ਜੋ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਸ ਨੂੰ ਅੱਡ ਨਾ ਕਰੋ
“ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”—ਮੱਤੀ 19:6.
1, 2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਵਿਆਹੁਤਾ ਜੋੜਿਆਂ ਨੂੰ ਸਮੇਂ-ਸਮੇਂ ਤੇ ਮੁਸ਼ਕਲਾਂ ਜ਼ਰੂਰ ਆਉਣਗੀਆਂ?
ਕਲਪਨਾ ਕਰੋ ਕਿ ਤੁਸੀਂ ਕਾਰ ਵਿਚ ਇਕ ਲੰਬੇ ਸਫ਼ਰ ਤੇ ਜਾਣ ਦੀ ਤਿਆਰੀ ਕਰ ਰਹੇ ਹੋ। ਤੁਹਾਨੂੰ ਪਤਾ ਹੈ ਕਿ ਰਸਤੇ ਵਿਚ ਕੋਈ-ਨ-ਕੋਈ ਮੁਸ਼ਕਲ ਜ਼ਰੂਰ ਆਵੇਗੀ। ਮਿਸਾਲ ਲਈ, ਜੇ ਮੌਸਮ ਖ਼ਰਾਬ ਹੋ ਜਾਏ, ਤਾਂ ਸ਼ਾਇਦ ਤੁਹਾਨੂੰ ਕਾਰ ਹੌਲੀ-ਹੌਲੀ ਤੇ ਧਿਆਨ ਨਾਲ ਚਲਾਉਣੀ ਪਵੇ। ਜੇ ਤੁਹਾਡੀ ਕਾਰ ਖ਼ਰਾਬ ਹੋ ਜਾਏ, ਤਾਂ ਸ਼ਾਇਦ ਤੁਹਾਨੂੰ ਰੁਕ ਕੇ ਕਿਸੇ ਤੋਂ ਕਾਰ ਠੀਕ ਕਰਵਾਉਣੀ ਪਵੇ। ਪਰ ਕੀ ਮੁਸ਼ਕਲਾਂ ਆਉਣ ਤੇ ਤੁਸੀਂ ਇਹ ਸੋਚੋਗੇ ਕਿ ਇਹ ਸਫ਼ਰ ਸ਼ੁਰੂ ਕਰ ਕੇ ਤੁਸੀਂ ਵੱਡੀ ਗ਼ਲਤੀ ਕੀਤੀ ਹੈ? ਕੀ ਤੁਸੀਂ ਕਾਰ ਰਸਤੇ ਵਿਚ ਹੀ ਛੱਡ ਕੇ ਚਲੇ ਜਾਓਗੇ? ਨਹੀਂ! ਜਦੋਂ ਤੁਸੀਂ ਕਿਸੇ ਲੰਬੇ ਸਫ਼ਰ ਤੇ ਜਾਂਦੇ ਹੋ, ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਰਸਤੇ ਵਿਚ ਮੁਸ਼ਕਲਾਂ ਆ ਸਕਦੀਆਂ ਹਨ ਅਤੇ ਮੁਸ਼ਕਲਾਂ ਆਉਣ ਤੇ ਤੁਸੀਂ ਇਨ੍ਹਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋ।
2 ਵਿਆਹ ਬਾਰੇ ਵੀ ਇਹ ਗੱਲ ਸੱਚ ਹੈ। ਮੁਸ਼ਕਲਾਂ ਤਾਂ ਜ਼ਰੂਰ ਆਉਣਗੀਆਂ। ਜੇ ਕੋਈ ਜੋੜਾ ਸੋਚਦਾ ਹੈ ਕਿ ਵਿਆਹ ਕਰਵਾ ਕੇ ਉਨ੍ਹਾਂ ਤੇ ਕੋਈ ਵੀ ਮੁਸ਼ਕਲ ਨਹੀਂ ਆਵੇਗੀ, ਤਾਂ ਇਹ ਉਸ ਦੇ ਲਈ ਨਾਸਮਝੀ ਦੀ ਗੱਲ ਹੋਵੇਗੀ। ਬਾਈਬਲ ਵਿਚ 1 ਕੁਰਿੰਥੀਆਂ 7:28 ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਪਤੀ-ਪਤਨੀ “ਸਰੀਰ ਵਿੱਚ ਦੁਖ ਭੋਗਣਗੇ।” ਪਰ ਇਸ ਤਰ੍ਹਾਂ ਕਿਉਂ ਹੋਵੇਗਾ? ਇਸ ਦਾ ਜਵਾਬ ਸਿੱਧਾ ਹੈ, ਪਤੀ-ਪਤਨੀ ਦੋਵੇਂ ਨਾਮੁਕੰਮਲ ਹਨ ਜਿਸ ਕਰਕੇ ਉਨ੍ਹਾਂ ਤੋਂ ਗ਼ਲਤੀਆਂ ਜ਼ਰੂਰ ਹੋਣਗੀਆਂ। ਇਸ ਦੇ ਨਾਲ-ਨਾਲ, ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1; ਰੋਮੀਆਂ 3:23) ਇਸ ਲਈ, ਉਨ੍ਹਾਂ ਜੋੜਿਆਂ ਨੂੰ ਵੀ ਕਦੀ-ਕਦੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੀ ਯਹੋਵਾਹ ਦੇ ਰਾਹਾਂ ਉੱਤੇ ਚੱਲਣ ਕਾਰਨ ਆਪਸ ਵਿਚ ਚੰਗੀ ਨਿਭਦੀ ਹੈ।
3. (ੳ) ਦੁਨੀਆਂ ਵਿਚ ਵਿਆਹ ਦੇ ਬੰਧਨ ਨੂੰ ਕਿਵੇਂ ਵਿਚਾਰਿਆ ਜਾਂਦਾ ਹੈ? (ਅ) ਮਸੀਹੀ ਆਪਣੇ ਵਿਆਹ ਦੇ ਬੰਧਨ ਨੂੰ ਕਾਇਮ ਰੱਖਣ ਦੀ ਕਿਉਂ ਕੋਸ਼ਿਸ਼ ਕਰਦੇ ਹਨ?
