ਅਧਿਐਨ ਲੇਖ 29
“ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ”
“ਮੈਂ ਮਸੀਹ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਕਮਜ਼ੋਰੀਆਂ, ਬੇਇੱਜ਼ਤੀ, ਤੰਗੀਆਂ, ਅਤਿਆਚਾਰ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਾ ਹਾਂ।”—2 ਕੁਰਿੰ. 12:10.
ਗੀਤ 60 ਉਹ ਤੁਹਾਨੂੰ ਤਕੜਾ ਕਰੇਗਾ
ਖ਼ਾਸ ਗੱਲਾਂa
1. ਪੌਲੁਸ ਨੇ ਆਪਣੇ ਬਾਰੇ ਕਿਹੜੀਆਂ ਗੱਲਾਂ ਮੰਨੀਆਂ?
ਪੌਲੁਸ ਰਸੂਲ ਨੇ ਇਹ ਗੱਲ ਮੰਨੀ ਕਿ ਸਮੇਂ-ਸਮੇਂ ਤੇ ਉਹ ਕਮਜ਼ੋਰ ਮਹਿਸੂਸ ਕਰਦਾ ਸੀ। ਉਸ ਨੇ ਕਿਹਾ ਕਿ ਉਸ ਦਾ ਸਰੀਰ ‘ਖ਼ਤਮ ਹੁੰਦਾ ਜਾ ਰਿਹਾ’ ਸੀ ਯਾਨੀ ਉਸ ਨੂੰ ਸਹੀ ਕੰਮ ਕਰਨ ਲਈ ਜੱਦੋ-ਜਹਿਦ ਕਰਨੀ ਪੈਂਦੀ ਸੀ। ਉਸ ਨੂੰ ਲੱਗਾ ਕਿ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਹਮੇਸ਼ਾ ਉਵੇਂ ਨਹੀਂ ਦਿੱਤਾ ਜਿਵੇਂ ਉਹ ਚਾਹੁੰਦਾ ਸੀ। (2 ਕੁਰਿੰ. 4:16; 12:7-9; ਰੋਮੀ. 7:21-23) ਪੌਲੁਸ ਨੇ ਇਹ ਵੀ ਮੰਨਿਆ ਕਿ ਉਹ ਆਪਣੇ ਵਿਰੋਧੀਆਂ ਦੀਆਂ ਨਜ਼ਰਾਂ ਵਿਚ ਕਮਜ਼ੋਰb ਸੀ। ਪਰ ਉਸ ਨੇ ਦੂਜਿਆਂ ਦੇ ਗ਼ਲਤ ਨਜ਼ਰੀਏ ਜਾਂ ਆਪਣੀਆਂ ਕਮਜ਼ੋਰੀਆਂ ਕਰਕੇ ਖ਼ੁਦ ਨੂੰ ਨਿਕੰਮਾ ਨਹੀਂ ਸਮਝਿਆ।—2 ਕੁਰਿੰ. 10:10-12, 17, 18.
2. ਦੂਜਾ ਕੁਰਿੰਥੀਆਂ 12:9, 10 ਮੁਤਾਬਕ ਪੌਲੁਸ ਨੇ ਕਿਹੜਾ ਅਹਿਮ ਸਬਕ ਸਿੱਖਿਆ?
2 ਪੌਲੁਸ ਨੇ ਇਕ ਅਹਿਮ ਸਬਕ ਸਿੱਖਿਆ: ਇਕ ਇਨਸਾਨ ਕਮਜ਼ੋਰ ਮਹਿਸੂਸ ਕਰਨ ਦੇ ਬਾਵਜੂਦ ਵੀ ਤਾਕਤਵਰ ਹੋ ਸਕਦਾ ਹੈ। (2 ਕੁਰਿੰਥੀਆਂ 12:9, 10 ਪੜ੍ਹੋ।) ਯਹੋਵਾਹ ਨੇ ਪੌਲੁਸ ਨੂੰ ਦੱਸਿਆ ਕਿ ਤੇਰੀ “ਕਮਜ਼ੋਰੀ ਦੌਰਾਨ ਮੇਰੀ ਤਾਕਤ ਪੂਰੀ ਤਰ੍ਹਾਂ ਤੇਰੇ ਨਾਲ ਹੁੰਦੀ ਹੈ” ਯਾਨੀ ਯਹੋਵਾਹ ਦੀ ਸ਼ਕਤੀ ਪੌਲੁਸ ਨੂੰ ਉਹ ਤਾਕਤ ਬਖ਼ਸ਼ਦੀ ਸੀ ਜਿਸ ਦੀ ਉਸ ਨੂੰ ਲੋੜ ਸੀ। ਸੋ ਆਓ ਪਹਿਲਾਂ ਆਪਾਂ ਦੇਖੀਏ ਕਿ ਸਾਨੂੰ ਉਦੋਂ ਪਰੇਸ਼ਾਨ ਕਿਉਂ ਨਹੀਂ ਹੋਣਾ ਚਾਹੀਦਾ ਜਦੋਂ ਸਾਡੇ ਵਿਰੋਧੀ ਸਾਡੀ ਬੇਇੱਜ਼ਤੀ ਕਰਦੇ ਹਨ।
‘ਖ਼ੁਸ਼ੀ-ਖ਼ੁਸ਼ੀ ਬੇਇੱਜ਼ਤੀ’ ਸਹਿ ਲਓ
3. ਅਸੀਂ ਖ਼ੁਸ਼ੀ-ਖ਼ੁਸ਼ੀ ਬੇਇੱਜ਼ਤੀ ਕਿਉਂ ਸਹਿ ਸਕਦੇ ਹਾਂ?
