ਆਜ਼ਾਦੀ ਨਾਲ ਮਸੀਹੀ ਸਮਰਪਣ ਦੇ ਅਨੁਸਾਰ ਜੀਉਣਾ
“ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।”—2 ਕੁਰਿੰਥੀਆਂ 3:17.
1. ਯਹੋਵਾਹ ਦੇ ਗਵਾਹ ਕਿਸ ਨੂੰ ਸਮਰਪਿਤ ਹਨ, ਅਤੇ ਉਹ ਕਾਨੂੰਨੀ ਸਾਧਨ ਕਿਉਂ ਇਸਤੇਮਾਲ ਕਰਦੇ ਹਨ?
ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦਾ ਧਰਮ ਸਦਾ ਲਈ ਕਾਇਮ ਰਹੇਗਾ। ਇਸ ਕਰਕੇ ਉਹ ਸਦੀਵਤਾ ਲਈ “ਆਤਮਾ ਅਤੇ ਸਚਿਆਈ ਨਾਲ” ਪਰਮੇਸ਼ੁਰ ਦੀ ਸੇਵਾ ਕਰਨ ਦੀ ਆਸ ਰੱਖਦੇ ਹਨ। (ਯੂਹੰਨਾ 4:23, 24) ਆਜ਼ਾਦ ਨੈਤਿਕ ਵਿਅਕਤੀਆਂ ਵਜੋਂ, ਇਨ੍ਹਾਂ ਮਸੀਹੀਆਂ ਨੇ ਯਹੋਵਾਹ ਪਰਮੇਸ਼ੁਰ ਨੂੰ ਪੂਰਣ ਸਮਰਪਣ ਕੀਤਾ ਹੈ ਅਤੇ ਉਹ ਇਸ ਦੇ ਅਨੁਸਾਰ ਜੀਉਣ ਲਈ ਦ੍ਰਿੜ੍ਹ ਹਨ। ਅਜਿਹਾ ਕਰਨ ਲਈ, ਉਹ ਪਰਮੇਸ਼ੁਰ ਦੇ ਬਚਨ ਉੱਤੇ ਅਤੇ ਉਸ ਦੀ ਪਵਿੱਤਰ ਆਤਮਾ ਉੱਤੇ ਨਿਰਭਰ ਕਰਦੇ ਹਨ। ਜਿਉਂ-ਜਿਉਂ ਗਵਾਹ ਪਰਮੇਸ਼ੁਰ-ਦਿੱਤ ਆਜ਼ਾਦੀ ਨਾਲ ਆਪਣੇ ਮਸੀਹੀ ਸਮਰਪਣ ਦੇ ਰਾਹ ਵਿਚ ਪੂਰੇ ਦਿਲ ਨਾਲ ਚੱਲਦੇ ਰਹਿੰਦੇ ਹਨ, ਉਹ ਸਰਕਾਰੀ “ਹਕੂਮਤਾਂ” ਦੀ ਭੂਮਿਕਾ ਲਈ ਉਚਿਤ ਆਦਰ ਦਿਖਾਉਂਦੇ ਹਨ ਅਤੇ ਕਾਨੂੰਨੀ ਸਾਧਨਾਂ ਅਤੇ ਪ੍ਰਬੰਧਾਂ ਦਾ ਜਾਇਜ਼ ਫ਼ਾਇਦਾ ਉਠਾਉਂਦੇ ਹਨ। (ਰੋਮੀਆਂ 13:1; ਯਾਕੂਬ 1:25) ਉਦਾਹਰਣ ਲਈ, ਸੰਗੀ ਇਨਸਾਨਾਂ ਦੀ ਮਦਦ ਕਰਨ ਦਾ ਕੰਮ ਪੂਰਾ ਕਰਨ ਲਈ, ਖ਼ਾਸ ਕਰਕੇ ਅਧਿਆਤਮਿਕ ਤਰੀਕਿਆਂ ਵਿਚ, ਗਵਾਹ ਵਾਚ ਟਾਵਰ ਸੋਸਾਇਟੀ ਨੂੰ ਇਕ ਕਾਨੂੰਨੀ ਸਾਧਨ ਵਜੋਂ ਇਸਤੇਮਾਲ ਕਰਦੇ ਹਨ। ਇਹ ਕਾਨੂੰਨੀ ਸਾਧਨ ਉਨ੍ਹਾਂ ਵਿੱਚੋਂ ਇਕ ਹੈ ਜੋ ਕਈ ਦੇਸ਼ਾਂ ਵਿਚ ਸਥਾਪਿਤ ਹਨ। ਪਰ ਗਵਾਹ ਕਿਸੇ ਕਾਨੂੰਨੀ ਸਾਧਨ ਨੂੰ ਨਹੀਂ, ਬਲਕਿ ਪਰਮੇਸ਼ੁਰ ਨੂੰ ਸਮਰਪਿਤ ਹਨ, ਅਤੇ ਯਹੋਵਾਹ ਨੂੰ ਉਨ੍ਹਾਂ ਦਾ ਸਮਰਪਣ ਸਦਾ ਲਈ ਕਾਇਮ ਰਹੇਗਾ।
2. ਯਹੋਵਾਹ ਦੇ ਗਵਾਹ ਵਾਚ ਟਾਵਰ ਸੋਸਾਇਟੀ ਅਤੇ ਸਮਾਨ ਕਾਨੂੰਨੀ ਸਾਧਨਾਂ ਦੀ ਇੰਨੀ ਕਦਰ ਕਿਉਂ ਕਰਦੇ ਹਨ?
2 ਪਰਮੇਸ਼ੁਰ ਦੇ ਸਮਰਪਿਤ ਸੇਵਕਾਂ ਵਜੋਂ, ਯਹੋਵਾਹ ਦੇ ਗਵਾਹ ਯਿਸੂ ਦੀਆਂ ਇਨ੍ਹਾਂ ਹਿਦਾਇਤਾਂ ਦੀ ਪੈਰਵੀ ਕਰਨ ਲਈ ਵਚਨਬੱਧ ਹਨ ਕਿ “ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ।” (ਮੱਤੀ 28:19, 20) ਇਹ ਕੰਮ ਰੀਤੀ-ਵਿਵਸਥਾ ਦੇ ਅੰਤ ਤਕ ਜਾਰੀ ਰਹੇਗਾ, ਕਿਉਂਕਿ ਯਿਸੂ ਨੇ ਇਹ ਵੀ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:3, 14) ਹਰ ਸਾਲ, ਵਾਚ ਟਾਵਰ ਸੋਸਾਇਟੀ ਅਤੇ ਸਮਾਨ ਕਾਨੂੰਨੀ ਸਾਧਨਾਂ ਦੇ ਛਾਪੇਖ਼ਾਨੇ ਯਹੋਵਾਹ ਦੇ ਗਵਾਹਾਂ ਨੂੰ ਉਨ੍ਹਾਂ ਦੇ ਸੰਸਾਰ ਭਰ ਦੇ ਪ੍ਰਚਾਰ ਕੰਮ ਵਿਚ ਇਸਤੇਮਾਲ ਕਰਨ ਲਈ ਕਰੋੜਾਂ ਬਾਈਬਲਾਂ, ਪੁਸਤਕਾਂ, ਵੱਡੀਆਂ ਪੁਸਤਿਕਾਵਾਂ, ਅਤੇ ਰਸਾਲੇ ਦਿੰਦੇ ਹਨ। ਇਸ ਲਈ ਇਹ ਕਾਨੂੰਨੀ ਸਾਧਨ ਪਰਮੇਸ਼ੁਰ ਦੇ ਸਮਰਪਿਤ ਸੇਵਕਾਂ ਦੀ ਮਦਦ ਕਰਨ ਵਿਚ ਅਣਮੋਲ ਹਨ, ਤਾਂਕਿ ਉਹ ਪਰਮੇਸ਼ੁਰ ਨੂੰ ਆਪਣੇ ਸਮਰਪਣ ਅਨੁਸਾਰ ਜੀ ਸਕਣ।
3. ਯਹੋਵਾਹ ਦੇ ਗਵਾਹ “ਸੋਸਾਇਟੀ” ਸ਼ਬਦ ਨੂੰ ਪਹਿਲਾਂ ਕਿਸ ਭਾਵ ਵਿਚ ਇਸਤੇਮਾਲ ਕਰਦੇ ਹੁੰਦੇ ਸਨ?
