ਸਾਰਿਆਂ ਨਾਲ ਪਿਆਰ ਪੈਦਾ ਕਰੋ
ਮਲਾਹ ਆਪਣੇ ਸਮੁੰਦਰੀ ਜਹਾਜ਼ ਨੂੰ ਵਹਿਣ ਤੋਂ ਰੋਕਣ ਲਈ ਲੰਗਰ ਪਾਣੀ ਵਿਚ ਸੁੱਟਦਾ ਹੈ। ਇਹ ਲੰਗਰ ਸੰਗਲ ਨਾਲ ਬੱਝਿਆ ਹੁੰਦਾ ਹੈ। ਸੰਗਲ ਦੀਆਂ ਕੜੀਆਂ ਬਹੁਤ ਹੀ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ਵਰਨਾ ਤੇਜ਼ ਹਵਾਵਾਂ ਜਾਂ ਜ਼ੋਰਦਾਰ ਲਹਿਰਾਂ ਕਾਰਨ ਸੰਗਲ ਟੁੱਟ ਜਾਵੇਗਾ।
ਇਹ ਗੱਲ ਮਸੀਹੀ ਕਲੀਸਿਯਾ ਉੱਤੇ ਵੀ ਲਾਗੂ ਹੁੰਦੀ ਹੈ। ਕਲੀਸਿਯਾ ਦੇ ਮਜ਼ਬੂਤ ਰਹਿਣ ਲਈ ਜ਼ਰੂਰੀ ਹੈ ਕਿ ਸੰਗਲ ਦੀਆਂ ਕੜੀਆਂ ਵਾਂਗ ਹਰੇਕ ਭੈਣ-ਭਰਾ ਏਕਤਾ ਵਿਚ ਬੱਝਿਆ ਰਹੇ। ਕਿਹੜੀ ਚੀਜ਼ ਉਨ੍ਹਾਂ ਨੂੰ ਏਕਤਾ ਵਿਚ ਬੰਨ੍ਹੀ ਰੱਖੇਗੀ? ਸੱਚਾ ਪਿਆਰ ਜੋ ਏਕਤਾ ਦੀ ਸਭ ਤੋਂ ਮਜ਼ਬੂਤ ਕੜੀ ਹੈ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” ਵਾਕਈ, ਸੱਚੇ ਮਸੀਹੀਆਂ ਦਾ ਪਿਆਰ ਮਾੜੀ-ਮੋਟੀ ਦੋਸਤੀ ਜਾਂ ਆਦਰ-ਸਤਿਕਾਰ ਤਕ ਹੀ ਸੀਮਿਤ ਨਹੀਂ ਹੈ। ਇਸ ਪਿਆਰ ਕਰਕੇ ਉਹ ਇਕ-ਦੂਜੇ ਲਈ ਜਾਨ ਦੇਣ ਲਈ ਤਿਆਰ ਰਹਿੰਦੇ ਹਨ।—ਯੂਹੰਨਾ 13:34, 35.
