ਅਧਿਆਇ 20
ਪੁਨਰ-ਉਥਾਨ—ਕਿਨ੍ਹਾਂ ਲਈ, ਅਤੇ ਕਿੱਥੇ?
1, 2. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਦੇ ਪ੍ਰਾਚੀਨ ਸੇਵਕ ਪੁਨਰ-ਉਥਾਨ ਵਿਚ ਵਿਸ਼ਵਾਸ ਰੱਖਦੇ ਸਨ?
ਪਰਮੇਸ਼ੁਰ ਦੇ ਸੇਵਕਾਂ ਨੇ ਹਮੇਸ਼ਾ ਪੁਨਰ-ਉਥਾਨ ਵਿਚ ਵਿਸ਼ਵਾਸ ਰੱਖਿਆ ਹੈ। ਅਬਰਾਹਾਮ ਦੇ ਸੰਬੰਧ ਵਿਚ, ਜੋ ਯਿਸੂ ਦੇ ਇਕ ਮਾਨਵ ਰੂਪ ਵਿਚ ਪੈਦਾ ਹੋਣ ਤੋਂ 2,000 ਸਾਲ ਪਹਿਲਾਂ ਰਹਿੰਦਾ ਸੀ, ਬਾਈਬਲ ਆਖਦੀ ਹੈ: “ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਭੀ [ਉਸ ਦਾ ਪੁੱਤਰ ਇਸਹਾਕ] ਉਠਾਲਣ ਨੂੰ ਸਮਰਥ ਹੈ।” (ਇਬਰਾਨੀਆਂ 11:17-19) ਬਾਅਦ ਵਿਚ ਪਰਮੇਸ਼ੁਰ ਦੇ ਸੇਵਕ ਅੱਯੂਬ ਨੇ ਪੁਛਿਆ: “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ?” ਆਪਣੇ ਸਵਾਲ ਦਾ ਜਵਾਬ ਦਿੰਦੇ ਹੋਏ, ਅੱਯੂਬ ਨੇ ਪਰਮੇਸ਼ੁਰ ਨੂੰ ਆਖਿਆ: “ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ।” ਇਸ ਤਰ੍ਹਾਂ ਉਸ ਨੇ ਪ੍ਰਦਰਸ਼ਿਤ ਕੀਤਾ ਕਿ ਉਹ ਪੁਨਰ-ਉਥਾਨ ਵਿਚ ਵਿਸ਼ਵਾਸ ਰੱਖਦਾ ਸੀ।—ਅੱਯੂਬ 14:14, 15.
2 ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੇ ਵਿਆਖਿਆ ਕੀਤੀ: “ਇਹ ਗੱਲ ਕਿ ਮੁਰਦੇ ਜਿਵਾਲੇ ਜਾਂਦੇ ਹਨ ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤੀ ਹੈ ਜਦੋਂ ਉਹ ਪ੍ਰਭੁ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ। ਪਰ ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।” (ਲੂਕਾ 20:37, 38) ਮਸੀਹੀ ਯੂਨਾਨੀ ਸ਼ਾਸਤਰਾਂ ਵਿਚ ਇਹ ਸ਼ਬਦ “ਪੁਨਰ-ਉਥਾਨ” 40 ਵਾਰ ਤੋਂ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ। ਸੱਚ-ਮੁੱਚ ਹੀ, ਮਰੇ ਹੋਇਆਂ ਦਾ ਪੁਨਰ-ਉਥਾਨ ਬਾਈਬਲ ਦੀ ਇਕ ਮੁੱਖ ਸਿੱਖਿਆ ਹੈ।—ਇਬਰਾਨੀਆਂ 6:1, 2.
3. ਮਾਰਥਾ ਨੇ ਪੁਨਰ-ਉਥਾਨ ਵਿਚ ਕੀ ਵਿਸ਼ਵਾਸ ਪ੍ਰਗਟ ਕੀਤਾ ਸੀ?
3 ਜਦੋਂ ਉਸ ਦਾ ਭਰਾ ਲਾਜ਼ਰ ਮਰ ਗਿਆ, ਯਿਸੂ ਦੀ ਮਿੱਤਰ ਮਾਰਥਾ ਨੇ ਪੁਨਰ-ਉਥਾਨ ਵਿਚ ਵਿਸ਼ਵਾਸ ਪ੍ਰਦਰਸ਼ਿਤ ਕੀਤਾ। ਇਹ ਸੁਣਨ ਤੇ ਕਿ ਯਿਸੂ ਆ ਰਿਹਾ ਹੈ, ਮਾਰਥਾ ਉਸ ਨੂੰ ਮਿਲਣ ਲਈ ਬਾਹਰ ਨੱਠੀ ਗਈ। “ਪ੍ਰਭੁ ਜੀ ਜੇ ਤੂੰ ਐਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ,” ਉਸ ਨੇ ਆਖਿਆ। ਉਹ ਦਾ ਸੋਗ ਦੇਖਦੇ ਹੋਏ, ਯਿਸੂ ਨੇ ਇਨ੍ਹਾਂ ਲਫ਼ਜ਼ਾਂ ਨਾਲ ਉਸ ਨੂੰ ਹੌਂਸਲਾ ਦਿੱਤਾ: “ਤੇਰਾ ਭਰਾ ਜੀ ਉੱਠੇਗਾ।” ਮਾਰਥਾ ਨੇ ਉੱਤਰ ਦਿੱਤਾ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ [“ਪੁਨਰ-ਉਥਾਨ ਵਿਚ,” ਨਿਵ] ਅੰਤ ਦੇ ਦਿਨ ਉਹ ਜੀ ਉੱਠੂ।”—ਯੂਹੰਨਾ 11:17-24.
4-6. ਮਾਰਥਾ ਕੋਲ ਪੁਨਰ-ਉਥਾਨ ਵਿਚ ਵਿਸ਼ਵਾਸ ਰੱਖਣ ਦੇ ਕੀ ਕਾਰਨ ਸਨ?
4 ਪੁਨਰ-ਉਥਾਨ ਵਿਚ ਵਿਸ਼ਵਾਸ ਰੱਖਣ ਲਈ ਮਾਰਥਾ ਕੋਲ ਠੋਸ ਕਾਰਨ ਸਨ। ਉਦਾਹਰਣ ਦੇ ਤੌਰ ਤੇ, ਉਹ ਜਾਣਦੀ ਸੀ ਕਿ ਕਈ ਸਾਲ ਪਹਿਲਾਂ ਪਰਮੇਸ਼ੁਰ ਦੇ ਨਭੀਆਂ ਏਲੀਯਾਹ ਅਤੇ ਅਲੀਸ਼ਾ ਇਕੱਲੇ ਇਕੱਲੇ ਨੇ, ਪਰਮੇਸ਼ੁਰ ਦੀ ਸ਼ਕਤੀ ਨਾਲ, ਇਕ ਬੱਚੇ ਨੂੰ ਪੁਨਰ-ਉਥਿਤ ਕੀਤਾ ਸੀ। (1 ਰਾਜਿਆਂ 17:17-24; 2 ਰਾਜਿਆਂ 4:32-37) ਅਤੇ ਉਹ ਇਹ ਜਾਣਦੀ ਸੀ ਕਿ ਜਦੋਂ ਇਕ ਮਰਿਆ ਹੋਇਆ ਮਨੁੱਖ ਇਕ ਟੋਏ ਵਿੱਚ ਸੁੱਟ ਦਿੱਤਾ ਗਿਆ ਅਤੇ ਮਰੇ ਹੋਏ ਅਲੀਸ਼ਾ ਦੀਆਂ ਹੱਡੀਆਂ ਨੂੰ ਜਾ ਕੇ ਛੋਹਿਆ, ਉਹ ਜੀਉਂਦਾ ਹੋ ਗਿਆ ਸੀ। (2 ਰਾਜਿਆਂ 13:20, 21) ਪਰ ਜਿਸ ਗੱਲ ਨੇ ਉਸ ਦਾ ਪੁਨਰ-ਉਥਾਨ ਵਿਚ ਸਭ ਤੋਂ ਜ਼ਿਆਦਾ ਵਿਸ਼ਵਾਸ ਵਧਾਇਆ, ਉਹ ਸੀ ਜੋ ਯਿਸੂ ਨੇ ਆਪ ਸਿਖਾਇਆ ਅਤੇ ਕੀਤਾ।
5 ਹੋ ਸਕਦਾ ਹੈ ਕਿ ਦੋ ਸਾਲ ਤੋਂ ਕੁਝ ਘੱਟ ਸਮਾਂ ਪਹਿਲਾਂ ਮਾਰਥਾ ਸ਼ਾਇਦ ਯਰੂਸ਼ਲਮ ਵਿਚ ਮੌਜੂਦ ਸੀ ਜਦੋਂ ਯਿਸੂ ਨੇ ਇਸ ਬਾਰੇ ਗੱਲ ਕੀਤੀ ਸੀ ਕਿ ਮਰਿਆਂ ਨੂੰ ਪੁਨਰ-ਉਥਾਨ ਕਰਨ ਵਿਚ ਉਸ ਦਾ ਕੀ ਭਾਗ ਹੈ। ਉਸ ਨੇ ਆਖਿਆ: “ਜਿਸ ਪਰਕਾਰ ਪਿਤਾ ਮੁਰਦਿਆਂ ਨੂੰ ਉਠਾਲਦਾ ਅਤੇ ਜਿਵਾਲਦਾ ਹੈ ਉਸੇ ਪਰਕਾਰ ਪੁੱਤ੍ਰ ਵੀ ਜਿਨ੍ਹਾਂ ਨੂੰ ਚਾਹੁੰਦਾ ਹੈ ਜਿਵਾਲਦਾ ਹੈ। ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ [“ਸਮਾਰਕ,” ਨਿਵ] ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਯੂਹੰਨਾ 5:21, 28, 29.