3 ਅੱਜ-ਕੱਲ੍ਹ ਜਦ ਵਿਆਹੁਤਾ ਜੋੜਿਆਂ ਵਿਚਕਾਰ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਉਹ ਝੱਟ ਛੱਡ-ਛਡੱਈਏ ਦੀ ਗੱਲ ਕਰਦੇ ਹਨ। ਕਈਆਂ ਦੇਸ਼ਾਂ ਵਿਚ ਤਲਾਕ ਦੀ ਦਰ ਆਸਮਾਨ ਨੂੰ ਛੋਹ ਰਹੀ ਹੈ। ਲੇਕਿਨ, ਸੱਚੇ ਮਸੀਹੀ ਮੁਸ਼ਕਲਾਂ ਤੋਂ ਦੌੜਦੇ ਨਹੀਂ, ਬਲਕਿ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਕਿਉਂ? ਕਿਉਂਕਿ ਉਹ ਵਿਆਹ ਦੇ ਬੰਧਨ ਨੂੰ ਯਹੋਵਾਹ ਵੱਲੋਂ ਇਕ ਅਨਮੋਲ ਦਾਤ ਸਮਝਦੇ ਹਨ। ਯਿਸੂ ਨੇ ਵਿਆਹੁਤਾ ਜੋੜਿਆਂ ਬਾਰੇ ਕਿਹਾ ਸੀ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:6) ਹਾਂ, ਇਹ ਸੱਚ ਹੈ ਕਿ ਇਸ ਸਿਧਾਂਤ ਮੁਤਾਬਕ ਚੱਲਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਮਿਸਾਲ ਲਈ, ਰਿਸ਼ਤੇਦਾਰ, ਦੋਸਤ ਅਤੇ ਹੋਰ ਸਲਾਹਕਾਰ ਜਿਨ੍ਹਾਂ ਨੂੰ ਬਾਈਬਲ ਦੇ ਅਸੂਲਾਂ ਬਾਰੇ ਕੁਝ ਨਹੀਂ ਪਤਾ, ਅਕਸਰ ਮੁਸ਼ਕਲਾਂ ਖੜ੍ਹੀਆਂ ਹੋਣ ਤੇ ਜੋੜੇ ਨੂੰ ਜੁਦਾ ਹੋਣ ਜਾਂ ਤਲਾਕ ਲੈਣ ਦੀ ਹੀ ਸਲਾਹ ਦਿੰਦੇ ਹਨ।a ਪਰ ਮਸੀਹੀਆਂ ਨੂੰ ਪਤਾ ਹੈ ਕਿ ਜਲਦਬਾਜ਼ੀ ਵਿਚ ਵਿਆਹੁਤਾ ਬੰਧਨ ਨੂੰ ਤੋੜਨ ਦੀ ਬਜਾਇ ਮੁਸ਼ਕਲਾਂ ਨੂੰ ਹੱਲ ਕਰਨਾ ਅਤੇ ਵਿਆਹ ਦੇ ਬੰਧਨ ਨੂੰ ਕਾਇਮ ਰੱਖਣਾ ਹੀ ਸਭ ਤੋਂ ਬਿਹਤਰ ਗੱਲ ਹੈ। ਜੀ ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਸ਼ੁਰੂ ਤੋਂ ਹੀ ਅਸੀਂ ਯਹੋਵਾਹ ਦੀ ਸਲਾਹ ਉੱਤੇ ਚੱਲੀਏ, ਨਾ ਕਿ ਲੋਕਾਂ ਦੀ ਸਲਾਹ ਉੱਤੇ।—ਕਹਾਉਤਾਂ 14:12.
ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
4, 5. (ੳ) ਵਿਆਹੁਤਾ ਜੀਵਨ ਵਿਚ ਕਿਹੜੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ? (ਅ) ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਸਿਧਾਂਤ ਮੁਸ਼ਕਲਾਂ ਹੱਲ ਕਰਨ ਵਿਚ ਕਿਉਂ ਮਦਦ ਕਰ ਸਕਦੇ ਹਨ?
4 ਅਸਲ ਵਿਚ, ਸਮੇਂ-ਸਮੇਂ ਤੇ ਸਾਰਿਆਂ ਨੂੰ ਆਪਣੇ ਵਿਆਹੁਤਾ ਜੀਵਨ ਵਿਚ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਲੋੜ ਪੈਂਦੀ ਹੈ। ਜ਼ਿਆਦਾਤਰ ਮਾਮਲਿਆਂ ਵਿਚ ਸਿਰਫ਼ ਛੋਟੀ-ਮੋਟੀ ਅਣਬਣ ਨੂੰ ਸੁਲਝਾਉਣ ਦੀ ਲੋੜ ਪੈਂਦੀ ਹੈ। ਪਰ ਕੁਝ ਜੋੜਿਆਂ ਵਿਚਕਾਰ ਵੱਡੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ ਜੋ ਉਨ੍ਹਾਂ ਦੇ ਬੰਧਨ ਨੂੰ ਕਮਜ਼ੋਰ ਕਰ ਸਕਦੀਆਂ ਹਨ। ਸ਼ਾਇਦ ਤੁਹਾਨੂੰ ਕਿਸੇ ਵਿਆਹੇ ਹੋਏ ਤਜਰਬੇਕਾਰ ਮਸੀਹੀ ਬਜ਼ੁਰਗ ਦੀ ਮਦਦ ਲੈਣੀ ਪਵੇ। ਪਰ, ਸਮੱਸਿਆਵਾਂ ਪੈਦਾ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਵਿਆਹ ਅਸਫ਼ਲ ਹੋ ਗਿਆ ਹੈ। ਇਨ੍ਹਾਂ ਤੋਂ ਇਹੀ ਪਤਾ ਲੱਗਦਾ ਹੈ ਕਿ ਸਮੱਸਿਆਵਾਂ ਦਾ ਹੱਲ ਕਰਨ ਲਈ ਬਾਈਬਲ ਦੇ ਸਿਧਾਂਤਾਂ ਤੇ ਚੱਲਣਾ ਕਿੰਨਾ ਜ਼ਰੂਰੀ ਹੈ।
5 ਯਹੋਵਾਹ ਪਰਮੇਸ਼ੁਰ ਸਾਡਾ ਸ੍ਰਿਸ਼ਟੀਕਰਤਾ ਹੈ ਅਤੇ ਉਸ ਨੇ ਹੀ ਵਿਆਹ ਦੀ ਸ਼ੁਰੂਆਤ ਕੀਤੀ ਹੈ। ਇਸ ਲਈ ਉਹੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਵਿਆਹ ਨੂੰ ਸਫ਼ਲ ਬਣਾਉਣ ਲਈ ਕੀ ਕਰਨਾ ਜ਼ਰੂਰੀ ਹੈ। ਪਰ ਸਵਾਲ ਇਹ ਖੜ੍ਹਾ ਹੁੰਦਾ ਹੈ: ਕੀ ਅਸੀਂ ਉਸ ਦੇ ਬਚਨ ਵਿਚ ਪਾਈ ਜਾਂਦੀ ਸਲਾਹ ਵੱਲ ਧਿਆਨ ਦੇਵਾਂਗੇ ਅਤੇ ਉਸ ਉੱਤੇ ਚੱਲਾਂਗੇ? ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਸਾਨੂੰ ਜ਼ਰੂਰ ਫ਼ਾਇਦਾ ਹੋਵੇਗਾ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਸੀ: “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (ਯਸਾਯਾਹ 48:18) ਬਾਈਬਲ ਦੀ ਸੇਧ ਵਿਚ ਚੱਲ ਕੇ ਅਸੀਂ ਖ਼ੁਸ਼ੀ ਪਾ ਸਕਦੇ ਹਾਂ ਅਤੇ ਸਾਡਾ ਵਿਆਹ ਸਫ਼ਲ ਹੋ ਸਕਦਾ ਹੈ। ਆਓ ਆਪਾਂ ਪਹਿਲਾਂ ਬਾਈਬਲ ਵਿਚ ਪਤੀਆਂ ਨੂੰ ਦਿੱਤੀ ਗਈ ਸਲਾਹ ਵੱਲ ਧਿਆਨ ਦੇਈਏ।
“ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ”
6. ਬਾਈਬਲ ਵਿਚ ਪਤੀਆਂ ਨੂੰ ਕਿਹੜੀ ਸਲਾਹ ਦਿੱਤੀ ਗਈ ਹੈ?
