ਇਕ-ਦੂਜੇ ਨੂੰ ਤਸੱਲੀ ਦਿਓ
“ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ।”—ਕੁਲੁੱਸੀਆਂ 4:11.
1, 2. ਖ਼ਤਰਿਆਂ ਦੇ ਬਾਵਜੂਦ, ਪੌਲੁਸ ਦੇ ਦੋਸਤ ਉਸ ਨੂੰ ਕੈਦ ਵਿਚ ਕਿਉਂ ਮਿਲਣ ਗਏ ਸਨ?
ਫ਼ਰਜ਼ ਕਰੋ ਕਿ ਤੁਹਾਡਾ ਕੋਈ ਦੋਸਤ ਜੇਲ੍ਹ ਵਿਚ ਸੁੱਟਿਆ ਗਿਆ ਹੈ। ਚਾਹੇ ਉਹ ਬੇਕਸੂਰ ਹੈ, ਪਰ ਉਸ ਦਾ ਜੇਲ੍ਹ ਵਿਚ ਹੋਣਾ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਪੁਲਸ ਸ਼ਾਇਦ ਤੁਹਾਡੇ ਉੱਤੇ ਵੀ ਨਜ਼ਰ ਰੱਖੇ ਕਿ ਤੁਸੀਂ ਤਾਂ ਨਹੀਂ ਕੋਈ ਜੁਰਮ ਕਰੋਗੇ। ਇਸ ਲਈ ਆਪਣੇ ਦੋਸਤ ਨਾਲ ਕੋਈ ਵਾਸਤਾ ਰੱਖਣ ਲਈ ਜਾਂ ਉਸ ਨੂੰ ਜੇਲ੍ਹ ਵਿਚ ਮਿਲਣ ਜਾਣ ਲਈ ਤੁਹਾਨੂੰ ਹਿੰਮਤ ਦੀ ਲੋੜ ਪਵੇਗੀ।
2 ਲਗਭਗ 1,900 ਸਾਲ ਪਹਿਲਾਂ ਪੌਲੁਸ ਰਸੂਲ ਦੇ ਕੁਝ ਦੋਸਤਾਂ ਨੇ ਇਹੋ ਕੀਤਾ ਸੀ। ਪੌਲੁਸ ਕੈਦ ਵਿਚ ਸੀ, ਪਰ ਉਸ ਦੇ ਦੋਸਤ ਉਸ ਨੂੰ ਮਿਲਣ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਨੇ ਜਾ ਕੇ ਉਸ ਨੂੰ ਦਿਲਾਸਾ ਤੇ ਹੌਸਲਾ ਦਿੱਤਾ ਅਤੇ ਉਸ ਦੀ ਮਦਦ ਕੀਤੀ। ਇਹ ਦੋਸਤ ਕੌਣ ਸਨ? ਅਸੀਂ ਉਨ੍ਹਾਂ ਦੀ ਹਿੰਮਤ, ਵਫ਼ਾਦਾਰੀ ਤੇ ਦੋਸਤੀ ਤੋਂ ਕੀ ਸਿੱਖ ਸਕਦੇ ਹਾਂ?—ਕਹਾਉਤਾਂ 17:17.
“ਮੈਨੂੰ ਤਸੱਲੀ ਹੋਈ ਹੈ”
3, 4. (ੳ) ਪੌਲੁਸ ਦੇ ਪੰਜ ਦੋਸਤ ਕੌਣ ਸਨ ਅਤੇ ਉਨ੍ਹਾਂ ਬਾਰੇ ਪੌਲੁਸ ਨੇ ਕੀ ਕਿਹਾ ਸੀ? (ਅ) ਯੂਨਾਨੀ ਭਾਸ਼ਾ ਵਿਚ “ਤਸੱਲੀ ਹੋਈ” ਦਾ ਕੀ ਮਤਲਬ ਹੈ?
3 ਪੌਲੁਸ ਰਸੂਲ ਰੋਮ ਵਿਚ ਕੈਦ ਕਿਉਂ ਕੀਤਾ ਗਿਆ ਸੀ? ਉਸ ਉੱਤੇ ਰਾਜਧਰੋਹ ਦਾ ਝੂਠਾ ਦੋਸ਼ ਲਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 24:5; 25:11, 12) ਪੌਲੁਸ ਨੇ ਪੰਜ ਮਸੀਹੀਆਂ ਦੇ ਨਾਂ ਦੱਸੇ ਜਿਨ੍ਹਾਂ ਨੇ ਉਸ ਨੂੰ ਸਹਾਰਾ ਦਿੱਤਾ ਸੀ: ਤੁਖਿਕੁਸ ਏਸ਼ੀਆ ਦੇ ਇਲਾਕੇ ਤੋਂ ‘ਪ੍ਰਭੁ ਵਿੱਚ ਪੌਲੁਸ ਦੇ ਨਾਲ ਦਾ ਦਾਸ’ ਸੀ; ਉਨੇਸਿਮੁਸ ਕੁਲੁੱਸੈ ਤੋਂ “ਮਾਤਬਰ ਅਤੇ ਪਿਆਰਾ ਭਾਈ” ਸੀ; ਇਕ ਮਕਦੂਨੀ ਭਰਾ ਅਰਿਸਤਰਖੁਸ ਥੱਸਲੁਨੀਕੇ ਤੋਂ ਕੁਝ ਸਮੇਂ ਲਈ ਪੌਲੁਸ ਨਾਲ “ਕੈਦ” ਸੀ; ਮਰਕੁਸ ਜੋ ਪੌਲੁਸ ਦੇ ਮਿਸ਼ਨਰੀ ਸਾਥੀ ਬਰਨਬਾਸ ਦਾ ਸਾਕ ਅਤੇ ਜਿਸ ਨੇ ਆਪਣੇ ਨਾਂ ਦੀ ਇੰਜੀਲ ਲਿਖੀ ਸੀ; ਅਤੇ ਯੂਸਤੁਸ ਜੋ “ਪਰਮੇਸ਼ੁਰ ਦੇ ਰਾਜ ਲਈ” ਪੌਲੁਸ ਨਾਲ ਕੰਮ ਕਰਨ ਵਾਲਿਆਂ ਵਿੱਚੋਂ ਇਕ ਸੀ। ਇਨ੍ਹਾਂ ਪੰਜਾਂ ਭਰਾਵਾਂ ਬਾਰੇ ਪੌਲੁਸ ਨੇ ਕਿਹਾ: “ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ।”—ਕੁਲੁੱਸੀਆਂ 4:7-11.
