ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਸੇਧ ਨੂੰ ਨਾ ਠੁਕਰਾਓ
“ਪਰਮੇਸ਼ੁਰ ਦੀ ਪਵਿੱਤਰ [ਸ਼ਕਤੀ] ਨੂੰ ਜਿਹ ਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ।”—ਅਫ਼. 4:30.
1. ਯਹੋਵਾਹ ਨੇ ਲੱਖਾਂ ਲੋਕਾਂ ਲਈ ਕੀ ਕੀਤਾ ਹੈ ਅਤੇ ਉਨ੍ਹਾਂ ਦਾ ਕੀ ਫ਼ਰਜ਼ ਬਣਦਾ ਹੈ?
ਦੁੱਖਾਂ ਭਰੀ ਇਸ ਦੁਨੀਆਂ ਵਿਚ ਰਹਿੰਦੇ ਲੱਖਾਂ ਲੋਕਾਂ ਲਈ ਯਹੋਵਾਹ ਨੇ ਇਕ ਬਹੁਤ ਹੀ ਖ਼ਾਸ ਕੰਮ ਕੀਤਾ ਹੈ। ਉਸ ਨੇ ਉਨ੍ਹਾਂ ਲਈ ਮੁਮਕਿਨ ਬਣਾਇਆ ਹੈ ਕਿ ਉਹ ਉਸ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਰਾਹੀਂ ਉਸ ਦੇ ਨੇੜੇ ਆ ਸਕਦੇ ਹਨ। (ਯੂਹੰ. 6:44) ਤੁਸੀਂ ਵੀ ਉਨ੍ਹਾਂ ਵਿਚ ਗਿਣੇ ਜਾਂਦੇ ਹੋ ਜੇ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਸਮਰਪਿਤ ਕਰ ਚੁੱਕੇ ਹੋ ਅਤੇ ਇਸ ਸਮਰਪਣ ਅਨੁਸਾਰ ਜੀ ਰਹੇ ਹੋ। ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਲੈਣ ਕਰਕੇ ਹੁਣ ਇਹ ਤੁਹਾਡਾ ਫ਼ਰਜ਼ ਬਣਦਾ ਹੈ ਕਿ ਇਸ ਦੀ ਸੇਧ ਵਿਚ ਚੱਲੋ।—ਮੱਤੀ 28:19.
2. ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?
2 ਅਸੀਂ ਨਵੇਂ ਸੁਭਾਅ ਦੇ ਬਣਦੇ ਹਾਂ ਕਿਉਂਕਿ ਅਸੀਂ ‘ਸ਼ਕਤੀ ਲਈ ਬੀਜਦੇ’ ਹਾਂ। (ਗਲਾ. 6:8; ਅਫ਼. 4:17-24) ਫਿਰ ਵੀ ਪੌਲੁਸ ਰਸੂਲ ਸਾਨੂੰ ਸਲਾਹ ਅਤੇ ਚੇਤਾਵਨੀ ਦਿੰਦਾ ਹੈ ਕਿ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਨਾ ਜਾਈਏ। (ਅਫ਼ਸੀਆਂ 4:25-32 ਪੜ੍ਹੋ।) ਇਸ ਲਈ ਆਓ ਆਪਾਂ ਇਸ ਸਲਾਹ ਉੱਤੇ ਧਿਆਨ ਨਾਲ ਗੌਰ ਕਰੀਏ। ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਕਿ ਪਰਮੇਸ਼ੁਰ ਦੀ ਸ਼ਕਤੀ ਨੂੰ ਉਦਾਸ ਨਾ ਕਰੋ? ਪਰਮੇਸ਼ੁਰ ਨੂੰ ਸਮਰਪਿਤ ਕੋਈ ਵੀ ਭੈਣ ਜਾਂ ਭਰਾ ਇੱਦਾਂ ਕਿਵੇਂ ਕਰ ਸਕਦਾ ਹੈ? ਅਸੀਂ ਪਰਮੇਸ਼ੁਰ ਦੀ ਸ਼ਕਤੀ ਦੇ ਖ਼ਿਲਾਫ਼ ਜਾਣ ਤੋਂ ਕਿਵੇਂ ਬਚ ਸਕਦੇ ਹਾਂ?
ਪੌਲੁਸ ਦਾ ਕੀ ਮਤਲਬ ਸੀ
3. ਤੁਸੀਂ ਅਫ਼ਸੀਆਂ 4:30 ਵਿਚ ਦਰਜ ਸ਼ਬਦਾਂ ਦਾ ਮਤਲਬ ਕਿਵੇਂ ਸਮਝਾਓਗੇ?
3 ਸਭ ਤੋਂ ਪਹਿਲਾਂ ਆਓ ਆਪਾਂ ਅਫ਼ਸੀਆਂ 4:30 ਵਿਚ ਦਰਜ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦੇਈਏ। ਉਸ ਨੇ ਲਿਖਿਆ: “ਪਰਮੇਸ਼ੁਰ [ਦੀ ਪਵਿੱਤਰ ਸ਼ਕਤੀ] ਨੂੰ ਜਿਹ ਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ।” ਪੌਲੁਸ ਨਹੀਂ ਚਾਹੁੰਦਾ ਸੀ ਕਿ ਉਸ ਦੇ ਪਿਆਰੇ ਭੈਣ-ਭਰਾ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਖ਼ਤਰੇ ਵਿਚ ਪਾਉਣ। ਯਹੋਵਾਹ ਨੇ ਆਪਣੀ ਸ਼ਕਤੀ ਨਾਲ ਉਨ੍ਹਾਂ ਦੇ ‘ਨਿਸਤਾਰੇ ਦੇ ਦਿਨ ਤੀਕ ਉਨ੍ਹਾਂ ਉੱਤੇ ਮੋਹਰ’ ਲਾਈ ਸੀ। ਪਰਮੇਸ਼ੁਰ ਦੀ ਸ਼ਕਤੀ ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਲਈ ਮੋਹਰ ਜਾਂ “ਸਾਈ” ਸੀ ਤੇ ਅਜੇ ਵੀ ਹੈ। (2 ਕੁਰਿੰ. 1:22) ਮੋਹਰ ਦਾ ਮਤਲਬ ਹੈ ਕਿ ਇਹ ਮਸੀਹੀ ਪਰਮੇਸ਼ੁਰ ਦੀ ਅਮਾਨਤ ਹਨ ਤੇ ਭਵਿੱਖ ਵਿਚ ਉਨ੍ਹਾਂ ਨੂੰ ਸਵਰਗ ਵਿਚ ਜ਼ਿੰਦਗੀ ਮਿਲੇਗੀ। ਜਿਨ੍ਹਾਂ ਉੱਤੇ ਆਖ਼ਰੀ ਮੋਹਰ ਲੱਗੇਗੀ, ਉਨ੍ਹਾਂ ਦੀ ਗਿਣਤੀ 1,44,000 ਹੈ।—ਪਰ. 7:2-4.
