ਪਿਤਾ ਅਤੇ ਬਜ਼ੁਰਗ—ਦੋਹਾਂ ਭੂਮਿਕਾਵਾਂ ਨੂੰ ਪੂਰਿਆਂ ਕਰਨਾ
“ਪਰ ਜੇ ਕੋਈ ਆਪਣੇ ਹੀ ਘਰ ਦਾ ਪਰਬੰਧ ਕਰਨਾ ਨਾ ਜਾਣੇ ਤਾਂ ਉਹ ਪਰਮੇਸ਼ੁਰ ਦੀ ਕਲੀਸਿਯਾ ਦੀ ਰਖਵਾਲੀ ਕਿੱਕੁਰ ਕਰੇਗਾ?”—1 ਤਿਮੋਥਿਉਸ 3:5.
1, 2. (ੳ) ਪਹਿਲੀ ਸਦੀ ਵਿਚ, ਅਵਿਵਾਹਿਤ ਨਿਗਾਹਬਾਨ ਅਤੇ ਬੇਔਲਾਦ ਵਿਵਾਹਿਤ ਨਿਗਾਹਬਾਨ ਆਪਣੇ ਭਰਾਵਾਂ ਦੀ ਕਿਵੇਂ ਸੇਵਾ ਕਰ ਸਕੇ? (ਅ) ਅੱਜ ਅਨੇਕ ਵਿਵਾਹਿਤ ਜੋੜਿਆਂ ਦੇ ਲਈ ਅਕੂਲਾ ਅਤੇ ਪ੍ਰਿਸਕਿੱਲਾ ਕਿਵੇਂ ਇਕ ਮਿਸਾਲ ਹਨ?
ਮੁਢਲੀ ਮਸੀਹੀ ਕਲੀਸਿਯਾ ਵਿਚ ਨਿਗਾਹਬਾਨ ਅਵਿਵਾਹਿਤ ਪੁਰਸ਼ ਜਾਂ ਬੇਔਲਾਦ ਵਿਵਾਹਿਤ ਪੁਰਸ਼ ਜਾਂ ਬਾਲ ਬੱਚੇ ਵਾਲੇ ਟੱਬਰਦਾਰ ਪੁਰਸ਼ ਹੋ ਸਕਦੇ ਸਨ। ਨਿਰਸੰਦੇਹ ਉਨ੍ਹਾਂ ਦੇ ਵਿੱਚੋਂ ਕੁਝ ਮਸੀਹੀ ਕੁਰਿੰਥੀਆਂ ਨੂੰ ਲਿਖੀ ਰਸੂਲ ਪੌਲੁਸ ਦੀ ਪਹਿਲੀ ਪੱਤਰੀ, ਅਧਿਆਇ 7 ਵਿਚ ਦਿੱਤੀ ਗਈ ਉਸ ਦੀ ਸਲਾਹ ਦੀ ਪੈਰਵੀ ਕਰ ਸਕੇ ਅਤੇ ਅਵਿਵਾਹਿਤ ਰਹੇ। ਯਿਸੂ ਨੇ ਆਖਿਆ ਸੀ: “ਅਜੇਹੇ ਖੁਸਰੇ ਹਨ ਕਿ ਜਿਨ੍ਹਾਂ ਨੇ ਸੁਰਗ ਦੇ ਰਾਜ ਦੇ ਕਾਰਨ ਆਪਣੇ ਆਪ ਨੂੰ ਖੁਸਰੇ ਕੀਤਾ ਹੈ।” (ਮੱਤੀ 19:12) ਅਜਿਹੇ ਅਵਿਵਾਹਿਤ ਪੁਰਸ਼, ਪੌਲੁਸ ਅਤੇ ਸ਼ਾਇਦ ਉਸ ਦੇ ਕੁਝ ਸਫ਼ਰੀ ਸਾਥੀਆਂ ਦੇ ਵਾਂਗ, ਆਪਣੇ ਭਰਾਵਾਂ ਦੀ ਮਦਦ ਕਰਨ ਦੇ ਲਈ ਸਫ਼ਰ ਕਰਨ ਵਾਸਤੇ ਆਜ਼ਾਦ ਹੁੰਦੇ।
2 ਬਾਈਬਲ ਇਹ ਨਹੀਂ ਦੱਸਦੀ ਹੈ ਕਿ ਬਰਨਬਾਸ, ਮਰਕੁਸ, ਸੀਲਾਸ, ਲੂਕਾ, ਤਿਮੋਥਿਉਸ, ਅਤੇ ਤੀਤੁਸ ਅਵਿਵਾਹਿਤ ਪੁਰਸ਼ ਸਨ ਜਾਂ ਨਹੀਂ। ਜੇਕਰ ਵਿਵਾਹਿਤ ਸਨ, ਤਾਂ ਜ਼ਾਹਰਾ ਤੌਰ ਤੇ ਉਹ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇੰਨੇ ਮੁਕਤ ਸਨ ਕਿ ਉਹ ਵਿਭਿੰਨ ਕਾਰਜ-ਨਿਯੁਕਤੀਆਂ ਤੇ ਦੂਰ-ਦੂਰ ਤਕ ਸਫ਼ਰ ਕਰ ਸਕਦੇ ਸਨ। (ਰਸੂਲਾਂ ਦੇ ਕਰਤੱਬ 13:2; 15:39-41; 2 ਕੁਰਿੰਥੀਆਂ 8:16, 17; 2 ਤਿਮੋਥਿਉਸ 4:9-11; ਤੀਤੁਸ 1:5) ਸ਼ਾਇਦ ਉਨ੍ਹਾਂ ਦੀਆਂ ਪਤਨੀਆਂ ਉਨ੍ਹਾਂ ਦੇ ਨਾਲ ਜਾਂਦੀਆਂ ਸਨ, ਪਤਰਸ ਅਤੇ ‘ਹੋਰ ਰਸੂਲਾਂ’ ਦੇ ਵਾਂਗ, ਜੋ ਜ਼ਾਹਰਾ ਤੌਰ ਤੇ ਜਗ੍ਹਾ-ਜਗ੍ਹਾ ਜਾਂਦੇ ਸਮੇਂ ਆਪਣੀਆਂ ਪਤਨੀਆਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਸਨ। (1 ਕੁਰਿੰਥੀਆਂ 9:5) ਅਕੂਲਾ ਅਤੇ ਪ੍ਰਿਸਕਿੱਲਾ ਇਕ ਅਜਿਹੇ ਵਿਵਾਹਿਤ ਜੋੜੇ ਦੀ ਮਿਸਾਲ ਹਨ ਜੋ ਡੰਡਾਂ-ਡੇਰਾ ਚੁੱਕਣ ਲਈ ਤਿਆਰ ਹੁੰਦੇ ਹੋਏ, ਪੌਲੁਸ ਦੇ ਪਿੱਛੇ-ਪਿੱਛੇ ਕੁਰਿੰਥੁਸ ਤੋਂ ਅਫ਼ਸੁਸ ਤਕ, ਫਿਰ ਰੋਮ ਨੂੰ, ਅਤੇ ਦੁਬਾਰਾ ਵਾਪਸ ਅਫ਼ਸੁਸ ਨੂੰ ਗਏ। ਬਾਈਬਲ ਇਹ ਨਹੀਂ ਦੱਸਦੀ ਹੈ ਕਿ ਉਨ੍ਹਾਂ ਦੇ ਕੋਈ ਬੱਚੇ ਸਨ ਜਾਂ ਨਹੀਂ। ਆਪਣੇ ਭਰਾਵਾਂ ਲਈ ਉਨ੍ਹਾਂ ਦੀ ਸਮਰਪਿਤ ਸੇਵਾ ਦੇ ਕਾਰਨ ਉਨ੍ਹਾਂ ਨੂੰ “ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਂ” ਦਾ ਧੰਨਵਾਦ ਪ੍ਰਾਪਤ ਹੋਇਆ। (ਰੋਮੀਆਂ 16:3-5; ਰਸੂਲਾਂ ਦੇ ਕਰਤੱਬ 18:2, 18; 2 ਤਿਮੋਥਿਉਸ 4:19) ਅੱਜ, ਨਿਰਸੰਦੇਹ ਅਨੇਕ ਵਿਵਾਹਿਤ ਜੋੜੇ ਹਨ ਜੋ ਅਕੂਲਾ ਅਤੇ ਪ੍ਰਿਸਕਿੱਲਾ ਦੇ ਵਾਂਗ, ਦੂਜੀਆਂ ਕਲੀਸਿਯਾਵਾਂ ਵਿਚ ਸੇਵਾ ਕਰ ਸਕਦੇ ਹਨ, ਸ਼ਾਇਦ ਉੱਥੇ ਜਾਣ ਦੇ ਦੁਆਰਾ ਜਿੱਥੇ ਜ਼ਰੂਰਤ ਜ਼ਿਆਦਾ ਹੈ।
ਪਿਤਾ ਅਤੇ ਬਜ਼ੁਰਗ
3. ਕਿਹੜੀ ਗੱਲ ਸੰਕੇਤ ਕਰਦੀ ਹੈ ਕਿ ਪਹਿਲੀ-ਸਦੀ ਦੇ ਅਨੇਕ ਬਜ਼ੁਰਗ ਪਰਿਵਾਰਾਂ ਵਾਲੇ ਵਿਵਾਹਿਤ ਪੁਰਸ਼ ਸਨ?
