ਅਧਿਐਨ ਲੇਖ 43
ਹਿੰਮਤ ਨਾ ਹਾਰੋ!
“ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ।”—ਗਲਾ. 6:9.
ਗੀਤ 68 ਰਾਜ ਦੇ ਬੀ ਬੀਜੋ
ਖ਼ਾਸ ਗੱਲਾਂa
1. ਸਾਨੂੰ ਇਸ ਗੱਲ ʼਤੇ ਬਹੁਤ ਮਾਣ ਤੇ ਖ਼ੁਸ਼ੀ ਕਿਉਂ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ?
ਸਾਨੂੰ ਇਸ ਗੱਲ ʼਤੇ ਬਹੁਤ ਮਾਣ ਤੇ ਖ਼ੁਸ਼ੀ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ! ਅਸੀਂ ਪਰਮੇਸ਼ੁਰ ਦੇ ਨਾਂ ਤੋਂ ਜਾਣੇ ਜਾਂਦੇ ਹਾਂ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਅਸੀਂ ਉਸ ਦੇ ਗਵਾਹ ਹੋਣ ਦਾ ਸਬੂਤ ਦਿੰਦੇ ਹਾਂ। ਸਾਨੂੰ ਉਨ੍ਹਾਂ ਲੋਕਾਂ ਦੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਜੋ “ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ” ਹਨ। (ਰਸੂ. 13:48) ਜਦੋਂ ਯਿਸੂ ਦੇ ਚੇਲਿਆਂ ਨੇ ਪ੍ਰਚਾਰ ਵਿਚ ਹੋਏ ਵਧੀਆ ਤਜਰਬਿਆਂ ਬਾਰੇ ਆ ਕੇ ਉਸ ਨੂੰ ਦੱਸਿਆ, ਤਾਂ ਉਹ ‘ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਖ਼ੁਸ਼’ ਹੋਇਆ।—ਲੂਕਾ 10:1, 17, 21.
2. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਚੇਲੇ ਬਣਾਉਣ ਦੇ ਕੰਮ ਨੂੰ ਅਹਿਮ ਸਮਝਦੇ ਹਾਂ?
2 ਚੇਲੇ ਬਣਾਉਣ ਦਾ ਕੰਮ ਸਾਡੇ ਲਈ ਬਹੁਤ ਅਹਿਮ ਹੈ। ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ: “ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ।” ਪੌਲੁਸ ਨੇ ਅੱਗੇ ਕਿਹਾ: “ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋ. 4:16) ਇਸ ਕੰਮ ਨਾਲ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਯਹੋਵਾਹ ਦੇ ਰਾਜ ਦੇ ਨਾਗਰਿਕ ਹੋਣ ਕਰਕੇ ਸਾਨੂੰ ਹਮੇਸ਼ਾ ਆਪਣੇ ਵੱਲ ਧਿਆਨ ਦਿੰਦੇ ਰਹਿਣਾ ਚਾਹੀਦਾ ਹੈ। ਅਸੀਂ ਹਮੇਸ਼ਾ ਉਹੀ ਕੰਮ ਕਰਨੇ ਚਾਹੁੰਦੇ ਹਾਂ ਜਿਨ੍ਹਾਂ ਨਾਲ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਹੋਵੇ। ਨਾਲੇ ਅਸੀਂ ਆਪਣੇ ਕੰਮਾਂ ਰਾਹੀਂ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਗੱਲਾਂ ʼਤੇ ਯਕੀਨ ਵੀ ਕਰਦੇ ਹਾਂ ਜਿਨ੍ਹਾਂ ਦਾ ਅਸੀਂ ਪ੍ਰਚਾਰ ਕਰਦੇ ਹਾਂ। (ਫ਼ਿਲਿ. 1:27) ਜਦੋਂ ਅਸੀਂ ਪ੍ਰਚਾਰ ਲਈ ਚੰਗੀ ਤਿਆਰੀ ਕਰਨ ਅਤੇ ਦੂਜਿਆਂ ਨੂੰ ਗਵਾਹੀ ਦੇਣ ਤੋਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ‘ਆਪਣੀ ਸਿੱਖਿਆ ਵੱਲ ਧਿਆਨ’ ਦੇ ਰਹੇ ਹਾਂ।
3. ਕੀ ਪ੍ਰਚਾਰ ਵਿਚ ਹਮੇਸ਼ਾ ਲੋਕ ਸਾਡੀ ਗੱਲ ਸੁਣਨਗੇ? ਮਿਸਾਲ ਦਿਓ।
3 ਕਈ ਵਾਰ ਅਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਕਰਦੇ ਹਾਂ, ਫਿਰ ਵੀ ਬਹੁਤ ਸਾਰੇ ਲੋਕ ਸਾਡੀ ਗੱਲ ਨਹੀਂ ਸੁਣਦੇ। ਜ਼ਰਾ ਭਰਾ ਗੇਓਰਗ ਲਿੰਡੌਲ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ 1929-1947 ਤਕ ਇਕੱਲੇ ਨੇ ਪੂਰੇ ਆਈਸਲੈਂਡ ਵਿਚ ਪ੍ਰਚਾਰ ਕੀਤਾ। ਉਸ ਨੇ ਹਜ਼ਾਰਾਂ ਹੀ ਪ੍ਰਕਾਸ਼ਨ ਵੰਡੇ, ਫਿਰ ਵੀ ਕੋਈ ਸੱਚਾਈ ਵਿਚ ਨਹੀਂ ਆਇਆ। ਉਸ ਨੇ ਲਿਖਿਆ: “ਇੱਦਾਂ ਲੱਗਦਾ ਸੀ ਕਿ ਕੁਝ ਲੋਕ ਬਾਈਬਲ ਦੇ ਸੰਦੇਸ਼ ਦਾ ਵਿਰੋਧ ਕਰਦੇ ਸਨ, ਪਰ ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਵਿਚ ਦਿਲਚਸਪੀ ਹੀ ਨਹੀਂ ਸੀ।” ਇਸ ਤੋਂ ਬਾਅਦ ਕੁਝ ਮਿਸ਼ਨਰੀ ਵੀ ਇੱਥੇ ਆਏ ਜਿਨ੍ਹਾਂ ਨੇ ਗਿਲਿਅਡ ਸਕੂਲ ਵਿੱਚੋਂ ਸਿਖਲਾਈ ਹਾਸਲ ਕੀਤੀ ਸੀ। ਉਨ੍ਹਾਂ ਨੇ ਵੀ ਕਈ ਸਾਲਾਂ ਤਕ ਇੱਥੇ ਪ੍ਰਚਾਰ ਕੀਤਾ, ਫਿਰ ਵੀ ਲੋਕਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਅਖ਼ੀਰ, ਨੌਂ ਸਾਲਾਂ ਬਾਅਦ ਜਾ ਕੇ ਕੁਝ ਲੋਕਾਂ ਨੇ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਲਿਆ।b
4. ਜਦੋਂ ਲੋਕ ਬਾਈਬਲ ਸਟੱਡੀ ਕਰਨ ਵਿਚ ਦਿਲਚਸਪੀ ਨਹੀਂ ਲੈਂਦੇ, ਤਾਂ ਸ਼ਾਇਦ ਤੁਸੀਂ ਕਿਵੇਂ ਮਹਿਸੂਸ ਕਰੋ?
