ਨੌਜਵਾਨੋ—“ਮੁਕਤੀ ਪਾਉਣ ਦਾ ਜਤਨ ਕਰਦੇ ਰਹੋ”
“ਜਿਵੇਂ ਤੁਸੀਂ ਹਮੇਸ਼ਾ ਆਗਿਆਕਾਰੀ ਕਰਦੇ ਹੋ, . . . ਉਸੇ ਤਰ੍ਹਾਂ ਤੁਸੀਂ ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ ਰਹੋ।”—ਫ਼ਿਲਿ. 2:12.
1. ਬਪਤਿਸਮਾ ਲੈਣ ਦਾ ਫ਼ੈਸਲਾ ਇੰਨਾ ਅਹਿਮ ਕਿਉਂ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਹਰ ਸਾਲ ਹਜ਼ਾਰਾਂ ਬਾਈਬਲ ਵਿਦਿਆਰਥੀ ਬਪਤਿਸਮਾ ਲੈਂਦੇ ਹਨ। ਇਨ੍ਹਾਂ ਵਿਚ ਬਹੁਤ ਸਾਰੇ ਨੌਜਵਾਨ ਅਤੇ ਛੋਟੇ ਬੱਚੇ ਵੀ ਹਨ। ਉਨ੍ਹਾਂ ਨੂੰ ਸ਼ਾਇਦ ਬਚਪਨ ਤੋਂ ਸੱਚਾਈ ਬਾਰੇ ਪਤਾ ਸੀ। ਕੀ ਇਹ ਗੱਲ ਤੁਹਾਡੇ ਬਾਰੇ ਵੀ ਸੱਚ ਹੈ? ਜੇ ਹਾਂ, ਤਾਂ ਤੁਸੀਂ ਤਾਰੀਫ਼ ਦੇ ਕਾਬਲ ਹੋ। ਮੁਕਤੀ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਉਣ ਲਈ ਬਪਤਿਸਮਾ ਲੈਣਾ ਬਹੁਤ ਜ਼ਰੂਰੀ ਹੈ।—ਮੱਤੀ 28:19, 20; 1 ਪਤ. 3:21.
2. ਯਹੋਵਾਹ ਨੂੰ ਸਮਰਪਣ ਕਰਨ ਤੋਂ ਤੁਹਾਨੂੰ ਡਰਨਾ ਕਿਉਂ ਨਹੀਂ ਚਾਹੀਦਾ?
2 ਬਿਨਾਂ ਸ਼ੱਕ ਬਪਤਿਸਮੇ ਤੋਂ ਬਾਅਦ ਯਹੋਵਾਹ ਨੇ ਤੁਹਾਡੇ ਉੱਤੇ ਬੇਸ਼ੁਮਾਰ ਬਰਕਤਾਂ ਵਰਸਾਈਆਂ ਹੋਣੀਆਂ। ਪਰ ਬਰਕਤਾਂ ਦੇ ਨਾਲ-ਨਾਲ ਤੁਹਾਨੂੰ ਕੁਝ ਨਵੀਆਂ ਜ਼ਿੰਮੇਵਾਰੀਆਂ ਵੀ ਮਿਲੀਆਂ ਸਨ। ਉਹ ਕਿਹੜੀਆਂ ਜ਼ਿੰਮੇਵਾਰੀਆਂ ਸਨ? ਤੁਹਾਡੇ ਬਪਤਿਸਮੇ ਵਾਲੇ ਦਿਨ, ਬਪਤਿਸਮੇ ਦਾ ਭਾਸ਼ਣ ਦੇਣ ਵਾਲੇ ਭਰਾ ਨੇ ਤੁਹਾਨੂੰ ਪੁੱਛਿਆ ਸੀ: “ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ʼਤੇ, ਕੀ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕੀਤੀ ਹੈ?” ਤੁਸੀਂ ਇਸ ਸਵਾਲ ਦਾ ਜਵਾਬ ਹਾਂ ਵਿਚ ਦਿੱਤਾ ਸੀ। ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਯਹੋਵਾਹ ਨੂੰ ਕਰੋਗੇ ਅਤੇ ਉਸ ਦੀ ਸੇਵਾ ਨੂੰ ਪਹਿਲ ਦਿਓਗੇ। ਇੰਨਾ ਗੰਭੀਰ ਵਾਅਦਾ ਕਰ ਕੇ ਕੀ ਤੁਹਾਨੂੰ ਪਛਤਾਉਣਾ ਚਾਹੀਦਾ ਹੈ? ਹਰਗਿਜ਼ ਨਹੀਂ! ਆਪਣੇ ਆਪ ਨੂੰ ਯਹੋਵਾਹ ਦੇ ਹਵਾਲੇ ਕਰ ਕੇ ਤੁਹਾਨੂੰ ਕਦੀ ਵੀ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਦੇ ਉਲਟ, ਯਹੋਵਾਹ ਨੂੰ ਨਾ ਜਾਣਨ ਵਾਲੇ ਲੋਕ ਸ਼ੈਤਾਨ ਦੇ ਵੱਸ ਪਏ ਹੋਏ ਹਨ। ਸ਼ੈਤਾਨ ਨੂੰ ਤੁਹਾਡੀ ਜ਼ਰਾ ਵੀ ਪਰਵਾਹ ਨਹੀਂ ਤੇ ਨਾ ਹੀ ਉਹ ਚਾਹੁੰਦਾ ਹੈ ਕਿ ਤੁਸੀਂ ਮੁਕਤੀ ਪਾਓ। ਉਸ ਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਹੋਵੇਗੀ ਜੇ ਤੁਸੀਂ ਯਹੋਵਾਹ ਤੋਂ ਮੂੰਹ ਮੋੜ ਕੇ ਉਸ ਦੇ ਮਗਰ ਲੱਗ ਜਾਓ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਤੋਂ ਹੱਥ ਧੋ ਬੈਠੋ।
3. ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਨਾਲ ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
3 ਜ਼ਰਾ ਸੋਚੋ ਕਿ ਯਹੋਵਾਹ ਨੂੰ ਸਮਰਪਣ ਕਰ ਕੇ ਅਤੇ ਬਪਤਿਸਮਾ ਲੈ ਕੇ ਤੁਹਾਨੂੰ ਕਿੰਨੀਆਂ ਬਰਕਤਾਂ ਮਿਲੀਆਂ ਹਨ। ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਦੇ ਕੇ ਤੁਸੀਂ ਪੂਰੇ ਭਰੋਸੇ ਨਾਲ ਕਹਿ ਸਕਦੇ ਹੋ: “ਯਹੋਵਾਹ ਮੇਰੀ ਵੱਲ ਹੈ, ਮੈਂ ਨਹੀਂ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?” (ਜ਼ਬੂ. 118:6) ਨੌਜਵਾਨੋ, ਤੁਹਾਡੇ ਲਈ ਇਸ ਤੋਂ ਵੱਡਾ ਸਨਮਾਨ ਹੋਰ ਹੋ ਹੀ ਨਹੀਂ ਸਕਦਾ ਕਿ ਤੁਸੀਂ ਯਹੋਵਾਹ ਦੇ ਨਾਲ ਖੜ੍ਹੇ ਹੋ ਅਤੇ ਉਸ ਦੀ ਮਿਹਰ ਤੁਹਾਡੇ ʼਤੇ ਹੈ।
ਤੁਹਾਡੀ ਜ਼ਿੰਮੇਵਾਰੀ
4, 5. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਮਰਪਣ ਕਰਨ ਦੀ ਜ਼ਿੰਮੇਵਾਰੀ ਆਪੋ-ਆਪਣੀ ਹੈ? (ਅ) ਹਰ ਉਮਰ ਦੇ ਮਸੀਹੀਆਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?
