ਅਧਿਐਨ ਲੇਖ 12
ਗੀਤ 77 ਹਨੇਰੀ ਦੁਨੀਆਂ ਵਿਚ ਸੱਚ ਦਾ ਚਾਨਣ
ਹਨੇਰੇ ਤੋਂ ਦੂਰ ਰਹੋ ਅਤੇ ਚਾਨਣ ਵਿਚ ਚੱਲਦੇ ਰਹੋ
“ਤੁਸੀਂ ਪਹਿਲਾਂ ਹਨੇਰੇ ਵਿਚ ਸੀ, ਪਰ ਹੁਣ ਤੁਸੀਂ ਚਾਨਣ ਵਿਚ ਹੋ।” —ਅਫ਼. 5:8.
ਕੀ ਸਿੱਖਾਂਗੇ?
ਅਫ਼ਸੀਆਂ ਅਧਿਆਇ ਪੰਜ ਵਿਚ ਜਦੋਂ ਪੌਲੁਸ ਰਸੂਲ ਨੇ ਹਨੇਰੇ ਅਤੇ ਚਾਨਣ ਬਾਰੇ ਗੱਲ ਕੀਤੀ, ਤਾਂ ਉਸ ਦਾ ਕੀ ਮਤਲਬ ਸੀ?
1-2. (ੳ) ਪੌਲੁਸ ਨੇ ਕਿਨ੍ਹਾਂ ਹਾਲਾਤਾਂ ਵਿਚ ਅਫ਼ਸੁਸ ਦੇ ਮਸੀਹੀਆਂ ਨੂੰ ਚਿੱਠੀ ਲਿਖੀ? (ਅ) ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?
ਪੌਲੁਸ ਰਸੂਲ ਰੋਮ ਦੇ ਇਕ ਘਰ ਵਿਚ ਕੈਦ ਸੀ। ਉਹ ਆਪਣੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣਾ ਚਾਹੁੰਦਾ ਸੀ। ਪਰ ਉਹ ਉਨ੍ਹਾਂ ਨੂੰ ਮਿਲਣ ਨਹੀਂ ਜਾ ਸਕਦਾ ਸੀ। ਇਸ ਲਈ ਉਸ ਨੇ ਉਨ੍ਹਾਂ ਨੂੰ ਚਿੱਠੀਆਂ ਲਿਖੀਆਂ। ਉਨ੍ਹਾਂ ਵਿੱਚੋਂ ਇਕ ਚਿੱਠੀ ਉਸ ਨੇ 60 ਜਾਂ 61 ਈਸਵੀ ਵਿਚ ਅਫ਼ਸੁਸ ਦੇ ਮਸੀਹੀਆਂ ਨੂੰ ਲਿਖੀ।—ਅਫ਼. 1:1; 4:1.
2 ਲਗਭਗ 10 ਸਾਲ ਪਹਿਲਾਂ ਪੌਲੁਸ ਅਫ਼ਸੁਸ ਵਿਚ ਸੀ। ਉਸ ਨੇ ਉੱਥੇ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਅਤੇ ਪਵਿੱਤਰ ਲਿਖਤਾਂ ਤੋਂ ਸਿਖਾਉਣ ਵਿਚ ਕਾਫ਼ੀ ਸਮਾਂ ਬਿਤਾਇਆ ਸੀ। (ਰਸੂ. 19:1, 8-10; 20:20, 21) ਉਹ ਉੱਥੇ ਦੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। ਪਰ ਉਸ ਨੇ ਚੁਣੇ ਹੋਏ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਹਨੇਰੇ ਅਤੇ ਚਾਨਣ ਬਾਰੇ ਕਿਉਂ ਲਿਖਿਆ? ਨਾਲੇ ਉਸ ਨੇ ਉਨ੍ਹਾਂ ਨੂੰ ਜੋ ਸਲਾਹ ਦਿੱਤੀ, ਉਸ ਤੋਂ ਅਸੀਂ ਸਾਰੇ ਮਸੀਹੀ ਕੀ ਸਿੱਖ ਸਕਦੇ ਹਾਂ? ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣੀਏ।
ਹਨੇਰੇ ਤੋਂ ਚਾਨਣ ਵੱਲ
3. ਅਫ਼ਸੁਸ ਦੇ ਮਸੀਹੀਆਂ ਨੂੰ ਚਿੱਠੀ ਲਿਖਦਿਆਂ ਪੌਲੁਸ ਨੇ ਕਿਹੜੇ ਸ਼ਬਦ ਵਰਤੇ?
3 ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਚਿੱਠੀ ਵਿਚ ਲਿਖਿਆ: “ਤੁਸੀਂ ਪਹਿਲਾਂ ਹਨੇਰੇ ਵਿਚ ਸੀ, ਪਰ ਹੁਣ ਤੁਸੀਂ ਚਾਨਣ ਵਿਚ ਹੋ।” (ਅਫ਼. 5:8) ਪੌਲੁਸ ਨੇ “ਹਨੇਰੇ” ਅਤੇ “ਚਾਨਣ” ਸ਼ਬਦ ਕਿਉਂ ਵਰਤੇ? ਉਹ ਸਮਝਾਉਣਾ ਚਾਹੁੰਦਾ ਸੀ ਕਿ ਅਫ਼ਸੁਸ ਦੇ ਮਸੀਹੀ ਸੱਚਾਈ ਸਿੱਖਣ ਤੋਂ ਪਹਿਲਾਂ ਜਿੱਦਾਂ ਦੇ ਸਨ ਅਤੇ ਹੁਣ ਜਿੱਦਾਂ ਦੇ ਹਨ, ਉਸ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਆਓ ਦੇਖੀਏ ਕਿ ਪੌਲੁਸ ਨੇ ਇੱਦਾਂ ਕਿਉਂ ਕਿਹਾ ਕਿ ਉੱਥੇ ਦੇ ਮਸੀਹੀ “ਪਹਿਲਾਂ ਹਨੇਰੇ ਵਿਚ” ਸਨ।
4. ਅਫ਼ਸੁਸ ਦੇ ਮਸੀਹੀ ਕਿਸ ਮਾਅਨੇ ਵਿਚ ਹਨੇਰੇ ਵਿਚ ਸਨ?
