‘ਪ੍ਰਭੂ ਵਿਚ ਤਕੜੇ ਹੋਵੋ’
“ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ!”—ਅਫ਼ਸੀਆਂ 6:10.
1. (ੳ) ਲਗਭਗ 3,000 ਸਾਲ ਪਹਿਲਾਂ ਕਿਹੜੀ ਅਨੋਖੀ ਲੜਾਈ ਲੜੀ ਗਈ ਸੀ? (ਅ) ਦਾਊਦ ਇਹ ਲੜਾਈ ਕਿਉਂ ਜਿੱਤ ਸਕਿਆ ਸੀ?
ਲਗਭਗ 3,000 ਸਾਲ ਪਹਿਲਾਂ ਦੋ ਫ਼ੌਜਾਂ ਇਕ-ਦੂਜੇ ਦੇ ਸਾਮ੍ਹਣੇ ਖੜ੍ਹੀਆਂ ਸਨ। ਇਕ ਸੀ ਫਲਿਸਤੀਆਂ ਦੀ ਫ਼ੌਜ ਅਤੇ ਦੂਜੀ ਇਸਰਾਏਲੀਆਂ ਦੀ। ਇਨ੍ਹਾਂ ਵਿੱਚੋਂ ਦੋ ਆਦਮੀ ਲੜਨ ਲਈ ਤਿਆਰ ਖੜ੍ਹੇ ਸਨ। ਇਸਰਾਏਲੀਆਂ ਵਿੱਚੋਂ ਦਾਊਦ ਨਾਂ ਦਾ ਨੌਜਵਾਨ ਚਰਵਾਹਾ ਸੀ ਤੇ ਫਲਿਸਤੀਆਂ ਵਿੱਚੋਂ ਗੋਲਿਅਥ ਨਾਂ ਦਾ ਤਾਕਤਵਰ ਦੈਂਤ। ਗੋਲਿਅਥ ਦੀ ਸੰਜੋ ਦਾ ਭਾਰ 57 ਕਿਲੋਗ੍ਰਾਮ ਸੀ ਅਤੇ ਉਸ ਕੋਲ ਵੱਡਾ ਬਰਛਾ ਅਤੇ ਵੱਡੀ ਤਲਵਾਰ ਸੀ। ਦਾਊਦ ਨੇ ਕੋਈ ਸੰਜੋ ਨਹੀਂ ਪਹਿਨੀ ਹੋਈ ਸੀ ਅਤੇ ਉਸ ਕੋਲ ਸਿਰਫ਼ ਇਕ ਗੋਪੀਆ ਸੀ। ਜਦ ਗੋਲਿਅਥ ਨੇ ਦੇਖਿਆ ਕਿ ਦਾਊਦ ਸਿਰਫ਼ ਮੁੰਡਾ ਹੀ ਸੀ, ਤਾਂ ਉਸ ਦਾ ਗੁੱਸਾ ਭੜਕ ਉੱਠਿਆ। (1 ਸਮੂਏਲ 17:42-44) ਇਸ ਲੜਾਈ ਨੂੰ ਦੇਖਣ ਵਾਲਿਆਂ ਨੇ ਆਪਣਾ ਮਨ ਪਹਿਲਾਂ ਹੀ ਬਣਾ ਲਿਆ ਸੀ ਕਿ ਕੌਣ ਜਿੱਤੇਗਾ। ਪਰ ਬਲਵਾਨ ਹਮੇਸ਼ਾ ਲੜਾਈ ਨਹੀਂ ਜਿੱਤਦੇ। (ਉਪਦੇਸ਼ਕ ਦੀ ਪੋਥੀ 9:11) ਦਾਊਦ ਨੇ ਕਬੂਲ ਕੀਤਾ ਕਿ “ਜੁੱਧ ਦਾ ਸੁਆਮੀ ਯਹੋਵਾਹ ਹੈ।” ਇਸ ਲਈ ਉਹ ਜਿੱਤ ਗਿਆ ਕਿਉਂਕਿ ਯਹੋਵਾਹ ਨੇ ਉਸ ਨੂੰ ਆਪਣੀ ਸ਼ਕਤੀ ਬਖ਼ਸ਼ੀ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ “ਦਾਊਦ ਨੇ ਇੱਕ ਗੋਪੀਏ ਅਰ ਇੱਕ ਪੱਥਰ ਨਾਲ ਫਲਿਸਤੀ ਨੂੰ ਜਿੱਤ ਲਿਆ।”—1 ਸਮੂਏਲ 17:47, 50.
2. ਮਸੀਹੀ ਕਿਸ ਕਿਸਮ ਦੀ ਲੜਾਈ ਲੜਦੇ ਹਨ?
2 ਸੱਚੇ ਮਸੀਹੀ ਜੰਗਾਂ ਵਿਚ ਕੋਈ ਹਿੱਸਾ ਲੈਣ ਦੀ ਬਜਾਇ ਸਾਰੇ ਮਨੁੱਖਾਂ ਨਾਲ ਮੇਲ ਰੱਖਦੇ ਹਨ। (ਰੋਮੀਆਂ 12:18) ਪਰ ਸਾਰੇ ਮਸੀਹੀ ਇਕ ਕਿਸਮ ਦੀ ਲੜਾਈ ਲੜਦੇ ਹਨ ਅਤੇ ਉਨ੍ਹਾਂ ਦੇ ਦੁਸ਼ਮਣ ਬਹੁਤ ਤਾਕਤਵਰ ਹਨ। ਪੌਲੁਸ ਨੇ ਅਫ਼ਸੀਆਂ ਨੂੰ ਪੱਤਰੀ ਲਿਖਦੇ ਸਮੇਂ ਇਸ ਲੜਾਈ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ: “ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖ਼ਤਿਆਰਾਂ, ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।”—ਅਫ਼ਸੀਆਂ 6:12.