4 ਪੌਲੁਸ ਇਕ ਸਮੇਂ ਤੇ ਬਹੁਤ ਨਿਰਾਸ਼ ਹੋ ਗਿਆ ਸੀ ਕਿਉਂਕਿ ਬਹੁਤ ਸਾਰੇ ਯਹੂਦੀਆਂ ਨੇ ਯਿਸੂ ਨੂੰ ਵਾਅਦਾ ਕੀਤਾ ਹੋਇਆ ਮਸੀਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪੌਲੁਸ ਨੇ ਲਿਖਿਆ: “ਮੈਂ ਬਹੁਤ ਦੁਖੀ ਹਾਂ ਅਤੇ ਮੇਰਾ ਦਿਲ ਗਮ ਨਾਲ ਭਰਿਆ ਹੋਇਆ ਹੈ।” (ਰੋਮੀ. 9:1-3) ਤੁਸੀਂ ਵੀ ਸ਼ਾਇਦ ਪੌਲੁਸ ਵਾਂਗ ਨਿਰਾਸ਼ ਹੋ ਜਾਓ ਜਦੋਂ ਲੋਕ ਬਾਈਬਲ ਸਟੱਡੀ ਕਰਨ ਵਿਚ ਦਿਲਚਸਪੀ ਨਾ ਲੈਣ। ਸ਼ਾਇਦ ਤੁਸੀਂ ਕਿਸੇ ਨੂੰ ਬਾਈਬਲ ਸਟੱਡੀ ਕਰਾਉਣ ਵਿਚ ਸਖ਼ਤ ਮਿਹਨਤ ਕਰਦੇ ਹੋ ਅਤੇ ਉਸ ਲਈ ਵਾਰ-ਵਾਰ ਪ੍ਰਾਰਥਨਾ ਵੀ ਕਰਦੇ ਹੋ, ਪਰ ਉਹ ਸਿੱਖੀਆਂ ਗੱਲਾਂ ਨੂੰ ਲਾਗੂ ਨਹੀਂ ਕਰਦਾ ਜਿਸ ਕਰਕੇ ਤੁਹਾਨੂੰ ਉਸ ਦੀ ਸਟੱਡੀ ਬੰਦ ਕਰਨੀ ਪੈਂਦੀ ਹੈ। ਜਾਂ ਫਿਰ ਸ਼ਾਇਦ ਤੁਹਾਡੀ ਕਿਸੇ ਵੀ ਸਟੱਡੀ ਨੇ ਤਰੱਕੀ ਕਰ ਕੇ ਬਪਤਿਸਮਾ ਨਾ ਲਿਆ ਹੋਵੇ। ਕੀ ਇਸ ਦਾ ਇਹ ਮਤਲਬ ਹੈ ਕਿ ਇਸ ਵਿਚ ਤੁਹਾਡਾ ਕਸੂਰ ਹੈ ਅਤੇ ਯਹੋਵਾਹ ਤੁਹਾਡੇ ਕੰਮ ਤੋਂ ਖ਼ੁਸ਼ ਨਹੀਂ ਹੈ? ਇਸ ਲੇਖ ਵਿਚ ਆਪਾਂ ਇਨ੍ਹਾਂ ਦੋ ਸਵਾਲਾਂ ʼਤੇ ਗੌਰ ਕਰਾਂਗੇ: (1) ਕੀ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਸਫ਼ਲ ਹੋ ਰਹੇ ਹਾਂ? (2) ਪ੍ਰਚਾਰ ਕਰਦਿਆਂ ਸਾਨੂੰ ਕੀ ਉਮੀਦ ਰੱਖਣੀ ਚਾਹੀਦੀ ਹੈ?
ਕੀ ਅਸੀਂ ਚੇਲੇ ਬਣਾਉਣ ਦੇ ਕੰਮ ਵਿਚ ਸਫ਼ਲ ਹੋ ਰਹੇ ਹਾਂ?
5. ਯਹੋਵਾਹ ਦੀ ਸੇਵਾ ਵਿਚ ਸਾਡੇ ਕੰਮਾਂ ਦੇ ਨਤੀਜੇ ਹਮੇਸ਼ਾ ਸਾਡੀ ਇੱਛਾ ਮੁਤਾਬਕ ਕਿਉਂ ਨਹੀਂ ਹੁੰਦੇ?
5 ਪਰਮੇਸ਼ੁਰ ਦੀ ਇੱਛਾ ਮੁਤਾਬਕ ਚੱਲਣ ਵਾਲੇ ਇਨਸਾਨ ਬਾਰੇ ਬਾਈਬਲ ਕਹਿੰਦੀ ਹੈ: “ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ।” (ਜ਼ਬੂ. 1:3) ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਜਿਹੜੇ ਵੀ ਕੰਮ ਕਰਦੇ ਹਾਂ, ਉਨ੍ਹਾਂ ਦੇ ਨਤੀਜੇ ਹਮੇਸ਼ਾ ਸਾਡੀ ਇੱਛਾ ਮੁਤਾਬਕ ਹੀ ਹੋਣਗੇ। ਸਾਡੀ ਖ਼ੁਦ ਦੀ ਅਤੇ ਦੂਜਿਆਂ ਦੀ ਨਾਮੁਕੰਮਲਤਾ ਕਰਕੇ ਸਾਰਿਆਂ ਦੀ ਜ਼ਿੰਦਗੀ ‘ਦੁੱਖਾਂ ਨਾਲ ਲੱਦੀ ਹੋਈ ਹੈ।’ (ਅੱਯੂ. 14:1) ਕਦੇ-ਕਦੇ ਸ਼ਾਇਦ ਇੱਦਾਂ ਹੋਵੇ ਕਿ ਵਿਰੋਧੀਆਂ ਕਰਕੇ ਕੁਝ ਸਮੇਂ ਲਈ ਅਸੀਂ ਪਹਿਲਾਂ ਵਾਂਗ ਖੁੱਲ੍ਹੇ ਆਮ ਪ੍ਰਚਾਰ ਨਾ ਕਰ ਸਕੀਏ। (1 ਕੁਰਿੰ. 16:9; 1 ਥੱਸ. 2:18) ਤਾਂ ਫਿਰ ਯਹੋਵਾਹ ਕਿਵੇਂ ਦੇਖਦਾ ਹੈ ਕਿ ਅਸੀਂ ਚੇਲੇ ਬਣਾਉਣ ਦਾ ਕੰਮ ਸਫ਼ਲਤਾ ਨਾਲ ਕਰ ਰਹੇ ਹਾਂ ਜਾ ਨਹੀਂ? ਇਸ ਸਵਾਲ ਦਾ ਜਵਾਬ ਪਾਉਣ ਲਈ ਆਓ ਆਪਾਂ ਬਾਈਬਲ ਵਿੱਚੋਂ ਕੁਝ ਅਸੂਲਾਂ ʼਤੇ ਗੌਰ ਕਰੀਏ।
6. ਚੇਲੇ ਬਣਾਉਣ ਦੇ ਕੰਮ ਵਿਚ ਯਹੋਵਾਹ ਸਾਡੀ ਸਫ਼ਲਤਾ ਕਿਵੇਂ ਦੇਖਦਾ ਹੈ?
