ਅਧਿਐਨ ਲੇਖ 4
“ਪਵਿੱਤਰ ਸ਼ਕਤੀ . . . ਗਵਾਹੀ ਦਿੰਦੀ ਹੈ”
“ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਇਹ ਗਵਾਹੀ ਦਿੰਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ।”—ਰੋਮੀ. 8:16.
ਗੀਤ 147 ਅਨਮੋਲ ਪਰਜਾ
ਖ਼ਾਸ ਗੱਲਾਂa
1-2. ਪੰਤੇਕੁਸਤ 33 ਈਸਵੀ ਦੇ ਦਿਨ ʼਤੇ ਕਿਹੜੀਆਂ ਸ਼ਾਨਦਾਰ ਘਟਨਾਵਾਂ ਹੋਈਆਂ?
ਯਰੂਸ਼ਲਮ ਵਿਚ ਐਤਵਾਰ ਦੀ ਸਵੇਰ ਹੈ ਅਤੇ ਇਹ 33 ਈਸਵੀ ਦਾ ਸਾਲ ਤੇ ਪੰਤੇਕੁਸਤ ਦਾ ਦਿਨ ਹੈ। ਲਗਭਗ 120 ਚੇਲੇ ਇਕ ਚੁਬਾਰੇ ਵਿਚ ਇਕੱਠੇ ਹੋਏ ਹਨ। (ਰਸੂ. 1:13-15; 2:1) ਕੁਝ ਦਿਨ ਪਹਿਲਾਂ ਯਿਸੂ ਨੇ ਚੇਲਿਆਂ ਨੂੰ ਯਰੂਸ਼ਲਮ ਵਿਚ ਹੀ ਰਹਿਣ ਦਾ ਹੁਕਮ ਦਿੱਤਾ ਸੀ ਕਿਉਂਕਿ ਇਨ੍ਹਾਂ ਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਜਾਣਾ ਸੀ। (ਰਸੂ. 1:4, 5) ਫਿਰ ਅੱਗੇ ਕੀ ਹੁੰਦਾ ਹੈ?
2 “ਅਚਾਨਕ ਉਨ੍ਹਾਂ ਨੂੰ ਆਕਾਸ਼ੋਂ ਇਕ ਆਵਾਜ਼ ਸੁਣਾਈ [ਦਿੰਦੀ ਹੈ] ਜਿਵੇਂ ਤੇਜ਼ ਹਨੇਰੀ ਦੀ ਹੁੰਦੀ ਹੈ।” ਇਹ ਆਵਾਜ਼ ਪੂਰੇ ਘਰ ਵਿਚ ਗੂੰਜਦੀ ਹੈ। ਫਿਰ ਚੇਲਿਆਂ ਦੇ ਸਿਰਾਂ ʼਤੇ “ਅੱਗ ਦੀਆਂ ਲਾਟਾਂ ਵਰਗੀਆਂ ਜੀਭਾਂ ਦਿਖਾਈ” ਦਿੰਦੀਆਂ ਹਨ ਅਤੇ “ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ” ਜਾਂਦੇ ਹਨ। (ਰਸੂ. 2:2-4) ਇਸ ਸ਼ਾਨਦਾਰ ਤਰੀਕੇ ਨਾਲ ਯਹੋਵਾਹ ਉਸ ਸਮੂਹ ʼਤੇ ਆਪਣੀ ਪਵਿੱਤਰ ਸ਼ਕਤੀ ਪਾਉਂਦਾ ਹੈ। (ਰਸੂ. 1:8) ਇਹ ਚੇਲੇ ਪਵਿੱਤਰ ਸ਼ਕਤੀb ਨਾਲ ਚੁਣੇ ਗਏ ਪਹਿਲੇ ਮਸੀਹੀ ਬਣਦੇ ਹਨ ਅਤੇ ਇਨ੍ਹਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਮਿਲਦੀ ਹੈ।
ਜਦੋਂ ਕਿਸੇ ਨੂੰ ਚੁਣੇ ਜਾਣ ਦਾ ਸੱਦਾ ਮਿਲਦਾ ਹੈ, ਤਾਂ ਉਸ ਨਾਲ ਕੀ ਹੁੰਦਾ ਹੈ?
3. ਪੰਤੇਕੁਸਤ ਵਾਲੇ ਦਿਨ ਚੇਲਿਆਂ ਨੂੰ ਕਿਉਂ ਸ਼ੱਕ ਨਹੀਂ ਰਿਹਾ ਹੋਣਾ ਕਿ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ?
3 ਜੇ ਤੁਸੀਂ ਉਸ ਦਿਨ ਉਸ ਚੁਬਾਰੇ ਵਿਚ ਚੇਲਿਆਂ ਨਾਲ ਹੁੰਦੇ, ਤਾਂ ਤੁਸੀਂ ਉਹ ਦਿਨ ਕਦੀ ਨਹੀਂ ਭੁੱਲਣਾ ਸੀ। ਅੱਗ ਦੀਆਂ ਲਾਟਾਂ ਵਰਗੀ ਕੋਈ ਚੀਜ਼ ਤੁਹਾਡੇ ਸਿਰ ʼਤੇ ਆਈ ਤੇ ਤੁਸੀਂ ਹੋਰ ਭਾਸ਼ਾ ਬੋਲਣ ਲੱਗ ਪਏ! (ਰਸੂ. 2:5-12) ਤੁਹਾਡੇ ਦਿਲ-ਦਿਮਾਗ਼ ਵਿਚ ਕੋਈ ਸ਼ੱਕ ਨਹੀਂ ਰਿਹਾ ਹੋਣਾ ਕਿ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ। ਕੀ ਪਵਿੱਤਰ ਸ਼ਕਤੀ ਨਾਲ ਚੁਣੇ ਜਾਂਦੇ ਸਾਰੇ ਮਸੀਹੀਆਂ ਨੂੰ ਕਿਸੇ ਸ਼ਾਨਦਾਰ ਤਰੀਕੇ ਨਾਲ ਅਤੇ ਇੱਕੋ ਵੇਲੇ ਚੁਣਿਆ ਜਾਂਦਾ ਹੈ? ਨਹੀਂ। ਸਾਨੂੰ ਇਹ ਗੱਲ ਕਿਵੇਂ ਪਤਾ ਹੈ?
