ਰਾਜ ਦੀਆਂ ਬਰਕਤਾਂ ਤੁਹਾਨੂੰ ਮਿਲ ਸਕਦੀਆਂ ਹਨ
ਮਸੀਹੀ ਰਸੂਲ ਪੌਲੁਸ ਆਪਣੇ ਜ਼ਮਾਨੇ ਦੀਆਂ ਕੁਝ ਖ਼ਾਸ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਅਜਿਹੀ ਸਿੱਖਿਆ ਹਾਸਲ ਕੀਤੀ ਸੀ ਜੋ ਅੱਜ ਦੀ ਯੂਨੀਵਰਸਿਟੀ ਦੀ ਸਿੱਖਿਆ ਦੇ ਬਰਾਬਰ ਹੈ। ਉਹ ਰੋਮੀ ਨਾਗਰਿਕਤਾ ਦੀਆਂ ਸਾਰੀਆਂ ਸਹੂਲਤਾਂ ਤੇ ਅਧਿਕਾਰਾਂ ਦਾ ਆਨੰਦ ਮਾਣਦਾ ਸੀ। (ਰਸੂਲਾਂ ਦੇ ਕਰਤੱਬ 21:37-40; 22:3, 28) ਇਹ ਸਾਰੀਆਂ ਯੋਗਤਾਵਾਂ ਉਸ ਨੂੰ ਅਮੀਰ ਤੇ ਨਾਮਵਰ ਵਿਅਕਤੀ ਬਣਾ ਸਕਦੀਆਂ ਸਨ। ਪਰ ਉਸ ਨੇ ਕਿਹਾ: “ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ . . . ਅਤੇ [ਮੈਂ] ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।” (ਫ਼ਿਲਿੱਪੀਆਂ 3:7, 8) ਪੌਲੁਸ ਨੇ ਇੰਜ ਕਿਉਂ ਕਿਹਾ?
ਤਰਸੁਸ ਵਿਚ ਪਹਿਲਾਂ ਉਹ ਸੌਲੁਸ ਵਜੋਂ ਜਾਣਿਆ ਜਾਂਦਾ ਸੀ ਤੇ ਮਸੀਹੀ “ਪੰਥ” ਦੇ ਲੋਕਾਂ ਨੂੰ ਸਤਾਇਆ ਕਰਦਾ ਸੀ। ਮੁੜ ਜ਼ਿੰਦਾ ਹੋਏ ਤੇ ਮਹਿਮਾਵਾਨ ਯਿਸੂ ਦਾ ਦਰਸ਼ਣ ਦੇਖਣ ਤੋਂ ਬਾਅਦ ਪੌਲੁਸ ਵਿਸ਼ਵਾਸੀ ਬਣ ਗਿਆ। (ਰਸੂਲਾਂ ਦੇ ਕਰਤੱਬ 9:1-19) ਜਦੋਂ ਪੌਲੁਸ ਨੂੰ ਦੰਮਿਸਕ ਦੇ ਰਾਹ ਤੇ ਇਹ ਤਜਰਬਾ ਹੋਇਆ, ਤਾਂ ਉਸ ਨੂੰ ਪੱਕਾ ਯਕੀਨ ਹੋ ਗਿਆ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹਾ ਸੀ ਜੋ ਭਵਿੱਖ ਵਿਚ ਵਾਅਦਾ ਕੀਤੇ ਹੋਏ ਰਾਜ ਦਾ ਰਾਜਾ ਹੋਵੇਗਾ। ਉੱਪਰ ਦਿੱਤੇ ਪੈਰੇ ਵਿਚ ਪੌਲੁਸ ਦੇ ਜ਼ੋਰਦਾਰ ਬਿਆਨ ਤੋਂ ਪਤਾ ਲੱਗਦਾ ਹੈ ਕਿ ਇਸ ਦਰਸ਼ਣ ਸਦਕਾ ਉਸ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ। ਦੂਜੇ ਲਫ਼ਜ਼ਾਂ ਵਿਚ, ਖਰੇ ਤੇ ਨੇਕ ਦਿਲ ਦਾ ਹੋਣ ਕਰਕੇ ਪੌਲੁਸ ਨੇ ਤੋਬਾ ਕੀਤੀ।—ਗਲਾਤੀਆਂ 1:13-16.
