ਪਾਠ 37
ਕੰਮ ਅਤੇ ਪੈਸਿਆਂ ਬਾਰੇ ਬਾਈਬਲ ਕੀ ਸਲਾਹ ਦਿੰਦੀ ਹੈ?
ਕੀ ਤੁਹਾਨੂੰ ਕਦੇ ਕੰਮ ਜਾਂ ਪੈਸਿਆਂ ਬਾਰੇ ਚਿੰਤਾ ਹੁੰਦੀ ਹੈ? ਇਹ ਸੱਚ ਹੈ ਕਿ ਘਰ ਦਾ ਗੁਜ਼ਾਰਾ ਤੋਰਨ ਦੇ ਨਾਲ-ਨਾਲ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣੀ ਔਖੀ ਹੋ ਸਕਦੀ ਹੈ। ਆਓ ਜਾਣੀਏ ਕਿ ਬਾਈਬਲ ਵਿਚ ਇਸ ਬਾਰੇ ਕਿਹੜੀ ਵਧੀਆ ਸਲਾਹ ਦਿੱਤੀ ਗਈ ਹੈ।
1. ਬਾਈਬਲ ਵਿਚ ਕੰਮ ਬਾਰੇ ਕੀ ਦੱਸਿਆ ਗਿਆ ਹੈ?
ਯਹੋਵਾਹ ਚਾਹੁੰਦਾ ਹੈ ਕਿ ਸਾਨੂੰ ਆਪਣੇ ਕੰਮ ਤੋਂ ਖ਼ੁਸ਼ੀ ਮਿਲੇ। ਬਾਈਬਲ ਦੱਸਦੀ ਹੈ: “ਇਨਸਾਨ ਲਈ ਇਸ ਨਾਲੋਂ ਚੰਗਾ ਹੋਰ ਕੁਝ ਨਹੀਂ ਕਿ ਉਹ . . . ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।” (ਉਪਦੇਸ਼ਕ ਦੀ ਕਿਤਾਬ 2:24) ਯਹੋਵਾਹ ਬਹੁਤ ਮਿਹਨਤ ਕਰਦਾ ਹੈ। ਜਦੋਂ ਅਸੀਂ ਵੀ ਜੀ-ਜਾਨ ਨਾਲ ਮਿਹਨਤ ਕਰਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ ਅਤੇ ਸਾਨੂੰ ਵੀ ਸੰਤੁਸ਼ਟੀ ਮਿਲਦੀ ਹੈ।
ਕੰਮ ਕਰਨਾ ਬਹੁਤ ਜ਼ਰੂਰੀ ਹੈ। ਪਰ ਸਾਨੂੰ ਕੰਮ ਨੂੰ ਯਹੋਵਾਹ ਦੀ ਸੇਵਾ ਨਾਲੋਂ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ। (ਯੂਹੰਨਾ 6:27) ਯਹੋਵਾਹ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੇ ਅਸੀਂ ਉਸ ਨੂੰ ਜ਼ਿੰਦਗੀ ਵਿਚ ਪਹਿਲ ਦੇਵਾਂਗੇ, ਤਾਂ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ।
2. ਪੈਸਿਆਂ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
ਬਾਈਬਲ ਇਹ ਗੱਲ ਮੰਨਦੀ ਹੈ ਕਿ “ਪੈਸਾ ਸੁਰੱਖਿਆ ਦਿੰਦਾ ਹੈ,” ਪਰ ਇਹ ਖ਼ਬਰਦਾਰ ਵੀ ਕਰਦੀ ਹੈ ਕਿ ਸਿਰਫ਼ ਪੈਸਿਆਂ ਨਾਲ ਹੀ ਸਾਨੂੰ ਖ਼ੁਸ਼ੀ ਨਹੀਂ ਮਿਲ ਸਕਦੀ। (ਉਪਦੇਸ਼ਕ ਦੀ ਕਿਤਾਬ 7:12) ਇਸ ਲਈ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ ਪੈਸਿਆਂ ਨਾਲ ਪਿਆਰ ਨਾ ਕਰੀਏ, ਸਗੋਂ ‘ਸਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੀਏ।’ (ਇਬਰਾਨੀਆਂ 13:5 ਪੜ੍ਹੋ।) ਜੇ ਅਸੀਂ ਸੰਤੁਸ਼ਟ ਰਹਾਂਗੇ, ਤਾਂ ਸਾਨੂੰ ਇਹ ਚਿੰਤਾ ਨਹੀਂ ਸਤਾਏਗੀ ਕਿ ਅਸੀਂ ਹੋਰ ਜ਼ਿਆਦਾ ਪੈਸੇ ਕਿੱਦਾਂ ਕਮਾ ਸਕਦੇ ਹਾਂ। ਅਸੀਂ ਬਿਨਾਂ ਵਜ੍ਹਾ ਕਰਜ਼ਾ ਲੈਣ ਤੋਂ ਬਚਾਂਗੇ। (ਕਹਾਉਤਾਂ 22:7) ਇਸ ਤੋਂ ਇਲਾਵਾ, ਅਸੀਂ ਜੂਆ ਖੇਡਣ ਦੇ ਫੰਦੇ ਜਾਂ ਰਾਤੋ-ਰਾਤ ਅਮੀਰ ਹੋਣ ਦੀਆਂ ਸਕੀਮਾਂ ਵਿਚ ਨਹੀਂ ਫਸਾਂਗੇ।
3. ਅਸੀਂ ਖੁੱਲ੍ਹ-ਦਿਲੇ ਕਿਵੇਂ ਬਣ ਸਕਦੇ ਹਾਂ?
ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। ਉਸ ਵਾਂਗ ਅਸੀਂ ਵੀ ‘ਖੁੱਲ੍ਹੇ ਦਿਲ ਵਾਲੇ ਬਣ ਸਕਦੇ ਹਾਂ ਅਤੇ ਦੂਸਰਿਆਂ ਨਾਲ ਆਪਣਾ ਸਭ ਕੁਝ ਸਾਂਝਾ ਕਰਨ ਲਈ ਤਿਆਰ ਰਹਿ ਸਕਦੇ ਹਾਂ।’ (1 ਤਿਮੋਥਿਉਸ 6:18) ਇਹ ਅਸੀਂ ਕਿੱਦਾਂ ਕਰ ਸਕਦੇ ਹਾਂ? ਅਸੀਂ ਮੰਡਲੀ ਦੇ ਕੰਮਾਂ ਲਈ ਦਾਨ ਦੇ ਸਕਦੇ ਹਾਂ। ਅਸੀਂ ਪੈਸਿਆਂ ਨਾਲ ਲੋੜਵੰਦ ਲੋਕਾਂ ਦੀ, ਖ਼ਾਸਕਰ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ। ਯਹੋਵਾਹ ਇਹ ਨਹੀਂ ਦੇਖਦਾ ਕਿ ਅਸੀਂ ਕਿੰਨਾ ਦਿੰਦੇ ਹਾਂ, ਸਗੋਂ ਇਹ ਦੇਖਦਾ ਹੈ ਕਿ ਅਸੀਂ ਕਿਸ ਇਰਾਦੇ ਨਾਲ ਦਿੰਦੇ ਹਾਂ। ਜਦੋਂ ਅਸੀਂ ਦੂਜਿਆਂ ਦੀ ਮਦਦ ਕਰਨ ਲਈ ਦਿਲ ਖੋਲ੍ਹ ਕੇ ਦਿੰਦੇ ਹਾਂ, ਤਾਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ ਤੇ ਸਾਨੂੰ ਵੀ ਖ਼ੁਸ਼ੀ ਮਿਲਦੀ ਹੈ।—ਰਸੂਲਾਂ ਦੇ ਕੰਮ 20:35 ਪੜ੍ਹੋ।
ਹੋਰ ਸਿੱਖੋ
ਕੰਮ ਬਾਰੇ ਸਹੀ ਨਜ਼ਰੀਆ ਰੱਖਣ ਅਤੇ ਸੰਤੁਸ਼ਟ ਰਹਿਣ ਨਾਲ ਕੀ ਫ਼ਾਇਦੇ ਹੁੰਦੇ ਹਨ? ਆਓ ਜਾਣੀਏ।
4. ਜੀ-ਜਾਨ ਨਾਲ ਕੰਮ ਕਰ ਕੇ ਯਹੋਵਾਹ ਦਾ ਆਦਰ ਕਰੋ
ਜੇ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੈ, ਤਾਂ ਅਸੀਂ ਜੀ-ਜਾਨ ਲਾ ਕੇ ਕੰਮ ਕਰਾਂਗੇ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਵੀਡੀਓ ਵਿਚ ਤੁਹਾਨੂੰ ਜੇਸਨ ਬਾਰੇ ਕਿਹੜੀਆਂ ਗੱਲਾਂ ਵਧੀਆ ਲੱਗੀਆਂ?