4 ਪੌਲੁਸ ਆਪਣੇ ਇਨ੍ਹਾਂ ਜਿਗਰੀ ਦੋਸਤਾਂ ਦੀ ਮਦਦ ਲਈ ਬਹੁਤ ਸ਼ੁਕਰਗੁਜ਼ਾਰ ਸੀ। ਜਦ ਉਸ ਨੇ ਕਿਹਾ ਕਿ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ, ਤਾਂ “ਤਸੱਲੀ ਹੋਈ” ਸ਼ਬਦਾਂ ਲਈ ਉਸ ਨੇ ਅਜਿਹਾ ਯੂਨਾਨੀ ਸ਼ਬਦ ਵਰਤਿਆ ਸੀ ਜੋ ਬਾਈਬਲ ਵਿਚ ਕਿਤੇ ਹੋਰ ਨਹੀਂ ਵਰਤਿਆ ਗਿਆ। ਯੂਨਾਨੀ ਵਿਚ ਇਸ ਸ਼ਬਦ ਦੇ ਕਈ ਮਤਲਬ ਹੋ ਸਕਦੇ ਹਨ, ਪਰ ਇਹ ਖ਼ਾਸਕਰ ਦਵਾਈ-ਦਾਰੂ ਦੇ ਸੰਬੰਧ ਵਿਚ ਇਸਤੇਮਾਲ ਕੀਤਾ ਜਾਂਦਾ ਸੀ।a ਇਸ ਦਾ ‘ਤਸੱਲੀ, ਰਾਹਤ, ਦਿਲਾਸਾ ਜਾਂ ਆਰਾਮ’ ਵੀ ਅਨੁਵਾਦ ਕੀਤਾ ਜਾ ਸਕਦਾ ਹੈ। ਜਿਵੇਂ ਇਕ ਰੋਗੀ ਨੂੰ ਦਵਾਈ-ਦਾਰੂ ਦੀ ਲੋੜ ਹੁੰਦੀ ਹੈ ਪੌਲੁਸ ਨੂੰ ਤਸੱਲੀ ਦੀ ਲੋੜ ਸੀ ਅਤੇ ਇਨ੍ਹਾਂ ਪੰਜਾਂ ਭਰਾਵਾਂ ਨੇ ਉਸ ਦੀ ਲੋੜ ਪੂਰੀ ਕੀਤੀ।
ਪੌਲੁਸ ਨੂੰ ਤਸੱਲੀ ਦੀ ਲੋੜ ਕਿਉਂ ਸੀ?
5. ਇਕ ਰਸੂਲ ਹੋਣ ਦੇ ਬਾਵਜੂਦ ਪੌਲੁਸ ਨੂੰ ਕਿਸ ਚੀਜ਼ ਦੀ ਲੋੜ ਸੀ ਅਤੇ ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ?
5 ਤੁਸੀਂ ਸ਼ਾਇਦ ਇਹ ਸੋਚ ਕੇ ਹੈਰਾਨ ਹੋਵੋ ਕਿ ਪੌਲੁਸ ਨੂੰ ਜੋ ਇਕ ਰਸੂਲ ਸੀ ਤਸੱਲੀ ਦੀ ਲੋੜ ਪਈ ਸੀ। ਪਰ ਉਸ ਨੂੰ ਲੋੜ ਸੀ। ਇਹ ਸੱਚ ਹੈ ਕਿ ਪੌਲੁਸ ਦੀ ਨਿਹਚਾ ਮਜ਼ਬੂਤ ਸੀ ਅਤੇ ਉਸ ਨੇ ਕਈ ਵਾਰੀ ‘ਮਾਰ ਖਾਧੀ,’ ਉਹ ‘ਬਹੁਤ ਵਾਰੀ ਮੌਤ’ ਦੇ ਕਰੀਬ ਗਿਆ ਅਤੇ ਉਸ ਨੂੰ ਹੋਰ ਕਈ ਦੁੱਖ-ਦਰਦ ਸਹਿਣੇ ਪਏ ਸਨ। (2 ਕੁਰਿੰਥੀਆਂ 11:23-27) ਆਖ਼ਰ ਉਹ ਇਨਸਾਨ ਹੀ ਸੀ, ਅਤੇ ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਹੌਸਲੇ, ਦਿਲਾਸੇ ਅਤੇ ਮਦਦ ਦੀ ਜ਼ਰੂਰਤ ਪੈਂਦੀ ਹੈ। ਇਹ ਗੱਲ ਯਿਸੂ ਬਾਰੇ ਵੀ ਸੱਚ ਸੀ। ਉਸ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਗਥਸਮਨੀ ਵਿਚ ਇਕ ਦੂਤ ਨੇ ਆਣ ਕੇ “ਉਹ ਨੂੰ ਸਹਾਰਾ” ਦਿੱਤਾ ਸੀ।—ਲੂਕਾ 22:43.
6, 7. (ੳ) ਰੋਮ ਵਿਚ ਕਿਨ੍ਹਾਂ ਨੇ ਪੌਲੁਸ ਦਾ ਦਿਲ ਦੁਖੀ ਕੀਤਾ ਸੀ ਅਤੇ ਕਿਨ੍ਹਾਂ ਨੇ ਉਸ ਦਾ ਹੌਸਲਾ ਵਧਾਇਆ? (ਅ) ਪੌਲੁਸ ਦੇ ਮਸੀਹੀ ਭਰਾਵਾਂ ਨੇ ਰੋਮ ਵਿਚ ਉਸ ਦੀ ਮਦਦ ਕਿਸ ਤਰ੍ਹਾਂ ਕੀਤੀ ਜਿਸ ਤੋਂ ਉਸ ਨੂੰ “ਤਸੱਲੀ ਹੋਈ”?