4 ਨੌਜਵਾਨੋ, ਜੇ ਤੁਹਾਡੇ ਮਾਪਿਆਂ ਦਾ ਰਿਸ਼ਤਾ ਯਹੋਵਾਹ ਨਾਲ ਗੂੜ੍ਹਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਵੀ ਗੂੜ੍ਹਾ ਹੈ। ਚਾਹੇ ਤੁਸੀਂ ਆਪਣੇ ਮੰਮੀ-ਡੈਡੀ ਨਾਲ ਰਹਿੰਦੇ ਹੋ, ਪਰ ਫਿਰ ਵੀ ਯਹੋਵਾਹ ਨਾਲ ਆਪਣਾ ਰਿਸ਼ਤਾ ਬਣਾਈ ਰੱਖਣ ਲਈ ਤੁਹਾਨੂੰ ਆਪ ਮਿਹਨਤ ਕਰਨੀ ਚਾਹੀਦੀ ਹੈ। ਇਹ ਗੱਲ ਜ਼ਰੂਰੀ ਕਿਉਂ ਹੈ? ਕੋਈ ਵੀ ਨਹੀਂ ਜਾਣਦਾ ਕਿ ਭਵਿੱਖ ਵਿਚ ਤੁਹਾਡੀ ਨਿਹਚਾ ਕਿਵੇਂ ਪਰਖੀ ਜਾਵੇਗੀ। ਮਿਸਾਲ ਲਈ, ਸ਼ਾਇਦ ਤੁਸੀਂ ਛੋਟੀ ਉਮਰ ਵਿਚ ਹੀ ਬਪਤਿਸਮਾ ਲਿਆ ਸੀ। ਪਰ ਹੁਣ ਜਵਾਨੀ ਵਿਚ ਪੈਰ ਰੱਖਣ ਕਰਕੇ ਤੁਹਾਡੇ ਵਿਚ ਨਵੇਂ ਜਜ਼ਬਾਤ ਜਾਗ ਉੱਠੇ ਹਨ ਅਤੇ ਤੁਹਾਨੂੰ ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਇਕ ਅੱਲੜ੍ਹ ਉਮਰ ਦੀ ਕੁੜੀ ਨੇ ਕਿਹਾ: “ਜਦੋਂ ਸਕੂਲ ਵਿਚ ਕਿਸੇ ਦਾ ਜਨਮ-ਦਿਨ ਹੁੰਦਾ ਹੈ, ਤਾਂ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਲਈ ਇਹ ਕੋਈ ਵੱਡੀ ਪਰੀਖਿਆ ਨਹੀਂ ਕਿ ਉਹ ਕੇਕ ਨਹੀਂ ਖਾ ਸਕਦੇ। ਪਰ ਉਦੋਂ ਪਰੀਖਿਆ ਦੀ ਘੜੀ ਹੋ ਸਕਦੀ ਹੈ, ਜਦੋਂ ਉਹ ਵੱਡੇ ਹੋ ਜਾਂਦੇ ਹਨ ਅਤੇ ਕਾਮ-ਵਾਸ਼ਨਾ ਦੀ ਇੱਛਾ ਬਹੁਤ ਜ਼ਬਰਦਸਤ ਹੁੰਦੀ ਹੈ। ਉਦੋਂ ਉਨ੍ਹਾਂ ਲਈ ਇਸ ਗੱਲ ʼਤੇ ਭਰੋਸਾ ਰੱਖਣਾ ਔਖਾ ਹੋ ਸਕਦਾ ਹੈ ਕਿ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣ ਵਿਚ ਹੀ ਉਨ੍ਹਾਂ ਦੀ ਭਲਾਈ ਹੈ।”
5 ਸਿਰਫ਼ ਨੌਜਵਾਨਾਂ ਨੂੰ ਹੀ ਨਹੀਂ, ਸਗੋਂ ਵੱਡੀ ਉਮਰ ਵਿਚ ਬਪਤਿਸਮਾ ਲੈਣ ਵਾਲਿਆਂ ਨੂੰ ਵੀ ਨਵੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਚਾਨਕ ਮੁਸ਼ਕਲਾਂ ਆਉਣ ਕਰਕੇ ਉਨ੍ਹਾਂ ਦੀ ਨਿਹਚਾ ਪਰਖੀ ਜਾ ਸਕਦੀ ਹੈ। ਇਹ ਮੁਸ਼ਕਲਾਂ ਵਿਆਹੁਤਾ ਜੀਵਨ, ਸਿਹਤ ਜਾਂ ਕੰਮ ਸੰਬੰਧੀ ਹੋ ਸਕਦੀਆਂ ਹਨ। ਚਾਹੇ ਅਸੀਂ ਵੱਡੇ ਹੋਈਏ ਜਾਂ ਛੋਟੇ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਲੋੜ ਹੈ।—ਯਾਕੂ. 1:12-14.