4 ਝੂਠੇ ਧਰਮਾਂ ਕਰਕੇ ਹਨੇਰੇ ਵਿਚ। ਅਫ਼ਸੁਸ ਦੇ ਮਸੀਹੀ ਸੱਚਾਈ ਸਿੱਖਣ ਤੋਂ ਪਹਿਲਾਂ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਮੰਨਦੇ ਸਨ ਅਤੇ ਵਹਿਮਾਂ-ਭਰਮਾਂ ਵਿਚ ਫਸੇ ਹੋਏ ਸਨ। ਅਫ਼ਸੁਸ ਸ਼ਹਿਰ ਵਿਚ ਅਰਤਿਮਿਸ ਨਾਂ ਦੀ ਦੇਵੀ ਦਾ ਇਕ ਮਸ਼ਹੂਰ ਮੰਦਰ ਸੀ। ਉਸ ਜ਼ਮਾਨੇ ਵਿਚ ਇਹ ਮੰਦਰ ਦੁਨੀਆਂ ਦੇ ਸੱਤ ਅਜੂਬਿਆਂ ਵਿੱਚੋਂ ਇਕ ਸੀ। ਉੱਥੇ ਦੇ ਲੋਕ ਮੂਰਤੀ-ਪੂਜਾ ਵਿਚ ਲੱਗੇ ਹੋਏ ਸਨ। ਕੁਝ ਲੋਕ ਤਾਂ ਅਰਤਿਮਿਸ ਦੇਵੀ ਦੇ ਛੋਟੇ-ਛੋਟੇ ਮੰਦਰ ਬਣਾ ਕੇ ਵੇਚਦੇ ਸਨ ਅਤੇ ਬਹੁਤ ਸਾਰਾ ਪੈਸਾ ਕਮਾਉਂਦੇ ਸਨ। ਇਹ ਇਕ ਬਹੁਤ ਵੱਡਾ ਕਾਰੋਬਾਰ ਸੀ। (ਰਸੂ. 19:23-27) ਇਸ ਤੋਂ ਇਲਾਵਾ, ਇਹ ਸ਼ਹਿਰ ਜਾਦੂ-ਟੂਣੇ ਲਈ ਵੀ ਜਾਣਿਆ ਜਾਂਦਾ ਸੀ।—ਰਸੂ. 19:19.
5. ਅਫ਼ਸੁਸ ਦੇ ਲੋਕ ਕਿਸ ਮਾਅਨੇ ਵਿਚ ਅਨੈਤਿਕ ਕੰਮਾਂ ਕਰਕੇ ਹਨੇਰੇ ਵਿਚ ਸਨ?
5 ਅਨੈਤਿਕ ਕੰਮਾਂ ਕਰਕੇ ਹਨੇਰੇ ਵਿਚ। ਅਫ਼ਸੁਸ ਦੇ ਲੋਕ ਬਹੁਤ ਹੀ ਘਿਣਾਉਣੇ ਕੰਮ ਕਰਦੇ ਸਨ ਅਤੇ ਉਹ ਬੇਸ਼ਰਮ ਹੋ ਕੇ ਇਨ੍ਹਾਂ ਕੰਮਾਂ ਵਿਚ ਲੱਗੇ ਹੋਏ ਸਨ। ਉੱਥੇ ਦੇ ਥੀਏਟਰਾਂ ਵਿਚ ਬਹੁਤ ਹੀ ਅਸ਼ਲੀਲ ਨਾਟਕ ਦਿਖਾਏ ਜਾਂਦੇ ਸਨ। ਇੰਨਾ ਹੀ ਨਹੀਂ, ਧਾਰਮਿਕ ਤਿਉਹਾਰਾਂ ਵਿਚ ਵੀ ਅਕਸਰ ਅਸ਼ਲੀਲ ਗੱਲਾਂ ਸੁਣਨ ਨੂੰ ਮਿਲਦੀਆਂ ਸਨ। (ਅਫ਼. 5:3) ਉੱਥੇ ਦੇ ਜ਼ਿਆਦਾਤਰ ਲੋਕ “ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ” ਕਰ ਚੁੱਕੇ ਸਨ। (ਅਫ਼. 4:17-19) ਜਦੋਂ ਤਕ ਅਫ਼ਸੁਸ ਦੇ ਮਸੀਹੀ ਯਹੋਵਾਹ ਦੇ ਮਿਆਰ ਨਹੀਂ ਜਾਣਦੇ ਸਨ, ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਫ਼ਰਕ ਨਹੀਂ ਪੈਂਦਾ ਸੀ ਕਿ ਉਹ ਗ਼ਲਤ ਕੰਮ ਕਰ ਰਹੇ ਸਨ। ਉਨ੍ਹਾਂ ਦੀ ਜ਼ਮੀਰ ਸੁੰਨ ਹੋ ਚੁੱਕੀ ਸੀ। ਉਹ ਇਹ ਵੀ ਨਹੀਂ ਸੋਚਦੇ ਸਨ ਕਿ ਉਨ੍ਹਾਂ ਨੂੰ ਆਪਣੇ ਗ਼ਲਤ ਕੰਮਾਂ ਲਈ ਯਹੋਵਾਹ ਨੂੰ ਹਿਸਾਬ ਦੇਣਾ ਪਵੇਗਾ। ਇਸ ਕਰਕੇ ਪੌਲੁਸ ਨੇ ਉਨ੍ਹਾਂ ਬਾਰੇ ਕਿਹਾ ਕਿ ਉਨ੍ਹਾਂ ਦੇ “ਮਨ ਹਨੇਰੇ ਵਿਚ ਹਨ ਅਤੇ ਉਹ ਉਸ ਜ਼ਿੰਦਗੀ ਤੋਂ ਵਾਂਝੇ ਹਨ ਜੋ ਪਰਮੇਸ਼ੁਰ ਤੋਂ ਹੈ।”
6. ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਕਿਉਂ ਕਿਹਾ ਕਿ ਉਹ ‘ਹੁਣ ਚਾਨਣ ਵਿਚ’ ਹਨ?
