ਅਧਿਆਇ 15
ਇਕ ਅਜਿਹਾ ਪਰਿਵਾਰ ਬਣਾਉਣਾ ਜੋ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ
1-3. ਕੁਝ ਵਿਅਕਤੀ ਵਿਆਹ ਅਤੇ ਮਾਂ-ਪਿਉਪਣ ਵਿਚ ਪਾਈਆਂ ਜਾਂਦੀਆਂ ਆਮ ਸਮੱਸਿਆਵਾਂ ਨੂੰ ਕਿਉਂ ਨਹੀਂ ਸੁਲਝਾ ਪਾਉਂਦੇ ਹਨ, ਪਰੰਤੂ ਬਾਈਬਲ ਕਿਉਂ ਮਦਦ ਕਰ ਸਕਦੀ ਹੈ?
ਫ਼ਰਜ਼ ਕਰੋ ਕਿ ਤੁਸੀਂ ਆਪਣਾ ਘਰ ਉਸਾਰਨ ਦੀ ਯੋਜਨਾ ਬਣਾਉਂਦੇ ਹੋ। ਤੁਸੀਂ ਜ਼ਮੀਨ ਖ਼ਰੀਦਦੇ ਹੋ। ਉਤਸੁਕ ਪੂਰਬਅਨੁਮਾਨ ਦੇ ਨਾਲ, ਤੁਸੀਂ ਆਪਣੇ ਮਨ ਵਿਚ ਉਸ ਘਰ ਦੀ ਕਲਪਨਾ ਕਰਦੇ ਹੋ। ਪਰੰਤੂ ਕੀ ਹੋਵੇਗਾ ਜੇਕਰ ਤੁਹਾਡੇ ਕੋਲ ਨਾ ਕੋਈ ਸੰਦ ਹੋਵੇ ਅਤੇ ਨਾ ਹੀ ਉਸਾਰੀ ਕੁਸ਼ਲਤਾ? ਤੁਹਾਡੇ ਜਤਨ ਕਿੰਨੇ ਹੀ ਨਿਰਾਸ਼ਾਜਨਕ ਹੋਣਗੇ!
2 ਬਹੁਤੇਰੇ ਜੋੜੇ ਇਕ ਸੁਖੀ ਪਰਿਵਾਰ ਦਾ ਸੁਪਨਾ ਲੈਂਦੇ ਹੋਏ ਵਿਆਹ ਵਿਚ ਪ੍ਰਵੇਸ਼ ਕਰਦੇ ਹਨ, ਪਰ ਉਨ੍ਹਾਂ ਕੋਲ ਇਕ ਸੁਖੀ ਪਰਿਵਾਰ ਬਣਾਉਣ ਲਈ ਨਾ ਤਾਂ ਲੋੜੀਂਦੇ ਸੰਦ ਹੁੰਦੇ ਹਨ ਅਤੇ ਨਾ ਹੀ ਕੁਸ਼ਲਤਾ ਹੁੰਦੀ ਹੈ। ਵਿਆਹ ਦੇ ਦਿਨ ਤੋਂ ਥੋੜ੍ਹੇ ਹੀ ਸਮੇਂ ਮਗਰੋਂ, ਨਕਾਰਾਤਮਕ ਪ੍ਰਵਿਰਤੀਆਂ ਵਿਕਸਿਤ ਹੁੰਦੀਆਂ ਹਨ। ਲੜਨਾ ਅਤੇ ਝਗੜਨਾ ਰੋਜ਼ ਦਾ ਨਿੱਤ-ਕਰਮ ਬਣ ਜਾਂਦਾ ਹੈ। ਜਦੋਂ ਬੱਚੇ ਪੈਦਾ ਹੁੰਦੇ ਹਨ, ਤਾਂ ਨਵੀਨ ਮਾਪੇ ਪਾਉਂਦੇ ਹਨ ਕਿ ਉਹ ਮਾਂ-ਪਿਉਪਣ ਵਿਚ ਉੱਨੇ ਹੀ ਅਨਾੜੀ ਹਨ ਜਿੰਨੇ ਕਿ ਉਹ ਵਿਆਹ ਵਿਚ ਸਨ।
3 ਫਿਰ ਵੀ, ਖ਼ੁਸ਼ੀ ਦੀ ਗੱਲ ਇਹ ਹੈ ਕਿ ਬਾਈਬਲ ਮਦਦ ਕਰ ਸਕਦੀ ਹੈ। ਉਸ ਦੇ ਸਿਧਾਂਤ ਸੰਦਾਂ ਵਰਗੇ ਹਨ ਜੋ ਤੁਹਾਨੂੰ ਇਕ ਸੁਖੀ ਪਰਿਵਾਰ ਬਣਾਉਣ ਦੇ ਯੋਗ ਕਰਦੇ ਹਨ। (ਕਹਾਉਤਾਂ 24:3) ਆਓ ਅਸੀਂ ਦੇਖੀਏ ਕਿਵੇਂ।
ਇਕ ਸੁਖੀ ਵਿਆਹ ਬਣਾਉਣ ਲਈ ਸੰਦ
4. ਵਿਆਹ ਵਿਚ ਸਮੱਸਿਆਵਾਂ ਪੇਸ਼ ਹੋਣ ਦੀ ਆਸ ਕਿਉਂ ਰੱਖੀ ਜਾਂਦੀ ਹੈ, ਅਤੇ ਬਾਈਬਲ ਵਿਚ ਕਿਹੜੇ ਮਿਆਰ ਦਿੱਤੇ ਗਏ ਹਨ?
4 ਭਾਵੇਂ ਕਿ ਇਕ ਵਿਵਾਹਿਤ ਜੋੜਾ ਕਿੰਨਾ ਵੀ ਢੁਕਵਾਂ ਕਿਉਂ ਨਾ ਹੋਵੇ, ਉਹ ਭਾਵਾਤਮਕ ਬਣਤਰ, ਬਚਪਨ ਦਿਆਂ ਤਜਰਬਿਆਂ ਅਤੇ ਪਰਿਵਾਰਕ ਪਿਛੋਕੜ ਵਿਚ ਭਿੰਨ ਹੁੰਦੇ ਹਨ। ਇਸ ਕਾਰਨ, ਵਿਆਹ ਤੋਂ ਬਾਅਦ ਕੁਝ ਸਮੱਸਿਆਵਾਂ ਪੇਸ਼ ਹੋਣ ਦੀ ਆਸ ਤਾਂ ਹੁੰਦੀ ਹੀ ਹੈ। ਉਹ ਕਿਵੇਂ ਨਿਪਟਾਈਆਂ ਜਾਣਗੀਆਂ? ਖ਼ੈਰ, ਜਦੋਂ ਉਸਰਈਏ ਇਕ ਘਰ ਉਸਾਰਦੇ ਹਨ, ਤਾਂ ਉਹ ਨਕਸ਼ਿਆਂ ਨੂੰ ਦੇਖਦੇ ਹਨ। ਇਨ੍ਹਾਂ ਮਾਰਗ-ਦਰਸ਼ਨਾਂ ਦਾ ਅਨੁਕਰਣ ਕੀਤਾ ਜਾਣਾ ਚਾਹੀਦਾ ਹੈ। ਇਕ ਸੁਖੀ ਪਰਿਵਾਰ ਬਣਾਉਣ ਲਈ ਬਾਈਬਲ ਪਰਮੇਸ਼ੁਰ ਦੇ ਮਿਆਰ ਮੁਹੱਈਆ ਕਰਦੀ ਹੈ। ਆਓ ਅਸੀਂ ਹੁਣ ਇਨ੍ਹਾਂ ਵਿੱਚੋਂ ਕੁਝ-ਕੁ ਦੀ ਜਾਂਚ ਕਰੀਏ।
5. ਬਾਈਬਲ ਵਿਆਹ ਵਿਚ ਨਿਸ਼ਠਾ ਦੀ ਮਹੱਤਤਾ ਉੱਤੇ ਕਿਵੇਂ ਜ਼ੋਰ ਪਾਉਂਦੀ ਹੈ?
