“ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ”
ਕੱਲ੍ਹ ਅਤੇ ਅੱਜ ਬਾਈਬਲ ਦੇ ਅਸੂਲਾਂ ਨੇ ਆਪਣਾ ਅਸਰ ਦਿਖਾਇਆ
ਜਵਾਨੀ ਵਿਚ ਏਡਰੀਅਨ ਬਹੁਤ ਹੀ ਗੁੱਸੇਖ਼ੋਰ ਹੁੰਦਾ ਸੀ ਅਤੇ ਗੱਲ-ਗੱਲ ਤੇ ਭੜਕ ਉੱਠਦਾ ਸੀ। ਉਸ ਨੂੰ ਸ਼ਰਾਬ ਅਤੇ ਸਿਗਰਟਾਂ ਪੀਣ ਦੀ ਆਦਤ ਸੀ ਅਤੇ ਉਹ ਅਨੈਤਿਕ ਜ਼ਿੰਦਗੀ ਗੁਜ਼ਾਰਦਾ ਸੀ। ਉਹ ਕਿਸੇ ਕਾਨੂੰਨ ਨੂੰ ਨਹੀਂ ਮੰਨਦਾ ਸੀ। ਉਸ ਦੇ ਵਾਲਾਂ ਦੇ ਅਜੀਬੋ-ਗ਼ਰੀਬ ਸਟਾਈਲ ਅਤੇ ਸਰੀਰ ਉੱਤੇ ਗੋਦਨੇ ਤੋਂ ਉਸ ਦਾ ਬਗਾਵਤੀ ਰਵੱਈਆ ਨਜ਼ਰ ਆਉਂਦਾ ਸੀ। ਜਵਾਨੀ ਦੇ ਉਨ੍ਹਾਂ ਸਾਲਾਂ ਬਾਰੇ ਦੱਸਦੇ ਹੋਏ ਏਡਰੀਅਨ ਕਹਿੰਦਾ ਹੈ: “ਮੈਂ ਪੰਕ ਸਟਾਈਲ ਵਿਚ ਆਪਣੇ ਵਾਲ ਕਟਵਾਏ ਅਤੇ ਇਨ੍ਹਾਂ ਨੂੰ ਫ਼ਿਕਸੋ ਲਾ ਕੇ ਸਿੱਧਾ ਖੜ੍ਹਾ ਰੱਖਦਾ ਸੀ। ਕਦੇ-ਕਦਾਈਂ ਮੈਂ ਵਾਲਾਂ ਨੂੰ ਲਾਲ ਰੰਗ ਜਾਂ ਹੋਰ ਰੰਗਾਂ ਨਾਲ ਰੰਗਦਾ ਸੀ।” ਏਡਰੀਅਨ ਨੱਥ ਵੀ ਪਾਉਂਦਾ ਸੀ।
ਏਡਰੀਅਨ ਕੁਝ ਦੂਸਰੇ ਵਿਗੜੇ ਨੌਜਵਾਨਾਂ ਨਾਲ ਇਕ ਟੁੱਟੇ-ਭੱਜੇ ਘਰ ਵਿਚ ਰਹਿੰਦਾ ਸੀ। ਉਹ ਸਾਰੇ ਸ਼ਰਾਬ ਪੀਂਦੇ ਤੇ ਨਸ਼ੇ ਕਰਦੇ ਸਨ। “ਮੈਂ ਸਪੀਡ ਨਾਂ ਦੇ ਨਸ਼ੀਲੇ ਪਦਾਰਥ ਦੇ ਨਾਲ-ਨਾਲ ਨੀਂਦ ਦੀਆਂ ਗੋਲੀਆਂ ਜਾਂ ਦੂਸਰੀਆਂ ਨਸ਼ੀਲੀਆਂ ਦਵਾਈਆਂ ਵੀ ਲੈਂਦਾ ਸੀ,” ਉਹ ਯਾਦ ਕਰਦਾ ਹੈ। “ਜੇ ਨਸ਼ੀਲੀਆਂ ਦਵਾਈਆਂ ਜਾਂ ਗੂੰਦ ਨਾ ਮਿਲਦੀ, ਤਾਂ ਮੈਂ ਲੋਕਾਂ ਦੀਆਂ ਕਾਰਾਂ ਵਿੱਚੋਂ ਪਟਰੋਲ ਕੱਢ ਕੇ ਉਸ ਨੂੰ ਹੀ ਸੁੰਘ ਕੇ ਨਸ਼ਾ ਕਰ ਲੈਂਦਾ ਸੀ।” ਅਪਰਾਧ ਦੀ ਜ਼ਿੰਦਗੀ ਜੀਣ ਕਰਕੇ ਏਡਰੀਅਨ ਬਹੁਤ ਹੀ ਹਿੰਸਕ ਸੁਭਾਅ ਦਾ ਵਿਅਕਤੀ ਅਤੇ ਸੜਕ-ਛਾਪ ਗੁੰਡਾ ਬਣ ਗਿਆ। ਕੋਈ ਵੀ ਸ਼ਰੀਫ਼ ਬੰਦਾ ਉਸ ਦੇ ਮੂੰਹ ਨਹੀਂ ਲੱਗਣਾ ਚਾਹੁੰਦਾ ਸੀ। ਪਰ ਨਿਕੰਮੇ ਤੇ ਘਟੀਆ ਬੰਦੇ ਉਸ ਨਾਲ ਮਿਲਣ-ਜੁਲਣ ਲੱਗ ਪਏ।