3 ਇੰਜ ਜਾਪਦਾ ਹੈ ਕਿ ਪਹਿਲੀ ਸਦੀ ਸਾ.ਯੁ. ਵਿਚ ਜ਼ਿਆਦਾਤਰ ਮਸੀਹੀ ਬਜ਼ੁਰਗ ਬੱਚਿਆਂ ਵਾਲੇ ਵਿਵਾਹਿਤ ਪੁਰਸ਼ ਸਨ। ਜਦੋਂ ਪੌਲੁਸ ਨੇ ਉਹ ਯੋਗਤਾਵਾਂ ਦੱਸੀਆਂ ਜਿਨ੍ਹਾਂ ਦੀ ਮੰਗ ਉਸ ਪੁਰਸ਼ ਤੋਂ ਕੀਤੀ ਜਾਂਦੀ ਹੈ ਜੋ “ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ,” ਤਾਂ ਉਸ ਨੇ ਕਿਹਾ ਕਿ ਅਜਿਹੇ ਇਕ ਮਸੀਹੀ ਨੂੰ “ਆਪਣੇ ਘਰ ਦਾ ਚੰਗੀ ਤਰਾਂ ਪਰਬੰਧ ਕਰਨ ਵਾਲਾ, ਅਤੇ ਆਪਣੇ ਬਾਲਕਾਂ ਨੂੰ ਪੂਰੀ ਗੰਭੀਰਤਾਈ ਨਾਲ ਵੱਸ ਵਿੱਚ ਰੱਖਣ ਵਾਲਾ” ਹੋਣਾ ਚਾਹੀਦਾ ਹੈ।—1 ਤਿਮੋਥਿਉਸ 3:1, 4.
4. ਬੱਚਿਆਂ ਵਾਲਿਆਂ ਵਿਵਾਹਿਤ ਬਜ਼ੁਰਗਾਂ ਤੋਂ ਕੀ ਮੰਗ ਕੀਤੀ ਜਾਂਦੀ ਸੀ?
4 ਜਿਵੇਂ ਕਿ ਅਸੀਂ ਦੇਖਿਆ ਹੈ, ਇਕ ਨਿਗਾਹਬਾਨ ਕੋਲ ਬੱਚੇ ਹੋਣੇ, ਜਾਂ ਕੇਵਲ ਵਿਵਾਹਿਤ ਵੀ ਹੋਣਾ ਜ਼ਰੂਰੀ ਨਹੀਂ ਸੀ। ਪਰੰਤੂ ਜੇਕਰ ਵਿਵਾਹਿਤ ਸੀ, ਤਾਂ ਇਕ ਬਜ਼ੁਰਗ ਜਾਂ ਇਕ ਸਹਾਇਕ ਸੇਵਕ ਦੇ ਤੌਰ ਤੇ ਯੋਗ ਠਹਿਰਨ ਦੇ ਲਈ, ਇਕ ਮਸੀਹੀ ਵਾਸਤੇ ਆਪਣੀ ਪਤਨੀ ਉੱਤੇ ਉਚਿਤ ਅਤੇ ਪ੍ਰੇਮਮਈ ਸਰਦਾਰੀ ਚਲਾਉਣੀ ਜ਼ਰੂਰੀ ਸੀ ਅਤੇ ਆਪਣੇ ਬੱਚਿਆਂ ਨੂੰ ਉਚਿਤ ਅਧੀਨਗੀ ਹੇਠ ਰੱਖਣ ਵਿਚ ਆਪਣੇ ਆਪ ਨੂੰ ਯੋਗ ਦਿਖਾਉਣਾ ਪੈਂਦਾ ਸੀ। (1 ਕੁਰਿੰਥੀਆਂ 11:3; 1 ਤਿਮੋਥਿਉਸ 3:12, 13) ਆਪਣੇ ਘਰਬਾਰ ਨੂੰ ਚਲਾਉਣ ਵਿਚ ਕੋਈ ਵੀ ਗੰਭੀਰ ਕਮਜ਼ੋਰੀ ਇਕ ਭਰਾ ਨੂੰ ਕਲੀਸਿਯਾ ਵਿਚ ਖ਼ਾਸ ਵਿਸ਼ੇਸ਼-ਸਨਮਾਨਾਂ ਦੇ ਲਈ ਅਯੋਗ ਠਹਿਰਾ ਦਿੰਦੀ। ਕਿਉਂ? ਪੌਲੁਸ ਸਮਝਾਉਂਦਾ ਹੈ: “ਜੇ ਕੋਈ ਆਪਣੇ ਹੀ ਘਰ ਦਾ ਪਰਬੰਧ ਕਰਨਾ ਨਾ ਜਾਣੇ ਤਾਂ ਉਹ ਪਰਮੇਸ਼ੁਰ ਦੀ ਕਲੀਸਿਯਾ ਦੀ ਰਖਵਾਲੀ ਕਿੱਕੁਰ ਕਰੇਗਾ?” (1 ਤਿਮੋਥਿਉਸ 3:5) ਜੇਕਰ ਉਸ ਦੇ ਆਪਣੇ ਸਾਕ ਉਸ ਦੀ ਨਿਗਰਾਨੀ ਦੇ ਅਧੀਨ ਹੋਣ ਲਈ ਅਣਇੱਛੁਕ ਸਨ, ਤਾਂ ਦੂਜੇ ਕਿਵੇਂ ਪ੍ਰਤਿਕ੍ਰਿਆ ਦਿਖਾਉਣਗੇ?
“ਬਾਲਕ ਨਿਹਚਾਵਾਨ ਹੋਣ”
5, 6. (ੳ) ਪੌਲੁਸ ਨੇ ਬੱਚਿਆਂ ਦੇ ਸੰਬੰਧ ਵਿਚ ਤੀਤੁਸ ਨੂੰ ਕਿਹੜੀ ਮੰਗ ਬਾਰੇ ਜ਼ਿਕਰ ਕੀਤਾ ਸੀ? (ਅ) ਜਿਨ੍ਹਾਂ ਬਜ਼ੁਰਗਾਂ ਦੇ ਬੱਚੇ ਹਨ ਉਨ੍ਹਾਂ ਤੋਂ ਕੀ ਆਸ ਰੱਖੀ ਜਾਂਦੀ ਹੈ?
5 ਤੀਤੁਸ ਨੂੰ ਕਰੇਤੀ ਕਲੀਸਿਯਾਵਾਂ ਵਿਚ ਨਿਗਾਹਬਾਨਾਂ ਨੂੰ ਨਿਯੁਕਤ ਕਰਨ ਦੀ ਹਿਦਾਇਤ ਦਿੰਦੇ ਸਮੇਂ, ਪੌਲੁਸ ਨੇ ਇਹ ਮੰਗ ਰੱਖੀ: “ਜੇ ਕੋਈ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ ਜਿਹ ਦੇ ਬਾਲਕ ਨਿਹਚਾਵਾਨ ਹੋਣ ਅਤੇ ਉਨ੍ਹਾਂ ਦੇ ਜੁੰਮੇ ਬਦਚਲਣੀ ਦਾ ਦੋਸ਼ ਨਾ ਹੋਵੇ ਅਤੇ ਨਾ ਓਹ ਢੀਠ ਹੋਣ। ਕਿਉਂਕਿ ਚਾਹੀਦਾ ਹੈ ਭਈ ਕਲੀਸਿਯਾ ਦਾ ਨਿਗਾਹਬਾਨ ਪਰਮੇਸ਼ੁਰ ਦਾ ਮੁਖ਼ਤਿਆਰ ਹੋ ਕੇ ਨਿਰਦੋਸ਼ ਹੋਵੇ।” “ਬਾਲਕ ਨਿਹਚਾਵਾਨ ਹੋਣ” ਦੀ ਮੰਗ ਦਾ ਅਸਲ ਵਿਚ ਕੀ ਅਰਥ ਹੈ?—ਤੀਤੁਸ 1:6, 7.
