“ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ”
“ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। . . . ਹੇ ਮੇਰੇ ਪੁੱਤ੍ਰ, ਤੂੰ ਕਾਹਨੂੰ ਪਰਾਈ ਤੀਵੀਂ ਨਾਲ ਮੋਹਿਤ ਹੋਵੇਂ?”—ਕਹਾਉਤਾਂ 5:18, 20.
1, 2. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਤੀ-ਪਤਨੀ ਦਾ ਆਪਸੀ ਪਿਆਰ ਮੁਬਾਰਕ ਹੈ?
ਬਾਈਬਲ ਵਿਚ ਜਿਨਸੀ ਸੰਬੰਧਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਗਈ ਹੈ। ਕਹਾਉਤਾਂ 5:18, 19 ਵਿਚ ਅਸੀਂ ਪੜ੍ਹਦੇ ਹਾਂ: “ਤੇਰਾ ਸੋਤਾ ਮੁਬਾਰਕ ਹੋਵੇ, ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ, ਉਹ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤ ਆਵੇ, ਅਤੇ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹੁ।”
2 ਇੱਥੇ ਕਾਮ-ਤ੍ਰਿਪਤੀ ਦੀ ਤੁਲਨਾ ਜਲ ਨਾਲ ਕੀਤੀ ਗਈ ਹੈ। ਜਿਵੇਂ ਜਲ ਦਾ ਸੋਤਾ ਪਿਆਸੇ ਨੂੰ ਤ੍ਰਿਪਤ ਕਰਦਾ ਹੈ, ਉਵੇਂ ਹੀ ਪਤਨੀ ਪਤੀ ਨੂੰ ਤ੍ਰਿਪਤ ਕਰਦੀ ਹੈ। ਇਹ ਸੋਤਾ ਮੁਬਾਰਕ ਹੈ ਕਿਉਂਕਿ ਪਤੀ-ਪਤਨੀ ਦਾ ਆਪਸੀ ਪਿਆਰ ਅਤੇ ਜਿਨਸੀ ਸੁਖ ਪਰਮੇਸ਼ੁਰ ਵੱਲੋਂ ਤੋਹਫ਼ਾ ਹੈ। ਪਰ ਇਹ ਤ੍ਰਿਪਤੀ ਸਿਰਫ਼ ਆਪਣੇ ਜੀਵਨ ਸਾਥੀ ਤੋਂ ਹੀ ਪਾਉਣੀ ਚਾਹੀਦੀ ਹੈ, ਕਿਸੇ ਗ਼ੈਰ-ਮਰਦ ਜਾਂ ਔਰਤ ਤੋਂ ਨਹੀਂ। ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਸੁਲੇਮਾਨ ਨੇ ਕਹਾਉਤਾਂ ਦੀ ਪੋਥੀ ਵਿਚ ਲਿਖਿਆ: “ਹੇ ਮੇਰੇ ਪੁੱਤ੍ਰ, ਤੂੰ ਕਾਹਨੂੰ ਪਰਾਈ ਤੀਵੀਂ ਨਾਲ ਮੋਹਿਤ ਹੋਵੇਂ, ਅਤੇ ਓਪਰੀ ਨੂੰ ਕਾਹਨੂੰ ਛਾਤੀ ਨਾਲ ਲਾਵੇਂ?”—ਕਹਾਉਤਾਂ 5:20.
3. (ੳ) ਕਈ ਵਿਆਹ ਕਿਸ ਕਾਰਨ ਟੁੱਟ ਜਾਂਦੇ ਹਨ? (ਅ) ਜ਼ਨਾਹ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?
3 ਵਿਆਹ ਵਾਲੇ ਦਿਨ ਮੁੰਡਾ-ਕੁੜੀ ਜ਼ਿੰਦਗੀ ਭਰ ਇਕ-ਦੂਜੇ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਂਦੇ ਹਨ। ਫਿਰ ਵੀ ਕਈ ਵਿਆਹ ਨਾਜਾਇਜ਼ ਸੰਬੰਧਾਂ ਦੇ ਕਾਰਨ ਟੁੱਟ ਜਾਂਦੇ ਹਨ। ਵਿਆਹੁਤਾ ਜੋੜਿਆਂ ਉੱਤੇ ਕੀਤੇ ਗਏ 25 ਅਧਿਐਨਾਂ ਤੋਂ ਪਤਾ ਲੱਗਾ ਹੈ ਕਿ “25 ਫੀ ਸਦੀ ਪਤਨੀਆਂ ਅਤੇ 44 ਫੀ ਸਦੀ ਪਤੀਆਂ ਨੇ ਕਿਸੇ-ਨ-ਕਿਸੇ ਸਮੇਂ ਤੇ ਗ਼ੈਰ-ਮਰਦ ਜਾਂ ਔਰਤ ਨਾਲ ਜਿਨਸੀ ਸੰਬੰਧ ਰੱਖੇ ਸਨ।” ਪੌਲੁਸ ਰਸੂਲ ਨੇ ਕਿਹਾ: “ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, . . . ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” (1 ਕੁਰਿੰਥੀਆਂ 6:9, 10) ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਨਾਹ ਕਰਨਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵੱਡਾ ਪਾਪ ਹੈ ਤੇ ਉਸ ਦੇ ਸੇਵਕਾਂ ਨੂੰ ਹਰ ਕੀਮਤ ਤੇ ਇਹ ਪਾਪ ਕਰਨ ਤੋਂ ਬਚਣਾ ਚਾਹੀਦਾ ਹੈ। ਬਾਈਬਲ ਕਹਿੰਦੀ ਹੈ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ।” ਇਸ ਸਲਾਹ ਉੱਤੇ ਚੱਲਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?—ਇਬਰਾਨੀਆਂ 13:4.
ਧੋਖੇਬਾਜ਼ ਦਿਲ ਤੋਂ ਖ਼ਬਰਦਾਰ ਰਹੋ
4. ਸ਼ਾਦੀ-ਸ਼ੁਦਾ ਲੋਕ ਕਿਹੋ ਜਿਹੇ ਫੰਦਿਆਂ ਵਿਚ ਫਸ ਕੇ ਕਿਸੇ ਹੋਰ ਨਾਲ ਰੋਮਾਂਸ ਕਰਦੇ ਹਨ?
