ਮਸੀਹੀ ਇਕੱਠਾਂ ਦੀ ਕਦਰ ਕਰਨੀ
“ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ।”—ਇਬਰਾਨੀਆਂ 10:24, 25.
1, 2. (ੳ) ਸੱਚੇ ਮਸੀਹੀਆਂ ਦੇ ਇਕੱਠ ਵਿਚ ਹਾਜ਼ਰ ਹੋਣਾ ਵਿਸ਼ੇਸ਼-ਸਨਮਾਨ ਕਿਉਂ ਹੈ? (ਅ) ਕਿਸ ਭਾਵ ਵਿਚ ਯਿਸੂ ਆਪਣੇ ਪੈਰੋਕਾਰਾਂ ਦੇ ਇਕੱਠਾਂ ਵਿਚ ਹਾਜ਼ਰ ਹੁੰਦਾ ਹੈ?
ਮਸੀਹੀ ਇਕੱਠ ਵਿਚ ਹਾਜ਼ਰ ਹੋਣਾ ਕਿੰਨਾ ਵਧੀਆ ਵਿਸ਼ੇਸ਼-ਸਨਮਾਨ ਹੈ, ਚਾਹੇ ਇਸ ਵਿਚ ਯਹੋਵਾਹ ਦੇ 10 ਤੋਂ ਵੀ ਘੱਟ ਉਪਾਸਕ ਜਾਂ ਹਜ਼ਾਰਾਂ ਉਪਾਸਕ ਹਾਜ਼ਰ ਹੋਣ, ਕਿਉਂਕਿ ਯਿਸੂ ਨੇ ਕਿਹਾ ਸੀ: “ਜਿੱਥੇ ਦੋ ਯਾ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ”! (ਮੱਤੀ 18:20) ਇਹ ਸੱਚ ਹੈ ਕਿ ਜਦੋਂ ਯਿਸੂ ਨੇ ਇਹ ਵਾਅਦਾ ਕੀਤਾ ਸੀ, ਤਾਂ ਉਹ ਨਿਆਇਕ ਮਾਮਲਿਆਂ ਦੀ ਚਰਚਾ ਕਰ ਰਿਹਾ ਸੀ ਜਿਨ੍ਹਾਂ ਨੂੰ ਕਲੀਸਿਯਾ ਵਿਚ ਅਗਵਾਈ ਲੈ ਰਹੇ ਵਿਅਕਤੀਆਂ ਦੁਆਰਾ ਸਹੀ ਤਰੀਕੇ ਨਾਲ ਨਜਿੱਠਣ ਦੀ ਲੋੜ ਸੀ। (ਮੱਤੀ 18:15-19) ਪਰੰਤੂ ਕੀ ਯਿਸੂ ਦੇ ਸ਼ਬਦ ਸਿਧਾਂਤ ਦੇ ਤੌਰ ਤੇ ਸਾਰੇ ਮਸੀਹੀ ਇਕੱਠਾਂ ਉੱਤੇ ਲਾਗੂ ਕੀਤੇ ਜਾ ਸਕਦੇ ਹਨ ਜਿਹੜੇ ਉਸ ਦੇ ਨਾਂ ਵਿਚ ਪ੍ਰਾਰਥਨਾ ਨਾਲ ਸ਼ੁਰੂ ਅਤੇ ਖ਼ਤਮ ਹੁੰਦੇ ਹਨ? ਜੀ ਹਾਂ। ਯਾਦ ਕਰੋ, ਜਦੋਂ ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਚੇਲੇ ਬਣਾਉਣ ਦਾ ਕੰਮ ਦਿੱਤਾ ਸੀ, ਤਦ ਉਸ ਨੇ ਵਾਅਦਾ ਕੀਤਾ ਸੀ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।”—ਮੱਤੀ 28:20.
2 ਇਸ ਵਿਚ ਕੋਈ ਸ਼ੱਕ ਨਹੀਂ ਹੋ ਸਕਦਾ ਕਿ ਮਸੀਹੀ ਕਲੀਸਿਯਾ ਦਾ ਸਿਰ, ਪ੍ਰਭੂ ਯਿਸੂ ਮਸੀਹ, ਆਪਣੇ ਵਫ਼ਾਦਾਰ ਪੈਰੋਕਾਰਾਂ ਦੇ ਸਾਰੇ ਇਕੱਠਾਂ ਵਿਚ ਡੂੰਘੀ ਦਿਲਚਸਪੀ ਲੈਂਦਾ ਹੈ। ਇਸ ਤੋਂ ਇਲਾਵਾ, ਅਸੀਂ ਯਕੀਨੀ ਹੋ ਸਕਦੇ ਹਾਂ ਕਿ ਉਹ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਜ਼ਰੀਏ ਉਨ੍ਹਾਂ ਨਾਲ ਹੈ। (ਰਸੂਲਾਂ ਦੇ ਕਰਤੱਬ 2:33; ਪਰਕਾਸ਼ ਦੀ ਪੋਥੀ 5:6) ਯਹੋਵਾਹ ਪਰਮੇਸ਼ੁਰ ਵੀ ਸਾਡੇ ਇਕੱਠੇ ਹੋਣ ਵਿਚ ਦਿਲਚਸਪੀ ਰੱਖਦਾ ਹੈ। ਅਜਿਹੇ ਇਕੱਠਾਂ ਦਾ ਬੁਨਿਆਦੀ ਮਕਸਦ ਹੈ “ਸੰਗਤਾਂ ਵਿੱਚ” ਪਰਮੇਸ਼ੁਰ ਦੀ ਪ੍ਰਸ਼ੰਸਾ ਕਰਨਾ। (ਜ਼ਬੂਰ 26:12) ਕਲੀਸਿਯਾ ਸਭਾਵਾਂ ਵਿਚ ਸਾਡੀ ਹਾਜ਼ਰੀ ਉਸ ਲਈ ਸਾਡੇ ਪਿਆਰ ਦਾ ਸਬੂਤ ਹੈ।
3. ਕਿਨ੍ਹਾਂ ਮਹੱਤਵਪੂਰਣ ਕਾਰਨਾਂ ਕਰਕੇ ਅਸੀਂ ਮਸੀਹੀ ਇਕੱਠਾਂ ਦੀ ਕਦਰ ਕਰਦੇ ਹਾਂ?
3 ਹੋਰ ਵੀ ਦੂਸਰੇ ਚੰਗੇ ਕਾਰਨ ਹਨ ਕਿ ਅਸੀਂ ਮਸੀਹੀ ਇਕੱਠਾਂ ਦੀ ਕਦਰ ਕਿਉਂ ਕਰਦੇ ਹਾਂ। ਧਰਤੀ ਨੂੰ ਛੱਡਣ ਤੋਂ ਪਹਿਲਾਂ, ਯਿਸੂ ਨੇ ਆਪਣੇ ਮਸਹ ਕੀਤੇ ਹੋਏ ਚੇਲਿਆਂ ਨੂੰ ਨਿਹਚਾਵਾਨ ਘਰਾਣੇ ਨੂੰ ਸਮੇਂ ਸਿਰ ਅਧਿਆਤਮਿਕ ਭੋਜਨ ਮੁਹੱਈਆ ਕਰਨ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਵਜੋਂ ਨਿਯੁਕਤ ਕੀਤਾ ਸੀ। (ਮੱਤੀ 24:45) ਅਜਿਹਾ ਅਧਿਆਤਮਿਕ ਭੋਜਨ ਮੁਹੱਈਆ ਕਰਨ ਦਾ ਇਕ ਮਹੱਤਵਪੂਰਣ ਤਰੀਕਾ ਹੈ ਕਲੀਸਿਯਾ ਸਭਾਵਾਂ ਅਤੇ ਇਸ ਤੋਂ ਵੱਡੇ ਇਕੱਠ—ਸੰਮੇਲਨ ਅਤੇ ਮਹਾਂ-ਸੰਮੇਲਨ। ਪ੍ਰਭੂ ਯਿਸੂ ਮਸੀਹ ਇਸ ਮਾਤਬਰ ਨੌਕਰ ਨੂੰ ਅਜਿਹੇ ਇਕੱਠਾਂ ਤੇ ਉਨ੍ਹਾਂ ਸਾਰਿਆਂ ਨੂੰ ਮਹੱਤਵਪੂਰਣ ਜਾਣਕਾਰੀ ਦੇਣ ਲਈ ਮਾਰਗ-ਦਰਸ਼ਿਤ ਕਰਦਾ ਹੈ, ਜੋ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਵਿੱਚੋਂ ਬਚਣਾ ਚਾਹੁੰਦੇ ਹਨ ਅਤੇ ਪਰਮੇਸ਼ੁਰ ਦੇ ਧਰਮੀ ਨਵੇਂ ਸੰਸਾਰ ਵਿਚ ਜੀਵਨ ਪ੍ਰਾਪਤ ਕਰਨਾ ਚਾਹੁੰਦੇ ਹਨ।
4. ਬਾਈਬਲ ਵਿਚ ਕਿਹੜੇ ਖ਼ਤਰਨਾਕ “ਦਸਤੂਰ” ਦਾ ਜ਼ਿਕਰ ਕੀਤਾ ਗਿਆ ਹੈ, ਅਤੇ ਇਸ ਤੋਂ ਬਚਣ ਲਈ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?