6 ਅਫ਼ਸੁਸ ਦੇ ਕੁਝ ਲੋਕ ਹਮੇਸ਼ਾ ਤਕ ਹਨੇਰੇ ਵਿਚ ਨਹੀਂ ਰਹੇ। ਪੌਲੁਸ ਨੇ ਲਿਖਿਆ ਕਿ “ਹੁਣ ਤੁਸੀਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਚਾਨਣ ਵਿਚ ਹੋ।” (ਅਫ਼. 5:8) ਉਹ ਬਾਈਬਲ ਵਿਚ ਦਿੱਤੀ ਸੱਚਾਈ ਦੇ ਮੁਤਾਬਕ ਜੀਉਣ ਲੱਗ ਪਏ ਜੋ ਚਾਨਣ ਵਾਂਗ ਸੀ। (ਜ਼ਬੂ. 119:105) ਉਨ੍ਹਾਂ ਨੇ ਝੂਠੇ ਧਰਮਾਂ ਦੇ ਰੀਤੀ-ਰਿਵਾਜਾਂ ਨੂੰ ਮੰਨਣਾ ਅਤੇ ਅਨੈਤਿਕ ਕੰਮ ਕਰਨੇ ਛੱਡ ਦਿੱਤੇ ਸਨ। ਉਹ “ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ” ਕਰ ਰਹੇ ਸਨ। ਨਾਲੇ ਉਹ ਯਹੋਵਾਹ ਦੀ ਭਗਤੀ ਕਰਨ ਅਤੇ ਉਸ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ।—ਅਫ਼. 5:1.
7. ਅਸੀਂ ਕਿਵੇਂ ਅਫ਼ਸੁਸ ਦੇ ਮਸੀਹੀਆਂ ਵਾਂਗ ਹਾਂ?
7 ਇਸੇ ਤਰ੍ਹਾਂ ਸੱਚਾਈ ਸਿੱਖਣ ਤੋਂ ਪਹਿਲਾਂ ਅਸੀਂ ਵੀ ਹਨੇਰੇ ਵਿਚ ਸੀ। ਸਾਡੇ ਵਿੱਚੋਂ ਕੁਝ ਜਣੇ ਝੂਠੇ ਧਰਮਾਂ ਨਾਲ ਸੰਬੰਧਿਤ ਦਿਨ-ਤਿਉਹਾਰ ਮਨਾਉਂਦੇ ਸਨ ਅਤੇ ਕੁਝ ਜਣੇ ਅਨੈਤਿਕ ਜ਼ਿੰਦਗੀ ਜੀਉਂਦੇ ਸਨ। ਪਰ ਜਦੋਂ ਅਸੀਂ ਯਹੋਵਾਹ ਦੇ ਮਿਆਰਾਂ ਬਾਰੇ ਸਿੱਖਿਆ ਯਾਨੀ ਇਹ ਜਾਣਿਆ ਕਿ ਕੀ ਸਹੀ ਹੈ ਅਤੇ ਕੀ ਗ਼ਲਤ, ਤਾਂ ਅਸੀਂ ਆਪਣੇ ਅੰਦਰ ਬਦਲਾਅ ਕੀਤੇ। ਅਸੀਂ ਯਹੋਵਾਹ ਦੇ ਮਿਆਰਾਂ ਅਨੁਸਾਰ ਜੀਉਣ ਲੱਗ ਪਏ। ਇਸ ਕਰਕੇ ਸਾਨੂੰ ਕਈ ਫ਼ਾਇਦੇ ਹੋਏ ਹਨ। (ਯਸਾ. 48:17) ਪਰ ਸਾਨੂੰ ਅੱਗੇ ਵੀ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਸਾਨੂੰ ਹਨੇਰੇ ਤੋਂ ਦੂਰ ਰਹਿਣਾ ਚਾਹੀਦਾ ਹੈ ਯਾਨੀ ਸਾਨੂੰ ਅਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਜੋ ਅਸੀਂ ਛੱਡ ਦਿੱਤੇ ਹਨ ਅਤੇ “ਚਾਨਣ ਦੇ ਬੱਚਿਆਂ ਵਜੋਂ ਚੱਲਦੇ” ਰਹਿਣਾ ਚਾਹੀਦਾ ਹੈ। ਪਰ ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਹਨੇਰੇ ਤੋਂ ਦੂਰ ਰਹੋ
8. ਅਫ਼ਸੀਆਂ 5:3-5 ਅਨੁਸਾਰ ਅਫ਼ਸੁਸ ਦੇ ਮਸੀਹੀਆਂ ਨੂੰ ਕਿਨ੍ਹਾਂ ਗੱਲਾਂ ਤੋਂ ਦੂਰ ਰਹਿਣ ਦੀ ਲੋੜ ਸੀ?
8 ਅਫ਼ਸੀਆਂ 5:3-5 ਪੜ੍ਹੋ। ਅਫ਼ਸੁਸ ਵਿਚ ਅਨੈਤਿਕ ਕੰਮਾਂ ਕਰਕੇ ਜੋ ਹਨੇਰਾ ਫੈਲਿਆ ਹੋਇਆ ਸੀ, ਉਸ ਤੋਂ ਦੂਰ ਰਹਿਣ ਲਈ ਮਸੀਹੀਆਂ ਨੂੰ ਕੀ ਕਰਨ ਦੀ ਲੋੜ ਸੀ? ਉਨ੍ਹਾਂ ਨੂੰ ਹਮੇਸ਼ਾ ਅਜਿਹੇ ਕੰਮਾਂ ਤੋਂ ਦੂਰ ਰਹਿਣ ਦੀ ਲੋੜ ਸੀ ਜਿਨ੍ਹਾਂ ਤੋਂ ਯਹੋਵਾਹ ਨਫ਼ਰਤ ਕਰਦਾ ਹੈ। ਇਸ ਦਾ ਮਤਲਬ ਕਿ ਉਨ੍ਹਾਂ ਨੂੰ ਨਾ ਸਿਰਫ਼ ਅਨੈਤਿਕ ਕੰਮਾਂ ਤੋਂ, ਸਗੋਂ ਅਸ਼ਲੀਲ ਗੱਲਾਂ ਕਰਨ ਅਤੇ ਸੁਣਨ ਤੋਂ ਵੀ ਦੂਰ ਰਹਿਣ ਦੀ ਲੋੜ ਸੀ। ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਯਾਦ ਦਿਵਾਇਆ ਕਿ “ਮਸੀਹ ਅਤੇ ਪਰਮੇਸ਼ੁਰ ਦੇ ਰਾਜ ਦਾ ਵਾਰਸ” ਬਣਨ ਲਈ ਉਨ੍ਹਾਂ ਨੂੰ ਅਜਿਹੀਆਂ ਸਾਰੀਆਂ ਗੱਲਾਂ ਅਤੇ ਕੰਮਾਂ ਤੋਂ ਦੂਰ ਰਹਿਣ ਦੀ ਲੋੜ ਸੀ।
9. ਸਾਨੂੰ ਹਰ ਤਰ੍ਹਾਂ ਦੇ ਅਨੈਤਿਕ ਕੰਮਾਂ ਤੋਂ ਕਿਉਂ ਦੂਰ ਰਹਿਣਾ ਚਾਹੀਦਾ ਹੈ?