ਆਪਣੇ ਭੈਣਾਂ-ਭਰਾਵਾਂ ਦੀ ਕਦਰ ਕਰੋ
ਕਲੀਸਿਯਾਵਾਂ ਵਿਚ ਵੱਖ-ਵੱਖ ਉਮਰ, ਨਸਲ, ਕੌਮ, ਸਭਿਆਚਾਰਾਂ, ਭਾਸ਼ਾਵਾਂ ਤੇ ਪਿਛੋਕੜਾਂ ਦੇ ਲੋਕ ਪਾਏ ਜਾਂਦੇ ਹਨ। ਹਰੇਕ ਦੀ ਆਪੋ-ਆਪਣੀ ਪਸੰਦ ਤੇ ਨਾਪਸੰਦ ਹੁੰਦੀ ਹੈ, ਆਪੋ-ਆਪਣੀਆਂ ਉਮੰਗਾਂ, ਚਿੰਤਾਵਾਂ ਤੇ ਆਪੋ-ਆਪਣਾ ਬੋਝ ਹੁੰਦਾ ਹੈ। ਕਈਆਂ ਨੂੰ ਸ਼ਾਇਦ ਆਪਣੀ ਸਿਹਤ ਜਾਂ ਦਾਲ-ਰੋਟੀ ਦਾ ਫ਼ਿਕਰ ਰਹਿੰਦਾ ਹੈ। ਫਿਰ ਤਰ੍ਹਾਂ-ਤਰ੍ਹਾਂ ਦੇ ਲੋਕ ਹੋਣ ਕਰਕੇ ਅਣਬਣ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਖ਼ਤਰੇ ਦੇ ਬਾਵਜੂਦ ਕਿਹੜੀ ਚੀਜ਼ ਸਾਨੂੰ ਦੂਸਰਿਆਂ ਨਾਲ ਪਿਆਰ ਕਰਨ ਤੇ ਏਕਤਾ ਵਿਚ ਬੱਝੇ ਰਹਿਣ ਵਿਚ ਮਦਦ ਕਰ ਸਕਦੀ ਹੈ? ਕਲੀਸਿਯਾ ਵਿਚ ਸਾਰਿਆਂ ਦੀ ਦਿਲੋਂ ਕਦਰ ਕਰ ਕੇ ਅਸੀਂ ਇਕ-ਦੂਜੇ ਲਈ ਆਪਣਾ ਪਿਆਰ ਵਧਾ ਸਕਦੇ ਹਾਂ।
ਲੇਕਿਨ ਅਸੀਂ ਦੂਸਰਿਆਂ ਦੀ ਕਦਰ ਕਿੱਦਾਂ ਕਰ ਸਕਦੇ ਹਾਂ? ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ, ਉਨ੍ਹਾਂ ਦਾ ਮੁੱਲ ਪਾ ਕੇ ਤੇ ਉਨ੍ਹਾਂ ਦੇ ਗੁਣ ਪਛਾਣ ਕੇ। ਅਸੀਂ ਇਸ ਗੱਲ ਦੇ ਸ਼ੁਕਰਗੁਜ਼ਾਰ ਹੋਵਾਂਗੇ ਕਿ ਉਹ ਸਾਡੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ। ਨਤੀਜੇ ਵਜੋਂ ਸਾਡੇ ਵਿਚ ਉਨ੍ਹਾਂ ਲਈ ਦਿਲੋਂ ਪਿਆਰ ਪੈਦਾ ਹੁੰਦਾ ਹੈ। ਆਓ ਆਪਾਂ ਦੇਖੀਏ ਕਿ ਕੁਰਿੰਥੁਸ ਸ਼ਹਿਰ ਵਿਚ ਪਹਿਲੀ ਸਦੀ ਦੇ ਮਸੀਹੀਆਂ ਨੂੰ ਪੌਲੁਸ ਰਸੂਲ ਦੁਆਰਾ ਲਿਖੀਆਂ ਗੱਲਾਂ ਤੋਂ ਅਸੀਂ ਸਾਰਿਆਂ ਨਾਲ ਪਿਆਰ ਕਰਨ ਬਾਰੇ ਕੀ ਸਿੱਖ ਸਕਦੇ ਹਾਂ।