3. ਅਫ਼ਸੀਆਂ 6:10 ਅਨੁਸਾਰ ਜਿੱਤਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
3 ਇਹ ‘ਦੁਸ਼ਟ ਆਤਮੇ’ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਹਨ ਜੋ ਯਹੋਵਾਹ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਤੋੜਨ ਤੇ ਤੁਲੇ ਹੋਏ ਹਨ। ਉਹ ਸਾਡੇ ਨਾਲੋਂ ਕਿਤੇ ਬਲਵਾਨ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਅਸੀਂ ਵੀ ਦਾਊਦ ਵਰਗੀ ਹਾਲਤ ਵਿਚ ਹਾਂ ਜਦ ਉਹ ਗੋਲਿਅਥ ਦਾ ਸਾਮ੍ਹਣਾ ਕਰ ਰਿਹਾ ਸੀ ਅਤੇ ਅਸੀਂ ਸਿਰਫ਼ ਯਹੋਵਾਹ ਦੀ ਸ਼ਕਤੀ ਨਾਲ ਇਹ ਲੜਾਈ ਜਿੱਤ ਸਕਦੇ ਹਾਂ। ਪੌਲੁਸ ਨੇ ਸਾਨੂੰ ਤਾਕੀਦ ਕੀਤੀ ਕਿ “ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ!” (ਅਫ਼ਸੀਆਂ 6:10) ਇਹ ਸਲਾਹ ਦੇਣ ਤੋਂ ਬਾਅਦ ਪੌਲੁਸ ਨੇ ਦੱਸਿਆ ਕਿ ਜਿੱਤਣ ਵਾਸਤੇ ਮਸੀਹੀਆਂ ਲਈ ਕਿਹੜੇ ਗੁਣ ਜ਼ਰੂਰੀ ਹਨ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਮਦਦ ਕਰਨ ਲਈ ਕਿਹੜੇ ਪ੍ਰਬੰਧ ਕੀਤੇ ਹਨ।—ਅਫ਼ਸੀਆਂ 6:11-17.
4. ਅਸੀਂ ਇਸ ਲੇਖ ਵਿਚ ਕਿਨ੍ਹਾਂ ਦੋ ਗੱਲਾਂ ਉੱਤੇ ਵਿਚਾਰ ਕਰਾਂਗੇ?
4 ਆਓ ਆਪਾਂ ਦੇਖੀਏ ਕਿ ਬਾਈਬਲ ਸਾਡੇ ਦੁਸ਼ਮਣਾਂ ਦੀ ਸ਼ਕਤੀ ਅਤੇ ਉਨ੍ਹਾਂ ਦੀਆਂ ਚਾਲਾਂ ਬਾਰੇ ਕੀ ਕਹਿੰਦੀ ਹੈ। ਫਿਰ ਅਸੀਂ ਦੇਖਾਂਗੇ ਕਿ ਅਸੀਂ ਆਪਣੇ ਆਪ ਨੂੰ ਬਚਾਉਣ ਲਈ ਕੀ-ਕੀ ਕਰ ਸਕਦੇ ਹਾਂ। ਜੇ ਅਸੀਂ ਯਹੋਵਾਹ ਦੀ ਸਲਾਹ ਉੱਤੇ ਚੱਲਾਂਗੇ, ਤਾਂ ਅਸੀਂ ਭਰੋਸਾ ਰੱਖ ਸਕਾਂਗੇ ਕਿ ਸਾਡੇ ਦੁਸ਼ਮਣ ਸਾਡੇ ਉੱਤੇ ਜਿੱਤ ਨਹੀਂ ਪ੍ਰਾਪਤ ਕਰਨਗੇ।
ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਨਾਲ ਲੜਾਈ
5. ਅਫ਼ਸੀਆਂ 6:12 ਅਨੁਸਾਰ ਸ਼ਤਾਨ ਸਾਨੂੰ ਕੀ ਕਰਨ ਦੀ ਕੋਸ਼ਿਸ਼ ਕਰਦਾ ਹੈ?
5 ਪੌਲੁਸ ਨੇ ਸਮਝਾਇਆ ਕਿ “ਸਾਡੀ ਲੜਾਈ . . . ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” ਇਨ੍ਹਾਂ ‘ਭੂਤਾਂ ਦਾ ਸਰਦਾਰ’ ਸ਼ਤਾਨ ਹੈ। (ਮੱਤੀ 12:24-26) ਬਾਈਬਲ ਦੀ ਯੂਨਾਨੀ ਭਾਸ਼ਾ ਵਿਚ ਇੱਥੇ ਲੜਾਈ ਦਾ ਮਤਲਬ ਹੈ ਘੋਲ-ਕੁਸ਼ਤੀ। ਪ੍ਰਾਚੀਨ ਯੂਨਾਨ ਦੀਆਂ ਖੇਡਾਂ ਵਿਚ ਘੋਲ-ਕੁਸ਼ਤੀ ਕਰਨ ਵਾਲੇ ਪਹਿਲਵਾਨ ਇਕ-ਦੂਜੇ ਨੂੰ ਢਾਹੁਣ ਦੀ ਕੋਸ਼ਿਸ਼ ਕਰਦੇ ਹੁੰਦੇ ਸਨ। ਇਸੇ ਤਰ੍ਹਾਂ ਸ਼ਤਾਨ ਵੀ ਸਾਨੂੰ ਢਾਹੁਣ ਦੀ ਕੋਸ਼ਿਸ਼ ਕਰਦਾ ਹੈ। ਇਹ ਉਹ ਕਿਸ ਤਰ੍ਹਾਂ ਕਰਦਾ ਹੈ?