4. ਕੀ ਪਹਿਲੀ ਸਦੀ ਦੇ ਚੁਣੇ ਹੋਏ ਮਸੀਹੀਆਂ ਨੂੰ ਇੱਕੋ ਸਮੇਂ ʼਤੇ ਚੁਣਿਆ ਗਿਆ ਸੀ? ਸਮਝਾਓ।
4 ਆਓ ਆਪਾਂ ਗੌਰ ਕਰੀਏ ਕਿ ਇਕ ਮਸੀਹੀ ਨੂੰ ਸ਼ਾਇਦ ਕਦੋਂ ਚੁਣਿਆ ਜਾਂਦਾ ਹੈ। ਪੰਤੇਕੁਸਤ 33 ਈਸਵੀ ਵਿਚ ਲਗਭਗ 120 ਮਸੀਹੀਆਂ ਨੂੰ ਹੀ ਪਵਿੱਤਰ ਸ਼ਕਤੀ ਨਾਲ ਨਹੀਂ ਚੁਣਿਆ ਗਿਆ ਸੀ, ਸਗੋਂ ਬਾਅਦ ਵਿਚ ਉਸੇ ਦਿਨ ਬਪਤਿਸਮਾ ਲੈਣ ਵਾਲੇ ਲਗਭਗ 3,000 ਲੋਕਾਂ ਨੂੰ ਵੀ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ। (ਰਸੂ. 2:37, 38, 41) ਪਰ ਆਉਣ ਵਾਲੇ ਸਾਲਾਂ ਵਿਚ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਉਨ੍ਹਾਂ ਦੇ ਬਪਤਿਸਮੇ ਵੇਲੇ ਨਹੀਂ ਚੁਣਿਆ ਗਿਆ ਸੀ। ਸਾਮਰੀਆਂ ਨੂੰ ਉਨ੍ਹਾਂ ਦੇ ਬਪਤਿਸਮੇ ਤੋਂ ਕੁਝ ਸਮੇਂ ਬਾਅਦ ਚੁਣਿਆ ਗਿਆ। (ਰਸੂ. 8:14-17) ਕੁਰਨੇਲੀਅਸ ਅਤੇ ਉਸ ਦੇ ਘਰ ਵਿਚ ਇਕੱਠੇ ਹੋਏ ਲੋਕ ਬਪਤਿਸਮੇ ਤੋਂ ਪਹਿਲਾਂ ਹੀ ਚੁਣੇ ਗਏ ਸਨ। ਇੱਦਾਂ ਪਹਿਲਾਂ ਕਦੇ ਕਿਸੇ ਨਾਲ ਨਹੀਂ ਸੀ ਹੋਇਆ।—ਰਸੂ. 10:44-48.
5. ਦੂਜਾ ਕੁਰਿੰਥੀਆਂ 1:21, 22 ਅਨੁਸਾਰ ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ʼਤੇ ਕੀ ਹੁੰਦਾ ਹੈ?
5 ਆਓ ਆਪਾਂ ਇਹ ਵੀ ਗੌਰ ਕਰੀਏ ਕਿ ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ʼਤੇ ਕੀ ਹੁੰਦਾ ਹੈ? ਚੁਣੇ ਗਏ ਮਸੀਹੀਆਂ ਵਿੱਚੋਂ ਸ਼ਾਇਦ ਕੁਝ ਜਣਿਆਂ ਨੂੰ ਇਹ ਗੱਲ ਮੰਨਣੀ ਔਖੀ ਲੱਗੇ ਕਿ ਯਹੋਵਾਹ ਨੇ ਉਨ੍ਹਾਂ ਨੂੰ ਚੁਣਿਆ ਹੈ। ਉਹ ਸ਼ਾਇਦ ਸੋਚਣ, ‘ਪਰਮੇਸ਼ੁਰ ਨੇ ਮੈਨੂੰ ਕਿਉਂ ਚੁਣਿਆ ਹੈ?’ ਕਈ ਜਣੇ ਸ਼ਾਇਦ ਇੱਦਾਂ ਮਹਿਸੂਸ ਨਾ ਕਰਨ। ਚਾਹੇ ਇਕ ਵਿਅਕਤੀ ਜਿੱਦਾਂ ਮਰਜ਼ੀ ਮਹਿਸੂਸ ਕਰਦਾ ਹੋਵੇ, ਪਰ ਪੌਲੁਸ ਰਸੂਲ ਨੇ ਸਮਝਾਇਆ ਕਿ ਚੁਣੇ ਜਾਣ ʼਤੇ ਕੀ ਹੁੰਦਾ ਹੈ: “ਤੁਹਾਡੇ ਵਿਸ਼ਵਾਸ ਕਰਨ ਤੋਂ ਬਾਅਦ ਪਰਮੇਸ਼ੁਰ ਨੇ ਮਸੀਹ ਰਾਹੀਂ ਤੁਹਾਡੇ ਉੱਤੇ ਵੀ ਵਾਅਦਾ ਕੀਤੀ ਗਈ ਪਵਿੱਤਰ ਸ਼ਕਤੀ ਨਾਲ ਮੁਹਰc ਲਾਈ। ਇਹ ਪਵਿੱਤਰ ਸ਼ਕਤੀ ਸਾਨੂੰ ਵਿਰਾਸਤ ਮਿਲਣ ਤੋਂ ਪਹਿਲਾਂ ਬਿਆਨੇ ਦੇ ਤੌਰ ਤੇ ਦਿੱਤੀ ਜਾਂਦੀ ਹੈ।” (ਅਫ਼. 1:13, 14) ਸੋ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਫ਼ ਜ਼ਾਹਰ ਕਰ ਦਿੰਦਾ ਹੈ ਕਿ ਉਸ ਨੇ ਇਨ੍ਹਾਂ ਮਸੀਹੀਆਂ ਨੂੰ ਚੁਣਿਆ ਹੈ। ਇਸ ਤਰੀਕੇ ਨਾਲ ਪਵਿੱਤਰ ਸ਼ਕਤੀ ਇਕ “ਬਿਆਨੇ ਦੇ ਤੌਰ ਤੇ” ਦਿੱਤੀ ਜਾਂਦੀ ਹੈ ਜਿਸ ਤੋਂ ਉਨ੍ਹਾਂ ਨੂੰ ਭਰੋਸਾ ਮਿਲਦਾ ਹੈ ਕਿ ਉਹ ਭਵਿੱਖ ਵਿਚ ਧਰਤੀ ʼਤੇ ਨਹੀਂ, ਸਗੋਂ ਸਵਰਗ ਵਿਚ ਹਮੇਸ਼ਾ ਲਈ ਰਹਿਣਗੇ।—2 ਕੁਰਿੰਥੀਆਂ 1:21, 22 ਪੜ੍ਹੋ।
6. ਸਵਰਗੀ ਇਨਾਮ ਪਾਉਣ ਲਈ ਇਕ ਚੁਣੇ ਹੋਏ ਮਸੀਹੀ ਨੂੰ ਕੀ ਕਰਨ ਦੀ ਲੋੜ ਹੈ?
