ਮਸੀਹੀ ਬਜ਼ੁਰਗੋ, ਖੁੱਲ੍ਹੇ ਦਿਲ ਵਾਲੇ ਹੋਵੋ!
“ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ।” ਇਨ੍ਹਾਂ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਦਾਊਦ ਨੂੰ ਆਪਣੇ ਪਰਮੇਸ਼ੁਰ ਉੱਤੇ ਕਿੰਨਾ ਭਰੋਸਾ ਸੀ! ਯਹੋਵਾਹ ਉਸ ਨੂੰ ਅਧਿਆਤਮਿਕ “ਹਰੇ ਹਰੇ ਘਾਹ ਦੀਆਂ ਜੂਹਾਂ” ਵਿਚ ਅਤੇ “ਸੁਖਦਾਇਕ ਪਾਣੀਆਂ” ਕੋਲ ਲੈ ਕੇ ਗਿਆ ਅਤੇ ਉਸ ਨੇ “ਧਰਮ ਦੇ ਮਾਰਗਾਂ ਵਿੱਚ” ਉਸ ਦੀ ਅਗਵਾਈ ਕੀਤੀ। ਜਦੋਂ ਦੁਸ਼ਮਣਾਂ ਨੇ ਦਾਊਦ ਨੂੰ ਘੇਰਿਆ ਹੋਇਆ ਸੀ, ਤਾਂ ਯਹੋਵਾਹ ਨੇ ਉਸ ਦੀ ਮਦਦ ਕੀਤੀ ਅਤੇ ਹੌਸਲਾ ਦਿੱਤਾ। ਇਸੇ ਕਰਕੇ ਉਸ ਨੇ ਯਹੋਵਾਹ ਨੂੰ ਕਿਹਾ: “ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ, ਤੂੰ ਜੋ ਮੇਰੇ ਨਾਲ ਹੈਂ।” ਸਭ ਤੋਂ ਮਹਾਨ ਚਰਵਾਹੇ, ਯਹੋਵਾਹ ਪਰਮੇਸ਼ੁਰ ਨੇ ਦਾਊਦ ਦੀ ਦੇਖ-ਭਾਲ ਕੀਤੀ ਜਿਸ ਕਰਕੇ ਦਾਊਦ ਨੇ ‘ਸਦਾ ਯਹੋਵਾਹ ਦੇ ਘਰ ਵਿੱਚ ਵੱਸਣ’ ਦਾ ਪੱਕਾ ਇਰਾਦਾ ਕੀਤਾ।—ਜ਼ਬੂਰ 23:1-6.
ਯਹੋਵਾਹ ਨੇ ਆਪਣੇ ਇੱਕੋ-ਇਕ ਪੁੱਤਰ, ਯਿਸੂ ਦੀ ਵੀ ਬੜੇ ਪਿਆਰ ਨਾਲ ਦੇਖ-ਭਾਲ ਕੀਤੀ। ਇਸ ਕਰਕੇ ਜਦੋਂ ਉਹ ਧਰਤੀ ਉੱਤੇ ਸੀ, ਤਾਂ ਉਸ ਨੇ ਵੀ ਆਪਣੇ ਚੇਲਿਆਂ ਦੀ ਯਹੋਵਾਹ ਵਾਂਗ ਬੜੇ ਪਿਆਰ ਨਾਲ ਦੇਖ-ਭਾਲ ਕੀਤੀ। ਇਸ ਲਈ ਬਾਈਬਲ ਵਿਚ ਉਸ ਨੂੰ “ਅੱਛਾ ਅਯਾਲੀ,” ‘ਵੱਡਾ ਅਯਾਲੀ’ ਅਤੇ “ਸਰਦਾਰ ਅਯਾਲੀ” ਕਿਹਾ ਗਿਆ ਹੈ।—ਯੂਹੰਨਾ 10:11; ਇਬਰਾਨੀਆਂ 13:20; 1 ਪਤਰਸ 5:2-4.
ਯਹੋਵਾਹ ਅਤੇ ਯਿਸੂ ਮਸੀਹ ਹਮੇਸ਼ਾ ਉਨ੍ਹਾਂ ਲੋਕਾਂ ਦੀ ਦੇਖ-ਭਾਲ ਕਰਦੇ ਹਨ ਜਿਹੜੇ ਉਨ੍ਹਾਂ ਦੋਵਾਂ ਨੂੰ ਪਿਆਰ ਕਰਦੇ ਹਨ। ਉਹ ਦੋਵੇਂ ਸਾਡੀ ਦੇਖ-ਭਾਲ ਕਰਦੇ ਹਨ, ਇਸ ਦਾ ਪਤਾ ਸਾਨੂੰ ਇਸ ਗੱਲ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਕਲੀਸਿਯਾ ਵਿਚ ਚਰਵਾਹਿਆਂ ਜਾਂ ਬਜ਼ੁਰਗਾਂ ਨੂੰ ਨਿਯੁਕਤ ਕੀਤਾ ਹੈ। ਪੌਲੁਸ ਨੇ ਬਜ਼ੁਰਗਾਂ ਨੂੰ ਕਿਹਾ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ।”—ਰਸੂਲਾਂ ਦੇ ਕਰਤੱਬ 20:28.
