ਇਸ ਦੁਨੀਆਂ ਦਾ ਅੰਤ ਕਿਵੇਂ ਹੋਵੇਗਾ?
“ਤੁਸੀਂ ਹਨੇਰੇ ਵਿਚ ਨਹੀਂ ਹੋ, ਇਸ ਲਈ ਤੁਹਾਡੇ ਉੱਤੇ ਉਹ ਦਿਨ ਅਚਾਨਕ ਨਹੀਂ ਆਵੇਗਾ, ਜਿਵੇਂ ਦਿਨ ਦਾ ਚਾਨਣ ਚੋਰ ਉੱਤੇ ਅਚਾਨਕ ਆ ਪੈਂਦਾ ਹੈ।”—1 ਥੱਸ. 5:4.
1. ਖ਼ਬਰਦਾਰ ਰਹਿਣ ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
ਜਲਦੀ ਹੀ ਦੁਨੀਆਂ ਨੂੰ ਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰਨਗੀਆਂ। ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਇਸ ਗੱਲ ਨੂੰ ਪੱਕਾ ਕਰਦੀ ਹੈ, ਇਸ ਲਈ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ। ਕਿਹੜੀ ਗੱਲ ਸਾਡੀ ਖ਼ਬਰਦਾਰ ਰਹਿਣ ਵਿਚ ਮਦਦ ਕਰੇਗੀ? ਪੌਲੁਸ ਰਸੂਲ ਸਾਨੂੰ ਤਾਕੀਦ ਕਰਦਾ ਹੈ ਕਿ ‘ਅਸੀਂ ਆਪਣੀ ਨਜ਼ਰ ਨਾ ਦਿਸਣ ਵਾਲੀਆਂ ਚੀਜ਼ਾਂ ਉੱਤੇ ਲਾਈ ਰੱਖੀਏ।’ ਜੀ ਹਾਂ, ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਸਵਰਗ ਵਿਚ ਜਾਂ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਪੌਲੁਸ ਨੇ ਇਹ ਸ਼ਬਦ ਲਿਖ ਕੇ ਆਪਣੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀ ਵਫ਼ਾਦਾਰੀ ਦੇ ਇਨਾਮ ਉੱਤੇ ਧਿਆਨ ਲਾਈ ਰੱਖਣ। ਇਸ ਤਰ੍ਹਾਂ ਉਹ ਅਜ਼ਮਾਇਸ਼ਾਂ ਅਤੇ ਜ਼ੁਲਮ ਦਾ ਸਾਮ੍ਹਣਾ ਕਰ ਸਕਣਗੇ।—2 ਕੁਰਿੰ. 4:8, 9, 16-18; 5:7.
2. (ੳ) ਆਪਣੀ ਉਮੀਦ ਪੱਕੀ ਰੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਅਸੀਂ ਕੀ ਗੱਲ ਕਰਾਂਗੇ?
2 ਪੌਲੁਸ ਦੀ ਸਲਾਹ ਤੋਂ ਸਾਨੂੰ ਇਹ ਖ਼ਾਸ ਗੱਲ ਪਤਾ ਲੱਗਦੀ ਹੈ: ਆਪਣੀ ਉਮੀਦ ਪੱਕੀ ਰੱਖਣ ਲਈ ਸਾਨੂੰ ਉਨ੍ਹਾਂ ਚੀਜ਼ਾਂ ʼਤੇ ਹੀ ਧਿਆਨ ਨਹੀਂ ਲਾਉਣਾ ਚਾਹੀਦਾ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ। ਸਾਨੂੰ ਉਨ੍ਹਾਂ ਖ਼ਾਸ ਘਟਨਾਵਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਅਜੇ ਦੇਖ ਨਹੀਂ ਸਕਦੇ। (ਇਬ. 11:1; 12:1, 2) ਇਸ ਲਈ ਆਓ ਆਪਾਂ ਭਵਿੱਖ ਵਿਚ ਵਾਪਰਨ ਵਾਲੀਆਂ ਉਨ੍ਹਾਂ ਦਸ ਘਟਨਾਵਾਂ ਬਾਰੇ ਗੱਲ ਕਰੀਏ ਜਿਨ੍ਹਾਂ ਦਾ ਸਾਡੀ ਉਮੀਦ ਨਾਲ ਗੂੜ੍ਹਾ ਸੰਬੰਧ ਹੈ।a
ਅੰਤ ਆਉਣ ਤੋਂ ਪਹਿਲਾਂ ਕੀ ਹੋਵੇਗਾ?
3. (ੳ) 1 ਥੱਸਲੁਨੀਕੀਆਂ 5:2, 3 ਮੁਤਾਬਕ ਕਿਹੜੀ ਘਟਨਾ ਵਾਪਰੇਗੀ? (ਅ) ਰਾਜਨੀਤਿਕ ਆਗੂ ਕੀ ਕਰਨਗੇ ਅਤੇ ਉਨ੍ਹਾਂ ਨਾਲ ਸ਼ਾਇਦ ਕੌਣ ਹੱਥ ਮਿਲਾਉਣ?