ਬਾਈਬਲ ਵਿਚ ਕ੍ਰਿਆ ਸ਼ਬਦ “ਤੋਬਾ ਕਰਨੀ” ਅਕਸਰ ਇਕ ਅਜਿਹੇ ਯੂਨਾਨੀ ਸ਼ਬਦ ਤੋਂ ਅਨੁਵਾਦ ਕੀਤਾ ਗਿਆ ਹੈ ਜਿਸ ਦਾ ਸ਼ਾਬਦਿਕ ਅਰਥ ਹੈ “ਜਾਣਨ ਤੋਂ ਬਾਅਦ,” ਨਾ ਕਿ “ਜਾਣਨ ਤੋਂ ਪਹਿਲਾਂ।” ਇੰਜ, ਤੋਬਾ ਕਰਨ ਦਾ ਮਤਲਬ ਹੈ ਕਿ ਆਪਣੇ ਮਨ, ਰਵੱਈਏ ਜਾਂ ਮਕਸਦ ਵਿਚ ਤਬਦੀਲੀ ਲਿਆਉਣੀ, ਆਪਣੇ ਪਿਛਲੇ ਗ਼ਲਤ ਕੰਮਾਂ ਨੂੰ ਛੱਡਣਾ। (ਰਸੂਲਾਂ ਦੇ ਕਰਤੱਬ 3:19; ਪਰਕਾਸ਼ ਦੀ ਪੋਥੀ 2:5) ਦੰਮਿਸਕ ਦੇ ਰਾਹ ਤੇ ਪੌਲੁਸ ਨਾਲ ਜੋ ਖ਼ਾਸ ਘਟਨਾ ਵਾਪਰੀ ਸੀ, ਉਹ ਉਸ ਲਈ ਸਿਰਫ਼ ਇਕ ਭਾਵਾਤਮਕ ਜਾਂ ਰੂਹਾਨੀ ਤਜਰਬਾ ਹੀ ਨਹੀਂ ਸੀ, ਸਗੋਂ ਇਸ ਤੋਂ ਉਸ ਨੂੰ ਇਹ ਹਕੀਕਤ ਪਤਾ ਲੱਗੀ ਕਿ ਮਸੀਹ ਤੋਂ ਅਣਜਾਣ ਰਹਿ ਕੇ ਜਿਸ ਤਰ੍ਹਾਂ ਦਾ ਜੀਵਨ ਉਹ ਜੀ ਰਿਹਾ ਸੀ, ਉਹ ਬੇਕਾਰ ਸੀ। ਉਸ ਨੂੰ ਇਹ ਵੀ ਪਤਾ ਲੱਗਾ ਕਿ ਮਸੀਹ ਬਾਰੇ ਉਸ ਨੂੰ ਜੋ ਨਵੀਂ ਜਾਣਕਾਰੀ ਮਿਲੀ ਸੀ, ਉਸ ਤੋਂ ਫ਼ਾਇਦਾ ਉਠਾਉਣ ਲਈ ਉਸ ਨੂੰ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਲੋੜ ਸੀ।—ਰੋਮੀਆਂ 2:4; ਅਫ਼ਸੀਆਂ 4:24.
ਜ਼ਿੰਦਗੀ ਬਦਲਣ ਨਾਲ ਬਰਕਤਾਂ ਮਿਲੀਆਂ
ਪੌਲੁਸ ਫ਼ਰੀਸੀ ਪੰਥ ਦਾ ਮੈਂਬਰ ਸੀ ਤੇ ਪਰਮੇਸ਼ੁਰ ਬਾਰੇ ਜ਼ਿਆਦਾਤਰ ਗਿਆਨ ਉਸ ਨੇ ਫ਼ਰੀਸੀਆਂ ਕੋਲੋਂ ਹੀ ਲਿਆ ਸੀ। ਉਨ੍ਹਾਂ ਦਾ ਗਿਆਨ ਜ਼ਿਆਦਾ ਕਰਕੇ ਮਨੁੱਖੀ ਫ਼ਲਸਫ਼ੇ ਤੇ ਪਰੰਪਰਾਵਾਂ ਉੱਤੇ ਆਧਾਰਿਤ ਸੀ। ਧਰਮ ਦੇ ਨਾਂ ਤੇ ਪੱਖਪਾਤ ਦੇ ਕਾਰਨ ਪੌਲੁਸ ਨੇ ਆਪਣੇ ਜੋਸ਼ ਤੇ ਜਤਨਾਂ ਨੂੰ ਗ਼ਲਤ ਤਰੀਕੇ ਨਾਲ ਇਸਤੇਮਾਲ ਕੀਤਾ। ਉਹ ਸੋਚਦਾ ਸੀ ਕਿ ਇੰਜ ਕਰਨ ਨਾਲ ਉਹ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਸੀ, ਪਰ ਹਕੀਕਤ ਵਿਚ ਉਹ ਪਰਮੇਸ਼ੁਰ ਵਿਰੁੱਧ ਲੜ ਰਿਹਾ ਸੀ।—ਫ਼ਿਲਿੱਪੀਆਂ 3:5, 6.