ਜਿਸ ਤਰੀਕੇ ਨਾਲ ਯਹੋਵਾਹ ਅਤੇ ਯਿਸੂ ਮਸੀਹ ਇੱਜੜ ਦੀ ਦੇਖ-ਭਾਲ ਕਰਦੇ ਹਨ, ਉਸੇ ਤਰੀਕੇ ਨਾਲ ਦੇਖ-ਭਾਲ ਕਰਨੀ ਆਸਾਨ ਨਹੀਂ ਹੈ। ਪਰ ਅੱਜ ਇੱਜੜ ਦੀ ਦੇਖ-ਭਾਲ ਕਰਨੀ ਪਹਿਲਾਂ ਨਾਲੋਂ ਬਹੁਤ ਹੀ ਜ਼ਰੂਰੀ ਹੈ। ਜ਼ਰਾ ਉਨ੍ਹਾਂ ਦਸ ਲੱਖ ਤੋਂ ਜ਼ਿਆਦਾ ਗਵਾਹਾਂ ਬਾਰੇ ਸੋਚੋ ਜਿਨ੍ਹਾਂ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਬਪਤਿਸਮਾ ਲਿਆ ਹੈ! ਉਨ੍ਹਾਂ ਕੋਲ ਅਧਿਆਤਮਿਕ ਗੱਲਾਂ ਦਾ ਇੰਨਾ ਤਜਰਬਾ ਨਹੀਂ ਹੈ। ਉਨ੍ਹਾਂ ਗਵਾਹਾਂ ਬਾਰੇ ਵੀ ਸੋਚੋ ਜੋ ਅਜੇ ਬੱਚੇ ਹਨ ਜਾਂ ਨੌਜਵਾਨ ਹਨ। ਉਨ੍ਹਾਂ ਨੂੰ ਆਪਣੇ ਮਾਂ-ਬਾਪ ਦੇ ਪਿਆਰ ਅਤੇ ਧਿਆਨ ਤੋਂ ਇਲਾਵਾ ਕਲੀਸਿਯਾ ਦੇ ਬਜ਼ੁਰਗਾਂ ਦੇ ਪਿਆਰ ਅਤੇ ਧਿਆਨ ਦੀ ਵੀ ਲੋੜ ਹੈ।
ਹਰ ਮਸੀਹੀ ਨੂੰ ਦੁਨੀਆਂ ਦੇ ਦਬਾਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਉਨ੍ਹਾਂ ਉੱਤੇ ਉਨ੍ਹਾਂ ਦੇ ਸਾਥੀ ਦਬਾਅ ਪਾਉਂਦੇ ਹਨ। ਸੁਆਰਥੀ ਦੁਨੀਆਂ ਦੇ ਰਾਹ ਉੱਤੇ ਨਾ ਚੱਲਣ ਲਈ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਕੁਝ ਦੇਸ਼ਾਂ ਵਿਚ ਪ੍ਰਕਾਸ਼ਕ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਲੋਕ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਹੋਰ ਕਈ ਪ੍ਰਕਾਸ਼ਕਾਂ ਦੀ ਸਿਹਤ ਠੀਕ ਨਹੀਂ ਹੈ। ਰੁਪਏ-ਪੈਸੇ ਦੀ ਬਹੁਤ ਤੰਗੀ ਕਰਕੇ ਕਈ ਭੈਣ-ਭਰਾਵਾਂ ਦਾ ਰਾਜ ਨੂੰ ਪਹਿਲੀ ਥਾਂ ਦੇਣ ਦਾ ਜੋਸ਼ ਠੰਢਾ ਪੈ ਜਾਂਦਾ ਹੈ। ਹਕੀਕਤ ਇਹ ਹੈ ਕਿ ਸਾਨੂੰ ਸਾਰਿਆਂ ਨੂੰ, ਚਾਹੇ ਅਸੀਂ ਸੱਚਾਈ ਵਿਚ ਨਵੇਂ ਹਾਂ ਜਾਂ ਕਈ ਸਾਲਾਂ ਤੋਂ ਹਾਂ, ਪਿਆਰ ਕਰਨ ਵਾਲੇ ਚਰਵਾਹਿਆਂ ਜਾਂ ਬਜ਼ੁਰਗਾਂ ਦੀ ਮਦਦ ਦੀ ਬਹੁਤ ਲੋੜ ਹੈ।
