ਅਸੀਂ ਸੱਚਾਈ ਦੇ ਬਚਨ ਨੂੰ ਕਿਵੇਂ ਚੰਗੀ ਤਰ੍ਹਾਂ ਵਰਤ ਸਕਦੇ ਹਾਂ?
ਇਕ ਅਖ਼ਬਾਰ ਲਈ ਇਕ ਆਦਮੀ ਨਾਟਕ ਦੇਖ ਕੇ ਉਸ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੁੰਦਾ ਸੀ। ਇਕ ਨਾਟਕ ਜੋ ਉਸ ਨੇ ਦੇਖਿਆ ਉਸ ਨੂੰ ਬਿਲਕੁਲ ਪਸੰਦ ਨਹੀਂ ਆਇਆ ਅਤੇ ਉਸ ਨੇ ਉਸ ਬਾਰੇ ਇਹ ਰਾਇ ਪੇਸ਼ ਕੀਤੀ: “ਜੇਕਰ ਤੁਹਾਡੇ ਕੋਲ ਫਜ਼ੂਲ ਚੀਜ਼ਾਂ ਲਈ ਸਮਾਂ ਹੈ, ਤਾਂ ਫਿਰ ਇਸ ਨੂੰ ਜ਼ਰੂਰ ਜਾ ਕੇ ਦੇਖੋ।” ਬਾਅਦ ਵਿਚ ਇਸ ਨਾਟਕ ਦੇ ਪ੍ਰਬੰਧਕਾਂ ਨੇ ਇਕ ਇਸ਼ਤਿਹਾਰ ਛਾਪਿਆ ਜਿਸ ਵਿਚ ਇਸ ਆਲੋਚਕ ਦੀ ਰਾਇ ਦੇ ਸਿਰਫ਼ ਇਹ ਸ਼ਬਦ ਵਰਤੇ ਗਏ ਸਨ: “ਇਸ ਨੂੰ ਜ਼ਰੂਰ ਜਾ ਕੇ ਦੇਖੋ”! ਇਸ ਇਸ਼ਤਿਹਾਰ ਵਿਚ ਆਲੋਚਕ ਦੇ ਸ਼ਬਦ ਬਦਲੇ ਤਾਂ ਨਹੀਂ ਗਏ ਸਨ ਪਰ ਇਨ੍ਹਾਂ ਨੂੰ ਪੂਰੀ ਗੱਲ ਤੋਂ ਅਲੱਗ ਕਰਕੇ ਇਨ੍ਹਾਂ ਦਾ ਮਤਲਬ ਹੋਰ ਕੱਢਿਆ ਗਿਆ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਲੋਚਕ ਦੇ ਵਿਚਾਰ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਸੀ।
ਇਸ ਮਿਸਾਲ ਤੋਂ ਦੇਖਿਆ ਜਾਂਦਾ ਹੈ ਕਿ ਪੂਰੀ ਗੱਲ ਜਾਣਨੀ ਕਿੰਨੀ ਜ਼ਰੂਰੀ ਹੈ। ਕਿਸੇ ਵੀ ਗੱਲ ਨੂੰ ਪੂਰੀ ਗੱਲ ਤੋਂ ਅਲੱਗ ਕਰਨ ਦੁਆਰਾ ਉਸ ਦਾ ਮਤਲਬ ਗ਼ਲਤ ਨਿਕਲ ਸਕਦਾ ਹੈ। ਸ਼ਤਾਨ ਨੇ ਇਸੇ ਤਰ੍ਹਾਂ ਕੀਤਾ ਸੀ ਜਦੋਂ ਉਸ ਨੇ ਸ਼ਾਸਤਰ ਦਾ ਗ਼ਲਤ ਮਤਲਬ ਕੱਢ ਕੇ ਯਿਸੂ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਕੀਤੀ ਸੀ। (ਮੱਤੀ 4:1-11) ਪਰ ਜੇਕਰ ਅਸੀਂ ਚੰਗੀ ਤਰ੍ਹਾਂ ਕੋਈ ਵੀ ਗੱਲ ਸਮਝਣੀ ਚਾਹੁੰਦੇ ਹਾਂ, ਤਾਂ ਸਾਨੂੰ ਪੂਰੀ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਲਈ, ਜਦੋਂ ਅਸੀਂ ਬਾਈਬਲ ਦਾ ਕੋਈ ਹਵਾਲਾ ਪੜ੍ਹਦੇ ਹਾਂ, ਤਾਂ ਸਾਨੂੰ ਉਸ ਦਾ ਪ੍ਰਸੰਗ ਯਾਨੀ ਆਲੇ-ਦੁਆਲੇ ਦੀਆਂ ਆਇਤਾਂ ਦੇਖਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਅਸੀਂ ਲਿਖਾਰੀ ਦੇ ਸ਼ਬਦਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਾਂਗੇ।
ਪਰਮੇਸ਼ੁਰ ਦੇ ਬਚਨ ਨੂੰ ਸਹੀ ਤਰ੍ਹਾਂ ਵਰਤੋ