4 ਇਸ ਲਈ, ਕਿਸੇ ਵੀ ਮਸੀਹੀ ਨੂੰ ਪੌਲੁਸ ਰਸੂਲ ਦੁਆਰਾ ਦਰਜ ਖ਼ਤਰਨਾਕ ਦਸਤੂਰ ਨੂੰ ਵਿਕਸਿਤ ਨਹੀਂ ਕਰਨਾ ਚਾਹੀਦਾ ਹੈ ਜਿਸ ਬਾਰੇ ਉਸ ਨੇ ਲਿਖਿਆ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬਰਾਨੀਆਂ 10:24, 25) ਮਸੀਹੀ ਇਕੱਠਾਂ ਵਿਚ ਹਾਜ਼ਰ ਹੋਣ ਦੇ ਵਿਸ਼ੇਸ਼-ਸਨਮਾਨ ਅਤੇ ਫ਼ਾਇਦਿਆਂ ਉੱਤੇ ਮਨਨ ਕਰਨਾ ਸਾਨੂੰ ਅਜਿਹੇ ਇਕੱਠਾਂ ਦਾ ਵਫ਼ਾਦਾਰੀ ਅਤੇ ਪੂਰੇ ਦਿਲ ਨਾਲ ਸਮਰਥਨ ਕਰਨ ਲਈ ਮਦਦ ਦੇਵੇਗਾ।
ਸਭਾਵਾਂ ਜੋ ਮਜ਼ਬੂਤ ਕਰਦੀਆਂ ਹਨ
5. (ੳ) ਸਾਡੀ ਬੋਲੀ ਦਾ ਸਭਾਵਾਂ ਉੱਤੇ ਕਿਹੜਾ ਪ੍ਰਭਾਵ ਪੈਣਾ ਚਾਹੀਦਾ ਹੈ? (ਅ) ਸਾਨੂੰ ਦਿਲਚਸਪੀ ਰੱਖਣ ਵਾਲਿਆਂ ਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਸੱਦਾ ਦੇਣ ਵਿਚ ਦੇਰ ਕਿਉਂ ਨਹੀਂ ਕਰਨੀ ਚਾਹੀਦੀ ਹੈ?
5 ਕਿਉਂਕਿ ਮਸੀਹੀ ਪ੍ਰਾਰਥਨਾ ਕਰਦੇ ਹਨ ਕਿ ਯਹੋਵਾਹ ਦੀ ਪਵਿੱਤਰ ਆਤਮਾ ਮਸੀਹੀ ਸਭਾਵਾਂ ਉੱਤੇ ਹੋਵੇ, ਇਸ ਲਈ ਹਰੇਕ ਹਾਜ਼ਰ ਹੋਣ ਵਾਲੇ ਨੂੰ ਨਿੱਜੀ ਤੌਰ ਤੇ ਆਤਮਾ ਦੀ ਇਕਸੁਰਤਾ ਵਿਚ ਕੰਮ ਕਰਨ ਦਾ ਪੂਰਾ ਜਤਨ ਕਰਨਾ ਚਾਹੀਦਾ ਹੈ ਅਤੇ ‘ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਹੀਂ ਕਰਨਾ’ ਚਾਹੀਦਾ ਹੈ। (ਅਫ਼ਸੀਆਂ 4:30) ਜਦੋਂ ਪੌਲੁਸ ਰਸੂਲ ਨੇ ਇਨ੍ਹਾਂ ਪ੍ਰੇਰਿਤ ਸ਼ਬਦਾਂ ਨੂੰ ਲਿਖਿਆ, ਤਾਂ ਉਹ ਬੋਲੀ ਦੀ ਸਹੀ ਵਰਤੋਂ ਦੀ ਚਰਚਾ ਕਰ ਰਿਹਾ ਸੀ। ਜੋ ਵੀ ਅਸੀਂ ਕਹਿੰਦੇ ਹਾਂ ਉਹ ਹਮੇਸ਼ਾ ‘ਜਿਵੇਂ ਲੋੜ ਪਵੇ ਹੋਰਨਾਂ ਦੀ ਉੱਨਤੀ ਲਈ ਹੋਣਾ’ ਚਾਹੀਦਾ ਹੈ ‘ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।’ (ਅਫ਼ਸੀਆਂ 4:29) ਇਹ ਖ਼ਾਸ ਤੌਰ ਤੇ ਮਸੀਹੀ ਇਕੱਠਾਂ ਤੇ ਮਹੱਤਵਪੂਰਣ ਹੈ। ਕੁਰਿੰਥੀਆਂ ਦੇ ਨਾਂ ਆਪਣੀ ਪੱਤਰੀ ਵਿਚ, ਪੌਲੁਸ ਨੇ ਸਭਾਵਾਂ ਨੂੰ ਉਸਾਰੂ, ਸਿੱਖਿਆਦਾਇਕ, ਅਤੇ ਉਤਸ਼ਾਹਜਨਕ ਹੋਣ ਦੀ ਲੋੜ ਉੱਤੇ ਜ਼ੋਰ ਦਿੱਤਾ। (1 ਕੁਰਿੰਥੀਆਂ 14:5, 12, 19, 26, 31) ਸਾਰੇ ਹਾਜ਼ਰ ਵਿਅਕਤੀ ਅਜਿਹੀਆਂ ਸਭਾਵਾਂ ਤੋਂ ਫ਼ਾਇਦਾ ਲੈਂਦੇ ਹਨ, ਅਤੇ ਨਵੇਂ ਵਿਅਕਤੀ ਵੀ ਸ਼ਾਮਲ ਹਨ, ਜੋ ਸ਼ਾਇਦ ਸਿੱਟਾ ਕੱਢਣ: “ਸੱਚੀ ਮੁੱਚੀ ਪਰਮੇਸ਼ੁਰ ਏਹਨਾਂ ਦੇ ਵਿੱਚ ਹੈ।” (1 ਕੁਰਿੰਥੀਆਂ 14:25) ਇਸ ਕਾਰਨ, ਸਾਨੂੰ ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀਆਂ ਨੂੰ ਆਪਣੇ ਨਾਲ ਇਕੱਠੇ ਹੋਣ ਦਾ ਸੱਦਾ ਦੇਣ ਵਿਚ ਦੇਰ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਅਧਿਆਤਮਿਕ ਉੱਨਤੀ ਨੂੰ ਤੇਜ਼ ਕਰੇਗਾ।
6. ਕਿਹੜੇ ਕੁਝ ਕਾਰਕ ਹਨ ਜੋ ਸਭਾ ਨੂੰ ਉਤਸ਼ਾਹਜਨਕ ਬਣਾਉਣ ਵਿਚ ਮਦਦ ਕਰਦੇ ਹਨ?
6 ਜਿਨ੍ਹਾਂ ਨੂੰ ਮਸੀਹੀ ਸਭਾ ਵਿਚ ਭਾਸ਼ਣ ਦੇਣ, ਇੰਟਰਵਿਊ ਦੇਣ, ਜਾਂ ਪ੍ਰਦਰਸ਼ਨ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ, ਉਨ੍ਹਾਂ ਸਾਰਿਆਂ ਨੂੰ ਯਕੀਨੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਬੋਲੀ ਉਤਸ਼ਾਹਜਨਕ ਅਤੇ ਪਰਮੇਸ਼ੁਰ ਦੇ ਲਿਖਤੀ ਬਚਨ, ਬਾਈਬਲ ਦੀ ਇਕਸੁਰਤਾ ਵਿਚ ਹੈ। ਸਹੀ ਬੋਲੀ ਬੋਲਣ ਦੇ ਨਾਲ-ਨਾਲ, ਸਾਨੂੰ ਉਹ ਭਾਵਨਾਵਾਂ ਅਤੇ ਜਜ਼ਬਾਤ ਪ੍ਰਗਟ ਕਰਨੇ ਚਾਹੀਦੇ ਹਨ ਜੋ ਪਰਮੇਸ਼ੁਰ ਅਤੇ ਮਸੀਹ ਦੇ ਪ੍ਰੇਮਮਈ ਵਿਅਕਤਿੱਤਵ ਦੀ ਇਕਸੁਰਤਾ ਵਿਚ ਹਨ। ਜੇਕਰ ਸਭਾ ਕਾਰਜਕ੍ਰਮ ਵਿਚ ਭਾਗ ਪੇਸ਼ ਕਰਨ ਵਾਲੇ ਸਾਰੇ ਭੈਣ-ਭਰਾ ‘ਪਰਮੇਸ਼ੁਰ ਦੀ ਆਤਮਾ ਦਾ ਫਲ,’ ਜਿਵੇਂ ਆਨੰਦ, ਧੀਰਜ, ਅਤੇ ਵਫ਼ਾਦਾਰੀ ਨੂੰ ਪ੍ਰਗਟ ਕਰਨ ਲਈ ਸਚੇਤ ਹਨ, ਤਾਂ ਸਾਰੇ ਹਾਜ਼ਰ ਵਿਅਕਤੀ ਯਕੀਨਨ ਮਜ਼ਬੂਤ ਕੀਤੇ ਜਾਣਗੇ।—ਗਲਾਤੀਆਂ 5:22, 23.
7. ਸਾਰੇ ਹਾਜ਼ਰ ਵਿਅਕਤੀ ਇਕ ਉਤਸ਼ਾਹਜਨਕ ਇਕੱਠ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਨ?