ਸਹੀ ਪ੍ਰੇਰਣਾ
ਪਹਿਲੀ ਸਦੀ ਦੇ ਮਸੀਹੀਆਂ ਨੂੰ ਸਲਾਹ ਦਿੱਤੀ ਗਈ ਸੀ: “ਖੁਲ੍ਹੇ ਦਿਲ ਦੇ ਹੋਵੋ”! (2 ਕੁਰਿੰਥੀਆਂ 6:11-13) ਜਦੋਂ ਮਸੀਹੀ ਬਜ਼ੁਰਗ ਦੂਸਰਿਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ, ਤਾਂ ਉਨ੍ਹਾਂ ਨੂੰ ਇਹ ਸਲਾਹ ਮੰਨਣੀ ਚਾਹੀਦੀ ਹੈ। ਉਹ ਕਿਸ ਤਰ੍ਹਾਂ ਇਹ ਸਲਾਹ ਮੰਨ ਸਕਦੇ ਹਨ? ਅਤੇ ਸਹਾਇਕ ਸੇਵਕਾਂ ਬਾਰੇ ਕੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅੱਗੇ ਜਾ ਕੇ ਬਜ਼ੁਰਗ ਬਣਨਗੇ?
ਜੇ ਮਸੀਹੀ ਬਜ਼ੁਰਗ ਚਾਹੁੰਦੇ ਹਨ ਕਿ ਝੁੰਡ ਜਾਂ ਕਲੀਸਿਯਾ ਨੂੰ ਉਨ੍ਹਾਂ ਤੋਂ ਫ਼ਾਇਦਾ ਹੋਵੇ, ਤਾਂ ਉਨ੍ਹਾਂ ਨੂੰ ਇਹ ਕੰਮ ਸਿਰਫ਼ ਫ਼ਰਜ਼ ਸਮਝ ਕੇ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ: “ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ।” (ਟੇਢੇ ਟਾਈਪ ਸਾਡੇ) (1 ਪਤਰਸ 5:2) ਇਸ ਲਈ ਜੇ ਉਹ ਝੁੰਡ ਦੀ ਚਰਵਾਹੀ ਜਾਂ ਚੰਗੀ ਤਰ੍ਹਾਂ ਦੇਖ-ਭਾਲ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਅਤੇ ਆਪਣੀ ਇੱਛਾ ਨਾਲ ਇਹ ਕੰਮ ਕਰਨਾ ਚਾਹੀਦਾ ਹੈ। (ਯੂਹੰਨਾ 21:15-17) ਇਸ ਦਾ ਮਤਲਬ ਹੈ ਭੇਡਾਂ ਦੀਆਂ ਲੋੜਾਂ ਨੂੰ ਜਾਣਨਾ ਅਤੇ ਉਨ੍ਹਾਂ ਨੂੰ ਤੁਰੰਤ ਪੂਰਾ ਕਰਨਾ। ਇਸ ਦਾ ਇਹ ਵੀ ਮਤਲਬ ਹੈ ਕਿ ਦੂਸਰਿਆਂ ਨਾਲ ਗੱਲਬਾਤ ਕਰਦੇ ਸਮੇਂ ਜਾਂ ਕੰਮ ਕਰਦੇ ਸਮੇਂ ਪਰਮੇਸ਼ੁਰ ਦੀ ਆਤਮਾ ਦੇ ਫਲ ਜਾਂ ਚੰਗੇ ਮਸੀਹੀ ਗੁਣ ਦਿਖਾਉਣੇ।—ਗਲਾਤੀਆਂ 5:22, 23.
