ਅਧਿਆਇ 1
“ਜਾਓ ਅਤੇ . . . ਚੇਲੇ ਬਣਾਓ”
ਰਸੂਲਾਂ ਦੇ ਕੰਮ ਦੀ ਕਿਤਾਬ ਦੀਆਂ ਮੁੱਖ ਗੱਲਾਂ ਅਤੇ ਸਾਡੇ ਲਈ ਇਸ ਦੀ ਅਹਿਮੀਅਤ
1-6. ਕੋਈ ਤਜਰਬਾ ਦੱਸੋ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਗਵਾਹ ਵੱਖੋ-ਵੱਖਰੇ ਹਾਲਾਤਾਂ ਵਿਚ ਪ੍ਰਚਾਰ ਕਰਦੇ ਹਨ।
ਰਿਬੈਕਾ ਯਹੋਵਾਹ ਦੀ ਗਵਾਹ ਹੈ ਜੋ ਘਾਨਾ ਦੇਸ਼ ਵਿਚ ਰਹਿੰਦੀ ਹੈ। ਉਹ ਆਪਣੇ ਸਕੂਲ ਵਿਚ ਅੱਧੀ ਛੁੱਟੀ ਵੇਲੇ ਵਿਦਿਆਰਥੀਆਂ ਨੂੰ ਗਵਾਹੀ ਦੇਣ ਦੇ ਮੌਕੇ ਭਾਲਦੀ ਸੀ, ਇਸ ਲਈ ਉਹ ਹਮੇਸ਼ਾ ਆਪਣੇ ਸਕੂਲ ਬੈਗ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਰੱਖਦੀ ਸੀ। ਰਿਬੈਕਾ ਨੇ ਆਪਣੀ ਕਲਾਸ ਵਿਚ ਕਈਆਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ।
2 ਅਫ਼ਰੀਕਾ ਦੇ ਪੂਰਬੀ ਤਟ ਦੇ ਸਾਮ੍ਹਣੇ ਮੈਡਾਗਾਸਕਰ ਟਾਪੂ ਹੈ। ਉੱਥੇ ਦੋ ਪਾਇਨੀਅਰ ਤਪਦੀ ਧੁੱਪ ਵਿਚ 25 ਕਿਲੋਮੀਟਰ (ਲਗਭਗ 15 ਮੀਲ) ਤੁਰ ਕੇ ਇਕ ਦੂਰ-ਦੁਰਾਡੇ ਪਿੰਡ ਵਿਚ ਜਾਂਦੇ ਸਨ। ਉੱਥੇ ਉਨ੍ਹਾਂ ਨੇ ਕਈ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਾਈਬਲ ਸਟੱਡੀ ਕਰਾਈ।
3 ਪੈਰਾਗੂਵਾਏ ਦੇਸ਼ ਦੇ ਗਵਾਹਾਂ ਨੇ 15 ਦੇਸ਼ਾਂ ਦੇ ਹੋਰ ਭੈਣਾਂ-ਭਰਾਵਾਂ ਨਾਲ ਮਿਲ ਕੇ ਇਕ ਵੱਡੀ ਕਿਸ਼ਤੀ ਬਣਾਈ ਤਾਂਕਿ ਉਹ ਪੈਰਾਗੂਵਾਏ ਅਤੇ ਪਰਾਨਾ ਨਦੀਆਂ ਦੇ ਕੰਢਿਆਂ ʼਤੇ ਰਹਿੰਦੇ ਲੋਕਾਂ ਤਕ ਪਹੁੰਚ ਸਕਣ। ਇਸ ਕਿਸ਼ਤੀ ਵਿਚ 12 ਜਣੇ ਰਹਿ ਸਕਦੇ ਹਨ। ਇਸ ਰਾਹੀਂ ਰਾਜ ਦੇ ਇਨ੍ਹਾਂ ਜੋਸ਼ੀਲੇ ਪ੍ਰਚਾਰਕਾਂ ਨੇ ਉਨ੍ਹਾਂ ਇਲਾਕਿਆਂ ਵਿਚ ਖ਼ੁਸ਼ ਖ਼ਬਰੀ ਸੁਣਾਈ ਜਿੱਥੇ ਪਹਿਲਾਂ ਜਾਣਾ ਮੁਸ਼ਕਲ ਸੀ।
4 ਅਮਰੀਕਾ ਦੇ ਅਲਾਸਕਾ ਰਾਜ ਵਿਚ ਗਵਾਹਾਂ ਨੂੰ ਗਰਮੀਆਂ ਵਿਚ ਪ੍ਰਚਾਰ ਕਰਨ ਦਾ ਖ਼ਾਸ ਮੌਕਾ ਮਿਲਿਆ। ਇਸ ਮੌਸਮ ਵਿਚ ਉੱਥੇ ਵੱਖੋ-ਵੱਖਰੇ ਦੇਸ਼ਾਂ ਦੇ ਲੋਕ ਸਮੁੰਦਰੀ ਜਹਾਜ਼ਾਂ ਵਿਚ ਘੁੰਮਣ-ਫਿਰਨ ਲਈ ਆਉਂਦੇ ਹਨ। ਉਸ ਵੇਲੇ ਉੱਥੇ ਦੇ ਗਵਾਹ ਬੰਦਰਗਾਹ ਉੱਤੇ ਕਈ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਮੇਜ਼ਾਂ ਉੱਤੇ ਸਜਾ ਕੇ ਰੱਖਦੇ ਸਨ। ਨਾਲੇ ਹਵਾਈ ਜਹਾਜ਼ ਰਾਹੀਂ ਅਲਾਸਕਾ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾਣਾ ਬਹੁਤ ਫ਼ਾਇਦੇਮੰਦ ਸਾਬਤ ਹੋਇਆ ਜਿਸ ਕਰਕੇ ਗਵਾਹ ਅਲੀਊਟ, ਐਥਾਬਾਸਕਨ, ਚਿਮਸ਼ੀਅਨ ਤੇ ਕਲਿੰਕੱਟ ਤਬਕੇ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੇ।
5 ਲੈਰੀ ਅਮਰੀਕਾ ਦੇ ਟੈਕਸਸ ਰਾਜ ਵਿਚ ਇਕ ਅਜਿਹੀ ਜਗ੍ਹਾ ਰਹਿੰਦਾ ਸੀ ਜਿੱਥੇ ਬਜ਼ੁਰਗਾਂ ਅਤੇ ਅਪਾਹਜਾਂ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਇਕ ਐਕਸੀਡੈਂਟ ਵਿਚ ਉਸ ਦਾ ਸਰੀਰ ਨਕਾਰਾ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਵੀਲ-ਚੇਅਰ ਉੱਤੇ ਰਹਿਣਾ ਪੈਂਦਾ ਸੀ, ਫਿਰ ਵੀ ਉਹ ਪ੍ਰਚਾਰ ਕਰਨ ਵਿਚ ਲੱਗਾ ਰਹਿੰਦਾ ਸੀ। ਉਹ ਉੱਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਉਂਦਾ ਸੀ ਅਤੇ ਬਾਈਬਲ ਵਿੱਚੋਂ ਇਸ ਉਮੀਦ ਬਾਰੇ ਵੀ ਦੱਸਦਾ ਸੀ ਕਿ ਉਹ ਬਹੁਤ ਜਲਦ ਪਰਮੇਸ਼ੁਰ ਦੇ ਰਾਜ ਵਿਚ ਦੁਬਾਰਾ ਤੁਰ-ਫਿਰ ਸਕੇਗਾ।—ਯਸਾ. 35:5, 6.
6 ਮਾਂਡਲੇ ਸ਼ਹਿਰ ਦੇ ਗਵਾਹਾਂ ਨੇ ਉੱਤਰੀ ਮਿਆਨਮਾਰ ਵਿਚ ਹੋਣ ਵਾਲੀ ਇਕ ਅਸੈਂਬਲੀ ʼਤੇ ਜਾਣ ਲਈ ਕਿਸ਼ਤੀ ਵਿਚ ਤਿੰਨ ਦਿਨਾਂ ਦਾ ਸਫ਼ਰ ਕੀਤਾ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਉਤਾਵਲੇ ਹੋਣ ਕਰਕੇ ਉਹ ਆਪਣੇ ਨਾਲ ਬਾਈਬਲ-ਆਧਾਰਿਤ ਪ੍ਰਕਾਸ਼ਨ ਲੈ ਗਏ ਜੋ ਉਨ੍ਹਾਂ ਨੇ ਹੋਰ ਮੁਸਾਫ਼ਰਾਂ ਨੂੰ ਦਿੱਤੇ। ਜਦੋਂ ਵੀ ਕਿਸ਼ਤੀ ਕਿਸੇ ਕਸਬੇ ਜਾਂ ਪਿੰਡ ਵਿਚ ਰੁਕਦੀ ਸੀ, ਤਾਂ ਉਹ ਜੋਸ਼ੀਲੇ ਪ੍ਰਚਾਰਕ ਉੱਤਰ ਕੇ ਫਟਾਫਟ ਉੱਥੇ ਰਹਿੰਦੇ ਲੋਕਾਂ ਨੂੰ ਪ੍ਰਕਾਸ਼ਨ ਦਿੰਦੇ ਸਨ। ਜਦੋਂ ਤਕ ਉਹ ਵਾਪਸ ਆਉਂਦੇ ਸਨ, ਤਦ ਤਕ ਕਿਸ਼ਤੀ ਵਿਚ ਨਵੇਂ ਲੋਕ ਚੜ੍ਹ ਜਾਂਦੇ ਸਨ ਜਿਨ੍ਹਾਂ ਨੂੰ ਉਹ ਖ਼ੁਸ਼ ਖ਼ਬਰੀ ਸੁਣਾ ਸਕਦੇ ਸਨ।
7. ਯਹੋਵਾਹ ਦੇ ਸੇਵਕ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦਿੰਦੇ ਹਨ ਅਤੇ ਉਨ੍ਹਾਂ ਦਾ ਟੀਚਾ ਕੀ ਹੈ?