ਪੰਜਾਬੀ ਕੋਸ਼ ਦੇ ਅਨੁਸਾਰ ਪ੍ਰਸੰਗ ਦਾ ਮਤਲਬ ਹੈ “ਕਿਸੇ ਪੈਰੇ ਵਿਚ ਚਲ ਰਹੀ ਗੱਲ ਬਾਤ ਦਾ ਅੱਗਾ ਪਿੱਛਾ ਜਿਸ ਨਾਲ ਉਸ ਦੇ ਠੀਕ ਭਾਵ ਪਰਗਟ ਹੁੰਦੇ ਹਨ।” ਕਦੀ-ਕਦੀ ਉਨ੍ਹਾਂ ਹਾਲਾਤਾਂ ਜਾਂ ਹਕੀਕਤਾਂ ਨੂੰ ਪ੍ਰਸੰਗ ਕਿਹਾ ਜਾਂਦਾ ਹੈ ਜੋ ਕਿਸੇ ਘਟਨਾ ਜਾਂ ਸਥਿਤੀ ਨਾਲ ਸੰਬੰਧ ਰੱਖਦੀਆਂ ਹਨ। ਕਿਸੇ ਹਵਾਲੇ ਦੇ ਪ੍ਰਸੰਗ ਜਾਂ ਉਸ ਦੀ ਪੂਰੀ ਗੱਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਖ਼ਾਸ ਕਰਕੇ ਜਦੋਂ ਅਸੀਂ ਤਿਮੋਥਿਉਸ ਨੂੰ ਲਿਖੇ ਪੌਲੁਸ ਦੇ ਸ਼ਬਦ ਪੜ੍ਹਦੇ ਹਾਂ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।” (2 ਤਿਮੋਥਿਉਸ 2:15) ਪਰਮੇਸ਼ੁਰ ਦੇ ਬਚਨ ਨੂੰ ਸਹੀ ਤਰ੍ਹਾਂ ਵਰਤਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝੀਏ ਅਤੇ ਫਿਰ ਦੂਸਰਿਆਂ ਨੂੰ ਇਸ ਦਾ ਸਹੀ ਅਰਥ ਸਮਝਾਈਏ। ਬਾਈਬਲ ਦੇ ਲੇਖਕ, ਯਹੋਵਾਹ ਲਈ ਸਾਡੀ ਕਦਰ ਸਾਨੂੰ ਇਸ ਤਰ੍ਹਾਂ ਕਰਨ ਲਈ ਪ੍ਰੇਰੇਗੀ ਅਤੇ ਪੂਰੀ ਗੱਲ ਵੱਲ ਧਿਆਨ ਦੇਣ ਦੁਆਰਾ ਸਾਡੀ ਬਹੁਤ ਮਦਦ ਹੋਵੇਗੀ।
ਤਿਮੋਥਿਉਸ ਦੀ ਦੂਜੀ ਪੱਤਰੀ ਬਾਰੇ ਕੁਝ ਜਾਣਕਾਰੀ
ਉਦਾਹਰਣ ਲਈ, ਆਓ ਆਪਾਂ ਤਿਮੋਥਿਉਸ ਦੀ ਦੂਜੀ ਪੱਤਰੀ ਦੀ ਜਾਂਚ ਕਰੀਏ।a ਆਪਣੀ ਜਾਂਚ ਸ਼ੁਰੂ ਕਰਨ ਲਈ ਅਸੀਂ ਪਤਾ ਕਰ ਸਕਦੇ ਹਾਂ ਕਿ ਇਹ ਪੱਤਰੀ ਕਿਉਂ ਲਿਖੀ ਗਈ ਸੀ। ਇਹ ਪੱਤਰੀ ਕਿਸ ਨੇ ਲਿਖੀ ਅਤੇ ਕਦੋਂ ਲਿਖੀ ਗਈ ਸੀ? ਇਹ ਕਿਨ੍ਹਾਂ ਹਾਲਾਤਾਂ ਅਧੀਨ ਲਿਖੀ ਗਈ ਸੀ? ਫਿਰ ਅਸੀਂ ਪਤਾ ਕਰ ਸਕਦੇ ਹਾਂ ਕਿ “ਤਿਮੋਥਿਉਸ” ਦੇ ਕਿਹੋ ਜਿਹੇ ਹਾਲਾਤ ਸਨ ਜਿਸ ਦੇ ਨਾਂ ਤੇ ਇਹ ਪੱਤਰੀ ਲਿਖੀ ਗਈ ਸੀ। ਇਸ ਪੱਤਰੀ ਵਿਚ ਦਿੱਤੀ ਗਈ ਜਾਣਕਾਰੀ ਦੀ ਉਸ ਨੂੰ ਕਿਉਂ ਲੋੜ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਪੱਤਰੀ ਲਈ ਸਾਡੀ ਕਦਰ ਵਧਾਉਣਗੇ ਅਤੇ ਇਹ ਵੀ ਦਿਖਾਉਣਗੇ ਕਿ ਅਸੀਂ ਅੱਜ ਇਸ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ।