5 ਨਿਸ਼ਠਾ। ਯਿਸੂ ਨੇ ਕਿਹਾ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”a (ਮੱਤੀ 19:6) ਰਸੂਲ ਪੌਲੁਸ ਨੇ ਲਿਖਿਆ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਇਸ ਕਰਕੇ, ਵਿਵਾਹਿਤ ਵਿਅਕਤੀਆਂ ਨੂੰ ਆਪਣੇ ਸਾਥੀਆਂ ਦੇ ਨਾਲ ਵਫ਼ਾਦਾਰ ਰਹਿਣ ਲਈ ਯਹੋਵਾਹ ਦੇ ਪ੍ਰਤੀ ਜ਼ਿੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ।—ਉਤਪਤ 39:7-9.
6. ਨਿਸ਼ਠਾ ਇਕ ਵਿਆਹ ਨੂੰ ਕਾਇਮ ਰੱਖਣ ਵਿਚ ਕਿਵੇਂ ਮਦਦ ਕਰੇਗੀ?
6 ਨਿਸ਼ਠਾ ਵਿਆਹ ਨੂੰ ਸਨਮਾਨ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ। ਨਿਸ਼ਠਾਵਾਨ ਸਾਥੀ ਜਾਣਦੇ ਹਨ ਕਿ ਜੋ ਵੀ ਹੋਵੇ, ਉਹ ਇਕ ਦੂਜੇ ਦਾ ਸਮਰਥਨ ਕਰਨਗੇ। (ਉਪਦੇਸ਼ਕ ਦੀ ਪੋਥੀ 4:9-12) ਇਹ ਉਨ੍ਹਾਂ ਤੋਂ ਕਿੰਨੇ ਭਿੰਨ ਹਨ, ਜੋ ਕਠਿਨਾਈ ਦੇ ਪਹਿਲੇ ਲੱਛਣ ਤੇ ਹੀ ਆਪਣੇ ਵਿਆਹ ਨੂੰ ਤਿਆਗ ਦਿੰਦੇ ਹਨ! ਅਜਿਹੇ ਵਿਅਕਤੀ ਜਲਦੀ ਨਾਲ ਇਹ ਸਿੱਟਾ ਕੱਢ ਲੈਂਦੇ ਹਨ ਕਿ ਉਨ੍ਹਾਂ ਨੇ ‘ਗਲਤ ਸਾਥੀ ਚੁਣਿਆ,’ ਕਿ ਉਹ ‘ਇਕ ਦੂਜੇ ਨੂੰ ਹੁਣ ਪਿਆਰ ਨਹੀਂ ਕਰਦੇ ਹਨ,’ ਕਿ ਇਕ ਨਵਾਂ ਸਾਥੀ ਹੀ ਇਸ ਦਾ ਹੱਲ ਹੈ। ਪਰੰਤੂ ਇਹ ਸਿੱਟਾ ਦੋਹਾਂ ਵਿੱਚੋਂ ਕਿਸੇ ਸਾਥੀ ਨੂੰ ਵੀ ਵਿਕਸਿਤ ਹੋਣ ਦਾ ਮੌਕਾ ਨਹੀਂ ਦਿੰਦਾ ਹੈ। ਇਸ ਦੀ ਬਜਾਇ, ਅਜਿਹੇ ਬੇਵਫ਼ਾ ਵਿਅਕਤੀ ਸ਼ਾਇਦ ਉਹੀ ਸਮੱਸਿਆਵਾਂ ਨਵੇਂ ਸਾਥੀਆਂ ਨਾਲ ਵੀ ਪੈਦਾ ਕਰਨਗੇ। ਜਦੋਂ ਇਕ ਵਿਅਕਤੀ ਦਾ ਇਕ ਸੁੰਦਰ ਘਰ ਹੁੰਦਾ ਹੈ, ਪਰੰਤੂ ਉਸ ਨੂੰ ਪਤਾ ਚੱਲਦਾ ਹੈ ਕਿ ਛੱਤ ਚੋਂਦੀ ਹੈ, ਤਾਂ ਨਿਸ਼ਚੇ ਹੀ ਉਹ ਇਸ ਦੀ ਮੁਰੰਮਤ ਕਰਨ ਦਾ ਜਤਨ ਕਰਦਾ ਹੈ। ਉਹ ਕੇਵਲ ਕਿਸੇ ਹੋਰ ਘਰ ਵਿਚ ਬਦਲੀ ਨਹੀਂ ਕਰਦਾ ਹੈ। ਇਸੇ ਤਰ੍ਹਾਂ, ਇਕ ਸਾਥੀ ਨੂੰ ਬਦਲਣਾ ਉਨ੍ਹਾਂ ਵਾਦ-ਵਿਸ਼ਿਆਂ ਨੂੰ ਸੁਲਝਾਉਣ ਦਾ ਕੋਈ ਤਰੀਕਾ ਨਹੀਂ ਹੈ, ਜੋ ਵਿਵਾਹਿਤ ਝਗੜਿਆਂ ਦੀਆਂ ਜੜ੍ਹਾਂ ਹਨ। ਜਦੋਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਤਾਂ ਵਿਆਹ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਨਾ ਕਰੋ, ਪਰੰਤੂ ਉਸ ਨੂੰ ਕਾਇਮ ਰੱਖਣ ਲਈ ਸਖ਼ਤ ਮਿਹਨਤ ਕਰੋ। ਅਜਿਹੀ ਨਿਸ਼ਠਾ ਦੇ ਕਾਰਨ, ਵਿਆਹ ਅਜਿਹੀ ਚੀਜ਼ ਸਮਝਿਆ ਜਾਂਦਾ ਹੈ, ਜੋ ਸੁਰੱਖਿਅਤ ਰੱਖਣ ਅਤੇ ਕਾਇਮ ਰੱਖਣ ਦੇ ਯੋਗ ਹੈ, ਅਤੇ ਜਿਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
7. ਵਿਵਾਹਿਤ ਲੋਕਾਂ ਲਈ ਸੰਚਾਰ ਅਕਸਰ ਕਿਉਂ ਕਠਿਨ ਹੁੰਦਾ ਹੈ, ਪਰੰਤੂ “ਨਵੇਂ ਵਿਅਕਤਿੱਤਵ” ਨੂੰ ਅਪਣਾਉਣਾ ਕਿਵੇਂ ਮਦਦ ਕਰ ਸਕਦਾ ਹੈ?