6 ਪੌਲੁਸ ਨੂੰ ਤਸੱਲੀ ਦੀ ਲੋੜ ਕਿਉਂ ਸੀ? ਜਦ ਉਹ ਇਕ ਕੈਦੀ ਵਜੋਂ ਰੋਮ ਨੂੰ ਆਇਆ ਸੀ, ਤਾਂ ਰੋਮ ਦੇ ਯਹੂਦੀਆਂ ਨੇ ਉਸ ਦਾ ਸੁਆਗਤ ਨਹੀਂ ਕੀਤਾ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਉਸ ਦੇ ਸੰਦੇਸ਼ ਨੂੰ ਕਬੂਲ ਨਹੀਂ ਕੀਤਾ ਸੀ। ਯਹੂਦੀਆਂ ਦੇ ਵੱਡੇ ਆਦਮੀ ਪੌਲੁਸ ਨੂੰ ਕੈਦ ਵਿਚ ਜ਼ਰੂਰ ਮਿਲਣ ਗਏ ਸਨ। ਪਰ ਉਨ੍ਹਾਂ ਬਾਰੇ ਬਾਈਬਲ ਕਹਿੰਦੀ ਹੈ: “ਕਈਆਂ ਨੇ ਓਹ ਗੱਲਾਂ ਮੰਨ ਲਈਆਂ ਜਿਹੜੀਆਂ ਸੁਣਾਈਆਂ ਗਈਆਂ ਸਨ ਅਤੇ ਕਈਆਂ ਨੇ ਪਰਤੀਤ ਨਾ ਕੀਤੀ। ਜਾਂ ਓਹ ਆਪਸ ਵਿੱਚ ਇੱਕ ਜ਼ਬਾਨ ਨਾ ਹੋਏ ਤਾਂ . . . ਓਹ ਚੱਲੇ ਗਏ।” (ਰਸੂਲਾਂ ਦੇ ਕਰਤੱਬ 28:17, 24, 25) ਉਨ੍ਹਾਂ ਦੀ ਬੇਪਰਤੀਤੀ ਦੇ ਕਾਰਨ ਪੌਲੁਸ ਦੇ ਦਿਲ ਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਕਿ ਇਨ੍ਹਾਂ ਯਹੂਦੀਆਂ ਨੇ ਯਹੋਵਾਹ ਦੀ ਕਿਰਪਾ ਦੀ ਜ਼ਰਾ ਕਦਰ ਨਹੀਂ ਕੀਤੀ! ਕੁਝ ਸਾਲ ਪਹਿਲਾਂ ਪੌਲੁਸ ਨੇ ਰੋਮ ਦੀ ਕਲੀਸਿਯਾ ਨੂੰ ਯਹੂਦੀਆਂ ਬਾਰੇ ਆਪਣੇ ਖ਼ਿਆਲ ਲਿਖੇ ਸਨ: “ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁਖੀ ਰਹਿੰਦਾ ਹੈ। ਮੈਂ ਚਾਹੁੰਦਾ ਸਾਂ ਭਈ ਆਪਣੇ [ਯਹੂਦੀ] ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਕਾਰਨ ਮੇਰੇ ਅੰਗ ਸਾਕ ਹਨ ਆਪੇ ਮਸੀਹ ਵੱਲੋਂ ਸਰਾਪੀ ਹੁੰਦਾ।” (ਰੋਮੀਆਂ 9:2, 3) ਖ਼ੈਰ, ਰੋਮ ਵਿਚ ਉਸ ਨੂੰ ਹੋਰ ਸਾਥੀ ਮਿਲੇ ਜਿਨ੍ਹਾਂ ਦੀ ਹਿੰਮਤ ਕਰਕੇ ਉਸ ਦੇ ਦਿਲ ਨੂੰ ਠੰਢਕ ਪਹੁੰਚੀ। ਇਹ ਨਿਹਚਾ ਵਿਚ ਉਸ ਦੇ ਅਸਲੀ ਭਰਾ ਸਾਬਤ ਹੋਏ।
7 ਪੌਲੁਸ ਨੂੰ ਇਨ੍ਹਾਂ ਪੰਜਾਂ ਭਰਾਵਾਂ ਤੋਂ ਤਸੱਲੀ ਕਿਵੇਂ ਹੋਈ ਸੀ? ਭਾਵੇਂ ਪੌਲੁਸ ਕੈਦ ਕੀਤਾ ਗਿਆ ਸੀ, ਫਿਰ ਵੀ ਉਹ ਭਰਾ ਉਸ ਨੂੰ ਮਿਲਣ ਆਉਂਦੇ ਰਹੇ। ਉਨ੍ਹਾਂ ਨੇ ਪੌਲੁਸ ਲਈ ਅਜਿਹੇ ਕਈ ਕੰਮ ਕੀਤੇ ਜੋ ਕੈਦ ਵਿਚ ਹੋਣ ਕਰਕੇ ਉਹ ਖ਼ੁਦ ਨਹੀਂ ਕਰ ਸਕਦਾ ਸੀ। ਮਿਸਾਲ ਲਈ, ਉਨ੍ਹਾਂ ਨੇ ਵੱਖੋ-ਵੱਖਰੀਆਂ ਕਲੀਸਿਯਾਵਾਂ ਤਕ ਪੌਲੁਸ ਦੀਆਂ ਚਿੱਠੀਆਂ ਪਹੁੰਚਾਈਆਂ ਅਤੇ ਉਨ੍ਹਾਂ ਨੂੰ ਉਸ ਦੀਆਂ ਹਿਦਾਇਤਾਂ ਮੂੰਹ-ਜ਼ਬਾਨੀ ਦਿੱਤੀਆਂ। ਉਨ੍ਹਾਂ ਨੇ ਰੋਮ ਅਤੇ ਹੋਰ ਥਾਵਾਂ ਵਿਚ ਰਹਿੰਦੇ ਭਰਾਵਾਂ ਦੇ ਹਾਲ-ਚਾਲ ਬਾਰੇ ਪੌਲੁਸ ਨੂੰ ਦੱਸਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਲਈ ਸਰਦੀਆਂ ਵਾਸਤੇ ਮੋਟੇ ਕੱਪੜੇ, ਪੋਥੀਆਂ ਅਤੇ ਲਿਖਣ ਦਾ ਸਮਾਨ ਵੀ ਲਿਆਂਦਾ ਹੋਵੇਗਾ। (ਅਫ਼ਸੀਆਂ 6:21, 22; 2 ਤਿਮੋਥਿਉਸ 4:11-13) ਅਜਿਹਾ ਕੁਝ ਕਰਨ ਨਾਲ ਉਨ੍ਹਾਂ ਨੇ ਪੌਲੁਸ ਦੀ ਮਦਦ ਕੀਤੀ ਤੇ ਉਸ ਦਾ ਹੌਸਲਾ ਵਧਾਇਆ। ਸਿੱਟੇ ਵਜੋਂ ਪੌਲੁਸ ਵੀ ਦੂਸਰਿਆਂ ਨੂੰ ਅਤੇ ਪੂਰੀਆਂ ਕਲੀਸਿਯਾਵਾਂ ਨੂੰ “ਤਸੱਲੀ” ਦੇ ਸਕਿਆ।—ਰੋਮੀਆਂ 1:11, 12.