3 ਸਾਡੇ ਵਿੱਚੋਂ ਕਿਸੇ ਨੂੰ ਵੀ ਬੇਇੱਜ਼ਤ ਹੋਣਾ ਪਸੰਦ ਨਹੀਂ। ਪਰ ਜੇ ਸਾਡੇ ਦੁਸ਼ਮਣ ਸਾਡੀ ਬੇਇੱਜ਼ਤੀ ਕਰਦੇ ਹਨ ਤੇ ਅਸੀਂ ਉਨ੍ਹਾਂ ਦੀਆਂ ਗੱਲਾਂ ਦਿਲ ਨੂੰ ਲਾ ਲੈਂਦੇ ਹਾਂ, ਤਾਂ ਅਸੀਂ ਨਿਰਾਸ਼ ਹੋ ਸਕਦੇ ਹਾਂ। (ਕਹਾ. 24:10) ਤਾਂ ਫਿਰ ਵਿਰੋਧੀਆਂ ਵੱਲੋਂ ਬੇਇੱਜ਼ਤੀ ਕਰਨ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਪੌਲੁਸ ਵਾਂਗ ਅਸੀਂ ‘ਖ਼ੁਸ਼ੀ-ਖ਼ੁਸ਼ੀ ਬੇਇੱਜ਼ਤੀ’ ਸਹਿ ਸਕਦੇ ਹਾਂ। (2 ਕੁਰਿੰ. 12:10) ਕਿਉਂ? ਕਿਉਂਕਿ ਬੇਇੱਜ਼ਤੀ ਅਤੇ ਵਿਰੋਧ ਇਸ ਗੱਲ ਦੀ ਨਿਸ਼ਾਨੀ ਹਨ ਕਿ ਅਸੀਂ ਯਿਸੂ ਦੇ ਸੱਚੇ ਚੇਲੇ ਹਾਂ। (1 ਪਤ. 4:14) ਯਿਸੂ ਨੇ ਕਿਹਾ ਸੀ ਕਿ ਉਸ ਦੇ ਸੱਚੇ ਚੇਲੇ ਸਤਾਏ ਜਾਣਗੇ। (ਯੂਹੰ. 15:18-20) ਇਹ ਗੱਲ ਪਹਿਲੀ ਸਦੀ ਵਿਚ ਸੱਚ ਸਾਬਤ ਹੋਈ। ਉਸ ਜ਼ਮਾਨੇ ਦੇ ਯੂਨਾਨੀ ਸਭਿਆਚਾਰ ਵਿਚ ਰੰਗੇ ਲੋਕ ਮਸੀਹੀਆਂ ਨੂੰ ਨਾਸਮਝ ਤੇ ਕਮਜ਼ੋਰ ਸਮਝਦੇ ਸਨ। ਨਾਲੇ ਯਹੂਦੀ ਲੋਕ ਪਤਰਸ ਤੇ ਯੂਹੰਨਾ ਰਸੂਲ ਵਾਂਗ ਮਸੀਹੀਆਂ ਨੂੰ “ਘੱਟ ਪੜ੍ਹੇ-ਲਿਖੇ ਅਤੇ ਆਮ” ਲੋਕ ਸਮਝਦੇ ਸਨ। (ਰਸੂ. 4:13) ਮਸੀਹੀ ਦੇਖਣ ਨੂੰ ਕਮਜ਼ੋਰ ਲੱਗਦੇ ਸਨ ਕਿਉਂਕਿ ਉਨ੍ਹਾਂ ਕੋਲ ਕੋਈ ਸਿਆਸੀ ਤਾਕਤ ਜਾਂ ਫ਼ੌਜੀ ਤਾਕਤ ਨਹੀਂ ਸੀ ਤੇ ਲੋਕ ਉਨ੍ਹਾਂ ਨੂੰ ਸਮਾਜ ਵਿੱਚੋਂ ਛੇਕੇ ਹੋਏ ਸਮਝਦੇ ਸਨ।
4. ਪਹਿਲੀ ਸਦੀ ਦੇ ਮਸੀਹੀਆਂ ਨੇ ਵਿਰੋਧੀਆਂ ਦੇ ਗ਼ਲਤ ਨਜ਼ਰੀਏ ਕਰਕੇ ਕਿਵੇਂ ਹਾਰ ਨਹੀਂ ਮੰਨੀ?
4 ਕੀ ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੇ ਵਿਰੋਧੀਆਂ ਦੇ ਗ਼ਲਤ ਨਜ਼ਰੀਏ ਕਰਕੇ ਹਾਰ ਮੰਨ ਲਈ ਸੀ? ਨਹੀਂ। ਮਿਸਾਲ ਲਈ, ਪਤਰਸ ਰਸੂਲ ਤੇ ਯੂਹੰਨਾ ਰਸੂਲ ਨੇ ਇਸ ਗੱਲ ਨੂੰ ਸਨਮਾਨ ਸਮਝਿਆ ਕਿ ਉਨ੍ਹਾਂ ਨੂੰ ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਚੱਲਣ ਅਤੇ ਦੂਜਿਆਂ ਨੂੰ ਉਸ ਬਾਰੇ ਸਿਖਾਉਣ ਕਰਕੇ ਸਤਾਇਆ ਜਾ ਰਿਹਾ ਸੀ। (ਰਸੂ. 4:18-21; 5:27-29, 40-42) ਸੋ ਚੇਲਿਆਂ ਕੋਲ ਸ਼ਰਮਿੰਦਾ ਹੋਣ ਦਾ ਕੋਈ ਕਾਰਨ ਨਹੀਂ ਸੀ। ਭਾਵੇਂ ਲੋਕਾਂ ਨੇ ਉਨ੍ਹਾਂ ਦੀ ਇੱਜ਼ਤ ਨਹੀਂ ਕੀਤੀ, ਫਿਰ ਵੀ ਉਨ੍ਹਾਂ ਨਿਮਰ ਮਸੀਹੀਆਂ ਨੇ ਸਾਰੇ ਲੋਕਾਂ ਦੇ ਭਲੇ ਲਈ ਕੰਮ ਕੀਤੇ। ਮਿਸਾਲ ਲਈ, ਉਨ੍ਹਾਂ ਮਸੀਹੀਆਂ ਦੀਆਂ ਲਿਖੀਆਂ ਕੁਝ ਕਿਤਾਬਾਂ ਤੋਂ ਅੱਜ ਵੀ ਲੱਖਾਂ ਲੋਕਾਂ ਨੂੰ ਮਦਦ ਤੇ ਉਮੀਦ ਮਿਲ ਰਹੀ ਹੈ। ਉਨ੍ਹਾਂ ਨੇ ਜਿਸ ਰਾਜ ਦਾ ਪ੍ਰਚਾਰ ਕੀਤਾ ਸੀ, ਉਹ ਹੁਣ ਸ਼ੁਰੂ ਹੋ ਚੁੱਕਾ ਹੈ ਅਤੇ ਜਲਦੀ ਹੀ ਸਾਰੀ ਮਨੁੱਖਜਾਤੀ ਉੱਤੇ ਰਾਜ ਕਰੇਗਾ। (ਮੱਤੀ 24:14) ਇਸ ਦੇ ਉਲਟ, ਜਿਹੜੀ ਸਿਆਸੀ ਤਾਕਤ ਨੇ ਮਸੀਹੀਆਂ ਨੂੰ ਸਤਾਇਆ ਸੀ, ਉਸ ਦਾ ਨਾਮੋ-ਨਿਸ਼ਾਨ ਮਿਟ ਚੁੱਕਾ ਹੈ। ਪਰ ਉਹ ਵਫ਼ਾਦਾਰ ਮਸੀਹੀ ਹੁਣ ਸਵਰਗ ਵਿਚ ਰਾਜੇ ਹਨ। ਉਨ੍ਹਾਂ ਦਾ ਵਿਰੋਧ ਕਰਨ ਵਾਲੇ ਖ਼ਤਮ ਹੋ ਚੁੱਕੇ ਹਨ। ਜੇ ਉਨ੍ਹਾਂ ਨੂੰ ਕਦੇ ਜੀਉਂਦਾ ਵੀ ਕੀਤਾ ਗਿਆ, ਤਾਂ ਉਹ ਉਸ ਰਾਜ ਦੇ ਅਧੀਨ ਹੋਣਗੇ ਜਿਸ ਦਾ ਪ੍ਰਚਾਰ ਉਨ੍ਹਾਂ ਦੀ ਨਫ਼ਰਤ ਦੇ ਸ਼ਿਕਾਰ ਮਸੀਹੀਆਂ ਨੇ ਕੀਤਾ ਸੀ।—ਪ੍ਰਕਾ. 5:10.