3 ਕੋਈ ਵਿਅਕਤੀ ਸ਼ਾਇਦ ਇਤਰਾਜ਼ ਕਰੇ ਕਿ ਜਿਸ ਢੰਗ ਨਾਲ ਗਵਾਹ ਵਾਚ ਟਾਵਰ ਸੋਸਾਇਟੀ—ਜਾਂ ਅਕਸਰ ਕੇਵਲ “ਸੋਸਾਇਟੀ”—ਬਾਰੇ ਗੱਲਬਾਤ ਕਰਦੇ ਹਨ, ਇਹ ਸੰਕੇਤ ਕਰਦਾ ਹੈ ਕਿ ਉਹ ਇਸ ਨੂੰ ਇਕ ਕਾਨੂੰਨੀ ਸਾਧਨ ਤੋਂ ਕੁਝ ਜ਼ਿਆਦਾ ਵਿਚਾਰਦੇ ਹਨ। ਉਪਾਸਨਾ ਦੇ ਮਾਮਲਿਆਂ ਵਿਚ ਕੀ ਗਵਾਹ ਇਸ ਨੂੰ ਅੰਤਿਮ ਅਧਿਕਾਰੀ ਮੰਨਦੇ ਹਨ? ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਪੁਸਤਕ ਇਸ ਨੁਕਤੇ ਨੂੰ ਇਵੇਂ ਸਮਝਾਉਂਦੇ ਹੋਏ ਸਪੱਸ਼ਟ ਕਰਦੀ ਹੈ: “ਜਦੋਂ ਪਹਿਰਾਬੁਰਜ [ਜੂਨ 1, 1938, ਅੰਗ੍ਰੇਜ਼ੀ] ਨੇ ‘ਸੋਸਾਇਟੀ’ ਦਾ ਜ਼ਿਕਰ ਕੀਤਾ, ਤਾਂ ਇਸ ਦਾ ਮਤਲਬ, ਨਿਰਾ ਇਕ ਕਾਨੂੰਨੀ ਸਾਧਨ ਹੀ ਨਹੀਂ ਸੀ, ਬਲਕਿ ਮਸਹ ਕੀਤੇ ਹੋਏ ਮਸੀਹੀਆਂ ਦਾ ਉਹ ਸਮੂਹ ਸੀ ਜਿਨ੍ਹਾਂ ਨੇ ਉਸ ਕਾਨੂੰਨੀ ਸਾਧਨ ਨੂੰ ਸਥਾਪਿਤ ਕਰ ਕੇ ਉਸ ਨੂੰ ਇਸਤੇਮਾਲ ਕੀਤਾ ਸੀ।”a ਇਸ ਲਈ ਇਸ ਸ਼ਬਦ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਸੂਚਿਤ ਕੀਤਾ। (ਮੱਤੀ 24:45) ਆਮ ਤੌਰ ਤੇ, ਗਵਾਹ “ਸੋਸਾਇਟੀ” ਸ਼ਬਦ ਨੂੰ ਇਸੇ ਹੀ ਭਾਵ ਵਿਚ ਇਸਤੇਮਾਲ ਕਰਦੇ ਸਨ। ਨਿਸ਼ਚੇ ਹੀ, ਇਹ ਸ਼ਬਦ ਕਾਨੂੰਨੀ ਸੰਸਥਾ, ਫਿਰ “ਮਾਤਬਰ ਅਤੇ ਬੁੱਧਵਾਨ ਨੌਕਰ” ਸਬਦਾਂ ਦੇ ਨਾਲ ਨਹੀਂ ਵਟਾਏ ਜਾ ਸਕਦੇ ਹਨ। ਵਾਚ ਟਾਵਰ ਸੋਸਾਇਟੀ ਦੇ ਡਾਇਰੈਕਟਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ, ਜਦ ਕਿ ਗਵਾਹਾਂ ਨਾਲ ਬਣੇ ਹੋਏ ‘ਮਾਤਬਰ ਨੌਕਰ’ ਦੇ ਮੈਂਬਰ ਯਹੋਵਾਹ ਦੀ ਪਵਿੱਤਰ ਆਤਮਾ ਦੇ ਨਾਲ ਮਸਹ ਕੀਤੇ ਜਾਂਦੇ ਹਨ।
4. (ੳ) ਗ਼ਲਤਫ਼ਹਿਮੀਆਂ ਤੋਂ ਬਚਣ ਲਈ ਕਈ ਗਵਾਹ ਕਿਹੜੇ ਸ਼ਬਦ ਵਰਤਦੇ ਹਨ? (ਅ) ਸ਼ਬਦਾਂ ਦੀ ਚੋਣ ਦੇ ਸੰਬੰਧ ਵਿਚ ਸਾਨੂੰ ਸੰਤੁਲਿਤ ਕਿਉਂ ਹੋਣਾ ਚਾਹੀਦਾ ਹੈ?
4 ਗ਼ਲਤਫ਼ਹਿਮੀਆਂ ਤੋਂ ਬਚਣ ਲਈ, ਯਹੋਵਾਹ ਦੇ ਗਵਾਹ ਸਾਵਧਾਨ ਰਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਗ਼ੈਰ-ਗਵਾਹਾਂ ਨਾਲ ਗੱਲਾਂ ਕਰਦੇ ਸਮੇਂ ਉਹ ਕਿਹੜੇ ਸ਼ਬਦ ਵਰਤਦੇ ਹਨ। ਇਹ ਕਹਿਣ ਦੀ ਬਜਾਇ ਕਿ “ਸੋਸਾਇਟੀ ਸਿਖਾਉਂਦੀ ਹੈ,” ਕਈ ਗਵਾਹ ਇਹ ਕਹਿਣਾ ਪਸੰਦ ਕਰਦੇ ਹਨ ਕਿ “ਬਾਈਬਲ ਕਹਿੰਦੀ ਹੈ” ਜਾਂ, “ਮੇਰੀ ਸਮਝ ਅਨੁਸਾਰ ਬਾਈਬਲ ਇਹ ਸਿਖਾਉਂਦੀ ਹੈ।” ਇਸ ਤਰ੍ਹਾਂ ਉਹ ਉਸ ਨਿੱਜੀ ਫ਼ੈਸਲੇ ਉੱਤੇ ਜ਼ੋਰ ਦਿੰਦੇ ਹਨ ਜੋ ਹਰੇਕ ਗਵਾਹ ਨੇ ਬਾਈਬਲ ਸਿੱਖਿਆਵਾਂ ਨੂੰ ਅਪਣਾ ਕੇ ਕੀਤਾ ਹੈ। ਅਤੇ ਨਾਲ ਹੀ ਉਹ ਇਹ ਗ਼ਲਤ ਖ਼ਿਆਲ ਵੀ ਪੇਸ਼ ਕਰਨ ਤੋਂ ਬਚਦੇ ਹਨ ਕਿ ਗਵਾਹ ਕਿਸੇ ਤਰ੍ਹਾਂ ਇਕ ਧਾਰਮਿਕ ਪੰਥ ਦੇ ਹੁਕਮਾਂ ਉੱਤੇ ਚੱਲਦੇ ਹਨ। ਨਿਸ਼ਚੇ, ਸ਼ਬਦਾਂ ਦੀ ਚੋਣ ਕਦੇ ਵੀ ਬਹਿਸ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ ਹੈ। ਆਖ਼ਰਕਾਰ, ਸ਼ਬਦਾਂ ਦੀ ਚੋਣ ਕੇਵਲ ਉਸ ਹੱਦ ਤਕ ਹੀ ਮਹੱਤਤਾ ਰੱਖਦੀ ਹੈ ਕਿ ਉਹ ਗ਼ਲਤਫ਼ਹਿਮੀਆਂ ਨੂੰ ਰੋਕਦੀ ਹੈ। ਮਸੀਹੀ ਸੰਤੁਲਨ ਦੀ ਜ਼ਰੂਰਤ ਹੈ। ਬਾਈਬਲ ਸਾਨੂੰ ਉਪਦੇਸ਼ ਦਿੰਦੀ ਹੈ ਕਿ ‘ਸ਼ਬਦਾਂ ਦਾ ਝਗੜਾ ਨਾ ਕਰੀਏ।’ (2 ਤਿਮੋਥਿਉਸ 2:14, 15) ਸ਼ਾਸਤਰ ਇਸ ਸਿਧਾਂਤ ਨੂੰ ਵੀ ਬਿਆਨ ਕਰਦਾ ਹੈ: “ਤੁਸੀਂ . . . ਜੇ ਸਿੱਧੀ ਗੱਲ ਆਪਣੀ ਜ਼ਬਾਨੋਂ ਨਾ ਬੋਲੋ ਤਾਂ ਕੀ ਪਤਾ ਲੱਗੇ ਜੋ ਕੀ ਬੋਲਿਆ ਜਾਂਦਾ ਹੈ?”—1 ਕੁਰਿੰਥੀਆਂ 14:9.