ਹੌਲੀ-ਹੌਲੀ ਏਡਰੀਅਨ ਨੇ ਦੇਖਿਆ ਕਿ ਉਸ ਦੇ ਯਾਰ-ਮਿੱਤਰ ਸਿਰਫ਼ ਮਤਲਬ ਦੇ ਹੀ ਸਨ। ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ “ਕ੍ਰੋਧ ਅਤੇ ਹਿੰਸਾ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ।” ਆਪਣੀ ਦਿਸ਼ਾਹੀਣ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਉਸ ਨੇ ਆਪਣੇ ਮਤਲਬੀ ਦੋਸਤਾਂ ਨੂੰ ਛੱਡ ਦਿੱਤਾ। ਇਕ ਦਿਨ ਉਸ ਨੂੰ ਕਿਤਿਓਂ ਇਕ ਪਹਿਰਾਬੁਰਜ ਰਸਾਲਾ ਮਿਲਿਆ। ਇਸ ਵਿਚ ਲਿਖੀਆਂ ਬਾਈਬਲ-ਆਧਾਰਿਤ ਗੱਲਾਂ ਉਸ ਨੂੰ ਬਹੁਤ ਚੰਗੀਆਂ ਲੱਗੀਆਂ ਅਤੇ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਏਡਰੀਅਨ ਨੇ ਖ਼ੁਸ਼ੀ-ਖ਼ੁਸ਼ੀ ਇਸ ਸੱਦੇ ਨੂੰ ਕਬੂਲ ਕੀਤਾ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਨਤੀਜੇ ਵਜੋਂ, ਏਡਰੀਅਨ ਨੂੰ ਜਲਦੀ ਅਹਿਸਾਸ ਹੋਣ ਲੱਗਾ ਕਿ ਉਸ ਨੂੰ ਪਵਿੱਤਰ ਸ਼ਾਸਤਰ ਵਿਚ ਦਿੱਤੇ ਅਸੂਲਾਂ ਉੱਤੇ ਚੱਲਣ ਦੀ ਲੋੜ ਸੀ।
ਜਿਉਂ-ਜਿਉਂ ਏਡਰੀਅਨ ਬਾਈਬਲ ਦਾ ਗਿਆਨ ਲੈਂਦਾ ਗਿਆ, ਤਿਉਂ-ਤਿਉਂ ਇਸ ਗਿਆਨ ਨੇ ਉਸ ਦੀ ਮਰੀ ਹੋਈ ਜ਼ਮੀਰ ਨੂੰ ਮੁੜ ਜੀਉਂਦਾ ਕੀਤਾ ਅਤੇ ਉਸ ਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ। ਗਵਾਹਾਂ ਨੇ ਉਸ ਦੀ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਅਤੇ ਸੰਜਮ ਰੱਖਣ ਵਿਚ ਮਦਦ ਕੀਤੀ। ਪਰਮੇਸ਼ੁਰ ਦਾ ਬਚਨ ਇੰਨਾ ਅਸਰਦਾਰ ਹੈ ਕਿ ਇਸ ਨੇ ਏਡਰੀਅਨ ਦੇ ਸੁਭਾਅ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।—ਇਬਰਾਨੀਆਂ 4:12.