5. ਯੂਹੰਨਾ 15:19 ਮੁਤਾਬਕ ਯਹੋਵਾਹ ਦੇ ਲੋਕਾਂ ਨੂੰ ਕਿਉਂ ਘਟੀਆ ਸਮਝਿਆ ਜਾਂਦਾ ਹੈ?
5 ਅੱਜ ਯਹੋਵਾਹ ਦੇ ਗਵਾਹ ਹੋਣ ਕਰਕੇ ਲੋਕ ਸਾਨੂੰ ਘਟੀਆ ਸਮਝਦੇ ਹਨ ਅਤੇ ਸਾਡਾ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਨਾਸਮਝ ਤੇ ਕਮਜ਼ੋਰ ਹਾਂ। ਕਿਉਂ? ਕਿਉਂਕਿ ਅਸੀਂ ਉਨ੍ਹਾਂ ਵਰਗਾ ਰਵੱਈਆ ਨਹੀਂ ਰੱਖਦੇ। ਅਸੀਂ ਨਿਮਰ, ਹਲੀਮ ਤੇ ਆਗਿਆਕਾਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਦੁਨੀਆਂ ਘਮੰਡੀ, ਹੰਕਾਰੀ ਤੇ ਬਗਾਵਤੀ ਰਵੱਈਏ ਨੂੰ ਪਸੰਦ ਕਰਦੀ ਹੈ। ਨਾਲੇ ਅਸੀਂ ਰਾਜਨੀਤੀ ਵਿਚ ਸ਼ਾਮਲ ਨਹੀਂ ਹੁੰਦੇ ਤੇ ਨਾ ਹੀ ਕਿਸੇ ਦੇਸ਼ ਦੀ ਫ਼ੌਜ ਵਿਚ ਭਰਤੀ ਹੁੰਦੇ ਹਾਂ। ਅਸੀਂ ਖ਼ੁਦ ਨੂੰ ਦੁਨੀਆਂ ਦੇ ਰੰਗ ਵਿਚ ਨਹੀਂ ਰੰਗਦੇ ਜਿਸ ਕਰਕੇ ਸਾਨੂੰ ਦੂਜਿਆਂ ਨਾਲੋਂ ਘਟੀਆ ਮੰਨਿਆ ਜਾਂਦਾ ਹੈ।—ਯੂਹੰਨਾ 15:19 ਪੜ੍ਹੋ; ਰੋਮੀ. 12:2.
6. ਯਹੋਵਾਹ ਆਪਣੇ ਲੋਕਾਂ ਤੋਂ ਕਿਹੜੇ ਕੰਮ ਕਰਾ ਰਿਹਾ ਹੈ?
6 ਦੁਨੀਆਂ ਸਾਡੇ ਬਾਰੇ ਚਾਹੇ ਜੋ ਮਰਜ਼ੀ ਸੋਚੇ, ਪਰ ਯਹੋਵਾਹ ਸਾਡੇ ਤੋਂ ਵੱਡੇ-ਵੱਡੇ ਕੰਮ ਕਰਾ ਰਿਹਾ ਹੈ। ਉਹ ਅੱਜ ਪ੍ਰਚਾਰ ਦਾ ਕੰਮ ਜਿੰਨੇ ਵੱਡੇ ਪੈਮਾਨੇ ʼਤੇ ਕਰਾ ਰਿਹਾ, ਉੱਨਾ ਪਹਿਲਾਂ ਕਦੇ ਨਹੀਂ ਹੋਇਆ। ਉਸ ਦੇ ਸੇਵਕ ਅੱਜ ਸਭ ਤੋਂ ਜ਼ਿਆਦਾ ਅਨੁਵਾਦ ਕੀਤੇ ਜਾਂਦੇ ਤੇ ਵੰਡੇ ਜਾਂਦੇ ਰਸਾਲਿਆਂ ਨੂੰ ਤਿਆਰ ਕਰਦੇ ਹਨ ਅਤੇ ਬਾਈਬਲ ਵਰਤ ਕੇ ਲੱਖਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਸੁਧਾਰਨ ਵਿਚ ਮਦਦ ਕਰ ਰਹੇ ਹਨ। ਇਸ ਦਾ ਸਿਹਰਾ ਸਿਰਫ਼ ਯਹੋਵਾਹ ਨੂੰ ਜਾਂਦਾ ਹੈ ਜੋ ਮਾਮੂਲੀ ਜਿਹੇ ਲੋਕਾਂ ਨੂੰ ਵਰਤ ਕੇ ਇਹ ਕਮਾਲ ਦੇ ਕੰਮ ਕਰਾ ਰਿਹਾ ਹੈ। ਪਰ ਸਾਡੇ ਇਕੱਲੇ-ਇਕੱਲੇ ਬਾਰੇ ਕੀ? ਕੀ ਯਹੋਵਾਹ ਸਾਨੂੰ ਤਾਕਤਵਰ ਬਣਾ ਸਕਦਾ ਹੈ? ਜੇ ਹਾਂ, ਤਾਂ ਸਾਨੂੰ ਉਸ ਦੀ ਮਦਦ ਲੈਣ ਲਈ ਕੀ ਕਰਨਾ ਚਾਹੀਦਾ ਹੈ? ਇਸ ਮਾਮਲੇ ਵਿਚ ਪੌਲੁਸ ਨੇ ਸਾਡੇ ਲਈ ਇਕ ਵਧੀਆ ਮਿਸਾਲ ਰੱਖੀ। ਆਓ ਦੇਖੀਏ ਕਿ ਅਸੀਂ ਉਸ ਦੀ ਮਿਸਾਲ ਤੋਂ ਕਿਹੜੀਆਂ ਤਿੰਨ ਗੱਲਾਂ ਸਿੱਖ ਸਕਦੇ ਹਾਂ।
ਆਪਣੀ ਤਾਕਤ ʼਤੇ ਇਤਬਾਰ ਨਾ ਕਰੋ
7. ਪੌਲੁਸ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?
7 ਪੌਲੁਸ ਦੀ ਮਿਸਾਲ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਯਹੋਵਾਹ ਦੀ ਸੇਵਾ ਕਰਦਿਆਂ ਸਾਨੂੰ ਆਪਣੀ ਤਾਕਤ ਜਾਂ ਕਾਬਲੀਅਤਾਂ ʼਤੇ ਇਤਬਾਰ ਨਹੀਂ ਕਰਨਾ ਚਾਹੀਦਾ। ਜੇ ਅਸੀਂ ਇਨਸਾਨੀ ਨਜ਼ਰੀਏ ਤੋਂ ਦੇਖੀਏ, ਤਾਂ ਪੌਲੁਸ ਕੋਲ ਘਮੰਡ ਕਰਨ ਅਤੇ ਖ਼ੁਦ ʼਤੇ ਇਤਬਾਰ ਕਰਨ ਦਾ ਕਾਰਨ ਸੀ। ਉਹ ਤਰਸੁਸ ਵਿਚ ਪੈਦਾ ਹੋਇਆ ਸੀ ਜੋ ਰੋਮੀ ਸੂਬੇ ਦੀ ਰਾਜਧਾਨੀ ਸੀ। ਤਰਸੁਸ ਇਕ ਖ਼ੁਸ਼ਹਾਲ ਸ਼ਹਿਰ ਹੋਣ ਦੇ ਨਾਲ-ਨਾਲ ਉੱਚ-ਸਿੱਖਿਆ ਲਈ ਵੀ ਮਸ਼ਹੂਰ ਸੀ। ਪੌਲੁਸ ਬਹੁਤ ਪੜ੍ਹਿਆ-ਲਿਖਿਆ ਸੀ। ਉਸ ਨੇ ਆਪਣੇ ਜ਼ਮਾਨੇ ਦੇ ਸਭ ਤੋਂ ਮੰਨੇ-ਪ੍ਰਮੰਨੇ ਯਹੂਦੀ ਆਗੂ ਗਮਲੀਏਲ ਤੋਂ ਸਿੱਖਿਆ ਲਈ ਸੀ। (ਰਸੂ. 5:34; 22:3) ਇਕ ਸਮੇਂ ਤੇ ਯਹੂਦੀ ਸਮਾਜ ਉੱਤੇ ਪੌਲੁਸ ਦਾ ਕੁਝ ਹੱਦ ਤਕ ਦਬਦਬਾ ਹੁੰਦਾ ਸੀ। ਉਸ ਨੇ ਕਿਹਾ: “ਮੈਂ ਯਹੂਦੀ ਧਰਮ ਵਿਚ ਆਪਣੀ ਕੌਮ ਦੇ ਬਹੁਤ ਸਾਰੇ ਹਮਉਮਰ ਲੋਕਾਂ ਨਾਲੋਂ ਜ਼ਿਆਦਾ ਤਰੱਕੀ ਕਰ ਰਿਹਾ ਸੀ।” (ਗਲਾ. 1:13, 14; ਰਸੂ. 26:4) ਫਿਰ ਵੀ ਪੌਲੁਸ ਨੇ ਖ਼ੁਦ ʼਤੇ ਇਤਬਾਰ ਨਹੀਂ ਕੀਤਾ।
8. ਫ਼ਿਲਿੱਪੀਆਂ 3:8 ਮੁਤਾਬਕ ਪੌਲੁਸ ਦਾ ਉਨ੍ਹਾਂ ਚੀਜ਼ਾਂ ਬਾਰੇ ਕੀ ਨਜ਼ਰੀਆ ਸੀ ਜਿਨ੍ਹਾਂ ਨੂੰ ਉਸ ਨੇ ਠੁਕਰਾਇਆ ਸੀ ਅਤੇ ਉਸ ਨੇ “ਖ਼ੁਸ਼ੀ-ਖ਼ੁਸ਼ੀ ਕਮਜ਼ੋਰੀਆਂ” ਕਿਉਂ ਸਹੀਆਂ?
8 ਪੌਲੁਸ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਚੀਜ਼ਾਂ ਨੂੰ ਠੁਕਰਾ ਦਿੱਤਾ ਜਿਨ੍ਹਾਂ ਕਰਕੇ ਉਹ ਦੁਨੀਆਂ ਦੀ ਨਜ਼ਰ ਵਿਚ ਤਾਕਤਵਰ ਬਣਿਆ ਸੀ। ਦਰਅਸਲ, ਉਸ ਨੇ ਇਨ੍ਹਾਂ ਚੀਜ਼ਾਂ ਨੂੰ “ਕੂੜੇ ਦਾ ਢੇਰ” ਸਮਝਿਆ। (ਫ਼ਿਲਿੱਪੀਆਂ 3:8 ਪੜ੍ਹੋ।) ਪੌਲੁਸ ਨੇ ਮਸੀਹ ਦਾ ਚੇਲਾ ਬਣਨ ਦੀ ਭਾਰੀ ਕੀਮਤ ਚੁਕਾਈ। ਉਸ ਦੀ ਆਪਣੀ ਹੀ ਕੌਮ ਉਸ ਨਾਲ ਨਫ਼ਰਤ ਕਰਨ ਲੱਗ ਪਈ। (ਰਸੂ. 23:12-14) ਪੌਲੁਸ ਰੋਮੀ ਨਾਗਰਿਕ ਵੀ ਸੀ, ਫਿਰ ਵੀ ਰੋਮੀਆਂ ਨੇ ਉਸ ਨੂੰ ਮਾਰਿਆ-ਕੁੱਟਿਆ ਤੇ ਜੇਲ੍ਹ ਵਿਚ ਸੁੱਟ ਦਿੱਤਾ। (ਰਸੂ. 16:19-24, 37) ਇਸ ਤੋਂ ਇਲਾਵਾ, ਪੌਲੁਸ ਨੂੰ ਆਪਣੀਆਂ ਕਮਜ਼ੋਰੀਆਂ ਨਾਲ ਵੀ ਲੜਨਾ ਪਿਆ। (ਰੋਮੀ. 7:21-25) ਪਰ ਉਸ ਨੇ ਆਪਣੇ ਵਿਰੋਧੀਆਂ ਅਤੇ ਆਪਣੀਆਂ ਕਮਜ਼ੋਰੀਆਂ ਕਰਕੇ ਹਿੰਮਤ ਨਹੀਂ ਹਾਰੀ, ਸਗੋਂ “ਖ਼ੁਸ਼ੀ-ਖ਼ੁਸ਼ੀ ਕਮਜ਼ੋਰੀਆਂ” ਸਹੀਆਂ। ਕਿਉਂ? ਕਿਉਂਕਿ ਉਸ ਨੇ ਦੇਖਿਆ ਕਿ ਜਦੋਂ ਉਹ ਕਮਜ਼ੋਰ ਹੁੰਦਾ ਸੀ, ਤਾਂ ਪਰਮੇਸ਼ੁਰ ਦੀ ਤਾਕਤ ਉਸ ਨੂੰ ਤਕੜਾ ਕਰਦੀ ਸੀ।—2 ਕੁਰਿੰ. 4:7; 12:10.