ਤਿਮੋਥਿਉਸ ਦੀ ਦੂਜੀ ਪੱਤਰੀ ਦੀਆਂ ਮੁਢਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਪੌਲੁਸ ਰਸੂਲ ਵੱਲੋਂ ਤਿਮੋਥਿਉਸ ਨੂੰ ਇਕ ਖਤ ਸੀ। ਹੋਰ ਆਇਤਾਂ ਦਿਖਾਉਂਦੀਆਂ ਹਨ ਕਿ ਜਦੋਂ ਪੌਲੁਸ ਨੇ ਇਹ ਪੱਤਰੀ ਲਿਖੀ ਸੀ, ਤਾਂ ਉਹ ਖ਼ੁਸ਼ ਖ਼ਬਰੀ ਫੈਲਾਉਣ ਕਾਰਨ ਕੈਦ ਵਿਚ ਸੀ। ਕਈਆਂ ਨੇ ਪੌਲੁਸ ਦਾ ਸਾਥ ਛੱਡ ਦਿੱਤਾ ਸੀ ਅਤੇ ਉਸ ਨੂੰ ਲੱਗਦਾ ਸੀ ਕਿ ਉਸ ਦੀ ਮੌਤ ਕਰੀਬ ਸੀ। (2 ਤਿਮੋਥਿਉਸ 1:15, 16; 2:8-10; 4:6-8) ਇਸ ਲਈ ਉਸ ਨੇ ਇਹ ਪੱਤਰੀ ਸ਼ਾਇਦ 65 ਸਾ.ਯੂ. ਵਿਚ ਲਿਖੀ ਸੀ ਜਦੋਂ ਉਹ ਦੂਸਰੀ ਵਾਰ ਰੋਮੀ ਕੈਦ ਵਿਚ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਬਾਦਸ਼ਾਹ ਨੀਰੋ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ।
ਇਹ ਹੈ ਤਿਮੋਥਿਉਸ ਦੀ ਦੂਜੀ ਪੱਤਰੀ ਬਾਰੇ ਕੁਝ ਜਾਣਕਾਰੀ। ਲੇਕਿਨ ਧਿਆਨ ਦਿਓ ਕਿ ਪੌਲੁਸ ਨੇ ਤਿਮੋਥਿਉਸ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਣ ਲਈ ਨਹੀਂ ਲਿਖਿਆ ਸੀ। ਇਸ ਦੀ ਬਜਾਇ, ਉਸ ਨੇ ਤਿਮੋਥਿਉਸ ਨੂੰ ਆਉਣ ਵਾਲੇ ਔਖੇ ਸਮਿਆਂ ਬਾਰੇ ਚੇਤਾਵਨੀ ਦਿੱਤੀ ਸੀ। ਉਸ ਨੇ ਆਪਣੇ ਮਿੱਤਰ ਨੂੰ “ਤਕੜਾ” ਹੋ ਕੇ ਉਨ੍ਹਾਂ ਗੱਲਾਂ ਤੋਂ ਬਚਣ ਲਈ ਉਤਸ਼ਾਹਿਤ ਕੀਤਾ ਜੋ ਉਸ ਨੂੰ ਕੁਰਾਹੇ ਪਾ ਸਕਦੀਆਂ ਸਨ। ਪੌਲੁਸ ਚਾਹੁੰਦਾ ਸੀ ਕਿ ਤਿਮੋਥਿਉਸ ਇਹ ਸਿੱਖਿਆਵਾਂ ਦੂਸਰਿਆਂ ਤਕ ਵੀ ਪਹੁੰਚਾਵੇ, ਤਾਂਕਿ ਉਹ ਵੀ ਹੋਰਨਾਂ ਨੂੰ ਸਿੱਖਿਆ ਦੇਣ ਦੇ ਯੋਗ ਹੋ ਸਕਣ। (2 ਤਿਮੋਥਿਉਸ 2:1-7) ਔਖੇ ਹਾਲਾਤਾਂ ਵਿੱਚੋਂ ਲੰਘਦੇ ਹੋਏ ਵੀ ਪੌਲੁਸ ਦੂਸਰਿਆਂ ਲਈ ਦਿਲੋਂ ਚਿੰਤਾ ਕਰਦਾ ਸੀ ਅਤੇ ਇਸ ਵਿਚ ਉਸ ਨੇ ਅੱਜ ਸਾਡੇ ਸਾਰਿਆਂ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ।
ਪੌਲੁਸ ਰਸੂਲ ਤਿਮੋਥਿਉਸ ਨੂੰ ਆਪਣਾ ‘ਪਿਆਰਾ ਬੱਚਾ’ ਕਹਿ ਕੇ ਬੁਲਾਉਂਦਾ ਸੀ। (2 ਤਿਮੋਥਿਉਸ 1:2) ਮਸੀਹੀ ਯੂਨਾਨੀ ਸ਼ਾਸਤਰ ਵਿਚ ਜਵਾਨ ਤਿਮੋਥਿਉਸ ਨੂੰ ਅਕਸਰ ਪੌਲੁਸ ਦਾ ਵਫ਼ਾਦਾਰ ਸਾਥੀ ਕਿਹਾ ਜਾਂਦਾ ਹੈ। (ਰਸੂਲਾਂ ਦੇ ਕਰਤੱਬ 16:1-5; ਰੋਮੀਆਂ 16:21; 1 ਕੁਰਿੰਥੀਆਂ 4:17) ਜਦੋਂ ਪੌਲੁਸ ਨੇ ਤਿਮੋਥਿਉਸ ਨੂੰ ਪੱਤਰੀ ਲਿਖੀ ਸੀ, ਤਾਂ ਉਹ ਹਾਲੇ ਚਾਲੀਆਂ ਸਾਲਾਂ ਦਾ ਨਹੀਂ ਹੋਇਆ ਸੀ। ਉਸ ਨੂੰ ਹਾਲੇ ਜਵਾਨ ਹੀ ਸਮਝਿਆ ਜਾਂਦਾ ਸੀ। (1 ਤਿਮੋਥਿਉਸ 4:12) ਪਰ ਫਿਰ ਵੀ ਉਸ ਨੇ ਵਫ਼ਾਦਾਰੀ ਦੀ ਬਹੁਤ ਹੀ ਚੰਗੀ ਮਿਸਾਲ ਕਾਇਮ ਕੀਤੀ ਸੀ ਅਤੇ ਕੁਝ 14 ਸਾਲਾਂ ਲਈ ਉਸ ਨੇ ‘ਪੌਲੁਸ ਨਾਲ ਸੇਵਾ ਕੀਤੀ ਸੀ।’ (ਫ਼ਿਲਿੱਪੀਆਂ 2:19-22) ਭਾਵੇਂ ਕਿ ਤਿਮੋਥਿਉਸ ਉਮਰ ਵਿਚ ਛੋਟਾ ਸੀ ਪੌਲੁਸ ਨੇ ਉਸ ਨੂੰ ਦੂਸਰੇ ਬਜ਼ੁਰਗਾਂ ਨੂੰ ਸਲਾਹ ਦੇਣ ਦੀ ਜ਼ਿੰਮੇਵਾਰੀ ਸੌਂਪੀ ਸੀ। ਉਸ ਨੇ ਉਨ੍ਹਾਂ ਨੂੰ ਸਮਝਾਉਣਾ ਸੀ ਕਿ ਉਹ “ਸ਼ਬਦਾਂ ਦਾ ਝਗੜਾ ਨਾ ਕਰਨ” ਬਲਕਿ ਨਿਹਚਾ ਅਤੇ ਧੀਰਜ ਵਰਗੀਆਂ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇਣ। (2 ਤਿਮੋਥਿਉਸ 2:14) ਤਿਮੋਥਿਉਸ ਨੂੰ ਕਲੀਸਿਯਾਵਾਂ ਵਿਚ ਬਜ਼ੁਰਗ ਅਤੇ ਸਹਾਇਕ ਸੇਵਕ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ। (1 ਤਿਮੋਥਿਉਸ 5:22) ਪਰ, ਹੋ ਸਕਦਾ ਹੈ ਕਿ ਉਹ ਸ਼ਾਇਦ ਆਪਣਾ ਅਧਿਕਾਰ ਚਲਾਉਣ ਤੋਂ ਝਿਜਕਦਾ ਸੀ।—2 ਤਿਮੋਥਿਉਸ 1:6, 7.
ਇਸ ਜਵਾਨ ਬਜ਼ੁਰਗ ਨੇ ਵੱਡੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਸੀ। ਇਕ ਚੁਣੌਤੀ ਇਹ ਸੀ ਕਿ ਦੋ ਭਰਾ, ਹੁਮਿਨਾਯੁਸ ਅਤੇ ਫ਼ਿਲੇਤੁਸ, ਇਹ ਸਿਖਾ ਕੇ ‘ਭਈ ਕਿਆਮਤ ਹੋ ਚੁੱਕੀ ਹੈ ਕਈਆਂ ਦੀ ਨਿਹਚਾ ਨੂੰ ਵਿਗਾੜ’ ਰਹੇ ਸਨ। (2 ਤਿਮੋਥਿਉਸ 2:17, 18) ਉਹ ਮੰਨਦੇ ਸਨ ਕਿ ਸਿਰਫ਼ ਰੂਹਾਨੀ ਤੌਰ ਤੇ ਕਿਆਮਤ ਯਾਨੀ ਜੀ ਉੱਠਣਾ ਹੋਵੇਗਾ ਅਤੇ ਮਸੀਹੀਆਂ ਲਈ ਇਹ ਹੋ ਚੁੱਕਾ ਸੀ। ਪੌਲੁਸ ਨੇ ਕਿਹਾ ਸੀ ਕਿ ਮਸੀਹੀ ਆਪਣੇ ਪਾਪਾਂ ਦੇ ਕਾਰਨ ਮਰੇ ਸਨ ਪਰ ਪਰਮੇਸ਼ੁਰ ਦੀ ਆਤਮਾ ਦੁਆਰਾ ਜੀਉਂਦਾ ਕੀਤੇ ਗਏ ਸਨ। ਇੱਦਾਂ ਲੱਗਦਾ ਹੈ ਕਿ ਉਹ ਪੌਲੁਸ ਦੀ ਇਸ ਗੱਲ ਦੇ ਪ੍ਰਸੰਗ ਵੱਲ ਧਿਆਨ ਨਹੀਂ ਦੇ ਰਹੇ ਸਨ। (ਅਫ਼ਸੀਆਂ 2:1-6) ਪੌਲੁਸ ਨੇ ਚੇਤਾਵਨੀ ਦਿੱਤੀ ਸੀ ਕਿ ਅਜਿਹੇ ਧਰਮ-ਤਿਆਗੀ ਖ਼ਿਆਲ ਵਧਦੇ ਜਾਣਗੇ। ਉਸ ਨੇ ਲਿਖਿਆ ਸੀ: “ਕਿਉਂ ਜੋ ਉਹ ਸਮਾ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ . . . ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਫਿਰਨਗੇ।” (2 ਤਿਮੋਥਿਉਸ 4:3, 4) ਇਹ ਚੇਤਾਵਨੀ ਦੇ ਕੇ ਪੌਲੁਸ ਨੇ ਦਿਖਾਇਆ ਕਿ ਇਹ ਬਹੁਤ ਜ਼ਰੂਰੀ ਸੀ ਕਿ ਤਿਮੋਥਿਉਸ ਉਸ ਦੀ ਸਲਾਹ ਮੰਨੇ।
ਅੱਜ ਸਾਡੇ ਲਈ ਇਸ ਪੱਤਰੀ ਦੀ ਅਹਿਮੀਅਤ