6. ਬਾਈਬਲ ਦੇ ਹਵਾਲਿਆਂ ਤੋਂ ਦਿਖਾਓ ਕਿ ਸ਼ਤਾਨ ਸਾਡੀ ਨਿਹਚਾ ਨੂੰ ਤਬਾਹ ਕਰਨ ਲਈ ਕਿਹੜੀਆਂ ਚਾਲਾਂ ਚੱਲਦਾ ਹੈ।
6 ਸ਼ਤਾਨ ਸੱਪ ਵਰਗਾ, ਗਰਜਦੇ ਸ਼ੇਰ ਵਰਗਾ ਜਾਂ ਚਾਨਣ ਦੇ ਦੂਤ ਵਰਗਾ ਬਣ ਸਕਦਾ ਹੈ। (2 ਕੁਰਿੰਥੀਆਂ 11:3, 14; 1 ਪਤਰਸ 5:8) ਉਹ ਸਾਡਾ ਵਿਰੋਧ ਕਰਨ ਲਈ ਜਾਂ ਸਾਡਾ ਹੌਸਲਾ ਢਾਹੁਣ ਲਈ ਇਨਸਾਨਾਂ ਨੂੰ ਵੀ ਵਰਤ ਸਕਦਾ ਹੈ। (ਪਰਕਾਸ਼ ਦੀ ਪੋਥੀ 2:10) ਸਾਰਾ ਸੰਸਾਰ ਸ਼ਤਾਨ ਦੇ ਵੱਸ ਵਿਚ ਹੈ, ਇਸ ਲਈ ਉਹ ਸਾਨੂੰ ਫਸਾਉਣ ਲਈ ਕੋਈ ਵੀ ਦੁਨਿਆਵੀ ਇੱਛਾ ਜਾਂ ਚੀਜ਼ ਵਰਤ ਸਕਦਾ ਹੈ। (2 ਤਿਮੋਥਿਉਸ 2:26; 1 ਯੂਹੰਨਾ 2:16; 5:19) ਜਿਸ ਤਰ੍ਹਾਂ ਸ਼ਤਾਨ ਨੇ ਹੱਵਾਹ ਨੂੰ ਧੋਖਾ ਦਿੱਤਾ ਸੀ ਅਤੇ ਹੱਵਾਹ ਯਹੋਵਾਹ ਤੇ ਸ਼ੱਕ ਕਰਨ ਲੱਗ ਪਈ ਸੀ, ਸ਼ਤਾਨ ਸਾਨੂੰ ਵੀ ਧੋਖਾ ਦੇਣਾ ਚਾਹੁੰਦਾ ਹੈ।—1 ਤਿਮੋਥਿਉਸ 2:14.
7. ਸ਼ਤਾਨ ਅਤੇ ਉਸ ਦੇ ਬੁਰੇ ਦੂਤ ਕੀ ਨਹੀਂ ਕਰ ਸਕਦੇ ਅਤੇ ਸਾਨੂੰ ਇਹ ਲੜਾਈ ਲੜਨ ਲਈ ਕਿਹੜੀ ਮਦਦ ਮਿਲਦੀ ਹੈ?
7 ਭਾਵੇਂ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਸ਼ਕਤੀਸ਼ਾਲੀ ਹਨ ਅਤੇ ਉਨ੍ਹਾਂ ਦੀਆਂ ਚਾਲਾਂ ਖ਼ਤਰਨਾਕ ਹਨ, ਪਰ ਉਹ ਸਭ ਕੁਝ ਨਹੀਂ ਕਰ ਸਕਦੇ। ਉਹ ਸਾਨੂੰ ਉਹ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦੇ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਹਨ। ਇਹ ਸਾਡੇ ਵੱਸ ਵਿਚ ਹੈ ਕਿ ਅਸੀਂ ਕੀ ਸੋਚਾਂਗੇ ਜਾਂ ਕੀ ਕਰਾਂਗੇ। ਇਸ ਤੋਂ ਇਲਾਵਾ ਅਸੀਂ ਇਹ ਲੜਾਈ ਇਕੱਲੇ ਨਹੀਂ ਲੜਦੇ। ਜਿਹੜੀ ਗੱਲ ਅਲੀਸ਼ਾ ਦੇ ਜ਼ਮਾਨੇ ਵਿਚ ਸੱਚ ਸੀ ਉਹ ਅੱਜ ਵੀ ਸੱਚ ਹੈ: “ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” (2 ਰਾਜਿਆਂ 6:16) ਬਾਈਬਲ ਵਿਚ ਸਾਨੂੰ ਭਰੋਸਾ ਦਿਲਾਇਆ ਜਾਂਦਾ ਹੈ ਕਿ ਜੇ ਅਸੀਂ ਪਰਮੇਸ਼ੁਰ ਦੇ ਅਧੀਨ ਹੋ ਕੇ ਸ਼ਤਾਨ ਦਾ ਸਾਮ੍ਹਣਾ ਕਰਾਂਗੇ, ਤਾਂ ਉਹ ਸਾਡੇ ਕੋਲੋਂ ਭੱਜ ਜਾਵੇਗਾ।—ਯਾਕੂਬ 4:7.
ਅਸੀਂ ਸ਼ਤਾਨ ਦੀਆਂ ਚਾਲਾਂ ਤੋਂ ਅਣਜਾਣ ਨਹੀਂ
8, 9. ਸ਼ਤਾਨ ਨੇ ਅੱਯੂਬ ਉੱਤੇ ਕਿਹੜੀਆਂ ਮੁਸ਼ਕਲਾਂ ਲਿਆਂਦੀਆਂ ਸਨ ਅਤੇ ਅੱਜ ਸ਼ਤਾਨ ਦੀਆਂ ਚਾਲਾਂ ਵਿਚ ਫਸਣ ਦੇ ਕਿਹੜੇ ਖ਼ਤਰੇ ਹਨ?