ਪਰ ਬਾਈਬਲ ਇੰਨੀ ਅਸਰਦਾਰ ਕਿਉਂ ਹੈ? ਕਿਉਂਕਿ ਬਾਈਬਲ ਦਾ ਗਿਆਨ ‘ਨਵੇਂ ਮਨੁੱਖੀ ਸੁਭਾਓ ਨੂੰ ਪ੍ਰਾਪਤ ਕਰਨ’ ਵਿਚ ਸਾਡੀ ਮਦਦ ਕਰਦਾ ਹੈ। (ਅਫ਼ਸੀਆਂ 4:24, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਜਦੋਂ ਅਸੀਂ ਬਾਈਬਲ ਦੇ ਸਹੀ ਗਿਆਨ ਅਨੁਸਾਰ ਚੱਲਦੇ ਹਾਂ, ਤਾਂ ਸਾਡਾ ਸੁਭਾਅ ਬਦਲ ਜਾਂਦਾ ਹੈ। ਪਰ ਇਹ ਗਿਆਨ ਲੋਕਾਂ ਨੂੰ ਕਿੱਦਾਂ ਬਦਲਦਾ ਹੈ?
ਪਹਿਲਾਂ, ਬਾਈਬਲ ਸਾਨੂੰ ਦਿਖਾਉਂਦੀ ਹੈ ਕਿ ਸਾਨੂੰ ਕਿਹੜੇ ਭੈੜੇ ਗੁਣਾਂ ਨੂੰ ਆਪਣੇ ਅੰਦਰੋਂ ਕੱਢਣ ਦੀ ਲੋੜ ਹੈ। (ਕਹਾਉਤਾਂ 6:16-19) ਫਿਰ ਬਾਈਬਲ ਸਾਨੂੰ ਉਹ ਚੰਗੇ ਗੁਣ ਦਿਖਾਉਣ ਲਈ ਪ੍ਰੇਰਦੀ ਹੈ ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਪੈਦਾ ਹੁੰਦੇ ਹਨ। ਇਨ੍ਹਾਂ ਗੁਣਾਂ ਵਿਚ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ [ਅਤੇ] ਸੰਜਮ” ਸ਼ਾਮਲ ਹਨ।—ਗਲਾਤੀਆਂ 5:22, 23.
ਪਰਮੇਸ਼ੁਰ ਦੀਆਂ ਮੰਗਾਂ ਨੂੰ ਚੰਗੀ ਤਰ੍ਹਾਂ ਸਮਝਣ ਤੇ ਏਡਰੀਅਨ ਨੇ ਆਪਣੀ ਜਾਂਚ ਕਰ ਕੇ ਦੇਖਿਆ ਕਿ ਉਸ ਨੂੰ ਆਪਣੇ ਅੰਦਰ ਕਿਹੜੇ ਗੁਣ ਪੈਦਾ ਕਰਨ ਅਤੇ ਕਿਹੜੇ ਤਿਆਗਣ ਦੀ ਲੋੜ ਸੀ। (ਯਾਕੂਬ 1:22-25) ਪਰ ਇਹ ਤਾਂ ਸਿਰਫ਼ ਸ਼ੁਰੂਆਤ ਹੀ ਸੀ। ਗਿਆਨ ਲੈਣ ਤੋਂ ਇਲਾਵਾ ਉਸ ਨੂੰ ਪ੍ਰੇਰਣਾ ਦੀ ਵੀ ਲੋੜ ਸੀ ਜੋ ਉਸ ਨੂੰ ਬਦਲਣ ਦੀ ਤਾਕਤ ਦਿੰਦੀ। ਉਸ ਨੂੰ ਇਹ ਪ੍ਰੇਰਣਾ ਕਿਸ ਗੱਲ ਤੋਂ ਮਿਲੀ?