4. ਕਿਉਂ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਨਾ ਜਾਈਏ?
4 ਜੇ ਅਸੀਂ ਪਰਮੇਸ਼ੁਰ ਦੀ ਸ਼ਕਤੀ ਨੂੰ ਉਦਾਸ ਕਰਦੇ ਹਾਂ ਯਾਨੀ ਇਸ ਦੀ ਸੇਧ ਨੂੰ ਠੁਕਰਾਉਂਦੇ ਹਾਂ, ਤਾਂ ਇਹ ਸ਼ਕਤੀ ਸਾਡੀ ਜ਼ਿੰਦਗੀ ʼਤੇ ਅਸਰ ਕਰਨਾ ਬਿਲਕੁਲ ਛੱਡ ਸਕਦੀ ਹੈ। ਇਹ ਅਸੀਂ ਦਾਊਦ ਦੀ ਉਸ ਗੱਲ ਤੋਂ ਦੇਖ ਸਕਦੇ ਹਾਂ ਜੋ ਉਸ ਨੇ ਬਥ-ਸ਼ਬਾ ਨਾਲ ਪਾਪ ਕਰਨ ਤੋਂ ਬਾਅਦ ਕਹੀ ਸੀ। ਦਾਊਦ ਨੇ ਵਾਰ-ਵਾਰ ਯਹੋਵਾਹ ਅੱਗੇ ਤਰਲੇ ਕੀਤੇ: ‘ਮੈਨੂੰ ਆਪਣੇ ਹਜ਼ੂਰੋਂ ਨਾ ਧੱਕ, ਅਤੇ ਆਪਣੀ ਪਵਿੱਤਰ ਸ਼ਕਤੀ ਮੈਥੋਂ ਨਾ ਲੈ!’ (ਜ਼ਬੂ. 51:11) ਸਿਰਫ਼ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਅਮਰ ਜੀਵਨ ਦਾ “ਮੁਕਟ” ਮਿਲੇਗਾ ਜੋ “ਮਰਨ ਤੋੜੀ ਵਫ਼ਾਦਾਰ” ਰਹਿਣਗੇ। (ਪਰ. 2:10; 1 ਕੁਰਿੰ. 15:53) ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਨੂੰ ਵੀ ਪਵਿੱਤਰ ਸ਼ਕਤੀ ਦੀ ਲੋੜ ਹੈ ਜੇ ਉਨ੍ਹਾਂ ਨੇ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਹਿਣਾ ਹੈ ਅਤੇ ਮਸੀਹ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਜ਼ਿੰਦਗੀ ਦਾ ਤੋਹਫ਼ਾ ਲੈਣਾ ਹੈ। (ਯੂਹੰ. 3:36; ਰੋਮੀ. 5:8; 6:23) ਇਸ ਲਈ, ਸਾਨੂੰ ਸਾਰਿਆਂ ਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਜਾਣ ਤੋਂ ਬਚਣਾ ਚਾਹੀਦਾ ਹੈ।
ਇਕ ਮਸੀਹੀ ਪਵਿੱਤਰ ਸ਼ਕਤੀ ਨੂੰ ਕਿਵੇਂ ਉਦਾਸ ਕਰ ਸਕਦਾ ਹੈ?
5, 6. ਇਕ ਮਸੀਹੀ ਕਿਵੇਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਨੂੰ ਠੁਕਰਾ ਸਕਦਾ ਹੈ?