4 ਅੱਜ ਲੋਕਾਂ ਦੀ ਸੋਚ ਬਹੁਤ ਗੰਦੀ ਹੋ ਚੁੱਕੀ ਹੈ। “ਉਹਨਾਂ ਦੀਆਂ ਅੱਖਾਂ ਵਿਭਚਾਰ ਨਾਲ ਭਰੀਆਂ ਪਈਆਂ ਹਨ ਅਤੇ ਉਹ ਪਾਪ ਕਰਨ ਤੋਂ ਵੀ ਰਜਦੇ ਨਹੀਂ।” (2 ਪਤਰਸ 2:14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸ਼ਾਦੀ-ਸ਼ੁਦਾ ਲੋਕ ਜਾਣ-ਬੁੱਝ ਕੇ ਪਰਾਏ ਮਰਦਾਂ ਜਾਂ ਔਰਤਾਂ ਉੱਤੇ ਡੋਰੇ ਪਾਉਂਦੇ ਹਨ। ਕਈ ਦੇਸ਼ਾਂ ਵਿਚ ਤੀਵੀਆਂ ਹੁਣ ਨੌਕਰੀ ਕਰਦੀਆਂ ਹਨ ਤੇ ਉਨ੍ਹਾਂ ਦਾ ਦੂਸਰੇ ਮਰਦਾਂ ਨਾਲ ਵਾਹ ਪੈਂਦਾ ਹੈ। ਅਜਿਹੇ ਮਾਹੌਲ ਵਿਚ ਰੋਮਾਂਸ ਸੌਖਿਆਂ ਹੀ ਪੁੰਗਰ ਸਕਦਾ ਹੈ। ਇਸ ਤੋਂ ਇਲਾਵਾ ਸ਼ਰਮਾਕਲ ਲੋਕਾਂ ਲਈ ਕੰਪਿਊਟਰ ਉੱਤੇ ਚੈਟ ਰੂਮ ਵਿਚ ਕਿਸੇ ਨਾਲ ਰੋਮਾਂਸ ਕਰਨਾ ਆਸਾਨ ਹੋ ਗਿਆ ਹੈ। ਕਈ ਵਾਰ ਸ਼ਾਦੀ-ਸ਼ੁਦਾ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਅਜਿਹੇ ਫੰਦਿਆਂ ਵਿਚ ਫਸ ਰਹੇ ਹਨ।
5, 6. ਮੈਰੀ ਕਿਸ ਖ਼ਤਰਨਾਕ ਫੰਦੇ ਵਿਚ ਫਸ ਗਈ ਸੀ ਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
5 ਮੈਰੀ ਨਾਂ ਦੀ ਇਕ ਮਸੀਹੀ ਭੈਣ ਦੀ ਮਿਸਾਲ ਵੱਲ ਧਿਆਨ ਦਿਓ ਜੋ ਜ਼ਨਾਹ ਕਰਨ ਦੀ ਗੰਭੀਰ ਗ਼ਲਤੀ ਕਰਨ ਹੀ ਵਾਲੀ ਸੀ। ਉਹ ਯਹੋਵਾਹ ਦੀ ਗਵਾਹ ਹੈ, ਪਰ ਉਸ ਦਾ ਪਤੀ ਯਹੋਵਾਹ ਨੂੰ ਨਹੀਂ ਮੰਨਦਾ। ਉਸ ਦਾ ਪਤੀ ਕਦੇ ਵੀ ਉਸ ਨਾਲ ਤੇ ਬੱਚਿਆਂ ਨਾਲ ਪਿਆਰ ਦੇ ਦੋ ਬੋਲ ਨਹੀਂ ਬੋਲਦਾ ਸੀ। ਕੁਝ ਸਾਲ ਪਹਿਲਾਂ ਮੈਰੀ ਆਪਣੇ ਪਤੀ ਦੇ ਇਕ ਸਹਿਕਰਮੀ ਨੂੰ ਮਿਲੀ। ਉਹ ਬਹੁਤ ਹੀ ਸ਼ੀਲ ਸੁਭਾਅ ਦਾ ਮਾਲਕ ਸੀ ਤੇ ਉਸ ਨੇ ਬਾਈਬਲ ਦੀਆਂ ਗੱਲਾਂ ਵਿਚ ਦਿਲਚਸਪੀ ਵੀ ਲਈ। ਮੈਰੀ ਦੱਸਦੀ ਹੈ: “ਉਹ ਬਹੁਤ ਚੰਗਾ ਸੀ ਤੇ ਮੇਰੇ ਪਤੀ ਤੋਂ ਬਿਲਕੁਲ ਵੱਖਰਾ।” ਥੋੜ੍ਹੇ ਹੀ ਸਮੇਂ ਵਿਚ ਇਨ੍ਹਾਂ ਦੋਹਾਂ ਵਿਚ ਪਿਆਰ ਹੋ ਗਿਆ। ਮੈਰੀ ਨੇ ਸੋਚਿਆ: “ਮੈਂ ਜ਼ਨਾਹ ਨਹੀਂ ਕੀਤਾ ਅਤੇ ਇਹ ਆਦਮੀ ਬਾਈਬਲ ਬਾਰੇ ਜਾਣਨਾ ਚਾਹੁੰਦਾ ਹੈ। ਮੈਂ ਉਸ ਦੀ ਮਦਦ ਕਰ ਸਕਦੀ ਹਾਂ।”
6 ਪਰ ਖ਼ੁਸ਼ੀ ਦੀ ਗੱਲ ਹੈ ਕਿ ਮੈਰੀ ਜ਼ਨਾਹ ਕਰਨ ਤੋਂ ਪਹਿਲਾਂ ਹੋਸ਼ ਵਿਚ ਆ ਗਈ। (ਗਲਾਤੀਆਂ 5:19-21; ਅਫ਼ਸੀਆਂ 4:19) ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਆਦਮੀ ਤੋਂ ਦੂਰ ਹੋ ਗਈ। ਮੈਰੀ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਵਾਕਈ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ।” (ਕਹਾਉਤਾਂ 4:23) ਅਸੀਂ ਆਪਣੇ ਦਿਲ ਦੀ ਚੌਕਸੀ ਕਿਵੇਂ ਕਰ ਸਕਦੇ ਹਾਂ?