6 ਪਦ ‘ਨਿਹਚਾਵਾਨ ਬਾਲਕ’ ਉਨ੍ਹਾਂ ਨੌਜਵਾਨਾਂ ਨੂੰ ਸੂਚਿਤ ਕਰਦਾ ਹੈ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕੀਤਾ ਹੈ ਅਤੇ ਬਪਤਿਸਮਾ ਲਿਆ ਹੈ, ਜਾਂ ਉਨ੍ਹਾਂ ਜਵਾਨ ਵਿਅਕਤੀਆਂ ਨੂੰ ਸੂਚਿਤ ਕਰਦਾ ਹੈ ਜੋ ਸਮਰਪਣ ਅਤੇ ਬਪਤਿਸਮਾ ਦੇ ਵੱਲ ਪ੍ਰਗਤੀ ਕਰ ਰਹੇ ਹਨ। ਕਲੀਸਿਯਾ ਦੇ ਸਦੱਸ ਆਸ ਰੱਖਦੇ ਹਨ ਕਿ ਬਜ਼ੁਰਗਾਂ ਦੇ ਬੱਚੇ ਆਮ ਤੌਰ ਤੇ ਸੁਸ਼ੀਲ ਅਤੇ ਆਗਿਆਕਾਰ ਹੋਣਗੇ। ਇਹ ਪ੍ਰਤੱਖ ਹੋਣਾ ਚਾਹੀਦਾ ਹੈ ਕਿ ਇਕ ਬਜ਼ੁਰਗ ਆਪਣੇ ਬੱਚਿਆਂ ਵਿਚ ਨਿਹਚਾ ਵਧਾਉਣ ਦੇ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” (ਕਹਾਉਤਾਂ 22:6) ਪਰੰਤੂ ਉਦੋਂ ਕੀ, ਜੇਕਰ ਇਕ ਯੁਵਕ ਜਿਸ ਨੇ ਅਜਿਹੀ ਸਿਖਲਾਈ ਪਾਈ ਹੈ, ਯਹੋਵਾਹ ਦੀ ਸੇਵਾ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਜਾਂ ਇੱਥੋਂ ਤਕ ਕਿ ਇਕ ਘੋਰ ਪਾਪ ਕਰ ਬੈਠਦਾ ਹੈ?
7. (ੳ) ਇਹ ਕਿਉਂ ਸਪੱਸ਼ਟ ਹੈ ਕਿ ਕਹਾਉਤਾਂ 22:6 ਕੋਈ ਸਖ਼ਤ ਨਿਯਮ ਨਹੀਂ ਅਭਿਵਿਅਕਤ ਕਰਦੀ ਹੈ? (ਅ) ਜੇਕਰ ਇਕ ਬਜ਼ੁਰਗ ਦਾ ਬੱਚਾ ਯਹੋਵਾਹ ਦੀ ਸੇਵਾ ਕਰਨੀ ਨਾ ਚੁਣੇ, ਤਾਂ ਬਜ਼ੁਰਗ ਆਪਣੇ ਵਿਸ਼ੇਸ਼-ਸਨਮਾਨਾਂ ਨੂੰ ਖ਼ੁਦਬਖ਼ੁਦ ਕਿਉਂ ਨਹੀਂ ਖੋਵੇਗਾ?
7 ਇਹ ਸਪੱਸ਼ਟ ਹੈ ਕਿ ਉਪਰੋਕਤ ਕਹਾਵਤ ਕੋਈ ਪੱਕਾ ਨਿਯਮ ਨਹੀਂ ਦੱਸ ਰਹੀ ਹੈ। ਇਹ ਸੁਤੰਤਰ ਇੱਛਾ ਦੇ ਸਿਧਾਂਤ ਨੂੰ ਰੱਦ ਨਹੀਂ ਕਰਦੀ ਹੈ। (ਬਿਵਸਥਾ ਸਾਰ 30:15, 16, 19) ਜਦੋਂ ਇਕ ਪੁੱਤਰ ਜਾਂ ਇਕ ਧੀ ਜ਼ਿੰਮੇਵਾਰੀ ਦੀ ਉਮਰ ਤਕ ਪਹੁੰਚ ਜਾਂਦੀ ਹੈ, ਤਾਂ ਉਸ ਨੂੰ ਸਮਰਪਣ ਅਤੇ ਬਪਤਿਸਮੇ ਦੇ ਸੰਬੰਧ ਵਿਚ ਇਕ ਨਿੱਜੀ ਫ਼ੈਸਲਾ ਕਰਨਾ ਚਾਹੀਦਾ ਹੈ। ਜੇਕਰ ਬਜ਼ੁਰਗ ਨੇ ਸਪੱਸ਼ਟ ਤੌਰ ਤੇ ਲੋੜੀਂਦੀ ਅਧਿਆਤਮਿਕ ਮਦਦ, ਮਾਰਗ-ਦਰਸ਼ਨ, ਅਤੇ ਅਨੁਸ਼ਾਸਨ ਦਿੱਤੇ ਹਨ, ਪਰ ਫਿਰ ਯੁਵਕ ਯਹੋਵਾਹ ਦੀ ਸੇਵਾ ਕਰਨੀ ਨਹੀਂ ਚੁਣਦਾ ਹੈ, ਤਾਂ ਪਿਤਾ ਇਕ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਦੇ ਲਈ ਖ਼ੁਦਬਖ਼ੁਦ ਅਯੋਗ ਨਹੀਂ ਠਹਿਰਦਾ ਹੈ। ਦੂਜੇ ਪਾਸੇ, ਜੇਕਰ ਇਕ ਬਜ਼ੁਰਗ ਦੇ ਕੋਲ ਘਰ ਵਿਚ ਰਹਿ ਰਹੇ ਕਈ ਨਾਬਾਲਗ ਬੱਚੇ ਹਨ ਜੋ, ਵਾਰੋ-ਵਾਰੀ ਅਧਿਆਤਮਿਕ ਤੌਰ ਤੇ ਰੋਗੀ ਹੋ ਜਾਂਦੇ ਹਨ ਅਤੇ ਮੁਸੀਬਤ ਵਿਚ ਪੈ ਜਾਂਦੇ ਹਨ, ਤਾਂ ਸ਼ਾਇਦ ਉਸ ਨੂੰ ਹੁਣ “ਆਪਣੇ ਘਰ ਦਾ ਚੰਗੀ ਤਰਾਂ ਪਰਬੰਧ ਕਰਨ ਵਾਲਾ” ਵਿਅਕਤੀ ਨਾ ਸਮਝਿਆ ਜਾਵੇ। (1 ਤਿਮੋਥਿਉਸ 3:4) ਗੱਲ ਇਹ ਹੈ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਇਕ ਨਿਗਾਹਬਾਨ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸ ‘ਦੇ ਬਾਲਕ ਨਿਹਚਾਵਾਨ ਹਨ ਅਤੇ ਉਨ੍ਹਾਂ ਦੇ ਜੁੰਮੇ ਬਦਚਲਣੀ ਦਾ ਦੋਸ਼ ਨਹੀਂ ਹੈ ਅਤੇ ਨਾ ਓਹ ਢੀਠ ਹਨ।’a
ਇਕ “ਬੇਪਰਤੀਤ ਪਤਨੀ” ਨਾਲ ਵਿਆਹਿਆ
8. ਇਕ ਬਜ਼ੁਰਗ ਨੂੰ ਆਪਣੀ ਬੇਪਰਤੀਤ ਪਤਨੀ ਨਾਲ ਕਿਵੇਂ ਵਰਤਾਉ ਕਰਨਾ ਚਾਹੀਦਾ ਹੈ?