7 ਭਾਵੇਂ ਕਿ ਕਲੀਸਿਯਾ ਸਭਾਵਾਂ ਵਿਚ ਸ਼ਾਇਦ ਥੋੜ੍ਹੇ ਵਿਅਕਤੀਆਂ ਦਾ ਕਾਰਜਕ੍ਰਮ ਵਿਚ ਭਾਗ ਹੋਵੇ, ਸਾਰੇ ਇਕ ਉਤਸ਼ਾਹਜਨਕ ਇਕੱਠ ਵਿਚ ਯੋਗਦਾਨ ਪਾ ਸਕਦੇ ਹਨ। ਅਕਸਰ ਹਾਜ਼ਰੀਨ ਕੋਲ ਸਵਾਲਾਂ ਦੇ ਜਵਾਬ ਦੇਣ ਦੇ ਮੌਕੇ ਹੁੰਦੇ ਹਨ। ਇਹ ਆਪਣੀ ਨਿਹਚਾ ਦਾ ਖੁੱਲ੍ਹੇ-ਆਮ ਐਲਾਨ ਕਰਨ ਦੇ ਮੌਕੇ ਹਨ। (ਰੋਮੀਆਂ 10:9) ਇਨ੍ਹਾਂ ਮੌਕਿਆਂ ਨੂੰ ਕਦੀ ਵੀ ਆਪਣੇ ਨਿੱਜੀ ਖ਼ਿਆਲਾਂ ਨੂੰ ਵਧਾਉਣ, ਆਪਣੀਆਂ ਨਿੱਜੀ ਪ੍ਰਾਪਤੀਆਂ ਦੀ ਸ਼ੇਖ਼ੀ ਮਾਰਨ, ਜਾਂ ਆਪਣੇ ਕਿਸੇ ਸੰਗੀ ਵਿਸ਼ਵਾਸੀ ਦੀ ਨੁਕਤਾਚੀਨੀ ਕਰਨ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ। ਕੀ ਇਹ ਪਰਮੇਸ਼ੁਰ ਦੀ ਆਤਮਾ ਨੂੰ ਉਦਾਸ ਨਹੀਂ ਕਰੇਗਾ? ਸੰਗੀ ਵਿਸ਼ਵਾਸੀਆਂ ਨਾਲ ਮਤਭੇਦਾਂ ਨੂੰ ਏਕਾਂਤ ਵਿਚ ਪਿਆਰ ਦੀ ਭਾਵਨਾ ਨਾਲ ਹੱਲ ਕਰਨਾ ਸਭ ਤੋਂ ਵਧੀਆ ਹੈ। ਬਾਈਬਲ ਬਿਆਨ ਕਰਦੀ ਹੈ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਅਫ਼ਸੀਆਂ 4:32) ਇਸ ਵਧੀਆ ਸਲਾਹ ਨੂੰ ਲਾਗੂ ਕਰਨ ਲਈ ਮਸੀਹੀ ਇਕੱਠ ਸਾਨੂੰ ਕਿੰਨਾ ਸ਼ਾਨਦਾਰ ਮੌਕਾ ਦਿੰਦੇ ਹਨ! ਇਸ ਮਕਸਦ ਨਾਲ, ਬਹੁਤ ਸਾਰੇ ਭੈਣ-ਭਰਾ ਸਭਾ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਆਉਂਦੇ ਹਨ ਅਤੇ ਇਸ ਦੇ ਖ਼ਤਮ ਹੋਣ ਤੋਂ ਬਾਅਦ ਵੀ ਕੁਝ ਦੇਰ ਤਕ ਰਹਿੰਦੇ ਹਨ। ਇਹ ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀਆਂ ਦੀ ਵੀ ਮਦਦ ਕਰਦਾ ਹੈ, ਜਿਨ੍ਹਾਂ ਨੂੰ ਨਿੱਘੇ
ਸੁਆਗਤ ਦੀ ਖ਼ਾਸ ਲੋੜ ਹੁੰਦੀ ਹੈ। ਇਸ ਲਈ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਅਤੇ ਇੱਕ ਦੂਏ ਦਾ ਧਿਆਨ ਰੱਖਣ’ ਦੁਆਰਾ ਸਾਰੇ ਸਮਰਪਿਤ ਮਸੀਹੀਆਂ ਕੋਲ ਸਭਾਵਾਂ ਨੂੰ ਉਤਸ਼ਾਹਜਨਕ ਬਣਾਉਣ ਦਾ ਕੰਮ ਹੈ।
ਚੰਗੀ ਤਿਆਰੀ ਕਰੋ
8. (ੳ) ਕੁਝ ਵਿਅਕਤੀ ਸਭਾਵਾਂ ਵਿਚ ਹਾਜ਼ਰ ਹੋਣ ਲਈ ਕਿਹੜੀਆਂ ਸ਼ਲਾਘਾਯੋਗ ਕੁਰਬਾਨੀਆਂ ਕਰਦੇ ਹਨ? (ਅ) ਇਕ ਅਯਾਲੀ ਵਜੋਂ ਯਹੋਵਾਹ ਕਿਹੜੀ ਉਦਾਹਰਣ ਕਾਇਮ ਕਰਦਾ ਹੈ?
8 ਜਦ ਕਿ ਕੁਝ ਵਿਅਕਤੀਆਂ ਲਈ ਮਸੀਹੀ ਇਕੱਠਾਂ ਵਿਚ ਸ਼ਾਮਲ ਹੋਣਾ ਸ਼ਾਇਦ ਆਸਾਨ ਹੋਵੇ, ਦੂਸਰਿਆਂ ਤੋਂ ਇਹ ਕੁਰਬਾਨੀ ਦੀ ਮੰਗ ਕਰਦਾ ਹੈ। ਉਦਾਹਰਣ ਲਈ, ਇਕ ਮਸੀਹੀ ਮਾਤਾ ਜਿਸ ਨੂੰ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਮਦਦ ਕਰਨ ਲਈ ਨੌਕਰੀ ਕਰਨੀ ਪੈਂਦੀ ਹੈ, ਅਕਸਰ ਕੰਮ ਤੋਂ ਥੱਕੀ ਹੋਈ ਘਰ ਆਉਂਦੀ ਹੈ। ਫਿਰ ਉਸ ਨੂੰ ਸ਼ਾਇਦ ਖਾਣਾ ਬਣਾਉਣਾ ਪਵੇ ਅਤੇ ਸਭਾ ਲਈ ਤਿਆਰ ਹੋਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਨੀ ਪਵੇ। ਦੂਸਰੇ ਮਸੀਹੀਆਂ ਨੂੰ ਸਭਾਵਾਂ ਵਿਚ ਆਉਣ ਲਈ ਸ਼ਾਇਦ ਲੰਬਾ ਸਫ਼ਰ ਕਰਨਾ ਪਵੇ, ਜਾਂ ਉਹ ਸ਼ਾਇਦ ਬੀਮਾਰੀਆਂ ਜਾਂ ਬੁਢਾਪੇ ਕਾਰਨ ਸੀਮਿਤ ਹੋਣ। ਨਿਰਸੰਦੇਹ, ਯਹੋਵਾਹ ਪਰਮੇਸ਼ੁਰ ਸਭਾ ਵਿਚ ਹਾਜ਼ਰ ਹੋਣ ਵਾਲੇ ਹਰੇਕ ਵਫ਼ਾਦਾਰ ਵਿਅਕਤੀ ਦੇ ਹਾਲਾਤ ਨੂੰ ਸਮਝਦਾ ਹੈ, ਠੀਕ ਜਿਵੇਂ ਇਕ ਪ੍ਰੇਮਮਈ ਅਯਾਲੀ ਆਪਣੇ ਝੁੰਡ ਵਿਚ ਹਰੇਕ ਭੇਡ ਦੀਆਂ ਖ਼ਾਸ ਜ਼ਰੂਰਤਾਂ ਨੂੰ ਸਮਝਦਾ ਹੈ। ਬਾਈਬਲ ਬਿਆਨ ਕਰਦੀ ਹੈ: “[ਯਹੋਵਾਹ] ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।”—ਯਸਾਯਾਹ 40:11.
9, 10. ਅਸੀਂ ਸਭਾਵਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਕਿਵੇਂ ਉਠਾ ਸਕਦੇ ਹਾਂ?
9 ਜਿਨ੍ਹਾਂ ਨੂੰ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਲਈ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ, ਉਹ ਸ਼ਾਇਦ ਸਭਾ ਵਿਚ ਵਿਚਾਰੀ ਜਾਣ ਵਾਲੀ ਸਾਮੱਗਰੀ ਨੂੰ ਤਿਆਰ ਕਰਨ ਲਈ ਥੋੜ੍ਹਾ ਸਮਾਂ ਦੇ ਸਕਣ। ਬਾਈਬਲ ਪਠਨ ਦੀ ਸਪਤਾਹਕ ਅਨੁਸੂਚੀ ਅਨੁਸਾਰ ਚੱਲਣਾ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਹਾਜ਼ਰੀ ਨੂੰ ਜ਼ਿਆਦਾ ਲਾਭਦਾਇਕ ਬਣਾਉਂਦਾ ਹੈ। ਇਸੇ ਤਰ੍ਹਾਂ, ਦੂਸਰੀਆਂ ਸਭਾਵਾਂ, ਜਿਵੇਂ ਕਿ ਪਹਿਰਾਬੁਰਜ ਅਧਿਐਨ ਅਤੇ ਕਲੀਸਿਯਾ ਪੁਸਤਕ ਅਧਿਐਨ ਦੀ ਅਗਾਊਂ ਤਿਆਰੀ ਕਰਨੀ, ਇਨ੍ਹਾਂ ਨੂੰ ਹੋਰ ਜ਼ਿਆਦਾ ਲਾਭਦਾਇਕ ਬਣਾਉਂਦੀ ਹੈ। ਅਧਿਐਨ ਸਾਮੱਗਰੀ ਨੂੰ ਅਗਾਊਂ ਪੜ੍ਹਨ ਨਾਲ ਅਤੇ ਬਾਈਬਲ ਦੇ ਘੱਟੋ-ਘੱਟ ਕੁਝ ਉਲਿਖਤ ਸ਼ਾਸਤਰਵਚਨਾਂ ਉੱਤੇ ਵਿਚਾਰ ਕਰਨ ਨਾਲ, ਉਹ ਵਿਅਕਤੀ ਵੀ ਇਨ੍ਹਾਂ ਮਹੱਤਵਪੂਰਣ ਬਾਈਬਲ ਚਰਚਿਆਂ ਵਿਚ ਅਰਥਪੂਰਣ ਹਿੱਸਾ ਲੈਣ ਲਈ ਜ਼ਿਆਦਾ ਤਿਆਰ ਹੋਣਗੇ ਜੋ ਭਾਰੀਆਂ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਥੋੜ੍ਹਾ ਸਮਾਂ ਦੇ ਸਕਦੇ ਹਨ।
10 ਦੂਸਰੇ, ਜਿਹੜੇ ਹਾਲਾਤ ਕਾਰਨ ਘੱਟ ਸੀਮਿਤ ਹਨ, ਸਭਾ ਦੀ ਤਿਆਰੀ ਕਰਨ ਵਿਚ ਜ਼ਿਆਦਾ ਸਮਾਂ ਲਗਾ ਸਕਦੇ ਹਨ। ਉਦਾਹਰਣ ਲਈ, ਉਹ ਉਨ੍ਹਾਂ ਸ਼ਾਸਤਰਵਚਨਾਂ ਉੱਤੇ ਖੋਜ ਕਰ ਸਕਦੇ ਹਨ ਜੋ ਉਲਿਖਤ ਹਨ ਪਰ ਉਤਕਥਿਤ ਨਹੀਂ ਹਨ। ਇਸ ਤਰ੍ਹਾਂ ਸਭਾਵਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਲਈ ਸਾਰੇ ਤਿਆਰ ਹੋ ਸਕਦੇ ਹਨ ਅਤੇ ਆਪਣੇ ਭਾਸ਼ਣਾਂ ਅਤੇ ਟਿੱਪਣੀਆਂ ਦੁਆਰਾ ਕਲੀਸਿਯਾ ਨੂੰ ਮਜ਼ਬੂਤ ਕਰਨ ਵਿਚ ਵਧੀਆ ਹਿੱਸਾ ਪਾ ਸਕਦੇ ਹਨ। ਚੰਗੀ ਤਰ੍ਹਾਂ ਤਿਆਰ ਹੋਣ ਦੁਆਰਾ, ਬਜ਼ੁਰਗ ਅਤੇ ਸਹਾਇਕ ਸੇਵਕ ਛੋਟੇ ਅਤੇ ਸੰਖਿਪਤ ਜਵਾਬ ਦੇਣ ਵਿਚ ਵਧੀਆ ਉਦਾਹਰਣ ਕਾਇਮ ਕਰ ਸਕਦੇ ਹਨ। ਯਹੋਵਾਹ ਦੇ ਪ੍ਰਬੰਧਾਂ ਲਈ ਆਦਰ ਕਰਕੇ, ਹਾਜ਼ਰ ਵਿਅਕਤੀ ਸਭਾਵਾਂ ਦੌਰਾਨ ਅਜਿਹਾ ਕੋਈ ਵੀ ਕੰਮ ਕਰਨ ਤੋਂ ਪਰਹੇਜ਼ ਕਰਨਗੇ ਜੋ ਦੂਸਰਿਆਂ ਦਾ ਧਿਆਨ ਉਖੇੜਦਾ ਹੈ।—1 ਪਤਰਸ 5:3.
