ਰੱਬ ਨੂੰ ਪਾਉਣ ਲਈ ਵਾਲਾਂ ਦੀ ਬਣੀ ਕੁੜਤੀ ਦਾ ਸਹਾਰਾ
ਫ਼ਰਾਂਸ ਦਾ ਰਾਜਾ ਲੁਈ ਨੌਵਾਂ ਵਾਲਾਂ ਦੀ ਬਣੀ ਕੁੜਤੀ ਪਹਿਨਦਾ ਹੁੰਦਾ ਸੀ। ਜਵਾਨੀ ਵਿਚ ਵਕਾਲਤ ਦੀ ਪੜ੍ਹਾਈ ਕਰਦੇ ਸਮੇਂ ਸਰ ਟੌਮਸ ਮੋਰ ਅਜਿਹੀ ਕੁੜਤੀ ਪਹਿਨਣ ਨਾਲ ਕਈ-ਕਈ ਮਹੀਨਿਆਂ ਤਕ ਰੋਜ਼ 19-20 ਘੰਟੇ ਜਾਗਦਾ ਰਹਿੰਦਾ ਸੀ। ਮੰਨਿਆ ਜਾਂਦਾ ਹੈ ਕਿ ਮੋਰ ਨੇ ਲਗਭਗ ਆਪਣੀ ਪੂਰੀ ਜ਼ਿੰਦਗੀ ਵਾਲਾਂ ਦੀ ਬਣੀ ਕੁੜਤੀ ਪਾਈ ਰੱਖੀ। ਜਦ ਕੈਂਟ੍ਰਬਰੀ ਸ਼ਹਿਰ ਦੇ ਆਰਚਬਿਸ਼ਪ ਟੌਮਸ ਬੈਕੱਟ ਦੀ ਗਿਰਜੇ ਵਿਚ ਹੱਤਿਆ ਹੋਈ, ਤਾਂ ਉਸ ਦੀ ਦੇਹੀ ਤੋਂ ਅਜਿਹੀ ਕੁੜਤੀ ਮਿਲੀ ਜੋ ਉਸ ਨੇ ਆਪਣੇ ਕੱਪੜਿਆਂ ਥੱਲੇ ਪਾਈ ਹੋਈ ਸੀ। ਇਹ ਮਸ਼ਹੂਰ ਹਸਤੀਆਂ ਇਹੋ ਜਿਹੀਆਂ ਕੁੜਤੀਆਂ ਕਿਉਂ ਪਹਿਨਦੀਆਂ ਸਨ? ਆਪਣੀਆਂ ਇੱਛਾਵਾਂ ਅਤੇ ਖ਼ਾਹਸ਼ਾਂ ਨੂੰ ਦਬਾਉਣ ਜਾਂ ਉਨ੍ਹਾਂ ਉੱਤੇ ਕਾਬੂ ਪਾਉਣ ਲਈ ਇਹ ਲੋਕ ਵਾਲਾਂ ਦੀਆਂ ਬਣੀਆਂ ਘੁੱਟਵੀਆਂ ਕੁੜਤੀਆਂ ਪਹਿਨਦੇ ਸਨ।
ਇਹ ਕੁੜਤੀ ਬੱਕਰੀ ਦੇ ਵਾਲਾਂ ਦੀ ਬਣੀ ਹੋਈ ਸੀ। ਕੁੜਤੀ ਦੇ ਵਾਲ ਸਰੀਰ ਵਿਚ ਕੰਡਿਆਂ ਵਾਂਗ ਚੁੱਭ-ਚੁੱਭ ਕੇ ਚਮੜੀ ਨੂੰ ਛਿੱਲ ਕੇ ਰੱਖ ਦਿੰਦੇ ਸਨ ਜਿਸ ਕਰਕੇ ਸਰੀਰ ਨੂੰ ਬਹੁਤ ਤਕਲੀਫ਼ ਪਹੁੰਚਦੀ ਸੀ। ਇਹ ਸੌਖਿਆਂ ਹੀ ਜੂੰਆਂ ਦਾ ਘਰ ਵੀ ਬਣ ਜਾਂਦੀ ਸੀ। ਕੁੜਤੀ ਪਾਉਣ ਦੇ ਨਾਲ-ਨਾਲ ਟੌਮਸ ਬੈਕੱਟ ਇਸੇ ਕਿਸਮ ਦਾ ਕੱਛਾ ਵੀ ਪਾਉਂਦਾ ਹੁੰਦਾ ਸੀ। ਉਹ ਕੱਛੇ ਨੂੰ ਉਦੋਂ ਤਕ ਪਾਈ ਰੱਖਦਾ ਸੀ ਜਦ ਤਕ ਉਹ “ਜੂੰਆਂ ਨਾਲ ਭਰ ਨਹੀਂ ਜਾਂਦਾ ਸੀ।” ਸੋਲਵੀਂ ਸਦੀ ਤੋਂ ਬਾਅਦ, ਬੱਕਰੀ ਦੇ ਵਾਲਾਂ ਦੀ ਬਜਾਇ ਪਤਲੀ ਕੰਡਿਆਲ਼ੀ ਤਾਰ ਦੀ ਵਰਤੋਂ ਹੋਣ ਲੱਗੀ। ਤਾਰ ਦੇ ਤਿੱਖੇ ਕੰਡੇ ਨੰਗੇ ਸਰੀਰ ਵੱਲ ਨੂੰ ਘੁਮਾਏ ਜਾਂਦੇ ਸਨ ਜਿਸ ਕਰਕੇ ਪਾਉਣ ਵਾਲੇ ਨੂੰ ਹੋਰ ਤਕਲੀਫ਼ ਹੁੰਦੀ।