6. (ੳ) ਬਿਨਾਂ ਸ਼ਰਤ ਯਹੋਵਾਹ ਨੂੰ ਸਮਰਪਣ ਕਰਨ ਦਾ ਕੀ ਮਤਲਬ ਹੈ? (ਅ) ਫ਼ਿਲਿੱਪੀਆਂ 4:11-13 ਤੋਂ ਤੁਸੀਂ ਕੀ ਸਿੱਖ ਸਕਦੇ ਹੋ?
6 ਵਫ਼ਾਦਾਰ ਰਹਿਣ ਲਈ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਬਿਨਾਂ ਕਿਸੇ ਸ਼ਰਤ ਦੇ ਯਹੋਵਾਹ ਨਾਲ ਸਮਰਪਣ ਦਾ ਵਾਅਦਾ ਕੀਤਾ ਸੀ। ਇਸ ਦਾ ਮਤਲਬ ਹੈ ਕਿ ਚਾਹੇ ਤੁਹਾਡੇ ਦੋਸਤ ਜਾਂ ਮਾਂ-ਬਾਪ ਵੀ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣ, ਫਿਰ ਵੀ ਤੁਸੀਂ ਪੂਰੇ ਜਹਾਨ ਦੇ ਮਾਲਕ ਦੀ ਸੇਵਾ ਕਰਦੇ ਰਹੋਗੇ। (ਜ਼ਬੂ. 27:10) ਆਪਣਾ ਵਾਅਦਾ ਨਿਭਾਉਣ ਲਈ ਹਰ ਹਾਲਾਤ ਵਿਚ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ।—ਫ਼ਿਲਿੱਪੀਆਂ 4:11-13 ਪੜ੍ਹੋ।
7. “ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ” ਰਹਿਣ ਦਾ ਕੀ ਮਤਲਬ ਹੈ?
7 ਯਹੋਵਾਹ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਹੈ। ਪਰ ਇਸ ਦੋਸਤੀ ਨੂੰ ਗੂੜ੍ਹਾ ਰੱਖਣ ਅਤੇ ਮੁਕਤੀ ਪਾਉਣ ਲਈ ਤੁਹਾਨੂੰ ਜਤਨ ਕਰਦੇ ਰਹਿਣਾ ਚਾਹੀਦਾ ਹੈ। ਫ਼ਿਲਿੱਪੀਆਂ 2:12 ਵਿਚ ਲਿਖਿਆ ਹੈ ਕਿ “ਡਰਦੇ ਅਤੇ ਕੰਬਦੇ ਹੋਏ ਮੁਕਤੀ ਪਾਉਣ ਦਾ ਜਤਨ ਕਰਦੇ ਰਹੋ।” ਇਸ ਲਈ ਤੁਹਾਨੂੰ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ ਕਿ ਤੁਸੀਂ ਹਰ ਹਾਲਾਤ ਵਿਚ ਯਹੋਵਾਹ ਦੇ ਨੇੜੇ ਅਤੇ ਉਸ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹੋ। ਇਹ ਨਾ ਸੋਚੋ ਕਿ ਤੁਸੀਂ ਯਹੋਵਾਹ ਤੋਂ ਕਦੀ ਦੂਰ ਨਹੀਂ ਹੋਵੋਗੇ। ਕਿਉਂ? ਕਿਉਂਕਿ ਯਾਦ ਕਰੋ ਕਿ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਨ ਵਾਲੇ ਕੁਝ ਲੋਕ ਵੀ ਬੇਵਫ਼ਾ ਹੋ ਗਏ ਸਨ। ਮੁਕਤੀ ਪਾਉਣ ਲਈ ਤੁਸੀਂ ਕਿਹੜੇ ਜਤਨ ਕਰ ਸਕਦੇ ਹੋ?
ਬਾਈਬਲ ਅਧਿਐਨ ਕਰਨਾ ਜ਼ਰੂਰੀ
8. ਬਾਈਬਲ ਅਧਿਐਨ ਕਰਨ ਵਿਚ ਕੀ ਕੁਝ ਸ਼ਾਮਲ ਹੈ? ਇਹ ਇੰਨਾ ਜ਼ਰੂਰੀ ਕਿਉਂ ਹੈ?
8 ਯਹੋਵਾਹ ਦੇ ਦੋਸਤ ਬਣਨ ਲਈ ਸਾਨੂੰ ਉਸ ਦੀ ਗੱਲ ਸੁਣਨੀ ਅਤੇ ਆਪਣੀ ਗੱਲ ਦੱਸਣੀ ਚਾਹੀਦੀ ਹੈ। ਯਹੋਵਾਹ ਦੀ ਆਵਾਜ਼ ਸੁਣਨ ਦਾ ਸਭ ਤੋਂ ਵਧੀਆ ਤਰੀਕਾ ਬਾਈਬਲ ਅਧਿਐਨ ਕਰਨਾ ਹੈ। ਇਸ ਵਿਚ ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਨਾ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰਨਾ ਵੀ ਸ਼ਾਮਲ ਹੈ। ਪਰ ਬਾਈਬਲ ਦਾ ਅਧਿਐਨ ਕਰਨ ਦਾ ਇਹ ਮਤਲਬ ਨਹੀਂ ਕਿ ਅਸੀਂ ਸਕੂਲ ਦੇ ਪੇਪਰਾਂ ਵਾਂਗ ਜਾਣਕਾਰੀ ਦਾ ਰੱਟਾ ਲਾ ਲਈਏ। ਇਸ ਦੀ ਬਜਾਇ, ਅਧਿਐਨ ਕਰਨਾ ਇਕ ਅਜਿਹੇ ਸਫ਼ਰ ਵਾਂਗ ਹੈ ਜਿਸ ਵਿਚ ਤੁਸੀਂ ਯਹੋਵਾਹ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖਦੇ ਹੋ। ਇਸ ਨਾਲ ਤੁਸੀਂ ਯਹੋਵਾਹ ਦੇ ਨੇੜੇ ਜਾਓਗੇ ਅਤੇ ਉਹ ਤੁਹਾਡੇ ਨੇੜੇ ਆਵੇਗਾ।—ਯਾਕੂ. 4:8.