6 ਅਫ਼ਸੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਰਸੂਲ ਨੇ ਪਤੀਆਂ ਲਈ ਸਾਫ਼ ਹਿਦਾਇਤਾਂ ਲਿਖੀਆਂ ਸਨ। ਪੌਲੁਸ ਨੇ ਕਿਹਾ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ। ਇਸੇ ਤਰਾਂ ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ। ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ ਜਿਵੇਂ ਮਸੀਹ ਵੀ ਕਲੀਸਿਯਾ ਨੂੰ। ਪਰ ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ।”—ਅਫ਼ਸੀਆਂ 5:25, 28, 29, 33.
7. (ੳ) ਵਿਆਹੁਤਾ ਜੀਵਨ ਦੀ ਬੁਨਿਆਦ ਕੀ ਹੋਣੀ ਚਾਹੀਦੀ ਹੈ? (ਅ) ਪਤੀ ਆਪਣੀ ਪਤਨੀ ਨਾਲ ਪ੍ਰੇਮ ਕਿਵੇਂ ਰੱਖਦਾ ਹੈ?
7 ਪੌਲੁਸ ਨੇ ਪਤੀ-ਪਤਨੀ ਵਿਚ ਖੜ੍ਹੀ ਹੋਣ ਵਾਲੀ ਹਰ ਸਮੱਸਿਆ ਬਾਰੇ ਗੱਲ ਨਹੀਂ ਕੀਤੀ ਸੀ। ਇਸ ਦੀ ਬਜਾਇ ਉਸ ਨੇ ਸਭ ਤੋਂ ਅਹਿਮ ਚੀਜ਼ ਬਾਰੇ ਗੱਲ ਕੀਤੀ ਸੀ ਯਾਨੀ ਪਿਆਰ। ਹਾਂ, ਵਿਆਹੁਤਾ ਜੀਵਨ ਦੀ ਬੁਨਿਆਦ ਪਿਆਰ ਹੋਣਾ ਚਾਹੀਦਾ ਹੈ। ਪੌਲੁਸ ਦੀ ਇਸ ਸਲਾਹ ਵਿਚ ਪ੍ਰੇਮ ਦਾ ਜ਼ਿਕਰ ਛੇ ਵਾਰ ਆਉਂਦਾ ਹੈ। ਧਿਆਨ ਦਿਓ ਕਿ ਪੌਲੁਸ ਨੇ ਪਤੀਆਂ ਨੂੰ ਕਿਹਾ ਸੀ ਕਿ “ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ।” ਪੌਲੁਸ ਜਾਣਦਾ ਸੀ ਕਿ ਪਿਆਰ ਤਾਂ ਆਸਾਨੀ ਨਾਲ ਹੋ ਜਾਂਦਾ ਹੈ, ਪਰ ਵਿਆਹ ਤੋਂ ਬਾਅਦ ਉਸ ਪਿਆਰ ਨੂੰ ਬਰਕਰਾਰ ਰੱਖਣਾ ਸੌਖੀ ਗੱਲ ਨਹੀਂ ਹੈ। ਇਸ ਤਰ੍ਹਾਂ ਕਰਨਾ ਖ਼ਾਸ ਕਰਕੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਔਖਾ ਹੈ ਜਦ ਬਹੁਤ ਸਾਰੇ ਲੋਕ “ਆਪ ਸੁਆਰਥੀ” ਤੇ “ਪੱਥਰ ਦਿਲ” ਹਨ। (2 ਤਿਮੋਥਿਉਸ 3:1-3) ਅਜਿਹੇ ਔਗੁਣਾਂ ਕਰਕੇ ਬਹੁਤ ਸਾਰੇ ਵਿਆਹ ਟੁੱਟ ਰਹੇ ਹਨ। ਪਰ ਜੋ ਪਤੀ ਸੱਚਾ ਪਿਆਰ ਕਰਦਾ ਹੈ, ਉਹ ਦੁਨੀਆਂ ਦੇ ਇਨ੍ਹਾਂ ਔਗੁਣਾਂ ਦਾ ਆਪਣੀ ਸੋਚਣੀ ਤੇ ਕਰਨੀ ਉੱਤੇ ਅਸਰ ਨਹੀਂ ਪੈਣ ਦੇਵੇਗਾ।—ਰੋਮੀਆਂ 12:2.
ਆਪਣੀ ਪਤਨੀ ਦੀਆਂ ਜ਼ਰੂਰਤਾਂ ਪੂਰੀਆਂ ਕਰੋ
8, 9. ਇਕ ਪਤੀ ਆਪਣੀ ਪਤਨੀ ਦੀਆਂ ਲੋੜਾਂ ਨੂੰ ਕਿਵੇਂ ਪੂਰਾ ਕਰ ਸਕਦਾ ਹੈ?