5 ਸਮਰਪਿਤ ਮਸੀਹੀਆਂ ਵਜੋਂ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਨੂੰ ਠੁਕਰਾਉਣ ਤੋਂ ਬਚ ਸਕਦੇ ਹਾਂ। ਇਹ ਤਾਹੀਓਂ ਮੁਮਕਿਨ ਹੋ ਸਕਦਾ ਹੈ ਜੇ ਅਸੀਂ ‘ਸ਼ਕਤੀ ਦੁਆਰਾ ਜੀਉਂਦੇ ਅਤੇ ਚੱਲਦੇ’ ਰਹੀਏ। ਫਿਰ ਅਸੀਂ ਗ਼ਲਤ ਇੱਛਾਵਾਂ ʼਤੇ ਕਾਬੂ ਪਾ ਸਕਾਂਗੇ ਅਤੇ ਔਗੁਣ ਨਹੀਂ ਦਿਖਾਵਾਂਗੇ। (ਗਲਾ. 5:16, 25, 26) ਪਰ ਇਸ ਦੇ ਉਲਟ ਵੀ ਹੋ ਸਕਦਾ ਹੈ। ਅਸੀਂ ਸ਼ਾਇਦ ਹੌਲੀ-ਹੌਲੀ ਅਜਿਹੇ ਕੰਮ ਕਰਨ ਲੱਗ ਪਈਏ ਜਿਨ੍ਹਾਂ ਨੂੰ ਬਾਈਬਲ ਵਿਚ ਨਿੰਦਿਆ ਗਿਆ ਹੈ। ਇਸ ਦਾ ਸ਼ਾਇਦ ਸਾਨੂੰ ਪਤਾ ਵੀ ਨਾ ਲੱਗੇ ਜਿਸ ਕਰਕੇ ਅਸੀਂ ਕੁਝ ਹੱਦ ਤਕ ਪਰਮੇਸ਼ੁਰ ਦੀ ਸ਼ਕਤੀ ਦੇ ਖ਼ਿਲਾਫ਼ ਚਲੇ ਜਾਵਾਂਗੇ।
6 ਜੇ ਅਸੀਂ ਲਗਾਤਾਰ ਪਵਿੱਤਰ ਸ਼ਕਤੀ ਦੀ ਸੇਧ ਦੇ ਉਲਟ ਕੰਮ ਕਰਦੇ ਰਹੀਏ, ਤਾਂ ਅਸੀਂ ਇਸ ਦੇ ਸੋਮੇ ਯਹੋਵਾਹ ਨੂੰ ਉਦਾਸ ਕਰਦੇ ਹੋਵਾਂਗੇ। ਅਫ਼ਸੀਆਂ 4:25-32 ਦੀ ਜਾਂਚ ਕਰਨ ਨਾਲ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਹਨ ਅਤੇ ਅਸੀਂ ਕਿਵੇਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਨੂੰ ਠੁਕਰਾਉਣ ਤੋਂ ਬਚ ਸਕਦੇ ਹਾਂ।
ਪਵਿੱਤਰ ਸ਼ਕਤੀ ਦੀ ਸੇਧ ਦੇ ਉਲਟ ਜਾਣ ਤੋਂ ਕਿਵੇਂ ਬਚੀਏ
7, 8. ਸਮਝਾਓ ਕਿ ਸਾਨੂੰ ਸੱਚ ਕਿਉਂ ਬੋਲਣਾ ਚਾਹੀਦਾ ਹੈ।
7 ਸਾਨੂੰ ਸੱਚ ਬੋਲਣਾ ਚਾਹੀਦਾ ਹੈ। ਅਫ਼ਸੀਆਂ 4:25 ਵਿਚ ਪੌਲੁਸ ਨੇ ਲਿਖਿਆ: “ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ।” ਅਸੀਂ ਵੀ “ਇੱਕ ਦੂਏ ਦੇ ਅੰਗ ਹਾਂ” ਯਾਨੀ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਹਾਂ। ਇਸ ਲਈ ਸਾਨੂੰ ਚਲਾਕੀ ਨਾਲ ਜਾਂ ਜਾਣ-ਬੁੱਝ ਕੇ ਆਪਣੇ ਭੈਣਾਂ-ਭਰਾਵਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਝੂਠ ਬੋਲਣ ਦੇ ਬਰਾਬਰ ਹੈ। ਜੇ ਕੋਈ ਇੱਦਾਂ ਕਰਦਾ ਰਹਿੰਦਾ ਹੈ, ਤਾਂ ਪਰਮੇਸ਼ੁਰ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ ਰਹਿ ਜਾਵੇਗਾ।—ਕਹਾਉਤਾਂ 3:32 ਪੜ੍ਹੋ।
8 ਧੋਖੇ ਭਰੀਆਂ ਗੱਲਾਂ ਅਤੇ ਕੰਮ ਕਲੀਸਿਯਾ ਦੀ ਏਕਤਾ ਤੋੜ ਸਕਦੇ ਹਨ। ਇਸ ਲਈ ਸਾਨੂੰ ਭਰੋਸੇਯੋਗ ਦਾਨੀਏਲ ਨਬੀ ਵਰਗੇ ਬਣਨਾ ਚਾਹੀਦਾ ਹੈ ਜਿਸ ਵਿਚ ਦੂਸਰੇ ਕੋਈ ਖੋਟ ਨਹੀਂ ਲੱਭ ਸਕੇ। (ਦਾਨੀ. 6:4) ਸਾਨੂੰ ਪੌਲੁਸ ਦੀ ਸਲਾਹ ਚੇਤੇ ਰੱਖਣੀ ਚਾਹੀਦੀ ਹੈ ਜੋ ਉਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਿੱਤੀ ਸੀ। ਉਸ ਨੇ ਕਿਹਾ ਸੀ ਕਿ “ਮਸੀਹ ਦੀ ਦੇਹੀ” ਦਾ ਹਰ ਮੈਂਬਰ ਦੂਸਰੇ ਮੈਂਬਰਾਂ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਨੂੰ ਯਿਸੂ ਦੇ ਮਸਹ ਕੀਤੇ ਹੋਏ ਸੱਚੇ ਮਸੀਹੀਆਂ ਨਾਲ ਜੁੜੇ ਰਹਿਣਾ ਚਾਹੀਦਾ ਹੈ। (ਅਫ਼. 4:11, 12) ਜੇ ਅਸੀਂ ਭਵਿੱਖ ਵਿਚ ਸੋਹਣੀ ਧਰਤੀ ਉੱਤੇ ਹਮੇਸ਼ਾ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਸੱਚ ਬੋਲਣਾ ਚਾਹੀਦਾ ਹੈ। ਇਵੇਂ ਕਰ ਕੇ ਅਸੀਂ ਦੁਨੀਆਂ ਭਰ ਵਿਚ ਰਹਿੰਦੇ ਭੈਣਾਂ-ਭਰਾਵਾਂ ਦੀ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਾਂਗੇ।
9. ਅਫ਼ਸੀਆਂ 4:26, 27 ਦੇ ਅਨੁਸਾਰ ਚੱਲਣਾ ਕਿਉਂ ਜ਼ਰੂਰੀ ਹੈ?