ਇਨ੍ਹਾਂ ਸਾਰੀਆਂ ਗੱਲਾਂ ਤੋਂ ਅਸੀਂ ਸਮਝਦੇ ਹਾਂ ਕਿ ਪੌਲੁਸ ਨੇ ਤਿਮੋਥਿਉਸ ਦੀ ਦੂਜੀ ਪੱਤਰੀ ਇਨ੍ਹਾਂ ਕਾਰਨਾਂ ਕਰਕੇ ਲਿਖੀ ਸੀ: (1) ਉਹ ਜਾਣਦਾ ਸੀ ਕਿ ਉਸ ਦੀ ਮੌਤ ਕਰੀਬ ਸੀ। ਇਸ ਲਈ ਉਹ ਤਿਮੋਥਿਉਸ ਨੂੰ ਉਸ ਸਮੇਂ ਲਈ ਤਿਆਰ ਕਰ ਰਿਹਾ ਸੀ ਜਦੋਂ ਉਹ ਉਸ ਨੂੰ ਸਹਾਰਾ ਦੇਣ ਲਈ ਨਹੀਂ ਹੋਵੇਗਾ। (2) ਉਹ ਚਾਹੁੰਦਾ ਸੀ ਕਿ ਤਿਮੋਥਿਉਸ ਆਪਣੀ ਨਿਗਰਾਨੀ ਅਧੀਨ ਕਲੀਸਿਯਾਵਾਂ ਨੂੰ ਧਰਮ-ਤਿਆਗ ਅਤੇ ਹੋਰ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਤਿਆਰ ਹੋਵੇ। (3) ਉਹ ਤਿਮੋਥਿਉਸ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਸੀ ਕਿ ਉਹ ਯਹੋਵਾਹ ਦੀ ਸੇਵਾ ਵਿਚ ਲੱਗਾ ਰਹੇ ਅਤੇ ਝੂਠੀਆਂ ਸਿੱਖਿਆਵਾਂ ਦਾ ਵਿਰੋਧ ਕਰਨ ਵਿਚ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਦੇ ਸਹੀ ਗਿਆਨ ਉੱਤੇ ਭਰੋਸਾ ਰੱਖੇ।
ਇਸ ਸਾਰੀ ਜਾਣਕਾਰੀ ਕਰਕੇ ਤਿਮੋਥਿਉਸ ਦੀ ਦੂਜੀ ਪੱਤਰੀ ਸਾਡੇ ਲਈ ਹੋਰ ਵੀ ਫ਼ਾਇਦੇਮੰਦ ਹੈ। ਅੱਜ ਵੀ ਹੁਮਿਨਾਯੁਸ ਅਤੇ ਫ਼ਿਲੇਤੁਸ ਵਰਗੇ ਧਰਮ-ਤਿਆਗੀ ਹਨ ਜੋ ਆਪਣੇ ਖ਼ਿਆਲ ਅੱਗੇ ਵਧਾਉਂਦੇ ਹਨ ਅਤੇ ਸਾਡੀ ਨਿਹਚਾ ਤੋੜਨੀ ਚਾਹੁੰਦੇ ਹਨ। ਇਸ ਤੋਂ ਇਲਾਵਾ, ਜਿਨ੍ਹਾਂ ‘ਭੈੜੇ ਸਮਿਆਂ’ ਬਾਰੇ ਪੌਲੁਸ ਨੇ ਭਵਿੱਖਬਾਣੀ ਕੀਤੀ ਸੀ ਉਹ ਆ ਪਹੁੰਚੇ ਹਨ। ਕਈਆਂ ਉੱਤੇ ਪੌਲੁਸ ਦੇ ਇਹ ਸ਼ਬਦ ਲਾਗੂ ਹੋਏ ਹਨ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:1, 12) ਅਸੀਂ ਕਿਵੇਂ ਸੱਚਾਈ ਵਿਚ ਪੱਕੇ ਰਹਿ ਸਕਦੇ ਹਾਂ? ਤਿਮੋਥਿਉਸ ਵਾਂਗ ਸਾਨੂੰ ਵੀ ਉਨ੍ਹਾਂ ਦੀ ਸਲਾਹ ਮੰਨਣੀ ਚਾਹੀਦੀ ਹੈ ਜੋ ਕਈਆਂ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦੇ ਆਏ ਹਨ। ਨਿੱਜੀ ਅਧਿਐਨ, ਪ੍ਰਾਰਥਨਾ ਅਤੇ ਮਸੀਹੀਆਂ ਨਾਲ ਸੰਗਤ ਰੱਖਣ ਦੁਆਰਾ ਅਸੀਂ ਯਹੋਵਾਹ ਦੀ ਮਿਹਰ ਨਾਲ ‘ਤਕੜੇ’ ਹੋ ਸਕਦੇ ਹਾਂ। ਇਸ ਦੇ ਨਾਲ-ਨਾਲ ਸਹੀ ਗਿਆਨ ਦੀ ਤਾਕਤ ਵਿਚ ਭਰੋਸਾ ਰੱਖਣ ਨਾਲ ਅਸੀਂ ਪੌਲੁਸ ਦੀ ਗੱਲ ਨੂੰ ਮੰਨ ਸਕਦੇ ਹਾਂ: ‘ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖੋ।’—2 ਤਿਮੋਥਿਉਸ 1:13.