‘ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ’
7. ਕਿਸੇ ਪਤੀ ਜਾਂ ਪਤਨੀ ਦੀ ਮਦਦ ਕਰਦੇ ਹੋਏ ਸਾਨੂੰ ਬਾਈਬਲ ਦੀ ਕਿਹੜੀ ਸਲਾਹ ਯਾਦ ਰੱਖਣੀ ਚਾਹੀਦੀ ਹੈ?
7 ਪੌਲੁਸ ਰਸੂਲ ਨੇ ਲਿਖਿਆ: “ਜੋ ਕੋਈ ਆਪਣੇ ਆਪ ਨੂੰ ਖਲੋਤਾ ਹੋਇਆ ਸਮਝਦਾ ਹੈ ਸੋ ਸੁਚੇਤ ਰਹੇ ਭਈ ਕਿਤੇ ਡਿੱਗ ਨਾ ਪਵੇ।” (1 ਕੁਰਿੰਥੀਆਂ 10:12) ਕਹਾਉਤਾਂ 22:3 ਵਿਚ ਲਿਖਿਆ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” ਇਹ ਸੋਚਣ ਦੀ ਬਜਾਇ ਕਿ ‘ਮੈਂ ਇਹੋ ਜਿਹੀ ਗ਼ਲਤੀ ਨਹੀਂ ਕਰਨ ਵਾਲਾ,’ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਪਹਿਲਾਂ ਹੀ ਖ਼ਤਰਿਆਂ ਨੂੰ ਪਛਾਣ ਲਈਏ। ਮਿਸਾਲ ਲਈ, ਕਿਸੇ ਦੀਆਂ ਘਰੇਲੂ ਸਮੱਸਿਆਵਾਂ ਦੇ ਇਕੱਲੇ ਰਾਜ਼ਦਾਰ ਨਾ ਬਣੋ। (ਕਹਾਉਤਾਂ 11:14) ਉਸ ਨੂੰ ਕਹੋ ਕਿ ਉਹ ਆਪਣੇ ਸਾਥੀ ਨਾਲ ਇਸ ਬਾਰੇ ਗੱਲ ਕਰੇ। ਪਤੀ ਕਲੀਸਿਯਾ ਦੇ ਇਕ ਸਿਆਣੇ ਭਰਾ ਨਾਲ ਵੀ ਗੱਲ ਕਰ ਸਕਦਾ ਹੈ, ਪਤਨੀ ਇਕ ਸਿਆਣੀ ਭੈਣ ਨਾਲ। ਨਾਲੇ ਉਹ ਕਲੀਸਿਯਾ ਦੇ ਬਜ਼ੁਰਗਾਂ ਨਾਲ ਵੀ ਗੱਲ ਕਰ ਸਕਦੇ ਹਨ। (ਤੀਤੁਸ 2:3, 4) ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦੇ ਬਜ਼ੁਰਗ ਇਸ ਮਾਮਲੇ ਵਿਚ ਚੰਗੀ ਮਿਸਾਲ ਕਾਇਮ ਕਰਦੇ ਹਨ। ਜਦ ਕਿਸੇ ਬਜ਼ੁਰਗ ਨੂੰ ਕਿਸੇ ਭੈਣ ਨਾਲ ਇਕੱਲੇ ਗੱਲ ਕਰਨੀ ਪੈਂਦੀ ਹੈ, ਤਾਂ ਉਹ ਜਨਤਕ ਥਾਂ ਤੇ ਉਸ ਨਾਲ ਗੱਲ ਕਰੇ, ਜਿਵੇਂ ਕਿੰਗਡਮ ਹਾਲ ਵਿਚ।
8. ਤੁਸੀਂ ਕੰਮ ਤੇ ਸਾਵਧਾਨੀ ਕਿਵੇਂ ਵਰਤ ਸਕਦੇ ਹੋ?
8 ਕੰਮ ਤੇ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਨਜ਼ਦੀਕੀਆਂ ਕਾਇਮ ਕਰਨ ਦੇ ਫੰਦੇ ਤੋਂ ਸਾਵਧਾਨ ਰਹੋ। ਮਿਸਾਲ ਲਈ, ਦਫ਼ਤਰ ਵਿਚ ਓਵਰ-ਟਾਈਮ ਕਰਨ ਵੇਲੇ ਕਿਸੇ ਨਾਲ ਜ਼ਿਆਦਾ ਸਮਾਂ ਬਿਤਾਉਣ ਨਾਲ ਅਸੀਂ ਪਰਤਾਵੇ ਵਿਚ ਪੈ ਸਕਦੇ ਹਾਂ। ਤੁਹਾਡੀ ਬੋਲੀ ਤੇ ਚਾਲ-ਚਲਣ ਤੋਂ ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਰੋਮਾਂਟਿਕ ਰਿਸ਼ਤਾ ਨਹੀਂ ਜੋੜਨਾ ਚਾਹੁੰਦੇ। ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਤੁਸੀਂ ਅੱਖ-ਮਟੱਕਾ ਕਰ ਕੇ ਜਾਂ ਗ਼ਲਤ ਢੰਗ ਦੇ ਕੱਪੜੇ ਪਾ ਕੇ ਕਿਸੇ ਦਾ ਧਿਆਨ ਆਪਣੇ ਵੱਲ ਨਹੀਂ ਖਿੱਚੋਗੇ। (1 ਤਿਮੋਥਿਉਸ 4:8; 6:11; 1 ਪਤਰਸ 3:3, 4) ਜੇ ਤੁਸੀਂ ਕੰਮ ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਰੱਖੋਗੇ, ਤਾਂ ਇਨ੍ਹਾਂ ਨੂੰ ਦੇਖ ਕੇ ਤੁਹਾਨੂੰ ਤੇ ਹੋਰਨਾਂ ਨੂੰ ਯਾਦ ਰਹੇਗਾ ਕਿ ਤੁਹਾਨੂੰ ਆਪਣਾ ਪਰਿਵਾਰ ਬਹੁਤ ਪਿਆਰਾ ਹੈ। ਜਦ ਕੋਈ ਤੁਹਾਡੇ ਤੇ ਡੋਰੇ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਹਾਨੂੰ ਕਦੀ ਵੀ ਉਸ ਨੂੰ ਹੱਲਾਸ਼ੇਰੀ ਨਹੀਂ ਦੇਣੀ ਚਾਹੀਦੀ ਜਾਂ ਉਸ ਦੀਆਂ ਗੰਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ।—ਅੱਯੂਬ 31:1.