3 ਪੌਲੁਸ ਨੇ ਥੱਸਲੁਨੀਕੀਆਂ ਦੀ ਮੰਡਲੀ ਨੂੰ ਲਿਖੀ ਚਿੱਠੀ ਵਿਚ ਇਕ ਘਟਨਾ ਦਾ ਜ਼ਿਕਰ ਕੀਤਾ ਸੀ। (1 ਥੱਸਲੁਨੀਕੀਆਂ 5:2, 3 ਪੜ੍ਹੋ।) ਉਸ ਨੇ ‘ਯਹੋਵਾਹ ਦੇ ਦਿਨ’ ਵੱਲ ਧਿਆਨ ਖਿੱਚਿਆ। “ਯਹੋਵਾਹ ਦਾ ਦਿਨ” ਦੁਨੀਆਂ ਦੇ ਧਰਮਾਂ ਦੇ ਵਿਨਾਸ਼ ਨਾਲ ਸ਼ੁਰੂ ਹੋਵੇਗਾ ਅਤੇ ਆਰਮਾਗੇਡਨ ਦੀ ਲੜਾਈ ਨਾਲ ਖ਼ਤਮ ਹੋਵੇਗਾ। ਪਰ ਇਸ ਦਿਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੁਨੀਆਂ ਦੇ ਆਗੂ ਕਹਿਣਗੇ ਕਿ “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਇਹ ਐਲਾਨ ਸ਼ਾਇਦ ਇਕ ਵਾਰ ਕੀਤਾ ਜਾਵੇ ਜਾਂ ਕਈ ਵਾਰ ਕੀਤਾ ਜਾਵੇ। ਉਸ ਵੇਲੇ ਦੁਨੀਆਂ ਦੇ ਦੇਸ਼ ਸ਼ਾਇਦ ਸੋਚਣ ਕਿ ਉਹ ਆਪਣੀਆਂ ਕੁਝ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਹੀ ਵਾਲੇ ਹਨ। ਧਾਰਮਿਕ ਆਗੂਆਂ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹ ਵੀ ਇਸ ਦੁਨੀਆਂ ਦਾ ਹਿੱਸਾ ਹਨ, ਇਸ ਲਈ ਸੰਭਵ ਹੈ ਕਿ ਉਹ ਵੀ ਰਾਜਨੀਤਿਕ ਆਗੂਆਂ ਨਾਲ ਹੱਥ ਮਿਲਾਉਣਗੇ। (ਪ੍ਰਕਾ. 17:1, 2) ਇਸ ਤਰ੍ਹਾਂ ਈਸਾਈ-ਧਰਮ ਦੇ ਆਗੂ ਪੁਰਾਣੇ ਸਮੇਂ ਦੇ ਯਹੂਦਾਹ ਦੇ ਝੂਠੇ ਨਬੀਆਂ ਦੀ ਰੀਸ ਕਰਨਗੇ। ਯਹੋਵਾਹ ਨੇ ਉਨ੍ਹਾਂ ਬਾਰੇ ਕਿਹਾ ਸੀ: “ਓਹ ਆਖਦੇ ਹਨ, ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ।”—ਯਿਰ. 6:14; 23:16, 17.
4. ਦੁਨੀਆਂ ਤੋਂ ਉਲਟ ਸਾਨੂੰ ਕੀ ਪਤਾ ਹੈ?
4 ਭਾਵੇਂ ਜਿਹੜਾ ਮਰਜ਼ੀ “ਸ਼ਾਂਤੀ ਅਤੇ ਸੁਰੱਖਿਆ” ਦਾ ਐਲਾਨ ਕਰੇ, ਪਰ ਇਸ ਨਾਲ ਪਤਾ ਲੱਗੇਗਾ ਕਿ ਯਹੋਵਾਹ ਦਾ ਦਿਨ ਸ਼ੁਰੂ ਹੋ ਗਿਆ ਹੈ। ਇਸ ਲਈ ਪੌਲੁਸ ਕਹਿ ਸਕਿਆ: “ਭਰਾਵੋ, ਤੁਸੀਂ ਹਨੇਰੇ ਵਿਚ ਨਹੀਂ ਹੋ, ਇਸ ਲਈ ਤੁਹਾਡੇ ਉੱਤੇ ਉਹ ਦਿਨ ਅਚਾਨਕ ਨਹੀਂ ਆਵੇਗਾ, ਜਿਵੇਂ ਦਿਨ ਦਾ ਚਾਨਣ ਚੋਰ ਉੱਤੇ ਅਚਾਨਕ ਆ ਪੈਂਦਾ ਹੈ, ਕਿਉਂਕਿ ਤੁਸੀਂ ਸਾਰੇ ਚਾਨਣ ਅਤੇ ਦਿਨ ਦੇ ਪੁੱਤਰ ਹੋ।” (1 ਥੱਸ. 5:4, 5) ਦੁਨੀਆਂ ਤੋਂ ਉਲਟ ਸਾਨੂੰ ਪਤਾ ਹੈ ਕਿ ਅੱਜ ਵਾਪਰ ਰਹੀਆਂ ਘਟਨਾਵਾਂ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਦੀਆਂ ਹਨ। “ਸ਼ਾਂਤੀ ਅਤੇ ਸੁਰੱਖਿਆ” ਦਾ ਐਲਾਨ ਕਿਵੇਂ ਹੋਵੇਗਾ? ਇਸ ਸਵਾਲ ਦੇ ਜਵਾਬ ਲਈ ਸਾਨੂੰ ਇਸ ਭਵਿੱਖਬਾਣੀ ਦੀ ਪੂਰਤੀ ਦੀ ਉਡੀਕ ਕਰਨੀ ਪਵੇਗੀ। ਇਸ ਲਈ ਸਾਨੂੰ ‘ਜਾਗਦੇ ਰਹਿਣ ਅਤੇ ਹੋਸ਼ ਵਿਚ ਰਹਿਣ’ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ।—1 ਥੱਸ. 5:6; ਸਫ਼. 3:8.
ਇਕ “ਰਾਣੀ” ਨੂੰ ਗ਼ਲਤਫ਼ਹਿਮੀ
5. (ੳ) “ਮਹਾਂਕਸ਼ਟ” ਕਿਵੇਂ ਸ਼ੁਰੂ ਹੋਵੇਗਾ? (ਅ) ਕਿਹੜੀ “ਰਾਣੀ” ਨੂੰ ਆਪਣੇ ਬਚਣ ਬਾਰੇ ਗ਼ਲਤਫ਼ਹਿਮੀ ਹੋਵੇਗੀ?
