪੂਰਣ ਸਬਕ ਸਿੱਖ ਸਕਦੇ ਹਾਂ! ਮਸੀਹੀ ਕਲੀਸਿਯਾ ਦੇ ਸਾਰੇ ਸਦੱਸਾਂ ਨੂੰ ਉਸ ‘ਦਿਲਾਸੇ ਵਿੱਚ ਸਾਂਝੀ ਹੋਣ’ ਦੀ ਲੋੜ ਹੈ ਜੋ ਪਰਮੇਸ਼ੁਰ ਆਪਣੇ ਬਚਨ, ਆਪਣੀ ਪਵਿੱਤਰ ਆਤਮਾ, ਅਤੇ ਆਪਣੇ ਪਾਰਥਿਵ ਸੰਗਠਨ ਦੇ ਦੁਆਰਾ ਮੁਹੱਈਆ ਕਰਦਾ ਹੈ। ਛੇਕੇ ਗਏ ਵਿਅਕਤੀਆਂ ਨੂੰ ਵੀ ਸ਼ਾਇਦ ਦਿਲਾਸੇ ਦੀ ਲੋੜ ਹੋਵੇ ਜੇਕਰ ਉਨ੍ਹਾਂ ਨੇ ਪਸ਼ਚਾਤਾਪ ਕਰ ਕੇ ਆਪਣੇ ਗ਼ਲਤ ਮਾਰਗ ਨੂੰ ਠੀਕ ਕਰ ਲਿਆ ਹੈ। ਇਸ ਤਰ੍ਹਾਂ, “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਉਨ੍ਹਾਂ ਦੀ ਸਹਾਇਤਾ ਦੇ ਲਈ ਇਕ ਦਿਆਲੂ ਪ੍ਰਬੰਧ ਕਾਇਮ ਕੀਤਾ ਹੈ। ਸਾਲ ਵਿਚ ਇਕ ਵਾਰ ਦੋ ਬਜ਼ੁਰਗ ਸ਼ਾਇਦ ਕੁਝ ਛੇਕੇ ਗਏ ਵਿਅਕਤੀਆਂ ਦੇ ਨਾਲ ਮੁਲਾਕਾਤ ਕਰਨ। ਇਨ੍ਹਾਂ ਨੇ ਸ਼ਾਇਦ ਹੁਣ ਇਕ ਬਾਗ਼ੀ ਮਨੋਬਿਰਤੀ ਦਿਖਾਉਣਾ ਜਾਂ ਘੋਰ ਪਾਪ ਵਿਚ ਭਾਗ ਲੈਣਾ ਛੱਡ ਦਿੱਤਾ ਹੋਵੇ ਅਤੇ ਉਨ੍ਹਾਂ ਨੂੰ ਮੁੜ ਬਹਾਲ ਹੋਣ ਦੇ ਲਈ ਜ਼ਰੂਰੀ ਕਦਮ ਚੁੱਕਣ ਵਿਚ ਸ਼ਾਇਦ ਮਦਦ ਦੀ ਲੋੜ ਹੋਵੇ।—ਮੱਤੀ 24:45; ਹਿਜ਼ਕੀਏਲ 34:16.
ਏਸ਼ੀਆ ਵਿਚ ਪੌਲੁਸ ਦੀ ਬਿਪਤਾ
13, 14. (ੳ) ਪੌਲੁਸ ਨੇ ਏਸ਼ੀਆ ਵਿਚ ਅਨੁਭਵ ਕੀਤੇ ਗਏ ਸਖ਼ਤ ਬਿਪਤਾ ਦੇ ਸਮੇਂ ਦਾ ਕਿਵੇਂ ਵਰਣਨ ਕੀਤਾ? (ਅ) ਪੌਲੁਸ ਸ਼ਾਇਦ ਕਿਸ ਘਟਨਾ ਬਾਰੇ ਸੋਚ ਰਿਹਾ ਸੀ?
13 ਜਿਸ ਪ੍ਰਕਾਰ ਦਾ ਦੁੱਖ ਕੁਰਿੰਥੀ ਕਲੀਸਿਯਾ ਨੇ ਇਸ ਸਮੇਂ ਤਕ ਅਨੁਭਵ ਕੀਤਾ ਸੀ, ਉਸ ਦੀ ਉਨ੍ਹਾਂ ਸਾਰੀਆਂ ਬਿਪਤਾਵਾਂ ਦੇ ਨਾਲ ਕੋਈ ਬਰਾਬਰੀ ਨਹੀਂ ਜੋ ਪੌਲੁਸ ਨੂੰ ਸਹਿਣੀਆਂ ਪਈਆਂ ਸਨ। ਇਸ ਲਈ, ਉਹ ਉਨ੍ਹਾਂ ਨੂੰ ਚੇਤੇ ਕਰਾ ਸਕਦਾ ਸੀ: “ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਸਾਡੀ ਉਸ ਬਿਪਤਾ ਤੋਂ ਅਣਜਾਣ ਰਹੋ ਜਿਹੜੀ ਅਸਿਯਾ ਵਿੱਚ ਸਾਡੇ ਉੱਤੇ ਆਣ ਪਈ ਜੋ ਅਸੀਂ ਆਪਣੇ ਵਿਤੋਂ ਬਾਹਰ ਅਤਯੰਤ ਦੱਬੇ ਗਏ ਐਥੋਂ ਤੋੜੀ ਭਈ ਅਸੀਂ ਜੀਉਣ ਤੋਂ ਵੀ ਹੱਥਲ ਹੋ ਬੈਠੇ। ਸਗੋਂ ਅਸੀਂ ਆਪੇ ਆਪਣੇ ਆਪ ਵਿੱਚ ਮੌਤ ਦਾ ਹੁਕਮ ਪਾ ਚੁੱਕੇ ਹਾਂ ਭਈ ਅਸੀਂ ਆਪਣਾ ਨਹੀਂ ਸਗੋਂ ਪਰਮੇਸ਼ੁਰ ਦਾ ਜਿਹੜਾ ਮੁਰਦਿਆਂ ਨੂੰ ਜੁਆਲਦਾ ਹੈ ਆਸਰਾ ਰੱਖੀਏ। ਜਿਹ ਨੇ ਸਾਨੂੰ ਇਹੋ ਜਿਹੀ ਡਾਢੀ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ ਜਿਹ ਦੇ ਉੱਤੇ ਅਸਾਂ ਆਸ ਰੱਖੀ ਹੈ ਜੋ ਉਹ ਫੇਰ ਵੀ ਸਾਨੂੰ ਛੁਡਾਵੇਗਾ।”—2 ਕੁਰਿੰਥੀਆਂ 1:8-10.