6 ਯਹੋਵਾਹ ਦੇਖਦਾ ਹੈ ਕਿ ਅਸੀਂ ਮਿਹਨਤ ਕਰਦੇ ਹਾਂ ਅਤੇ ਹਿੰਮਤ ਨਹੀਂ ਹਾਰਦੇ। ਯਹੋਵਾਹ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਹਾਂ, ਫਿਰ ਚਾਹੇ ਲੋਕ ਸਾਡੀ ਗੱਲ ਸੁਣਨ ਜਾਂ ਨਾ। ਪੌਲੁਸ ਨੇ ਲਿਖਿਆ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ ਅਤੇ ਇਸ ਪਿਆਰ ਦੇ ਸਬੂਤ ਵਿਚ ਤੁਸੀਂ ਪਵਿੱਤਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਕਰ ਵੀ ਰਹੇ ਹੋ।” (ਇਬ. 6:10) ਭਾਵੇਂ ਤੁਹਾਡੀ ਸਟੱਡੀ ਤਰੱਕੀ ਕਰ ਕੇ ਬਪਤਿਸਮਾ ਨਾ ਵੀ ਲਵੇ, ਤਾਂ ਵੀ ਯਹੋਵਾਹ ਤੁਹਾਡੀ ਮਿਹਨਤ ਅਤੇ ਪਿਆਰ ਨੂੰ ਦੇਖਦਾ ਹੈ। ਕੁਰਿੰਥੀਆਂ ਨੂੰ ਕਹੀ ਪੌਲੁਸ ਦੀ ਗੱਲ ਤੁਹਾਡੇ ਬਾਰੇ ਵੀ ਬਿਲਕੁਲ ਸੱਚ ਹੈ: “ਪ੍ਰਭੂ ਦੇ ਕੰਮ ਵਿਚ ਤੁਹਾਡੀ ਮਿਹਨਤ ਬੇਕਾਰ ਨਹੀਂ ਜਾਂਦੀ,” ਫਿਰ ਚਾਹੇ ਤੁਹਾਡੀ ਸਖ਼ਤ ਮਿਹਨਤ ਦੇ ਨਤੀਜੇ ਤੁਹਾਡੀ ਇੱਛਾ ਮੁਤਾਬਕ ਨਾ ਵੀ ਨਿਕਲਣ।—1 ਕੁਰਿੰ. 15:58.
7. ਪੌਲੁਸ ਰਸੂਲ ਨੇ ਆਪਣੀ ਸੇਵਕਾਈ ਬਾਰੇ ਜੋ ਕਿਹਾ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ?
7 ਪੌਲੁਸ ਰਸੂਲ ਬਹੁਤ ਵਧੀਆ ਮਿਸ਼ਨਰੀ ਸੀ। ਉਸ ਨੇ ਬਹੁਤ ਸਾਰੇ ਸ਼ਹਿਰਾਂ ਵਿਚ ਨਵੀਆਂ ਮੰਡਲੀਆਂ ਸ਼ੁਰੂ ਕੀਤੀਆਂ, ਫਿਰ ਵੀ ਕੁਝ ਲੋਕਾਂ ਨੇ ਉਸ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕਿ ਉਹ ਵਧੀਆ ਸਿੱਖਿਅਕ ਨਹੀਂ ਸੀ। ਉਦੋਂ ਪੌਲੁਸ ਨੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਇਹ ਨਹੀਂ ਕਿਹਾ ਕਿ ਉਸ ਨੇ ਬਹੁਤ ਸਾਰੇ ਲੋਕਾਂ ਦੀ ਮਸੀਹੀ ਬਣਨ ਵਿਚ ਮਦਦ ਕੀਤੀ ਸੀ। ਇਸ ਦੀ ਬਜਾਇ ਉਸ ਨੇ ਕਿਹਾ: “ਮੈਂ ਉਨ੍ਹਾਂ ਨਾਲੋਂ ਜ਼ਿਆਦਾ ਕੰਮ ਕੀਤਾ ਹੈ।” (2 ਕੁਰਿੰ. 11:23) ਪੌਲੁਸ ਵਾਂਗ ਸਾਨੂੰ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਲਈ ਇਹ ਗੱਲ ਜ਼ਿਆਦਾ ਮਾਅਨੇ ਰੱਖਦੀ ਹੈ ਕਿ ਅਸੀਂ ਸਖ਼ਤ ਮਿਹਨਤ ਕਰਦੇ ਹਾਂ ਅਤੇ ਹਿੰਮਤ ਨਹੀਂ ਹਾਰਦੇ।
8. ਸਾਨੂੰ ਆਪਣੀ ਸੇਵਕਾਈ ਬਾਰੇ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?