8 ਜੇਕਰ ਤੁਸੀਂ ਇਕ ਮਸੀਹੀ ਪਤੀ ਹੋ, ਤਾਂ ਤੁਸੀਂ ਖ਼ੁਦਗਰਜ਼ ਰਵੱਈਆ ਦਿਖਾਉਣ ਦੀ ਬਜਾਇ ਆਪਣੀ ਪਤਨੀ ਨਾਲ ਸੱਚਾ ਪਿਆਰ ਕਿਵੇਂ ਕਰ ਸਕਦੇ ਹੋ? ਅਫ਼ਸੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਨੇ ਕਿਹਾ ਸੀ ਕਿ ਜਿਵੇਂ ਪਤੀ ਆਪਣੇ ਸਰੀਰ ਦਾ ਪਾਲਣ-ਪੋਸਣ ਕਰਦਾ ਹੈ, ਤਿਵੇਂ ਉਸ ਨੂੰ ਪਿਆਰ ਨਾਲ ਆਪਣੀ ਪਤਨੀ ਦੀਆਂ ਸਾਰੀਆਂ ਜ਼ਰੂਰਤਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਤਾਂ ਫਿਰ ਤੁਸੀਂ ਆਪਣੀ ਪਤਨੀ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰ ਸਕਦੇ ਹੋ? ਪੌਲੁਸ ਨੇ ਤਿਮੋਥਿਉਸ ਨੂੰ ਚਿੱਠੀ ਲਿਖਦਿਆਂ ਇਹ ਸਲਾਹ ਦਿੱਤੀ ਸੀ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।”—1 ਤਿਮੋਥਿਉਸ 5:8.
9 ਲੇਕਿਨ, ਪਤਨੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਰੋਟੀ, ਕੱਪੜਾ ਤੇ ਮਕਾਨ ਦਾ ਪ੍ਰਬੰਧ ਕਰਨ ਨਾਲੋਂ ਕਿਤੇ ਜ਼ਿਆਦਾ ਸ਼ਾਮਲ ਹੈ। ਹੋ ਸਕਦਾ ਹੈ ਕਿ ਪਤੀ ਇਨ੍ਹਾਂ ਲੋੜਾਂ ਨੂੰ ਚੰਗੀ ਤਰ੍ਹਾਂ ਪੂਰਿਆਂ ਕਰਦਾ ਹੈ, ਪਰ ਆਪਣੀ ਪਤਨੀ ਦੀਆਂ ਭਾਵਾਤਮਕ ਤੇ ਰੂਹਾਨੀ ਲੋੜਾਂ ਪੂਰੀਆਂ ਨਹੀਂ ਕਰਦਾ। ਇਹ ਬਹੁਤ ਹੀ ਜ਼ਰੂਰੀ ਹੈ ਕਿ ਪਤੀ ਆਪਣੀ ਪਤਨੀ ਦੀਆਂ ਇਹ ਲੋੜਾਂ ਵੀ ਪੂਰੀਆਂ ਕਰੇ। ਇਹ ਸੱਚ ਹੈ ਕਿ ਕਈ ਮਸੀਹੀ ਭਰਾ ਕਲੀਸਿਯਾ ਦੇ ਕੰਮਾਂ ਵਿਚ ਰੁੱਝੇ ਰਹਿੰਦੇ ਹਨ। ਪਰ ਕਲੀਸਿਯਾ ਵਿਚ ਭਾਰੀਆਂ ਜ਼ਿੰਮੇਵਾਰੀਆਂ ਹੋਣ ਦਾ ਮਤਲਬ ਇਹ ਨਹੀਂ ਕਿ ਪਤੀ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ। ਪਤੀ ਪਰਿਵਾਰ ਦਾ ਸਿਰ ਹੈ, ਇਸ ਲਈ ਪਰਿਵਾਰ ਦੀ ਦੇਖ-ਭਾਲ ਕਰਨ ਦਾ ਕੰਮ ਯਹੋਵਾਹ ਪਰਮੇਸ਼ੁਰ ਨੇ ਪਤੀ ਨੂੰ ਸੌਂਪਿਆ ਹੈ। (1 ਤਿਮੋਥਿਉਸ 3:5, 12) ਕੁਝ ਸਾਲ ਪਹਿਲਾਂ ਇਸ ਬਾਰੇ ਇਸ ਰਸਾਲੇ ਨੇ ਇੱਦਾਂ ਕਿਹਾ: “ਬਾਈਬਲ ਦੀਆਂ ਮੰਗਾਂ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਦੇਖ-ਭਾਲ ਕਰਨ ਦਾ ਕੰਮ ਪਹਿਲਾਂ ‘ਤੁਹਾਡੇ ਆਪਣੇ ਘਰੋਂ ਸ਼ੁਰੂ ਹੋਣਾ ਚਾਹੀਦਾ ਹੈ।’ ਜੇਕਰ ਇਕ ਮਸੀਹੀ ਬਜ਼ੁਰਗ ਆਪਣੇ ਪਰਿਵਾਰ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਯਾਨੀ ਉਸ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਿਹਾ, ਤਾਂ ਉਹ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਨ ਦਾ ਸਨਮਾਨ ਗੁਆ ਸਕਦਾ ਹੈ।”b ਤਾਂ ਫਿਰ, ਇਹ ਲਾਜ਼ਮੀ ਹੈ ਕਿ ਤੁਸੀਂ ਆਪਣੀ ਪਤਨੀ ਦੀਆਂ ਸਰੀਰਕ, ਭਾਵਾਤਮਕ ਅਤੇ ਸਭ ਤੋਂ ਵੱਧ ਉਸ ਦੀਆਂ ਰੂਹਾਨੀ ਲੋੜਾਂ ਨੂੰ ਵੀ ਪੂਰਾ ਕਰੋ।
ਆਪਣੀ ਪਤਨੀ ਨਾਲ ਪਿਆਰ ਕਰੋ
10. ਪਤੀ ਕਿਵੇਂ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ?