6 ਇਸ ਸਮੇਂ ਤਕ ਜਦੋਂ ਯਿਸੂ ਨੇ ਇਹ ਸ਼ਬਦ ਆਖੇ, ਬਾਈਬਲ ਵਿਚ ਕੋਈ ਬਿਰਤਾਂਤ ਨਹੀਂ ਪਾਇਆ ਜਾਂਦਾ ਹੈ ਕਿ ਉਸ ਨੇ ਕਿਸੇ ਨੂੰ ਵੀ ਪੁਨਰ-ਉਥਿਤ ਕੀਤਾ ਸੀ। ਪਰ ਕੁਝ ਥੋੜ੍ਹੇ ਹੀ ਚਿਰ ਬਾਅਦ, ਉਸ ਨੇ ਇਕ ਨੌਜਵਾਨ ਨੂੰ ਪੁਨਰ-ਉਥਿਤ ਕੀਤਾ, ਜੋ ਨਾਇਨ ਦੇ ਨਗਰ ਵਿਚ ਇਕ ਵਿਧਵਾ ਦਾ ਪੁੱਤਰ ਸੀ। ਇਸ ਦੀ ਖ਼ਬਰ ਦੱਖਣ ਵੱਲ ਯਹੂਦਿਯਾ ਪਹੁੰਚ ਗਈ, ਇਸ ਲਈ ਮਾਰਥਾ ਨੇ ਨਿਸ਼ਚਿਤ ਹੀ ਇਸ ਬਾਰੇ ਸੁਣਿਆ ਹੋਵੇਗਾ। (ਲੂਕਾ 7:11-17) ਇਸ ਤੋਂ ਬਾਅਦ, ਮਾਰਥਾ ਨੇ ਉਸ ਬਾਰੇ ਵੀ ਸੁਣਿਆ ਹੋਵੇਗਾ ਜੋ ਗਲੀਲ ਦੀ ਝੀਲ ਦੇ ਨਜ਼ਦੀਕ ਜੈਰੁਸ ਦੇ ਘਰ ਵਿਚ ਹੋਇਆ ਸੀ। ਉਸ ਦੀ 12 ਸਾਲਾਂ ਦੀ ਲੜਕੀ ਬਹੁਤ ਬੀਮਾਰ ਹੋ ਕੇ ਮਰ ਗਈ ਸੀ। ਪਰ ਜਦੋਂ ਯਿਸੂ ਜੈਰੁਸ ਦੇ ਘਰ ਪਹੁੰਚਿਆ, ਉਹ ਮਰੀ ਹੋਈ ਬੱਚੀ ਦੇ ਕੋਲ ਗਿਆ, ਅਤੇ ਆਖਿਆ: “ਕੁੜੀਏ, ਉੱਠ!” ਅਤੇ ਉਹ ਉੱਠ ਗਈ!—ਲੂਕਾ 8:40-56.
7. ਯਿਸੂ ਨੇ ਮਾਰਥਾ ਨੂੰ ਕੀ ਸਬੂਤ ਦਿੱਤਾ ਕਿ ਉਹ ਮਰੇ ਹੋਇਆਂ ਨੂੰ ਪੁਨਰ-ਉਥਿਤ ਕਰ ਸਕਦਾ ਹੈ?
7 ਫਿਰ ਵੀ ਮਾਰਥਾ ਇਹ ਉਮੀਦ ਨਹੀਂ ਰੱਖਦੀ ਸੀ ਕਿ ਯਿਸੂ ਉਸ ਸਮੇਂ ਉਹ ਦੇ ਭਰਾ ਨੂੰ ਪੁਨਰ-ਉਥਿਤ ਕਰੇਗਾ। ਇਸ ਕਾਰਨ ਉਸ ਨੇ ਆਖਿਆ ਸੀ: “ਮੈਂ ਜਾਣਦੀ ਹਾਂ ਜੋ ਕਿਆਮਤ ਨੂੰ [“ਪੁਨਰ-ਉਥਾਨ ਵਿਚ,” ਨਿਵ] ਅੰਤ ਦੇ ਦਿਨ ਉਹ ਜੀ ਉੱਠੂ।” ਪਰ, ਮਾਰਥਾ ਨੂੰ ਸਮਝਾਉਣ ਲਈ ਕਿ ਮਰੇ ਹੋਇਆਂ ਨੂੰ ਜੀ ਉਠਾਉਣ ਵਿਚ ਉਸ ਦਾ ਕੀ ਭਾਗ ਹੈ, ਯਿਸੂ ਨੇ ਆਖਿਆ: “ਕਿਆਮਤ [“ਪੁਨਰ-ਉਥਾਨ,” ਨਿਵ] ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ। ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।” ਇਸ ਤੋਂ ਛੇਤੀ ਹੀ ਬਾਅਦ ਯਿਸੂ ਨੂੰ ਉੱਥੇ ਲਿਜਾਇਆ ਗਿਆ ਜਿੱਥੇ ਲਾਜ਼ਰ ਨੂੰ ਰੱਖਿਆ ਗਿਆ ਸੀ। “ਲਾਜ਼ਰ, ਬਾਹਰ ਆ।” ਉਸ ਨੇ ਆਵਾਜ਼ ਮਾਰੀ। ਅਤੇ ਲਾਜ਼ਰ, ਜਿਹੜਾ ਚਾਰ ਦਿਨਾਂ ਦਾ ਮਰਿਆ ਹੋਇਆ ਪਿਆ ਸੀ, ਬਾਹਰ ਆ ਗਿਆ!—ਯੂਹੰਨਾ 11:24-26, 38-44.
8. ਕੀ ਸਬੂਤ ਹੈ ਕਿ ਯਿਸੂ ਪੁਨਰ-ਉਥਿਤ ਕੀਤਾ ਗਿਆ ਸੀ?
8 ਕੁਝ ਹੀ ਹਫ਼ਤੇ ਬਾਅਦ ਯਿਸੂ ਆਪ ਮਾਰਿਆ ਗਿਆ ਅਤੇ ਇਕ ਕਬਰ ਵਿਚ ਰੱਖਿਆ ਗਿਆ। ਪਰ ਉਹ ਕੇਵਲ ਉੱਥੇ ਤਿੰਨ ਦਿਨਾਂ ਦੇ ਕੁਝ ਸਮੇਂ ਲਈ ਹੀ ਸੀ। ਰਸੂਲ ਪਤਰਸ ਇਹ ਕਹਿ ਕੇ ਵਿਆਖਿਆ ਕਰਦਾ ਹੈ ਕਿ ਇਹ ਕਿਉਂ ਸੀ: “ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ ਜਿਹ ਦੇ ਅਸੀਂ ਸੱਭੋ ਗਵਾਹ ਹਾਂ।” ਧਾਰਮਿਕ ਆਗੂ ਪਰਮੇਸ਼ੁਰ ਦੇ ਪੁੱਤਰ ਨੂੰ ਕਬਰ ਵਿਚੋਂ ਬਾਹਰ ਆਉਣ ਤੋਂ ਨਹੀਂ ਰੋਕ ਸਕੇ। (ਰਸੂਲਾਂ ਦੇ ਕਰਤੱਬ 2:32; ਮੱਤੀ 27:62-66; 28:1-7) ਇਸ ਗੱਲ ਉੱਤੇ ਕੋਈ ਸ਼ੱਕ ਨਹੀਂ ਹੋ ਸਕਦਾ ਹੈ ਕਿ ਮਸੀਹ ਮਰੇ ਹੋਇਆਂ ਵਿਚੋਂ ਜੀ ਉਠਾਇਆ ਗਿਆ ਸੀ, ਕਿਉਂਕਿ ਬਾਅਦ ਵਿਚ ਉਹ ਆਪਣੇ ਕਈ ਚੇਲਿਆਂ ਨੂੰ, ਇੱਥੋਂ ਤਕ ਕਿ ਇਕ ਵਾਰ ਉਨ੍ਹਾਂ ਵਿਚੋਂ ਕੁਝ 500 ਨੂੰ ਵੀ ਪ੍ਰਗਟ ਹੋਇਆ ਸੀ। (1 ਕੁਰਿੰਥੀਆਂ 15:3-8) ਯਿਸੂ ਦੇ ਚੇਲੇ ਇੰਨੀ ਪੱਕੀ ਤਰ੍ਹਾਂ ਨਾਲ ਪੁਨਰ-ਉਥਾਨ ਵਿਚ ਵਿਸ਼ਵਾਸ ਰੱਖਦੇ ਸਨ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਹ ਮੌਤ ਦਾ ਸਾਮ੍ਹਣਾ ਕਰਨ ਲਈ ਵੀ ਤਿਆਰ ਸਨ।
9. ਬਾਈਬਲ ਦੇ ਅਨੁਸਾਰ ਕਿਹੜੇ ਨੌਂ ਵਿਅਕਤੀ ਪੁਨਰ-ਉਥਿਤ ਕੀਤੇ ਗਏ ਸਨ?