6 ਜਦੋਂ ਇਕ ਮਸੀਹੀ ਨੂੰ ਚੁਣਿਆ ਜਾਂਦਾ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਉਸ ਨੂੰ ਜ਼ਰੂਰ ਸਵਰਗੀ ਇਨਾਮ ਮਿਲੇਗਾ? ਨਹੀਂ। ਉਸ ਨੂੰ ਇਹ ਪੱਕਾ ਯਕੀਨ ਹੈ ਕਿ ਉਸ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ। ਪਰ ਉਸ ਨੂੰ ਇਹ ਸਲਾਹ ਯਾਦ ਰੱਖਣੀ ਚਾਹੀਦੀ ਹੈ: “ਭਰਾਵੋ, ਕਿਉਂਕਿ ਤੁਹਾਨੂੰ ਪਰਮੇਸ਼ੁਰ ਨੇ ਚੁਣਿਆ ਹੈ ਅਤੇ ਤੁਹਾਨੂੰ ਸੱਦਾ ਦਿੱਤਾ ਹੈ, ਇਸ ਲਈ ਇਸ ਸੱਦੇ ਦੇ ਕਾਬਲ ਬਣੇ ਰਹਿਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੋ; ਜੇ ਤੁਸੀਂ ਆਪਣੇ ਅੰਦਰ ਇਨ੍ਹਾਂ ਗੁਣਾਂ ਨੂੰ ਵਧਾਉਂਦੇ ਰਹੋਗੇ, ਤਾਂ ਤੁਸੀਂ ਕਦੀ ਵੀ ਅਸਫ਼ਲ ਨਹੀਂ ਹੋਵੋਗੇ।” (2 ਪਤ. 1:10) ਭਾਵੇਂ ਕਿ ਚੁਣੇ ਹੋਏ ਮਸੀਹੀ ਨੂੰ ਸਵਰਗ ਜਾਣ ਦਾ ਸੱਦਾ ਮਿਲਿਆ ਹੈ, ਪਰ ਵਫ਼ਾਦਾਰ ਰਹਿਣ ਕਰਕੇ ਹੀ ਉਸ ਨੂੰ ਇਨਾਮ ਮਿਲੇਗਾ।—ਫ਼ਿਲਿ. 3:12-14; ਇਬ. 3:1; ਪ੍ਰਕਾ. 2:10.
ਇਕ ਮਸੀਹੀ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸ ਨੂੰ ਚੁਣਿਆ ਗਿਆ ਹੈ?
7. ਚੁਣੇ ਹੋਏ ਮਸੀਹੀਆਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ?
7 ਪਰ ਇਕ ਮਸੀਹੀ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸ ਨੂੰ ਸਵਰਗ ਜਾਣ ਲਈ ਚੁਣਿਆ ਗਿਆ ਹੈ? ਇਸ ਸਵਾਲ ਦਾ ਜਵਾਬ ਸਾਨੂੰ ਪੌਲੁਸ ਦੇ ਸ਼ਬਦਾਂ ਤੋਂ ਮਿਲਦਾ ਹੈ ਜੋ ਉਸ ਨੇ ਰੋਮ ਵਿਚ ਰਹਿੰਦੇ ਚੁਣੇ ਹੋਏ ‘ਪਵਿੱਤਰ ਸੇਵਕਾਂ ਨੂੰ’ ਕਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਸਾਨੂੰ ਦੁਬਾਰਾ ਗ਼ੁਲਾਮ ਅਤੇ ਡਰਪੋਕ ਨਹੀਂ ਬਣਾਉਂਦੀ, ਸਗੋਂ ਇਸ ਸ਼ਕਤੀ ਦੇ ਜ਼ਰੀਏ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾਂਦਾ ਹੈ ਅਤੇ ਇਹ ਸ਼ਕਤੀ ਸਾਨੂੰ ‘ਅੱਬਾ, ਹੇ ਪਿਤਾ!’ ਪੁਕਾਰਨ ਲਈ ਪ੍ਰੇਰਦੀ ਹੈ। ਪਵਿੱਤਰ ਸ਼ਕਤੀ ਸਾਡੇ ਮਨ ਨਾਲ ਮਿਲ ਕੇ ਇਹ ਗਵਾਹੀ ਦਿੰਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ।” (ਰੋਮੀ. 1:7; 8:15, 16) ਸੋ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਫ਼-ਸਾਫ਼ ਦੱਸ ਦਿੰਦਾ ਹੈ ਕਿ ਉਸ ਨੇ ਕਿਨ੍ਹਾਂ ਨੂੰ ਸਵਰਗ ਜਾਣ ਲਈ ਚੁਣਿਆ ਹੈ।—1 ਥੱਸ. 2:12.
8. ਪਹਿਲਾ ਯੂਹੰਨਾ 2:20, 27 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਚੁਣੇ ਹੋਏ ਮਸੀਹੀਆਂ ਨੂੰ ਆਪਣੇ ਚੁਣੇ ਜਾਣ ਦੀ ਗੱਲ ਕਿਸੇ ਹੋਰ ਤੋਂ ਪੱਕੀ ਕਰਨ ਦੀ ਲੋੜ ਨਹੀਂ?