ਤਸੱਲੀ ਦੇਣ ਵਾਲੇ ਬਣੋ
8. ਤਸੱਲੀ ਦੀ ਲੋੜ ਦੇ ਸੰਬੰਧ ਵਿਚ ਅਸੀਂ ਪੌਲੁਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
8 ਅਸੀਂ ਪੌਲੁਸ ਅਤੇ ਉਸ ਦੇ ਪੰਜ ਸਾਥੀਆਂ ਤੋਂ ਕੀ ਸਿੱਖ ਸਕਦੇ ਹਾਂ? ਇਕ ਖ਼ਾਸ ਗੱਲ ਅਸੀਂ ਜ਼ਰੂਰ ਸਿੱਖਦੇ ਹਾਂ, ਆਓ ਆਪਾਂ ਉਸ ਉੱਤੇ ਗੌਰ ਕਰੀਏ। ਬਿਪਤਾ ਦੀ ਘੜੀ ਦੌਰਾਨ ਕਿਸੇ ਦੀ ਮਦਦ ਕਰਨ ਲਈ ਹਿੰਮਤ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, ਜਦੋਂ ਸਾਡੇ ਉੱਤੇ ਬਿਪਤਾ ਆਉਂਦੀ ਹੈ, ਤਾਂ ਉਦੋਂ ਸਾਨੂੰ ਨੀਵੇਂ ਹੋ ਕੇ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਮਦਦ ਦੀ ਲੋੜ ਹੈ। ਪੌਲੁਸ ਨੇ ਸਵੀਕਾਰ ਕੀਤਾ ਸੀ ਕਿ ਉਸ ਨੂੰ ਤਸੱਲੀ ਦੀ ਲੋੜ ਸੀ ਅਤੇ ਉਸ ਨੇ ਇਹ ਮਦਦ ਕਬੂਲ ਕਰ ਕੇ ਮਦਦ ਦੇਣ ਵਾਲਿਆਂ ਦਾ ਸ਼ੁਕਰ ਕੀਤਾ ਸੀ। ਉਸ ਨੇ ਇਹ ਨਹੀਂ ਸਮਝਿਆ ਸੀ ਕਿ ਦੂਸਰਿਆਂ ਦੀ ਮਦਦ ਲੈਣ ਦਾ ਮਤਲਬ ਸੀ ਕਿ ਉਹ ਕਮਜ਼ੋਰ ਸੀ ਜਾਂ ਉਸ ਦਾ ਅਪਮਾਨ ਹੋ ਰਿਹਾ ਸੀ ਅਤੇ ਨਾ ਹੀ ਸਾਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ। ਜੇ ਅਸੀਂ ਸਮਝੀਏ ਕਿ ਸਾਨੂੰ ਕਦੀ ਮਦਦ ਦੀ ਲੋੜ ਨਹੀਂ ਹੋਵੇਗੀ, ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੇ ਵਿਚ ਆਮ ਇਨਸਾਨਾਂ ਨਾਲੋਂ ਜ਼ਿਆਦਾ ਸ਼ਕਤੀ ਹੈ। ਪਰ ਯਾਦ ਰੱਖੋ ਕਿ ਸੰਪੂਰਣ ਹੋਣ ਦੇ ਬਾਵਜੂਦ ਯਿਸੂ ਨੇ ਵੀ ਮਦਦ ਦੀ ਦੁਹਾਈ ਦਿੱਤੀ ਸੀ।—ਇਬਰਾਨੀਆਂ 5:7.
9, 10. ਜਦ ਕੋਈ ਸਵੀਕਾਰ ਕਰਦਾ ਹੈ ਕਿ ਉਸ ਨੂੰ ਮਦਦ ਦੀ ਲੋੜ ਹੈ, ਤਾਂ ਕਿਹੜੇ ਚੰਗੇ ਨਤੀਜੇ ਨਿਕਲ ਸਕਦੇ ਹਨ ਅਤੇ ਪਰਿਵਾਰ ਤੇ ਕਲੀਸਿਯਾ ਵਿਚ ਇਸ ਦਾ ਕੀ ਅਸਰ ਹੋ ਸਕਦਾ ਹੈ?
9 ਜਦ ਕਲੀਸਿਯਾ ਦੇ ਬਜ਼ੁਰਗ ਕਬੂਲ ਕਰਦੇ ਹਨ ਕਿ ਉਹ ਸਭ ਕੁਝ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਵੀ ਦੂਸਰਿਆਂ ਦੇ ਸਹਾਰੇ ਦੀ ਜ਼ਰੂਰਤ ਹੈ, ਤਾਂ ਚੰਗੇ ਨਤੀਜੇ ਨਿਕਲ ਸਕਦੇ ਹਨ। (ਯਾਕੂਬ 3:2) ਇਸ ਤਰ੍ਹਾਂ ਬਜ਼ੁਰਗਾਂ ਅਤੇ ਕਲੀਸਿਯਾ ਦੇ ਭੈਣ-ਭਰਾਵਾਂ ਵਿਚਕਾਰ ਪ੍ਰੇਮ ਦਾ ਬੰਧਨ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਅਤੇ ਉਹ ਦਿਲ ਖੋਲ੍ਹ ਕੇ ਇਕ-ਦੂਜੇ ਨਾਲ ਗੱਲ ਕਰ ਸਕਦੇ ਹਨ। ਜਿਹੜੇ ਭਰਾ ਨੀਵੇਂ ਹੋ ਕੇ ਕਬੂਲ ਕਰਦੇ ਹਨ ਕਿ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ, ਉਹ ਦੂਸਰਿਆਂ ਲਈ ਇਕ ਚੰਗੀ ਮਿਸਾਲ ਕਾਇਮ ਕਰਦੇ ਹਨ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਸਾਡੇ ਵਾਂਗ ਬਜ਼ੁਰਗ ਵੀ ਮਿੱਟੀ ਦੇ ਪੁਤਲੇ ਹਨ ਅਤੇ ਉਹ ਸਾਡੀਆਂ ਮੁਸ਼ਕਲਾਂ ਸਮਝਦੇ ਹਨ।—ਉਪਦੇਸ਼ਕ ਦੀ ਪੋਥੀ 7:20.
10 ਜਦ ਨੌਜਵਾਨ ਜਾਣਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੇ ਵੀ ਉਨ੍ਹਾਂ ਮੁਸ਼ਕਲਾਂ ਨੂੰ ਪਾਰ ਕੀਤਾ ਸੀ ਜਿਨ੍ਹਾਂ ਦਾ ਉਹ ਅੱਜ ਸਾਮ੍ਹਣਾ ਕਰ ਰਹੇ ਹਨ, ਤਾਂ ਉਨ੍ਹਾਂ ਲਈ ਆਪਣੇ ਮਾਪਿਆਂ ਦੀ ਸਲਾਹ ਕਬੂਲ ਕਰਨੀ ਸੌਖੀ ਹੋਵੇਗੀ। (ਕੁਲੁੱਸੀਆਂ 3:21) ਉਹ ਆਪਸ ਵਿਚ ਖੁੱਲ੍ਹੀ ਗੱਲਬਾਤ ਕਰ ਸਕਣਗੇ। ਫਿਰ ਜਦ ਉਨ੍ਹਾਂ ਨੂੰ ਬਾਈਬਲ ਤੋਂ ਸਲਾਹ ਦਿੱਤੀ ਜਾਵੇਗੀ, ਤਾਂ ਉਹ ਉਸ ਉੱਤੇ ਚੱਲਣ ਲਈ ਤਿਆਰ ਹੋਣਗੇ। (ਅਫ਼ਸੀਆਂ 6:4) ਇਸੇ ਤਰ੍ਹਾਂ, ਜਦ ਕਲੀਸਿਯਾ ਦੇ ਭੈਣ-ਭਰਾ ਜਾਣਦੇ ਹਨ ਕਿ ਬਜ਼ੁਰਗ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ ਤੇ ਪਰੇਸ਼ਾਨ ਹੁੰਦੇ ਹਨ, ਤਾਂ ਉਹ ਵੀ ਬਜ਼ੁਰਗਾਂ ਦੀ ਸਲਾਹ ਕਬੂਲ ਕਰਨ ਲਈ ਤਿਆਰ ਹੋਣਗੇ। (ਰੋਮੀਆਂ 12:3; 1 ਪਤਰਸ 5:3) ਉਹ ਵੀ ਆਪਸ ਵਿਚ ਖੁੱਲ੍ਹੀ ਗੱਲਬਾਤ ਕਰ ਸਕਣਗੇ। ਫਿਰ ਜਦ ਬਾਈਬਲ ਦੀ ਸਲਾਹ ਦਿੱਤੀ ਜਾਵੇਗੀ ਉਹ ਉਸ ਉੱਤੇ ਚੱਲ ਕੇ ਆਪਣੀ ਨਿਹਚਾ ਹੋਰ ਵੀ ਮਜ਼ਬੂਤ ਕਰਨਗੇ। ਯਾਦ ਰੱਖੋ ਕਿ ਸਾਡੇ ਭੈਣਾਂ-ਭਰਾਵਾਂ ਨੂੰ ਅੱਗੇ ਨਾਲੋਂ ਹੁਣ ਹੌਸਲੇ ਦੀ ਜ਼ਿਆਦਾ ਲੋੜ ਹੈ।—2 ਤਿਮੋਥਿਉਸ 3:1.