5 ਇਸ ਤੋਂ ਬਾਅਦ ਕੀ ਹੋਵੇਗਾ? ਪੌਲੁਸ ਨੇ ਲਿਖਿਆ: “ਜਦੋਂ ਲੋਕ ਕਹਿਣਗੇ: ‘ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!’ ਉਦੋਂ ਇਕਦਮ ਅਚਾਨਕ ਉਨ੍ਹਾਂ ਦਾ ਵਿਨਾਸ਼ ਆ ਜਾਵੇਗਾ।” ਸਭ ਤੋਂ ਪਹਿਲਾਂ “ਮਹਾਂ ਬਾਬਲ” ਯਾਨੀ ਦੁਨੀਆਂ ਦੇ ਧਰਮਾਂ ਦਾ ਅਚਾਨਕ ਨਾਸ਼ ਹੋਵੇਗਾ ਜਿਨ੍ਹਾਂ ਨੂੰ ਬਾਈਬਲ ਵਿਚ “ਕੰਜਰੀ” ਵੀ ਕਿਹਾ ਗਿਆ ਹੈ। (ਪ੍ਰਕਾ. 17:5, 6, 15) ਈਸਾਈ-ਜਗਤ ਅਤੇ ਦੁਨੀਆਂ ਦੇ ਹੋਰ ਸਾਰੇ ਧਰਮਾਂ ਉੱਤੇ ਹਮਲਾ ਹੋਣ ਨਾਲ “ਮਹਾਂਕਸ਼ਟ” ਸ਼ੁਰੂ ਹੋ ਜਾਵੇਗਾ। (ਮੱਤੀ 24:21; 2 ਥੱਸ. 2:8) ਬਹੁਤ ਸਾਰੇ ਲੋਕਾਂ ਨੂੰ ਧਰਮਾਂ ਉੱਤੇ ਹਮਲਾ ਹੋਣ ਕਰਕੇ ਹੈਰਾਨੀ ਹੋਵੇਗੀ। ਕਿਉਂ? ਕਿਉਂਕਿ ਉਸ ਸਮੇਂ ਤਕ ਉਹ ਕੰਜਰੀ ਸੋਚੇਗੀ ਕਿ ਉਹ ਇਕ “ਰਾਣੀ” ਹੈ ਅਤੇ ਉਸ ਨੂੰ “ਕਦੇ ਸੋਗ ਨਹੀਂ ਮਨਾਉਣਾ ਪਵੇਗਾ।” ਉਹ ਸੋਚਦੀ ਹੈ ਕਿ ਉਸ ਨੂੰ ਕੁਝ ਵੀ ਨਹੀਂ ਹੋਵੇਗਾ। ਪਰ ਅਚਾਨਕ ਉਸ ਨੂੰ ਪਤਾ ਲੱਗੇਗਾ ਕਿ ਇਹ ਉਸ ਦੀ ਗ਼ਲਤਫ਼ਹਿਮੀ ਹੈ। ਉਸ ਦਾ ਵਿਨਾਸ਼ “ਇੱਕੋ ਦਿਨ” ਵਿਚ ਯਾਨੀ ਬਹੁਤ ਜਲਦੀ ਹੋ ਜਾਵੇਗਾ।—ਪ੍ਰਕਾ. 18:7, 8.
6. ਕੌਣ ਦੁਨੀਆਂ ਦੇ ਧਰਮਾਂ ਨੂੰ ਖ਼ਤਮ ਕਰਨਗੇ?
6 ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਹੈ ਕਿ ‘ਦਸ ਸਿੰਗਾਂ’ ਵਾਲਾ “ਵਹਿਸ਼ੀ ਦਰਿੰਦਾ” ਉਸ ਕੰਜਰੀ ਉੱਤੇ ਹਮਲਾ ਕਰੇਗਾ। ਪ੍ਰਕਾਸ਼ ਦੀ ਕਿਤਾਬ ਦੀ ਸਟੱਡੀ ਕਰ ਕੇ ਪਤਾ ਲੱਗਦਾ ਹੈ ਕਿ ਇਹ ਵਹਿਸ਼ੀ ਦਰਿੰਦਾ ਸੰਯੁਕਤ ਰਾਸ਼ਟਰ ਨੂੰ ਦਰਸਾਉਂਦਾ ਹੈ। “ਦਸ ਸਿੰਗ” ਦੁਨੀਆਂ ਦੀਆਂ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦੇ ਹਨ ਜਿਹੜੇ ਇਸ “ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ” ਦਾ ਸਮਰਥਨ ਕਰਦੇ ਹਨ।b (ਪ੍ਰਕਾ. 17:3, 5, 11, 12) ਇਸ ਹਮਲੇ ਦਾ ਨਤੀਜਾ ਕੀ ਨਿਕਲੇਗਾ? ਸੰਯੁਕਤ ਰਾਸ਼ਟਰ ਵਿਚ ਸ਼ਾਮਲ ਦੇਸ਼ ਇਸ ਕੰਜਰੀ ਦੀ ਧਨ-ਦੌਲਤ ਲੁੱਟ ਲੈਣਗੇ, ਉਸ ਦੀ ਬੁਰਾਈ ਅਤੇ ਬਦਚਲਣੀ ਨੂੰ ਜੱਗ ਜ਼ਾਹਰ ਕਰਨਗੇ ਅਤੇ ਉਸ ਨੂੰ ਖਾ ਜਾਣਗੇ ਅਤੇ “ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੇ।” ਜੀ ਹਾਂ, ਉਸ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ।—ਪ੍ਰਕਾਸ਼ ਦੀ ਕਿਤਾਬ 17:16 ਪੜ੍ਹੋ।
7. “ਵਹਿਸ਼ੀ ਦਰਿੰਦੇ” ਦੁਆਰਾ ਹਮਲਾ ਕਿਵੇਂ ਸ਼ੁਰੂ ਹੋਵੇਗਾ?