8 ਅਸੀਂ ਸ਼ਤਾਨ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ ਕਿਉਂਕਿ ਬਾਈਬਲ ਵਿਚ ਇਨ੍ਹਾਂ ਬਾਰੇ ਸਾਨੂੰ ਦੱਸਿਆ ਗਿਆ ਹੈ। (2 ਕੁਰਿੰਥੀਆਂ 2:11) ਸ਼ਤਾਨ ਨੇ ਧਰਮੀ ਬੰਦੇ ਅੱਯੂਬ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਿਵੇਂ ਕੀਤੀ ਸੀ? ਅੱਯੂਬ ਦੀ ਧਨ-ਦੌਲਤ ਲੁੱਟੀ ਗਈ, ਉਸ ਦੇ ਬੱਚਿਆਂ ਦੀ ਮੌਤ ਹੋ ਗਈ, ਉਸ ਦੀ ਪਤਨੀ ਨੇ ਉਸ ਦਾ ਵਿਰੋਧ ਕੀਤਾ, ਉਸ ਨੂੰ ਬੀਮਾਰੀ ਲੱਗ ਗਈ ਅਤੇ ਉਸ ਦੇ ਨਮਕ ਹਰਾਮ ਦੋਸਤਾਂ ਨੇ ਉਸ ਨੂੰ ਬੁਰਾ-ਭਲਾ ਕਿਹਾ। ਅੱਯੂਬ ਬਹੁਤ ਉਦਾਸ ਹੋ ਗਿਆ ਅਤੇ ਉਸ ਨੂੰ ਲੱਗਾ ਕਿ ਪਰਮੇਸ਼ੁਰ ਨੇ ਉਸ ਦਾ ਸਾਥ ਛੱਡ ਦਿੱਤਾ ਸੀ। (ਅੱਯੂਬ 10:1, 2) ਭਾਵੇਂ ਅੱਜ ਸ਼ਤਾਨ ਸਿੱਧੇ ਤੌਰ ਤੇ ਸਾਡੇ ਉੱਤੇ ਅਜਿਹੀਆਂ ਮੁਸ਼ਕਲਾਂ ਨਹੀਂ ਲਿਆਉਂਦਾ, ਪਰ ਕਈ ਮਸੀਹੀਆਂ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਸ਼ਤਾਨ ਸਾਡੇ ਉੱਤੇ ਹਮਲਾ ਕਰਨ ਲਈ ਇਨ੍ਹਾਂ ਦਾ ਫ਼ਾਇਦਾ ਉਠਾ ਸਕਦਾ ਹੈ।
9 ਅੰਤ ਦੇ ਇਸ ਸਮੇਂ ਵਿਚ ਸ਼ਤਾਨ ਦੀਆਂ ਚਾਲਾਂ ਵਿਚ ਫਸਣ ਦਾ ਖ਼ਤਰਾ ਵੱਧ ਗਿਆ ਹੈ। ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਲੋਕ ਰੱਬ ਨਾਲੋਂ ਧਨ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਮੀਡੀਆ ਵਿਚ ਦਿਖਾਇਆ ਜਾਂਦਾ ਹੈ ਕਿ ਨਾਜਾਇਜ਼ ਜਿਨਸੀ ਸੰਬੰਧਾਂ ਦਾ ਨਤੀਜਾ ਦਿਲ ਦੀ ਪੀੜ ਨਹੀਂ, ਪਰ ਖ਼ੁਸ਼ੀਆਂ ਦੀ ਬਹਾਰ ਹੈ। ਅੱਜ ਲੋਕ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਹਨ। (2 ਤਿਮੋਥਿਉਸ 3:1-5) ਜੇ ਅਸੀਂ ‘ਨਿਹਚਾ ਦੇ ਲਈ ਜਤਨ’ ਨਾ ਕਰੀਏ, ਤਾਂ ਇਸ ਤਰ੍ਹਾਂ ਦੀ ਸੋਚਣੀ ਸਾਡੀ ਨਿਹਚਾ ਨੂੰ ਨਸ਼ਟ ਕਰ ਸਕਦੀ ਹੈ।—ਯਹੂਦਾਹ 3.
10-12. (ੳ) ਯਿਸੂ ਨੇ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਵਿਚ ਕਿਹੜੀ ਚੇਤਾਵਨੀ ਦਿੱਤੀ ਸੀ? (ਅ) ਉਦਾਹਰਣ ਦੇ ਕੇ ਸਮਝਾਓ ਕਿ ਸ਼ਤਾਨ ਸਾਨੂੰ ਆਪਣੇ ਜਾਲ ਵਿਚ ਕਿਵੇਂ ਫਸਾ ਸਕਦਾ ਹੈ।
10 ਸ਼ਤਾਨ ਦੀ ਇਕ ਅਸਰਦਾਰ ਚਾਲ ਇਹ ਹੈ ਕਿ ਅਸੀਂ ਦੁਨੀਆਦਾਰੀ ਵਿਚ ਅਤੇ ਧਨ-ਦੌਲਤ ਜੋੜਨ ਵਿਚ ਰੁੱਝ ਜਾਈਏ। ਯਿਸੂ ਨੇ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਵਿਚ ਚੇਤਾਵਨੀ ਦਿੱਤੀ ਸੀ ਕਿ ਪਰਮੇਸ਼ੁਰ ਦੇ ਰਾਜ ਦੇ ਬਚਨ ਨੂੰ ਕੀ ਹੋ ਸਕਦਾ ਹੈ। ਉਸ ਨੇ ਕਿਹਾ: “ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਅਫੱਲ ਰਹਿ ਜਾਂਦਾ ਹੈ।”—ਮੱਤੀ 13:18, 22.
11 ਇਸ ਨੂੰ ਸਮਝਣ ਲਈ ਆਓ ਆਪਾਂ ਜੰਗਲਾਂ ਵਿਚ ਉੱਗਦੀ ਇਕ ਕਿਸਮ ਦੀ ਵੇਲ ਉੱਤੇ ਗੌਰ ਕਰੀਏ ਜੋ ਦਰਖ਼ਤ ਨੂੰ ਮਾਰ ਦਿੰਦੀ ਹੈ। ਇਹ ਵੇਲ ਦਰਖ਼ਤ ਦੇ ਤਣੇ ਦੇ ਆਲੇ-ਦੁਆਲੇ ਉੱਗਦੀ ਹੈ। ਹੌਲੀ-ਹੌਲੀ ਇਹ ਦਰਖ਼ਤ ਨੂੰ ਲਪੇਟ ਲੈਂਦੀ ਹੈ ਅਤੇ ਅਖ਼ੀਰ ਵਿਚ ਇਸ ਦੀਆਂ ਮੋਟੀਆਂ-ਮੋਟੀਆਂ ਜੜ੍ਹਾਂ ਮਿੱਟੀ ਤੋਂ ਸਾਰੀ ਤਾਕਤ ਲੈ ਲੈਂਦੀਆਂ ਹਨ। ਵੇਲ ਦੇ ਪੱਤੇ ਰੌਸ਼ਨੀ ਨੂੰ ਦਰਖ਼ਤ ਤਕ ਪਹੁੰਚਣ ਤੋਂ ਵੀ ਰੋਕਦੇ ਹਨ। ਇਸ ਤਰ੍ਹਾਂ ਇਹ ਵੇਲ ਦਰਖ਼ਤ ਨੂੰ ਮਾਰ ਦਿੰਦੀ ਹੈ।