‘ਖਰੀਆਂ ਗੱਲਾਂ ਦਾ ਨਮੂਨਾ’
ਉਹ “ਖਰੀਆਂ ਗੱਲਾਂ” ਕੀ ਸਨ ਜਿਨ੍ਹਾਂ ਬਾਰੇ ਪੌਲੁਸ ਨੇ ਜ਼ਿਕਰ ਕੀਤਾ ਸੀ? ਉਹ ਸੱਚੀ ਮਸੀਹੀ ਸਿੱਖਿਆ ਬਾਰੇ ਗੱਲ ਕਰ ਰਿਹਾ ਸੀ। ਤਿਮੋਥਿਉਸ ਨੂੰ ਪੌਲੁਸ ਨੇ ਆਪਣੀ ਪਹਿਲੀ ਪੱਤਰੀ ਵਿਚ ਸਮਝਾਇਆ ਸੀ ਕਿ “ਖਰੀਆਂ ਗੱਲਾਂ” ਖ਼ਾਸ ਕਰਕੇ “ਪ੍ਰਭੁ ਯਿਸੂ ਮਸੀਹ ਦੀਆਂ” ਗੱਲਾਂ ਸਨ। (1 ਤਿਮੋਥਿਉਸ 6:3) ਖਰੀਆਂ ਗੱਲਾਂ ਉੱਤੇ ਚੱਲਣ ਦੁਆਰਾ ਇਨਸਾਨ ਸਮਝ, ਚੰਗਾ ਸੁਭਾਅ ਅਤੇ ਦੂਸਰਿਆਂ ਲਈ ਲਿਹਾਜ਼ ਪੈਦਾ ਕਰਦਾ ਹੈ। ਯਿਸੂ ਦੀ ਸਿਖਲਾਈ ਬਾਈਬਲ ਵਿਚ ਪਾਈਆਂ ਜਾਂਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ “ਖਰੀਆਂ ਗੱਲਾਂ” ਅਸਲ ਵਿਚ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਹਨ।
ਤਿਮੋਥਿਉਸ ਵਾਂਗ ਸਾਰੇ ਮਸੀਹੀ ਬਜ਼ੁਰਗਾਂ ਲਈ ਖਰੀਆਂ ਗੱਲਾਂ ਦਾ ਨਮੂਨਾ ਅਜਿਹੀ “ਭਲੀ ਅਮਾਨਤ” ਹੈ ਜਿਸ ਦੀ ਉਨ੍ਹਾਂ ਨੂੰ ਰਾਖੀ ਕਰਨ ਦੀ ਲੋੜ ਹੈ। (2 ਤਿਮੋਥਿਉਸ 1:13, 14) ਇਹ ਜ਼ਰੂਰੀ ਸੀ ਕਿ ਤਿਮੋਥਿਉਸ ‘ਬਚਨ ਦਾ ਪਰਚਾਰ ਕਰੇ। ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੇ। ਪੂਰੀ ਧੀਰਜ ਅਤੇ ਸਿੱਖਿਆ ਨਾਲ ਝਿੜਕੇ, ਤਾੜਨਾ ਦੇਵੇ ਅਤੇ ਤਗੀਦ ਕਰੇ।’ (2 ਤਿਮੋਥਿਉਸ 4:2) ਧਰਮ-ਤਿਆਗੀ ਸਿੱਖਿਆਵਾਂ ਤਿਮੋਥਿਉਸ ਦੇ ਦਿਨਾਂ ਵਿਚ ਫੈਲ ਰਹੀਆਂ ਸਨ, ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਨੇ ਖਰੀਆਂ ਗੱਲਾਂ ਸਿਖਾਉਣ ਦੀ ਜ਼ਰੂਰਤ ਉੱਤੇ ਕਿਉਂ ਇੰਨਾ ਜ਼ੋਰ ਦਿੱਤਾ ਸੀ। ਇਸ ਦੇ ਨਾਲ-ਨਾਲ ਤਿਮੋਥਿਉਸ ਨੂੰ ਧੀਰਜ ਅਤੇ ਚੰਗੀ ਤਰ੍ਹਾਂ ਸਿਖਾਉਣ ਦੇ ਤਰੀਕਿਆਂ ਨਾਲ ‘ਝਿੜਕਣ, ਤਾੜਨਾ ਦੇਣ ਅਤੇ ਤਗੀਦ ਕਰਨ’ ਦੁਆਰਾ ਕਲੀਸਿਯਾ ਦੀ ਰਾਖੀ ਕਰਨ ਦੀ ਲੋੜ ਸੀ।
ਤਿਮੋਥਿਉਸ ਨੇ ਕਿਨ੍ਹਾਂ ਨੂੰ ਬਚਨ ਦਾ ਪ੍ਰਚਾਰ ਕਰਨਾ ਸੀ? ਪ੍ਰਸੰਗ ਤੋਂ ਪਤਾ ਲੱਗਦਾ ਹੈ ਕਿ ਇਕ ਬਜ਼ੁਰਗ ਵਜੋਂ ਤਿਮੋਥਿਉਸ ਨੇ ਮਸੀਹੀ ਕਲੀਸਿਯਾ ਵਿਚ ਹੀ ਬਚਨ ਦਾ ਪ੍ਰਚਾਰ ਕਰਨਾ ਸੀ। ਵਿਰੋਧੀਆਂ ਦੇ ਦਬਾਅ ਦੇ ਬਾਵਜੂਦ ਤਿਮੋਥਿਉਸ ਨੇ ਇਨਸਾਨਾਂ ਦੇ ਫ਼ਿਲਾਸਫ਼ੀਆਂ, ਆਪਣੇ ਖ਼ਿਆਲਾਂ ਜਾਂ ਹੋਰ ਬੇਕਾਰ ਅਨੁਮਾਨਾਂ ਬਾਰੇ ਪ੍ਰਚਾਰ ਨਹੀਂ ਕਰਨਾ ਸੀ। ਉਸ ਨੇ ਰੂਹਾਨੀ ਤੌਰ ਤੇ ਮਜ਼ਬੂਤ ਰਹਿ ਕੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ ਸੀ। ਇਹ ਸੱਚ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸ਼ਾਇਦ ਬੁਰੀ ਨੀਅਤ ਵਾਲਿਆਂ ਦੀ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ ਸੀ। (2 ਤਿਮੋਥਿਉਸ 1:6-8; 2:1-3, 23-26; 3:14, 15) ਲੇਕਿਨ, ਪੌਲੁਸ ਦੀ ਸਲਾਹ ਉੱਤੇ ਚੱਲਣ ਨਾਲ ਤਿਮੋਥਿਉਸ ਧਰਮ-ਤਿਆਗ ਨੂੰ ਕੁਝ ਹੱਦ ਤਕ ਰੋਕ ਸਕਦਾ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪੌਲੁਸ ਨੇ ਖ਼ੁਦ ਕੀਤਾ ਸੀ।—ਰਸੂਲਾਂ ਦੇ ਕਰਤੱਬ 20:25-32.
ਕੀ ਬਚਨ ਦਾ ਪ੍ਰਚਾਰ ਕਰਨ ਬਾਰੇ ਪੌਲੁਸ ਦੇ ਸ਼ਬਦ ਕਲੀਸਿਯਾ ਤੋਂ ਬਾਹਰ ਕੀਤੇ ਪ੍ਰਚਾਰ ਤੇ ਵੀ ਲਾਗੂ ਹੁੰਦੇ ਹਨ? ਜੀ ਹਾਂ, ਪ੍ਰਸੰਗ ਤੋਂ ਇਹੀ ਪਤਾ ਲੱਗਦਾ ਹੈ। ਪੌਲੁਸ ਨੇ ਅੱਗੇ ਕਿਹਾ: “ਪਰ ਤੂੰ ਸਭਨੀਂ ਗੱਲੀਂ ਸੁਚੇਤ ਰਹੀਂ, ਦੁਖ ਝੱਲੀਂ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।” (2 ਤਿਮੋਥਿਉਸ 4:5) ਅਵਿਸ਼ਵਾਸੀਆਂ ਨੂੰ ਮੁਕਤੀ ਬਾਰੇ ਖ਼ੁਸ਼ ਖ਼ਬਰੀ ਸੁਣਾਉਣੀ ਮਸੀਹੀ ਸੇਵਕਾਈ ਦਾ ਮੁੱਖ ਹਿੱਸਾ ਹੈ। (ਮੱਤੀ 24:14; 28:19, 20) ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਲੀਸਿਯਾ ਵਿਚ “ਵੇਲੇ ਕੁਵੇਲੇ” ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਔਖਿਆਂ ਸਮਿਆਂ ਦੌਰਾਨ ਵੀ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ ਜੋ ਕਲੀਸਿਯਾ ਦਾ ਹਿੱਸਾ ਨਹੀਂ ਹਨ।—1 ਥੱਸਲੁਨੀਕੀਆਂ 1:6.
ਸਾਡਾ ਪ੍ਰਚਾਰ ਅਤੇ ਸਿਖਲਾਈ ਦਾ ਕੰਮ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਉੱਤੇ ਆਧਾਰਿਤ ਹੈ। ਅਸੀਂ ਬਾਈਬਲ ਵਿਚ ਪੂਰਾ ਭਰੋਸਾ ਰੱਖਦੇ ਹਾਂ। ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।” (2 ਤਿਮੋਥਿਉਸ 3:16) ਇਹ ਹਵਾਲਾ ਅਕਸਰ ਇਹ ਦਿਖਾਉਣ ਲਈ ਸਹੀ ਤਰ੍ਹਾਂ ਵਰਤਿਆ ਜਾਂਦਾ ਹੈ ਕਿ ਬਾਈਬਲ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ। ਪਰ ਪੌਲੁਸ ਨੇ ਇਹ ਸ਼ਬਦ ਕਿਉਂ ਲਿਖੇ ਸਨ?
ਪੌਲੁਸ ਇਕ ਅਜਿਹੇ ਬਜ਼ੁਰਗ ਨਾਲ ਗੱਲ ਕਰ ਰਿਹਾ ਸੀ ਜੋ ਕਲੀਸਿਯਾ ਵਿਚ ਭਰਾਵਾਂ ਨੂੰ ‘ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ’ ਲਈ ਜ਼ਿੰਮੇਵਾਰ ਸੀ। ਇਸ ਲਈ, ਉਹ ਤਿਮੋਥਿਉਸ ਨੂੰ ਯਾਦ ਦਿਲਾ ਰਿਹਾ ਸੀ ਕਿ ਉਸ ਨੂੰ ਉਸ ਪ੍ਰੇਰਿਤ ਬਚਨ ਦੀ ਬੁੱਧ ਵਿਚ ਭਰੋਸਾ ਰੱਖਣ ਦੀ ਲੋੜ ਸੀ ਜਿਸ ਤੋਂ ਉਹ ਬਚਪਨ ਤੋਂ ਸਿੱਖਿਆ ਲੈਂਦਾ ਆਇਆ ਸੀ। ਤਿਮੋਥਿਉਸ ਵਰਗੇ ਬਜ਼ੁਰਗਾਂ ਨੂੰ ਕਦੀ-ਕਦੀ ਗ਼ਲਤੀ ਕਰਨ ਵਾਲਿਆਂ ਨੂੰ ਤਾੜਨਾ ਦੇਣੀ ਪੈਂਦੀ ਹੈ। ਜਦੋਂ ਉਹ ਇਸ ਤਰ੍ਹਾਂ ਕਰਦੇ ਹਨ ਉਨ੍ਹਾਂ ਨੂੰ ਹਮੇਸ਼ਾ ਬਾਈਬਲ ਵਿਚ ਭਰੋਸਾ ਰੱਖਣਾ ਚਾਹੀਦਾ ਹੈ। ਸ਼ਾਸਤਰ ਪਰਮੇਸ਼ੁਰ ਵੱਲੋਂ ਹਨ ਇਸ ਲਈ ਉਨ੍ਹਾਂ ਉੱਤੇ ਆਧਾਰਿਤ ਕੋਈ ਵੀ ਤਾੜਨਾ ਪਰਮੇਸ਼ੁਰ ਵੱਲੋਂ ਸਮਝੀ ਜਾਣੀ ਚਾਹੀਦੀ ਹੈ। ਜੋ ਵੀ ਬਾਈਬਲ ਤੇ ਆਧਾਰਿਤ ਤਾੜਨਾ ਨੂੰ ਰੱਦ ਕਰਦਾ ਹੈ, ਉਹ ਇਨਸਾਨਾਂ ਦੇ ਖ਼ਿਆਲਾਂ ਨੂੰ ਨਹੀਂ ਬਲਕਿ ਯਹੋਵਾਹ ਦੀ ਸਲਾਹ ਨੂੰ ਰੱਦ ਕਰਦਾ ਹੈ।
ਤਿਮੋਥਿਉਸ ਦੀ ਦੂਜੀ ਪੱਤਰੀ ਈਸ਼ਵਰੀ ਬੁੱਧ ਨਾਲ ਸੱਚ-ਮੁੱਚ ਭਰਪੂਰ ਹੈ! ਜਦੋਂ ਅਸੀਂ ਇਸ ਦੀਆਂ ਸਲਾਹਾਂ ਨੂੰ ਪ੍ਰਸੰਗ ਵਿਚ ਦੇਖਦੇ ਹਾਂ, ਤਾਂ ਸਾਨੂੰ ਕਿੰਨੀ ਜ਼ਿਆਦਾ ਸਮਝ ਮਿਲਦੀ ਹੈ! ਇਸ ਲੇਖ ਵਿਚ ਅਸੀਂ ਇਸ ਪ੍ਰੇਰਿਤ ਪੱਤਰੀ ਦੀਆਂ ਸਿਰਫ਼ ਕੁਝ ਵਧੀਆ ਗੱਲਾਂ ਵੱਲ ਧਿਆਨ ਦਿੱਤਾ ਹੈ। ਪਰ, ਇਸ ਜਾਣਕਾਰੀ ਨੇ ਦਿਖਾਇਆ ਹੈ ਕਿ ਬਾਈਬਲ ਪੜ੍ਹਦੇ ਸਮੇਂ ਸਾਰੀਆਂ ਗੱਲਾਂ ਵੱਲ ਧਿਆਨ ਦੇਣ ਦੁਆਰਾ ਸਾਡੀ ਕਿੰਨੀ ਮਦਦ ਹੋ ਸਕਦੀ ਹੈ। ਜੀ ਹਾਂ, ਇਸ ਤਰ੍ਹਾਂ ਕਰ ਕੇ ਅਸੀਂ ਸੱਚ-ਮੁੱਚ ਸੱਚਾਈ ਦੇ ਬਚਨ ਨੂੰ ਚੰਗੀ ਤਰ੍ਹਾਂ ਪੇਸ਼ ਕਰਨ ਦੇ ਯੋਗ ਹੋਵਾਂਗੇ।
[ਫੁਟਨੋਟ]
a ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 2, ਸਫ਼ੇ 1105-8 ਦੇਖੋ।
[ਸਫ਼ੇ 27 ਉੱਤੇ ਤਸਵੀਰ]
ਪੌਲੁਸ ਤਿਮੋਥਿਉਸ ਨੂੰ ਕਲੀਸਿਯਾਵਾਂ ਦੀ ਰਾਖੀ ਕਰਨ ਲਈ ਤਿਆਰ ਕਰਨਾ ਚਾਹੁੰਦਾ ਸੀ
[ਸਫ਼ੇ 30 ਉੱਤੇ ਤਸਵੀਰ]
ਪੌਲੁਸ ਨੇ ਤਿਮੋਥਿਉਸ ਨੂੰ ਪਰਮੇਸ਼ੁਰ ਦੇ ਬਚਨ ਦੀ ਬੁੱਧ ਉੱਤੇ ਭਰੋਸਾ ਰੱਖਣ ਬਾਰੇ ਯਾਦ ਦਿਲਾਇਆ ਸੀ