8 ਯਹੋਵਾਹ ਸਵਰਗੀ ਸੱਦਾ ਮਿਲਣ ਵਾਲਿਆਂ ਦੇ ਦਿਲ-ਦਿਮਾਗ਼ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡਦਾ। (1 ਯੂਹੰਨਾ 2:20, 27 ਪੜ੍ਹੋ।) ਚੁਣੇ ਹੋਏ ਮਸੀਹੀਆਂ ਨੂੰ ਵੀ ਬਾਕੀ ਮਸੀਹੀਆਂ ਵਾਂਗ ਪਰਮੇਸ਼ੁਰ ਤੋਂ ਸਿੱਖਣ ਦੀ ਲੋੜ ਹੈ। ਪਰ ਉਨ੍ਹਾਂ ਨੂੰ ਆਪਣੇ ਚੁਣੇ ਜਾਣ ਦੀ ਗੱਲ ਕਿਸੇ ਹੋਰ ਤੋਂ ਪੱਕੀ ਕਰਨ ਦੀ ਲੋੜ ਨਹੀਂ ਹੈ। ਯਹੋਵਾਹ ਨੇ ਬ੍ਰਹਿਮੰਡ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਯਾਨੀ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਨੂੰ ਇਹ ਗੱਲ ਸਾਫ਼-ਸਾਫ਼ ਦੱਸੀ ਹੈ ਕਿ ਉਨ੍ਹਾਂ ਨੂੰ ਚੁਣਿਆ ਗਿਆ ਹੈ।
ਉਹ “ਦੁਬਾਰਾ ਜਨਮ” ਲੈਂਦੇ ਹਨ
9. ਅਫ਼ਸੀਆਂ 1:18 ਮੁਤਾਬਕ ਚੁਣੇ ਜਾਣ ʼਤੇ ਇਕ ਵਿਅਕਤੀ ਵਿਚ ਕੀ ਬਦਲਾਅ ਆਉਂਦਾ ਹੈ?
9 ਪਰਮੇਸ਼ੁਰ ਦੇ ਜ਼ਿਆਦਾਤਰ ਸੇਵਕਾਂ ਨੂੰ ਸ਼ਾਇਦ ਇਹ ਗੱਲ ਸਮਝਣੀ ਔਖੀ ਲੱਗੇ ਕਿ ਚੁਣੇ ਜਾਣ ʼਤੇ ਇਕ ਮਸੀਹੀ ਨਾਲ ਕੀ ਹੁੰਦਾ ਹੈ। ਇਹ ਕੁਦਰਤੀ ਹੈ ਕਿਉਂਕਿ ਉਨ੍ਹਾਂ ਨੂੰ ਖ਼ੁਦ ਨੂੰ ਇਹ ਸੱਦਾ ਨਹੀਂ ਮਿਲਿਆ। ਪਰਮੇਸ਼ੁਰ ਨੇ ਇਨਸਾਨਾਂ ਨੂੰ ਸਵਰਗ ਵਿਚ ਨਹੀਂ, ਸਗੋਂ ਧਰਤੀ ʼਤੇ ਰਹਿਣ ਲਈ ਬਣਾਇਆ ਸੀ। (ਉਤ. 1:28; ਜ਼ਬੂ. 37:29) ਪਰ ਯਹੋਵਾਹ ਨੇ ਕੁਝ ਜਣਿਆਂ ਨੂੰ ਸਵਰਗ ਵਿਚ ਰਹਿਣ ਲਈ ਚੁਣਿਆ ਹੈ। ਸੋ ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਚੁਣਦਾ ਹੈ, ਤਾਂ ਉਹ ਉਨ੍ਹਾਂ ਦੀ ਉਮੀਦ ਤੇ ਸੋਚ ਬਿਲਕੁਲ ਹੀ ਬਦਲ ਦਿੰਦਾ ਹੈ ਤਾਂਕਿ ਉਹ ਸਵਰਗ ਜਾਣ ਦੀ ਉਮੀਦ ਰੱਖਣ।—ਅਫ਼ਸੀਆਂ 1:18 ਪੜ੍ਹੋ।
10. “ਦੁਬਾਰਾ ਜਨਮ” ਲੈਣ ਦਾ ਕੀ ਮਤਲਬ ਹੈ? (ਫੁਟਨੋਟ ਵੀ ਦੇਖੋ।)
10 ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ʼਤੇ ਮਸੀਹੀ “ਦੁਬਾਰਾ ਜਨਮ” ਲੈਂਦੇ ਜਾਂ ‘ਨਵੀਂ ਜ਼ਿੰਦਗੀ ਸ਼ੁਰੂ ਕਰਦੇ ਹਨ।’d ਯਿਸੂ ਨੇ ਵੀ ਸਮਝਾਇਆ ਕਿ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਨਹੀਂ ਚੁਣਿਆ ਗਿਆ, ਉਨ੍ਹਾਂ ਨੂੰ ਸਮਝਾਉਣਾ ਨਾਮੁਮਕਿਨ ਹੈ ਕਿ “ਦੁਬਾਰਾ ਜਨਮ” ਜਾਂ “ਪਵਿੱਤਰ ਸ਼ਕਤੀ ਨਾਲ ਜਨਮ” ਲੈਣ ʼਤੇ ਕਿਵੇਂ ਲੱਗਦਾ ਹੈ।—ਯੂਹੰ. 3:3-8; ਫੁਟਨੋਟ।
11. ਸਮਝਾਓ ਕਿ ਚੁਣੇ ਜਾਣ ʼਤੇ ਮਸੀਹੀਆਂ ਦੀ ਸੋਚ ਵਿਚ ਕਿਹੜੇ ਬਦਲਾਅ ਆਉਂਦੇ ਹਨ?