7 ਇਨ੍ਹਾਂ ਕੁਝ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਜੋਸ਼ੀਲੇ ਸੇਵਕ ਦੁਨੀਆਂ ਭਰ ਵਿਚ “ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ” ਦੇ ਰਹੇ ਹਨ। (ਰਸੂ. 28:23) ਇਸ ਲਈ ਉਹ ਘਰ-ਘਰ ਜਾਂਦੇ ਹਨ, ਸੜਕਾਂ ʼਤੇ ਲੋਕਾਂ ਨੂੰ ਮਿਲਦੇ ਹਨ, ਉਨ੍ਹਾਂ ਨੂੰ ਚਿੱਠੀਆਂ ਲਿਖਦੇ ਹਨ ਅਤੇ ਫ਼ੋਨ ʼਤੇ ਉਨ੍ਹਾਂ ਨਾਲ ਗੱਲ ਕਰਦੇ ਹਨ। ਭਾਵੇਂ ਉਹ ਬੱਸ ਵਿਚ ਸਫ਼ਰ ਕਰ ਰਹੇ ਹੋਣ, ਪਾਰਕ ਵਿਚ ਸੈਰ ਕਰ ਰਹੇ ਹੋਣ ਜਾਂ ਕੰਮ ʼਤੇ ਅੱਧੀ ਛੁੱਟੀ ਦਾ ਵੇਲਾ ਹੋਵੇ, ਉਹ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣ ਦੇ ਮੌਕੇ ਭਾਲਦੇ ਹਨ। ਭਾਵੇਂ ਉਹ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਚਾਰ ਕਰਦੇ ਹਨ, ਪਰ ਉਨ੍ਹਾਂ ਦਾ ਟੀਚਾ ਇਹੀ ਹੁੰਦਾ ਹੈ ਕਿ ਜਿੱਥੇ ਕਿਤੇ ਵੀ ਲੋਕ ਮਿਲਣ, ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਵੇ।—ਮੱਤੀ 10:11.
8, 9. (ੳ) ਦੁਨੀਆਂ ਭਰ ਵਿਚ ਹੋ ਰਿਹਾ ਪ੍ਰਚਾਰ ਦਾ ਕੰਮ ਕਿਸੇ ਚਮਤਕਾਰ ਨਾਲੋਂ ਘੱਟ ਕਿਉਂ ਨਹੀਂ ਹੈ? (ਅ) ਕਿਹੜਾ ਦਿਲਚਸਪ ਸਵਾਲ ਪੈਦਾ ਹੁੰਦਾ ਹੈ ਅਤੇ ਸਾਨੂੰ ਇਸ ਦਾ ਜਵਾਬ ਜਾਣਨ ਲਈ ਕੀ ਕਰਨ ਦੀ ਲੋੜ ਹੈ?
8 ਰਾਜ ਦੇ ਪ੍ਰਚਾਰਕ ਅੱਜ 235 ਤੋਂ ਜ਼ਿਆਦਾ ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਕਰ ਰਹੇ ਹਨ। ਕੀ ਤੁਸੀਂ ਉਨ੍ਹਾਂ ਨਾਲ ਮਿਲ ਕੇ ਪ੍ਰਚਾਰ ਕਰ ਰਹੇ ਹੋ? ਜੇ ਹਾਂ, ਤਾਂ ਤੁਸੀਂ ਰਾਜ ਦੇ ਪ੍ਰਚਾਰ ਵਿਚ ਅਹਿਮ ਹਿੱਸਾ ਪਾ ਰਹੇ ਹੋ। ਅੱਜ ਦੁਨੀਆਂ ਭਰ ਵਿਚ ਜਿੰਨਾ ਪ੍ਰਚਾਰ ਹੋ ਚੁੱਕਾ ਹੈ, ਉਹ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ। ਯਹੋਵਾਹ ਦੇ ਗਵਾਹ ਵੱਡੀਆਂ-ਵੱਡੀਆਂ ਰੁਕਾਵਟਾਂ, ਚੁਣੌਤੀਆਂ, ਸਰਕਾਰੀ ਪਾਬੰਦੀਆਂ ਤੇ ਅਤਿਆਚਾਰਾਂ ਦੇ ਬਾਵਜੂਦ ਵੀ ਸਾਰੀਆਂ ਕੌਮਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦੇ ਰਹੇ ਹਨ।
9 ਇਸ ਕਰਕੇ ਇਹ ਦਿਲਚਸਪ ਸਵਾਲ ਪੈਦਾ ਹੁੰਦਾ ਹੈ: ਰਾਜ ਦੇ ਪ੍ਰਚਾਰ ਦੇ ਕੰਮ ਨੂੰ ਕੋਈ ਵੀ ਰੁਕਾਵਟ, ਇੱਥੋਂ ਤਕ ਕਿ ਸ਼ੈਤਾਨ ਦਾ ਵਿਰੋਧ ਵੀ ਕਿਉਂ ਨਹੀਂ ਰੋਕ ਸਕਿਆ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਪਹਿਲੀ ਸਦੀ ਈਸਵੀ ʼਤੇ ਝਾਤ ਮਾਰਨ ਦੀ ਲੋੜ ਹੈ। ਕਿਉਂ? ਕਿਉਂਕਿ ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਜੋ ਕੰਮ ਕਰ ਰਹੇ ਹਾਂ, ਉਹ ਕੰਮ ਉਸ ਵੇਲੇ ਸ਼ੁਰੂ ਹੋਇਆ ਸੀ।
ਇਕ ਮਹਾਨ ਕੰਮ
10. ਯਿਸੂ ਨੇ ਕਿਹੜਾ ਕੰਮ ਜੀ-ਜਾਨ ਲਾ ਕੇ ਕੀਤਾ ਅਤੇ ਇਸ ਕੰਮ ਬਾਰੇ ਉਹ ਕੀ ਜਾਣਦਾ ਸੀ?