ਪਰਮੇਸ਼ੁਰ ਦੀ ਆਤਮਾ ਅਸੂਲਾਂ ਦੀ ਜ਼ਰੂਰਤ ਨੂੰ ਘਟਾਉਂਦੀ ਹੈ
5. ਪਹਿਲਾ ਕੁਰਿੰਥੀਆਂ 10:23 ਕਿਵੇਂ ਸਮਝਿਆ ਜਾਣਾ ਚਾਹੀਦਾ ਹੈ?
5 “ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਲਾਭਦਾਇਕ ਨਹੀਂ,” ਪੌਲੁਸ ਰਸੂਲ ਨੇ ਕਿਹਾ। ਉਸ ਨੇ ਅੱਗੇ ਕਿਹਾ: “ਸਾਰੀਆਂ ਵਸਤਾਂ ਉਚਿਤ ਹਨ ਪਰ ਸੱਭੇ ਗੁਣਕਾਰ ਨਹੀਂ।” (1 ਕੁਰਿੰਥੀਆਂ 10:23) ਸਪੱਸ਼ਟ ਤੌਰ ਤੇ ਪੌਲੁਸ ਦਾ ਇਹ ਮਤਲਬ ਨਹੀਂ ਸੀ ਕਿ ਪਰਮੇਸ਼ੁਰ ਦੇ ਬਚਨ ਵਿਚ ਸਾਫ਼-ਸਾਫ਼ ਰੱਦ ਕੀਤੇ ਗਏ ਕੰਮ ਕਰਨੇ ਉਚਿਤ ਹਨ। ਪ੍ਰਾਚੀਨ ਇਸਰਾਏਲ ਨੂੰ ਦਿੱਤੇ ਗਏ ਕੁਝ 600 ਕਾਨੂੰਨਾਂ ਦੀ ਤੁਲਨਾ ਵਿਚ, ਮਸੀਹੀ ਜੀਵਨ ਨੂੰ ਨਿਰਦੇਸ਼ਿਤ ਕਰਨ ਲਈ ਦਿੱਤੇ ਗਏ ਸਪੱਸ਼ਟ ਕਾਨੂੰਨਾਂ ਦੀ ਗਿਣਤੀ ਘੱਟ ਹੈ। ਇਸ ਲਈ, ਬਹੁਤ ਸਾਰੀਆਂ ਗੱਲਾਂ ਵਿਅਕਤੀਗਤ ਅੰਤਹਕਰਣ ਤੇ ਛੱਡੀਆਂ ਜਾਂਦੀਆਂ ਹਨ। ਜਿਸ ਵਿਅਕਤੀ ਨੇ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਹੈ ਉਹ ਉਸ ਆਜ਼ਾਦੀ ਦਾ ਆਨੰਦ ਮਾਣਦਾ ਹੈ ਜੋ ਪਰਮੇਸ਼ੁਰ ਦੀ ਆਤਮਾ ਦੁਆਰਾ ਮਾਰਗ-ਦਰਸ਼ਿਤ ਹੋਣ ਤੋਂ ਮਿਲਦੀ ਹੈ। ਸੱਚਾਈ ਨੂੰ ਅਪਣਾ ਕੇ, ਇਕ ਮਸੀਹੀ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਅਨੁਸਾਰ ਚੱਲਦਾ ਹੈ ਅਤੇ ਪਵਿੱਤਰ ਆਤਮਾ ਦੁਆਰਾ ਪਰਮੇਸ਼ੁਰ ਦੇ ਨਿਰਦੇਸ਼ਨ ਉੱਤੇ ਨਿਰਭਰ ਕਰਦਾ ਹੈ। ਇਹ ਸਮਰਪਿਤ ਮਸੀਹੀ ਦੀ ਨਿਸ਼ਚਿਤ ਕਰਨ ਵਿਚ ਮਦਦ ਕਰਦਾ ਹੈ ਕਿ ਆਪਣੇ ਅਤੇ ਦੂਸਰਿਆਂ ਲਈ ਕੀ “ਗੁਣਕਾਰ” ਅਤੇ ਕੀ “ਲਾਭਦਾਇਕ” ਹੋਵੇਗਾ। ਉਸ ਨੂੰ ਅਹਿਸਾਸ ਹੈ ਕਿ ਉਹ ਜੋ ਵੀ ਫ਼ੈਸਲੇ ਕਰਦਾ ਹੈ ਇਹ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਨੂੰ ਪ੍ਰਭਾਵਿਤ ਕਰਨਗੇ, ਜਿਸ ਨੂੰ ਉਹ ਸਮਰਪਿਤ ਹੈ।
6. ਮਸੀਹੀ ਸਭਾਵਾਂ ਵਿਚ, ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚਾਈ ਨੂੰ ਅਪਣਾ ਲਿਆ ਹੈ?
6 ਮਸੀਹੀ ਸਭਾਵਾਂ ਵਿਚ ਟਿੱਪਣੀਆਂ ਦੇ ਕੇ ਇਕ ਗਵਾਹ ਦਿਖਾਉਂਦਾ ਹੈ ਕਿ ਉਸ ਨੇ ਸੱਚਾਈ ਨੂੰ ਅਪਣਾ ਲਿਆ ਹੈ। ਪਹਿਲਾਂ-ਪਹਿਲ, ਉਹ ਅਧਿਐਨ ਕੀਤੇ ਜਾ ਰਹੇ ਪ੍ਰਕਾਸ਼ਨ ਵਿੱਚੋਂ ਆਪਣੇ ਜਵਾਬ ਸ਼ਾਇਦ ਪੜ੍ਹ ਕੇ ਸੁਣਾਏ। ਲੇਕਿਨ, ਸਮੇਂ ਦੇ ਬੀਤਣ ਨਾਲ ਉਹ ਬਾਈਬਲ ਸਿੱਖਿਆਵਾਂ ਨੂੰ ਆਪਣੇ ਹੀ ਸ਼ਬਦਾਂ ਵਿਚ ਸਮਝਾਉਣ ਦੀ ਹੱਦ ਤਕ ਤਰੱਕੀ ਕਰੇਗਾ। ਇਸ ਤਰ੍ਹਾਂ ਉਹ ਸਬੂਤ ਦਿੰਦਾ ਹੈ ਕਿ ਉਹ ਆਪਣੀ ਸੋਚਣ ਸ਼ਕਤੀ ਨੂੰ ਵਧਾ ਰਿਹਾ ਹੈ ਅਤੇ ਕੇਵਲ ਦੂਸਰਿਆਂ ਦੀਆਂ ਕਹੀਆਂ ਗਈਆਂ ਗੱਲਾਂ ਨੂੰ ਹੀ ਨਹੀਂ ਦੁਹਰਾਉਂਦਾ ਹੈ। ਵਿਚਾਰਾਂ ਨੂੰ ਆਪਣੇ ਸ਼ਬਦਾਂ ਵਿਚ ਢਾਲਣਾ ਅਤੇ ਸੱਚਾਈ ਦੀਆਂ ਸਹੀ ਗੱਲਾਂ ਨੂੰ ਦਿਲੋਂ ਪ੍ਰਗਟ ਕਰਨਾ ਉਸ ਨੂੰ ਖ਼ੁਸ਼ ਕਰੇਗਾ ਅਤੇ ਦਿਖਾਵੇਗਾ ਕਿ ਉਹ ਆਪਣੇ ਮਨ ਵਿਚ ਪੱਕੀ ਨਿਹਚਾ ਰੱਖਦਾ ਹੈ।—ਉਪਦੇਸ਼ਕ ਦੀ ਪੋਥੀ 12:10; ਤੁਲਨਾ ਕਰੋ ਰੋਮੀਆਂ 14:5ਅ.
