ਮੌਤ ਦੇ ਮੂੰਹ ਵਿਚ ਜਾ ਰਹੇ ਲੋਕਾਂ ਨੂੰ ਬਚਾਓ
“ਜਿਹੜੀ ਸੇਵਕਾਈ ਤੈਨੂੰ ਪ੍ਰਭੁ ਵਿੱਚ ਪਰਾਪਤ ਹੋਈ ਹੈ ਵੇਖੀਂ ਤੂੰ ਉਸ ਨੂੰ ਪੂਰਿਆਂ ਕਰੀਂ।”—ਕੁਲੁ. 4:17.
1, 2. ਪਰਮੇਸ਼ੁਰ ਨੇ ਸਾਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਹੈ?
ਪਰਮੇਸ਼ੁਰ ਨੇ ਸਾਡੇ ਆਲੇ-ਦੁਆਲੇ ਰਹਿੰਦੇ ਲੋਕਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਸਾਨੂੰ ਸੌਂਪੀ ਹੈ। ਉਨ੍ਹਾਂ ਦਾ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹ ਹੁਣ ਕਿਹੋ ਜਿਹੇ ਫ਼ੈਸਲੇ ਕਰਦੇ ਹਨ। (ਪਰ. 7:14) ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਕਹਾਉਤਾਂ ਦੇ ਲਿਖਾਰੀ ਸੁਲੇਮਾਨ ਨੇ ਕਿਹਾ: ‘ਜਿਹੜੇ ਮੌਤ ਲਈ ਲਏ ਜਾਂਦੇ ਹਨ, ਜਿਹੜੇ ਘਾਤ ਹੋਣ ਲਈ ਝੂਲਦੇ ਫਿਰਦੇ ਹਨ, ਉਨ੍ਹਾਂ ਨੂੰ ਛੁਡਾਉਣ ਤੋਂ ਨਾ ਰੁਕੋ।’ ਲੋਕਾਂ ਨੂੰ ਚੇਤਾਵਨੀ ਦੇਣੀ ਭਾਰੀ ਜ਼ਿੰਮੇਵਾਰੀ ਹੈ। ਜੇ ਅਸੀਂ ਇਹ ਜ਼ਿੰਮੇਵਾਰੀ ਨਿਭਾਉਣ ਵਿਚ ਢਿੱਲ ਕੀਤੀ, ਤਾਂ ਉਨ੍ਹਾਂ ਦੇ ਖ਼ੂਨ ਦਾ ਦੋਸ਼ ਸਾਡੇ ਮੱਥੇ ਲੱਗ ਸਕਦਾ ਹੈ। ਸੁਲੇਮਾਨ ਨੇ ਅੱਗੇ ਕਿਹਾ: “ਜੇ ਤੂੰ ਆਖੇਂ, ਲਓ, ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ, ਤਾਂ ਜਿਹੜਾ ਦਿਲਾਂ ਨੂੰ ਜਾਚਦਾ ਹੈ ਭਲਾ, ਉਹ ਨਹੀਂ ਸਮਝਦਾ? ਅਤੇ ਤੇਰੀ ਜਿੰਦ ਦਾ ਰਾਖਾ ਇਹ ਨਹੀਂ ਜਾਣਦਾ? ਭਲਾ, ਉਹ ਆਦਮੀ ਨੂੰ ਉਹ ਦੀਆਂ ਕਰਨੀਆਂ ਦਾ ਫਲ ਨਾ ਦੇਵੇਗਾ?” ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਦੇ ਸੇਵਕ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੂੰ ਲੋਕਾਂ ਉੱਤੇ ਆਉਣ ਵਾਲੇ ਖ਼ਤਰੇ ਬਾਰੇ “ਪਤਾ ਹੀ ਨਹੀਂ ਸੀ।”—ਕਹਾ. 24:11, 12.
2 ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਜ਼ਿੰਦਗੀ ਬਹੁਤ ਕੀਮਤੀ ਹੈ। ਇਸ ਲਈ ਉਹ ਆਪਣੇ ਸੇਵਕਾਂ ਨੂੰ ਤਾਕੀਦ ਕਰਦਾ ਹੈ ਕਿ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣ। ਪਰਮੇਸ਼ੁਰ ਦੇ ਹਰ ਇਕ ਸੇਵਕ ਨੂੰ ਉਸ ਦੇ ਬਚਨ ਦਾ ਸੰਦੇਸ਼ ਸੁਣਾਉਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਸੁਣ ਕੇ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। ਇਸ ਸੰਬੰਧ ਵਿਚ ਸਾਡੀ ਤੁਲਨਾ ਇਕ ਰਾਖੇ ਨਾਲ ਕੀਤੀ ਜਾ ਸਕਦੀ ਹੈ ਜੋ ਬੁਰਜ ਤੇ ਖੜ੍ਹ ਕੇ ਖ਼ਤਰੇ ਨੂੰ ਦੂਰੋਂ ਦੇਖ ਕੇ ਚੇਤਾਵਨੀ ਦਿੰਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੱਥ ਕਿਸੇ ਦੇ ਖ਼ੂਨ ਨਾਲ ਰੰਗੇ ਜਾਣ। (ਹਿਜ਼. 33:1-7) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ “ਬਚਨ ਦਾ ਪਰਚਾਰ” ਕਰਨ ਵਿਚ ਢਿੱਲੇ ਨਾ ਪਈਏ।—2 ਤਿਮੋਥਿਉਸ 4:1, 2, 5 ਪੜ੍ਹੋ।
3. ਅਸੀਂ ਇਸ ਲੇਖ ਵਿਚ ਅਤੇ ਅਗਲੇ ਦੋ ਲੇਖਾਂ ਵਿਚ ਕਿਨ੍ਹਾਂ ਗੱਲਾਂ ਉੱਤੇ ਚਰਚਾ ਕਰਾਂਗੇ?