8 ਬੇਪਰਤੀਤੀਆਂ ਨਾਲ ਵਿਆਹੇ ਮਸੀਹੀ ਪੁਰਸ਼ਾਂ ਦੇ ਸੰਬੰਧ ਵਿਚ, ਪੌਲੁਸ ਨੇ ਲਿਖਿਆ: “ਜੇ ਕਿਸੇ ਭਰਾ ਦੀ ਬੇਪਰਤੀਤ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਪੁਰਖ ਉਸ ਨੂੰ ਨਾ ਤਿਆਗੇ। . . . ਕਿਉਂ ਜੋ . . . ਬੇਪਰਤੀਤ ਪਤਨੀ ਉਸ ਭਰਾ ਦੇ ਕਾਰਨ ਪਵਿੱਤਰ ਹੋਈ ਹੈ, ਨਹੀਂ ਤਾਂ ਤੁਹਾਡੇ ਬਾਲ ਬੱਚੇ ਅਸ਼ੁੱਧ ਹੁੰਦੇ ਪਰ ਹੁਣ ਤਾਂ ਪਵਿੱਤਰ ਹਨ। . . . ਹੇ ਪਤੀ, ਤੂੰ ਕਿੱਕੁਰ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ?” (1 ਕੁਰਿੰਥੀਆਂ 7:12-14, 16) ਇੱਥੇ ਸ਼ਬਦ “ਬੇਪਰਤੀਤ” ਅਜਿਹੀ ਪਤਨੀ ਨੂੰ ਸੂਚਿਤ ਨਹੀਂ ਕਰਦਾ ਹੈ ਜਿਸ ਦਾ ਕੋਈ ਧਾਰਮਿਕ ਵਿਸ਼ਵਾਸ ਨਹੀਂ ਹੈ ਬਲਕਿ ਉਸ ਨੂੰ ਜੋ ਯਹੋਵਾਹ ਨੂੰ ਸਮਰਪਿਤ ਨਹੀਂ ਹੈ। ਉਹ ਇਕ ਯਹੂਦੀ ਹੋ ਸਕਦੀ ਸੀ, ਜਾਂ ਗ਼ੈਰ-ਯਹੂਦੀ ਦੇਵਤਿਆਂ ਦੀ ਇਕ ਵਿਸ਼ਵਾਸਣ। ਅੱਜ, ਇਕ ਬਜ਼ੁਰਗ ਸ਼ਾਇਦ ਅਜਿਹੀ ਇਕ ਔਰਤ ਨਾਲ ਵਿਆਹਿਆ ਹੋਵੇ ਜੋ ਇਕ ਭਿੰਨ ਧਰਮ ਨੂੰ ਮੰਨਦੀ ਹੈ, ਇਕ ਅਗਿਆਤਵਾਦੀ ਹੈ, ਜਾਂ ਇੱਥੋਂ ਤਕ ਕਿ ਇਕ ਨਾਸਤਿਕ ਹੈ। ਜੇਕਰ ਪਤਨੀ ਉਸ ਦੇ ਨਾਲ ਰਹਿਣ ਨੂੰ ਤਿਆਰ ਹੈ, ਤਾਂ ਉਸ ਨੂੰ ਕੇਵਲ ਵੱਖਰੇ ਵਿਸ਼ਵਾਸਾਂ ਦੇ ਕਾਰਨ ਉਸ ਨੂੰ ਛੱਡਣਾ ਨਹੀਂ ਚਾਹੀਦਾ ਹੈ। ਉਸ ਨੂੰ ਫਿਰ ਵੀ ‘ਬੁੱਧ ਦੇ ਅਨੁਸਾਰ ਆਪਣੀ ਪਤਨੀ ਨਾਲ ਵੱਸਣਾ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹ ਦਾ ਆਦਰ ਕਰਨਾ’ ਚਾਹੀਦਾ ਹੈ, ਇਸ ਉਮੀਦ ਵਿਚ ਜੀਉਂਦੇ ਹੋਏ ਕਿ ਸ਼ਾਇਦ ਉਹ ਉਸ ਨੂੰ ਬਚਾ ਲਵੇ।—1 ਪਤਰਸ 3:7; ਕੁਲੁੱਸੀਆਂ 3:19.
9. ਉਨ੍ਹਾਂ ਦੇਸ਼ਾਂ ਵਿਚ ਜਿੱਥੇ ਕਾਨੂੰਨ ਪਤੀ ਅਤੇ ਪਤਨੀ ਦੋਹਾਂ ਨੂੰ ਆਪਣੇ ਬੱਚਿਆਂ ਨੂੰ ਆਪੋ-ਆਪਣੇ ਧਾਰਮਿਕ ਵਿਸ਼ਵਾਸਾਂ ਨਾਲ ਪਰਿਚਿਤ ਕਰਾਉਣ ਦਾ ਹੱਕ ਦਿੰਦਾ ਹੈ, ਉੱਥੇ ਇਕ ਬਜ਼ੁਰਗ ਨੂੰ ਕਿਵੇਂ ਕਾਰਜ ਕਰਨਾ ਚਾਹੀਦਾ ਹੈ, ਅਤੇ ਇਹ ਉਸ ਦੇ ਵਿਸ਼ੇਸ਼-ਸਨਮਾਨਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ?
9 ਜੇਕਰ ਇਕ ਨਿਗਾਹਬਾਨ ਦੇ ਬੱਚੇ ਹਨ, ਤਾਂ ਉਹ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਉਨ੍ਹਾਂ ਦੀ ਪਾਲਣਾ ਕਰਨ ਵਿਚ ਪਤੀ ਅਤੇ ਪਿਤਾ ਸੰਬੰਧੀ ਉਚਿਤ ਸਰਦਾਰੀ ਚਲਾਵੇਗਾ। (ਅਫ਼ਸੀਆਂ 6:4) ਅਨੇਕ ਦੇਸ਼ਾਂ ਵਿਚ ਕਾਨੂੰਨ ਦੋਵੇਂ ਵਿਆਹੁਤਾ ਸਾਥੀਆਂ ਨੂੰ ਆਪਣੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਦਾ ਹੱਕ ਦਿੰਦਾ ਹੈ। ਇਸ ਮਾਮਲੇ ਵਿਚ ਪਤਨੀ ਸ਼ਾਇਦ ਬੱਚਿਆਂ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਅਤੇ ਅਭਿਆਸਾਂ ਨਾਲ ਪਰਿਚਿਤ ਕਰਾਉਣ ਦੇ ਆਪਣੇ ਹੱਕ ਦੀ ਵਰਤੋਂ ਕਰਨ ਦੀ ਮੰਗ ਕਰੇ, ਜਿਸ ਵਿਚ ਉਨ੍ਹਾਂ ਨੂੰ ਆਪਣੇ ਗਿਰਜੇ ਲੈ ਜਾਣਾ ਸ਼ਾਮਲ ਹੋ ਸਕਦਾ ਹੈ।b ਨਿਰਸੰਦੇਹ, ਬੱਚਿਆਂ ਨੂੰ ਝੂਠੀਆਂ ਧਾਰਮਿਕ ਰਸਮਾਂ ਵਿਚ ਨਾ ਹਿੱਸਾ ਲੈਣ ਦੇ ਸੰਬੰਧ ਆਪਣੇ ਬਾਈਬਲ-ਸਿੱਖਿਅਤ ਅੰਤਹਕਰਣ ਦੀ ਪੈਰਵੀ ਕਰਨੀ ਚਾਹੀਦੀ ਹੈ। ਪਰਿਵਾਰ ਦੇ ਸਿਰ ਦੇ ਤੌਰ ਤੇ, ਪਿਤਾ ਆਪਣੇ ਬੱਚਿਆਂ ਦੇ ਨਾਲ ਅਧਿਐਨ ਕਰਨ ਅਤੇ ਜਦੋਂ ਸੰਭਵ ਹੋਵੇ ਉਨ੍ਹਾਂ ਨੂੰ ਰਾਜ ਗ੍ਰਹਿ ਦੀਆਂ ਸਭਾਵਾਂ ਵਿਖੇ ਲੈ ਜਾਣ ਦਾ ਆਪਣਾ ਹੱਕ ਇਸਤੇਮਾਲ ਕਰੇਗਾ। ਜਦੋਂ ਉਹ ਉਸ ਉਮਰ ਤਕ ਪਹੁੰਚ ਜਾਂਦੇ ਹਨ ਜਿਸ ਤੇ ਉਹ ਆਪਣੇ ਹੀ ਨਿਰਣੇ ਬਣਾ ਸਕਦੇ ਹਨ, ਤਾਂ ਉਹ ਆਪਣੇ ਲਈ ਖ਼ੁਦ ਫ਼ੈਸਲਾ ਕਰਨਗੇ ਕਿ ਉਹ ਕਿਹੜੇ ਰਾਹ ਤੇ ਚੱਲਣਗੇ। (ਯਹੋਸ਼ੁਆ 24:15) ਜੇਕਰ ਉਸ ਦੇ ਸੰਗੀ ਬਜ਼ੁਰਗ ਅਤੇ ਕਲੀਸਿਯਾ ਦੇ ਸਦੱਸ ਦੇਖ ਸਕਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਸੱਚਾਈ ਦੇ ਰਾਹ ਵਿਚ ਉਚਿਤ ਤੌਰ ਤੇ ਸਿੱਖਿਆ ਦੇਣ ਦੇ ਲਈ ਸਭ ਕੁਝ ਕਰ ਰਿਹਾ ਹੈ, ਜਿਸ ਦੀ ਇਜਾਜ਼ਤ ਉਸ ਨੂੰ ਕਾਨੂੰਨ ਦਿੰਦਾ ਹੈ, ਤਾਂ ਉਹ ਇਕ ਨਿਗਾਹਬਾਨ ਦੇ ਤੌਰ ਤੇ ਅਯੋਗ ਨਹੀਂ ਠਹਿਰਾਇਆ ਜਾਵੇਗਾ।
‘ਆਪਣੇ ਘਰ ਦਾ ਚੰਗੀ ਤਰਾਂ ਪਰਬੰਧ ਕਰਨਾ’
10. ਜੇਕਰ ਇਕ ਟੱਬਰਦਾਰ ਪੁਰਸ਼ ਇਕ ਬਜ਼ੁਰਗ ਹੈ, ਤਾਂ ਉਸ ਦਾ ਮੁੱਖ ਫ਼ਰਜ਼ ਕੀ ਹੈ?