7. ਯਹੋਵਾਹ ਦੇ ਸੇਵਕਾਂ ਨੇ ਆਜ਼ਾਦੀ ਨਾਲ ਕਿਹੜੇ ਫ਼ੈਸਲੇ ਕੀਤੇ ਹਨ?
7 ਯਹੋਵਾਹ ਦੇ ਗਵਾਹ ਪਰਮੇਸ਼ੁਰ ਅਤੇ ਸੰਗੀ ਇਨਸਾਨਾਂ ਲਈ ਪ੍ਰੇਮ ਤੋਂ ਪ੍ਰੇਰਿਤ ਹਨ। (ਮੱਤੀ 22:36-40) ਇਹ ਸੱਚ ਹੈ ਕਿ ਉਹ ਵਿਸ਼ਵ-ਵਿਆਪੀ ਭਾਈਚਾਰੇ ਵਜੋਂ ਮਸੀਹ-ਸਮਾਨ ਪ੍ਰੇਮ ਦੇ ਬੰਧਨ ਨਾਲ ਨਜ਼ਦੀਕੀ ਤੌਰ ਤੇ ਬੱਝੇ ਹੋਏ ਹਨ। (ਕੁਲੁੱਸੀਆਂ 3:14; 1 ਪਤਰਸ 5:9) ਲੇਕਿਨ ਇਕ ਆਜ਼ਾਦ ਨੈਤਿਕ ਵਿਅਕਤੀ ਵਜੋਂ, ਹਰੇਕ ਨੇ ਨਿੱਜੀ ਤੌਰ ਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰਨ, ਰਾਜਨੀਤਿਕ ਤੌਰ ਤੇ ਨਿਰਪੱਖ ਰਹਿਣ, ਲਹੂ ਤੋਂ ਬਚੇ ਰਹਿਣ, ਕੁਝ ਖ਼ਾਸ ਕਿਸਮ ਦੇ ਦਿਲਪਰਚਾਵਿਆਂ ਤੋਂ ਦੂਰ ਰਹਿਣ, ਅਤੇ ਬਾਈਬਲ ਮਿਆਰਾਂ ਦੇ ਅਨੁਸਾਰ ਜੀਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੂੰ ਇਹ ਫ਼ੈਸਲੇ ਕਰਨ ਲਈ ਮਜਬੂਰ ਨਹੀਂ ਕੀਤਾ ਜਾਂਦਾ ਹੈ। ਇਹ ਫ਼ੈਸਲੇ ਉਸ ਜੀਵਨ-ਢੰਗ ਦਾ ਹਿੱਸਾ ਹਨ ਜੋ ਸੰਭਾਵੀ ਗਵਾਹ ਮਸੀਹੀ ਸਮਰਪਣ ਦਾ ਕਦਮ ਚੁੱਕਣ ਤੋਂ ਪਹਿਲਾਂ ਆਪਣੀ ਹੀ ਮਰਜ਼ੀ ਨਾਲ ਚੁਣਦੇ ਹਨ।
ਪ੍ਰਬੰਧਕ ਸਭਾ ਨੂੰ ਜਵਾਬਦੇਹ?
8. ਕਿਸ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਹੈ?
8 ਬਾਈਬਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਸੱਚੇ ਮਸੀਹੀ ਪਰਮੇਸ਼ੁਰ ਦੀ ਸੇਵਾ ਮਜਬੂਰਨ ਨਹੀਂ ਕਰਦੇ ਹਨ। ਇਹ ਕਹਿੰਦੀ ਹੈ: “ਪ੍ਰਭੁ ਤਾਂ ਆਤਮਾ ਹੈ ਅਰ ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।” (2 ਕੁਰਿੰਥੀਆਂ 3:17) ਪਰ ਇਹ ਤੱਥ “ਮਾਤਬਰ ਅਤੇ ਬੁੱਧਵਾਨ ਨੌਕਰ” ਅਤੇ ਉਸ ਦੀ ਪ੍ਰਬੰਧਕ ਸਭਾ ਦੇ ਵਿਚਾਰ ਨਾਲ ਕਿਵੇਂ ਮੇਲ ਖਾ ਸਕਦਾ ਹੈ?—ਮੱਤੀ 24:45-47.
9, 10. (ੳ) ਮਸੀਹੀ ਕਲੀਸਿਯਾ ਵਿਚ ਸਰਦਾਰੀ ਦਾ ਸਿਧਾਂਤ ਕਿਵੇਂ ਲਾਗੂ ਹੁੰਦਾ ਹੈ? (ਅ) ਪਹਿਲੀ-ਸਦੀ ਮਸੀਹੀ ਕਲੀਸਿਯਾ ਵਿਚ ਇਸ ਸਿਧਾਂਤ ਦੀ ਪੈਰਵੀ ਕਰਨ ਲਈ ਕਿਸ ਚੀਜ਼ ਦੀ ਜ਼ਰੂਰਤ ਪਈ?
9 ਇਸ ਸਵਾਲ ਦਾ ਜਵਾਬ ਦੇਣ ਲਈ, ਸਾਨੂੰ ਸਰਦਾਰੀ ਦੇ ਸ਼ਾਸਤਰ-ਸੰਬੰਧੀ ਸਿਧਾਂਤ ਨੂੰ ਯਾਦ ਰੱਖਣਾ ਚਾਹੀਦਾ ਹੈ। (1 ਕੁਰਿੰਥੀਆਂ 11:3) ਅਫ਼ਸੀਆਂ 5:21-24 ਵਿਚ, ਮਸੀਹ ਨੂੰ “ਕਲੀਸਿਯਾ ਦਾ ਸਿਰ” ਸੱਦਿਆ ਜਾਂਦਾ ਹੈ, ਜਿਸ “ਦੇ ਅਧੀਨ” ਕਲੀਸਿਯਾ ਹੈ। ਯਹੋਵਾਹ ਦੇ ਗਵਾਹ ਸਮਝਦੇ ਹਨ ਕਿ ਮਾਤਬਰ ਅਤੇ ਬੁੱਧਵਾਨ ਨੌਕਰ ਯਿਸੂ ਦੇ ਅਧਿਆਤਮਿਕ ਭਰਾਵਾਂ ਦਾ ਬਣਿਆ ਹੋਇਆ ਹੈ। (ਇਬਰਾਨੀਆਂ 2:10-13) ਇਹ ਮਾਤਬਰ ਨੌਕਰ ਵਰਗ ਪਰਮੇਸ਼ੁਰ ਦੇ ਲੋਕਾਂ ਨੂੰ “ਵੇਲੇ ਸਿਰ” ਅਧਿਆਤਮਿਕ “ਰਸਤ” ਦੇਣ ਲਈ ਨਿਯੁਕਤ ਕੀਤਾ ਗਿਆ ਹੈ। ਇਸ ਅੰਤ ਦੇ ਸਮੇਂ ਵਿਚ, ਮਸੀਹ ਨੇ ਇਸ ਨੌਕਰ ਨੂੰ “ਆਪਣੇ ਸਾਰੇ ਮਾਲ ਮਤਾ ਉੱਤੇ” ਨਿਯੁਕਤ ਕੀਤਾ ਹੈ। ਇਸ ਲਈ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਇਸ ਦੀ ਪਦਵੀ ਦਾ ਆਦਰ ਕਰਨਾ ਚਾਹੀਦਾ ਹੈ।
10 ਸਰਦਾਰੀ ਦਾ ਉਦੇਸ਼ ਹੈ ਏਕਤਾ ਨੂੰ ਕਾਇਮ ਰੱਖਣਾ ਅਤੇ ਇਹ ਨਿਸ਼ਚਿਤ ਕਰਨਾ ਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰਥੀਆਂ 14:40) ਪਹਿਲੀ ਸਦੀ ਵਿਚ ਇਹ ਉਦੇਸ਼ ਪੂਰਾ ਕਰਨ ਲਈ, ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਵਿੱਚੋਂ ਮਸਹ ਕੀਤੇ ਹੋਏ ਕੁਝ ਮਸੀਹੀ ਪੂਰੇ ਸਮੂਹ ਦੀ ਪ੍ਰਤਿਨਿਧਤਾ ਕਰਨ ਲਈ ਚੁਣੇ ਗਏ ਸਨ। ਜਿਵੇਂ ਬਾਅਦ ਦੀਆਂ ਘਟਨਾਵਾਂ ਨੇ ਸਾਬਤ ਕੀਤਾ, ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੁਆਰਾ ਕੀਤੀ ਗਈ ਨਿਗਰਾਨੀ ਉੱਤੇ ਯਹੋਵਾਹ ਦੀ ਪ੍ਰਵਾਨਗੀ ਅਤੇ ਬਰਕਤ ਸੀ। ਪਹਿਲੀ ਸਦੀ ਦੇ ਮਸੀਹੀਆਂ ਨੇ ਖ਼ੁਸ਼ੀ ਨਾਲ ਇਸ ਇੰਤਜ਼ਾਮ ਨੂੰ ਸਵੀਕਾਰ ਕੀਤਾ। ਜੀ ਹਾਂ, ਉਨ੍ਹਾਂ ਨੇ ਇਸ ਇੰਤਜ਼ਾਮ ਦੇ ਚੰਗੇ ਨਤੀਜਿਆਂ ਦਾ ਸੁਆਗਤ ਕੀਤਾ ਅਤੇ ਉਹ ਇਨ੍ਹਾਂ ਲਈ ਸ਼ੁਕਰਗੁਜ਼ਾਰ ਸਨ।—ਰਸੂਲਾਂ ਦੇ ਕਰਤੱਬ 15:1-32.