3 ਇਸ ਲੇਖ ਵਿਚ ਅਸੀਂ ਇਹ ਦੇਖਾਂਗੇ ਕਿ ਸੇਵਕਾਈ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰ ਕੇ ਅਸੀਂ ਹੋਰ ਜ਼ਿਆਦਾ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਅਗਲੇ ਲੇਖ ਵਿਚ ਸਮਝਾਇਆ ਜਾਵੇਗਾ ਕਿ ਅਸੀਂ ਲੋਕਾਂ ਨੂੰ ਸਿੱਖਿਆ ਦੇਣ ਦੀ ਆਪਣੀ ਕਲਾ ਨੂੰ ਕਿਵੇਂ ਨਿਖਾਰ ਸਕਦੇ ਹਾਂ। ਫਿਰ ਤੀਜੇ ਲੇਖ ਵਿਚ ਅਸੀਂ ਦੁਨੀਆਂ ਭਰ ਵਿਚ ਕੀਤੇ ਗਏ ਪ੍ਰਚਾਰ ਦੇ ਕੰਮ ਦੇ ਵਧੀਆ ਨਤੀਜਿਆਂ ਬਾਰੇ ਪੜ੍ਹਾਂਗੇ। ਪਰ ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਅੱਜ ਦੁਨੀਆਂ ਦੇ ਹਾਲਾਤ ਇੰਨੇ ਖ਼ਰਾਬ ਕਿਉਂ ਹਨ।
ਇੰਨੇ ਸਾਰੇ ਲੋਕ ਬੇਆਸ ਕਿਉਂ ਹਨ?
4, 5. ਅੱਜ ਲੋਕ ਕਿਹੋ ਜਿਹੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹਨ ਅਤੇ ਉਹ ਕਿਵੇਂ ਮਹਿਸੂਸ ਕਰਦੇ ਹਨ?
4 ਦੁਨੀਆਂ ਦੇ ਹਾਲਾਤਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ “ਜੁਗ ਦੇ ਅੰਤ” ਵਿਚ ਜੀ ਰਹੇ ਹਾਂ। ਯਿਸੂ ਤੇ ਉਸ ਦੇ ਚੇਲਿਆਂ ਨੇ ਕਿਹਾ ਸੀ ਕਿ “ਅੰਤ ਦਿਆਂ ਦਿਨਾਂ” ਵਿਚ ਇਨਸਾਨਾਂ ਨੂੰ ਬਹੁਤ ਸਾਰੇ ਦੁੱਖ ਝੱਲਣੇ ਪੈਣਗੇ। ਅਸੀਂ ਦੇਖ ਸਕਦੇ ਹਾਂ ਕਿ ਸੰਸਾਰ ਦੀਆਂ “ਪੀੜਾਂ” ਵਧਦੀਆਂ ਜਾ ਰਹੀਆਂ ਹਨ। ਧਰਤੀ ਦੇ ਕੋਨੇ-ਕੋਨੇ ਵਿਚ ਲੋਕ ਲੜਾਈਆਂ, ਕਾਲ, ਭੁਚਾਲ ਅਤੇ ਹੋਰਨਾਂ ਬਿਪਤਾਵਾਂ ਦੀ ਮਾਰ ਸਹਿ ਰਹੇ ਹਨ। ਸਾਰੀ ਦੁਨੀਆਂ ਖ਼ੁਦਗਰਜ਼ ਲੋਕਾਂ ਤੇ ਦੁਸ਼ਟ ਕੰਮ ਕਰਨ ਵਾਲਿਆਂ ਨਾਲ ਭਰੀ ਹੋਈ ਹੈ। ਬਾਈਬਲ ਦੀ ਸਲਾਹ ਮੁਤਾਬਕ ਚੱਲਣ ਵਾਲਿਆਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਅਸੀਂ ਵਾਕਈ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ।—ਮੱਤੀ 24:3, 6-8, 12; 2 ਤਿਮੋ. 3:1-5.
5 ਜ਼ਿਆਦਾਤਰ ਲੋਕ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਅਹਿਮੀਅਤ ਨਹੀਂ ਸਮਝਦੇ। ਨਤੀਜੇ ਵਜੋਂ, ਕਈਆਂ ਨੂੰ ਆਪਣੀ ਤੇ ਆਪਣੇ ਪਰਿਵਾਰ ਦੇ ਜੀਆਂ ਦੀ ਸੁਰੱਖਿਆ ਦੀ ਚਿੰਤਾ ਲੱਗੀ ਰਹਿੰਦੀ ਹੈ। ਜਦ ਇਨਸਾਨਾਂ ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ ਜਾਂ ਉਨ੍ਹਾਂ ਦੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਉਨ੍ਹਾਂ ਦੀ ਦੁਨੀਆਂ ਹੀ ਉਜੜ ਜਾਂਦੀ ਹੈ। ਉਨ੍ਹਾਂ ਨੂੰ ਆਸ਼ਾ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ ਕਿਉਂਕਿ ਉਨ੍ਹਾਂ ਨੂੰ ਨਾ ਤਾਂ ਇਨ੍ਹਾਂ ਦੁੱਖਾਂ ਦਾ ਕਾਰਨ ਪਤਾ ਹੈ ਤੇ ਨਾ ਹੀ ਹੱਲ।—ਅਫ਼. 2:12.
6. ਦੁਨੀਆਂ ਦੇ ਧਰਮ ਆਪਣੇ ਮੈਂਬਰਾਂ ਦੀ ਮਦਦ ਕਿਉਂ ਨਹੀਂ ਕਰ ਸਕੇ?
6 ‘ਵੱਡੀ ਬਾਬੁਲ’ ਯਾਨੀ ਦੁਨੀਆਂ ਦੇ ਧਰਮਾਂ ਨੇ ਲੋਕਾਂ ਨੂੰ ਦਿਲਾਸਾ ਦੇਣ ਦੀ ਬਜਾਇ ਉਲਝਣ ਵਿਚ ਪਾਇਆ ਹੋਇਆ ਹੈ। ਇਨ੍ਹਾਂ ਧਰਮਾਂ ਨੇ “ਧਰਤੀ ਦੇ ਰਾਜਿਆਂ” ਯਾਨੀ ਦੁਨੀਆਂ ਦੀਆਂ ਸਰਕਾਰਾਂ ਨਾਲ ਮਿੱਤਰਤਾ ਕਾਇਮ ਕਰ ਕੇ ਉਨ੍ਹਾਂ ਨੂੰ ਆਪਣੀ ਮੁੱਠੀ ਵਿਚ ਕੀਤਾ ਹੈ। ਧਰਮਾਂ ਦੀਆਂ ਝੂਠੀਆਂ ਸਿੱਖਿਆਵਾਂ, ਵਹਿਮਾਂ-ਭਰਮਾਂ, ਰਾਜਨੀਤਿਕ ਮਾਮਲਿਆਂ ਵਿਚ ਉਨ੍ਹਾਂ ਦੀ ਦਖ਼ਲਅੰਦਾਜ਼ੀ ਅਤੇ ਉਨ੍ਹਾਂ ਦੇ ਅਨੈਤਿਕ ਚਾਲ-ਚਲਣ ਕਾਰਨ ਲੋਕ ਭਟਕ ਰਹੇ ਹਨ। ਇਨ੍ਹਾਂ ਧਰਮਾਂ ਨੇ ਬਾਈਬਲ ਦੀਆਂ ਸਹੀ ਸਿੱਖਿਆਵਾਂ ਨੂੰ ਠੁਕਰਾ ਕੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਚ ਦੇ ਵੱਟੇ ਝੂਠ ਦੀ “ਮੈ” ਪੀਲਾ ਕੇ ਭਰਮਾਇਆ ਹੋਇਆ ਹੈ।—ਪਰ. 17:1, 2, 5; 18:23.