14 ਕੁਝ ਬਾਈਬਲ ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਪੌਲੁਸ ਅਫ਼ਸੁਸ ਵਿਚ ਫ਼ਸਾਦ ਵੱਲ ਸੰਕੇਤ ਕਰ ਰਿਹਾ ਸੀ, ਜਿਸ ਵਿਚ ਪੌਲੁਸ ਨਾਲੇ ਉਸ ਦੇ ਦੋ ਮਕਦੂਨਿਯਾਈ ਸਫ਼ਰੀ ਸਾਥੀਆਂ, ਗਾਯੁਸ ਅਤੇ ਅਰਿਸਤਰਖੁਸ ਦੀਆਂ ਜਾਨਾਂ ਵੀ ਜਾ ਸਕਦੀਆਂ ਸਨ। ਇਨ੍ਹਾਂ ਦੋ ਮਸੀਹੀਆਂ ਨੂੰ ਮੱਲੋ ਮੱਲੀ ਇਕ ਤਮਾਸ਼ੇ ਘਰ ਵਿਚ ਲਿਜਾਇਆ ਗਿਆ ਜੋ ਲੋਕਾਂ ਦੀ ਭੀੜ ਨਾਲ ਭਰਿਆ ਹੋਇਆ ਸੀ, ਜੋ “ਦੋਕੁ ਘੰਟਿਆਂ ਤੀਕੁਰ ਉੱਚੀ ਉੱਚੀ ਬੋਲਦੇ ਰਹੇ ਭਈ ‘ਅਫ਼ਸੀਆਂ ਦੀ [ਦੇਵੀ] ਅਰਤਿਮਿਸ ਵੱਡੀ ਹੈ!’” ਅੰਤ ਵਿਚ, ਸ਼ਹਿਰ ਦਾ ਇਕ ਅਧਿਕਾਰੀ ਭੀੜ ਨੂੰ ਸ਼ਾਂਤ ਕਰਨ ਵਿਚ ਸਫ਼ਲ ਹੋਇਆ। ਗਾਯੁਸ ਅਤੇ ਅਰਿਸਤਰਖੁਸ ਦੀਆਂ ਜਾਨਾਂ ਨੂੰ ਇਹ ਖ਼ਤਰਾ ਪੈਣ ਨਾਲ ਪੌਲੁਸ ਨੂੰ ਅਤਿਅੰਤ ਕਸ਼ਟ ਹੋਇਆ ਹੋਵੇਗਾ। ਅਸਲ ਵਿਚ, ਉਹ ਅੰਦਰ ਜਾ ਕੇ ਜਨੂਨੀ ਭੀੜ ਦੇ ਨਾਲ ਤਰਕ ਕਰਨਾ ਚਾਹੁੰਦਾ ਸੀ, ਲੇਕਿਨ ਉਸ ਨੂੰ ਇਸ ਤਰ੍ਹਾਂ ਆਪਣੀ ਜਾਨ ਨੂੰ ਖ਼ਤਰੇ ਵਿਚ ਪਾਉਣ ਤੋਂ ਰੋਕਿਆ ਗਿਆ।—ਰਸੂਲਾਂ ਦੇ ਕਰਤੱਬ 19:26-41.
15. ਪਹਿਲਾ ਕੁਰਿੰਥੀਆਂ 15:32 ਵਿਚ ਸ਼ਾਇਦ ਕਿਹੜੀ ਇੰਤਹਾਈ ਸਥਿਤੀ ਦਾ ਵਰਣਨ ਕੀਤਾ ਗਿਆ ਹੈ?