10 ਮਸੀਹੀ ਮੰਡਲੀ ਦੇ ਮੋਢੀ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜੀ-ਜਾਨ ਲਾ ਕੇ ਕੀਤਾ ਸੀ ਕਿਉਂਕਿ ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕੰਮ ਸੀ। ਇਕ ਵਾਰ ਉਸ ਨੇ ਕਿਹਾ ਸੀ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” (ਲੂਕਾ 4:43) ਯਿਸੂ ਨੂੰ ਪਤਾ ਸੀ ਕਿ ਉਹ ਜੋ ਕੰਮ ਸ਼ੁਰੂ ਕਰਨ ਜਾ ਰਿਹਾ ਸੀ, ਉਸ ਨੂੰ ਆਪ ਪੂਰਾ ਨਹੀਂ ਕਰ ਸਕੇਗਾ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਰਾਜ ਦੇ ਸੰਦੇਸ਼ ਦਾ ਪ੍ਰਚਾਰ “ਸਾਰੀਆਂ ਕੌਮਾਂ ਵਿਚ” ਕੀਤਾ ਜਾਵੇਗਾ। (ਮਰ. 13:10) ਇਹ ਕੰਮ ਕਿਵੇਂ ਕੀਤਾ ਜਾਣਾ ਸੀ ਅਤੇ ਕਿਨ੍ਹਾਂ ਨੇ ਕਰਨਾ ਸੀ?
11. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਭਾਰੀ ਜ਼ਿੰਮੇਵਾਰੀ ਸੌਂਪੀ ਅਤੇ ਉਹ ਕਿਸ-ਕਿਸ ਦੀ ਮਦਦ ਨਾਲ ਇਹ ਕੰਮ ਕਰ ਸਕਦੇ ਸਨ?
11 ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਇਆ ਅਤੇ ਉਨ੍ਹਾਂ ਨੂੰ ਇਹ ਭਾਰੀ ਜ਼ਿੰਮੇਵਾਰੀ ਸੌਂਪੀ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਦੇ ਨਾਂ ʼਤੇ, ਪੁੱਤਰ ਦੇ ਨਾਂ ʼਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਦਿਓ ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ। ਅਤੇ ਦੇਖੋ! ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:19, 20) ‘ਮੈਂ ਤੁਹਾਡੇ ਨਾਲ ਰਹਾਂਗਾ’ ਕਹਿ ਕੇ ਯਿਸੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਉਹ ਹਮੇਸ਼ਾ ਆਪਣੇ ਚੇਲਿਆਂ ਦੀ ਮਦਦ ਕਰੇਗਾ। ਉਨ੍ਹਾਂ ਨੂੰ ਇਸ ਮਦਦ ਦੀ ਲੋੜ ਪੈਣੀ ਸੀ ਕਿਉਂਕਿ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ‘ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣਨਗੇ।’ (ਮੱਤੀ 24:9) ਚੇਲਿਆਂ ਨੂੰ ਇਕ ਹੋਰ ਤਰੀਕੇ ਨਾਲ ਮਦਦ ਮਿਲਣੀ ਸੀ। ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਮਿਲੇਗੀ ਜਿਸ ਦੀ ਮਦਦ ਨਾਲ ਉਹ ‘ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ ਦੇਣਗੇ।’—ਰਸੂ. 1:8.
12. ਕਿਹੜੇ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ ਅਤੇ ਇਨ੍ਹਾਂ ਦੇ ਜਵਾਬ ਜਾਣਨੇ ਸਾਡੇ ਲਈ ਕਿਉਂ ਜ਼ਰੂਰੀ ਹਨ?
12 ਪਰ ਕੁਝ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ: ਕੀ ਯਿਸੂ ਦੇ ਰਸੂਲਾਂ ਅਤੇ ਪਹਿਲੀ ਸਦੀ ਦੇ ਹੋਰ ਚੇਲਿਆਂ ਨੇ ਇਸ ਕੰਮ ਨੂੰ ਗੰਭੀਰਤਾ ਨਾਲ ਲਿਆ? ਕੀ ਉਨ੍ਹਾਂ ਮੁੱਠੀ ਭਰ ਭੈਣਾਂ-ਭਰਾਵਾਂ ਨੇ ਅਤਿਆਚਾਰ ਦੇ ਬਾਵਜੂਦ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ? ਕੀ ਚੇਲੇ ਬਣਾਉਣ ਦੇ ਕੰਮ ਵਿਚ ਯਹੋਵਾਹ, ਯਿਸੂ ਅਤੇ ਪਵਿੱਤਰ ਸ਼ਕਤੀ ਨੇ ਉਨ੍ਹਾਂ ਦੀ ਮਦਦ ਕੀਤੀ? ਇਨ੍ਹਾਂ ਅਤੇ ਹੋਰ ਸਵਾਲਾਂ ਦੇ ਜਵਾਬ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਮਿਲਦੇ ਹਨ। ਇਹ ਜਵਾਬ ਜਾਣਨੇ ਬਹੁਤ ਜ਼ਰੂਰੀ ਹਨ। ਕਿਉਂ? ਕਿਉਂਕਿ ਯਿਸੂ ਨੇ ਵਾਅਦਾ ਕੀਤਾ ਸੀ ਕਿ ਇਹ ਕੰਮ “ਯੁਗ ਦੇ ਆਖ਼ਰੀ ਸਮੇਂ ਤਕ” ਚੱਲਦਾ ਰਹੇਗਾ। ਸੋ ਇਹ ਕੰਮ ਸਾਰੇ ਸੱਚੇ ਮਸੀਹੀਆਂ ਨੂੰ ਮਿਲਿਆ ਹੈ। ਅੱਜ ਅਸੀਂ ਵੀ ਆਖ਼ਰੀ ਸਮੇਂ ਵਿਚ ਇਹ ਕੰਮ ਕਰ ਰਹੇ ਹਾਂ। ਇਸ ਲਈ ਅਸੀਂ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦਿੱਤੀ ਜਾਣਕਾਰੀ ਵਿਚ ਗਹਿਰੀ ਦਿਲਚਸਪੀ ਰੱਖਦੇ ਹਾਂ।
ਰਸੂਲਾਂ ਦੀ ਕਿਤਾਬ ਦੀਆਂ ਖ਼ਾਸ-ਖ਼ਾਸ ਗੱਲਾਂ
13, 14. (ੳ) ਰਸੂਲਾਂ ਦੇ ਕੰਮ ਦੀ ਕਿਤਾਬ ਦਾ ਲਿਖਾਰੀ ਕੌਣ ਹੈ ਅਤੇ ਉਸ ਨੇ ਜਾਣਕਾਰੀ ਕਿੱਥੋਂ ਲਈ? (ਅ) ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਕਿਹੜੀ ਜਾਣਕਾਰੀ ਦਿੱਤੀ ਗਈ ਹੈ?