11. ਸਭਾਵਾਂ ਦੀ ਤਿਆਰੀ ਕਰਨ ਲਈ ਸਵੈ-ਅਨੁਸ਼ਾਸਨ ਕਿਉਂ ਜ਼ਰੂਰੀ ਹੈ?
11 ਅਜਿਹੇ ਕੰਮ ਅਤੇ ਦਿਲਪਰਚਾਵੇ ਜਿਹੜੇ ਸਾਡੀ ਅਧਿਆਤਮਿਕ ਸਿਹਤ ਲਈ ਜ਼ਰੂਰੀ ਨਹੀਂ ਹਨ, ਸਾਡਾ ਬਹੁਤ ਸਮਾਂ ਬਰਬਾਦ ਕਰ ਸਕਦੇ ਹਨ। ਜੇਕਰ ਇਸ ਤਰ੍ਹਾਂ ਹੈ, ਤਾਂ ਸਾਨੂੰ ਆਪਣੀ ਜਾਂਚ ਕਰਨ ਦੀ ਲੋੜ ਹੈ ਅਤੇ ਆਪਣੇ ਸਮੇਂ ਦੀ ਵਰਤੋਂ ਦੇ ਸੰਬੰਧ ਵਿਚ ‘ਮੂਰਖ ਨਹੀਂ ਹੋਣਾ’ ਚਾਹੀਦਾ। (ਅਫ਼ਸੀਆਂ 5:17) ਸਾਡਾ ਟੀਚਾ ਹੋਣਾ ਚਾਹੀਦਾ ਹੈ ਘੱਟ ਜ਼ਰੂਰੀ ਮਾਮਲਿਆਂ ਤੋਂ ‘ਸਮੇਂ ਨੂੰ ਖ਼ਰੀਦਣਾ’ ਤਾਂਕਿ ਅਸੀਂ ਨਿੱਜੀ ਬਾਈਬਲ ਅਧਿਐਨ ਅਤੇ ਸਭਾ ਦੀ ਤਿਆਰੀ ਕਰਨ ਵਿਚ, ਅਤੇ ਰਾਜ ਸੇਵਕਾਈ ਵਿਚ ਜ਼ਿਆਦਾ ਸਮਾਂ ਲਗਾ ਸਕੀਏ। (ਅਫ਼ਸੀਆਂ 5:16, ਨਿ ਵ) ਇਹ ਸੱਚ ਹੈ ਕਿ ਇਹ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ ਅਤੇ ਸਵੈ-ਅਨੁਸ਼ਾਸਨ ਦੀ ਮੰਗ ਕਰਦਾ ਹੈ। ਇਸ ਵੱਲ ਧਿਆਨ ਦੇਣ ਵਾਲੇ ਨੌਜਵਾਨ ਭਵਿੱਖ ਵਿਚ ਉੱਨਤੀ ਕਰਨ ਲਈ ਵਧੀਆ ਨੀਂਹ ਰੱਖਦੇ ਹਨ। ਪੌਲੁਸ ਨੇ ਉਮਰ ਵਿਚ ਛੋਟੇ ਆਪਣੇ ਸਾਥੀ ਤਿਮੋਥਿਉਸ ਨੂੰ ਲਿਖਿਆ: “ਇਨ੍ਹਾਂ ਗੱਲਾਂ [ਤਿਮੋਥਿਉਸ ਨੂੰ ਪੌਲੁਸ ਦੀ ਸਲਾਹ] ਦਾ ਉੱਦਮ ਕਰ। ਇਨ੍ਹਾਂ ਵਿੱਚ ਲੱਗਾ ਰਹੁ ਭਈ ਤੇਰੀ ਤਰੱਕੀ ਸਭਨਾਂ ਉੱਤੇ ਪਰਗਟ ਹੋਵੇ।”—1 ਤਿਮੋਥਿਉਸ 4:15.
ਪਰਮੇਸ਼ੁਰ ਦੇ ਬਚਨ ਵਿੱਚੋਂ ਉਦਾਹਰਣਾਂ
12. ਸਮੂਏਲ ਦੇ ਪਰਿਵਾਰ ਦੁਆਰਾ ਕਿਹੜੀ ਵਿਲੱਖਣ ਉਦਾਹਰਣ ਕਾਇਮ ਕੀਤੀ ਗਈ ਸੀ?
12 ਸਮੂਏਲ ਦੇ ਪਰਿਵਾਰ ਦੁਆਰਾ ਕਾਇਮ ਕੀਤੀ ਗਈ ਵਧੀਆ ਉਦਾਹਰਣ ਉੱਤੇ ਵਿਚਾਰ ਕਰੋ, ਜੋ ਆਪਣੇ ਸੰਗੀ ਉਪਾਸਕਾਂ ਨਾਲ ਇਕੱਠੇ ਹੋਣ ਦੇ ਪ੍ਰਬੰਧਾਂ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਂਦਾ ਸੀ ਜਦੋਂ ਪਰਮੇਸ਼ੁਰ ਦਾ ਡੇਹਰਾ ਸ਼ੀਲੋਹ ਵਿਚ ਸੀ। ਸਿਰਫ਼ ਪੁਰਸ਼ਾਂ ਤੋਂ ਹਰ ਸਾਲ ਪਰਬ ਦੇ ਜਸ਼ਨਾਂ ਤੇ ਜਾਣ ਦੀ ਮੰਗ ਕੀਤੀ ਜਾਂਦੀ ਸੀ। ਪਰੰਤੂ ਸਮੂਏਲ ਦਾ ਪਿਤਾ, ਅਲਕਾਨਾਹ, ਆਪਣੇ ਪੂਰੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ “ਵਰਹੇ ਦੇ ਵਰਹੇ ਆਪਣੇ ਸ਼ਹਿਰੋਂ ਸ਼ੀਲੋਹ ਵਿੱਚ ਸੈਨਾਂ ਦੇ ਯਹੋਵਾਹ ਦੇ ਅੱਗੇ ਮੱਥਾ ਟੇਕਣ ਅਤੇ ਭੇਟ ਚੜ੍ਹਾਉਣ ਜਾਂਦਾ ਹੁੰਦਾ ਸੀ।” (1 ਸਮੂਏਲ 1:3-5) ਸਮੂਏਲ ਦਾ ਜੱਦੀ-ਪਿੰਡ, ਰਾਮਾਤੈਮ ਸੋਫ਼ੀਮ, “ਇਫ਼ਰਾਈਮ ਦੇ ਪਹਾੜ” ਦੇ ਪੈਰਾਂ ਵਿਚ ਸੰਭਵ ਤੌਰ ਤੇ ਸਮੁੰਦਰੀ ਕੰਢੇ ਦੇ ਨੇੜੇ ਆਧੁਨਿਕ ਦਿਨ ਦੇ ਰੇਂਟਿਸ ਤੇ ਸਥਿਤ ਸੀ। (1 ਸਮੂਏਲ 1:1) ਇਸ ਤਰ੍ਹਾਂ ਸ਼ੀਲੋਹ ਦਾ ਸਫ਼ਰ ਲਗਭਗ 30 ਕਿਲੋਮੀਟਰ ਦਾ ਸੀ, ਜੋ ਕਿ ਉਨ੍ਹਾਂ ਦਿਨਾਂ ਵਿਚ ਥਕਾ ਦੇਣ ਵਾਲਾ ਸਫ਼ਰ ਸੀ। ਅਲਕਾਨਾਹ ਦੇ ਪਰਿਵਾਰ ਨੇ “ਵਰਹੇ ਦੇ ਵਰਹੇ” ਨਿਸ਼ਠਾ ਨਾਲ ਇਹੋ ਕੀਤਾ ਜਦੋਂ ‘ਉਹ ਯਹੋਵਾਹ ਦੇ ਘਰ ਜਾਂਦਾ ਸੀ।’—1 ਸਮੂਏਲ 1:7.