15 ਪਰੰਤੂ, ਪੌਲੁਸ ਸ਼ਾਇਦ ਪੂਰਵ-ਵਰਤੀ ਘਟਨਾ ਤੋਂ ਵੀ ਕਿਤੇ ਅਧਿਕ ਇੰਤਹਾਈ ਸਥਿਤੀ ਦਾ ਵਰਣਨ ਕਰ ਰਿਹਾ ਸੀ। ਕੁਰਿੰਥੀਆਂ ਦੇ ਨਾਂ ਆਪਣੀ ਪਹਿਲੀ ਪੱਤਰੀ ਵਿਚ, ਪੌਲੁਸ ਨੇ ਪੁੱਛਿਆ: “ਜੇ ਆਦਮੀ ਵਾਂਙੁ ਮੈਂ ਅਫ਼ਸੁਸ ਵਿੱਚ ਦਰਿੰਦਿਆਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ?” (1 ਕੁਰਿੰਥੀਆਂ 15:32) ਇਸ ਦਾ ਇਹ ਅਰਥ ਹੋ ਸਕਦਾ ਹੈ ਕਿ ਪੌਲੁਸ ਦੀ ਜਾਨ ਨੂੰ ਨਾ ਕੇਵਲ ਪਾਸ਼ਵਿਕ ਮਨੁੱਖਾਂ ਵੱਲੋਂ ਬਲਕਿ ਅਫ਼ਸੁਸ ਦੇ ਅਖਾੜੇ ਵਿਚ ਅਸਲੀ ਜੰਗਲੀ ਪਸ਼ੂਆਂ ਵੱਲੋਂ ਵੀ ਖ਼ਤਰਾ ਰਿਹਾ ਸੀ। ਅਪਰਾਧੀਆਂ ਨੂੰ ਕਦੇ-ਕਦਾਈਂ ਜੰਗਲੀ ਪਸ਼ੂਆਂ ਦੇ ਨਾਲ ਲੜਨ ਦੇ ਲਈ ਮਜਬੂਰ ਕਰਨ ਦੇ ਦੁਆਰਾ ਸਜ਼ਾ ਦਿੱਤੀ ਜਾਂਦੀ ਸੀ, ਜਦ ਕਿ ਖ਼ੂਨ ਦੀ ਪਿਆਸੀ ਭੀੜ ਤਮਾਸ਼ਾ ਦੇਖਦੀ ਰਹਿੰਦੀ। ਜੇਕਰ ਪੌਲੁਸ ਦਾ ਭਾਵ ਸੀ ਕਿ ਉਸ ਨੇ ਅਸਲੀ ਜੰਗਲੀ ਪਸ਼ੂਆਂ ਦਾ ਸਾਮ੍ਹਣਾ ਕੀਤਾ ਸੀ, ਤਾਂ ਉਹ ਜ਼ਰੂਰ ਅੰਤਿਮ ਪਲ ਵਿਚ ਕਰੂਰ ਮੌਤ ਤੋਂ ਚਮਤਕਾਰੀ ਢੰਗ ਨਾਲ ਬਚਾਇਆ ਗਿਆ ਹੋਵੇਗਾ, ਠੀਕ ਜਿਵੇਂ ਦਾਨੀਏਲ ਨੂੰ ਅਸਲੀ ਸ਼ੇਰਾਂ ਦਿਆਂ ਮੂੰਹਾਂ ਵਿੱਚੋਂ ਬਚਾਇਆ ਗਿਆ ਸੀ।—ਦਾਨੀਏਲ 6:22.
ਆਧੁਨਿਕ-ਦਿਨ ਦੇ ਉਦਾਹਰਣ
16. (ੳ) ਅਨੇਕ ਯਹੋਵਾਹ ਦੇ ਗਵਾਹ ਪੌਲੁਸ ਦੁਆਰਾ ਭੋਗੀਆਂ ਗਈਆਂ ਬਿਪਤਾਵਾਂ ਨੂੰ ਕਿਉਂ ਸਮਝ ਸਕਦੇ ਹਨ? (ਅ) ਆਪਣੀ ਨਿਹਚਾ ਦੀ ਖ਼ਾਤਰ ਮਰਨ ਵਾਲਿਆਂ ਦੇ ਸੰਬੰਧ ਵਿਚ ਅਸੀਂ ਕਿਸ ਗੱਲ ਬਾਰੇ ਯਕੀਨੀ ਹੋ ਸਕਦੇ ਹਾਂ? (ੲ) ਕਿਹੜਾ ਚੰਗਾ ਅਸਰ ਪਿਆ ਹੈ ਜਦੋਂ ਮਸੀਹੀਆਂ ਨੂੰ ਮੌਤ ਤੋਂ ਵਾਲ-ਵਾਲ ਬਚਣ ਦਾ ਅਨੁਭਵ ਹਾਸਲ ਹੁੰਦਾ ਹੈ?