7 ਸੰਚਾਰ। “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ,” ਇਕ ਬਾਈਬਲ ਕਹਾਵਤ ਕਹਿੰਦੀ ਹੈ। (ਕਹਾਉਤਾਂ 15:22) ਫਿਰ ਵੀ, ਕੁਝ ਵਿਵਾਹਿਤ ਜੋੜਿਆਂ ਲਈ ਸੰਚਾਰ ਕਰਨਾ ਕਠਿਨ ਹੁੰਦਾ ਹੈ। ਇਸ ਤਰ੍ਹਾਂ ਕਿਉਂ ਹੈ? ਕਿਉਂਕਿ ਲੋਕਾਂ ਦੀਆਂ ਸੰਚਾਰ ਕਰਨ ਦੀਆਂ ਵੱਖਰੀਆਂ-ਵੱਖਰੀਆਂ ਸ਼ੈਲੀਆਂ ਹੁੰਦੀਆਂ ਹਨ। ਇਹ ਇਕ ਹਕੀਕਤ ਹੈ ਜਿਸ ਦੇ ਕਾਰਨ ਅਕਸਰ ਕਾਫ਼ੀ ਗਲਤਫਹਿਮੀ ਅਤੇ ਪਰੇਸ਼ਾਨੀ ਪੈਦਾ ਹੁੰਦੀ ਹੈ। ਪਰਵਰਿਸ਼ ਦਾ ਵੀ ਇਸ ਵਿਚ ਭਾਗ ਹੋ ਸਕਦਾ ਹੈ। ਮਿਸਾਲ ਲਈ, ਕਈ ਸ਼ਾਇਦ ਅਜਿਹੇ ਮਾਹੌਲ ਵਿਚ ਵੱਡੇ ਹੋਏ ਹੋਣ ਜਿੱਥੇ ਮਾਂ-ਪਿਉ ਹਮੇਸ਼ਾ ਝਗੜਾ ਕਰਦੇ ਸਨ। ਹੁਣ ਵਿਵਾਹਿਤ ਬਾਲਗਾਂ ਦੇ ਤੌਰ ਤੇ, ਉਹ ਸ਼ਾਇਦ ਨਹੀਂ ਜਾਣਦੇ ਹਨ ਕਿ ਆਪਣੇ ਸਾਥੀ ਦੇ ਨਾਲ ਇਕ ਦਿਆਲੂ ਅਤੇ ਪ੍ਰੇਮਮਈ ਤਰੀਕੇ ਵਿਚ ਕਿਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ। ਫਿਰ ਵੀ, ਤੁਹਾਡੇ ਘਰ ਨੂੰ ‘ਝਗੜੇ ਭਰੇ ਘਰ’ ਵਿਚ ਪਤਿਤ ਹੋਣ ਦੀ ਜ਼ਰੂਰਤ ਨਹੀਂ ਹੈ। (ਕਹਾਉਤਾਂ 17:1, ਨਿ ਵ) ਬਾਈਬਲ “ਨਵੇਂ ਵਿਅਕਤਿੱਤਵ” ਨੂੰ ਅਪਣਾਉਣ ਉੱਤੇ ਜ਼ੋਰ ਦਿੰਦੀ ਹੈ, ਅਤੇ ਇਹ ਖੁਣਸੀ ਕੁੜੱਤਣ, ਚੀਕ-ਚਿਹਾੜੇ, ਅਤੇ ਗੰਦੀ ਬੋਲੀ ਨੂੰ ਅਣਡਿੱਠ ਨਹੀਂ ਕਰਦੀ ਹੈ।—ਅਫ਼ਸੀਆਂ 4:22-24, 31, ਨਿ ਵ.
8. ਕਿਹੜੀ ਗੱਲ ਸਹਾਇਕ ਹੋ ਸਕਦੀ ਹੈ ਜਦੋਂ ਤੁਸੀਂ ਆਪਣੇ ਸਾਥੀ ਦੇ ਨਾਲ ਅਸਹਿਮਤ ਹੁੰਦੇ ਹੋ?
8 ਤੁਸੀਂ ਕੀ ਕਰ ਸਕਦੇ ਹੋ ਜਦੋਂ ਅਸਹਿਮਤੀਆਂ ਪੇਸ਼ ਹੁੰਦੀਆਂ ਹਨ? ਜੇਕਰ ਕ੍ਰੋਧ ਭੜਕਣਾ ਆਰੰਭ ਹੋ ਜਾਵੇ, ਤਾਂ ਸ਼ਾਇਦ ਕਹਾਉਤਾਂ 17:14 ਦੀ ਸਲਾਹ ਦਾ ਅਨੁਕਰਣ ਕਰਨਾ ਚੰਗਾ ਹੋਵੇਗਾ: “ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।” ਜੀ ਹਾਂ, ਤੁਸੀਂ ਚਰਚਾ ਨੂੰ ਬਾਅਦ ਤਾਈਂ ਮੁਲਤਵੀ ਕਰ ਸਕਦੇ ਹੋ, ਜਦੋਂ ਤੁਸੀਂ ਅਤੇ ਤੁਹਾਡਾ ਸਾਥੀ ਦੋਵੇਂ ਸ਼ਾਂਤ ਹੋ ਗਏ ਹੋਣ। (ਉਪਦੇਸ਼ਕ ਦੀ ਪੋਥੀ 3:1, 7) ਕਿਸੇ ਵੀ ਹਾਲਤ ਵਿਚ, ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ ਹੋਣ’ ਦਾ ਜਤਨ ਕਰੋ। (ਯਾਕੂਬ 1:19) ਤੁਹਾਡਾ ਟੀਚਾ ਸਥਿਤੀ ਨੂੰ ਸੁਧਾਰਨ, ਨਾ ਕਿ ਬਹਿਸ ਨੂੰ ਜਿੱਤਣ ਦਾ ਹੋਣਾ ਚਾਹੀਦਾ ਹੈ। (ਉਤਪਤ 13:8, 9) ਅਜਿਹੇ ਸ਼ਬਦ ਅਤੇ ਬੋਲਣ ਦਾ ਢੰਗ ਚੁਣੋ ਜੋ ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਸ਼ਾਂਤ ਕਰੇ। (ਕਹਾਉਤਾਂ 12:18; 15:1, 4; 29:11) ਸਭ ਤੋਂ ਵੱਧ, ਕ੍ਰੋਧਿਤ ਅਵਸਥਾ ਵਿਚ ਨਾ ਰਹੋ, ਪਰੰਤੂ ਨਿਮਰ ਪ੍ਰਾਰਥਨਾ ਵਿਚ ਪਰਮੇਸ਼ੁਰ ਨਾਲ ਸੰਚਾਰ ਕਰਨ ਦੁਆਰਾ ਇਕੱਠੇ ਮਿਲ ਕੇ ਮਦਦ ਭਾਲੋ।—ਅਫ਼ਸੀਆਂ 4:26, 27; 6:18.
9. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸੰਚਾਰ ਦਿਲ ਵਿਚ ਆਰੰਭ ਹੁੰਦਾ ਹੈ?
9 ਇਕ ਬਾਈਬਲ ਕਹਾਵਤ ਕਹਿੰਦੀ ਹੈ: “ਬੁੱਧਵਾਨ ਦਾ ਮਨ [“ਦਿਲ,” ਨਿ ਵ] ਉਹ ਦੇ ਮੂੰਹ ਨੂੰ ਸਿਖਾਉਂਦਾ ਹੈ, ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।” (ਕਹਾਉਤਾਂ 16:23) ਤਾਂ ਫਿਰ, ਸਫਲ ਸੰਚਾਰ ਦੀ ਕੁੰਜੀ ਵਾਸਤਵ ਵਿਚ ਦਿਲ ਵਿਚ ਹੈ, ਮੂੰਹ ਵਿਚ ਨਹੀਂ। ਤੁਹਾਡੇ ਸਾਥੀ ਦੇ ਪ੍ਰਤੀ ਤੁਹਾਡਾ ਕੀ ਰਵੱਈਆ ਹੈ? ਬਾਈਬਲ ਮਸੀਹੀਆਂ ਨੂੰ “ਆਪੋ ਵਿੱਚੀਂ ਦਰਦੀ” ਬਣਨ ਲਈ ਉਤਸ਼ਾਹਿਤ ਕਰਦੀ ਹੈ। (1 ਪਤਰਸ 3:8) ਕੀ ਤੁਸੀਂ ਇਵੇਂ ਕਰ ਸਕਦੇ ਹੋ ਜਦੋਂ ਤੁਹਾਡਾ ਵਿਆਹੁਤਾ ਸਾਥੀ ਦੁਖਦਾਈ ਚਿੰਤਾ ਅਨੁਭਵ ਕਰਦਾ ਹੈ? ਜੇਕਰ ਕਰ ਸਕਦੇ ਹੋ, ਤਾਂ ਇਹ ਜਾਣਨਾ ਤੁਹਾਡੀ ਮਦਦ ਕਰੇਗਾ ਕਿ ਕਿਵੇਂ ਜਵਾਬ ਦੇਣਾ ਚਾਹੀਦਾ ਹੈ।—ਯਸਾਯਾਹ 50:4.
10, 11. ਇਕ ਪਤੀ 1 ਪਤਰਸ 3:7 ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦਾ ਹੈ?