9 ਸਾਨੂੰ ਸ਼ਤਾਨ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ ਤਾਂਕਿ ਉਸ ਨੂੰ ਸਾਡੀ ਨਿਹਚਾ ਕਮਜ਼ੋਰ ਕਰਨ ਦਾ ਮੌਕਾ ਨਾ ਮਿਲੇ। (ਯਾਕੂ. 4:7) ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਸ਼ਤਾਨ ਦਾ ਸਾਮ੍ਹਣਾ ਕਰ ਸਕਦੇ ਹਾਂ। ਇਵੇਂ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਜ਼ਿਆਦਾ ਗੁੱਸੇ ਵਿਚ ਨਾ ਆਈਏ। ਪੌਲੁਸ ਨੇ ਲਿਖਿਆ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!” (ਅਫ਼. 4:26, 27) ਜੇ ਸਾਡਾ ਗੁੱਸਾ ਜਾਇਜ਼ ਵੀ ਹੋਵੇ, ਤਾਂ ਵੀ ਸਾਨੂੰ ਤੁਰੰਤ ਮਦਦ ਲਈ ਦਿਲ ਵਿਚ ਪ੍ਰਾਰਥਨਾ ਕਰਨੀ ਚਾਹੀਦੀ ਹੈ ਤਾਂਕਿ ਸਾਡਾ ਗੁੱਸਾ ਠੰਢਾ ਹੋ ਜਾਵੇ। ਇਸ ਤਰ੍ਹਾਂ ਅਸੀਂ ਆਪਣੇ ʼਤੇ ਕਾਬੂ ਰੱਖ ਕੇ ਪਰਮੇਸ਼ੁਰ ਦੀ ਸ਼ਕਤੀ ਦੇ ਖ਼ਿਲਾਫ਼ ਜਾਣ ਤੋਂ ਬਚਾਂਗੇ। (ਕਹਾ. 17:27) ਸੋ ਆਓ ਆਪਾਂ ਗੁੱਸੇ ਵਿਚ ਨਾ ਰਹੀਏ ਅਤੇ ਸ਼ਤਾਨ ਨੂੰ ਸਾਡੇ ਤੋਂ ਕੁਝ ਮਾੜਾ ਕੰਮ ਕਰਾਉਣ ਦਾ ਮੌਕਾ ਨਾ ਦੇਈਏ। (ਜ਼ਬੂ. 37:8, 9) ਉਸ ਦਾ ਸਾਮ੍ਹਣਾ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਯਿਸੂ ਦੀ ਸਲਾਹ ਮੰਨ ਕੇ ਜਲਦੀ ਮਤਭੇਦਾਂ ਨੂੰ ਸੁਲਝਾ ਲਈਏ।—ਮੱਤੀ 5:23, 24; 18:15-17.
10, 11. ਸਾਨੂੰ ਚੋਰੀ ਜਾਂ ਬੇਈਮਾਨੀ ਕਿਉਂ ਨਹੀਂ ਕਰਨੀ ਚਾਹੀਦੀ?
10 ਸਾਨੂੰ ਚੋਰੀ ਜਾਂ ਬੇਈਮਾਨੀ ਕਰਨ ਦੇ ਪਰਤਾਵੇ ਅੱਗੇ ਝੁਕਣਾ ਨਹੀਂ ਚਾਹੀਦਾ। ਚੋਰੀ ਬਾਰੇ ਪੌਲੁਸ ਨੇ ਲਿਖਿਆ: “ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।” (ਅਫ਼. 4:28) ਜੇ ਕੋਈ ਭੈਣ ਜਾਂ ਭਰਾ ਚੋਰੀ ਕਰੇਗਾ, ਤਾਂ ਉਹ ‘ਪਰਮੇਸ਼ੁਰ ਦੇ ਨਾਮ ਦੀ ਭੰਡੀ’ ਜਾਂ ਬਦਨਾਮੀ ਕਰੇਗਾ। (ਕਹਾ. 30:7-9) ਗ਼ਰੀਬ ਲਈ ਵੀ ਚੋਰੀ ਕਰਨੀ ਗ਼ਲਤ ਹੈ। ਜਿਹੜੇ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲ ਪਿਆਰ ਕਰਦੇ ਹਨ, ਉਹ ਜਾਣਦੇ ਹਨ ਕਿ ਚੋਰੀ ਕਰਨੀ ਬਿਲਕੁਲ ਗ਼ਲਤ ਹੈ।—ਮਰ. 12:28-31.
11 ਪੌਲੁਸ ਸਿਰਫ਼ ਇਹ ਨਹੀਂ ਦੱਸਦਾ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ, ਸਗੋਂ ਇਹ ਵੀ ਦੱਸਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਜੇ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਸਖ਼ਤ ਮਿਹਨਤ ਕਰਾਂਗੇ ਤਾਂਕਿ ਆਪਣੇ ਪਰਿਵਾਰ ਦੀ ਦੇਖ-ਭਾਲ ਕਰ ਸਕੀਏ ਅਤੇ ‘ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਸਾਡੇ ਕੋਲ ਹੋਵੇ।’ (1 ਤਿਮੋ. 5:8) ਯਿਸੂ ਅਤੇ ਉਸ ਦੇ ਚੇਲੇ ਗ਼ਰੀਬਾਂ ਦੀ ਮਦਦ ਕਰਨ ਲਈ ਕੁਝ ਪੈਸੇ ਵੱਖ ਰੱਖਦੇ ਹੁੰਦੇ ਸੀ, ਪਰ ਦਗ਼ਾਬਾਜ਼ ਯਹੂਦਾ ਇਸਕਰਿਯੋਤੀ ਕੁਝ ਪੈਸੇ ਚੋਰੀ ਕਰ ਲੈਂਦਾ ਸੀ। (ਯੂਹੰ. 12:4-6) ਉਹ ਪਵਿੱਤਰ ਸ਼ਕਤੀ ਦੀ ਸੇਧ ਅਨੁਸਾਰ ਨਹੀਂ ਚੱਲਦਾ ਸੀ। ਪਰ ਅਸੀਂ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਦੇ ਹਾਂ, ਇਸ ਲਈ ਅਸੀਂ ਪੌਲੁਸ ਵਾਂਗ ‘ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਦੇ ਹਾਂ।’ (ਇਬ. 13:18) ਇਸ ਤਰ੍ਹਾਂ ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਨਹੀਂ ਜਾਂਦੇ।
ਪਵਿੱਤਰ ਸ਼ਕਤੀ ਦੀ ਸੇਧ ਨੂੰ ਠੁਕਰਾਉਣ ਤੋਂ ਬਚਣ ਦੇ ਹੋਰ ਤਰੀਕੇ
12, 13. (ੳ) ਅਫ਼ਸੀਆਂ 4:29 ਦੇ ਮੁਤਾਬਕ ਸਾਡੀ ਬੋਲੀ ਕਿਹੋ ਜਿਹੀ ਨਹੀਂ ਹੋਣੀ ਚਾਹੀਦੀ? (ਅ) ਸਾਡੀ ਬੋਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ?