8 ਯਹੋਵਾਹ ਨੂੰ ਸਾਡੀ ਸੇਵਕਾਈ ਤੋਂ ਖ਼ੁਸ਼ੀ ਹੁੰਦੀ ਹੈ। ਜਦੋਂ ਯਿਸੂ ਨੇ ਆਪਣੇ 70 ਚੇਲਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਭੇਜਿਆ ਸੀ, ਤਾਂ ਉਸ ਦੇ ਚੇਲੇ ਪ੍ਰਚਾਰ ਦਾ ਕੰਮ ਖ਼ਤਮ ਕਰ ਕੇ ‘ਖ਼ੁਸ਼ੀ-ਖ਼ੁਸ਼ੀ ਵਾਪਸ ਮੁੜੇ।’ ਚੇਲੇ ਇੰਨੇ ਖ਼ੁਸ਼ ਕਿਉਂ ਸਨ? ਉਨ੍ਹਾਂ ਨੇ ਕਿਹਾ: “ਪ੍ਰਭੂ, ਜਦੋਂ ਅਸੀਂ ਤੇਰਾ ਨਾਂ ਲੈ ਕੇ ਦੁਸ਼ਟ ਦੂਤਾਂ ਨੂੰ ਹੁਕਮ ਦਿੰਦੇ ਹਾਂ, ਤਾਂ ਉਹ ਵੀ ਸਾਡੀ ਆਗਿਆ ਮੰਨਦੇ ਹਨ।” ਪਰ ਯਿਸੂ ਨੇ ਆਪਣੇ ਚੇਲਿਆਂ ਦੀ ਸੋਚ ਸੁਧਾਰਦੇ ਹੋਏ ਉਨ੍ਹਾਂ ਨੂੰ ਕਿਹਾ: “ਇਸ ਗੱਲ ʼਤੇ ਖ਼ੁਸ਼ ਨਾ ਹੋਵੋ ਕਿ ਦੁਸ਼ਟ ਦੂਤ ਤੁਹਾਡੇ ਅਧੀਨ ਕੀਤੇ ਗਏ ਹਨ, ਪਰ ਇਸ ਗੱਲ ʼਤੇ ਖ਼ੁਸ਼ੀਆਂ ਮਨਾਓ ਕਿ ਤੁਹਾਡੇ ਨਾਂ ਸਵਰਗ ਵਿਚ ਲਿਖੇ ਜਾ ਚੁੱਕੇ ਹਨ।” (ਲੂਕਾ 10:17-20) ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਨੂੰ ਪ੍ਰਚਾਰ ਵਿਚ ਹਮੇਸ਼ਾ ਇੱਦਾਂ ਦੇ ਵਧੀਆ ਨਤੀਜੇ ਨਹੀਂ ਮਿਲਣਗੇ। ਅਸਲ ਵਿਚ, ਅਸੀਂ ਵੀ ਨਹੀਂ ਜਾਣਦੇ ਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਚੇਲਿਆਂ ਨੇ ਪ੍ਰਚਾਰ ਕੀਤਾ ਸੀ, ਉਨ੍ਹਾਂ ਵਿੱਚੋਂ ਕਿੰਨੇ ਕੁ ਜਣੇ ਬਾਅਦ ਵਿੱਚ ਮਸੀਹੀ ਬਣੇ। ਚੇਲਿਆਂ ਨੂੰ ਸਿਰਫ਼ ਇਸ ਗੱਲ ʼਤੇ ਖ਼ੁਸ਼ ਨਹੀਂ ਹੋਣਾ ਚਾਹੀਦਾ ਸੀ ਕਿ ਕਿੰਨੇ ਕੁ ਲੋਕਾਂ ਨੇ ਉਨ੍ਹਾਂ ਦੀ ਗੱਲ ਸੁਣੀ। ਉਨ੍ਹਾਂ ਲਈ ਸਭ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਇਹ ਹੋਣੀ ਚਾਹੀਦੀ ਸੀ ਕਿ ਯਹੋਵਾਹ ਉਨ੍ਹਾਂ ਦੀ ਮਿਹਨਤ ਦੇਖ ਕੇ ਖ਼ੁਸ਼ ਸੀ।
9. ਗਲਾਤੀਆਂ 6:7-9 ਮੁਤਾਬਕ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਇਸ ਦਾ ਕੀ ਨਤੀਜਾ ਨਿਕਲੇਗਾ?
9 ਜੇ ਅਸੀਂ ਸੇਵਕਾਈ ਵਿਚ ਲੱਗੇ ਰਹਿੰਦੇ ਹਾਂ, ਤਾਂ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਵਾਂਗੇ। ਜੇ ਅਸੀਂ ਪੂਰੀ ਵਾਹ ਲਾ ਕੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਅਤੇ ਸਿਖਾਉਂਦੇ ਹਾਂ, ਤਾਂ ਅਸੀਂ ‘ਪਵਿੱਤਰ ਸ਼ਕਤੀ ਅਨੁਸਾਰ ਬੀਜਦੇ’ ਹਾਂ ਯਾਨੀ ਅਸੀਂ ਆਪਣੀ ਜ਼ਿੰਦਗੀ ਵਿਚ ਪਵਿੱਤਰ ਸ਼ਕਤੀ ਨੂੰ ਕੰਮ ਕਰਨ ਦਿੰਦੇ ਹਾਂ। ਯਹੋਵਾਹ ਵਾਅਦਾ ਕਰਦਾ ਹੈ ਕਿ “ਜੇ ਅਸੀਂ ਹਿੰਮਤ ਨਹੀਂ ਹਾਰਾਂਗੇ,” ਤਾਂ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਜ਼ਰੂਰ ਦੇਵੇਗਾ, ਫਿਰ ਭਾਵੇਂ ਸਾਡੀ ਕਿਸੇ ਸਟੱਡੀ ਨੇ ਤਰੱਕੀ ਕਰ ਕੇ ਬਪਤਿਸਮਾ ਨਾ ਵੀ ਲਿਆ ਹੋਵੇ।—ਗਲਾਤੀਆਂ 6:7-9 ਪੜ੍ਹੋ।
ਪ੍ਰਚਾਰ ਕਰਦਿਆਂ ਸਾਨੂੰ ਕੀ ਉਮੀਦ ਰੱਖਣੀ ਚਾਹੀਦੀ ਹੈ?
10. ਪ੍ਰਚਾਰ ਵਿਚ ਲੋਕ ਸਾਡੀ ਗੱਲ ਸੁਣਨਗੇ ਜਾਂ ਨਹੀਂ ਇਹ ਕਿਹੜੀ ਗੱਲ ʼਤੇ ਨਿਰਭਰ ਹੈ?
10 ਪ੍ਰਚਾਰ ਵਿਚ ਲੋਕ ਸਾਡੀ ਗੱਲ ਸੁਣਨਗੇ ਜਾਂ ਨਹੀਂ ਇਹ ਲੋਕਾਂ ਦੇ ਦਿਲ ਦੀ ਹਾਲਤ ʼਤੇ ਨਿਰਭਰ ਕਰਦਾ ਹੈ। ਯਿਸੂ ਨੇ ਇਸ ਸੱਚਾਈ ਬਾਰੇ ਦੱਸਦਿਆਂ ਬੀ ਬੀਜਣ ਵਾਲੇ ਦੀ ਮਿਸਾਲ ਦਿੱਤੀ। ਉਹ ਅਲੱਗ-ਅਲੱਗ ਤਰ੍ਹਾਂ ਦੀ ਜ਼ਮੀਨ ʼਤੇ ਬੀ ਬੀਜਦਾ ਹੈ, ਪਰ ਉਨ੍ਹਾਂ ਵਿੱਚੋਂ ਇੱਕੋ ਜ਼ਮੀਨ ਹੀ ਫ਼ਸਲ ਦਿੰਦੀ ਹੈ। (ਲੂਕਾ 8:5-8) ਯਿਸੂ ਨੇ ਕਿਹਾ ਕਿ ਅਲੱਗ-ਅਲੱਗ ਤਰ੍ਹਾਂ ਦੀ ਜ਼ਮੀਨ ਲੋਕਾਂ ਦੇ ਦਿਲਾਂ ਦੀ ਹਾਲਤ ਨੂੰ ਦਰਸਾਉਂਦੀ ਹੈ ਕਿ ਉਹ ‘ਪਰਮੇਸ਼ੁਰ ਦੇ ਬਚਨ’ ਪ੍ਰਤੀ ਕਿਹੋ ਜਿਹਾ ਹੁੰਗਾਰਾ ਭਰਨਗੇ। (ਲੂਕਾ 8:11-15) ਬੀ ਬੀਜਣ ਵਾਲੇ ਵਾਂਗ ਇਹ ਸਾਡੇ ਹੱਥ-ਵੱਸ ਨਹੀਂ ਹੈ ਕਿ ਲੋਕ ਸੱਚਾਈ ਨੂੰ ਸੁਣ ਕੇ ਕਿਹੋ ਜਿਹਾ ਰਵੱਈਆ ਦਿਖਾਉਣ। ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਲੋਕਾਂ ਦੇ ਦਿਲਾਂ ਵਿਚ ਰਾਜ ਦਾ ਬੀ ਬੀਜਦੇ ਰਹੀਏ। ਪੌਲੁਸ ਨੇ ਇਹ ਕਿਹਾ ਕਿ “ਹਰੇਕ ਨੂੰ ਆਪੋ-ਆਪਣੀ ਮਿਹਨਤ ਦਾ ਫਲ ਮਿਲੇਗਾ,” ਨਾ ਕਿ ਕੰਮਾਂ ਦੇ ਨਤੀਜਿਆਂ ਦਾ ਫਲ ਮਿਲੇਗਾ।—1 ਕੁਰਿੰ. 3:8.