11 ਚੁਣੇ ਜਾਣ ʼਤੇ ਮਸੀਹੀਆਂ ਦੀ ਸੋਚ ਵਿਚ ਕਿਹੜੇ ਬਦਲਾਅ ਆਉਂਦੇ ਹਨ? ਯਹੋਵਾਹ ਵੱਲੋਂ ਚੁਣੇ ਜਾਣ ਤੋਂ ਪਹਿਲਾਂ ਇਹ ਮਸੀਹੀ ਧਰਤੀ ʼਤੇ ਹਮੇਸ਼ਾ ਰਹਿਣ ਦੀ ਉਮੀਦ ਨੂੰ ਅਨਮੋਲ ਸਮਝਦੇ ਸਨ। ਉਹ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਸਨ ਜਦੋਂ ਯਹੋਵਾਹ ਧਰਤੀ ਤੋਂ ਬੁਰਾਈ ਨੂੰ ਖ਼ਤਮ ਕਰ ਕੇ ਇਸ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਵੇਗਾ। ਉਹ ਸ਼ਾਇਦ ਸੋਚਦੇ ਸਨ ਕਿ ਉਹ ਆਪਣੇ ਮਰ ਚੁੱਕੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਦੋਸਤ ਦਾ ਸੁਆਗਤ ਕਰਨਗੇ। ਪਰ ਚੁਣੇ ਜਾਣ ਤੋਂ ਬਾਅਦ ਉਹ ਹੋਰ ਤਰੀਕੇ ਨਾਲ ਸੋਚਣ ਲੱਗ ਪਏ। ਇਸ ਤਰ੍ਹਾਂ ਕਿਉਂ ਹੋਇਆ? ਇਹ ਇਸ ਕਰਕੇ ਨਹੀਂ ਹੋਇਆ ਕਿਉਂਕਿ ਉਹ ਧਰਤੀ ʼਤੇ ਰਹਿਣ ਦੀ ਉਮੀਦ ਤੋਂ ਨਾਖ਼ੁਸ਼ ਹੋ ਗਏ ਸਨ। ਨਿਰਾਸ਼ਾ ਜਾਂ ਮੁਸ਼ਕਲਾਂ ਕਰਕੇ ਉਨ੍ਹਾਂ ਦੀ ਸੋਚ ਨਹੀਂ ਬਦਲੀ ਸੀ। ਉਹ ਅਚਾਨਕ ਇਹ ਨਹੀਂ ਸੋਚਣ ਲੱਗ ਪਏ ਸਨ ਕਿ ਧਰਤੀ ʼਤੇ ਹਮੇਸ਼ਾ ਰਹਿ ਕੇ ਉਹ ਅੱਕ ਜਾਣਗੇ। ਇਸ ਦੀ ਬਜਾਇ, ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਦੀ ਸੋਚ ਅਤੇ ਉਮੀਦ ਬਦਲ ਦਿੱਤੀ ਹੈ।
12. ਪਹਿਲਾ ਪਤਰਸ 1:3, 4 ਅਨੁਸਾਰ ਚੁਣੇ ਹੋਏ ਮਸੀਹੀ ਆਪਣੀ ਉਮੀਦ ਬਾਰੇ ਕਿਵੇਂ ਮਹਿਸੂਸ ਕਰਦੇ ਹਨ?
12 ਜਿਸ ਨੂੰ ਚੁਣਿਆ ਜਾਂਦਾ ਹੈ, ਉਹ ਸ਼ਾਇਦ ਆਪਣੇ ਆਪ ਨੂੰ ਇਸ ਸਨਮਾਨ ਦੇ ਕਾਬਲ ਨਾ ਸਮਝੇ। ਪਰ ਉਹ ਇਸ ਗੱਲ ʼਤੇ ਜ਼ਰਾ ਵੀ ਸ਼ੱਕ ਨਹੀਂ ਕਰਦਾ ਕਿ ਯਹੋਵਾਹ ਨੇ ਉਸ ਨੂੰ ਚੁਣਿਆ ਹੈ। ਆਪਣੀ ਭਵਿੱਖ ਦੀ ਉਮੀਦ ਬਾਰੇ ਸੋਚ ਕੇ ਉਸ ਦਾ ਦਿਲ ਖ਼ੁਸ਼ੀ ਅਤੇ ਕਦਰਦਾਨੀ ਨਾਲ ਭਰ ਜਾਂਦਾ ਹੈ।—1 ਪਤਰਸ 1:3, 4 ਪੜ੍ਹੋ।
13. ਚੁਣੇ ਹੋਏ ਮਸੀਹੀ ਧਰਤੀ ʼਤੇ ਆਪਣੀ ਜ਼ਿੰਦਗੀ ਬਾਰੇ ਕਿਵੇਂ ਮਹਿਸੂਸ ਕਰਦੇ ਹਨ?