11. ਅੱਜ-ਕੱਲ੍ਹ ਬਹੁਤ ਸਾਰਿਆਂ ਨੂੰ “ਤਸੱਲੀ” ਦੀ ਕਿਉਂ ਲੋੜ ਹੈ?
11 ਅਸੀਂ ਜੋ ਵੀ ਹਾਂ, ਜਿੱਥੇ ਮਰਜ਼ੀ ਰਹਿੰਦੇ ਹਾਂ, ਸਾਡੀ ਉਮਰ ਜੋ ਮਰਜ਼ੀ ਹੋਵੇ, ਸਮੇਂ-ਸਮੇਂ ਤੇ ਸਾਡੇ ਸਾਰਿਆਂ ਉੱਤੇ ਮੁਸ਼ਕਲਾਂ ਦਾ ਪਹਾੜ ਟੁੱਟ ਪੈਂਦਾ ਹੈ। ਇਹੀ ਤਾਂ ਅੱਜ ਦੀ ਜ਼ਿੰਦਗੀ ਦੀ ਰੀਤ ਹੈ। (ਪਰਕਾਸ਼ ਦੀ ਪੋਥੀ 12:12) ਗੰਭੀਰ ਬੀਮਾਰੀ ਜਾਂ ਕੋਈ ਪੁਰਾਣੀ ਦੁੱਖ-ਭਰੀ ਘਟਨਾ ਕਰਕੇ ਕੰਮ ਤੇ, ਸਕੂਲ ਵਿਚ, ਪਰਿਵਾਰ ਵਿਚ ਜਾਂ ਕਲੀਸਿਯਾ ਵਿਚ ਤੁਹਾਨੂੰ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਅਜਿਹੀਆਂ ਮੁਸ਼ਕਲਾਂ ਸਾਡੀ ਨਿਹਚਾ ਦਾ ਇਮਤਿਹਾਨ ਲੈਂਦੀਆਂ ਹਨ। ਜਦ ਤੁਹਾਡਾ ਜੀਵਨ-ਸਾਥੀ, ਕੋਈ ਬਜ਼ੁਰਗ ਜਾਂ ਦੋਸਤ ਪਿਆਰ ਨਾਲ ਤੁਹਾਨੂੰ ਤਸੱਲੀ ਦਿੰਦਾ ਹੈ ਜਾਂ ਕਿਸੇ ਤਰ੍ਹਾਂ ਤੁਹਾਡੀ ਕੋਈ ਮਦਦ ਕਰਦਾ ਹੈ, ਤਾਂ ਤੁਹਾਨੂੰ ਕਿੰਨਾ ਦਿਲਾਸਾ ਮਿਲਦਾ ਹੈ! ਇਹ ਤਾਂ ਜ਼ਖ਼ਮ ਉੱਤੇ ਮਲ੍ਹਮ ਲਾਉਣ ਦੇ ਬਰਾਬਰ ਹੁੰਦਾ ਹੈ! ਇਸ ਲਈ, ਜੇ ਤੁਸੀਂ ਦੇਖੋ ਕਿ ਤੁਹਾਡਾ ਕੋਈ ਭੈਣ-ਭਰਾ ਕਿਸੇ ਕਾਰਨ ਦੁਖੀ ਹੈ, ਤਾਂ ਕਿਉਂ ਨਾ ਉਸ ਨੂੰ ਤਸੱਲੀ ਦੇ ਕੇ ਉਸ ਦੀ ਮਦਦ ਕਰੋ? ਜੇ ਤੁਸੀਂ ਕਿਸੇ ਮੁਸ਼ਕਲ ਕਾਰਨ ਪਰੇਸ਼ਾਨ ਹੋ, ਤਾਂ ਬਜ਼ੁਰਗਾਂ ਤੋਂ ਮਦਦ ਮੰਗੋ।—ਯਾਕੂਬ 5:14, 15.
ਕਲੀਸਿਯਾ ਤੋਂ ਮਦਦ
12. ਕਲੀਸਿਯਾ ਦਾ ਹਰੇਕ ਮੈਂਬਰ ਦੂਸਰਿਆਂ ਦਾ ਹੌਸਲਾ ਕਿਵੇਂ ਵਧਾ ਸਕਦਾ ਹੈ?
12 ਕਲੀਸਿਯਾ ਦੇ ਸਾਰੇ ਮੈਂਬਰ, ਬੱਚੇ ਵੀ ਦੂਸਰਿਆਂ ਦਾ ਹੌਸਲਾ ਵਧਾ ਸਕਦੇ ਹਨ। ਮਿਸਾਲ ਲਈ, ਜਦੋਂ ਤੁਸੀਂ ਬਾਕਾਇਦਾ ਸਭਾਵਾਂ ਵਿਚ ਆਉਂਦੇ ਹੋ ਅਤੇ ਪ੍ਰਚਾਰ ਕਰਨ ਜਾਂਦੇ ਹੋ, ਤਾਂ ਦੂਸਰਿਆਂ ਦਾ ਹੌਸਲਾ ਵਧਦਾ ਹੈ। (ਇਬਰਾਨੀਆਂ 10:24, 25) ਜਦੋਂ ਤੁਸੀਂ ਮੁਸ਼ਕਲਾਂ ਦੇ ਬਾਵਜੂਦ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿੰਦੇ ਹੋ, ਤਾਂ ਇਹ ਸਬੂਤ ਹੈ ਕਿ ਤੁਸੀਂ ਰੂਹਾਨੀ ਤੌਰ ਤੇ ਜਾਗਦੇ ਹੋ ਅਤੇ ਯਹੋਵਾਹ ਪ੍ਰਤੀ ਵਫ਼ਾਦਾਰ ਹੋ। (ਅਫ਼ਸੀਆਂ 6:18) ਤੁਹਾਡੀ ਦ੍ਰਿੜ੍ਹਤਾ ਦਾ ਦੂਸਰਿਆਂ ਤੇ ਵੀ ਚੰਗਾ ਅਸਰ ਪੈ ਸਕਦਾ ਹੈ।—ਯਾਕੂਬ 2:18.