16 ਅਨੇਕ ਵਰਤਮਾਨ-ਦਿਨ ਦੇ ਮਸੀਹੀ ਪੌਲੁਸ ਦੁਆਰਾ ਭੋਗੀਆਂ ਗਈਆਂ ਬਿਪਤਾਵਾਂ ਨੂੰ ਸਮਝ ਸਕਦੇ ਹਨ। (2 ਕੁਰਿੰਥੀਆਂ 11:23-27) ਅੱਜ ਵੀ ਮਸੀਹੀ “ਆਪਣੇ ਵਿਤੋਂ ਬਾਹਰ ਅਤਯੰਤ ਦੱਬੇ ਗਏ” ਹਨ, ਅਤੇ ਅਨੇਕਾਂ ਨੇ ਅਜਿਹੀਆਂ ਸਥਿਤੀਆਂ ਦਾ ਸਾਮ੍ਹਣਾ ਕੀਤਾ ਹੈ ਜਿਨ੍ਹਾਂ ਵਿਚ ਉਹ ‘ਜੀਉਣ ਤੋਂ ਹੱਥਲ ਹੋ ਬੈਠੇ ਸਨ।’ (2 ਕੁਰਿੰਥੀਆਂ 1:8) ਕੁਝ ਤਾਂ ਸਮੂਹਕ ਕਾਤਲਾਂ ਅਤੇ ਕਰੂਰ ਅਤਿਆਚਾਰੀਆਂ ਦੇ ਹੱਥੋਂ ਮਰੇ ਹਨ। ਅਸੀਂ ਯਕੀਨੀ ਹੋ ਸਕਦੇ ਹਾਂ ਕਿ ਪਰਮੇਸ਼ੁਰ ਦੀ ਦਿਲਾਸਾ ਭਰੀ ਤਾਕਤ ਨੇ ਉਨ੍ਹਾਂ ਨੂੰ ਸਹਿਣ ਕਰਨ ਲਈ ਸਮਰਥ ਕੀਤਾ ਅਤੇ ਮਰਦੇ ਸਮੇਂ ਉਨ੍ਹਾਂ ਦੇ ਦਿਲ ਅਤੇ ਮਨ ਉਨ੍ਹਾਂ ਦੀ ਉਮੀਦ ਦੀ ਪੂਰਤੀ ਉੱਤੇ ਦ੍ਰਿੜ੍ਹਤਾ ਨਾਲ ਲੱਗੇ ਹੋਏ ਸਨ, ਭਾਵੇਂ ਇਹ ਇਕ ਸਵਰਗੀ ਉਮੀਦ ਸੀ ਜਾਂ ਇਕ ਪਾਰਥਿਵ ਉਮੀਦ। (1 ਕੁਰਿੰਥੀਆਂ 10:13; ਫ਼ਿਲਿੱਪੀਆਂ 4:13; ਪਰਕਾਸ਼ ਦੀ ਪੋਥੀ 2:10) ਦੂਜੇ ਮੌਕਿਆਂ ਤੇ, ਯਹੋਵਾਹ ਨੇ ਮਾਮਲਿਆਂ ਨੂੰ ਪਰਿਵਰਤਿਤ ਕੀਤਾ ਹੈ, ਅਤੇ ਸਾਡੇ ਭਰਾ ਮੌਤ ਤੋਂ ਛੁਡਾਏ ਗਏ ਹਨ। ਨਿਰਸੰਦੇਹ ਜਿਨ੍ਹਾਂ ਨੇ ਅਜਿਹੇ ਛੁਟਕਾਰੇ ਦਾ ਅਨੁਭਵ ਕੀਤਾ ਹੈ, ਉਨ੍ਹਾਂ ਨੇ ‘ਪਰਮੇਸ਼ੁਰ ਜਿਹੜਾ ਮੁਰਦਿਆਂ ਨੂੰ ਜੁਆਲਦਾ ਹੈ,’ ਦੇ ਉੱਤੇ ਹੋਰ ਅਧਿਕ ਭਰੋਸਾ ਵਿਕਸਿਤ ਕੀਤਾ ਹੈ। (2 ਕੁਰਿੰਥੀਆਂ 1:9) ਬਾਅਦ ਵਿਚ, ਜਿਉਂ-ਜਿਉਂ ਉਨ੍ਹਾਂ ਨੇ ਪਰਮੇਸ਼ੁਰ ਦੇ ਦਿਲਾਸਾ ਭਰੇ ਸੰਦੇਸ਼ ਨੂੰ ਦੂਜਿਆਂ ਦੇ ਨਾਲ ਸਾਂਝਿਆਂ ਕੀਤਾ, ਤਾਂ ਉਹ ਹੋਰ ਵੀ ਵੱਡੇ ਯਕੀਨ ਨਾਲ ਬੋਲ ਸਕੇ।—ਮੱਤੀ 24:14.
17-19. ਕਿਹੜੇ ਅਨੁਭਵ ਦਿਖਾਉਂਦੇ ਹਨ ਕਿ ਰਵਾਂਡਾ ਵਿਚ ਸਾਡੇ ਭਰਾ ਪਰਮੇਸ਼ੁਰ ਦੇ ਦਿਲਾਸੇ ਦੇ ਪ੍ਰਾਪਤ ਕਰਤਾ ਬਣੇ ਸਨ?