9. ਬਾਈਬਲ ਅਧਿਐਨ ਕਰਨ ਲਈ ਤੁਸੀਂ ਕਿਹੜੇ ਔਜ਼ਾਰ ਇਸਤੇਮਾਲ ਕਰਦੇ ਹੋ?
9 ਬਾਈਬਲ ਅਧਿਐਨ ਕਰਨ ਲਈ ਯਹੋਵਾਹ ਦੇ ਸੰਗਠਨ ਨੇ ਤੁਹਾਡੇ ਲਈ ਬਹੁਤ ਸਾਰੇ ਔਜ਼ਾਰ ਤਿਆਰ ਕੀਤੇ ਹਨ। ਮਿਸਾਲ ਲਈ, jw.org ʼਤੇ “ਨੌਜਵਾਨ ਲਈ” ਦੇ ਹੇਠਾਂ “ਬਾਈਬਲ ਸਟੱਡੀ ਕਰਨ ਲਈ” (ਅੰਗ੍ਰੇਜ਼ੀ) ਲੇਖਾਂ ਦੀ ਲੜੀ ਦਿੱਤੀ ਗਈ ਹੈ। ਇਸ ਦੀ ਮਦਦ ਨਾਲ ਅਧਿਐਨ ਕੀਤੀਆਂ ਗੱਲਾਂ ਨੂੰ ਲਾਗੂ ਕਰਨ ਵਿਚ ਤੁਹਾਡੀ ਮਦਦ ਹੋਵੇਗੀ। ਇਸ ਦੇ ਨਾਲ-ਨਾਲ jw.org ʼਤੇ “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?” ਕਿਤਾਬ ʼਤੇ ਆਧਾਰਿਤ ਇਕ ਖ਼ਾਸ ਲੜੀ (ਅੰਗ੍ਰੇਜ਼ੀ) ਤਿਆਰ ਕੀਤੀ ਗਈ ਹੈ। ਇਨ੍ਹਾਂ ਦੀ ਮਦਦ ਨਾਲ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਅਤੇ ਤੁਸੀਂ ਸੌਖਿਆਂ ਹੀ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸ ਸਕੋਗੇ। ਹੋਰ ਸੁਝਾਵਾਂ ਲਈ ਅਪ੍ਰੈਲ 2009 ਦੇ ਜਾਗਰੂਕ ਬਣੋ! ਰਸਾਲੇ ਵਿਚ “ਨੌਜਵਾਨ ਪੁੱਛਦੇ ਹਨ . . . ਮੈਂ ਬਾਈਬਲ ਰੀਡਿੰਗ ਦਾ ਆਨੰਦ ਮਾਣਨ ਲਈ ਕੀ ਕਰ ਸਕਦਾ ਹਾਂ?” ਨਾਂ ਦਾ ਲੇਖ ਦੇਖੋ। ਮੁਕਤੀ ਪਾਉਣ ਦਾ ਜਤਨ ਕਰਦੇ ਰਹਿਣ ਲਈ ਅਧਿਐਨ ਅਤੇ ਸੋਚ-ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।—ਜ਼ਬੂਰਾਂ ਦੀ ਪੋਥੀ 119:105 ਪੜ੍ਹੋ।
ਪ੍ਰਾਰਥਨਾ ਕਰਨੀ ਜ਼ਰੂਰੀ
10. ਬਪਤਿਸਮਾ ਪ੍ਰਾਪਤ ਮਸੀਹੀਆਂ ਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
10 ਬਾਈਬਲ ਪੜ੍ਹ ਕੇ ਅਸੀਂ ਯਹੋਵਾਹ ਦੀ ਆਵਾਜ਼ ਸੁਣਦੇ ਹਾਂ ਅਤੇ ਪ੍ਰਾਰਥਨਾ ਕਰ ਕੇ ਅਸੀਂ ਉਸ ਨੂੰ ਆਪਣੇ ਦਿਲ ਦੀ ਗੱਲ ਦੱਸਦੇ ਹਾਂ। ਪ੍ਰਾਰਥਨਾ ਨੂੰ ਸਿਰਫ਼ ਇਕ ਆਦਤ ਨਾ ਬਣਾਓ ਤੇ ਨਾ ਹੀ ਕਾਮਯਾਬੀ ਪਾਉਣ ਲਈ ਇਸ ਨੂੰ ਤਵੀਤ ਵਾਂਗ ਵਰਤੋਂ। ਪ੍ਰਾਰਥਨਾ ਰਾਹੀਂ ਅਸੀਂ ਆਪਣੇ ਸ੍ਰਿਸ਼ਟੀਕਰਤਾ ਨਾਲ ਗੱਲ ਕਰਦੇ ਹਾਂ। ਜ਼ਰਾ ਸੋਚੋ, ਯਹੋਵਾਹ ਸੱਚ-ਮੁੱਚ ਤੁਹਾਡੀ ਗੱਲ ਸੁਣਨੀ ਚਾਹੁੰਦਾ ਹੈ। (ਫ਼ਿਲਿੱਪੀਆਂ 4:6 ਪੜ੍ਹੋ।) ਜਦੋਂ ਵੀ ਤੁਹਾਨੂੰ ਕਿਸੇ ਗੱਲ ਦੀ ਚਿੰਤਾ ਹੋਵੇ, ਤਾਂ ਬਾਈਬਲ ਕਹਿੰਦੀ ਹੈ ਕਿ ‘ਆਪਣਾ ਭਾਰ ਯਹੋਵਾਹ ਉੱਤੇ ਸੁੱਟ’ ਦਿਓ। (ਜ਼ਬੂ. 55:22) ਲੱਖਾਂ ਹੀ ਭੈਣ-ਭਰਾ ਤੁਹਾਨੂੰ ਦੱਸਣਗੇ ਕਿ ਉਨ੍ਹਾਂ ਨੇ ਇਹ ਗੱਲ ਆਪਣੀ ਜ਼ਿੰਦਗੀ ਵਿਚ ਅਜ਼ਮਾ ਕੇ ਦੇਖੀ ਹੈ। ਇਸ ਤਰ੍ਹਾਂ ਕਰ ਕੇ ਤੁਹਾਡੀ ਵੀ ਮਦਦ ਹੋਵੇਗੀ।
11. ਤੁਹਾਨੂੰ ਹਮੇਸ਼ਾ ਯਹੋਵਾਹ ਦਾ ਧੰਨਵਾਦ ਕਿਉਂ ਕਰਨਾ ਚਾਹੀਦਾ ਹੈ?