13. ਧਰਤੀ ਉੱਤੇ ਯਿਸੂ ਦੇ ਸਮੇਂ ਦੌਰਾਨ ਵਫ਼ਾਦਾਰ ਯਹੂਦੀਆਂ ਨੇ ਕਿਹੜੀ ਉਦਾਹਰਣ ਕਾਇਮ ਕੀਤੀ ਸੀ?
13 ਯਿਸੂ ਵੀ ਇਕ ਵੱਡੇ ਪਰਿਵਾਰ ਵਿਚ ਪਲਿਆ। ਹਰ ਸਾਲ ਉਹ ਸਾਰੇ ਯਰੂਸ਼ਲਮ ਵਿਚ ਪਸਾਹ ਦਾ ਪਰਬ ਮਨਾਉਣ ਲਈ ਨਾਸਰਤ ਤੋਂ ਦੱਖਣ ਵੱਲ ਲਗਭਗ 100 ਕਿਲੋਮੀਟਰ ਦਾ ਸਫ਼ਰ ਕਰਦੇ ਸਨ। ਉਹ ਦੋ ਰਸਤਿਆਂ ਰਾਹੀਂ ਜਾ ਸਕਦੇ ਸਨ। ਮਗਿੱਦੋ ਦੀ ਘਾਟੀ ਵਿਚ ਉੱਤਰ ਕੇ ਅਤੇ ਫਿਰ ਸਾਮਰੀ ਖੇਤਰ ਵਿੱਚੋਂ ਲਗਭਗ 600 ਮੀਟਰ ਦੀ ਉਚਾਈ ਚੜ੍ਹ ਕੇ ਯਰੂਸ਼ਲਮ ਨੂੰ ਪਹੁੰਚਣ ਦਾ ਰਾਹ ਜ਼ਿਆਦਾ ਸਿੱਧਾ ਸੀ। ਦੂਸਰਾ ਆਮ ਰਾਹ ਉਹ ਸੀ ਜਿਸ ਰਾਹੀਂ ਯਿਸੂ 33 ਸਾ.ਯੁ. ਵਿਚ ਯਰੂਸ਼ਲਮ ਨੂੰ ਆਖ਼ਰੀ ਵਾਰ ਗਿਆ। ਇਸ ਵਿਚ ਸਮੁੰਦਰ ਤਲ ਤੋਂ ਥੱਲੇ ਯਰਦਨ ਘਾਟੀ ਵਿਚ ਜਾਣਾ ਪੈਂਦਾ ਸੀ ਜਦ ਤਕ ਉਹ ‘ਯਰਦਨ ਦੇ ਪਾਰ ਯਹੂਦਿਯਾ ਦੀਆਂ ਹੱਦਾਂ’ ਤਕ ਨਾ ਪਹੁੰਚਦਾ। (ਮਰਕੁਸ 10:1) ਇਸ ਥਾਂ ਤੋਂ, ‘ਯਰੂਸ਼ਲਮ ਨੂੰ ਜਾਂਦਾ ਰਾਹ’ ਕੁਝ 30 ਕਿਲੋਮੀਟਰ ਲੰਬਾ ਸੀ, ਜਿਸ ਵਿਚ 1,100 ਮੀਟਰ ਤੋਂ ਜ਼ਿਆਦਾ ਉੱਚੀ ਚੜ੍ਹਾਈ ਚੜ੍ਹਨੀ ਪੈਂਦੀ ਸੀ। (ਮਰਕੁਸ 10:32) ਨਿਯਮਿਤ ਤੌਰ ਤੇ, ਪਰਬਾਂ ਨੂੰ ਮਨਾਉਣ ਵਾਲੇ ਵਫ਼ਾਦਾਰ ਲੋਕਾਂ ਦੀ ਭੀੜ ਗਲੀਲ ਤੋਂ ਯਰੂਸ਼ਲਮ ਨੂੰ ਔਖਾ ਸਫ਼ਰ ਕਰਦੀ ਸੀ। (ਲੂਕਾ 2:44) ਅੱਜ ਅਮੀਰ ਦੇਸ਼ਾਂ ਵਿਚ ਰਹਿਣ ਵਾਲੇ ਯਹੋਵਾਹ ਦੇ ਸੇਵਕਾਂ ਲਈ ਕਿੰਨੀ ਵਧੀਆ ਉਦਾਹਰਣ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਧੁਨਿਕ ਕਿਸਮ ਦੀ ਆਵਾਜਾਈ ਸਦਕਾ ਕਾਫ਼ੀ ਆਸਾਨੀ ਨਾਲ ਮਸੀਹੀ ਇਕੱਠਾਂ ਵਿਚ ਹਾਜ਼ਰ ਹੋ ਸਕਦੇ ਹਨ!
14, 15. (ੳ) ਆੱਨਾ ਨੇ ਕਿਹੜੀ ਉਦਾਹਰਣ ਕਾਇਮ ਕੀਤੀ? (ਅ) ਸਭਾ ਵਿਚ ਹਾਜ਼ਰ ਹੋਣ ਵਾਲੇ ਕੁਝ ਨਵੇਂ ਵਿਅਕਤੀਆਂ ਦੁਆਰਾ ਦਿਖਾਏ ਗਏ ਵਧੀਆ ਰਵੱਈਏ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
14 ਇਕ ਹੋਰ ਉਦਾਹਰਣ ਹੈ 84 ਸਾਲ ਦੀ ਵਿਧਵਾ ਆੱਨਾ। ਬਾਈਬਲ ਬਿਆਨ ਕਰਦੀ ਹੈ ਕਿ ਉਹ “ਹੈਕਲ ਨੂੰ ਨਾ ਛੱਡਦੀ” ਸੀ। (ਲੂਕਾ 2:37) ਇਸ ਤੋਂ ਇਲਾਵਾ, ਆੱਨਾ ਨੇ ਦੂਸਰਿਆਂ ਵਿਚ ਪ੍ਰੇਮਮਈ ਦਿਲਚਸਪੀ ਦਿਖਾਈ। ਨੰਨ੍ਹੇ ਯਿਸੂ ਨੂੰ ਦੇਖ ਕੇ ਅਤੇ ਇਹ ਪਤਾ ਲੱਗਣ ਤੇ ਕਿ ਉਹ ਵਾਅਦਾ ਕੀਤਾ ਹੋਇਆ ਮਸੀਹਾ ਸੀ, ਉਸ ਨੇ ਕੀ ਕੀਤਾ? ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ “ਉਹ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ।” (ਲੂਕਾ 2:38) ਕਿੰਨਾ ਵਧੀਆ ਰਵੱਈਆ, ਅੱਜ ਮਸੀਹੀਆਂ ਲਈ ਇਕ ਨਮੂਨਾ!
15 ਜੀ ਹਾਂ, ਸਾਡੀਆਂ ਸਭਾਵਾਂ ਵਿਚ ਹਾਜ਼ਰੀ ਅਤੇ ਹਿੱਸਾ ਲੈਣਾ ਇੰਨੇ ਆਨੰਦ ਦੀ ਗੱਲ ਹੋਣੀ ਚਾਹੀਦੀ ਹੈ ਕਿ, ਆੱਨਾ ਦੀ ਤਰ੍ਹਾਂ, ਅਸੀਂ ਇਨ੍ਹਾਂ ਨੂੰ ਕਦੀ ਵੀ ਛੱਡਣਾ ਨਹੀਂ ਚਾਹਾਂਗੇ। ਬਹੁਤ ਸਾਰੇ ਨਵੇਂ ਵਿਅਕਤੀ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਹਨੇਰੇ ਵਿੱਚੋਂ ਪਰਮੇਸ਼ੁਰ ਦੇ ਅਦਭੁਤ ਚਾਨਣ ਵਿਚ ਆਉਣ ਤੋਂ ਬਾਅਦ, ਉਹ ਜਿੰਨਾ ਸਿੱਖ ਸਕਦੇ ਹਨ ਉੱਨਾ ਸਿੱਖਣਾ ਚਾਹੁੰਦੇ ਹਨ, ਅਤੇ ਬਹੁਤ ਸਾਰੇ ਵਿਅਕਤੀ ਮਸੀਹੀ ਸਭਾਵਾਂ ਲਈ ਵੱਡਾ ਜੋਸ਼ ਪ੍ਰਗਟ ਕਰਦੇ ਹਨ। ਦੂਸਰੇ ਪਾਸੇ, ਜਿਹੜੇ ਕਾਫ਼ੀ ਸਮੇਂ ਤੋਂ ਸੱਚਾਈ ਵਿਚ ਹਨ ਉਨ੍ਹਾਂ ਨੂੰ ‘ਆਪਣਾ ਪਹਿਲਾ ਪ੍ਰੇਮ ਛੱਡ ਬੈਠਣ’ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 2:4) ਗੰਭੀਰ ਸਿਹਤ ਸਮੱਸਿਆਵਾਂ ਜਾਂ ਵਸੋਂ ਬਾਹਰ ਹਾਲਾਤ ਸ਼ਾਇਦ ਸਮੇਂ-ਸਮੇਂ ਤੇ ਇਕ ਵਿਅਕਤੀ ਨੂੰ ਸਭਾ ਵਿਚ ਹਾਜ਼ਰ ਨਾ ਹੋਣ ਦੇਣ। ਪਰੰਤੂ ਸਾਨੂੰ ਕਦੀ ਵੀ ਆਪਣੇ ਆਪ ਨੂੰ ਭੌਤਿਕਵਾਦ, ਦਿਲਪਰਚਾਵੇ, ਜਾਂ ਦਿਲਚਸਪੀ ਦੀ ਘਾਟ ਦੇ ਕਾਰਨ ਨਾ-ਤਿਆਰ, ਢਿੱਲੇ, ਜਾਂ ਸਭਾਵਾਂ ਵਿਚ ਅਨਿਯਮਿਤ ਨਹੀਂ ਹੋਣ ਦੇਣਾ ਚਾਹੀਦਾ ਹੈ।—ਲੂਕਾ 8:14.