7. ਜ਼ਿਆਦਾਤਰ ਲੋਕ ਕਿਹੜੇ ਰਾਹ ਤੇ ਚੱਲ ਰਹੇ ਹਨ, ਪਰ ਅਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
7 ਯਿਸੂ ਨੇ ਕਿਹਾ ਸੀ ਕਿ ਜ਼ਿਆਦਾਤਰ ਲੋਕ ਉਸ ਖੁੱਲ੍ਹੇ ਰਾਹ ਤੇ ਚੱਲ ਰਹੇ ਹਨ ਜਿਹੜਾ ਨਾਸ਼ ਨੂੰ ਜਾਂਦਾ ਹੈ। (ਮੱਤੀ 7:13, 14) ਕਈਆਂ ਨੇ ਆਪਣੀ ਮਰਜ਼ੀ ਨਾਲ ਇਸ ਰਾਹ ਤੇ ਚੱਲਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਹ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਜਾਣਨਾ ਨਹੀਂ ਚਾਹੁੰਦੇ। ਪਰ ਕਈਆਂ ਨੂੰ ਧੋਖਾ ਦਿੱਤਾ ਜਾਂ ਹਨੇਰੇ ਵਿਚ ਰੱਖਿਆ ਗਿਆ ਹੈ, ਤਾਂਕਿ ਉਹ ਇਹ ਨਾ ਜਾਣ ਸਕਣ ਕਿ ਯਹੋਵਾਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਜੇ ਲੋਕਾਂ ਨੂੰ ਬਾਈਬਲ ਤੋਂ ਸਮਝਾਇਆ ਜਾਵੇ ਕਿ ਉਨ੍ਹਾਂ ਨੂੰ ਬਦਲਣ ਦੀ ਕਿਉਂ ਲੋੜ ਹੈ, ਤਾਂ ਹੋ ਸਕਦਾ ਹੈ ਕਿ ਕੁਝ ਲੋਕ ਬਦਲ ਜਾਣ। ਪਰ ਜਿਹੜੇ ਆਪਣੀ ਮਰਜ਼ੀ ਨਾਲ ਵੱਡੀ ਬਾਬੁਲ ਵਿੱਚੋਂ ਨਿਕਲਣਾ ਤੇ ਬਦਲਣਾ ਨਹੀਂ ਚਾਹੁੰਦੇ ਉਨ੍ਹਾਂ ਨੂੰ “ਵੱਡੀ ਬਿਪਤਾ” ਵਿੱਚੋਂ ਬਚਾਇਆ ਨਹੀਂ ਜਾਵੇਗਾ।—ਪਰ. 7:14.
ਪ੍ਰਚਾਰ ਕਰਨ ਤੋਂ ‘ਨਾ ਹਟੋ’
8, 9. ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੇ ਵਿਰੋਧਤਾ ਦੇ ਬਾਵਜੂਦ ਕੀ ਕੀਤਾ? ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ?
8 ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਤੇ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ। (ਮੱਤੀ 28:19, 20) ਇਸ ਲਈ ਯਿਸੂ ਦੇ ਚੇਲਿਆਂ ਲਈ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਹਮੇਸ਼ਾ ਹੀ ਬਹੁਤ ਜ਼ਰੂਰੀ ਰਿਹਾ ਹੈ ਕਿਉਂਕਿ ਇਸ ਤਰ੍ਹਾਂ ਕਰ ਕੇ ਉਹ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਤੇ ਨਿਹਚਾ ਦਾ ਸਬੂਤ ਦਿੰਦੇ ਹਨ। ਇਸੇ ਲਈ ਯਿਸੂ ਦੇ ਮੁਢਲੇ ਚੇਲੇ ਵਿਰੋਧਤਾ ਦੇ ਬਾਵਜੂਦ ਪ੍ਰਚਾਰ ਦੇ ਕੰਮ ਵਿਚ ਡਟੇ ਰਹੇ ਸਨ। ਉਨ੍ਹਾਂ ਨੇ ਦੁਆ ਕੀਤੀ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਨੂੰ “ਅੱਤ ਦਲੇਰੀ ਨਾਲ [ਉਸ ਦਾ] ਬਚਨ ਸੁਣਾਉਣ” ਲਈ ਤਾਕਤ ਤੇ ਹਿੰਮਤ ਬਖ਼ਸ਼ੇ। ਯਹੋਵਾਹ ਨੇ ਉਨ੍ਹਾਂ ਦੀ ਸੁਣ ਕੇ ਉਨ੍ਹਾਂ ਨੂੰ ਤਕੜੇ ਕੀਤਾ ਅਤੇ ਉਹ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਐਲਾਨ ਕਰ ਸਕੇ।—ਰਸੂ. 4:18, 29, 31.