ਤੰਗ-ਦਿਲ ਕੁਰਿੰਥੀ ਮਸੀਹੀ
ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਪਹਿਲੀ ਚਿੱਠੀ 55 ਈ. ਵਿਚ ਲਿਖੀ ਤੇ ਇਕ ਸਾਲ ਦੇ ਅੰਦਰ-ਅੰਦਰ ਹੀ ਦੂਜੀ ਚਿੱਠੀ ਵੀ ਲਿਖੀ। ਉਸ ਦੀਆਂ ਟਿੱਪਣੀਆਂ ਤੋਂ ਪਤਾ ਚੱਲਦਾ ਹੈ ਕਿ ਕੁਰਿੰਥੁਸ ਦੀ ਕਲੀਸਿਯਾ ਵਿਚ ਕੁਝ ਭੈਣਾਂ-ਭਰਾਵਾਂ ਦੀ ਇਕ-ਦੂਜੇ ਲਈ ਕਦਰ ਘੱਟ ਗਈ ਸੀ। ਪੌਲੁਸ ਨੇ ਲਿਖਿਆ: “ਹੇ ਕੁਰਿੰਥੀਓ, ਸਾਡਾ ਮੂੰਹ ਤੁਹਾਡੀ ਵੱਲ ਖੁਲ੍ਹਾ ਹੈ, ਸਾਡਾ ਦਿਲ ਮੋਕਲਾ ਹੈ। ਸਾਡੇ ਵਿੱਚ ਤੁਹਾਡੇ ਲਈ ਕੋਈ ਰੋਕ ਨਹੀਂ ਪਰ ਤੁਹਾਡੇ ਹੀ ਹਿਰਦਿਆਂ ਵਿੱਚ ਰੋਕ ਹੈ।” (2 ਕੁਰਿੰਥੀਆਂ 6:11, 12) ਪੌਲੁਸ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ ਉਨ੍ਹਾਂ ਦੇ “ਹਿਰਦਿਆਂ ਵਿੱਚ ਰੋਕ” ਸੀ?
ਉਸ ਦਾ ਮਤਲਬ ਸੀ ਕਿ ਉਨ੍ਹਾਂ ਨੇ ਆਪਣੇ ਦਿਲਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਸਨ। ਬਾਈਬਲ ਦੇ ਇਕ ਵਿਦਵਾਨ ਦਾ ਕਹਿਣਾ ਹੈ ਕਿ ਕੁਰਿੰਥੀ ਭੈਣਾਂ-ਭਰਾਵਾਂ ਨੇ ‘ਪੌਲੁਸ ਦੀਆਂ ਗੱਲਾਂ ਦਾ ਬੁਰਾ ਮਨਾਇਆ ਸੀ ਜਿਸ ਕਰਕੇ ਉਨ੍ਹਾਂ ਦਾ ਪਿਆਰ ਠੰਡਾ ਪੈ ਗਿਆ ਸੀ ਤੇ ਉਹ ਬਿਨਾਂ ਕਾਰਨ ਸ਼ੱਕੀ ਬਣ ਗਏ ਸਨ।’
ਧਿਆਨ ਦਿਓ ਕਿ ਪੌਲੁਸ ਨੇ ਉਨ੍ਹਾਂ ਨੂੰ ਕੀ ਸਲਾਹ ਦਿੱਤੀ ਸੀ: “ਉਹ ਦੇ ਵੱਟੇ ਤੁਸੀਂ ਵੀ ਖੁਲ੍ਹੇ ਦਿਲ ਦੇ ਹੋਵੋ। ਮੈਂ ਤਾਂ ਤੁਹਾਨੂੰ ਬੱਚਿਆਂ ਵਾਂਙੁ ਆਖਦਾ ਹਾਂ।” (2 ਕੁਰਿੰਥੀਆਂ 6:13) ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਖੁੱਲ੍ਹੇ ਦਿਲ ਦੇ ਬਣਨ ਦੀ ਹੱਲਾਸ਼ੇਰੀ ਦਿੱਤੀ ਸੀ। ਉਨ੍ਹਾਂ ਨੂੰ ਿਨੱਕੇ-ਿਨੱਕੇ ਝਗੜਿਆਂ ਨੂੰ ਛੱਡ ਕੇ ਇਕ-ਦੂਜੇ ਤੇ ਇਤਬਾਰ ਕਰਨ ਅਤੇ ਦੂਜਿਆਂ ਨੂੰ ਆਪਣੇ ਦਿਲਾਂ ਵਿਚ ਥਾਂ ਦੇਣ ਦੀ ਲੋੜ ਸੀ।
ਅੱਜ ਪਿਆਰ ਕਿਵੇਂ ਪੈਦਾ ਕਰੀਏ
ਅਸੀਂ ਅੱਜ ਇਹ ਦੇਖ ਕੇ ਕਿੰਨੇ ਖ਼ੁਸ਼ ਹੁੰਦੇ ਹਾਂ ਕਿ ਭੈਣ-ਭਰਾ ਇਕ-ਦੂਜੇ ਨਾਲ ਦਿਲੋਂ ਪਿਆਰ ਕਰਨ ਦਾ ਜਤਨ ਕਰਦੇ ਹਨ। ਇਹ ਸੱਚ ਹੈ ਕਿ ਪਿਆਰ ਪੈਦਾ ਕਰਨਾ ਸੌਖਾ ਨਹੀਂ ਹੁੰਦਾ। ਸਾਨੂੰ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਪਏਗੀ। ਪਿਆਰ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਇਕ-ਦੂਸਰੇ ਨਾਲ ਦੁਨਿਆਵੀ ਲੋਕਾਂ ਵਾਂਗ ਪੇਸ਼ ਨਾ ਆਈਏ ਜਿਹੜੇ ਬਾਈਬਲ ਦੇ ਅਸੂਲਾਂ ਤੇ ਨਹੀਂ ਚੱਲਦੇ। ਦੁਨਿਆਵੀ ਲੋਕ ਘੱਟ ਹੀ ਇਕ-ਦੂਜੇ ਦੀ ਕਦਰ ਕਰਦੇ ਹਨ। ਉਹ ਲਾਪਰਵਾਹ, ਬੇਇੱਜ਼ਤੀ ਕਰਨ ਵਾਲੇ ਤੇ ਰੁੱਖੇ ਹੋ ਸਕਦੇ ਹਨ। ਇਸ ਕਰਕੇ ਆਓ ਆਪਾਂ ਦੁਨੀਆਂ ਦੀ ਹਵਾ ਤੋਂ ਬਚ ਕੇ ਰਹੀਏ। ਕਿੰਨੇ ਅਫ਼ਸੋਸ ਦੀ ਗੱਲ ਹੋਵੇਗੀ ਜੇ ਉਨ੍ਹਾਂ ਕੁਰਿੰਥੀ ਭੈਣਾਂ-ਭਰਾਵਾਂ ਦੀ ਤਰ੍ਹਾਂ ਸਾਡੇ ਵਿਚ ਪਿਆਰ ਦੀ ਥਾਂ ਬੇਇਤਬਾਰੀ ਹੋਵੇ! ਸਾਡੇ ਨਾਲ ਇਸ ਤਰ੍ਹਾਂ ਹੋ ਸਕਦਾ ਹੈ ਜੇਕਰ ਅਸੀਂ ਆਪਣੇ ਮਸੀਹੀ ਭਰਾਵਾਂ ਦੀਆਂ ਗ਼ਲਤੀਆਂ ਵੱਲ ਝੱਟ ਧਿਆਨ ਦੇਈਏ, ਪਰ ਉਨ੍ਹਾਂ ਦੇ ਚੰਗੇ ਗੁਣਾਂ ਨੂੰ ਨਜ਼ਰਅੰਦਾਜ਼ ਕਰ ਦੇਈਏ। ਨਾਲੇ ਜੇ ਕਿਸੇ ਹੋਰ ਸਭਿਆਚਾਰ ਦੇ ਭੈਣ-ਭਰਾ ਲਈ ਸਾਡੇ ਦਿਲਾਂ ਵਿਚ ਥਾਂ ਨਾ ਹੋਵੇ, ਤਾਂ ਇਹ ਵੀ ਚੰਗਾ ਨਹੀਂ ਹੈ।