9 ਸਾਨੂੰ ਵੀ ਹਮੇਸ਼ਾ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਅਸੀਂ ਫਿਰ ਤੋਂ “ਹਨੇਰੇ ਦੇ ਵਿਅਰਥ ਕੰਮ” ਨਾ ਕਰਨ ਲੱਗ ਪਈਏ। (ਅਫ਼. 5:11) ਜਿਹੜਾ ਵਿਅਕਤੀ ਗੰਦੀਆਂ ਤਸਵੀਰਾਂ ਦੇਖਦਾ ਹੈ, ਅਸ਼ਲੀਲ ਗੱਲਾਂ ਕਰਦਾ ਜਾਂ ਸੁਣਦਾ ਹੈ, ਉਹ ਸੌਖਿਆਂ ਹੀ ਅਨੈਤਿਕ ਕੰਮ ਕਰਨ ਲੱਗ ਸਕਦਾ ਹੈ। ਕਈਆਂ ਨਾਲ ਅਜਿਹਾ ਹੀ ਹੋਇਆ ਹੈ। (ਉਤ. 3:6; ਯਾਕੂ. 1:14, 15) ਇਕ ਦੇਸ਼ ਵਿਚ ਕਈ ਗਵਾਹਾਂ ਨੇ ਆਨ-ਲਾਈਨ ਗਰੁੱਪ ਬਣਾਇਆ ਜਿਸ ਵਿਚ ਉਹ ਇਕ-ਦੂਜੇ ਨੂੰ ਮੈਸਿਜ ਭੇਜਦੇ ਸਨ। ਸ਼ੁਰੂ-ਸ਼ੁਰੂ ਵਿਚ ਤਾਂ ਜ਼ਿਆਦਾਤਰ ਗਵਾਹ ਯਹੋਵਾਹ ਤੇ ਸੱਚਾਈ ਬਾਰੇ ਹੀ ਗੱਲਾਂ ਕਰਦੇ ਸਨ, ਪਰ ਹੌਲੀ-ਹੌਲੀ ਉਹ ਅਜਿਹੀਆਂ ਗੱਲਾਂ ਕਰਨ ਲੱਗ ਪਏ ਜੋ ਯਹੋਵਾਹ ਨੂੰ ਪਸੰਦ ਨਹੀਂ ਹਨ। ਉਨ੍ਹਾਂ ਦੀਆਂ ਜ਼ਿਆਦਾਤਰ ਗੱਲਾਂ ਅਨੈਤਿਕ ਕੰਮਾਂ ਬਾਰੇ ਹੋਣ ਲੱਗੀਆਂ। ਬਾਅਦ ਵਿਚ ਉਨ੍ਹਾਂ ਵਿੱਚੋਂ ਕਈ ਗਵਾਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਅਸ਼ਲੀਲ ਗੱਲਾਂ ਕਰਕੇ ਹੀ ਉਹ ਅਨੈਤਿਕ ਕੰਮ ਕਰ ਬੈਠੇ।
10. ਸ਼ੈਤਾਨ ਸਾਨੂੰ ਕਿਵੇਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ? (ਅਫ਼ਸੀਆਂ 5:6)
10 ਸ਼ੈਤਾਨ ਦੀ ਦੁਨੀਆਂ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹ ਸਾਨੂੰ ਯਕੀਨ ਦਿਵਾਉਣਾ ਚਾਹੁੰਦੀ ਹੈ ਕਿ ਜਿਨ੍ਹਾਂ ਗੱਲਾਂ ਨੂੰ ਯਹੋਵਾਹ ਅਨੈਤਿਕ ਤੇ ਗੰਦਾ ਸਮਝਦਾ ਹੈ, ਉਹ ਬਿਲਕੁਲ ਵੀ ਗ਼ਲਤ ਨਹੀਂ ਹਨ। (2 ਪਤ. 2:19) ਪਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਸ਼ੈਤਾਨ ਦੀ ਇਹ ਬਹੁਤ ਪੁਰਾਣੀ ਚਾਲ ਹੈ। ਉਹ ਸ਼ੁਰੂ ਤੋਂ ਹੀ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਤਾਂਕਿ ਉਹ ਸਹੀ-ਗ਼ਲਤ ਵਿਚ ਫ਼ਰਕ ਨਾ ਪਛਾਣ ਸਕਣ। (ਯਸਾ. 5:20; 2 ਕੁਰਿੰ. 4:4) ਇਸੇ ਕਰਕੇ ਅੱਜ ਜ਼ਿਆਦਾਤਰ ਫ਼ਿਲਮਾਂ, ਟੀ. ਵੀ. ਪ੍ਰੋਗ੍ਰਾਮਾਂ ਅਤੇ ਵੈੱਬਸਾਈਟਾਂ ʼਤੇ ਅਜਿਹੀਆਂ ਗੱਲਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਜੋ ਯਹੋਵਾਹ ਦੇ ਮਿਆਰਾਂ ਦੇ ਖ਼ਿਲਾਫ਼ ਹਨ। ਸ਼ੈਤਾਨ ਸਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਗੰਦੇ ਕੰਮ ਕਰਨ ਅਤੇ ਅਨੈਤਿਕ ਜ਼ਿੰਦਗੀ ਜੀਉਣ ਵਿਚ ਕੋਈ ਬੁਰਾਈ ਨਹੀਂ ਹੈ, ਸਗੋਂ ਇਹ ਸਭ ਕਰ ਕੇ ਤਾਂ ਮਜ਼ਾ ਆਉਂਦਾ ਹੈ ਅਤੇ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ।—ਅਫ਼ਸੀਆਂ 5:6 ਪੜ੍ਹੋ।