9 ਬਾਅਦ ਵਿਚ ਰਸੂਲ ਪਤਰਸ ਅਤੇ ਪੌਲੁਸ ਦੁਆਰਾ ਹੋਰ ਸਬੂਤ ਦਿੱਤਾ ਗਿਆ ਕਿ ਮਰੇ ਹੋਏ ਜੀ ਉਠਾਏ ਜਾ ਸਕਦੇ ਹਨ। ਪਹਿਲਾਂ, ਪਤਰਸ ਨੇ ਯਾੱਪਾ ਸ਼ਹਿਰ ਦੀ ਤਬਿਥਾ ਨੂੰ ਪੁਨਰ-ਉਥਿਤ ਕੀਤਾ, ਜਿਹ ਨੂੰ ਦੋਰਕਸ ਵੀ ਕਹਿੰਦੇ ਸਨ। (ਰਸੂਲਾਂ ਦੇ ਕਰਤੱਬ 9:36-42) ਅਤੇ ਫਿਰ ਪੌਲੁਸ ਨੇ ਜੁਆਨ ਯੂਤਖੁਸ ਨੂੰ ਵਾਪਸ ਜੀਉਂਦਾ ਕੀਤਾ ਜੋ ਤਿੰਨ-ਮੰਜਲੀ ਤਾਕੀ ਤੋਂ ਹੇਠਾਂ ਡਿਗ ਕੇ ਮਰ ਗਿਆ ਸੀ ਜਦੋਂ ਪੌਲੁਸ ਉਪਦੇਸ਼ ਦੇ ਰਿਹਾ ਸੀ। (ਰਸੂਲਾਂ ਦੇ ਕਰਤੱਬ 20:7-12) ਨਿਸ਼ਚੇ ਹੀ ਬਾਈਬਲ ਵਿਚ ਦਰਜ ਕੀਤੀਆਂ ਹੋਈਆਂ ਇਹ ਨੌਂ ਪੁਨਰ-ਉਥਾਨਾਂ ਦ੍ਰਿੜ੍ਹ ਸਬੂਤ ਦਿੰਦੀਆਂ ਹਨ ਕਿ ਮਰੇ ਹੋਏ ਵਾਪਸ ਜੀਉਂਦੇ ਕੀਤੇ ਜਾ ਸਕਦੇ ਹਨ!
ਕੌਣ ਪੁਨਰ-ਉਥਿਤ ਕੀਤੇ ਜਾਣਗੇ?
10, 11. (ੳ) ਪਰਮੇਸ਼ੁਰ ਨੇ ਪੁਨਰ-ਉਥਾਨ ਲਈ ਕਿਉਂ ਇੰਤੇਜ਼ਾਮ ਬਣਾਇਆ? (ਅ) ਰਸੂਲਾਂ ਦੇ ਕਰਤੱਬ 24:15 ਦੇ ਅਨੁਸਾਰ, ਲੋਕਾਂ ਦੇ ਕਿਹੜੇ ਦੋ ਵਰਗ ਪੁਨਰ-ਉਥਿਤ ਕੀਤੇ ਜਾਣਗੇ?
10 ਸ਼ੁਰੂ ਵਿਚ, ਕਿਸੇ ਨੂੰ ਵੀ ਪੁਨਰ-ਉਥਿਤ ਕਰਨਾ ਪਰਮੇਸ਼ੁਰ ਦਾ ਮਕਸਦ ਨਹੀਂ ਸੀ, ਕਿਉਂਕਿ ਅਗਰ ਆਦਮ ਅਤੇ ਹੱਵਾਹ ਵਫ਼ਾਦਾਰ ਰਹਿੰਦੇ ਤਾਂ ਕਿਸੇ ਨੂੰ ਵੀ ਮਰਨ ਦੀ ਜ਼ਰੂਰਤ ਨਹੀਂ ਸੀ। ਪਰ ਫਿਰ ਆਦਮ ਦੇ ਪਾਪ ਨੇ ਹਰ ਇਕ ਵਿਅਕਤੀ ਉੱਤੇ ਅਪੂਰਣਤਾ ਅਤੇ ਮੌਤ ਲਿਆਂਦੀ। (ਰੋਮੀਆਂ 5:12) ਤਾਂ ਫਿਰ ਆਦਮ ਦੇ ਕਿਸੇ ਵੀ ਬੱਚਿਆਂ ਵਾਸਤੇ ਸਦੀਪਕ ਜੀਵਨ ਦਾ ਆਨੰਦ ਮਾਣਨਾ ਸੰਭਵ ਕਰਨ ਲਈ, ਯਹੋਵਾਹ ਪਰਮੇਸ਼ੁਰ ਨੇ ਪੁਨਰ-ਉਥਾਨ ਦਾ ਪ੍ਰਬੰਧ ਕੀਤਾ। ਪਰ ਕਿਹੜੀ ਚੀਜ਼ ਨਿਰਧਾਰਣ ਕਰਦੀ ਹੈ ਕਿ ਇਕ ਵਿਅਕਤੀ ਪੁਨਰ-ਉਥਿਤ ਕੀਤਾ ਜਾਂਦਾ ਹੈ ਯਾ ਨਹੀਂ?
11 ਬਾਈਬਲ ਵਿਆਖਿਆ ਕਰਦੀ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15, ਟੇਢੇ ਟਾਈਪ ਸਾਡੇ) ਇਹ ਗੱਲ ਸ਼ਾਇਦ ਕਈਆਂ ਨੂੰ ਹੈਰਾਨ ਕਰੇ। ‘“ਕੁਧਰਮੀ” ਕਿਉਂ ਵਾਪਸ ਜੀਉਂਦੇ ਕੀਤੇ ਜਾਣ?’ ਉਹ ਸ਼ਾਇਦ ਸੋਚਣ। ਜੋ ਉਸ ਸਮੇਂ ਹੋਇਆ ਜਦੋਂ ਯਿਸੂ ਤਸੀਹੇ ਦੀ ਸੂਲੀ ਉੱਤੇ ਟੰਗਿਆ ਹੋਇਆ ਸੀ, ਇਸ ਸਵਾਲ ਦਾ ਜਵਾਬ ਦੇਣ ਲਈ ਸਾਡੀ ਮਦਦ ਕਰੇਗਾ।
12, 13. (ੳ) ਯਿਸੂ ਨੇ ਇਕ ਅਪਰਾਧੀ ਨਾਲ ਕੀ ਵਾਇਦਾ ਕੀਤਾ ਸੀ? (ਅ) ਉਹ “ਪਰਾਦੀਸ” ਕਿੱਥੇ ਹੈ ਜਿਸ ਬਾਰੇ ਯਿਸੂ ਨੇ ਜ਼ਿਕਰ ਕੀਤਾ ਸੀ?
12 ਯਿਸੂ ਦੇ ਦੋਵੇਂ ਪਾਸੇ ਇਹ ਮਨੁੱਖ ਅਪਰਾਧੀ ਹਨ। ਇਨ੍ਹਾਂ ਵਿਚੋਂ ਇਕ ਨੇ ਹੁਣੇ ਹੀ ਇਹ ਕਹਿ ਕੇ ਉਸ ਲਈ ਨਿਰਾਦਰ ਪ੍ਰਗਟ ਕੀਤਾ ਹੈ: “ਭਲਾ, ਤੂੰ ਮਸੀਹ ਨਹੀਂ ਹੈਂ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਭੀ ਬਚਾ!” ਪਰ, ਦੂਸਰਾ ਅਪਰਾਧੀ ਯਿਸੂ ਵਿਚ ਵਿਸ਼ਵਾਸ ਰੱਖਦਾ ਹੈ। ਉਹ ਉਸ ਦੇ ਵੱਲ ਮੁੜ ਕੇ ਆਖਦਾ ਹੈ: “ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।” ਇਸ ਗੱਲ ਤੇ, ਯਿਸੂ ਵਾਇਦਾ ਕਰਦਾ ਹੈ: “ਮੈਂ ਤੈਨੂੰ ਅੱਜ ਸੱਤ ਆਖਦਾ ਹਾਂ, ਭਈ ਤੂੰ ਮੇਰੇ ਸੰਗ ਪਰਾਦੀਸ ਵਿੱਚ ਹੋਵੇਂਗਾ।”—ਲੂਕਾ 23:39-43, ਨਿਵ.