ਸਭ ਤੋਂ ਵਧੀਆ ਉਦਾਹਰਣ
16, 17. (ੳ) ਅਧਿਆਤਮਿਕ ਇਕੱਠਾਂ ਪ੍ਰਤੀ ਯਿਸੂ ਦਾ ਕੀ ਰਵੱਈਆ ਸੀ? (ਅ) ਸਾਰੇ ਮਸੀਹੀਆਂ ਨੂੰ ਕਿਹੜੇ ਚੰਗੇ ਦਸਤੂਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
16 ਯਿਸੂ ਨੇ ਅਧਿਆਤਮਿਕ ਇਕੱਠਾਂ ਲਈ ਕਦਰ ਦਿਖਾਉਣ ਵਿਚ ਵਿਲੱਖਣ ਉਦਾਹਰਣ ਕਾਇਮ ਕੀਤੀ। 12 ਸਾਲ ਦੀ ਛੋਟੀ ਉਮਰ ਤੇ, ਉਸ ਨੇ ਯਰੂਸ਼ਲਮ ਵਿਚ ਪਰਮੇਸ਼ੁਰ ਦੇ ਘਰ ਲਈ ਆਪਣਾ ਪ੍ਰੇਮ ਦਿਖਾਇਆ। ਉਹ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ, ਪਰੰਤੂ ਅਖ਼ੀਰ ਵਿਚ ਉਨ੍ਹਾਂ ਨੇ ਉਸ ਨੂੰ ਹੈਕਲ ਵਿਚ ਗੁਰੂਆਂ ਦੇ ਨਾਲ ਪਰਮੇਸ਼ੁਰ ਦੇ ਬਚਨ ਦੀ ਚਰਚਾ ਕਰਦੇ ਹੋਏ ਪਾਇਆ। ਆਪਣੇ ਮਾਪਿਆਂ ਦੀ ਚਿੰਤਾ ਦੇ ਜਵਾਬ ਵਿਚ, ਯਿਸੂ ਨੇ ਆਦਰਪੂਰਵਕ ਪੁੱਛਿਆ: “ਕੀ ਤੁਸੀਂ ਨਹੀਂ ਜਾਣਦੇ ਸਾਉ ਕਿ ਮੇਰੇ ਲਈ ਆਪਣੇ ਪਿਤਾ ਦੇ ਘਰ ਵਿਚ ਹੋਣਾ ਜ਼ਰੂਰੀ ਸੀ?” (ਲੂਕਾ 2:49, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅਧੀਨਗੀ ਨਾਲ, ਯਿਸੂ ਆਪਣੇ ਮਾਪਿਆਂ ਨਾਲ ਨਾਸਰਤ ਪਰਤਿਆ। ਉੱਥੇ ਉਸ ਨੇ ਯਹੂਦੀ ਸਭਾ-ਘਰ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋ ਕੇ ਉਪਾਸਨਾ ਦੀਆਂ ਸਭਾਵਾਂ ਪ੍ਰਤੀ ਆਪਣਾ ਪ੍ਰੇਮ ਦਿਖਾਉਣਾ ਜਾਰੀ ਰੱਖਿਆ। ਇਸ ਤਰ੍ਹਾਂ, ਜਦੋਂ ਉਸ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਤਾਂ ਬਾਈਬਲ ਦੱਸਦੀ ਹੈ: “ਉਹ ਨਾਸਰਤ ਨੂੰ ਆਇਆ ਜਿੱਥੇ ਪਲਿਆ ਸੀ ਅਤੇ ਆਪਣੇ ਦਸਤੂਰ ਅਨੁਸਾਰ ਸਬਤ ਦੇ ਦਿਨ ਸਮਾਜ ਵਿੱਚ ਜਾ ਕੇ ਪੜ੍ਹਨ ਲਈ ਖੜਾ ਹੋਇਆ।” (ਟੇਢੇ ਟਾਈਪ ਸਾਡੇ।) ਯਿਸੂ ਦੁਆਰਾ ਯਸਾਯਾਹ 61:1, 2 ਨੂੰ ਪੜ੍ਹਨ ਅਤੇ ਇਸ ਦੀ ਵਿਆਖਿਆ ਕਰਨ ਤੋਂ ਬਾਅਦ, ਹਾਜ਼ਰੀਨ ਉਨ੍ਹਾਂ ‘ਕਿਰਪਾ ਦੀਆਂ ਗੱਲਾਂ ਤੋਂ ਜੋ ਉਹ ਦੇ ਮੂੰਹੋਂ ਨਿੱਕਲਦੀਆਂ ਸਨ ਹੈਰਾਨ ਹੋਏ।’—ਲੂਕਾ 4:16, 22.
17 ਅੱਜ ਮਸੀਹੀ ਸਭਾਵਾਂ ਵੀ ਇਸੇ ਮੁਢਲੇ ਨਮੂਨੇ ਅਨੁਸਾਰ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਪ੍ਰਸ਼ੰਸਾ ਦੇ ਗੀਤ ਅਤੇ ਪ੍ਰਾਰਥਨਾ ਨਾਲ ਸਭਾ ਸ਼ੁਰੂ ਕਰਨ ਤੋਂ ਬਾਅਦ, ਬਾਈਬਲ ਵਿੱਚੋਂ ਆਇਤਾਂ (ਜਾਂ ਬਾਈਬਲ ਅਧਿਐਨ ਸਾਮੱਗਰੀ ਵਿਚ ਉਤਕਥਿਤ ਆਇਤਾਂ) ਪੜ੍ਹੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਯਿਸੂ ਮਸੀਹ ਦੇ ਚੰਗੇ ਦਸਤੂਰ ਦੀ ਨਕਲ ਕਰਨਾ ਸੱਚੇ ਮਸੀਹੀਆਂ ਦਾ ਫ਼ਰਜ਼ ਹੈ। ਜਿੱਥੋਂ ਤਕ ਉਨ੍ਹਾਂ ਦੇ ਹਾਲਾਤ ਇਜਾਜ਼ਤ ਦਿੰਦੇ ਹਨ, ਉਹ ਮਸੀਹੀ ਇਕੱਠਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਦਾ ਆਨੰਦ ਪ੍ਰਾਪਤ ਕਰਦੇ ਹਨ।
ਆਧੁਨਿਕ ਦਿਨ ਦੀਆਂ ਉਦਾਹਰਣਾਂ
18, 19. ਘੱਟ ਅਮੀਰ ਦੇਸ਼ਾਂ ਵਿਚ ਭਰਾਵਾਂ ਨੇ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਦੇ ਸੰਬੰਧ ਵਿਚ ਕਿਹੜੀਆਂ ਸ਼ਾਨਦਾਰ ਉਦਾਹਰਣਾਂ ਕਾਇਮ ਕੀਤੀਆਂ ਹਨ?
18 ਧਰਤੀ ਦੇ ਘੱਟ ਅਮੀਰ ਦੇਸ਼ਾਂ ਵਿਚ, ਸਾਡੇ ਬਹੁਤ ਸਾਰੇ ਭੈਣ-ਭਰਾਵਾਂ ਨੇ ਮਸੀਹੀ ਇਕੱਠਾਂ ਦੀ ਕਦਰ ਕਰਨ ਵਿਚ ਵਧੀਆ ਉਦਾਹਰਣ ਕਾਇਮ ਕੀਤੀ ਹੈ। ਮੋਜ਼ਾਮਬੀਕ ਵਿਚ ਇਕ ਜ਼ਿਲ੍ਹਾ ਨਿਗਾਹਬਾਨ, ਓਰਲਾਂਡੂ, ਅਤੇ ਉਸ ਦੀ ਪਤਨੀ, ਆਮੇਲਿਆ, ਨੂੰ ਇਕ ਸੰਮੇਲਨ ਵਿਚ ਸੇਵਾ ਕਰਨ ਲਈ ਇਕ ਉੱਚੇ ਪਹਾੜ ਉੱਤੋਂ ਦੀ ਕੁਝ 90 ਕਿਲੋਮੀਟਰ ਪੈਦਲ ਚੱਲਣ ਵਿਚ 45 ਘੰਟੇ ਲੱਗੇ। ਫਿਰ ਉਨ੍ਹਾਂ ਨੂੰ ਅਗਲੇ ਸੰਮੇਲਨ ਵਿਚ ਸੇਵਾ ਕਰਨ ਲਈ ਵਾਪਸ ਉਸੇ ਤਰ੍ਹਾਂ ਸਫ਼ਰ ਕਰਨਾ ਪਿਆ। ਓਰਲਾਂਡੂ ਨੇ ਨਿਮਰਤਾ ਨਾਲ ਦੱਸਿਆ: “ਜਦੋਂ ਅਸੀਂ ਬਾਵਾ ਕਲੀਸਿਯਾ ਦੇ ਭਰਾਵਾਂ ਨੂੰ ਮਿਲੇ, ਤਾਂ ਅਸੀਂ ਮਹਿਸੂਸ ਕੀਤਾ ਕਿ ਅਸੀਂ ਕੁਝ ਵੀ ਨਹੀਂ ਕੀਤਾ ਸੀ। ਉਨ੍ਹਾਂ ਨੇ ਸੰਮੇਲਨ ਵਿਚ ਹਾਜ਼ਰ ਹੋਣ ਅਤੇ ਵਾਪਸ ਆਪਣੇ ਘਰਾਂ ਨੂੰ ਜਾਣ ਲਈ 6 ਦਿਨਾਂ ਦਾ ਲਗਭਗ 400 ਕਿਲੋਮੀਟਰ ਦਾ ਪੈਦਲ ਸਫ਼ਰ ਕਰਨਾ ਸੀ, ਅਤੇ ਉਨ੍ਹਾਂ ਵਿਚ ਇਕ ਭਰਾ 60 ਸਾਲ ਦਾ ਸੀ!”