ਇਸ ਦੇ ਉਲਟ ਪਿਆਰ ਕਰਨ ਵਾਲੇ ਭੈਣਾਂ-ਭਰਾਵਾਂ ਦੇ ਦਿਲਾਂ ਵਿਚ ਦੂਸਰਿਆਂ ਲਈ ਪੂਰੀ ਕਦਰ ਹੁੰਦੀ ਹੈ। ਉਹ ਦੂਸਰਿਆਂ ਨੂੰ ਮਹੱਤਵ ਦਿੰਦੇ ਹਨ, ਉਨ੍ਹਾਂ ਦਾ ਆਦਰ-ਮਾਣ ਕਰਦੇ ਹਨ ਤੇ ਉਨ੍ਹਾਂ ਦੀਆਂ ਲੋੜਾਂ ਧਿਆਨ ਵਿਚ ਰੱਖਦੇ ਹਨ। ਜੇ ਕਿਸੇ ਨਾਲ ਕੋਈ ਗਿਲਾ ਹੁੰਦਾ ਵੀ ਹੈ, ਫਿਰ ਵੀ ਉਹ ਜਲਦੀ ਮਾਫ਼ ਕਰ ਦਿੰਦੇ ਹਨ ਤੇ ਨਾਰਾਜ਼ ਨਹੀਂ ਰਹਿੰਦੇ। ਇਸ ਦੀ ਬਜਾਇ, ਉਹ ਆਪਣੇ ਭਰਾਵਾਂ ਦਾ ਭਲਾ ਹੀ ਸੋਚਦੇ ਹਨ। ਵੱਡੇ ਦਿਲ ਵਾਲੇ ਹੋਣ ਕਰਕੇ ਉਹ ਆਪਣੇ ਭੈਣ-ਭਰਾਵਾਂ ਨਾਲ ਉਸੇ ਤਰ੍ਹਾਂ ਪ੍ਰੇਮ ਕਰਦੇ ਹਨ ਜਿਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨਾਲ ਕੀਤਾ ਸੀ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:35.
ਨਵੇਂ ਦੋਸਤ ਬਣਾਓ
ਦਿਲੋਂ ਪਿਆਰ ਕਰਨ ਨਾਲ ਅਸੀਂ ਆਪਣੇ ਜਿਗਰੀ ਦੋਸਤਾਂ ਤੋਂ ਇਲਾਵਾ ਕਲੀਸਿਯਾ ਵਿਚ ਦੂਸਰਿਆਂ ਨਾਲ ਵੀ ਮਿਲਾਂ-ਵਰਤਾਂਗੇ ਜਿਨ੍ਹਾਂ ਨਾਲ ਅਸੀਂ ਵਾਕਫ਼ ਨਹੀਂ ਹਾਂ। ਉਹ ਕੌਣ ਹੋ ਸਕਦੇ ਹਨ? ਸਾਡੇ ਕਈ ਮਸੀਹੀ ਭੈਣ-ਭਰਾ ਸ਼ਰਮਾਕਲ ਹਨ ਜਾਂ ਕਿਸੇ ਹੋਰ ਵਜ੍ਹਾ ਕਰਕੇ ਉਨ੍ਹਾਂ ਦੇ ਬਹੁਤ ਦੋਸਤ-ਮਿੱਤਰ ਨਹੀਂ ਹਨ। ਅਸੀਂ ਪਹਿਲਾਂ ਸ਼ਾਇਦ ਝਿਜਕੀਏ ਕਿ ਸੱਚਾਈ ਤੋਂ ਇਲਾਵਾ ਸਾਡੀ ਆਪਸ ਵਿਚ ਹੋਰ ਕੋਈ ਸਾਂਝ ਤਾਂ ਹੈ ਨਹੀਂ। ਲੇਕਿਨ ਕੀ ਇਹ ਗੱਲ ਸੱਚ ਨਹੀਂ ਹੈ ਕਿ ਬਾਈਬਲ ਵਿਚ ਉਨ੍ਹਾਂ ਲੋਕਾਂ ਦੀਆਂ ਆਪਸ ਵਿਚ ਪੱਕੀਆਂ ਦੋਸਤੀਆਂ ਸਨ ਜਿਨ੍ਹਾਂ ਦੇ ਪਿਛੋਕੜ ਬਿਲਕੁਲ ਵੱਖਰੇ ਸਨ?