10 ਅਜਿਹੇ ਇਕ ਬਜ਼ੁਰਗ ਦੇ ਲਈ ਵੀ ਜੋ ਇਕ ਪਿਤਾ ਹੈ ਅਤੇ ਜਿਸ ਦੀ ਪਤਨੀ ਇਕ ਸੰਗੀ ਮਸੀਹੀ ਹੈ, ਆਪਣੇ ਸਮੇਂ ਅਤੇ ਧਿਆਨ ਨੂੰ ਆਪਣੀ ਪਤਨੀ, ਬੱਚੇ, ਅਤੇ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਵਿਚ ਵੰਡਣਾ ਕੋਈ ਆਸਾਨ ਕੰਮ ਨਹੀਂ ਹੈ। ਸ਼ਾਸਤਰ ਕਾਫ਼ੀ ਸਪੱਸ਼ਟ ਹੈ ਕਿ ਆਪਣੀ ਪਤਨੀ ਅਤੇ ਬੱਚਿਆਂ ਦੀ ਦੇਖ-ਭਾਲ ਕਰਨਾ ਇਕ ਮਸੀਹੀ ਪਿਤਾ ਦੀ ਜ਼ਿੰਮੇਵਾਰੀ ਹੈ। ਪੌਲੁਸ ਨੇ ਲਿਖਿਆ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ [“ਪ੍ਰਬੰਧ,” ਨਿ ਵ] ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋਥਿਉਸ 5:8) ਉਸੇ ਪੱਤਰੀ ਵਿਚ, ਪੌਲੁਸ ਨੇ ਕਿਹਾ ਕਿ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਦੇ ਲਈ ਕੇਵਲ ਉਨ੍ਹਾਂ ਹੀ ਵਿਵਾਹਿਤ ਪੁਰਸ਼ਾਂ ਦੀ ਸਿਫ਼ਾਰਸ਼ ਕੀਤੀ ਜਾਣੀ ਚਾਹੀਦੀ ਹੈ ਜੋ ਪਹਿਲਾਂ ਤੋਂ ਹੀ ਖ਼ੁਦ ਨੂੰ ਚੰਗੇ ਪਤੀ ਅਤੇ ਪਿਤਾ ਸਾਬਤ ਕਰ ਚੁੱਕੇ ਹਨ।—1 ਤਿਮੋਥਿਉਸ 3:1-5.
11. (ੳ) ਇਕ ਬਜ਼ੁਰਗ ਨੂੰ ਕਿਹੜੇ ਤਰੀਕਿਆਂ ਵਿਚ ‘ਆਪਣਿਆਂ ਲਈ ਅੱਗੋਂ ਹੀ ਪ੍ਰਬੰਧ ਕਰਨਾ’ ਚਾਹੀਦਾ ਹੈ? (ਅ) ਇਹ ਇਕ ਬਜ਼ੁਰਗ ਨੂੰ ਆਪਣੀਆਂ ਕਲੀਸਿਯਾ ਜ਼ਿੰਮੇਵਾਰੀਆਂ ਨੂੰ ਪੂਰਿਆਂ ਕਰਨ ਵਿਚ ਕਿਵੇਂ ਮਦਦ ਕਰ ਸਕਦਾ ਹੈ?
11 ਇਕ ਬਜ਼ੁਰਗ ਨੂੰ ਨਾ ਕੇਵਲ ਭੌਤਿਕ ਤੌਰ ਤੇ ਬਲਕਿ ਅਧਿਆਤਮਿਕ ਅਤੇ ਭਾਵਾਤਮਕ ਤੌਰ ਤੇ ਵੀ ਆਪਣਿਆਂ ਦੇ ਲਈ “ਪ੍ਰਬੰਧ” ਕਰਨਾ ਚਾਹੀਦਾ ਹੈ। ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਪਹਿਲਾਂ ਬਾਹਰ ਆਪਣਾ ਕੰਮ ਤਿਆਰ ਕਰ ਅਤੇ ਖੇਤ ਨੂੰ ਸੁਆਰ, ਫੇਰ ਆਪਣਾ ਘਰ ਬਣਾ।” (ਕਹਾਉਤਾਂ 24:27) ਇਸ ਲਈ ਆਪਣੀ ਪਤਨੀ ਅਤੇ ਬੱਚਿਆਂ ਦੀਆਂ ਭੌਤਿਕ, ਭਾਵਾਤਮਕ, ਅਤੇ ਦਿਲਪਰਚਾਵੇ ਸੰਬੰਧੀ ਜ਼ਰੂਰਤਾਂ ਦੇ ਲਈ ਪ੍ਰਬੰਧ ਕਰਨ ਦੇ ਨਾਲ-ਨਾਲ, ਇਕ ਨਿਗਾਹਬਾਨ ਨੂੰ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਵੀ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਵਿਚ ਸਮਾਂ ਲੱਗਦਾ ਹੈ—ਉਹ ਸਮਾਂ ਜੋ ਉਹ ਕਲੀਸਿਯਾ ਦਿਆਂ ਮਾਮਲਿਆਂ ਦੇ ਲਈ ਨਹੀਂ ਲਗਾ ਸਕੇਗਾ। ਪਰੰਤੂ ਇਹ ਉਹ ਸਮਾਂ ਹੈ ਜੋ ਪਰਿਵਾਰਕ ਖ਼ੁਸ਼ੀ ਅਤੇ ਅਧਿਆਤਮਿਕਤਾ ਦੇ ਰੂਪ ਵਿਚ ਭਰਪੂਰ ਪ੍ਰਤਿਫਲ ਲਿਆ ਸਕਦਾ ਹੈ। ਅੰਤ ਨੂੰ, ਜੇਕਰ ਉਸ ਦਾ ਪਰਿਵਾਰ ਅਧਿਆਤਮਿਕ ਤੌਰ ਤੇ ਮਜ਼ਬੂਤ ਹੈ, ਤਾਂ ਬਜ਼ੁਰਗ ਨੂੰ ਪਰਿਵਾਰਕ ਸਮੱਸਿਆਵਾਂ ਨਾਲ ਨਿਪਟਣ ਵਿਚ ਸ਼ਾਇਦ ਘੱਟ ਸਮਾਂ ਲਗਾਉਣ ਦੀ ਜ਼ਰੂਰਤ ਹੋਵੇਗੀ। ਇਹ ਕਲੀਸਿਯਾ ਦਿਆਂ ਮਾਮਲਿਆਂ ਦੀ ਦੇਖ-ਰੇਖ ਕਰਨ ਦੇ ਲਈ ਉਸ ਨੂੰ ਜ਼ਿਆਦਾ ਮੌਕਾ ਦੇਵੇਗਾ। ਇਕ ਚੰਗੇ ਪਤੀ ਅਤੇ ਇਕ ਚੰਗੇ ਪਿਤਾ ਦੇ ਤੌਰ ਤੇ ਉਸ ਦੀ ਮਿਸਾਲ ਕਲੀਸਿਯਾ ਦੇ ਅਧਿਆਤਮਿਕ ਲਾਭ ਲਈ ਹੋਵੇਗੀ।—1 ਪਤਰਸ 5:1-3.
12. ਜਿਹੜੇ ਪਿਤਾ ਬਜ਼ੁਰਗ ਹਨ, ਉਨ੍ਹਾਂ ਨੂੰ ਕਿਹੜੇ ਪਰਿਵਾਰਕ ਮਾਮਲੇ ਵਿਚ ਇਕ ਵਧੀਆ ਮਿਸਾਲ ਕਾਇਮ ਕਰਨੀ ਚਾਹੀਦੀ ਹੈ?