10 ਮਾਣ ਅਤੇ ਆਦਰ। ਮਸੀਹੀ ਪਤੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆਂ ਪਤਨੀਆਂ ਦੇ ਨਾਲ ‘ਬੁੱਧ ਦੇ ਅਨੁਸਾਰ ਵਸਣ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ [“ਨਿਰਬਲ ਪਾਤਰ,” ਨਿ ਵ] ਜਾਣ ਕੇ ਉਨ੍ਹਾਂ ਦਾ ਆਦਰ ਕਰਨ।’ (1 ਪਤਰਸ 3:7) ਆਪਣੀ ਪਤਨੀ ਦਾ ਆਦਰ ਕਰਨ ਵਿਚ ਉਸ ਦੀ ਕੀਮਤ ਨੂੰ ਵੀ ਪਛਾਣਨਾ ਸ਼ਾਮਲ ਹੈ। ਇਕ ਪਤੀ ਜੋ ਆਪਣੀ ਪਤਨੀ ਦੇ ਨਾਲ “ਬੁੱਧ ਦੇ ਅਨੁਸਾਰ” ਵਸਦਾ ਹੈ, ਉਸ ਦੇ ਜਜ਼ਬਾਤਾਂ, ਸ਼ਕਤੀਆਂ, ਬੁੱਧੀ, ਅਤੇ ਮਾਣ ਲਈ ਵੱਡਾ ਆਦਰ ਦਿਖਾਉਂਦਾ ਹੈ। ਉਸ ਨੂੰ ਇਹ ਵੀ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਯਹੋਵਾਹ ਔਰਤਾਂ ਬਾਰੇ ਕੀ ਦ੍ਰਿਸ਼ਟੀਕੋਣ ਰੱਖਦਾ ਹੈ ਅਤੇ ਉਹ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਚਾਹੁੰਦਾ ਹੈ।
11 ਤੁਹਾਡੇ ਘਰ ਵਿਚ, ਫ਼ਰਜ਼ ਕਰੋ ਕਿ ਤੁਹਾਡੇ ਕੋਲ ਇਕ ਬਹੁਤ ਹੀ ਲਾਭਦਾਇਕ ਗੁਲਦਾਨ ਹੈ ਜੋ ਖ਼ਾਸ ਤੌਰ ਤੇ ਨਾਜ਼ੁਕ ਹੈ। ਕੀ ਤੁਸੀਂ ਉਸ ਨੂੰ ਬਹੁਤ ਹੀ ਧਿਆਨ ਦੇ ਨਾਲ ਨਹੀਂ ਵਰਤੋਗੇ? ਖ਼ੈਰ, ਪਤਰਸ ਨੇ “ਨਿਰਬਲ ਪਾਤਰ” ਸ਼ਬਦਾਂ ਨੂੰ ਇਸੇ ਵਿਚਾਰ ਦੇ ਨਾਲ ਇਸਤੇਮਾਲ ਕੀਤਾ ਸੀ, ਅਤੇ ਇਸ ਤੋਂ ਇਕ ਮਸੀਹੀ ਪਤੀ ਨੂੰ ਆਪਣੀ ਪਿਆਰੀ ਪਤਨੀ ਦੇ ਲਈ ਕੋਮਲ ਹਿੱਤ ਜ਼ਾਹਰ ਕਰਨ ਦੀ ਉਤੇਜਨਾ ਮਿਲਣੀ ਚਾਹੀਦੀ ਹੈ।
12. ਇਕ ਪਤਨੀ ਕਿਵੇਂ ਦਿਖਾ ਸਕਦੀ ਹੈ ਕਿ ਉਹ ਆਪਣੇ ਪਤੀ ਦਾ ਗਹਿਰਾ ਮਾਣ ਰੱਖਦੀ ਹੈ?
12 ਪਰੰਤੂ ਬਾਈਬਲ ਇਕ ਪਤਨੀ ਨੂੰ ਕੀ ਸਲਾਹ ਦਿੰਦੀ ਹੈ? ਪੌਲੁਸ ਨੇ ਲਿਖਿਆ: “ਪਤਨੀ ਆਪਣੇ ਪਤੀ ਦਾ ਮਾਨ ਕਰੇ।” (ਅਫ਼ਸੀਆਂ 5:33) ਜਿਵੇਂ ਕਿ ਇਕ ਪਤਨੀ ਨੂੰ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਸ ਦਾ ਪਤੀ ਉਸ ਦਾ ਆਦਰ ਕਰਦਾ ਹੈ ਅਤੇ ਉਸ ਨੂੰ ਬਹੁਤ ਪਿਆਰ ਕਰਦਾ ਹੈ, ਉਸੇ ਤਰ੍ਹਾਂ ਇਕ ਪਤੀ ਨੂੰ ਵੀ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਉਸ ਦੀ ਪਤਨੀ ਉਸ ਦਾ ਸਤਿਕਾਰ ਕਰਦੀ ਹੈ। ਇਕ ਸਤਿਕਾਰਯੁਕਤ ਪਤਨੀ ਬਿਨਾਂ ਸੋਚੇ-ਸਮਝੇ ਆਪਣੇ ਪਤੀ ਦੀਆਂ ਗ਼ਲਤੀਆਂ ਨੂੰ ਪ੍ਰਸਾਰਿਤ ਨਹੀਂ ਕਰੇਗੀ, ਭਾਵੇਂ ਕਿ ਉਹ ਇਕ ਮਸੀਹੀ ਹੈ ਜਾਂ ਨਹੀਂ। ਉਹ ਏਕਾਂਤ ਵਿਚ ਜਾਂ ਸ਼ਰ੍ਹੇਆਮ ਉਸ ਦੀ ਆਲੋਚਨਾ ਕਰਨ ਅਤੇ ਉਸ ਨੂੰ ਹੀਣ ਕਰਨ ਦੇ ਦੁਆਰਾ, ਉਸ ਨੂੰ ਬੇਇਜ਼ਤ ਨਹੀਂ ਕਰੇਗੀ।—1 ਤਿਮੋਥਿਉਸ 3:11; 5:13.
13. ਇਕ ਸ਼ਾਂਤਮਈ ਤਰੀਕੇ ਨਾਲ ਦ੍ਰਿਸ਼ਟੀਕੋਣ ਕਿਵੇਂ ਪ੍ਰਗਟ ਕੀਤੇ ਜਾ ਸਕਦੇ ਹਨ?
13 ਇਸ ਦਾ ਇਹ ਅਰਥ ਨਹੀਂ ਹੈ ਕਿ ਇਕ ਪਤਨੀ ਆਪਣੇ ਵਿਚਾਰ ਪ੍ਰਗਟ ਨਹੀਂ ਕਰ ਸਕਦੀ ਹੈ। ਜੇਕਰ ਉਸ ਨੂੰ ਕੋਈ ਚੀਜ਼ ਪਰੇਸ਼ਾਨ ਕਰਦੀ ਹੈ, ਤਾਂ ਉਹ ਆਦਰ ਨਾਲ ਇਹ ਜ਼ਾਹਰ ਕਰ ਸਕਦੀ ਹੈ। (ਉਤਪਤ 21:9-12) ਆਪਣੇ ਪਤੀ ਨੂੰ ਇਕ ਵਿਚਾਰ ਵਿਅਕਤ ਕਰਨਾ, ਉਸ ਦੇ ਵੱਲ ਇਕ ਗੇਂਦ ਸੁੱਟਣ ਦੇ ਬਰਾਬਰ ਹੈ। ਉਹ ਗੇਂਦ ਨੂੰ ਸਹਿਜੇ ਹੀ ਸੁੱਟ ਸਕਦੀ ਹੈ ਤਾਂਕਿ ਉਹ ਉਸ ਨੂੰ ਸੌਖਿਆਂ ਹੀ ਫੜ ਸਕੇ, ਜਾਂ ਉਹ ਇਸ ਨੂੰ ਅਜਿਹੇ ਜ਼ੋਰ ਦੇ ਨਾਲ ਵਗਾਹ ਕੇ ਮਾਰ ਸਕਦੀ ਹੈ ਕਿ ਇਸ ਤੋਂ ਉਸ ਨੂੰ ਚੋਟ ਲੱਗੇ। ਕਿੰਨਾ ਬਿਹਤਰ ਹੁੰਦਾ ਹੈ ਜਦੋਂ ਦੋਵੇਂ ਸਾਥੀ ਇਲਜ਼ਾਮਾਂ ਨੂੰ ਵਗਾਹੁਣ ਤੋਂ ਪਰਹੇਜ਼ ਕਰਦੇ ਹਨ, ਬਲਕਿ ਇਸ ਦੀ ਬਜਾਇ, ਇਕ ਦਿਆਲੂ ਅਤੇ ਕੋਮਲ ਤਰੀਕੇ ਦੇ ਨਾਲ ਗੱਲ ਕਰਦੇ ਹਨ!—ਮੱਤੀ 7:12; ਕੁਲੁੱਸੀਆਂ 4:6; 1 ਪਤਰਸ 3:3, 4.
14. ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਡਾ ਸਾਥੀ ਵਿਆਹ ਵਿਚ ਬਾਈਬਲ ਸਿਧਾਂਤ ਲਾਗੂ ਕਰਨ ਵਿਚ ਘੱਟ ਹੀ ਦਿਲਚਸਪੀ ਪ੍ਰਦਰਸ਼ਿਤ ਕਰਦਾ ਹੈ?
14 ਜਿਵੇਂ ਅਸੀਂ ਦੇਖਿਆ ਹੈ, ਬਾਈਬਲ ਸਿਧਾਂਤ ਤੁਹਾਨੂੰ ਇਕ ਸੁਖੀ ਵਿਆਹ ਬਣਾਉਣ ਵਿਚ ਮਦਦ ਕਰ ਸਕਦੇ ਹਨ। ਪਰੰਤੂ ਜੇਕਰ ਤੁਹਾਡਾ ਸਾਥੀ ਉਨ੍ਹਾਂ ਗੱਲਾਂ ਵਿਚ ਘੱਟ ਹੀ ਦਿਲਚਸਪੀ ਪ੍ਰਦਰਸ਼ਿਤ ਕਰਦਾ ਹੈ ਜੋ ਬਾਈਬਲ ਕਹਿੰਦੀ ਹੈ, ਤਦ ਕੀ? ਫਿਰ ਵੀ, ਕਾਫ਼ੀ ਕੁਝ ਸੰਪੰਨ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਪਰਮੇਸ਼ੁਰ ਦੇ ਗਿਆਨ ਨੂੰ ਆਪਣੀ ਭੂਮਿਕਾ ਵਿਚ ਲਾਗੂ ਕਰੋ। ਪਤਰਸ ਨੇ ਲਿਖਿਆ: “ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ, ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।” (1 ਪਤਰਸ 3:1, 2) ਨਿਸ਼ਚੇ ਹੀ, ਇਹੋ ਹੀ ਗੱਲ ਇਕ ਪਤੀ ਨੂੰ ਵੀ ਲਾਗੂ ਹੋਵੇਗੀ ਜਿਸ ਦੀ ਪਤਨੀ ਬਾਈਬਲ ਦੇ ਪ੍ਰਤੀ ਉਦਾਸੀਨ ਹੈ। ਤੁਹਾਡਾ ਸਾਥੀ ਚਾਹੇ ਜੋ ਕੁਝ ਵੀ ਕਰਨ ਦੀ ਚੋਣ ਕਰੇ, ਤੁਸੀਂ ਬਾਈਬਲ ਸਿਧਾਂਤਾਂ ਨੂੰ ਤੁਹਾਨੂੰ ਇਕ ਬਿਹਤਰ ਸਾਥੀ ਬਣਾਉਣ ਦਿਓ। ਪਰਮੇਸ਼ੁਰ ਦਾ ਗਿਆਨ ਤੁਹਾਨੂੰ ਇਕ ਬਿਹਤਰ ਮਾਤਾ ਜਾਂ ਪਿਤਾ ਵੀ ਬਣਾ ਸਕਦਾ ਹੈ।
ਪਰਮੇਸ਼ੁਰ ਦੇ ਗਿਆਨ ਦੇ ਅਨੁਸਾਰ ਬੱਚਿਆਂ ਦੀ ਪਰਵਰਿਸ਼ ਕਰਨਾ
15. ਬੱਚਿਆਂ ਦੀ ਪਰਵਰਿਸ਼ ਕਰਨ ਦੇ ਗ਼ਲਤ ਤਰੀਕੇ ਕਦੇ-ਕਦੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਕਿਵੇਂ ਜਾਰੀ ਰਹਿੰਦੇ ਹਨ, ਪਰੰਤੂ ਇਹ ਚੱਕਰ ਕਿਵੇਂ ਤੋੜਿਆ ਜਾ ਸਕਦਾ ਹੈ?
15 ਇਕ ਵਿਅਕਤੀ ਕੋਲ ਕੇਵਲ ਇਕ ਆਰੀ ਜਾਂ ਇਕ ਹਥੌੜਾ ਹੋਣਾ ਹੀ ਉਸ ਨੂੰ ਇਕ ਮਾਹਰ ਤਰਖਾਣ ਨਹੀਂ ਬਣਾ ਦਿੰਦਾ ਹੈ। ਇਸੇ ਤਰ੍ਹਾਂ, ਬੱਚਿਆਂ ਨੂੰ ਸਿਰਫ਼ ਪੈਦਾ ਕਰਨਾ ਇਕ ਵਿਅਕਤੀ ਨੂੰ ਇਕ ਮਾਹਰ ਮਾਤਾ ਜਾਂ ਪਿਤਾ ਨਹੀਂ ਬਣਾ ਦਿੰਦਾ ਹੈ। ਜਾਣੇ ਜਾਂ ਅਣਜਾਣੇ ਵਿਚ, ਮਾਪੇ ਅਕਸਰ ਆਪਣੇ ਬੱਚਿਆਂ ਦੀ ਉਸੇ ਤਰ੍ਹਾਂ ਪਰਵਰਿਸ਼ ਕਰਦੇ ਹਨ ਜਿਸ ਤਰ੍ਹਾਂ ਖ਼ੁਦ ਉਨ੍ਹਾਂ ਦੀ ਪਰਵਰਿਸ਼ ਹੋਈ ਸੀ। ਇਸ ਤਰ੍ਹਾਂ, ਬੱਚਿਆਂ ਦੀ ਪਰਵਰਿਸ਼ ਕਰਨ ਦੇ ਗ਼ਲਤ ਤਰੀਕੇ ਕਦੇ-ਕਦੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਜਾਰੀ ਰਹਿੰਦੇ ਹਨ। ਇਕ ਪ੍ਰਾਚੀਨ ਇਬਰਾਨੀ ਕਹਾਵਤ ਕਹਿੰਦੀ ਹੈ: “ਪੇਵਾਂ ਨੇ ਖੱਟੇ ਅੰਗੂਰ ਖਾਧੇ ਅਤੇ ਬੱਚਿਆਂ ਦੇ ਦੰਦ ਦੁਖਣ ਲੱਗ ਪਏ।” ਫਿਰ ਵੀ, ਸ਼ਾਸਤਰਵਚਨ ਪ੍ਰਦਰਸ਼ਿਤ ਕਰਦੇ ਹਨ ਕਿ ਇਹ ਜ਼ਰੂਰੀ ਨਹੀਂ ਹੈ ਕਿ ਇਕ ਵਿਅਕਤੀ ਉਹੋ ਹੀ ਮਾਰਗ ਦਾ ਅਨੁਕਰਣ ਕਰੇ ਜੋ ਉਸ ਦੇ ਮਾਪਿਆਂ ਨੇ ਸਥਾਪਿਤ ਕੀਤਾ ਸੀ। ਉਹ ਇਕ ਵੱਖਰਾ ਰਾਹ ਚੁਣ ਸਕਦਾ ਹੈ, ਜੋ ਯਹੋਵਾਹ ਦੇ ਕਾਨੂੰਨਾਂ ਦੁਆਰਾ ਪ੍ਰਭਾਵਿਤ ਹੁੰਦਾ ਹੈ।—ਹਿਜ਼ਕੀਏਲ 18:2, 14, 17.