11. ਵਰਤਮਾਨ ਦਿਨ ਦੀ ਪ੍ਰਬੰਧਕ ਸਭਾ ਨੂੰ ਕਿਵੇਂ ਵਿਚਾਰਿਆ ਜਾਣਾ ਚਾਹੀਦਾ ਹੈ?
11 ਅਜਿਹੇ ਇੰਤਜ਼ਾਮ ਦੀ ਮਹੱਤਤਾ ਅਜੇ ਵੀ ਦੇਖੀ ਜਾਂਦੀ ਹੈ। ਇਸ ਸਮੇਂ, ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਮਸਹ ਕੀਤੇ ਹੋਏ ਦਸ ਮਸੀਹੀਆਂ ਨਾਲ ਬਣੀ ਹੋਈ ਹੈ, ਜਿਨ੍ਹਾਂ ਨੂੰ ਕਈ ਦਹਾਕਿਆਂ ਦਾ ਮਸੀਹੀ ਤਜਰਬਾ ਹੈ। ਉਹ ਯਹੋਵਾਹ ਦੇ ਗਵਾਹਾਂ ਨੂੰ ਅਧਿਆਤਮਿਕ ਤੌਰ ਤੇ ਨਿਰਦੇਸ਼ਿਤ ਕਰਦੇ ਹਨ, ਠੀਕ ਜਿਵੇਂ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੇ ਕੀਤਾ ਸੀ। (ਰਸੂਲਾਂ ਦੇ ਕਰਤੱਬ 16:4) ਮੁਢਲੇ ਮਸੀਹੀਆਂ ਵਾਂਗ, ਗਵਾਹ ਉਪਾਸਨਾ ਦੇ ਮਾਮਲਿਆਂ ਵਿਚ ਬਾਈਬਲ-ਆਧਾਰਿਤ ਨਿਰਦੇਸ਼ਨ ਅਤੇ ਅਗਵਾਈ ਲਈ ਖ਼ੁਸ਼ੀ ਨਾਲ ਪ੍ਰਬੰਧਕ ਸਭਾ ਦੇ ਪ੍ਰੌੜ੍ਹ ਭਰਾਵਾਂ ਵੱਲ ਦੇਖਦੇ ਹਨ। ਭਾਵੇਂ ਕਿ ਪ੍ਰਬੰਧਕ ਸਭਾ ਦੇ ਮੈਂਬਰ ਯਹੋਵਾਹ ਅਤੇ ਮਸੀਹ ਦੇ ਦਾਸ ਹਨ, ਠੀਕ ਜਿਵੇਂ ਉਨ੍ਹਾਂ ਦੇ ਸੰਗੀ ਮਸੀਹੀ ਵੀ ਦਾਸ ਹਨ, ਬਾਈਬਲ ਸਾਨੂੰ ਹਿਦਾਇਤ ਦਿੰਦੀ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।”—ਇਬਰਾਨੀਆਂ 13:17.
12. ਹਰੇਕ ਮਸੀਹੀ ਨੂੰ ਕਿਸ ਨੂੰ ਆਪਣਾ ਲੇਖਾ ਦੇਣਾ ਪਵੇਗਾ?
12 ਕੀ ਸ਼ਾਸਤਰ ਵੱਲੋਂ ਪ੍ਰਬੰਧਕ ਸਭਾ ਨੂੰ ਸੌਂਪੀ ਗਈ ਨਿਗਰਾਨੀ ਦੀ ਜ਼ਿੰਮੇਵਾਰੀ ਦਾ ਇਹ ਮਤਲਬ ਹੈ ਕਿ ਯਹੋਵਾਹ ਦੇ ਹਰੇਕ ਗਵਾਹ ਨੂੰ ਆਪਣੇ ਕੰਮਾਂ ਦਾ ਲੇਖਾ ਉਸ ਨੂੰ ਦੇਣਾ ਪਵੇਗਾ? ਰੋਮ ਦੇ ਮਸੀਹੀਆਂ ਨੂੰ ਲਿਖੇ ਗਏ ਪੌਲੁਸ ਦੇ ਸ਼ਬਦਾਂ ਅਨੁਸਾਰ ਨਹੀਂ: “ਤੂੰ ਆਪਣੇ ਭਰਾ ਉੱਤੇ ਕਾਹਨੂੰ ਦੋਸ਼ ਲਾਉਂਦਾ ਹੈਂ ਅਥਵਾ ਫੇਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਕਿਉਂ ਜੋ ਅਸੀਂ ਸੱਭੇ ਪਰਮੇਸ਼ੁਰ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਖੜੇ ਹੋਵਾਂਗੇ। . . . ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।”—ਰੋਮੀਆਂ 14:10-12.
13. ਯਹੋਵਾਹ ਦੇ ਗਵਾਹ ਆਪਣੇ ਪ੍ਰਚਾਰ ਕੰਮ ਦੀ ਰਿਪੋਰਟ ਕਿਉਂ ਦਿੰਦੇ ਹਨ?