9 ਪਹਿਲੀ ਸਦੀ ਵਿਚ ਜਦ ਯਿਸੂ ਦੇ ਚੇਲਿਆਂ ਦੇ ਵਿਰੋਧੀ ਉਨ੍ਹਾਂ ਨੂੰ ਮਾਰਨ ਤੇ ਉੱਤਰ ਆਏ ਸਨ, ਤਾਂ ਕੀ ਉਨ੍ਹਾਂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਛੱਡ ਦਿੱਤਾ ਸੀ? ਨਹੀਂ, ਉਨ੍ਹਾਂ ਨੇ ਦਲੇਰੀ ਨਾਲ ਸੱਚਾਈ ਦਾ ਐਲਾਨ ਕੀਤਾ। ਉਨ੍ਹਾਂ ਦੇ ਕੰਮ ਨੇ ਯਹੂਦੀ ਧਾਰਮਿਕ ਆਗੂਆਂ ਦੇ ਨੱਕ ਵਿਚ ਦਮ ਕਰ ਛੱਡਿਆ ਸੀ। ਨਤੀਜੇ ਵਜੋਂ, ਇਨ੍ਹਾਂ ਆਗੂਆਂ ਨੇ ਉਨ੍ਹਾਂ ਨੂੰ ਡਰਿਆ-ਧਮਕਾਇਆ, ਮਾਰਿਆ-ਕੁੱਟਿਆ ਤੇ ਹਵਾਲਾਤ ਵਿਚ ਬੰਦ ਕਰ ਦਿੱਤਾ। ਪਰ ਉਹ ਰਸੂਲ ਇਹ “ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!” ਉਹ ਜਾਣਦੇ ਸਨ ਕਿ ਉਨ੍ਹਾਂ ਲਈ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ” ਸੀ।—ਰਸੂ. 5:28, 29, 40-42.
10. ਅੱਜ ਅਸੀਂ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ, ਪਰ ਸਾਡੇ ਚੰਗੇ ਚਾਲ-ਚਲਣ ਦਾ ਨਤੀਜਾ ਕੀ ਨਿਕਲ ਸਕਦਾ ਹੈ?
10 ਭਾਵੇਂ ਕਿ ਅੱਜ ਯਹੋਵਾਹ ਦੇ ਜ਼ਿਆਦਾਤਰ ਸੇਵਕਾਂ ਨੂੰ ਪ੍ਰਚਾਰ ਦੀ ਖ਼ਾਤਰ ਮਾਰਿਆ-ਕੁੱਟਿਆ ਜਾਂ ਜੇਲ੍ਹ ਵਿਚ ਸੁੱਟਿਆ ਨਹੀਂ ਜਾਂਦਾ, ਫਿਰ ਵੀ ਸਾਨੂੰ ਸਾਰਿਆਂ ਨੂੰ ਮੁਸ਼ਕਲਾਂ ਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਲਈ, ਅਸੀਂ ਆਪਣੀ ਜ਼ਮੀਰ ਦੀ ਸੁਣ ਕੇ ਸ਼ਾਇਦ ਕਿਸੇ ਕੰਮ ਵਿਚ ਹਿੱਸਾ ਨਾ ਲਈਏ ਜਿਸ ਵਿਚ ਬਾਕੀ ਸਾਰੇ ਹਿੱਸਾ ਲੈ ਰਹੇ ਹਨ। ਹੋ ਸਕਦਾ ਹੈ ਕਿ ਅਸੀਂ ਗੁਆਂਢੀਆਂ, ਸਹਿਕਰਮੀਆਂ ਜਾਂ ਸਹਿਪਾਠੀਆਂ ਦੀਆਂ ਨਜ਼ਰਾਂ ਵਿਚ ਅਜੀਬ ਨਜ਼ਰ ਆਈਏ ਕਿਉਂਕਿ ਅਸੀਂ ਆਪਣੇ ਫ਼ੈਸਲੇ ਬਾਈਬਲ ਦੇ ਆਧਾਰ ਤੇ ਕਰਦੇ ਹਾਂ। ਜੇ ਇਸ ਤਰ੍ਹਾਂ ਹੋਵੇ, ਤਾਂ ਸਾਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ, ਸਗੋਂ ਸਹੀ ਕੰਮ ਕਰਦੇ ਰਹਿਣਾ ਚਾਹੀਦਾ ਹੈ। ਦੁਨੀਆਂ ਹਨੇਰੇ ਵਿਚ ਭਟਕ ਰਹੀ ਹੈ, ਪਰ ਸਾਨੂੰ “ਜਗਤ ਉੱਤੇ ਜੋਤਾਂ ਵਾਂਙੁ” ਆਪਣਾ ਚਾਨਣ ਚਮਕਾਉਣ ਦੀ ਲੋੜ ਹੈ। (ਫ਼ਿਲਿ. 2:15) ਕੀ ਪਤਾ ਕੁਝ ਨੇਕਦਿਲ ਲੋਕ ਸਾਡੇ ਚੰਗੇ ਕੰਮ ਦੇਖ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗ ਪੈਣ।—ਮੱਤੀ 5:16 ਪੜ੍ਹੋ।
11. (ੳ) ਪ੍ਰਚਾਰ ਦੇ ਕੰਮ ਵਿਚ ਸਾਨੂੰ ਦਲੇਰ ਹੋਣ ਦੀ ਕਿਉਂ ਲੋੜ ਹੈ? (ਅ) ਪੌਲੁਸ ਰਸੂਲ ਨੂੰ ਕੀ-ਕੀ ਸਹਿਣਾ ਪਿਆ ਸੀ ਅਤੇ ਇਸ ਦੇ ਬਾਵਜੂਦ ਉਹ ਕੀ ਕਰਦਾ ਰਿਹਾ?