17 ਹਾਲ ਹੀ ਵਿਚ ਰਵਾਂਡਾ ਵਿਚ ਸਾਡੇ ਪਿਆਰੇ ਭਰਾਵਾਂ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਵਾਂਗ ਦਾ ਅਨੁਭਵ ਸਹਿਣ ਕੀਤਾ। ਅਨੇਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ, ਲੇਕਿਨ ਉਨ੍ਹਾਂ ਦੀ ਨਿਹਚਾ ਨੂੰ ਨਾਸ਼ ਕਰਨ ਵਿਚ ਸ਼ਤਾਨ ਦੇ ਜਤਨ ਨਾਕਾਮ ਰਹੇ। ਇਸ ਦੀ ਬਜਾਇ, ਇਸ ਦੇਸ਼ ਵਿਚ ਸਾਡੇ ਭਰਾਵਾਂ ਨੇ ਅਨੇਕ ਨਿੱਜੀ ਤਰੀਕਿਆਂ ਤੋਂ ਪਰਮੇਸ਼ੁਰ ਦੇ ਦਿਲਾਸੇ ਨੂੰ ਅਨੁਭਵ ਕੀਤਾ ਹੈ। ਰਵਾਂਡਾ ਵਿਚ ਰਹਿ ਰਹੇ ਟੂਟਸੀ ਅਤੇ ਹੁਟੂ ਦੇ ਕੁਲ-ਨਾਸ਼ ਦੇ ਦੌਰਾਨ, ਉੱਥੇ ਅਜਿਹੇ ਹੁਟੂ ਸਨ ਜਿਨ੍ਹਾਂ ਨੇ ਟੂਟਸੀ ਦੀ ਰੱਖਿਆ ਕਰਨ ਦੇ ਲਈ ਆਪਣੀਆਂ ਜਾਨਾਂ ਨੂੰ ਜੋਖਮ ਵਿਚ ਪਾਇਆ, ਨਾਲੇ ਉਹ ਟੂਟਸੀ ਜਿਨ੍ਹਾਂ ਨੇ ਹੁਟੂ ਦੀ ਰੱਖਿਆ ਕੀਤੀ। ਕੁਝ ਸੰਗੀ ਵਿਸ਼ਵਾਸੀਆਂ ਦੀ ਰੱਖਿਆ ਕਰਨ ਦੇ ਕਾਰਨ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ। ਉਦਾਹਰਣ ਦੇ ਲਈ, ਗਾਹੀਜ਼ੀ ਨਾਮਕ ਇਕ ਹੁਟੂ ਗਵਾਹ ਨੂੰ, ਚਾਂਟਾਲ ਨਾਮਕ ਇਕ ਟੂਟਸੀ ਭੈਣ ਨੂੰ ਛੁਪਾ ਕੇ ਰੱਖਣ ਦੇ ਬਾਅਦ ਮਾਰ ਦਿੱਤਾ ਗਿਆ। ਸ਼ਾਰਲੌਟ ਨਾਮਕ ਇਕ ਹੁਟੂ ਭੈਣ ਨੇ, ਚਾਂਟਾਲ ਦੇ ਟੂਟਸੀ ਪਤੀ, ਜ਼ੌਨ ਨੂੰ ਇਕ ਦੂਜੀ ਥਾਂ ਤੇ ਛੁਪਾਇਆ ਹੋਇਆ ਸੀ। ਚਾਲੀ ਦਿਨਾਂ ਲਈ ਜ਼ੌਨ ਅਤੇ ਇਕ ਹੋਰ ਟੂਟਸੀ ਭਰਾ ਇਕ ਵੱਡੀ ਚਿਮਨੀ ਵਿਚ ਛੁਪੇ ਰਹੇ, ਅਤੇ ਕੇਵਲ ਰਾਤ ਵੇਲੇ ਥੋੜ੍ਹੇ ਸਮੇਂ ਲਈ ਬਾਹਰ ਆਉਂਦੇ ਸਨ। ਇਸ ਪੂਰੇ ਸਮੇਂ ਦੌਰਾਨ, ਸ਼ਾਰਲੌਟ ਨੇ ਉਨ੍ਹਾਂ ਨੂੰ ਭੋਜਨ ਅਤੇ ਰੱਖਿਆ ਮੁਹੱਈਆ ਕੀਤੀ, ਹਾਲਾਂਕਿ ਉਹ ਇਕ ਹੁਟੂ ਸੈਨਿਕ ਕੈਂਪ ਦੇ ਨਜ਼ਦੀਕ ਹੀ ਵਸ ਰਹੀ ਸੀ। ਅਗਲੇ ਸਫ਼ੇ ਉੱਤੇ, ਤੁਸੀਂ ਫਿਰ ਤੋਂ ਮਿਲਾਏ ਗਏ ਜ਼ੌਨ ਅਤੇ ਚਾਂਟਾਲ ਦੀ ਤਸਵੀਰ ਦੇਖ ਸਕਦੇ ਹੋ, ਜੋ ਧੰਨਵਾਦੀ ਹਨ ਕਿ ਉਨ੍ਹਾਂ ਦੇ ਹੁਟੂ ਸੰਗੀ ਉਪਾਸਕਾਂ ਨੇ ਉਨ੍ਹਾਂ ਲਈ ‘ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ,’ ਠੀਕ ਜਿਵੇਂ ਪਰਿਸਕਾ ਅਤੇ ਅਕੂਲਾ ਨੇ ਰਸੂਲ ਪੌਲੁਸ ਦੇ ਲਈ ਕੀਤਾ ਸੀ।—ਰੋਮੀਆਂ 16:3; 16:4, ਨਿ ਵ.
18 ਇਕ ਦੂਜਾ ਹੁਟੂ ਗਵਾਹ, ਰੁਆਕਾਬੂਬੂ, ਨੇ ਟੂਟਸੀ ਸੰਗੀ ਵਿਸ਼ਵਾਸੀਆਂ ਦੀ ਰੱਖਿਆ ਕਰਨ ਦੇ ਲਈ ਈਨਟਾਰੇਮਾਰਾ ਅਖ਼ਬਾਰ ਤੋਂ ਪ੍ਰਸ਼ੰਸਾ ਹਾਸਲ ਕੀਤੀ।a ਇਸ ਨੇ ਬਿਆਨ ਕੀਤਾ: “ਇਕ ਵਿਅਕਤੀ ਰੁਆਕਾਬੂਬੂ ਵੀ ਹੈ, ਇਕ ਯਹੋਵਾਹ ਦਾ ਗਵਾਹ, ਜੋ ਆਪਣੇ ਭਰਾਵਾਂ (ਸੰਗੀ ਵਿਸ਼ਵਾਸੀ ਇਕ ਦੂਜੇ ਨੂੰ ਇਹੋ ਆਖਦੇ ਹਨ) ਵਿੱਚੋਂ ਲੋਕਾਂ ਨੂੰ ਥਾਂ-ਥਾਂ ਛੁਪਾਉਂਦਾ ਰਿਹਾ। ਉਹ ਪੂਰਾ ਦਿਨ ਉਨ੍ਹਾਂ ਦੇ ਲਈ ਭੋਜਨ ਅਤੇ ਪੀਣ ਦਾ ਪਾਣੀ ਲਿਜਾਉਂਦਾ ਸੀ ਹਾਲਾਂਕਿ ਉਹ ਦਮੇ ਦਾ ਰੋਗੀ ਹੈ। ਲੇਕਨ ਪਰਮੇਸ਼ੁਰ ਨੇ ਉਸ ਨੂੰ ਅਸਾਧਾਰਣ ਰੂਪ ਵਿਚ ਬਲਵਾਨ ਕੀਤਾ।”
19 ਨਾਲ ਹੀ, ਨੀਕੌਡੇਮ ਅਤੇ ਐਟਾਨਾਜ਼ੀ ਨਾਮਕ ਇਕ ਰੁਚੀ ਰੱਖਣ ਵਾਲੇ ਹੁਟੂ ਜੋੜੇ ਦੇ ਬਾਰੇ ਗੌਰ ਕਰੋ। ਕੁਲ-ਨਾਸ਼ ਦੇ ਭੜਕਣ ਤੋਂ ਪਹਿਲਾਂ, ਇਹ ਵਿਆਹੁਤਾ ਜੋੜਾ ਐਲਫ਼ੋਂਸ ਨਾਮਕ ਇਕ ਟੂਟਸੀ ਗਵਾਹ ਦੇ ਨਾਲ ਬਾਈਬਲ ਦਾ ਅਧਿਐਨ ਕਰ ਰਿਹਾ ਸੀ। ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਉਂਦੇ ਹੋਏ, ਉਨ੍ਹਾਂ ਨੇ ਐਲਫ਼ੋਂਸ ਨੂੰ ਆਪਣੇ ਘਰ ਵਿਚ ਛੁਪਾ ਲਿਆ। ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਘਰ ਇਕ ਸੁਰੱਖਿਅਤ ਜਗ੍ਹਾ ਨਹੀਂ ਸੀ ਕਿਉਂਕਿ ਉਨ੍ਹਾਂ ਦੇ ਹੁਟੂ ਗੁਆਂਢੀ ਉਨ੍ਹਾਂ ਦੇ ਟੂਟਸੀ ਮਿੱਤਰ ਬਾਰੇ ਜਾਣਦੇ ਸਨ। ਇਸ ਲਈ, ਨੀਕੌਡੇਮ ਅਤੇ ਐਟਾਨਾਜ਼ੀ ਨੇ ਐਲਫ਼ੋਂਸ ਨੂੰ ਆਪਣੇ ਵਿਹੜੇ ਵਿਚ ਇਕ ਟੋਏ ਵਿਚ ਛੁਪਾ ਦਿੱਤਾ। ਇਹ ਇਕ ਚੰਗਾ ਕਦਮ ਸੀ ਕਿਉਂਕਿ ਐਲਫ਼ੋਂਸ ਦੀ ਭਾਲ ਵਿਚ ਗੁਆਂਢੀ ਲਗਭਗ ਹਰ ਦਿਨ ਆਉਣ ਲੱਗ ਪਏ ਸਨ। ਅਠਾਈ ਦਿਨਾਂ ਦੇ ਲਈ ਇਸ ਟੋਏ ਵਿਚ ਪਏ, ਐਲਫ਼ੋਂਸ ਨੇ ਬਾਈਬਲ ਬਿਰਤਾਂਤਾਂ ਉੱਤੇ ਮਨਨ ਕੀਤਾ ਜਿਵੇਂ ਕਿ ਰਾਹਾਬ ਦਾ ਬਿਰਤਾਂਤ, ਜਿਸ ਨੇ ਯਰੀਹੋ ਵਿਚ ਆਪਣੇ ਘਰ ਦੀ ਛੱਤ ਉੱਤੇ ਦੋ ਇਸਰਾਏਲੀਆਂ ਨੂੰ ਛੁਪਾਇਆ ਸੀ। (ਯਹੋਸ਼ੁਆ 6:17) ਅੱਜ ਐਲਫ਼ੋਂਸ, ਅਜੇ ਵੀ ਰਵਾਂਡਾ ਵਿਚ ਇਕ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਦੇ ਤੌਰ ਤੇ ਸੇਵਾ ਕਰਦਾ ਹੈ, ਅਤੇ ਉਹ ਇਸ ਗੱਲ ਲਈ ਧੰਨਵਾਦੀ ਹੈ ਕਿ ਉਸ ਦੇ ਹੁਟੂ ਬਾਈਬਲ ਸਿੱਖਿਆਰਥੀਆਂ ਨੇ ਉਸ ਦੇ ਲਈ ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਇਆ। ਅਤੇ ਨੀਕੌਡੇਮ ਤੇ ਐਟਾਨਾਜ਼ੀ ਦੇ ਬਾਰੇ ਕੀ? ਉਹ ਹੁਣ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਗਵਾਹ ਹਨ ਅਤੇ ਰੁਚੀ ਰੱਖਣ ਵਾਲੇ ਵਿਅਕਤੀਆਂ ਦੇ ਨਾਲ 20 ਤੋਂ ਵੀ ਵੱਧ ਬਾਈਬਲ ਅਧਿਐਨ ਸੰਚਾਲਿਤ ਕਰਦੇ ਹਨ।
20. ਯਹੋਵਾਹ ਨੇ ਰਵਾਂਡਾ ਵਿਚ ਸਾਡੇ ਭਰਾਵਾਂ ਨੂੰ ਕਿਸ ਤਰੀਕੇ ਤੋਂ ਦਿਲਾਸਾ ਦਿੱਤਾ ਹੈ, ਲੇਕਿਨ ਉਨ੍ਹਾਂ ਵਿੱਚੋਂ ਅਨੇਕਾਂ ਨੂੰ ਅਜੇ ਵੀ ਕਿਹੜੀ ਲਗਾਤਾਰ ਲੋੜ ਹੈ?