13 ਲੇਕਿਨ, ਕੀ ਇਹ ਸੱਚ ਨਹੀਂ ਹੈ ਕਿ ਹਰੇਕ ਗਵਾਹ ਤੋਂ ਆਪੋ ਆਪਣੇ ਪ੍ਰਚਾਰ ਕੰਮ ਦੀ ਰਿਪੋਰਟ ਦੇਣ ਦੀ ਆਸ ਰੱਖੀ ਜਾਂਦੀ ਹੈ? ਜੀ ਹਾਂ, ਪਰ ਇਸ ਦਾ ਉਦੇਸ਼ ਗਵਾਹਾਂ ਦੀ ਇਕ ਕਿਤਾਬ ਵਿਚ ਸਾਫ਼-ਸਾਫ਼ ਸਮਝਾਇਆ ਗਿਆ ਹੈ, ਜੋ ਕਹਿੰਦੀ ਹੈ: “ਯਿਸੂ ਮਸੀਹ ਦੇ ਮੁਢਲੇ ਪੈਰੋਕਾਰਾਂ ਨੇ ਪ੍ਰਚਾਰ ਕੰਮ ਵਿਚ ਤਰੱਕੀ ਦੀਆਂ ਰਿਪੋਰਟਾਂ ਵਿਚ ਦਿਲਚਸਪੀ ਰੱਖੀ। (ਮਰਕੁਸ 6:30) ਜਿਉਂ-ਜਿਉਂ ਕੰਮ ਵਧਦਾ ਗਿਆ, ਅੰਕੜਿਆਂ ਸੰਬੰਧੀ ਰਿਪੋਰਟਾਂ ਅਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕੰਮ ਵਿਚ ਹਿੱਸਾ ਲੈਣ ਵਾਲਿਆਂ ਦੇ ਮਾਅਰਕੇ ਦੇ ਅਨੁਭਵ ਇਕੱਠੇ ਕੀਤੇ ਗਏ। . . . (ਰਸੂਲਾਂ ਦੇ ਕਰਤੱਬ 2:5-11, 41, 47; 6:7; 1:15; 4:4) . . . ਪੂਰੇ ਕੀਤੇ ਜਾ ਰਹੇ ਕੰਮ ਦੀਆਂ ਰਿਪੋਰਟਾਂ ਨੂੰ ਸੁਣਨਾ ਉਨ੍ਹਾਂ ਵਫ਼ਾਦਾਰ ਮਸੀਹੀ ਕਾਮਿਆਂ ਲਈ ਕਿੰਨਾ ਉਤਸ਼ਾਹਜਨਕ ਸੀ! . . . ਇਸੇ ਤਰ੍ਹਾਂ, ਯਹੋਵਾਹ ਦਾ ਆਧੁਨਿਕ-ਦਿਨ ਸੰਗਠਨ ਮੱਤੀ 24:14 ਦੀ ਪੂਰਤੀ ਵਿਚ ਕੀਤੇ ਜਾ ਰਹੇ ਕੰਮ ਦਾ ਸਹੀ ਰਿਕਾਰਡ ਰੱਖਣ ਦੀ ਕੋਸ਼ਿਸ਼ ਕਰਦਾ ਹੈ।”
14, 15. (ੳ) ਦੂਜਾ ਕੁਰਿੰਥੀਆਂ 1:24 ਪ੍ਰਬੰਧਕ ਸਭਾ ਉੱਤੇ ਕਿਵੇਂ ਲਾਗੂ ਹੁੰਦਾ ਹੈ? (ਅ) ਹਰ ਮਸੀਹੀ ਨੂੰ ਕਿਸ ਆਧਾਰ ਤੇ ਨਿੱਜੀ ਫ਼ੈਸਲੇ ਕਰਨੇ ਚਾਹੀਦੇ ਹਨ, ਅਤੇ ਕਿਸ ਗੱਲ ਨੂੰ ਪੂਰੀ ਤਰ੍ਹਾਂ ਸਮਝਦੇ ਹੋਏ?
14 ਪ੍ਰਬੰਧਕ ਸਭਾ ਇਕ ਪ੍ਰੇਮਮਈ ਪ੍ਰਬੰਧ ਹੈ ਅਤੇ ਨਿਹਚਾ ਦੀ ਰੀਸ ਕਰਨ ਯੋਗ ਇਕ ਉਦਾਹਰਣ ਹੈ। (ਫ਼ਿਲਿੱਪੀਆਂ 3:17; ਇਬਰਾਨੀਆਂ 13:7) ਇਕ ਨਮੂਨੇ ਵਜੋਂ ਮਸੀਹ ਦੀ ਪੈਰਵੀ ਕਰਨ ਦੁਆਰਾ, ਉਹ ਪੌਲੁਸ ਦੇ ਸ਼ਬਦ ਦੁਹਰਾ ਸਕਦੇ ਹਨ: “ਇਹ ਨਹੀਂ ਜੋ ਅਸੀਂ ਤੁਹਾਡੀ ਨਿਹਚਾ ਉੱਤੇ ਹੁਕਮ ਚਲਾਉਂਦੇ ਹਾਂ ਸਗੋਂ ਤੁਹਾਡੇ ਅਨੰਦ ਦਾ ਉਪਰਾਲਾ ਕਰਨ ਵਾਲੇ [“ਦੇ ਸੰਗੀ ਕਾਮੇ,” ਨਿ ਵ] ਹਾਂ ਕਿਉਂ ਜੋ ਤੁਸੀਂ ਨਿਹਚਾ ਵਿੱਚ ਦ੍ਰਿੜ੍ਹ ਹੋ।” (2 ਕੁਰਿੰਥੀਆਂ 1:24) ਪ੍ਰਬੰਧਕ ਸਭਾ ਝੁਕਾਵਾਂ ਉੱਤੇ ਨਿਗਰਾਨੀ ਰੱਖਦੇ ਹੋਏ, ਬਾਈਬਲ ਸਲਾਹ ਉੱਤੇ ਚੱਲਣ ਦੇ ਫ਼ਾਇਦਿਆਂ ਵੱਲ ਧਿਆਨ ਖਿੱਚਦੀ ਹੈ, ਬਾਈਬਲ ਨਿਯਮਾਂ ਅਤੇ ਸਿਧਾਂਤਾਂ ਨੂੰ ਲਾਗੂ ਕਰਨ ਬਾਰੇ ਸੁਝਾਅ ਪੇਸ਼ ਕਰਦੀ ਹੈ, ਛੁਪੇ ਖ਼ਤਰਿਆਂ ਦੀ ਚੇਤਾਵਨੀ ਦਿੰਦੀ ਹੈ, ਅਤੇ ‘ਸੰਗੀ ਕਾਮਿਆਂ’ ਨੂੰ ਲੋੜੀਂਦਾ ਉਤਸ਼ਾਹ ਦਿੰਦੀ ਹੈ। ਇਸ ਤਰ੍ਹਾਂ ਇਹ ਆਪਣੀ ਮਸੀਹੀ ਮੁਖ਼ਤਿਆਰੀ ਨਿਭਾਉਂਦੀ ਹੈ, ਉਨ੍ਹਾਂ ਨੂੰ ਆਨੰਦਿਤ ਰਹਿਣ ਵਿਚ ਮਦਦ ਕਰਦੀ ਹੈ, ਅਤੇ ਨਿਹਚਾ ਵਿਚ ਮਜ਼ਬੂਤ ਕਰਦੀ ਹੈ ਤਾਂ ਜੋ ਉਹ ਦ੍ਰਿੜ੍ਹ ਰਹਿ ਸਕਣ।—1 ਕੁਰਿੰਥੀਆਂ 4:1, 2; ਤੀਤੁਸ 1:7-9.
15 ਜੇ ਇਕ ਗਵਾਹ ਪ੍ਰਬੰਧਕ ਸਭਾ ਵੱਲੋਂ ਪੇਸ਼ ਕੀਤੀ ਗਈ ਬਾਈਬਲ ਸਲਾਹ ਦੇ ਆਧਾਰ ਤੇ ਫ਼ੈਸਲੇ ਕਰਦਾ ਹੈ, ਤਾਂ ਉਹ ਆਪਣੀ ਮਰਜ਼ੀ ਨਾਲ ਕਰਦਾ ਹੈ ਕਿਉਂਕਿ ਉਸ ਦੇ ਆਪਣੇ ਬਾਈਬਲ ਦੇ ਅਧਿਐਨ ਨੇ ਉਸ ਨੂੰ ਕਾਇਲ ਕੀਤਾ ਹੈ ਕਿ ਇਹੋ ਸਹੀ ਰਾਹ ਹੈ। ਹਰੇਕ ਗਵਾਹ ਪ੍ਰਬੰਧਕ ਸਭਾ ਵੱਲੋਂ ਪੇਸ਼ ਕੀਤੀ ਗਈ ਠੋਸ ਸ਼ਾਸਤਰ-ਸੰਬੰਧੀ ਸਲਾਹ ਲਾਗੂ ਕਰਨ ਲਈ ਖ਼ੁਦ ਪਰਮੇਸ਼ੁਰ ਦੇ ਬਚਨ ਦੁਆਰਾ ਪ੍ਰਭਾਵਿਤ ਹੁੰਦਾ ਹੈ। ਅਤੇ ਉਹ ਇਹ ਪੂਰੀ ਤਰ੍ਹਾਂ ਸਮਝਦਾ ਹੈ ਕਿ ਜੋ ਵੀ ਫ਼ੈਸਲੇ ਉਹ ਕਰਦਾ ਹੈ ਇਹ ਪਰਮੇਸ਼ੁਰ ਨਾਲ, ਜਿਸ ਨੂੰ ਉਹ ਸਮਰਪਿਤ ਹੈ, ਉਸ ਦੇ ਨਿੱਜੀ ਰਿਸ਼ਤੇ ਉੱਤੇ ਅਸਰ ਪਾਉਣਗੇ।—1 ਥੱਸਲੁਨੀਕੀਆਂ 2:13.