12 ਸਾਨੂੰ ਆਪਣੀ ਜ਼ਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ। ਪੌਲੁਸ ਨੇ ਕਿਹਾ: “ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।” (ਅਫ਼. 4:29) ਇੱਥੇ ਵੀ ਪੌਲੁਸ ਸਾਨੂੰ ਸਿਰਫ਼ ਇਹ ਨਹੀਂ ਕਹਿੰਦਾ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ, ਬਲਕਿ ਇਹ ਵੀ ਕਹਿੰਦਾ ਹੈ ਕਿ ਸਾਨੂੰ ਕੀ ਕਰਦੇ ਹੋਣਾ ਚਾਹੀਦਾ ਹੈ। ਪਰਮੇਸ਼ੁਰ ਦੀ ਸ਼ਕਤੀ ਦੇ ਅਸਰ ਅਧੀਨ, ਸਾਡੇ ਮੂੰਹੋਂ ‘ਉਹ ਗੱਲ ਨਿੱਕਲੇਗੀ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।’ ਇਸ ਤੋਂ ਇਲਾਵਾ, ਸਾਨੂੰ ਮੂੰਹੋਂ “ਕੋਈ ਗੰਦੀ ਗੱਲ” ਨਹੀਂ ਕੱਢਣੀ ਚਾਹੀਦੀ। “ਗੰਦੀ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਗਲ਼ੇ-ਸੜੇ ਫਲਾਂ, ਮੱਛੀ ਜਾਂ ਮੀਟ ਦਾ ਭਾਵ ਰੱਖਦਾ ਹੈ। ਜਿਵੇਂ ਸਾਨੂੰ ਗਲ਼ੇ-ਸੜੇ ਖਾਣੇ ਤੋਂ ਘਿਰਣਾ ਆਉਂਦੀ ਹੈ, ਉਸੇ ਤਰ੍ਹਾਂ ਸਾਨੂੰ ਉਨ੍ਹਾਂ ਗੱਲਾਂ ਤੋਂ ਘਿਰਣਾ ਕਰਨੀ ਚਾਹੀਦੀ ਹੈ ਜਿਨ੍ਹਾਂ ਤੋਂ ਯਹੋਵਾਹ ਨੂੰ ਘਿਣ ਹੈ।
13 ਸਾਡੀ ਬੋਲੀ ਚੰਗੀ ਅਤੇ “ਸਲੂਣੀ” ਹੋਣੀ ਚਾਹੀਦੀ ਹੈ। (ਕੁਲੁ. 3:8-10; 4:6) ਸਾਡੀਆਂ ਗੱਲਾਂ ਤੋਂ ਲੋਕਾਂ ਨੂੰ ਝੱਟ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਅਸੀਂ ਵੱਖਰੇ ਹਾਂ। ਆਓ ਆਪਾਂ ਹੋਰਨਾਂ ਦੀ ਮਦਦ ਕਰਨ ਲਈ ਉਹੀ ਗੱਲਾਂ ਕਹੀਏ ਜਿਨ੍ਹਾਂ ਨਾਲ “ਹੋਰਨਾਂ ਦੀ ਉੱਨਤੀ” ਹੋਵੇ। ਆਓ ਆਪਾਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰੀਏ ਜਿਸ ਨੇ ਗਾਇਆ ਸੀ: “ਹੇ ਯਹੋਵਾਹ, ਮੇਰੀ ਚਟਾਨ ਅਰ ਮੇਰੇ ਛੁਡਾਉਣ ਵਾਲੇ, ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦਾ ਵਿਚਾਰ, ਤੇਰੇ ਹਜ਼ੂਰ ਮੰਨਣ ਜੋਗ ਹੋਵੇ।”—ਜ਼ਬੂ. 19:14.
14. ਅਫ਼ਸੀਆਂ 4:30, 31 ਦੇ ਮੁਤਾਬਕ ਸਾਨੂੰ ਕਿਹੜੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ?