7 ਬਾਈਬਲ ਦੀ ਭਵਿੱਖਬਾਣੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਹਮਲਾ ਕਿਵੇਂ ਸ਼ੁਰੂ ਹੋਵੇਗਾ। ਯਹੋਵਾਹ ਕਿਸੇ ਤਰ੍ਹਾਂ ਰਾਜਨੀਤਿਕ ਆਗੂਆਂ ਦੇ ਮਨਾਂ ਵਿਚ “ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ” ਯਾਨੀ ਉਸ ਕੰਜਰੀ ਨੂੰ ਖ਼ਤਮ ਕਰਨ ਦਾ ਵਿਚਾਰ ਪਾਵੇਗਾ। (ਪ੍ਰਕਾ. 17:17) ਧਰਮਾਂ ਦਾ ਲੜਾਈਆਂ ਵਿਚ ਵੱਡਾ ਹਿੱਸਾ ਹੈ ਜਿਸ ਕਰਕੇ ਦੁਨੀਆਂ ਵਿਚ ਅਸ਼ਾਂਤੀ ਫੈਲੀ ਹੋਈ ਹੈ। ਇਸ ਲਈ ਦੁਨੀਆਂ ਦੇ ਦੇਸ਼ ਸ਼ਾਇਦ ਸੋਚਣ ਕਿ ਇਸ ਕੰਜਰੀ ਨੂੰ ਖ਼ਤਮ ਕਰਨ ਵਿਚ ਹੀ ਉਨ੍ਹਾਂ ਦਾ ਭਲਾ ਹੈ। ਜਦੋਂ ਇਹ ਆਗੂ ਹਮਲਾ ਕਰਨਗੇ, ਤਾਂ ਉਹ ਸੋਚਣਗੇ ਕਿ ਉਹ “ਆਪਣੇ ਸਾਂਝੇ ਇਰਾਦੇ” ਨੂੰ ਪੂਰਾ ਕਰ ਰਹੇ ਹਨ। ਪਰ ਉਹ ਧਰਮਾਂ ਨੂੰ ਖ਼ਤਮ ਕਰ ਕੇ ਪਰਮੇਸ਼ੁਰ ਦੇ ਇਰਾਦੇ ਨੂੰ ਪੂਰਾ ਕਰਨਗੇ। ਇਸ ਤਰ੍ਹਾਂ ਕਹਾਣੀ ਵਿਚ ਨਵਾਂ ਮੋੜ ਆਵੇਗਾ। ਸ਼ੈਤਾਨ ਦੀ ਦੁਨੀਆਂ ਦਾ ਇਕ ਹਿੱਸਾ ਦੂਜੇ ਉੱਤੇ ਹਮਲਾ ਕਰੇਗਾ ਅਤੇ ਸ਼ੈਤਾਨ ਲਾਚਾਰ ਖੜ੍ਹਾ ਇਸ ਹਮਲੇ ਨੂੰ ਦੇਖਦਾ ਰਹੇਗਾ।—ਮੱਤੀ 12:25, 26.
ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ
8. “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਕਿਨ੍ਹਾਂ ʼਤੇ ਹਮਲਾ ਕਰੇਗਾ?
8 ਸਾਰੇ ਧਰਮਾਂ ਦੇ ਖ਼ਤਮ ਹੋ ਜਾਣ ਤੋਂ ਬਾਅਦ ਪਰਮੇਸ਼ੁਰ ਦੇ ਸੇਵਕ ਅਜੇ ਵੀ ‘ਬਿਨਾਂ ਕੰਧਾਂ ਦੇ ਬੇ-ਫਿਕਰੀ ਨਾਲ ਵੱਸਦੇ’ ਹੋਣਗੇ। (ਹਿਜ਼. 38:11, 14) ਦੇਖਣ ਨੂੰ ਸ਼ਾਇਦ ਲੱਗੇ ਕਿ ਯਹੋਵਾਹ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੈ। ਸੋ ਇਨ੍ਹਾਂ ਲੋਕਾਂ ਨਾਲ ਕੀ ਹੋਵੇਗਾ? ਇਸ ਤਰ੍ਹਾਂ ਲੱਗਦਾ ਹੈ ਕਿ ਉਨ੍ਹਾਂ ਉੱਤੇ “ਬਹੁਤ ਸਾਰੇ ਲੋਕ” ਹਮਲਾ ਕਰਨਗੇ। ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਗਿਆ ਹੈ ਕਿ ਇਹ ਹਮਲਾ “ਗੋਗ ਜਿਹੜਾ ਮਾਗੋਗ ਦੀ ਧਰਤੀ ਦਾ ਹੈ” ਕਰੇਗਾ। (ਹਿਜ਼ਕੀਏਲ 38:2, 15, 16 ਪੜ੍ਹੋ।) ਸਾਨੂੰ ਇਸ ਹਮਲੇ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
9. (ੳ) ਮਸੀਹੀਆਂ ਨੂੰ ਅੱਜ ਕਿਸ ਗੱਲ ਦਾ ਜ਼ਿਆਦਾ ਫ਼ਿਕਰ ਹੈ? (ਅ) ਸਾਨੂੰ ਆਪਣੀ ਨਿਹਚਾ ਪੱਕੀ ਰੱਖਣ ਲਈ ਕੀ ਕਰਨ ਦੀ ਲੋੜ ਹੈ?