9. ਕਈ ਚੀਜ਼ਾਂ ਨਾ ਹੋਣ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਨ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
9 ਜੇ ਅਸੀਂ ਯਹੋਵਾਹ ਤੋਂ ਤਾਕਤ ਲੈਣੀ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਤਾਕਤ, ਸਿੱਖਿਆ, ਸਭਿਆਚਾਰ ਜਾਂ ਧਨ-ਦੌਲਤ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਿਰਫ਼ ਇਨ੍ਹਾਂ ਚੀਜ਼ਾਂ ਕਰਕੇ ਅਸੀਂ ਯਹੋਵਾਹ ਦੇ ਕੰਮ ਆ ਸਕਦੇ ਹਾਂ। ਅਸਲ ਵਿਚ, ਪਰਮੇਸ਼ੁਰ ਦੇ ਬਹੁਤ ਸਾਰੇ ਲੋਕ ‘ਇਨਸਾਨਾਂ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਤੇ ਤਾਕਤਵਰ ਨਹੀਂ ਹਨ ਜਾਂ ਉਨ੍ਹਾਂ ਦਾ ਜਨਮ ਉੱਚੇ ਖ਼ਾਨਦਾਨਾਂ ਵਿਚ ਨਹੀਂ ਹੋਇਆ ਹੈ।’ ਯਹੋਵਾਹ ਨੇ ਉਨ੍ਹਾਂ ਨੂੰ ਚੁਣਿਆ ਹੈ “ਜਿਨ੍ਹਾਂ ਨੂੰ ਦੁਨੀਆਂ ਕਮਜ਼ੋਰ ਸਮਝਦੀ ਹੈ।” (1 ਕੁਰਿੰ. 1:26, 27) ਇਸ ਲਈ ਜੇ ਸਾਡੇ ਕੋਲ ਪੈਰੇ ਦੇ ਸ਼ੁਰੂ ਵਿਚ ਦੱਸੀਆਂ ਚੀਜ਼ਾਂ ਨਹੀਂ ਵੀ ਹਨ, ਤਾਂ ਵੀ ਅਸੀਂ ਯਹੋਵਾਹ ਦੀ ਸੇਵਾ ਕਰ ਸਕਦੇ ਹਾਂ। ਤੁਸੀਂ ਆਪਣੇ ਹਾਲਾਤਾਂ ਨੂੰ ਇਹ ਦੇਖਣ ਦਾ ਮੌਕਾ ਸਮਝੋ ਕਿ ਯਹੋਵਾਹ ਤੁਹਾਨੂੰ ਕਿਵੇਂ ਤਾਕਤ ਦਿੰਦਾ ਹੈ। ਮਿਸਾਲ ਲਈ, ਜੇ ਤੁਸੀਂ ਉਨ੍ਹਾਂ ਲੋਕਾਂ ਤੋਂ ਡਰਦੇ ਹੋ ਜੋ ਤੁਹਾਡੇ ਵਿਸ਼ਵਾਸਾਂ ਬਾਰੇ ਤੁਹਾਡੇ ਮਨਾਂ ਵਿਚ ਸ਼ੱਕ ਦਾ ਬੀ ਬੀਜਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਦਲੇਰੀ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬੋਲ ਸਕੋ। (ਅਫ਼. 6:19, 20) ਜੇ ਤੁਸੀਂ ਕਿਸੇ ਗੰਭੀਰ ਬੀਮਾਰੀ ਕਰਕੇ ਜੱਦੋ-ਜਹਿਦ ਕਰ ਰਹੇ ਹੋ, ਤਾਂ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣ ਲਈ ਉਸ ਤੋਂ ਤਾਕਤ ਮੰਗੋ। ਹਰ ਵਾਰ ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਮਦਦ ਕਰਦਿਆਂ ਦੇਖੋਗੇ, ਤਾਂ ਤੁਹਾਡੀ ਨਿਹਚਾ ਪੱਕੀ ਹੋਵੇਗੀ ਤੇ ਤੁਸੀਂ ਤਕੜੇ ਹੋਵੋਗੇ।
ਬਾਈਬਲ ਦੀਆਂ ਮਿਸਾਲਾਂ ਤੋਂ ਸਿੱਖੋ
10. ਇਬਰਾਨੀਆਂ 11:32-34 ਵਿਚ ਦਰਜ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ʼਤੇ ਸਾਨੂੰ ਕਿਉਂ ਸੋਚ-ਵਿਚਾਰ ਕਰਨਾ ਚਾਹੀਦਾ ਹੈ?
10 ਪੌਲੁਸ ਪਵਿੱਤਰ ਲਿਖਤਾਂ ਦਾ ਚੰਗੀ ਤਰ੍ਹਾਂ ਅਧਿਐਨ ਕਰਦਾ ਸੀ। ਉਸ ਨੇ ਪਰਮੇਸ਼ੁਰ ਦੇ ਬਚਨ ਵਿਚ ਦਰਜ ਵਫ਼ਾਦਾਰ ਲੋਕਾਂ ਦੇ ਤਜਰਬਿਆਂ ਤੋਂ ਵੀ ਬਹੁਤ ਕੁਝ ਸਿੱਖਿਆ। ਇਸ ਲਈ ਇਬਰਾਨੀ ਮਸੀਹੀਆਂ ਨੂੰ ਚਿੱਠੀ ਲਿਖਦੇ ਵੇਲੇ ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਇਨ੍ਹਾਂ ਅਣਗਿਣਤ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਉੱਤੇ ਸੋਚ-ਵਿਚਾਰ ਕਰਨ ਲਈ ਕਿਹਾ। (ਇਬਰਾਨੀਆਂ 11:32-34 ਪੜ੍ਹੋ।) ਇਨ੍ਹਾਂ ਵਿੱਚੋਂ ਇਕ ਸੇਵਕ ਸੀ ਰਾਜਾ ਦਾਊਦ। ਉਸ ਨੂੰ ਨਾ ਸਿਰਫ਼ ਆਪਣੇ ਦੁਸ਼ਮਣਾਂ ਤੋਂ, ਸਗੋਂ ਉਨ੍ਹਾਂ ਤੋਂ ਵੀ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ ਜੋ ਇਕ ਸਮੇਂ ਤੇ ਉਸ ਦੇ ਦੋਸਤ ਸਨ। ਦਾਊਦ ਦੀ ਮਿਸਾਲ ʼਤੇ ਗੌਰ ਕਰਦਿਆਂ ਅਸੀਂ ਦੇਖਾਂਗੇ ਕਿ ਪੌਲੁਸ ਨੂੰ ਉਸ ਦੀ ਜ਼ਿੰਦਗੀ ʼਤੇ ਸੋਚ-ਵਿਚਾਰ ਕਰ ਕੇ ਕਿਹੜੀ ਤਾਕਤ ਮਿਲੀ ਹੋਣੀ ਤੇ ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
11. ਦਾਊਦ ਦੇਖਣ ਨੂੰ ਕਮਜ਼ੋਰ ਕਿਉਂ ਲੱਗਦਾ ਸੀ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
11 ਇਕ ਤਾਕਤਵਰ ਯੋਧਾ ਗੋਲਿਅਥ ਦਾਊਦ ਨੂੰ ਕਮਜ਼ੋਰ ਸਮਝਦਾ ਸੀ। ਦਾਊਦ ਨੂੰ ਦੇਖਦਿਆਂ ਸਾਰ ਗੋਲਿਅਥ ਨੇ “ਉਹ ਨੂੰ ਤੁੱਛ ਜਾਣਿਆ।” ਇਸ ਤੋਂ ਇਲਾਵਾ, ਗੋਲਿਅਥ ਉੱਚਾ-ਲੰਬਾ, ਹਥਿਆਰਾਂ ਨਾਲ ਲੈਸ ਅਤੇ ਯੁੱਧ ਕਰਨ ਵਿਚ ਮਾਹਰ ਸੀ। ਦੂਜੇ ਪਾਸੇ, ਦਾਊਦ ਬਸ ਮੁੰਡਾ ਜਿਹਾ ਹੀ ਸੀ ਜਿਸ ਕੋਲ ਲੜਨ ਲਈ ਨਾ ਕੋਈ ਹਥਿਆਰ ਤੇ ਨਾ ਹੀ ਹੁਨਰ ਸੀ। ਪਰ ਕਮਜ਼ੋਰ ਦਿਸਣ ਵਾਲਾ ਦਾਊਦ ਤਾਕਤਵਰ ਨਿਕਲਿਆ। ਉਸ ਨੇ ਤਾਕਤ ਲਈ ਯਹੋਵਾਹ ʼਤੇ ਭਰੋਸਾ ਰੱਖਿਆ ਤੇ ਆਪਣੇ ਦੁਸ਼ਮਣ ਨੂੰ ਹਾਰ ਦਾ ਮੂੰਹ ਦਿਖਾਇਆ।—1 ਸਮੂ. 17:41-45, 50.