12 ਇਸ ਵੇਲ ਵਾਂਗ ਦੁਨੀਆਦਾਰੀ ਦੀ ਚਿੰਤਾ, ਬਹੁਤ ਸਾਰੀ ਧਨ-ਦੌਲਤ ਜੋੜਨ ਦਾ ਸੁਪਨਾ ਅਤੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਦੀ ਖ਼ਾਹਸ਼ ਹੌਲੀ-ਹੌਲੀ ਸਾਡਾ ਸਮਾਂ ਅਤੇ ਸਾਡੀ ਤਾਕਤ ਲੈ ਸਕਦੀ ਹੈ। ਫਿਰ ਸਾਡਾ ਧਿਆਨ ਦੁਨਿਆਵੀ ਚੀਜ਼ਾਂ ਵੱਲ ਖਿੱਚਿਆ ਜਾਂਦਾ ਹੈ ਜਿਸ ਕਰਕੇ ਅਸੀਂ ਸ਼ਾਇਦ ਬਾਈਬਲ ਦਾ ਅਧਿਐਨ ਨਾ ਕਰੀਏ ਅਤੇ ਸਭਾਵਾਂ ਵਿਚ ਨਾ ਜਾਈਏ। ਨਤੀਜੇ ਵਜੋਂ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਹੌਸਲਾ ਨਹੀਂ ਮਿਲੇਗਾ। ਸੋ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਦੀ ਬਜਾਇ ਅਸੀਂ ਹੋਰਨਾਂ ਕੰਮਾਂ ਵਿਚ ਲੱਗ ਜਾਂਦੇ ਹਾਂ ਅਤੇ ਸ਼ਤਾਨ ਸੌਖਿਆਂ ਹੀ ਸਾਨੂੰ ਆਪਣੇ ਜਾਲ ਵਿਚ ਫਸਾ ਲੈਂਦਾ ਹੈ।
ਸ਼ਤਾਨ ਦਾ ਸਾਮ੍ਹਣਾ ਕਰੋ
13, 14. ਜਦ ਸ਼ਤਾਨ ਸਾਡੇ ਉੱਤੇ ਹਮਲਾ ਕਰਦਾ ਹੈ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
13 ਪੌਲੁਸ ਨੇ ਭਰਾਵਾਂ ਨੂੰ “ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ” ਜਾਣ ਦੀ ਸਲਾਹ ਦਿੱਤੀ ਸੀ। (ਅਫ਼ਸੀਆਂ 6:11) ਅਸੀਂ ਸ਼ਤਾਨ ਅਤੇ ਉਸ ਦੇ ਸਾਥੀਆਂ ਨੂੰ ਖ਼ਤਮ ਨਹੀਂ ਕਰ ਸਕਦੇ। ਪਰਮੇਸ਼ੁਰ ਨੇ ਇਹ ਕੰਮ ਯਿਸੂ ਮਸੀਹ ਨੂੰ ਸੌਂਪਿਆ ਹੈ। (ਪਰਕਾਸ਼ ਦੀ ਪੋਥੀ 20:1, 2) ਇਸ ਲਈ ਜਿੰਨਾ ਚਿਰ ਸ਼ਤਾਨ ਹੈ ਉੱਨਾ ਚਿਰ ਸਾਨੂੰ ਦ੍ਰਿੜ੍ਹਤਾ ਨਾਲ ਖੜ੍ਹੇ ਹੋਣ ਦੀ ਲੋੜ ਹੈ ਤਾਂਕਿ ਉਹ ਸਾਨੂੰ ਢਾਹ ਨਾ ਲਵੇ।
14 ਪਤਰਸ ਰਸੂਲ ਨੇ ਵੀ ਸ਼ਤਾਨ ਦਾ ਸਾਮ੍ਹਣਾ ਕਰਨ ਉੱਤੇ ਜ਼ੋਰ ਦਿੱਤਾ ਸੀ। ਉਸ ਨੇ ਲਿਖਿਆ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ! ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।” (1 ਪਤਰਸ 5:8, 9) ਦਰਅਸਲ ਜਦ ਸ਼ਤਾਨ ਇਕ ਗਰਜਦੇ ਸ਼ੇਰ ਵਾਂਗ ਸਾਡੇ ਉੱਤੇ ਹਮਲਾ ਕਰਦਾ ਹੈ, ਤਾਂ ਉਸ ਵੇਲੇ ਸਾਡੇ ਲਈ ਸਾਡੇ ਭੈਣਾਂ-ਭਰਾਵਾਂ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਹੈ।
15, 16. ਬਾਈਬਲ ਤੋਂ ਉਦਾਹਰਣ ਦਿਓ ਕਿ ਭੈਣਾਂ-ਭਰਾਵਾਂ ਦੇ ਸਾਥ ਨਾਲ ਅਸੀਂ ਸ਼ਤਾਨ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।
15 ਮਿਸਾਲ ਲਈ ਜਦ ਇਕ ਸ਼ੇਰ ਗਰਜਦਾ ਹੈ, ਤਾਂ ਹਿਰਨ ਸ਼ਾਇਦ ਤੇਜ਼ੀ ਨਾਲ ਖ਼ਤਰੇ ਤੋਂ ਭੱਜ ਜਾਣ। ਪਰ ਹਾਥੀ ਇਕ-ਦੂਜੇ ਦੀ ਮਦਦ ਕਰਨ ਵਿਚ ਇਕ ਵਧੀਆ ਮਿਸਾਲ ਕਾਇਮ ਕਰਦੇ ਹਨ। ਹਾਥੀਆਂ ਬਾਰੇ ਇਕ ਪੁਸਤਕ ਵਿਚ ਦੱਸਿਆ ਗਿਆ ਹੈ: “ਆਪਣਾ ਬਚਾਅ ਕਰਨ ਲਈ ਹਾਥੀਆਂ ਦਾ ਝੁੰਡ ਸ਼ੇਰ ਦਾ ਸਾਮ੍ਹਣਾ ਕਰਦੇ ਹੋਏ ਆਪਣੇ ਬੱਚਿਆਂ ਦੇ ਆਲੇ-ਦੁਆਲੇ ਘੇਰਾ ਪਾ ਲੈਂਦੇ ਹਨ।” ਹਾਥੀਆਂ ਦੀ ਤਾਕਤ ਅਤੇ ਏਕਤਾ ਦੇਖ ਕੇ ਸ਼ੇਰ ਹਾਥੀਆਂ ਉੱਤੇ ਹਮਲਾ ਨਹੀਂ ਕਰਦਾ।
16 ਜਦ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਸਾਡੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਸ ਵੇਲੇ ਸਾਨੂੰ ਵੀ ਇਕੱਠੇ ਰਹਿਣ ਦੀ ਲੋੜ ਹੈ। ਸਾਨੂੰ ਨਿਹਚਾ ਵਿਚ ਤਕੜੇ ਭੈਣਾਂ-ਭਰਾਵਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਜਦ ਪੌਲੁਸ ਰੋਮ ਵਿਚ ਇਕ ਕੈਦੀ ਸੀ, ਤਾਂ ਉਸ ਨੇ ਕਿਹਾ ਕਿ ਕੁਝ ਭਰਾਵਾਂ ਤੋਂ ਉਸ ਨੂੰ “ਤਸੱਲੀ ਹੋਈ।” (ਕੁਲੁੱਸੀਆਂ 4:10, 11) ਇੱਥੇ ਪੌਲੁਸ ਨੇ “ਤਸੱਲੀ ਹੋਈ” ਸ਼ਬਦਾਂ ਲਈ ਅਜਿਹਾ ਯੂਨਾਨੀ ਸ਼ਬਦ ਵਰਤਿਆ ਸੀ ਜੋ ਬਾਈਬਲ ਵਿਚ ਕਿਤੇ ਹੋਰ ਨਹੀਂ ਵਰਤਿਆ ਗਿਆ। ਵਾਈਨਜ਼ ਨਾਮਕ ਬਾਈਬਲ ਦੇ ਸ਼ਬਦਾਂ ਦੀ ਡਿਕਸ਼ਨਰੀ ਵਿਚ ਲਿਖਿਆ ਹੈ: ‘ਇਹ ਯੂਨਾਨੀ ਸ਼ਬਦ ਦੁੱਖ-ਤਕਲੀਫ਼ ਦੂਰ ਕਰਨ ਵਾਲੀ ਦਵਾਈ ਨੂੰ ਸੰਕੇਤ ਕਰਦਾ ਹੈ।’ ਯਹੋਵਾਹ ਦੇ ਸੇਵਕਾਂ ਦਾ ਸਾਥ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਾਡੇ ਦੁੱਖਾਂ ਵੇਲੇ ਸਾਨੂੰ ਉਨ੍ਹਾਂ ਤੋਂ ਤਸੱਲੀ ਮਿਲਦੀ ਹੈ।
17. ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਵਿਚ ਸਾਡੀ ਕੀ-ਕੀ ਮਦਦ ਕਰ ਸਕਦਾ ਹੈ?
17 ਭੈਣਾਂ-ਭਰਾਵਾਂ ਦੇ ਹੌਸਲੇ ਨਾਲ ਸਾਨੂੰ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਦੀ ਹਿੰਮਤ ਮਿਲ ਸਕਦੀ ਹੈ। ਖ਼ਾਸ ਕਰਕੇ ਬਜ਼ੁਰਗਾਂ ਨੂੰ ਅਜਿਹਾ ਹੌਸਲਾ ਦੇਣਾ ਚਾਹੀਦਾ ਹੈ। (ਯਾਕੂਬ 5:13-15) ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਲਈ ਸਾਨੂੰ ਨਿਯਮਿਤ ਤੌਰ ਤੇ ਬਾਈਬਲ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਸਭਾਵਾਂ ਤੇ ਸੰਮੇਲਨਾਂ ਵਿਚ ਜਾਣਾ ਚਾਹੀਦਾ ਹੈ। ਪਰਮੇਸ਼ੁਰ ਨਾਲ ਸਾਡਾ ਨਜ਼ਦੀਕੀ ਰਿਸ਼ਤਾ ਵੀ ਸਾਨੂੰ ਉਸ ਦੇ ਪ੍ਰਤੀ ਵਫ਼ਾਦਾਰ ਰਹਿਣ ਵਿਚ ਮਦਦ ਦੇ ਸਕਦਾ ਹੈ। ਚਾਹੇ ਅਸੀਂ ਖਾਂਦੇ-ਪੀਂਦੇ ਜਾਂ ਕੁਝ ਹੋਰ ਕਰਦੇ ਹੋਈਏ, ਸਾਨੂੰ ਸਭ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰਨਾ ਚਾਹੀਦਾ ਹੈ। (1 ਕੁਰਿੰਥੀਆਂ 10:31) ਜੇ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਾਂਗੇ ਅਤੇ ਉਸ ਉੱਤੇ ਭਰੋਸਾ ਰੱਖਾਂਗੇ, ਤਾਂ ਅਸੀਂ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦੇ ਰਹਾਂਗੇ।—ਜ਼ਬੂਰਾਂ ਦੀ ਪੋਥੀ 37:5.
18. ਜੇ ਮੁਸ਼ਕਲਾਂ ਕਰਕੇ ਅਸੀਂ ਕਮਜ਼ੋਰ ਹੋ ਜਾਂਦੇ ਹਾਂ, ਤਾਂ ਸਾਨੂੰ ਹੌਸਲਾ ਕਿਉਂ ਨਹੀਂ ਹਾਰਨਾ ਚਾਹੀਦਾ?
18 ਇਕ ਸ਼ੇਰ ਦੀ ਤਰ੍ਹਾਂ ਜੋ ਕਮਜ਼ੋਰ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ, ਕਦੀ-ਕਦੀ ਸ਼ਤਾਨ ਵੀ ਉਸ ਵੇਲੇ ਸਾਡੇ ਉੱਤੇ ਹਮਲਾ ਕਰਦਾ ਹੈ ਜਦ ਅਸੀਂ ਕਮਜ਼ੋਰ ਹੁੰਦੇ ਹਾਂ। ਘਰ ਵਿਚ ਮੁਸ਼ਕਲਾਂ, ਬੀਮਾਰੀ ਜਾਂ ਪੈਸਿਆਂ ਦੀ ਤੰਗੀ ਕਰਕੇ ਅਸੀਂ ਹੌਸਲਾ ਹਾਰ ਸਕਦੇ ਹਾਂ। ਪਰ ਸਾਨੂੰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਤੋਂ ਹਟਣਾ ਨਹੀਂ ਚਾਹੀਦਾ ਕਿਉਂਕਿ ਪੌਲੁਸ ਨੇ ਕਿਹਾ ਸੀ: “ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦੋਂ ਹੀ ਸਮਰਥੀ ਹੁੰਦਾ ਹਾਂ।” (2 ਕੁਰਿੰਥੀਆਂ 12:10; ਗਲਾਤੀਆਂ 6:9; 2 ਥੱਸਲੁਨੀਕੀਆਂ 3:13) ਉਸ ਦਾ ਕੀ ਮਤਲਬ ਸੀ? ਭਾਵੇਂ ਅਸੀਂ ਕਮਜ਼ੋਰ ਹਾਂ ਪਰ ਜੇ ਅਸੀਂ ਯਹੋਵਾਹ ਤੋਂ ਤਾਕਤ ਮੰਗੀਏ, ਤਾਂ ਪਰਮੇਸ਼ੁਰ ਦੀ ਤਾਕਤ ਨਾਲ ਅਸੀਂ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ। ਗੋਲਿਅਥ ਉੱਤੇ ਦਾਊਦ ਦੀ ਜਿੱਤ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਤਾਕਤ ਦੇ ਸਕਦਾ ਹੈ ਅਤੇ ਉਹ ਦਿੰਦਾ ਵੀ ਹੈ। ਅੱਜ ਵੀ ਯਹੋਵਾਹ ਦੇ ਗਵਾਹ ਸਬੂਤ ਦੇ ਸਕਦੇ ਹਨ ਕਿ ਔਖੀਆਂ ਘੜੀਆਂ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਸ਼ਕਤੀ ਦਿੱਤੀ ਸੀ।—ਦਾਨੀਏਲ 10:19.