9 ਪਰਮੇਸ਼ੁਰ ਦੇ ਲੋਕਾਂ ਉੱਤੇ ਹੋਣ ਵਾਲੇ ਇਸ ਹਮਲੇ ਬਾਰੇ ਜਾਣ ਕੇ ਅਸੀਂ ਹੱਦੋਂ ਵੱਧ ਚਿੰਤਾ ਨਹੀਂ ਕਰਦੇ। ਆਪਣੇ ਬਚਾਅ ਦਾ ਫ਼ਿਕਰ ਕਰਨ ਦੀ ਬਜਾਇ ਅਸੀਂ ਇਸ ਗੱਲ ਦੀ ਜ਼ਿਆਦਾ ਚਿੰਤਾ ਕਰਦੇ ਹਾਂ ਕਿ ਯਹੋਵਾਹ ਦਾ ਨਾਂ ਪਵਿੱਤਰ ਹੋਵੇ ਅਤੇ ਉਸ ਦੇ ਰਾਜ ਕਰਨ ਦਾ ਹੱਕ ਸਹੀ ਸਿੱਧ ਹੋਵੇ। ਅਸਲ ਵਿਚ ਯਹੋਵਾਹ ਨੇ 60 ਤੋਂ ਜ਼ਿਆਦਾ ਵਾਰ ਕਿਹਾ ਸੀ: ‘ਤੁਸੀਂ ਜਾਣ ਲਓਗੇ ਕਿ ਮੈਂ ਯਹੋਵਾਹ ਹਾਂ!’ (ਹਿਜ਼. 6:7) ਇਸ ਲਈ ਅਸੀਂ ਬੇਸਬਰੀ ਨਾਲ ਹਿਜ਼ਕੀਏਲ ਦੀ ਇਸ ਭਵਿੱਖਬਾਣੀ ਦੇ ਪੂਰਾ ਹੋਣ ਦੀ ਉਡੀਕ ਕਰਦੇ ਹਾਂ ਅਤੇ ਭਰੋਸਾ ਰੱਖਦੇ ਹਾਂ ਕਿ “ਯਹੋਵਾਹ ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।” (2 ਪਤ. 2:9) ਇਸ ਦੌਰਾਨ ਸਾਨੂੰ ਆਪਣੀ ਨਿਹਚਾ ਪੱਕੀ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਹਰ ਅਜ਼ਮਾਇਸ਼ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕੀਏ। ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰ ਕੇ ਇਸ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ “ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ” ਪੱਕੀ ਰੱਖਾਂਗੇ।—ਇਬ. 6:19; ਜ਼ਬੂ. 25:21.
ਕੌਮਾਂ ਜਾਣਨਗੀਆਂ ਕਿ ਯਹੋਵਾਹ ਕੌਣ ਹੈ
10, 11. ਆਰਮਾਗੇਡਨ ਦੀ ਲੜਾਈ ਕਿਵੇਂ ਸ਼ੁਰੂ ਹੋਵੇਗੀ ਅਤੇ ਉਸ ਲੜਾਈ ਵਿਚ ਕੀ ਹੋਵੇਗਾ?
10 ਯਹੋਵਾਹ ਦੇ ਲੋਕਾਂ ਉੱਤੇ ਹਮਲਾ ਹੋਣ ਨਾਲ ਕੀ ਹੋਵੇਗਾ? ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਲਈ ਯਿਸੂ ਅਤੇ ਸਵਰਗੀ ਫ਼ੌਜਾਂ ਨੂੰ ਘੱਲੇਗਾ। (ਪ੍ਰਕਾ. 19:11-16) ਇਸ ਨਾਲ ‘ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਲੜੀ ਜਾਣ ਵਾਲੀ ਲੜਾਈ’ ਸ਼ੁਰੂ ਹੋਵੇਗੀ ਜਿਸ ਨੂੰ ਬਾਈਬਲ ਵਿਚ “ਆਰਮਾਗੇਡਨ” ਕਿਹਾ ਗਿਆ ਹੈ।—ਪ੍ਰਕਾ. 16:14, 16.
11 ਯਹੋਵਾਹ ਨੇ ਹਿਜ਼ਕੀਏਲ ਰਾਹੀਂ ਇਸ ਲੜਾਈ ਬਾਰੇ ਕਿਹਾ ਸੀ: “ਮੈਂ ਆਪਣੇ ਸਾਰੇ ਪਰਬਤਾਂ ਤੇ [ਗੋਗ] ਦੇ ਵਿਰੁੱਧ ਤਲਵਾਰ ਨੂੰ ਸੱਦਾਂਗਾ, ਪ੍ਰਭੁ ਯਹੋਵਾਹ ਦਾ ਵਾਕ ਹੈ ਅਤੇ ਹਰੇਕ ਮਨੁੱਖ ਦੀ ਤਲਵਾਰ ਉਹ ਦੇ ਭਰਾ ਦੇ ਵਿਰੁੱਧ ਹੋਵੇਗੀ।” ਜਿਹੜੇ ਲੋਕ ਸ਼ੈਤਾਨ ਵੱਲ ਹਨ, ਉਹ ਡਰ ਕੇ ਬੌਂਦਲ ਜਾਣਗੇ ਅਤੇ ਆਪਣੇ ਹੀ ਲੋਕਾਂ ਉੱਤੇ ਹਮਲਾ ਕਰ ਦੇਣਗੇ। ਪਰ ਸ਼ੈਤਾਨ ਉੱਤੇ ਵੀ ਬਿਪਤਾ ਆਵੇਗੀ। ਯਹੋਵਾਹ ਕਹਿੰਦਾ ਹੈ: “[ਗੋਗ] ਦੇ ਉੱਤੇ ਅਤੇ ਉਹ ਦੀ ਮਹਾਇਣ ਉੱਤੇ ਅਤੇ ਉਨ੍ਹਾਂ ਬਹੁਤ ਸਾਰੇ ਲੋਕਾਂ ਉੱਤੇ ਜਿਹੜੇ ਉਹ ਦੇ ਨਾਲ ਹਨ . . . ਅੱਗ ਤੇ ਗੰਧਕ ਵਰ੍ਹਾਵਾਂਗਾ।” (ਹਿਜ਼. 38:21, 22) ਯਹੋਵਾਹ ਦੇ ਇਸ ਹਮਲੇ ਦਾ ਕੀ ਨਤੀਜਾ ਨਿਕਲੇਗਾ?
12. ਕੌਮਾਂ ਨੂੰ ਮਜਬੂਰ ਹੋ ਕੇ ਕੀ ਜਾਣਨਾ ਪਵੇਗਾ?