12. ਦਾਊਦ ਨੂੰ ਹੋਰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ?
12 ਦਾਊਦ ਨੂੰ ਇਕ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ ਜਿਸ ਕਰਕੇ ਉਸ ਨੂੰ ਲੱਗ ਸਕਦਾ ਸੀ ਕਿ ਉਹ ਕਮਜ਼ੋਰ ਤੇ ਲਾਚਾਰ ਸੀ। ਦਾਊਦ ਵਫ਼ਾਦਾਰੀ ਨਾਲ ਸ਼ਾਊਲ ਦੀ ਸੇਵਾ ਕਰਦਾ ਰਿਹਾ ਜਿਸ ਨੂੰ ਯਹੋਵਾਹ ਨੇ ਇਜ਼ਰਾਈਲ ਦਾ ਰਾਜਾ ਠਹਿਰਾਇਆ ਸੀ। ਰਾਜਾ ਸ਼ਾਊਲ ਪਹਿਲਾਂ-ਪਹਿਲਾਂ ਤਾਂ ਦਾਊਦ ਦਾ ਆਦਰ-ਮਾਣ ਕਰਦਾ ਸੀ, ਪਰ ਬਾਅਦ ਵਿਚ ਉਹ ਘਮੰਡ ਨਾਲ ਫੁੱਲ ਗਿਆ ਤੇ ਦਾਊਦ ਤੋਂ ਸੜਨ ਲੱਗਾ। ਸ਼ਾਊਲ ਨੇ ਦਾਊਦ ਨਾਲ ਬੁਰਾ ਸਲੂਕ ਕੀਤਾ, ਇੱਥੋਂ ਤਕ ਕਿ ਉਸ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ।—1 ਸਮੂ. 18:6-9, 29; 19:9-11.
13. ਸ਼ਾਊਲ ਦੇ ਬੁਰੇ ਸਲੂਕ ਦੇ ਬਾਵਜੂਦ ਦਾਊਦ ਨੇ ਕੀ ਕੀਤਾ?
13 ਭਾਵੇਂ ਰਾਜਾ ਸ਼ਾਊਲ ਨੇ ਦਾਊਦ ਨਾਲ ਬਹੁਤ ਮਾੜਾ ਸਲੂਕ ਕੀਤਾ ਸੀ, ਫਿਰ ਵੀ ਦਾਊਦ ਯਹੋਵਾਹ ਦੇ ਠਹਿਰਾਏ ਰਾਜੇ ਦਾ ਆਦਰ-ਮਾਣ ਕਰਦਾ ਰਿਹਾ। (1 ਸਮੂ. 24:6) ਦਾਊਦ ਨੇ ਸ਼ਾਊਲ ਦੁਆਰਾ ਕੀਤੇ ਬੁਰੇ ਸਲੂਕ ਲਈ ਯਹੋਵਾਹ ਨੂੰ ਕਸੂਰਵਾਰ ਨਹੀਂ ਠਹਿਰਾਇਆ। ਇਸ ਦੀ ਬਜਾਇ, ਦਾਊਦ ਨੇ ਇਸ ਮੁਸ਼ਕਲ ਘੜੀ ਦਾ ਸਾਮ੍ਹਣਾ ਕਰਨ ਲਈ ਯਹੋਵਾਹ ʼਤੇ ਭਰੋਸਾ ਰੱਖਦਿਆਂ ਉਸ ਤੋਂ ਤਾਕਤ ਮੰਗੀ।—ਜ਼ਬੂ. 18:1, ਸਿਰਲੇਖ।
14. ਪੌਲੁਸ ਰਸੂਲ ਦੇ ਹਾਲਾਤ ਦਾਊਦ ਦੇ ਹਾਲਾਤਾਂ ਵਰਗੇ ਕਿਵੇਂ ਸਨ?
14 ਪੌਲੁਸ ਰਸੂਲ ਦੇ ਹਾਲਾਤ ਵੀ ਦਾਊਦ ਦੇ ਹਾਲਾਤਾਂ ਵਰਗੇ ਸਨ। ਪੌਲੁਸ ਦੇ ਦੁਸ਼ਮਣ ਉਸ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਸਨ। ਉਸ ਦੇ ਜ਼ਮਾਨੇ ਦੇ ਮੰਨੇ-ਪ੍ਰਮੰਨੇ ਆਗੂ ਉਸ ਨਾਲ ਨਫ਼ਰਤ ਕਰਦੇ ਸਨ। ਉਹ ਅਕਸਰ ਉਸ ਨੂੰ ਕੁਟਵਾ ਕੇ ਜੇਲ੍ਹ ਵਿਚ ਸੁੱਟ ਦਿੰਦੇ ਸਨ। ਦਾਊਦ ਵਾਂਗ ਪੌਲੁਸ ਨਾਲ ਵੀ ਅਜਿਹੇ ਲੋਕਾਂ ਨੇ ਬੁਰਾ ਸਲੂਕ ਕੀਤਾ ਜੋ ਇਕ ਸਮੇਂ ਤੇ ਉਸ ਦੇ ਦੋਸਤ ਹੁੰਦੇ ਸਨ। ਮੰਡਲੀ ਦੇ ਕੁਝ ਭੈਣਾਂ-ਭਰਾਵਾਂ ਨੇ ਤਾਂ ਉਸ ਦਾ ਵਿਰੋਧ ਵੀ ਕੀਤਾ। (2 ਕੁਰਿੰ. 12:11; ਫ਼ਿਲਿ. 3:18) ਪਰ ਪੌਲੁਸ ਨੇ ਆਪਣਾ ਵਿਰੋਧ ਕਰਨ ਵਾਲਿਆਂ ਕਰਕੇ ਹਾਰ ਨਹੀਂ ਮੰਨੀ। ਉਹ ਕਿਵੇਂ? ਉਹ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਨ ਵਿਚ ਲੱਗਾ ਰਿਹਾ। ਉਹ ਉਦੋਂ ਵੀ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦਾ ਰਿਹਾ ਜਦੋਂ ਉਹ ਉਸ ਨੂੰ ਨਿਰਾਸ਼ ਕਰਦੇ ਸਨ। ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਉਹ ਮਰਦੇ ਦਮ ਤਕ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ। (2 ਤਿਮੋ. 4:8) ਇਹ ਸਭ ਕੁਝ ਉਹ ਆਪਣੇ ਬਲਬੂਤੇ ʼਤੇ ਨਹੀਂ, ਸਗੋਂ ਯਹੋਵਾਹ ਉੱਤੇ ਭਰੋਸਾ ਰੱਖਣ ਕਰਕੇ ਕਰ ਸਕਿਆ।
15. ਸਾਡਾ ਕੀ ਟੀਚਾ ਹੈ ਤੇ ਇਹ ਅਸੀਂ ਕਿਵੇਂ ਹਾਸਲ ਕਰ ਸਕਦੇ ਹਾਂ?