11 ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਲਈ ਸਾਨੂੰ ਦਲੇਰ ਹੋਣ ਦੀ ਲੋੜ ਹੈ। ਸ਼ਾਇਦ ਸਾਡੇ ਰਿਸ਼ਤੇਦਾਰ ਜਾਂ ਦੂਸਰੇ ਲੋਕ ਸਾਡਾ ਵਿਰੋਧ ਕਰਨ ਜਾਂ ਸਾਡਾ ਮਖੌਲ ਉਠਾ ਕੇ ਸਾਡਾ ਦਿਲ ਢਾਹੁਣ ਦੀ ਕੋਸ਼ਿਸ਼ ਕਰਨ। (ਮੱਤੀ 10:36) ਪੌਲੁਸ ਰਸੂਲ ਨੂੰ ਕਈ ਵਾਰ ਮਾਰਿਆ-ਕੁੱਟਿਆ ਗਿਆ ਸੀ, ਪਰ ਫਿਰ ਵੀ ਉਹ ਪ੍ਰਚਾਰ ਕਰਨੋਂ ਨਾ ਹਟਿਆ। ਧਿਆਨ ਦਿਓ ਕਿ ਇਸ ਬਾਰੇ ਉਸ ਨੇ ਥੱਸਲੁਨੀਕੀਆਂ ਦੇ ਭਰਾਵਾਂ ਨੂੰ ਚਿੱਠੀ ਵਿਚ ਕੀ ਕਿਹਾ: ‘ਅਸੀਂ ਦੁੱਖ ਅਤੇ ਨਿਆਦਰੀ ਸਹਿੰਦੇ ਹੋਏ ਵੀ ਪਰਮੇਸ਼ਰ ਤੋਂ ਮਿਲੀ ਮਦਦ ਨਾਲ ਤੁਹਾਨੂੰ ਬੜੀ ਦਲੇਰੀ ਨਾਲ’ ਖ਼ੁਸ਼ ਖ਼ਬਰੀ ਸੁਣਾਉਂਦੇ ਰਹੇ। (1 ਥੱਸ. 2:2, CL) ਇਸ ਵਿਚ ਕੋਈ ਸ਼ੱਕ ਨਹੀਂ ਕਿ ਪੌਲੁਸ ਲਈ ਉਦੋਂ ਪ੍ਰਚਾਰ ਕਰਨਾ ਸੌਖਾ ਨਹੀਂ ਸੀ ਜਦ ਉਸ ਨੂੰ ਗਿਰਫ਼ਤਾਰ ਕੀਤਾ ਗਿਆ, ਉਸ ਦੇ ਲੀੜੇ ਪਾੜੇ ਗਏ ਤੇ ਉਸ ਨੂੰ ਬੈਂਤਾਂ ਨਾਲ ਕੁੱਟ ਕੇ ਕੈਦਖ਼ਾਨੇ ਵਿਚ ਸੁੱਟਿਆ ਗਿਆ ਸੀ। (ਰਸੂ. 16:19-24) ਉਹ ਦਲੇਰੀ ਨਾਲ ਪ੍ਰਚਾਰ ਕਿਉਂ ਕਰਦਾ ਰਿਹਾ? ਕਿਉਂਕਿ ਉਹ ਪਰਮੇਸ਼ੁਰ ਵੱਲੋਂ ਮਿਲੀ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੁੰਦਾ ਸੀ।—1 ਕੁਰਿੰ. 9:16.
12, 13. ਭੈਣਾਂ-ਭਰਾਵਾਂ ਨੂੰ ਕਿਨ੍ਹਾਂ ਔਕੜਾਂ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਉਹ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰਦੇ ਹਨ?
12 ਵਾਰ-ਵਾਰ ਜਾਣ ਪਿੱਛੋਂ ਵੀ ਜਦ ਲੋਕ ਘਰ ਨਹੀਂ ਮਿਲਦੇ ਜਾਂ ਬਾਈਬਲ ਦੇ ਸੰਦੇਸ਼ ਵਿਚ ਦਿਲਚਸਪੀ ਨਹੀਂ ਲੈਂਦੇ, ਤਾਂ ਜੋਸ਼ ਨਾਲ ਪ੍ਰਚਾਰ ਕਰਦੇ ਰਹਿਣਾ ਔਖਾ ਹੋ ਸਕਦਾ ਹੈ। ਇਸ ਸਥਿਤੀ ਵਿਚ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਦਲੇਰੀ ਨਾਲ ਮੌਕੇ ਦਾ ਫ਼ਾਇਦਾ ਉਠਾ ਕੇ ਜਿੱਥੇ ਵੀ ਲੋਕ ਮਿਲਣ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਸ਼ਾਇਦ ਸਾਨੂੰ ਸਵੇਰ ਦੀ ਬਜਾਇ ਦੁਪਹਿਰ ਨੂੰ ਪ੍ਰਚਾਰ ਕਰਨ ਜਾਣਾ ਪਵੇ ਜਾਂ ਦੁਪਹਿਰ ਦੀ ਜਗ੍ਹਾ ਸ਼ਾਮ ਨੂੰ ਮਤਲਬ ਕਿ ਸਾਨੂੰ ਉਦੋਂ ਪ੍ਰਚਾਰ ਕਰਨ ਜਾਣਾ ਚਾਹੀਦਾ ਹੈ ਜਦ ਲੋਕ ਘਰ ਹੁੰਦੇ ਹਨ। ਸਾਨੂੰ ਉਨ੍ਹਾਂ ਇਲਾਕਿਆਂ ਵਿਚ ਪ੍ਰਚਾਰ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਜਿੱਥੇ ਜ਼ਿਆਦਾ ਲੋਕ ਮਿਲ ਸਕਣ।—ਹੋਰ ਜਾਣਕਾਰੀ ਲਈ ਯੂਹੰਨਾ 4:7-15; ਰਸੂਲਾਂ ਦੇ ਕਰਤੱਬ 16:13; 17:17 ਦੇਖੋ।
13 ਭੈਣਾਂ-ਭਰਾਵਾਂ ਨੂੰ ਹੋਰ ਵੀ ਕਈ ਔਕੜਾਂ ਵਿੱਚੋਂ ਲੰਘਣਾ ਪੈਂਦਾ ਹੈ। ਬੁਢਾਪੇ ਜਾਂ ਬੀਮਾਰੀ ਕਾਰਨ ਸ਼ਾਇਦ ਉਹ ਜ਼ਿਆਦਾ ਪ੍ਰਚਾਰ ਨਾ ਕਰ ਸਕਣ। ਜੇ ਇਹ ਤੁਹਾਡੇ ਬਾਰੇ ਸੱਚ ਹੈ, ਤਾਂ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ। ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਸੀਂ ਕਿੰਨਾ ਕੁ ਕਰ ਸਕਦੇ ਹੋ ਤੇ ਉਹ ਇਸ ਤੋਂ ਵੱਧ ਨਹੀਂ ਚਾਹੁੰਦਾ। ਉਸ ਦੀ ਸੇਵਾ ਵਿਚ ਜੋ ਕੁਝ ਤੁਸੀਂ ਦਿਲ ਲਾ ਕੇ ਕਰਦੇ ਹੋ ਉਸ ਤੋਂ ਉਹ ਖ਼ੁਸ਼ ਹੈ। (2 ਕੁਰਿੰਥੀਆਂ 8:12 ਪੜ੍ਹੋ।) ਚਾਹੇ ਸਾਡੇ ਤੇ ਜੋ ਮਰਜ਼ੀ ਮੁਸ਼ਕਲਾਂ ਆਉਣ, ਚਾਹੇ ਅਸੀਂ ਵਿਰੋਧਤਾ, ਮਾੜੀ ਸਹਿਤ ਜਾਂ ਲੋਕਾਂ ਦੀ ਬੇਦਿਲੀ ਦਾ ਸਾਮ੍ਹਣਾ ਕਰਦੇ ਹੋਈਏ, ਆਓ ਆਪਾਂ ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ।—ਕਹਾ. 3:27; ਹੋਰ ਜਾਣਕਾਰੀ ਲਈ ਮਰਕੁਸ 12:41-44 ਦੇਖੋ।
ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਓ
14. ਪੌਲੁਸ ਰਸੂਲ ਨੇ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ ਸੀ ਅਤੇ ਉਸ ਨੇ ਭੈਣਾਂ-ਭਰਾਵਾਂ ਨੂੰ ਕੀ ਸਲਾਹ ਦਿੱਤੀ ਸੀ?