12 ਕੌਮਾਂ ਨੂੰ ਮੰਨਣਾ ਪਵੇਗਾ ਕਿ ਯਹੋਵਾਹ ਦੇ ਹੱਥੋਂ ਉਨ੍ਹਾਂ ਦੀ ਹਾਰ ਹੋਈ ਹੈ। ਫਿਰ ਜਿਵੇਂ ਲਾਲ ਸਮੁੰਦਰ ਵਿਚ ਇਜ਼ਰਾਈਲੀਆਂ ਦਾ ਪਿੱਛਾ ਕਰਨ ਵਾਲੀ ਮਿਸਰੀ ਫ਼ੌਜ ਨੇ ਸਵੀਕਾਰ ਕੀਤਾ ਸੀ, ਉਸੇ ਤਰ੍ਹਾਂ ਸ਼ੈਤਾਨ ਦੀ ਫ਼ੌਜ ਵੀ ਲਾਚਾਰ ਹੋ ਕੇ ਮੰਨੇਗੀ: ‘ਯਹੋਵਾਹ ਆਪਣੇ ਲੋਕਾਂ ਲਈ ਲੜਦਾ ਹੈ।’ (ਕੂਚ 14:25) ਜੀ ਹਾਂ, ਕੌਮਾਂ ਨੂੰ ਮਜਬੂਰ ਹੋ ਕੇ ਜਾਣਨਾ ਹੀ ਪਵੇਗਾ ਕਿ ਯਹੋਵਾਹ ਕੌਣ ਹੈ। (ਹਿਜ਼ਕੀਏਲ 38:23 ਪੜ੍ਹੋ।) ਇਨ੍ਹਾਂ ਘਟਨਾਵਾਂ ਦੇ ਸ਼ੁਰੂ ਹੋਣ ਵਿਚ ਕਿੰਨਾ ਕੁ ਸਮਾਂ ਰਹਿੰਦਾ ਹੈ?
ਹੋਰ ਕੋਈ ਵਿਸ਼ਵ ਸ਼ਕਤੀ ਖੜ੍ਹੀ ਨਹੀਂ ਹੋਵੇਗੀ
13. ਮੂਰਤ ਦੇ ਆਖ਼ਰੀ ਹਿੱਸੇ ਬਾਰੇ ਅਸੀਂ ਕੀ ਜਾਣਦੇ ਹਾਂ?
13 ਦਾਨੀਏਲ ਦੀ ਕਿਤਾਬ ਵਿਚ ਦਰਜ ਇਕ ਭਵਿੱਖਬਾਣੀ ਸਾਡੀ ਇਹ ਦੇਖਣ ਵਿਚ ਮਦਦ ਕਰਦੀ ਹੈ ਕਿ ਹੁਣ ਕਿੰਨਾ ਕੁ ਸਮਾਂ ਰਹਿੰਦਾ ਹੈ। ਦਾਨੀਏਲ ਨੇ ਮਨੁੱਖੀ ਸ਼ਕਲ ਦੀ ਇਕ ਵੱਡੀ ਮੂਰਤ ਬਾਰੇ ਦੱਸਿਆ ਸੀ ਜੋ ਵੱਖੋ-ਵੱਖਰੀਆਂ ਧਾਤਾਂ ਦੀ ਬਣੀ ਹੋਈ ਸੀ। (ਦਾਨੀ. 2:28, 31-33) ਇਹ ਮੂਰਤ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਅਤੇ ਮੌਜੂਦਾ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਵੱਡਾ ਪ੍ਰਭਾਵ ਪਾਇਆ। ਇਹ ਵਿਸ਼ਵ ਸ਼ਕਤੀਆਂ ਹਨ ਬਾਬਲ, ਮਾਦੀ-ਫ਼ਾਰਸੀ ਹਕੂਮਤ, ਯੂਨਾਨ, ਰੋਮ ਅਤੇ ਅਖ਼ੀਰਲੀ ਵਿਸ਼ਵ ਸ਼ਕਤੀ ਸਾਡੇ ਸਮੇਂ ਵਿਚ ਹਕੂਮਤ ਕਰ ਰਹੀ ਹੈ। ਦਾਨੀਏਲ ਦੀ ਭਵਿੱਖਬਾਣੀ ਵਿਚ ਦੱਸਿਆ ਹੈ ਕਿ ਇਸ ਆਖ਼ਰੀ ਵਿਸ਼ਵ ਸ਼ਕਤੀ ਨੂੰ ਮੂਰਤ ਦੇ ਪੈਰਾਂ ਅਤੇ ਉਂਗਲਾਂ ਨਾਲ ਦਰਸਾਇਆ ਗਿਆ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਇੰਗਲੈਂਡ ਅਤੇ ਅਮਰੀਕਾ ਨੇ ਖ਼ਾਸ ਦੋਸਤੀ ਕਾਇਮ ਕੀਤੀ ਸੀ। ਜੀ ਹਾਂ, ਮੂਰਤ ਦਾ ਪੰਜਵਾਂ ਹਿੱਸਾ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹੈ। ਪੈਰ ਇਸ ਮੂਰਤ ਦਾ ਆਖ਼ਰੀ ਹਿੱਸਾ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਤੋਂ ਬਾਅਦ ਹੋਰ ਕੋਈ ਵਿਸ਼ਵ ਸ਼ਕਤੀ ਖੜ੍ਹੀ ਨਹੀਂ ਹੋਵੇਗੀ। ਮੂਰਤ ਦੇ ਪੈਰ ਅਤੇ ਉਂਗਲਾਂ ਲੋਹੇ ਅਤੇ ਮਿੱਟੀ ਦੀਆਂ ਬਣੀਆਂ ਹੋਈਆਂ ਹਨ। ਇਸ ਦਾ ਮਤਲਬ ਹੈ ਕਿ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਕਮਜ਼ੋਰ ਹੈ।
14. ਆਰਮਾਗੇਡਨ ਦੌਰਾਨ ਕਿਹੜੀ ਵਿਸ਼ਵ ਸ਼ਕਤੀ ਹਕੂਮਤ ਕਰ ਰਹੀ ਹੋਵੇਗੀ?