13 ਰਸੂਲਾਂ ਦੇ ਕੰਮ ਦੀ ਕਿਤਾਬ ਕਿਸ ਨੇ ਲਿਖੀ ਸੀ? ਭਾਵੇਂ ਕਿ ਇਸ ਕਿਤਾਬ ਵਿਚ ਲਿਖਾਰੀ ਦਾ ਨਾਂ ਨਹੀਂ ਦੱਸਿਆ ਗਿਆ ਹੈ, ਪਰ ਇਸ ਕਿਤਾਬ ਦੀ ਪਹਿਲੀ ਆਇਤ ਤੋਂ ਪਤਾ ਲੱਗਦਾ ਹੈ ਕਿ ਲੂਕਾ ਦੀ ਇੰਜੀਲ ਦੇ ਲਿਖਾਰੀ ਨੇ ਹੀ ਇਹ ਕਿਤਾਬ ਲਿਖੀ ਸੀ। (ਲੂਕਾ 1:1-4; ਰਸੂ. 1:1, 2) ਇਸ ਲਈ ਪੁਰਾਣੇ ਸਮਿਆਂ ਤੋਂ ਹੀ ਮੰਨਿਆ ਜਾਂਦਾ ਹੈ ਕਿ ਲੂਕਾ ਹੀ ਇਸ ਕਿਤਾਬ ਦਾ ਲਿਖਾਰੀ ਹੈ ਜੋ ‘ਪਿਆਰਾ ਹਕੀਮ’ ਅਤੇ ਭਰੋਸੇਯੋਗ ਇਤਿਹਾਸਕਾਰ ਸੀ। (ਕੁਲੁ. 4:14) ਇਸ ਕਿਤਾਬ ਵਿਚ 28 ਸਾਲਾਂ ਦਾ ਇਤਿਹਾਸ ਦਿੱਤਾ ਗਿਆ ਹੈ ਯਾਨੀ 33 ਈਸਵੀ ਵਿਚ ਯਿਸੂ ਦੇ ਸਵਰਗ ਜਾਣ ਤੋਂ ਲੈ ਕੇ ਲਗਭਗ 61 ਈਸਵੀ ਨੂੰ ਰੋਮ ਵਿਚ ਪੌਲੁਸ ਨੂੰ ਕੈਦ ਵਿਚ ਰੱਖੇ ਜਾਣ ਤਕ। ਇਸ ਕਿਤਾਬ ਵਿਚ ਘਟਨਾਵਾਂ ਦੀ ਜਾਣਕਾਰੀ ਦਿੰਦੇ ਸਮੇਂ ਲੂਕਾ ਨੇ ਕਿਤੇ “ਉਹ” ਅਤੇ ਕਿਤੇ “ਅਸੀਂ” ਸ਼ਬਦ ਵਰਤੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਈ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ। (ਰਸੂ. 16:8-10; 20:5; 27:1) ਉਸ ਨੂੰ ਪੌਲੁਸ, ਬਰਨਾਬਾਸ, ਫ਼ਿਲਿੱਪੁਸ ਤੇ ਇਸ ਕਿਤਾਬ ਵਿਚ ਦੱਸੇ ਹੋਰ ਲੋਕਾਂ ਤੋਂ ਜਾਣਕਾਰੀ ਮਿਲੀ ਸੀ ਅਤੇ ਉਸ ਨੇ ਬੜੇ ਧਿਆਨ ਨਾਲ ਸਾਰੀ ਜਾਣਕਾਰੀ ਇਕੱਠੀ ਕਰ ਕੇ ਕਿਤਾਬ ਵਿਚ ਦਰਜ ਕੀਤੀ।
14 ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਕਿਹੜੀ ਜਾਣਕਾਰੀ ਦਿੱਤੀ ਗਈ ਹੈ? ਲੂਕਾ ਨੇ ਆਪਣੀ ਇੰਜੀਲ ਵਿਚ ਯਿਸੂ ਦੇ ਕੰਮਾਂ ਅਤੇ ਉਸ ਦੀਆਂ ਕਹੀਆਂ ਗੱਲਾਂ ਬਾਰੇ ਲਿਖਿਆ। ਪਰ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਲੂਕਾ ਨੇ ਦੱਸਿਆ ਕਿ ਯਿਸੂ ਦੇ ਚੇਲਿਆਂ ਨੇ ਕੀ ਕਿਹਾ ਤੇ ਕਿਹੜੇ ਕੰਮ ਕੀਤੇ ਸਨ। ਦਰਅਸਲ ਇਸ ਕਿਤਾਬ ਵਿਚ ਉਨ੍ਹਾਂ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੂੰ “ਘੱਟ ਪੜ੍ਹੇ-ਲਿਖੇ ਅਤੇ ਆਮ” ਸਮਝਿਆ ਜਾਂਦਾ ਸੀ, ਪਰ ਇਨ੍ਹਾਂ ਆਮ ਲੋਕਾਂ ਨੇ ਇਕ ਬਹੁਤ ਖ਼ਾਸ ਕੰਮ ਕੀਤਾ। (ਰਸੂ. 