ਏਡਰੀਅਨ ਨੇ ਸਿੱਖਿਆ ਕਿ ਨਵਾਂ ਸੁਭਾਅ “ਆਪਣੇ ਕਰਤਾਰ ਦੇ ਸਰੂਪ” ਅਨੁਸਾਰ ਪੈਦਾ ਕੀਤਾ ਜਾਂਦਾ ਹੈ। (ਕੁਲੁੱਸੀਆਂ 3:10) ਉਸ ਨੇ ਦੇਖਿਆ ਕਿ ਇਕ ਮਸੀਹੀ ਦਾ ਸੁਭਾਅ ਪਰਮੇਸ਼ੁਰ ਦੇ ਸੁਭਾਅ ਵਰਗਾ ਹੋਣਾ ਚਾਹੀਦਾ ਹੈ। (ਅਫ਼ਸੀਆਂ 5:1) ਬਾਈਬਲ ਦਾ ਅਧਿਐਨ ਕਰ ਕੇ ਉਸ ਨੇ ਸਿੱਖਿਆ ਕਿ ਯਹੋਵਾਹ ਇਨਸਾਨਾਂ ਨਾਲ ਕਿਵੇਂ ਪੇਸ਼ ਆਉਂਦਾ ਹੈ। ਉਸ ਨੇ ਪਰਮੇਸ਼ੁਰ ਦੇ ਚੰਗੇ ਗੁਣਾਂ ਨੂੰ ਜਾਣਿਆ ਜਿਵੇਂ ਉਸ ਦਾ ਪਿਆਰ, ਦਇਆ, ਭਲਾਈ, ਕਿਰਪਾ ਅਤੇ ਨਿਆਂ। ਇਹ ਗਿਆਨ ਲੈਣ ਨਾਲ ਏਡਰੀਅਨ ਦਾ ਪਰਮੇਸ਼ੁਰ ਲਈ ਪਿਆਰ ਵਧਿਆ। ਇਸ ਪਿਆਰ ਨੇ ਉਸ ਨੂੰ ਅਜਿਹਾ ਇਨਸਾਨ ਬਣਨ ਲਈ ਪ੍ਰੇਰਿਆ ਜਿਸ ਨੂੰ ਯਹੋਵਾਹ ਪਿਆਰ ਕਰੇ।—ਮੱਤੀ 22:37.
ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਏਡਰੀਅਨ ਹੌਲੀ-ਹੌਲੀ ਆਪਣੇ ਗੁੱਸੇ ਉੱਤੇ ਕਾਬੂ ਪਾ ਸਕਿਆ। ਉਹ ਅਤੇ ਉਸ ਦੀ ਪਤਨੀ ਹੁਣ ਦੂਸਰਿਆਂ ਦੀ ਮਦਦ ਕਰਨ ਵਿਚ ਰੁੱਝੇ ਹੋਏ ਹਨ ਤਾਂਕਿ ਉਹ ਵੀ ਬਾਈਬਲ ਦਾ ਗਿਆਨ ਲੈ ਕੇ ਸੁਖ ਦੀ ਜ਼ਿੰਦਗੀ ਜੀ ਸਕਣ। ਏਡਰੀਅਨ ਕਹਿੰਦਾ ਹੈ: “ਮੇਰੇ ਕਈ ਪੁਰਾਣੇ ਦੋਸਤ ਹੁਣ ਮਰ ਚੁੱਕੇ ਹਨ, ਪਰ ਮੈਂ ਜੀਉਂਦਾ ਹਾਂ ਅਤੇ ਆਪਣੇ ਪਰਿਵਾਰ ਨਾਲ ਸੁਖੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹਾਂ।” ਏਡਰੀਅਨ ਇਸ ਗੱਲ ਦੀ ਜੀਉਂਦੀ-ਜਾਗਦੀ ਮਿਸਾਲ ਹੈ ਕਿ ਬਾਈਬਲ ਵਿਚ ਜ਼ਿੰਦਗੀਆਂ ਬਦਲਣ ਦੀ ਤਾਕਤ ਹੈ।
[ਸਫ਼ੇ 25 ਉੱਤੇ ਸੁਰਖੀ]
“ਕ੍ਰੋਧ ਅਤੇ ਹਿੰਸਾ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ”
[ਸਫ਼ੇ 25 ਉੱਤੇ ਡੱਬੀ]