14 ਪੌਲੁਸ ਰਸੂਲ ਤਨ-ਮਨ ਲਾ ਕੇ ਆਪਣੀ ਸੇਵਕਾਈ ਨੂੰ ਪੂਰਿਆਂ ਕਰਦਾ ਸੀ ਅਤੇ ਉਸ ਨੇ ਹੋਰਨਾਂ ਨੂੰ ਵੀ ਇਸ ਤਰ੍ਹਾਂ ਕਰਨ ਲਈ ਉਤਸ਼ਾਹਿਤ ਕੀਤਾ। (ਰਸੂ. 20:20, 21; 1 ਕੁਰਿੰ. 11:1) ਪੌਲੁਸ ਨੇ ਅਰਖਿੱਪੁਸ ਨਾਂ ਦੇ ਭਰਾ ਨੂੰ ਖ਼ਾਸ ਕਰਕੇ ਹੌਸਲਾ ਦਿੱਤਾ ਸੀ। ਕੁਲੁੱਸੀਆਂ ਨੂੰ ਲਿਖਦੇ ਹੋਏ ਪੌਲੁਸ ਰਸੂਲ ਨੇ ਕਿਹਾ: “ਅਰਖਿੱਪੁਸ ਨੂੰ ਆਖਣਾ ਭਈ ਜਿਹੜੀ ਸੇਵਕਾਈ ਤੈਨੂੰ ਪ੍ਰਭੁ ਵਿੱਚ ਪਰਾਪਤ ਹੋਈ ਹੈ ਵੇਖੀਂ ਤੂੰ ਉਸ ਨੂੰ ਪੂਰਿਆਂ ਕਰੀਂ।” (ਕੁਲੁ. 4:17) ਅਰਖਿੱਪੁਸ ਬਾਰੇ ਜਾਂ ਉਸ ਦੇ ਹਾਲਾਤਾਂ ਬਾਰੇ ਅਸੀਂ ਹੋਰ ਕੁਝ ਨਹੀਂ ਜਾਣਦੇ। ਪਰ ਲੱਗਦਾ ਹੈ ਕਿ ਉਸ ਨੇ ਪ੍ਰਚਾਰ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਈ ਸੀ। ਜਦ ਤੁਸੀਂ ਆਪਣੀ ਜ਼ਿੰਦਗੀ ਯਹੋਵਾਹ ਪਰਮੇਸ਼ੁਰ ਨੂੰ ਸੌਂਪੀ ਸੀ, ਤਾਂ ਤੁਸੀਂ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਸੀ। ਕੀ ਤੁਸੀਂ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾ ਰਹੇ ਹੋ?
15. ਪਰਮੇਸ਼ੁਰ ਨੂੰ ਜੀਵਨ ਸਮਰਪਿਤ ਕਰਨ ਵੇਲੇ ਅਸੀਂ ਕੀ ਕਰਨ ਦਾ ਵਾਅਦਾ ਕੀਤਾ ਸੀ ਅਤੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
15 ਬਪਤਿਸਮਾ ਲੈਣ ਤੋਂ ਪਹਿਲਾਂ ਅਸੀਂ ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਸੀ। ਉਦੋਂ ਅਸੀਂ ਪਰਮੇਸ਼ੁਰ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਦਾ ਵਾਅਦਾ ਕੀਤਾ ਸੀ। ਚੰਗਾ ਹੋਵੇਗਾ ਜੇਕਰ ਅਸੀਂ ਹੁਣ ਆਪਣੇ ਆਪ ਤੋਂ ਪੁੱਛੀਏ: ‘ਕੀ ਅੱਜ ਵੀ ਮੇਰੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਣ ਗੱਲ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਹੈ?’ ਹੋ ਸਕਦਾ ਹੈ ਕਿ ਸਾਨੂੰ ਯਹੋਵਾਹ ਵੱਲੋਂ ਮਿਲੀਆਂ ਹੋਰ ਵੀ ਕਈ ਜ਼ਿੰਮੇਵਾਰੀਆਂ ਸੰਭਾਲਣੀਆਂ ਪੈ ਰਹੀਆਂ ਹਨ ਜਿਵੇਂ ਕਿ ਪਰਿਵਾਰ ਦੀ ਦੇਖ-ਭਾਲ ਕਰਨੀ। (1 ਤਿਮੋ. 5:8) ਪਰ ਅਸੀਂ ਆਪਣਾ ਬਾਕੀ ਦਾ ਸਮਾਂ ਤੇ ਆਪਣੀ ਤਾਕਤ ਕਿਨ੍ਹਾਂ ਕੰਮਾਂ ਵਿਚ ਲਾਉਂਦੇ ਹਾਂ? ਜ਼ਿੰਦਗੀ ਵਿਚ ਅਸੀਂ ਕਿਹੜੀ ਗੱਲ ਨੂੰ ਪਹਿਲ ਦੇ ਰਹੇ ਹਾਂ?—2 ਕੁਰਿੰਥੀਆਂ 5:14, 15 ਪੜ੍ਹੋ।
16, 17. ਨੌਜਵਾਨ ਅਤੇ ਉਹ ਭੈਣ-ਭਰਾ ਜਿਨ੍ਹਾਂ ਕੋਲ ਘੱਟ ਜ਼ਿੰਮੇਵਾਰੀਆਂ ਹਨ ਕੀ ਕਰ ਸਕਦੇ ਹਨ?