4:13) ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਇਸ ਕਿਤਾਬ ਵਿਚ ਦੱਸਿਆ ਹੈ ਕਿ ਮਸੀਹੀ ਮੰਡਲੀ ਕਿਵੇਂ ਬਣੀ ਅਤੇ ਵਧੀ-ਫੁੱਲੀ ਸੀ। ਇਹ ਕਿਤਾਬ ਦੱਸਦੀ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਕਿਹੜੇ ਤਰੀਕਿਆਂ ਨਾਲ ਪ੍ਰਚਾਰ ਕੀਤਾ ਸੀ ਅਤੇ ਉਨ੍ਹਾਂ ਦਾ ਰਵੱਈਆ ਕੀ ਸੀ। (ਰਸੂ. 4:31; 5:42) ਇਸ ਵਿਚ ਦੱਸਿਆ ਹੈ ਕਿ ਖ਼ੁਸ਼ ਖ਼ਬਰੀ ਫੈਲਾਉਣ ਵਿਚ ਪਵਿੱਤਰ ਸ਼ਕਤੀ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ। (ਰਸੂ. 8:29, 39, 40; 13:1-3; 16:6; 18:24, 25) ਬਾਈਬਲ ਦੀਆਂ ਹੋਰ ਕਿਤਾਬਾਂ ਵਾਂਗ ਰਸੂਲਾਂ ਦੇ ਕੰਮ ਦੀ ਕਿਤਾਬ ਵੀ ਮਸੀਹ ਦੇ ਅਧੀਨ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਦੀ ਹੈ ਜੋ ਪਰਮੇਸ਼ੁਰ ਦਾ ਨਾਂ ਪਵਿੱਤਰ ਕਰੇਗਾ। ਨਾਲੇ ਇਹ ਕਿਤਾਬ ਦੱਸਦੀ ਹੈ ਕਿ ਸਖ਼ਤ ਵਿਰੋਧ ਦੇ ਬਾਵਜੂਦ ਰਾਜ ਦਾ ਸੰਦੇਸ਼ ਕਿਵੇਂ ਫੈਲਦਾ ਗਿਆ।—ਰਸੂ. 8:12; 19:8; 28:30, 31.
15. ਰਸੂਲਾਂ ਦੇ ਕੰਮ ਦੀ ਕਿਤਾਬ ਦੀ ਜਾਂਚ ਕਰ ਕੇ ਸਾਨੂੰ ਕਿਹੜੇ ਫ਼ਾਇਦੇ ਹੋਣਗੇ?
15 ਰਸੂਲਾਂ ਦੇ ਕੰਮ ਦੀ ਕਿਤਾਬ ਦੀ ਜਾਂਚ ਕਰ ਕੇ ਨਾ ਸਿਰਫ਼ ਸਾਡਾ ਹੌਸਲਾ ਵਧੇਗਾ, ਸਗੋਂ ਸਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ। ਪਹਿਲੀ ਸਦੀ ਦੇ ਚੇਲਿਆਂ ਦੀ ਦਲੇਰੀ ਅਤੇ ਜੋਸ਼ ਦੀ ਮਿਸਾਲ ਦਾ ਸਾਡੇ ʼਤੇ ਗਹਿਰਾ ਅਸਰ ਹੋਵੇਗਾ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਨਿਹਚਾ ਦੀ ਰੀਸ ਕਰਨ ਲਈ ਪ੍ਰੇਰਿਤ ਹੋਵਾਂਗੇ। ਇਸ ਤਰ੍ਹਾਂ ਅਸੀਂ ‘ਚੇਲੇ ਬਣਾਉਣ’ ਦਾ ਕੰਮ ਬਾਖੂਬੀ ਕਰ ਸਕਾਂਗੇ। ਇਹ ਕਿਤਾਬ ਜੋ ਤੁਸੀਂ ਪੜ੍ਹ ਰਹੇ ਹੋ, ਇਸ ਲਈ ਤਿਆਰ ਕੀਤੀ ਗਈ ਹੈ ਤਾਂਕਿ ਤੁਸੀਂ ਧਿਆਨ ਨਾਲ ਰਸੂਲਾਂ ਦੇ ਕੰਮ ਦੀ ਕਿਤਾਬ ਦੀ ਸਟੱਡੀ ਕਰ ਸਕੋ।
ਬਾਈਬਲ ਦਾ ਅਧਿਐਨ ਕਰਨ ਵਿਚ ਮਦਦਗਾਰ
16. ਇਸ ਕਿਤਾਬ ਦਾ ਕੀ ਮਕਸਦ ਹੈ?