ਇਕ ਕਿਤਾਬ ਦੇ ਅਨੁਸਾਰ ਇਹ ਕੁੜਤੀ ਇਸ ਮਕਸਦ ਨਾਲ ਬਣਾਈ ਗਈ ਸੀ ਕਿ ਇਸ ਨੂੰ “ਪਾਉਣ ਵਾਲਾ ਵਿਅਕਤੀ ਆਪਣੀਆਂ ਪਾਪੀ ਇੱਛਾਵਾਂ ਤੇ ਕਾਬੂ ਪਾ ਸਕੇ ਤਾਂਕਿ ਉਸ ਦਾ ਮਨ ਹਮੇਸ਼ਾ ਸ਼ੁੱਧ ਰਹੇ ਤੇ ਰੱਬ ਵੱਲ ਲੱਗਾ ਰਹੇ।” ਇਹ ਕੁੜਤੀ ਕੇਵਲ ਸੰਨਿਆਸੀ ਹੀ ਨਹੀਂ ਪਾਉਂਦੇ ਸਨ, ਸਗੋਂ ਆਮ ਲੋਕ ਅਤੇ ਉੱਚੇ ਅਹੁਦਿਆਂ ਵਾਲੇ ਵੀ ਇਸ ਦੀ ਵਰਤੋਂ ਕਰਦੇ ਸਨ। ਅੱਜ ਵੀ ਕਈ ਧਰਮਾਂ ਦੇ ਲੋਕ ਇਸ ਰੀਤ ਤੇ ਚੱਲਦੇ ਹਨ।
ਕੀ ਅਜਿਹੀ ਕੁੜਤੀ ਪਾਉਣ ਨਾਲ ਜਾਂ ਸਰੀਰ ਨੂੰ ਤਸੀਹੇ ਦੇਣ ਨਾਲ ਰੱਬ ਦੀ ਭਗਤੀ ਧਿਆਨ ਲਾ ਕੇ ਕੀਤੀ ਜਾ ਸਕਦੀ ਹੈ? ਨਹੀਂ। ਅਜਿਹੇ ਦਸਤੂਰ ਜਾਂ ਰੀਤੀ-ਰਿਵਾਜ ਫ਼ਜ਼ੂਲ ਹਨ। ਦਰਅਸਲ ਬਾਈਬਲ ਦੇ ਇਕ ਲਿਖਾਰੀ ਨੇ ਇਸ ਤਰ੍ਹਾਂ ਦੀ “ਦੇਹੀ ਦੀ ਤਪੱਸਿਆ” ਕਰਨ ਵਾਲਿਆਂ ਨੂੰ ਨਿੰਦਿਆ ਸੀ। (ਕੁਲੁੱਸੀਆਂ 2:23)a ਬਾਈਬਲ ਵਿੱਚੋਂ ਗਿਆਨ ਪ੍ਰਾਪਤ ਕਰਨ ਅਤੇ ਇਸ ਗਿਆਨ ਨੂੰ ਜ਼ਿੰਦਗੀ ਵਿਚ ਲਾਗੂ ਕਰਨ ਨਾਲ ਹੀ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦਾ ਹੈ।
[ਫੁਟਨੋਟ]
a ਇਸ ਰੀਤ ਬਾਰੇ ਹੋਰ ਜਾਣਕਾਰੀ ਲੈਣ ਲਈ 8 ਅਕਤੂਬਰ 1997 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਬਾਈਬਲ ਦਾ ਦ੍ਰਿਸ਼ਟੀਕੋਣ: ਕੀ ਬੁੱਧ ਲਈ ਤਿਆਗ ਕਰਨੇ ਜ਼ਰੂਰੀ ਹਨ?” ਲੇਖ ਦੇਖੋ।
[ਸਫ਼ਾ 32 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
King Louis IX, top: From the book Great Men and Famous Women; Thomas Becke, center: From the book Ridpath’s History of the World (Vol. IV); Thomas More, bottom: From the book Heroes of the Reformation, 1904