ਜੇਸਨ ਨੇ ਕਿਵੇਂ ਦਿਖਾਇਆ ਕਿ ਕੰਮ ਉਸ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ ਸੀ?
ਕੁਲੁੱਸੀਆਂ 3:23, 24 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜੀ-ਜਾਨ ਨਾਲ ਕੰਮ ਕਰਨਾ ਕਿਉਂ ਜ਼ਰੂਰੀ ਹੈ?
ਕੰਮ ਕਰਨਾ ਜ਼ਰੂਰੀ ਹੈ। ਪਰ ਸਾਨੂੰ ਕੰਮ ਨੂੰ ਯਹੋਵਾਹ ਦੀ ਸੇਵਾ ਨਾਲੋਂ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ
5. ਸੰਤੁਸ਼ਟ ਰਹਿਣ ਦੇ ਫ਼ਾਇਦੇ ਹੁੰਦੇ ਹਨ
ਬਹੁਤ ਸਾਰੇ ਲੋਕ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਦੇਖੋ ਕਿ ਬਾਈਬਲ ਵਿਚ ਕੀ ਸਲਾਹ ਦਿੱਤੀ ਗਈ ਹੈ। 1 ਤਿਮੋਥਿਉਸ 6:6-8 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਬਾਈਬਲ ਸਾਨੂੰ ਕੀ ਕਰਨ ਲਈ ਕਹਿੰਦੀ ਹੈ?
ਭਾਵੇਂ ਸਾਡੇ ਕੋਲ ਥੋੜ੍ਹਾ ਹੀ ਹੈ, ਫਿਰ ਵੀ ਅਸੀਂ ਖ਼ੁਸ਼ ਰਹਿ ਸਕਦੇ ਹਾਂ। ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲ ʼਤੇ ਚਰਚਾ ਕਰੋ।
ਥੋੜ੍ਹੇ ਪੈਸੇ ਹੋਣ ਦੇ ਬਾਵਜੂਦ ਵੀ ਇਹ ਦੋਵੇਂ ਪਰਿਵਾਰ ਕਿਉਂ ਖ਼ੁਸ਼ ਹਨ?
ਹੋ ਸਕਦਾ ਹੈ ਕਿ ਸਾਡੇ ਕੋਲ ਬਹੁਤ ਕੁਝ ਹੋਵੇ, ਫਿਰ ਵੀ ਅਸੀਂ ਹੋਰ ਚਾਹੁੰਦੇ ਹਾਂ। ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਇਹ ਇੱਛਾ ਰੱਖਣੀ ਕਿਉਂ ਖ਼ਤਰਨਾਕ ਹੋ ਸਕਦੀ ਹੈ। ਲੂਕਾ 12:15-21 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਿਸੂ ਦੀ ਇਸ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?—ਆਇਤ 15 ਦੇਖੋ।
ਕਹਾਉਤਾਂ 10:22 ਅਤੇ 1 ਤਿਮੋਥਿਉਸ 6:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਨ੍ਹਾਂ ਵਿੱਚੋਂ ਕੀ ਜ਼ਿਆਦਾ ਜ਼ਰੂਰੀ ਹੈ: ਯਹੋਵਾਹ ਨਾਲ ਦੋਸਤੀ ਜਾਂ ਬਹੁਤ ਸਾਰਾ ਪੈਸਾ ਹੋਣਾ? ਤੁਸੀਂ ਇੱਦਾਂ ਕਿਉਂ ਸੋਚਦੇ ਹੋ?
ਪੈਸੇ ਪਿੱਛੇ ਭੱਜਣ ਨਾਲ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ?
6. ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ
ਜਦੋਂ ਕੰਮ ʼਤੇ ਮੁਸ਼ਕਲਾਂ ਆਉਂਦੀਆਂ ਹਨ ਜਾਂ ਗੁਜ਼ਾਰਾ ਤੋਰਨ ਲਈ ਪੈਸੇ ਨਹੀਂ ਹੁੰਦੇ, ਉਦੋਂ ਸ਼ਾਇਦ ਸਾਨੂੰ ਯਹੋਵਾਹ ʼਤੇ ਭਰੋਸਾ ਰੱਖਣਾ ਔਖਾ ਲੱਗੇ। ਇਸ ਤਰ੍ਹਾਂ ਨਿਹਚਾ ਦੀ ਪਰਖ ਹੋਣ ਤੇ ਅਸੀਂ ਕੀ ਕਰ ਸਕਦੇ ਹਾਂ? ਇਹ ਜਾਣਨ ਲਈ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਜਿਵੇਂ ਵੀਡੀਓ ਵਿਚ ਦਿਖਾਇਆ ਗਿਆ, ਭਰਾ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ?