16. ਆਪਣੇ ਪਰਿਵਾਰ ਲਈ ਪ੍ਰਬੰਧ ਕਰਨਾ ਕਿਉਂ ਮਹੱਤਵਪੂਰਣ ਹੈ, ਅਤੇ ਇਸ ਵਿਚ ਕੀ ਸ਼ਾਮਲ ਹੈ?
16 ਯਹੋਵਾਹ ਮਸੀਹੀ ਮਾਪਿਆਂ ਤੋਂ ਆਸ ਰੱਖਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਹੀ ਅਗਵਾਈ ਦੇਣਗੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨਗੇ। ਪੌਲੁਸ ਨੇ ਲਿਖਿਆ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਕਿੰਨੇ ਜ਼ੋਰਦਾਰ ਸ਼ਬਦ! ਇਕ ਪ੍ਰਦਾਤਾ ਦੇ ਤੌਰ ਤੇ ਆਪਣੀ ਭੂਮਿਕਾ ਨੂੰ ਪੂਰਾ ਕਰਨਾ, ਜਿਸ ਵਿਚ ਆਪਣੇ ਬੱਚਿਆਂ ਦੀਆਂ ਸਰੀਰਕ, ਅਧਿਆਤਮਿਕ, ਅਤੇ ਭਾਵਾਤਮਕ ਜ਼ਰੂਰਤਾਂ ਨੂੰ ਪੂਰਿਆਂ ਕਰਨਾ ਸ਼ਾਮਲ ਹੈ, ਇਕ ਧਰਮੀ ਵਿਅਕਤੀ ਦਾ ਵਿਸ਼ੇਸ਼-ਸਨਮਾਨ ਅਤੇ ਜ਼ਿੰਮੇਵਾਰੀ ਹੈ। ਬਾਈਬਲ ਅਜਿਹੇ ਸਿਧਾਂਤ ਮੁਹੱਈਆ ਕਰਦੀ ਹੈ ਜੋ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਇਕ ਖ਼ੁਸ਼ ਮਾਹੌਲ ਬਣਾਉਣ ਵਿਚ ਮਦਦ ਦੇ ਸਕਦੇ ਹਨ। ਇਨ੍ਹਾਂ ਵਿੱਚੋਂ ਕੁਝ ਉੱਤੇ ਗੌਰ ਕਰੋ।
17. ਕਿਸ ਚੀਜ਼ ਦੀ ਜ਼ਰੂਰਤ ਹੈ ਜੇਕਰ ਪਰਮੇਸ਼ੁਰ ਦੇ ਨਿਯਮ ਤੁਹਾਡੇ ਬੱਚਿਆਂ ਦੇ ਹਿਰਦੇ ਉੱਤੇ ਲਿਖੇ ਜਾਣੇ ਹਨ?
17 ਇਕ ਅੱਛੀ ਮਿਸਾਲ ਕਾਇਮ ਕਰੋ। ਇਸਰਾਏਲੀ ਮਾਪਿਆਂ ਨੂੰ ਹੁਕਮ ਦਿੱਤਾ ਗਿਆ ਸੀ: “ਤੁਸੀਂ [ਪਰਮੇਸ਼ੁਰ ਦੇ ਬਚਨਾਂ] ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” ਇਹ ਮਾਪਿਆਂ ਦੀ ਜ਼ਿੰਮੇਵਾਰੀ ਸੀ ਕਿ ਉਹ ਪਰਮੇਸ਼ੁਰ ਦੇ ਮਿਆਰਾਂ ਬਾਰੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ। ਪਰ ਇਹ ਹੁਕਮ ਇਸ ਕਥਨ ਦੇ ਨਾਲ ਆਰੰਭ ਕੀਤਾ ਗਿਆ ਸੀ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ।” (ਟੇਢੇ ਟਾਈਪ ਸਾਡੇ।) (ਬਿਵਸਥਾ ਸਾਰ 6:6, 7) ਜੀ ਹਾਂ, ਮਾਪੇ ਉਹ ਚੀਜ਼ ਨਹੀਂ ਦੇ ਸਕਦੇ ਹਨ ਜੋ ਉਨ੍ਹਾਂ ਕੋਲ ਨਹੀਂ ਹੈ। ਪਰਮੇਸ਼ੁਰ ਦੇ ਨਿਯਮ ਖ਼ੁਦ ਤੁਹਾਡੇ ਹਿਰਦੇ ਉੱਤੇ ਉੱਕਰੇ ਹੋਏ ਹੋਣੇ ਚਾਹੀਦੇ ਹਨ, ਜੇਕਰ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਬੱਚਿਆਂ ਦੇ ਹਿਰਦੇ ਉੱਤੇ ਲਿਖੇ ਜਾਣ।—ਕਹਾਉਤਾਂ 20:7; ਤੁਲਨਾ ਕਰੋ ਲੂਕਾ 6:40.
18. ਪ੍ਰੇਮ ਪ੍ਰਗਟ ਕਰਨ ਵਿਚ, ਯਹੋਵਾਹ ਨੇ ਮਾਪਿਆਂ ਲਈ ਕਿਵੇਂ ਇਕ ਉੱਤਮ ਮਿਸਾਲ ਕਾਇਮ ਕੀਤੀ ਹੈ?
18 ਆਪਣੇ ਪ੍ਰੇਮ ਦਾ ਯਕੀਨ ਦਿਲਾਓ। ਯਿਸੂ ਦੇ ਬਪਤਿਸਮੇ ਤੇ, ਯਹੋਵਾਹ ਨੇ ਘੋਸ਼ਿਤ ਕੀਤਾ: “ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।” (ਲੂਕਾ 3:22) ਯਹੋਵਾਹ ਨੇ ਇਸ ਤਰ੍ਹਾਂ ਆਪਣੇ ਪੁੱਤਰ ਨੂੰ ਕਬੂਲ ਕਰਦੇ ਹੋਏ, ਖੁਲ੍ਹੇਆਮ ਉਸ ਨੂੰ ਮਨਜ਼ੂਰ ਕੀਤਾ ਅਤੇ ਆਪਣੇ ਪ੍ਰੇਮ ਦਾ ਯਕੀਨ ਦਿਲਾਇਆ। ਯਿਸੂ ਨੇ ਬਾਅਦ ਵਿਚ ਆਪਣੇ ਪਿਤਾ ਨੂੰ ਕਿਹਾ: “ਤੈਂ ਮੇਰੇ ਨਾਲ ਜਗਤ ਦੀ ਨੀਉਂ ਧਰਨ ਤੋਂ ਅੱਗੇ ਹੀ ਪਿਆਰ ਕੀਤਾ।” (ਯੂਹੰਨਾ 17:24) ਧਰਮੀ ਮਾਪੇ ਹੋਣ ਦੇ ਨਾਤੇ, ਫਿਰ, ਆਪਣੇ ਬੱਚਿਆਂ ਨੂੰ ਜ਼ਬਾਨੀ ਅਤੇ ਸਰੀਰਕ ਹਾਵ-ਭਾਵ ਨਾਲ ਪ੍ਰੇਮ ਦਿਖਾਓ—ਅਤੇ ਇੰਜ ਅਕਸਰ ਕਰਿਆ ਕਰੋ। ਹਮੇਸ਼ਾ ਯਾਦ ਰੱਖੋ ਕਿ “ਪ੍ਰੇਮ ਬਣਾਉਂਦਾ ਹੈ।”—1 ਕੁਰਿੰਥੀਆਂ 8:1.
19, 20. ਬੱਚਿਆਂ ਨੂੰ ਉਚਿਤ ਅਨੁਸ਼ਾਸਨ ਦੇਣ ਵਿਚ ਕੀ ਸ਼ਾਮਲ ਹੈ, ਅਤੇ ਯਹੋਵਾਹ ਦੀ ਮਿਸਾਲ ਤੋਂ ਮਾਪੇ ਕਿਵੇਂ ਲਾਭ ਉੱਠਾ ਸਕਦੇ ਹਨ?