19 ਸਪਤਾਹਕ ਕਲੀਸਿਯਾ ਸਭਾਵਾਂ ਦੀ ਕਦਰ ਕਰਨ ਬਾਰੇ ਕੀ? ਕਾਸ਼ਵਾਸ਼ਵਾ ਨਜਾਮਬਾ ਇਕ ਕਮਜ਼ੋਰ ਭੈਣ ਹੈ ਜਿਸ ਦੀ ਉਮਰ 70 ਸਾਲ ਤੋਂ ਜ਼ਿਆਦਾ ਹੈ। ਉਹ ਇਕ ਛੋਟੇ ਪਿੰਡ ਕਾਈਸੋਸੋਸੀ ਵਿਚ ਰਹਿੰਦੀ ਹੈ, ਜੋ ਨਮੀਬੀਆ ਦੇ ਰੁਨਡੁ ਪਿੰਡ ਦੇ ਰਾਜ ਗ੍ਰਹਿ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਹੈ। ਸਭਾਵਾਂ ਵਿਚ ਹਾਜ਼ਰ ਹੋਣ ਲਈ, ਉਹ ਬੀਆਬਾਨ ਇਲਾਕੇ ਵਿੱਚੋਂ ਆਉਣ-ਜਾਣ ਲਈ ਦਸ ਕਿਲੋਮੀਟਰ ਪੈਦਲ ਚੱਲਦੀ ਹੈ। ਇਸ ਰਸਤੇ ਉੱਤੇ ਕਈਆਂ ਨੂੰ ਲੁੱਟਿਆ ਗਿਆ ਹੈ, ਪਰ ਕਾਸ਼ਵਾਸ਼ਵਾ ਨਿਯਮਿਤ ਤੌਰ ਤੇ ਆਉਂਦੀ ਹੈ। ਜ਼ਿਆਦਾਤਰ ਸਭਾਵਾਂ ਉਸ ਭਾਸ਼ਾ ਵਿਚ ਹੁੰਦੀਆਂ ਹਨ ਜੋ ਉਹ ਸਮਝ ਨਹੀਂ ਸਕਦੀ ਹੈ। ਤਾਂ ਫਿਰ ਉਹ ਹਾਜ਼ਰ ਹੋਣ ਤੋਂ ਕਿਸ ਤਰ੍ਹਾਂ ਲਾਭ ਪ੍ਰਾਪਤ ਕਰਦੀ ਹੈ? “ਹਵਾਲਿਆਂ ਉੱਤੇ ਧਿਆਨ ਦੇਣ ਦੁਆਰਾ,” ਕਾਸ਼ਵਾਸ਼ਵਾ ਕਹਿੰਦੀ ਹੈ, “ਮੈਂ ਜਾਣਨ ਦੀ ਕੋਸ਼ਿਸ਼ ਕਰਦੀ ਹਾਂ ਕਿ ਭਾਸ਼ਣ ਕਿਸ ਵਿਸ਼ੇ ਉੱਤੇ ਹੈ।” ਪਰੰਤੂ ਉਹ ਅਨਪੜ੍ਹ ਹੈ, ਤਾਂ ਫਿਰ ਉਹ ਕਿਸ ਤਰ੍ਹਾਂ ਸ਼ਾਸਤਰਵਚਨਾਂ ਉੱਤੇ ਧਿਆਨ ਦਿੰਦੀ ਹੈ? “ਮੈਂ ਉਨ੍ਹਾਂ ਸ਼ਾਸਤਰਵਚਨਾਂ ਨੂੰ ਸੁਣਨ ਦੀ ਉਡੀਕ ਵਿਚ ਰਹਿੰਦੀ ਹਾਂ, ਜੋ ਮੈਨੂੰ ਮੂੰਹਜ਼ਬਾਨੀ ਯਾਦ ਹਨ,” ਉਹ ਜਵਾਬ ਦਿੰਦੀ ਹੈ। ਅਤੇ ਸਾਲਾਂ ਦੇ ਦੌਰਾਨ, ਉਸ ਨੇ ਬਹੁਤ ਸਾਰੇ ਸ਼ਾਸਤਰਵਚਨਾਂ ਨੂੰ ਯਾਦ ਕਰ ਲਿਆ ਹੈ। ਬਾਈਬਲ ਦਾ ਪ੍ਰਯੋਗ ਕਰਨ ਵਿਚ ਆਪਣੀ ਯੋਗਤਾ ਨੂੰ ਵਧਾਉਣ ਲਈ, ਉਹ ਪੜ੍ਹਨਾ-ਲਿਖਣਾ ਸਿੱਖਣ ਲਈ ਕਲੀਸਿਯਾ ਦੁਆਰਾ ਪ੍ਰਬੰਧ ਕੀਤੀਆਂ ਗਈਆਂ ਕਲਾਸਾਂ ਵਿਚ ਹਾਜ਼ਰ ਹੁੰਦੀ ਹੈ। “ਮੈਨੂੰ ਸਭਾਵਾਂ ਵਿਚ ਹਾਜ਼ਰ ਹੋਣਾ ਬਹੁਤ ਪਸੰਦ ਹੈ,” ਉਹ ਕਹਿੰਦੀ ਹੈ। “ਉੱਥੇ ਹਮੇਸ਼ਾ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ। ਮੈਨੂੰ ਭੈਣਾਂ-ਭਰਾਵਾਂ ਨਾਲ ਸੰਗਤ ਕਰਨੀ ਬਹੁਤ ਪਸੰਦ ਹੈ। ਭਾਵੇਂ ਕਿ ਮੈਂ ਉਨ੍ਹਾਂ ਸਾਰਿਆਂ ਨਾਲ ਗੱਲ ਨਹੀਂ ਕਰ ਸਕਦੀ ਹਾਂ, ਉਹ ਹਮੇਸ਼ਾ ਮੇਰੇ ਕੋਲ ਆ ਕੇ ਮੈਨੂੰ ਨਮਸਕਾਰ ਕਰਦੇ ਹਨ। ਅਤੇ ਸਭ ਤੋਂ ਮਹੱਤਵਪੂਰਣ ਗੱਲ, ਮੈਂ ਜਾਣਦੀ ਹਾਂ ਕਿ ਸਭਾਵਾਂ ਵਿਚ ਹਾਜ਼ਰ ਹੋ ਕੇ, ਮੈਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੀ ਹਾਂ।”
20. ਸਾਨੂੰ ਆਪਣੇ ਮਸੀਹੀ ਇਕੱਠਾਂ ਨੂੰ ਕਿਉਂ ਨਹੀਂ ਛੱਡਣਾ ਚਾਹੀਦਾ ਹੈ?
20 ਕਾਸ਼ਵਾਸ਼ਵਾ ਵਾਂਗ, ਪੂਰੀ ਧਰਤੀ ਉੱਤੇ ਯਹੋਵਾਹ ਦੇ ਲੱਖਾਂ ਉਪਾਸਕ ਮਸੀਹੀ ਇਕੱਠਾਂ ਲਈ ਸ਼ਲਾਘਾਯੋਗ ਕਦਰ ਦਿਖਾਉਂਦੇ ਹਨ। ਜਿਉਂ-ਜਿਉਂ ਸ਼ਤਾਨ ਦਾ ਸੰਸਾਰ ਆਪਣੇ ਵਿਨਾਸ਼ ਵੱਲ ਵੱਧ ਰਿਹਾ ਹੈ, ਸਾਨੂੰ ਆਪਸ ਵਿਚ ਇਕੱਠੇ ਹੋਣਾ ਨਹੀਂ ਛੱਡਣਾ ਚਾਹੀਦਾ ਹੈ। ਇਸ ਦੀ ਬਜਾਇ, ਆਓ ਅਸੀਂ ਅਧਿਆਤਮਿਕ ਤੌਰ ਤੇ ਜਾਗਦੇ ਰਹੀਏ ਅਤੇ ਸਭਾਵਾਂ, ਸੰਮੇਲਨਾਂ, ਅਤੇ ਮਹਾਂ-ਸੰਮੇਲਨਾਂ ਲਈ ਡੂੰਘੀ ਕਦਰ ਦਿਖਾਈਏ। ਇਹ ਸਿਰਫ਼ ਯਹੋਵਾਹ ਦੇ ਦਿਲ ਨੂੰ ਹੀ ਖ਼ੁਸ਼ ਨਹੀਂ ਕਰੇਗਾ, ਬਲਕਿ ਸਾਨੂੰ ਵੀ ਬਹੁਤ ਲਾਭ ਪਹੁੰਚਾਵੇਗਾ ਜਿਉਂ-ਜਿਉਂ ਅਸੀਂ ਉਹ ਈਸ਼ਵਰੀ ਸਿੱਖਿਆ ਲੈਂਦੇ ਹਾਂ ਜੋ ਅਨੰਤ ਜੀਵਨ ਵੱਲ ਲੈ ਜਾਂਦੀ ਹੈ।—ਕਹਾਉਤਾਂ 27:11; ਯਸਾਯਾਹ 48:17, 18; ਮਰਕੁਸ 13:35-37.
ਪੁਨਰ-ਵਿਚਾਰ ਲਈ ਸਵਾਲ
◻ ਮਸੀਹੀ ਇਕੱਠਾਂ ਵਿਚ ਹਾਜ਼ਰ ਹੋਣਾ ਵਿਸ਼ੇਸ਼-ਸਨਮਾਨ ਕਿਉਂ ਹੈ?
◻ ਸਾਰੇ ਹਾਜ਼ਰ ਵਿਅਕਤੀ ਇਕ ਉਤਸ਼ਾਹਜਨਕ ਸਭਾ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਨ?