20 ਜਦੋਂ ਰਵਾਂਡਾ ਵਿਚ ਕੁਲ-ਨਾਸ਼ ਆਰੰਭ ਹੋਇਆ, ਉਦੋਂ ਉਸ ਦੇਸ਼ ਵਿਚ ਖ਼ੁਸ਼ ਖ਼ਬਰੀ ਦੇ 2,500 ਘੋਸ਼ਕ ਸਨ। ਹਾਲਾਂਕਿ ਸੈਂਕੜੇ ਆਪਣੀ ਜਾਨ ਗੁਆ ਬੈਠੇ ਜਾਂ ਦੇਸ਼ ਤੋਂ ਭੱਜਣ ਲਈ ਮਜਬੂਰ ਹੋਏ, ਫਿਰ ਵੀ ਗਵਾਹਾਂ ਦੀ ਗਿਣਤੀ ਵੱਧ ਕੇ 3,000 ਤੋਂ ਅਧਿਕ ਹੋ ਗਈ ਹੈ। ਇਹ ਸਬੂਤ ਹੈ ਕਿ ਪਰਮੇਸ਼ੁਰ ਨੇ ਯਕੀਨਨ ਹੀ ਸਾਡੇ ਭਰਾਵਾਂ ਨੂੰ ਦਿਲਾਸਾ ਦਿੱਤਾ। ਯਹੋਵਾਹ ਦੇ ਗਵਾਹਾਂ ਦੇ ਦਰਮਿਆਨ ਉਨ੍ਹਾਂ ਅਨੇਕ ਅਨਾਥਾਂ ਅਤੇ ਵਿਧਵਾਵਾਂ ਦੇ ਬਾਰੇ ਕੀ? ਸੁਭਾਵਕ ਹੈ ਕਿ ਇਹ ਅਜੇ ਵੀ ਬਿਪਤਾ ਦਾ ਦੁੱਖ ਭੋਗਦੇ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਦਿਲਾਸੇ ਦੀ ਲੋੜ ਹੈ। (ਯਾਕੂਬ 1:27) ਉਨ੍ਹਾਂ ਦੇ ਹੰਝੂ ਕੇਵਲ ਉਦੋਂ ਹੀ ਪੂਰਣ ਤੌਰ ਤੇ ਪੂੰਝੇ ਜਾਣਗੇ ਜਦੋਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਪੁਨਰ-ਉਥਾਨ ਵਾਪਰੇਗਾ। ਫਿਰ ਵੀ, ਆਪਣੇ ਭਰਾਵਾਂ ਦੀ ਦੇਖ-ਭਾਲ ਸਦਕਾ ਅਤੇ ਇਸ ਕਾਰਨ ਕਿ ਉਹ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਦੇ ਉਪਾਸਕ ਹਨ, ਉਹ ਜੀਵਨ ਨਾਲ ਨਜਿੱਠਣ ਦੇ ਲਈ ਸਮਰਥ ਹਨ।
21. (ੳ) ਸਾਡੇ ਭਰਾਵਾਂ ਨੂੰ ਹੋਰ ਕਿਨ੍ਹਾਂ ਥਾਵਾਂ ਵਿਚ ਪਰਮੇਸ਼ੁਰ ਦੇ ਦਿਲਾਸੇ ਦੀ ਸਖ਼ਤ ਲੋੜ ਪਈ ਹੈ, ਅਤੇ ਅਸੀਂ ਸਾਰੇ ਕਿਹੜੇ ਇਕ ਤਰੀਕੇ ਵਿਚ ਮਦਦ ਕਰ ਸਕਦੇ ਹਾਂ? (ਅ) ਦਿਲਾਸੇ ਦੇ ਲਈ ਸਾਡੀ ਲੋੜ ਕਦੋਂ ਪੂਰਣ ਤੌਰ ਤੇ ਤ੍ਰਿਪਤ ਕੀਤੀ ਜਾਵੇਗੀ?