13 ਪਰ ਇਸ ਦਾ ਕੀ ਅਰਥ ਹੈ ਜਦੋਂ ਯਿਸੂ ਆਖਦਾ ਹੈ: “ਤੂੰ ਮੇਰੇ ਸੰਗ ਪਰਾਦੀਸ ਵਿੱਚ ਹੋਵੇਂਗਾ”? ਪਰਾਦੀਸ ਕਿੱਥੇ ਹੈ? ਭਲਾ, ਉਹ ਪਰਾਦੀਸ ਕਿੱਥੇ ਸੀ ਜਿਹੜਾ ਪਰਮੇਸ਼ੁਰ ਨੇ ਆਰੰਭ ਵਿਚ ਸਾਜਿਆ ਸੀ? ਉਹ ਇਹ ਧਰਤੀ ਉੱਤੇ ਸੀ, ਸੀ ਕਿ ਨਹੀਂ? ਪਰਮੇਸ਼ੁਰ ਨੇ ਪਹਿਲੀ ਮਾਨਵ ਜੋੜੀ ਨੂੰ ਇਕ ਸੁੰਦਰ ਪਰਾਦੀਸ ਵਿਚ ਰੱਖਿਆ ਸੀ ਜਿਸ ਨੂੰ ਅਦਨ ਦਾ ਬਾਗ਼ ਆਖਿਆ ਜਾਂਦਾ ਸੀ। ਇਸ ਲਈ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਇਹ ਸਾਬਕਾ ਅਪਰਾਧੀ ਪਰਾਦੀਸ ਵਿਚ ਹੋਵੇਗਾ, ਸਾਨੂੰ ਆਪਣੇ ਮਨਾਂ ਵਿਚ ਇਸ ਧਰਤੀ ਨੂੰ ਰਹਿਣ ਲਈ ਇਕ ਸੁੰਦਰ ਸਥਾਨ ਬਣਨ ਦਾ ਦ੍ਰਿਸ਼ ਵੇਖਣਾ ਚਾਹੀਦਾ ਹੈ, ਕਿਉਂਕਿ ਸ਼ਬਦ “ਪਰਾਦੀਸ” ਦਾ ਅਰਥ ਇਕ “ਬਾਗ਼” ਯਾ “ਬਗੀਚਾ” ਹੈ।—ਉਤਪਤ 2:8, 9.
14. ਯਿਸੂ ਕਿਸ ਲਿਹਾਜ਼ ਨਾਲ ਪਰਾਦੀਸ ਵਿਚ ਉਸ ਸਾਬਕਾ ਅਪਰਾਧੀ ਦੇ ਨਾਲ ਹੋਵੇਗਾ?
14 ਨਿਸ਼ਚੇ ਹੀ, ਯਿਸੂ ਮਸੀਹ ਉਸ ਸਾਬਕਾ ਅਪਰਾਧੀ ਨਾਲ ਇਸ ਧਰਤੀ ਉੱਤੇ ਨਹੀਂ ਹੋਵੇਗਾ। ਨਹੀਂ, ਯਿਸੂ ਇਸ ਪਾਰਥਿਵ ਪਰਾਦੀਸ ਉੱਤੇ ਇਕ ਰਾਜੇ ਦੇ ਰੂਪ ਵਿਚ ਸਵਰਗ ਵਿਚੋਂ ਸ਼ਾਸਨ ਕਰ ਰਿਹਾ ਹੋਵੇਗਾ। ਤਾਂ ਫਿਰ ਉਹ ਇਸ ਲਿਹਾਜ਼ ਵਿਚ ਉਸ ਮਨੁੱਖ ਨਾਲ ਹੋਵੇਗਾ ਕਿ ਉਹ ਉਸ ਨੂੰ ਮਰਿਆਂ ਹੋਇਆਂ ਵਿਚੋਂ ਜੀ ਉਠਾਵੇਗਾ ਅਤੇ ਉਹ ਦੀਆਂ ਦੋਵੇਂ, ਭੌਤਿਕ ਅਤੇ ਅਧਿਆਤਮਿਕ ਲੋੜਾਂ ਪੂਰੀਆਂ ਕਰੇਗਾ। ਪਰ ਯਿਸੂ ਇਕ ਮਨੁੱਖ ਨੂੰ ਜੋ ਇਕ ਅਪਰਾਧੀ ਸੀ ਪਰਾਦੀਸ ਵਿਚ ਰਹਿਣ ਦੀ ਇਜਾਜ਼ਤ ਕਿਉਂ ਦੇਵੇਗਾ?
15. “ਕੁਧਰਮੀ” ਕਿਉਂ ਪੁਨਰ-ਉਥਿਤ ਕੀਤੇ ਜਾਂਦੇ ਹਨ?
15 ਇਹ ਗੱਲ ਸੱਚ ਹੈ ਕਿ ਇਸ ਮਨੁੱਖ ਨੇ ਬੂਰੇ ਕੰਮ ਕੀਤੇ ਸਨ। ਉਹ “ਕੁਧਰਮੀ” ਸੀ। ਇਸ ਦੇ ਇਲਾਵਾ, ਉਹ ਪਰਮੇਸ਼ੁਰ ਦੀ ਇੱਛਾ ਬਾਰੇ ਅਣਜਾਣ ਸੀ। ਪਰ ਕੀ ਉਹ ਇਕ ਅਪਰਾਧੀ ਹੁੰਦਾ ਅਗਰ ਉਹ ਪਰਮੇਸ਼ੁਰ ਦੇ ਮਕਸਦਾਂ ਬਾਰੇ ਜਾਣਦਾ? ਇਹ ਪਤਾ ਕਰਨ ਲਈ, ਯਿਸੂ ਇਸ ਕੁਧਰਮੀ ਮਨੁੱਖ ਨੂੰ ਪੁਨਰ-ਉਥਿਤ ਕਰੇਗਾ, ਅਤੇ ਉਸ ਦੇ ਨਾਲ ਹੋਰ ਕਰੋੜਾਂ ਹੀ ਲੋਕਾਂ ਨੂੰ ਵੀ ਜਿਹੜੇ ਅਣਜਾਣਤਾ ਵਿਚ ਮਰੇ ਹਨ। ਉਦਾਹਰਣ ਦੇ ਤੌਰ ਤੇ, ਪਿੱਛਲੀਆਂ ਸਦੀਆਂ ਵਿਚ ਅਨੇਕ ਲੋਕ ਮਰੇ ਹਨ ਜਿਹੜੇ ਪੜ੍ਹਨਾ ਨਹੀਂ ਜਾਣਦੇ ਸੀ ਅਤੇ ਜਿਨ੍ਹਾਂ ਨੇ ਕਦੇ ਬਾਈਬਲ ਦੇਖੀ ਨਹੀਂ ਸੀ। ਪਰ ਉਹ ਸ਼ੀਓਲ, ਯਾ ਹੇਡੀਜ਼ ਵਿਚੋਂ ਜੀ ਉਠਾਏ ਜਾਣਗੇ। ਫਿਰ, ਪਰਾਦੀਸ ਧਰਤੀ ਉੱਤੇ, ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਿਖਾਈ ਜਾਵੇਗੀ, ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੁਆਰਾ ਇਹ ਸਾਬਤ ਕਰਨ ਦਾ ਮੌਕਾ ਮਿਲੇਗਾ ਕਿ ਉਹ ਪਰਮੇਸ਼ੁਰ ਨਾਲ ਸੱਚ-ਮੁੱਚ ਪ੍ਰੇਮ ਰੱਖਦੇ ਹਨ।
16. (ੳ) ਮਰਿਆਂ ਵਿਚੋਂ ਕੌਣ ਨਹੀਂ ਪੁਨਰ-ਉਥਿਤ ਕੀਤੇ ਜਾਣਗੇ? (ਅ) ਸਾਨੂੰ ਇਨ੍ਹਾਂ ਮਾਮਲਿਆਂ ਵਿਚ ਕਿਉਂ ਨਿਆਂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ? (ੲ) ਸਾਡਾ ਮੁੱਖ ਵਾਸਤਾ ਕੀ ਹੋਣਾ ਚਾਹੀਦਾ ਹੈ?