16 ਇਸ ਕਿਤਾਬ ਨੂੰ ਤਿਆਰ ਕਰਨ ਦਾ ਮਕਸਦ ਕੀ ਹੈ? ਇਸ ਦੇ ਤਿੰਨ ਮਕਸਦ ਹਨ: (1) ਇਸ ਗੱਲ ʼਤੇ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਕਰਨਾ ਕਿ ਰਾਜ ਦਾ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਦੇ ਕੰਮ ਵਿਚ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਦੁਆਰਾ ਸਾਡੀ ਮਦਦ ਕਰਦਾ ਹੈ, (2) ਪਹਿਲੀ ਸਦੀ ਦੇ ਚੇਲਿਆਂ ਦੀ ਮਿਸਾਲ ʼਤੇ ਸੋਚ-ਵਿਚਾਰ ਕਰ ਕੇ ਪ੍ਰਚਾਰ ਕਰਨ ਲਈ ਸਾਡੇ ਵਿਚ ਜੋਸ਼ ਪੈਦਾ ਕਰਨਾ ਅਤੇ (3) ਸਾਡੇ ਦਿਲ ਵਿਚ ਉਨ੍ਹਾਂ ਭਰਾਵਾਂ ਲਈ ਆਦਰ ਹੋਰ ਗਹਿਰਾ ਕਰਨਾ ਜਿਹੜੇ ਯਹੋਵਾਹ ਦੇ ਸੰਗਠਨ ਅਤੇ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਦੇ ਹਨ ਅਤੇ ਮੰਡਲੀਆਂ ਵਿਚ ਨਿਗਰਾਨੀ ਕਰਦੇ ਹਨ।
17, 18. ਇਸ ਕਿਤਾਬ ਵਿਚ ਜਾਣਕਾਰੀ ਕਿਵੇਂ ਪੇਸ਼ ਕੀਤੀ ਗਈ ਹੈ ਅਤੇ ਕਿਹੜੀਆਂ ਗੱਲਾਂ ਬਾਈਬਲ ਦਾ ਅਧਿਐਨ ਕਰਨ ਵਿਚ ਮਦਦਗਾਰ ਹੋਣਗੀਆਂ?
17 ਇਸ ਕਿਤਾਬ ਵਿਚ ਜਾਣਕਾਰੀ ਕਿਵੇਂ ਪੇਸ਼ ਕੀਤੀ ਗਈ ਹੈ? ਤੁਸੀਂ ਦੇਖੋਗੇ ਕਿ ਇਸ ਨੂੰ ਅੱਠ ਭਾਗਾਂ ਵਿਚ ਵੰਡਿਆ ਗਿਆ ਹੈ ਅਤੇ ਹਰ ਭਾਗ ਵਿਚ ਰਸੂਲਾਂ ਦੇ ਕੰਮ ਦੀ ਕਿਤਾਬ ਦੇ ਕੁਝ ਅਧਿਆਵਾਂ ʼਤੇ ਚਰਚਾ ਕੀਤੀ ਗਈ ਹੈ। ਪਰ ਇਸ ਵਿਚ ਇਕ-ਇਕ ਆਇਤ ਉੱਤੇ ਚਰਚਾ ਨਹੀਂ ਕੀਤੀ ਗਈ ਹੈ, ਸਗੋਂ ਦੱਸਿਆ ਗਿਆ ਹੈ ਕਿ ਰਸੂਲਾਂ ਦੇ ਕੰਮ ਵਿਚ ਜ਼ਿਕਰ ਕੀਤੀਆਂ ਘਟਨਾਵਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਅਤੇ ਸਿੱਖੀਆਂ ਗੱਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਹਰ ਅਧਿਆਇ ਦੇ ਸ਼ੁਰੂ ਵਿਚ ਇਕ ਮੁੱਖ ਵਾਕ ਦਿੱਤਾ ਗਿਆ ਹੈ ਜੋ ਅਧਿਆਇ ਦਾ ਸਾਰ ਦੱਸਦਾ ਹੈ ਅਤੇ ਰਸੂਲਾਂ ਦੇ ਕੰਮ ਦੀ ਕਿਤਾਬ ਵਿੱਚੋਂ ਉਨ੍ਹਾਂ ਆਇਤਾਂ ਦਾ ਹਵਾਲਾ ਦਿੱਤਾ ਗਿਆ ਹੈ ਜਿਨ੍ਹਾਂ ʼਤੇ ਚਰਚਾ ਕੀਤੀ ਜਾਵੇਗੀ।
18 ਇਹ ਕਿਤਾਬ ਹੋਰ ਵੀ ਕਈ ਤਰੀਕਿਆਂ ਨਾਲ ਬਾਈਬਲ ਦਾ ਅਧਿਐਨ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ। ਇਸ ਕਿਤਾਬ ਵਿਚ ਦਿਲਚਸਪ ਘਟਨਾਵਾਂ ਦੀਆਂ ਸੋਹਣੀਆਂ ਤਸਵੀਰਾਂ ਵੀ ਦਿੱਤੀਆਂ ਗਈਆਂ ਹਨ। ਬਾਈਬਲ ʼਤੇ ਗੌਰ ਕਰਦਿਆਂ ਅਸੀਂ ਇਨ੍ਹਾਂ ਤਸਵੀਰਾਂ ਦੀ ਮਦਦ ਨਾਲ ਉਨ੍ਹਾਂ ਘਟਨਾਵਾਂ ਦੀ ਕਲਪਨਾ ਕਰ ਸਕਦੇ ਹਾਂ। ਕਈ ਅਧਿਆਵਾਂ ਵਿਚ ਡੱਬੀਆਂ ਦਿੱਤੀਆਂ ਗਈਆਂ ਹਨ ਜੋ ਵਧੇਰੇ ਜਾਣਕਾਰੀ ਦਿੰਦੀਆਂ ਹਨ। ਕੁਝ ਡੱਬੀਆਂ ਵਿਚ ਪਰਮੇਸ਼ੁਰ ਦੇ ਨਿਹਚਾਵਾਨ ਸੇਵਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦੀ ਅਸੀਂ ਰੀਸ ਕਰ ਸਕਦੇ ਹਾਂ। ਕੁਝ ਡੱਬੀਆਂ ਵਿਚ ਥਾਵਾਂ, ਘਟਨਾਵਾਂ, ਰੀਤੀ-ਰਿਵਾਜਾਂ ਜਾਂ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦੱਸੇ ਹੋਰ ਲੋਕਾਂ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ।
19. ਸਾਨੂੰ ਸਮੇਂ-ਸਮੇਂ ਤੇ ਆਪਣੀ ਕਿਹੜੀ ਜਾਂਚ ਕਰਨੀ ਚਾਹੀਦੀ ਹੈ?