14 ਇਸੇ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਇਕ ਵੱਡਾ ਪੱਥਰ ਪਹਾੜ ਵਿੱਚੋਂ ਕੱਟਿਆ ਗਿਆ ਹੈ ਜੋ ਤੇਜ਼ੀ ਨਾਲ ਮੂਰਤ ਦੇ ਪੈਰਾਂ ਵੱਲ ਵਧ ਰਿਹਾ ਹੈ। ਇਹ ਪੱਥਰ 1914 ਵਿਚ ਸ਼ੁਰੂ ਹੋਏ ਪਰਮੇਸ਼ੁਰ ਦੇ ਰਾਜ ਨੂੰ ਅਤੇ ਪਹਾੜ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਦਰਸਾਉਂਦਾ ਹੈ। ਆਰਮਾਗੇਡਨ ਵਿਚ ਇਹ ਪੱਥਰ ਮੂਰਤੀ ਦੇ ਪੈਰਾਂ ਵਿਚ ਵੱਜੇਗਾ ਅਤੇ ਮੂਰਤੀ ਨੂੰ ਚੂਰ-ਚੂਰ ਕਰ ਦੇਵੇਗਾ। (ਦਾਨੀਏਲ 2:44, 45 ਪੜ੍ਹੋ।) ਸੋ ਜਦੋਂ ਆਰਮਾਗੇਡਨ ਸ਼ੁਰੂ ਹੋਵੇਗਾ, ਤਾਂ ਉਸ ਵੇਲੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹਕੂਮਤ ਕਰ ਰਹੀ ਹੋਵੇਗੀ। ਉਸ ਵੇਲੇ ਇਸ ਭਵਿੱਖਬਾਣੀ ਦੀ ਪੂਰਤੀ ਦੇਖ ਕੇ ਕਿੰਨੀ ਖ਼ੁਸ਼ੀ ਹੋਵੇਗੀ!c ਯਹੋਵਾਹ ਸ਼ੈਤਾਨ ਦਾ ਕੀ ਹਸ਼ਰ ਕਰੇਗਾ?
ਯਹੋਵਾਹ ਦੇ ਸਭ ਤੋਂ ਵੱਡੇ ਦੁਸ਼ਮਣ ਦਾ ਅੰਜਾਮ
15. ਆਰਮਾਗੇਡਨ ਤੋਂ ਬਾਅਦ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨਾਲ ਕੀ ਹੋਵੇਗਾ?
15 ਪਹਿਲਾਂ ਸ਼ੈਤਾਨ ਨੂੰ ਆਪਣੀ ਅੱਖੀਂ ਧਰਤੀ ਉੱਤੇ ਆਪਣੇ ਪੂਰੇ ਸੰਗਠਨ ਦਾ ਵਿਨਾਸ਼ ਦੇਖਣਾ ਪਵੇਗਾ। ਫਿਰ ਸ਼ੈਤਾਨ ਦੀ ਵਾਰੀ ਆਏਗੀ। ਯੂਹੰਨਾ ਰਸੂਲ ਦੱਸਦਾ ਹੈ ਕਿ ਉਸ ਦਾ ਕੀ ਹਸ਼ਰ ਹੋਵੇਗਾ। (ਪ੍ਰਕਾਸ਼ ਦੀ ਕਿਤਾਬ 20:1-3 ਪੜ੍ਹੋ।) ਇਕ ਦੂਤ ਜਿਸ ਕੋਲ “ਅਥਾਹ ਕੁੰਡ ਦੀ ਚਾਬੀ” ਹੈ ਯਾਨੀ ਯਿਸੂ ਮਸੀਹ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਫੜ ਕੇ ਅਥਾਹ ਕੁੰਡ ਵਿਚ ਸੁੱਟ ਦੇਵੇਗਾ ਅਤੇ ਉਨ੍ਹਾਂ ਨੂੰ ਇਕ ਹਜ਼ਾਰ ਸਾਲ ਲਈ ਉੱਥੇ ਰੱਖਿਆ ਜਾਵੇਗਾ। (ਲੂਕਾ 8:30, 31; 1 ਯੂਹੰ. 3:8) ਇਸ ਨਾਲ ਸੱਪ ਦਾ ਸਿਰ ਕੁਚਲ਼ਣ ਦਾ ਕੰਮ ਸ਼ੁਰੂ ਹੋਵੇਗਾ।d—ਉਤ. 3:15.
16. “ਅਥਾਹ ਕੁੰਡ” ਵਿਚ ਸ਼ੈਤਾਨ ਦਾ ਕੀ ਹਾਲ ਹੋਵੇਗਾ?
16 ਇਹ “ਅਥਾਹ ਕੁੰਡ” ਕੀ ਹੈ ਜਿਸ ਵਿਚ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਸੁੱਟਿਆ ਜਾਵੇਗਾ? ਇੱਥੇ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਸ ਦਾ ਮਤਲਬ ਹੈ ਬਹੁਤ ਹੀ ਡੂੰਘਾ ਜਾਂ ਬਹੁਤ ਹੀ ਵੱਡਾ। ਇਸ ਲਈ ਇਹ ਅਜਿਹੀ ਜਗ੍ਹਾ ਹੈ ਜਿੱਥੇ ਯਹੋਵਾਹ ਅਤੇ ਯਿਸੂ ਮਸੀਹ ਤੋਂ ਸਿਵਾਇ, ਜਿਸ ਕੋਲ “ਅਥਾਹ ਕੁੰਡ ਦੀ ਚਾਬੀ” ਹੈ, ਹੋਰ ਕੋਈ ਨਹੀਂ ਜਾ ਸਕਦਾ। ਉੱਥੇ ਸ਼ੈਤਾਨ ਮਰਿਆਂ ਵਰਗੀ ਹਾਲਤ ਵਿਚ ਹੋਵੇਗਾ ਤਾਂਕਿ ਉਹ “ਕੌਮਾਂ ਨੂੰ ਗੁਮਰਾਹ ਨਾ ਕਰੇ।” ਉਸ ਵੇਲੇ ਇਸ “ਗਰਜਦੇ ਸ਼ੇਰ” ਦਾ ਮੂੰਹ ਬੰਦ ਕਰ ਦਿੱਤਾ ਜਾਵੇਗਾ।—1 ਪਤ. 5:8.