ਮਿਸਾਲ ਲਈ, ਰੂਥ ਅਤੇ ਨਾਓਮੀ ਦੀ ਉਮਰ ਵਿਚ ਕਿੰਨਾ ਫ਼ਰਕ ਸੀ। ਉਨ੍ਹਾਂ ਦੀ ਕੌਮ ਤੇ ਸਭਿਆਚਾਰ ਹੀ ਵੱਖ-ਵੱਖ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਮਾਂ-ਬੋਲੀਆਂ ਵੀ ਵੱਖਰੀਆਂ ਸਨ। ਫਿਰ ਵੀ ਉਨ੍ਹਾਂ ਦੀ ਦੋਸਤੀ ਤੇ ਇਨ੍ਹਾਂ ਗੱਲਾਂ ਦਾ ਅਸਰ ਨਹੀਂ ਪਿਆ। ਰੂਥ ਅਤੇ ਨਾਓਮੀ ਪੱਕੀਆਂ ਸਹੇਲੀਆਂ ਬਣੀਆਂ। ਯੋਨਾਥਾਨ ਇਕ ਰਾਜਕੁਮਾਰ ਸੀ ਤੇ ਦਾਊਦ ਇਕ ਚਰਵਾਹਾ। ਭਾਵੇਂ ਉਨ੍ਹਾਂ ਦੀਆਂ ਉਮਰਾਂ ਵਿਚ ਬਹੁਤ ਫ਼ਰਕ ਸੀ, ਪਰ ਬਾਈਬਲ ਵਿਚ ਜ਼ਿਕਰ ਕੀਤੀਆਂ ਦੋਸਤੀਆਂ ਵਿੱਚੋਂ ਉਨ੍ਹਾਂ ਦੀ ਦੋਸਤੀ ਬੇਮਿਸਾਲ ਸੀ। ਇਨ੍ਹਾਂ ਦੋ ਉਦਾਹਰਣਾਂ ਵਿਚ ਦੋਹਾਂ ਧਿਰਾਂ ਨੂੰ ਇਕ-ਦੂਜੇ ਤੋਂ ਪਿਆਰ ਮਿਲਿਆ ਤੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਸਹਿਯੋਗ।—ਰੂਥ 1:16; 4:15; 1 ਸਮੂਏਲ 18:3; 2 ਸਮੂਏਲ 1:26.