19 ਇਸ ਕਿਤਾਬ ਦੀ ਮਦਦ ਨਾਲ ਅਸੀਂ ਆਪਣੀ ਜਾਂਚ ਵੀ ਕਰ ਸਕਦੇ ਹਾਂ। ਭਾਵੇਂ ਅਸੀਂ ਜਿੰਨੇ ਮਰਜ਼ੀ ਸਾਲਾਂ ਤੋਂ ਰਾਜ ਦਾ ਪ੍ਰਚਾਰ ਕਰ ਰਹੇ ਹਾਂ, ਫਿਰ ਵੀ ਸਮੇਂ-ਸਮੇਂ ʼਤੇ ਸਾਨੂੰ ਆਪਣੀ ਜ਼ਿੰਦਗੀ ʼਤੇ ਨਜ਼ਰ ਮਾਰਨੀ ਚਾਹੀਦੀ ਹੈ ਕਿ ਅਸੀਂ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹਾਂ ਅਤੇ ਪ੍ਰਚਾਰ ਬਾਰੇ ਸਾਡਾ ਨਜ਼ਰੀਆ ਕਿਹੋ ਜਿਹਾ ਹੈ। (2 ਕੁਰਿੰ. 13:5) ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਮੰਨਦਾ ਹਾਂ ਕਿ ਪ੍ਰਚਾਰ ਕਰਨ ਲਈ ਬਹੁਤ ਘੱਟ ਸਮਾਂ ਰਹਿ ਗਿਆ ਹੈ? (1 ਕੁਰਿੰ. 7:29-31) ਕੀ ਮੈਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਕਰ ਰਿਹਾ ਹਾਂ? (1 ਥੱਸ. 1:5, 6) ਕੀ ਮੈਂ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਆਪਣੀ ਪੂਰੀ ਵਾਹ ਲਾ ਰਿਹਾ ਹਾਂ?’—ਕੁਲੁ. 3:23.
20, 21. ਸਾਡਾ ਕੰਮ ਇੰਨਾ ਜ਼ਰੂਰੀ ਕਿਉਂ ਹੈ ਅਤੇ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?
20 ਆਓ ਆਪਾਂ ਹਮੇਸ਼ਾ ਯਾਦ ਰੱਖੀਏ ਕਿ ਸਾਨੂੰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਅਹਿਮ ਕੰਮ ਦਿੱਤਾ ਗਿਆ ਹੈ। ਸਮੇਂ ਦੇ ਬੀਤਣ ਨਾਲ ਇਸ ਕੰਮ ਦੀ ਅਹਿਮੀਅਤ ਹੋਰ ਵੀ ਵਧਦੀ ਜਾ ਰਹੀ ਹੈ। ਇਸ ਦੁਨੀਆਂ ਦਾ ਅੰਤ ਤੇਜ਼ੀ ਨਾਲ ਨੇੜੇ ਆ ਰਿਹਾ ਹੈ। ਪਹਿਲਾਂ ਨਾਲੋਂ ਹੁਣ ਜ਼ਿਆਦਾ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ। ਅਸੀਂ ਨਹੀਂ ਜਾਣਦੇ ਕਿ ਅਜੇ ਹੋਰ ਕਿੰਨੇ ਕੁ ਲੋਕ ਸਾਡਾ ਸੰਦੇਸ਼ ਸੁਣ ਕੇ ਸੱਚਾਈ ਵਿਚ ਆਉਣਗੇ। (ਰਸੂ. 13:48) ਪਰ ਸਾਡੀ ਜ਼ਿੰਮੇਵਾਰੀ ਹੈ ਕਿ ਦੇਰ ਹੋਣ ਤੋਂ ਪਹਿਲਾਂ-ਪਹਿਲਾਂ ਅਸੀਂ ਉਨ੍ਹਾਂ ਦੀ ਮਦਦ ਕਰੀਏ।—1 ਤਿਮੋ. 4:16.
21 ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਪਹਿਲੀ ਸਦੀ ਦੇ ਜੋਸ਼ੀਲੇ ਪ੍ਰਚਾਰਕਾਂ ਦੀ ਮਿਸਾਲ ਉੱਤੇ ਚੱਲੀਏ। ਇਸ ਕਿਤਾਬ ਦਾ ਧਿਆਨ ਨਾਲ ਅਧਿਐਨ ਕਰ ਕੇ ਸਾਨੂੰ ਹੋਰ ਜੋਸ਼ ਅਤੇ ਦਲੇਰੀ ਨਾਲ ਪ੍ਰਚਾਰ ਕਰਨ ਦੀ ਪ੍ਰੇਰਣਾ ਮਿਲੇਗੀ। ਨਾਲੇ ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦੇ’ ਰਹਿਣ ਦਾ ਸਾਡਾ ਇਰਾਦਾ ਹੋਰ ਪੱਕਾ ਹੋਵੇਗਾ।—ਰਸੂ. 28:23.