12 ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਿਚ ਇਕ ਪਰਿਵਾਰਕ ਅਧਿਐਨ ਚਲਾਉਣ ਦੇ ਲਈ ਸਮਾਂ ਅਨੁਸੂਚਿਤ ਕਰਨਾ ਸ਼ਾਮਲ ਹੈ। ਇਹ ਖ਼ਾਸ ਤੌਰ ਤੇ ਮਹੱਤਵਪੂਰਣ ਹੈ ਕਿ ਬਜ਼ੁਰਗ ਇਸ ਸੰਬੰਧ ਵਿਚ ਇਕ ਚੰਗੀ ਮਿਸਾਲ ਕਾਇਮ ਕਰਨ, ਕਿਉਂਕਿ ਮਜ਼ਬੂਤ ਪਰਿਵਾਰਾਂ ਤੋਂ ਮਜ਼ਬੂਤ ਕਲੀਸਿਯਾਵਾਂ ਬਣਦੀਆਂ ਹਨ। ਇਕ ਨਿਗਾਹਬਾਨ ਦਾ ਸਮਾਂ ਨਿਯਮਿਤ ਤੌਰ ਤੇ ਸੇਵਾ ਦੇ ਦੂਜੇ ਵਿਸ਼ੇਸ਼-ਸਨਮਾਨਾਂ ਨਾਲ ਇੰਨਾ ਭਰਿਆ ਨਹੀਂ ਹੋਣਾ ਚਾਹੀਦਾ ਹੈ ਕਿ ਉਸ ਦੇ ਕੋਲ ਆਪਣੀ ਪਤਨੀ ਅਤੇ ਬੱਚਿਆਂ ਨਾਲ ਅਧਿਐਨ ਕਰਨ ਦਾ ਹੀ ਸਮਾਂ ਨਾ ਹੋਵੇ। ਜੇਕਰ ਇਹੋ ਮਾਮਲਾ ਰਿਹਾ ਹੈ, ਤਾਂ ਉਸ ਨੂੰ ਆਪਣੀ ਅਨੁਸੂਚੀ ਦੀ ਫਿਰ ਤੋਂ ਜਾਂਚ ਕਰਨੀ ਚਾਹੀਦੀ ਹੈ। ਉਸ ਨੂੰ ਸ਼ਾਇਦ ਦੂਜੇ ਕੰਮਾਂ ਵਿਚ ਲਗਾਏ ਜਾਣ ਵਾਲੇ ਸਮੇਂ ਨੂੰ ਮੁੜ-ਅਨੁਸੂਚਿਤ ਕਰਨਾ ਜਾਂ ਘਟਾਉਣਾ ਪਵੇ, ਇੱਥੋਂ ਤਕ ਕਿ ਖ਼ਾਸ ਵਿਸ਼ੇਸ਼-ਸਨਮਾਨਾਂ ਨੂੰ ਵੀ ਕਦੇ-ਕਦਾਈਂ ਇਨਕਾਰ ਕਰਨਾ ਪਵੇ।
ਸੰਤੁਲਿਤ ਨਿਗਰਾਨੀ
13, 14. “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਟੱਬਰਦਾਰ ਬਜ਼ੁਰਗਾਂ ਨੂੰ ਕਿਹੜੀ ਸਲਾਹ ਦਿੱਤੀ ਹੈ?
13 ਪਰਿਵਾਰਕ ਅਤੇ ਕਲੀਸਿਯਾ ਦੀਆਂ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਰੱਖਣ ਦੀ ਸਲਾਹ ਕੋਈ ਨਵੀਂ ਗੱਲ ਨਹੀਂ ਹੈ। ਸਾਲਾਂ ਤੋਂ “ਮਾਤਬਰ ਅਤੇ ਬੁੱਧਵਾਨ ਨੌਕਰ” ਬਜ਼ੁਰਗਾਂ ਨੂੰ ਇਸ ਵਿਸ਼ੇ ਉੱਤੇ ਸਲਾਹ ਦਿੰਦਾ ਆਇਆ ਹੈ। (ਮੱਤੀ 24:45) ਸੈਂਤੀ ਤੋਂ ਵੀ ਵੱਧ ਸਾਲ ਪਹਿਲਾਂ, ਸਤੰਬਰ 15, 1959, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 553 ਅਤੇ 554, ਨੇ ਇਹ ਸਲਾਹ ਦਿੱਤੀ: “ਅਸਲ ਵਿਚ, ਕੀ ਇਹ ਸਾਡੇ ਸਮੇਂ ਉੱਤੇ ਕੀਤੀਆਂ ਗਈਆਂ ਇਨ੍ਹਾਂ ਸਾਰੀਆਂ ਮੰਗਾਂ ਨੂੰ ਸੰਤੁਲਿਤ ਕਰਨ ਦੀ ਗੱਲ ਨਹੀਂ ਹੈ? ਇਸ ਸੰਤੁਲਨ ਵਿਚ ਤੁਹਾਡੇ ਆਪਣੇ ਪਰਿਵਾਰ ਦੇ ਹਿਤਾਂ ਉੱਤੇ ਉਚਿਤ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਨਿਸ਼ਚੇ ਹੀ ਯਹੋਵਾਹ ਪਰਮੇਸ਼ੁਰ ਇਕ ਪੁਰਸ਼ ਤੋਂ ਇਹ ਆਸ ਨਹੀਂ ਕਰੇਗਾ ਕਿ ਉਹ ਆਪਣਾ ਸਾਰਾ ਸਮਾਂ ਕਲੀਸਿਯਾ ਦੀ ਸਰਗਰਮੀ ਵਿਚ, ਆਪਣੇ ਭਰਾਵਾਂ ਅਤੇ ਗੁਆਂਢੀਆਂ ਨੂੰ ਮੁਕਤੀ ਪ੍ਰਾਪਤ ਕਰਨ ਲਈ ਮਦਦ ਦੇਣ ਦੇ ਵਿਚ ਇਸਤੇਮਾਲ ਕਰੇ, ਅਤੇ ਫਿਰ ਆਪਣੇ ਘਰਾਣੇ ਦੀ ਮੁਕਤੀ ਦੀ ਦੇਖ-ਭਾਲ ਨਾ ਕਰੇ। ਇਕ ਪੁਰਸ਼ ਦੀ ਪਤਨੀ ਅਤੇ ਬੱਚੇ ਇਕ ਪ੍ਰਮੁੱਖ ਜ਼ਿੰਮੇਵਾਰੀ ਹਨ।”
14 ਨਵੰਬਰ 1, 1986, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 22 ਨੇ ਸਲਾਹ ਦਿੱਤੀ: “ਇਕ ਪਰਿਵਾਰ ਦੇ ਤੌਰ ਤੇ ਖੇਤਰ ਸੇਵਕਾਈ ਵਿਚ ਹਿੱਸਾ ਲੈਣਾ ਤੁਹਾਨੂੰ ਇਕ ਦੂਜੇ ਦੇ ਨਜ਼ਦੀਕ ਲਿਆਵੇਗਾ, ਲੇਕਨ ਬੱਚਿਆਂ ਦੀਆਂ ਵਿਲੱਖਣ ਜ਼ਰੂਰਤਾਂ ਤੁਹਾਡਾ ਨਿੱਜੀ ਸਮਾਂ ਅਤੇ ਭਾਵਾਤਮਕ ਸ਼ਕਤੀ ਲਾਉਣ ਦੀ ਮੰਗ ਕਰਦੀਆਂ ਹਨ। ਇਸ ਲਈ, ਇਹ ਨਿਸ਼ਚਿਤ ਕਰਨ ਦੇ ਲਈ ਸੰਤੁਲਨ ਦੀ ਲੋੜ ਹੈ ਕਿ “ਆਪਣਿਆਂ ਲਈ” ਅਧਿਆਤਮਿਕ, ਭਾਵਾਤਮਕ, ਅਤੇ ਭੌਤਿਕ ਤੌਰ ਤੇ ਵੀ ਦੇਖ-ਭਾਲ ਕਰਨ ਦੇ ਨਾਲ-ਨਾਲ, ਤੁਸੀਂ ਕਲੀਸਿਯਾ ਦੇ ਫ਼ਰਜ਼ਾਂ ਵਿਚ ਕਿੰਨਾ ਸਮਾਂ ਇਸਤੇਮਾਲ ਕਰ ਸਕਦੇ ਹੋ। [ਇਕ ਮਸੀਹੀ ਨੂੰ] ‘ਪਹਿਲਾਂ ਆਪਣੇ ਘਰਾਣੇ ਨਾਲ ਧਰਮ ਕਮਾਉਣਾ’ ਸਿੱਖਣਾ ਚਾਹੀਦਾ ਹੈ। (1 ਤਿਮੋਥਿਉਸ 5:4, 8)”
15. ਪਤਨੀ ਅਤੇ ਬੱਚਿਆਂ ਵਾਲੇ ਬਜ਼ੁਰਗ ਨੂੰ ਬੁੱਧ ਅਤੇ ਸਮਝ ਦੀ ਕਿਉਂ ਜ਼ਰੂਰਤ ਹੈ?