11. ਭੈਣ ਐਂਜਲਾ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਫ਼ਸੀਆਂ 5:7 ਵਿਚ ਦਿੱਤੀ ਸਲਾਹ ਮੰਨਣੀ ਬਹੁਤ ਜ਼ਰੂਰੀ ਹੈ? (ਤਸਵੀਰ ਵੀ ਦੇਖੋ।)
11 ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਅਜਿਹੇ ਲੋਕਾਂ ਨਾਲ ਸੰਗਤ ਕਰੀਏ ਜਿਨ੍ਹਾਂ ਕਰਕੇ ਸਾਡੇ ਲਈ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲਣਾ ਔਖਾ ਹੋ ਜਾਵੇ। ਇਸੇ ਕਰਕੇ ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਅਜਿਹੇ ਲੋਕਾਂ ਦੇ ‘ਹਿੱਸੇਦਾਰ ਨਾ ਬਣਨ’ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਕੰਮ ਕਰਦੇ ਹਨ। (ਅਫ਼. 5:7) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੰਗਤ ਕਰਨ ਦਾ ਮਤਲਬ ਸਿਰਫ਼ ਇਹੀ ਨਹੀਂ ਹੈ ਕਿ ਅਸੀਂ ਕਿਨ੍ਹਾਂ ਲੋਕਾਂ ਨਾਲ ਉੱਠਦੇ-ਬੈਠਦੇ ਹਾਂ, ਸਗੋਂ ਇਹ ਵੀ ਕਿ ਅਸੀਂ ਸੋਸ਼ਲ ਮੀਡੀਆ ʼਤੇ ਕਿਨ੍ਹਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਅਫ਼ਸੁਸ ਦੇ ਮਸੀਹੀਆਂ ਸਾਮ੍ਹਣੇ ਸੋਸ਼ਲ ਮੀਡੀਆ ਦਾ ਖ਼ਤਰਾ ਨਹੀਂ ਸੀ, ਪਰ ਸਾਡੇ ਸਾਮ੍ਹਣੇ ਹੈ। ਇਸ ਲਈ ਸਾਨੂੰ ਹੋਰ ਵੀ ਜ਼ਿਆਦਾ ਖ਼ਬਰਦਾਰ ਰਹਿਣ ਦੀ ਲੋੜ ਹੈ। ਏਸ਼ੀਆ ਵਿਚ ਰਹਿਣ ਵਾਲੀ ਭੈਣ ਐਂਜਲਾa ਨੇ ਦੇਖਿਆ ਕਿ ਸੋਸ਼ਲ ਮੀਡੀਆ ਕਿੰਨਾ ਵੱਡਾ ਖ਼ਤਰਾ ਹੋ ਸਕਦਾ ਹੈ। ਉਹ ਦੱਸਦੀ ਹੈ: “ਸੋਸ਼ਲ ਮੀਡੀਆ ਸਾਡੇ ਲਈ ਇਕ ਫੰਦਾ ਬਣ ਸਕਦਾ ਹੈ। ਇਸ ਕਰਕੇ ਸਾਡੀ ਜ਼ਮੀਰ ਹੌਲੀ-ਹੌਲੀ ਸੁੰਨ ਪੈ ਸਕਦੀ ਹੈ। ਮੇਰੇ ਨਾਲ ਵੀ ਇੱਦਾਂ ਹੀ ਹੋਇਆ। ਮੈਂ ਅਜਿਹੇ ਲੋਕਾਂ ਨਾਲ ਦੋਸਤੀ ਕਰਨ ਲੱਗ ਪਈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਮਿਆਰਾਂ ਦੀ ਕੋਈ ਕਦਰ ਨਹੀਂ ਸੀ ਅਤੇ ਮੈਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਸੀ ਪੈ ਰਿਹਾ। ਮੈਂ ਜਾਣਦੀ ਸੀ ਕਿ ਯਹੋਵਾਹ ਕਿਨ੍ਹਾਂ ਕੰਮਾਂ ਨਾਲ ਨਫ਼ਰਤ ਕਰਦਾ ਹੈ, ਪਰ ਮੈਨੂੰ ਲੱਗਣ ਲੱਗਾ ਕਿ ਕੋਈ ਨਹੀਂ, ਥੋੜ੍ਹਾ-ਬਹੁਤਾ ਤਾਂ ਚੱਲਦਾ ਆ।” ਪਰ ਬਜ਼ੁਰਗਾਂ ਦੀ ਮਦਦ ਨਾਲ ਭੈਣ ਐਂਜਲਾ ਨੇ ਆਪਣੀ ਸੋਚ ਬਦਲੀ। ਉਹ ਦੱਸਦੀ ਹੈ: “ਹੁਣ ਮੈਂ ਆਪਣਾ ਧਿਆਨ ਸੋਸ਼ਲ ਮੀਡੀਆ ʼਤੇ ਨਹੀਂ, ਸਗੋਂ ਯਹੋਵਾਹ ਦੀਆਂ ਗੱਲਾਂ ʼਤੇ ਲਾਉਂਦੀ ਹਾਂ।”
12. ਯਹੋਵਾਹ ਦੇ ਮਿਆਰਾਂ ʼਤੇ ਚੱਲਦੇ ਰਹਿਣ ਲਈ ਸਾਨੂੰ ਕਿਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ?