16 ਇਸ ਦਾ ਇਹ ਅਰਥ ਨਹੀਂ ਹੈ ਕਿ ਹਰ ਇਕ ਵਿਅਕਤੀ ਪੁਨਰ-ਉਥਿਤ ਕੀਤਾ ਜਾਵੇਗਾ। ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਯਹੂਦਾ ਇਸਕਰਿਯੋਤੀ, ਜਿਸ ਨੇ ਯਿਸੂ ਨੂੰ ਫੜਵਾਇਆ ਸੀ, ਪੁਨਰ-ਉਥਿਤ ਨਹੀਂ ਕੀਤਾ ਜਾਵੇਗਾ। ਉਸ ਦੀ ਗਿਣੀ-ਮਿਥੀ ਦੁਸ਼ਟਤਾ ਦੇ ਕਾਰਨ, ਯਹੂਦਾ “ਨਾਸ ਦਾ ਪੁੱਤ੍ਰ” ਆਖਿਆ ਜਾਂਦਾ ਹੈ। (ਯੂਹੰਨਾ 17:12) ਉਹ ਉਸ ਪ੍ਰਤੀਕਾਤਮਕ ਗ਼ਹੈਨਾ ਵਿਚ ਗਿਆ ਜਿਸ ਵਿਚੋਂ ਕੋਈ ਪੁਨਰ-ਉਥਾਨ ਨਹੀਂ ਹੈ। (ਮੱਤੀ 23:33) ਜਿਹੜੇ ਵਿਅਕਤੀ ਪਰਮੇਸ਼ੁਰ ਦੀ ਇੱਛਾ ਜਾਣਨ ਤੋਂ ਬਾਅਦ ਜਾਣ-ਬੁੱਝ ਕੇ ਬੁਰੀਆਂ ਚੀਜ਼ਾਂ ਕਰਦੇ ਹਨ, ਉਹ ਸ਼ਾਇਦ ਪਵਿੱਤਰ ਆਤਮਾ ਦੇ ਵਿਰੁੱਧ ਪਾਪ ਕਰਦੇ ਹੋਣ। ਅਤੇ ਪਰਮੇਸ਼ੁਰ ਉਨ੍ਹਾਂ ਨੂੰ ਪੁਨਰ-ਉਥਿਤ ਨਹੀਂ ਕਰੇਗਾ ਜਿਹੜੇ ਪਵਿੱਤਰ ਆਤਮਾ ਦੇ ਵਿਰੁੱਧ ਪਾਪ ਕਰਦੇ ਹਨ। (ਮੱਤੀ 12:32; ਇਬਰਾਨੀਆਂ 6:4-6; 10:26, 27) ਫਿਰ ਭੀ, ਕਿਉਂਕਿ ਪਰਮੇਸ਼ੁਰ ਨਿਆਂਕਾਰ ਹੈ, ਸਾਡੇ ਕੋਲ ਅਨੁਮਾਨ ਲਗਾਉਣ ਦਾ ਕੋਈ ਕਾਰਨ ਨਹੀਂ ਹੈ ਕਿ ਪਹਿਲਿਆਂ ਯਾ ਆਧੁਨਿਕ ਸਮਿਆਂ ਦੇ ਖ਼ਾਸ ਦੁਸ਼ਟ ਲੋਕ ਪੁਨਰ-ਉਥਿਤ ਕੀਤੇ ਜਾਣਗੇ ਯਾ ਨਹੀਂ। ਪਰਮੇਸ਼ੁਰ ਜਾਣਦਾ ਹੈ ਕਿ ਕੌਣ ਹੇਡੀਜ਼ ਵਿਚ ਹੈ ਅਤੇ ਕੌਣ ਗ਼ਹੈਨਾ ਵਿਚ ਹੈ। ਸਾਡੇ ਵੱਲੋਂ, ਸਾਨੂੰ ਹਰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਉਸ ਤਰ੍ਹਾਂ ਦੇ ਵਿਅਕਤੀ ਹੋਈਏ ਜਿਸ ਤਰ੍ਹਾਂ ਦੇ ਪਰਮੇਸ਼ੁਰ ਆਪਣੀ ਨਵੀਂ ਵਿਵਸਥਾ ਵਿਚ ਚਾਹੁੰਦਾ ਹੈ।—ਲੂਕਾ 13:24, 29.
17. ਕਿਨ੍ਹਾਂ ਵਿਅਕਤੀਆਂ ਨੂੰ ਸਦੀਪਕ ਜੀਵਨ ਦਾ ਆਨੰਦ ਮਾਣਨ ਲਈ ਪੁਨਰ-ਉਥਿਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ?
17 ਅਸਲੀਅਤ ਇਹ ਹੈ ਕਿ ਉਨ੍ਹਾਂ ਸਾਰਿਆਂ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਸਦੀਪਕ ਜੀਵਨ ਮਿਲਦਾ ਹੈ, ਪੁਨਰ-ਉਥਿਤ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਪਰਮੇਸ਼ੁਰ ਦੇ ਅਨੇਕ ਸੇਵਕ ਜਿਹੜੇ ਹੁਣ ਇਸ ਰੀਤੀ-ਵਿਵਸਥਾ ਦੇ “ਅੰਤ ਦਿਆਂ ਦਿਨਾਂ” ਵਿਚ ਜੀਉਂਦੇ ਹਨ ਆਰਮਾਗੇਡਨ ਵਿਚੋਂ ਬੱਚ ਕੇ ਜੀਉਂਦੇ ਰਹਿਣਗੇ। ਅਤੇ ਫਿਰ, ਉਸ ਧਾਰਮਿਕ “ਨਵੀਂ ਧਰਤੀ” ਦਾ ਹਿੱਸਾ ਹੋ ਕੇ, ਉਨ੍ਹਾਂ ਨੂੰ ਫਿਰ ਕਦੇ ਵੀ ਨਹੀਂ ਮਰਨਾ ਪਵੇਗਾ। ਯਿਸੂ ਨੇ ਜੋ ਮਾਰਥਾ ਨੂੰ ਆਖਿਆ ਸੀ ਉਹ ਸ਼ਾਬਦਿਕ ਤੌਰ ਤੇ ਉਨ੍ਹਾਂ ਦੇ ਵਿਖੇ ਸੱਚ ਹੋ ਸਕਦਾ ਹੈ: “ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।”—ਯੂਹੰਨਾ 11:26; 2 ਤਿਮੋਥਿਉਸ 3:1.
18. ਉਹ “ਧਰਮੀ” ਕੌਣ ਹਨ ਜਿਹੜੇ ਪੁਨਰ-ਉਥਿਤ ਕੀਤੇ ਜਾਣਗੇ?
18 ਉਹ “ਧਰਮੀ” ਕੌਣ ਹਨ ਜਿਹੜੇ ਪੁਨਰ-ਉਥਿਤ ਕੀਤੇ ਜਾਣਗੇ? ਇਨ੍ਹਾਂ ਵਿਚ ਪਰਮੇਸ਼ੁਰ ਦੇ ਉਹ ਵਫ਼ਾਦਾਰ ਸੇਵਕ ਸ਼ਾਮਲ ਹੋਣਗੇ ਜਿਹੜੇ ਯਿਸੂ ਮਸੀਹ ਦੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਰਹਿੰਦੇ ਸਨ। ਇਨ੍ਹਾਂ ਵਿਚੋਂ ਅਨੇਕ ਵਿਅਕਤੀਆਂ ਦੇ ਨਾਂ ਇਬਰਾਨੀਆਂ ਦੇ ਅਧਿਆਇ 11 ਵਿਚ ਦਰਜ ਕੀਤੇ ਗਏ ਹਨ। ਉਹ ਸਵਰਗ ਵਿਚ ਜਾਣ ਦੀ ਉਮੀਦ ਨਹੀਂ ਰੱਖਦੇ ਸੀ, ਪਰ ਧਰਤੀ ਉੱਤੇ ਫਿਰ ਰਹਿਣ ਦੀ ਉਮੀਦ ਰੱਖਦੇ ਸਨ। ਉਨ੍ਹਾਂ ‘ਧਰਮੀਆਂ’ ਵਿਚ ਜਿਹੜੇ ਪੁਨਰ-ਉਥਿਤ ਕੀਤੇ ਜਾਣਗੇ, ਪਰਮੇਸ਼ੁਰ ਦੇ ਉਹ ਸੇਵਕ ਵੀ ਹੋਣਗੇ ਜਿਹੜੇ ਹਾਲ ਹੀ ਦੇ ਸਾਲਾਂ ਵਿਚ ਮਰੇ ਹਨ। ਪਰਮੇਸ਼ੁਰ ਇਸ ਗੱਲ ਦਾ ਧਿਆਨ ਰੱਖੇਗਾ ਕਿ ਉਨ੍ਹਾਂ ਨੂੰ ਮਰੇ ਹੋਇਆਂ ਵਿਚੋਂ ਜੀ ਉਠਾ ਕੇ ਉਨ੍ਹਾਂ ਦੀ ਇਸ ਧਰਤੀ ਉੱਤੇ ਸਦਾ ਲਈ ਰਹਿਣ ਦੀ ਉਮੀਦ ਪੂਰੀ ਹੋਵੇ।
ਕਦੋਂ ਅਤੇ ਕਿੱਥੇ ਪੁਨਰ-ਉਥਿਤ
19. (ੳ) ਯਿਸੂ ਕਿਸ ਲਿਹਾਜ਼ ਨਾਲ ਪੁਨਰ-ਉਥਿਤ ਹੋਣ ਵਿਚ ਪਹਿਲਾ ਸੀ? (ਅ) ਉਸ ਤੋਂ ਬਾਅਦ ਕਿਨ੍ਹਾਂ ਨੂੰ ਪੁਨਰ-ਉਥਿਤ ਕੀਤਾ ਜਾਂਦਾ ਹੈ?