15 ਸ਼ਾਸਤਰ ਦੀ ਇਕ ਕਹਾਵਤ ਕਹਿੰਦੀ ਹੈ: “ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ।” (ਕਹਾਉਤਾਂ 24:3) ਜੀ ਹਾਂ, ਇਕ ਨਿਗਾਹਬਾਨ ਨੂੰ ਆਪਣੇ ਦੈਵ-ਸ਼ਾਸਕੀ ਫ਼ਰਜ਼ਾਂ ਨੂੰ ਪੂਰਾ ਕਰਨ ਦੇ ਲਈ ਅਤੇ ਨਾਲ ਹੀ ਆਪਣੇ ਘਰਾਣੇ ਨੂੰ ਮਜ਼ਬੂਤ ਕਰਨ ਦੇ ਲਈ, ਨਿਸ਼ਚੇ ਹੀ ਉਸ ਨੂੰ ਬੁੱਧ ਅਤੇ ਸਮਝ ਦੀ ਜ਼ਰੂਰਤ ਹੈ। ਸ਼ਾਸਤਰ ਅਨੁਸਾਰ, ਉਸ ਦੇ ਕੋਲ ਇਕ ਨਾਲੋਂ ਅਧਿਕ ਨਿਗਰਾਨੀ ਦੇ ਖੇਤਰ ਹਨ। ਉਸ ਦਾ ਪਰਿਵਾਰ ਅਤੇ ਉਸ ਦੀਆਂ ਕਲੀਸਿਯਾ ਜ਼ਿੰਮੇਵਾਰੀਆਂ ਸ਼ਾਮਲ ਹਨ। ਉਸ ਨੂੰ ਇਨ੍ਹਾਂ ਦੇ ਵਿਚਕਾਰ ਸੰਤੁਲਨ ਕਾਇਮ ਕਰਨ ਦੇ ਲਈ ਸਮਝ ਦੀ ਜ਼ਰੂਰਤ ਹੈ। (ਫ਼ਿਲਿੱਪੀਆਂ 1:9, 10) ਉਸ ਨੂੰ ਆਪਣੀ ਪ੍ਰਾਥਮਿਕਤਾ ਸਥਾਪਿਤ ਕਰਨ ਦੇ ਲਈ ਬੁੱਧ ਦੀ ਜ਼ਰੂਰਤ ਹੈ। (ਕਹਾਉਤਾਂ 2:10, 11) ਉਹ ਭਾਵੇਂ ਆਪਣੇ ਕਲੀਸਿਯਾ ਦੇ ਵਿਸ਼ੇਸ਼-ਸਨਮਾਨਾਂ ਦੀ ਦੇਖ-ਰੇਖ ਕਰਨ ਲਈ ਕਿੰਨਾ ਹੀ ਜ਼ਿੰਮੇਵਾਰ ਮਹਿਸੂਸ ਕਰੇ, ਉਸ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਕ ਪਤੀ ਅਤੇ ਪਿਤਾ ਦੇ ਤੌਰ ਤੇ, ਉਸ ਦੀ ਪ੍ਰਮੁੱਖ ਪਰਮੇਸ਼ੁਰ-ਦਿੱਤ ਜ਼ਿੰਮੇਵਾਰੀ ਉਸ ਦੇ ਪਰਿਵਾਰ ਦੀ ਦੇਖ-ਭਾਲ ਅਤੇ ਮੁਕਤੀ ਹੈ।
ਚੰਗੇ ਪਿਤਾ ਨਾਲ ਹੀ ਨਾਲ ਚੰਗੇ ਬਜ਼ੁਰਗ
16. ਜੇਕਰ ਇਕ ਬਜ਼ੁਰਗ ਇਕ ਪਿਤਾ ਵੀ ਹੈ, ਤਾਂ ਇਹ ਉਸ ਦੇ ਲਈ ਕਿਸ ਤਰੀਕੇ ਤੋਂ ਲਾਭਦਾਇਕ ਹੈ?
16 ਇਕ ਬਜ਼ੁਰਗ ਜਿਸ ਦੇ ਤਮੀਜ਼ਦਾਰ ਬੱਚੇ ਹਨ, ਇਕ ਅਸਲੀ ਬਰਕਤ ਸਾਬਤ ਹੋ ਸਕਦਾ ਹੈ। ਜੇਕਰ ਉਸ ਨੇ ਆਪਣੇ ਪਰਿਵਾਰ ਦੀ ਚੰਗੀ ਦੇਖ-ਭਾਲ ਕਰਨਾ ਸਿੱਖਿਆ ਹੈ, ਤਾਂ ਉਹ ਕਲੀਸਿਯਾ ਵਿਚ ਦੂਜੇ ਪਰਿਵਾਰਾਂ ਦੀ ਮਦਦ ਕਰਨ ਦੀ ਇਕ ਸਥਿਤੀ ਵਿਚ ਹੁੰਦਾ ਹੈ। ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਦਾ ਹੈ ਅਤੇ ਅਜਿਹੀ ਸਲਾਹ ਦੇ ਸਕਦਾ ਹੈ ਜੋ ਖ਼ੁਦ ਉਸ ਦੇ ਅਨੁਭਵ ਨੂੰ ਪ੍ਰਤਿਬਿੰਬਤ ਕਰਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਸੰਸਾਰ ਭਰ ਵਿਚ ਹਜ਼ਾਰਾਂ ਹੀ ਬਜ਼ੁਰਗ ਪਤੀ, ਪਿਤਾ, ਅਤੇ ਨਿਗਾਹਬਾਨਾਂ ਦੇ ਤੌਰ ਤੇ ਚੰਗਾ ਕੰਮ ਕਰ ਰਹੇ ਹਨ।
17. (ੳ) ਇਕ ਪੁਰਸ਼ ਜੋ ਦੋਵੇਂ ਪਿਤਾ ਅਤੇ ਬਜ਼ੁਰਗ ਹੈ, ਨੂੰ ਕਦੀ ਵੀ ਕੀ ਨਹੀਂ ਭੁੱਲਣਾ ਚਾਹੀਦਾ ਹੈ? (ਅ) ਕਲੀਸਿਯਾ ਦੇ ਦੂਜੇ ਸਦੱਸਾਂ ਨੂੰ ਕਿਵੇਂ ਸਮਾਨ-ਅਨੁਭੂਤੀ ਦਿਖਾਉਣੀ ਚਾਹੀਦੀ ਹੈ?
17 ਇਕ ਟੱਬਰਦਾਰ ਪੁਰਸ਼ ਨੂੰ ਇਕ ਬਜ਼ੁਰਗ ਹੋਣ ਦੇ ਲਈ, ਉਸ ਨੂੰ ਇਕ ਪ੍ਰੌੜ੍ਹ ਮਸੀਹੀ ਹੋਣਾ ਚਾਹੀਦਾ ਹੈ ਜੋ, ਆਪਣੀ ਪਤਨੀ ਅਤੇ ਬੱਚਿਆਂ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ, ਆਪਣੇ ਕੰਮਾਂ ਨੂੰ ਇੰਜ ਸੰਗਠਿਤ ਕਰ ਸਕਦਾ ਹੈ ਕਿ ਕਲੀਸਿਯਾ ਵਿਚ ਦੂਜਿਆਂ ਨੂੰ ਸਮਾਂ ਅਤੇ ਧਿਆਨ ਦੇਣ ਦੇ ਯੋਗ ਹੋਵੇ। ਉਸ ਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਸ ਦਾ ਰਹਿਨੁਮਾਈ ਕਾਰਜ ਘਰੋਂ ਸ਼ੁਰੂ ਹੁੰਦਾ ਹੈ। ਇਹ ਜਾਣਦੇ ਹੋਏ ਕਿ ਪਤਨੀ ਅਤੇ ਬੱਚਿਆਂ ਵਾਲੇ ਬਜ਼ੁਰਗਾਂ ਦੇ ਕੋਲ ਦੋਵੇਂ ਆਪਣੇ ਪਰਿਵਾਰ ਅਤੇ ਆਪਣੀ ਕਲੀਸਿਯਾ ਦੇ ਫ਼ਰਜ਼ਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਕਲੀਸਿਯਾ ਦੇ ਸਦੱਸ ਉਨ੍ਹਾਂ ਦੇ ਸਮੇਂ ਉੱਤੇ ਅਨੁਚਿਤ ਮੰਗ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਉਦਾਹਰਣ ਦੇ ਲਈ, ਇਕ ਬਜ਼ੁਰਗ ਜਿਸ ਦੇ ਬੱਚੇ ਹਨ, ਜਿਨ੍ਹਾਂ ਨੇ ਅਗਲੀ ਸਵੇਰ ਨੂੰ ਸਕੂਲ ਜਾਣਾ ਹੁੰਦਾ ਹੈ, ਸ਼ਾਇਦ ਸ਼ਾਮ ਦੀ ਸਭਾ ਤੋਂ ਬਾਅਦ ਕੁਝ ਸਮੇਂ ਲਈ ਹਮੇਸ਼ਾ ਨਾ ਰੁਕ ਸਕੇ। ਕਲੀਸਿਯਾ ਦੇ ਦੂਜੇ ਸਦੱਸਾਂ ਨੂੰ ਇਹ ਸਮਝਣਾ ਚਾਹੀਦਾ ਹੈ ਅਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ।—ਫ਼ਿਲਿੱਪੀਆਂ 4:5.