ਮਸੀਹ ਅਤੇ ਪਰਮੇਸ਼ੁਰ ਦੇ ਮਕਸਦ ਵਿਚ ਮਸੀਹ ਦੀ ਭੂਮਿਕਾ ਬਾਰੇ ਸਹੀ ਗਿਆਨ ਲੈਣ ਤੋਂ ਬਾਅਦ, ਪੌਲੁਸ ਜਾਣਦਾ ਸੀ ਕਿ ਹੁਣ ਉਸ ਨੂੰ ਅੱਗੇ ਦੱਸੀਆਂ ਦੋ ਚੀਜ਼ਾਂ ਵਿੱਚੋਂ ਕਿਸੇ ਇਕ ਚੀਜ਼ ਦੀ ਚੋਣ ਕਰਨੀ ਪੈਣੀ ਸੀ: ਕੀ ਉਸ ਨੂੰ ਫ਼ਰੀਸੀ ਬਣੇ ਰਹਿਣਾ ਚਾਹੀਦਾ ਹੈ ਤੇ ਆਪਣੀ ਪਦਵੀ ਤੇ ਇੱਜ਼ਤ ਦਾ ਆਨੰਦ ਮਾਣਨਾ ਚਾਹੀਦਾ ਹੈ, ਜਾਂ ਕੀ ਉਸ ਨੂੰ ਆਪਣੀ ਜ਼ਿੰਦਗੀ ਬਦਲਣੀ ਚਾਹੀਦੀ ਹੈ ਤੇ ਉਹ ਕੰਮ ਕਰਨੇ ਚਾਹੀਦੇ ਹਨ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਹਨ? ਖ਼ੁਸ਼ੀ ਦੀ ਗੱਲ ਹੈ ਕਿ ਪੌਲੁਸ ਨੇ ਸਹੀ ਚੋਣ ਕੀਤੀ ਤੇ ਕਿਹਾ: “ਮੈਂ ਤਾਂ ਇੰਜੀਲ ਤੋਂ ਸ਼ਰਮਾਉਂਦਾ ਨਹੀਂ ਇਸ ਲਈ ਜੋ ਉਹ ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ, ਪਹਿਲਾਂ ਯਹੂਦੀ ਫੇਰ ਯੂਨਾਨੀ ਦੇ ਲਈ।” (ਰੋਮੀਆਂ 1:16) ਪੌਲੁਸ, ਮਸੀਹ ਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਜੋਸ਼ੀਲਾ ਪ੍ਰਚਾਰਕ ਬਣਿਆ।
ਕਈ ਸਾਲਾਂ ਬਾਅਦ ਪੌਲੁਸ ਨੇ ਆਪਣੇ ਸੰਗੀ ਮਸੀਹੀਆਂ ਨੂੰ ਕਿਹਾ: “ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਭਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ।” (ਫ਼ਿਲਿੱਪੀਆਂ 3:13, 14) ਪੌਲੁਸ ਨੂੰ ਖ਼ੁਸ਼ ਖ਼ਬਰੀ ਤੋਂ ਫ਼ਾਇਦਾ ਹੋਇਆ ਕਿਉਂਕਿ ਉਸ ਨੇ ਆਪਣੀ ਮਰਜ਼ੀ ਨਾਲ ਉਨ੍ਹਾਂ ਕੰਮਾਂ ਨੂੰ ਛੱਡ ਦਿੱਤਾ ਜੋ ਉਸ ਨੂੰ ਪਰਮੇਸ਼ੁਰ ਤੋਂ ਪਰੇ ਲਿਜਾ ਰਹੇ ਸਨ। ਉਸ ਨੇ ਪੂਰੇ ਦਿਲ ਨਾਲ ਪਰਮੇਸ਼ੁਰ ਦੇ ਮਕਸਦ ਮੁਤਾਬਕ ਟੀਚੇ ਰੱਖੇ।
ਤੁਸੀਂ ਕੀ ਕਰੋਗੇ?