19. ਉਦਾਹਰਣ ਦਿਓ ਕਿ ਯਹੋਵਾਹ ਆਪਣੇ ਲੋਕਾਂ ਨੂੰ ਸਹਾਰਾ ਕਿਵੇਂ ਦਿੰਦਾ ਹੈ।
19 ਇਕ ਪਤੀ-ਪਤਨੀ ਨੇ ਦੱਸਿਆ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਸਹਾਰਾ ਕਿਵੇਂ ਦਿੱਤਾ ਹੈ: “ਅਸੀਂ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੇ ਆਏ ਹਾਂ ਅਤੇ ਸਾਨੂੰ ਬਹੁਤ ਬਰਕਤਾਂ ਮਿਲੀਆਂ ਹਨ। ਇਨ੍ਹਾਂ ਸਾਲਾਂ ਦੌਰਾਨ ਅਸੀਂ ਬਹੁਤ ਸਾਰੇ ਭੈਣਾਂ-ਭਰਾਵਾਂ ਨਾਲ ਦੋਸਤੀ ਕਰ ਸਕੇ ਹਾਂ। ਯਹੋਵਾਹ ਦੀ ਸਿੱਖਿਆ ਤੇ ਤਾਕਤ ਨਾਲ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਸਹਿ ਸਕੇ ਹਾਂ। ਅੱਯੂਬ ਦੀ ਤਰ੍ਹਾਂ ਅਸੀਂ ਹਮੇਸ਼ਾ ਇਹ ਨਹੀਂ ਸਮਝ ਸਕੇ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਸੀ, ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਯਹੋਵਾਹ ਹਮੇਸ਼ਾ ਸਾਡੀ ਮਦਦ ਕਰਨ ਲਈ ਸਾਡੇ ਨਾਲ ਸੀ।”
20. ਬਾਈਬਲ ਦੇ ਕਿਨ੍ਹਾਂ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਲੋਕਾਂ ਦੀ ਮਦਦ ਕਰਦਾ ਹੈ?
20 ਯਹੋਵਾਹ ਦਾ ਹੱਥ ਛੋਟਾ ਨਹੀਂ ਕਿ ਉਹ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾ ਨਾ ਸਕੇ ਅਤੇ ਉਨ੍ਹਾਂ ਨੂੰ ਸ਼ਕਤੀ ਨਾ ਦੇ ਸਕੇ। (ਯਸਾਯਾਹ 59:1) ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ: “ਯਹੋਵਾਹ ਸਾਰਿਆਂ ਡਿੱਗਣ ਵਾਲਿਆਂ ਨੂੰ ਸੰਭਾਲਦਾ ਹੈ, ਅਤੇ ਸਾਰਿਆਂ ਝੁਕਿਆਂ ਹੋਇਆਂ ਨੂੰ ਸਿੱਧਾ ਕਰ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 145:14) ਵਾਕਈ ਸਾਡਾ ਪਿਤਾ ਯਹੋਵਾਹ “ਰੋਜ ਦਿਹਾੜੇ ਸਾਡਾ ਭਾਰ ਚੁੱਕ ਲੈਂਦਾ ਹੈ” ਅਤੇ ਸਾਡੀ ਹਰ ਲੋੜ ਪੂਰੀ ਕਰਦਾ ਹੈ।—ਜ਼ਬੂਰਾਂ ਦੀ ਪੋਥੀ 68:19.
ਸਾਨੂੰ “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ” ਦੀ ਲੋੜ ਹੈ
21. ਪੌਲੁਸ ਨੇ ਸ਼ਸਤ੍ਰ ਬਸਤ੍ਰ ਪਹਿਨਣ ਦੀ ਲੋੜ ਉੱਤੇ ਜ਼ੋਰ ਕਿਵੇਂ ਦਿੱਤਾ ਸੀ?
21 ਅਸੀਂ ਸ਼ਤਾਨ ਦੀਆਂ ਕੁਝ ਚਾਲਾਂ ਵੱਲ ਧਿਆਨ ਦਿੱਤਾ ਹੈ ਅਤੇ ਦੇਖਿਆ ਹੈ ਕਿ ਉਸ ਦੇ ਹਮਲਿਆਂ ਦੌਰਾਨ ਸਾਨੂੰ ਦ੍ਰਿੜ੍ਹਤਾ ਨਾਲ ਉਸ ਦਾ ਸਾਮ੍ਹਣਾ ਕਰਨ ਦੀ ਲੋੜ ਹੈ। ਹੁਣ ਆਪਾਂ ਇਕ ਹੋਰ ਪ੍ਰਬੰਧ ਵੱਲ ਧਿਆਨ ਦੇਵਾਂਗੇ ਜੋ ਸਾਡੀ ਨਿਹਚਾ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ। ਅਫ਼ਸੀਆਂ ਨੂੰ ਪੱਤਰੀ ਵਿਚ ਪੌਲੁਸ ਰਸੂਲ ਨੇ ਦੋ ਵਾਰੀ ਉਸ ਚੀਜ਼ ਦਾ ਜ਼ਿਕਰ ਕੀਤਾ ਜੋ ਸ਼ਤਾਨ ਦੀਆਂ ਚਾਲਾਂ ਦਾ ਸਾਮ੍ਹਣਾ ਕਰਨ ਲਈ ਅਤੇ ਉਸ ਨਾਲ ਲੜਨ ਲਈ ਜ਼ਰੂਰੀ ਹੈ। ਉਸ ਨੇ ਲਿਖਿਆ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ। . . . ਤੁਸੀਂ ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸੱਕੋ ਅਤੇ ਸੱਭੋ ਕੁਝ ਮੁਕਾ ਕੇ ਖਲੋ ਸੱਕੋ।”—ਅਫ਼ਸੀਆਂ 6:11, 13.