ਸਾਡੇ ਬਜ਼ੁਰਗ ਸਾਨੂੰ ਪਿਆਰੇ ਹੋਣੇ ਚਾਹੀਦੇ ਹਨ
18, 19. (ੳ) ਪਹਿਲਾ ਕੁਰਿੰਥੀਆਂ ਅਧਿਆਇ 7 ਦੀ ਸਾਡੀ ਜਾਂਚ ਤੋਂ ਅਸੀਂ ਕੀ ਦੇਖਣ ਦੇ ਲਈ ਸਮਰਥ ਹੋਏ ਹਾਂ? (ਅ) ਸਾਨੂੰ ਅਜਿਹੇ ਮਸੀਹੀ ਪੁਰਸ਼ਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
18 ਕੁਰਿੰਥੀਆਂ ਨੂੰ ਲਿਖੀ ਪੌਲੁਸ ਦੀ ਪਹਿਲੀ ਪੱਤਰੀ ਦੇ ਅਧਿਆਇ 7 ਦੀ ਸਾਡੀ ਜਾਂਚ ਤੋਂ ਅਸੀਂ ਇਹ ਦੇਖਣ ਦੇ ਲਈ ਸਮਰਥ ਹੋਏ ਹਾਂ ਕਿ, ਪੌਲੁਸ ਦੀ ਸਲਾਹ ਦੀ ਪੈਰਵੀ ਕਰਦੇ ਹੋਏ, ਅਜਿਹੇ ਅਨੇਕ ਅਵਿਵਾਹਿਤ ਪੁਰਸ਼ ਹਨ ਜੋ ਆਪਣੀ ਆਜ਼ਾਦੀ ਨੂੰ ਰਾਜ ਹਿਤਾਂ ਲਈ ਸੇਵਾ ਕਰਨ ਦੇ ਵਾਸਤੇ ਇਸਤੇਮਾਲ ਕਰ ਰਹੇ ਹਨ। ਅਜਿਹੇ ਹਜ਼ਾਰਾਂ ਬੇਔਲਾਦ ਵਿਵਾਹਿਤ ਭਰਾ ਵੀ ਹਨ ਜੋ, ਆਪਣੀਆਂ ਪਤਨੀਆਂ ਨੂੰ ਉਚਿਤ ਧਿਆਨ ਦੇਣ ਦੇ ਨਾਲ-ਨਾਲ, ਆਪਣੀਆਂ ਪਤਨੀਆਂ ਦੇ ਪ੍ਰਸ਼ੰਸਾਯੋਗ ਯੋਗਦਾਨ ਦੇ ਨਾਲ ਜ਼ਿਲ੍ਹਿਆਂ, ਸਰਕਟਾਂ, ਕਲੀਸਿਯਾਵਾਂ, ਅਤੇ ਵਾਚ ਟਾਵਰ ਸ਼ਾਖਾਵਾਂ ਵਿਚ ਉੱਤਮ ਨਿਗਾਹਬਾਨਾਂ ਦੇ ਤੌਰ ਤੇ ਸੇਵਾ ਕਰਦੇ ਹਨ। ਅਖ਼ੀਰ ਵਿਚ, ਯਹੋਵਾਹ ਦੇ ਲੋਕਾਂ ਦੀਆਂ ਲਗਭਗ 80,000 ਕਲੀਸਿਯਾਵਾਂ ਵਿਚ, ਅਜਿਹੇ ਅਨੇਕ ਪਿਤਾ ਹਨ ਜੋ ਨਾ ਕੇਵਲ ਆਪਣੀਆਂ ਪਤਨੀਆਂ ਅਤੇ ਬੱਚਿਆਂ ਦੀ ਪ੍ਰੇਮਮਈ ਦੇਖ-ਭਾਲ ਕਰਦੇ ਹਨ ਬਲਕਿ ਪਰਵਾਹ ਕਰਨ ਵਾਲੇ ਚਰਵਾਹਿਆਂ ਦੇ ਤੌਰ ਤੇ ਆਪਣੇ ਭਰਾਵਾਂ ਦੀ ਸੇਵਾ ਕਰਨ ਲਈ ਵੀ ਸਮਾਂ ਕੱਢਦੇ ਹਨ।—ਰਸੂਲਾਂ ਦੇ ਕਰਤੱਬ 20:28.
19 ਰਸੂਲ ਪੌਲੁਸ ਨੇ ਲਿਖਿਆ: “ਓਹ ਬਜ਼ੁਰਗ ਜਿਹੜੇ ਚੰਗਾ ਪਰਬੰਧ ਕਰਦੇ ਹਨ ਦੂਣੇ ਆਦਰ ਦੇ ਜੋਗ ਸਮਝੇ ਜਾਣ ਪਰ ਖਾਸ ਕਰਕੇ ਓਹ ਜਿਹੜੇ ਬਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।” (1 ਤਿਮੋਥਿਉਸ 5:17) ਜੀ ਹਾਂ, ਜਿਹੜੇ ਬਜ਼ੁਰਗ ਆਪਣੇ ਘਰਾਂ ਅਤੇ ਕਲੀਸਿਯਾ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਦੇ ਹਨ, ਉਹ ਸਾਡੇ ਪ੍ਰੇਮ ਅਤੇ ਆਦਰ ਦੇ ਯੋਗ ਹਨ। ਸਾਨੂੰ ਸੱਚ-ਮੁੱਚ ਹੀ ‘ਏਹੋ ਜੇਹਿਆਂ ਦਾ ਆਦਰ ਕਰਨਾ’ ਚਾਹੀਦਾ ਹੈ।—ਫ਼ਿਲਿੱਪੀਆਂ 2:29. (w96 10/15)
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ), ਫਰਵਰੀ 1, 1978, ਸਫ਼ਾ 31-2 ਦੇਖੋ।
b ਪਹਿਰਾਬੁਰਜ (ਅੰਗ੍ਰੇਜ਼ੀ), ਦਸੰਬਰ 1, 1960, ਸਫ਼ਾ 735-6 ਦੇਖੋ।
ਪੁਨਰ-ਵਿਚਾਰ ਵਜੋਂ
◻ ਅਸੀਂ ਕਿਵੇਂ ਜਾਣਦੇ ਹਾਂ ਕਿ ਪਹਿਲੀ ਸਦੀ ਸਾ.ਯੁ. ਵਿਚ ਅਨੇਕ ਬਜ਼ੁਰਗ ਟੱਬਰਦਾਰ ਪੁਰਸ਼ ਸਨ?
◻ ਬੱਚਿਆਂ ਵਾਲਿਆਂ ਵਿਵਾਹਿਤ ਬਜ਼ੁਰਗਾਂ ਤੋਂ ਕੀ ਮੰਗ ਕੀਤੀ ਜਾਂਦੀ ਹੈ, ਅਤੇ ਕਿਉਂ?
◻ “ਬਾਲਕ ਨਿਹਚਾਵਾਨ” ਹੋਣ ਦਾ ਕੀ ਅਰਥ ਹੈ, ਪਰੰਤੂ ਉਦੋਂ ਕੀ, ਜੇਕਰ ਇਕ ਬਜ਼ੁਰਗ ਦਾ ਇਕ ਬੱਚਾ ਯਹੋਵਾਹ ਦੀ ਸੇਵਾ ਕਰਨੀ ਨਹੀਂ ਚੁਣਦਾ ਹੈ?
◻ ਕਿਹੜੇ ਤਰੀਕਿਆਂ ਵਿਚ ਇਕ ਬਜ਼ੁਰਗ ਨੂੰ ‘ਆਪਣਿਆਂ ਲਈ ਅੱਗੋਂ ਹੀ ਪ੍ਰਬੰਧ ਕਰਨਾ’ ਚਾਹੀਦਾ ਹੈ?