◻ ਯਿਸੂ ਮਸੀਹ ਨੇ ਕਿਹੜੀ ਵਿਲੱਖਣ ਉਦਾਹਰਣ ਕਾਇਮ ਕੀਤੀ?
◻ ਘੱਟ ਅਮੀਰ ਦੇਸ਼ਾਂ ਵਿਚ ਰਹਿੰਦੇ ਭਰਾਵਾਂ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ?
[ਸਫ਼ੇ 17 ਉੱਤੇ ਡੱਬੀ]
ਉਹ ਸਪਤਾਹਕ ਸਭਾਵਾਂ ਦੀ ਕਦਰ ਕਰਦੇ ਹਨ
ਸ਼ਹਿਰਾਂ ਵਿਚ ਰਹਿੰਦੇ ਲੱਖਾਂ ਲੋਕ ਗ਼ਰੀਬੀ ਅਤੇ ਅਪਰਾਧ ਨਾਲ ਪੀੜਿਤ ਹਨ। ਅਜਿਹੇ ਹਾਲਾਤ ਦੇ ਬਾਵਜੂਦ, ਉਨ੍ਹਾਂ ਵਿਚਕਾਰ ਸੱਚੇ ਮਸੀਹੀ, ਮਸੀਹੀ ਇਕੱਠਾਂ ਲਈ ਸ਼ਲਾਘਾਯੋਗ ਕਦਰ ਦਿਖਾਉਂਦੇ ਹਨ। ਖਾਉਟੰਗ, ਦੱਖਣੀ ਅਫ਼ਰੀਕਾ, ਦੀਆਂ ਸੌਵੀਟੋ ਕਲੀਸਿਯਾਵਾਂ ਵਿੱਚੋਂ ਇਕ ਕਲੀਸਿਯਾ ਦਾ ਬਜ਼ੁਰਗ ਦੱਸਦਾ ਹੈ: “60 ਗਵਾਹਾਂ ਅਤੇ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਦੀ ਕਲੀਸਿਯਾ ਵਿਚ, ਹਾਜ਼ਰੀ 70 ਅਤੇ 80 ਦੇ ਵਿਚਕਾਰ ਹੁੰਦੀ ਹੈ, ਅਤੇ ਕਈ ਵਾਰੀ ਇਸ ਤੋਂ ਵੀ ਜ਼ਿਆਦਾ। ਭਾਵੇਂ ਕਿ ਭੈਣ-ਭਰਾ ਹਾਜ਼ਰ ਹੋਣ ਲਈ ਜ਼ਿਆਦਾ ਲੰਬਾ ਸਫ਼ਰ ਨਹੀਂ ਕਰਦੇ ਹਨ, ਸੌਵੀਟੋ ਦੇ ਇਸ ਹਿੱਸੇ ਵਿਚ ਸਥਿਤੀ ਬਹੁਤ ਖ਼ਰਾਬ ਹੈ। ਇਕ ਭਰਾ ਦੀ ਪਿੱਠ ਵਿਚ ਛੁਰਾ ਖੋਭਿਆ ਗਿਆ ਜਦੋਂ ਉਹ ਸਭਾ ਲਈ ਪੈਦਲ ਆ ਰਿਹਾ ਸੀ। ਘੱਟੋ-ਘੱਟ ਦੋ ਭੈਣਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਇਹ ਉਨ੍ਹਾਂ ਨੂੰ ਆਉਣ ਤੋਂ ਨਹੀਂ ਰੋਕਦਾ ਹੈ। ਹਰ ਐਤਵਾਰ ਨੂੰ, ਸਭਾ ਨੂੰ ਪ੍ਰਾਰਥਨਾ ਨਾਲ ਸਮਾਪਤ ਕਰਨ ਤੋਂ ਬਾਅਦ ਅਸੀਂ ਕੁਝ ਮਿੰਟਾਂ ਲਈ ਰਾਜ ਗੀਤ ਗਾਉਣ ਦਾ ਅਭਿਆਸ ਕਰਦੇ ਹਾਂ। ਘੱਟੋ-ਘੱਟ 95 ਪ੍ਰਤਿਸ਼ਤ ਭੈਣ-ਭਰਾ ਨਿਯਮਿਤ ਤੌਰ ਤੇ ਅਭਿਆਸ ਲਈ ਰੁਕਦੇ ਹਨ ਅਤੇ ਅਗਲੇ ਹਫ਼ਤੇ ਦੀਆਂ ਸਭਾਵਾਂ ਵਿਚ ਗਾਏ ਜਾਣ ਵਾਲੇ ਸਾਰੇ ਗੀਤ ਗਾਉਂਦੇ ਹਨ। ਇਹ ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀਆਂ ਦੀ ਗੀਤਾਂ ਨੂੰ ਸਿੱਖਣ ਅਤੇ ਨਾਲ-ਨਾਲ ਗਾਉਣ ਵਿਚ ਮਦਦ ਕਰਦਾ ਹੈ।”
ਪਿੰਡਾਂ ਦੇ ਨਿਵਾਸੀਆਂ ਦੀਆਂ ਦੂਸਰੀਆਂ ਮੁਸ਼ਕਲਾਂ ਹਨ, ਜਿਵੇਂ ਕਿ ਲੰਬੀ ਦੂਰੀ ਜੋ ਉਨ੍ਹਾਂ ਨੂੰ ਹਫ਼ਤੇ ਵਿਚ ਤਿੰਨ ਵਾਰ ਸਭਾ ਵਿਚ ਹਾਜ਼ਰ ਹੋਣ ਲਈ ਤੈ ਕਰਨੀ ਪੈਂਦੀ ਹੈ। ਇਕ ਦਿਲਚਸਪੀ ਰੱਖਣ ਵਾਲਾ ਜੋੜਾ ਲੋਬਾਤਸੀ, ਬਾਤਸਵਾਨਾ, ਦੇ ਰਾਜ ਗ੍ਰਹਿ ਤੋਂ 15 ਕਿਲੋਮੀਟਰ ਦੂਰ ਰਹਿੰਦਾ ਹੈ। ਪਿਛਲੇ ਸਾਲ ਤੋਂ, ਉਹ ਆਪਣੇ ਦੋ ਬੱਚਿਆਂ ਨਾਲ ਨਿਯਮਿਤ ਤੌਰ ਤੇ ਸਭਾਵਾਂ ਵਿਚ ਹਾਜ਼ਰ ਹੁੰਦੇ ਹਨ। ਪਤੀ ਆਪਣੇ ਪਰਿਵਾਰ ਦੀ ਪਾਲਣਾ ਕਰਨ ਲਈ ਜੁੱਤੀਆਂ ਦੀ ਮੁਰੰਮਤ ਕਰਦਾ ਹੈ। ਪਤਨੀ ਪਰਿਵਾਰ ਦੀ ਆਮਦਨ ਨੂੰ ਵਧਾਉਣ ਲਈ ਛੋਟੀਆਂ-ਮੋਟੀਆਂ ਚੀਜ਼ਾਂ ਵੇਚਦੀ ਹੈ ਤਾਂਕਿ ਉਹ ਸਭਾ ਵਿਚ ਆਉਣ-ਜਾਣ ਲਈ ਬੱਸ ਦਾ ਕਿਰਾਇਆ ਦੇ ਸਕਣ।
ਹਾਲ ਹੀ ਵਿਚ ਗਰਮੀ ਦੀ ਇਕ ਸ਼ਾਮ ਨੂੰ, ਸਰਕਟ ਨਿਗਾਹਬਾਨ ਨਾਲ ਸਭਾ ਤੋਂ ਬਾਅਦ, ਇਹ ਪਰਿਵਾਰ ਰਾਤ 9 ਵਜੇ ਬੱਸ ਸਟਾਪ ਤੇ ਅਟਕ ਗਿਆ ਸੀ। ਖ਼ਰਾਬ ਮੌਸਮ ਕਰਕੇ ਬੱਸਾਂ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਕ ਪੁਲਸ ਅਫ਼ਸਰ ਨੇ ਆਪਣੀ ਵੈਨ ਰੋਕੀ ਅਤੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕੀ ਕਰ ਰਹੇ ਸਨ। ਜਦੋਂ ਉਸ ਨੇ ਉਨ੍ਹਾਂ ਦੀ ਹਾਲਤ ਬਾਰੇ ਸੁਣਿਆ, ਤਾਂ ਉਸ ਨੇ ਉਨ੍ਹਾਂ ਉੱਤੇ ਤਰਸ ਖਾਧਾ ਅਤੇ ਉਨ੍ਹਾਂ ਨੂੰ 15 ਕਿਲੋਮੀਟਰ ਦੂਰ ਉਨ੍ਹਾਂ ਦੇ ਘਰ ਛੱਡ ਕੇ ਆਇਆ। ਪਤਨੀ, ਜੋ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਹੈ, ਨੇ ਆਪਣੇ ਪਤੀ ਨੂੰ ਕਿਹਾ: “ਦੇਖਿਆ, ਜੇਕਰ ਅਸੀਂ ਸਭਾ ਨੂੰ ਪਹਿਲਾਂ ਰੱਖੀਏ, ਤਾਂ ਯਹੋਵਾਹ ਹਮੇਸ਼ਾ ਪ੍ਰਬੰਧ ਕਰਦਾ ਹੈ।” ਹੁਣ ਪਤੀ ਨੇ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰਕ ਬਣਨ ਦੀ ਇੱਛਾ ਪ੍ਰਗਟ ਕੀਤੀ ਹੈ।
[ਸਫ਼ੇ 18 ਉੱਤੇ ਤਸਵੀਰ]
ਰੋਮਾਨੀਆ ਦੇ ਇਨ੍ਹਾਂ ਗਵਾਹਾਂ ਵਾਂਗ, ਮਸੀਹੀ ਇਕੱਠਾਂ ਦੀ ਕਦਰ ਕਰਨ ਵਿਚ ਗਵਾਹ ਵਧੀਆ ਉਦਾਹਰਣ ਕਾਇਮ ਕਰਦੇ ਹਨ