ਕਦੀ-ਕਦੀ ਬਜ਼ੁਰਗਾਂ ਨੂੰ ਭਰਾਵਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਨੂੰ ਹੌਸਲਾ ਦੇਣ ਦੀ ਲੋੜ ਪੈਂਦੀ ਹੈ।a ਪਰ ਜਿਹੜੇ ਬਜ਼ੁਰਗ ‘ਖੁਲ੍ਹੇ ਦਿਲ ਦੇ’ ਹਨ, ਉਹ ਸਿਰਫ਼ ਕਦੀ-ਕਦਾਈਂ ਉਨ੍ਹਾਂ ਦੇ ਘਰ ਹੀ ਨਹੀਂ ਜਾਂਦੇ, ਪਰ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਭੈਣ-ਭਰਾਵਾਂ ਨੂੰ ਹੌਸਲਾ ਦਿੰਦੇ ਹਨ।
ਦੇਖ-ਭਾਲ ਕਰਨ ਲਈ ਦੂਸਰਿਆਂ ਨੂੰ ਸਿਖਲਾਈ ਦੇਣੀ
ਕੋਈ ਵੀ ਭਰਾ, ਚਾਹੇ ਉਸ ਦੀ ਉਮਰ ਜਿੰਨੀ ਮਰਜ਼ੀ ਹੋਵੇ, ‘ਜੇ ਉਹ ਨਿਗਾਹਬਾਨ ਦੇ ਹੁੱਦੇ ਨੂੰ ਲੋਚਦਾ ਹੈ ਤਾਂ ਉਹ ਚੰਗੇ ਕੰਮ ਨੂੰ ਚਾਹੁੰਦਾ ਹੈ।’ (1 ਤਿਮੋਥਿਉਸ 3:1) ਬਹੁਤ ਸਾਰੇ ਸਹਾਇਕ ਸੇਵਕਾਂ ਨੇ ਜ਼ਿਆਦਾ ਜ਼ਿੰਮੇਵਾਰੀਆਂ ਸੰਭਾਲਣ ਦੀ ਇੱਛਾ ਦਿਖਾਈ ਹੈ। ਇਸ ਲਈ ਬਜ਼ੁਰਗ ਇਨ੍ਹਾਂ ਭਰਾਵਾਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕਰਦੇ ਹਨ ਤਾਂਕਿ ਉਹ “ਨਿਗਾਹਬਾਨ ਦੇ ਹੁੱਦੇ” ਤਕ ਪਹੁੰਚ ਸਕਣ। ਉਹ ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ ਕਿ ਉਹ ਝੁੰਡ ਦੀ ਕਿਵੇਂ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਦੇ ਹਨ।
ਹਿਜ਼ਕੀਏਲ 34:2-6 ਵਿਚ ਬੇਈਮਾਨ ਚਰਵਾਹਿਆਂ ਬਾਰੇ ਦੱਸਿਆ ਗਿਆ ਹੈ। ਪਰਮੇਸ਼ੁਰ ਦੇ ਉੱਚੇ ਮਿਆਰਾਂ ਉੱਤੇ ਚੱਲਣ ਕਰਕੇ ਯਹੋਵਾਹ ਦੀ ਮਸੀਹੀ ਕਲੀਸਿਯਾ ਅਜਿਹੇ ਝੂਠੇ ਚਰਵਾਹਿਆਂ ਕਰਕੇ ਕਦੀ ਵੀ ਕਮਜ਼ੋਰ ਨਹੀਂ ਹੋਈ। ਇਹ ਚਰਵਾਹੇ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੇ ਸਨ। ਝੁੰਡ ਨੂੰ ਚਾਰਨ ਦੀ ਬਜਾਇ, ਉਹ ਆਪਣਾ ਢਿੱਡ ਭਰਦੇ ਸਨ। ਉਨ੍ਹਾਂ ਨੇ ਬੀਮਾਰਾਂ ਦਾ ਇਲਾਜ ਨਹੀਂ ਕੀਤਾ, ਜ਼ਖ਼ਮੀਆਂ ਦੀ ਮਲ੍ਹਮ-ਪੱਟੀ ਨਹੀਂ ਕੀਤੀ ਜਾਂ ਭਟਕੀਆਂ ਤੇ ਗੁਆਚੀਆਂ ਹੋਈਆਂ ਭੇਡਾਂ ਨੂੰ ਲੱਭ ਕੇ ਨਹੀਂ ਲਿਆਂਦਾ। ਉਹ ਚਰਵਾਹੇ ਨਹੀਂ, ਬਲਕਿ ਬਘਿਆੜ ਸਨ ਜਿਨ੍ਹਾਂ ਨੇ ਭੇਡਾਂ ਨੂੰ ਸਤਾਇਆ। ਉਨ੍ਹਾਂ ਨੇ ਭੇਡਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਜਿਸ ਕਰਕੇ ਉਹ ਖਿਲਰ ਕੇ ਭਟਕ ਗਈਆਂ।—ਯਿਰਮਿਯਾਹ 23:1, 2; ਨਹੂਮ 3:18; ਮੱਤੀ 9:36.