ਭਰਾ ਨੇ ਮੁਸ਼ਕਲਾਂ ਸੁਲਝਾਉਣ ਲਈ ਕੀ ਕੀਤਾ?
ਮੱਤੀ 6:25-34 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਜਿਹੜੇ ਲੋਕ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਨ, ਉਨ੍ਹਾਂ ਨਾਲ ਯਹੋਵਾਹ ਕਿਹੜਾ ਵਾਅਦਾ ਕਰਦਾ ਹੈ?
ਕੁਝ ਲੋਕਾਂ ਦਾ ਕਹਿਣਾ ਹੈ: “ਘਰ ਦਾ ਗੁਜ਼ਾਰਾ ਤੋਰਨ ਲਈ ਮੈਂ ਕੰਮ ਵੀ ਕਰਨਾ। ਮੈਂ ਹਰ ਮੀਟਿੰਗ ʼਤੇ ਨਹੀਂ ਆ ਸਕਦਾ।”
ਕਿਹੜੀ ਆਇਤ ਤੋਂ ਤੁਹਾਨੂੰ ਯਕੀਨ ਹੋਇਆ ਹੈ ਕਿ ਅਜਿਹੇ ਹਾਲਾਤਾਂ ਵਿਚ ਵੀ ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦੇਣੀ ਜ਼ਰੂਰੀ ਹੈ?
ਹੁਣ ਤਕ ਅਸੀਂ ਸਿੱਖਿਆ
ਕੰਮ ਅਤੇ ਪੈਸਾ ਦੋਵੇਂ ਜ਼ਰੂਰੀ ਹਨ, ਪਰ ਯਹੋਵਾਹ ਦੀ ਸੇਵਾ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ।
ਤੁਸੀਂ ਕੀ ਕਹੋਗੇ?
ਕੰਮ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
ਸੰਤੁਸ਼ਟ ਰਹਿਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?
ਤੁਸੀਂ ਯਹੋਵਾਹ ਦੇ ਇਸ ਵਾਅਦੇ ʼਤੇ ਭਰੋਸਾ ਕਿਵੇਂ ਦਿਖਾ ਸਕਦੇ ਹੋ ਕਿ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰੇਗਾ?
ਇਹ ਵੀ ਦੇਖੋ
ਕੀ ਬਾਈਬਲ ਇਹ ਸਿਖਾਉਂਦੀ ਹੈ ਕਿ ਪੈਸਾ ਬਹੁਤ ਬੁਰੀ ਚੀਜ਼ ਹੈ? ਆਓ ਜਾਣੀਏ।
ਜਾਣੋ ਕਿ ਜਦੋਂ ਅਸੀਂ ਦੂਜਿਆਂ ਦੀ ਮਦਦ ਕਰਦੇ ਹਾਂ, ਤਾਂ ਯਹੋਵਾਹ ਸਭ ਤੋਂ ਜ਼ਿਆਦਾ ਕਿਹੜੀ ਗੱਲੋਂ ਖ਼ੁਸ਼ ਹੁੰਦਾ ਹੈ।
“ਬਾਈਬਲ ਦੂਜਿਆਂ ਦੀ ਮਦਦ ਕਰਨ ਬਾਰੇ ਕੀ ਕਹਿੰਦੀ ਹੈ?” (jw.org ʼਤੇ ਲੇਖ)
ਕੀ ਜੂਆ ਸਿਰਫ਼ ਇਕ ਖੇਡ ਹੈ?
ਜਾਣੋ ਕਿ ਕਿਹੜੀ ਗੱਲ ਨੇ ਇਕ ਆਦਮੀ ਨੂੰ ਆਪਣੀ ਜ਼ਿੰਦਗੀ ਬਦਲਣ ਲਈ ਪ੍ਰੇਰਿਆ ਜੋ ਪਹਿਲਾਂ ਜੁਆਰੀ ਤੇ ਚੋਰ ਹੁੰਦਾ ਸੀ।
“ਮੈਂ ਘੋੜੇ ਅਤੇ ਘੋੜਿਆਂ ਦੀਆਂ ਦੌੜਾਂ ਦੇਖਣ ਦਾ ਬਹੁਤ ਸ਼ੌਕੀਨ ਸੀ” (ਪਹਿਰਾਬੁਰਜ, ਅਪ੍ਰੈਲ-ਜੂਨ 2012)