11. ਨੂਹ ਨੂੰ ‘ਧਾਰਮਿਕਤਾ ਦਾ ਪ੍ਰਚਾਰਕ’ ਕਿਉਂ ਕਿਹਾ ਗਿਆ ਸੀ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
11 ਪੂਰੇ ਇਤਿਹਾਸ ਦੌਰਾਨ, ਯਹੋਵਾਹ ਦੇ ਬਹੁਤ ਸਾਰੇ ਲੋਕਾਂ ਨੇ ਇੱਦਾਂ ਦੇ ਲੋਕਾਂ ਨੂੰ ਪ੍ਰਚਾਰ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਮਿਸਾਲ ਲਈ, ਨੂਹ ਨੇ ਲਗਭਗ 40 ਜਾਂ 50 ਸਾਲ ਪ੍ਰਚਾਰ ਕੀਤਾ ਸੀ। ਇਸ ਲਈ ਉਸ ਨੂੰ ‘ਧਾਰਮਿਕਤਾ ਦਾ ਪ੍ਰਚਾਰਕ’ ਕਿਹਾ ਗਿਆ। (2 ਪਤ. 2:5) ਬਿਨਾਂ ਸ਼ੱਕ, ਨੂਹ ਨੇ ਉਮੀਦ ਲਾਈ ਹੋਣੀ ਕਿ ਪ੍ਰਚਾਰ ਵਿਚ ਲੋਕ ਉਸ ਦੀ ਗੱਲ ਸੁਣਨਗੇ, ਪਰ ਯਹੋਵਾਹ ਨੇ ਇੱਦਾਂ ਦੀ ਕੋਈ ਵੀ ਗੱਲ ਨਹੀਂ ਕਹੀ। ਇਸ ਦੀ ਬਜਾਇ, ਜਦੋਂ ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਲਈ ਹਿਦਾਇਤਾਂ ਦਿੱਤੀਆਂ, ਤਾਂ ਉਸ ਨੇ ਕਿਹਾ: “ਤੂੰ ਕਿਸ਼ਤੀ ਵਿਚ ਜਾਈਂ ਅਤੇ ਤੇਰੇ ਨਾਲ ਤੇਰੀ ਪਤਨੀ, ਤੇਰੇ ਪੁੱਤਰ ਅਤੇ ਨੂੰਹਾਂ ਜਾਣ।” (ਉਤ. 6:18) ਜਦੋਂ ਪਰਮੇਸ਼ੁਰ ਨੇ ਨੂਹ ਨੂੰ ਦੱਸਿਆ ਕਿ ਕਿਸ਼ਤੀ ਕਿੰਨੀ ਕੁ ਵੱਡੀ ਹੋਣੀ ਚਾਹੀਦੀ ਹੈ, ਤਾਂ ਨੂਹ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੋਣਾ ਕਿ ਜ਼ਿਆਦਾ ਲੋਕ ਉਸ ਦੀ ਗੱਲ ਨਹੀਂ ਸੁਣਨਗੇ। (ਉਤ. 6:15) ਜਿੱਦਾਂ-ਜਿੱਦਾਂ ਹਾਲਾਤ ਬਦਲੇ, ਉਸ ਹਿੰਸਕ ਦੁਨੀਆਂ ਵਿੱਚੋਂ ਕਿਸੇ ਨੇ ਵੀ ਨੂਹ ਦੀ ਗੱਲ ਨਹੀਂ ਸੁਣੀ। (ਉਤ. 7:7) ਕੀ ਯਹੋਵਾਹ ਦੀਆਂ ਨਜ਼ਰਾਂ ਵਿਚ ਨੂਹ ਅਸਫ਼ਲ ਪ੍ਰਚਾਰਕ ਸੀ? ਬਿਲਕੁਲ ਨਹੀਂ! ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨੂਹ ਇਕ ਸਫ਼ਲ ਪ੍ਰਚਾਰਕ ਸੀ ਕਿਉਂਕਿ ਉਸ ਨੇ ਵਫ਼ਾਦਾਰੀ ਨਾਲ ਉਹ ਕੰਮ ਕੀਤਾ ਜੋ ਯਹੋਵਾਹ ਨੇ ਉਸ ਨੂੰ ਕਰਨ ਲਈ ਕਿਹਾ ਸੀ।—ਉਤ. 6:22.
12. ਯਿਰਮਿਯਾਹ ਨਬੀ ਆਪਣੀ ਖ਼ੁਸ਼ੀ ਕਿਵੇਂ ਬਣਾ ਕੇ ਰੱਖ ਸਕਿਆ?
12 ਯਿਰਮਿਯਾਹ ਨਬੀ ਨੇ 40 ਤੋਂ ਵੀ ਜ਼ਿਆਦਾ ਸਾਲਾਂ ਤਕ ਲੋਕਾਂ ਨੂੰ ਪ੍ਰਚਾਰ ਕੀਤਾ, ਫਿਰ ਵੀ ਲੋਕਾਂ ਨੇ ਉਸ ਦੀ ਗੱਲ ਨਹੀਂ ਸੁਣੀ ਅਤੇ ਉਸ ਦਾ ਵਿਰੋਧ ਕੀਤਾ। ਉਹ ਬਹੁਤ ਨਿਰਾਸ਼ ਸੀ ਕਿਉਂਕਿ ਉਸ ਨੂੰ ‘ਬੇਇੱਜ਼ਤੀ ਸਹਿਣੀ ਪੈਂਦੀ ਸੀ ਅਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ।’ ਇਸ ਕਰਕੇ ਉਹ ਆਪਣੀ ਜ਼ਿੰਮੇਵਾਰੀ ਛੱਡਣ ਬਾਰੇ ਸੋਚਣ ਲੱਗ ਪਿਆ। (ਯਿਰ. 20:8, 9) ਪਰ ਯਿਰਮਿਯਾਹ ਨੇ ਹਾਰ ਨਹੀਂ ਮੰਨੀ! ਉਸ ਨੇ ਆਪਣੀ ਇਸ ਸੋਚ ਤੇ ਕਾਬੂ ਕਿਵੇਂ ਪਾਇਆ ਅਤੇ ਪ੍ਰਚਾਰ ਵਿਚ ਆਪਣੀ ਖ਼ੁਸ਼ੀ ਕਿਵੇਂ ਬਣਾਈ ਰੱਖੀ? ਉਸ ਨੇ ਇਨ੍ਹਾਂ ਦੋ ਜ਼ਰੂਰੀ ਗੱਲਾਂ ʼਤੇ ਧਿਆਨ ਲਾਈ ਰੱਖਿਆ। ਪਹਿਲੀ, ਯਿਰਮਿਯਾਹ ਨੇ ਲੋਕਾਂ ਨੂੰ ਜੋ ਸੰਦੇਸ਼ ਦੇਣਾ ਸੀ, ਉਹ ‘ਚੰਗੇ ਭਵਿੱਖ ਅਤੇ ਉਮੀਦ’ ਬਾਰੇ ਸੀ। (ਯਿਰ. 29:11) ਦੂਜੀ, ਯਹੋਵਾਹ ਨੇ ਆਪਣਾ ਸੰਦੇਸ਼ ਸੁਣਾਉਣ ਲਈ ਯਿਰਮਿਯਾਹ ਨੂੰ ਚੁਣਿਆ ਸੀ। (ਯਿਰ. 15:16) ਅੱਜ ਅਸੀਂ ਵੀ ਲੋਕਾਂ ਨੂੰ ਯਹੋਵਾਹ ਦਾ ਸੰਦੇਸ਼ ਦਿੰਦੇ ਹਾਂ। ਅਸੀਂ ਉਸ ਦੇ ਗਵਾਹ ਹੋਣ ਕਰਕੇ ਉਸ ਦੇ ਨਾਂ ਤੋਂ ਜਾਣੇ ਜਾਂਦੇ ਹਾਂ। ਜਦੋਂ ਅਸੀਂ ਆਪਣਾ ਧਿਆਨ ਇਨ੍ਹਾਂ ਦੋ ਜ਼ਰੂਰੀ ਗੱਲਾਂ ʼਤੇ ਲਾਈ ਰੱਖਦੇ ਹਾਂ, ਤਾਂ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖਦੇ ਹਾਂ, ਫਿਰ ਚਾਹੇ ਲੋਕ ਸਾਡੀ ਗੱਲ ਸੁਣਨ, ਚਾਹੇ ਨਾ।
13. ਮਰਕੁਸ 4:26-29 ਵਿਚ ਯਿਸੂ ਦੁਆਰਾ ਦਿੱਤੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?
13 ਨਿਹਚਾ ਹੌਲੀ-ਹੌਲੀ ਪੈਦਾ ਹੁੰਦੀ ਹੈ। ਯਿਸੂ ਨੇ ਇਹ ਸੱਚਾਈ ਉਸ ਬੀ ਬੀਜਣ ਵਾਲੇ ਆਦਮੀ ਦੀ ਮਿਸਾਲ ਰਾਹੀਂ ਸਮਝਾਈ ਜੋ ਬੀ ਬੀਜ ਕੇ ਸੌਂ ਜਾਂਦਾ ਹੈ। (ਮਰਕੁਸ 4:26-29 ਪੜ੍ਹੋ।) ਜਦੋਂ ਬੀ ਬੀਜਣ ਵਾਲਾ ਬੀ ਬੀਜਦਾ ਹੈ, ਤਾਂ ਫ਼ਸਲ ਹੌਲੀ-ਹੌਲੀ ਵਧਦੀ ਹੈ। ਇਹ ਉਸ ਦੇ ਹੱਥ-ਵੱਸ ਨਹੀਂ ਹੁੰਦਾ ਕਿ ਫ਼ਸਲ ਉਸ ਦੀ ਇੱਛਾ ਮੁਤਾਬਕ ਤੇਜ਼ੀ ਨਾਲ ਵਧੇ। ਸਾਡੇ ਵੀ ਇਹ ਹੱਥ-ਵੱਸ ਨਹੀਂ ਹੁੰਦਾ ਕਿ ਵਿਦਿਆਰਥੀ ਸਾਡੀ ਇੱਛਾ ਮੁਤਾਬਕ ਤੇਜ਼ੀ ਨਾਲ ਤਰੱਕੀ ਕਰੇ। ਇਸ ਲਈ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਜਦੋਂ ਬਾਈਬਲ ਵਿਦਿਆਰਥੀ ਨੂੰ ਤਰੱਕੀ ਕਰਨ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਸਾਨੂੰ ਉਸ ਕਿਸਾਨ ਵਾਂਗ ਧੀਰਜ ਨਾਲ ਉਸ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਜਦੋਂ ਬਾਈਬਲ ਵਿਦਿਆਰਥੀ ਖ਼ੁਦ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੇਗਾ।—ਯਾਕੂ. 5:7, 8.
14. ਕਿਹੜੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਸਾਡੀ ਗੱਲ ਸੁਣਨ ਲਈ ਸਮਾਂ ਲੱਗ ਸਕਦਾ ਹੈ?