19 ਅਨੁਸ਼ਾਸਨ। ਬਾਈਬਲ ਪ੍ਰੇਮਪੂਰਣ ਅਨੁਸ਼ਾਸਨ ਦੀ ਮਹੱਤਤਾ ਉੱਤੇ ਜ਼ੋਰ ਦਿੰਦੀ ਹੈ। (ਕਹਾਉਤਾਂ 1:8) ਮਾਪੇ ਜੋ ਹੁਣ ਆਪਣੇ ਬੱਚਿਆਂ ਨੂੰ ਨਿਰਦੇਸ਼ਿਤ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਕਤਰਾਉਂਦੇ ਹਨ, ਨਿਰਸੰਦੇਹ ਭਵਿੱਖ ਵਿਚ ਦਿਲ-ਤੋੜ ਨਤੀਜਿਆਂ ਦਾ ਸਾਮ੍ਹਣਾ ਕਰਨਗੇ। ਪਰ, ਮਾਪਿਆਂ ਨੂੰ ਦੂਜੀ ਹੱਦ ਤਾਈਂ ਜਾਣ ਦੇ ਵਿਰੁੱਧ ਵੀ ਚੇਤਾਵਨੀ ਦਿੱਤੀ ਜਾਂਦੀ ਹੈ। “ਹੇ ਪਿਤਾਓ,” ਪੌਲੁਸ ਨੇ ਲਿਖਿਆ, “ਤੁਸੀਂ ਆਪਣਿਆਂ ਬਾਲਕਾ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।” (ਕੁਲੁੱਸੀਆਂ 3:21) ਮਾਪਿਆਂ ਨੂੰ ਆਪਣਿਆਂ ਬੱਚਿਆਂ ਨੂੰ ਹੱਦੋਂ ਵਧ ਸੁਧਾਰਨ ਜਾਂ ਵਾਰ-ਵਾਰ ਉਨ੍ਹਾਂ ਦੀਆਂ ਕਮੀਆਂ ਦਾ ਜ਼ਿਕਰ ਕਰਨ ਅਤੇ ਉਨ੍ਹਾਂ ਦਿਆਂ ਜਤਨਾਂ ਦੀ ਆਲੋਚਨਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
20 ਯਹੋਵਾਹ ਪਰਮੇਸ਼ੁਰ, ਸਾਡਾ ਸਵਰਗੀ ਪਿਤਾ, ਅਨੁਸ਼ਾਸਨ ਦੇਣ ਵਿਚ ਮਿਸਾਲ ਕਾਇਮ ਕਰਦਾ ਹੈ। ਉਸ ਦਾ ਸੁਧਾਰ ਕਦੇ ਵੀ ਅਤਿਅੰਤ ਨਹੀਂ ਹੁੰਦਾ ਹੈ। “ਮੈਂ ਨਰਮਾਈ ਨਾਲ [“ਉਚਿਤ ਹੱਦ ਤਕ,” ਨਿ ਵ] ਤੇਰਾ ਸੁਧਾਰ ਕਰਾਂਗਾ,” ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦੱਸਿਆ। (ਯਿਰਮਿਯਾਹ 46:28) ਇਸ ਸੰਬੰਧ ਵਿਚ ਮਾਪਿਆਂ ਨੂੰ ਯਹੋਵਾਹ ਦਾ ਅਨੁਕਰਣ ਕਰਨਾ ਚਾਹੀਦਾ ਹੈ। ਅਨੁਸ਼ਾਸਨ ਜੋ ਤਰਕਸੰਗਤ ਸੀਮਾਵਾਂ ਦੇ ਹੱਦੋਂ ਵਧ ਜਾਂਦਾ ਹੈ ਜਾਂ ਜੋ ਸੁਧਾਰਨ ਅਤੇ ਸਿੱਖਿਆ ਦੇਣ ਦੇ ਨੀਅਤ ਮਕਸਦ ਤੋਂ ਹੱਟ ਜਾਂਦਾ ਹੈ, ਨਿਸ਼ਚੇ ਹੀ ਖਿਝਾਉਂਦਾ ਹੈ।
21. ਮਾਪੇ ਕਿਵੇਂ ਨਿਰਧਾਰਿਤ ਕਰ ਸਕਦੇ ਹਨ ਕਿ ਉਨ੍ਹਾਂ ਦਾ ਅਨੁਸ਼ਾਸਨ ਪ੍ਰਭਾਵਕਾਰੀ ਹੈ ਜਾਂ ਨਹੀਂ?
21 ਮਾਪੇ ਇਹ ਕਿਵੇਂ ਨਿਰਧਾਰਿਤ ਕਰ ਸਕਦੇ ਹਨ ਕਿ ਉਨ੍ਹਾਂ ਦਾ ਅਨੁਸ਼ਾਸਨ ਪ੍ਰਭਾਵਕਾਰੀ ਹੈ ਜਾਂ ਨਹੀਂ? ਉਹ ਖ਼ੁਦ ਨੂੰ ਪੁੱਛ ਸਕਦੇ ਹਨ, ‘ਮੇਰਾ ਅਨੁਸ਼ਾਸਨ ਕੀ ਸੰਪੰਨ ਕਰਦਾ ਹੈ?’ ਇਸ ਨੂੰ ਸਿੱਖਿਆ ਦੇਣ ਦਾ ਕੰਮ ਕਰਨਾ ਚਾਹੀਦਾ ਹੈ। ਤੁਹਾਡੇ ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਅਨੁਸ਼ਾਸਨ ਕਿਉਂ ਦਿੱਤਾ ਜਾ ਰਿਹਾ ਹੈ। ਮਾਪਿਆਂ ਨੂੰ ਆਪਣੇ ਸੁਧਾਰ-ਕਾਰਜ ਦੇ ਪਿੱਛਲ-ਪ੍ਰਭਾਵਾਂ ਬਾਰੇ ਵੀ ਚਿੰਤਾ ਹੋਣੀ ਚਾਹੀਦੀ ਹੈ। ਇਹ ਗੱਲ ਸੱਚ ਹੈ ਕਿ ਤਕਰੀਬਨ ਸਾਰੇ ਬੱਚੇ ਅਨੁਸ਼ਾਸਨ ਉੱਤੇ ਪਹਿਲਾਂ-ਪਹਿਲ ਖਿਝਣਗੇ। (ਇਬਰਾਨੀਆਂ 12:11) ਪਰੰਤੂ ਅਨੁਸ਼ਾਸਨ ਦੇ ਕਾਰਨ ਇਕ ਬੱਚੇ ਨੂੰ ਕਦੇ ਵੀ ਡਰ ਜਾਂ ਤਿਆਗਿਆ ਹੋਇਆ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ, ਅਤੇ ਨਾ ਹੀ ਉਸ ਦੇ ਮਨ ਵਿਚ ਇਹ ਗੱਲ ਬੈਠਣੀ ਚਾਹੀਦੀ ਹੈ ਕਿ ਉਹ ਜਮਾਂਦਰੂ ਤੌਰ ਤੇ ਦੁਸ਼ਟ ਹੈ। ਆਪਣੇ ਲੋਕਾਂ ਨੂੰ ਸੁਧਾਰਨ ਤੋਂ ਪਹਿਲਾਂ, ਯਹੋਵਾਹ ਨੇ ਕਿਹਾ: “ਨਾ ਡਰ, . . . ਮੈਂ ਤੇਰੇ ਨਾਲ ਜੋ ਹਾਂ।” (ਯਿਰਮਿਯਾਹ 46:28) ਜੀ ਹਾਂ, ਸੁਧਾਰ-ਕਾਰਜ ਇਸ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ਕਿ ਤੁਹਾਡਾ ਬੱਚਾ ਜਾਂ ਬੱਚੀ ਇਹ ਮਹਿਸੂਸ ਕਰੇ ਕਿ ਤੁਸੀਂ ਇਕ ਪ੍ਰੇਮਪੂਰਣ, ਸਮਰਥਕ ਮਾਪਿਆਂ ਦੇ ਤੌਰ ਤੇ ਉਸ ਦੇ ਨਾਲ ਹੋ।
“ਬੁੱਧ ਦੀਆਂ ਜੁਗਤਾਂ” ਪ੍ਰਾਪਤ ਕਰਨਾ
22, 23. ਤੁਸੀਂ ਇਕ ਸੁਖੀ ਪਰਿਵਾਰ ਬਣਾਉਣ ਲਈ ਕਿਵੇਂ ਜੁਗਤਾਂ ਪ੍ਰਾਪਤ ਕਰ ਸਕਦੇ ਹੋ?