ਵਿਦਿਆਰਥੀ ਅਤੇ ਸਿਪਾਹੀ
16. ਭਾਵੇਂ ਕਿ ਆਚਰਣ ਬਾਰੇ ਫ਼ੈਸਲੇ ਇਕ ਨਿੱਜੀ ਮਾਮਲਾ ਹਨ, ਕੁਝ ਵਿਅਕਤੀਆਂ ਨੂੰ ਕਿਉਂ ਛੇਕਿਆ ਜਾਂਦਾ ਹੈ?
16 ਲੇਕਿਨ ਜੇ ਆਚਰਣ ਬਾਰੇ ਫ਼ੈਸਲੇ ਇਕ ਨਿੱਜੀ ਮਾਮਲਾ ਹਨ, ਤਾਂ ਯਹੋਵਾਹ ਦੇ ਕੁਝ ਗਵਾਹ ਕਿਉਂ ਛੇਕੇ ਜਾਂਦੇ ਹਨ? ਕੋਈ ਵੀ ਮਨਮਰਜ਼ੀ ਨਾਲ ਤੈ ਨਹੀਂ ਕਰਦਾ ਹੈ ਕਿ ਕਿਹੜੇ ਖ਼ਾਸ ਪਾਪ ਵਿਚ ਲੱਗੇ ਰਹਿਣ ਦੇ ਕਾਰਨ ਛੇਕਿਆ ਜਾਣਾ ਚਾਹੀਦਾ ਹੈ। ਇਸ ਦੀ ਬਜਾਇ, ਇਹ ਕਾਰਵਾਈ ਸ਼ਾਸਤਰ ਅਨੁਸਾਰ ਸਿਰਫ਼ ਉਦੋਂ ਜ਼ਰੂਰੀ ਹੁੰਦੀ ਹੈ ਜਦੋਂ ਕਲੀਸਿਯਾ ਦਾ ਇਕ ਮੈਂਬਰ ਪਹਿਲੇ ਕੁਰਿੰਥੀਆਂ ਦੇ 5ਵੇਂ ਅਧਿਆਇ ਵਿਚ ਦੱਸੇ ਘੋਰ ਪਾਪਾਂ ਵਰਗੇ ਪਾਪ ਵਿਚ ਲੱਗਾ ਰਹਿੰਦਾ ਹੈ ਅਤੇ ਤੋਬਾ ਨਹੀਂ ਕਰਦਾ ਹੈ। ਇਸ ਤਰ੍ਹਾਂ, ਜਦ ਕਿ ਇਕ ਮਸੀਹੀ ਵਿਭਚਾਰ ਕਰਨ ਲਈ ਛੇਕਿਆ ਜਾ ਸਕਦਾ ਹੈ, ਇਹ ਸਿਰਫ਼ ਉਦੋਂ ਹੁੰਦਾ ਹੈ ਜੇ ਇਕ ਵਿਅਕਤੀ ਪ੍ਰੇਮਮਈ ਚਰਵਾਹਿਆਂ ਦੀ ਅਧਿਆਤਮਿਕ ਸਹਾਇਤਾ ਨੂੰ ਸਵੀਕਾਰ ਨਹੀਂ ਕਰਦਾ। ਯਹੋਵਾਹ ਦੇ ਗਵਾਹ ਇਹ ਮਸੀਹੀ ਕਦਮ ਚੁੱਕਣ ਵਿਚ ਇਕੱਲੇ ਨਹੀਂ ਹਨ। ਦ ਐਨਸਾਈਕਲੋਪੀਡੀਆ ਆਫ਼ ਰਿਲੀਜਨ ਦੱਸਦਾ ਹੈ: “ਕਿਸੇ ਵੀ ਸਮਾਜ ਨੂੰ ਉਨ੍ਹਾਂ ਅਣਆਗਿਆਕਾਰ ਮੈਂਬਰਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦਾ ਹੱਕ ਹੁੰਦਾ ਹੈ ਜੋ ਸ਼ਾਇਦ ਲੋਕ-ਹਿਤ ਨੂੰ ਖ਼ਤਰਾ ਪੇਸ਼ ਕਰਦੇ ਹਨ। ਧਾਰਮਿਕ ਮਾਮਲਿਆਂ ਵਿਚ ਇਹ ਹੱਕ ਅਕਸਰ ਇਸ ਵਿਸ਼ਵਾਸ ਦੁਆਰਾ ਮਜ਼ਬੂਤ ਕੀਤਾ ਗਿਆ ਹੈ ਕਿ [ਛੇਕੇ ਜਾਣ ਦਾ] ਇਹ ਦੰਡ ਪਰਮੇਸ਼ੁਰ ਅੱਗੇ ਇਕ ਵਿਅਕਤੀ ਦੀ ਸਥਿਤੀ ਉੱਤੇ ਅਸਰ ਪਾਉਂਦਾ ਹੈ।”
17, 18. ਛੇਕਣ ਦੀ ਉਚਿਤਤਾ ਕਿਵੇਂ ਦਰਸਾਈ ਜਾ ਸਕਦੀ ਹੈ?
17 ਯਹੋਵਾਹ ਦੇ ਗਵਾਹ ਬਾਈਬਲ ਦੇ ਵਿਦਿਆਰਥੀ ਹਨ। (ਯਹੋਸ਼ੁਆ 1:8; ਜ਼ਬੂਰ 1:2; ਰਸੂਲਾਂ ਦੇ ਕਰਤੱਬ 17:11) ਪ੍ਰਬੰਧਕ ਸਭਾ ਵੱਲੋਂ ਦਿੱਤੇ ਜਾਂਦੇ ਬਾਈਬਲ ਸਿੱਖਿਆ ਦੇ ਕਾਰਜਕ੍ਰਮ ਦੀ ਤੁਲਨਾ ਸ਼ਾਇਦ ਸਿੱਖਿਆ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਕੂਲ ਪਾਠਕ੍ਰਮ ਦੇ ਨਾਲ ਕੀਤੀ ਜਾ ਸਕਦੀ ਹੈ। ਭਾਵੇਂ ਕਿ ਬੋਰਡ ਸਿਖਾਈ ਜਾ ਰਹੀ ਸਾਮੱਗਰੀ ਦਾ ਖ਼ੁਦ ਸ੍ਰੋਤ ਨਹੀਂ ਹੁੰਦਾ ਹੈ, ਉਹ ਪਾਠਕ੍ਰਮ ਨੂੰ ਸਥਾਪਿਤ ਕਰਦਾ, ਸਿੱਖਿਆ ਦੇਣ ਦੇ ਤਰੀਕੇ ਕਾਇਮ ਕਰਦਾ, ਅਤੇ ਜ਼ਰੂਰੀ ਹਿਦਾਇਤਾਂ ਦਿੰਦਾ ਹੈ। ਜੇ ਕੋਈ ਵਿਦਿਆਰਥੀ ਸਕੂਲ ਦੀਆਂ ਮੰਗਾਂ ਅਨੁਸਾਰ ਚੱਲਣ ਤੋਂ ਖੁੱਲ੍ਹਮ-ਖੁੱਲਾ ਇਨਕਾਰ ਕਰਦਾ ਹੈ, ਸੰਗੀ ਵਿਦਿਆਰਥੀਆਂ ਲਈ ਮੁਸ਼ਕਲਾਂ ਪੈਦਾ ਕਰਦਾ ਹੈ, ਜਾਂ ਸਕੂਲ ਉੱਤੇ ਬਦਨਾਮੀ ਲਿਆਉਂਦਾ ਹੈ, ਤਾਂ ਉਸ ਨੂੰ ਸਕੂਲ ਵਿੱਚੋਂ ਕੱਢਿਆ ਜਾ ਸਕਦਾ ਹੈ। ਸਕੂਲ ਅਧਿਕਾਰੀਆਂ ਦਾ ਇਹ ਹੱਕ ਹੈ ਕਿ ਉਹ ਤਮਾਮ ਵਿਦਿਆਰਥੀਆਂ ਦੇ ਫ਼ਾਇਦੇ ਲਈ ਕਦਮ ਚੁੱਕਣ।