“ਆਪਣੀ ਪਿਆਰੀ ਪਤਨੀ ਦੇ ਸੰਗ ਮੌਜ ਮਾਣ”
9. ਕਿਨ੍ਹਾਂ ਕਾਰਨਾਂ ਕਰਕੇ ਪਤੀ ਜਾਂ ਪਤਨੀ ਕਿਸੇ ਹੋਰ ਵੱਲ ਖਿੱਚੀ ਜਾ ਸਕਦੀ ਹੈ?
9 ਆਪਣੇ ਦਿਲ ਦੀ ਵੱਡੀ ਚੌਕਸੀ ਕਰਨ ਲਈ ਫੰਦਿਆਂ ਵਿਚ ਪੈਣ ਤੋਂ ਬਚਣਾ ਤਾਂ ਜ਼ਰੂਰੀ ਹੈ, ਪਰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਜਦੋਂ ਪਤੀ ਜਾਂ ਪਤਨੀ ਦੇ ਕਦਮ ਕਿਸੇ ਹੋਰ ਵੱਲ ਬਹਿਕਦੇ ਹਨ, ਤਾਂ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਰਹੇ। ਸ਼ਾਇਦ ਪਤੀ ਪਤਨੀ ਵੱਲ ਧਿਆਨ ਨਹੀਂ ਦਿੰਦਾ ਜਾਂ ਪਤਨੀ ਪਤੀ ਨੂੰ ਹਮੇਸ਼ਾ ਦੋਸ਼ ਦਿੰਦੀ ਰਹਿੰਦੀ ਹੈ। ਸੋ ਜਦ ਅਚਾਨਕ ਕੰਮ ਤੇ ਜਾਂ ਕਲੀਸਿਯਾ ਵਿਚ ਉਨ੍ਹਾਂ ਦੀ ਕਿਸੇ ਦੂਸਰੇ ਨਾਲ ਦੋਸਤੀ ਹੋ ਜਾਂਦੀ ਹੈ ਜਿਸ ਵਿਚ ਉਹ ਸਾਰੇ ਗੁਣ ਨਜ਼ਰ ਆਉਂਦੇ ਹਨ ਜੋ ਉਨ੍ਹਾਂ ਦੇ ਸਾਥੀ ਵਿਚ ਨਹੀਂ ਹਨ, ਤਾਂ ਉਹ ਉਸ ਵੱਲ ਖਿੱਚੇ ਜਾਂਦੇ ਹਨ ਅਤੇ ਹੌਲੀ-ਹੌਲੀ ਉਨ੍ਹਾਂ ਵਿਚ ਪਿਆਰ ਹੋ ਜਾਂਦਾ ਹੈ। ਬਾਈਬਲ ਸੱਚ ਹੀ ਕਹਿੰਦੀ ਹੈ ਕਿ “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ।”—ਯਾਕੂਬ 1:14.
10. ਪਤੀ-ਪਤਨੀ ਆਪਣੇ ਰਿਸ਼ਤੇ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਨ?
10 ਪਤੀ-ਪਤਨੀਆਂ ਨੂੰ ਪਿਆਰ, ਦੋਸਤੀ ਜਾਂ ਸਹਾਰੇ ਲਈ ਕਿਸੇ ਹੋਰ ਕੋਲ ਜਾਣ ਦੀ ਬਜਾਇ ਆਪਣੇ ਸਾਥੀ ਨਾਲ ਮਿਲ ਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਕੱਠੇ ਸਮਾਂ ਬਿਤਾਓ ਤੇ ਦਿਲਾਂ ਦੀ ਸਾਂਝ ਪੱਕੀ ਕਰੋ। ਉਨ੍ਹਾਂ ਗੱਲਾਂ ਨੂੰ ਯਾਦ ਕਰੋ ਜਿਨ੍ਹਾਂ ਕਰਕੇ ਤੁਸੀਂ ਇਕ-ਦੂਜੇ ਵੱਲ ਖਿੱਚੇ ਗਏ ਸੀ। ਯਾਦ ਕਰੋ ਜਦੋਂ ਤੁਸੀਂ ਆਪਣੀ ਜ਼ਿੰਦਗੀ ਦਾ ਹਰ ਪਲ ਆਪਣੇ ਸਾਥੀ ਲਈ ਜੀਉਂਦੇ ਸੀ। ਉਹ ਦਿਨ ਯਾਦ ਕਰੋ ਜਦ ਤੁਸੀਂ ਹੱਸਦੇ-ਖੇਡਦੇ ਸੀ। ਆਪਣੇ ਵਿਆਹੁਤਾ ਜੀਵਨ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਸੀ: “ਹੇ ਪਰਮੇਸ਼ੁਰ, ਮੇਰੇ ਲਈ ਇੱਕ ਪਾਕ ਮਨ ਉਤਪੰਨ ਕਰ, ਅਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਸਥਿਰ ਆਤਮਾ ਵੀ।” (ਜ਼ਬੂਰਾਂ ਦੀ ਪੋਥੀ 51:10) ਪੱਕਾ ਫ਼ੈਸਲਾ ਕਰੋ ਕਿ ਤੁਸੀਂ ‘ਆਪਣੇ ਜੀਉਣ ਦੇ ਸਾਰੇ ਦਿਨ, ਜੋ ਪਰਮੇਸ਼ੁਰ ਨੇ ਸੂਰਜ ਦੇ ਹੇਠ ਤੈਨੂੰ ਦਿੱਤੇ ਹਨ, ਆਪਣੀ ਪਿਆਰੀ ਪਤਨੀ ਦੇ ਸੰਗ ਮੌਜ ਮਾਣੋਗੇ।’—ਉਪਦੇਸ਼ਕ ਦੀ ਪੋਥੀ 9:9.