ਉਨ੍ਹਾਂ ਬੇਈਮਾਨ ਚਰਵਾਹਿਆਂ ਤੋਂ ਉਲਟ ਮਸੀਹੀ ਚਰਵਾਹੇ ਜਾਂ ਬਜ਼ੁਰਗ ਯਹੋਵਾਹ ਦੀ ਮਿਸਾਲ ਉੱਤੇ ਚੱਲਦੇ ਹਨ। ਉਹ ਭੇਡਾਂ ਨੂੰ ਅਧਿਆਤਮਿਕ “ਹਰੇ ਹਰੇ ਘਾਹ ਦੀਆਂ ਜੂਹਾਂ” ਵਿਚ ਅਤੇ “ਸੁਖਦਾਇਕ ਪਾਣੀਆਂ” ਕੋਲ ਲੈ ਕੇ ਜਾਂਦੇ ਹਨ। ਉਹ ਯਹੋਵਾਹ ਦੇ ਬਚਨ, ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਉਸ ਉੱਤੇ ਚੱਲਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਤਰ੍ਹਾਂ ਉਹ “ਧਰਮ ਦੇ ਮਾਰਗਾਂ ਵਿੱਚ” ਉਨ੍ਹਾਂ ਦੀ ਅਗਵਾਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇਹ ਕੰਮ ਚੰਗੀ ਤਰ੍ਹਾਂ ਨਾਲ ਕਰ ਸਕਦੇ ਹਨ ਕਿਉਂਕਿ ਉਹ “ਸਿੱਖਿਆ ਦੇਣ ਜੋਗ” ਹਨ।—1 ਤਿਮੋਥਿਉਸ 3:2.
ਬਜ਼ੁਰਗ ਜ਼ਿਆਦਾ ਕਰਕੇ ਕਲੀਸਿਯਾ ਦੀਆਂ ਸਭਾਵਾਂ ਵਿਚ ਸਿਖਾਉਂਦੇ ਹਨ। ਪਰ ਉਹ ਦੂਸਰਿਆਂ ਨੂੰ ਨਿੱਜੀ ਤੌਰ ਤੇ ਵੀ ਸਿਖਾਉਂਦੇ ਹਨ। ਕਈ ਬਜ਼ੁਰਗ ਦੂਜਿਆਂ ਨੂੰ ਆਮ੍ਹੋ-ਸਾਮ੍ਹਣੇ ਬੈਠ ਕੇ ਵਧੀਆ ਤਰੀਕੇ ਨਾਲ ਸਿਖਾਉਣ ਦੇ ਕਾਬਲ ਹੁੰਦੇ ਹਨ ਤੇ ਕਈ ਬਹੁਤ ਹੀ ਵਧੀਆ ਭਾਸ਼ਣ ਦਿੰਦੇ ਹਨ। ਪਰ ਜੇ ਬਜ਼ੁਰਗ ਕੋਲ ਸਿਖਾਉਣ ਦੀ ਹਰ ਕਲਾ ਨਹੀਂ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਿੱਖਿਅਕ ਬਣਨ ਦੇ ਯੋਗ ਨਹੀਂ ਹੈ। ਬਜ਼ੁਰਗ ਹਰ ਤਰੀਕੇ ਨਾਲ ਸਿਖਾਉਂਦੇ ਹਨ ਜਿਸ ਵਿਚ ਭੈਣ-ਭਰਾਵਾਂ ਦੇ ਘਰ ਜਾ ਕੇ ਸਿਖਾਉਣਾ ਵੀ ਸ਼ਾਮਲ ਹੈ। ਉਦਾਹਰਣ ਲਈ ਬਜ਼ੁਰਗ ਸ਼ਾਇਦ ਕੁਝ ਭੈਣ-ਭਰਾਵਾਂ ਦੇ ਘਰ ਜਾਣ ਦਾ ਖ਼ਾਸ ਇੰਤਜ਼ਾਮ ਕਰਨ। ਪਰ ਜ਼ਿਆਦਾ ਕਰਕੇ ਚਰਵਾਹੀ ਦਾ ਕੰਮ ਕਦੀ ਵੀ ਅਤੇ ਕਿਤੇ ਵੀ ਕੀਤਾ ਜਾ ਸਕਦਾ ਹੈ ਜਿਸ ਦਾ ਬਹੁਤ ਹੀ ਫ਼ਾਇਦਾ ਹੁੰਦਾ ਹੈ।