22 ਅਸੀਂ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਉਹ ਸੰਦ ਮੁਹੱਈਆ ਕੀਤੇ ਹਨ ਜੋ ਇਕ ਸੁਖੀ ਪਰਿਵਾਰ ਬਣਾਉਣ ਲਈ ਜ਼ਰੂਰੀ ਹਨ। ਪਰੰਤੂ ਕੇਵਲ ਇਨ੍ਹਾਂ ਸੰਦਾਂ ਦਾ ਸਾਡੇ ਕੋਲ ਹੋਣਾ ਹੀ ਕਾਫ਼ੀ ਨਹੀਂ ਹੈ। ਸਾਨੂੰ ਇਨ੍ਹਾਂ ਨੂੰ ਉਚਿਤ ਤਰੀਕੇ ਨਾਲ ਇਸਤੇਮਾਲ ਕਰਨ ਦਾ ਅਭਿਆਸ ਕਰਨਾ ਚਾਹੀਦਾ ਹੈ। ਮਿਸਾਲ ਲਈ, ਇਕ ਉਸਰਈਆ ਸੰਦਾਂ ਨੂੰ ਇਸਤੇਮਾਲ ਕਰਨ ਵਿਚ ਭੈੜੀਆਂ ਆਦਤਾਂ ਅਪਣਾ ਸਕਦਾ ਹੈ। ਉਹ ਸ਼ਾਇਦ ਆਪਣੇ ਸੰਦਾਂ ਵਿੱਚੋਂ ਕੁਝ ਦੀ ਬਿਲਕੁਲ ਹੀ ਗ਼ਲਤ ਵਰਤੋਂ ਕਰੇ। ਇਨ੍ਹਾਂ ਹਾਲਾਤਾਂ ਦੇ ਅਧੀਨ, ਇਹ ਕਾਫ਼ੀ ਸੰਭਵ ਹੈ ਕਿ ਉਸ ਦੇ ਤਰੀਕਿਆਂ ਦੇ ਨਤੀਜੇ ਵਜੋਂ ਇਕ ਘਟੀਆ ਉਤਪਾਦਨ ਬਣੇਗਾ। ਇਸੇ ਤਰ੍ਹਾਂ, ਹੁਣ ਤੁਸੀਂ ਸ਼ਾਇਦ ਉਨ੍ਹਾਂ ਅਸਵਸਥ ਆਦਤਾਂ ਤੋਂ ਜਾਣੂ ਹੋ ਗਏ ਹੋ, ਜੋ ਤੁਹਾਡੇ ਪਰਿਵਾਰ ਵਿਚ ਹੌਲੀ-ਹੌਲੀ ਪ੍ਰਵੇਸ਼ ਕਰ ਗਈਆਂ ਹਨ। ਕਈ ਸ਼ਾਇਦ ਪੱਕੀ ਤਰ੍ਹਾਂ ਨਾਲ ਕਾਇਮ ਹਨ ਅਤੇ ਬਦਲਣੀਆਂ ਔਖੀਆਂ ਹੋਣ। ਫਿਰ ਵੀ, ਬਾਈਬਲ ਦੀ ਸਲਾਹ ਦਾ ਅਨੁਕਰਣ ਕਰੋ: “ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ, ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ।”—ਕਹਾਉਤਾਂ 1:5.
23 ਪਰਮੇਸ਼ੁਰ ਦਾ ਗਿਆਨ ਲੈਣਾ ਜਾਰੀ ਰੱਖ ਕੇ ਤੁਸੀਂ ਬੁੱਧ ਦੀਆਂ ਜੁਗਤਾਂ ਨੂੰ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਬਾਈਬਲ ਸਿਧਾਂਤਾਂ ਦੇ ਪ੍ਰਤੀ ਚੌਕਸ ਰਹੋ ਜੋ ਪਰਿਵਾਰਕ ਜੀਵਨ ਨੂੰ ਲਾਗੂ ਹੁੰਦੇ ਹਨ, ਅਤੇ ਜਿੱਥੇ ਜ਼ਰੂਰਤ ਹੋਵੇ ਉੱਥੇ ਅਨੁਕੂਲ ਬਣੋ। ਉਨ੍ਹਾਂ ਪ੍ਰੌੜ੍ਹ ਮਸੀਹੀਆਂ ਵੱਲ ਧਿਆਨ ਦਿਓ ਜੋ ਵਿਆਹੁਤਾ ਸਾਥੀਆਂ ਅਤੇ ਮਾਪਿਆਂ ਦੇ ਤੌਰ ਤੇ ਉਚਿਤ ਮਿਸਾਲ ਕਾਇਮ ਕਰਦੇ ਹਨ। ਉਨ੍ਹਾਂ ਨਾਲ ਗੱਲਾਂ-ਬਾਤਾਂ ਕਰੋ। ਸਭ ਤੋਂ ਵਧ, ਪ੍ਰਾਰਥਨਾ ਦੇ ਜ਼ਰੀਏ ਯਹੋਵਾਹ ਨੂੰ ਆਪਣੀਆਂ ਚਿੰਤਾਵਾਂ ਪੇਸ਼ ਕਰੋ। (ਜ਼ਬੂਰ 55:22; ਫ਼ਿਲਿੱਪੀਆਂ 4:6, 7) ਉਹ ਤੁਹਾਨੂੰ ਇਕ ਸੁਖੀ ਪਰਿਵਾਰਕ ਜੀਵਨ ਦਾ ਆਨੰਦ ਮਾਣਨ ਲਈ ਮਦਦ ਕਰ ਸਕਦਾ ਹੈ, ਜਿਸ ਤੋਂ ਉਸ ਦੀ ਵਡਿਆਈ ਹੁੰਦੀ ਹੈ।
[ਫੁਟਨੋਟ]
a ਦੂਜਾ ਵਿਆਹ ਕਰਨ ਲਈ ਤਲਾਕ ਦੀ ਇਜਾਜ਼ਤ ਦਾ ਇੱਕੋ-ਇਕ ਸ਼ਾਸਤਰ ਸੰਬੰਧੀ ਆਧਾਰ “ਵਿਭਚਾਰ” ਹੈ—ਅਰਥਾਤ, ਵਿਆਹ ਤੋਂ ਬਾਹਰ ਸੰਭੋਗ ਸੰਬੰਧ।—ਮੱਤੀ 19:9, ਨਿ ਵ.
ਆਪਣੇ ਗਿਆਨ ਨੂੰ ਪਰਖੋ
ਇਕ ਵਿਆਹ ਨੂੰ ਸੁਖੀ ਬਣਾਉਣ ਵਿਚ ਨਿਸ਼ਠਾ, ਸੰਚਾਰ, ਮਾਣ, ਅਤੇ ਆਦਰ ਕਿਵੇਂ ਸਹਿਯੋਗ ਦਿੰਦੇ ਹਨ?
ਮਾਪੇ ਆਪਣੇ ਬੱਚਿਆਂ ਨੂੰ ਆਪਣੇ ਪ੍ਰੇਮ ਦਾ ਕਿਵੇਂ ਯਕੀਨ ਦਿਲਾ ਸਕਦੇ ਹਨ?
ਉਚਿਤ ਅਨੁਸ਼ਾਸਨ ਵਿਚ ਕਿਹੜੀਆਂ ਗੱਲਾਂ ਸ਼ਾਮਲ ਹਨ?
[ਪੂਰੇ ਸਫ਼ੇ 147 ਉੱਤੇ ਤਸਵੀਰ]