11. ਵਿਆਹੁਤਾ ਜੀਵਨ ਦਾ ਬੰਧਨ ਮਜ਼ਬੂਤ ਕਰਨ ਲਈ ਗਿਆਨ, ਬੁੱਧ ਅਤੇ ਸਮਝ ਕਿਉਂ ਜ਼ਰੂਰੀ ਹਨ?
11 ਵਿਆਹ ਦਾ ਬੰਧਨ ਮਜ਼ਬੂਤ ਕਰਨ ਲਈ ਗਿਆਨ, ਬੁੱਧ ਅਤੇ ਸਮਝ ਜ਼ਰੂਰੀ ਹੈ। ਕਹਾਉਤਾਂ 24:3, 4 ਵਿਚ ਲਿਖਿਆ ਹੈ: “ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ। ਗਿਆਨ ਦੇ ਰਾਹੀਂ ਉਹ ਦੀਆਂ ਕੋਠੜੀਆਂ ਸਭ ਪਰਕਾਰ ਦੇ ਅਣਮੁੱਲ ਅਤੇ ਮਨ ਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ।” ਕਿਹੜੀਆਂ ਅਨਮੋਲ ਚੀਜ਼ਾਂ? ਪਿਆਰ, ਵਫ਼ਾ, ਪਰਮੇਸ਼ੁਰ ਦਾ ਭੈ ਤੇ ਨਿਹਚਾ ਵਰਗੇ ਸੋਹਣੇ ਗੁਣ। ਇਨ੍ਹਾਂ ਅਨਮੋਲ ਚੀਜ਼ਾਂ ਨੂੰ ਹਾਸਲ ਕਰਨ ਲਈ ਪਰਮੇਸ਼ੁਰ ਦਾ ਗਿਆਨ ਹੋਣਾ ਜ਼ਰੂਰੀ ਹੈ। ਇਸ ਲਈ ਵਿਆਹੁਤਾ ਜੋੜਿਆਂ ਨੂੰ ਬਾਈਬਲ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ। ਬੁੱਧ ਅਤੇ ਸਮਝ ਦੀ ਕੀ ਮਹੱਤਤਾ ਹੈ? ਰੋਜ਼ਾਨਾ ਮੁਸ਼ਕਲਾਂ ਸੁਲਝਾਉਣ ਲਈ ਬੁੱਧ ਦੀ ਲੋੜ ਹੈ ਯਾਨੀ ਤੁਹਾਨੂੰ ਬਾਈਬਲ ਦੇ ਗਿਆਨ ਨੂੰ ਲਾਗੂ ਕਰਨ ਦੀ ਯੋਗਤਾ ਦੀ ਲੋੜ ਹੈ। ਸਮਝਦਾਰ ਵਿਅਕਤੀ ਆਪਣੇ ਸਾਥੀ ਦੇ ਦਿਲ ਦੀ ਗੱਲ ਸਮਝ ਜਾਂਦਾ ਹੈ। (ਕਹਾਉਤਾਂ 20:5) ਯਹੋਵਾਹ ਨੇ ਸੁਲੇਮਾਨ ਰਾਹੀਂ ਕਿਹਾ: “ਹੇ ਮੇਰੇ ਪੁੱਤ੍ਰ, ਮੇਰੀ ਬੁੱਧ ਵੱਲ ਧਿਆਨ ਦੇਹ, ਮੇਰੀ ਸਮਝ ਵੱਲ ਕੰਨ ਲਾ।”—ਕਹਾਉਤਾਂ 5:1.
ਜਦ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ
12. ਇਹ ਹੈਰਾਨੀ ਦੀ ਗੱਲ ਕਿਉਂ ਨਹੀਂ ਕਿ ਪਤੀ-ਪਤਨੀਆਂ ਨੂੰ ਮੁਸ਼ਕਲਾਂ ਆਉਂਦੀਆਂ ਹਨ?
12 ਹਰ ਪਤੀ-ਪਤਨੀ ਨੂੰ ਮੁਸ਼ਕਲਾਂ ਆਉਂਦੀਆਂ ਹਨ। ਬਾਈਬਲ ਕਹਿੰਦੀ ਹੈ ਕਿ ਸ਼ਾਦੀ-ਸ਼ੁਦਾ ਲੋਕ “ਸਰੀਰ ਵਿੱਚ ਦੁਖ ਭੋਗਣਗੇ।” (1 ਕੁਰਿੰਥੀਆਂ 7:28) ਪਰੇਸ਼ਾਨੀਆਂ, ਬੀਮਾਰੀ, ਜ਼ੁਲਮ ਤੇ ਹੋਰ ਗੱਲਾਂ ਪਤੀ-ਪਤਨੀਆਂ ਉੱਤੇ ਬੋਝ ਪਾ ਸਕਦੀਆਂ ਹਨ। ਪਰ ਜਦ ਮੁਸ਼ਕਲਾਂ ਆਉਂਦੀਆਂ ਹਨ, ਤਾਂ ਯਹੋਵਾਹ ਨੂੰ ਖ਼ੁਸ਼ ਕਰਨ ਦੀ ਇੱਛਾ ਰੱਖਣ ਵਾਲੇ ਪਤੀ-ਪਤਨੀਆਂ ਨੂੰ ਮਿਲ ਕੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ।
13. ਪਤੀ-ਪਤਨੀਆਂ ਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
13 ਜੇ ਇਕ-ਦੂਜੇ ਨਾਲ ਬਦਸਲੂਕੀ ਕਰਨ ਕਰਕੇ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਹੈ, ਤਾਂ ਉਦੋਂ ਕੀ ਕੀਤਾ ਜਾ ਸਕਦਾ ਹੈ? ਇਸ ਮੁਸ਼ਕਲ ਦਾ ਹੱਲ ਲੱਭਣ ਲਈ ਤੁਹਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਮਿਸਾਲ ਲਈ, ਤੁਸੀਂ ਸ਼ਾਇਦ ਆਦਤ ਤੋਂ ਮਜਬੂਰ ਹੋ ਕੇ ਇਕ-ਦੂਜੇ ਨਾਲ ਰੁੱਖਾ ਬੋਲਦੇ ਹੋ। (ਕਹਾਉਤਾਂ 12:18) ਜਿਵੇਂ ਅਸੀਂ ਪਿੱਛਲੇ ਲੇਖ ਵਿਚ ਦੇਖਿਆ ਸੀ, ਇਸ ਦਾ ਤੁਹਾਡੇ ਵਿਆਹੁਤਾ ਰਿਸ਼ਤੇ ਉੱਤੇ ਬੁਰਾ ਅਸਰ ਪੈ ਸਕਦਾ ਹੈ। ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਝਗੜਾਲੂ ਅਤੇ ਝੱਲੀ ਤੀਵੀਂ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ।” (ਕਹਾਉਤਾਂ 21:19) ਪਤਨੀ ਹੋਣ ਦੇ ਨਾਤੇ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਕੌੜੇ ਸੁਭਾਅ ਕਰਕੇ ਮੇਰਾ ਪਤੀ ਮੈਥੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ?’ ਬਾਈਬਲ ਪਤੀਆਂ ਨੂੰ ਸਲਾਹ ਦਿੰਦੀ ਹੈ: “ਤੁਸੀਂ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜੇ ਨਾ ਹੋਵੋ।” (ਕੁਲੁੱਸੀਆਂ 3:19) ਪਤੀ ਹੋਣ ਦੇ ਨਾਤੇ ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਇੰਨਾ ਕਠੋਰ ਤੇ ਰੁੱਖੇ ਸੁਭਾਅ ਦਾ ਹਾਂ ਕਿ ਮੇਰੀ ਪਤਨੀ ਦਿਲਾਸੇ ਲਈ ਕਿਸੇ ਹੋਰ ਕੋਲ ਜਾਣਾ ਪਸੰਦ ਕਰੇਗੀ?’ ਕਿੰਨਾ ਜ਼ਰੂਰੀ ਹੈ ਕਿ ਅਸੀਂ ਦਿਲ ਖੋਲ੍ਹ ਕੇ ਇਕ-ਦੂਜੇ ਨਾਲ ਗੱਲ ਕਰੀਏ। ਜੇ ਅਸੀਂ ਇਸ ਤਰ੍ਹਾਂ ਨਾ ਕਰੀਏ, ਤਾਂ ਹੋ ਸਕਦਾ ਹੈ ਕਿ ਅਸੀਂ ਆਪਣੇ ਸਾਥੀ ਨੂੰ ਕਿਸੇ ਹੋਰ ਕੋਲ ਜਾਣ ਲਈ ਮਜਬੂਰ ਕਰ ਰਹੇ ਹਾਂ।
14, 15. ਕਿਸੇ ਹੋਰ ਨਾਲ ਰੋਮਾਂਸ ਕਰਨਾ ਵਿਆਹੁਤਾ ਜੀਵਨ ਦੀਆਂ ਮੁਸ਼ਕਲਾਂ ਦਾ ਹੱਲ ਕਿਉਂ ਨਹੀਂ ਹੈ?
14 ਕਿਸੇ ਹੋਰ ਨਾਲ ਰੋਮਾਂਸ ਕਰਨਾ ਵਿਆਹੁਤਾ ਜੀਵਨ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੈ। ਅਜਿਹੇ ਰੋਮਾਂਸ ਦਾ ਕੀ ਨਤੀਜਾ ਨਿਕਲੇਗਾ? ਕੀ ਤੁਸੀਂ ਇਸ ਨਵੇਂ ਵਿਅਕਤੀ ਨਾਲ ਵਿਆਹ ਕਰ ਕੇ ਸੁਖੀ ਹੋਵੋਗੇ? ਕਈ ਸ਼ਾਇਦ ਸੋਚਣ ਕਿ ਅਜਿਹਾ ਹੀ ਹੋਵੇਗਾ। ਉਹ ਕਹਿੰਦੇ ਹਨ: ‘ਇਸ ਵਿਅਕਤੀ ਵਿਚ ਉਹ ਸਾਰੇ ਗੁਣ ਹਨ ਜੋ ਜੀਵਨ ਸਾਥੀ ਵਿਚ ਹੋਣੇ ਚਾਹੀਦੇ ਹਨ।’ ਪਰ ਅਜਿਹੀ ਸੋਚਣੀ ਗ਼ਲਤ ਹੈ, ਕਿਉਂਕਿ ਜਿਹੜਾ ਇਨਸਾਨ ਆਪਣੇ ਸਾਥੀ ਨੂੰ ਛੱਡਣ ਲਈ ਤਿਆਰ ਹੈ ਜਾਂ ਤੁਹਾਨੂੰ ਆਪਣਾ ਸਾਥੀ ਛੱਡਣ ਲਈ ਕਹਿੰਦਾ ਹੈ, ਉਹ ਵਿਆਹ ਦੇ ਬੰਧਨ ਦਾ ਕੋਈ ਆਦਰ ਨਹੀਂ ਕਰਦਾ। ਇਹ ਸੋਚਣਾ ਤੁਹਾਡੀ ਨਾਦਾਨੀ ਹੈ ਕਿ ਦੂਜਾ ਵਿਆਹ ਪਹਿਲੇ ਨਾਲੋਂ ਬਿਹਤਰ ਹੋਵੇਗਾ।
15 ਸ਼ੁਰੂ ਵਿਚ ਅਸੀਂ ਮੈਰੀ ਦਾ ਜ਼ਿਕਰ ਕੀਤਾ ਸੀ। ਉਸ ਨੇ ਗੰਭੀਰਤਾ ਨਾਲ ਸੋਚਿਆ ਕਿ ਜੇ ਉਹ ਜ਼ਨਾਹ ਕਰਦੀ, ਤਾਂ ਇਸ ਦਾ ਕੀ ਨਤੀਜਾ ਨਿਕਲਦਾ। ਉਸ ਨੇ ਆਪ ਵੀ ਤੇ ਉਸ ਆਦਮੀ ਨੇ ਵੀ ਪਰਮੇਸ਼ੁਰ ਦੀ ਮਿਹਰ ਗੁਆ ਬੈਠਣਾ ਸੀ। (ਗਲਾਤੀਆਂ 6:7) ਉਹ ਕਹਿੰਦੀ ਹੈ: “ਮੈਂ ਉਸ ਆਦਮੀ ਨਾਲ ਆਪਣੇ ਰਿਸ਼ਤੇ ਬਾਰੇ ਸੋਚਿਆ। ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸ ਨੂੰ ਸੱਚਾਈ ਵਿਚ ਆਉਣ ਤੋਂ ਰੋਕ ਰਹੀ ਸੀ। ਜੇ ਮੈਂ ਨਾਜਾਇਜ਼ ਸੰਬੰਧ ਕਾਇਮ ਕਰ ਲੈਂਦੀ, ਤਾਂ ਇਸ ਦਾ ਮੇਰੇ ਪਰਿਵਾਰ ਉੱਤੇ ਬੁਰਾ ਅਸਰ ਪੈਣਾ ਸੀ ਅਤੇ ਦੂਸਰਿਆਂ ਨੂੰ ਵੀ ਠੋਕਰ ਲੱਗ ਸਕਦੀ ਸੀ।”—2 ਕੁਰਿੰਥੀਆਂ 6:3.