10 ਜੇਕਰ ਤੁਸੀਂ ਆਪਣੀ ਪਤਨੀ ਨੂੰ ਅਨਮੋਲ ਸਮਝਦੇ ਹੋ ਅਤੇ ਉਸ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਉਸ ਦਾ ਚੰਗੀ ਤਰ੍ਹਾਂ ਖ਼ਿਆਲ ਰੱਖੋਗੇ। ਪਤਨੀ ਦਾ ਖ਼ਿਆਲ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਉਸ ਨਾਲ ਸਮਾਂ ਗੁਜ਼ਾਰੋ। ਜੇਕਰ ਤੁਸੀਂ ਇਸ ਮਾਮਲੇ ਵਿਚ ਲਾਪਰਵਾਹੀ ਕਰੋਗੇ, ਤਾਂ ਹੋ ਸਕਦਾ ਹੈ ਕਿ ਤੁਹਾਡੇ ਲਈ ਤੁਹਾਡੀ ਪਤਨੀ ਦਾ ਪਿਆਰ ਘੱਟ ਜਾਵੇ। ਇਸ ਗੱਲ ਉੱਤੇ ਵੀ ਧਿਆਨ ਦੇਵੋ ਕਿ ਭਾਵੇਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਪਤਨੀ ਨਾਲ ਕਾਫ਼ੀ ਸਮਾਂ ਗੁਜ਼ਾਰ ਰਹੇ ਹੋ, ਪਰ ਸ਼ਾਇਦ ਉਸ ਨੂੰ ਇਹ ਕਾਫ਼ੀ ਨਾ ਲੱਗੇ। ਸਿਰਫ਼ ਇੰਨਾ ਕਹਿਣਾ ਕਿ ਤੁਸੀਂ ਆਪਣੀ ਪਤਨੀ ਨਾਲ ਪਿਆਰ ਕਰਦੇ ਹੋ ਕਾਫ਼ੀ ਨਹੀਂ ਹੈ। ਤੁਹਾਡੀ ਪਤਨੀ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਤੁਸੀਂ ਵਾਕਈ ਉਸ ਨਾਲ ਬਹੁਤ ਪਿਆਰ ਕਰਦੇ ਹੋ ਤੇ ਉਸ ਦੀ ਕਦਰ ਕਰਦੇ ਹੋ। ਪੌਲੁਸ ਨੇ ਲਿਖਿਆ: “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।” (1 ਕੁਰਿੰਥੀਆਂ 10:24) ਜੋ ਪਤੀ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਪਤਨੀ ਦੀਆਂ ਕੀ ਲੋੜਾਂ ਹਨ।—ਫ਼ਿਲਿੱਪੀਆਂ 2:4.
11. ਪਤਨੀ ਨਾਲ ਬੁਰਾ ਸਲੂਕ ਕਰਨ ਨਾਲ ਪਰਮੇਸ਼ੁਰ ਅਤੇ ਕਲੀਸਿਯਾ ਨਾਲ ਪਤੀ ਦੇ ਰਿਸ਼ਤੇ ਉੱਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ?
11 ਪਤੀ ਆਪਣੀ ਕਹਿਣੀ ਤੇ ਕਰਨੀ ਵਿਚ ਪਤਨੀ ਨਾਲ ਕੋਮਲਤਾ ਨਾਲ ਪੇਸ਼ ਆਉਣ ਦੁਆਰਾ ਵੀ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦਾ ਹੈ। (ਕਹਾਉਤਾਂ 12:18) ਪੌਲੁਸ ਨੇ ਕੁਲੁੱਸੀਆਂ ਨੂੰ ਲਿਖਿਆ: “ਹੇ ਪਤੀਓ, ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜੇ ਨਾ ਹੋਵੋ।” (ਕੁਲੁੱਸੀਆਂ 3:19) ਇਕ ਕਿਤਾਬ ਦੇ ਅਨੁਸਾਰ ਇਸ ਆਇਤ ਦੇ ਆਖ਼ਰੀ ਸ਼ਬਦਾਂ ਨੂੰ ਇਕ ਮੁਹਾਵਰੇ ਵਜੋਂ ਅਨੁਵਾਦ ਕੀਤਾ ਜਾ ਸਕਦਾ ਹੈ ਜਿਵੇਂ ਕਿ “ਉਸ ਨੂੰ ਨੌਕਰਾਣੀ ਨਾ ਸਮਝੋ” ਜਾਂ “ਉਸ ਨੂੰ ਆਪਣੇ ਪੈਰ ਦੀ ਜੁੱਤੀ ਨਾ ਸਮਝੋ।” ਜਿਹੜਾ ਪਤੀ ਘਰ ਜਾਂ ਬਾਹਰ ਆਪਣੀ ਪਤਨੀ ਨਾਲ ਬੁਰਾ ਸਲੂਕ ਕਰਦਾ ਹੈ, ਉਹ ਦਿਖਾਉਂਦਾ ਹੈ ਕਿ ਉਹ ਆਪਣੀ ਪਤਨੀ ਨਾਲ ਪਿਆਰ ਨਹੀਂ ਕਰਦਾ। ਆਪਣੀ ਪਤਨੀ ਨਾਲ ਬੁਰਾ ਸਲੂਕ ਕਰ ਕੇ ਉਹ ਯਹੋਵਾਹ ਨਾਲ ਆਪਣੇ ਰਿਸ਼ਤੇ ਵਿਚ ਦਰਾੜ ਪਾ ਸਕਦਾ ਹੈ। ਪਤਰਸ ਰਸੂਲ ਨੇ ਪਤੀਆਂ ਨੂੰ ਲਿਖਿਆ: ‘ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਭੀ ਭਈ ਤੁਸੀਂ ਦੋਵੇਂ ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ ਅਧਕਾਰੀ ਹੋ ਉਹ ਦਾ ਆਦਰ ਕਰੋ ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।’c—1 ਪਤਰਸ 3:7.
12. ਕਲੀਸਿਯਾ ਨਾਲ ਯਿਸੂ ਦੇ ਵਰਤਾਅ ਤੋਂ ਪਤੀ ਕੀ ਸਿੱਖ ਸਕਦਾ ਹੈ?