ਹਰ ਸਮੇਂ ਚਰਵਾਹੇ ਅਤੇ ਸਿੱਖਿਅਕ
ਇਕ ਡਾਕਟਰ ਨੂੰ ਆਪਣੇ ਕੰਮ ਦਾ ਪੂਰਾ ਗਿਆਨ ਅਤੇ ਤਜਰਬਾ ਹੋਣਾ ਚਾਹੀਦਾ ਹੈ। ਪਰ ਜੇ ਉਹ ਆਪਣੇ ਮਰੀਜ਼ਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ, ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਦਾ ਹੈ ਅਤੇ ਦਇਆ ਦਿਖਾਉਂਦਾ ਹੈ, ਤਾਂ ਮਰੀਜ਼ ਉਸ ਦਾ ਆਦਰ ਕਰਦੇ ਹਨ। ਡਾਕਟਰ ਵਿਚ ਇਹ ਗੁਣ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਅਜਿਹੇ ਗੁਣ ਚੰਗੇ ਸਿੱਖਿਅਕ ਅਤੇ ਚਰਵਾਹੇ ਵਿਚ ਵੀ ਹੋਣੇ ਚਾਹੀਦੇ ਹਨ। ਲੋੜ ਪੈਣ ਤੇ ਚੰਗਾ ਸਿੱਖਿਅਕ ਦੂਸਰਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਇਕ ਕਹਾਵਤ ਕਹਿੰਦੀ ਹੈ ਕਿ “ਠੀਕ ਸਮੇਂ ਤੇ ਠੀਕ ਬੋਲ ਸੁੰਦਰ ਲੱਗਦੇ ਹਨ।” (ਕਹਾਉਤਾਂ 15:23, ਪਵਿੱਤਰ ਬਾਈਬਲ ਨਵਾਂ ਅਨੁਵਾਦ।) ਬਜ਼ੁਰਗ ਨੂੰ ਦੂਸਰਿਆਂ ਨੂੰ ਸਿਖਾਉਣ ਦਾ ‘ਠੀਕ ਸਮਾਂ’ ਕਈ ਵਾਰ ਮਿਲਦਾ ਹੈ ਜਿਵੇਂ ਕਿ ਜਦੋਂ ਉਹ ਸਭਾਵਾਂ ਵਿਚ ਭਾਸ਼ਣ ਦਿੰਦਾ ਹੈ, ਘਰ-ਘਰ ਪ੍ਰਚਾਰ ਕਰਦਾ ਹੈ ਜਾਂ ਕਿੰਗਡਮ ਹਾਲ ਜਾਂ ਟੈਲੀਫ਼ੋਨ ਤੇ ਕਿਸੇ ਨਾਲ ਗੱਲ ਕਰਦਾ ਹੈ। ਇਸੇ ਤਰ੍ਹਾਂ, ਇਕ ਚੰਗਾ ਚਰਵਾਹਾ ਸਿਰਫ਼ ਭੈਣ-ਭਰਾਵਾਂ ਦੇ ਘਰ ਜਾ ਕੇ ਹੀ ਚੰਗੇ ਗੁਣ ਨਹੀਂ ਦਿਖਾਉਂਦਾ, ਸਗੋਂ ਹਮੇਸ਼ਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ‘ਖੁਲੇ ਦਿਲ ਦਾ ਹੋਣ’ ਕਰਕੇ, ਉਹ ਹਰ ਸਮੇਂ ਭੇਡਾਂ ਦੀ ਦੇਖ-ਭਾਲ ਕਰਦਾ ਹੈ ਅਤੇ ਸਹੀ ਸਮੇਂ ਉਨ੍ਹਾਂ ਦੀ ਮਦਦ ਕਰਦਾ ਹੈ। ਇਸ ਕਰਕੇ ਭੇਡਾਂ ਉਸ ਨੂੰ ਪਿਆਰ ਕਰਦੀਆਂ ਹਨ।—ਮਰਕੁਸ 10:43.