ਵਫ਼ਾ ਕਰਨ ਦਾ ਸਭ ਤੋਂ ਵੱਡਾ ਕਾਰਨ
16. ਬੇਵਫ਼ਾਈ ਕਰਨ ਦੇ ਕਿਹੜੇ ਕੁਝ ਨਤੀਜੇ ਨਿਕਲ ਸਕਦੇ ਹਨ?
16 ਬਾਈਬਲ ਚੇਤਾਵਨੀ ਦਿੰਦੀ ਹੈ: “ਪਰਾਈ ਤੀਵੀਂ ਦੇ ਬੁੱਲ੍ਹਾਂ ਤੋਂ ਸ਼ਹਿਤ ਟਪਕਦਾ ਹੈ, ਅਤੇ ਉਹ ਦਾ ਮੂੰਹ ਤੇਲ ਨਾਲੋਂ ਵੀ ਚਿਕਣਾ ਹੈ, ਪਰ ਓੜਕ ਉਹ ਨਾਗ ਦਾਉਣੇ ਵਰਗੀ ਕੌੜੀ, ਅਤੇ ਦੋ ਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ!” (ਕਹਾਉਤਾਂ 5:3, 4) ਬੇਵਫ਼ਾਈ ਦਾ ਨਤੀਜਾ ਦੁਖਦਾਈ ਤਾਂ ਨਿਕਲਦਾ ਹੀ ਹੈ, ਪਰ ਇਹ ਘਾਤਕ ਵੀ ਹੋ ਸਕਦਾ ਹੈ। ਮਿਸਾਲ ਲਈ, ਦੋਸ਼ੀ ਭਾਵਨਾ, ਜਿਨਸੀ ਰੋਗ ਤੇ ਵਫ਼ਾਦਾਰ ਸਾਥੀ ਦਾ ਟੁੱਟਾ ਦਿਲ। ਇਸ ਕਾਰਨ ਸਾਨੂੰ ਬੇਵਫ਼ਾਈ ਦੇ ਰਸਤੇ ਤੇ ਕਦੀ ਚੱਲਣਾ ਹੀ ਨਹੀਂ ਚਾਹੀਦਾ।
17. ਆਪਣੇ ਸਾਥੀ ਨਾਲ ਵਫ਼ਾ ਕਰਨ ਦਾ ਸਭ ਤੋਂ ਵੱਡਾ ਕਾਰਨ ਕੀ ਹੈ?
17 ਆਪਣੇ ਜੀਵਨ ਸਾਥੀ ਨਾਲ ਬੇਵਫ਼ਾਈ ਨਾ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹੈ। ਯਹੋਵਾਹ ਨੇ ਵਿਆਹ ਦਾ ਪ੍ਰਬੰਧ ਕੀਤਾ ਹੈ ਅਤੇ ਉਸ ਨੇ ਇਨਸਾਨਾਂ ਨੂੰ ਜਿਨਸੀ ਸੁਖ ਮਾਣਨ ਦੀ ਯੋਗਤਾ ਨਾਲ ਬਣਾਇਆ ਹੈ। ਇਸ ਲਈ ਸਾਨੂੰ ਉਸ ਦੇ ਸੁੱਚੇ ਮਿਆਰਾਂ ਦੀ ਕਦਰ ਕਰਨੀ ਚਾਹੀਦੀ ਹੈ। ਯਹੋਵਾਹ ਨੇ ਮਲਾਕੀ ਨਬੀ ਰਾਹੀਂ ਕਿਹਾ: ‘ਮੈਂ ਨਿਆਉਂ ਲਈ ਤੁਹਾਡੇ ਨੇੜੇ ਆਵਾਂਗਾ ਅਤੇ ਮੈਂ ਵਿਭਚਾਰੀਆਂ ਦੇ ਵਿਰੁੱਧ ਚੁਸਤ ਗਵਾਹ ਹੋਵਾਂਗਾ।’ (ਮਲਾਕੀ 3:5) ਯਹੋਵਾਹ ਸਭ ਕੁਝ ਦੇਖ ਸਕਦਾ ਹੈ। ਕਹਾਉਤਾਂ 5:21 ਵਿਚ ਲਿਖਿਆ ਹੈ: “ਕਿਉਂ ਜੋ ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ ਸਾਹਮਣੇ ਹਨ, ਅਤੇ ਉਹ ਉਸ ਦੇ ਸਾਰੇ ਪਹਿਆਂ ਨੂੰ ਜਾਚਦਾ ਹੈ।” ਜੀ ਹਾਂ, “ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13) ਆਪਣੇ ਸਾਥੀ ਨਾਲ ਵਫ਼ਾ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬੇਵਫ਼ਾਈ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਵਿਗਾੜ ਦਿੰਦੀ ਹੈ। ਭਾਵੇਂ ਅਸੀਂ ਇਹ ਪਾਪ ਲੁਕ-ਛਿਪ ਕੇ ਕੀਤਾ ਹੋਵੇ ਅਤੇ ਲੱਗੇ ਕਿ ਸਾਡੇ ਉੱਤੇ ਇਸ ਦਾ ਕੋਈ ਬੁਰਾ ਅਸਰ ਨਹੀਂ ਪਿਆ ਤੇ ਲੋਕਾਂ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਾ, ਪਰ ਪਰਮੇਸ਼ੁਰ ਸਭ ਕੁਝ ਦੇਖਦਾ ਹੈ।
18, 19. ਅਸੀਂ ਯੂਸੁਫ਼ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