12 ਕਦੀ ਵੀ ਇੱਦਾਂ ਨਾ ਸੋਚੋ ਕਿ ਚਾਹੇ ਜੋ ਮਰਜ਼ੀ ਹੋ ਜਾਵੇ ਤੁਹਾਡੀ ਪਤਨੀ ਤੁਹਾਨੂੰ ਪਿਆਰ ਕਰਦੀ ਰਹੇਗੀ। ਪਿਆਰ ਨੂੰ ਬਰਕਰਾਰ ਰੱਖਣ ਲਈ ਉਸ ਨੂੰ ਹਮੇਸ਼ਾ ਦੱਸਦੇ ਰਹੋ ਕਿ ਤੁਸੀਂ ਉਸ ਨਾਲ ਕਿੰਨਾ ਪਿਆਰ ਕਰਦੇ ਹੋ। ਯਿਸੂ ਨੇ ਮਸੀਹੀ ਕਲੀਸਿਯਾ ਨਾਲ ਚੰਗਾ ਸਲੂਕ ਕਰ ਕੇ ਪਤੀਆਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ। ਉਹ ਕੋਮਲ ਤੇ ਦਿਆਲੂ ਸੀ ਅਤੇ ਹਮੇਸ਼ਾ ਆਪਣੇ ਚੇਲਿਆਂ ਨੂੰ ਮਾਫ਼ ਕਰਦਾ ਸੀ, ਉਦੋਂ ਵੀ ਜਦੋਂ ਉਹ ਵਾਰ-ਵਾਰ ਗ਼ਲਤੀਆਂ ਕਰਦੇ ਸਨ। ਇਸੇ ਲਈ ਯਿਸੂ ਦੂਸਰਿਆਂ ਨੂੰ ਕਹਿ ਸਕਿਆ ਕਿ “ਮੇਰੇ ਕੋਲ ਆਓ . . . ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ।” (ਮੱਤੀ 11:28, 29) ਯਿਸੂ ਦੀ ਰੀਸ ਕਰਦੇ ਹੋਏ ਪਤੀ ਨੂੰ ਆਪਣੀ ਪਤਨੀ ਨਾਲ ਉਸੇ ਤਰ੍ਹਾਂ ਦਾ ਸਲੂਕ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਦਾ ਯਿਸੂ ਨੇ ਕਲੀਸਿਯਾ ਨਾਲ ਕੀਤਾ ਸੀ। ਜੇ ਪਤੀ ਆਪਣੀ ਪਤਨੀ ਨੂੰ ਸੱਚ-ਮੁੱਚ ਅਨਮੋਲ ਸਮਝਦਾ ਹੈ ਅਤੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਤਾਂ ਪਤਨੀ ਜ਼ਰੂਰ ਆਰਾਮ ਪਾਵੇਗੀ।
ਪਤਨੀਆਂ ਜੋ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਦੀਆਂ ਹਨ
13. ਪਤਨੀਆਂ ਦੀ ਮਦਦ ਕਰਨ ਲਈ ਬਾਈਬਲ ਵਿਚ ਕਿਹੜੇ ਸਿਧਾਂਤ ਪਾਏ ਜਾਂਦੇ ਹਨ?
13 ਬਾਈਬਲ ਵਿਚ ਅਜਿਹੇ ਸਿਧਾਂਤ ਵੀ ਪਾਏ ਜਾਂਦੇ ਹਨ ਜੋ ਪਤਨੀਆਂ ਦੀ ਮਦਦ ਕਰ ਸਕਦੇ ਹਨ। ਅਫ਼ਸੀਆਂ 5:22-24, 33 ਵਿਚ ਲਿਖਿਆ ਹੈ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ। ਉਹ ਤਾਂ ਆਪ ਦੇਹੀ ਦਾ ਬਚਾਉਣ ਵਾਲਾ ਹੈ। ਪਰ ਤਾਂ ਵੀ ਜਿਸ ਪਰਕਾਰ ਕਲੀਸਿਯਾ ਮਸੀਹ ਦੇ ਅਧੀਨ ਹੈ ਇਸੇ ਪਰਕਾਰ ਪਤਨੀਆਂ ਭੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਹੋਣ। . . . ਪਤਨੀ ਆਪਣੇ ਪਤੀ ਦਾ ਮਾਨ ਕਰੇ।”
14. ਔਰਤਾਂ ਲਈ ਅਧੀਨਗੀ ਦੇ ਸਿਧਾਂਤ ਤੇ ਚੱਲਣਾ ਨਿਰਾਦਰ ਦੀ ਗੱਲ ਕਿਉਂ ਨਹੀਂ ਹੈ?
14 ਧਿਆਨ ਦਿਓ ਕਿ ਪੌਲੁਸ ਨੇ ਅਧੀਨ ਹੋਣ ਅਤੇ ਮਾਣ ਕਰਨ ਉੱਤੇ ਜ਼ੋਰ ਦਿੱਤਾ ਸੀ। ਜੀ ਹਾਂ, ਪਤਨੀ ਨੂੰ ਯਾਦ ਦਿਲਾਇਆ ਜਾਂਦਾ ਹੈ ਕਿ ਉਸ ਨੂੰ ਆਪਣੇ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਪਰਮੇਸ਼ੁਰ ਦੇ ਇੰਤਜ਼ਾਮ ਅਨੁਸਾਰ ਚੱਲ ਰਹੀ ਹੋਵੇਗੀ। ਹਰੇਕ ਪ੍ਰਾਣੀ, ਚਾਹੇ ਉਹ ਜ਼ਮੀਨ ਉੱਤੇ ਹੈ ਚਾਹੇ ਆਸਮਾਨ ਵਿਚ, ਉਹ ਕਿਸੇ-ਨ-ਕਿਸੇ ਦੇ ਅਧੀਨ ਹੈ। ਯਿਸੂ ਵੀ ਯਹੋਵਾਹ ਪਰਮੇਸ਼ੁਰ ਦੇ ਅਧੀਨ ਹੈ। (1 ਕੁਰਿੰਥੀਆਂ 11:3) ਬਿਨਾਂ ਸ਼ੱਕ, ਜੇ ਪਤੀ ਆਪਣੀ ਸਰਦਾਰੀ ਦੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਵੇ, ਤਾਂ ਉਸ ਦੇ ਅਧੀਨ ਹੋਣਾ ਪਤਨੀ ਲਈ ਜ਼ਿਆਦਾ ਆਸਾਨ ਹੋਵੇਗਾ।
15. ਪਤਨੀਆਂ ਲਈ ਬਾਈਬਲ ਵਿਚ ਕਿਹੜੀ ਸਲਾਹ ਪਾਈ ਜਾਂਦੀ ਹੈ?
15 ਪੌਲੁਸ ਨੇ ਇਹ ਵੀ ਕਿਹਾ ਸੀ ਕਿ ਪਤਨੀ ਨੂੰ “ਆਪਣੇ ਪਤੀ ਦਾ ਮਾਨ” ਕਰਨਾ ਚਾਹੀਦਾ ਹੈ। ਮਸੀਹੀ ਪਤਨੀ ਨੂੰ ਘਮੰਡੀ ਜਾਂ ਜ਼ਿੱਦੀ ਹੋ ਕੇ ਆਪਣੇ ਪਤੀ ਨਾਲ ਮੁਕਾਬਲਾ ਜਾਂ ਆਪਣੀ ਮਨ-ਮਰਜ਼ੀ ਨਹੀਂ ਕਰਨੀ ਚਾਹੀਦੀ, ਇਸ ਦੀ ਬਜਾਇ ਉਸ ਨੂੰ “ਦੀਨਤਾ ਅਤੇ ਸ਼ਾਂਤ ਸੁਭਾ” ਨਾਲ ਪੇਸ਼ ਆਉਣਾ ਚਾਹੀਦਾ ਹੈ। (1 ਪਤਰਸ 3:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਕ ਨੇਕ ਪਤਨੀ ਆਪਣੇ ਪਰਿਵਾਰ ਦੀ ਭਲਾਈ ਲਈ ਸਖ਼ਤ ਮਿਹਨਤ ਕਰੇਗੀ ਅਤੇ ਆਪਣੇ ਪਤੀ ਦਾ ਮਾਣ ਕਰੇਗੀ। (ਤੀਤੁਸ 2:4, 5) ਉਹ ਦੂਸਰਿਆਂ ਦੇ ਦਿਲਾਂ ਵਿਚ ਆਪਣੇ ਪਤੀ ਲਈ ਇੱਜ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰੇਗੀ ਤੇ ਕਦੀ ਵੀ ਉਸ ਦੀ ਬੇਇੱਜ਼ਤੀ ਨਹੀਂ ਕਰੇਗੀ। ਉਹ ਹਮੇਸ਼ਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਕੇ ਪਤੀ ਦਾ ਸਾਥ ਦੇਵੇਗੀ ਤਾਂਕਿ ਉਸ ਦੇ ਫ਼ੈਸਲੇ ਸਫ਼ਲ ਹੋਣ।—ਕਹਾਉਤਾਂ 14:1.