14 ਸਾਨੂੰ ਕੁੜੱਤਣ, ਕ੍ਰੋਧ, ਦੁਰਬਚਨ ਅਤੇ ਸਾਰੀ ਬੁਰਾਈ ਤੋਂ ਦੂਰ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦੀ ਸ਼ਕਤੀ ਨੂੰ ਉਦਾਸ ਕਰਨ ਬਾਰੇ ਚੇਤਾਵਨੀ ਦੇਣ ਤੋਂ ਬਾਅਦ ਪੌਲੁਸ ਨੇ ਲਿਖਿਆ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ।” (ਅਫ਼. 4:30, 31) ਨਾਮੁਕੰਮਲ ਇਨਸਾਨ ਹੋਣ ਦੇ ਨਾਤੇ, ਸਾਨੂੰ ਸਾਰਿਆਂ ਨੂੰ ਪੂਰੀ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਗ਼ਲਤ ਖ਼ਿਆਲਾਂ ਅਤੇ ਕੰਮਾਂ ʼਤੇ ਕਾਬੂ ਰੱਖੀਏ। ਜੇ ਅਸੀਂ ‘ਕੁੜੱਤਣ, ਕ੍ਰੋਧ ਤੇ ਕੋਪ’ ਨਾਲ ਭਰ ਜਾਈਏ, ਤਾਂ ਅਸੀਂ ਪਰਮੇਸ਼ੁਰ ਦੀ ਸ਼ਕਤੀ ਦੇ ਖ਼ਿਲਾਫ਼ ਜਾਂਦੇ ਹੋਵਾਂਗੇ। ਅਸੀਂ ਉਦੋਂ ਵੀ ਇੱਦਾਂ ਕਰ ਰਹੇ ਹੋਵਾਂਗੇ ਜਦੋਂ ਅਸੀਂ ਉਨ੍ਹਾਂ ਗ਼ਲਤੀਆਂ ਦਾ ਹਿਸਾਬ ਰੱਖਦੇ ਹਾਂ ਜਿਹੜੀਆਂ ਦੂਜਿਆਂ ਨੇ ਸਾਡੇ ਖ਼ਿਲਾਫ਼ ਕੀਤੀਆਂ ਹਨ, ਗੁੱਸੇ ਰਹਿੰਦੇ ਹਾਂ ਅਤੇ ਗ਼ਲਤੀ ਕਰਨ ਵਾਲੇ ਨਾਲ ਸੁਲ੍ਹਾ ਨਹੀਂ ਕਰਦੇ। ਜੇ ਅਸੀਂ ਬਾਈਬਲ ਦੀ ਸਲਾਹ ਨਜ਼ਰਅੰਦਾਜ਼ ਕਰਦੇ ਹਾਂ, ਤਾਂ ਸਹਿਜੇ-ਸਹਿਜੇ ਸਾਡੇ ਵਿਚ ਅਜਿਹੇ ਔਗੁਣ ਪੈਦਾ ਹੋ ਸਕਦੇ ਹਨ ਜਿਨ੍ਹਾਂ ਕਾਰਨ ਅਸੀਂ ਸ਼ਕਤੀ ਦੇ ਖ਼ਿਲਾਫ਼ ਪਾਪ ਕਰ ਸਕਦੇ ਹਾਂ ਅਤੇ ਸਾਨੂੰ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ।
15. ਜੇ ਕਿਸੇ ਨੇ ਸਾਡੇ ਨਾਲ ਕੁਝ ਗ਼ਲਤ ਕੀਤਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
15 ਸਾਨੂੰ ਕਿਰਪਾਲੂ, ਤਰਸਵਾਨ ਅਤੇ ਮਾਫ਼ ਕਰਨ ਵਾਲੇ ਹੋਣਾ ਚਾਹੀਦਾ ਹੈ। ਪੌਲੁਸ ਨੇ ਲਿਖਿਆ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਅਫ਼. 4:32) ਜੇ ਕਿਸੇ ਨੇ ਕੁਝ ਗ਼ਲਤ ਕਰ ਕੇ ਸਾਨੂੰ ਬਹੁਤ ਦੁਖੀ ਕੀਤਾ ਹੈ, ਤਾਂ ਆਓ ਆਪਾਂ ਉਸ ਨੂੰ ਮਾਫ਼ ਕਰ ਦੇਈਏ ਜਿਵੇਂ ਪਰਮੇਸ਼ੁਰ ਸਾਨੂੰ ਕਰਦਾ ਹੈ। (ਲੂਕਾ 11:4) ਮੰਨ ਲਓ ਕਿ ਕਿਸੇ ਭੈਣ ਜਾਂ ਭਰਾ ਨੇ ਸਾਡੇ ਬਾਰੇ ਕੋਈ ਮਾੜੀ ਗੱਲ ਕਹੀ ਹੈ। ਮਸਲੇ ਨੂੰ ਹੱਲ ਕਰਨ ਲਈ ਸਾਨੂੰ ਉਸ ਕੋਲ ਜਾਣਾ ਚਾਹੀਦਾ ਹੈ। ਬਦਲੇ ਵਿਚ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤੇ ਉਹ ਮਾਫ਼ੀ ਮੰਗ ਲੈਂਦਾ ਹੈ। ਅਸੀਂ ਉਸ ਨੂੰ ਮਾਫ਼ ਕਰ ਦਿੰਦੇ ਹਾਂ, ਪਰ ਸਾਨੂੰ ਇਸ ਨਾਲੋਂ ਜ਼ਿਆਦਾ ਕੁਝ ਕਰਨ ਦੀ ਲੋੜ ਹੈ। ਲੇਵੀਆਂ 19:18 ਕਹਿੰਦਾ ਹੈ: “ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।”
ਚੌਕਸ ਰਹਿਣ ਦੀ ਲੋੜ
16. ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਵਿਚ ਸੁਧਾਰ ਕਰਨ ਦੀ ਲੋੜ ਹੈ ਤਾਂਕਿ ਅਸੀਂ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਤੋਂ ਉਲਟ ਨਾ ਜਾਈਏ।