11 ਸਾਨੂੰ ਸਿਰਫ਼ ਉਦੋਂ ਹੀ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ, ਜਦੋਂ ਸਾਨੂੰ ਲੋੜ ਹੋਵੇ। ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।” (ਕੁਲੁ. 3:15) ਕਦੀ-ਕਦੀ ਅਸੀਂ ਆਪਣੀਆਂ ਚਿੰਤਾਵਾਂ ਵਿਚ ਇੰਨੇ ਡੁੱਬ ਜਾਂਦੇ ਹਾਂ ਕਿ ਸਾਨੂੰ ਬਰਕਤਾਂ ਨਜ਼ਰ ਹੀ ਨਹੀਂ ਆਉਂਦੀਆਂ। ਕਿਉਂ ਨਾ ਇਸ ਤਰ੍ਹਾਂ ਕਰੋ: ਹਰ ਰੋਜ਼ ਘੱਟੋ-ਘੱਟ ਤਿੰਨ ਗੱਲਾਂ ਲਈ ਯਹੋਵਾਹ ਦਾ ਧੰਨਵਾਦ ਕਰੋ। ਅੱਲੜ੍ਹ ਉਮਰ ਦੀ ਭੈਣ ਅਬੀਗੈਲ, ਜਿਸ ਦਾ ਬਪਤਿਸਮਾ 12 ਸਾਲ ਦੀ ਉਮਰ ਵਿਚ ਹੋਇਆ ਸੀ, ਦੱਸਦੀ ਹੈ: “ਸਾਨੂੰ ਪੂਰੀ ਕਾਇਨਾਤ ਵਿੱਚੋਂ ਸਭ ਤੋਂ ਜ਼ਿਆਦਾ ਧੰਨਵਾਦ ਯਹੋਵਾਹ ਦਾ ਕਰਨਾ ਚਾਹੀਦਾ ਹੈ। ਯਹੋਵਾਹ ਵੱਲੋਂ ਦਿੱਤੇ ਤੋਹਫ਼ਿਆਂ ਲਈ ਸਾਨੂੰ ਹਰ ਵੇਲੇ ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ।” ਕਈ ਵਾਰ ਅਬੀਗੈਲ ਆਪਣੇ ਆਪ ਤੋਂ ਉਹ ਸਵਾਲ ਪੁੱਛਦੀ ਹੈ ਜੋ ਉਸ ਨੇ ਕਿਸੇ ਤੋਂ ਸੁਣਿਆ ਸੀ: “ਜੇ ਸਵੇਰੇ ਉੱਠ ਕੇ ਮੇਰੇ ਕੋਲ ਸਿਰਫ਼ ਉਹੀ ਚੀਜ਼ਾਂ ਹੋਣ ਜਿਨ੍ਹਾਂ ਲਈ ਮੈਂ ਸੌਣ ਤੋਂ ਪਹਿਲਾਂ ਯਹੋਵਾਹ ਦਾ ਧੰਨਵਾਦ ਕੀਤਾ ਸੀ, ਤਾਂ ਮੇਰੇ ਕੋਲ ਕਿੰਨੀਆਂ ਕੁ ਚੀਜ਼ਾਂ ਹੋਣਗੀਆਂ?”a
ਖ਼ੁਦ ਤਜਰਬਾ ਕਰਨਾ ਕਿਉਂ ਜ਼ਰੂਰੀ
12, 13. ਤੁਸੀਂ ਖ਼ੁਦ ਯਹੋਵਾਹ ਦੀ ਭਲਾਈ ਦਾ ਸੁਆਦ ਕਿਵੇਂ ਚੱਖਿਆ ਹੈ? ਇਸ ਗੱਲ ʼਤੇ ਸੋਚ-ਵਿਚਾਰ ਕਰਨਾ ਕਿਉਂ ਜ਼ਰੂਰੀ ਹੈ?
12 ਯਹੋਵਾਹ ਨੇ ਦਾਊਦ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚਾਇਆ ਸੀ। ਇਸ ਲਈ ਦਾਊਦ ਨੇ ਆਪਣੇ ਤਜਰਬੇ ਤੋਂ ਦੱਸਿਆ: “ਚੱਖੋ ਤੇ ਵੇਖੋ ਭਈ ਯਹੋਵਾਹ ਭਲਾ ਹੈ, ਧੰਨ ਹੈ ਉਹ ਪੁਰਸ਼ ਜੋ ਉਸ ਵਿੱਚ ਪਨਾਹ ਲੈਂਦਾ ਹੈ।” (ਜ਼ਬੂ. 34:8) ਇਸ ਆਇਤ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਖ਼ੁਦ ਯਹੋਵਾਹ ਦੀ ਭਲਾਈ ਦਾ ਸੁਆਦ ਚੱਖਣਾ ਚਾਹੀਦਾ ਹੈ। ਜਦੋਂ ਤੁਸੀਂ ਬਾਈਬਲ ਤੇ ਪ੍ਰਕਾਸ਼ਨ ਪੜ੍ਹਦੇ ਹੋ ਅਤੇ ਸਭਾਵਾਂ ਵਿਚ ਜਾਂਦੇ ਹੋ, ਤਾਂ ਤੁਸੀਂ ਸਿੱਖਦੇ ਹੋ ਕਿ ਯਹੋਵਾਹ ਨੇ ਦੂਸਰਿਆਂ ਦੀ ਵਫ਼ਾਦਾਰ ਰਹਿਣ ਵਿਚ ਕਿਵੇਂ ਮਦਦ ਕੀਤੀ। ਪਰ ਜਿੱਦਾਂ-ਜਿੱਦਾਂ ਤੁਹਾਡਾ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਹੁੰਦਾ ਜਾਂਦਾ ਹੈ, ਉੱਦਾਂ-ਉੱਦਾਂ ਇਹ ਦੇਖਣ ਦੀ ਕੋਸ਼ਿਸ਼ ਕਰੋ ਕਿ ਯਹੋਵਾਹ ਤੁਹਾਡੀ ਮਦਦ ਕਿਵੇਂ ਕਰ ਰਿਹਾ ਹੈ। ਕੀ ਤੁਸੀਂ ਖ਼ੁਦ ਯਹੋਵਾਹ ਦੀ ਭਲਾਈ ਦਾ ਸੁਆਦ ਚੱਖਿਆ ਹੈ?
13 ਸਾਰੇ ਮਸੀਹੀਆਂ ਨੇ ਇਕ ਖ਼ਾਸ ਤਰੀਕੇ ਨਾਲ ਯਹੋਵਾਹ ਦੀ ਭਲਾਈ ਦਾ ਸੁਆਦ ਚੱਖਿਆ ਹੈ। ਉਹ ਕਿਵੇਂ? ਯਹੋਵਾਹ ਨੇ ਸਾਰੇ ਮਸੀਹੀਆਂ ਨੂੰ ਆਪਣੇ ਅਤੇ ਆਪਣੇ ਪੁੱਤਰ ਵੱਲ ਆਉਣ ਦਾ ਸੱਦਾ ਦਿੱਤਾ ਹੈ। ਯਿਸੂ ਨੇ ਕਿਹਾ: “ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ।” (ਯੂਹੰ. 6:44) ਕੀ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਨੇ ਤੁਹਾਨੂੰ ਵੀ ਆਪਣੇ ਵੱਲ ਖਿੱਚਿਆ ਹੈ? ਜਾਂ ਕੀ ਤੁਸੀਂ ਇਹ ਸੋਚਦੇ ਹੋ: ‘ਯਹੋਵਾਹ ਨੇ ਸਿਰਫ਼ ਮੇਰੇ ਮਾਪਿਆਂ ਨੂੰ ਖਿੱਚਿਆ ਹੈ ਨਾ ਕਿ ਮੈਨੂੰ। ਮੈਂ ਤਾਂ ਸਿਰਫ਼ ਉਨ੍ਹਾਂ ਹੀ ਕਰਕੇ ਸੱਚਾਈ ਵਿਚ ਹਾਂ।’ ਹਮੇਸ਼ਾ ਯਾਦ ਰੱਖੋ ਕਿ ਜਦੋਂ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਿਆ ਸੀ, ਤਾਂ ਉਸ ਦਿਨ ਤੋਂ ਯਹੋਵਾਹ ਨਾਲ ਤੁਹਾਡਾ ਖ਼ਾਸ ਰਿਸ਼ਤਾ ਬਣ ਗਿਆ ਸੀ। ਬਾਈਬਲ ਸਾਨੂੰ ਕਹਿੰਦੀ ਹੈ: “ਜੇ ਕੋਈ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਤਾਂ ਉਹ ਉਸ ਨੂੰ ਜਾਣਦਾ ਹੈ।” (1 ਕੁਰਿੰ. 8:3) ਹਮੇਸ਼ਾ ਇਸ ਗੱਲ ਦੀ ਕਦਰ ਕਰੋ ਕਿ ਯਹੋਵਾਹ ਨੇ ਤੁਹਾਨੂੰ ਆਪਣੇ ਸੰਗਠਨ ਦਾ ਹਿੱਸਾ ਬਣਾਇਆ ਹੈ।
14, 15. ਪ੍ਰਚਾਰ ਕਰਨ ਨਾਲ ਤੁਹਾਡੀ ਨਿਹਚਾ ਪੱਕੀ ਕਿਵੇਂ ਹੁੰਦੀ ਹੈ?
14 ਗਵਾਹੀ ਦਿੰਦਿਆਂ ਵੀ ਸਾਨੂੰ ਯਹੋਵਾਹ ਦੀ ਭਲਾਈ ਦਾ ਅਹਿਸਾਸ ਹੁੰਦਾ ਹੈ। ਯਹੋਵਾਹ ਸਾਨੂੰ ਉਦੋਂ ਵੀ ਦਲੇਰ ਬਣਾਉਂਦਾ ਹੈ, ਜਦੋਂ ਅਸੀਂ ਸਕੂਲ ਵਿਚ ਜਾਂ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੇ ਹਾਂ। ਸਕੂਲ ਵਿਚ ਆਪਣੇ ਸਾਥੀਆਂ ਨੂੰ ਪ੍ਰਚਾਰ ਕਰਨਾ ਔਖਾ ਹੋ ਸਕਦਾ ਹੈ। ਤੁਸੀਂ ਸ਼ਾਇਦ ਡਰਦੇ ਹੋ ਕਿ ਉਹ ਤੁਹਾਡੇ ਨਾਲ ਕਿਵੇਂ ਪੇਸ਼ ਆਉਣਗੇ। ਨਾਲੇ ਜ਼ਿਆਦਾ ਜਣਿਆਂ ਸਾਮ੍ਹਣੇ ਗਵਾਹੀ ਦੇਣੀ ਹਮੇਸ਼ਾ ਸੌਖੀ ਨਹੀਂ ਹੁੰਦੀ। ਫਿਰ ਤੁਸੀਂ ਕੀ ਕਰ ਸਕਦੇ ਹੋ?
15 ਆਪਣੇ ਆਪ ਤੋਂ ਪੁੱਛੋ ਕਿ ‘ਮੇਰੇ ਜੋ ਵੀ ਵਿਸ਼ਵਾਸ ਹਨ, ਮੈਂ ਉਨ੍ਹਾਂ ਨੂੰ ਕਿਉਂ ਮੰਨਦਾ ਹਾਂ?’ ਜੇ ਤੁਹਾਡੀ ਭਾਸ਼ਾ ਵਿਚ jw.org ʼਤੇ “ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?” ਕਿਤਾਬ ʼਤੇ ਆਧਾਰਿਤ ਖ਼ਾਸ ਲੜੀ ਉਪਲਬਧ ਹੈ, ਤਾਂ ਇਸ ਨੂੰ ਜ਼ਰੂਰ ਇਸਤੇਮਾਲ ਕਰੋ। ਇਸ ਲੜੀ ਦੀ ਮਦਦ ਨਾਲ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਕੀ ਵਿਸ਼ਵਾਸ ਕਰਦੇ ਹੋ, ਕਿਉਂ ਵਿਸ਼ਵਾਸ ਕਰਦੇ ਹੋ ਅਤੇ ਇਨ੍ਹਾਂ ਬਾਰੇ ਦੂਸਰਿਆਂ ਨੂੰ ਕਿਵੇਂ ਸਮਝਾ ਸਕਦੇ ਹੋ। ਆਪਣੀ ਨਿਹਚਾ ਪੱਕੀ ਕਰ ਕੇ ਅਤੇ ਚੰਗੀ ਤਿਆਰੀ ਕਰ ਕੇ ਤੁਸੀਂ ਦੂਜਿਆਂ ਨੂੰ ਜ਼ਰੂਰ ਯਹੋਵਾਹ ਬਾਰੇ ਦੱਸਣਾ ਚਾਹੋਗੇ।—ਯਿਰ. 20:8, 9.
16. ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
16 ਚੰਗੀ ਤਿਆਰੀ ਕਰਨ ਦੇ ਬਾਵਜੂਦ ਵੀ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਵਿਚ ਤੁਹਾਨੂੰ ਹਿਚਕਚਾਹਟ ਹੋ ਸਕਦੀ ਹੈ। ਇਕ 18 ਸਾਲ ਦੀ ਭੈਣ, ਜਿਸ ਦਾ ਬਪਤਿਸਮਾ 13 ਸਾਲ ਦੀ ਉਮਰ ਵਿਚ ਹੋਇਆ ਸੀ, ਦੱਸਦੀ ਹੈ: “ਮੈਨੂੰ ਆਪਣੇ ਵਿਸ਼ਵਾਸਾਂ ʼਤੇ ਪੱਕਾ ਯਕੀਨ ਹੈ, ਪਰ ਕਈ ਵਾਰ ਮੈਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣਾ ਨਹੀਂ ਆਉਂਦਾ। ਇਸ ਕਰਕੇ ਮੈਂ ਆਰਾਮ ਨਾਲ ਅਤੇ ਆਮ ਲਹਿਜੇ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਜੇ ਮੇਰੀ ਕਲਾਸ ਦੇ ਬੱਚੇ ਬਿਨਾਂ ਕਿਸੇ ਝਿਜਕ ਤੋਂ ਆਪਣੀਆਂ ਗੱਲਾਂ ਦੂਜਿਆਂ ਨੂੰ ਦੱਸਦੇ ਹਨ, ਤਾਂ ਮੈਂ ਕਿਉਂ ਡਰਾਂ? ਇਸ ਲਈ ਮੈਂ ਗੱਲਾਂ-ਗੱਲਾਂ ਵਿਚ ਅਜਿਹਾ ਕੁਝ ਕਹਿੰਦੀ ਹਾਂ, ‘ਮੈਂ ਪਰਸੋਂ ਕਿਸੇ ਨੂੰ ਬਾਈਬਲ ਬਾਰੇ ਸਿਖਾ ਰਹੀ ਸੀ ਅਤੇ . . .’ ਫਿਰ ਮੈਂ ਗੱਲ ਨੂੰ ਅੱਗੇ ਤੋਰਦੀ ਹਾਂ। ਚਾਹੇ ਸਿੱਧੇ-ਸਿੱਧੇ ਮੇਰੀ ਗੱਲਬਾਤ ਬਾਈਬਲ ਤੋਂ ਸ਼ੁਰੂ ਨਹੀਂ ਹੁੰਦੀ, ਪਰ ਬੱਚੇ ਜਾਣਨਾ ਚਾਹੁੰਦੇ ਹਨ ਕਿ ਜਿਸ ਨੂੰ ਮੈਂ ਬਾਈਬਲ ਬਾਰੇ ਸਿਖਾ ਰਹੀ ਸੀ ਉਸ ਨੂੰ ਮੈਂ ਅੱਗੇ ਕੀ ਜਵਾਬ ਦਿੱਤਾ। ਕਦੀ-ਕਦਾਈਂ ਉਹ ਬਹੁਤ ਵਧੀਆ ਸਵਾਲ ਪੁੱਛਦੇ ਹਨ। ਇੱਦਾਂ ਗੱਲਬਾਤ ਸ਼ੁਰੂ ਕਰਨ ਨਾਲ ਹਮੇਸ਼ਾ ਮੇਰੀ ਹਿੰਮਤ ਵਧੀ ਅਤੇ ਮੈਨੂੰ ਖ਼ੁਸ਼ੀ ਮਿਲੀ।”
17. ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਵਿਚ ਹੋਰ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰਨਗੀਆਂ?