14 ਸ਼ਾਇਦ ਕਈ ਇਲਾਕਿਆਂ ਵਿਚ ਕਾਫ਼ੀ ਸਾਲ ਪ੍ਰਚਾਰ ਕਰਨ ਤੋਂ ਬਾਅਦ ਹੀ ਕੋਈ ਸੱਚਾਈ ਵਿਚ ਆਵੇ। ਜ਼ਰਾ ਦੋ ਸਕੀਆਂ ਭੈਣਾਂ ਗਲੈਡਿਸ ਅਤੇ ਰੂਬੀ ਐਲਨ ਦੀ ਮਿਸਾਲ ਤੇ ਗੌਰ ਕਰੋ। 1959 ਵਿਚ ਉਨ੍ਹਾਂ ਨੂੰ ਕੈਨੇਡਾ ਦੇ ਕਿਊਬੈੱਕ ਸ਼ਹਿਰ ਵਿਚ ਰੈਗੂਲਰ ਪਾਇਨੀਅਰ ਬਣਾ ਕੇ ਭੇਜਿਆ ਗਿਆ।c ਉੱਥੋਂ ਦੇ ਲੋਕ ਭੈਣਾਂ ਦੀ ਗੱਲ ਨਹੀਂ ਸੀ ਸੁਣਦੇ ਕਿਉਂਕਿ ਉਹ ਡਰਦੇ ਸੀ ਕਿ ਜੇ ਉਹ ਗਵਾਹਾਂ ਦੀ ਗੱਲ ਸੁਣਨਗੇ, ਤਾਂ ਕੈਥੋਲਿਕ ਧਰਮ ਦੇ ਪਾਦਰੀ ਅਤੇ ਉਨ੍ਹਾਂ ਦੇ ਗੁਆਂਢੀ ਕੀ ਕਹਿਣਗੇ ਜਾਂ ਉਨ੍ਹਾਂ ਨਾਲ ਕੀ ਕਰਨਗੇ। ਗਲੈਡਿਸ ਦੱਸਦੀ ਹੈ: “ਅਸੀਂ ਪੂਰੇ ਦੋ ਸਾਲ ਹਰ ਰੋਜ਼ ਅੱਠ-ਅੱਠ ਘੰਟੇ ਘਰ-ਘਰ ਪ੍ਰਚਾਰ ਕਰਦੀਆਂ ਸੀ, ਪਰ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ। ਜਦੋਂ ਲੋਕ ਦਰਵਾਜ਼ਾ ਖੋਲ੍ਹਦੇ ਸੀ, ਤਾਂ ਸਾਨੂੰ ਦੇਖ ਕੇ ਹੀ ਮੁੜ ਜਾਂਦੇ ਸੀ। ਪਰ ਅਸੀਂ ਹਾਰ ਨਹੀਂ ਮੰਨੀ!” ਸਮੇਂ ਦੇ ਬੀਤਣ ਨਾਲ ਲੋਕਾਂ ਦਾ ਰਵੱਈਆ ਬਦਲ ਗਿਆ ਅਤੇ ਕਈਆਂ ਨੇ ਉਨ੍ਹਾਂ ਦੀ ਗੱਲ ਸੁਣਨੀ ਸ਼ੁਰੂ ਕਰ ਦਿੱਤੀ। ਅੱਜ ਇਸ ਸ਼ਹਿਰ ਵਿਚ ਤਿੰਨ ਮੰਡਲੀਆਂ ਹਨ।—ਯਸਾ. 60:22.
15. ਪਹਿਲਾ ਕੁਰਿੰਥੀਆਂ 3:6, 7 ਤੋਂ ਸਾਨੂੰ ਚੇਲਾ ਬਣਾਉਣ ਦੇ ਕੰਮ ਬਾਰੇ ਕੀ ਪਤਾ ਲੱਗਦਾ ਹੈ?
15 ਭੈਣ-ਭਰਾ ਮਿਲ ਕੇ ਕਿਸੇ ਦੀ ਚੇਲਾ ਬਣਨ ਵਿਚ ਮਦਦ ਕਰਦੇ ਹਨ। ਜਦੋਂ ਕੋਈ ਬਪਤਿਸਮਾ ਲੈਂਦਾ ਹੈ, ਤਾਂ ਇਸ ਪਿੱਛੇ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਦੀ ਮਿਹਨਤ ਹੁੰਦੀ ਹੈ। (1 ਕੁਰਿੰਥੀਆਂ 3:6, 7 ਪੜ੍ਹੋ।) ਉਦਾਹਰਣ ਲਈ, ਇਕ ਭਰਾ ਸ਼ਾਇਦ ਦਿਲਚਸਪੀ ਰੱਖਣ ਵਾਲੇ ਨੂੰ ਟ੍ਰੈਕਟ ਜਾਂ ਰਸਾਲਾ ਦੇਵੇ, ਪਰ ਉਹ ਸ਼ਾਇਦ ਉਸ ਵਿਅਕਤੀ ਦੇ ਸਮੇਂ ਅਨੁਸਾਰ ਉਸ ਨੂੰ ਮਿਲਣ ਨਾ ਜਾ ਸਕੇ। ਇਸ ਲਈ ਉਹ ਆਪਣੀ ਜਗ੍ਹਾ ਕਿਸੇ ਹੋਰ ਭਰਾ ਨੂੰ ਉਸ ਨੂੰ ਮਿਲਣ ਲਈ ਭੇਜਦਾ ਹੈ। ਫਿਰ ਇਹ ਭਰਾ ਉਸ ਵਿਅਕਤੀ ਨਾਲ ਸਟੱਡੀ ਸ਼ੁਰੂ ਕਰ ਦਿੰਦਾ ਹੈ। ਸਟੱਡੀ ਸ਼ੁਰੂ ਹੋਣ ਤੋਂ ਬਾਅਦ ਇਹ ਭਰਾ ਹਰ ਵਾਰ ਆਪਣੇ ਨਾਲ ਅਲੱਗ-ਅਲੱਗ ਭੈਣਾਂ-ਭਰਾਵਾਂ ਨੂੰ ਲੈ ਕੇ ਜਾਂਦਾ ਹੈ ਅਤੇ ਉਹ ਵੱਖੋ-ਵੱਖਰੇ ਤਰੀਕੇ ਨਾਲ ਉਸ ਨੂੰ ਹੌਸਲਾ ਦਿੰਦੇ ਹਨ। ਇਸ ਤਰ੍ਹਾਂ ਹਰੇਕ ਭੈਣ-ਭਰਾ ਉਸ ਵਿਅਕਤੀ ਦੀ ਨਿਹਚਾ ਵਧਾਉਣ ਵਿਚ ਮਦਦ ਕਰਦਾ ਹੈ। ਯਿਸੂ ਦੇ ਕਹੇ ਮੁਤਾਬਕ ਇਹ ਗੱਲ ਬਿਲਕੁਲ ਸੱਚ ਹੈ ਕਿ ਬੀ ਬੀਜਣ ਵਾਲਾ ਅਤੇ ਫ਼ਸਲ ਵੱਢਣ ਵਾਲਾ ਦੋਵੇਂ ਮਿਲ ਕੇ ਖ਼ੁਸ਼ੀਆਂ ਮਨਾਉਂਦੇ ਹਨ।—ਯੂਹੰ. 4:35-38.
16. ਚਾਹੇ ਅਸੀਂ ਪ੍ਰਚਾਰ ਵਿਚ ਪਹਿਲਾਂ ਜਿੰਨਾ ਨਹੀਂ ਕਰ ਪਾ ਰਹੇ, ਫਿਰ ਵੀ ਅਸੀਂ ਖ਼ੁਸ਼ ਕਿਉਂ ਰਹਿ ਸਕਦੇ ਹਾਂ?