12 ਇਹ ਦੁਨੀਆਂ ਸਾਨੂੰ ਵਾਰ-ਵਾਰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਅਨੈਤਿਕ ਕੰਮ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਇਹ ਗ਼ਲਤ ਹੈ। ਇਸ ਲਈ ਸਾਨੂੰ ਜੀ-ਜਾਨ ਲਾਉਣ ਦੀ ਲੋੜ ਹੈ ਤਾਂਕਿ ਦੁਨੀਆਂ ਦੀ ਸੋਚ ਸਾਡੇ ʼਤੇ ਹਾਵੀ ਨਾ ਹੋ ਜਾਵੇ। (ਅਫ਼. 4:19, 20) ਸਾਨੂੰ ਖ਼ੁਦ ਨੂੰ ਪੁੱਛਣਾ ਚਾਹੀਦਾ ਹੈ, ‘ਜਦੋਂ ਯਹੋਵਾਹ ਦੇ ਮਿਆਰਾਂ ਨੂੰ ਮੰਨਣ ਕਰਕੇ ਲੋਕ ਮੇਰਾ ਮਜ਼ਾਕ ਉਡਾਉਂਦੇ ਹਨ ਜਾਂ ਮੈਨੂੰ ਬੁਰਾ-ਭਲਾ ਕਹਿੰਦੇ ਹਨ, ਕੀ ਮੈਂ ਉਦੋਂ ਵੀ ਹਿੰਮਤ ਤੋਂ ਕੰਮ ਲੈਂਦਾ ਹਾਂ ਅਤੇ ਉਸ ਦੇ ਮਿਆਰਾਂ ਨੂੰ ਮੰਨਦਾ ਹਾਂ? ਕੀ ਮੈਂ ਇਸ ਗੱਲ ਦਾ ਧਿਆਨ ਰੱਖਦਾ ਹਾਂ ਕਿ ਮੈਂ ਬਿਨ੍ਹਾਂ ਵਜ੍ਹਾ ਅਜਿਹੇ ਲੋਕਾਂ ਨਾਲ ਸਮਾਂ ਨਾ ਬਿਤਾਵਾਂ ਜੋ ਯਹੋਵਾਹ ਦੇ ਮਿਆਰਾਂ ਨੂੰ ਨਹੀਂ ਮੰਨਦੇ, ਜਿਵੇਂ ਨਾਲ ਪੜ੍ਹਨ ਵਾਲੇ, ਨਾਲ ਕੰਮ ਕਰਨ ਵਾਲੇ ਅਤੇ ਹੋਰ ਲੋਕ?’ 2 ਤਿਮੋਥਿਉਸ 2:20-22 ਤੋਂ ਪਤਾ ਲੱਗਦਾ ਹੈ ਕਿ ਸਾਨੂੰ ਮੰਡਲੀ ਵਿਚ ਵੀ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ। ਕਿਉਂ? ਕਿਉਂਕਿ ਮੰਡਲੀ ਵਿਚ ਵੀ ਕੁਝ ਜਣੇ ਇੱਦਾਂ ਦੇ ਹੋ ਸਕਦੇ ਹਨ ਜੋ ਸਾਨੂੰ ਯਹੋਵਾਹ ਤੋਂ ਦੂਰ ਲੈ ਜਾਣ।
“ਚਾਨਣ ਦੇ ਬੱਚਿਆ ਵਜੋਂ ਚੱਲਦੇ ਰਹੋ”
13. “ਚਾਨਣ ਦੇ ਬੱਚਿਆਂ ਵਜੋਂ ਚੱਲਦੇ” ਰਹਿਣ ਦਾ ਕੀ ਮਤਲਬ ਹੈ? (ਅਫ਼ਸੀਆਂ 5:7-9)
13 ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਹਨੇਰੇ ਤੋਂ ਤਾਂ ਦੂਰ ਰਹਿਣਾ ਹੀ ਸੀ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੂੰ “ਚਾਨਣ ਦੇ ਬੱਚਿਆਂ ਵਜੋਂ ਚੱਲਦੇ” ਰਹਿਣ ਦੀ ਵੀ ਲੋੜ ਸੀ। (ਅਫ਼ਸੀਆਂ 5:7-9 ਪੜ੍ਹੋ।) ਇੱਥੇ ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ? ਸੌਖੇ ਸ਼ਬਦਾਂ ਵਿਚ ਕਹੀਏ, ਤਾਂ ਸਾਨੂੰ ਹਰ ਸਮੇਂ ਸੱਚੇ ਮਸੀਹੀਆਂ ਵਜੋਂ ਆਪਣੀ ਜ਼ਿੰਦਗੀ ਜੀਉਣੀ ਚਾਹੀਦੀ ਹੈ। ਇੱਦਾਂ ਕਰਨ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਦਿਲ ਲਾ ਕੇ ਬਾਈਬਲ ਅਤੇ ਇਸ ʼਤੇ ਆਧਾਰਿਤ ਪ੍ਰਕਾਸ਼ਨ ਪੜ੍ਹੀਏ ਅਤੇ ਉਨ੍ਹਾਂ ਦਾ ਅਧਿਐਨ ਕਰੀਏ। ਨਾਲੇ ਯਿਸੂ ਵਾਂਗ ਬਣਨ ਦੀ ਪੂਰੀ ਕੋਸ਼ਿਸ਼ ਕਰੀਏ ਜੋ “ਦੁਨੀਆਂ ਦਾ ਚਾਨਣ” ਹੈ ਅਤੇ ਉਸ ਦੀਆਂ ਸਿੱਖਿਆਵਾਂ ʼਤੇ ਪੂਰਾ ਧਿਆਨ ਦੇਈਏ।—ਯੂਹੰ. 8:12; ਕਹਾ. 6:23.
14. ਪਵਿੱਤਰ ਸ਼ਕਤੀ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ?
14 ਹਮੇਸ਼ਾ “ਚਾਨਣ ਦੇ ਬੱਚਿਆਂ ਵਜੋਂ ਚੱਲਦੇ” ਰਹਿਣ ਲਈ ਸਾਨੂੰ ਪਵਿੱਤਰ ਸ਼ਕਤੀ ਦੀ ਵੀ ਲੋੜ ਹੈ। ਪਰ ਕਿਉਂ? ਕਿਉਂਕਿ ਇਹ ਦੁਨੀਆਂ ਅਨੈਤਿਕ ਲੋਕਾਂ ਨਾਲ ਭਰੀ ਹੋਈ ਹੈ ਅਤੇ ਇਸ ਵਿਚ ਆਪਣੇ ਆਪ ਨੂੰ ਸ਼ੁੱਧ ਬਣਾਈ ਰੱਖਣਾ ਸੌਖਾ ਨਹੀਂ ਹੈ। (1 ਥੱਸ. 4:3-5, 7, 8) ਪਰ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਦੁਨੀਆਂ ਦੀ ਸੋਚ ਅਤੇ ਫ਼ਲਸਫ਼ਿਆਂ ਨੂੰ ਠੁਕਰਾ ਸਕਾਂਗੇ। ਅਸੀਂ ਇੱਦਾਂ ਦੀ ਸੋਚ ਅਤੇ ਰਵੱਈਏ ਨੂੰ ਖ਼ੁਦ ʼਤੇ ਹਾਵੀ ਨਹੀਂ ਹੋਣ ਦੇਵਾਂਗੇ ਜੋ ਪਰਮੇਸ਼ੁਰ ਦੀ ਸੋਚ ਨਾਲ ਮੇਲ ਨਹੀਂ ਖਾਂਦਾ। ਇਸ ਤੋਂ ਇਲਾਵਾ, ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ‘ਹਰ ਤਰ੍ਹਾਂ ਦਾ ਭਲਾ ਕੰਮ ਕਰ ਸਕਾਂਗੇ ਅਤੇ ਧਰਮੀ ਅਸੂਲਾਂ ਮੁਤਾਬਕ ਜ਼ਿੰਦਗੀ ਜੀ’ ਸਕਾਂਗੇ।—ਅਫ਼. 5:9.