17 ਜਦੋਂ ਤੁਸੀਂ ਦੂਜਿਆਂ ਦੀ ਗੱਲ ਸੁਣਦੇ ਹੋ ਅਤੇ ਉਨ੍ਹਾਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਹੋ, ਤਾਂ ਸ਼ਾਇਦ ਉਹ ਵੀ ਤੁਹਾਡੀ ਗੱਲ ਸੁਣਨ ਅਤੇ ਆਦਰ ਨਾਲ ਪੇਸ਼ ਆਉਣ। ਮਿਸਾਲ ਲਈ, 17 ਸਾਲ ਦੀ ਓਲੀਵੀਆ ਜਿਸ ਨੇ ਛੋਟੀ ਉਮਰ ਵਿਚ ਹੀ ਬਪਤਿਸਮਾ ਲਿਆ ਸੀ, ਕਹਿੰਦੀ ਹੈ: “ਮੈਨੂੰ ਹਮੇਸ਼ਾ ਇਸ ਗੱਲ ਦਾ ਡਰ ਰਹਿੰਦਾ ਸੀ ਕਿ ਜੇ ਮੈਂ ਬਾਈਬਲ ਦੀ ਗੱਲ ਛੇੜੀ, ਤਾਂ ਲੋਕ ਮੈਨੂੰ ਜ਼ਿਆਦਾ ਧਰਮੀ ਜਾਂ ਕੱਟੜ ਕਹਿਣਗੇ।” ਪਰ ਉਸ ਨੇ ਆਪਣਾ ਨਜ਼ਰੀਆ ਬਦਲਿਆ। ਆਪਣੇ ਹੀ ਡਰ ਬਾਰੇ ਸੋਚਣ ਦੀ ਬਜਾਇ ਉਹ ਇਹ ਸੋਚਦੀ ਹੈ ਕਿ “ਬਹੁਤ ਸਾਰੇ ਨੌਜਵਾਨਾਂ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਪਤਾ ਹੀ ਨਹੀਂ। ਸਕੂਲ ਵਿਚ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਤੋਂ ਇਲਾਵਾ ਇਨ੍ਹਾਂ ਨੂੰ ਗਵਾਹੀ ਦੇਣ ਵਾਲਾ ਕੌਣ ਹੈ? ਇਸ ਲਈ ਸਾਡੇ ਪੇਸ਼ ਆਉਣ ਦੇ ਤਰੀਕੇ ʼਤੇ ਨਿਰਭਰ ਕਰਦਾ ਹੈ ਕਿ ਉਹ ਸਾਡੀ ਗੱਲ ਸੁਣਨਗੇ ਜਾਂ ਨਹੀਂ। ਪਰ ਉਦੋਂ ਕੀ ਜਦੋਂ ਗਵਾਹੀ ਦਿੰਦਿਆਂ ਅਸੀਂ ਇੰਨਾ ਡਰਦੇ ਜਾਂ ਸ਼ਰਮਾਉਂਦੇ ਹਾਂ ਕਿ ਅਸੀਂ ਸੋਚਦੇ ਹਾਂ ਕਿ ਧਰਤੀ ਪਾਟ ਕੇ ਸਾਨੂੰ ਨਿਗਲ਼ ਹੀ ਜਾਵੇ। ਜੇ ਅਸੀਂ ਹੀ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ, ਤਾਂ ਉਹ ਸ਼ਾਇਦ ਸੋਚਣ ਕਿ ਸਾਨੂੰ ਯਹੋਵਾਹ ਦੇ ਗਵਾਹ ਹੋਣ ਤੋਂ ਸ਼ਰਮ ਆਉਂਦੀ ਹੈ। ਜੇ ਅਸੀਂ ਦਲੇਰੀ ਨਾਲ ਗੱਲ ਨਹੀਂ ਕਰਦੇ, ਤਾਂ ਉਹ ਸ਼ਾਇਦ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣ। ਪਰ ਜੇ ਅਸੀਂ ਦਲੇਰੀ, ਭਰੋਸੇ ਅਤੇ ਆਮ ਗੱਲਾਂ-ਬਾਤਾਂ ਰਾਹੀਂ ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦੇ ਹਾਂ, ਤਾਂ ਸ਼ਾਇਦ ਉਹ ਸਾਡੀ ਇੱਜ਼ਤ ਕਰਨ।”
ਮੁਕਤੀ ਪਾਉਣ ਦਾ ਜਤਨ ਕਰਦੇ ਰਹੋ
18. ਮੁਕਤੀ ਪਾਉਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?
18 ਅਸੀਂ ਦੇਖਿਆ ਹੈ ਕਿ ਮੁਕਤੀ ਪਾਉਣ ਦੀ ਜ਼ਿੰਮੇਵਾਰੀ ਬਹੁਤ ਗੰਭੀਰ ਹੈ। ਇਸ ਲਈ ਮੁਕਤੀ ਪਾਉਣ ਲਈ ਪਰਮੇਸ਼ੁਰ ਦਾ ਬਚਨ ਪੜ੍ਹੋ, ਉਸ ਉੱਤੇ ਸੋਚ-ਵਿਚਾਰ ਕਰੋ, ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਉਨ੍ਹਾਂ ਮੌਕਿਆਂ ਬਾਰੇ ਡੂੰਘਾਈ ਨਾਲ ਸੋਚੋ ਜਦੋਂ ਯਹੋਵਾਹ ਨੇ ਤੁਹਾਡੀ ਮਦਦ ਕੀਤੀ ਸੀ। ਇਹ ਸਭ ਕੁਝ ਕਰਨ ਨਾਲ ਤੁਹਾਡਾ ਯਕੀਨ ਪੱਕਾ ਹੋਵੇਗਾ ਕਿ ਯਹੋਵਾਹ ਸੱਚ-ਮੁੱਚ ਤੁਹਾਡਾ ਦੋਸਤ ਹੈ। ਇਹ ਗੱਲ ਮਨ ਵਿਚ ਰੱਖ ਕੇ ਤੁਸੀਂ ਹੋਰਨਾਂ ਨੂੰ ਵੀ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਚਾਹੋਗੇ।—ਜ਼ਬੂਰਾਂ ਦੀ ਪੋਥੀ 73:28 ਪੜ੍ਹੋ।
19. ਮੁਕਤੀ ਪਾਉਣ ਲਈ ਸਾਨੂੰ ਹਰ ਜਤਨ ਕਿਉਂ ਕਰਨਾ ਚਾਹੀਦਾ ਹੈ?
19 ਯਿਸੂ ਨੇ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਤਸੀਹੇ ਦੀ ਸੂਲ਼ੀ ਚੁੱਕ ਕੇ ਹਮੇਸ਼ਾ ਮੇਰੇ ਪਿੱਛੇ-ਪਿੱਛੇ ਚੱਲਦਾ ਰਹੇ।” (ਮੱਤੀ 16:24) ਜੀ ਹਾਂ, ਯਿਸੂ ਦੇ ਪਿੱਛੇ ਚੱਲਣ ਲਈ ਹਰ ਮਸੀਹੀ ਲਈ ਜ਼ਰੂਰੀ ਹੈ ਕਿ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲਵੇ। ਪਰ ਇਹ ਤਾਂ ਇਕ ਖ਼ੂਬਸੂਰਤ ਜ਼ਿੰਦਗੀ ਦੇ ਸਫ਼ਰ ਦੀ ਸਿਰਫ਼ ਸ਼ੁਰੂਆਤ ਹੀ ਹੈ ਅਤੇ ਇਹ ਸਫ਼ਰ ਸਾਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਲੈ ਜਾਵੇਗਾ। ਇਸ ਲਈ ਮੁਕਤੀ ਪਾਉਣ ਲਈ ਹਰ ਤਰ੍ਹਾਂ ਦਾ ਜਤਨ ਕਰਦੇ ਰਹੋ।
a ਹੋਰ ਸੁਝਾਵਾਂ ਲਈ jw.org ʼਤੇ “ਨੌਜਵਾਨ ਪੁੱਛਦੇ ਹਨ . . . ਮੈਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।