16. ਸਾਰਾਹ ਤੇ ਰਿਬਕਾਹ ਦੀ ਮਿਸਾਲ ਤੋਂ ਮਸੀਹੀ ਪਤਨੀਆਂ ਕੀ ਸਿੱਖ ਸਕਦੀਆਂ ਹਨ?
16 ਕੋਮਲ ਤੇ ਸ਼ਾਂਤ ਸੁਭਾਅ ਦੀ ਹੋਣ ਦਾ ਇਹ ਮਤਲਬ ਨਹੀਂ ਕਿ ਪਤਨੀ ਆਪਣੀ ਰਾਇ ਪੇਸ਼ ਨਹੀਂ ਕਰ ਸਕਦੀ ਜਾਂ ਉਸ ਦੀ ਰਾਇ ਜਾਣਨੀ ਜ਼ਰੂਰੀ ਨਹੀਂ ਹੈ। ਪੁਰਾਣੇ ਜ਼ਮਾਨੇ ਵਿਚ ਕੁਝ ਨੇਕ ਔਰਤਾਂ ਨੇ, ਜਿਵੇਂ ਕਿ ਸਾਰਾਹ ਤੇ ਰਿਬਕਾਹ ਨੇ, ਕੁਝ ਜ਼ਰੂਰੀ ਮਾਮਲਿਆਂ ਵਿਚ ਆਪਣੀ ਰਾਇ ਦਿੱਤੀ ਸੀ। ਬਾਈਬਲ ਦੇ ਰਿਕਾਰਡ ਤੋਂ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਦੀ ਰਾਇ ਦੀ ਕਦਰ ਕੀਤੀ ਸੀ। (ਉਤਪਤ 21:8-12; 27:46–28:4) ਮਸੀਹੀ ਪਤਨੀਆਂ ਵੀ ਆਪਣੀ ਰਾਇ ਪੇਸ਼ ਕਰ ਸਕਦੀਆਂ ਹਨ। ਪਰ ਉਨ੍ਹਾਂ ਨੂੰ ਪਤੀ ਨਾਲ ਇੱਜ਼ਤ ਤੇ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਉਹ ਇਸ ਤਰੀਕੇ ਨਾਲ ਗੱਲ ਕਰਨ, ਤਾਂ ਉਨ੍ਹਾਂ ਦੀ ਗੱਲ ਜ਼ਿਆਦਾ ਚੰਗੀ ਲੱਗੇਗੀ ਤੇ ਮੰਨਣ ਵਿਚ ਜ਼ਿਆਦਾ ਆਸਾਨ ਹੋਵੇਗੀ।
ਆਪਣਾ ਵਾਅਦਾ ਨਿਭਾਉਣਾ
17, 18. ਵਿਆਹ ਦੇ ਬੰਧਨ ਨੂੰ ਤੋੜਨ ਦੀਆਂ ਸ਼ਤਾਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰਨ ਲਈ ਪਤੀ-ਪਤਨੀ ਕੀ ਕਰ ਸਕਦੇ ਹਨ?
17 ਵਿਆਹ ਜ਼ਿੰਦਗੀ ਭਰ ਦਾ ਸਾਥ ਹੈ। ਇਸ ਲਈ, ਪਤੀ-ਪਤਨੀ ਦੋਹਾਂ ਨੂੰ ਆਪਣਾ ਵਿਆਹ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਪਤੀ-ਪਤਨੀ ਆਪਸ ਵਿਚ ਖੁੱਲ੍ਹ ਕੇ ਗੱਲਬਾਤ ਨਾ ਕਰਨ, ਤਾਂ ਉਨ੍ਹਾਂ ਦੇ ਰਿਸ਼ਤੇ ਵਿਚ ਦਰਾੜ ਪੈ ਸਕਦੀ ਹੈ। ਸਮੱਸਿਆਵਾਂ ਆਉਣ ਤੇ ਕਦੀ-ਕਦੀ ਪਤੀ-ਪਤਨੀ ਇਕ-ਦੂਜੇ ਨਾਲ ਗੱਲਬਾਤ ਕਰਨੀ ਛੱਡ ਦਿੰਦੇ ਹਨ ਜਿਸ ਕਾਰਨ ਨਾਰਾਜ਼ਗੀ ਵਧ ਜਾਂਦੀ ਹੈ। ਕਈ ਲੋਕ ਆਪਣੇ ਜੀਵਨ ਸਾਥੀ ਤੋਂ ਛੁਟਕਾਰਾ ਪਾਉਣ ਲਈ ਕਿਸੇ ਹੋਰ ਨਾਲ ਇਸ਼ਕ ਕਰਨ ਲੱਗ ਪੈਂਦੇ ਹਨ। ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”—ਮੱਤੀ 5:28.