ਵੋਲਫਗਾਂਗ ਨਾਂ ਦਾ ਇਕ ਭਰਾ ਕਲੀਸਿਯਾ ਵਿਚ ਬਜ਼ੁਰਗ ਹੈ। ਉਹ ਯਾਦ ਕਰਦਾ ਹੈ ਕਿ ਇਕ ਵਾਰ ਇਕ ਸਹਾਇਕ ਸੇਵਕ ਤੇ ਉਸ ਦੀ ਪਤਨੀ ਉਸ ਦੇ ਘਰ ਆਏ। ਉਹ ਕਹਿੰਦਾ ਹੈ: “ਉਸ ਦਿਨ ਉਨ੍ਹਾਂ ਦੋਵਾਂ ਨੇ ਸਾਡੇ ਬੱਚਿਆਂ ਨੂੰ ਆਪਣਾ ਸਮਾਂ ਦਿੱਤਾ ਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕੀਤਾ, ਜਿਸ ਕਰਕੇ ਬੱਚੇ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੂੰ ਅੱਜ ਵੀ ਉਹ ਦਿਨ ਯਾਦ ਹੈ।” ਜੀ ਹਾਂ, ਇਸ ਸਹਾਇਕ ਸੇਵਕ ਨੇ ਦਿਖਾਇਆ ਕਿ ਉਹ ਉਨ੍ਹਾਂ ਦੀ ਚਿੰਤਾ ਕਰਦਾ ਸੀ ਜਿਸ ਕਰਕੇ ਉਹ ‘ਖੁਲ੍ਹੇ ਦਿਲ ਦਾ ਬਣਿਆ।’
ਬੀਮਾਰਾਂ ਨੂੰ ਜਾ ਕੇ ਮਿਲਣ ਦੁਆਰਾ ਜਾਂ ਚਿੱਠੀ ਆਦਿ ਲਿਖ ਕੇ ਹੌਸਲਾ ਦੇਣ ਦੁਆਰਾ ਜਾਂ ਟੈਲੀਫ਼ੋਨ ਤੇ ਗੱਲ ਕਰਨ ਦੁਆਰਾ ਜਾਂ ਕੋਈ ਵੀ ਅਜਿਹਾ ਕੰਮ ਕਰ ਕੇ ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਉਨ੍ਹਾਂ ਦੀ ਪਰਵਾਹ ਕਰਦੇ ਹੋ! ਇਸ ਤਰ੍ਹਾਂ ਵੀ ਤੁਸੀਂ ‘ਖੁਲ੍ਹੇ ਦਿਲ ਦੇ ਹੋ’ ਸਕਦੇ ਹੋ। ਲੋੜ ਪੈਣ ਤੇ ਉਨ੍ਹਾਂ ਦੀ ਮਦਦ ਕਰੋ। ਜੇ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ, ਤਾਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ। ਉਨ੍ਹਾਂ ਨੂੰ ਭੈਣ-ਭਰਾਵਾਂ ਦੇ ਤਜਰਬੇ ਦੱਸੋ, ਕਲੀਸਿਯਾ ਵਿਚ ਜਾਂ ਹੋਰ ਕਿਤੇ ਹੋ ਰਹੀ ਤਰੱਕੀ ਬਾਰੇ ਗੱਲ ਕਰੋ ਜਾਂ ਹੋਰ ਚੰਗੀਆਂ ਗੱਲਾਂ ਕਰੋ। ਉਨ੍ਹਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਸ਼ਾਨਦਾਰ ਭਵਿੱਖ ਉੱਤੇ ਆਪਣੀ ਨਿਗਾਹ ਟਿਕਾਈ ਰੱਖਣ ਜੋ ਯਹੋਵਾਹ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਦੇਵੇਗਾ ਜਿਹੜੇ ਉਸ ਨੂੰ ਪਿਆਰ ਕਰਦੇ ਹਨ।—2 ਕੁਰਿੰਥੀਆਂ 4:16-18.
ਦੂਸਰੇ ਤਰੀਕਿਆਂ ਨਾਲ ਮਦਦ ਕਰੋ
ਚਰਵਾਹੀ ਕੰਮ ਦੇ ਮਕਸਦ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਗੱਲ ਸਪੱਸ਼ਟ ਹੈ ਕਿ ਭਰਾਵਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ। ਪਰ ਇੰਨਾ ਹੀ ਕਾਫ਼ੀ ਨਹੀਂ ਹੈ। ਜਦੋਂ ਇਕ ਪਿਆਰ ਕਰਨ ਵਾਲਾ ਬਜ਼ੁਰਗ ‘ਖੁਲ੍ਹੇ ਦਿਲ ਦਾ ਹੁੰਦਾ ਹੈ,’ ਤਾਂ ਭੈਣ-ਭਰਾ ਬਿਨਾਂ ਝਿਜਕੇ ਕਿਸੇ ਵੀ ਸਮੇਂ ਉਸ ਕੋਲ ਆਉਂਦੇ ਹਨ। ਜਦੋਂ ਉਸ ਦਾ ਆਪਣੇ ਭਰਾਵਾਂ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ, ਤਾਂ ਭਰਾਵਾਂ ਨੂੰ ਯਕੀਨ ਹੁੰਦਾ ਹੈ ਕਿ ਜੇ ਉਨ੍ਹਾਂ ਨੂੰ ਕੋਈ ਮੁਸ਼ਕਲ ਆਵੇਗੀ, ਤਾਂ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਪਿਆਰਾ ਭਰਾ ਅਤੇ ਮਸੀਹੀ ਬਜ਼ੁਰਗ ਉਨ੍ਹਾਂ ਦੀ ਮਦਦ ਕਰੇਗਾ।—ਜ਼ਬੂਰ 23:4.