13. ਕੁਝ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਧੀਮੇ ਕਿਉਂ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ?
13 ਕਦੀ-ਕਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਕਰਕੇ ਕੁਝ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਧੀਮੇ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਜੋਸ਼ ਠੰਢਾ ਪੈ ਜਾਂਦਾ ਹੈ। (ਮਰਕੁਸ 4:18, 19) ਉਹ ਸ਼ਾਇਦ ਸਭਾਵਾਂ ਵਿਚ ਵੀ ਨਾ ਆਉਣ। ਫਿਰ ਵੀ, ਇਸ ਦਾ ਇਹ ਮਤਲਬ ਨਹੀਂ ਕਿ ਉਹ ਹੁਣ ਪਰਮੇਸ਼ੁਰ ਨੂੰ ਪਿਆਰ ਹੀ ਨਹੀਂ ਕਰਦੇ। ਉਨ੍ਹਾਂ ਦੀ ਨਿਹਚਾ ਫਿਰ ਤੋਂ ਮਜ਼ਬੂਤ ਕਿਵੇਂ ਕੀਤੀ ਜਾ ਸਕਦੀ ਹੈ? ਬਜ਼ੁਰਗ ਉਨ੍ਹਾਂ ਨੂੰ ਮਿਲਣ ਜਾ ਸਕਦੇ ਹਨ। (ਰਸੂਲਾਂ ਦੇ ਕਰਤੱਬ 20:35) ਇਸ ਵਿਚ ਬਜ਼ੁਰਗ ਸ਼ਾਇਦ ਕਲੀਸਿਯਾ ਦੇ ਹੋਰਨਾਂ ਭੈਣ-ਭਰਾਵਾਂ ਦੀ ਵੀ ਮਦਦ ਮੰਗਣ। ਇਨ੍ਹਾਂ ਮੁਲਾਕਾਤਾਂ ਰਾਹੀਂ ਨਿਹਚਾ ਵਿਚ ਕਮਜ਼ੋਰ ਹੋਇਆਂ ਦੀ ਮਦਦ ਕੀਤੀ ਜਾ ਸਕਦੀ ਹੈ।
14, 15. ਬਾਈਬਲ ਵਿਚ ਦੂਸਰਿਆਂ ਨੂੰ ਦਿਲਾਸਾ ਦੇਣ ਬਾਰੇ ਕਿਹੜੀ ਤਾਕੀਦ ਕੀਤੀ ਗਈ ਹੈ? ਮਿਸਾਲ ਦੇ ਕੇ ਸਮਝਾਓ ਕਿ ਕਲੀਸਿਯਾ ਵਿਚ ਇਹ ਸਲਾਹ ਕਿਵੇਂ ਲਾਗੂ ਕੀਤੀ ਗਈ ਸੀ।
14 ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਅਸੀਂ ‘ਕਮਦਿਲਿਆਂ ਨੂੰ ਦਿਲਾਸਾ ਦੇਈਏ ਅਤੇ ਨਿਤਾਣਿਆਂ ਨੂੰ ਸਮ੍ਹਾਲੀਏ।’ (1 ਥੱਸਲੁਨੀਕੀਆਂ 5:14) ਸ਼ਾਇਦ ‘ਕਮਦਿਲੇ’ ਹਿੰਮਤ ਹਾਰ ਬੈਠੇ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਪਾਰ ਕਰਨ ਲਈ ਕਿਸੇ ਦੀ ਮਦਦ ਦੀ ਲੋੜ ਹੋਵੇ। ਕੀ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ? ‘ਨਿਤਾਣਿਆਂ ਨੂੰ ਸਮ੍ਹਾਲਣ’ ਦਾ ਮਤਲਬ ਹੈ ਕਿ ਅਸੀਂ ਉਨ੍ਹਾਂ ਨੂੰ ਸਹਾਰਾ ਦੇਈਏ। ਯਹੋਵਾਹ ਸਾਡਾ ਅਯਾਲੀ ਹੈ ਅਤੇ ਉਸ ਨੂੰ ਆਪਣੀਆਂ ਸਾਰੀਆਂ ਭੇਡਾਂ ਪਿਆਰੀਆਂ ਹਨ। ਉਹ ਕਿਸੇ ਵੀ ਮਸੀਹੀ ਨੂੰ ਤੁੱਛ ਨਹੀਂ ਸਮਝਦਾ ਅਤੇ ਨਾ ਹੀ ਉਹ ਚਾਹੁੰਦਾ ਹੈ ਕਿ ਕੋਈ ਉਸ ਤੋਂ ਦੂਰ ਹੋ ਜਾਵੇ। ਕੀ ਤੁਸੀਂ ਉੱਨਾ ਚਿਰ ਇਨ੍ਹਾਂ ਕਮਜ਼ੋਰ ਭੈਣਾਂ-ਭਰਾਵਾਂ ਨੂੰ ਸੰਭਾਲ ਸਕਦੇ ਹੋ ਜਿੰਨਾ ਚਿਰ ਉਹ ਮਜ਼ਬੂਤ ਨਹੀਂ ਹੋ ਜਾਂਦੇ?—ਇਬਰਾਨੀਆਂ 2:1.