19 ਯਿਸੂ ਮਸੀਹ “ਮੁਰਦਿਆਂ ਵਿਚੋਂ ਪਹਿਲਾ ਜੀ ਉਠਾਇਆ ਹੋਇਆ” ਆਖਿਆ ਜਾਂਦਾ ਹੈ। (ਰਸੂਲਾਂ ਦੇ ਕਰਤੱਬ 26:23, ਨਿਵ) ਇਸ ਦਾ ਅਰਥ ਹੈ ਕਿ ਉਹ ਉਨ੍ਹਾਂ ਵਿਚੋਂ ਪਹਿਲਾ ਪੁਨਰ-ਉਥਿਤ ਕੀਤਾ ਗਿਆ ਸੀ ਜਿਨ੍ਹਾਂ ਨੂੰ ਮੁੜ ਕੇ ਮਰਨਾ ਨਹੀਂ ਪਵੇਗਾ। ਅਤੇ, ਇਕ ਆਤਮਿਕ ਵਿਅਕਤੀ ਦੇ ਤੌਰ ਤੇ ਜੀ ਉਠਾਏ ਜਾਣ ਵਿਚ, ਉਹ ਪਹਿਲਾ ਵਿਅਕਤੀ ਸੀ। (1 ਪਤਰਸ 3:18) ਪਰ ਬਾਈਬਲ ਇਹ ਕਹਿੰਦੀ ਹੋਈ, ਸਾਨੂੰ ਦੱਸਦੀ ਹੈ ਕਿ ਹੋਰ ਵੀ ਹੋਣਗੇ: “ਹਰੇਕ ਆਪੋ ਆਪਣੀ ਵਾਰੀ ਸਿਰ: ਪਹਿਲਾ ਫਲ ਮਸੀਹ, ਉਸ ਤੋਂ ਬਾਅਦ ਉਹ ਦੀ ਮੌਜੂਦਗੀ ਦੇ ਦੌਰਾਨ ਜਿਹੜੇ ਮਸੀਹ ਦੇ ਹਨ।” (1 ਕੁਰਿੰਥੀਆਂ 15:20-23, ਨਿਵ) ਤਾਂ ਫਿਰ ਪੁਨਰ-ਉਥਾਨ ਵਿਚ ਕੁਝ ਵਿਅਕਤੀ ਕਈ ਹੋਰਨਾਂ ਨਾਲੋਂ ਪਹਿਲਾਂ ਜੀ ਉਠਾਏ ਜਾਣਗੇ।
20. (ੳ) ਉਹ ਕੌਣ ਹਨ ਜਿਹੜੇ “ਮਸੀਹ ਦੇ ਹਨ”? (ਅ) ਉਹ ਕਿਹੜੇ ਪੁਨਰ-ਉਥਾਨ ਵਿਚ ਭਾਗ ਲੈਂਦੇ ਹਨ?
20 “ਜਿਹੜੇ ਮਸੀਹ ਦੇ ਹਨ” ਉਹ 1,44,000 ਵਫ਼ਾਦਾਰ ਚੇਲੇ ਹਨ, ਜੋ ਉਸ ਦੇ ਨਾਲ ਰਾਜ ਵਿਚ ਸ਼ਾਸਨ ਕਰਨ ਲਈ ਚੁਣੇ ਗਏ ਹਨ। ਉਨ੍ਹਾਂ ਦੇ ਸਵਰਗੀ ਪੁਨਰ-ਉਥਾਨ ਬਾਰੇ, ਬਾਈਬਲ ਆਖਦੀ ਹੈ: “ਧਨ ਅਤੇ ਪਵਿੱਤਰ ਹੈ ਉਹ ਜਿਹੜਾ ਪਹਿਲੇ ਪੁਨਰ-ਉਥਾਨ ਵਿਚ ਭਾਗੀ ਹੈ; ਇਨ੍ਹਾਂ ਦੇ ਉਪਰ ਦੂਸਰੀ ਮੌਤ ਦਾ ਕੋਈ ਵੱਸ ਨਹੀਂ ਹੈ, ਸਗੋਂ ਉਹ . . . ਉਸ ਦੇ ਨਾਲ ਹਜ਼ਾਰ ਸਾਲਾਂ ਲਈ ਰਾਜਿਆਂ ਦੇ ਰੂਪ ਵਿਚ ਸ਼ਾਸਨ ਕਰਨਗੇ।” (ਟੇਢੇ ਟਾਈਪ ਸਾਡੇ)—ਪਰਕਾਸ਼ ਦੀ ਪੋਥੀ 20:6; 14:1, 3, ਨਿਵ.
21. (ੳ) ‘ਪਹਿਲਾ ਪੁਨਰ-ਉਥਾਨ’ ਕਦੋਂ ਸ਼ੁਰੂ ਹੁੰਦਾ ਹੈ? (ਅ) ਬਗੈਰ ਕਿਸੇ ਸ਼ੱਕ ਦੇ ਕੌਣ ਸਵਰਗੀ ਜੀਵਨ ਲਈ ਅੱਗੇ ਹੀ ਜੀ ਉਠਾਏ ਜਾ ਚੁੱਕੇ ਹਨ?
21 ਇਸ ਲਈ ਮਸੀਹ ਦੇ ਪੁਨਰ-ਉਥਾਨ ਦੇ ਮਗਰੋਂ, ਅਗਲੇ ਜੀ ਉਠਾਏ ਜਾਣ ਵਾਲੇ 1,44,000 ਵਿਅਕਤੀ ਹਨ। ਉਹ “ਪਹਿਲੇ ਪੁਨਰ-ਉਥਾਨ,” ਅਤੇ “ਪੂਰਬਲਾ ਪੁਨਰ-ਉਥਾਨ” ਦੇ ਭਾਗੀ ਹੋਣਗੇ। (ਫ਼ਿਲਿੱਪੀਆਂ 3:11, ਨਿਵ) ਇਹ ਕਦੋਂ ਹੁੰਦਾ ਹੈ? “ਉਹ ਦੀ ਮੌਜੂਦਗੀ ਦੇ ਦੌਰਾਨ,” ਬਾਈਬਲ ਆਖਦੀ ਹੈ। ਜਿਵੇਂ ਅਸੀਂ ਪਹਿਲਿਆਂ ਅਧਿਆਵਾਂ ਵਿਚ ਸਿੱਖਿਆ ਹੈ, ਮਸੀਹ ਦੀ ਮੌਜੂਦਗੀ ਸੰਨ 1914 ਵਿਚ ਆਰੰਭ ਹੋਈ ਸੀ। ਤਾਂ ਫਿਰ ਵਫ਼ਾਦਾਰ ਮਸੀਹੀਆਂ ਦਾ ਸਵਰਗ ਨੂੰ “ਪਹਿਲੇ ਪੁਨਰ-ਉਥਾਨ” ਲਈ ਉਹ “ਦਿਨ” ਆ ਚੁੱਕਾ ਹੈ। ਕੋਈ ਸ਼ੱਕ ਨਹੀਂ ਹੈ ਕਿ ਰਸੂਲ ਅਤੇ ਹੋਰ ਪਹਿਲੇ ਮਸੀਹੀ ਸਵਰਗੀ ਜੀਵਨ ਲਈ ਅੱਗੇ ਹੀ ਜੀ ਉਠਾਏ ਜਾ ਚੁੱਕੇ ਹਨ।—2 ਤਿਮੋਥਿਉਸ 4:8.
22. (ੳ) “ਪਹਿਲੇ ਪੁਨਰ-ਉਥਾਨ” ਵਿਚ ਹੋਰ ਕਿਨ੍ਹਾਂ ਦਾ ਭਾਗ ਹੋਵੇਗਾ? (ਅ) ਉਹ ਕਦੋਂ ਪੁਨਰ-ਉਥਿਤ ਕੀਤੇ ਜਾਂਦੇ ਹਨ?
22 ਪਰ ਹੁਣ ਮਸੀਹ ਦੀ ਅਦ੍ਰਿਸ਼ਟ ਮੌਜੂਦਗੀ ਦੇ ਦੌਰਾਨ ਕੁਝ ਮਸੀਹੀ ਜੀਉਂਦੇ ਹਨ ਜਿਹੜੇ ਸਵਰਗ ਵਿਚ ਮਸੀਹ ਦੇ ਨਾਲ ਸ਼ਾਸਨ ਕਰਨ ਦੀ ਉਹੀ ਉਮੀਦ ਰੱਖਦੇ ਹਨ। ਉਹ ਬਾਕੀ ਦੇ ਰਹਿੰਦੇ ਲੋਕ, 1,44,000 ਦਾ ਬਕੀਆ ਹਨ। ਉਹ ਕਦੋਂ ਪੁਨਰ-ਉਥਿਤ ਕੀਤੇ ਜਾਂਦੇ ਹਨ? ਉਨ੍ਹਾਂ ਨੂੰ ਮੌਤ ਵਿਚ ਸੌਣ ਦੀ ਆਵੱਸ਼ਕਤਾ ਨਹੀਂ ਹੈ, ਪਰ ਜਦੋਂ ਉਹ ਮਰਦੇ ਹਨ ਉਹ ਤੁਰੰਤ ਜੀ ਉਠਾਏ ਜਾਂਦੇ ਹਨ। ਬਾਈਬਲ ਵਿਆਖਿਆ ਕਰਦੀ ਹੈ: “ਅਸੀਂ ਸੱਭੇ [ਮੌਤ ਵਿਚ] ਨਹੀਂ ਸੌਵਾਂਗੇ। ਪਰ ਸੱਭੇ ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ ਛੇਕੜਲੀ ਤੁਰ੍ਹੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ . . . ਜੀ ਉੱਠਣਗੇ।”—1 ਕੁਰਿੰਥੀਆਂ 15:51, 52; 1 ਥੱਸਲੁਨੀਕੀਆਂ 4:15-17.
23. ਬਾਈਬਲ ਆਤਮਿਕ ਜੀਵਨ ਵਿਚ ਤਬਦੀਲੀ ਨੂੰ ਕਿਸ ਤਰ੍ਹਾਂ ਵਰਣਨ ਕਰਦੀ ਹੈ?