15 ਕੀ ਤੁਹਾਡੇ ਨਾਲ ਪੜ੍ਹਨ ਵਾਲੇ, ਕੰਮ ਕਰਨ ਵਾਲੇ ਜਾਂ ਤੁਹਾਡੇ ਪਰਿਵਾਰ ਦੇ ਅਵਿਸ਼ਵਾਸੀ ਮੈਂਬਰ ਤੁਹਾਡੀ ਬੇਇੱਜ਼ਤੀ ਕਰਦੇ ਹਨ ਜਾਂ ਤੁਹਾਡੇ ਉੱਤੇ ਜ਼ੁਲਮ ਢਾਹੁੰਦੇ ਹਨ? ਕੀ ਮੰਡਲੀ ਵਿਚ ਕਦੇ ਕਿਸੇ ਨੇ ਤੁਹਾਡੇ ਨਾਲ ਬੁਰਾ ਸਲੂਕ ਕੀਤਾ ਹੈ? ਜੇ ਹਾਂ, ਤਾਂ ਦਾਊਦ ਅਤੇ ਪੌਲੁਸ ਦੀ ਮਿਸਾਲ ਨੂੰ ਚੇਤੇ ਰੱਖੋ। ਤੁਸੀਂ ‘ਬੁਰਾਈ ਨੂੰ ਭਲਾਈ ਨਾਲ ਜਿੱਤਦੇ’ ਰਹਿ ਸਕਦੇ ਹੋ। (ਰੋਮੀ. 12:21) ਤੁਹਾਡਾ ਟੀਚਾ ਦਾਊਦ ਵਾਂਗ ਕਿਸੇ ਨਾਲ ਲੜਾਈ ਕਰਨਾ ਨਹੀਂ ਹੈ, ਸਗੋਂ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚ ਪਰਮੇਸ਼ੁਰ ਦਾ ਬਚਨ ਬਿਠਾਉਣਾ ਹੈ। ਇਸ ਤਰ੍ਹਾਂ ਕਰਨ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿਓ, ਬੁਰਾ ਸਲੂਕ ਕਰਨ ਵਾਲਿਆਂ ਨਾਲ ਆਦਰ ਤੇ ਪਿਆਰ ਨਾਲ ਪੇਸ਼ ਆਓ ਅਤੇ ਸਾਰਿਆਂ ਨਾਲ ਭਲਾਈ ਕਰੋ, ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਨਾਲ ਵੀ।—ਮੱਤੀ 5:44; 1 ਪਤ. 3:15-17.
ਦੂਜਿਆਂ ਦੀ ਮਦਦ ਲਓ
16-17. ਪੌਲੁਸ ਕਿਹੜੀ ਗੱਲ ਨਹੀਂ ਭੁੱਲਿਆ?
16 ਮਸੀਹ ਦਾ ਚੇਲਾ ਬਣਨ ਤੋਂ ਪਹਿਲਾਂ ਪੌਲੁਸ ਰਸੂਲ ਸੌਲੁਸ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਉਹ ਹੰਕਾਰੀ ਹੁੰਦਾ ਸੀ ਤੇ ਯਿਸੂ ਦੇ ਚੇਲਿਆਂ ʼਤੇ ਅਤਿਆਚਾਰ ਕਰਦਾ ਹੁੰਦਾ ਸੀ। (ਰਸੂ. 7:58; 1 ਤਿਮੋ. 1:13) ਜਦੋਂ ਉਹ ਮਸੀਹੀ ਮੰਡਲੀ ਨੂੰ ਸਤਾ ਰਿਹਾ ਸੀ, ਤਾਂ ਯਿਸੂ ਨੇ ਖ਼ੁਦ ਉਸ ਨੂੰ ਰੋਕਿਆ। ਯਿਸੂ ਨੇ ਸਵਰਗ ਤੋਂ ਪੌਲੁਸ ਨਾਲ ਗੱਲ ਕੀਤੀ ਸੀ ਤੇ ਉਸ ਨੂੰ ਅੰਨ੍ਹਾ ਕਰ ਦਿੱਤਾ। ਆਪਣੀਆਂ ਅੱਖਾਂ ਦੀ ਰੌਸ਼ਨੀ ਵਾਪਸ ਪਾਉਣ ਵਾਸਤੇ ਪੌਲੁਸ ਨੂੰ ਉਨ੍ਹਾਂ ਲੋਕਾਂ ਦੀ ਮਦਦ ਲੈਣੀ ਪਈ ਜਿਨ੍ਹਾਂ ਨੂੰ ਉਹ ਸਤਾਉਂਦਾ ਹੁੰਦਾ ਸੀ। ਉਸ ਨੇ ਨਿਮਰ ਹੋ ਕੇ ਹਨਾਨਿਆ ਨਾਂ ਦੇ ਚੇਲੇ ਦੀ ਮਦਦ ਕਬੂਲ ਕੀਤੀ ਜਿਸ ਨੇ ਉਸ ਨੂੰ ਸੁਜਾਖਾ ਕਰ ਦਿੱਤਾ।—ਰਸੂ. 9:3-9, 17, 18.
17 ਬਾਅਦ ਵਿਚ ਪੌਲੁਸ ਨੇ ਮਸੀਹੀ ਮੰਡਲੀ ਵਿਚ ਅਹਿਮ ਭੂਮਿਕਾ ਨਿਭਾਈ। ਪਰ ਉਹ ਦਮਿਸਕ ਦੇ ਰਾਹ ʼਤੇ ਯਿਸੂ ਤੋਂ ਸਿੱਖੇ ਸਬਕ ਨੂੰ ਕਦੇ ਨਹੀਂ ਭੁੱਲਿਆ। ਉਹ ਨਿਮਰ ਰਿਹਾ ਅਤੇ ਉਸ ਨੇ ਖ਼ੁਸ਼ੀ-ਖ਼ੁਸ਼ੀ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਬੂਲ ਕੀਤੀ। ਉਸ ਨੇ ਕਿਹਾ ਕਿ ਉਸ ਨੂੰ ਉਨ੍ਹਾਂ ਤੋਂ “ਬਹੁਤ ਹੌਸਲਾ ਮਿਲਿਆ।”—ਕੁਲੁ. 4:10, 11.
18. ਅਸੀਂ ਸ਼ਾਇਦ ਦੂਜਿਆਂ ਤੋਂ ਮਦਦ ਲੈਣ ਲਈ ਕਿਉਂ ਝਿਜਕੀਏ?