16 ਜਦੋਂ ਅਸੀਂ ਇਕੱਲੇ ਹੁੰਦੇ ਹਾਂ, ਉਦੋਂ ਵੀ ਸਾਡੇ ਉੱਤੇ ਕੋਈ ਅਜਿਹਾ ਕੰਮ ਕਰਨ ਦਾ ਪਰਤਾਵਾ ਆ ਸਕਦਾ ਹੈ ਜਿਸ ਤੋਂ ਪਰਮੇਸ਼ੁਰ ਨਾਰਾਜ਼ ਹੁੰਦਾ ਹੈ। ਮਿਸਾਲ ਲਈ, ਇਕ ਭਰਾ ਸ਼ਾਇਦ ਇਹੋ ਜਿਹਾ ਸੰਗੀਤ ਸੁਣ ਰਿਹਾ ਸੀ ਜੋ ਮਸੀਹੀਆਂ ਨੂੰ ਸ਼ੋਭਾ ਨਹੀਂ ਦਿੰਦਾ। ਅਖ਼ੀਰ ਉਸ ਦੀ ਜ਼ਮੀਰ ਉਸ ਨੂੰ ਕੋਸਣ ਲੱਗ ਪੈਂਦੀ ਹੈ ਕਿਉਂਕਿ ਉਸ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਪ੍ਰਕਾਸ਼ਨਾਂ ਵਿਚ ਦਿੱਤੀ ਬਾਈਬਲ ਦੀ ਸਲਾਹ ਨੂੰ ਠੁਕਰਾਇਆ ਹੈ। (ਮੱਤੀ 24:45) ਉਹ ਸ਼ਾਇਦ ਇਸ ਮਸਲੇ ਬਾਰੇ ਪ੍ਰਾਰਥਨਾ ਕਰੇ ਅਤੇ ਅਫ਼ਸੀਆਂ 4:30 ਵਿਚ ਦਰਜ ਪੌਲੁਸ ਦੇ ਸ਼ਬਦਾਂ ਨੂੰ ਯਾਦ ਕਰੇ। ਫਿਰ ਉਹ ਠਾਣ ਲੈਂਦਾ ਹੈ ਕਿ ਉਹ ਇੱਦਾਂ ਦਾ ਕੋਈ ਕੰਮ ਨਹੀਂ ਕਰੇਗਾ ਜੋ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਦੇ ਉਲਟ ਹੈ ਅਤੇ ਫ਼ੈਸਲਾ ਕਰਦਾ ਹੈ ਕਿ ਅੱਗੋਂ ਤੋਂ ਉਹ ਮਾੜਾ ਸੰਗੀਤ ਨਹੀਂ ਸੁਣੇਗਾ। ਯਹੋਵਾਹ ਇਸ ਭਰਾ ਦੇ ਇਨ੍ਹਾਂ ਜਤਨਾਂ ʼਤੇ ਬਰਕਤ ਪਾਵੇਗਾ। ਇਸ ਲਈ, ਆਓ ਆਪਾਂ ਕਦੇ ਵੀ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਦੇ ਉਲਟ ਨਾ ਜਾਈਏ।
17. ਜੇ ਅਸੀਂ ਚੌਕਸ ਨਹੀਂ ਰਹਿੰਦੇ ਅਤੇ ਪ੍ਰਾਰਥਨਾ ਨਹੀਂ ਕਰਦੇ, ਤਾਂ ਕੀ ਹੋ ਸਕਦਾ ਹੈ?
17 ਜੇ ਅਸੀਂ ਚੌਕਸ ਨਹੀਂ ਰਹਿੰਦੇ ਅਤੇ ਪ੍ਰਾਰਥਨਾ ਨਹੀਂ ਕਰਦੇ, ਤਾਂ ਸਾਡੇ ਤੋਂ ਕੋਈ ਗ਼ਲਤ ਕੰਮ ਹੋ ਸਕਦਾ ਹੈ। ਇਸ ਤਰ੍ਹਾਂ ਅਸੀਂ ਪਵਿੱਤਰ ਸ਼ਕਤੀ ਦੇ ਉਲਟ ਜਾ ਰਹੇ ਹੋਵਾਂਗੇ। ਪਵਿੱਤਰ ਸ਼ਕਤੀ ਸਾਡੇ ਵਿਚ ਉਹ ਗੁਣ ਪੈਦਾ ਕਰਦੀ ਹੈ ਜੋ ਪਰਮੇਸ਼ੁਰ ਦੀ ਸ਼ਖ਼ਸੀਅਤ ਨਾਲ ਮੇਲ ਖਾਂਦੇ ਹਨ। ਇਸ ਲਈ ਜੇ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਨੂੰ ਠੁਕਰਾਉਂਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਉਦਾਸ ਕਰਦੇ ਹਾਂ। ਅਸੀਂ ਉਸ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ! (ਅਫ਼. 4:30) ਪਹਿਲੀ ਸਦੀ ਦੇ ਯਹੂਦੀ ਗ੍ਰੰਥੀਆਂ ਨੇ ਕਿਹਾ ਸੀ ਕਿ ਯਿਸੂ ਸ਼ਤਾਨ ਦੀ ਤਾਕਤ ਨਾਲ ਚਮਤਕਾਰ ਕਰਦਾ ਸੀ। ਇਹ ਕਹਿ ਕੇ ਉਨ੍ਹਾਂ ਨੇ ਪਾਪ ਕੀਤਾ। (ਮਰਕੁਸ 3:22-30 ਪੜ੍ਹੋ।) ਮਸੀਹ ਦੇ ਇਨ੍ਹਾਂ ਦੁਸ਼ਮਣਾਂ ਨੇ ‘ਪਵਿੱਤਰ ਸ਼ਕਤੀ ਦੇ ਵਿਰੁੱਧ ਕੁਫ਼ਰ ਬੋਲਿਆ ਸੀ’ ਅਤੇ ਉਨ੍ਹਾਂ ਦਾ ਇਹ ਪਾਪ ਮਾਫ਼ ਕਰਨ ਦੇ ਲਾਇਕ ਨਹੀਂ ਸੀ। ਆਓ ਆਪਾਂ ਇੱਦਾਂ ਕਦੀ ਵੀ ਨਾ ਕਰੀਏ!
18. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਅਜਿਹਾ ਪਾਪ ਨਹੀਂ ਕੀਤਾ ਜੋ ਮਾਫ਼ ਕਰਨ ਦੇ ਲਾਇਕ ਨਹੀਂ?
18 ਅਸੀਂ ਇਸ ਤਰ੍ਹਾਂ ਦਾ ਪਾਪ ਕਰਨ ਬਾਰੇ ਸੋਚਣਾ ਵੀ ਨਹੀਂ ਚਾਹੁੰਦੇ, ਇਸ ਲਈ ਆਓ ਆਪਾਂ ਪੌਲੁਸ ਦੀ ਗੱਲ ਯਾਦ ਰੱਖੀਏ ਕਿ ਪਵਿੱਤਰ ਸ਼ਕਤੀ ਨੂੰ ਉਦਾਸ ਨਾ ਕਰੋ। ਪਰ ਉਦੋਂ ਕੀ ਜੇ ਅਸੀਂ ਗੰਭੀਰ ਪਾਪ ਕਰ ਬੈਠੇ ਹਾਂ? ਜੇ ਅਸੀਂ ਤੋਬਾ ਕੀਤੀ ਹੈ ਅਤੇ ਬਜ਼ੁਰਗਾਂ ਤੋਂ ਮਦਦ ਲਈ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਨੇ ਸਾਨੂੰ ਮਾਫ਼ ਕਰ ਦਿੱਤਾ ਹੈ ਅਤੇ ਅਸੀਂ ਪਵਿੱਤਰ ਸ਼ਕਤੀ ਦੇ ਖ਼ਿਲਾਫ਼ ਪਾਪ ਨਹੀਂ ਕੀਤਾ। ਪਰਮੇਸ਼ੁਰ ਦੀ ਮਦਦ ਨਾਲ ਅਸੀਂ ਦੁਬਾਰਾ ਇੱਦਾਂ ਦਾ ਕੋਈ ਕੰਮ ਨਹੀਂ ਕਰਾਂਗੇ ਜੋ ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਦੇ ਉਲਟ ਹੈ।
19, 20. (ੳ) ਸਾਨੂੰ ਕੀ ਕੁਝ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ? (ਅ) ਸਾਨੂੰ ਕੀ ਕਰਨ ਦੀ ਠਾਣ ਲੈਣੀ ਚਾਹੀਦੀ ਹੈ?