18 ਪੌਲੁਸ ਰਸੂਲ ਨੇ ਵਿਆਹੁਤਾ ਜੋੜਿਆਂ ਸਮੇਤ ਸਾਰਿਆਂ ਮਸੀਹੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ। ਅਤੇ ਨਾ ਸ਼ਤਾਨ ਨੂੰ ਥਾਂ ਦਿਓ!” (ਅਫ਼ਸੀਆਂ 4:26, 27) ਸਾਡਾ ਵੈਰੀ ਸ਼ਤਾਨ ਅਜਿਹੇ ਮੌਕਿਆਂ ਦਾ ਇੰਤਜ਼ਾਰ ਕਰਦਾ ਹੈ ਕਿ ਕਦੋਂ ਮਸੀਹੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੋਣ ਅਤੇ ਉਹ ਇਨ੍ਹਾਂ ਦਾ ਫ਼ਾਇਦਾ ਉਠਾ ਸਕੇ। ਉਸ ਨੂੰ ਸਫ਼ਲ ਨਾ ਹੋਣ ਦਿਓ! ਜਦ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਬਾਈਬਲ ਅਤੇ ਬਾਈਬਲ-ਸਾਹਿੱਤ ਦੀ ਜਾਂਚ ਕਰ ਕੇ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਯਹੋਵਾਹ ਦਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ। ਜੋ ਵੀ ਸਮੱਸਿਆ ਹੈ, ਇਸ ਬਾਰੇ ਸ਼ਾਂਤੀ ਨਾਲ ਤੇ ਦਿਲ ਖੋਲ੍ਹ ਕੇ ਗੱਲ ਕਰੋ। ਯਹੋਵਾਹ ਦੇ ਮਿਆਰਾਂ ਬਾਰੇ ਸਿਰਫ਼ ਸਿੱਖਣਾ ਹੀ ਕਾਫ਼ੀ ਨਹੀਂ, ਸਗੋਂ ਤੁਹਾਨੂੰ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਵੀ ਕਰਨਾ ਚਾਹੀਦਾ ਹੈ। (ਯਾਕੂਬ 1:22-25) ਜਿੱਥੇ ਵਿਆਹ ਦੀ ਗੱਲ ਆਉਂਦੀ ਹੈ, ਤਾਂ ਪੱਕਾ ਇਰਾਦਾ ਕਰੋ ਕਿ ਤੁਸੀਂ ਦੋਨੋਂ ਮਿਲ ਕੇ ਯਹੋਵਾਹ ਦੇ ਰਾਹਾਂ ਤੇ ਚੱਲਦੇ ਰਹੋਗੇ ਅਤੇ ਕਿਸੇ ਵੀ ਚੀਜ਼ ਜਾਂ ਇਨਸਾਨ ਕਰਕੇ ਅਲੱਗ ਨਾ ਹੋਵੋਗੇ। ਹਾਂ, ਜੋ ਪਰਮੇਸ਼ੁਰ ਨੇ ਜੋੜ ਦਿੱਤਾ ਹੈ, ਉਸ ਨੂੰ ਅੱਡ ਨਾ ਕਰੋ!—ਮੀਕਾਹ 6:8.
[ਫੁਟਨੋਟ]
a ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਦੇ ਸਫ਼ੇ 158-61 ਦੇਖੋ।
c ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਹੈ ਕਿ ਆਦਮੀ “ਮੁੱਕੇਬਾਜ਼” ਨਾ ਹੋਵੇ ਯਾਨੀ ਅਜਿਹਾ ਵਿਅਕਤੀ ਨਾ ਹੋਵੇ ਜੋ ਦੂਸਰਿਆਂ ਨੂੰ ਮਾਰਦਾ-ਕੁੱਟਦਾ ਜਾਂ ਉਨ੍ਹਾਂ ਨੂੰ ਧਮਕੀਆਂ ਦਿੰਦਾ ਹੋਵੇ। ਅੰਗ੍ਰੇਜ਼ੀ ਵਿਚ ਪਹਿਰਾਬੁਰਜ 1 ਸਤੰਬਰ 1990 ਦੇ ਸਫ਼ਾ 25 ਤੇ ਲਿਖਿਆ ਗਿਆ ਸੀ: “ਅਜਿਹਾ ਆਦਮੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਨਹੀਂ ਜੋ ਘਰੋਂ ਬਾਹਰ ਨੇਕ ਹੋਣ ਦਾ ਦਿਖਾਵਾ ਕਰਦਾ ਹੈ, ਪਰ ਘਰ ਆਪਣੇ ਪਰਿਵਾਰ ਨਾਲ ਬੁਰਾ ਸਲੂਕ ਕਰਦਾ ਹੈ।”—1 ਤਿਮੋਥਿਉਸ 3:2-5, 12.
ਕੀ ਤੁਹਾਨੂੰ ਯਾਦ ਹੈ?
• ਮਸੀਹੀ ਵਿਆਹੁਤਾ ਜੋੜਿਆਂ ਉੱਤੇ ਕਿਉਂ ਮੁਸ਼ਕਲਾਂ ਆਉਂਦੀਆਂ ਹਨ?
• ਪਤੀ ਆਪਣੀ ਪਤਨੀ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰ ਸਕਦਾ ਹੈ ਅਤੇ ਉਸ ਨੂੰ ਕਿਵੇਂ ਦਿਖਾ ਸਕਦਾ ਹੈ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ?
• ਪਤਨੀ ਕਿਵੇਂ ਦਿਖਾ ਸਕਦੀ ਹੈ ਕਿ ਉਹ ਆਪਣੇ ਪਤੀ ਦਾ ਮਾਣ ਕਰਦੀ ਹੈ?
• ਪਤੀ-ਪਤਨੀ ਆਪਣੇ ਬੰਧਨ ਨੂੰ ਮਜ਼ਬੂਤ ਕਰਨ ਲਈ ਕੀ ਕਰ ਸਕਦੇ ਹਨ?
[ਸਫ਼ਾ 20 ਉੱਤੇ ਤਸਵੀਰ]
ਪਤੀ ਨੂੰ ਸਿਰਫ਼ ਸਰੀਰਕ ਤੌਰ ਤੇ ਹੀ ਨਹੀਂ, ਬਲਕਿ ਰੂਹਾਨੀ ਤੌਰ ਤੇ ਵੀ ਪਤਨੀ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨੀ ਚਾਹੀਦੀ ਹੈ
[ਸਫ਼ਾ 21 ਉੱਤੇ ਤਸਵੀਰ]
ਜੇ ਪਤੀ ਆਪਣੀ ਪਤਨੀ ਨੂੰ ਸੱਚ-ਮੁੱਚ ਅਨਮੋਲ ਸਮਝਦਾ ਹੈ, ਤਾਂ ਪਤਨੀ ਜ਼ਰੂਰ ਆਰਾਮ ਪਾਵੇਗੀ
[ਸਫ਼ਾ 23 ਉੱਤੇ ਤਸਵੀਰ]
ਮਸੀਹੀ ਪਤਨੀ ਨੂੰ ਇੱਜ਼ਤ ਤੇ ਪਿਆਰ ਨਾਲ ਆਪਣੀ ਰਾਇ ਪੇਸ਼ ਕਰਨੀ ਚਾਹੀਦੀ ਹੈ