ਸ਼ਾਂਤੀ ਦੇ ਸਮੇਂ ਤੋਂ ਪਹਿਲਾਂ ਦੀਆਂ ਘਟਨਾਵਾਂ
17, 18. (ੳ) ਅਸੀਂ ਹੁਣ ਕਿਹੜੀਆਂ ਘਟਨਾਵਾਂ ਬਾਰੇ ਗੱਲ ਕੀਤੀ ਹੈ? (ਅ) ਇਨ੍ਹਾਂ ਘਟਨਾਵਾਂ ਤੋਂ ਬਾਅਦ ਕਿਹੋ ਜਿਹਾ ਸਮਾਂ ਆਵੇਗਾ?
17 ਜਲਦੀ ਹੀ ਦੁਨੀਆਂ ਨੂੰ ਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰਨਗੀਆਂ। ਅਸੀਂ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿ “ਸ਼ਾਂਤੀ ਅਤੇ ਸੁਰੱਖਿਆ” ਦਾ ਐਲਾਨ ਕਿਵੇਂ ਕੀਤਾ ਜਾਵੇਗਾ। ਫਿਰ ਅਸੀਂ ਮਹਾਂ ਬਾਬਲ ਦਾ ਵਿਨਾਸ਼, ਗੋਗ ਦਾ ਹਮਲਾ ਤੇ ਆਰਮਾਗੇਡਨ ਦੀ ਲੜਾਈ ਦੇਖਾਂਗੇ। ਇਸ ਤੋਂ ਬਾਅਦ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ। ਇਨ੍ਹਾਂ ਘਟਨਾਵਾਂ ਤੋਂ ਬਾਅਦ ਬੁਰਾਈ ਬਿਲਕੁਲ ਖ਼ਤਮ ਹੋ ਜਾਵੇਗੀ ਅਤੇ ਅਸੀਂ ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਜਾਵਾਂਗੇ ਜਿੱਥੇ ਅਸੀਂ ‘ਬਹੁਤਾ ਸੁਖ’ ਮਾਣਾਂਗੇ।—ਜ਼ਬੂ. 37:10, 11.
18 ਇਨ੍ਹਾਂ ਪੰਜ ਘਟਨਾਵਾਂ ਤੋਂ ਇਲਾਵਾ, ਹੋਰ ਵੀ “ਨਾ ਦਿੱਸਣ ਵਾਲੀਆਂ” ਘਟਨਾਵਾਂ ਵਾਪਰਨਗੀਆਂ ਜਿਨ੍ਹਾਂ ʼਤੇ ਸਾਨੂੰ ਆਪਣਾ ਧਿਆਨ ਲਾਈ ਰੱਖਣ ਦੀ ਲੋੜ ਹੈ। ਇਨ੍ਹਾਂ ਘਟਨਾਵਾਂ ਬਾਰੇ ਅਗਲੇ ਲੇਖ ਵਿਚ ਗੱਲ ਕੀਤੀ ਜਾਵੇਗੀ।
a ਇਨ੍ਹਾਂ ਦਸ ਘਟਨਾਵਾਂ ਬਾਰੇ ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਚਰਚਾ ਕੀਤੀ ਗਈ ਹੈ।
b ਪ੍ਰਕਾਸ਼ ਦੀ ਕਿਤਾਬ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਸਫ਼ੇ 251-258 ਦੇਖੋ।
c ਦਾਨੀਏਲ 2:44 ਵਿਚ “ਏਹਨਾਂ ਸਾਰੀਆਂ ਪਾਤਸ਼ਾਹੀਆਂ” ਸ਼ਬਦ ਉਨ੍ਹਾਂ ਰਾਜਿਆਂ ਜਾਂ ਵਿਸ਼ਵ ਸ਼ਕਤੀਆਂ ਬਾਰੇ ਹਨ ਜਿਨ੍ਹਾਂ ਨੂੰ ਮੂਰਤ ਦੇ ਵੱਖੋ-ਵੱਖਰੇ ਹਿੱਸਿਆਂ ਦੁਆਰਾ ਦਰਸਾਇਆ ਗਿਆ ਹੈ। ਬਾਈਬਲ ਵਿਚ ਇਕ ਹੋਰ ਭਵਿੱਖਬਾਣੀ ਦਿਖਾਉਂਦੀ ਹੈ ਕਿ “ਸਾਰੀ ਧਰਤੀ ਦੇ ਰਾਜਿਆਂ” ਨੂੰ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ” ਯਹੋਵਾਹ ਨਾਲ ਲੜਨ ਲਈ ਇਕੱਠਾ ਕੀਤਾ ਜਾਵੇਗਾ। (ਪ੍ਰਕਾ. 16:14; 19:19-21) ਇਸ ਲਈ ਆਰਮਾਗੇਡਨ ਵਿਚ ਨਾ ਸਿਰਫ਼ ਮੂਰਤ ਦੁਆਰਾ ਦਰਸਾਈਆਂ ਗਈਆਂ ਮਨੁੱਖੀ ਸਰਕਾਰਾਂ ਨੂੰ ਖ਼ਤਮ ਕੀਤਾ ਜਾਵੇਗਾ, ਸਗੋਂ ਬਾਕੀ ਸਾਰੀਆਂ ਸਰਕਾਰਾਂ ਨੂੰ ਵੀ ਖ਼ਤਮ ਕੀਤਾ ਜਾਵੇਗਾ।
d ਇਕ ਹਜ਼ਾਰ ਸਾਲ ਖ਼ਤਮ ਹੋਣ ʼਤੇ ਸੱਪ ਦਾ ਸਿਰ ਪੂਰੀ ਤਰ੍ਹਾਂ ਕੁਚਲ਼ਿਆ ਜਾਵੇਗਾ ਜਦੋਂ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ “ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ।”—ਪ੍ਰਕਾ. 20:7-10; ਮੱਤੀ 25:41.