19 ਪਵਿੱਤਰ ਸ਼ਕਤੀ ਦੇ ਜ਼ਰੀਏ, ਪਰਮੇਸ਼ੁਰ ਆਪਣੇ ਲੋਕਾਂ ਵਿਚ ਪਿਆਰ, ਖ਼ੁਸ਼ੀ ਅਤੇ ਏਕਤਾ ਨੂੰ ਵਧਾਉਂਦਾ ਹੈ। (ਜ਼ਬੂ. 133:1-3) ਇਸ ਲਈ, ਸਾਨੂੰ ਪਵਿੱਤਰ ਸ਼ਕਤੀ ਦੀ ਸੇਧ ਤੋਂ ਉਲਟ ਜਾਣ ਤੋਂ ਬਚਣ ਲਈ ਨਾ ਤਾਂ ਨੁਕਸਾਨਦੇਹ ਗੱਲਬਾਤ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਨਾ ਹੀ ਪਵਿੱਤਰ ਸ਼ਕਤੀ ਨਾਲ ਨਿਯੁਕਤ ਕੀਤੇ ਗਏ ਚਰਵਾਹਿਆਂ ਖ਼ਿਲਾਫ਼ ਅਨਾਦਰ ਭਰੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਹਨ। (ਰਸੂ. 20:28; ਯਹੂ. 8) ਇਸ ਦੀ ਬਜਾਇ, ਸਾਨੂੰ ਕਲੀਸਿਯਾ ਵਿਚ ਏਕਤਾ ਵਧਾਉਣੀ ਚਾਹੀਦੀ ਹੈ ਅਤੇ ਇਕ-ਦੂਜੇ ਦਾ ਆਦਰ ਕਰਨਾ ਚਾਹੀਦਾ ਹੈ। ਸਾਨੂੰ ਗਰੁੱਪ ਨਹੀਂ ਬਣਾਉਣੇ ਚਾਹੀਦੇ ਜਿਨ੍ਹਾਂ ਵਿਚ ਸਿਰਫ਼ ਆਪਣੀ ਹੀ ਪਸੰਦ ਦੇ ਭੈਣ-ਭਰਾ ਸ਼ਾਮਲ ਹੁੰਦੇ ਹਨ। ਪੌਲੁਸ ਨੇ ਲਿਖਿਆ: “ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਸੱਭੇ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈਣ ਸਗੋਂ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ।”—1 ਕੁਰਿੰ. 1:10.
20 ਯਹੋਵਾਹ ਸਾਡੀ ਮਦਦ ਕਰਨ ਲਈ ਤਿਆਰ ਹੈ ਤਾਂਕਿ ਅਸੀਂ ਉਸ ਦੀ ਸ਼ਕਤੀ ਦੀ ਸੇਧ ਨੂੰ ਨਾ ਠੁਕਰਾਈਏ। ਆਓ ਆਪਾਂ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਰਹੀਏ ਅਤੇ ਇਸ ਦੀ ਸੇਧ ਦੇ ਖ਼ਿਲਾਫ਼ ਨਾ ਜਾਣ ਦੀ ਠਾਣ ਲਈਏ। ਤਾਂ ਫਿਰ, ਆਓ ਆਪਾਂ ‘ਪਵਿੱਤਰ ਸ਼ਕਤੀ ਲਈ ਬੀਜਦੇ’ ਰਹੀਏ ਤੇ ਇਸ ਦੀ ਸੇਧ ਹੁਣ ਅਤੇ ਹਮੇਸ਼ਾ ਲਈ ਭਾਲਦੇ ਰਹੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
• ਪਰਮੇਸ਼ੁਰ ਦੀ ਸ਼ਕਤੀ ਨੂੰ ਉਦਾਸ ਕਰਨ ਦਾ ਕੀ ਮਤਲਬ ਹੈ?
• ਯਹੋਵਾਹ ਨੂੰ ਸਮਰਪਿਤ ਭੈਣ ਜਾਂ ਭਰਾ ਉਸ ਦੀ ਸ਼ਕਤੀ ਦੀ ਸੇਧ ਨੂੰ ਕਿਵੇਂ ਠੁਕਰਾ ਸਕਦਾ ਹੈ?
• ਕਿਨ੍ਹਾਂ ਤਰੀਕਿਆਂ ਨਾਲ ਅਸੀਂ ਪਵਿੱਤਰ ਸ਼ਕਤੀ ਦੀ ਸੇਧ ਦੇ ਉਲਟ ਜਾਣ ਤੋਂ ਬਚ ਸਕਦੇ ਹਾਂ?
[ਸਫ਼ਾ 30 ਉੱਤੇ ਤਸਵੀਰ]
ਜਲਦੀ ਮਤਭੇਦਾਂ ਨੂੰ ਸੁਲਝਾਓ
[ਸਫ਼ਾ 31 ਉੱਤੇ ਤਸਵੀਰ]
ਤੁਹਾਡੀ ਬੋਲੀ ਇਨ੍ਹਾਂ ਵਿੱਚੋਂ ਕਿਸ ਫਲ ਵਰਗੀ ਹੈ?