18 ਵਿਦਿਆਰਥੀ ਹੋਣ ਤੋਂ ਇਲਾਵਾ, ਯਹੋਵਾਹ ਦੇ ਗਵਾਹ ਯਿਸੂ ਮਸੀਹ ਦੇ ਸਿਪਾਹੀ ਹਨ, ਜਿਨ੍ਹਾਂ ਨੂੰ ‘ਨਿਹਚਾ ਦੀ ਚੰਗੀ ਲੜਾਈ ਲੜਣ’ ਲਈ ਹਿਦਾਇਤ ਦਿੱਤੀ ਗਈ ਹੈ। (1 ਤਿਮੋਥਿਉਸ 6:12; 2 ਤਿਮੋਥਿਉਸ 2:3) ਸੁਭਾਵਕ ਤੌਰ ਤੇ, ਲਗਾਤਾਰ ਅਜਿਹਾ ਆਚਰਣ ਜੋ ਇਕ ਮਸੀਹੀ ਮਿਪਾਹੀ ਲਈ ਅਨੁਚਿਤ ਹੁੰਦਾ ਹੈ, ਈਸ਼ਵਰੀ ਨਾਮਨਜ਼ੂਰੀ ਲਿਆ ਸਕਦਾ ਹੈ। ਚੋਣ ਦੀ ਆਜ਼ਾਦੀ ਬਖ਼ਸ਼ੇ ਗਏ ਵਿਅਕਤੀ ਵਜੋਂ ਇਕ ਮਸੀਹੀ ਸਿਪਾਹੀ ਆਪਣੀ ਇੱਛਾ ਅਨੁਸਾਰ ਫ਼ੈਸਲਾ ਕਰ ਸਕਦਾ ਹੈ, ਪਰ ਉਸ ਨੂੰ ਆਪਣੇ ਫ਼ੈਸਲੇ ਦੇ ਨਤੀਜੇ ਭੁਗਤਣੇ ਪੈਣਗੇ। ਪੌਲੁਸ ਤਰਕ ਕਰਦਾ ਹੈ: “ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਵਿਹਾਰਾਂ ਵਿੱਚ ਨਹੀਂ ਫਸਾਉਂਦਾ ਭਈ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ। ਫੇਰ ਜੇ ਕੋਈ ਅਖਾੜੇ ਵਿੱਚ ਖੇਡੇ ਤਾਂ ਜਦੋਂ ਤੀਕ ਉਹ ਕਾਇਦੇ ਮੂਜਬ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ।” (2 ਤਿਮੋਥਿਉਸ 2:4, 5) ਪ੍ਰੌੜ੍ਹ ਮਸੀਹੀ, ਜਿਨ੍ਹਾਂ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਵੀ ਸ਼ਾਮਲ ਹਨ, ਪੂਰੀ ਤਰ੍ਹਾਂ ਆਪਣੇ ਆਗੂ, ਯਿਸੂ ਮਸੀਹ ਦੇ ਅਧਿਕਾਰ ਅਧੀਨ ਰਹਿੰਦੇ ਹਨ, ਅਤੇ ‘ਕਾਇਦਿਆਂ’ ਦੀ ਪਾਲਣਾ ਕਰਦੇ ਹਨ ਤਾਂ ਜੋ ਉਹ ਸਦੀਪਕ ਜੀਵਨ ਦਾ ਇਨਾਮ ਜਿੱਤ ਸਕਣ।—ਯੂਹੰਨਾ 17:3; ਪਰਕਾਸ਼ ਦੀ ਪੋਥੀ 2:10.
19. ਮਸੀਹੀ ਸਮਰਪਣ ਬਾਰੇ ਤੱਥ ਜਾਂਚਣ ਤੋਂ ਬਾਅਦ, ਅਸੀਂ ਕਿਸ ਗੱਲ ਬਾਰੇ ਨਿਸ਼ਚਿਤ ਹੋ ਸਕਦੇ ਹਾਂ?
19 ਕੀ ਤੱਥ ਇਹ ਸਪੱਸ਼ਟ ਨਹੀਂ ਕਰਦੇ ਹਨ ਕਿ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਸੇਵਕ ਹਨ, ਨਾ ਕਿ ਮਨੁੱਖਾਂ ਦੇ ਦਾਸ? ਸਮਰਪਿਤ ਮਸੀਹੀਆਂ ਵਜੋਂ ਉਸ ਆਜ਼ਾਦੀ ਦਾ ਆਨੰਦ ਮਾਣਦੇ ਹੋਏ ਜਿਸ ਲਈ ਮਸੀਹ ਨੇ ਉਨ੍ਹਾਂ ਨੂੰ ਆਜ਼ਾਦ ਕੀਤਾ ਹੈ, ਉਹ ਆਪਣੇ ਜੀਵਨਾਂ ਨੂੰ ਪਰਮੇਸ਼ੁਰ ਦੀ ਆਤਮਾ ਅਤੇ ਉਸ ਦੇ ਬਚਨ ਦੁਆਰਾ ਨਿਰਦੇਸ਼ਿਤ ਹੋਣ ਦਿੰਦੇ ਹਨ ਜਿਉਂ-ਜਿਉਂ ਉਹ ਪਰਮੇਸ਼ੁਰ ਦੀ ਕਲੀਸਿਯਾ ਵਿਚ ਆਪਣੇ ਭਰਾਵਾਂ ਨਾਲ ਇਕੱਠੇ ਮਿਲ ਕੇ ਸੇਵਾ ਕਰਦੇ ਹਨ। (ਜ਼ਬੂਰ 133:1) ਇਸ ਦੇ ਸਬੂਤਾਂ ਨੂੰ ਉਨ੍ਹਾਂ ਦੀ ਸ਼ਕਤੀ ਦੇ ਸ੍ਰੋਤ ਬਾਰੇ ਕਿਸੇ ਵੀ ਅਨਿਸ਼ਚਿਤਤਾ ਨੂੰ ਮਿਟਾ ਦੇਣਾ ਚਾਹੀਦਾ ਹੈ। ਜ਼ਬੂਰਾਂ ਦੇ ਲਿਖਾਰੀ ਨਾਲ, ਉਹ ਗੀਤ ਗਾ ਸਕਦੇ ਹਨ: “ਯਹੋਵਾਹ ਮੇਰਾ ਬਲ ਅਤੇ ਮੇਰੀ ਢਾਲ ਹੈ, ਮੇਰੇ ਮਨ ਨੇ ਉਸ ਉੱਤੇ ਭਰੋਸਾ ਰੱਖਿਆ ਹੈ, ਅਤੇ ਮੇਰੀ ਸਹਾਇਤਾ ਹੋਈ ਹੈ, ਇਸ ਲਈ ਮੇਰਾ ਮਨ ਮੌਜ ਮਾਨਦਾ ਹੈ, ਅਤੇ ਮੈਂ ਆਪਣੇ ਗੀਤ ਨਾਲ ਉਸ ਦਾ ਧੰਨਵਾਦ ਕਰਾਂਗਾ।”—ਜ਼ਬੂਰ 28:7.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ 1993 ਵਿਚ ਪ੍ਰਕਾਸ਼ਿਤ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਵਾਚ ਟਾਵਰ ਸੋਸਾਇਟੀ ਅਤੇ ਸਮਾਨ ਕਾਨੂੰਨੀ ਸਾਧਨ ਯਹੋਵਾਹ ਦੇ ਗਵਾਹਾਂ ਦੀ ਕਿਵੇਂ ਮਦਦ ਕਰਦੇ ਹਨ?
◻ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਕੰਮ ਤੋਂ ਮਸੀਹੀ ਕਿਵੇਂ ਲਾਭ ਉਠਾਉਂਦੇ ਹਨ?
◻ ਯਹੋਵਾਹ ਦੇ ਲੋਕ ਆਪਣੇ ਪ੍ਰਚਾਰ ਕੰਮ ਦੀ ਰਿਪੋਰਟ ਕਿਉਂ ਦਿੰਦੇ ਹਨ?
◻ ਕਿਨ੍ਹਾਂ ਹਾਲਤਾਂ ਦੇ ਅਧੀਨ ਇਕ ਸਮਰਪਿਤ ਮਸੀਹੀ ਦਾ ਛੇਕਿਆ ਜਾਣਾ ਉਚਿਤ ਹੈ?