23 ਨਿਸ਼ਚੇ ਹੀ, ਸਵਰਗੀ ਜੀਵਨ ਨੂੰ ਇਹ ‘ਪਹਿਲਾ ਪੁਨਰ-ਉਥਾਨ,’ ਮਾਨਵ ਅੱਖਾਂ ਲਈ ਅਦ੍ਰਿਸ਼ਟ ਹੈ। ਇਹ ਆਤਮਿਕ ਜੀਵਾਂ ਦੇ ਰੂਪ ਵਿਚ ਜੀਵਨ ਲਈ ਪੁਨਰ-ਉਥਾਨ ਹੈ। ਆਤਮਿਕ ਜੀਵਨ ਲਈ ਇਸ ਤਬਦੀਲੀ ਨੂੰ ਬਾਈਬਲ ਇਸ ਤਰ੍ਹਾਂ ਵਰਣਨ ਕਰਦੀ ਹੈ: “ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸੀ ਜੀ ਉੱਠਦਾ ਹੈ। ਉਹ ਬੇ ਪਤ ਬੀਜਿਆ ਜਾਂਦਾ ਹੈ ਪਰੰਤੂ ਪਰਤਾਪਵਾਨ ਜੀ ਉੱਠਦਾ ਹੈ। . . . ਉਹ ਪ੍ਰਾਣਕ ਸਰੀਰ ਹੋਕੇ ਬੀਜਿਆ ਜਾਂਦਾ ਹੈ ਪਰ ਆਤਮਕ ਸਰੀਰ ਹੋਕੇ ਜੀ ਉੱਠਦਾ ਹੈ।”—1 ਕੁਰਿੰਥੀਆਂ 15:42-44.
24. (ੳ) “ਪਹਿਲੇ ਪੁਨਰ-ਉਥਾਨ” ਦੇ ਮਗਰੋਂ ਕਿਹੜਾ ਪੁਨਰ-ਉਥਾਨ ਹੁੰਦਾ ਹੈ? (ਅ) ਇਹ “ਉੱਤਮ ਪੁਨਰ-ਉਥਾਨ” ਕਿਉਂ ਆਖਿਆ ਜਾਂਦਾ ਹੈ?
24 ਫਿਰ ਭੀ, ਇਹ ਲਫ਼ਜ਼ ‘ਪਹਿਲਾ ਪੁਨਰ-ਉਥਾਨ,’ ਦਿਖਾਉਂਦੇ ਹਨ ਕਿ ਇਸ ਦੇ ਮਗਰੋਂ ਇਕ ਹੋਰ ਹੋਵੇਗਾ। ਇਹ ਧਰਮੀ ਅਤੇ ਕੁਧਰਮੀ ਦੋਹਾਂ ਵਿਅਕਤੀਆਂ ਦਾ ਪਰਾਦੀਸ ਧਰਤੀ ਉੱਤੇ ਜੀਵਨ ਲਈ ਪੁਨਰ-ਉਥਾਨ ਹੈ। ਇਹ ਆਰਮਾਗੇਡਨ ਤੋਂ ਬਾਅਦ ਹੋਵੇਗਾ। ਇਹ ਏਲੀਯਾਹ ਅਤੇ ਅਲੀਸ਼ਾ ਦੁਆਰਾ ਪੁਨਰ-ਉਥਿਤ ਕੀਤੇ ਗਏ ਲੜਕਿਆਂ ਨਾਲੋਂ ਅਤੇ ਹੋਰ ਜਿਹੜੇ ਧਰਤੀ ਉੱਤੇ ਪੁਨਰ-ਉਥਿਤ ਕੀਤੇ ਗਏ ਸਨ ਨਾਲੋਂ “ਉੱਤਮ ਕਿਆਮਤ [“ਪੁਨਰ-ਉਥਾਨ,” ਨਿਵ]” ਹੈ। ਕਿਉਂ? ਕਿਉਂਕਿ ਜਿਹੜੇ ਆਰਮਾਗੇਡਨ ਤੋਂ ਬਾਅਦ ਪੁਨਰ-ਉਥਿਤ ਕੀਤੇ ਜਾਂਦੇ ਹਨ, ਅਗਰ ਉਹ ਪਰਮੇਸ਼ੁਰ ਦੀ ਸੇਵਾ ਕਰਨਾ ਚੁਣਨਗੇ ਉਨ੍ਹਾਂ ਨੂੰ ਫਿਰ ਕਦੇ ਵੀ ਮਰਨ ਦੀ ਆਵੱਸ਼ਕਤਾ ਨਹੀਂ ਹੋਵੇਗੀ।—ਇਬਰਾਨੀਆਂ 11:35.
ਪਰਮੇਸ਼ੁਰ ਦਾ ਇਕ ਚਮਤਕਾਰ
25. (ੳ) ਉਹੀ ਸਰੀਰ ਕਿਉਂ ਨਹੀਂ ਪੁਨਰ-ਉਥਿਤ ਕੀਤਾ ਜਾਂਦਾ ਹੈ ਜਿਹੜਾ ਮਰਿਆ ਸੀ? (ਅ) ਕਿਹੜੀ ਚੀਜ਼ ਪੁਨਰ-ਉਥਿਤ ਕੀਤੀ ਜਾਂਦੀ ਹੈ, ਅਤੇ ਉਨ੍ਹਾਂ ਨੂੰ ਕੀ ਦਿੱਤਾ ਜਾਂਦਾ ਹੈ ਜਿਹੜੇ ਪੁਨਰ-ਉਥਿਤ ਕੀਤੇ ਜਾਂਦੇ ਹਨ?
25 ਇਕ ਵਿਅਕਤੀ ਦੇ ਮਰਨ ਤੋਂ ਬਾਅਦ, ਕਿਹੜੀ ਚੀਜ਼ ਪੁਨਰ-ਉਥਿਤ ਕੀਤੀ ਜਾਂਦੀ ਹੈ? ਇਹ ਉਹੀ ਸਰੀਰ ਨਹੀਂ ਹੁੰਦਾ ਹੈ ਜਿਹੜਾ ਮਰਿਆ ਸੀ। ਬਾਈਬਲ ਇਸ ਗੱਲ ਨੂੰ ਪ੍ਰਦਰਸ਼ਿਤ ਕਰਦੀ ਹੈ ਜਦੋਂ ਉਹ ਸਵਰਗੀ ਜੀਵਨ ਲਈ ਪੁਨਰ-ਉਥਾਨ ਦਾ ਵਰਣਨ ਕਰਦੀ ਹੈ। (1 ਕੁਰਿੰਥੀਆਂ 15:35-44) ਜਿਹੜੇ ਧਰਤੀ ਉੱਤੇ ਜੀਵਨ ਲਈ ਪੁਨਰ-ਉਥਿਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਵੀ ਉਹੀ ਸਰੀਰ ਨਹੀਂ ਮਿਲਦਾ ਹੈ ਜਿਹੜਾ ਉਨ੍ਹਾਂ ਦਾ ਸੀ ਜਦੋਂ ਉਹ ਪਹਿਲਾਂ ਜੀਉਂਦੇ ਸਨ। ਸੰਭਵ ਹੈ ਕਿ ਉਹ ਸਰੀਰ ਸੜ-ਗਲ ਕੇ ਮੁੱੜ ਮਿੱਟੀ ਵਿਚ ਮਿਲ ਗਿਆ ਹੋਵੇ। ਸਮਾਂ ਬੀਤਣ ਨਾਲ ਉਸ ਮਰੇ ਹੋਏ ਸਰੀਰ ਦੇ ਤੱਤ ਸ਼ਾਇਦ ਹੋਰ ਜੀਉਂਦੀਆਂ ਚੀਜ਼ਾਂ ਦਾ ਇਕ ਹਿੱਸਾ ਬਣ ਗਏ ਹੋਣ। ਇਸ ਲਈ ਪਰਮੇਸ਼ੁਰ ਉਹੀ ਸਰੀਰ ਨੂੰ ਨਹੀਂ ਪਰ ਉਹੀ ਵਿਅਕਤੀ ਨੂੰ ਪੁਨਰ-ਉਥਿਤ ਕਰਦਾ ਹੈ ਜਿਹੜਾ ਮਰਿਆ ਸੀ। ਉਹ ਉਨ੍ਹਾਂ ਵਿਅਕਤੀਆਂ ਨੂੰ ਜਿਹੜੇ ਸਵਰਗ ਨੂੰ ਜਾਂਦੇ ਹਨ, ਇਕ ਨਵਾਂ ਆਤਮਿਕ ਸਰੀਰ ਦਿੰਦਾ ਹੈ। ਜਿਹੜੇ ਧਰਤੀ ਉੱਤੇ ਰਹਿਣ ਲਈ ਜੀ ਉਠਾਏ ਜਾਂਦੇ ਹਨ, ਉਹ ਉਨ੍ਹਾਂ ਨੂੰ ਇਕ ਨਵਾਂ ਭੌਤਿਕ ਸਰੀਰ ਦਿੰਦਾ ਹੈ। ਨਿਰਸੰਦੇਹ, ਇਹ ਨਵਾਂ ਭੌਤਿਕ ਸਰੀਰ ਉਸੇ ਵਰਗਾ ਹੋਵੇਗਾ ਜਿਹੜਾ ਉਸ ਵਿਅਕਤੀ ਦੇ ਮਰਨ ਤੋਂ ਪਹਿਲਾਂ ਸੀ ਤਾਂਕਿ ਉਹ ਉਨ੍ਹਾਂ ਦੁਆਰਾ ਪਹਿਚਾਣਿਆ ਜਾਵੇ ਜਿਹੜੇ ਉਸ ਨੂੰ ਜਾਣਦੇ ਸਨ।
26. (ੳ) ਪੁਨਰ-ਉਥਾਨ ਇੰਨਾ ਅਦਭੁਤ ਚਮਤਕਾਰ ਕਿਉਂ ਹੈ? (ਅ) ਮਨੁੱਖਾਂ ਦੇ ਕਿਹੜੇ ਆਵਿਸ਼ਕਾਰ ਸਾਨੂੰ ਪਰਮੇਸ਼ੁਰ ਦੀ ਉਨ੍ਹਾਂ ਮਰੇ ਹੋਏ ਲੋਕਾਂ ਨੂੰ ਯਾਦ ਰੱਖਣ ਦੀ ਮਹਾਨ ਯੋਗਤਾ ਨੂੰ ਸਮਝਣ ਵਿਚ ਮਦਦ ਕਰ ਸਕਦੇ ਹਨ?