16 ਸ਼ਾਇਦ ਸਿਹਤ ਖ਼ਰਾਬ ਹੋਣ ਕਰਕੇ ਜਾਂ ਪਹਿਲਾਂ ਜਿੰਨੀ ਤਾਕਤ ਨਾ ਹੋਣ ਕਰਕੇ ਤੁਸੀਂ ਪ੍ਰਚਾਰ ਦੇ ਕੰਮ ਵਿਚ ਪਹਿਲਾਂ ਜਿੰਨਾ ਹਿੱਸਾ ਨਹੀਂ ਲੈ ਪਾ ਰਹੇ ਹੋ। ਫਿਰ ਵੀ ਤੁਸੀਂ ਖ਼ੁਸ਼ ਹੋ ਸਕਦੇ ਹੋ ਕਿ ਤੁਸੀਂ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਰਹੇ ਹੋ। ਗੌਰ ਕਰੋ, ਇਕ ਵਾਰ ਰਾਜਾ ਦਾਊਦ ਤੇ ਉਸ ਦੇ ਆਦਮੀਆਂ ਦਾ ਸਾਮਾਨ ਅਮਾਲੇਕੀ ਲੁੱਟ ਕੇ ਲੈ ਗਏ ਅਤੇ ਉਹ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਬੰਦੀ ਬਣਾ ਕੇ ਲੈ ਗਏ। ਦਾਊਦ ਦੇ 200 ਆਦਮੀ ਬਹੁਤ ਜ਼ਿਆਦਾ ਥੱਕੇ ਹੋਣ ਕਰਕੇ ਅਮਾਲੇਕੀਆਂ ਨਾਲ ਲੜਨ ਲਈ ਨਹੀਂ ਜਾ ਸਕੇ। ਇਸ ਲਈ ਦਾਊਦ ਉਨ੍ਹਾਂ ਨੂੰ ਸਾਮਾਨ ਦੀ ਰਾਖੀ ਕਰਨ ਲਈ ਛੱਡ ਗਿਆ। ਜਦੋਂ ਦਾਊਦ ਅਤੇ ਉਸ ਦੇ ਆਦਮੀ ਆਪਣੇ ਸਮਾਨ ਅਤੇ ਪਰਿਵਾਰਾਂ ਨੂੰ ਅਮਾਲੇਕੀਆਂ ਤੋਂ ਛੁਡਾ ਕੇ ਵਾਪਸ ਆਏ, ਤਾਂ ਦਾਊਦ ਨੇ ਹੁਕਮ ਦਿੱਤਾ ਕਿ ਸਾਰੇ ਲੋਕਾਂ ਵਿਚ ਸਾਮਾਨ ਬਰਾਬਰ ਵੰਡਿਆ ਜਾਵੇ। (1 ਸਮੂ. 30:21-25) ਇਸੇ ਤਰ੍ਹਾਂ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਵਿਚ ਅਸੀਂ ਸਾਰੇ ਬਰਾਬਰ ਹਿੱਸਾ ਪਾਉਂਦੇ ਹਾਂ। ਇਸ ਲਈ ਅਸੀਂ ਸਾਰੇ ਜਣੇ ਜਿੰਨਾ ਕਰ ਸਕਦੇ ਹਾਂ, ਉੱਨਾ ਕਰਦੇ ਰਹੀਏ। ਫਿਰ ਜਦੋਂ ਅਸੀਂ ਕਿਸੇ ਨਵੇਂ ਵਿਅਕਤੀ ਨੂੰ ਜ਼ਿੰਦਗੀ ਦੇ ਰਾਹ ʼਤੇ ਚੱਲਦਿਆਂ ਦੇਖਾਂਗੇ, ਤਾਂ ਸਾਨੂੰ ਸਾਰਿਆਂ ਨੂੰ ਹੀ ਬਹੁਤ ਖ਼ੁਸ਼ੀ ਹੋਵੇਗੀ।
17. ਸਾਨੂੰ ਕਿਹੜੀ ਗੱਲ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ?
17 ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੀ ਸੇਵਾ ਦੀ ਕਿੰਨੀ ਕਦਰ ਕਰਦਾ ਹੈ! ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਕਿਸੇ ਇਨਸਾਨ ʼਤੇ ਜ਼ੋਰ ਨਹੀਂ ਪਾ ਸਕਦੇ ਕਿ ਉਹ ਸਾਡੀ ਗੱਲ ਸੁਣੇ ਜਾਂ ਪਰਮੇਸ਼ੁਰ ਦੀ ਭਗਤੀ ਕਰੇ। ਪਰਮੇਸ਼ੁਰ ਦੇਖਦਾ ਹੈ ਕਿ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਸਖ਼ਤ ਮਿਹਨਤ ਕਰਦੇ ਹਾਂ ਅਤੇ ਉਹ ਸਾਨੂੰ ਇਸ ਦਾ ਇਨਾਮ ਵੀ ਜ਼ਰੂਰ ਦਿੰਦਾ ਹੈ। ਉਹ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਅਸੀਂ ਪ੍ਰਚਾਰ ਦੇ ਕੰਮ ਵਿਚ ਜੋ ਵੀ ਕਰਦੇ ਹਾਂ, ਉਸ ਤੋਂ ਅਸੀਂ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ। (ਯੂਹੰ. 14:12) ਵਾਕਈ, ਅਸੀਂ ਇਸ ਗੱਲ ਦਾ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਪਰਮੇਸ਼ੁਰ ਸਾਡੇ ਤੋਂ ਜ਼ਰੂਰ ਖ਼ੁਸ਼ ਹੋਵੇਗਾ!
ਗੀਤ 67 “ਬਚਨ ਦਾ ਪ੍ਰਚਾਰ ਕਰ”
a ਜਦੋਂ ਲੋਕ ਸਾਡੀ ਗੱਲ ਸੁਣਦੇ ਹਨ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ। ਪਰ ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਉਦੋਂ ਕੀ, ਜੇ ਤੁਹਾਡਾ ਬਾਈਬਲ ਵਿਦਿਆਰਥੀ ਤਰੱਕੀ ਨਹੀਂ ਕਰਦਾ? ਜਾਂ ਉਦੋਂ ਕੀ, ਜਦੋਂ ਤੁਹਾਡੀ ਕੋਈ ਸਟੱਡੀ ਬਪਤਿਸਮੇ ਤਕ ਨਹੀਂ ਪਹੁੰਚਦੀ? ਕੀ ਇਸ ਦਾ ਇਹ ਮਤਲਬ ਹੈ ਕਿ ਤੁਸੀਂ ਚੇਲੇ ਬਣਾਉਣ ਦੇ ਕੰਮ ਵਿਚ ਅਸਫ਼ਲ ਹੋ? ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਚੇਲੇ ਬਣਾਉਣ ਦੇ ਕੰਮ ਵਿਚ ਅਸੀਂ ਕਿਉਂ ਸਫ਼ਲ ਹੋ ਸਕਦੇ ਹਾਂ ਅਤੇ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ, ਫਿਰ ਚਾਹੇ ਲੋਕ ਸਾਡੀ ਗੱਲ ਸੁਣਨ ਜਾਂ ਨਾ।
c 1 ਸਤੰਬਰ 2002 ਦੇ ਪਹਿਰਾਬੁਰਜ ਦੇ ਅੰਕ ਵਿਚ ਗਲੈਡਿਸ ਐਲਨ ਦੀ ਜੀਵਨੀ, “ਮੈਂ ਆਪਣੇ ਜੀਵਨ ਦੀ ਕੋਈ ਗੱਲ ਨਹੀਂ ਬਦਲਣੀ ਚਾਹੁੰਦੀ!” ਦੇਖੋ।