22, 23. (ੳ) ਮਸੀਹੀਆਂ ਦੇ ਸ਼ਸਤ੍ਰ ਬਸਤ੍ਰ ਵਿਚ ਕੀ ਸ਼ਾਮਲ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗਾ?
22 ਜੀ ਹਾਂ, ਸਾਨੂੰ ‘ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ’ ਪਹਿਨਣ ਦੀ ਲੋੜ ਹੈ। ਜਦ ਪੌਲੁਸ ਨੇ ਅਫ਼ਸੀਆਂ ਨੂੰ ਇਹ ਪੱਤਰੀ ਲਿਖੀ ਸੀ, ਤਾਂ ਉਹ ਇਕ ਰੋਮੀ ਫ਼ੌਜੀ ਦੀ ਨਿਗਰਾਨੀ ਹੇਠ ਕੈਦ ਸੀ। ਕਦੀ-ਕਦੀ ਇਸ ਫ਼ੌਜੀ ਨੇ ਸ਼ਾਇਦ ਆਪਣਾ ਸਾਰਾ ਸ਼ਸਤ੍ਰ ਬਸਤ੍ਰ ਪਾਇਆ ਹੋਵੇਗਾ। ਉਸ ਵੱਲ ਦੇਖ ਕੇ ਪੌਲੁਸ ਨੇ ਪਰਮੇਸ਼ੁਰ ਦੀ ਆਤਮਾ ਦੀ ਪ੍ਰੇਰਣਾ ਅਧੀਨ ਉਸ ਸ਼ਸਤ੍ਰ ਬਸਤ੍ਰ ਬਾਰੇ ਗੱਲਬਾਤ ਕੀਤੀ ਸੀ ਜੋ ਯਹੋਵਾਹ ਦੇ ਹਰ ਸੇਵਕ ਨੂੰ ਪਹਿਨਣਾ ਚਾਹੀਦਾ ਹੈ।
23 ਇਸ ਸ਼ਸਤ੍ਰ ਬਸਤ੍ਰ ਵਿਚ ਮਸੀਹੀਆਂ ਲਈ ਜ਼ਰੂਰੀ ਗੁਣ ਹਨ ਅਤੇ ਉਨ੍ਹਾਂ ਦਾ ਬਚਾਅ ਕਰਨ ਲਈ ਪਰਮੇਸ਼ੁਰ ਦੇ ਪ੍ਰਬੰਧ ਹਨ। ਅਗਲੇ ਲੇਖ ਵਿਚ ਅਸੀਂ ਮਸੀਹੀਆਂ ਦੇ ਸ਼ਸਤ੍ਰ ਬਸਤ੍ਰ ਦੇ ਹਰੇਕ ਹਿੱਸੇ ਉੱਤੇ ਗੌਰ ਕਰਾਂਗੇ। ਇਸ ਚਰਚਾ ਤੋਂ ਅਸੀਂ ਪਤਾ ਕਰ ਸਕਾਂਗੇ ਕਿ ਅਸੀਂ ਸ਼ਤਾਨ ਨਾਲ ਲੜਨ ਲਈ ਕਿੰਨੇ ਕੁ ਤਿਆਰ ਹਾਂ। ਇਸ ਦੇ ਨਾਲ-ਨਾਲ ਆਪਾਂ ਦੇਖਾਂਗੇ ਕਿ ਯਿਸੂ ਮਸੀਹ ਦੀ ਵਧੀਆ ਮਿਸਾਲ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਿਸ ਤਰ੍ਹਾਂ ਕਰਦੀ ਹੈ।
ਤੁਸੀਂ ਕੀ ਜਵਾਬ ਦਿਓਗੇ?
• ਮਸੀਹੀ ਕਿਹੋ ਜਿਹੀ ਲੜਾਈ ਲੜਦੇ ਹਨ?
• ਸ਼ਤਾਨ ਦੀਆਂ ਕੁਝ ਚਾਲਾਂ ਬਾਰੇ ਦੱਸੋ।
• ਭੈਣਾਂ-ਭਰਾਵਾਂ ਦੇ ਸਾਥ ਤੋਂ ਸਾਨੂੰ ਮਦਦ ਕਿਵੇਂ ਮਿਲ ਸਕਦੀ ਹੈ?
• ਸਾਨੂੰ ਕਿਸ ਤੋਂ ਸ਼ਕਤੀ ਮੰਗਣੀ ਚਾਹੀਦੀ ਹੈ ਅਤੇ ਕਿਉਂ?
[ਸਫ਼ੇ 11 ਉੱਤੇ ਤਸਵੀਰਾਂ]
ਮਸੀਹੀਆਂ ‘ਦੀ ਲੜਾਈ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ’
[ਸਫ਼ੇ 12 ਉੱਤੇ ਤਸਵੀਰ]
ਇਸ ਵੇਲ ਵਾਂਗ ਦੁਨੀਆਦਾਰੀ ਦੀ ਚਿੰਤਾ ਸਾਡੀ ਨਿਹਚਾ ਨੂੰ ਨਸ਼ਟ ਕਰ ਸਕਦੀ ਹੈ
[ਸਫ਼ੇ 13 ਉੱਤੇ ਤਸਵੀਰ]
ਭੈਣਾਂ-ਭਰਾਵਾਂ ਤੋਂ ਸਾਨੂੰ ‘ਤੱਸਲੀ ਹੋ’ ਸਕਦੀ ਹੈ
[ਸਫ਼ੇ 14 ਉੱਤੇ ਤਸਵੀਰ]
ਕੀ ਤੁਸੀਂ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਤੋਂ ਸ਼ਕਤੀ ਮੰਗਦੇ ਹੋ?