21 ਹੋਰ ਅਨੇਕ ਥਾਵਾਂ ਵਿਚ, ਜਿਵੇਂ ਕਿ ਐਰੀਟ੍ਰੀਆ, ਸਿੰਗਾਪੁਰ, ਅਤੇ ਸਾਬਕਾ ਯੂਗੋਸਲਾਵੀਆ ਵਿਚ, ਸਾਡੇ ਭਰਾ ਬਿਪਤਾ ਦੇ ਬਾਵਜੂਦ ਵਫ਼ਾਦਾਰੀ ਦੇ ਨਾਲ ਯਹੋਵਾਹ ਦੀ ਸੇਵਾ ਕਰਨੀ ਜਾਰੀ ਰੱਖਦੇ ਹਨ। ਇੰਜ ਹੋਵੇ ਕਿ ਅਸੀਂ ਅਜਿਹੇ ਭਰਾਵਾਂ ਦੀ ਮਦਦ ਕਰੀਏ, ਇਹ ਨਿਯਮਿਤ ਬੇਨਤੀਆਂ ਕਰਦੇ ਹੋਏ ਕਿ ਉਨ੍ਹਾਂ ਨੂੰ ਦਿਲਾਸਾ ਹਾਸਲ ਹੋਵੇ। (2 ਕੁਰਿੰਥੀਆਂ 1:11) ਅਤੇ ਇੰਜ ਹੋਵੇ ਕਿ ਅਸੀਂ ਵਫ਼ਾਦਾਰੀ ਦੇ ਨਾਲ ਉਸ ਸਮੇਂ ਤਕ ਸਹਿਣ ਕਰੀਏ ਜਦੋਂ ਯਿਸੂ ਮਸੀਹ ਦੇ ਦੁਆਰਾ ਪਰਮੇਸ਼ੁਰ ਮੁਕੰਮਲ ਭਾਵ ਵਿਚ “[ਸਾਡੀਆਂ] ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” ਉਦੋਂ ਅਸੀਂ ਪੂਰਣ ਹੱਦ ਤਕ ਉਸ ਦਿਲਾਸੇ ਦਾ ਅਨੁਭਵ ਕਰਾਂਗੇ ਜੋ ਯਹੋਵਾਹ ਆਪਣੇ ਧਾਰਮਿਕਤਾ ਦੇ ਨਵੇਂ ਸੰਸਾਰ ਵਿਚ ਮੁਹੱਈਆ ਕਰੇਗਾ।—ਪਰਕਾਸ਼ ਦੀ ਪੋਥੀ 7:17; 21:4; 2 ਪਤਰਸ 3:13.
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ), ਜਨਵਰੀ 1, 1995, ਸਫ਼ਾ 26, ਨੇ ਰੁਆਕਾਬੂਬੂ ਦੀ ਧੀ, ਡੈਬਰਾ ਦਾ ਅਨੁਭਵ ਦੱਸਿਆ, ਜਿਸ ਦੀ ਪ੍ਰਾਰਥਨਾ ਨੇ ਹੁਟੂ ਸੈਨਿਕਾਂ ਦੇ ਜਥੇ ਨੂੰ ਪ੍ਰਭਾਵਿਤ ਕੀਤਾ ਅਤੇ ਪਰਿਵਾਰ ਨੂੰ ਕਤਲ ਕੀਤੇ ਜਾਣ ਤੋਂ ਬਚਾਇਆ।
ਕੀ ਤੁਸੀਂ ਜਾਣਦੇ ਹੋ?
◻ ਯਹੋਵਾਹ ਨੂੰ “ਸਰਬ ਦਿਲਾਸੇ ਦਾ ਪਰਮੇਸ਼ੁਰ” ਕਿਉਂ ਆਖਿਆ ਜਾਂਦਾ ਹੈ?
◻ ਸਾਨੂੰ ਬਿਪਤਾਵਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
◻ ਅਸੀਂ ਕਿਨ੍ਹਾਂ ਦੇ ਨਾਲ ਦਿਲਾਸਾ ਸਾਂਝਾ ਕਰ ਸਕਦੇ ਹਾਂ?
◻ ਦਿਲਾਸੇ ਦੇ ਲਈ ਸਾਡੀ ਲੋੜ ਪੂਰਣ ਤੌਰ ਤੇ ਕਿਵੇਂ ਤ੍ਰਿਪਤ ਕੀਤੀ ਜਾਵੇਗੀ?
[ਸਫ਼ੇ 17 ਉੱਤੇ ਤਸਵੀਰ]
ਜ਼ੌਨ ਅਤੇ ਚਾਂਟਾਲ, ਹਾਲਾਂਕਿ ਟੂਟਸੀ ਗਵਾਹ ਸਨ, ਰਵਾਂਡਾ ਵਿਚ ਕੁਲ-ਨਾਸ਼ ਦੇ ਦੌਰਾਨ ਹੁਟੂ ਗਵਾਹਾਂ ਦੇ ਦੁਆਰਾ ਅਲੱਗ-ਅਲੱਗ ਥਾਵਾਂ ਤੇ ਛੁਪਾਏ ਗਏ
[ਸਫ਼ੇ 17 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਅਜੇ ਵੀ ਰਵਾਂਡਾ ਵਿਚ ਆਪਣੇ ਗੁਆਂਢੀਆਂ ਦੇ ਨਾਲ ਪਰਮੇਸ਼ੁਰ ਦੇ ਦਿਲਾਸਾ ਭਰੇ ਸੰਦੇਸ਼ ਨੂੰ ਸ਼ਾਂਝਿਆਂ ਕਰਦੇ ਹਨ