15. ਪਵਿੱਤਰ ਸ਼ਕਤੀ ਪਾਉਣ ਲਈ ਅਸੀਂ ਕੀ ਕਰ ਸਕਦੇ ਹਾਂ? (ਅਫ਼ਸੀਆਂ 5:19, 20)
15 ਪਵਿੱਤਰ ਸ਼ਕਤੀ ਪਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਇਸ ਲਈ ਪ੍ਰਾਰਥਨਾ ਕਰੀਏ। ਯਿਸੂ ਨੇ ਕਿਹਾ ਸੀ ਕਿ ਯਹੋਵਾਹ ਉਨ੍ਹਾਂ ਨੂੰ “ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!” (ਲੂਕਾ 11:13) ਨਾਲੇ ਸਭਾਵਾਂ ਵਿਚ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਨਾਲ ਵੀ ਸਾਨੂੰ ਪਵਿੱਤਰ ਸ਼ਕਤੀ ਮਿਲਦੀ ਹੈ। (ਅਫ਼ਸੀਆਂ 5:19, 20 ਪੜ੍ਹੋ।) ਜਦੋਂ ਪਵਿੱਤਰ ਸ਼ਕਤੀ ਸਾਡੇ ʼਤੇ ਕੰਮ ਕਰੇਗੀ, ਤਾਂ ਅਸੀਂ ਇੱਦਾਂ ਦੀ ਜ਼ਿੰਦਗੀ ਜੀ ਸਕਾਂਗੇ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।
16. ਸਹੀ ਫ਼ੈਸਲੇ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅਫ਼ਸੀਆਂ 5:10, 17)
16 ਜਦੋਂ ਅਸੀਂ ਕੋਈ ਫ਼ੈਸਲਾ ਕਰਨਾ ਹੁੰਦਾ ਹੈ, ਤਾਂ ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਮਾਮਲੇ ਬਾਰੇ “ਯਹੋਵਾਹ ਦੀ ਕੀ ਇੱਛਾ ਹੈ” ਅਤੇ ਫਿਰ ਇਸ ਮੁਤਾਬਕ ਚੱਲਣਾ ਚਾਹੀਦਾ ਹੈ। (ਅਫ਼ਸੀਆਂ 5:10, 17 ਪੜ੍ਹੋ।) ਉਸ ਵੇਲੇ ਜਦੋਂ ਅਸੀਂ ਉਸ ਮਾਮਲੇ ਬਾਰੇ ਬਾਈਬਲ ਦੇ ਅਸੂਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਅਸਲ ਵਿਚ ਯਹੋਵਾਹ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ। ਫਿਰ ਇਨ੍ਹਾਂ ਅਸੂਲਾਂ ਮੁਤਾਬਕ ਅਸੀਂ ਸਹੀ ਫ਼ੈਸਲੇ ਕਰ ਸਕਾਂਗੇ।
17. ਅਸੀਂ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਕਿਵੇਂ ਵਰਤ ਸਕਦੇ ਹਾਂ? (ਅਫ਼ਸੀਆਂ 5:15, 16) (ਤਸਵੀਰ ਵੀ ਦੇਖੋ।)
17 ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਉਹ “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ” ਵਰਤਣ। (ਅਫ਼ਸੀਆਂ 5:15, 16 ਪੜ੍ਹੋ।) ਸ਼ੈਤਾਨ ਬਹੁਤ “ਦੁਸ਼ਟ” ਹੈ ਅਤੇ ਉਸ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਦੁਨੀਆਂ ਦੇ ਕੰਮਾਂ ਵਿਚ ਇੰਨੇ ਰੁੱਝ ਜਾਈਏ ਕਿ ਸਾਡੇ ਕੋਲ ਯਹੋਵਾਹ ਦੀ ਸੇਵਾ ਕਰਨ ਲਈ ਸਮਾਂ ਹੀ ਨਾ ਬਚੇ। (1 ਯੂਹੰ. 5:19) ਇਸ ਕਰਕੇ ਹੋ ਸਕਦਾ ਹੈ ਕਿ ਇਕ ਮਸੀਹੀ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਦੀ ਬਜਾਇ ਪੈਸਾ ਕਮਾਉਣ, ਪੜ੍ਹਾਈ ਕਰਨ ਅਤੇ ਕੈਰੀਅਰ ਬਣਾਉਣ ਵਿਚ ਹੀ ਡੁੱਬ ਜਾਵੇ। ਜੇ ਇਕ ਮਸੀਹੀ ਨਾਲ ਇੱਦਾਂ ਹੋ ਰਿਹਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ʼਤੇ ਦੁਨੀਆਂ ਦੀ ਸੋਚ ਹਾਵੀ ਹੋ ਰਹੀ ਹੈ। ਵੈਸੇ ਪੈਸਾ ਕਮਾਉਣਾ, ਪੜ੍ਹਾਈ ਕਰਨੀ ਅਤੇ ਕੈਰੀਅਰ ਬਣਾਉਣਾ ਆਪਣੇ ਆਪ ਵਿਚ ਗ਼ਲਤ ਨਹੀਂ ਹੈ, ਪਰ ਅਸੀਂ ਕਦੇ ਵੀ ਇਨ੍ਹਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਨਹੀਂ ਦੇਵਾਂਗੇ। “ਚਾਨਣ ਦੇ ਬੱਚਿਆਂ ਵਜੋਂ” ਚੱਲਦੇ ਰਹਿਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ “ਆਪਣੇ ਸਮੇਂ ਦੀ ਚੰਗੀ ਤਰ੍ਹਾਂ” ਵਰਤੋਂ ਕਰੀਏ ਯਾਨੀ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੀਏ।
18. ਆਪਣੇ ਸਮੇਂ ਦੀ ਸਹੀ ਵਰਤੋਂ ਕਰਨ ਲਈ ਭਰਾ ਡੌਨਲਡ ਨੇ ਕੀ ਕੀਤਾ?