ਬਾਈਬਲ ਦੇ ਫ਼ਾਇਦੇਮੰਦ ਸਿਧਾਂਤ
ਹੇਠਾਂ ਦਿੱਤੇ ਬਾਈਬਲ ਦੇ ਕੁਝ ਸਿਧਾਂਤਾਂ ਨੇ ਬਹੁਤ ਸਾਰੇ ਗੁੱਸੇਖ਼ੋਰ ਤੇ ਹਿੰਸਕ ਸੁਭਾਅ ਵਾਲੇ ਲੋਕਾਂ ਦੀ ਸ਼ਾਂਤੀ-ਪਸੰਦ ਇਨਸਾਨ ਬਣਨ ਵਿਚ ਮਦਦ ਕੀਤੀ ਹੈ:
“ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ।” (ਰੋਮੀਆਂ 12:18, 19) ਇਹ ਫ਼ੈਸਲਾ ਪਰਮੇਸ਼ੁਰ ਤੇ ਛੱਡ ਦਿਓ ਕਿ ਕਿਸ ਕੋਲੋਂ ਕਦੋਂ ਬਦਲਾ ਲੈਣਾ ਹੈ। ਪਰਮੇਸ਼ੁਰ ਨੂੰ ਸਾਰੀਆਂ ਗੱਲਾਂ ਦੀ ਪੂਰੀ ਜਾਣਕਾਰੀ ਹੈ, ਇਸ ਲਈ ਉਹੋ ਪੂਰੇ ਇਨਸਾਫ਼ ਨਾਲ ਸਜ਼ਾ ਦੇ ਸਕਦਾ ਹੈ।
“ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ ਅਤੇ ਨਾ ਸ਼ਤਾਨ ਨੂੰ ਥਾਂ ਦਿਓ!” (ਅਫ਼ਸੀਆਂ 4:26, 27) ਕਈ ਹਾਲਤਾਂ ਵਿਚ ਸਾਡਾ ਗੁੱਸੇ ਹੋਣਾ ਜਾਇਜ਼ ਹੁੰਦਾ ਹੈ। ਪਰ ਸਾਨੂੰ ਆਪਣੇ ਦਿਲ ਵਿਚ ਲੰਬੇ ਸਮੇਂ ਤਕ “ਕ੍ਰੋਧ” ਨਹੀਂ ਰੱਖਣਾ ਚਾਹੀਦਾ। ਕਿਉਂ? ਕਿਉਂਕਿ ਇਹ ਕ੍ਰੋਧ ਸਾਨੂੰ ਗ਼ਲਤ ਕੰਮ ਕਰਨ ਲਈ ਉਕਸਾ ਸਕਦਾ ਹੈ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ “ਸ਼ਤਾਨ ਨੂੰ ਥਾਂ” ਦੇ ਰਹੇ ਹੋਵਾਂਗੇ ਜਿਸ ਦੇ ਨਤੀਜੇ ਵਜੋਂ ਅਸੀਂ ਯਹੋਵਾਹ ਪਰਮੇਸ਼ੁਰ ਦੀ ਮਿਹਰ ਗੁਆ ਬੈਠਾਂਗੇ।
“ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ, ਨਾ ਕੁੜ੍ਹ—ਉਸ ਤੋਂ ਬੁਰਿਆਈ ਹੀ ਨਿੱਕਲਦੀ ਹੈ।” (ਜ਼ਬੂਰਾਂ ਦੀ ਪੋਥੀ 37:8) ਆਪਣੇ ਜਜ਼ਬਾਤਾਂ ਨੂੰ ਕਾਬੂ ਵਿਚ ਨਾ ਰੱਖਣ ਕਰਕੇ ਅਸੀਂ ਗੁੱਸੇ ਵਿਚ ਅਜਿਹੀ ਗੱਲ ਕਹਿ ਸਕਦੇ ਹਾਂ ਜਾਂ ਅਜਿਹਾ ਕੰਮ ਕਰ ਸਕਦੇ ਹਾਂ ਜਿਸ ਤੋਂ ਦੂਸਰਿਆਂ ਨੂੰ ਠੇਸ ਪਹੁੰਚੇ।