ਸ਼ਾਇਦ ਤੁਸੀਂ ਹਾਲ ਹੀ ਵਿਚ ਰਾਜ ਦੀ ਖ਼ੁਸ਼ ਖ਼ਬਰੀ ਸੁਣੀ ਹੈ। ਕੀ ਤੁਹਾਨੂੰ ਫਿਰਦੌਸ ਵਿਚ ਜੀਉਣ ਦੀ ਆਸ਼ਾ ਚੰਗੀ ਲੱਗਦੀ ਹੈ? ਬਿਲਕੁਲ ਲੱਗਣੀ ਚਾਹੀਦੀ ਹੈ, ਕਿਉਂਕਿ ਸਾਡੀ ਸਾਰਿਆਂ ਦੀ ਇਹ ਪੈਦਾਇਸ਼ੀ ਇੱਛਾ ਹੈ ਕਿ ਅਸੀਂ ਸ਼ਾਂਤੀ ਤੇ ਸੁਰੱਖਿਆ ਭਰੀ ਜ਼ਿੰਦਗੀ ਜੀਏ ਤੇ ਇਸ ਦਾ ਆਨੰਦ ਮਾਣੀਏ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ “ਸਦੀਪਕਾਲ” ਨੂੰ ਸਾਡੇ ਮਨਾਂ ਵਿੱਚ ਪਾਇਆ ਹੈ। (ਉਪਦੇਸ਼ਕ 3:11) ਸੋ ਸਾਡੇ ਲਈ ਉਸ ਸਮੇਂ ਦੀ ਆਸ ਰੱਖਣੀ ਸੁਭਾਵਕ ਹੈ ਜਦੋਂ ਲੋਕ ਸ਼ਾਂਤੀ ਤੇ ਖ਼ੁਸ਼ੀ ਨਾਲ ਹਮੇਸ਼ਾ ਲਈ ਜੀਉਂਦੇ ਰਹਿ ਸਕਣਗੇ। ਇਹੀ ਆਸ਼ਾ ਸਾਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਿੰਦੀ ਹੈ।
ਪਰ ਇਸ ਆਸ਼ਾ ਨੂੰ ਪੂਰੀ ਹੁੰਦੀ ਦੇਖਣ ਲਈ ਤੁਹਾਨੂੰ ਜਾਂਚ ਕਰਨ ਅਤੇ ਪਤਾ ਲਾਉਣ ਦੀ ਲੋੜ ਹੈ ਕਿ ਇਹ ਖ਼ੁਸ਼ ਖ਼ਬਰੀ ਕਿਸ ਬਾਰੇ ਹੈ। ਪੌਲੁਸ ਰਸੂਲ ਨੇ ਸਲਾਹ ਦਿੱਤੀ: “ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ।” (ਰੋਮੀਆਂ 12:2) ਇਸ ਲਈ, ਗਿਆਨ ਤੇ ਸਮਝ ਪ੍ਰਾਪਤ ਕਰਨ ਤੋਂ ਬਾਅਦ ਤੁਹਾਨੂੰ ਵੀ ਪੌਲੁਸ ਵਾਂਗ ਚੋਣ ਕਰਨੀ ਪੈਣੀ ਹੈ।
ਦੂਜੇ ਪਾਸੇ, ਤੁਸੀਂ ਆਪ ਵੀ ਆਪਣੇ ਭਵਿੱਖ ਬਾਰੇ ਕੁਝ ਵਿਸ਼ਵਾਸ ਰੱਖਦੇ ਹੋਵੋਗੇ। ਯਾਦ ਕਰੋ ਕਿ ਪੌਲੁਸ ਰਸੂਲ ਬਣਨ ਤੋਂ ਪਹਿਲਾਂ ਸੌਲੁਸ ਵੀ ਆਪਣੇ ਤਰੀਕੇ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਸੀ। ਪਰ ਪਰਮੇਸ਼ੁਰ ਵੱਲੋਂ ਕਿਸੇ ਕ੍ਰਿਸ਼ਮੇ ਦੀ ਉਮੀਦ ਰੱਖਣ ਦੀ ਬਜਾਇ ਇਸ ਮਾਮਲੇ ਨੂੰ ਕਿਉਂ ਨਾ ਨਿਰਪੱਖ ਨਜ਼ਰੀਏ ਤੋਂ ਜਾਂਚੀਏ? ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਸੱਚ-ਮੁੱਚ ਜਾਣਦਾ ਹਾਂ ਕਿ ਮਨੁੱਖਜਾਤੀ ਤੇ ਧਰਤੀ ਲਈ ਪਰਮੇਸ਼ੁਰ ਦੀ ਇੱਛਾ ਕੀ ਹੈ? ਆਪਣੇ ਵਿਸ਼ਵਾਸਾਂ ਨੂੰ ਸਹੀ ਸਾਬਤ ਕਰਨ ਲਈ ਮੇਰੇ ਕੋਲ ਕੀ ਸਬੂਤ ਹੈ? ਕੀ ਮੇਰਾ ਇਹ ਸਬੂਤ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਲਿਖੀਆਂ ਗੱਲਾਂ ਮੁਤਾਬਕ ਖਰਾ ਉਤਰਦਾ ਹੈ?’ ਇਸ ਤਰੀਕੇ ਨਾਲ ਆਪਣੇ ਧਾਰਮਿਕ ਵਿਸ਼ਵਾਸਾਂ ਦੀ ਜਾਂਚ ਕਰਨ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਦਰਅਸਲ ਤੁਹਾਨੂੰ ਇਨ੍ਹਾਂ ਗੱਲਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਬਾਈਬਲ ਸਾਨੂੰ ਪ੍ਰੇਰਿਤ ਕਰਦੀ ਹੈ: “ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ।” (1 ਥੱਸਲੁਨੀਕੀਆਂ 5:21) ਆਖ਼ਰਕਾਰ, ਕੀ ਪਰਮੇਸ਼ੁਰ ਦੀ ਮਨਜ਼ੂਰੀ ਪਾਉਣੀ ਵਾਕਈ ਇਕ ਅਹਿਮ ਗੱਲ ਨਹੀਂ ਹੈ?—ਯੂਹੰਨਾ 17:3; 1 ਤਿਮੋਥਿਉਸ 2:3, 4.
ਧਾਰਮਿਕ ਨੇਤਾ ਸ਼ਾਇਦ ਸਾਨੂੰ ਇਕ ਸਦਾ ਲਈ ਚੰਗਾ ਭਵਿੱਖ ਦੇਣ ਦਾ ਵਾਅਦਾ ਕਰਨ। ਪਰ ਜਦ ਤਕ ਉਹ ਵਾਅਦਾ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਨਹੀਂ ਹੈ, ਤਦ ਤਕ ਉਹ ਵਾਅਦਾ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਪਾਉਣ ਵਿਚ ਸਾਡੀ ਮਦਦ ਨਹੀਂ ਕਰੇਗਾ। ਯਿਸੂ ਨੇ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਇਹ ਜ਼ੋਰਦਾਰ ਚੇਤਾਵਨੀ ਦਿੱਤੀ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।”—ਮੱਤੀ 7:21.