18 ਅਸੀਂ ਪੌਲੁਸ ਤੋਂ ਕੀ ਸਿੱਖ ਸਕਦੇ ਹਾਂ? ਜਦੋਂ ਅਸੀਂ ਯਹੋਵਾਹ ਦੇ ਲੋਕਾਂ ਨਾਲ ਸੰਗਤ ਕਰਨੀ ਸ਼ੁਰੂ ਕੀਤੀ ਸੀ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਮਦਦ ਲੈਂਦੇ ਸੀ ਕਿਉਂਕਿ ਅਸੀਂ ਜਾਣਦੇ ਸੀ ਕਿ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਸੀ। (1 ਕੁਰਿੰ. 3:1, 2) ਪਰ ਕੀ ਅਸੀਂ ਹੁਣ ਵੀ ਇਸੇ ਤਰ੍ਹਾਂ ਸੋਚਦੇ ਹਾਂ? ਜੇ ਅਸੀਂ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ ਅਤੇ ਅਸੀਂ ਕਾਫ਼ੀ ਤਜਰਬਾ ਹਾਸਲ ਕਰ ਲਿਆ ਹੈ, ਤਾਂ ਸ਼ਾਇਦ ਅਸੀਂ ਉਸ ਭੈਣ ਜਾਂ ਭਰਾ ਤੋਂ ਮਦਦ ਲੈਣ ਲਈ ਝਿਜਕੀਏ ਜੋ ਸਾਡੇ ਤੋਂ ਬਾਅਦ ਵਿਚ ਸੱਚਾਈ ਵਿਚ ਆਇਆ ਹੈ। ਪਰ ਯਹੋਵਾਹ ਸਾਨੂੰ ਤਕੜੇ ਕਰਨ ਲਈ ਅਕਸਰ ਸਾਡੇ ਭੈਣਾਂ-ਭਰਾਵਾਂ ਨੂੰ ਵਰਤਦਾ ਹੈ। (ਰੋਮੀ. 1:11, 12) ਸੋ ਜੇ ਅਸੀਂ ਯਹੋਵਾਹ ਤੋਂ ਤਾਕਤ ਲੈਣੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦੀ ਮਦਦ ਸਵੀਕਾਰ ਕਰੀਏ।
19. ਪੌਲੁਸ ਕਿਉਂ ਕਾਮਯਾਬ ਹੋਇਆ ਸੀ?
19 ਪੌਲੁਸ ਨੇ ਮਸੀਹੀ ਬਣਨ ਤੋਂ ਬਾਅਦ ਕੁਝ ਵੱਡੇ-ਵੱਡੇ ਕੰਮ ਕੀਤੇ। ਕਿਉਂ? ਕਿਉਂਕਿ ਉਸ ਨੇ ਸਿੱਖਿਆ ਕਿ ਕਾਮਯਾਬੀ ਕਿਸੇ ਇਨਸਾਨ ਦੀ ਤਾਕਤ, ਪੜ੍ਹਾਈ-ਲਿਖਾਈ, ਧਨ-ਦੌਲਤ ਜਾਂ ਸਮਾਜ ਵਿਚ ਰੁਤਬੇ ਉੱਤੇ ਨਿਰਭਰ ਨਹੀਂ ਕਰਦੀ, ਸਗੋਂ ਉਸ ਦੀ ਨਿਮਰਤਾ ਅਤੇ ਯਹੋਵਾਹ ʼਤੇ ਉਸ ਦੇ ਭਰੋਸੇ ਉੱਤੇ ਨਿਰਭਰ ਕਰਦੀ ਹੈ। ਆਓ ਆਪਾਂ ਸਾਰੇ ਪੌਲੁਸ ਦੀ ਰੀਸ ਕਰਨ ਲਈ (1) ਯਹੋਵਾਹ ʼਤੇ ਭਰੋਸਾ ਰੱਖੀਏ, (2) ਬਾਈਬਲ ਦੀਆਂ ਮਿਸਾਲਾਂ ਤੋਂ ਸਿੱਖੀਏ ਅਤੇ (3) ਭੈਣਾਂ-ਭਰਾਵਾਂ ਦੀ ਮਦਦ ਕਬੂਲ ਕਰੀਏ। ਫਿਰ ਚਾਹੇ ਅਸੀਂ ਜਿੰਨੇ ਮਰਜ਼ੀ ਕਮਜ਼ੋਰ ਮਹਿਸੂਸ ਕਰੀਏ, ਯਹੋਵਾਹ ਸਾਨੂੰ ਤਾਕਤਵਰ ਬਣਾਵੇਗਾ!
ਗੀਤ 17 ਰੱਬ ਦੇ ਸੇਵਕੋ, ਅੱਗੇ ਵਧੋ!
a ਇਸ ਲੇਖ ਵਿਚ ਅਸੀਂ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਜੇ ਅਸੀਂ ਨਿਮਰ ਹਾਂ, ਤਾਂ ਯਹੋਵਾਹ ਸਾਨੂੰ ਬੇਇੱਜ਼ਤੀ ਸਹਿਣ ਅਤੇ ਕਮਜ਼ੋਰੀਆਂ ʼਤੇ ਕਾਬੂ ਪਾਉਣ ਦੀ ਤਾਕਤ ਦੇਵੇਗਾ।
b ਸ਼ਬਦ ਦਾ ਮਤਲਬ: ਅਸੀਂ ਸ਼ਾਇਦ ਕਮਜ਼ੋਰ ਮਹਿਸੂਸ ਕਰੀਏ ਕਿਉਂਕਿ ਅਸੀਂ ਨਾਮੁਕੰਮਲ, ਗ਼ਰੀਬ, ਬੀਮਾਰ ਜਾਂ ਘੱਟ ਪੜ੍ਹੇ-ਲਿਖੇ ਹਾਂ। ਨਾਲੇ ਸਾਡੇ ਦੁਸ਼ਮਣ ਸਾਨੂੰ ਬੁਰਾ-ਭਲਾ ਕਹਿ ਕੇ ਜਾਂ ਸਾਡੇ ʼਤੇ ਅਤਿਆਚਾਰ ਕਰ ਕੇ ਸਾਨੂੰ ਕਮਜ਼ੋਰ ਮਹਿਸੂਸ ਕਰਾਉਂਦੇ ਹਨ।
c ਤਸਵੀਰਾਂ ਬਾਰੇ ਜਾਣਕਾਰੀ: ਜਦੋਂ ਪੌਲੁਸ ਨੇ ਮਸੀਹ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਤਾਂ ਉਸ ਨੇ ਉਨ੍ਹਾਂ ਚੀਜ਼ਾਂ ਨੂੰ ਠੋਕਰ ਮਾਰ ਦਿੱਤੀ ਜੋ ਇਕ ਫ਼ਰੀਸੀ ਵਜੋਂ ਉਸ ਦੀ ਜ਼ਿੰਦਗੀ ਦਾ ਹਿੱਸਾ ਸਨ। ਇਨ੍ਹਾਂ ਚੀਜ਼ਾਂ ਵਿਚ ਸ਼ਾਇਦ ਦੁਨਿਆਵੀ ਲਪੇਟਵੀਂਆਂ ਪੱਤਰੀਆਂ ਅਤੇ ਛੋਟੀ ਜਿਹੀ ਡੱਬੀ ਸ਼ਾਮਲ ਸੀ ਜਿਸ ਵਿਚ ਆਇਤਾਂ ਲਿਖੀਆਂ ਹੁੰਦੀਆਂ ਸਨ।
d ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਦੇ ਨਾਲ ਕੰਮ ਕਰਨ ਵਾਲੇ ਉਸ ਉੱਤੇ ਜਨਮ-ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਜ਼ੋਰ ਪਾਉਂਦੇ ਹੋਏ।