15 ਇਕ ਬਜ਼ੁਰਗ ਇਕ ਪਤੀ-ਪਤਨੀ ਨੂੰ ਮਿਲਣ ਗਿਆ ਜੋ ਛੇ ਸਾਲਾਂ ਤੋਂ ਯਹੋਵਾਹ ਦੀ ਸੇਵਾ ਨਹੀਂ ਕਰ ਰਹੇ ਸਨ। ਇਸ ਬਜ਼ੁਰਗ ਨੇ ਲਿਖਿਆ: “ਕਲੀਸਿਯਾ ਦੇ ਸਾਰੇ ਭੈਣਾਂ-ਭਰਾਵਾਂ ਨੇ ਉਨ੍ਹਾਂ ਨਾਲ ਬੜਾ ਪਿਆਰ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਇਸ ਜੋੜੇ ਦਾ ਦਿਲ ਜਿੱਤ ਲਿਆ ਅਤੇ ਉਹ ਵਾਪਸ ਕਲੀਸਿਯਾ ਵਿਚ ਆ ਗਏ।” ਇਸ ਪਤਨੀ ਨੂੰ ਕਿੱਦਾਂ ਲੱਗਾ ਸੀ ਜਦ ਭੈਣ-ਭਰਾ ਉਨ੍ਹਾਂ ਨੂੰ ਮਿਲਣ ਆਉਂਦੇ ਸਨ? ਉਹ ਕਹਿੰਦੀ ਹੈ: “ਜਿਹੜੇ ਭੈਣ-ਭਰਾ ਸਾਨੂੰ ਮਿਲਣ ਆਏ ਸਨ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈਣ ਬਾਰੇ ਸਾਨੂੰ ਕਦੀ ਕੁਝ ਬੁਰਾ-ਭਲਾ ਕਹਿ ਕੇ ਸਾਡਾ ਦਿਲ ਨਹੀਂ ਦੁਖਾਇਆ ਸੀ। ਬਲਕਿ ਉਨ੍ਹਾਂ ਨੇ ਬਾਈਬਲ ਦੇ ਹਵਾਲੇ ਪੜ੍ਹ ਕੇ ਸਾਡਾ ਹੌਸਲਾ ਵਧਾਇਆ।”
16. ਸਾਡੀ ਮਦਦ ਕਰਨ ਲਈ ਸਾਡੇ ਨਾਲ ਹਮੇਸ਼ਾ ਕੌਣ ਹੁੰਦਾ ਹੈ?
16 ਜੀ ਹਾਂ, ਸੱਚੇ ਮਸੀਹੀ ਦੂਸਰਿਆਂ ਨੂੰ ਤਸੱਲੀ ਦੇਣੀ ਚਾਹੁੰਦੇ ਹਨ। ਸਾਡੇ ਸਾਰਿਆਂ ਦੇ ਹਾਲਾਤ ਬਦਲਦੇ ਰਹਿੰਦੇ ਹਨ ਅਤੇ ਸ਼ਾਇਦ ਇਕ ਦਿਨ ਸਾਡੇ ਭੈਣ-ਭਰਾ ਸਾਨੂੰ ਹੌਸਲਾ ਦੇਣ ਅਤੇ ਸਾਡੀ ਮਦਦ ਕਰਨ। ਪਰ ਹੋ ਸਕਦਾ ਹੈ ਕਿ ਔਖੀ ਘੜੀ ਦੌਰਾਨ ਸਾਡੀ ਮਦਦ ਕਰਨ ਲਈ ਭੈਣ-ਭਰਾ ਨਾ ਹੋਣ। ਫਿਰ ਵੀ, ਯਹੋਵਾਹ ਪਰਮੇਸ਼ੁਰ ਸਾਡੇ ਨਾਲ ਹਮੇਸ਼ਾ ਹੁੰਦਾ ਹੈ ਅਤੇ ਉਹ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।—ਜ਼ਬੂਰਾਂ ਦੀ ਪੋਥੀ 27:10.
ਯਹੋਵਾਹ ਹੀ ਸਾਡੀ ਸ਼ਕਤੀ ਹੈ
17, 18. ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਪੁੱਤਰ ਨੂੰ ਸਹਾਰਾ ਦਿੱਤਾ ਸੀ?
17 ਜਦੋਂ ਯਿਸੂ ਸੂਲੀ ਉੱਤੇ ਟੰਗਿਆ ਹੋਇਆ ਸੀ, ਤਾਂ ਉਸ ਨੇ ਪੁਕਾਰਿਆ: “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥੀਂ ਸੌਂਪਦਾ ਹਾਂ।” (ਲੂਕਾ 23:46) ਫਿਰ ਉਸ ਨੇ ਆਪਣੇ ਪ੍ਰਾਣ ਛੱਡ ਦਿੱਤੇ। ਕੁਝ ਹੀ ਘੰਟੇ ਪਹਿਲਾਂ ਉਹ ਫੜਿਆ ਗਿਆ ਸੀ ਅਤੇ ਡਰ ਦੇ ਮਾਰੇ ਉਸ ਦੇ ਦੋਸਤ ਉਸ ਨੂੰ ਇਕੱਲਾ ਛੱਡ ਕੇ ਭੱਜ ਗਏ ਸਨ। (ਮੱਤੀ 26:56) ਭਾਵੇਂ ਯਿਸੂ ਇਕੱਲਾ ਸੀ, ਪਰ ਉਸ ਦਾ ਸਵਰਗੀ ਪਿਤਾ ਉਸ ਦੇ ਨਾਲ ਸੀ। ਯਹੋਵਾਹ ਉੱਤੇ ਉਸ ਦਾ ਭਰੋਸਾ ਪੱਕਾ ਰਿਹਾ ਅਤੇ ਵਫ਼ਾਦਾਰ ਰਹਿਣ ਕਰਕੇ ਯਹੋਵਾਹ ਨੇ ਵੀ ਉਸ ਦਾ ਸਾਥ ਨਹੀਂ ਛੱਡਿਆ।—ਜ਼ਬੂਰਾਂ ਦੀ ਪੋਥੀ 37:28; ਪਰਕਾਸ਼ ਦੀ ਪੋਥੀ 3:14.
18 ਜਦ ਯਿਸੂ ਧਰਤੀ ਉੱਤੇ ਆਪਣੀ ਸੇਵਕਾਈ ਕਰ ਰਿਹਾ ਸੀ, ਤਾਂ ਯਹੋਵਾਹ ਨੇ ਆਪਣੇ ਪੁੱਤਰ ਨੂੰ ਆਖ਼ਰੀ ਦਮ ਤਕ ਸਹਾਰਾ ਦਿੱਤਾ ਤੇ ਇਸ ਤਰ੍ਹਾਂ ਉਹ ਵਫ਼ਾਦਾਰੀ ਨਾਲ ਉਸ ਦੀ ਮਰਜ਼ੀ ਪੂਰੀ ਕਰ ਸਕਿਆ। ਮਿਸਾਲ ਲਈ, ਜਦ ਯਿਸੂ ਨੇ ਬਪਤਿਸਮਾ ਲਿਆ ਸੀ, ਤਾਂ ਉਸ ਨੇ ਆਪਣੇ ਪਿਤਾ ਦੀ ਆਵਾਜ਼ ਇਹ ਕਹਿੰਦੇ ਹੋਏ ਸੁਣੀ ਕਿ ਉਹ ਉਸ ਤੋਂ ਖ਼ੁਸ਼ ਸੀ ਅਤੇ ਉਸ ਨਾਲ ਪਿਆਰ ਕਰਦਾ ਸੀ। ਜਦ ਯਿਸੂ ਨੂੰ ਸਹਾਰੇ ਦੀ ਲੋੜ ਪਈ, ਤਾਂ ਯਹੋਵਾਹ ਨੇ ਉਸ ਕੋਲ ਆਪਣੇ ਦੂਤ ਘੱਲੇ। ਯਿਸੂ ਦੀ ਮੌਤ ਦੇ ਵੇਲੇ ਜਦ ਉਸ ਦੀ ਨਿਹਚਾ ਦਾ ਸਭ ਤੋਂ ਵੱਡਾ ਇਮਤਿਹਾਨ ਲਿਆ ਗਿਆ, ਤਾਂ ਯਹੋਵਾਹ ਨੇ ਉਸ ਦੀ ਦੁਹਾਈ ਸੁਣੀ। ਇਨ੍ਹਾਂ ਸਾਰਿਆਂ ਤਰੀਕਿਆਂ ਨਾਲ ਯਿਸੂ ਨੂੰ ਤਸੱਲੀ ਜ਼ਰੂਰ ਮਿਲੀ ਹੋਣੀ।—ਮਰਕੁਸ 1:11, 13; ਲੂਕਾ 22:43.