13 ਸੋ ਕੀ ਇਸ ਦਾ ਇਹ ਮਤਲਬ ਹੈ ਕਿ ਚੁਣੇ ਹੋਏ ਮਸੀਹੀ ਮਰਨਾ ਚਾਹੁੰਦੇ ਹਨ? ਪੌਲੁਸ ਰਸੂਲ ਇਸ ਸਵਾਲ ਦਾ ਜਵਾਬ ਦਿੰਦਾ ਹੈ। ਉਸ ਨੇ ਉਨ੍ਹਾਂ ਦੇ ਸਰੀਰਾਂ ਦੀ ਤੁਲਨਾ ਤੰਬੂ ਨਾਲ ਕਰਦਿਆਂ ਕਿਹਾ: “ਅਸਲ ਵਿਚ ਅਸੀਂ ਇਸ ਤੰਬੂ ਵਿਚ ਹਉਕੇ ਭਰਦੇ ਹਾਂ ਅਤੇ ਭਾਰੇ ਬੋਝ ਹੇਠ ਦੱਬੇ ਹੋਏ ਹਾਂ; ਇਹ ਨਹੀਂ ਹੈ ਕਿ ਅਸੀਂ ਇਸ ਤੰਬੂ ਨੂੰ ਲਾਹੁਣਾ ਚਾਹੁੰਦੇ ਹਾਂ, ਸਗੋਂ ਅਸੀਂ ਸਵਰਗੀ ਘਰ ਨੂੰ ਪਾਉਣਾ ਚਾਹੁੰਦੇ ਹਾਂ ਤਾਂਕਿ ਹਮੇਸ਼ਾ ਦੀ ਜ਼ਿੰਦਗੀ ਮਰਨਹਾਰ ਜ਼ਿੰਦਗੀ ਦੀ ਜਗ੍ਹਾ ਲੈ ਲਵੇ।” (2 ਕੁਰਿੰ. 5:4) ਇਹ ਮਸੀਹੀ ਆਪਣੀ ਜ਼ਿੰਦਗੀ ਤੋਂ ਅੱਕੇ ਨਹੀਂ ਹਨ ਜਿਸ ਕਰਕੇ ਉਹ ਛੇਤੀ ਮਰਨਾ ਚਾਹੁੰਦੇ ਹਨ। ਇਸ ਤੋਂ ਉਲਟ, ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਿਲ ਕੇ ਹਰ ਰੋਜ਼ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। ਚਾਹੇ ਉਹ ਜੋ ਵੀ ਕਰ ਰਹੇ ਹਨ, ਉਹ ਭਵਿੱਖ ਲਈ ਮਿਲੀ ਆਪਣੀ ਸ਼ਾਨਦਾਰ ਉਮੀਦ ਨੂੰ ਹਮੇਸ਼ਾ ਯਾਦ ਰੱਖਦੇ ਹਨ।—1 ਕੁਰਿੰ. 15:53; 2 ਪਤ. 1:4; 1 ਯੂਹੰ. 3:2, 3; ਪ੍ਰਕਾ. 20:6.
ਕੀ ਯਹੋਵਾਹ ਨੇ ਤੁਹਾਨੂੰ ਚੁਣਿਆ ਹੈ?
14. ਕਿਹੜੀਆਂ ਗੱਲਾਂ ਸਾਬਤ ਨਹੀਂ ਕਰਦੀਆਂ ਕਿ ਇਕ ਵਿਅਕਤੀ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ?
14 ਸ਼ਾਇਦ ਤੁਸੀਂ ਸੋਚ ਰਹੇ ਹੋਵੋ ਕਿ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ? ਜੇ ਹਾਂ, ਤਾਂ ਇਨ੍ਹਾਂ ਅਹਿਮ ਸਵਾਲਾਂ ਬਾਰੇ ਸੋਚੋ: ਕੀ ਤੁਸੀਂ ਦਿਲੋਂ ਯਹੋਵਾਹ ਦੀ ਇੱਛਾ ਪੂਰੀ ਕਰਨੀ ਚਾਹੁੰਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿਚ ਪ੍ਰਚਾਰ ਲਈ ਬਹੁਤ ਜ਼ਿਆਦਾ ਜੋਸ਼ ਹੈ? ਕੀ ਤੁਸੀਂ ਵਾਕਈ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰਨ ਅਤੇ “ਡੂੰਘੇ ਭੇਤਾਂ” ਬਾਰੇ ਸਿੱਖਣ ਦਾ ਆਨੰਦ ਲੈਂਦੇ ਹੋ? (1 ਕੁਰਿੰ. 2:10) ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਯਹੋਵਾਹ ਨੇ ਤੁਹਾਡੇ ਪ੍ਰਚਾਰ ਦੇ ਕੰਮ ʼਤੇ ਜ਼ਿਆਦਾ ਬਰਕਤ ਪਾਈ ਹੈ? ਕੀ ਤੁਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋ? ਕੀ ਤੁਸੀਂ ਦੇਖਿਆ ਹੈ ਕਿ ਯਹੋਵਾਹ ਨੇ ਖ਼ਾਸ ਤਰੀਕਿਆਂ ਨਾਲ ਤੁਹਾਡੀ ਮਦਦ ਕੀਤੀ ਹੈ? ਜੇ ਤੁਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ‘ਹਾਂ’ ਵਿਚ ਦਿੰਦੇ ਹੋ, ਤਾਂ ਕੀ ਇਸ ਤੋਂ ਇਹ ਸਬੂਤ ਮਿਲਦਾ ਹੈ ਕਿ ਤੁਹਾਨੂੰ ਸਵਰਗ ਜਾਣ ਦਾ ਸੱਦਾ ਮਿਲਿਆ ਹੈ? ਬਿਲਕੁਲ ਨਹੀਂ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਸਾਰੇ ਸੇਵਕ ਇਸ ਤਰ੍ਹਾਂ ਮਹਿਸੂਸ ਕਰ ਸਕਦੇ ਹਨ ਭਾਵੇਂ ਕਿ ਉਹ ਚੁਣੇ ਹੋਏ ਹੋਣ ਜਾਂ ਨਾ। ਨਾਲੇ ਯਹੋਵਾਹ ਸਾਰਿਆਂ ਨੂੰ ਇੱਕੋ ਜਿਹੀ ਪਵਿੱਤਰ ਸ਼ਕਤੀ ਦੇ ਸਕਦਾ ਹੈ, ਚਾਹੇ ਉਹ ਜਿਹੜੇ ਮਰਜ਼ੀ ਇਨਾਮ ਦੀ ਉਮੀਦ ਰੱਖਦੇ ਹੋਣ। ਦਰਅਸਲ, ਜੇ ਤੁਸੀਂ ਸੋਚ ਰਹੇ ਹੋ ਕਿ ਤੁਹਾਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਸੱਦਾ ਨਹੀਂ ਮਿਲਿਆ ਹੈ। ਜਿਨ੍ਹਾਂ ਨੂੰ ਯਹੋਵਾਹ ਦੁਆਰਾ ਚੁਣਿਆ ਜਾਂਦਾ ਹੈ, ਉਹ ਇਸ ਬਾਰੇ ਸੋਚਦੇ ਨਹੀਂ ਹਨ। ਉਨ੍ਹਾਂ ਨੂੰ ਪੱਕਾ ਯਕੀਨ ਹੁੰਦਾ ਹੈ।
15. ਅਸੀਂ ਕਿਵੇਂ ਜਾਣਦੇ ਹਾਂ ਕਿ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੀ ਹੈ, ਉਨ੍ਹਾਂ ਸਾਰਿਆਂ ਨੂੰ ਸਵਰਗ ਜਾਣ ਲਈ ਨਹੀਂ ਚੁਣਿਆ ਗਿਆ?