18 ਯਾਕੂਬ ਦੇ ਪੁੱਤਰ ਯੂਸੁਫ਼ ਦੀ ਮਿਸਾਲ ਦਿਖਾਉਂਦੀ ਹੈ ਕਿ ਜੇ ਅਸੀਂ ਪਰਮੇਸ਼ੁਰ ਦੀ ਮਿਹਰ ਚਾਹੁੰਦੇ ਹਾਂ, ਤਾਂ ਸਾਨੂੰ ਜ਼ਨਾਹ ਵਰਗੇ ਪਾਪ ਨਹੀਂ ਕਰਨੇ ਚਾਹੀਦੇ। ਯੂਸੁਫ਼ ਮਿਸਰ ਵਿਚ ਫ਼ਿਰਊਨ ਦੇ ਇਕ ਦਰਬਾਰੀ ਪੋਟੀਫ਼ਰ ਦੇ ਘਰ ਵਿਚ ਕੰਮ ਕਰਦਾ ਸੀ। ਯੂਸੁਫ਼ ਉੱਤੇ ਪੋਟੀਫ਼ਰ ਦੀ ਮਿਹਰ ਹੋਣ ਕਰਕੇ ਉਸ ਨੂੰ ਘਰ ਦੀ ਸਾਰੀ ਜ਼ਿੰਮੇਵਾਰੀ ਸੌਂਪੀ ਗਈ ਸੀ। ਯੂਸੁਫ਼ “ਰੂਪਵੰਤ ਅਰ ਸੋਹਣਾ ਸੀ” ਤੇ ਇਹ ਗੱਲ ਪੋਟੀਫ਼ਰ ਦੀ ਤੀਵੀਂ ਤੋਂ ਲੁਕੀ ਨਹੀਂ ਸੀ। ਇਸ ਤੀਵੀਂ ਨੇ ਹਰ ਰੋਜ਼ ਯੂਸੁਫ਼ ਨੂੰ ਆਪਣੇ ਮੋਹ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਯੂਸੁਫ਼ ਉਸ ਦੇ ਪਿਆਰ ਦੇ ਜਾਲ ਵਿਚ ਫਸਣ ਤੋਂ ਕਿਵੇਂ ਬਚਿਆ? ਬਾਈਬਲ ਸਾਨੂੰ ਦੱਸਦੀ ਹੈ: ‘ਉਸ ਨੇ ਨਾ ਮੰਨਿਆ ਅਰ ਆਪਣੇ ਸਵਾਮੀ ਦੀ ਤੀਵੀਂ ਨੂੰ ਆਖਿਆ, ਵੇਖੋ ਮੇਰੇ ਸਵਾਮੀ ਨੇ ਤੁਹਾਥੋਂ ਬਿਨਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਨਹੀਂ ਰੱਖੀ ਕਿਉਂਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?’—ਉਤਪਤ 39:1-12.
19 ਕਿਸੇ ਹੋਰ ਦੀ ਤੀਵੀਂ ਤੋਂ ਦੂਰ ਰਹਿ ਕੇ ਕੁਆਰੇ ਯੂਸੁਫ਼ ਨੇ ਆਪਣਾ ਚਾਲ-ਚਲਣ ਸ਼ੁੱਧ ਰੱਖਿਆ। ਕਹਾਉਤਾਂ 5:15 ਵਿਚ ਹਰ ਪਤੀ ਨੂੰ ਸਲਾਹ ਦਿੱਤੀ ਗਈ ਹੈ ਕਿ “ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ, ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ ਕਰ।” ਸੋ ਅਣਜਾਣੇ ਵਿਚ ਵੀ ਕਿਸੇ ਪਰਾਈ ਤੀਵੀਂ ਨਾਲ ਰਿਸ਼ਤਾ ਨਾ ਜੋੜੋ। ਵਿਆਹ ਵਿਚ ਪਿਆਰ ਦਾ ਬੰਧਨ ਮਜ਼ਬੂਤ ਕਰਨ ਦੀ ਪੂਰੀ ਵਾਹ ਲਾਓ ਅਤੇ ਮਿਲ ਕੇ ਮੁਸ਼ਕਲਾਂ ਦਾ ਹੱਲ ਲੱਭੋ। ਜੀ ਹਾਂ, “ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ।”—ਕਹਾਉਤਾਂ 5:18.
ਤੁਸੀਂ ਕੀ ਸਿੱਖਿਆ?
• ਅਣਜਾਣੇ ਵਿਚ ਮਸੀਹੀ ਕਿਵੇਂ ਕਿਸੇ ਗ਼ੈਰ-ਮਰਦ ਜਾਂ ਔਰਤ ਨਾਲ ਨਾਜਾਇਜ਼ ਸੰਬੰਧ ਜੋੜਨ ਦੇ ਫੰਦੇ ਵਿਚ ਪੈ ਸਕਦੇ ਹਨ?
• ਕਿਸੇ ਗ਼ੈਰ-ਮਰਦ ਜਾਂ ਔਰਤ ਲਈ ਮੋਹ ਪੈਦਾ ਕਰਨ ਤੋਂ ਬਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
• ਮੁਸ਼ਕਲਾਂ ਆਉਣ ਤੇ ਪਤੀ-ਪਤਨੀ ਨੂੰ ਕੀ ਕਰਨਾ ਚਾਹੀਦਾ ਹੈ?
• ਆਪਣੇ ਸਾਥੀ ਨਾਲ ਵਫ਼ਾ ਕਰਨ ਦਾ ਸਭ ਤੋਂ ਵੱਡਾ ਕਾਰਨ ਕੀ ਹੈ?
[ਸਫ਼ਾ 26 ਉੱਤੇ ਤਸਵੀਰ]
ਕੰਮ ਤੇ ਰੋਮਾਂਸ ਸੌਖਿਆਂ ਹੀ ਪੁੰਗਰ ਸਕਦਾ ਹੈ
[ਸਫ਼ਾ 28 ਉੱਤੇ ਤਸਵੀਰ]
‘ਗਿਆਨ ਦੇ ਰਾਹੀਂ ਕੋਠੜੀਆਂ ਮਨ ਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ’