ਕੀ ਅਸੀਂ ਸੱਚ-ਮੁੱਚ “ਅੰਤ ਦਿਆਂ ਦਿਨਾਂ” ਵਿਚ ਰਹਿੰਦੇ ਹਾਂ?
ਅੰਤ ਦੇ ਦਿਨਾਂ ਦੀ ਪਛਾਣ ਕਰਾਉਣ ਵਾਲੀਆਂ ਦੋ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਅੰਤ ਦਿਆਂ ਵਿਚ ਰਹਿੰਦੇ ਹਾਂ। ਇਕ, ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਸ “ਜੁਗ ਦੇ ਅੰਤ” ਦੇ ਸਮਿਆਂ ਦੌਰਾਨ ਕਿਹੜੀਆਂ ਘਟਨਾਵਾਂ ਹੋਣਗੀਆਂ। (ਮੱਤੀ 24:3) ਦੋ, ਬਾਈਬਲ ਇਹ ਵੀ ਦੱਸਦੀ ਹੈ ਕਿ “ਅੰਤ ਦਿਆਂ ਦਿਨਾਂ” ਵਿੱਚ ਜੀ ਰਹੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੋਵੇਗਾ।—2 ਤਿਮੋਥਿਉਸ 3:1.
ਅੱਜ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਅਤੇ ਲੋਕਾਂ ਦਾ ਸੁਭਾਅ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਰਹਿੰਦੇ ਹਾਂ ਅਤੇ ਕਿ ਪਰਮੇਸ਼ੁਰ ਜਲਦੀ ਹੀ ਉਨ੍ਹਾਂ ਲੋਕਾਂ ਨੂੰ ਸਦੀਵੀ ਬਰਕਤਾਂ ਦੇਵੇਗਾ ਜੋ ਉਸ ਨੂੰ ਪਿਆਰ ਕਰਦੇ ਹਨ। ਅਸੀਂ ਪਹਿਲਾਂ ਅੰਤਿਮ ਦਿਨਾਂ ਦੀਆਂ ਤਿੰਨ ਨਿਸ਼ਾਨੀਆਂ ਦੀ ਜਾਂਚ ਕਰਾਂਗੇ ਜਿਨ੍ਹਾਂ ਨਾਲ ਯਿਸੂ ਦੇ ਕਹੇ ਮੁਤਾਬਕ ਅੰਤ ਦੇ ਦਿਨ ਸ਼ੁਰੂ ਹੋਏ।
“ਪੀੜਾਂ ਦਾ ਅਰੰਭ”
ਯਿਸੂ ਨੇ ਕਿਹਾ ਸੀ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ।” ਅੱਗੇ ਉਸ ਨੇ ਕਿਹਾ: “ਇਹ ਸਭ ਕੁਝ ਪੀੜਾਂ ਦਾ ਅਰੰਭ ਹੈ।” (ਮੱਤੀ 24:7, 8) ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਨਿਸ਼ਾਨੀਆਂ ਦੀ ਜਾਂਚ ਕਰੀਏ।
ਪਿਛਲੀ ਸਦੀ ਦੇ ਯੁੱਧਾਂ ਅਤੇ ਨਸਲੀ ਦੰਗਿਆਂ ਵਿਚ ਲੱਖਾਂ ਹੀ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਦੁਨੀਆਂ ਦੀਆਂ ਘਟਨਾਵਾਂ ਦਾ ਅਧਿਐਨ ਕਰਨ ਵਾਲੇ ਸੰਗਠਨ ਵਰਲਡਵਾਚ ਇੰਸਟੀਚਿਊਟ ਦੀ ਇਕ ਰਿਪੋਰਟ ਦੱਸਦੀ ਹੈ ਕਿ ‘20ਵੀਂ ਸਦੀ ਦੀਆਂ ਜੰਗਾਂ ਵਿਚ ਫੱਟੜ ਹੋਏ ਤੇ ਮਾਰੇ ਗਏ ਲੋਕਾਂ ਦੀ ਗਿਣਤੀ ਪਹਿਲੀਆਂ 19 ਸਦੀਆਂ ਦੀਆਂ ਜੰਗਾਂ ਵਿਚ ਮਾਰੇ ਗਏ ਤੇ ਫੱਟੜ ਹੋਏ ਲੋਕਾਂ ਦੀ ਗਿਣਤੀ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ।’ ਇਕ ਇਤਿਹਾਸਕਾਰ ਜੌਨਾਥਨ ਗਲੋਵਰ ਨੇ ਆਪਣੀ ਕਿਤਾਬ ਵਿਚ ਲਿਖਿਆ: “ਇਕ ਅਨੁਮਾਨ ਮੁਤਾਬਕ, 1900 ਤੋਂ 1989 ਦੇ ਸਾਲਾਂ ਦੌਰਾਨ ਯੁੱਧ ਵਿਚ 8.6 ਕਰੋੜ ਲੋਕ ਮਾਰੇ ਗਏ ਸਨ। . . . 20ਵੀਂ ਸਦੀ ਦੇ ਯੁੱਧਾਂ ਵਿਚ ਹੋਈਆਂ ਮੌਤਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਇਸ ਦੀ ਕਲਪਨਾ ਕਰਨੀ ਵੀ ਔਖੀ ਹੈ। ਲਗਭਗ ਦੋ-ਤਿਹਾਈ (5.8 ਕਰੋੜ) ਮੌਤਾਂ ਦੋ ਵਿਸ਼ਵ ਯੁੱਧਾਂ ਵਿਚ ਹੋਈਆਂ ਸਨ। ਪਰ ਜੇ ਮੌਤਾਂ ਦੀ ਗਿਣਤੀ ਨੂੰ ਇਨ੍ਹਾਂ ਸਾਲਾਂ ਦੇ ਕੁੱਲ ਦਿਨਾਂ ਵਿਚ ਵੰਡਿਆ ਜਾਵੇ, ਤਾਂ ਹਰ ਦਿਨ ਯੁੱਧ ਵਿਚ ਲਗਭਗ 2,500 ਲੋਕ ਮਾਰੇ ਗਏ ਸਨ, ਯਾਨੀ 90 ਸਾਲਾਂ ਤਕ ਲਗਾਤਾਰ ਹਰ ਘੰਟੇ 100 ਤੋਂ ਜ਼ਿਆਦਾ ਲੋਕ ਮਾਰੇ ਗਏ।” ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਲੋਕਾਂ ਦੇ ਲੱਖਾਂ ਸਾਕ-ਸੰਬੰਧੀਆਂ ਅਤੇ ਦੋਸਤਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ?—ਮਨੁੱਖਤਾ—ਵੀਹਵੀਂ ਸਦੀ ਦਾ ਨੈਤਿਕ ਇਤਿਹਾਸ (ਅੰਗ੍ਰੇਜ਼ੀ)।
ਦੁਨੀਆਂ ਵਿਚ ਭਰਪੂਰ ਮਾਤਰਾ ਵਿਚ ਅਨਾਜ ਪੈਦਾ ਹੁੰਦਾ ਹੈ। ਪਰ ਅੰਤਿਮ ਦਿਨਾਂ ਦੀਆਂ ਨਿਸ਼ਾਨੀਆਂ ਵਿਚ ਇਹ ਵੀ ਸ਼ਾਮਲ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ ਦਾ ਕਾਲ ਪਵੇਗਾ। ਖੋਜਬੀਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ 30 ਸਾਲਾਂ ਵਿਚ ਦੁਨੀਆਂ ਦੀ ਆਬਾਦੀ ਨਾਲੋਂ ਅਨਾਜ ਦੀ ਪੈਦਾਵਾਰ ਵਿਚ ਕਈ ਗੁਣਾ ਵਾਧਾ ਹੋਇਆ ਹੈ। ਫਿਰ ਵੀ ਦੁਨੀਆਂ ਵਿਚ ਸਭ ਨੂੰ ਪੇਟ ਭਰ ਕੇ ਖਾਣਾ ਨਹੀਂ ਮਿਲਦਾ ਕਿਉਂਕਿ ਲੋਕਾਂ ਕੋਲ ਨਾ ਤਾਂ ਖਾਣਾ ਖ਼ਰੀਦਣ ਲਈ ਪੈਸੇ ਹਨ ਅਤੇ ਨਾ ਹੀ ਅਨਾਜ ਉਗਾਉਣ ਲਈ ਜ਼ਮੀਨ। ਗ਼ਰੀਬ ਦੇਸ਼ਾਂ ਵਿਚ ਇਕ ਅਰਬ ਤੋਂ ਜ਼ਿਆਦਾ ਲੋਕਾਂ ਦੀ ਆਮਦਨ ਨਾਂਹ ਦੇ ਬਰਾਬਰ ਹੈ। ਇਨ੍ਹਾਂ ਵਿੱਚੋਂ ਤਕਰੀਬਨ 78 ਕਰੋੜ ਲੋਕ ਰੋਜ਼ ਭੁੱਖੇ ਪੇਟ ਸੌਂਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਕੁਪੋਸ਼ਣ ਕਾਰਨ ਹਰ ਸਾਲ 50 ਲੱਖ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਜਾਂਦੀ ਹੈ।
ਭੁਚਾਲਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਅਮਰੀਕਾ ਦੇ ਭੂ-ਵਿਗਿਆਨ ਸਰਵੇ ਮੁਤਾਬਕ 1990 ਤੋਂ ਹਰ ਸਾਲ ਔਸਤਨ 17 ਅਜਿਹੇ ਭੁਚਾਲ ਆ ਰਹੇ ਹਨ ਜਿਨ੍ਹਾਂ ਨਾਲ ਇਮਾਰਤਾਂ ਢਹਿ-ਢੇਰੀ ਹੋ ਜਾਂਦੀਆਂ ਹਨ। ਸਾਲ ਵਿਚ ਘੱਟੋ-ਘੱਟ ਇਕ ਵਾਰ ਅਜਿਹਾ ਜ਼ਬਰਦਸਤ ਭੁਚਾਲ ਜ਼ਰੂਰ ਆਉਂਦਾ ਹੈ ਜੋ ਘਰਾਂ-ਇਮਾਰਤਾਂ ਦਾ ਪੂਰੀ ਤਰ੍ਹਾਂ ਸੱਤਿਆਨਾਸ ਕਰ ਕੇ ਰੱਖ ਦਿੰਦਾ ਹੈ। ਇਕ ਹੋਰ ਸਮਾਚਾਰ ਏਜੰਸੀ ਦਾ ਕਹਿਣਾ ਹੈ ਕਿ “ਪਿਛਲੇ ਸੌ ਸਾਲਾਂ ਵਿਚ ਭੁਚਾਲਾਂ ਨੇ ਲੱਖਾਂ ਲੋਕਾਂ ਦੀਆਂ ਜਾਨਾਂ ਲਈਆਂ ਹਨ।” ਇਸ ਦਾ ਇਕ ਕਾਰਨ ਹੈ ਕਿ 1914 ਤੋਂ ਅਜਿਹੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ ਹੈ ਜਿੱਥੇ ਅਕਸਰ ਭੁਚਾਲ ਆਉਂਦੇ ਹਨ।
ਹੋਰ ਮਹੱਤਵਪੂਰਣ ਨਿਸ਼ਾਨੀਆਂ
ਯਿਸੂ ਨੇ ਕਿਹਾ ਸੀ ਕਿ “ਥਾਂ ਥਾਂ . . . ਮਰੀਆਂ ਪੈਣਗੀਆਂ।” (ਲੂਕਾ 21:11) ਅੱਜ ਡਾਕਟਰੀ ਇਲਾਜ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਰੱਕੀ ਹੋ ਚੁੱਕੀ ਹੈ। ਇਸ ਦੇ ਬਾਵਜੂਦ ਨਵੀਆਂ ਤੇ ਪੁਰਾਣੀਆਂ ਬੀਮਾਰੀਆਂ ਲੋਕਾਂ ਉੱਤੇ ਕਹਿਰ ਢਾਹ ਰਹੀਆਂ ਹਨ। ਅਮਰੀਕਾ ਦੀ ਨੈਸ਼ਨਲ ਇਨਟੈਲੀਜੈਂਸ ਕੌਂਸਲ ਦੀ ਰਿਪੋਰਟ ਕਹਿੰਦੀ ਹੈ: “ਟੀ. ਬੀ., ਮਲੇਰੀਆ ਤੇ ਹੈਜ਼ਾ ਵਰਗੀਆਂ 20 ਜਾਣੀਆਂ-ਪਛਾਣੀਆਂ ਬੀਮਾਰੀਆਂ 1973 ਤੋਂ ਫਿਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀਆਂ ਹਨ। ਇਨ੍ਹਾਂ ਮਾਰੂ ਬੀਮਾਰੀਆਂ ਤੇ ਕਦੇ-ਕਦੇ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ। 1973 ਤੋਂ ਘੱਟੋ-ਘੱਟ 30 ਅਜਿਹੀਆਂ ਬੀਮਾਰੀਆਂ ਦੇ ਵਾਇਰਸਾਂ ਦੀ ਪਛਾਣ ਹੋਈ ਹੈ ਜਿਨ੍ਹਾਂ ਦਾ ਪਹਿਲਾਂ ਕਿਸੇ ਨੇ ਨਾਂ ਤਕ ਨਹੀਂ ਸੁਣਿਆ ਸੀ। ਇਨ੍ਹਾਂ ਵਿਚ ਐੱਚ. ਆਈ. ਵੀ., ਈਬੋਲਾ, ਹੈਪੀਟਾਇਟਿਸ ਸੀ ਅਤੇ ਨਿਪਾਹ ਵਾਇਰਸ ਵੀ ਸ਼ਾਮਲ ਹਨ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈ।” ਰੈੱਡ ਕ੍ਰਾੱਸ ਦੀ 28 ਜੂਨ 2000 ਦੀ ਰਿਪੋਰਟ ਅਨੁਸਾਰ 1999 ਵਿਚ ਆਈਆਂ ਕੁਦਰਤੀ ਤਬਾਹੀਆਂ ਵਿਚ ਜਿੰਨੇ ਲੋਕ ਮਰੇ ਹਨ, ਉਨ੍ਹਾਂ ਨਾਲੋਂ ਤਕਰੀਬਨ 160 ਗੁਣਾ ਜ਼ਿਆਦਾ ਲੋਕ ਛੂਤ ਦੀਆਂ ਬੀਮਾਰੀਆਂ ਨਾਲ ਮਰੇ ਹਨ।
‘ਕੁਧਰਮ ਦਾ ਵਧਣਾ’ ਅੰਤਿਮ ਦਿਨਾਂ ਦੀ ਇਕ ਹੋਰ ਨਿਸ਼ਾਨੀ ਹੈ। (ਮੱਤੀ 24:12) ਅੱਜ ਦੁਨੀਆਂ ਭਰ ਵਿਚ ਲੋਕ ਆਪਣੇ ਘਰਾਂ ਨੂੰ ਖੁੱਲ੍ਹਾ ਛੱਡ ਕੇ ਕਿਤੇ ਨਹੀਂ ਜਾਂਦੇ ਤੇ ਨਾ ਹੀ ਉਹ ਰਾਤ ਨੂੰ ਬਾਹਰ ਸੁਰੱਖਿਅਤ ਮਹਿਸੂਸ ਕਰਦੇ ਹਨ। ਗ਼ੈਰ-ਕਾਨੂੰਨੀ ਕੰਮਾਂ ਕਾਰਨ ਹਵਾ, ਪਾਣੀ ਤੇ ਜ਼ਮੀਨ ਦੇ ਪ੍ਰਦੂਸ਼ਿਤ ਹੋਣ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਵੀ ਬਾਈਬਲ ਦੀ ਭਵਿੱਖਬਾਣੀ ਮੁਤਾਬਕ ਹੀ ਹੋ ਰਿਹਾ ਹੈ। ਪਰਕਾਸ਼ ਦੀ ਪੋਥੀ ਦੱਸਦੀ ਹੈ ਕਿ ਪਰਮੇਸ਼ੁਰ ਆਪਣੇ ਠਹਿਰਾਏ ਹੋਏ ਸਮੇਂ ਤੇ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਦੇ ਹਨ!’—ਪਰਕਾਸ਼ ਦੀ ਪੋਥੀ 11:18.
ਅੰਤਿਮ ਦਿਨਾਂ ਵਿਚ ਰਹਿੰਦੇ ਲੋਕਾਂ ਦਾ ਸੁਭਾਅ
ਬਾਈਬਲ ਵਿਚ 2 ਤਿਮੋਥਿਉਸ 3:1-5 ਵਿਚ ਪੌਲੁਸ ਰਸੂਲ ਨੇ ਲਿਖਿਆ: “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।” ਫਿਰ ਉਸ ਨੇ ਲੋਕਾਂ ਦੇ 20 ਔਗੁਣਾਂ ਦੀ ਗੱਲ ਕੀਤੀ। ਕੀ ਤੁਸੀਂ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਵਿਚ ਕੁਝ ਇਹੋ ਜਿਹੇ ਔਗੁਣ ਦੇਖੇ ਹਨ? ਧਿਆਨ ਦਿਓ ਅੱਜ ਦੇ ਲੋਕਾਂ ਬਾਰੇ ਕੀ ਕਿਹਾ ਗਿਆ ਹੈ।
“ਆਪ ਸੁਆਰਥੀ।” (2 ਤਿਮੋਥਿਉਸ 3:2) ‘ਲੋਕ ਅੱਜ ਆਪਣੀ ਹੀ ਮਨਮਾਨੀ ਕਰਦੇ ਹਨ। ਉਹ ਰੱਬ ਬਣ ਬੈਠੇ ਹਨ ਤੇ ਚਾਹੁੰਦੇ ਹਨ ਕਿ ਦੂਜੇ ਉਨ੍ਹਾਂ ਨੂੰ ਰੱਬ ਵਾਂਗ ਪੂਜਣ।’—ਫਾਈਨੈਂਸ਼ਲ ਟਾਈਮਜ਼, ਅਖ਼ਬਾਰ, ਇੰਗਲੈਂਡ।
“ਮਾਇਆ ਦੇ ਲੋਭੀ।” (2 ਤਿਮੋਥਿਉਸ 3:2) “ਅੱਜ ਹਰ ਕੋਈ ਅਮੀਰ ਬਣਨ ਦੇ ਸੁਪਨੇ ਲੈਂਦਾ ਹੈ। ਲੋਕ ਕਹਿੰਦੇ ਹਨ ਕਿ ਜੇ ਤੁਸੀਂ ਅਮੀਰ ਨਹੀਂ ਤਾਂ ਜੀਣ ਦਾ ਕੋਈ ਫ਼ਾਇਦਾ ਨਹੀਂ।”—ਜਕਾਰਟਾ ਪੋਸਟ, ਅਖ਼ਬਾਰ, ਇੰਡੋਨੇਸ਼ੀਆ।
“ਮਾਪਿਆਂ ਦੇ ਅਣਆਗਿਆਕਾਰ।” (2 ਤਿਮੋਥਿਉਸ 3:2) “ਮਾਪੇ ਉਲਝਣ ਵਿਚ ਪੈ ਜਾਂਦੇ ਹਨ ਜਦ ਉਨ੍ਹਾਂ ਦਾ ਚਾਰ ਸਾਲ ਦਾ ਬੱਚਾ ਉਨ੍ਹਾਂ ਨੂੰ ਰਾਜਿਆਂ ਵਾਂਗ ਹੁਕਮ ਕਰਦਾ ਹੈ ਜਾਂ 8 ਸਾਲ ਦਾ ਬੱਚਾ ਚਿਲਾਉਂਦਾ ਹੈ, ‘ਮੈਨੂੰ ਤੁਹਾਡੇ ਨਾਲ ਨਫ਼ਰਤ ਹੈ!’”—ਅਮੈਰੀਕਨ ਐਜੂਕੇਟਰ, ਰਸਾਲਾ, ਅਮਰੀਕਾ।
“ਅਪਵਿੱਤਰ।” (2 ਤਿਮੋਥਿਉਸ 3:2) ‘ਅਜਿਹੇ ਮਰਦਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਜੋ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਛੱਡ ਦਿੰਦੇ ਹਨ। ਸ਼ਾਇਦ ਇਸੇ ਵਜ੍ਹਾ ਕਰਕੇ ਪਿਛਲੇ 40 ਸਾਲਾਂ ਵਿਚ ਲੋਕਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਵਿਚ ਬਹੁਤ ਗਿਰਾਵਟ ਆਈ ਹੈ।’—ਵਿਲਸਨ ਕੁਆਟਰਲੀ, ਰਸਾਲਾ, ਅਮਰੀਕਾ।
“ਨਿਰਮੋਹ।” (2 ਤਿਮੋਥਿਉਸ 3:3) “ਦੁਨੀਆਂ ਭਰ ਵਿਚ ਲੋਕ ਘਰੇਲੂ ਹਿੰਸਾ ਤੋਂ ਜ਼ਿਆਦਾ ਦੁਖੀ ਹਨ।”—ਜਰਨਲ ਆਫ਼ ਦੀ ਅਮੈਰੀਕਨ ਮੈਡੀਕਲ ਐਸੋਸੀਏਸ਼ਨ, ਰਸਾਲਾ, ਅਮਰੀਕਾ।
“ਅਸੰਜਮੀ।” (2 ਤਿਮੋਥਿਉਸ 3:3) “ਹਰ ਸਵੇਰ ਅਖ਼ਬਾਰ ਵਿਚ ਛਪੀਆਂ ਕਈ ਦਾਸਤਾਨਾਂ ਦਿਖਾਉਂਦੀਆਂ ਹਨ ਕਿ ਲੋਕਾਂ ਵਿਚ ਸੰਜਮ ਤੇ ਨੈਤਿਕਤਾ ਦੀ ਘਾਟ ਹੈ ਅਤੇ ਉਨ੍ਹਾਂ ਨੂੰ ਹੋਰਨਾਂ ਲੋਕਾਂ ਜਾਂ ਆਪਣੇ ਆਪ ਤੇ ਕੋਈ ਦਇਆ ਨਹੀਂ ਆਉਂਦੀ। . . . ਜੇ ਸਮਾਜ ਵਿਚ ਇਸੇ ਤਰ੍ਹਾਂ ਮਾਰ-ਧਾੜ ਹੁੰਦੀ ਰਹੀ, ਤਾਂ ਇਕ ਦਿਨ ਸਾਡਾ ਸਮਾਜ ਨੈਤਿਕ ਕਦਰਾਂ-ਕੀਮਤਾਂ ਤੋਂ ਸੱਖਣਾ ਹੋ ਜਾਵੇਗਾ।”—ਬੈਂਕਾਕ ਪੋਸਟ, ਅਖ਼ਬਾਰ, ਥਾਈਲੈਂਡ।
“ਕਰੜੇ।” (2 ਤਿਮੋਥਿਉਸ 3:3) ‘ਬਿਨਾਂ ਵਜ੍ਹਾ ਭੜਕੇ ਗੁੱਸੇ ਕਾਰਨ ਸੜਕਾਂ ਤੇ ਡ੍ਰਾਈਵਰ ਇਕ-ਦੂਜੇ ਨਾਲ ਲੜਦੇ ਹਨ, ਪਰਿਵਾਰਾਂ ਵਿਚ ਮਾਰ-ਕੁਟਾਈ ਹੁੰਦੀ ਹੈ। ਫ਼ਜ਼ੂਲ ਦੇ ਗੁੱਸੇ ਕਾਰਨ ਅਕਸਰ ਲੋਕ ਅਪਰਾਧ ਕਰ ਬੈਠਦੇ ਹਨ। ਹਿੰਸਾ ਦਾ ਪਤਾ ਨਹੀਂ ਹੁੰਦਾ ਕਿ ਇਹ ਕਿਹੜੇ ਵੇਲੇ ਭੜਕ ਪਵੇ, ਇਸ ਲਈ ਲੋਕ ਹੋਰਨਾਂ ਲੋਕਾਂ ਤੋਂ ਦੂਰ ਹੀ ਰਹਿੰਦੇ ਹਨ ਤੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ।’—ਬਿਜ਼ਨਿਸ ਡੇ, ਅਖ਼ਬਾਰ, ਦੱਖਣੀ ਅਫ਼ਰੀਕਾ।
“ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:4) ‘ਅੱਜ ਲੋਕ ਸੈਕਸ ਦੇ ਦੀਵਾਨੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਕੋਈ ਰੋਕੇ-ਟੋਕੇ।’—ਬਾਊਂਡਲੈੱਸ, ਇਕ ਇੰਟਰਨੈੱਟ ਰਸਾਲਾ।
“ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ।” (2 ਤਿਮੋਥਿਉਸ 3:5) ‘ਨੀਦਰਲੈਂਡਜ਼ ਦੀ ਇਕ ਸਾਬਕਾ ਵੇਸਵਾ ਨੇ ਕਿਹਾ ਕਿ ਵੇਸਵਾਪੁਣੇ ਨੂੰ ਕਾਨੂੰਨੀ ਮਾਨਤਾ ਦੇਣ ਦਾ ਵਿਰੋਧ ਸਭ ਤੋਂ ਜ਼ਿਆਦਾ ਧਾਰਮਿਕ ਗੁੱਟ ਕਰਦੇ ਹਨ। ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਹ ਮੁਸਕਰਾ ਕੇ ਬੋਲੀ ਕਿ ਜਦ ਉਹ ਵੇਸਵਾ ਦਾ ਧੰਦਾ ਕਰਦੀ ਸੀ, ਤਾਂ ਉਸ ਦੇ ਗਾਹਕਾਂ ਵਿਚ ਕਈ [ਧਾਰਮਿਕ] ਆਗੂ ਹੁੰਦੇ ਸਨ। ਉਸ ਨੇ ਹੱਸ ਕੇ ਕਿਹਾ “ਵੇਸਵਾਵਾਂ ਹਮੇਸ਼ਾ ਇਹੀ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਜ਼ਿਆਦਾਤਰ ਗਾਹਕ ਧਾਰਮਿਕ ਬਰਾਦਰੀ ਨਾਲ ਤਅੱਲਕ ਰੱਖਦੇ ਹਨ।”’—ਨੈਸ਼ਨਲ ਕੈਥੋਲਿਕ ਰਿਪੋਰਟਰ, ਅਖ਼ਬਾਰ, ਅਮਰੀਕਾ।
ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ?
ਜਿਵੇਂ ਬਾਈਬਲ ਵਿਚ ਦੱਸਿਆ ਗਿਆ ਸੀ, ਅੱਜ ਦੁਨੀਆਂ ਬਿਪਤਾਵਾਂ ਨਾਲ ਭਰੀ ਪਈ ਹੈ। ਪਰ ‘ਯਿਸੂ ਦੇ ਆਉਣ ਅਰ ਜੁਗ ਦੇ ਅੰਤ ਦੇ ਲੱਛਣ’ ਵਿਚ ਇਕ ਚੰਗੀ ਗੱਲ ਵੀ ਸ਼ਾਮਲ ਹੈ। ਯਿਸੂ ਨੇ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 24:3, 14) ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ 230 ਤੋਂ ਜ਼ਿਆਦਾ ਦੇਸ਼ਾਂ ਵਿਚ ਸੁਣਾਈ ਜਾ ਰਹੀ ਹੈ। ‘ਹਰੇਕ ਕੌਮ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ’ ਦੇ 60 ਲੱਖ ਤੋਂ ਜ਼ਿਆਦਾ ਲੋਕ ਜੋਸ਼ ਨਾਲ ਇਸ ਰਾਜ ਦਾ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ। (ਪਰਕਾਸ਼ ਦੀ ਪੋਥੀ 7:9) ਜੋਸ਼ ਨਾਲ ਪ੍ਰਚਾਰ ਕਰ ਕੇ ਉਨ੍ਹਾਂ ਨੇ ਕਿਹੜਾ ਕੰਮ ਪੂਰਾ ਕੀਤਾ ਹੈ? ਉਨ੍ਹਾਂ ਨੇ ਦੱਸਿਆ ਕਿ ਪਰਮੇਸ਼ੁਰ ਦਾ ਰਾਜ ਕੀ ਹੈ, ਇਹ ਕੀ ਕਰੇਗਾ ਅਤੇ ਇਸ ਰਾਜ ਦੀਆਂ ਬਰਕਤਾਂ ਹਰ ਇਨਸਾਨ ਕਿਵੇਂ ਪਾ ਸਕਦਾ ਹੈ। ਅੰਤ ਦੇ ਦਿਨਾਂ ਵਿਚ ਸੱਚ-ਮੁੱਚ ਬਹੁਤ ਸਾਰੇ ਲੋਕਾਂ ਨੂੰ ਰਾਜ ਦਾ ਇਹ ਗਿਆਨ ਮਿਲਿਆ ਹੈ।—ਦਾਨੀਏਲ 12:4.
ਤੁਹਾਨੂੰ ਇਹ ਗਿਆਨ ਲੈਣਾ ਚਾਹੀਦਾ ਹੈ। ਜ਼ਰਾ ਸੋਚੋ ਕਿ ਜਦ ਪ੍ਰਚਾਰ ਦਾ ਕੰਮ ਉਸ ਹੱਦ ਤਕ ਹੋ ਚੁੱਕਾ ਹੋਵੇਗਾ ਜਿਸ ਹੱਦ ਤਕ ਯਹੋਵਾਹ ਚਾਹੁੰਦਾ ਹੈ, ਤਾਂ ਕੀ ਹੋਵੇਗਾ। ਯਿਸੂ ਨੇ ਕਿਹਾ ਸੀ, “ਤਦ ਅੰਤ ਆਵੇਗਾ।” (ਮੱਤੀ 24:14) ਅੰਤ ਆਉਣ ਤੇ ਪਰਮੇਸ਼ੁਰ ਹਰ ਤਰ੍ਹਾਂ ਦੀ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ। ਕਹਾਉਤਾਂ 2:22 ਵਿਚ ਦੱਸਿਆ ਹੈ: “ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” ਸ਼ਤਾਨ ਅਤੇ ਉਸ ਦੇ ਨਾਲ ਦੇ ਬੁਰੇ ਦੂਤਾਂ ਦਾ ਕੀ ਹੋਵੇਗਾ? ਉਨ੍ਹਾਂ ਨੂੰ ਅਥਾਹ ਕੁੰਡ ਵਿਚ ਸੁੱਟ ਦਿੱਤਾ ਜਾਵੇਗਾ ਜਿਸ ਕਰਕੇ ਉਹ ਕੌਮਾਂ ਨੂੰ ਭਰਮਾਉਣ ਦੇ ਲਾਇਕ ਨਹੀਂ ਰਹਿਣਗੇ। (ਪਰਕਾਸ਼ ਦੀ ਪੋਥੀ 20:1-3) ਫਿਰ ਧਰਤੀ ਉੱਤੇ “ਸਚਿਆਰ . . . ਅਤੇ ਖਰੇ ਹੀ . . . ਰਹਿ ਜਾਣਗੇ।” ਪਰਮੇਸ਼ੁਰ ਦਾ ਰਾਜ ਉਨ੍ਹਾਂ ਤੇ ਬੇਸ਼ੁਮਾਰ ਬਰਕਤਾਂ ਵਰਸਾਏਗਾ।—ਕਹਾਉਤਾਂ 2:21; ਪਰਕਾਸ਼ ਦੀ ਪੋਥੀ 21:3-5.
ਤੁਸੀਂ ਕੀ ਕਰੋਗੇ?
ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਤਾਨ ਦੀ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਜੋ ਇਸ ਗੱਲ ਦੇ ਸਬੂਤ ਨੂੰ ਅਣਡਿੱਠ ਕਰਦੇ ਹਨ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਰਹਿੰਦੇ ਹਾਂ, ਉਨ੍ਹਾਂ ਦਾ ਅੰਤ ਵਿੱਚੋਂ ਬਚਣਾ ਮੁਸ਼ਕਲ ਹੋਵੇਗਾ। (ਮੱਤੀ 24:37-39; 1 ਥੱਸਲੁਨੀਕੀਆਂ 5:2) ਇਸ ਲਈ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ: “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ! ਕਿਉਂ ਜੋ ਉਹ ਸਾਰੀ ਧਰਤੀ ਦਿਆਂ ਸਭਨਾਂ ਰਹਿਣ ਵਾਲਿਆਂ ਉੱਤੇ ਆਵੇਗਾ। ਪਰ ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।”—ਲੂਕਾ 21:34-36.
ਮਨੁੱਖ ਦੇ ਪੁੱਤਰ ਯਾਨੀ ਯਿਸੂ ਦੀ ਮਿਹਰ ਪਾਉਣ ਵਾਲੇ ਲੋਕ ਇਸ ਦੁਨੀਆਂ ਦੇ ਅੰਤ ਵਿੱਚੋਂ ਬਚ ਨਿਕਲਣਗੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਬਾਕੀ ਰਹਿੰਦੇ ਸਮੇਂ ਨੂੰ ਯਹੋਵਾਹ ਅਤੇ ਯਿਸੂ ਮਸੀਹ ਦੀ ਮਿਹਰ ਪਾਉਣ ਲਈ ਵਰਤੀਏ। ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਸਮੇਂ ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਤਾਂ ਫਿਰ ਤੁਹਾਡੇ ਲਈ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਤੁਸੀਂ ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਹੋਰ ਜਾਣਕਾਰੀ ਲਵੋ। ਤੁਹਾਡੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਨਾਲ ਸੰਪਰਕ ਕਰੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ।
[ਸਫ਼ਾ 7 ਉੱਤੇ ਡੱਬੀ/ਤਸਵੀਰਾਂ]
ਅੰਤਿਮ ਦਿਨਾਂ ਦੀਆਂ ਨਿਸ਼ਾਨੀਆਂ
ਵੱਡੀਆਂ-ਵੱਡੀਆਂ ਘਟਨਾਵਾਂ:
▪ ਲੜਾਈਆਂ।—ਮੱਤੀ 24:6, 7.
▪ ਕਾਲ।—ਮੱਤੀ 24:7.
▪ ਭੁਚਾਲ।—ਮੱਤੀ 24:7.
▪ ਮਰੀਆਂ।—ਲੂਕਾ 21:11.
▪ ਕੁਧਰਮ ਵਿਚ ਵਾਧਾ।—ਮੱਤੀ 24:12.
▪ ਧਰਤੀ ਦਾ ਨਾਸ।—ਪਰਕਾਸ਼ ਦੀ ਪੋਥੀ 11:18.
ਲੋਕਾਂ ਦਾ ਸੁਭਾਅ:
▪ ਆਪ ਸੁਆਰਥੀ।—2 ਤਿਮੋਥਿਉਸ 3:2.
▪ ਮਾਇਆ ਦੇ ਲੋਭੀ।—2 ਤਿਮੋਥਿਉਸ 3:2.
▪ ਹੰਕਾਰੀ।—2 ਤਿਮੋਥਿਉਸ 3:2.
▪ ਮਾਪਿਆਂ ਦੇ ਅਣਆਗਿਆਕਾਰ।—2 ਤਿਮੋਥਿਉਸ 3:2.
▪ ਨਾਸ਼ੁਕਰੇ।—2 ਤਿਮੋਥਿਉਸ 3:2.
▪ ਅਪਵਿੱਤਰ।—2 ਤਿਮੋਥਿਉਸ 3:2.
▪ ਨਿਰਮੋਹ।—2 ਤਿਮੋਥਿਉਸ 3:3.
▪ ਅਸੰਜਮੀ।—2 ਤਿਮੋਥਿਉਸ 3:3.
▪ ਕਰੜੇ।—2 ਤਿਮੋਥਿਉਸ 3:3.
▪ ਭੋਗ ਬਿਲਾਸ ਦੇ ਪ੍ਰੇਮੀ।—2 ਤਿਮੋਥਿਉਸ 3:4.
▪ ਪਖੰਡੀ।—2 ਤਿਮੋਥਿਉਸ 3:5.
ਪਰਮੇਸ਼ੁਰ ਦੇ ਸੱਚੇ ਭਗਤ:
▪ ਬਹੁਤ ਜ਼ਿਆਦਾ ਗਿਆਨ ਰੱਖਦੇ ਹਨ।—ਦਾਨੀਏਲ 12:4.
▪ ਦੁਨੀਆਂ ਭਰ ਵਿਚ ਖ਼ੁਸ਼ ਖ਼ਬਰੀ ਸੁਣਾਉਂਦੇ ਹਨ।—ਮੱਤੀ 24:14.
[ਕ੍ਰੈਡਿਟ ਲਾਈਨ]
UNITED NATIONS/Photo by F. GRIFFING