26 ਪੁਨਰ-ਉਥਾਨ ਸੱਚ-ਮੁੱਚ ਹੀ ਇਕ ਅਦਭੁਤ ਚਮਤਕਾਰ ਹੈ। ਉਹ ਵਿਅਕਤੀ ਜੋ ਮਰਿਆ ਸੀ ਉਸ ਨੇ ਆਪਣੀ ਸਾਰੀ ਉਮਰ ਦੇ ਦੌਰਾਨ ਸ਼ਾਇਦ ਕਾਫ਼ੀ ਤਜਰਬਾ ਅਤੇ ਗਿਆਨ ਅਤੇ ਅਨੇਕ ਯਾਦਾਂ ਇਕੱਠੀਆਂ ਕੀਤੀਆਂ ਹੋਣ। ਉਹ ਨੇ ਅਜਿਹੀ ਸ਼ਖ਼ਸੀਅਤ ਬਣਾਈ ਜਿਸ ਨੇ ਉਸ ਨੂੰ ਕਿਸੇ ਵੀ ਹੋਰ ਜੀਉਂਦੇ ਰਹਿ ਚੁੱਕੇ ਵਿਅਕਤੀ ਨਾਲੋਂ ਵੱਖਰਾ ਬਣਾਇਆ। ਫਿਰ ਵੀ, ਯਹੋਵਾਹ ਪਰਮੇਸ਼ੁਰ ਹਰ ਵੇਰਵਾ ਯਾਦ ਰੱਖਦਾ ਹੈ, ਅਤੇ ਜਦੋਂ ਉਹ ਉਸ ਨੂੰ ਪੁਨਰ-ਉਥਿਤ ਕਰਦਾ ਹੈ ਉਦੋਂ ਉਹ ਇਸ ਪੂਰਣ ਵਿਅਕਤੀ ਨੂੰ ਮੁੜ ਬਹਾਲ ਕਰੇਗਾ। ਜਿਵੇਂ ਬਾਈਬਲ ਉਨ੍ਹਾਂ ਪੁਨਰ-ਉਥਿਤ ਹੋਣ ਵਾਲਿਆਂ ਵਿਖੇ ਆਖਦੀ ਹੈ: “ਉਹ ਦੇ ਲੇਖੇ ਸੱਭੋ ਜੀਉਂਦੇ ਹਨ।” (ਲੂਕਾ 20:38) ਮਨੁੱਖ ਲੋਕਾਂ ਦੀਆਂ ਆਵਾਜ਼ਾਂ ਅਤੇ ਤਸਵੀਰਾਂ ਰਿਕਾਰਡ ਕਰ ਸਕਦੇ ਹਨ, ਅਤੇ ਲੋਕਾਂ ਦੇ ਮਰਨ ਤੋਂ ਬਹੁਤ ਚਿਰ ਬਾਅਦ ਉਨ੍ਹਾਂ ਨੂੰ ਦੁਬਾਰਾ ਸੁਣ ਅਤੇ ਦੇਖ ਸਕਦੇ ਹਨ। ਪਰ ਯਹੋਵਾਹ, ਉਨ੍ਹਾਂ ਸਾਰੇ ਵਿਅਕਤੀਆਂ ਨੂੰ ਜਿਹੜੇ ਉਸ ਦੀ ਯਾਦਾਸ਼ਤ ਵਿਚ ਜੀਉਂਦੇ ਹਨ ਵਾਪਸ ਜੀਉਂਦੇ ਕਰ ਸਕਦਾ ਹੈ, ਅਤੇ ਅਸਲ ਵਿਚ ਕਰੇਗਾ ਵੀ!
27. ਪੁਨਰ-ਉਥਾਨ ਦੇ ਸੰਬੰਧ ਵਿਚ ਕਿਹੜੇ ਸਵਾਲਾਂ ਦੇ ਜਵਾਬ ਸਾਨੂੰ ਬਾਅਦ ਵਿਚ ਪ੍ਰਾਪਤ ਹੋਣਗੇ?
27 ਬਾਈਬਲ ਸਾਨੂੰ ਮਰੇ ਹੋਇਆਂ ਦੇ ਪੁਨਰ-ਉਥਾਨ ਤੋਂ ਬਾਅਦ ਪਰਾਦੀਸ ਵਿਚ ਜੀਵਨ ਦੇ ਬਾਰੇ ਹੋਰ ਬਹੁਤ ਕੁਝ ਦੱਸਦੀ ਹੈ। ਉਦਾਹਰਣ ਦੇ ਤੌਰ ਤੇ, ਯਿਸੂ ਨੇ ਕੁਝ ਵਿਅਕਤੀਆਂ ਦਾ “ਜੀਵਨ ਦੇ ਪੁਨਰ-ਉਥਾਨ” ਲਈ ਅਤੇ ਹੋਰਾਂ ਦਾ “ਨਿਆਂ ਦੇ ਪੁਨਰ-ਉਥਾਨ” ਲਈ ਨਿਕਲ ਆਉਣ ਬਾਰੇ ਜ਼ਿਕਰ ਕੀਤਾ ਸੀ। (ਯੂਹੰਨਾ 5:29, ਨਿਵ) ਉਸ ਦਾ ਕੀ ਅਰਥ ਸੀ? ਅਤੇ ਕੀ ਉਨ੍ਹਾਂ ‘ਧਰਮੀਆਂ’ ਦੀ ਸਥਿਤੀ ਜਿਹੜੇ ਪੁਨਰ-ਉਥਿਤ ਕੀਤੇ ਜਾਂਦੇ ਹਨ ਉਨ੍ਹਾਂ ‘ਕੁਧਰਮੀਆਂ’ ਨਾਲੋਂ ਕੁਝ ਵੱਖਰੀ ਹੋਵੇਗੀ? ਨਿਆਂ ਦੇ ਦਿਨ ਉੱਤੇ ਵਿਚਾਰ ਕਰਨਾ ਸਾਡੇ ਲਈ ਅਜਿਹੇ ਸਵਾਲਾਂ ਦੇ ਜਵਾਬ ਦੇਵੇਗਾ।
[ਸਫ਼ੇ 127 ਉੱਤੇ ਤਸਵੀਰਾਂ]
“ਮੈਂ ਜਾਣਦੀ ਹਾਂ ਜੋ ਕਿਆਮਤ ਨੂੰ [“ਪੁਨਰ-ਉਥਾਨ ਵਿਚ,” ਨਿਵ] . . . ਉਹ ਜੀ ਉੱਠੂ”
ਅਲੀਸ਼ਾ ਨੇ ਇਕ ਬੱਚੇ ਨੂੰ ਪੁਨਰ-ਉਥਿਤ ਕੀਤਾ ਸੀ
ਏਲੀਯਾਹ ਨੇ ਇਕ ਵਿਧਵਾ ਦੇ ਪੁੱਤਰ ਨੂੰ ਪੁਨਰ-ਉਥਿਤ ਕੀਤਾ ਸੀ
ਇਕ ਮਨੁੱਖ ਜਿਸ ਨੇ ਅਲੀਸ਼ਾ ਦੀਆਂ ਹੱਡੀਆਂ ਨੂੰ ਛੋਹਿਆ ਸੀ ਜੀਉਂਦਾ ਹੋ ਗਿਆ ਸੀ
[ਸਫ਼ੇ 168 ਉੱਤੇ ਤਸਵੀਰਾਂ]
ਯਿਸੂ ਦੁਆਰਾ ਪੁਨਰ-ਉਥਿਤ ਕੀਤੇ ਗਏ ਵਿਅਕਤੀ:
ਨਾਇਨ ਦੀ ਵਿਧਵਾ ਦਾ ਪੁੱਤਰ
ਲਾਜ਼ਰ
ਜੈਰੁਸ ਦੀ ਧੀ
[ਸਫ਼ੇ 169 ਉੱਤੇ ਤਸਵੀਰਾਂ]
ਹੋਰ ਜਿਹੜੇ ਪੁਨਰ-ਉਥਿਤ ਕੀਤੇ ਗਏ ਸਨ:
ਦੋਰਕਸ
ਯਿਸੂ ਸਵੈ
ਯੂਤਖੁਸ
[ਸਫ਼ੇ 170 ਉੱਤੇ ਤਸਵੀਰ]
ਉਹ ਪਰਾਦੀਸ ਕਿੱਥੇ ਹੈ ਜਿਸ ਦਾ ਵਾਇਦਾ ਯਿਸੂ ਨੇ ਉਸ ਅਪਰਾਧੀ ਨਾਲ ਕੀਤਾ ਸੀ?