16 ਕੀ ਤੁਸੀਂ ਅਜਿਹੇ ਨੌਜਵਾਨ ਹੋ ਜਿਸ ਨੇ ਪਰਮੇਸ਼ੁਰ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਹੈ ਅਤੇ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੇ ਹੋ ਜਾਂ ਕਰਨ ਵਾਲੇ ਹੋ? ਸੰਭਵ ਹੈ ਕਿ ਹਾਲੇ ਤੁਹਾਡੇ ਕੋਲ ਘਰ-ਬਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਹਨ। ਤਾਂ ਫਿਰ, ਤੁਸੀਂ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ? ਯਹੋਵਾਹ ਪਰਮੇਸ਼ੁਰ ਨੂੰ ਕੀਤੇ ਗਏ ਵਾਅਦੇ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਲਈ ਤੁਸੀਂ ਕਿਹੜੇ ਫ਼ੈਸਲੇ ਕਰੋਗੇ? ਕਈ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰ ਕੇ ਪਾਇਨੀਅਰੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ।—ਜ਼ਬੂ. 110:3; ਉਪ. 12:1.
17 ਕੀ ਤੁਸੀਂ ਅਜੇ ਜਵਾਨ ਹੋ? ਵਿਆਹੇ ਨਹੀਂ ਗਏ ਹੋ? ਕੀ ਤੁਹਾਡੇ ਮੋਢਿਆਂ ਤੇ ਆਪਣੀ ਦੇਖ-ਭਾਲ ਕਰਨ ਤੋਂ ਸਿਵਾਇ ਹੋਰ ਕੋਈ ਜ਼ਿੰਮੇਵਾਰੀ ਨਹੀਂ ਹੈ? ਤੁਸੀਂ ਸ਼ਾਇਦ ਫੁਲ-ਟਾਈਮ ਕੰਮ ਕਰ ਰਹੇ ਹੋ ਜਿਸ ਕਰਕੇ ਤੁਸੀਂ ਪ੍ਰਚਾਰ ਕਰਨ ਵਿਚ ਥੋੜ੍ਹਾ ਸਮਾਂ ਗੁਜ਼ਾਰ ਪਾਉਂਦੇ ਹੋ। ਪ੍ਰਚਾਰ ਦੇ ਕੰਮ ਵਿਚ ਘੱਟ ਸਮਾਂ ਲਾਉਣ ਨਾਲ ਤੁਸੀਂ ਆਪਣੇ ਆਪ ਨੂੰ ਖ਼ੁਸ਼ੀਆਂ ਤੋਂ ਵਾਂਝਿਆਂ ਰੱਖ ਰਹੇ ਹੋ। ਸੇਵਕਾਈ ਲਈ ਜ਼ਿਆਦਾ ਸਮਾਂ ਕੱਢਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ? (ਜ਼ਬੂ. 34:8; ਕਹਾ. 10:22) ਕੁਝ ਇਲਾਕਿਆਂ ਵਿਚ ਬਹੁਤ ਸਾਰੇ ਲੋਕਾਂ ਨੇ ਅਜੇ ਤਕ ਖ਼ੁਸ਼ ਖ਼ਬਰੀ ਨਹੀਂ ਸੁਣੀ। ਅਜਿਹੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਉਣ ਲਈ ਹਾਲੇ ਬਹੁਤ ਕੰਮ ਕਰਨ ਵਾਲਾ ਹੈ। ਕੀ ਤੁਸੀਂ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰ ਕੇ ਅਜਿਹੀ ਜਗ੍ਹਾ ਵਿਚ ਪ੍ਰਚਾਰ ਕਰਨ ਜਾ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਜ਼ਰੂਰਤ ਹੈ?—1 ਤਿਮੋਥਿਉਸ 6:6-8 ਪੜ੍ਹੋ।
18. ਇਕ ਜੋੜੇ ਨੇ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਤੇ ਇਨ੍ਹਾਂ ਦਾ ਨਤੀਜਾ ਕੀ ਨਿਕਲਿਆ?
18 ਕੈਵਿਨ ਤੇ ਐੱਲਨਾ ਦੀ ਉਦਾਹਰਣ ਤੇ ਗੌਰ ਕਰੋ।a ਅਮਰੀਕਾ ਵਿਚ ਰਹਿੰਦੇ ਹੋਰਨਾਂ ਨਵ-ਵਿਆਹੇ ਜੋੜਿਆਂ ਦੀ ਤਰ੍ਹਾਂ ਉਹ ਵਿਚਾਰਦੇ ਸਨ ਕਿ ਉਨ੍ਹਾਂ ਨੂੰ ਆਪਣਾ ਘਰ ਲੈਣ ਦੀ ਲੋੜ ਹੈ। ਆਰਾਮ ਦੀ ਜ਼ਿੰਦਗੀ ਜੀਉਣ ਲਈ ਉਹ ਦੋਵੇਂ ਫੁਲ-ਟਾਈਮ ਕੰਮ ਕਰ ਰਹੇ ਸਨ। ਉਹ ਆਪਣੇ ਕੰਮ-ਕਾਰ ਤੇ ਘਰੇਲੂ ਗੱਲਾਂ ਵਿਚ ਇੰਨੇ ਰੁੱਝੇ ਹੋਏ ਸਨ ਕਿ ਪ੍ਰਚਾਰ ਦੇ ਕੰਮ ਲਈ ਉਨ੍ਹਾਂ ਕੋਲ ਮਸਾਂ ਹੀ ਕੁਝ ਸਮਾਂ ਬਚਦਾ ਸੀ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਤਕਰੀਬਨ ਆਪਣਾ ਪੂਰਾ ਸਮਾਂ ਤੇ ਤਾਕਤ ਧਨ-ਦੌਲਤ ਇਕੱਠੀ ਕਰਨ ਵਿਚ ਲਾ ਰਹੇ ਸਨ। ਫਿਰ ਜਦ ਉਨ੍ਹਾਂ ਨੇ ਪਾਇਨੀਅਰੀ ਕਰ ਰਹੇ ਇਕ ਜੋੜੇ ਨੂੰ ਸਾਦੀ ਜ਼ਿੰਦਗੀ ਜੀਉਂਦੇ ਹੋਏ ਬਹੁਤ ਖ਼ੁਸ਼ ਦੇਖਿਆ, ਤਾਂ ਕੈਵਿਨ ਤੇ ਐੱਲਨਾ ਨੇ ਵੀ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰ ਕੇ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਦੁਆ ਕਰ ਕੇ ਯਹੋਵਾਹ ਪਰਮੇਸ਼ੁਰ ਤੋਂ ਮਦਦ ਮੰਗੀ। ਫਿਰ ਉਹ ਆਪਣਾ ਘਰ ਵੇਚ ਕੇ ਇਕ ਫਲੈਟ ਵਿਚ ਰਹਿਣ ਲੱਗ ਪਏ। ਐੱਲਨਾ ਪਾਰਟ-ਟਾਈਮ ਨੌਕਰੀ ਕਰਨ ਲੱਗ ਪਈ ਜਿਸ ਕਰਕੇ ਉਹ ਪਾਇਨੀਅਰੀ ਕਰ ਪਾਈ। ਆਪਣੀ ਪਤਨੀ ਨੂੰ ਪਾਇਨੀਅਰ ਸੇਵਾ ਵਿਚ ਖ਼ੁਸ਼ ਦੇਖ ਕੇ ਕੈਵਿਨ ਨੇ ਵੀ ਫੁਲ-ਟਾਈਮ ਨੌਕਰੀ ਕਰਨੀ ਛੱਡ ਕੇ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਉਹ ਆਪਣਾ ਘਰ-ਬਾਰ ਛੱਡ ਕੇ ਦੱਖਣੀ ਅਮਰੀਕਾ ਨੂੰ ਚੱਲੇ ਗਏ ਜਿੱਥੇ ਪ੍ਰਚਾਰਕਾਂ ਦੀ ਬਹੁਤ ਲੋੜ ਸੀ। ਕੈਵਿਨ ਦੱਸਦਾ ਹੈ: “ਸਾਡਾ ਵਿਆਹੁਤਾ ਜੀਵਨ ਤਾਂ ਪਹਿਲਾਂ ਹੀ ਖ਼ੁਸ਼ੀਆਂ ਭਰਿਆ ਸੀ। ਪਰ ਜਦ ਅਸੀਂ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਲੱਗੇ, ਤਾਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।”—ਮੱਤੀ 6:19-22 ਪੜ੍ਹੋ।
19, 20. ਅੱਜ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ?
19 ਅੱਜ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲੋਂ ਹੋਰ ਅਹਿਮ ਕੰਮ ਕੋਈ ਨਹੀਂ। (ਪਰ. 14:6, 7) ਇਹ ਯਹੋਵਾਹ ਦੇ ਨਾਂ ਨੂੰ ਉੱਚਾ ਕਰਦਾ ਹੈ ਅਤੇ ਉਸ ਦੇ ਨਾਂ ਤੇ ਲੱਗੇ ਕਲੰਕ ਨੂੰ ਮਿਟਾਉਂਦਾ ਹੈ। (ਮੱਤੀ 6:9) ਖ਼ੁਸ਼ ਖ਼ਬਰੀ ਨੂੰ ਕਬੂਲ ਕਰਨ ਵਾਲਿਆਂ ਦੀਆਂ ਜ਼ਿੰਦਗੀਆਂ ਸੁਧਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਹਮੇਸ਼ਾ ਦਾ ਜੀਵਨ ਵੀ ਮਿਲ ਸਕਦਾ ਹੈ। ਲੇਕਿਨ ਪੌਲੁਸ ਰਸੂਲ ਨੇ ਪੁੱਛਿਆ: “ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ?” (ਰੋਮੀ. 10:14, 15) ਹਾਂ, ਜੇ ਅਸੀਂ ਪ੍ਰਚਾਰ ਨਾ ਕਰੀਏ, ਤਾਂ ਲੋਕ ਖ਼ੁਸ਼ ਖ਼ਬਰੀ ਕਿਵੇਂ ਸੁਣ ਸਕਣਗੇ? ਇਸ ਲਈ, ਆਓ ਆਪਾਂ ਪ੍ਰਚਾਰ ਕਰਨ ਵਿਚ ਲੱਗੇ ਰਹੀਏ ਤਾਂਕਿ ਅਸੀਂ ਉਨ੍ਹਾਂ ਨੂੰ ਬਚਾ ਸਕੀਏ ਜੋ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
20 ਸਮੇਂ ਦੀ ਅਹਿਮੀਅਤ ਨੂੰ ਸਮਝਣ ਵਿਚ ਅਸੀਂ ਲੋਕਾਂ ਦੀ ਹੋਰ ਕਿੱਦਾਂ ਮਦਦ ਕਰ ਸਕਦੇ ਹਾਂ? ਇਕ ਵਧੀਆ ਤਰੀਕਾ ਹੈ ਕਿ ਅਸੀਂ ਚੰਗੀ ਤਰ੍ਹਾਂ ਸੱਚਾਈ ਸਿਖਾਉਣੀ ਸਿੱਖੀਏ। ਅਗਲੇ ਲੇਖ ਵਿਚ ਸਮਝਾਇਆ ਜਾਵੇਗਾ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ।
[ਫੁਟਨੋਟ]
a ਨਾਂ ਬਦਲੇ ਗਏ ਹਨ।
ਕੀ ਤੁਸੀਂ ਦੱਸ ਸਕਦੇ ਹੋ?
• ਮਸੀਹੀਆਂ ਵਜੋਂ ਸਾਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ?
• ਪ੍ਰਚਾਰ ਦੇ ਕੰਮ ਵਿਚ ਆਉਣ ਵਾਲੀਆਂ ਰੁਕਾਵਟਾਂ ਨੂੰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ?
• ਅਸੀਂ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਕਿਵੇਂ ਨਿਭਾ ਸਕਦੇ ਹਾਂ?
[ਸਫ਼ਾ 5 ਉੱਤੇ ਤਸਵੀਰ]
ਵਿਰੋਧਤਾ ਦਾ ਸਾਮ੍ਹਣਾ ਕਰਦੇ ਹੋਏ ਦਲੇਰੀ ਨਾਲ ਪ੍ਰਚਾਰ ਕਰਨ ਦੀ ਲੋੜ ਹੈ
[ਸਫ਼ਾ 7 ਉੱਤੇ ਤਸਵੀਰ]
ਤੁਸੀਂ ਕੀ ਕਰ ਸਕਦੇ ਹੋ ਜੇਕਰ ਤੁਹਾਨੂੰ ਉਸ ਇਲਾਕੇ ਵਿਚ ਪ੍ਰਚਾਰ ਕਰਨਾ ਪੈਂਦਾ ਹੈ ਜਿੱਥੇ ਘੱਟ ਲੋਕ ਘਰ ਮਿਲਦੇ ਹਨ?