ਜੀ ਹਾਂ, ਹੇ ਸਾਰੇ ਮਸੀਹੀ ਬਜ਼ੁਰਗੋ ‘ਖੁਲ੍ਹੇ ਦਿਲ ਦੇ ਹੋਵੋ।’ ਆਪਣੇ ਭਰਾਵਾਂ ਨਾਲ ਪਿਆਰ ਕਰੋ, ਉਨ੍ਹਾਂ ਨੂੰ ਹੱਲਾਸ਼ੇਰੀ ਦਿਓ, ਤਸੱਲੀ ਦਿਓ ਤੇ ਹਰ ਤਰੀਕੇ ਨਾਲ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰੋ। ਨਿਹਚਾ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ। (ਕੁਲੁੱਸੀਆਂ 1:23) ਖੁੱਲ੍ਹੇ ਦਿਲ ਵਾਲੇ ਮਸੀਹੀ ਚਰਵਾਹਿਆਂ ਦੀ ਮਦਦ ਨਾਲ ਭੇਡਾਂ ਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੋਵੇਗਾ। ਉਹ ਦਾਊਦ ਵਾਂਗ ਹਮੇਸ਼ਾ ਯਹੋਵਾਹ ਦੇ ਘਰ ਵਿਚ ਰਹਿਣ ਦਾ ਪੱਕਾ ਇਰਾਦਾ ਕਰਨਗੀਆਂ। (ਜ਼ਬੂਰ 23:1, 6) ਇਕ ਪਿਆਰ ਕਰਨ ਵਾਲਾ ਚਰਵਾਹਾ ਹੋਰ ਕੀ ਚਾਹੇਗਾ?
[ਫੁਟਨੋਟ]
a ਝੁੰਡ ਦੀ ਦੇਖ-ਭਾਲ ਕਿਵੇਂ ਕਰਨੀ ਹੈ, ਇਸ ਬਾਰੇ ਪਹਿਰਾਬੁਰਜ, 15 ਸਤੰਬਰ 1993 (ਅੰਗ੍ਰੇਜ਼ੀ), ਸਫ਼ੇ 20-3 ਅਤੇ 15 ਮਾਰਚ 1996 (ਅੰਗ੍ਰੇਜ਼ੀ), ਸਫ਼ੇ 24-7 ਵਿਚ ਸੁਝਾਅ ਦਿੱਤੇ ਗਏ ਹਨ।
[ਸਫ਼ੇ 30 ਉੱਤੇ ਡੱਬੀ]
ਮਸੀਹੀ ਬਜ਼ੁਰਗ
• ਜੋਸ਼ ਤੇ ਮਨ ਦੀ ਇੱਛਾ ਨਾਲ ਸੇਵਾ ਕਰਦੇ ਹਨ
• ਝੁੰਡ ਦੀ ਦੇਖ-ਭਾਲ ਕਰਦੇ ਹਨ ਤੇ ਉਨ੍ਹਾਂ ਨੂੰ ਅਧਿਆਤਮਿਕ ਭੋਜਨ ਦਿੰਦੇ ਹਨ
• ਦੂਸਰਿਆਂ ਦੀ ਬਜ਼ੁਰਗ ਬਣਨ ਵਿਚ ਮਦਦ ਕਰਦੇ ਹਨ
• ਬੀਮਾਰਾਂ ਨੂੰ ਮਿਲਣ ਜਾਂਦੇ ਹਨ ਤੇ ਉਨ੍ਹਾਂ ਦੀ ਦੇਖ-ਭਾਲ ਕਰਦੇ ਹਨ
• ਆਪਣੇ ਭਰਾਵਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ
[ਸਫ਼ੇ 31 ਉੱਤੇ ਤਸਵੀਰਾਂ]
ਚਾਹੇ ਬਜ਼ੁਰਗ ਖੇਤਰ ਸੇਵਕਾਈ ਵਿਚ ਹੋਣ, ਸਭਾਵਾਂ ਵਿਚ ਹੋਣ ਜਾਂ ਦੂਸਰੀਆਂ ਥਾਵਾਂ ਤੇ ਹੋਣ, ਉਹ ਹਮੇਸ਼ਾ ਚਰਵਾਹੇ ਹੁੰਦੇ ਹਨ