15 ਬਾਈਬਲ ਵਿਚ ਬਹੁਤ ਸਾਰੇ ਵਫ਼ਾਦਾਰ ਆਦਮੀਆਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੀ ਸੀ, ਪਰ ਉਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਨਹੀਂ ਸੀ। ਦਾਊਦ ਦੀ ਪਵਿੱਤਰ ਸ਼ਕਤੀ ਰਾਹੀਂ ਅਗਵਾਈ ਕੀਤੀ ਗਈ। (1 ਸਮੂ. 16:13) ਯਹੋਵਾਹ ਬਾਰੇ ਡੂੰਘੀਆਂ ਗੱਲਾਂ ਸਮਝਣ ਵਿਚ ਪਵਿੱਤਰ ਸ਼ਕਤੀ ਨੇ ਉਸ ਦੀ ਮਦਦ ਕੀਤੀ ਅਤੇ ਬਾਈਬਲ ਦੇ ਹਿੱਸੇ ਲਿਖਣ ਲਈ ਵੀ ਉਸ ਨੂੰ ਪ੍ਰੇਰਿਆ। (ਮਰ. 12:36) ਫਿਰ ਵੀ ਪਤਰਸ ਰਸੂਲ ਨੇ ਕਿਹਾ ਕਿ ਦਾਊਦ “ਸਵਰਗ ਨੂੰ ਨਹੀਂ ਗਿਆ ਸੀ।” (ਰਸੂ. 2:34) ਯੂਹੰਨਾ ਬਪਤਿਸਮਾ ਦੇਣ ਵਾਲਾ “ਪਵਿੱਤਰ ਸ਼ਕਤੀ ਨਾਲ ਭਰਪੂਰ” ਸੀ। (ਲੂਕਾ 1:13-16) ਯਿਸੂ ਨੇ ਕਿਹਾ ਕਿ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਉਸ ਨੇ ਇਹ ਵੀ ਕਿਹਾ ਕਿ ਯੂਹੰਨਾ ਸਵਰਗ ਦੇ ਰਾਜ ਵਿਚ ਸ਼ਾਮਲ ਨਹੀਂ ਹੋਵੇਗਾ। (ਮੱਤੀ 11:10, 11) ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਇਨ੍ਹਾਂ ਸੇਵਕਾਂ ਤੋਂ ਹੈਰਾਨੀਜਨਕ ਕੰਮ ਕਰਵਾਏ, ਪਰ ਉਸ ਨੇ ਇਨ੍ਹਾਂ ਨੂੰ ਪਵਿੱਤਰ ਸ਼ਕਤੀ ਰਾਹੀਂ ਸਵਰਗ ਵਿਚ ਰਹਿਣ ਲਈ ਨਹੀਂ ਚੁਣਿਆ। ਕੀ ਇਸ ਦਾ ਇਹ ਮਤਲਬ ਹੈ ਕਿ ਉਹ ਸਵਰਗ ਵਿਚ ਰਾਜ ਕਰਨ ਲਈ ਚੁਣੇ ਗਏ ਮਸੀਹੀਆਂ ਤੋਂ ਘੱਟ ਵਫ਼ਾਦਾਰ ਸਨ? ਨਹੀਂ। ਇਸ ਦਾ ਮਤਲਬ ਹੈ ਕਿ ਯਹੋਵਾਹ ਉਨ੍ਹਾਂ ਨੂੰ ਸੋਹਣੀ ਧਰਤੀ ʼਤੇ ਦੁਬਾਰਾ ਜੀਉਂਦਾ ਕਰੇਗਾ।—ਯੂਹੰ. 5:28, 29; ਰਸੂ. 24:15.
16. ਅੱਜ ਪਰਮੇਸ਼ੁਰ ਦੇ ਜ਼ਿਆਦਾਤਰ ਸੇਵਕ ਕਿਸ ਇਨਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ?
16 ਅੱਜ ਪਰਮੇਸ਼ੁਰ ਦੇ ਜ਼ਿਆਦਾਤਰ ਸੇਵਕਾਂ ਕੋਲ ਸਵਰਗ ਵਿਚ ਰਹਿਣ ਦੀ ਉਮੀਦ ਨਹੀਂ ਹੈ। ਉਹ ਅਬਰਾਹਾਮ, ਸਾਰਾਹ, ਦਾਊਦ, ਯੂਹੰਨਾ ਬਪਤਿਸਮਾ ਦੇਣ ਵਾਲੇ ਅਤੇ ਬਾਈਬਲ ਸਮੇਂ ਵਿਚ ਰਹਿਣ ਵਾਲੇ ਹੋਰ ਬਹੁਤ ਸਾਰੇ ਸੇਵਕਾਂ ਵਾਂਗ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ʼਤੇ ਰਹਿਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।—ਇਬ. 11:10.
17. ਕਿਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ?