18 ਇਸ ਬਾਰੇ ਸੋਚੋ ਕਿ ਤੁਸੀਂ ਕਿਵੇਂ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰ ਸਕਦੇ ਹੋ। ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੇ ਭਰਾ ਡੌਨਲਡ ਨੇ ਇੱਦਾਂ ਹੀ ਕੀਤਾ। ਉਹ ਕਹਿੰਦਾ ਹੈ: “ਮੈਂ ਸੋਚਿਆ ਕਿ ਮੈਂ ਹੋਰ ਵੀ ਵਧ-ਚੜ੍ਹ ਕੇ ਪ੍ਰਚਾਰ ਕਰਨ ਲਈ ਕੀ ਕਰ ਸਕਦਾ ਹਾਂ ਅਤੇ ਮੈਂ ਇਸ ਬਾਰੇ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕੀਤੀ। ਮੈਂ ਪ੍ਰਾਰਥਨਾ ਕੀਤੀ ਕਿ ਮੈਨੂੰ ਇੱਦਾਂ ਦਾ ਕੰਮ ਮਿਲ ਜਾਵੇ ਜਿਸ ਨਾਲ ਮੈਂ ਪ੍ਰਚਾਰ ਵਿਚ ਹੋਰ ਜ਼ਿਆਦਾ ਸਮਾਂ ਲਾ ਸਕਾਂ। ਯਹੋਵਾਹ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਇਕ ਇੱਦਾਂ ਦਾ ਹੀ ਕੰਮ ਮਿਲ ਗਿਆ। ਫਿਰ ਮੈਂ ਅਤੇ ਮੇਰੀ ਪਤਨੀ ਨੇ ਮਿਲ ਕੇ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।”
19. ਅਸੀਂ “ਚਾਨਣ ਦੇ ਬੱਚਿਆਂ ਵਜੋਂ” ਕਿਵੇਂ ਚੱਲਦੇ ਰਹਿ ਸਕਦੇ ਹਾਂ?
19 ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਜੋ ਚਿੱਠੀ ਲਿਖੀ, ਉਸ ਤੋਂ ਉਨ੍ਹਾਂ ਦੀ ਯਹੋਵਾਹ ਦੇ ਵਫ਼ਾਦਾਰ ਰਹਿਣ ਵਿਚ ਬਹੁਤ ਮਦਦ ਹੋਈ ਹੋਣੀ। ਯਹੋਵਾਹ ਵੱਲੋਂ ਮਿਲੀ ਇਸ ਸਲਾਹ ਨੂੰ ਮੰਨਣ ਨਾਲ ਅੱਜ ਸਾਨੂੰ ਵੀ ਫ਼ਾਇਦਾ ਹੋ ਸਕਦਾ ਹੈ, ਜਿਵੇਂ ਅਸੀਂ ਮਨੋਰੰਜਨ ਅਤੇ ਦੋਸਤ ਚੁਣਨ ਦੇ ਮਾਮਲੇ ਵਿਚ ਸੋਚ-ਸਮਝ ਕੇ ਫ਼ੈਸਲੇ ਕਰ ਸਕਾਂਗੇ। ਅਸੀਂ ਲਗਾਤਾਰ ਬਾਈਬਲ ਦਾ ਅਧਿਐਨ ਕਰਾਂਗੇ ਤਾਂਕਿ ਅਸੀਂ ਸੱਚਾਈ ਦੇ ਚਾਨਣ ਵਿਚ ਚੱਲਦੇ ਰਹਿ ਸਕੀਏ। ਅਸੀਂ ਇਹ ਵੀ ਯਾਦ ਰੱਖਾਂਗੇ ਕਿ ਪਵਿੱਤਰ ਸ਼ਕਤੀ ਦੀ ਮਦਦ ਲੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਕਰਕੇ ਅਸੀਂ ਆਪਣੇ ਵਿਚ ਚੰਗੇ ਗੁਣ ਵਧਾ ਸਕਾਂਗੇ। ਨਾਲੇ ਅਸੀਂ ਯਹੋਵਾਹ ਦੀ ਇੱਛਾ ਮੁਤਾਬਕ ਸਹੀ ਫ਼ੈਸਲੇ ਕਰ ਸਕਾਂਗੇ। ਇਹ ਸਭ ਕਰ ਕੇ ਅਸੀਂ ਹਨੇਰੇ ਤੋਂ ਦੂਰ ਰਹਿ ਸਕਾਂਗੇ ਅਤੇ ਚਾਨਣ ਵਿਚ ਚੱਲਦੇ ਰਹਿ ਸਕਾਂਗੇ।
ਤੁਸੀਂ ਕੀ ਜਵਾਬ ਦਿਓਗੇ?
ਅਫ਼ਸੀਆਂ 5:8 ਵਿਚ ਵਰਤੇ ਸ਼ਬਦ “ਹਨੇਰੇ” ਤੇ “ਚਾਨਣ” ਦਾ ਕੀ ਮਤਲਬ ਹੈ?
ਅਸੀਂ “ਹਨੇਰੇ” ਤੋਂ ਕਿਵੇਂ ਦੂਰ ਰਹਿ ਸਕਦੇ ਹਾਂ?
ਅਸੀਂ “ਚਾਨਣ ਦੇ ਬੱਚਿਆਂ ਵਜੋਂ” ਕਿਵੇਂ ਚੱਲਦੇ ਰਹਿ ਸਕਦੇ ਹਾਂ?
ਗੀਤ 95 ਸੱਚਾਈ ਦਾ ਚਾਨਣ ਵਧਦਾ ਜਾਂਦਾ ਹੈ
a ਕੁਝ ਨਾਂ ਬਦਲੇ ਗਏ ਹਨ।
b ਤਸਵੀਰ ਬਾਰੇ ਜਾਣਕਾਰੀ: ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਜੋ ਚਿੱਠੀ ਲਿਖੀ ਸੀ, ਉਸ ਦੀ ਇਕ ਬਹੁਤ ਪੁਰਾਣੀ ਨਕਲ।