ਅੱਜ ਵੀ ਸੱਚੇ ਮਸੀਹੀਆਂ ਵਿਚਕਾਰ ਪੱਕੀ ਦੋਸਤੀ ਹੈ ਭਾਵੇਂ ਕਿ ਉਨ੍ਹਾਂ ਦੀਆਂ ਉਮਰਾਂ ਜਾਂ ਹਾਲਾਤਾਂ ਵਿਚ ਬਹੁਤ ਫ਼ਰਕ ਹੁੰਦਾ ਹੈ। ਮਿਸਾਲ ਲਈ ਰਜੀਨਾ ਇਕੱਲੀ ਹੀ ਆਪਣੇ ਦੋ ਕਿਸ਼ੋਰ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ।a ਉਸ ਨੂੰ ਬਹੁਤ ਦੌੜ-ਭੱਜ ਰਹਿੰਦੀ ਹੈ ਤੇ ਉਸ ਕੋਲ ਦੂਸਰਿਆਂ ਨਾਲ ਸੰਗਤ ਕਰਨ ਦਾ ਬਹੁਤਾ ਸਮਾਂ ਨਹੀਂ ਹੁੰਦਾ। ਹੈਰਲਡ ਤੇ ਉਸ ਦੀ ਪਤਨੀ ਊਟੇ ਹੁਣ ਰਿਟਾਇਰ ਹੋ ਚੁੱਕੇ ਹਨ ਤੇ ਇਨ੍ਹਾਂ ਦੀ ਆਪਣੀ ਕੋਈ ਔਲਾਦ ਨਹੀਂ ਹੈ। ਦੇਖਣ ਨੂੰ ਇਨ੍ਹਾਂ ਦੋਵਾਂ ਪਰਿਵਾਰਾਂ ਵਿਚ ਕੋਈ ਸਾਂਝ ਨਹੀਂ ਹੈ। ਪਰ ਹੈਰਲਡ ਤੇ ਊਟੇ ਨੇ ਬਾਈਬਲ ਦੀ ਸਲਾਹ ਲਾਗੂ ਕਰ ਕੇ ਰਜੀਨਾ ਤੇ ਉਸ ਦੇ ਬੱਚਿਆਂ ਵੱਲ ਦੋਸਤੀ ਦਾ ਹੱਥ ਵਧਾਇਆ। ਉਹ ਰਜੀਨਾ ਤੇ ਉਸ ਦੇ ਬੱਚਿਆਂ ਨਾਲ ਪ੍ਰਚਾਰ ਵਿਚ ਜਾਂਦੇ ਹਨ, ਇਕੱਠੇ ਕੁਝ ਮਨੋਰੰਜਨ ਤੇ ਹੋਰ ਬਹੁਤ ਕੁਝ ਕਰਦੇ ਹਨ।
ਕੀ ਅਸੀਂ ਆਪਣੇ ਪੱਕੇ ਦੋਸਤਾਂ ਤੋਂ ਇਲਾਵਾ ਹੋਰਨਾਂ ਵੱਲ ਵੀ ਦੋਸਤੀ ਦਾ ਹੱਥ ਵਧਾ ਸਕਦੇ ਹਾਂ? ਕਿਉਂ ਨਾ ਕਿਸੇ ਹੋਰ ਕੌਮ, ਸਭਿਆਚਾਰ ਜਾਂ ਉਮਰ ਦੇ ਭੈਣਾਂ-ਭਰਾਵਾਂ ਨਾਲ ਦੋਸਤੀ ਪਾਓ?
ਦੂਸਰਿਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖੋ
ਵੱਡੇ ਦਿਲ ਵਾਲੇ ਮਸੀਹੀ ਦੂਸਰਿਆਂ ਦੀਆਂ ਲੋੜਾਂ ਨਹੀਂ ਭੁੱਲਦੇ। ਕਿਸ ਤਰ੍ਹਾਂ ਦੀਆਂ ਲੋੜਾਂ? ਆਪਣੀ ਕਲੀਸਿਯਾ ਦੇ ਭੈਣਾਂ-ਭਰਾਵਾਂ ਵੱਲ ਜ਼ਰਾ ਨਜ਼ਰ ਮਾਰੋ। ਨੌਜਵਾਨਾਂ ਨੂੰ ਅਗਵਾਈ ਦੀ ਲੋੜ ਹੈ, ਸਿਆਣਿਆਂ ਨੂੰ ਹੌਸਲਾ-ਅਫ਼ਜ਼ਾਈ ਦੀ ਲੋੜ ਹੈ, ਪਾਇਨੀਅਰਾਂ ਨੂੰ ਤੁਹਾਡੇ ਸਾਥ ਤੇ ਸ਼ਲਾਘਾ ਦੀ ਲੋੜ ਹੈ ਤੇ ਦੁਖਿਆਰਿਆਂ ਨੂੰ ਹਮਦਰਦੀ ਦੀ ਲੋੜ ਹੈ। ਸਾਰਿਆਂ ਦੀਆਂ ਆਪੋ-ਆਪਣੀਆਂ ਲੋੜਾਂ ਹੁੰਦੀਆਂ ਹਨ। ਸਾਨੂੰ ਆਪਣੀ ਯੋਗਤਾ ਅਨੁਸਾਰ ਦੂਸਰਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਦੂਸਰਿਆਂ ਨਾਲ ਪਿਆਰ ਪਾਉਣ ਦਾ ਇਹ ਵੀ ਅਰਥ ਹੈ ਕਿ ਅਸੀਂ ਉਨ੍ਹਾਂ ਦੀਆਂ ਖ਼ਾਸ ਲੋੜਾਂ ਵੱਲ ਵੀ ਧਿਆਨ ਦੇਵਾਂਗੇ। ਕੀ ਤੁਸੀਂ ਐਸੇ ਭੈਣਾਂ-ਭਰਾਵਾਂ ਨੂੰ ਜਾਣਦੇ ਹੋ ਜੋ ਹਮੇਸ਼ਾ ਬੀਮਾਰ ਰਹਿੰਦੇ ਹਨ ਜਾਂ ਜੋ ਕਿਸੇ ਸਮੱਸਿਆ ਦਾ ਸਾਮ੍ਹਣਾ ਕਰ ਰਹੇ ਹਨ? ਵੱਡੇ ਦਿਲ ਵਾਲੇ ਹੋਣ ਕਰਕੇ ਤੁਸੀਂ ਉਨ੍ਹਾਂ ਦੀ ਸਮੱਸਿਆ ਸਮਝੋਗੇ ਤੇ ਉਨ੍ਹਾਂ ਲਈ ਆਸਰਾ ਸਾਬਤ ਹੋਵੋਗੇ।
ਜਿਉਂ-ਜਿਉਂ ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਅੰਤ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਸਾਨੂੰ ਕਲੀਸਿਯਾ ਦੀ ਏਕਤਾ ਨੂੰ ਧਨ-ਦੌਲਤ, ਯੋਗਤਾਵਾਂ ਜਾਂ ਕਾਮਯਾਬੀਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਸਮਝਣਾ ਚਾਹੀਦਾ ਹੈ। (1 ਪਤਰਸ 4:7, 8) ਸਾਡੇ ਵਿੱਚੋਂ ਹਰੇਕ ਆਪਣੀ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨਾਲ ਪਿਆਰ ਕਰ ਕੇ ਏਕਤਾ ਦੀਆਂ ਕੜੀਆਂ ਮਜ਼ਬੂਤ ਕਰ ਸਕਦਾ ਹੈ। ਸਾਨੂੰ ਯਕੀਨ ਹੈ ਕਿ ਯਹੋਵਾਹ ਸਾਨੂੰ ਬਰਕਤ ਦੇਵੇਗਾ ਜੇ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੇ ਸ਼ਬਦਾਂ ਤੇ ਪੂਰੇ ਉਤਰਾਂਗੇ ਜਿਸ ਨੇ ਕਿਹਾ ਸੀ: “ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ।”—ਯੂਹੰਨਾ 15:12.
[ਫੁਟਨੋਟ]
a ਕੁਝ ਨਾਂ ਬਦਲੇ ਗਏ ਹਨ।
[ਸਫ਼ਾ 10 ਉੱਤੇ ਸੁਰਖੀ]
ਆਪਣੇ ਭੈਣਾਂ-ਭਰਾਵਾਂ ਦੀ ਕਦਰ ਕਰਨ ਦਾ ਇਹ ਅਰਥ ਹੈ ਕਿ ਅਸੀਂ ਉਨ੍ਹਾਂ ਦਾ ਪੂਰਾ ਆਦਰ-ਮਾਣ ਕਰੀਏ ਤੇ ਉਨ੍ਹਾਂ ਦੀਆਂ ਲੋੜਾਂ ਧਿਆਨ ਵਿਚ ਰੱਖੀਏ