19, 20. ਅਸੀਂ ਕਿਉਂ ਮੰਨ ਸਕਦੇ ਹਾਂ ਕਿ ਲੋੜ ਪੈਣ ਤੇ ਯਹੋਵਾਹ ਸਾਨੂੰ ਸ਼ਕਤੀ ਦੇ ਸਕਦਾ ਹੈ?
19 ਯਹੋਵਾਹ ਸਾਨੂੰ ਵੀ ਸਹਾਰਾ ਦੇਣਾ ਚਾਹੁੰਦਾ ਹੈ। (2 ਇਤਹਾਸ 16:9) ਉਸ ਕੋਲ ਵੱਡੀ ਸ਼ਕਤੀ ਅਤੇ ਡਾਢਾ ਬਲ ਹੈ ਅਤੇ ਉਹ ਸਾਨੂੰ ਤਾਕਤ ਜ਼ਰੂਰ ਬਖ਼ਸ਼ ਸਕਦਾ ਹੈ। (ਯਸਾਯਾਹ 40:26) ਅਸੀਂ ਲੜਾਈਆਂ, ਗ਼ਰੀਬੀ, ਬੀਮਾਰੀ, ਮੌਤ ਅਤੇ ਆਪਣੀਆਂ ਕਮੀਆਂ ਕਰਕੇ ਹਿੰਮਤ ਹਾਰ ਸਕਦੇ ਹਾਂ। ਜਦ ਸਾਡੀ ਜ਼ਿੰਦਗੀ ਵਿਚ “ਬਲਵੰਤ ਵੈਰੀ” ਦੀ ਤਰ੍ਹਾਂ ਮੁਸ਼ਕਲਾਂ ਆਉਂਦੀਆਂ ਹਨ, ਉਦੋਂ ਯਹੋਵਾਹ ਸਾਡਾ ਬਲ ਬਣ ਸਕਦਾ ਹੈ। (ਜ਼ਬੂਰਾਂ ਦੀ ਪੋਥੀ 18:17; ਕੂਚ 15:2) ਉਸ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਰ ਸਕਦੀ ਹੈ। ਇਸ ਸ਼ਕਤੀ ਰਾਹੀਂ ਯਹੋਵਾਹ “ਹੁੱਸੇ ਹੋਏ ਨੂੰ ਬਲ” ਦੇ ਸਕਦਾ ਹੈ ਤਾਂਕਿ ਉਹ ‘ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡੇ।’—ਯਸਾਯਾਹ 40:29, 31.
20 ਸਾਰੀ ਦੁਨੀਆਂ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲੋਂ ਵੱਡੀ ਹੋਰ ਕੋਈ ਸ਼ਕਤੀ ਨਹੀਂ ਹੈ। ਪੌਲੁਸ ਨੇ ਕਿਹਾ: “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” ਜੀ ਹਾਂ, ਸਾਡਾ ਪਿਤਾ ਯਹੋਵਾਹ ਸਾਨੂੰ “ਮਹਾ-ਸ਼ਕਤੀ” ਦੇ ਸਕਦਾ ਹੈ ਤਾਂਕਿ ਅਸੀਂ ਇਸ ਸਮੇਂ ਹਰ ਦੁੱਖ ਤੇ ਮੁਸ਼ਕਲ ਸਹਿ ਸਕੀਏ। ਫਿਰ ਸੁੱਖ ਦਾ ਉਹ ਦਿਨ ਆਵੇਗਾ ਜਦ ਯਹੋਵਾਹ ‘ਸੱਭੋ ਕੁਝ ਨਵਾਂ ਬਣਾਵੇਗਾ।’—ਫ਼ਿਲਿੱਪੀਆਂ 4:13; 2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ; ਪਰਕਾਸ਼ ਦੀ ਪੋਥੀ 21:4, 5.
[ਫੁਟਨੋਟ]
a ਵਾਈਨਜ਼ ਨਾਮਕ ਬਾਈਬਲ ਦੇ ਸ਼ਬਦਾਂ ਦੀ ਡਿਕਸ਼ਨਰੀ ਵਿਚ ਲਿਖਿਆ ਹੈ: ‘ਯੂਨਾਨੀ ਸ਼ਬਦ [ਪੈਰਗਾਰਿਆ] ਦੁੱਖ-ਤਕਲੀਫ਼ ਦੂਰ ਕਰਨ ਵਾਲੀ ਦਵਾਈ ਨੂੰ ਸੰਕੇਤ ਕਰਦਾ ਹੈ।’
ਕੀ ਤੁਹਾਨੂੰ ਯਾਦ ਹੈ?
• ਪੌਲੁਸ ਨੂੰ ਭਰਾਵਾਂ ਤੋਂ ਕਿਵੇਂ “ਤਸੱਲੀ ਹੋਈ” ਸੀ?
• ਅਸੀਂ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨੂੰ “ਤਸੱਲੀ” ਕਿਵੇਂ ਦੇ ਸਕਦੇ ਹਾਂ?
• ਯਹੋਵਾਹ ਸਾਡੀ ਸ਼ਕਤੀ ਕਿਵੇਂ ਹੈ?
[ਸਫ਼ੇ 19 ਉੱਤੇ ਤਸਵੀਰ]
ਭਰਾਵਾਂ ਨੇ ਪੌਲੁਸ ਨੂੰ ਸਹਾਰਾ ਤੇ ਹੌਸਲਾ ਦਿੱਤਾ ਅਤੇ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ
[ਸਫ਼ੇ 21 ਉੱਤੇ ਤਸਵੀਰ]
ਬਜ਼ੁਰਗ ਭੈਣਾਂ-ਭਰਾਵਾਂ ਨੂੰ ਸਹਾਰਾ ਦੇਣ ਵਿਚ ਪਹਿਲ ਕਰਦੇ ਹਨ