ਧਿਆਨ ਦਿਓ ਕਿ ਯਿਸੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੋ ਕੋਈ ਉਸ ਦੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਪਾ ਸਕਦਾ ਹੈ। ਦੂਜੇ ਲਫ਼ਜ਼ਾਂ ਵਿਚ, ਕਈ ਲੋਕ ਧਰਮੀ ਹੋਣ ਦਾ ਢੌਂਗ ਕਰਦੇ ਹਨ, ਪਰ ਪਰਮੇਸ਼ੁਰ ਉਨ੍ਹਾਂ ਦੀ ਭਗਤੀ ਨੂੰ ਸਵੀਕਾਰ ਨਹੀਂ ਕਰਦਾ। ਦਰਅਸਲ ਯਿਸੂ ਨੇ ਅੱਗੇ ਕਿਹਾ: “ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੁ! ਹੇ ਪ੍ਰਭੁ! ਕੀ ਅਸਾਂ ਤੇਰਾ ਨਾਮ ਲੈਕੇ ਅਗੰਮ ਵਾਕ ਨਹੀਂ ਕੀਤਾ? ਅਤੇ ਤੇਰਾ ਨਾਮ ਲੈਕੇ ਭੂਤ ਨਹੀਂ ਕੱਢੇ? ਅਤੇ ਤੇਰਾ ਨਾਮ ਲੈਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!” (ਮੱਤੀ 7:22, 23) ਸਾਫ਼ ਤੌਰ ਤੇ, ਸਾਡੇ ਲਈ ਇਹ ਯਕੀਨੀ ਹੋਣਾ ਅਹਿਮ ਗੱਲ ਹੈ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਅਸਲ ਵਿਚ ਰਾਜ ਦੀ ਖ਼ੁਸ਼ ਖ਼ਬਰੀ ਕੀ ਹੈ ਤੇ ਫਿਰ ਇਸ ਦੇ ਮੁਤਾਬਕ ਕੰਮ ਕਰੀਏ।—ਮੱਤੀ 7:24, 25.
ਮਦਦ ਹਾਜ਼ਰ ਹੈ
ਸੌ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਉਹ ਦੁਨੀਆਂ ਭਰ ਵਿਚ ਲੋਕਾਂ ਨੂੰ ਕਿਤਾਬਾਂ ਰਾਹੀਂ ਤੇ ਮੂੰਹਜ਼ਬਾਨੀ ਦੱਸਣ ਦੁਆਰਾ ਉਨ੍ਹਾਂ ਦੀ ਸਹੀ ਗਿਆਨ ਲੈਣ ਵਿਚ ਮਦਦ ਕਰ ਰਹੇ ਹਨ ਕਿ ਇਹ ਰਾਜ ਹੈ ਕੀ, ਇਹ ਕਿਹੜੀਆਂ ਬਰਕਤਾਂ ਲਿਆਵੇਗਾ ਤੇ ਇਹ ਬਰਕਤਾਂ ਹਾਸਲ ਕਰਨ ਲਈ ਇਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ।
ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਚਾਰ ਕੀਤੇ ਜਾ ਰਹੇ ਸੁਨੇਹੇ ਨੂੰ ਸੁਣੋ। ਖ਼ੁਸ਼ ਖ਼ਬਰੀ ਨੂੰ ਮੰਨਣ ਤੇ ਇਸ ਮੁਤਾਬਕ ਕੰਮ ਕਰਨ ਨਾਲ ਤੁਸੀਂ ਵੀ ਮਹਾਨ ਬਰਕਤਾਂ ਹਾਸਲ ਕਰ ਸਕਦੇ ਹੋ। ਇਹ ਬਰਕਤਾਂ ਨਾ ਸਿਰਫ਼ ਤੁਸੀਂ ਹੁਣ ਹਾਸਲ ਕਰ ਸਕਦੇ ਹੋ, ਸਗੋਂ ਭਵਿੱਖ ਵਿਚ ਵੀ ਹਾਸਲ ਕਰ ਸਕਦੇ ਹੋ ਜਦੋਂ ਪਰਮੇਸ਼ੁਰ ਦਾ ਰਾਜ ਇਸ ਪੂਰੀ ਧਰਤੀ ਉੱਤੇ ਰਾਜ ਕਰੇਗਾ।—1 ਤਿਮੋਥਿਉਸ 4:8.
ਕਿਉਂਕਿ ਜਲਦੀ ਹੀ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਮਿਲਣ ਵਾਲੀਆਂ ਹਨ, ਇਸ ਲਈ ਹੁਣੇ ਹੀ ਕਦਮ ਚੁੱਕੋ!
[ਸਫ਼ੇ 7 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਕਿਤਾਬਾਂ ਦੁਆਰਾ ਅਤੇ ਮੂੰਹਜ਼ਬਾਨੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