17 ਅੱਜ ਕੁਝ ਚੁਣੇ ਹੋਏ ਮਸੀਹੀ ਅਜੇ ਵੀ ਪਰਮੇਸ਼ੁਰ ਦੇ ਲੋਕਾਂ ਵਿਚ ਹਨ। ਇਸ ਲਈ ਸ਼ਾਇਦ ਸਾਡੇ ਮਨ ਵਿਚ ਕੁਝ ਸਵਾਲ ਆਉਣ। (ਪ੍ਰਕਾ. 12:17) ਮਿਸਾਲ ਲਈ, ਚੁਣੇ ਹੋਏ ਮਸੀਹੀਆਂ ਨੂੰ ਆਪਣੇ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ? ਜੇ ਤੁਹਾਡੀ ਮੰਡਲੀ ਵਿਚ ਕੋਈ ਵਿਅਕਤੀ ਮੈਮੋਰੀਅਲ ʼਤੇ ਰੋਟੀ ਤੇ ਦਾਖਰਸ ਲੈਣਾ ਸ਼ੁਰੂ ਕਰ ਦਿੰਦਾ ਹੈ, ਤਾਂ ਤੁਹਾਨੂੰ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਨਾਲੇ ਉਦੋਂ ਕੀ ਜੇ ਚੁਣੇ ਹੋਇਆਂ ਦੀ ਗਿਣਤੀ ਵਧਦੀ ਜਾ ਰਹੀ ਹੋਵੇ? ਕੀ ਤੁਹਾਨੂੰ ਇਸ ਲਈ ਫ਼ਿਕਰਮੰਦ ਹੋਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।
a ਪੰਤੇਕੁਸਤ 33 ਈਸਵੀ ਤੋਂ ਯਹੋਵਾਹ ਨੇ ਕੁਝ ਮਸੀਹੀਆਂ ਨੂੰ ਇਕ ਸ਼ਾਨਦਾਰ ਉਮੀਦ ਦਿੱਤੀ ਹੈ। ਇਹ ਉਮੀਦ ਉਸ ਦੇ ਪੁੱਤਰ ਨਾਲ ਸਵਰਗ ਵਿਚ ਰਾਜ ਕਰਨ ਦੀ ਹੈ। ਪਰ ਇਨ੍ਹਾਂ ਮਸੀਹੀਆਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਹ ਅਨੋਖਾ ਸਨਮਾਨ ਮਿਲਿਆ ਹੈ? ਜਦੋਂ ਕਿਸੇ ਨੂੰ ਚੁਣੇ ਜਾਣ ਦਾ ਸੱਦਾ ਮਿਲਦਾ ਹੈ, ਤਾਂ ਉਸ ਨਾਲ ਕੀ ਹੁੰਦਾ ਹੈ? ਇਹ ਲੇਖ ਜਨਵਰੀ 2016 ਦੇ ਪਹਿਰਾਬੁਰਜ ਦੇ ਇਕ ਲੇਖ ʼਤੇ ਆਧਾਰਿਤ ਹੈ। ਇਹ ਲੇਖ ਇਨ੍ਹਾਂ ਦਿਲਚਸਪ ਸਵਾਲਾਂ ਦੇ ਜਵਾਬ ਦੇਵੇਗਾ?
b ਸ਼ਬਦਾਂ ਦਾ ਮਤਲਬ: ਪਵਿੱਤਰ ਸ਼ਕਤੀ ਰਾਹੀਂ ਚੁਣੇ ਗਏ: ਯਹੋਵਾਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਇਕ ਵਿਅਕਤੀ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਦਾ ਹੈ। ਆਪਣੀ ਪਵਿੱਤਰ ਸ਼ਕਤੀ ਰਾਹੀਂ ਪਰਮੇਸ਼ੁਰ ਉਸ ਵਿਅਕਤੀ ਨਾਲ ਭਵਿੱਖ ਲਈ ਵਾਅਦਾ ਕਰਦਾ ਹੈ ਜਾਂ ਉਸ ਨੂੰ ਪਵਿੱਤਰ ਸ਼ਕਤੀ “ਬਿਆਨੇ ਦੇ ਤੌਰ ਤੇ” ਦਿੰਦਾ ਹੈ। (ਅਫ਼. 1:13, 14) ਇਹ ਮਸੀਹੀ ਕਹਿ ਸਕਦੇ ਹਨ ਕਿ ਪਵਿੱਤਰ ਸ਼ਕਤੀ ਉਨ੍ਹਾਂ ਨੂੰ “ਗਵਾਹੀ ਦਿੰਦੀ ਹੈ” ਜਾਂ ਸਾਫ਼-ਸਾਫ਼ ਦੱਸਦੀ ਹੈ ਕਿ ਉਨ੍ਹਾਂ ਨੂੰ ਸਵਰਗ ਵਿਚ ਇਨਾਮ ਮਿਲੇਗਾ।—ਰੋਮੀ. 8:16.
c ਸ਼ਬਦ ਦਾ ਮਤਲਬ: ਮੁਹਰ। ਇਹ ਮੁਹਰ ਕਿਸੇ ਵਫ਼ਾਦਾਰ ਚੁਣੇ ਹੋਏ ਮਸੀਹੀ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਜਾਂ ਮਹਾਂਕਸ਼ਟ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਪੱਕੀ ਹੁੰਦੀ ਹੈ।—ਅਫ਼. 4:30; ਪ੍ਰਕਾ. 7:2-4; ਅਪ੍ਰੈਲ 2016 ਦੇ ਪਹਿਰਾਬੁਰਜ ਵਿੱਚੋਂ “ਪਾਠਕਾਂ ਵੱਲੋਂ ਸਵਾਲ” ਦੇਖੋ।
d “ਦੁਬਾਰਾ ਜਨਮ” ਲੈਣ ਦਾ ਕੀ ਮਤਲਬ ਹੈ, ਬਾਰੇ ਹੋਰ ਜਾਣਕਾਰੀ ਦੇਖਣ ਲਈ 1 ਅਪ੍ਰੈਲ 2009 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 3-12 ਦੇਖੋ।
ਗੀਤ 9 ਯਹੋਵਾਹ ਦੀ ਜੈ ਜੈ ਕਾਰ ਕਰੋ!
e ਤਸਵੀਰ ਬਾਰੇ ਜਾਣਕਾਰੀ: ਚਾਹੇ ਅਸੀਂ ਆਪਣੀ ਨਿਹਚਾ ਕਰਕੇ ਜੇਲ੍ਹ ਵਿਚ ਹਾਂ ਜਾਂ ਸਾਡੇ ਕੋਲ ਸੱਚਾਈ ਬਾਰੇ ਪ੍ਰਚਾਰ ਕਰਨ ਤੇ ਸਿਖਾਉਣ ਦੀ ਆਜ਼ਾਦੀ ਹੈ, ਅਸੀਂ ਸਾਰੇ ਜਣੇ ਪਰਮੇਸ਼ੁਰ ਦੇ ਰਾਜ ਅਧੀਨ ਧਰਤੀ ʼਤੇ ਹਮੇਸ਼ਾ ਰਹਿਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਸਕਦੇ ਹਾਂ।